.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧੯)

Gurmat and science in present scenario (Part-19)

ਜੋ ਵੀ ਪੈਦਾ ਹੋਇਆ ਹੈ ਉਸ ਨੇ ਇੱਕ ਦਿਨ ਮਰਨਾ ਹੈ

Whatever is born must die, we only wait for our turn

ਜਦੋਂ ਵੀ ਕਿਸੇ ਜੀਵ ਦਾ ਸਾਹ ਲੈਣਾਂ, ਸਰੀਰ ਦੀ ਹਰਕਤ ਜਾਂ ਹੋਰ ਕਿਰਿਆਵਾਂ ਬੰਦ ਹੋ ਜਾਂਦੀਆਂ ਹਨ ਤਾਂ ਉਸ ਨੂੰ ਮਰਿਆ ਕਿਹਾ ਜਾਂਦਾ ਹੈ। ਜੀਵ ਦੇ ਸੈਲ, ਟਿਸ਼ੂ, ਅੰਗ ਕੰਮ ਕਰਨਾ ਬੰਦ ਕਰ ਦਿੰਦੇ ਹਨ, ਤੇ ਜੀਵ ਦਾ ਸਰੀਰਕ ਵਾਧਾ ਜਾਂ ਤਬਦੀਲੀਆਂ ਹੋਣੀਆਂ ਵੀ ਬੰਦ ਹੋ ਜਾਂਦੀਆਂ ਹਨ। ਜਿਆਦਾ ਤਰ ਮੌਤਾਂ ਬੁਢਾਪੇ (biological aging ) ਕਰਕੇ ਹੁੰਦੀਆਂ ਹਨ, ਜਾਂ ਕਿਸੇ ਬੀਮਾਰੀ, ਕਤਲ, ਘਟਨਾ, ਆਤਮ ਹੱਤਿਆ, ਆਦਿ ਨਾਲ ਵੀ ਹੋ ਸਕਦੀਆਂ ਹਨ। ਜਦੋਂ ਮਨੁੱਖ ਦੇ ਦਿਲ ਦੀ ਧੜਕਣ ਜਾਂ ਦਿਮਾਗ ਕੰਮ ਕਰਨਾ ਬੰਦ ਕਰ ਦਿੰਦੇ ਹਨ ਤਾਂ ਉਸ ਨੂੰ ਮਰਿਆ ਕਿਹਾ ਜਾਂਦਾ ਹੈ। ਮਰਨ ਤੋਂ ਬਾਅਦ ਸਰੀਰ ਗਲ ਸੜ ਕੇ ਤੇ ਅਖੀਰ ਮਿੱਟੀ ਵਿੱਚ ਮਿਲ ਜਾਂਦਾ ਹੈ।

ਮਰਨ ਤੋਂ ਬਾਅਦ ਜੀਵ ਆਤਮਾ ਕਿਥੇ ਜਾਂਦੀ ਹੈ, ਇਸ ਬਾਰੇ ਸਾਇੰਸ ਕੁੱਝ ਨਹੀਂ ਕਹਿ ਸਕਦੀ। ਵੱਖ ਵੱਖ ਧਰਮਾਂ ਦੀ ਆਪਣੀ ਆਪਣੀ ਰਾਏ ਹੈ। ਮਨ ਦੀ ਸੋਚ, ਚੇਤਨਾਂ, ਸਖਸ਼ੀਅਤ, ਸਹਿਣਸ਼ੀਲਤਾ, ਮਹਿਸੂਸ ਕਰਨਾ, ਆਦਿ ਸਭ ਦਿਮਾਗ ਕਰਕੇ ਹੁੰਦੇ ਹਨ। ਦਿਮਾਗ ਦੀ ਮੌਤ ਤੋਂ ਬਾਅਦ ਇਹ ਸਭ ਤੇ ਬਾਕੀ ਅੰਗ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਦਿੰਦੇ ਹਨ। ਜੇ ਕਰ ਦਿਲ ਦੀ ਧੜਕਣ ਬੰਦ ਹੋ ਜਾਵੇ ਤਾਂ ਉਸ ਤੋਂ ਕੁੱਝ ਸਮੇਂ ਬਾਅਦ, ਔਕਸੀਜਨ ਨਾ ਮਿਲਣ ਕਰਕੇ ਦਿਮਾਗ ਦੀ ਮੌਤ ਵੀ ਹੋ ਜਾਂਦੀ ਹੈ।

ਅਕਾਲ ਪੁਰਖ ਦੀ ਬਣਾਈ ਹੋਈ ਇਹ ਕੁਦਰਤ ਬਹੁਤ ਅਸਚਰਜ ਹੈ, ਜੋ ਕਿ ਉਸ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲ ਰਹੀ ਹੈ। ਜੋ ਵੀ ਜੀਵ ਇਸ ਦੁਨੀਆਂ ਵਿੱਚ ਆਇਆ ਹੈ, ਉਸ ਨੇ ਇੱਕ ਦਿਨ ਮਰਨਾ ਹੈ। ਪਰ ਫਿਰ ਵੀ ਲੋਕ ਸਮਝਦੇ ਹਨ, ਕਿ ਉਹ ਇਥੇ ਸਦਾ ਲਈ ਰਹਿ ਸਕਣਗੇ, ਲੋਕ ਅਕਾਲ ਪੁਰਖ ਦੇ ਨਾਮੁ ਨੂੰ ਵਿਸਾਰ ਕੇ ਵਿਕਾਰਾਂ ਵਿੱਚ ਫਸ ਜਾਂਦੇ ਹਨ। ਜਦੋਂ ਮਾਇਆ ਮਿਲਦੀ ਹੈ, ਤਾਂ ਜੀਵ ਬਹੁਤ ਖ਼ੁਸ਼ ਹੁੰਦਾ, ਤੇ ਆਕਾਸ਼ ਵਿੱਚ ਉਡਾਰੀਆਂ ਮਾਰਨ ਲਗ ਪੈਂਦਾ ਹੈ, ਤੇ ਜਦੋਂ ਮਾਇਆ ਚਲੀ ਜਾਂਦੀ ਹੈ, ਤਾਂ ਬੁਰੀ ਤਰ੍ਹਾਂ ਡਾਵਾਂ-ਡੋਲ ਹੋ ਜਾਂਦਾ ਹੈ, ਜਿਸ ਤਰ੍ਹਾਂ ਕਿ ਪਾਤਾਲ ਵਿੱਚ ਡਿੱਗ ਪਿਆ ਹੋਵੇ। ਲੋਭ ਦੇ ਵੱਸ ਪਿਆ ਹੋਇਆ ਮਨੁੱਖ ਟਿਕ ਕੇ ਨਹੀਂ ਬੈਠਦਾ, ਉਹ ਚਾਰੇ ਪਾਸੇ ਮਾਇਆ ਦੀ ਭਾਲ ਵਿੱਚ ਭਟਕਦਾ ਰਹਿੰਦਾ ਹੈ। ਜੋ ਵੀ ਜੀਵ ਇਸ ਜਗਤ ਵਿੱਚ ਆਉਂਦਾ ਹੈ, ਉਹ ਇਹ ਲੇਖ ਮੱਥੇ ਤੇ ਲਿਖਵਾ ਕੇ ਆਉਂਦਾ ਹੈ, ਕਿ ਇੱਕ ਦਿਨ ਮੌਤ ਜ਼ਰੂਰ ਆਵੇਗੀ, ਪਰ ਲੋਕ ਉਸ ਮਾਲਕ ਨੂੰ ਵਿਸਾਰ ਕੇ ਇਥੇ ਸਦਾ ਲਈ ਜੀਊਂਦੇ ਰਹਿਣ ਦਾ ਪ੍ਰਬੰਧ ਕਰਦੇ ਰਹਿੰਦੇ ਹਨ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਸਾਡੀਆਂ ਅੱਖਾਂ ਦੇ ਸਾਹਮਣੇ ਅਨੇਕਾਂ ਜੀਵ ਇਥੋਂ ਤੁਰੇ ਜਾ ਰਹੇ ਹਨ, ਮੌਤ ਦੀ ਅੱਗ ਲਗਾਤਾਰ ਬਲ ਰਹੀ ਹੈ, ਸਭ ਦੇ ਸਰੀਰ ਇੱਕ ਦਿਨ ਭਸਮ ਹੋ ਜਾਣੇ ਹਨ, ਪਰ ਲੋਕ ਅਕਾਲ ਪੁਰਖ ਨਾਮੁ ਤੋਂ ਬਿਨਾ ਸਦਾ ਲਈ ਜੀਊਣਾ ਚਾਹੁੰਦੇ ਹਨ। ਇਸ ਜਗਤ ਵਿੱਚ ਸਦੀਵੀ ਕਾਲ ਲਈ ਨਾ ਕਿਸੇ ਦਾ ਕੋਈ ਮਿੱਤਰ ਹੈ, ਨਾ ਕਿਸੇ ਦਾ ਕੋਈ ਭਰਾ, ਨਾ ਕਿਸੇ ਦਾ ਪਿਉ ਤੇ ਨਾ ਕਿਸੇ ਦੀ ਮਾਂ ਹੈ, ਅਤੇ ਨਾ ਹੀ ਹੋਰ ਕੋਈ ਸਦੀਵੀ ਕਾਲ ਲਈ ਕਿਸੇ ਦਾ ਸਾਥ ਨਿਬਾਹ ਸਕਦਾ ਹੈ। ਗੁਰੂ ਸਾਹਿਬ ਅਕਾਲ ਪੁਰਖ ਦੇ ਦਰ ਤੇ ਨਾਮੁ ਦੀ ਦਾਤ ਲਈ ਬੇਨਤੀ ਕਰਦੇ ਹਨ, ਕਿਉਂਕਿ ਸਿਰਫ਼ ਨਾਮੁ ਹੀ ਅੰਤ ਵੇਲੇ ਸਹਾਈ ਹੋ ਸਕਦਾ ਹੈ।

