.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰੂ ਨਾਨਕ ਸਾਹਿਬ ਦੀ ਕ੍ਰਾਂਤੀ ਨੂੰ ਮਿਸ਼ਨਰੀ ਲਹਿਰ ਦੀ ਦੇਣ

ਗੁਰੂ ਨਾਨਕ ਸਾਹਿਬ ਜੀ ਨੇ ਸਮਾਜ ਦੇ ਹਰ ਵਰਗ ਨੂੰ ਬੜੇ ਗਹੁ ਨਾਲ ਦੇਖਿਆ, ਪਰਖਿਆ ਤੇ ਘੋਖਿਆ। ਰਾਜ ਕਰਨ ਵਾਲੀਆਂ ਤਾਕਤਾਂ ਜ਼ੁਲਮ ਰਾਂਹੀ ਆਪਣਾ ਰਾਜ ਪੱਕਾ ਕਰਨ ਵਿੱਚ ਰੁੱਝੀਆਂ ਹੋਈਆਂ ਸਨ, ਸੁੱਖ ਸ਼ਾਂਤੀ ਦਾ ਉਪਦੇਸ਼ ਦੇਣ ਵਾਲੇ ਧਾਰਮਿਕ ਆਗੂ ਪਖੰਡ ਤੇ ਅੰਧਵਿਸਵਾਸ਼ ਦਾ ਪਰਚਾਰ ਕਰਕੇ ਦਿਨ ਦੀਵੀਂ ਦੋਹੀਂ ਹੱਥੀਂ ਲੋਕਾਂ ਨੂੰ ਲੁੱਟ ਰਹੇ ਸਨ। ਗਿਆਨ ਤੋਂ ਅੰਨ੍ਹੀ ਪਰਜਾ ਆਪਣਿਆਂ ਹੱਕਾਂ ਤੇ ਫ਼ਰਜ਼ਾਂ ਦੀ ਪਹਿਚਾਣ ਕਰਨੀ ਭੁੱਲ ਚੁੱਕੀ ਸੀ। ਦੂਜੇ ਪਾਸੇ ਇਖ਼ਲਾਕੀ ਕਦਰਾਂ ਕੀਮਤਾਂ ਦੀ ਘਾਟ ਸਾਡੇ ਮੁਲਕ ਵਿੱਚ ਅੱਜ ਵੀ ਨਜ਼ਰ ਆ ਰਹੀ ਹੈ ਜਦ ਕਿ ਵਿਕਸਤ ਮੁਲਕਾਂ ਨੇ ਮਾਨਵੀ ਕਦਰਾਂ ਦੀ ਸੰਭਾਲ ਕੀਤੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਪੈਗ਼ਾਮ ਦਾ ਮੁੱਖ ਸੁਨੇਹਾ ਏਹੀ ਹੈ ਕਿ ਅਕਾਲੀ ਗੁਣਾਂ ਵਾਲੀ ਰੱਬੀ ਫਲਵਾੜੀ ਸਦਾ ਖਿੜੀ ਰਹੇ। ਹਰ ਇਨਸਾਨ ਆਪਣੀ ਜ਼ਿੰਮੇਵਾਰੀ ਸਮਝ ਕੇ ਭਾਈਚਾਰਕ ਸਾਂਝ ਦੀਆਂ ਤੰਦਾਂ ਨੂੰ ਮਜ਼ਬੂਤ ਕਰੇ ਤੇ ਆਪਸ ਵਿੱਚ ਮਿਲ ਬੈਠਣ ਦੀਆਂ ਭਾਵਨਾਵਾਂ ਨੂੰ ਸਦਾ ਅਪਨਾਈ ਰੱਖੇ। ਰੱਬੀ ਗੁਣਾਂ ਵਾਲੇ ਮਿਸ਼ਨ ਨੂੰ ਅੱਗੇ ਤੋਰਨ ਲਈ ਗੁਰੂ ਨਾਨਕ ਸਾਹਿਬ ਜੀ ਨੇ ਲੰਬਾ ਸਮਾਂ ਪਰਚਾਰ ਫੇਰੀਆਂ `ਤੇ ਲਗਾਇਆ। ਗੁਰੂ ਸਾਹਿਬ ਜੀ ਨੇ ਆਪਣੇ ਮਿਸ਼ਨ ਨੂੰ ਲੋਕਾਂ ਤੱਕ ਪਹੁੰਚਾਉਣ ਲਈ ਧਾਰਮਿਕ ਅਸਥਾਨਾਂ ਅਤੇ ਜੋੜ ਮੇਲਿਆਂ ਦੇ ਸਮੇਂ ਭਰਵੇਂ ਇਕੱਠਾਂ ਨੂੰ ਚੁਣਿਆਂ, ਕਿਉਂ ਕਿ ਅਜੇਹੀਆਂ ਥਾਵਾਂ ਤੋਂ ਦਿੱਤਾ ਗਿਆ ਸੁਨੇਹਾ ਜ਼ਿਆਦਾ ਲੋਕਾਂ ਵਿੱਚ ਤੇ ਜਲਦੀ ਪਹੁੰਚਦਾ ਹੈ। ਉਹਨਾਂ ਨੇ ਸਿੱਖ ਕੌਮ ਨੂੰ ਪੈਰਾਂ ਸਿਰ ਕਰਨ ਲਈ ਵਿਦਿਆ, ਮੱਲ ਅਖਾੜੇ, ਵਪਾਰ ਕਰਨ ਦੀ ਬਿਰਤੀ, ਕੇਂਦਰੀ ਸ਼ਹਿਰ, ਖੇਤੀ ਦੀ ਸੰਭਾਲ਼, ਸਰਬ-ਸਾਂਝੀਵਾਲਤਾ ਵਾਲਾ ਸਰਬ ਸਾਂਝਾ ਗੁਰੂ ਗ੍ਰੰਥ, ਸ਼ਸ਼ਤ੍ਰ ਵਿਦਿਆ, ਜਵਾਨੀਆਂ ਨੂੰ ਫੌਜ ਦਾ ਰੂਪ ਦੇਣਾ, ਸੰਸਾਰ ਪੱਧਰ ਦਾ ਦਵਾ-ਖਾਨਾ, ਮਨੁੱਖੀ ਹੱਕਾਂ ਲਈ ਡੱਟ ਖਲੋਣਾ ਭਾਂਵੇ ਸ਼ਹੀਦੀਆਂ ਹੀ ਕਿਉਂ ਨਾ ਦੇਣੀਆਂ ਪੈਣ ਤੇ ਜ਼ਾਲਮ ਸਰਕਾਰ ਨਾਲ ਸਿੱਧੀ ਟੱਕਰ ਲੈਣ ਤੋਂ ਵੀ ਗੁਰੇਜ ਨਾ ਕਰਨਾ ਮੁੱਖ ਮੁਦੇ ਸਨ। ਕੌਮ ਦੀ ਸਿਰਜਣਾ ਲਈ ਸ਼ਹਾਦਤਾਂ ਦਾ ਦਰਿਆ ਚਲਿਆ। ਇਸ ਸ਼ਹੀਦੀਆਂ ਵਾਲੇ ਦਰਿਆ ਦੇ ਕੰਢੇ `ਤੇ ਅਜ਼ਾਦ ਸੋਚ ਵਾਲੇ ਮੁਲਕ ਦੀ ਨੀਂਹ ਦਸਾਂ ਜਾਮਿਆਂ ਵਿੱਚ ਪੱਕੀ ਕੀਤੀ ਗਈ। ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਨੇ ਸਮਾਜ ਦੇ ਹਰ ਖੇਤਰ ਵਿੱਚ ਨਿਵੇਕਲੀ ਕ੍ਰਾਂਤੀ ਲਿਆਂਦੀ। ਅੰਧ ਵਿਸਵਾਸ਼, ਕਰਮ-ਕਾਂਡ, ਵੱਖ ਵੱਖ ਪ੍ਰਕਾਰ ਦੀ ਪੂਜਾ ਤੇ ਜਾਤਾਂ ਵਿੱਚ ਵੰਡੇ ਹੋਏ ਲੋਕਾਂ ਨੂੰ ਇੱਕ ਪਿਆਰ ਗਲਵੱਕੜੀ ਵਿੱਚ ਲਿਆ।
