.

ਹਰਮਿਨਾਟਿੱਕਸ ਅਤੇ ਸ: ਬਲਦੇਵ ਸਿੰਘ ਟੋਰਾਂਟੋ

ਕੈਨੇਡਾ ਰਾਣੀ ਵਲਾਹ

ਤਾਰੀਖ: 17.01.2013

ਸ: ਬਲਦੇਵ ਸਿੰਘ ਸੰਧੂ ਨਾਲ, ਕੋਈ ਦਸ ਕੁ ਵਰ੍ਹੇ ਪਹਿਲਾਂ ਮੇਰੀ ਜਾਣ ਪਛਾਣ ਇੱਕ ਅਸਚਰਜ ਅਤੇ ਬੜੀ ਅਨਮੋਲ ਘਟਨਾ ਦੁਆਰਾ ਹੋਈ ਸੀ। ਮੈਂ ਇੱਕ ਅਪਣੇ ਕਾਲਜ ਵਿੱਚ ਪੜ੍ਹਾਈ ਸਮੇਂ ਦੇ ਜਮਾਤੀ (ਕਲਾਸ ਫੈਲੋ) ਦੀ ਤਲਾਸ਼ ਵਿੱਚ ਕਿਸੇ ਕੋਲੋਂ ਮਿਲਿਆ ਟੈਲੀਫ਼ੂਨ, ਉਸ ਦੇ ਅਤੇ ਉਸ ਦੇ ਪਿੰਡ ਦੇ ਨਾਉਂ ਵਾਲੇ ਅਜੀਤ ਸਿੰਘ ਜੌਹਲ ਨੂੰ ਕੀਤਾ। ਉਸ ਤੋਂ ਪਤਾ ਲੱਗਾ ਕਿ ਮੇਰਾ ਜਮਾਤੀ ਅਤੇ ਦੋਸਤ ਕੋਈ ਹੋਰ ਅਜੀਤ ਸਿੰਘ ਜੌਹਲ ਸੀ, ਜਿਸ ਦੀ ਮੌਤ ਇੰਗਲੈਂਡ ਵਿੱਚ ਕਈ ਵਰ੍ਹੇ ਪਹਿਲਾਂ ਹੋ ਗਈ ਸੀ। ਪ੍ਰਿੰਸੀਪਲ ਅਜੀਤ ਸਿੰਘ ਜੌਹਲ ਮੇਰੇ ਤੋਂ ਵੱਡੀ ਉਮਰ ਦਾ ਸੀ ਅਤੇ ਰੈਕਸਡੇਲ ਗੁਰਦੁਆਰੇ ਵਿੱਚ ਬੱਚਿਆਂ ਨੂੰ ਪੰਜਾਬੀ ਅਤੇ ਸਿੱਖੀ ਦਾ ਗਿਆਨ ਦੇਣ ਦੀ ਸੇਵਾ ਕਰਦਾ ਸੀ। ਗੱਲੋ ਕੀ, ਸਾਡੀ ਦੋਸਤੀ ਪੈ ਗਈ ਅਤੇ ਉਸ ਨੇ ਮੈਨੂੰ ਸੱਦਾ ਦਿੱਤਾ ਕਿ ਮੈਂ ਜਦੋਂ ਵੀ ਟੋਰਾਂਟੋ ਆਵਾਂ ਤਾਂ ਉਸ ਨੂੰ ਜ਼ਰੂਰ ਮਿਲਾਂ।