ਮਰਣੁ ਲਿਖਾਇ ਮੰਡਲ ਮਹਿ ਆਏ ਜੀਵਣੁ ਸਾਜਹਿ ਮਾਈ॥ ਏਕਿ ਚਲੇ ਹਮ ਦੇਖਹ ਸੁਆਮੀ ਭਾਹਿ ਬਲੰਤੀ ਆਈ॥ ੩॥ ਨ ਕਿਸੀ ਕਾ ਮੀਤੁ ਨ ਕਿਸੀ ਕਾ ਭਾਈ ਨਾ ਕਿਸੈ ਬਾਪੁ ਨ ਮਾਈ॥ ਪ੍ਰਣਵਤਿ ਨਾਨਕ ਜੇ ਤੂ ਦੇਵਹਿ ਅੰਤੇ ਹੋਇ ਸਖਾਈ॥ ੪॥ ੧॥ (੮੭੬)

ਗੁਰੂ ਸਾਹਿਬ ਤਾਂ ਉਨ੍ਹਾਂ ਤੋਂ ਕੁਰਬਾਨ ਜਾਂਦੇ ਹਨ, ਜਿਹੜੇ ਉਸ ਅਕਾਲ ਪੁਰਖ ਨੂੰ ਆਪਣੇ ਮਨ ਵਿੱਚ ਵਸਾਂਦੇ ਹਨ। ਜਿਨ੍ਹਾਂ ਨੇ ਗੁਰੂ ਦੀ ਕਿਰਪਾ ਨਾਲ ਨਿਰਭਉ ਅਕਾਲ ਪੁਰਖ ਦਾ ਧਿਆਨ ਧਰਿਆ ਹੈ, ਅਕਾਲ ਪੁਰਖ ਉਨ੍ਹਾਂ ਨੂੰ ਗੁਰੂ ਦੇ ਸ਼ਬਦ ਵਿੱਚ ਜੋੜ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਾਂ ਦਿੰਦਾ ਹੈ। ਅਕਾਲ ਪੁਰਖ ਅਜੇਹੇ ਗੁਰਮੁਖਾਂ ਨੂੰ ਆਤਮਕ ਜੀਵਨ ਬਰਬਾਦ ਕਰਨ ਵਾਲੇ ਮੋਹ ਤੋਂ ਬਚਾ ਲੈਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ ਚਤੁਰਾਈਆਂ ਕਰਦੇ ਹਨ, ਤੇ ਆਖਦੇ ਹਨ, ਕਿ ਅਸੀਂ ਤੀਰਥ ਇਸ਼ਨਾਨ ਤੇ ਪੁੰਨ ਦਾਨ ਕਰਦੇ ਹਾਂ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਬਾਹਰੋਂ ਕਿਤਨਾ ਵੀ ਪਵਿਤਰ ਕਰਮ ਕਰਨ ਵਾਲਾ ਹੋਵੇ, ਅਕਾਲ ਪੁਰਖ ਦੀ ਹਜ਼ੂਰੀ ਵਿੱਚ ਪਰਵਾਨ ਨਹੀਂ ਹੁੰਦਾ। ਉਹ ਜਗਤ ਵਿੱਚ ਆਤਮਕ ਜੀਵਨ ਵਲੋਂ ਖ਼ਾਲੀ ਆਉਂਦਾ ਹੈ ਤੇ ਖ਼ਾਲੀ ਚਲਾ ਜਾਂਦਾ ਹੈ, ਜਗਤ ਵਿੱਚ ਔਗੁਣ ਕਰ ਕੇ ਆਖ਼ਰ ਪਛਤਾਂਦਾ ਚਲਾ ਜਾਂਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਨ੍ਹਾਂ ਹੋ ਜਾਂਦਾ ਹੈ ਤੇ ਉਸ ਮਨੁੱਖ ਨੂੰ, ਸਹੀ ਜੀਵਨ ਜੁਗਤਿ ਬਾਰੇ ਕੁੱਝ ਨਹੀਂ ਸੁਝਦਾ। ਆਪਣੇ ਮਨ ਦੇ ਅਧੀਨ ਰਹਿ ਕੇ ਕੀਤੇ ਕਰਮਾਂ ਅਨੁਸਾਰ ਆਤਮਕ ਮੌਤ ਦੇ ਸੰਸਕਾਰ ਆਪਣੇ ਮਨ ਦੀ ਪੱਟੀ ਉੱਤੇ ਲਿਖਾ ਕੇ ਉਹ ਜਗਤ ਵਿੱਚ ਆਉਂਦਾ ਹੈ, ਇਥੇ ਵੀ ਉਸ ਨੂੰ ਕੁੱਝ ਸਮਝ ਨਹੀਂ ਪੈਂਦੀ, ਇਸ ਲਈ ਆਪਣੇ ਮਨ ਦੇ ਪਿੱਛੇ ਤੁਰ ਕੇ ਹੀ ਕਰਮ ਕਰਦਾ ਰਹਿੰਦਾ ਹੈ। ਅਜੇਹਾ ਮਨਮੁੱਖ ਸਹੀ ਜੀਵਨ ਜਾਚ ਬਾਰੇ ਸੂਝ ਹਾਸਲ ਨਹੀਂ ਕਰਦਾ, ਤੇ ਅਕਾਲ ਪੁਰਖ ਦੇ ਨਾਮੁ ਤੋਂ ਵਾਂਝਿਆ ਰਹਿ ਕੇ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ।

ਹਉ ਵਾਰੀ ਜੀਉ ਵਾਰੀ ਨਿਰਭਉ ਮੰਨਿ ਵਸਾਵਣਿਆ॥ ਗੁਰ ਕਿਰਪਾ ਤੇ ਹਰਿ ਨਿਰਭਉ ਧਿਆਇਆ ਬਿਖੁ ਭਉਜਲੁ ਸਬਦਿ ਤਰਾਵਣਿਆ॥ ੧॥ ਰਹਾਉ॥ ਮਨਮੁਖ ਮੁਗਧ ਕਰਹਿ ਚਤੁਰਾਈ॥ ਨਾਤਾ ਧੋਤਾ ਥਾਇ ਨ ਪਾਈ॥ ਜੇਹਾ ਆਇਆ ਤੇਹਾ ਜਾਸੀ ਕਰਿ ਅਵਗਣ ਪਛੋਤਾਵਣਿਆ॥ ੨॥ ਮਨਮੁਖ ਅੰਧੇ ਕਿਛੂ ਨ ਸੂਝੈ॥ ਮਰਣੁ ਲਿਖਾਇ ਆਏ ਨਹੀ ਬੂਝੈ॥ ਮਨਮੁਖ ਕਰਮ ਕਰੇ ਨਹੀ ਪਾਏ ਬਿਨੁ ਨਾਵੈ ਜਨਮੁ ਗਵਾਵਣਿਆ॥ ੩॥ (੧੧੪)

ਜਿਸ ਦਿਨ ਜੀਵ ਇਸਤ੍ਰੀ ਵਿਆਹੀ ਜਾਵੇਗੀ, ਉਹ ਸਮਾਂ ਪਹਿਲਾਂ ਹੀ ਲਿਖਿਆ ਹੋਇਆ ਹੈ, ਭਾਵ, ਜੀਵ ਦੇ ਜਗਤ ਵਿੱਚ ਆਉਣ ਤੋਂ ਪਹਿਲਾਂ ਹੀ ਉਸ ਦੀ ਮੌਤ ਦਾ ਸਮਾਂ ਮਿਥਿਆ ਹੋਇਆ ਹੈ, ਮੌਤ ਦਾ ਫ਼ਰਿਸਤਾ ਜਿਸ ਬਾਰੇ ਕੰਨਾਂ ਨਾਲ ਸੁਣਿਆ ਸੀ, ਆ ਕੇ ਮੂੰਹ ਵਿਖਾਂਦਾ ਹੈ, ਭਾਵ, ਜਿਸ ਬਾਰੇ ਪਹਿਲਾਂ ਹੋਰਨਾਂ ਦੀ ਮੌਤ ਲਈ ਸੁਣਿਆ ਸੀ, ਹੁਣ ਉਸ ਜੀਵ ਇਸਤ੍ਰੀ ਨੂੰ ਲੈਂਣ ਵਾਸਤੇ ਆ ਜਾਂਦਾ ਹੈ। ਹੱਡਾਂ ਨੂੰ ਭੰਨ ਭੰਨ ਕੇ, ਭਾਵ, ਸਰੀਰ ਨੂੰ ਰੋਗਾਂ ਨਾਲ ਨਿਤਾਣਾ ਕਰ ਕੇ, ਵਿਚਾਰੀ ਜਿੰਦ ਨੂੰ ਉਸ ਵਿਚੋਂ ਕੱਢ ਲੈਂਦਾ ਹੈ। ਫਰੀਦ ਸਾਹਿਬ ਸਮਝਾਂਉਂਦੇ ਹਨ, ਕਿ ਆਪਣੀ ਜਿੰਦ ਨੂੰ ਇਹ ਗੱਲ ਸਮਝਾ ਕਿ ਮੌਤ ਦਾ ਇਹ ਮਿਥਿਆ ਹੋਇਆ ਸਮਾਂ ਟਲ ਨਹੀਂ ਸਕਦਾ। ਜਿੰਦ, ਮਾਨੋ, ਵਹੁਟੀ ਹੈ, ਤੇ ਮੌਤ ਦਾ ਫ਼ਰਿਸਤਾ ਇਸ ਦਾ ਲਾੜਾ ਹੈ। ਮੌਤ ਦਾ ਫ਼ਰਿਸਤਾ ਇੱਕ ਦਿਨ ਜਿੰਦ ਨੂੰ ਵਿਆਹ ਕੇ ਜ਼ਰੂਰ ਲੈ ਜਾਵੇਗਾ। ਇਹ ਸਰੀਰ ਜਿੰਦ ਨੂੰ ਆਪਣੀ ਹੱਥੀਂ ਤੋਰ ਕੇ ਹੁਣ ਕਿਸ ਦੇ ਗਲ ਲੱਗੇਗਾ? ਭਾਵ ਇਹ ਸਰੀਰ ਹੁਣ ਜਿੰਦ ਤੋਂ ਬਿਨਾ ਕੁੱਝ ਕਰਨ ਜੋਗਾ ਨਹੀਂ ਰਹਿ ਜਾਵੇਗਾ। ਇਸ ਜਗਤ ਰੂਪੀ ਸਮੁੰਦਰ ਵਿੱਚ ਵਿਕਾਰਾਂ ਦੀਆਂ ਲਹਿਰਾਂ ਉੱਠਦੀਆਂ ਰਹਿੰਦੀਆਂ ਹਨ, ਇਨ੍ਹਾਂ ਵਿਕਾਰਾਂ ਵਿਚੋਂ ਸਹੀ ਸਲਾਮਤ ਪਾਰ ਲੰਘਣ ਲਈ ਦਰਵੇਸ਼ੀ ਦਾ ਪੁਲ ਵਾਲ ਤੋਂ ਵੀ ਬਹੁਤ ਬਾਰੀਕ ਹੈ, ਭਾਵ ਜੀਵਨ ਵਿੱਚ ਦਰਵੇਸ਼ੀ ਕਮਾਣੀ ਬਹੁਤ ਔਖੀ ਹੈ, ਪਰੰਤੂ ਦੁਨੀਆਂ ਦੇ ਵਿਕਾਰਾਂ ਤੋਂ ਬਚਣ ਲਈ ਸਿਰਫ਼ ਇਹੀ ਇੱਕ ਤਰੀਕਾ ਹੈ। ਫਰੀਦ ਸਾਹਿਬ ਸਮਝਾਂਉਂਦੇ ਹਨ, ਧਾਰਮਕ ਪੁਸਤਕਾਂ ਰਾਹੀਂ ਗੁਰੂ ਪੈਗ਼ੰਬਰ ਵਿਕਾਰਾਂ ਦੀਆਂ ਲਹਿਰਾਂ ਦੇ ਖ਼ਤਰਿਆਂ ਤੋਂ ਬਚਣ ਲਈ ਸੁਚੇਤ ਕਰ ਰਹੇ ਹਨ। ਇਸ ਲਈ ਉਨ੍ਹਾਂ ਨੂੰ ਧਿਆਨ ਨਾਲ ਸੁਣ ਤੇ ਇਹ ਮਨੁੱਖਾ ਜੀਵਨ ਵਿਅਰਥ ਨਾ ਗਵਾ। ਗੁਰਬਾਣੀ ਤਾਂ ਸਾਨੂੰ ਜੀਵਨ ਦਾ ਸਹੀ ਰਸਤਾ ਦਿਖਾ ਰਹੀ ਹੈ, ਪਰੰਤੂ ਅਸੀਂ ਗੁਰਬਾਣੀ ਦੇ ਸਬਦਾਂ ਨੂੰ ਕੰਨਾਂ ਰਾਹੀਂ ਸੁਣਨ ਤੇ ਆਪਣੇ ਹਿਰਦੇ ਵਿੱਚ ਵਸਾਣ ਦੀ ਬਜਾਏ ਆਪਣਾ ਮਨੁੱਖਾ ਜੀਵਨ ਆਪ ਹੀ ਬਰਬਾਦ ਕਰੀ ਜਾ ਰਹੇ ਹਾਂ।

ਸਲੋਕ ਸੇਖ ਫਰੀਦ ਕੇ॥ ੴ ਸਤਿਗੁਰ ਪ੍ਰਸਾਦਿ॥ ਜਿਤੁ ਦਿਹਾੜੈ ਧਨ ਵਰੀ ਸਾਹੇ ਲਏ ਲਿਖਾਇ॥ ਮਲਕੁ ਜਿ ਕੰਨੀ ਸੁਣੀਦਾ ਮੁਹੁ ਦੇਖਾਲੇ ਆਇ॥ ਜਿੰਦੁ ਨਿਮਾਣੀ ਕਢੀਐ ਹਡਾ ਕੂ ਕੜਕਾਇ॥ ਸਾਹੇ ਲਿਖੇ ਨ ਚਲਨੀ ਜਿੰਦੂ ਕੂੰ ਸਮਝਾਇ॥ ਜਿੰਦੁ ਵਹੁਟੀ ਮਰਣੁ ਵਰੁ ਲੈ ਜਾਸੀ ਪਰਣਾਇ॥ ਆਪਣ ਹਥੀ ਜੋਲਿ ਕੈ ਕੈ ਗਲਿ ਲਗੈ ਧਾਇ॥ ਵਾਲਹੁ ਨਿਕੀ ਪੁਰਸਲਾਤ ਕੰਨੀ ਨ ਸੁਣੀ ਆਇ॥ ਫਰੀਦਾ ਕਿੜੀ ਪਵੰਦੀਈ ਖੜਾ ਨ ਆਪੁ ਮੁਹਾਇ॥ ੧॥ (੧੩੭੭)

ਅਕਾਲ ਪੁਰਖ ਨੇ ਆਪ ਹੀ ਇਹ ਸ੍ਰਿਸ਼ਟੀ ਰਚੀ ਹੈ, ਤੇ ਇਸ ਵਿੱਚ ਜਿੰਦ ਰੂਪੀ ਸੱਤਿਆ ਵੀ ਆਪ ਹੀ ਪਾਈ ਹੈ। ਚੰਗੇ ਮੰਦੇ ਜੀਵਾਂ ਨੂੰ ਪੈਦਾ ਕਰ ਕੇ, ਉਨ੍ਹਾਂ ਦੀ ਸੰਭਾਲ ਵੀ ਉਹ ਆਪ ਹੀ ਕਰ ਰਿਹਾ ਹੈ। ਹਰੇਕ ਜੀਵ ਜੋ ਵੀ ਇਸ ਦੁਨੀਆਂ ਵਿੱਚ ਪੈਦਾ ਹੁੰਦਾ ਹੈ, ਉਸ ਨੇ ਇੱਕ ਦਿਨ ਮਰ ਜਾਣਾ ਹੈ, ਤੇ ਇਸ ਦੁਨੀਆਂ ਤੋਂ ਕੂਚ ਕਰਨ ਦੀ ਵਾਰੀ ਹਰੇਕ ਜੀਵ ਦੀ ਆਪਣੇ ਆਪਣੇ ਮਿਥੇ ਸਮੇਂ ਅਨੁਸਾਰ ਆਉਂਣੀ ਹੈ। ਜਿਸ ਅਕਾਲ ਪੁਰਖ ਦੇ ਦਿੱਤੇ ਹੋਏ, ਇਹ ਜਿੰਦ ਤੇ ਪ੍ਰਾਣ ਹਨ, ਉਸ ਮਾਲਕ ਨੂੰ ਆਪਣੇ ਮਨ ਤੋਂ ਕਦੇ ਭੁਲਾਣਾ ਨਹੀਂ ਚਾਹੀਦਾ। ਜਿਤਨਾ ਚਿਰ ਇਹ ਜਿੰਦ ਤੇ ਪ੍ਰਾਣ ਮਿਲੇ ਹੋਏ ਹਨ, ਉੱਦਮ ਕਰ ਕੇ ਆਪਣੇ ਹੱਥਾਂ ਨਾਲ ਆਪਣਾ ਕਾਰਜ ਆਪ ਸੁਆਰਨਾ ਚਾਹੀਦਾ ਹੈ, ਕਿਉਂਕਿ, ਇਹ ਮਨੁੱਖਾ ਜਨਮ ਅਕਾਲ ਪੁਰਖ ਦੇ ਹੁਕਮੁ ਅਨੁਸਾਰ ਚਲ ਕੇ ਸਫਲ ਕਰਨ ਲਈ ਮਿਲਿਆ ਹੈ।

ਪਉੜੀ॥ ਆਪੇ ਹੀ ਕਰਣਾ ਕੀਓ ਕਲ ਆਪੇ ਹੀ ਤੈ ਧਾਰੀਐ॥ ਦੇਖਹਿ ਕੀਤਾ ਆਪਣਾ ਧਰਿ ਕਚੀ ਪਕੀ ਸਾਰੀਐ॥ ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥ ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ॥ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ॥ ੨੦॥ (੪੭੪)

ਬੁਢੇਪਾ ਆ ਜਾਣ ਤੇ ਮਨੁੱਖ ਦਾ ਸਿਰ ਕੰਬਣ ਲੱਗ ਪੈਂਦਾ ਹੈ, ਤੁਰਨ ਲਗਿਆਂ ਪੈਰ ਥਿੜਕਣ ਲਗਦੇ ਹਨ, ਅੱਖਾਂ ਦੀ ਜੋਤਿ ਚਲੀ ਜਾਂਦੀ ਹੈ, ਤੇ ਬੁਢੇਪੇ ਨਾਲ ਸਰੀਰ ਦੀ ਹਾਲਤ ਬਹੁਤ ਮਾੜੀ ਹੋ ਜਾਂਦੀ ਹੈ। ਅਜੇਹੀ ਹਾਲਤ ਹੋਣ ਦੇ ਬਾਵਜੂਦ ਮਨੁੱਖ ਦੇ ਅੰਦਰ ਮਾਇਆ ਦਾ ਮੋਹ ਇਤਨਾ ਜਿਆਦਾ ਹੁੰਦਾ ਹੈ, ਕਿ ਮਨੁੱਖ ਅਕਾਲ ਪੁਰਖ ਦੇ ਨਾਮੁ ਦਾ ਸੁਆਦ ਲੈਂਣ ਲਈ ਆਪਣੇ ਆਪ ਨੂੰ ਉਸ ਵਿੱਚ ਅਭੇਦ ਕਰਨ ਲਈ ਤਿਆਰ ਨਹੀਂ ਹੁੰਦਾ। ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਜਦੋਂ ਮੈਂ ਇਸ ਜਗਤ ਨੂੰ ਆਪਣਾ ਸਮਝ ਕੇ ਧਿਆਨ ਨਾਲ ਵੇਖਿਆ ਤਾਂ, ਪਤਾ ਲੱਗਾ, ਕਿ ਇਥੇ ਤਾਂ ਕੋਈ ਵੀ ਕਿਸੇ ਦਾ ਸਦਾ ਲਈ ਆਪਣਾ ਨਹੀਂ। ਸਿਰਫ ਅਕਾਲ ਪੁਰਖ ਦੀ ਭਗਤੀ ਹੀ ਹੈ, ਜੋ ਸਦਾ ਕਾਇਮ ਰਹਿਣ ਵਾਲੀ ਹੈ, ਇਸ ਲਈ ਅਕਾਲ ਪੁਰਖ ਦੇ ਨਾਮੁ ਨੂੰ ਹਮੇਸ਼ਾਂ ਆਪਣੇ ਮਨ ਵਿੱਚ ਰੱਖਿਆ ਕਰੋ। ਗੁਰੂ ਸਾਹਿਬ ਇੱਕ ਮਿੱਤਰ ਦੀ ਤਰ੍ਹਾਂ ਸਮਝਾਂਦੇ ਹਨ ਕਿ ਇਹ ਗੱਲ ਸੱਚੀ ਜਾਣ ਕਿ ਜਗਤ ਦੀ ਸਾਰੀ ਦੀ ਸਾਰੀ ਰਚਨਾ ਨਾਸਵੰਤ ਹੈ। ਰੇਤ ਦੀ ਕੰਧ ਵਾਂਗੂੰ ਇਸ ਜਗਤ ਵਿੱਚ ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ। ਰਾਜਾ ਰਾਮ ਚੰਦ੍ਰ ਕੂਚ ਕਰ ਗਿਆ, ਰਾਵਨ ਵੀ ਚੱਲ ਵੱਸਿਆ, ਜਿਨ੍ਹਾਂ ਨੂੰ ਬਹੁਤ ਵੱਡੇ ਪਰਵਾਰ ਵਾਲੇ ਕਿਹਾ ਜਾਂਦਾ ਸੀ। ਇਹ ਜਗਤ ਇੱਕ ਸੁਪਨੇ ਦੀ ਤਰ੍ਹਾਂ ਹੈ, ਤੇ ਇਥੇ ਕੋਈ ਵੀ ਪਦਾਰਥ ਸਦਾ ਕਾਇਮ ਰਹਿਣ ਵਾਲਾ ਨਹੀਂ। ਚਿੰਤਾ ਤਾਂ ਉਸ ਘਟਨਾ ਦੀ ਕਰਨੀ ਚਾਹੀਦੀ ਹੈ, ਜਿਹੜੀ ਕਦੇ ਵਾਪਰਨ ਵਾਲੀ ਨਾ ਹੋਵੇ, ਪਰੰਤੂ ਮੌਤ ਨੇ ਤਾਂ ਹਰ ਹਾਲਤ ਵਿੱਚ ਇੱਕ ਦਿਨ ਆਉਂਣਾ ਹੈ, ਫਿਰ ਇਸ ਦੀ ਚਿੰਤਾ ਕਿਉਂ ਕਰਨੀ ਹੈ। ਜਗਤ ਦਾ ਇਹ ਨਿਯਮ ਹੈ ਕਿ ਇਥੇ ਕੋਈ ਵੀ ਜੀਵ ਸਦਾ ਲਈ ਕਾਇਮ ਰਹਿਣ ਵਾਲਾ ਨਹੀਂ। ਜਗਤ ਵਿੱਚ ਜਿਹੜਾ ਵੀ ਪੈਦਾ ਹੋਇਆ ਹੈ, ਉਸ ਨੇ ਇੱਕ ਦਿਨ ਜ਼ਰੂਰ ਖਤਮ ਹੋ ਜਾਣਾ ਹੈ, ਅੱਜ ਹੋਵੇ ਜਾਂ ਭਲਕੇ ਸਭ ਨੇ ਆਪਣੀ ਆਪਣੀ ਵਾਰੀ ਅਨੁਸਾਰ ਇਥੋਂ ਕੂਚ ਕਰ ਜਾਣਾ ਹੈ। ਇਸ ਵਾਸਤੇ ਗੁਰੂ ਸਾਹਿਬ ਸਮਝਾਂਉਦੇ ਹਨ ਕਿ ਮਾਇਆ ਦੇ ਮੋਹ ਦੇ ਝਮੇਲਿਆ ਵਿਚੋਂ ਨਿਕਲ ਕੇ ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਗੁਣ ਗਾਇਨ ਕਰਿਆ ਕਰੋ।

ਸਿਰੁ ਕੰਪਿਓ ਪਗ ਡਗਮਗੇ ਨੈਨ ਜੋਤਿ ਤੇ ਹੀਨ॥ ਕਹੁ ਨਾਨਕ ਇਹ ਬਿਧਿ ਭਈ ਤਊ ਨ ਹਰਿ ਰਸਿ ਲੀਨ॥ ੪੭॥ ਨਿਜ ਕਰਿ ਦੇਖਿਓ ਜਗਤੁ ਮੈ ਕੋ ਕਾਹੂ ਕੋ ਨਾਹਿ॥ ਨਾਨਕ ਥਿਰੁ ਹਰਿ ਭਗਤਿ ਹੈ ਤਿਹ ਰਾਖੋ ਮਨ ਮਾਹਿ॥ ੪੮॥ ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥ ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥ ੪੯॥ ਰਾਮੁ ਗਇਓ ਰਾਵਨੁ ਗਇਓ ਜਾ ਕਉ ਬਹੁ ਪਰਵਾਰੁ॥ ਕਹੁ ਨਾਨਕ ਥਿਰੁ ਕਛੁ ਨਹੀ ਸੁਪਨੇ ਜਿਉ ਸੰਸਾਰੁ॥ ੫੦॥ ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥ ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥ ੫੧॥ ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ॥ ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ॥ ੫੨॥ (੧੪੨੯)

ਮਨੁੱਖ ਲਈ ਇੱਕ ਪਾਸੇ ਇਹ ਸੰਸਾਰ ਸਮੁੰਦਰ ਹੈ, ਜਿਸ ਵਿੱਚ ਉਹ ਡੁੱਬ ਸਕਦਾ ਹੈ ਤੇ ਦੂਜੇ ਪਾਸੇ, ਇਸ ਸੰਸਾਰ ਸਮੁੰਦਰ ਵਿਚੋਂ ਪਾਰ ਲੰਘਣ ਲਈ ਗੁਰਮੁਖਾਂ ਵਾਲਾ ਰਸਤਾ ਹੈ। ਪਰੰਤੂ ਜੀਵਨ ਸਫਲ ਕਰਨ ਲਈ ਗੁਰਮੁਖਾਂ ਵਾਲਾ ਰਸਤਾ, ਇੱਕ ਪਹਾੜੀ ਰਸਤੇ ਦੀ ਤਰ੍ਹਾਂ ਬਹੁਤ ਮੁਸ਼ਕਲ ਰਸਤਾ ਹੈ। ਮਾਂ ਪਿਉ ਭੈਣ ਭਰਾ ਆਦਿਕ ਦੇ ਮੋਹ ਵਿੱਚ ਫਸਿਆ ਮਨੁੱਖ ਮੌਤ ਤੋਂ ਡਰ ਜਾਂਦਾ ਹੈ, ਕਿਉਂਕਿ, ਜਗਤ ਦਾ ਮੋਹ ਦੂਰ ਕਰਨਾ ਆਸਾਨ ਨਹੀਂ, ਤੇ ਆਪਾ ਵਾਰਨਾ ਹੋਰ ਵੀ ਬਹੁਤ ਮੁਸ਼ਕਲ ਹੈ। ਗੁਰੂ ਦੇ ਸਨਮੁਖ ਰਹਿਣ ਨਾਲ ਜਿਸ ਮਨੁੱਖ ਅੰਦਰ ਸੋਝੀ ਆ ਜਾਂਦੀ ਹੈ, ਉਹ ਆਪਣੇ ਅੰਦਰ ਵੱਸਦੇ ਅਕਾਲ ਪੁਰਖ ਨੂੰ ਪਛਾਣ ਲੈਂਦਾ ਹੈ। ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਉਸ ਮਨੁੱਖ ਨੂੰ ਗੁਰੂ ਅਕਾਲ ਪੁਰਖ ਦਾ ਨਾਮੁ ਦੇ ਕੇ, ਇਸ ਸਮੁੰਦਰ ਵਿਚੋਂ ਪਾਰ ਲੰਘਾ ਲੈਂਦਾ ਹੈ। ਇਹ ਚੰਗੀ ਤਰ੍ਹਾਂ ਸਮਝ ਲੈਂਣਾਂ ਚਾਹੀਦਾ ਹੈ ਕਿ ਸਾਰਾ ਜਗਤ ਹੀ ਚਲੇ ਜਾਣ ਵਾਲਾ ਹੈ, ਜਗਤ ਵਿੱਚ ਜੋ ਵੀ ਆਇਆ ਹੈ, ਉਹ ਅਖ਼ੀਰ ਇੱਕ ਦਿਨ ਚਲਾ ਜਾਵੇਗਾ, ਸਿਰਫ ਇੱਕ ਅਕਾਲ ਪੁਰਖ ਹੀ ਹੈ, ਜਿਹੜਾ ਕਿ ਮੌਤ ਰਹਿਤ ਹੈ। ਇਸ ਲਈ ਸਤਸੰਗਤਿ ਵਿੱਚ ਅਕਾਲ ਪੁਰਖ ਦੇ ਚਰਨਾਂ ਨਾਲ ਪਿਆਰ ਪਾ ਕੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ, ਸਿਰਫ ਇਹੀ ਸੰਸਾਰ ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਣ ਦਾ ਤਰੀਕਾ ਹੈ। ਜਿਨ੍ਹਾਂ ਨੇ ਗੁਰੂ ਦੇ ਸ਼ਬਦ ਰਾਹੀਂ ਤ੍ਰਿਸ਼ਨਾ ਦੀ ਅੱਗ ਦੂਰ ਕਰ ਲਈ, ਉਹ ਇਸ ਬੇਅੰਤ ਡੂੰਘੇ ਸਮੁੰਦਰ ਤੋਂ ਪਾਰ ਲੰਘ ਗਏ।

ਚਲਾ ਚਲਾ ਜੇ ਕਰੀ ਜਾਣਾ ਚਲਣਹਾਰੁ॥ ਜੋ ਆਇਆ ਸੋ ਚਲਸੀ ਅਮਰੁ ਸੁ ਗੁਰੁ ਕਰਤਾਰੁ॥ ਭੀ ਸਚਾ ਸਾਲਾਹਣਾ ਸਚੈ ਥਾਨਿ ਪਿਆਰੁ॥ ੨॥ (੬੩)

ਜਿਹੜਾ ਵੀ ਜੀਵ ਇਸ ਜਗਤ ਵਿੱਚ ਜੰਮਦਾ ਹੈ, ਉਹ ਜ਼ਰੂਰ ਇਸ ਜਗਤ ਤੋਂ ਕੂਚ ਕਰ ਜਾਵੇਗਾ। ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ ਆਤਮਕ ਮੌਤ ਦੀ ਫਾਹੀ ਵਿੱਚ ਫਸ ਜਾਂਦਾ ਹੈ। ਗੁਰੂ ਨੇ ਜਿਨ੍ਹਾਂ ਦੀ ਰੱਖਿਆ ਕੀਤੀ, ਉਹ ਮਨੁੱਖ ਮਾਇਆ ਦੇ ਮੋਹ ਵਿੱਚ ਨਹੀਂ ਫਸਦੇ ਹਨ, ਉਹ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖ ਵਿੱਚ ਲੀਨ ਰਹਿੰਦੇ ਹਨ। ਇਹ ਸਾਰਾ ਖੇਲ ਅਕਾਲ ਪੁਰਖ ਆਪ ਹੀ ਕਰ ਕੇ ਵੇਖ ਰਿਹਾ ਹੈ। ਜਿਸ ਮਨੁੱਖ ਉੱਪਰ ਅਕਾਲ ਪੁਰਖ ਮਿਹਰ ਦੀ ਨਜ਼ਰ ਕਰਦਾ ਹੈ, ਉਹ ਮਨੁੱਖ ਉਸ ਦੇ ਦਰ ਤੇ ਪਰਵਾਨ ਹੋ ਜਾਂਦਾ ਹੈ। ਗਿਆਨ ਤੋਂ ਸੱਖਣਾ ਮਨੁੱਖ ਅੰਨ੍ਹਿਆਂ ਵਾਲੇ ਕੰਮ ਕਰਦਾ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਅਕਾਲ ਪੁਰਖ ਦੇ ਨਾਮੁ ਵਿੱਚ ਰੰਗੇ ਰਹਿੰਦੇ ਹਨ, ਤੇ ਆਤਮਕ ਆਨੰਦ ਮਾਣਦੇ ਹਨ।

ਮਾਰੂ ਮਹਲਾ ੩॥ ਜੋ ਆਇਆ ਸੋ ਸਭੁ ਕੋ ਜਾਸੀ॥ ਦੂਜੈ ਭਾਇ ਬਾਧਾ ਜਮ ਫਾਸੀ॥ ਸਤਿਗੁਰਿ ਰਾਖੇ ਸੇ ਜਨ ਉਬਰੇ ਸਾਚੇ ਸਾਚਿ ਸਮਾਈ ਹੇ॥ ੧॥ (੧੦੪੭)

ਜਿਹੜੇ ਮਨੁੱਖ ਮਾਇਆ ਦੀ ਮਮਤਾ ਦੇ ਬੱਧੇ ਹੋਏ ਜਗਤ ਵਿੱਚ ਆਉਂਦੇ ਹਨ, ਉਹ ਇਸ ਮਾਇਆ ਵਿੱਚ ਫਸੇ ਹੋਏ ਹੀ ਇਥੋਂ ਚਲੇ ਜਾਂਦੇ ਹਨ, ਉਹ ਮੁੜ ਜੰਮਦੇ ਮਰਦੇ ਹਨ ਤੇ ਦੁਖੀ ਹੁੰਦੇ ਹਨ, ਉਨ੍ਹਾਂ ਵਾਸਤੇ ਇਹ ਚੌਰਾਸੀ ਲੱਖ ਜੂਨਾਂ ਵਾਲੀ ਸ੍ਰਿਸ਼ਟੀ ਰਤਾ ਵੀ ਘਟਦੀ ਵਧਦੀ ਨਹੀਂ। ਉਹੀ ਮਨੁੱਖ ਸਿਰਫ਼ ਬਚਦੇ ਹਨ, ਜਿਨ੍ਹਾਂ ਨੂੰ ਅਕਾਲ ਪੁਰਖ ਪਿਆਰਾ ਲੱਗਦਾ ਹੈ, ਕਿਉਂਕਿ ਉਨ੍ਹਾਂ ਦੀ ਮਾਇਆ ਪਿੱਛੇ ਭਟਕਣਾ ਮੁੱਕ ਜਾਂਦੀ ਹੈ। ਉਲਟਾ ਮਾਇਆ ਉਨ੍ਹਾਂ ਵਲ ਆ ਕੇ ਖ਼ੁਆਰ ਹੁੰਦੀ ਹੈ, ਕਿਉਂਕਿ ਮਾਇਆ ਉਨ੍ਹਾਂ ਨੂੰ ਮੋਹ ਨਹੀਂ ਸਕਦੀ। ਗੁਰੂ ਸਾਹਿਬ ਸਮਝਾਂਉਦੇ ਹਨ ਕਿ ਜਗਤ ਵਿੱਚ ਜੋ ਵੀ ਦਿਸਦਾ ਹੈ, ਸਭ ਨਾਸਵੰਤ ਹੈ, ਇਸ ਲਈ ਕਿਸ ਨੂੰ ਮਿੱਤਰ ਬਣਾਇਆ ਜਾਵੇ? ਸਦੀਵੀ ਸਾਥ ਨਿਬਾਹੁਣ ਵਾਲਾ ਮਿੱਤਰ ਤਾਂ ਸਿਰਫ਼ ਅਕਾਲ ਪੁਰਖ ਹੀ ਹੈ, ਇਸ ਲਈ ਬਿਹਤਰ ਇਹੀ ਹੈ ਕਿ ਉਸ ਦੇ ਅੱਗੇ ਹੀ ਮੈਂ ਆਪਣੀ ਜਿੰਦ ਤੇ ਤਨ ਮਨ ਭੇਟ ਕਰ ਦੇਵਾਂ। ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਮਾਲਕ ਹੈ, ਇਸ ਲਈ ਮੈਨੂੰ ਉਸ ਅਕਾਲ ਪੁਰਖ ਦਾ ਹੀ ਆਸਰਾ ਹੈ। ਅਕਾਲ ਪੁਰਖ ਦੇ ਗੁਣ ਗਾਉਂਣ ਨਾਲ ਆਪਣੇ ਅੰਦਰਲੀ ਹਉਮੈ ਮਰਦੀ ਹੈ, ਕਿਉਂਕਿ ਸਤਿਗੁਰੂ ਦੇ ਸ਼ਬਦ ਵਿੱਚ ਰੰਗਣ ਨਾਲ ਹੀ ਮਨ ਤੇ ਸਬਦ ਦੀ ਚੋਟ ਵੱਜਦੀ ਹੈ, ਜਿਸ ਸਦਕਾ ਸੱਚ ਦੇ ਮਾਰਗ ਦਾ ਪਤਾ ਲਗਦਾ ਹੈ।