ਸਮਾਂ ਆਪਣੇ ਵੇਗ ਨਾਲ ਚੱਲਦਾ ਗਿਆ। ਕ੍ਰਾਂਤੀਕਾਰੀ ਸੋਚ ਵਾਲੇ ਸਿਰਾਂ ਨੂੰ ਖਤਮ ਕਰਨ ਲਈ ਸਰਕਾਰੀ ਜ਼ੁਲਮ ਦੀ ਹਨੇਰੀ ਚੱਲੀ। ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ। ਅੰਧਕਾਰ ਦਾ ਹਨੇਰਾ ਢੋਣ ਵਾਲੇ ਧਾਰਮਿਕ ਆਗੂਆਂ ਨੇ ਨਾਨਕਈ ਫਲਸਫੇ ਦਾ ਵਿਰੋਧ ਕੀਤਾ। ਨਤੀਜਨ ਲੰਬੇ ਸੰਘਰਸ਼ ਵਿਚਦੀ ਕੌਮ ਨੂੰ ਗ਼ੁਜ਼ਰਨਾ ਪਿਆ। ਆਖਰ ਸ਼ਹਾਦਤਾਂ ਦੇ ਦੌਰ ਵਿਚਦੀ ਹੁੰਦਾ ਹੋਇਆ ਖਾਲਸਾ ਰਾਜ ਕਾਇਮ ਹੋ ਗਿਆ। ਦੂਜੇ ਪਾਸੇ ਸਿੱਖ ਇਤਿਹਾਸ ਲਿਖਣ ਵਾਲੇ ਜਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਵਿੱਚ ਸੁਹਿਰਦਤਾ ਨਾ ਰਹੀ। ਜਿਸ ਬ੍ਰਹਾਮਣੀ ਦਲ਼ਦਲ਼ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਸਾਨੂੰ ਕੱਢਿਆ ਸੀ, ਸਿੱਖ ਕੌਮ ਓਸੇ ਸੋਚ ਦੀ ਫਿਰ ਧਾਰਨੀ ਹੋ ਕੇ ਰਹਿ ਗਈ ਸੀ। ਅੱਜ ਓਦੂੰ ਵੀ ਗੰਭੀਰ ਸਮੱਸਿਆ ਨਾਲ ਕੌਮ ਨੂੰ ਜੂਝਣਾ ਪੈ ਰਿਹਾ ਹੈ। ਸਿੱਖੀ `ਤੇ ਚਾਰ ਚੁਫੇਰਿਓਂ ਹਮਲੇ ਹੋਣ ਲੱਗ ਪਏ ਸਨ। 1873 ਈਸਵੀ ਨੂੰ ਚਾਰ ਸਿੱਖ ਵਿਦਿਆਰਥੀਆਂ ਨੇ ਇਸਾਈ ਮਤ ਗ੍ਰਹਿਣ ਕਰਨ ਦੀ ਸੋਚੀ ਤਾਂ ਉਸ ਸਮੇਂ ਦੇ ਵਿਦਵਾਨ ਵੀਰਾਂ ਨੇ ਸਿਰ ਜੋੜ ਕੇ ਮਸਲੇ ਦਾ ਹੱਲ ਲੱਭਣ ਦਾ ਸਾਰਥਿਕ ਯਤਨ ਕੀਤਾ। ਸਿੱਖ ਵਿਦਵਾਨਾਂ ਨੇ ਇਸਾਈ ਮਿਸ਼ਨ ਸਕੂਲ ਦੇ ਪ੍ਰਿੰਸੀਪਲ ਨਾਲ ਸਪੰਰਕ ਕਰਕੇ ਸਿੱਖ ਬੱਚਿਆਂ ਦੀ ਧਰਮ ਬਦਲੀ ਦਾ ਵਿਰੋਧ ਜਤਾਇਆ। ਅੱਗੋਂ ਸਕੂਲ ਦੇ ਪ੍ਰਿੰਸੀਪਲ ਦੇ ਜੁਆਬ ਨੇ ਸਿੱਖ ਵਿਦਵਾਨਾਂ ਨੂੰ ਨਵੇਂ ਸਿਰਿਓਂ ਸੋਚਣ ਲਈ ਮਜ਼ਬੂਰ ਕੀਤਾ। ਪ੍ਰਿੰਸੀਪਲ ਦੀਆਂ ਵਿਚਾਰਾਂ ਤੋਂ ਅਹਿਸਾਸ ਹੋਇਆ ਜੋ ਉਸ ਦੀ ਭਾਵਨਾ ਸੀ, ਕਿ ਇਹ ਠੀਕ ਹੈ ਤੁਸਾਂ ਸ਼ਹਾਦਤਾਂ ਬਹੁਤ ਦਿੱਤੀਆਂ ਹਨ, ਤੁਹਾਡੇ ਪਾਸ ਮਹਾਨ ਗੁਰੂ ਗ੍ਰੰਥ ਹੈ, ਤੁਹਾਡਾ ਇਤਿਹਾਸ ਦੁਨੀਆਂ ਨਾਲੋਂ ਨਵਾਂ ਤੇ ਨਿਵੇਕਲਾ ਹੈ ਪਰ ਤੁਹਾਡੇ ਪਾਸ ਨਾ ਤਾਂ ਕੋਈ ਕੇਂਦਰੀ ਜੱਥੇਬੰਦੀ ਹੈ ਤੇ ਨਾ ਹੀ ਸਿੱਖ ਸਿਧਾਂਤ ਨੂੰ ਪਰਚਾਰਨ ਵਾਲਾ ਯੋਗ ਲਿਟਰੇਚਰ ਹੈ। ਧਰਮ ਬਦਲੀ ਵਿੱਚ ਸਾਡਾ ਕੋਈ ਕਸੂਰ ਨਹੀਂ ਹੈ। ਤੁਸੀਂ ਆਪਣੇ ਧਰਮ ਦੀ ਵਿਚਾਰਧਾਰਾ ਦੁਨੀਆਂ ਨੂੰ ਦੱਸਣੀ ਸੀ ਪਰ ਤੁਸੀਂ ਤਾਂ ਆਪਣੇ ਬੱਚਿਆਂ ਨੂੰ ਵੀ ਨਹੀਂ ਦੱਸ ਸਕੇ। ਇੰਜ ਲੱਗਦਾ ਹੈ ਕਿ ਉਹਦੀਆਂ ਕੀਤੀਆਂ ਵਿਚਾਰਾਂ ਤੋਂ ਕਸੂਰ ਸਾਡਾ ਆਪਣਾ ਹੀ ਨਿਕਲਦਾ ਨਜ਼ਰ ਆਉਂਦਾ ਹੈ।
ਸਿੱਖੀ ਦੇ ਪਰਚਾਰ ਲਈ ਇੱਕ ਨਵੇਂ ਦੌਰ ਦੀ ਅਰੰਭਤਾ ਹੋਈ। ਬ੍ਰਹਾਮਣੀ ਤਥਾ ਇਸਾਈ ਮਤ ਦੇ ਸ਼ਿਖਸ਼ਤ ਪ੍ਰਚਾਰਕਾਂ ਦਾ ਕਿਵੇਂ ਟਾਕਰਾ ਕੀਤਾ ਜਾਏ? ਪ੍ਰੋ. ਗੁਰਮੁਖ ਸਿੰਘ ਜੀ ਤੇ ਗਿਆਨੀ ਦਿੱਤ ਸਿੰਘ ਜੀ ਹੁਰਾਂ ਨੇ ਹੋਰ ਵਿਦਵਾਨ ਵੀਰਾਂ ਨਾਲ ਰਲ਼ ਕੇ ਸਿੰਘ ਸਭਾ ਲਹਿਰ ਨੂੰ ਜਨਮ ਦਿੱਤਾ। ਇਸ ਦਾ ਉਦੇਸ਼ ਸੀ ਅਨਮਤਾਂ ਦੁਆਰਾ ਸਿੱਖ ਕੌਮ `ਤੇ ਹੋ ਰਹੇ ਹਮਲਿਆਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੁਆਰਾ ਰੋਕਣ ਲਈ ਗੁਰਮਤਿ ਸਾਹਿਤ ਪੈਦਾ ਕੀਤਾ ਜਾਏ। ਲੋਕ ਬੋਲੀ ਭਾਵ ਪੰਜਾਬੀ ਜ਼ਬਾਨ ਦੀ ਪ੍ਰਫੁੱਲਤਾ ਲਈ ਅਖ਼ਬਾਰ-ਮੈਗ਼ਜ਼ੀਨ ਚਾਲੂ ਕੀਤੇ ਜਾਣ। ਸਿੱਖੀ ਵਿਚਾਰਧਾਰਾ `ਤੇ ਸਭ ਤੋਂ ਵੱਧ ਹਮਲਾ ਬ੍ਰਹਾਮਣੀ ਸੋਚ ਦਾ ਹੋਇਆ। ਸਿੱਖੀ ਪਰਚਾਰ ਦੇ ਸੋਮੇ ਭਾਵ ਗੁਰਦੁਆਰਿਆਂ ਵਿੱਚ ਪਿਤਾ ਪੁਰਖੀ ਮਹੰਤਾਂ ਨੇ ਪੱਕੇ ਤੌਰ `ਤੇ ਕਬਜ਼ਾ ਕਰ ਲਿਆ ਸੀ। ਸਿੰਘ ਸਭਾ ਦੀ ਸੋਚ ਵਿਚੋਂ ਖਾਲਸਾ ਸਕੂਲਾਂ ਕਾਲਜਾਂ ਦਾ ਜਨਮ ਹੋਇਆ। ਸਿੱਖ ਚਿੰਤਕਾਂ ਨੇ ਮਹਿਸੂਸ ਕੀਤਾ ਕਿ ਸਿੱਖੀ ਦੇ ਪ੍ਰਚਾਰ ਪਸਾਰ ਲਈ ਸਭ ਤੋਂ ਵੱਡਾ ਅੜਿੱਕਾ ਮਹੰਤ ਹਨ ਜੋ ਸਿੱਖੀ ਨੂੰ ਬ੍ਰਹਾਮਣੀ ਰੰਗ ਵਿੱਚ ਹੀ ਰੰਗਿਆ ਹੋਇਆ ਦੇਖਣਾ ਚਹੁੰਦੇ ਸਨ। ਮਹੰਤਾਂ ਤੋਂ ਗੁਰਦੁਆਰੇ ਅਜ਼ਾਦ ਕਰਾਉਣ ਲਈ ਸਾਡੇ ਪੁਰਖਿਆਂ ਨੂੰ ਸ਼ਹੀਦੀਆਂ ਦੇਣੀਆਂ ਪਈਆਂ। ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ ਵਿੱਚ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਅੰਮ੍ਰਿਤਸਰ 1927 ਨੂੰ ਹੋਂਦ ਵਿੱਚ ਆਇਆ। ਏੱਥੇ ਇੱਕ ਵਿਚਾਰਨ ਵਾਲੀ ਗੱਲ ਹੈ ਕਿ ਇਸ ਸਮੇਂ ਵਿੱਚ ਕੋਈ ਵੀ ਡੇਰਾ, ਸਾਧ ਇਤਆਦਿਕ ਅਜੇਹਾ ਨਹੀਂ ਸੀ ਜੋ ਸਿੱਖੀ ਦੀ ਪਹਿਚਾਣ ਨੂੰ ਕਾਇਮ ਰੱਖਣ ਲਈ ