.

ਚੰਗੇ ਸਮਾਜ ਦੀ ਸਿਰਜਨਾ … (23)

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

ਵਿਸ਼ਵ-ਪੱਧਰੀ ਚੰਗੇ ਸਮਾਜ ਦੀ ਸਿਰਜਨਾ ਵੱਲ ਕਿਵੇਂ ਵਧਿਆ ਜਾਵੇ?

ਇਸ ਬਾਰੇ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ, ਮਨੁੱਖੀ ਸਮਾਜ ਅੰਦਰ ਸਦੀਆਂ ਤੋਂ, ਮਨੁੱਖੀ ਨਾ-ਬਰਾਬਰੀ ਦੇ ਆਧਾਰ `ਤੇ, ਸਥਾਪਿਤ ਹੋ ਚੁੱਕੇ ਅਨਿਆਂਇਕ ਸਮਾਜਿਕ ਸਿਸਟਮਾਂ ਨੂੰ ਰੱਦ ਕਰ ਕੇ ਇਨ੍ਹਾਂ ਦੀ ਥਾਂ ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰੀ ਦੇ ਆਧਾਰ `ਤੇ ਨਵੇਂ (ਸਦੀਵਕਾਲੀ) ਨਿਆਂਇਕ ਸਮਾਜਿਕ ਸਿਸਟਮ ਸਥਾਪਤ ਕਰਨੇ ਸਮੇਂ ਦੀ ਪ੍ਰਮੁੱਖ ਲੋੜ ਹੈ। ਇਸ ਬਾਰੇ ਵੀ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਅਜਿਹੀਆਂ ਸਦੀਵਕਾਲੀ ਤਬਦੀਲੀਆਂ ਕਿਸੇ ਬਗ਼ਾਵਤ ਜਾਂ ਸੁਧਾਰਕ ਲਹਿਰ ਦੇ ਬਲਬੂਤੇ ਨਹੀਂ ਲਿਆਂਦੀਆਂ ਜਾ ਸਕਦੀਆਂ। ਅਜਿਹੀਆਂ ਵਿਸ਼ਵ-ਪੱਧਰੀ ਤਬਦੀਲੀਆਂ, ਵਿਸ਼ਵ-ਪੱਧਰੀ ਇਨਕਲਾਬੀ ਲਹਿਰਾਂ ਦੁਆਰਾ ਹੀ ਲਿਆਂਦੀਆਂ ਜਾ ਸਕਦੀਆਂ ਹਨ। ਜਿਵੇਂ ਕਿ ਇਸ ਲੇਖ-ਲੜੀ ਵਿੱਚ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਇਸੇ ਮਿਸ਼ਨ ਦੀ ਪੂਰਤੀ ਲਈ ਹੀ ਗੁਰੂ ਨਾਨਕ ਸਾਹਿਬ ਨੇ 1478 ਵਿੱਚ ਇੱਕ ਲਾਸਾਨੀ ਇਨਕਲਾਬੀ ਲਹਿਰ ਦਾ ਆਗਾਜ਼ ਕੀਤਾ ਸੀ ਜਿਸ ਦੀ ਅਗੁਵਾਈ ਖ਼ੁਦ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮਿਆਂ ਨੇ (239 ਸਾਲ ਦੇ ਲੰਮੇ ਸਮੇਂ ਤੱਕ) ਕੀਤੀ। ਇਸੇ ਇਨਕਲਾਬੀ ਲਹਿਰ ਹੇਠ, ਵਿਸ਼ਵ-ਪੱਧਰ `ਤੇ ਮਨੁੱਖੀ ਸਮਾਜ ਨੂੰ ਜਾਗਰੂਕ ਕਰ ਕੇ ਜਥੇਬੰਦ ਕਰਨ ਲਈ, ਗੁਰੂ ਨਾਨਕ ਸਾਹਿਬ ਨੇ 1507 ਤੋਂ 1522 ਤੱਕ ਸੰਸਾਰ ਦੇ ਵੱਡੇ ਹਿੱਸੇ ਵਿੱਚ ਪੈਦਲ ਚੱਲ ਕੇ, ਬਹੁਤ ਸਾਰੀਆਂ ਚੁਣੌਤੀਆਂ ਦਾ ਸਫ਼ਲਤਾ ਨਾਲ ਟਾਕਰਾ ਕਰ ਕੇ, ਨੈਤਿਕਤਾ ਦੇ ਕੁਦਰਤੀ ਅਸੂਲਾਂ ਦਾ ਪ੍ਰਚਾਰ ਕੀਤਾ। ਇਸੇ ਇਨਕਲਾਬੀ ਲਹਿਰ ਦੇ ਪ੍ਰਚਾਰ ਤੇ ਵਿਕਾਸ ਲਈ ਗੁਰੂ ਨਾਨਕ ਜੋਤਿ ਨੇ ਆਪਣੇ ਦਸਵੇਂ ਜਾਮੇਂ (ਦਸਮੇਸ਼ ਪਿਤਾ ਜੀ ਦੇ ਰੂਪ ਵਿੱਚ) ਆਦਰਸ਼ਕ ਮਨੁੱਖੀ ਕਿਰਦਾਰ ਦੀ ਘਾੜਤ ਘੜਨ ਲਈ (ਇੱਕ ਅਲੌਕਿਕ ਇਤਿਹਾਸਕ ਘਟਨਾ ਰਾਹੀਂ), ਖੰਡੇ-ਬਾਟੇ ਦੀ ਪਾਹੁਲ ਦੀ ਸਦੀਵਕਾਲੀ ਸੰਸਥਾ ਦੀ ਸਥਾਪਨਾ ਕੀਤੀ ਸੀ, ਤਾ ਕਿ ਸਮੁੱਚੀ ਮਨੁੱਖਤਾ ਨੂੰ ਇੱਕੋ ਇੱਕ ਸਦੀਵਕਾਲੀ ਹਾਕਮ (ਵਾਹਿਦ ਪ੍ਰਭੂ-ਪਿਤਾ) ਦੀ ਛਤਰ-ਛਾਇਆ ਹੇਠ ਇਕੱਠਿਆਂ ਜਥੇਬੰਦ ਕਰ ਕੇ (ਅਤੇ ਸ਼ਸਤਰਧਾਰੀ ਕਰ ਕੇ) ਅੱਗੇ ਵਧਿਆ ਜਾ ਸਕੇ। ਇਸੇ ਇਨਕਲਾਬੀ ਲਹਿਰ ਦੀ ਬਦੌਲਤ ਹੀ, ਯਮੁਨਾ ਤੇ ਜਿਹਲਮ ਦਰਿਆਵਾਂ ਦੇ ਵਿਚਕਾਰਲੇ ਛੇ ਸੂਬਿਆਂ ਵਿੱਚ, ਦਸਮੇਸ਼ ਜੀ ਦੇ ਨਿਯੁਕਤ ਕੀਤੇ ਸਿੱਖ ਕੌਮ ਦੇ ਜਰਨੈਲ ਬੰਦਾ ਸਿੰਘ ਬਹਾਦਰ ਦੀ ਲੀਡਰਸ਼ਿਪ ਹੇਠ, (ਸ਼ਬਦ-ਗੁਰੂ ਦੀ ਅਗੁਵਾਈ ਹੇਠ) ਮਈ 1710 ਵਿੱਚ ਹਲੇਮੀ ਰਾਜ ਦਾ ਮਾਡਲ ਸਥਾਪਤ ਹੋਇਆ ਸੀ। ਹੁਣ ਵੀ, ਇਸੇ ਇਨਕਲਾਬੀ ਲਹਿਰ ਦੇ ਆਧਾਰ `ਤੇ ਹੀ, ਵਿਸ਼ਵ-ਪੱਧਰੀ ਚੰਗੇ ਸਮਾਜ ਦੀ ਸਿਰਜਨਾ ਵੱਲ ਵਧਣਾ ਸਿਆਣਪ ਵਾਲੀ ਗੱਲ ਹੋਵੇਗੀ। ਸਿੱਖ ਕੌਮ ਦੀ (ਗੁਰੂ ਨਾਨਕ ਸਾਹਿਬ ਦੇ ਸਰਬ ਸਾਂਝੇ ਮਾਨਵਵਾਦੀ ਵਿਰਸੇ ਦੀ ਵਾਰਿਸ ਹੋਣ ਦੇ ਨਾਤੇ), ਇਸ ਖੇਰੂੰ-ਖੇਰੂੰ ਹੋਈ ਪਈ ਇਨਕਲਾਬੀ ਲਹਿਰ ਨੂੰ ਪੁਨਰ-ਸੁਰਜੀਤ ਕਰ ਕੇ ਇਸ ਦਾ ਪ੍ਰਚਾਰ ਤੇ ਵਿਕਾਸ ਕਰਨ ਦੀ ਨੈਤਿਕ ਜ਼ਿੰਮੇਵਾਰੀ ਹੈ। ਇਸ ਸਰਬੱਤ ਦੇ ਭਲੇ ਦੇ ਅਤਿ ਜ਼ਰੂਰੀ ਕਾਰਜ ਨੂੰ ਸਫ਼ਲਤਾ ਸਹਿਤ ਨੇਪਰੇ ਚਾੜ੍ਹਨ ਲਈ ਲੇਖਕ ਦੇ ਸੁਝਾਅ ਅੱਗੇ ਦਿੱਤੇ ਜਾ ਰਹੇ ਹਨ। ਸਮੁੱਚੀ ਮਨੁੱਖਤਾ ਦੇ ਦਰਦਮੰਦ ਵਿਦਵਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਇਸ ਕਾਰਜ ਲਈ ਆਪਣੇ ਕੀਮਤੀ ਸੁਝਾਅ ਦੇਣ ਦੇ ਨਾਲ-ਨਾਲ, ਇਸ ਵਿਸ਼ਵ-ਪੱਧਰੀ ਲਹਿਰ ਦੇ ਵਿਕਾਸ ਲਈ ਬਣਦਾ ਯੋਗਦਾਨ ਪਾਉਣ ਲਈ ਅੱਗੇ ਆਉਣ।