ਜੋ ਆਵਹਿ ਸੇ ਜਾਹਿ ਫੁਨਿ ਆਇ ਗਏ ਪਛੁਤਾਹਿ॥ ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ॥ ਸੇ ਜਨ ਉਬਰੇ ਜਿਨ ਹਰਿ ਭਾਇਆ॥ ਧੰਧਾ ਮੁਆ ਵਿਗੂਤੀ ਮਾਇਆ॥ ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ॥ ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ॥ ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ॥ ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ॥ ੪੩॥ (੯੩੬)

ਪਤਾ ਨਹੀਂ ਮਨੁੱਖ ਕਿਉਂ ਆਪਣਾ ਜੀਵਨ ਵਿਅਰਥ ਬਰਬਾਦ ਕਰਦਾ ਹੈ। ਮਾਇਆ ਦੀ ਮਸਤੀ ਵਿੱਚ ਤੇ ਮਾਇਆ ਦੇ ਜਹਿਰ ਭਰੇ ਸੁਆਦ ਵਿੱਚ ਮਗਨ ਰਹਿੰਦਾ ਹੈ, ਤੇ ਅਕਾਲ ਪੁਰਖ ਦੀ ਸਰਨ ਵਿੱਚ ਨਹੀਂ ਆਉਂਦਾ। ਇਹ ਸਾਰਾ ਜਗਤ ਇੱਕ ਸੁਪਨੇ ਦੀ ਤਰ੍ਹਾਂ ਹੈ, ਪਰ ਪਤਾ ਨਹੀਂ, ਮਨੁੱਖ ਕਿਉਂ ਇਸ ਮਾਇਆ ਨੂੰ ਵੇਖ ਕੇ ਉਸ ਦੇ ਲੋਭ ਵਿੱਚ ਫਸਦਾ ਰਹਿੰਦਾ ਹੈ। ਇਸ ਸੰਸਾਰ ਵਿੱਚ ਜਿਹੜੇ ਵੀ ਜੀਵ ਪੈਦਾ ਹੁੰਦੇ ਹਨ, ਜਾਂ ਪਦਾਰਥ ਬਣਦੇ ਹਨ, ਉਹ ਸਾਰੇ ਹੀ ਇੱਕ ਦਿਨ ਨਾਸ ਹੋ ਜਾਂਦੇ ਹਨ, ਇਥੇ ਕੋਈ ਵੀ ਸਦਾ ਲਈ ਨਹੀਂ ਟਿਕ ਸਕਦਾ ਹੈ। ਇਹ ਸਰੀਰ ਨਾਸਵੰਤ ਹੈ, ਪਰ ਜੀਵ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਸਮਝਦਾ ਰਹਿੰਦਾ ਹੈ, ਤੇ ਇਸ ਤਰ੍ਹਾਂ ਆਪਣੇ ਆਪ ਨੂੰ ਮੋਹ ਦੇ ਬੰਧਨ ਵਿੱਚ ਬੰਧੀ ਰੱਖਦਾ ਹੈ। ਗੁਰੂ ਸਾਹਿਬ ਸਮਝਾਂਉਦੇ ਹਨ ਕਿ ਉਹੀ ਮਨੁੱਖ ਮੋਹ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ, ਜਿਹੜਾ ਅਕਾਲ ਪੁਰਖ ਦੇ ਗੁਣ ਗਾਇਨ ਕਰਨ ਤੇ ਆਪਣੇ ਜੀਵਨ ਵਿੱਚ ਅਪਨਾਉਂਣ ਲਈ ਗੁਰਬਾਣੀ ਦੁਆਰਾ ਆਪਣਾ ਚਿੱਤ ਅਕਾਲ ਪੁਰਖ ਨਾਲ ਜੋੜੀ ਰੱਖਦਾ ਹੈ।

ਸਾਰੰਗ ਮਹਲਾ ੯॥ ਕਹਾ ਨਰ ਅਪਨੋ ਜਨਮੁ ਗਵਾਵੈ॥ ਮਾਇਆ ਮਦਿ ਬਿਖਿਆ ਰਸਿ ਰਚਿਓ ਰਾਮ ਸਰਨਿ ਨਹੀ ਆਵੈ॥ ੧॥ ਰਹਾਉ॥ ਇਹੁ ਸੰਸਾਰੁ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ॥ ਜੋ ਉਪਜੈ ਸੋ ਸਗਲ ਬਿਨਾਸੈ ਰਹਨੁ ਨ ਕੋਊ ਪਾਵੈ॥ ੧॥ ਮਿਥਿਆ ਤਨੁ ਸਾਚੋ ਕਰਿ ਮਾਨਿਓ ਇਹ ਬਿਧਿ ਆਪੁ ਬੰਧਾਵੈ॥ ਜਨ ਨਾਨਕ ਸੋਊ ਜਨੁ ਮੁਕਤਾ ਰਾਮ ਭਜਨ ਚਿਤੁ ਲਾਵੈ॥ ੨॥ ੩॥ (੧੨੩੧)

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ ਉਹ ਜਿਊਦਿਆਂ ਹੀ ਮੌਤ ਵਿਖਾ ਦੇਂਦਾ ਹੈ। ਜਦੋਂ ਮਨੁੱਖ ਜਿਊਦਿਆਂ ਹੀ ਮੌਤ ਦਾ ਤਜਰਬਾ ਕਰ ਲੈਂਦਾ ਹੈ, ਤਾਂ ਉਹ ਜੀਵਨ ਵਿੱਚ ਵਿਕਾਰਾਂ ਵਲੋਂ ਮੁਕਤ ਹੋਣਾ ਸ਼ੁਰੂ ਹੋ ਜਾਂਦਾ ਹੈ। ਸਰੀਰਕ ਮੌਤ ਦਾ ਡਰ ਆਮ ਲੋਕਾਂ ਨੂੰ ਰਹਿੰਦਾ ਹੈ, ਪਰੰਤੂ ਇੱਕ ਗੁਰਸਿੱਖ ਨੂੰ ਮੌਤ ਤੋਂ ਡਰ ਪੈਦਾ ਹੋਣ ਦੀ ਬਜਾਏ, ਸਦੀਵੀ ਆਤਮਕ ਜੀਵਨ ਦਾ ਆਨੰਦ ਪਿਆਰਾ ਲੱਗਣ ਪੈਂਦਾ ਹੈ। ਗੁਰਸਿੱਖ ਆਪਣੇ ਸਰੀਰ ਤੇ ਮਾਇਆ ਦਾ ਹੰਕਾਰ ਦੂਰ ਕਰ ਕੇ, ਆਤਮਕ ਅਵਸਥਾ ਪ੍ਰਾਪਤ ਕਰ ਲੈਂਦਾ ਹੈ, ਜਿੱਥੇ ਸੁਰਤਿ ਉੱਚੀਆਂ ਉਡਾਰੀਆਂ ਲਾਉਂਦੀ ਰਹਿੰਦੀ ਹੈ। ਸਾਰੇ ਜੀਵ ਆਪਣੀ ਸਰੀਰਕ ਮੌਤ ਸਬੰਧੀ ਹੁਕਮ ਅਕਾਲ ਪੁਰਖ ਦੀ ਹਜ਼ੂਰੀ ਵਿਚੋਂ ਲਿਖਾ ਕੇ ਜੰਮਦੇ ਹਨ, ਭਾਵ, ਇਹੀ ਰੱਬੀ ਨਿਯਮ ਹੈ ਕਿ ਜੋ ਜੰਮਦਾ ਹੈ ਉਸ ਨੇ ਇੱਕ ਦਿਨ ਮਰਨਾ ਵੀ ਜ਼ਰੂਰ ਹੈ। ਇਥੇ ਸਰੀਰਕ ਤੌਰ ਤੇ ਕਿਸੇ ਨੇ ਸਦਾ ਲਈ ਟਿਕੇ ਨਹੀਂ ਰਹਿਣਾ ਹੈ। ਪਰ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਕਰ ਕੇ, ਅਕਾਲ ਪੁਰਖ ਦੀ ਸਰਨ ਵਿੱਚ ਰਹਿ ਕੇ ਸਦੀਵੀ ਆਤਮਕ ਜੀਵਨ ਮਿਲ ਸਕਦਾ ਹੈ। ਗੁਰਸਿੱਖ ਦੁਨੀਆਂ ਵਿੱਚ ਕਿਰਤ ਕਰਦਾ ਹੋਇਆ ਵੀ ਮਾਇਆ ਦੇ ਮੋਹ ਤੋਂ ਨਿਰਲੇਪ ਰਹਿੰਦਾ ਹੈ, ਤੇ ਗੁਰੂ ਉਸ ਮਨੁੱਖ ਦੀ ਹਉਮੈ ਦੂਰ ਕਰ ਕੇ ਉਸ ਨੂੰ ਅਕਾਲ ਪੁਰਖ ਨਾਲ ਇਕਮਿਕ ਕਰ ਦੇਂਦਾ ਹੈ।

