.

ਇਸਤਰੀ ਦਿਵਸ ਅਤੇ ਔਰਤਾਂ ਦੇ ਹੱਕ

ਅਵਤਾਰ ਸਿੰਘ ਮਿਸ਼ਨਰੀ (5104325827)

ਆਓ ਇਸਤਰੀ ਦਿਵਸ ਤੇ ਵਿਚਾਰਣਯੋਗ ਤੱਥਾਂ ਦੀ ਵੀਚਾਰ ਕਰੀਏ। ਵੇਖੋ! ਕਰਤਾ-ਕਰਤਾਰ ਨੇ ਇਸ ਸੰਸਾਰ ਨੂੰ ਵੱਧਦਾ ਫੁਲਦਾ ਰੱਖਣ ਲਈ ਨਰ ਅਤੇ ਮਾਦਾ ਪੈਦਾ ਕੀਤੇ ਹਨ। ਨਰ ਪੁਰਸ਼ ਅਤੇ ਮਾਦਾ ਇਸਤਰੀ ਰੂਪ। ਪਸ਼ੂ ਪੰਛੀਆਂ ਵਿੱਚ ਵੀ ਨਰ ਮਾਦਾ ਦੀ ਜੋੜੀ ਹੈ। ਨਰ ਅਤੇ ਮਾਦਾ ਸਰੀਰਕ ਬਣਤਰ ਅਤੇ ਅੰਗ-ਇੰਦ੍ਰੀਆਂ ਕਰਕੇ ਵੱਖਰੀ ਪਛਾਣ ਰੱਖਦੇ ਹਨ। ਪੱਥਰ ਯੁੱਗ ਵਿੱਚ ਪਸ਼ੂ ਪੰਛੀ ਅਤੇ ਇਸਤਰੀ ਪੁਰਸ਼ ਵੀ ਜੰਗਲਾਂ ਵਿੱਚ ਰਹਿੰਦੇ ਹੋਏ ਹਵਾ, ਪਾਣੀ, ਫਲ ਫਰੂਟ ਅਤੇ ਕੱਚਾ ਮਾਸ ਖਾਂ ਕੇ ਜੀਵਨ ਨਿਰਬਾਹ ਕਰਦੇ ਸਨ। ਜਿਉਂ ਜਿਉਂ ਮਨੁੱਖਤਾ ਵਿਕਸਤ ਹੋਈ, ਵੱਖ ਵੱਖ ਬੋਲੀਆਂ ਪੈਦਾ ਹੋਈਆਂ, ਜੰਗਲਾਂ ਤੋਂ ਬਾਹਰ ਆ ਝੌਪੜੀਆਂ ਬਣੀਆਂ, ਫਿਰ ਛੋਟੀਆਂ-ਛੋਟੀਆਂ ਬਸਤੀਆਂ, ਫਿਰ ਪਿੰਡ ਗਰਾਮ, ਕਸਬੇ ਅਤੇ ਸ਼ਹਿਰ ਹੋਂਦ ਵਿੱਚ ਆਏ। ਕਬੀਲਿਆਂ ਤੋਂ ਪੰਚਾਇਤਾਂ ਫਿਰ ਸਭਾ ਸੁਸਾਇਟੀਆਂ ਹੋਂਦ ਵਿੱਚ ਆਈਆਂ। ਫਿਰ ਛੋਟੇ-ਛੋਟੇ ਰਾਜ ਬਣੇ ਅਤੇ ਰਾਜਾਂ ਤੋਂ ਕਈ ਦੇਸ਼ ਹੋਂ ਵਿੱਚ ਆ ਗਏ।

ਵੱਖ ਵੱਖ ਕਰਮਕਾਂਡਾਂ ਕਰਕੇ ਵੱਖ ਵੱਖ ਮਜ਼ਹਬ ਪੈਦਾ ਹੋ ਗਏ। ਹਰੇਕ ਨੇ ਆਪਣੇ ਵੱਖਰੇ ਵੱਖਰੇ ਰਹਿਬਰ ਮੰਨ ਲਏ ਅਤੇ ਉਨ੍ਹਾਂ ਨੇ ਅੱਗੇ ਵੱਖ ਵੱਖ ਮਰਯਾਦਾ ਬਣਾ ਦਿੱਤੀਆਂ। ਧਰਮ ਦੇ ਨਾਲ ਰਾਜਨੀਤੀ ਵੀ ਪੈਦਾ ਹੋ ਗਈ ਜਿਸ ਕਰਕੇ ਲੀਡਰਸ਼ਿਪ ਪੈਦਾ ਹੋਈ। ਅੱਗੇ ਆਪਣੀ ਤਾਕਤ ਵਧਾਉਣ ਵਾਸਤੇ ਇੱਕ ਦੂਜੇ ਦੇਸ਼ ਤੇ ਕਬਜੇ ਅਤੇ ਲੜਾਈਆਂ ਸ਼ੁਰੂ ਹੋ ਗਈਆਂ। ਧਰਮ ਪੁਜਾਰੀ ਅਤੇ ਰਾਜਨੀਤਕ ਮਿਲ ਕੇ ਜਨਤਾ ਤੇ ਰਾਜ ਕਰਨ ਲੱਗ ਪਏ। ਪਹਿਲੇ ਪਹਿਲ ਔਰਤਾਂ ਨੂੰ ਵਿਦਿਆ ਤੋਂ ਵਾਂਝੇ ਰੱਖਿਆ ਗਿਆ। ਮਰਦ ਪ੍ਰਧਾਨ ਸਮਾਜ ਪੈਦਾ ਹੋ ਗਿਆ। ਔਰਤਾਂ ਨੂੰ ਬੱਚੇ ਪੈਦਾ ਕਰਨ ਅਤੇ ਘਰ ਦੇ ਸਾਰੇ ਕੰਮ ਕਰਨ ਤੱਕ ਹੀ ਸੀਮਤ ਕਰ ਦਿੱਤਾ ਗਿਆ। ਮਰਦ ਹੀ ਕਮਾ ਕੇ ਲਿਆਉਂਦਾ ਸੀ ਇਸ ਕਰਕੇ ਉਹ ਔਰਤ ਨੂੰ ਆਪਣੇ ਅਧੀਨ (ਆਸਰੇ) ਮੰਨਦਾ ਸੀ।