ਟੋਰਾਂਟੋ ਆਉਣ ਦਾ ਕੁੱਝ ਵਰ੍ਹਿਆਂ ਪਿੱਛੋਂ ਪ੍ਰੋਗਰਾਮ ਬਣ ਗਿਆ ਅਤੇ ਪ੍ਰਿੰਸੀਪਲ ਅਜੀਤ ਸਿੰਘ ਜੌਹਲ ਨੂੰ ਵੀ ਮੈਂ ਆਉਣ ਬਾਰੇ ਦੱਸ ਦਿੱਤਾ। ਡਾ: ਜਸਵਿੰਦਰ ਸਿੰਘ ਜਸਵਾਲ ਮੈਨੂੰ ਆਪਣੀ ਕਾਰ ਵਿੱਚ ਉਨ੍ਹਾਂ ਦੇ ਘਰ ਬਰੈਂਪਟਨ ਲੈ ਗਿਆ। ਜੌਹਲ ਸਾਹਿਬ ਨੇ ਗੱਲਾਂ ਕਰਦਿਆਂ ਮੈਨੂੰ ਯਾਦ ਕਰਵਾਇਆ ਕਿ ਮੈਂ ਲੈਕਚਰ ਬਾਰੇ ਕੋਈ ਪ੍ਰੋਗਰਾਮ ਬਣਾਇਆ ਹੈ ਕਿ ਨਹੀਂ? ਮੈਂ ਦੱਸਿਆ ਕਿ ਇਹ ਤਾਂ ਮੈਂ ਭੁੱਲ ਹੀ ਗਿਆ। ਕੀ ਇਸ ਦਾ ਪ੍ਰਬੰਧ ਹੋ ਸਕਦਾ ਹੈ? ਉਨ੍ਹਾਂ ਆਖਿਆ, “ਮੈਂ ਟੈਲੀਫ਼ੂਨ ਕਰ ਕੇ ਵੇਖਦਾ ਹਾਂ। “ ਉਨ੍ਹਾਂ ਬਲਦੇਵ ਸਿੰਘ ਨੂੰ ਟੈਲੀਫ਼ੂਨ ਕੀਤਾ ਅਤੇ ਕਿਹਾ, “ਬਲਦੇਵ ਸਿੰਘ, ਡਾ: ਸਰਜੀਤ ਸਿੰਘ ਸੰਧੂ ਕੈਲੇਫੌਰਨੀਆ ਤੋਂ ਮੇਰੇ ਕੋਲ ਆਏ ਹਨ, ਕੀ ਕੱਲ੍ਹ ਨੂੰ ਇਨ੍ਹਾਂ ਨੂੰ ਲੈਕਚਰ ਵਾਸਤੇ ਸਮਾਂ ਮਿਲ ਸਕਦਾ ਹੈ? “ ਬਲਦੇਵ ਸਿੰਘ ਨੇ ਕਿਹਾ, “ਥੋੜ੍ਹਾ-ਥੋੜ੍ਹਾ ਟਾਈਮ ਕੱਟ ਕੇ ਕੰਮ ਚਲਾ ਲਵਾਂਗੇ”। ਅਗਲੇ ਦਿਨ ਲੈਕਚਰ ਤੋਂ ਬਾਅਦ ਮੈਂ ਜਦੋਂ ਜਾਣ ਲੱਗਾ ਤਾਂ ਬਲਦੇਵ ਸਿੰਘ ਨੇ ਪੁੱਛਿਆ ਕਿ ਤੁਸੀਂ ਪੰਜਾਬ ਵਿੱਚ ਕਿਹੜੀ ਜਗ੍ਹਾ ਤੋਂ ਹੋ? ਤਾਂ ਜਦੋਂ ਮੈਂ ਦੱਸਿਆ ਕਿ ਮੇਰਾ ਪਿੰਡ ਮਾਝੇ ਵਿੱਚ ਰਾਣੀ ਵਲਾਹ ਹੈ ਤਾਂ ਬਲਦੇਵ ਸਿੰਘ ਨੇ ਕਿਹਾ ਕਿ ਮੇਰਾ ਵੀ ਪਿੰਡ ਰਾਣੀ ਵਲਾਹ ਹੀ ਹੈ ਤਾਂ ਮੈਂ ਬਹੁਤ ਖ਼ੁਸ਼ ਹੋਇਆ ਕਿਉਂਕਿ ਮੈਨੂੰ ਪਿੰਡ ਛੱਡੇ ਨੂੰ ਕੋਈ ਸੱਠ ਵਰ੍ਹੇ ਹੋ ਗਏ ਸਨ ਤੇ ਸੱਠ ਵਰ੍ਹਿਆਂ ਬਾਅਦ ਮੇਰੇ ਪਿੰਡ ਦਾ ਕੋਈ ਬੰਦਾ ਮਿਲਿਆ ਸੀ। ਮੁੱਕਦੀ ਗੱਲ, ਇਸ ਤਰ੍ਹਾਂ ਅਚਾਨਕ ਅਸੀਂ ਇੱਕ ਦੂਸਰੇ ਨੂੰ ਮਿਲੇ। ਉਸ ਦਿਨ ਤੋਂ ਸਾਡਾ ਆਪਸੀ ਸੰਪਰਕ ਚੱਲਿਆ ਆ ਰਿਹਾ ਹੈ।

ਆਉ ਹੁਣ ਬਲਦੇਵ ਸਿੰਘ ਵਲੋਂ ਮੈਨੂੰ ਭੇਜੇ ਭੱਟ ਬਾਣੀ ਦੀ ਵਿਆਖਿਆ ਦੇ ਖਰੜੇ ਵੱਲ ਆਈਏ।

ਭੱਟਾਂ ਦੇ ਸਵਈਯਾਂ ਦੇ ਅਰਥ ਬਲਦੇਵ ਸਿੰਘ ਤੋਂ ਪਹਿਲਾਂ ਵੀ ਕਈ ਸੱਜਣਾਂ ਨੇ ਕੀਤੇ ਹਨ। ਮੇਰਾ ਫਰਜ਼ ਬਣਦਾ ਹੈ ਕਿ ਮੈਂ ਪਾਠਕਾਂ ਨੂੰ ਇਹ ਦੱਸਾਂ ਕਿ ਬਲਦੇਵ ਸਿੰਘ ਨੇ ਉਨ੍ਹਾਂ ਤੋਂ ਵੱਧ ਅਤੇ ਵੱਖਰਾ ਕੀ ਕੀਤਾ ਹੈ? ਇਹ ਦੱਸਣ ਤੋਂ ਪਹਿਲਾਂ ਉਨ੍ਹਾਂ ਸੱਜਣਾਂ ਦੇ ਕੀਤੇ ਅਰਥਾਂ ਦਾ ਨਮੂਨਾ ਵੀ ਪੇਸ਼ ਕਰਨਾ ਜ਼ਰੂਰੀ ਹੈ। ਇਸ ਮਕਸਦ ਲਈ ਪ੍ਰੋਫੈਸਰ ਸਾਹਿਬ ਸਿੰਘ ਅਤੇ ਸ: ਮਨਮੋਹਨ ਸਿੰਘ ਥਿੰਦ ਦੇ ਕੀਤੇ ਅਰਥਾਂ ਦੀ ਮਿਸਾਲ ਦੇਣੀ ਠੀਕ ਸਮਝੀ ਗਈ ਹੈ। ਇਸ ਚੋਣ ਦਾ ਭਾਵ ਹੈ ਕਿ ਉਹ ਚੰਗਾ ਪੜ੍ਹੇ ਲਿਖੇ ਸੱਜਣ ਸਨ।

ਪ੍ਰੋਫ਼ੈਸਰ ਸਾਹਿਬ ਸਿੰਘ ਸੰਸਕ੍ਰਿਤ ਦੀ ਗਿਆਨੀ ਦੇ ਬਰਾਬਰ ਦੀ ਪੜ੍ਹਾਈ ਤੋਂ ਬਾਅਦ ਇੰਗਲਿਸ਼ ਦੀ ਬੀ. ਏ. ਸਨ।

ਸ: ਮਨਮੋਹਨ ਸਿੰਘ ਥਿੰਦ ਬੀ. ਏ. , ਬੀ. ਟੀ. , ਐੱਲ. ਐੱਲ. ਬੀ. ਪਾਸ ਸਨ। ਭਾਵ ਉਹ ਸਕੂਲ ਟੀਚਰ ਅਤੇ ਵਕੀਲ ਰਹਿ ਚੁੱਕੇ ਸਨ। ਪ੍ਰੋਫ਼ੈਸਰ ਸਾਹਿਬ ਸਿੰਘ ਖ਼ਾਲਸਾ ਕਾਲਜ ਗੁੱਜਰਾਂਵਾਲੇ ਵਿੱਚ ਸੰਸਕ੍ਰਿਤ ਅਤੇ ਡਿਵਿਨਿਟੀ ਪੜ੍ਹਾਉਣ ਵਾਸਤੇ ਨਿਯੁਕਤ ਕੀਤੇ ਗਏ ਸਨ।

ਅਰਥਾਂ ਦੀ ਮਿਸਾਲ ਵਾਸਤੇ ਭੱਟ ਮਥੁਰਾ ਜੀ ਦਾ ਗੁਰੂ ਅਰਜਨ ਬਾਰੇ ਲਿਖਿਆ ਸੱਤਵਾਂ ਸਵੱਈਯਾ ਚੁਣਿਆ ਹੈ, ਜਿਸ ਦੇ ਅਰਥ ਕਰਨ ਲੱਗਿਆਂ ਬਹੁਤ ਸਾਰੇ ਵਿਦਵਾਨਾਂ ਨੇ ਉਕਾਈ ਖਾਧੀ ਹੈ। ਉਕਾਈ ਖਾਣ ਦਾ ਕਾਰਨ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਦੇ ਅਜੂਨੀ ਸਿਧਾਂਤ ਨੂੰ ਆਧਾਰ ਨਹੀਂ ਬਣਾਇਆ ਗਿਆ।

ਧਰਨਿ ਗਗਨ ਨਵ ਖੰਡ ਮਹਿ ਜੋਤਿ ਸ੍ਵਰੂਪੀ ਰਹਿਓ ਭਰਿ।।

ਭਨਿ ਮਥੁਰਾ ਕਛੁ ਭੇਦੁ ਨਹੀ ਗੁਰੁ ਅਰਜੁਨੁ ਪਰਤਖ੍ਯ੍ਯ ਹਰਿ।। ੭।। ੧੯।।

(ਭਟ ਮਥੁਰਾ, ਸ੍ਰੀ ਗੁਰੂ ਗ੍ਰੰਥ ਸਾਹਿਬ, ਪੰਨਾ ੧੪੦੯)

ਪ੍ਰੋਫ਼ੈਸਰ ਸਾਹਿਬ ਸਿੰਘ ਵੱਲੋਂ ਕੀਤੇ ਅਰਥ: (ਗੁਰੂ ਅਰਜਨ ਦੇਵ ਜੀ ਹੀ) ਜੋਤਿ-ਰੂਪ ਹੋ ਕੇ ਧਰਤੀ, ਆਕਾਸ਼ ਅਤੇ ਨੌਂ ਖੰਡਾਂ ਵਿੱਚ ਵਿਆਪ ਰਹੇ ਹਨ। ਹੇ ਮਥੁਰਾ! ਆਖ - ਗੁਰੂ ਅਰਜਨ ਦੇਵ ਜੀ ਹੀ ਸਾਖਿਆਤ ਅਕਾਲਪੁਰਖ ਹਨ। ਕੋਈ ਫਰਕ ਨਹੀਂ ਹੈ। ੭। ੧੯।

ਹਵਾਲਾ:- ਪ੍ਰੋਫੈਸਰ ਸਾਹਿਬ ਸਿੰਘ: ਸ੍ਰੀ ਗੁਰੂ ਗ੍ਰੰਥ ਸਾਹਿਬ ਦਰਪਣ; ਦਸਵੀਂ ਪੋਥੀ, ਦੂਜੀ ਛਾਪ ੫. ੧੧. ੧੯੭੧; ਜਲੰਧਰ; ਪੰਨਾ ੫੬੭

ਸ: ਮਨਮੋਹਨ ਸਿੰਘ ਵੱਲੋਂ ਕੀਤੇ ਅਰਥ: ਉਹ ਪ੍ਰਭੂ ਦੇ ਪ੍ਰਕਾਸ਼ ਦੇ ਰੂਪ ਵਿੱਚ ਧਰਤੀ, ਆਕਾਸ਼ ਅਤੇ ਨੌਂ ਖਿੱਤਿਆਂ ਵਿੱਚ ਪਰਿਪੂਰਨ ਹੋ ਰਹੇ ਹਨ। ਮਥੁਰਾ ਆਖਦਾ ਹੈ, ਗੁਰਾਂ ਅਤੇ ਵਾਹਿਗੁਰੂ ਦੇ ਵਿਚਕਾਰ ਕੋਈ ਫਰਕ ਨਹੀਂ। ਗੁਰੂ ਅਰਜਨ ਦੇਵ ਜੀ ਪ੍ਰਗਟ ਤੌਰ `ਤੇ ਖ਼ੁਦ ਹੀ ਪ੍ਰਭੂ ਹਨ। ੭। ੧੯।

Reference: Manmohan Singh Thind: Sri Guru Granth Sahib; English & Punjabi Translation, Vol. 8, 2nd edition, Shiromani Gurduara Parbandhak Committee, Amritsar, 1983; p 4658.

ਉਪਰਲੀਆਂ ਦੋਵਾਂ ਵਿਆਖਿਆ ਪ੍ਰਣਾਲੀਆਂ ਅਨੁਸਾਰ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਦਾ ਖੰਡਨ ਹੁੰਦਾ ਹੈ ਜੋ ਗੁਰਮਤਿ ਸਿਧਾਂਤ ਨਾਲ ਅਨਿਆਇ ਹੈ। ਵਿਆਖਿਆ ਵੇਲੇ ਮੂਲ ਸਿਧਾਂਤ ਹਰਗਿਜ਼ ਨਹੀਂ ਟੁੱਟਣਾ ਚਾਹੀਦਾ।

ਇਨ੍ਹਾਂ ਦੋਵਾਂ ਸੱਜਣਾਂ ਦੇ ਅਰਥਾਂ ਵਿੱਚ ਕੋਈ ਫਰਕ ਨਹੀਂ, ਕੇਵਲ ਸ਼ਬਦਾਂ ਦੀ ਵਰਤੋਂ ਵੱਖਰੀ-ਵੱਖਰੀ ਹੈ। ਇਹ ਵੀ ਕਹਿ ਸਕਦੇ ਹਾਂ ਕਿ ਮਨਮੋਹਨ ਸਿੰਘ ਥਿੰਦ ਨੇ ਪ੍ਰੋਫ਼ੈਸਰ ਸਾਹਿਬ ਸਿੰਘ ਵਾਲੇ ਹੀ ਅਰਥ ਵੱਖਰੇ ਅੱਖਰਾਂ ਰਾਹੀਂ ਕੀਤੇ ਗਏ ਹਨ। ਮੇਰੇ ਵੱਲੋਂ ਪਾਠਕਾਂ ਨੂੰ ਇਹ ਬੇਨਤੀ ਹੈ ਕਿ ਇਨ੍ਹਾਂ ਅਰਥਾਂ ਦੇ ਠੀਕ ਜਾਂ ਨਾ ਠੀਕ ਹੋਣ ਦੀ ਪਰਖ ਵੇਲੇ ਕੇਵਲ ਗੁਰਮਤਿ ਦੇ ਮੂਲ ਸਿਧਾਂਤ, ਮੂਲ ਮੰਤ੍ਰ ਨੂੰ ਹੀ ਲਿਆ ਜਾਵੇ। ਹੇਠਾਂ ਬਲਦੇਵ ਸਿੰਘ ਵੱਲੋਂ ਕੀਤੇ ਅਰਥਾਂ ਦਾ ਨਮੂਨਾ ਪੇਸ਼ ਹੈ:-

ਅਰਥ:- ਇਸ ਗੱਲ ਵਿੱਚ ਕੋਈ ਭੇਦ-ਲੁਕਾਅ ਨਹੀਂ ਹੈ। ਜਿਸ ਦੀ ਬਖ਼ਸ਼ਿਸ਼ ਗਿਆਨ ਨੂੰ ਅਰਜਨ ਦੇਵ ਜੀ ਨੇ ਅਪਣਾਇਆ ਹੈ, ਉਹ ਸਰਬਵਿਆਪਕ ਪ੍ਰਤੱਖ ਹਰੀ (ਅਜੂਨੀ) ਹੈ। ਉਹ ਧਰਤੀ, ਆਕਾਸ਼, ਨਵਾਂ ਖੰਡਾਂ ਵਿੱਚ ਕਿਸੇ (ਅਵਤਾਰਵਾਦੀ) ਭੇਖ ਤੋਂ ਰਹਿਤ ਵਿਆਪਕ ਹੈ।

ਇਥੇ ਦਾਸ ਆਪਣੇ ਵੱਲੋਂ ਸਹਿਮਤੀ ਜਤਾਉਂਦਾ ਹੈ। ਸਹਿਮਤੀ ਇਸ ਲਈ ਜਤਾਉਂਦਾ ਹੈ ਕਿ ਇਨ੍ਹਾਂ ਵੱਲੋਂ ਕੀਤੀ ਵਿਆਖਿਆ ਵਿੱਚ ਗੁਰਮਤਿ ਦਾ ਮੂਲ ਸਿਧਾਂਤ, ਮੂਲ ਮੰਤ੍ਰ ਨਹੀਂ ਟੁੱਟਦਾ ਸਗੋਂ ਮੂਲ ਸਿਧਾਂਤ ਦੀ ਪ੍ਰੋੜ੍ਹਤਾ ਹੈ।

ਸ: ਬਲਦੇਵ ਸਿੰਘ ਦੇ ਇਨ੍ਹਾਂ ਅਰਥਾਂ ਨੂੰ ਪੜ੍ਹ ਕੇ ਮੈਨੂੰ ਬਤੌਰ ਸਿੱਖ ਬੜੀ ਖ਼ੁਸ਼ੀ ਹੀ ਨਹੀਂ ਹੋਈ ਸਗੋਂ ਸਹੀ ਮਾਣ ਵੀ ਪ੍ਰਾਪਤ ਹੋਇਆ ਹੈ ਕਿ ਵਕਤ ਦੀ ਲੋੜ ਪੂਰੀ ਕਰਨ ਲਈ ਇਹ ਅੱਜ ਗੁਰੂ ਨਾਨਕ ਦੀ ਸਿੱਖੀ ਨੂੰ ਸਮਝਣ, ਵਿਚਾਰਨ ਅਤੇ ਸੇਵਾ ਕਰਨ ਵਾਲਿਆਂ ਦੀ ਕਤਾਰ ਵਿੱਚ ਖਲੋਤਾ ਹੈ ਅਤੇ ਆਉਣ ਵਾਲੀਆਂ ਪੁਸ਼ਤਾਂ ਦਾ ਮਾਰਗ ਗੁਰਬਾਣੀ ਦੇ ਗਿਆਨ ਦੇ ਚਾਨਣ ਨਾਲ ਰੁਸ਼ਨਾਉਣ ਲਈ ਹੋਰ ਹੰਭਲਾ ਮਾਰੇਗਾ।

ਦਾਸ ਨੇ ਇਸ ਨੂੰ ਸਿੱਖ ਹਰਮਿਨਾਟਿਕਸ ਦੇ ਨਾਮ ਨਾਲ ਨਿਵਾਜਿਆ ਹੈ। Hermeneutics ਧਰਮ ਨੂੰ ਸਮਝਣ ਦੀ ਪੁਰਾਣੀ ਯੂਨਾਨੀ ਪ੍ਰੰਪਰਾ ਸੀ ਜੋ ਕਿ ਧਰਮਾਂ ਨੂੰ, ਧਰਮ ਦੇ ਬੁਨਿਆਦੀ ਅਸੂਲਾਂ ਦੇ ਅਨੁਸਾਰ ਵਿਖਿਆਨ ਕਰਕੇ ਪਰਖਿਆ ਜਾ ਸਕੇ। ਬਲਦੇਵ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੇ ਬੁਨਿਆਦੀ ਮੂਲ ਸਿਧਾਂਤ, ਮੂਲ ਮੰਤ੍ਰ ਨੂੰ ਬੁਨਿਆਦੀ ਆਧਾਰ ਮੰਨ ਕੇ ਭਾਵ ਗੁਰਬਾਣੀ ਵਿਖਿਆਨ ਕਰਨ ਵੇਲੇ ਗੁਰਬਾਣੀ ਹਾਰਮਿਨਾਟਿਕਸ ਨੂੰ ਹੀ ਵਰਤ ਕੇ ਵਿਆਖਿਆ ਕੀਤੀ ਹੈ। ਇਸ ਲਈ ਸਿੱਖ ਹਰਮਿਨਾਟਿਕਸ ਨਾਲ ਨਿਵਾਜਣਾ ਢੁਕਦਾ ਹੈ।