ਪਲਾਨ, ਟੀਚਾ ਅਤੇ ਆਦਰਸ਼

ਇਸ ਇਨਕਲਾਬੀ ਲਹਿਰ ਦਾ ਜੋ ਪਲਾਨ ਗੁਰੂ ਨਾਨਕ ਸਾਹਿਬ (ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮਿਆਂ) ਨੇ, ਰੱਬੀ ਰਜ਼ਾ ਅਨੁਸਾਰ, ਬਣਾ ਕੇ ਅਮਲ ਵਿੱਚ ਲਿਆਂਦਾ ਸੀ, ਉਸੇ ਪਲਾਨ ਅਨੁਸਾਰ ਹੀ ਅੱਗੇ ਵਧਣਾ ਚਾਹੀਦਾ ਹੈ, ਕਿਉਂਕਿ, ਗੁਰੂ ਅਭੁੱਲ ਹੈ। ਨਿਹਸੰਦੇਹ, ਇਸ ਇਨਕਲਾਬੀ ਲਹਿਰ ਦਾ ਟੀਚਾ ਅਤੇ ਆਦਰਸ਼ ਵੀ ਉਹੋ ਹੀ ਰਹੇਗਾ ਜਿਹੜਾ ਜੋਤਿ ਨਿਰੰਜਨੀ, ਗੁਰੂ ਨਾਨਕ ਸਾਹਿਬ ਨੇ ਖ਼ੁਦ ਨਿਰਧਾਰਤ ਕੀਤਾ ਸੀ (ਜਿਸ ਦਾ ਜ਼ਿਕਰ ਇਸ ਲਿਖਤ ਵਿੱਚ ਕੀਤਾ ਜਾ ਚੁੱਕਾ ਹੈ)।

ਅਗੁਵਾਈ

ਇਸ ਇਨਕਲਾਬੀ ਲਹਿਰ ਦੀ ਅਗੁਵਾਈ ਵੀ, ਗੁਰਮਤਿ ਫ਼ਲਸਫ਼ੇ ਅਨੁਸਾਰ, ਪੰਚ-ਪ੍ਰਧਾਨੀ ਲੀਡਰਸ਼ਿਪ ਹੀ ਕਰੇਗੀ ਜਿਸ ਦੀ ਸਥਾਪਨਾ ਦੀ ਜ਼ਿੰਮੇਵਾਰੀ ਹੋਵੇਗੀ ‘ਸਰਬੱਤ ਖ਼ਾਲਸਾ’ ਸੰਸਥਾ ਦੀ। ਦਸਮੇਸ਼ ਜੀ ਵੱਲੋਂ ਬੰਦਾ ਸਿੰਘ ਬਹਾਦਰ ਦੀ ਲੀਡਰਸ਼ਿਪ ਹੇਠ ਪੰਜ ਸਿੰਘਾਂ ਦਾ ਨਿਯੁਕਤ ਕੀਤਾ ਜਥਾ ਇਸ ਦੀ ਇਤਿਹਾਸਕ ਮਿਸਾਲ ਹੈ ਸਾਡੇ ਸਾਹਮਣੇ। ਇਸ ਮਕਸਦ ਲਈ, ਸਭ ਤੋਂ ਪਹਿਲਾ ਕੰਮ ਜੋ ਕਰਨ ਵਾਲਾ ਹੈ, ਉਹ ਇਹ ਹੈ ਕਿ, ਵਿਸ਼ਵ ਪੱਧਰ `ਤੇ (ਮਲਟੀ-ਮੀਡੀਆ ਦੀ ਸੁਯੋਗ ਵਰਤੋਂ ਕਰ ਕੇ) ਗੁਰੂ ਗ੍ਰੰਥ ਸਾਹਿਬ ਦੇ ਸਰਬ ਸਾਂਝੇ ਫ਼ਲਸਫ਼ੇ ਦਾ (ਅਤੇ ਹੋਰ ਮੱਤਾਂ ਵਿਚਲੇ ਨੈਤਿਕਤਾ ਦੇ ਸਰਬ-ਪ੍ਰਵਾਣਤ ਕਦਰਤੀ ਅਸੂਲਾਂ ਦਾ) ਵਿਉਂਤਬੰਦ ਢੰਗ ਨਾਲ ਪ੍ਰਚਾਰ ਕਰ ਕੇ ਮਨੁਖਤਾ ਨੂੰ ਜਾਗਰੂਕ ਕੀਤਾ ਜਾਵੇ (ਯਾਨੀ ਕਿ, ਕਾਦਰ ਦੀ ਕੁਦਰਤਿ ਦੇ ਅਟੱਲ ਨਿਯਮਾਂ `ਤੇ ਪਹਿਰਾ ਦੇਣ ਵਾਲੇ ਇਨਸਾਨ ਪੈਦਾ ਕੀਤੇ ਜਾਣ ਜਿਹੜੇ ਰੱਬੀ-ਗੁਣਾਂ ਦੇ ਧਾਰਨੀ ਬਣ ਕੇ ਤੇ ਔਗੁਣਾਂ ਦਾ ਤਿਆਗ ਕਰ ਕੇ, ਹਰ ਪ੍ਰਕਾਰ ਦੇ ਵਿਤਕਰਿਆਂ ਦੀ ਭਾਵਨਾ ਤੋਂ ਉੱਚੇ ਉੱਠ ਕੇ, ਪ੍ਰ੍ਰਸਪਰ ਪ੍ਰੇਮ ਵਾਲੇ ਵਿਸ਼ਵ-ਭਾਈਚਾਰੇ ਦੀ ਸਿਰਜਨਾ ਲਈ ਆਪਣਾ ਜੀਵਨ ਅਰਪਣ ਕਰ ਸਕਣ) ਅਤੇ ਇਨ੍ਹਾਂ ਜਾਗਰੂਕ ਹੋ ਚੁੱਕੇ ਇਨਸਾਨਾਂ ਨੂੰ ਇੱਕ ਵਿਸ਼ਵ-ਪੱਧਰੀ ਜਥੇਬੰਦੀ ਹੇਠ ਜਥੇਬੰਦ ਕੀਤਾ ਜਾਵੇ। ਫਿਰ, ਇਹ ਜਥੇਬੰਦੀ ‘ਸਰਬੱਤ ਖਾਲਸਾ’ ਦੀ ਸੰਸਥਾ ਨੂੰ ਪੁਨਰ-ਸੁਰਜੀਤ ਕਰਨ ਲਈ (ਗੁਰਮਤਿ ਵਿਧੀ ਅਨੁਸਾਰ), ਯੋਗ ਕਾਰਵਾਈ ਕਰੇ।

ਪ੍ਰਸਤਾਵਤ ਜਥੇਬੰਦਕ ਸਿਸਟਮ ਦੀ ਰੂਪ-ਰੇਖਾ

ਇਸ ਵਿਸ਼ਵ-ਪੱਧਰੀ ਇਨਕਲਾਬੀ ਲਹਿਰ ਦੇ ਵਿਕਾਸ ਲਈ ਸਿੱਖ ਕੌਮ ਦਾ ਪ੍ਰਸਤਾਵਤ ਜਥੇਬੰਦਕ ਸਿਸਟਮ ਕੁੱਝ ਇਸ ਪ੍ਰਕਾਰ ਦਾ ਹੋ ਸਕਦਾ ਹੈ-

ਇਸ ਜਥੇਬੰਦਕ ਸਿਸਟਮ ਨੂੰ ਹੋਂਦ ਵਿੱਚ ਲਿਆਉਣ ਲਈ ਸੀਲੈਕਸ਼ਨ (ਆਮ-ਸਹਿਮਤੀ) ਦੇ ਗੁਰਮਤਿ ਅਸੂਲ ਨੂੰ ਆਧਾਰ ਬਣਾਇਆ ਜਾਣਾ ਚਾਹੀਦਾ ਹੈ, ਵੋਟ-ਵਿਧਾਨ ਦੇ (ਇਲੈਕਸ਼ਨ ਦੇ) ਗੁਰਮਤਿ-ਵਿਰੋਧੀ ਅਸੂਲ ਨੂੰ ਨਹੀਂ।

ਇਹ ਇੱਕ ਬਹੁਤ ਹੀ ਦੁਖਦਾਈ ਹਕੀਕਤ ਹੈ ਕਿ ਇਸ ਵੇਲੇ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ (ਤਕਰੀਬਨ 95%) ਨਾ ਸਿਰਫ਼ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਦੀਵਕਾਲੀ ਰੱਬੀ-ਸਿਧਾਂਤਾਂ ਦੀ ਸਪੱਸ਼ਟਤਾ ਹੀ ਗੁਆ ਚੁੱਕਾ ਹੈ, ਬਲਕਿ, ਇਹ ਵੀ ਭੁੱਲ ਗਿਆ ਹੈ ਕਿ ਜੋਤਿ ਨਿਰੰਜਨੀ ਗੁਰੂ ਨਾਨਕ ਸਾਹਿਬ ਦਾ ਸੰਸਾਰ ਵਿੱਚ ਆਉਣ ਦਾ ਮਕਸਦ ਕੀ ਸੀ? ਇੱਥੇ ਹੀ ਬੱਸ ਨਹੀਂ, ਕੌਮ ਦਾ ਇਹ ਹਿੱਸਾ ਉਨ੍ਹਾਂ ਕਰਮ-ਕਾਂਡਾਂ, ਵਹਿਮਾਂ-ਭਰਮਾਂ, ਜਾਤ-ਪਾਤਾਂ, ਪੱਖ-ਪਾਤਾਂ ਅਤੇ ਅੰਧ-ਵਿਸ਼ਵਾਸਾਂ ਨੂੰ ਹੀ (ਗੁਰਮਤਿ ਸਮਝ ਕੇ), ਆਪਣੇ ਨਿਤਾਪ੍ਰਤੀ ਦੇ ਜੀਵਨ ਵਿੱਚ ਧਾਰਨ ਕਰੀ ਬੈਠਾ ਹੈ ਜਿਨ੍ਹਾਂ ਦੇ ਮੱਕੜ-ਜਾਲ `ਚੋਂ ਮਨੁੱਖਤਾ ਨੂੰ ਆਜ਼ਾਦ ਕਰਵਾਉਣ ਲਈ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮਿਆਂ ਨੇ 239 ਸਾਲ ਦੇ ਲੰਮੇ ਸਮੇਂ ਲਈ ਸੰਸਾਰ ਦੇ ਇਤਿਹਾਸ ਦੀਆਂ ਵਿਲੱਖਣ ਘਾਲਣਾਵਾਂ ਘਾਲ ਕੇ ਸ਼ਾਨਾਮੱਤੇ ਆਦਰਸ਼ਕ ਇਤਿਹਾਸ ਦੀ ਸਿਰਜਨਾ ਕੀਤੀ ਸੀ ਅਤੇ ਸਥਾਪਤ ਅਨਿਆਂਇਕ ਸਿਸਟਮਾਂ ਦੇ ਅਣ-ਮਨੁੱਖੀ ਤਸ਼ੱਦਦਾਂ ਦਾ ਸਾਹਮਣਾ ਕਰਦੇ ਹੋਏ ਲਾਸਾਨੀ ਸ਼ਹੀਦੀਆਂ ਪ੍ਰਾਪਤ ਕੀਤੀਆਂ ਸਨ, ਜ਼ਾਲਮ ਤੇ ਜ਼ੁਲਮ ਦਾ ਜਿੱਥੇ ਸਬਰ ਨਾਲ ਟਾਕਰਾ ਕੀਤਾ ਸੀ, ਉਥੇ ਮੈਦਾਨ-ਇ-ਜੰਗ ਵਿੱਚ ਵੀ ਜ਼ਾਲਮਾਂ ਨੂੰ ਨਾਨੀ ਚੇਤੇ ਕਰਵਾਈ ਸੀ। ਸ਼ਬਦ ਗੁਰੂ ਦੇ ਸਿਧਾਂਤਾਂ ਨਾਲੋਂ ਟੁੱਟ ਕੇ ਅਜਿਹੀ ਤਰਸਯੋਗ ਹਾਲਤ ਵਿੱਚ ਵਿਚਰ ਰਹੀ, (ਭਾਂਤ-ਭਾਂਤ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਖੇਮਿਆਂ ਵਿੱਚ ਵੰਡੀ ਹੋਈ) ਸਿੱਖ ਕੌਮ ਨੂੰ, ਇੱਕੋ-ਇੱਕ ਵਾਹਿਦ ਪ੍ਰਭੂ-ਪਿਤਾ ਦੀ ਸ਼ਰਣ ਵਿੱਚ ਲਿਆਉਣਾ ਕੋਈ ਸੌਖਾ ਕੰਮ ਨਹੀਂ। ਇਸ ਤੋਂ ਇਲਾਵਾ, ਗੁਰਮਤਿ ਵਿਚਾਰਧਾਰਾ ਦੇ ਵਿਰੋਧੀ ਸੰਗਠਨਾਂ ਦਾ ਵੀ (ਗੁਰਮਤਿ ਵਿਧੀ ਅਨੁਸਾਰ), ਟਾਕਰਾ ਕਰਨਾ ਹੈ, ਜਿਹੜਾ ਕਿ ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਚੁਣੌਤੀ ਹੈ। ਮਨੁੱਖਤਾ ਦਾ ਦਰਦ ਰੱਖਣ ਵਾਲੇ ਸਿੱਖ, (ਜਿਨ੍ਹਾਂ ਦੀ ਗਿਣਤੀ ਬਹੁਤ ਘੱਟ ਹੈ, ਉਹ) ਵੀ ਆਪਣੇ ਨਿੱਜੀ ਮੱਤਭੇਦ ਦੂਰ ਕਰ ਕੇ ਸਰਬੱਤ ਦੇ ਭਲੇ ਲਈ ਇਕੱਠੇ ਹੋ ਕੇ ਨਹੀਂ ਤੁਰ ਰਹੇ। ਇੰਜ ਲਗਦਾ ਹੈ ਕਿ ਮਾਨਵ-ਵਿਰੋਧੀ ਏਜੰਸੀਆਂ ਉਨ੍ਹਾਂ ਨੂੰ ਇਕੱਠੇ ਨਹੀਂ ਹੋਣ ਦੇ ਰਹੀਆਂ। ਜਦੋਂ ਵੀ ਗੁਰੂ ਨਾਨਕ ਮਿਸ਼ਨ ਨੂੰ ਸਿਰੇ ਚਾੜ੍ਹਨ ਲਈ ਕੋਈ ਜਥੇਬੰਦੀ ਬਣਾਉਣ ਦਾ ਉਪਰਾਲਾ ਕੀਤਾ ਜਾਂਦਾ ਹੈ ਤਾਂ ਉਸ ਜਥੇਬੰਦੀ ਦੇ ਆਗੂ, ਆਦਰਸ਼ਕ ਲੀਡਰ ਦੇ ਗੁਣਾਂ ਤੋਂ ਸੱਖਣੇ ਹੋਣ ਕਾਰਨ, ਆਪ-ਹੁਦਰੇ ਹੋ ਕੇ ਚੱਲਣਾ ਸ਼ੁਰੂ ਕਰ ਦਿੰਦੇ ਹਨ ਅਤੇ ਉਸ ਜਥੇਬੰਦੀ ਦੇ ਅੰਦਰੋਂ ਹੀ ਵਿਰੋਧੀ ਸੁਰਾਂ ਨਿਕਲਨੀਆਂ ਸ਼ੁਰੂ ਹੋ ਜਾਂਦੀਆਂ ਹਨ। ਖ਼ੈਰ, ਇਸ ਸਭ ਕੁੱਝ ਦੇ ਬਾ-ਵਜ਼ੂਦ, ਸਤਿਗੁਰਾਂ ਦੇ ਉਪਦੇਸ਼ ਅਨੁਸਾਰ, ਮਨੁੱਖਤਾ ਦੇ ਭਲੇ ਦੇ ਟੀਚੇ ਨੂੰ ਧਿਆਨ ਵਿੱਚ ਰੱਖ ਕੇ, ਯਤਨ ਕਰਦੇ ਰਹਿਣਾ ਸਾਡਾ ਫਰਜ਼ ਹੈ। ਜੇਕਰ ਅਸੀਂ ਪ੍ਰਭੂ-ਪਿਤਾ ਦੀ ਓਟ ਲੈ ਕੇ ਸ਼ਬਦ-ਗੁਰੂ ਦੇ ਹੁਕਮਾਂ ਦੀ ਪਾਲਣਾ ਕਰਦੇ ਚੱਲਾਂਗੇ ਤਾ ਸਫ਼ਲਤਾ ਯਕੀਨੀ ਹੈ, ਸਮਾਂ ਜ਼ਰੂਰ ਹੀ ਬਹੁਤ ਲੱਗੇਗਾ। ਪਰ, ਅੱਜ ਦੇ ਵਿਗਿਆਨਕ ਯੁੱਗ ਵਿੱਚ ਹੱਕ, ਸੱਚ ਤੇ ਇਨਸਾਫ਼ ਦੇ ਮੁਦੱਈ ਲੋਕਾਂ ਦੀ ਵੀ ਘਾਟ ਨਹੀਂ (ਖ਼ਾਸ ਕਰ ਕੇ ਪੱਛਮੀ ਦੇਸ਼ਾਂ ਵਿੱਚ) ਅਤੇ ਅਜਿਹੇ ਲੋਕਾਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਇਹ ਇੱਕ ਚੰਗਾ ਰੁਝਾਨ ਹੈ। ਅਜਿਹੇ ਲੋਕਾਂ ਨੂੰ, ਜਿਵੇਂ-ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਸਰਬੱਤ ਦੇ ਭਲੇ ਦੇ ਫ਼ਲਸਫ਼ੇ ਦੀ ਸਹੀ ਜਾਣਕਾਰੀ ਮਿਲਦੀ ਜਾਵੇਗੀ, ਤਿਵੇਂ-ਤਿਵੇਂ ਇਹ ਇਨਕਲਾਬੀ ਲਹਿਰ ਮਜ਼ਬੂਤ ਹੁੰਦੀ ਚਲੀ ਜਾਵੇਗੀ। ਇਸ ਕਾਰਜ ਲਈ, ਕੌਮੀ ਹੀ ਨਹੀਂ, ਬਲਕਿ ਕੌਮਾਂਤਰੀ ਪੱਧਰ `ਤੇ (ਰਲ-ਮਿਲ ਕੇ), ਕੰਮ ਕਰਨ ਦੀ ਲੋੜ ਹੈ।

ਸ਼ਬਦ ਗੁਰੂ ਦੀ ਅਗੁਵਾਈ ਹੇਠ ਇੱਕਜੁੱਟ ਹੋ ਕੇ ਗੁਰਮਤਿ ਇਨਕਲਾਬੀ ਲਹਿਰ ਨੂੰ ਪੁਨਰ-ਸੁਰਜੀਤ ਕਰਨਾ

ਅੱਜ ਦੇਸ਼ ਪੱਧਰ ਅਤੇ ਕੌਮਾਂਤਰੀ ਪੱਧਰ `ਤੇ ਜਿੰਨੀਆਂ ਵੀ ਜਥੇਬੰਦੀਆਂ ਜਾਂ ਸੰਸਥਾਵਾਂ ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ ਕੰਮ ਕਰ ਰਹੀਆਂ ਹਨ, ਲੋੜ ਹੈ ਕਿ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰਬ-ਸਾਂਝੇ ਫ਼ਲਸਫ਼ੇ ਦੀ ਅਗੁਵਾਈ ਹੇਠ ਇਕੱਠਿਆਂ ਕੀਤਾ ਜਾਵੇ। ਇਨ੍ਹਾਂ ਨੂੰ ਇੱਕ ਪਲੈਟਫ਼ਾਰਮ `ਤੇ ਲਿਆਉਣ ਲਈ ਕੁੱਝ ਕੁ ਸੂਝਵਾਨ (ਗੁਰਮਤਿ ਸਿਧਾਂਤਾਂ ਬਾਰੇ ਸਪੱਸ਼ਟ) ਵਿਅਕਤੀਆਂ ਦਾ ਇਕੱਠੇ ਹੋ ਕੇ ਵਿਉਂਤਬੰਦ ਢੰਗ ਨਾਲ (ਗੁਰਮਤਿ ਵਿਧੀ ਅਨੁਸਾਰ), ਉਪਲੱਬਧ ਸਾਧਨਾਂ ਦੀ ਸੁਜੋਗ ਵਰਤੋਂ ਕਰਦਿਆਂ ਹੋਇਆਂ, ਚੱਲਣਾ ਬਹੁਤ ਹੀ ਜ਼ਰੂਰੀ ਹੈ। ਇਸ ਤਰ੍ਹਾਂ, ਗੁਰੂ ਨਾਨਕ ਸਾਹਿਬ ਵੱਲੋਂ 1478 ਵਿੱਚ ਅਰੰਭ ਕੀਤੀ ਇਨਕਲਾਬੀ ਲਹਿਰ ਨੂੰ, ਸਹਿਜੇ-ਸਹਿਜੇ, ਪੁਨਰ-ਸੁਰਜੀਤ ਕੀਤਾ ਜਾ ਸਕਦਾ ਹੈ।