ਔਰਤ ਨੇ ਤਰੱਕੀ ਕਰਕੇ ਹੌਲੀ ਹੌਲੀ ਰਾਜਨੀਤਕ ਪਦਵੀਆਂ ਤਾਂ ਹਾਸਲ ਕਰ ਲਈਆਂ ਪਰ ਧਾਰਮਿਕ ਤੌਰ ਤੇ ਉਨ੍ਹਾਂ ਨੂੰ ਇਹ ਰੁਤਬਾ ਪ੍ਰਾਪਤ ਨਾਂ ਹੋਇਆ। ਧਰਮਾਂ ਤੇ ਰਹਿਬਰ ਵੀ ਮਰਦ ਹੀ ਪ੍ਰਵਾਨ ਕੀਤੇ ਗਏ। ਅੱਗੇ ਧਰਮ ਗ੍ਰੰਥਾਂ ਅਤੇ ਧਰਮ ਅਸਥਾਨਾਂ ਵਿੱਚ ਵੀ ਪੁਜਾਰੀ, ਪ੍ਰਚਾਰਕ ਅਤੇ ਪ੍ਰਬੰਧਕ ਵੀ ਮਰਦ ਹੀ ਲਏ ਗਏ। ਮਰਦਾਂ ਵਿੱਚੋਂ ਖਾਸ ਕਰਕੇ ਬਾਮਣਾਂ ਅਤੇ ਮੁਲਾਣਿਆਂ ਨੇ ਔਰਤ ਨੂੰ ਨੀਚ, ਨੀਵੀਂ, ਕਾਂਮਣ, ਖੋਟੀਮਤ ਵਾਲੀ, ਨਰਕਦੁਆਰੀ ਅਤੇ ਸ਼ੂਦਰ ਕਹਿ ਦੁਰਕਾਰਿਆ। ਸਭ ਤਰ੍ਹਾਂ ਦੇ ਧਰਮ ਕਰਮ ਅਤੇ ਵਿਦਿਆ ਤੋਂ ਵਾਂਝੇ ਰੱਖਿਆ। ਇਸ ਲਈ ਔਰਤ ਮੰਦਰ ਦੀ ਪੁਜਾਰੀ ਨਹੀਂ ਅਤੇ ਨਾਂ ਹੀ ਮਸਜਿਦ ਦੀ ਮੁੱਲਾਂ ਹੈ। ਭਾਂਵੇਂ ਰਾਜਿਆਂ ਦੀਆਂ ਰਾਣੀਆਂ ਰਾਜੇ ਦੇ ਪ੍ਰਭਾਵ ਕਰਕੇ ਕੁਝ ਪੜ੍ਹ ਲਿਖ ਜਾਂਦੀਆਂ ਸਨ ਪਰ ਆਂਮ ਪੇਂਡੂ ਔਰਤਾਂ ਨੂੰ ਸਕੂਲੇ ਨਹੀਂ ਸੀ ਪੜ੍ਹਾਇਆ ਜਾਂਦਾ। ਇਸ ਕਰਕੇ ਉਹ ਧਰਮ ਵਿਦਿਆ ਵੀ ਹਾਸਲ ਨਹੀਂ ਕਰ ਸਕਦੀਆਂ ਸਨ ਜਿਸ ਦੀ ਮਸਾਲ ਅੱਜ 2014 ਤੋਂ ਕੋਈ 60-70 ਸਾਲ ਪਹਿਲੇ ਵੀ ਖਾਸ ਕਰ ਪਿੰਡਾਂ ਵਿੱਚ ਅਰਤਾਂ ਦਾ ਏਹੀ ਹਾਲ ਸੀ।

ਕਰੀਬ ਪੁਰਾਣੇ ਸਮੇਂ ਕਰੀਬ ਹਰ ਧਰਮ ਵਿੱਚ ਔਰਤ ਨੂੰ ਮਰਦ ਦੇ ਬਰਾਬਰ ਅਧਿਕਾਰ ਨਹੀਂ ਸਨ। ਇਤਿਹਾਸ ਅਤੇ ਗੁਰਬਾਣੀ ਪੜ੍ਹਨ ਤੋਂ ਪਤਾ ਲਗਦਾ ਹੈ ਕਿ ਔਰਤਾਂ ਦੇ ਹੱਕ ਵਿੱਚ ਸ਼ੇਰ ਮਰਦ ਬਾਬਾ ਨਾਨਕ ਜੀ ਨੇ ਪਹਿਲੀ ਵਾਰ ਜੋਰਦਾਰ ਅਵਾਜ਼ ਉਠਾਉਂਦੇ ਫੁਰਮਾਇਆ-ਸੋ ਕਿਉਂ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ (੪੭੩) ਪੁਰਖ ਤੇ ਨਾਰ ਦੀ ਬਰਾਬਰਤਾ ਦੇ ਸਬੰਧ ਵਿੱਚ ਹੋਰ ਲਿਖਿਆ-ਪੁਰਖ ਮਹਿ ਨਾਰਿ, ਨਾਰਿ ਮਹਿ ਪੁਰਖਾ ਬੂਝਹੁ ਬ੍ਰਹਮ ਗਿਆਨੀ (੮੭੯) ਅਤੇ-ਅਰਧ ਸਰੀਰੀ ਮੋਖ ਦੁਆਰੀ (ਭਾ.ਗੁ.) ਗੁਰੂ ਅੰਗਦ ਸਾਹਿਬ ਨੇ ਮਾਤਾ ਖੀਵੀ ਨੂੰ ਪ੍ਰਮੁੱਖਤਾ ਦਿੱਤੀ, ਗੁਰੂ ਅਮਰਦਾਸ ਜੀ ਨੇ ਬਾਈ ਮੰਜੀਆਂ ਨਾਲ ਔਰਤਾਂ ਦੇ ਬਵੰਜਾ ਪੀੜੇ ਥਾਪੇ ਭਾਵ ਔਰਤਾਂ ਨੂੰ ਵੀ ਧਰਮ ਪ੍ਰਚਾਰਕ ਥਾਪਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਮਰਦ ਦੇ ਬਰਾਬਰ ਖੰਡੇ ਦੀ ਪਹੁਲ ਦੇ “ਖਾਲਸਾ ਤਖੱਲਸ” ਨਾਲ ਨਿਵਾਜਿਆ।

ਗੁਰਮਤਿ ਦੇ ਸਿਧਾਂਤ “ਏਕ ਪਿਤਾ ਏਕਸ ਹਮ ਬਾਰਿਕ” (੬੧੧) ਭਾਵ ਸਾਡਾ ਸਭ ਦਾ ਪਿਤਾ ਇੱਕ ਹੈ ਅਤੇ ਅਸੀਂ ਸਭ ਉਸ ਪ੍ਰਮਾਤਮਾਂ ਦੇ ਬੱਚੇ-ਬੱਚੀਆਂ ਹਾਂ ਅਤੇ ਇਸਤ੍ਰੀ ਤੇ ਮਰਦ ਦੋਵੇਂ ਹੀ ਪੰਜਾਂ ਤੱਤਾਂ ਤੋਂ ਪੈਦਾ ਹੋਏ ਹਾਂ। ਇਸ ਫੈਂਸਲੇ ਨੂੰ ਮੰਨ ਕੇ ਗੁਰੂ ਸਾਹਿਬਾਨ ਤੇ ਸਿੱਖ ਰਹਿਤ ਮਰਯਾਦਾ ਦਾ ਮਾਨ ਸਨਮਾਨ ਕਰਦੇ ਹੋਏ, ਸਾਨੂੰ ਫਕਰ ਕਰਨਾਂ ਚਾਹੀਦਾ ਹੈ ਕਿ ਇਸ ਮਨੁੱਖੀ ਬਰਾਬਰਤਾ ਭਾਵ ਇਸਤਰੀ ਨੂੰ ਮਰਦ ਦੇ ਬਰਾਬਰ ਦਾ ਹੱਕ ਕੇਵਲ ਤੇ ਕੇਵਲ ਸਿੱਖ ਧਰਮ ਦੇ ਰਹਿਬਰ ਗੁਰੂ ਬਾਬਾ ਨਾਨਕ ਜੀ ਨੇ ਹੀ ਦਿੱਤਾ ਹੈ, ਹੋਰ ਕਿਸੇ ਧਰਮ ਦੇ ਰਹਿਬਰ ਨੇ ਨਹੀਂ। ਅੱਜ ਜੋ ਵੀ ਸ਼ਖਸ਼ ਇਸ ਦਾ ਵਿਰੋਧ ਕਰਦਾ ਹੈ, ਉਹ ਵਾਹਿਗੁਰੂ ਪ੍ਰਮਾਤਮਾਂ ਦੇ ਹੁਕਮ ਤੋਂ ਤਾਂ ਮਨੁੱਕਰ ਹੁੰਦਾ ਹੀ ਹੈ ਸਗੋਂ ਆਪਣੀ ਮਾਂ, ਭੈਣ, ਧੀ, ਸੁਪਤਨੀ ਨੂੰ ਵੀ ਪੂਰੇ ਹੱਕ ਨਾਂ ਦੇਣ ਦਾ ਦੋਸ਼ੀ ਹੈ।

ਜਰਾ ਧਿਆਨ ਦਿਉ! ਜਿਸ ਮਾਂ ਨੇ ਪੈਦਾ ਕੀਤਾ ਹੈ ਉਹ ਬਰਾਬਰ ਦੀ ਹੱਕਦਾਰ ਕਿਉਂ ਨਹੀਂ? ਮਾਂ ਵੱਡੀ ਹੈ ਜਾਂ ਪੁੱਤਰ? ਜੋ ਕਹਿੰਦੇ ਹਨ ਕਿ ਬੀਬੀਆਂ ਪੰਜ ਪਿਆਰੇ ਸਾਜਣ ਵੇਲੇ ਉੱਠ ਕੇ ਨਹੀਂ ਆਈਆਂ, ਉਨ੍ਹਾਂ ਨੇ ਕਦੇ ਇਹ ਇਤਿਹਾਸ ਪੜ੍ਹਿਆ ਹੈ ਕਿ ਸਦੀਆਂ ਤੋਂ ਲਤਾੜੀ ਜਾ ਰਹੀ ਔਰਤ ਉੱਪਰ ਉਸ ਵੇਲੇ ਵੀ ਅਜੇ ਬਾਮਣਵਾਦ ਅਤੇ ਇਸਲਾਮੀਕਰਨ ਦਾ ਪ੍ਰਭਾਵ ਸੀ ਅਤੇ ਜੰਗ ਦਾ ਸਮਾਂ ਹੋਣ ਕਰਕੇ ਬਹੁਤੀਆਂ ਬੀਬੀਆਂ ਓਥੇ ਹਾਜ਼ਰ ਵੀ ਨਹੀਂ ਸਨ ਪਰ ਫਿਰ ਵੀ ਅੰਮ੍ਰਿਤ ਦਾ ਬਾਟਾ ਤਿਆਰ ਕਰਨ ਵੇਲੇ ਮਾਤਾ ਜੀਤੋ ਜੀ ਪਤੀ ਗੁਰੂ ਦੇ ਬਾਰਬਰ ਬਾਟੇ ਵਿੱਚ ਪਤਾਸੇ ਪਾ ਕੇ ਸੇਵਾ ਕਰ ਰਹੇ ਸਨ।

ਵਿਦਿਆ ਮਨੁੱਖਤਾ ਦਾ ਤੀਜਾ ਨੇਤਰ ਹੈ। ਅੱਜ ਦੀ ਇੱਕਵੀਂ ਸਦੀ ਵਿੱਚ ਔਰਤ ਪੜ੍ਹ ਲਿਖ ਗਈ ਹੈ ਅਤੇ ਮਰਦ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰ ਰਹੀ ਹੈ। ਅੱਜੋਕੇ ਸਮੇਂ ਵੀ ਕਈ ਦੇਸ਼ਾਂ ਦੀਆਂ ਰਾਣੀਆਂ, ਪ੍ਰਧਾਨ ਮੰਤਰੀ ਜਾਂ ਮੁੱਖੀ ਔਰਤਾਂ ਹਨ। ਜਿਵੇਂ ਪੁਰਾਤਨ ਸਮੇਂ ਬੇਬੇ ਨਾਨਕੀ ਜੀ, ਮਾਤਾ ਖੀਵੀ ਜੀ, ਬੀਬੀ ਭਾਨੀ ਜੀ, ਮਾਤਾ ਗੰਗਾ ਜੀ, ਮਾਤਾ ਗੁਜਰੀ ਜੀ, ਮਾਤਾ ਜੀਤੋ ਜੀ, ਮਾਈ ਭਾਗੋ ਜੀ, ਬੀਬੀ ਸ਼ਰਨ ਕੌਰ ਜੀ, ਬੀਬੀ ਰਾਜ ਕੌਰ ਜੀ, ਮਹਾਂਰਾਣੀ (ਜਿੰਦਾਂ) ਜਿੰਦ ਕੌਰ ਜੀ, ਆਦਿਕ ਨੇ ਪੰਥਕ ਸੇਵਾ ਕੀਤੀ। ਵਕਤੀਆ ਜ਼ਾਲਮ ਮੁਗਲ ਸਰਕਾਰ ਨਾਲ ਲੋਹਾ ਲੈਂਦੀਆਂ ਹੋਈਆਂ ਅਨੇਕਾਂ ਸਿੰਘਣੀਆਂ ਸ਼ਹਾਦਤਾਂ ਦੇ ਜਾਮ ਪੀ ਗਈਆਂ। ਉਨ੍ਹਾਂ ਦੇ ਸਾਮਹਣੇ ਜ਼ਾਲਮਾਂ ਨੇ ਬੱਚਿਆਂ ਦੇ ਟੋਟੇ-ਟੋਟੇ ਕਰਕੇ ਬੀਬੀਆਂ ਦੇ ਗਲਾਂ ਚ' ਹਾਰ ਬਣਾ ਪਾਏ ਪਰ ਸਿਦਕਵਾਨ ਬਹਾਦਰ ਸਿੰਘਣੀਆਂ ਧਰਮ ਨਹੀਂ ਹਾਰਿਆ ਸਗੋਂ ਪਿਆਰੇ ਪੰਥ ਤੋਂ ਆਪਾ ਵਾਰਿਆ। ਅਜੋਕੇ ਸਮੇਂ ਵੀ ਬੀਬੀ ਬਿਮਲ ਕੌਰ ਖ਼ਾਲਸਾ ਵਰਗੀਆਂ ਅਨੇਕਾਂ ਬੀਬੀਆਂ ਪੰਥ ਦੀ ਸੇਵਾ ਕਰ ਗਈਆਂ ਤੇ ਅਨੇਕਾਂ ਅੱਜ ਵੀ ਮਿਸ਼ਨਰੀ ਕਾਲਜਾਂ ਤੇ ਕੁਝ ਹੋਰ ਪੰਥ ਦਰਦੀ ਸਭਾ ਸੁਸਾਇਟੀਆਂ ਨਾਲ ਅੰਮ੍ਰਿਤ ਸੰਚਾਰ ਅਤੇ ਕੀਰਤਨ ਦੀ ਵੀ ਸੇਵਾ ਕਰ ਰਹੀਆਂ ਹਨ। ਅੱਜ ਅਨੇਕਾਂ ਸਭਾ ਸੁਸਾਇਟੀਆਂ ਦੀਆਂ ਮੁਖੀ ਵੀ ਹਨ ਜਿਵੇਂ ਸ੍ਰੋਮਣੀ ਕਮੇਟੀ ਅੰਮ੍ਰਿਤਸਰ, ਪਿੰਗਲਵਾੜਾ ਭਗਤ ਪੂਰਨ ਸਿੰਘ ਤੇ ਸੁਖਮਨੀ ਸਾਹਿਬ ਸੁਸਾਇਟੀਆਂ ਆਦਿਕ। ਪੰਥ ਦਾ ਫਰਜ਼ ਬਣਦਾ ਹੈ ਅੱਜ ਸਦੀਆਂ ਤੋਂ ਲਤਾੜੀ, ਪਛਾੜੀ ਤੇ ਦੁਰਕਾਰੀ ਹੋਈ ਔਰਤ ਨੂੰ ਮਨੁੱਖੀ ਬਰਾਬਰਤਾ ਦਾ ਹੱਕ ਦੇ ਕੇ, ਵਾਹਿਗੁਰੂ ਅਕਾਲ ਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕਰਦਾ ਹੋਇਆ ਸੰਸਾਰ ਨੂੰ ਇੱਕ ਸਹੀ ਨਮੂੰਨਾ ਬਣ ਕੇ ਦਿਖਾਵੇ।

ਜਰਾ ਸੋਚੋ! ਜੇ ਬੀਬੀਆਂ ਕੀਰਤਨ ਸਿੱਖ ਸਕਦੀਆਂ ਹਨ ਤਾਂ ਉਹ ਕੀਰਤਨ ਕਰ ਵੀ ਸਕਦੀਆਂ ਹਨ। ਜੇ ਅੰਮ੍ਰਿਤ ਛੱਕ ਸਕਦੀਆਂ ਹਨ ਤਾਂ ਛਕਾ ਵੀ ਸਕਦੀਆਂ ਹਨ ਕਿਉਂਕਿ ਉਹ ਹੁਣ ਖ਼ਾਲਸਾ ਪੰਥ ਦੀਆਂ ਮੈਂਬਰ ਹਨ। ਗੁਰੂ ਜੀ ਨੇ ਖੰਡੇ ਦੀ ਪਾਹੁਲ ਲੈਣ ਵਾਲੇ ਇਸਤਰੀ ਤੇ ਮਰਦ ਦੋਨਾਂ ਨੂੰ ਖ਼ਾਲਸਾ ਸ਼ਬਦ ਨਾਲ ਸੰਬੋਧਨ ਕੀਤਾ ਹੈ ਅਤੇ ਔਰਤ ਨੂੰ ਖ਼ਾਲਸੀ ਨਹੀਂ ਕਿਹਾ ਸਗੋਂ ਖ਼ਾਲਸਾ ਕਹਿ ਕੇ ਬਰਾਬਰਤਾ ਦਿੱਤੀ ਹੈ। “ਸਿੱਖ ਰਹਿਤ ਮਰਯਾਦਾ” ਅਨੁਸਾਰ ਪੰਜਾਂ ਪਿਆਰਿਆਂ ਦੀ ਸੇਵਾ ਵਿੱਚ ਸਿੰਘਣੀਆਂ ਵੀ ਸ਼ਾਮਲ ਹੋ ਸਕਦੀਆਂ ਹਨ ਪਰ ਟਕਸਾਲਾਂ ਸੰਪ੍ਰਦਾਵਾਂ ਅਤੇ ਡੇਰਿਆਂ ਦੇ ਮਗਰ ਲੱਗ ਕੇ ਅਜੋਕੇ ਪ੍ਰਬੰਧਕ ਅਤੇ ਡੇਰੇਦਾਰ ਬੀਬੀਆਂ ਨੂੰ ਬਰਾਬਰ ਦੇ ਅਧਿਕਾਰ ਨਹੀਂ ਦੇ ਰਹੇ। ਕੀ ਅਜੋਕੇ ਪ੍ਰਬੰਧਕਾਂ ਦਾ ਗੁਰੂ “ਗੁਰੂ ਗ੍ਰੰਥ ਸਾਹਿਬ” ਹੈ ਜੋ ਅਰਤ ਨੂੰ ਮਰਦ ਦੇ ਬਰਾਬਰ ਅਧਿਕਾਰ ਦਿੰਦਾ ਹੈ ਜਾਂ ਬਾਮਣ?-ਕਬੀਰ ਬਾਮਨੁ ਗੁਰੂ ਹੈ ਜਗਤ ਕਾ ਭਗਤਨ ਕਾ ਗੁਰੁ ਨਾਹਿ ॥ ਅਰਝ ਉਰਝ ਕੇ ਪਚਿ ਮੂਆ ਚਾਰੋਂ ਬੇਦੋਂ ਮਾਹਿ॥ (1377)

ਸੋ ਸਾਨੂੰ ਲਿੰਗ-ਭੇਦ ਤੋਂ ਉੱਪਰ ਉੱਠ ਕੇ ਧਾਰਮਿਕ, ਸਮਾਜਿਕ ਤੇ ਆਰਥਿਕ ਬਰਾਬਰਤਾ ਜੋ ਸਿਰਜਨਹਾਰ ਨੇ ਪਹਿਲਾਂ ਹੀ ਦਿੱਤੀ ਹੋਈ ਹੈ ਨੂੰ ਸਵੀਕਾਰ ਕਰਨਾਂ ਚਾਹੀਦਾ ਹੈ ਨਾਂ ਕਿ ਅੰਨ੍ਹੇ ਵਾਹ ਡੇਰੇਦਾਰ ਸਾਧ ਅਤੇ ਸੰਪਰਦਾਵਾਂ ਦੇ ਮਗਰ ਲੱਗਣਾ ਚਾਹੀਦਾ ਹੈ (ਜੋ ਬੀਬੀਆਂ ਤੋਂ ਮੁੱਠੀ ਚਾਪੀ ਕਰਾਉਂਦੇ ਤਾਂ ਥੱਕਦੇ ਨਹੀਂ ਪਰ ਪੰਜਾਂ ਪਿਆਰਿਆਂ ਵਿੱਚ ਸ਼ਾਮਲ ਬੀਬੀ ਉਨ੍ਹਾਂ ਨੂੰ ਟੱਚ ਕਰ ਜਾਵੇ ਤਾਂ ਉਨ੍ਹਾਂ ਦਾ ਜਤ ਭੰਗ ਹੁੰਦਾ ਹੈ) ਇਹ ਭੇਖੀ ਸਾਧ ਸਿੱਖ ਧਰਮ ਨੂੰ ਬ੍ਰਾਹਮਣੀ ਕਰਮ ਕਾਂਡਾਂ ਵਿੱਚ ਰਲ-ਗਡ ਕਰੀ ਜਾ ਰਹੇ ਹਨ, ਜਿਸ ਦਾ ਪ੍ਰਤੱਖ ਸਬੂਤ ਇਹ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਯਾਦਾ ਡੇਰਿਆਂ, ਸੰਪਰਦਾਵਾਂ ਵਿੱਚ ਲਾਗੂ ਨਹੀਂ ਕਰਦੇ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਹੋਰਨਾਂ ਗ੍ਰੰਥਾਂ ਦਾ ਵੀ ਪ੍ਰਕਾਸ਼ ਕਰਦੇ ਹਨ ਜੋ ਔਰਤਾਂ ਨੂੰ ਨੀਚ ਦਰਸਾਉਂਦੇ ਹਨ। ਹਿੰਦੂ ਧਰਮ ਗ੍ਰੰਥਾਂ ਅਤੇ ਸਮਾਜ ਵਿੱਚ ਤਾਂ ਔਰਤ ਪੈਰ ਦੀ ਜੁੱਤੀ ਬਰਾਬਰ ਮੰਨੀ ਗਈ ਹੈ-ਢੋਲ ਗਵਾਰ ਸ਼ੂਦਰ ਪਛ ਨਾਰੀ। ਜਿਹ ਸਭ ਤਾੜਨ ਕੇ ਅਧਿਕਾਰੀ। (ਤੁਲਸੀ ਦਾਸ) ਅਜਿਹੇ ਧਰਮ ਗ੍ਰੰਥਾਂ ਅਤੇ ਧਰਮ ਵਿਦਵਾਨਾਂ ਦੇ ਵਤੀਰੇ ਦਾ ਹੀ ਨਤੀਜਾ ਹੈ ਕਿ ਅੱਜ ਤੱਕ ਫੀਮੇਲ ਬੇਬੀ ਔਰਤ ਨੂੰ ਹੀ ਕੁੱਖ ਵਿੱਚ ਟੈਸਟ ਕਰਵਾ ਕੇ ਮਾਰ ਦਿੱਤਾ ਜਾਂਦਾ ਹੈ ਪਰ ਮੇਲ ਬੇਬੀ ਮੁੰਡੇ ਨੂੰ ਨਹੀਂ ਅਜਿਹਾ ਵਿਤਕਰੇ ਭਰਿਆ ਜ਼ੁਲਮ ਕਿਉਂ?

ਜੋ ਵੀਰ ਕਹਿੰਦੇ ਹਨ ਕਿ ਸਭ ਕੁਝ ਪੁਰਾਤਨ ਹੀ ਹੋਣਾ ਚਾਹੀਦਾ ਹੈ ਉਹ ਨਵੀਨ ਕਿਉਂ ਕਰ ਰਹੇ ਹਨ ਜਿਵੇਂ ਪੁਰਾਣੇ ਸਮੇਂ ਤਾਂ ਆਵਾਜਾਈ ਦੇ ਸਾਧਨ ਘੌੜ ਸਵਾਰੀ ਤੇ ਬੈਲ ਗੱਡੀਆਂ ਆਦਿਕ ਸਨ ਫਿਰ ਅੱਜ ਅਸੀਂ ਸਕੂਟਰ, ਕਾਰਾਂ-ਬੱਸਾਂ ਅਤੇ ਹਵਾਈ ਜਹਾਜ਼ ਕਿਉਂ ਵਰਤਦੇ ਹਾਂ? ਉਸ ਵੇਲੇ ਤਾਂ ਲੰਗਰ ਲੱਕੜਾਂ ਤੇ ਮੋਹੜੇ ਬਾਲ ਕੇ ਜਮੀਨ ਚ’ ਹੀ ਟੋਆ ਪੱਟ, ਲੋਹਾਂ ਉੱਪਰ ਪਕਾਇਆ ਜਾਂਦਾ ਸੀ ਫਿਰ ਅੱਜ ਗੈਸਾਂ ਵਾਲੇ ਚੁੱਲਿਆਂ ਤੇ ਕਿਉਂ ਬਣਾ ਰਹੇ ਹਾਂ? ਉਸ ਵੇਲੇ ਦਾ ਪਹਿਰਾਵਾ ਕੁੜਤਾ ਪੰਜਾਮਾਂ ਜਾਂ ਚੋਲਾ ਕਛਹਿਰਾ ਸੀ ਅੱਜ ਅਸੀਂ ਪੈਂਟਾਂ ਕਮੀਜ਼ਾਂ ਕਿਉਂ ਪਾ ਰਹੇ ਹਾਂ? ਉਸ ਵੇਲੇ ਕੱਚੇ ਮਿੱਟੀ ਗਾਰੇ ਦੇ ਬਣੇ ਘਰਾਂ ਤੇ ਕਾਨਿਆਂ ਦੀਆਂ ਛੰਨਾਂ ਵਿੱਚ ਰਹਿੰਦੇ ਸੀ ਅੱਜ ਪੱਕੇ ਸੀਮਿੰਟ ਤੇ ਸੰਗਮਰਮਰ ਦੇ ਘਰਾਂ ਕੋਠੀਆਂ ਵਿੱਚ ਕਿਉਂ ਰਹਿ ਰਹੇ ਹਾਂ? ਉਸ ਵੇਲੇ ਤਾਂ ਔਰਤਾਂ ਸਕੂਲ ਜਾਂ ਮਦਰੱਸੇ ਜਾ ਕੇ ਪੜ੍ਹ ਨਹੀਂ ਸਕਦੀਆਂ ਸਨ ਅੱਜ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਕਿਉਂ ਪੜ੍ਹਾ ਰਹੇ ਹਾਂ? ਉਸ ਵੇਲੇ ਔਰਤ ਨੌਕਰੀ ਜਾਂ ਖੇਤੀ ਵੀ ਨਹੀਂ ਸੀ ਕਰ ਸਕਦੀ ਅੱਜ ਕਿਉਂ ਨੌਕਰੀਆਂ (ਜੌਬਾਂ) ਕਰਵਾ ਰਹੇ ਹਾਂ? ਉਸ ਵੇਲੇ ਤਾਂ ਸ਼ੂਦਰਾਂ ਨੂੰ ਪ੍ਰਭੂ ਭਗਤੀ ਕਰਨ ਜਾਂ ਧਰਮ ਅਸਥਾਂਨ ਚ’ ਜਾਣ ਦਾ ਅਧਿਕਾਰ ਹੀ ਨਹੀਂ ਸੀ ਅੱਜ ਕਿਉਂ ਹੈ? ਸੋ ਜਿਉਂ ਜਿਉਂ ਜ਼ਮਾਨਾਂ ਤਰੱਕੀ ਕਰਦਾ ਹੈ ਮਨੁੱਖਤਾ ਦਾ ਰਹਿਣ ਸਹਿਣ ਤੇ ਰਹੁ ਰੀਤਾਂ ਵੀ ਬਦਲਦੀਆਂ ਹਨ।

ਸਦਾ ਲਈ ਕਿਸੇ ਦੇ ਹੱਕ ਨਹੀਂ ਦਬਾਏ ਜਾ ਸਕਦੇ ਜਦੋਂ ਉਹ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋ ਜਾਂਦਾ ਹੈ ਆਪੇ ਹੀ ਆਪਣੇ ਹੱਕ ਲੈ ਲੈਂਦਾ ਹੈ। ਅੱਜ ਹਰ ਧਰਮ ਦੀ ਔਰਤ ਪੜ੍ਹ ਲਿਖ ਕੇ, ਹਰ ਖੇਤਰ ਵਿੱਚ ਮਰਦ ਦੇ ਨਾਲ ਬਰਾਬਰ ਕੰਮ ਕਰ ਰਹੀ ਹੈ ਜੋ ਧਾਰਮਿਕ ਤੌਰ ਤੇ ਵੀ ਬਰਾਬਰ ਦੀ ਹੱਕਦਾਰ ਹੋਣੀ ਚਾਹੀਦੀ ਹੈ। ਉਸ ਨੇ ਹੁਣ ਬ੍ਰਾਹਮਣਵਾਦੀ ਸਾਧਾਂ-ਸੰਤਾਂ, ਮੁਲਾਣਿਆਂ ਅਤੇ ਪ੍ਰੋਹਿਤਵਾਦੀ ਸਿੱਖ ਆਗੂਆਂ ਤੋਂ ਆਪਣੇ ਹੱਕ ਆਪ ਲੈ ਲੈਣੇ ਹਨ ਕਿਉਂਕਿ ਗੁਰੂਆਂ ਭਗਤਾਂ ਦੀ ਬਾਣੀ ਅਤੇ ਵਿਦਿਆ ਇਹ ਹੱਕ ਉਨ੍ਹਾਂ ਨੂੰ ਦੇ ਰਹੀ ਹੈ। ਜਿਵੇਂ ਹਿੰਦੂ ਮੰਦਰ ਅਤੇ ਮੁਸਲਿਮ ਮਸਜਿਦ ਅਦਿਕ ਧਰਮ ਅਸਥਾਨਾਂ ਵਿੱਚ ਔਰਤ ਨੂੰ ਇਹ ਹੱਕ ਨਹੀਂ ਹਨ ਪਰ ਅਸੀਂ ਨਾਂ ਹਿੰਦੂ ਅਤੇ ਨਾਂ ਹੀ ਮੁਸਲਮਾਨ ਹਾਂ-ਨਾ ਹਮ ਹਿੰਦੂ ਨ ਮੁਸਲਮਾਨ॥ਅਲਾਹ ਰਾਮ ਕੇ ਪਿੰਡੁ ਪਰਾਨ॥੪॥(੧੧੩੬) ਸਿੱਖ ਧਰਮ ਅੋਰਤਾਂ ਨੂੰ ਮਰਦਾਂ ਦੇ ਬਰਾਬਰ ਹੱਕ ਦਿੰਦਾ ਹੈ। ਇਸ ਲਈ ਸਿੱਖ ਬੀਬੀਆਂ ਧਾਰਮਿਕ, ਸਮਾਜਿਕ, ਰਾਜਨੀਤਿਕ ਅਤੇ ਆਰਥਿਕ ਤੌਰ ਤੇ ਸਿੱਖ ਮਰਦਾਂ ਦੇ ਬਰਾਬਰ, ਹਰ ਖੇਤਰ ਵਿੱਚ ਕੰਮ ਕਰ ਸਕਦੀਆਂ ਹਨ। ਪਰ ਅੱਜ ਸਿੱਖ ਧਰਮ ਤੇ ਅਮਰਵੇਲ ਵਾਂਗ ਛਾਏ ਸੰਪ੍ਰਦਾਈ, ਡੇਰੇਦਾਰ ਅਤੇ ਕੁਰੱਪਟ ਬੇਈਮਾਨ ਲੀਡਰ ਹੀ ਅੋਰਤਾਂ ਦੇ ਹੱਕਾਂ ਦੇ ਰਾਹ ਦਾ ਰੋੜਾ ਬਣੇ ਹੋਏ ਹਨ।

ਹੁਣ ਮੀਡੀਆ ਤਾਕਤਵਰ ਹੋਣ ਕਰਕੇ ਅਤੇ ਇੰਟ੍ਰਨੈੱਟ ਤੇ ਸਭ ਤਰ੍ਹਾਂ ਦੀ ਜਾਣਕਾਰੀ ਗਿਆਨ ਸਭ ਨੂੰ ਬਰਾਬਰ ਮਿਲਣ ਕਰਕੇ ਦਿਨ ਪ੍ਰਤੀ ਦਿਨ ਫਰਕ ਪੈ ਰਿਹਾ ਹੈ। ਹੁਣ ਬੀਬੀਆਂ ਗੁਰਬਾਣੀ ਦਾ ਪਾਠ, ਕੀਰਤਨ, ਵਿਆਖਿਆ, ਕਵੀਸ਼ਰੀ ਅਤੇ ਢਾਡੀ ਵਾਰਾਂ ਵੀ ਗਾ ਰਹੀਆਂ ਹਨ। ਖੇਤਾਂ ਅਤੇ ਦਫਤਰਾਂ ਵਿੱਚ ਵੀ ਬਰਾਬਰ ਕੰਮ ਕਰ ਰਹੀਆਂ ਹਨ। ਰਾਜਨੀਤਿਕ ਤੌਰ ਤੇ ਵੀ ਲੀਡਰ ਬਣ ਰਹੀਆਂ ਹਨ। ਖੇਡਾਂ ਵਿੱਚ ਵੀ ਬਰਾਬਰ ਮੱਲਾਂ ਮਾਰ ਰਹੀਆਂ ਹਨ। ਪੁਲੀਸ ਅਤੇ ਫੋਜ ਵਿੱਚ ਵੀ ਬਹਾਦਰੀ ਦੇ ਜੌਹਰ ਦਿਖਾ ਰਹੀਆਂ ਹਨ। ਡਾਕਟਰੀ ਅਤੇ ਵਿਦਿਆ ਦੇ ਖੇਤਰ ਵਿੱਚ ਮਰਦਾਂ ਤੋਂ ਘੱਟ ਨਹੀਂ ਹਨ। ਘਰ ਦਾ ਕੰਮ ਕਰਦੀਆਂ ਵੀ ਨੌਕਰੀਆਂ ਅਤੇ ਬਿਜਨਸ ਕਰ ਰਹੀਆਂ ਹਨ।

ਯਾਦ ਰੱਖੋ ਜਿਸ ਦਿਨ ਬਾਮਣਵਾਦ, ਸਾਧ ਲਾਣੇ ਅਤੇ ਅੰਧ ਵਿਸ਼ਵਾਸ਼ਾਂ ਦਾ ਸੰਗਲ ਜਨਤਾ ਗਲੋਂ ਲਹਿ ਗਿਆ ਉਸ ਦਿਨ ਤੋਂ ਧਾਰਮਿਕ ਤੌਰ ਤੇ ਬੀਬੀਆਂ ਵੀ ਸਭ ਧਰਮ ਰਸਮਾਂ ਵਿੱਚ ਸ਼ਾਮਲ ਹੋ ਜਾਣਗੀਆਂ ਅਤੇ ਦੁਨੀਆਂ ਭਰ ਦੀ ਕੋਈ ਬੀਬੀ ਵੀ ਸਰਬਸਾਂਝੇ ਅਧੁਨਿਕ ਜੀਵਨਜਾਚ ਵਾਲੇ ਧਰਮ ਨੂੰ ਅਪਣਾਉਣ ਵਿੱਚ ਆਪਣਾ ਫਕਰ ਸਮਝੇਗੀ ਕਿਉਂਕਿ ਸਿੱਖ ਧਰਮ ਸੌੜੀਆਂ ਤੰਗਦਿਲੀਆਂ ਨੂੰ ਛੱਡ ਕੇ, ਸਾਰੀ ਲੁਕਾਈ ਨੂੰ ਆਪਣੇ ਸਰਬਸਾਂਝੇ ਕਲਾਵੇ ਵਿੱਚ ਲੈਣ ਦੇ ਸਮਰੱਥ ਹੈ। ਦੁਨੀਆਂ ਭਰ ਦੀਆਂ ਬੀਬੀਆਂ ਨੂੰ ਅਜਿਹੇ ਅਗਾਂਹ ਵਧੂ ਅਤੇ ਸਰਬਸਾਂਝੇ ਧਰਮ ਦੇ ਬਾਨੀ ਗੁਰੂ ਬਾਬਾ ਨਾਨਕ, ਉਨ੍ਹਾਂ ਦੇ ਜਾਂਨਸ਼ੀਨ ਗੁਰੂ ਰੱਬੀ ਭਗਤਾਂ ਅਤੇ ਹੋਰ ਧਰਮਾਂ ਦੇ ਵੀ ਅਗਾਂਹ ਵਧੂ ਆਗੂਆਂ ਤੇ ਮਾਣ ਕਰਦੇ ਹੋਏ ਗੁਰਬਾਣੀ ਅਤੇ ਉਚੇਰੀ ਵਿਦਿਆ ਤੋਂ ਸੁਚੱਜੀ ਅਗਵਾਈ ਲੈ ਕੇ, ਹਰ ਥਾਂ ਆਪਣੇ ਬਰਾਬਰ ਹੱਕ ਪ੍ਰਾਪਤ ਕਰਨੇ ਚਾਹੀਦੇ ਹਨ।
.