ਗਉੜੀ ਮਹਲਾ ੧॥ ਸਤਿਗੁਰੁ ਮਿਲੈ ਸੁ ਮਰਣੁ ਦਿਖਾਏ॥ ਮਰਣੁ ਰਹਣ ਰਸੁ ਅੰਤਰਿ ਭਾਏ॥ ਗਰਬੁ ਨਿਵਾਰਿ ਗਗਨ ਪੁਰੁ ਪਾਏ॥ ੧॥ ਮਰਣੁ ਲਿਖਾਇ ਆਏ ਨਹੀ ਰਹਣਾ॥ ਹਰਿ ਜਪਿ ਜਾਪਿ ਰਹਣੁ ਹਰਿ ਸਰਣਾ॥ ੧॥ ਰਹਾਉ॥ (੧੫੩)

ਜਿਹੜਾ ਵੀ ਮਨੁੱਖ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਨਹੀਂ ਵਸਾਂਦਾ, ਉਹ ਮੌਤ ਦੇ ਸਹਮ ਕਰਕੇ ਆਪਣਾ ਆਤਮਕ ਜੀਵਨ ਬਰਬਾਦ ਕਰ ਲੈਂਦਾ ਹੈ। ਗੁਰੂ ਸਾਹਿਬ ਸਮਝਾਂਉਦੇ ਹਨ ਕਿ ਮੇਰੇ ਆਤਮਕ ਜੀਵਨ ਨੂੰ ਅਕਾਲ ਪੁਰਖ ਨੇ ਆਪ ਬਚਾ ਲਿਆ, ਕਿਉਂਕਿ ਉਸ ਦੀ ਮਿਹਰ ਨਾਲ, ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਹਿਰਦੇ ਵਿੱਚ ਵਸਾ ਲਿਆ। ਇਸ ਆਤਮਕ ਮੌਤ ਤੋਂ ਬਚਿਆ ਹੋਇਆ ਸਿਰਫ਼ ਇੱਕ ਅਕਾਲ ਪੁਰਖ ਹੀ ਹੈ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਤੇ ਨਾ ਹੀ ਉਸ ਦਾ ਭੇਤ ਪਾਇਆ ਜਾ ਸਕਦਾ ਹੈ।

ਜੋ ਉਪਜੈ ਸੋ ਕਾਲਿ ਸੰਘਾਰਿਆ॥ ਹਮ ਹਰਿ ਰਾਖੇ ਗੁਰ ਸਬਦੁ ਬੀਚਾਰਿਆ॥ ੧॥ ਰਹਾਉ॥ (੨੨੭)

ਜਿਸ ਮਨੁੱਖ ਨੇ ਮਨ ਨੂੰ ਆਪਣੇ ਵੱਸ ਵਿੱਚ ਕਰ ਲਿਆ, ਉਸ ਲਈ ਘਰ ਤੇ ਜੰਗਲ ਇੱਕ ਸਮਾਨ ਹੋ ਜਾਂਦੇ ਹਨ, ਤੇ ਉਹ ਅਡੋਲ ਅਵਸਥਾ ਵਿੱਚ ਅਕਾਲ ਪੁਰਖ ਦੇ ਪਿਆਰ ਵਿੱਚ ਮਸਤ ਰਹਿੰਦਾ ਹੈ। ਉਸ ਮਨੁੱਖ ਦੀ ਭੈੜੀ ਮਤਿ ਦੂਰ ਹੋ ਜਾਂਦੀ ਹੈ, ਤੇ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਹਿਰਦੇ ਅੰਦਰ ਵੱਸ ਜਾਂਦੀ ਹੈ। ਅਕਾਲ ਪੁਰਖ ਦਾ ਸਦਾ ਥਿਰ ਰਹਿਣ ਵਾਲਾ ਨਾਮੁ ਉਸ ਦੇ ਹਿਰਦੇ ਵਿੱਚ ਰਹਿੰਦਾ ਹੈ, ਤੇ ਸਤਿਗੁਰੂ ਦੇ ਦੱਸੇ ਰਸਤੇ ਉਤੇ ਚਲ ਕੇ ਉਹ ਮਨੁੱਖ ਆਤਮਕ ਟਿਕਾਣਾ ਪ੍ਰਾਪਤ ਕਰ ਲੈਂਦਾ ਹੈ। ਮਨ ਨੂੰ ਮਾਰ ਕੇ ਆਤਮਕ ਆਨੰਦ ਲੈਣ ਵਾਲੇ ਮਨੁੱਖ ਨੂੰ ਝੂਠ ਤੇ ਵਿਕਾਰ ਸਰੀਰ ਲਈ ਭਾਰੀ ਕਸ਼ਟ ਪੈਦਾ ਕਰਨ ਦਾ ਮੂਲ ਜਾਪਦੇ ਹਨ, ਉਸ ਨੂੰ ਲੋਕ ਵਿਖਾਵੇ ਕਰਨ ਵਾਲੇ ਸਾਰੇ ਧਾਰਮਿਕ ਭੇਖ ਫਜੂਲ ਲੱਗਦੇ ਹਨ। ਉਸ ਨੂੰ ਯਕੀਨ ਰਹਿੰਦਾ ਹੈ ਕਿ ਜਗਤ ਤਾਂ ਪੈਦਾ ਅਤੇ ਨਾਸ ਹੁੰਦਾ ਰਹਿੰਦਾ ਹੈ, ਪਰੰਤੂ ਅਕਾਲ ਪੁਰਖ ਦਾ ਨਾਮੁ ਸਦਾ ਥਿਰ ਰਹਿਣ ਵਾਲਾ ਹੈ, ਇਸ ਵਾਸਤੇ ਹਮੇਸ਼ਾਂ ਉਸ ਦੇ ਹੁਕਮੁ ਤੇ ਰਜਾ ਵਿੱਚ ਰਹਿੰਣਾਂ ਚਾਹੀਦਾ ਹੈ।

ਝੂਠ ਵਿਕਾਰ ਮਹਾ ਦੁਖੁ ਦੇਹ॥ ਭੇਖ ਵਰਨ ਦੀਸਹਿ ਸਭਿ ਖੇਹ॥ ਜੋ ਉਪਜੈ ਸੋ ਆਵੈ ਜਾਇ॥ ਨਾਨਕ ਅਸਥਿਰੁ ਨਾਮੁ ਰਜਾਇ॥ ੪॥ ੧੧॥ (੩੫੧, ੩੫੨)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਗੁਰੂ ਗਰੰਥ ਸਾਹਿਬ ਅਨੁਸਾਰ ਜੋ ਵੀ ਜੀਵ ਪੈਦਾ ਹੋਇਆ ਹੈ, ਉਸ ਨੇ ਇੱਕ ਦਿਨ ਮਰਨਾ ਹੈ।

ਜਦੋਂ ਵੀ ਕਿਸੇ ਜੀਵ ਦਾ ਸਾਹ ਲੈਣਾਂ, ਸਰੀਰ ਦੀ ਹਰਕਤ ਜਾਂ ਹੋਰ ਕਿਰਿਆਵਾਂ ਬੰਦ ਹੋ ਜਾਂਦੀਆਂ ਹਨ ਤਾਂ ਉਸ ਨੂੰ ਮਰਿਆ ਕਿਹਾ ਜਾਂਦਾ ਹੈ।

ਮਰਨ ਤੋਂ ਬਾਅਦ ਜੀਵ ਆਤਮਾ ਕਿਥੇ ਜਾਂਦੀ ਹੈ, ਇਸ ਬਾਰੇ ਸਾਇੰਸ ਕੁੱਝ ਨਹੀਂ ਕਹਿ ਸਕਦੀ।

ਇਸ ਜਗਤ ਵਿੱਚ ਨਾ ਕਿਸੇ ਦਾ ਕੋਈ ਮਿੱਤਰ, ਭਰਾ, ਪਿਉ, ਮਾਂ, ਤੇ ਨਾ ਹੀ ਕੋਈ ਹੋਰ ਸਦੀਵੀ ਕਾਲ ਲਈ ਸਾਥ ਨਿਭਾਅ ਸਕਦਾ ਹੈ।