ਸਰਬੱਤ ਖ਼ਾਲਸਾ ਦੀ ਸੰਸਥਾ ਨੂੰ ਪੁਨਰ-ਸੁਰਜੀਤ ਕਰਨਾ

ਗੁਰਮਤਿ ਇਨਕਲਾਬੀ ਲਹਿਰ ਨੂੰ ਵਿਸ਼ਵ-ਪੱਧਰ `ਤੇ ਪੁਨਰ-ਸੁਰਜੀਤ ਕਰਨ ਤੋਂ ਬਾਅਦ, ਸਭ ਤੋਂ ਪਹਿਲਾ ਕੰਮ ‘ਸਰਬੱਤ ਖ਼ਾਲਸਾ’ ਦੀ ਸੰਸਥਾ ਨੂੰ ਪੁਨਰ-ਸੁਰਜੀਤ ਕਰਨਾ ਹੀ ਠੀਕ ਰਹੇਗਾ। ਇਸ ਸੰਸਥਾ (ਜਿਸ ਨੇ ਸਿੱਖ ਕੌਮ ਨੂੰ 18ਵੀਂ ਸਦੀ ਦੇ ਅਤਿ ਭਿਆਨਕ ਸਮੇਂ ਦੌਰਾਨ ਇੱਕ-ਮੁੱਠ ਹੀ ਨਹੀਂ ਸੀ ਰੱਖਿਆ, ਬਲਕਿ, 1716 ਵਿੱਚ ਗੁਆਚੇ ਹਲੇਮੀ-ਰਾਜ ਦੀ ਦੁਬਾਰਾ ਸਥਾਪਤੀ ਦੇ ਵੀ ਐਨ ਨਜ਼ਦੀਕ ਲੈ ਆਂਦਾ ਸੀ) ਨੂੰ ਪੁਨਰ-ਸੁਰਜੀਤ ਕਰ ਕੇ ਵੀ, ਕੌਮ ਨੂੰ ਦਰਪੇਸ਼ ਮਸਲਿਆਂ ਨੂੰ ਸੂਚੀਬੱਧ ਕਰ ਕੇ, ਜਿਹੜੇ ਮਸਲੇ ਬਹੁਤ ਹੀ ਗੰਭੀਰ ਕਿਸਮ ਦੇ ਹਨ ਉਨ੍ਹਾਂ ਨੂੰ ਪਹਿਲ ਦੇ ਆਧਾਰ `ਤੇ ਹੱਲ ਕਰਨਾ ਹੀ ਸਿਆਣਪ ਵਾਲੀ ਗੱਲ ਹੋਵੇਗੀ (ਯਾਨੀ ਕਿ ਅਜਿਹੇ ਮਸਲੇ ਜਿਹੜੇ ਭਾਰਤ `ਚ ਸਿੱਖ ਕੌਮ ਦੀ ਵਿਲੱਖਣ ਹੋਂਦ ਲਈ ਖ਼ਤਰਾ ਬਣੇ ਪਏ ਹਨ, ਪਹਿਲ ਦੇ ਆਧਾਰ `ਤੇ ਹੱਲ ਕੀਤੇ ਜਾਣੇ ਜ਼ਰੂਰੀ ਹਨ)। ਲੇਖਕ ਦੀ ਸਮਝ ਅਨੁਸਾਰ, ਖ਼ੁਦਗਰਜ਼ ‘ਹਾਕਮ-ਪੁਜਾਰੀ-ਮਾਇਆਧਾਰੀ’ ਦੀ ਮਾਨਵ-ਵਿਰੋਧੀ ਤਿੱਕੜੀ ਵੱਲੋਂ ਗੁਰਮਤਿ-ਸਿਧਾਂਤ, ਗੁਰਮਤਿ-ਸਭਿਆਚਾਰ ਤੇ ਗੁਰ-ਇਤਿਹਾਸ ਦਾ ਭਗਵਾਂਕਰਨ ਕਰ ਕੇ ਨੌਜਵਾਨੀ (ਵਿਸ਼ੇਸ਼ ਕਰ ਕੇ ਸਿੱਖ ਨੌਜਵਾਨੀ) ਨੂੰ ਨਸ਼ੇੜੀ, ਅਨਪੜ੍ਹ, ਵਿਹਲੜ ਅਤੇ ਆਚਰਣਹੀਣ ਬਣਾਉਣ ਲਈ ਜੰਗੀ-ਪੱਧਰ `ਤੇ ਕੀਤੀਆਂ ਜਾ ਰਹੀਆਂ ਸਾਜਿਸ਼ੀ ਕਾਰਵਾਈਆਂ ਦਾ (ਗੁਰਮਤਿ-ਜੁਗਤਿ ਅਨੁਸਾਰ) ਸਫ਼ਲਤਾ ਨਾਲ ਟਾਕਰਾ ਕਰਨਾ ਸਭ ਤੋਂ ਪਹਿਲਾ ਕੰਮ ਹੋਣਾ ਚਾਹੀਦਾ ਹੈ। ਮਾਨਵ-ਵਿਰੋਧੀ ਸੰਗਠਨ (ਖ਼ਾਸ ਕਰ ਕੇ ਮਨੂੰਵਾਦੀ ਸੰਗਠਨ) ਅਜਿਹੀਆਂ ਸਾਜਿਸ਼ੀ ਕਾਰਵਾਈਆਂ ਦੁਆਰਾ ਸਿੱਖੀ (ਗੁਰਮਤਿ) ਦੀ ਜੜ੍ਹ `ਤੇ ਹੀ ਹਮਲੇ ਕਰਦੇ ਆ ਰਹੇ ਹਨ। ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਮਤਿ ਸਿਧਾਂਤ ਹੀ ਸਿੱਖੀ ਦੀ ਜੜ੍ਹ ਹਨ। ਜੜ੍ਹ ਨੂੰ ਤੰਦਰੁਸਤ ਕਰ ਕੇ ਹੀ ਸਿੱਖੀ ਦੇ ਪੌਦੇ ਨੂੰ ਪ੍ਰਫੁੱਲਤ ਕੀਤਾ ਜਾ ਸਕੇਗਾ, ਇਸ ਦੀਆਂ ਟਹਿਣੀਆਂ ਅਤੇ ਪੱਤਿਆਂ `ਤੇ ਕੀਟ-ਨਾਸ਼ਕ ਦਵਾਈਆਂ ਦਾ ਛਿੜਕਾਅ ਕਰ ਕੇ ਨਹੀਂ।

ਸਰਬੱਤ ਖ਼ਾਲਸਾ ਦਾ ਇਕੱਠ ਕਿਵੇਂ ਬੁਲਾਇਆ ਜਾਵੇ?

18ਵੀਂ ਸਦੀ ਦੌਰਾਨ, ਜਿਹੜੀ ਸਿੱਖ ਮਿਸਲ ਦੀ ਜ਼ਿੰਮੇਵਾਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਦੀ ਸੇਵਾ-ਸੰਭਾਲ ਕਰਨ ਦੀ ਹੁੰਦੀ ਸੀ, ਉਹੀ ਮਿਸਲ ਸਰਬੱਤ ਖ਼ਾਲਸਾ ਦਾ ਇਕੱਠ ਵੀ ਬੁਲਾਇਆ ਕਰਦੀ ਸੀ। ਪਰ, ਮੌਜੂਦਾ ਹਾਲਾਤਾਂ ਵਿੱਚ ਸਭ ਕੁੱਝ ਉਲਟ-ਪੁਲਟ ਹੋ ਗਿਆ ਹੈ ਅਤੇ ਕੋਈ ਵੀ ਅਜਿਹੀ ਸਿੱਖ ਜਥੇਬੰਦੀ ਨਜ਼ਰ ਨਹੀਂ ਆਉਂਦੀ ਜਿਸ ਨੂੰ ਸਮੁੱਚੀ ਸਿੱਖ ਕੌਮ ਦਾ ਜਾਗਰੂਕ ਹਿੱਸਾ ਇੱਕਜੁਟ ਹੋ ਕੇ ਕੌਮ ਦੀ (ਕਿਸੇ ਵੀ ਫ਼ੀਲਡ ਵਿੱਚ) ਅਗੁਵਾਈ ਕਰਨ ਦੀ ਜ਼ਿੰਮੇਵਾਰੀ ਸੌਂਪਣ ਲਈ ਤਿਆਰ ਹੋਵੇ। ਅਜਿਹੀ ਹਾਲਤ ਵਿੱਚ ਇੱਕ ਰਾਹ ਇਹ ਹੋ ਸਕਦਾ ਹੈ ਕਿ ਮਨੁੱਖਤਾ ਦਾ ਦਰਦ ਰੱਖਣ ਵਾਲੇ ਕੁੱਝ ਕੁ ਵਿਦਵਾਨ, ਚਿੰਤਕ ਅਤੇ ਇਤਿਹਾਸਕਾਰ ਇਕੱਠੇ ਹੋ ਕੇ ਇੱਕ ਖੁੱਲ੍ਹਾ ਸੈਮੀਨਾਰ ਕਰਵਾਉਂਣ ਜਿਸ ਵਿੱਚ ਸਾਰੀਆਂ ਪੰਥਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਬੁਲਾਇਆ ਜਾਵੇ। ਇਸ ਸੈਮੀਨਾਰ ਦਾ ਇੱਕੋ ਹੀ ਵਿਸ਼ਾ ਹੋਵੇ ਕਿ, “ਸਰਬੱਤ ਖ਼ਾਲਸਾ ਦੀ ਸੰਸਥਾ ਨੂੰ ਕਿਵੇਂ ਪੁਨਰ-ਸੁਰਜੀਤ ਕੀਤਾ ਜਾ ਸਕਦਾ ਹੈ?” ਇਹ ਸੈਮੀਨਾਰ ਇਸ ਵਿਸ਼ੇ `ਤੇ (ਗੁਰਮਤਿ ਸਿਧਾਂਤਾਂ ਦੀ ਰੌਸ਼ਨੀ ਵਿੱਚ), ਸਰਬ-ਸੰਮਤੀ ਨਾਲ ਫ਼ੈਸਲਾ ਕਰਨ ਉਪਰੰਤ ਹੀ ਸਮਾਪਤ ਕੀਤਾ ਜਾਵੇ ਅਤੇ ਪ੍ਰੈਸ ਕਾਨਫ਼ਰੰਸ ਕਰ ਕੇ ਸਰਬੱਤ ਖ਼ਾਲਸਾ ਦਾ ਇਕੱਠ ਬੁਲਾਉਣ ਲਈ ਮਿਤੀ, ਸਮਾਂ ਅਤੇ ਸਥਾਨ ਮੁਕੱਰਰ ਕਰ ਦਿੱਤੇ ਜਾਣ। ਉਸ ਤੋਂ ਉਪਰੰਤ ਸਰਬੱਤ ਖ਼ਾਲਸਾ ਦੇ ਇਕੱਠ (18ਵੀਂ ਸਦੀ ਦੀ ਤਰਜ਼ `ਤੇ) ਵੈਸਾਖੀ ਅਤੇ ਦੀਵਾਲੀ (ਜਾਂ ਹੋਰ ਕੋਈ ਵੀ ਤਾਰੀਖਾਂ `ਤੇ) `ਤੇ ਬੁਲਾਏ ਜਾਣੇ ਲਾਜ਼ਮੀ ਕਰ ਦਿੱਤੇ ਜਾਣ।

ਮੀਰੀ-ਪੀਰੀ ਦੀ ਸੰਸਥਾ ਅਕਾਲ-ਤਖ਼ਤ ਨੂੰ ਖ਼ੁਦਗਰਜ਼ ਰਾਜਨੀਤਕਾਂ ਦੀ ਗ਼ੁਲਾਮੀ `ਚੋਂ ਆਜ਼ਾਦ ਕਰਵਾਉਣਾ

ਜਿਸ ਤਰ੍ਹਾਂ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਸ੍ਰੀ ਅਕਾਲ ਤਖ਼ਤ ਕੋਈ ਜਥਾ ਨਹੀਂ ਹੈ ਜਿਸ ਦਾ ਜਥੇਦਾਰ ਨਿਯੁਕਤ ਕੀਤਾ ਜਾ ਸਕੇ। ਪਰ, ਖ਼ੁਦਗਰਜ਼ ਸ਼ਾਤਰ ਰਾਜਨੀਤਕ (ਸਮੇਤ ਨੀਮ-ਧਾਰਮਿਕ ਆਗੂਆਂ ਦੇ) ਗੁਰਮਤਿ-ਵਿਹੂਣੇ ‘ਸਿੱਖ’ ਲੀਡਰਾਂ ਨੇ ਆਪਣੇ ਵਿਰੋਧੀਆਂ ਨੂੰ ਅਤੇ ਸਧਾਰਨ ਸਿੱਖਾਂ ਨੂੰ ਦਬਕਾਅ ਕੇ ਰੱਖਣ ਲਈ ਅਤੇ ਗੁਰਮਤਿ ਸਿਧਾਂਤਾਂ ਦੇ ਸ਼ੁੱਧ ਰੂਪ ਵਿੱਚ ਹੋ ਰਹੇ ਪ੍ਰਚਾਰ ਨੂੰ ਰੋਕਣ ਲਈ (ਪਿਛਲੇ ਤਕਰੀਬਨ ਪੰਜਾਹ ਕੁ ਸਾਲਾਂ ਤੋਂ), ‘ਜਥੇਦਾਰ ਅਕਾਲ ਤਖ਼ਤ’ (ਸਮੇਤ ਦੂਜੇ ਚਾਰ ਤਖ਼ਤਾਂ ਦੇ) ਦਾ ਗ਼ੈਰ-ਸਿਧਾਂਤਕ (ਗੁਰਮਤਿ-ਵਿਰੋਧੀ) ਅਹੁਦਾ ਪੈਦਾ ਕਰ ਕੇ ਆਪਣੀ ਪਸੰਦ ਦੇ ਬੰਦਿਆਂ ਨੂੰ ਇਸ `ਤੇ ਨਿਯੁਕਤ ਕਰਨ ਦੀ ਪਰਪਾਟੀ ਚਲਾਈ ਹੋਈ ਹੈ। ਇਸ ਗੁਰਮਤਿ-ਵਿਰੋਧੀ ਅਹੁਦੇ ਨੇ ਜਿੱਥੇ ਸ੍ਰੀ ਅਕਾਲ ਤਖ਼ਤ ਦੀ ਅਤੀ ਸਤਿਕਾਰਤ ਸੰਸਥਾ ਦੇ ਵੱਕਾਰ ਨੂੰ ਕਰਾਰੀ ਸੱਟ ਮਾਰੀ ਹੈ ਉੱਥੇ ਸਿੱਖੀ ਸਿਧਾਂਤਾਂ ਨੂੰ ਗੰਧਲਾ ਕਰ ਕੇ ਕੌਮ ਅੰਦਰ ਧੜੇਬੰਦੀਆਂ ਦੇ ਗੁਰਮਤਿ-ਵਿਰੋਧੀ ਰੁਝਾਨ ਨੂੰ ਵੀ ਹਵਾ ਦਿੱਤੀ ਹੈ, ਜਿਸ ਦੇ ਫ਼ਲਸਰੂਪ, ਕੌਮਾਂਤਰੀ ਪੱਧਰ `ਤੇ ਸਿੱਖ ਕੌਮ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋੜ ਹੈ ਕਿ ਸਰਬੱਤ ਖ਼ਾਲਸਾ, ਗੁਰਮੱਤਾ ਕਰ ਕੇ, ਤਖ਼ਤ ਸਾਹਿਬਾਨ ਉੱਪਰ (ਖ਼ੁਦਗਰਜ਼ ਲੀਡਰਾਂ ਦੀ ਸਰਪ੍ਰਸਤੀ ਹਾਸਿਲ ਕਰ ਕੇ) ਅਣਅਧਿਕਾਰਤ ਤੌਰ `ਤੇ ਚੜ੍ਹੀ ਬੈਠੀ ਪੁਜਾਰੀ ਸ਼੍ਰੇਣੀ (ਅਖੌਤੀ ਜਥੇਦਾਰ ਤਖ਼ਤ ਸਾਹਿਬਾਨ) ਦੀ ਮਾਨਤਾ ਨੂੰ ਰੱਦ ਕਰੇ, ਕਿਉਂਕਿ, ਇਹ ਸ਼੍ਰੇਣੀ ਅਕਾਲ ਤਖ਼ਤ ਦੀ ਅਤੇ ਦੂਜੇ ਅਖੌਤੀ ਤਖ਼ਤਾਂ ਦੀ ਦੁਰਵਰਤੋਂ ਕਰ ਕੇ (ਮਨੂੰਵਾਦ ਦੇ ਕੁਹਾੜੇ ਦਾ ਦਸਤਾ ਬਣ ਕੇ), ਸਿੱਖ ਕੌਮ ਦਾ ਬਹੁਤ ਨੁਕਸਾਨ ਕਰਦੀ ਆ ਰਹੀ ਹੈ। ਗੁਰਮਤਿ-ਵਿਹੂਣੇ ਸਿੱਖ ਲੀਡਰ ਤੇ ਕੁੱਝ ਕੁ ਪ੍ਰਚਾਰਕ, (ਨਿਮਾਣੇ ਸਿੱਖਾਂ ਦੇ ਰੂਪ ਵਿੱਚ), ਇਨ੍ਹਾਂ ਪੁਜਾਰੀਆਂ ਦੇ ਸੰਮਣਾਂ (ਹੁਕਮਾਂ) ਦੀ ਤਾਮੀਲ ਕਰਦੇ ਹੋਏ ਇਨ੍ਹਾਂ ਮੂਹਰੇ ਪੇਸ਼ ਹੋ ਕੇ ਇਨ੍ਹਾਂ ਨੂੰ ਮਾਨਤਾ ਦੇਂਦੇ ਆ ਰਹੇ ਹਨ। ਸ਼ਬਦ-ਗੁਰੂ ਫ਼ਲਸਫ਼ੇ ਦੀ ਸਿਧਾਂਤਕ ਸੋਝੀ ਗੁਆ ਚੁੱਕੇ ਕੁੱਝ ਕੁ ਸਿੱਖ ਵਿਦਵਾਨ ਅਤੇ ਸਧਾਰਨ ਸਿੱਖ ਵੀ ਅਗਿਆਨਤਾਵੱਸ, ਇਨ੍ਹਾਂ ਅਖੌਤੀ ਜਥੇਦਾਰਾਂ ਨੂੰ ਕੌਮ ਦੀ ਅਗੁਵਾਈ ਲਈ (ਕੌਮ ਦੇ ਪੱਕੇ ਲੀਡਰਾਂ ਦੇ ਤੌਰ `ਤੇ) ਮਾਨਤਾ ਦੇਂਦੇ ਆ ਰਹੇ ਹਨ। ਯਾਨੀ ਕਿ, ਇਹ ਗੁਰਮਤਿ-ਵਿਹੂਣੇ ਅਖੌਤੀ ਜਥੇਦਾਰ ਤਖ਼ਤ ਸਾਹਿਬਾਨ, ਸਿੱਖ ਕੌਮ ਦੀ ਅਗੁਵਾਈ ਕਰਨ ਲਈ, (ਨਕਲੀ ਪੰਜ-ਪਿਆਰਿਆਂ ਦੇ ਰੂਪ ਵਿੱਚ) ਪੱਕੇ ‘ਪੰਜ-ਪਿਆਰੇ’ ਬਣੇ ਬੈਠੇ ਹਨ। ਜਿੱਥੇ, ਕੋਈ ਸਿੱਖ ਸਤਿਗੁਰਾਂ ਵੱਲੋਂ ਪ੍ਰਗਟ ਕੀਤੀ ਅਤੀ ਸਤਿਕਾਰਤ ਅਕਾਲ ਤਖ਼ਤ ਦੀ (ਸਿਧਾਂਤਕ) ਸੰਸਥਾ ਦਾ ਵਿਰੋਧ ਕਰਨ ਬਾਰੇ ਸੋਚ ਵੀ ਨਹੀਂ ਸਕਦਾ, ਉੱਥੇ ਇਸ ਸੰਸਥਾ ਦੀ ਇਨ੍ਹਾਂ ਅਖੌਤੀ ਜਥੇਦਾਰਾਂ ਦੁਆਰਾ ਹੋ ਰਹੀ ਦੁਰਵਰਤੋਂ ਨੂੰ ਵੀ ਨਜ਼ਰ-ਅੰਦਾਜ਼ ਨਹੀਂ ਕਰ ਸਕਦਾ।
.