ਸੰਖੇਪ ਰੂਪ ਵਿੱਚ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਸਿੱਖ ਧਰਮ ਆਪਣੇ ਆਪ ਵਿੱਚ ਇੱਕ sovereign religion ਹੈ, ਭਾਵ ਇਹ ਕਿਸੇ ਹੋਰ ਧਰਮ ਉੱਤੇ ਨਿਰਭਰ ਨਹੀਂ। ਜਾਂ ਇਹ ਕਹਿ ਲਉ ਕਿ ਸਿੱਖ ਧਰਮ ਇੱਕ ਵਿਲੱਖਣ ਆਜ਼ਾਦ ਧਰਮ ਹੈ, ਜਿਸ ਨੂੰ ਸਮਝਣ ਲਈ ਕਿਸੇ ਹੋਰ ਧਰਮ ਤੋਂ ਮਦਦ ਲੈਣ ਦੀ ਕੋਈ ਲੋੜ ਨਹੀਂ। ਕੇਵਲ ਇਸ ਨੂੰ ਸਮਝਣ ਲਈ ਇਸ ਦੇ ਅੰਦਰਲੀ ਗੁਰਬਾਣੀ ਨੂੰ ਧਿਆਨ ਕਰਕੇ ਪੜ੍ਹਨ ਨਾਲ ਸਵਾਲ ਦਾ ਜਵਾਬ ਮਿਲ ਸਕਦਾ ਹੈ। ਸਿੱਖ ਗੁਰੂ ਸਾਹਿਬਾਨ ਨੇ ਸਾਨੂੰ ਸਮਝਾਉਣ ਦਾ ਪ੍ਰਬੰਧ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ ਹੀ ਕੀਤਾ ਹੋਇਆ ਹੈ। ਬੱਸ, ਇਸ ਗੱਲ ਨੂੰ ਯਾਦ ਰੱਖਣ ਦੀ ਲੋੜ ਹੈ। ਬਾਕੀ ਗੁਰੂ ਸਾਹਿਬਾਨ ਦੀ ਕ੍ਰਿਪਾ `ਤੇ ਵਿਸ਼ਵਾਸ ਰੱਖਣ ਦੀ ਲੋੜ ਹੈ।

ਬਲਦੇਵ ਸਿੰਘ ਨੇ ਸ਼ਬਦ ਇਕੁ ਦੇ ਅਰਥ ਅਕਾਲਪੁਰਖ ਕੀਤੇ ਹਨ, ਜੋ ਇਸ ਪੁਸਤਕ ਵਿੱਚ ਮੌਜੂਦ ਹਨ। ਗੱਲ ਕੇਵਲ ਇਹ ਸਪੱਸ਼ਟ ਕਰਨ ਵਾਲੀ ਹੈ ਕਿ ਅਕਾਲਪੁਰਖ ਲਈ ਵਰਤੇ ਇਕੁ ਲਈ ਸਿੱਖ ਹਰਮਿਨਾਟਿਕਸ ਵਿੱਚ, ੴ = ਇਕੁ = ਇੱਕਓਂ, ਨੂੰ ਵਰਤਣ ਨਾਲ ਲਿਖਾਈ ਲਈ ੴ= ਇਕਓ ਨੂੰ ਵਰਤਣਾ ਸ਼ੁਰੂ ਕੀਤਾ ਜਾ ਰਿਹਾ ਹੈ।

ਬਲਦੇਵ ਸਿੰਘ ਦੇ ਖਰੜੇ ਵਿੱਚ ਇਕੁ ਦੇ ਅਰਥ ਅਕਾਲ ਪੁਰਖ ਦੀ ਮਿਸਾਲ ਵਜੋਂ ਹੇਠ ਦਿੱਤੇ ਸਲੋਕ ਵਿੱਚ ਵਰਤਿਆ ਗਿਆ ਹੈ:-

ਸਵਈਯਾ:

ਇਕਹੁ ਜਿ ਲਾਖੁ ਲਖਹੁ ਅਲਖੁ ਹੈ ਇਕੁ ਇਕੁ ਕਰਿ ਵਰਨਿਅਉ।।

ਗੁਰ ਅਮਰਦਾਸ ਜਾਲਪੁ ਭਣੈ ਤੂ ਇਕੁ ਲੋੜਹਿ ਇਕੁ ਮੰਨਿਅਉ।। ੩।। ੧੨।।

(ਪੰਨਾ ੧੩੯੪)

ਦੂਜੀ ਗੱਲ ਹੈ ਇਕੋਓ ਦੇ ਅਰਥਾਂ ਦੀ। ਇਸ ਵਾਸਤੇ ੴ ਦੀਆਂ ਕੁੱਝ ਵਿਸ਼ੇਸ਼ਤਾਈਆਂ ਹੇਠਾਂ ਦਿੱਤੀਆਂ ਗਈਆਂ ਹਨ:-

(੧) - ਇੱਕੋਓ, ਪ੍ਰਥਮ ਅਤੇ ਉੱਤਮ ਸੱਚ ਹੈ (੨) - ਇੱਕੋਓ ਨੇ ਸੰਸਾਰ ਦੀ ਰਚਨਾ ਕੀਤੀ ਹੈ (੨) ਇੱਕੋਓ ਭੈਅ ਰਹਿਤ ਅਤੇ ਵੈਰ ਵਿਰੋਧ ਰਹਿਤ ਹੈ (੩) - ਇੱਕੋਓ, ਅਕਾਲ ਮੂਰਤ; ਸਦੀਵ ਕਾਲ ਹਸਤੀ ਹੈ। (੪) -ਇੱਕੋਓ, ਅਜੂਨੀ ਹੈ: ਭਾਵ ਜੂਨਾਂ ਤੋਂ ਰਹਿਤ; ਜੰਮਣ ਮਰਨ ਤੋਂ ਰਹਿਤ ਹੈ। (੫) - ਸੈਭੰ- ਇੱਕੋਓ ਹੀ ਆਪਣੇ ਆਪ ਤੋਂ ਸੁਤੇ ਸਿਧ ਪ੍ਰਕਾਸ਼ਮਾਨ ਹੈ: ਕਿਸੇ ਮਾਤਾ-ਪਿਤਾ ਦੀ ਹੋਂਦ ਤੋਂ ਰਹਿਤ ਹੈ।

ਸ: ਬਲਦੇਵ ਸਿੰਘ ਨੂੰ ਇਸ ਸੇਵਾ ਨੂੰ ਜਾਰੀ ਰੱਖਣ ਲਈ ਅਤੇ ਹੋਰ ਵਿਦਵਾਨਾਂ ਦੇ ਲੇਖ ਪੜ੍ਹਦੇ ਰਹਿਣ ਦਾ ਮਸ਼ਵਰਾ ਦਿੰਦਾ ਹੋਇਆ ਆਪਣੇ ਵੱਲੋਂ ਵਧਾਈ ਦਿੰਦਾ ਹਾਂ। ਆਖ਼ਰ ਵਿੱਚ ਇੱਕੋਓ ਦੀ ਮਿਹਰ ਅਤੇ ਮੁਹੱਬਤ ਦਾ ਆਸਰਾ ਮਿਲਦਾ ਰਹਿਣ ਵਾਸਤੇ ਬੇਨਤੀ ਕਰਦਾ ਹਾਂ। ਪਾਠਕਾਂ ਲਈ ਵੀ ਇੱਕ ਬੇਨਤੀ ਹੈ ਕਿ ਉਹ ਇਸ ਪੁਸਤਕ ਨੂੰ ਸ਼ੁਰੂ ਤੋਂ ਲੈ ਕਰ ਅਖੀਰ ਤੱਕ ਲੜੀ ਜੋੜ ਕੇ ਪੜ੍ਹਨਗੇ ਤਾਂ ਸਵੱਈਏ ਬਾਣੀ ਨੂੰ ਸਮਝਣ ਵਿੱਚ ਮੱਦਦ ਮਿਲੇਗੀ।

ਗੁਰੂ ਗ੍ਰੰਥ ਦੇ ਪੰਥ ਦਾ ਦਾਸ:

ਸਰਜੀਤ ਸਿੰਘ

Sarjit Singh Sandhu, B.Sc. (Hons.); M.Sc. (Hons.); Ph.D. (Pb. & London)

FNASc FNA (India)

Former, Professor and Founder Head, Chemistry Department; Dean Faculty of Science;

Dean, Academic Affairs & Students Welfare; Guru Nanak Dev University, Amritsar (India)

Former Director, Punjab State Council of Science and Technology, Chandigarh, India.

Secretary, International Sikh Institute for Research & Teaching; Ramon, CA, USA

E-mail: sarjeetsingh@juno.com Phone-208.344.0761

Address: 2566 Waterbury Lane. Boise, ID 83706 USA
.