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਮਾਇਆ ਦੇ ਮੋਹ ਵਿੱਚ ਅੰਨ੍ਹਾਂ ਹੋ ਜਾਂਦਾ ਹੈ ਤੇ ਉਸ ਨੂੰ ਸਹੀ ਜੀਵਨ ਜੁਗਤਿ ਬਾਰੇ ਕੁੱਝ ਨਹੀਂ ਸੁਝਦਾ, ਤੇ ਅਕਾਲ ਪੁਰਖ ਦੇ ਨਾਮੁ ਤੋਂ ਵਾਂਝਿਆ ਰਹਿ ਕੇ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ।

ਇਸ ਜਗਤ ਰੂਪੀ ਸਮੁੰਦਰ ਵਿੱਚ ਵਿਕਾਰਾਂ ਦੀਆਂ ਲਹਿਰਾਂ ਉੱਠ ਰਹੀਆਂ ਹਨ, ਇਨ੍ਹਾਂ ਵਿਕਾਰਾਂ ਵਿਚੋਂ ਸਹੀ ਸਲਾਮਤ ਪਾਰ ਲੰਘਣ ਬੜਾ ਔਖਾ ਹੈ।

ਜਿਸ ਅਕਾਲ ਪੁਰਖ ਦੇ ਦਿੱਤੇ ਹੋਏ, ਇਹ ਜਿੰਦ ਤੇ ਪ੍ਰਾਣ ਹਨ, ਉਸ ਮਾਲਕ ਨੂੰ ਆਪਣੇ ਮਨ ਤੋਂ ਕਦੇ ਭੁਲਾਣਾ ਨਹੀਂ ਚਾਹੀਦਾ, ਉੱਦਮ ਕਰ ਕੇ ਆਪਣੇ ਹੱਥਾਂ ਨਾਲ ਆਪਣਾ ਕਾਰਜ ਆਪ ਸੁਆਰਨਾ ਚਾਹੀਦਾ ਹੈ।

ਗੁਰੂ ਸਾਹਿਬ ਇੱਕ ਮਿੱਤਰ ਦੀ ਤਰ੍ਹਾਂ ਸਮਝਾਂਦੇ ਹਨ ਕਿ ਇਸ ਜਗਤ ਵਿੱਚ ਰੇਤ ਦੀ ਕੰਧ ਵਾਂਗੂੰ ਕੋਈ ਵੀ ਚੀਜ਼ ਸਦਾ ਕਾਇਮ ਰਹਿਣ ਵਾਲੀ ਨਹੀਂ ਹੈ।

ਸਤਸੰਗਤਿ ਵਿੱਚ ਅਕਾਲ ਪੁਰਖ ਦੇ ਚਰਨਾਂ ਨਾਲ ਪਿਆਰ ਪਾ ਕੇ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੀ ਸਿਫ਼ਤਿ ਸਾਲਾਹ ਕਰਨੀ ਚਾਹੀਦੀ ਹੈ, ਸਿਰਫ ਇਹੀ ਸੰਸਾਰ ਸਮੁੰਦਰ ਦੇ ਵਿਕਾਰਾਂ ਦੀਆਂ ਲਹਿਰਾਂ ਤੋਂ ਬਚਣ ਦਾ ਤਰੀਕਾ ਹੈ।

ਗਿਆਨ ਤੋਂ ਸੱਖਣਾ ਮਨੁੱਖ ਅੰਨ੍ਹਿਆਂ ਵਾਲੇ ਕੰਮ ਕਰਦਾ ਰਹਿੰਦਾ ਹੈ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਅਕਾਲ ਪੁਰਖ ਦੇ ਨਾਮੁ ਵਿੱਚ ਰੰਗੇ ਰਹਿੰਦੇ ਹਨ, ਤੇ ਆਤਮਕ ਆਨੰਦ ਮਾਣਦੇ ਹਨ।

ਅਕਾਲ ਪੁਰਖ ਦੇ ਗੁਣ ਗਾਉਂਣ ਨਾਲ ਹੀ ਆਪਣੇ ਅੰਦਰਲੀ ਹਉਮੈ ਮਰਦੀ ਹੈ, ਕਿਉਂਕਿ ਸਤਿਗੁਰੂ ਦੇ ਸ਼ਬਦ ਵਿੱਚ ਰੰਗਣ ਨਾਲ ਹੀ ਮਨ ਤੇ ਸਬਦ ਦੀ ਚੋਟ ਵੱਜਦੀ ਹੈ, ਜਿਸ ਸਦਕਾ ਸੱਚ ਦੇ ਮਾਰਗ ਦਾ ਪਤਾ ਲਗਦਾ ਹੈ।

ਇਹ ਸਾਰਾ ਜਗਤ ਇੱਕ ਸੁਪਨੇ ਦੀ ਤਰ੍ਹਾਂ ਹੈ, ਪਰ ਉਹੀ ਮਨੁੱਖ ਮੋਹ ਦੇ ਬੰਧਨਾਂ ਤੋਂ ਮੁਕਤ ਹੁੰਦਾ ਹੈ, ਜਿਹੜਾ ਗੁਰਬਾਣੀ ਦੁਆਰਾ ਅਕਾਲ ਪੁਰਖ ਦੇ ਗੁਣ ਗਾਇਨ ਕਰਦਾ ਹੈ ਤੇ ਆਪਣੇ ਜੀਵਨ ਵਿੱਚ ਅਪਨਾਉਂਦਾ ਹੈ।

ਜਿਸ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ, ਉਸ ਨੂੰ ਗੁਰੂ ਜਿਊਦਿਆਂ ਹੀ ਮੌਤ ਵਿਖਾ ਦੇਂਦਾ ਹੈ। ਜਦੋਂ ਮਨੁੱਖ ਜਿਊਦਿਆਂ ਹੀ ਮੌਤ ਦਾ ਤਜਰਬਾ ਕਰ ਲੈਂਦਾ ਹੈ, ਤਾਂ ਉਹ ਜੀਵਨ ਵਿੱਚ ਵਿਕਾਰਾਂ ਵਲੋਂ ਮੁਕਤ ਹੋਣਾ ਸ਼ੁਰੂ ਹੋ ਜਾਂਦਾ ਹੈ।

ਗੁਰਸਿੱਖ ਦੁਨੀਆਂ ਵਿੱਚ ਕਿਰਤ ਕਰਦਾ ਹੋਇਆ ਵੀ ਮਾਇਆ ਦੇ ਮੋਹ ਤੋਂ ਉੱਚਾ ਰਹਿੰਦਾ ਹੈ, ਤੇ ਗੁਰੂ ਉਸ ਮਨੁੱਖ ਦੀ ਹਉਮੈ ਦੂਰ ਕਰ ਕੇ ਉਸ ਨੂੰ ਅਕਾਲ ਪੁਰਖ ਨਾਲ ਇਕਮਿਕ ਕਰ ਦੇਂਦਾ ਹੈ।

ਇਸ ਆਤਮਕ ਮੌਤ ਤੋਂ ਬਚਿਆ ਹੋਇਆ ਸਿਰਫ਼ ਇੱਕ ਅਕਾਲ ਪੁਰਖ ਹੀ ਹੈ, ਜਿਸ ਦੇ ਗੁਣ ਬਿਆਨ ਨਹੀਂ ਕੀਤੇ ਜਾ ਸਕਦੇ, ਤੇ ਨਾ ਹੀ ਉਸ ਦਾ ਭੇਤ ਪਾਇਆ ਜਾ ਸਕਦਾ ਹੈ।

ਮਨ ਨੂੰ ਮਾਰ ਕੇ ਆਤਮਕ ਆਨੰਦ ਲੈਣ ਵਾਲੇ ਮਨੁੱਖ ਨੂੰ ਲੋਕ ਵਿਖਾਵੇ ਕਰਨ ਵਾਲੇ ਸਾਰੇ ਧਾਰਮਿਕ ਭੇਖ ਫਜੂਲ ਲੱਗਦੇ ਹਨ।

ਸਤਿਗੁਰੂ ਦੇ ਸ਼ਬਦ ਅਨੁਸਾਰ ਚਲਣ ਵਾਲੇ ਗੁਰਸਿੱਖ ਨੂੰ ਪੱਕਾ ਯਕੀਨ ਹੋ ਜਾਂਦਾ ਹੈ ਕਿ ਇਹ ਜਗਤ ਪੈਦਾ ਤੇ ਨਾਸ ਹੁੰਦਾ ਰਹਿੰਦਾ ਹੈ, ਅਤੇ ਅਕਾਲ ਪੁਰਖ ਦਾ ਨਾਮੁ ਸਦਾ ਥਿਰ ਰਹਿਣ ਵਾਲਾ ਹੈ, ਇਸ ਲਈ ਗੁਰਸਿੱਖ ਹਮੇਸ਼ਾਂ ਅਕਾਲ ਪੁਰਖ ਦੇ ਹੁਕਮੁ ਤੇ ਰਜਾ ਵਿੱਚ ਰਹਿੰਦਾ ਹੈ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”


(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
Email = sarbjitsingh@yahoo.com
http://www.sikhmarg.com/article-dr-sarbjit.html
.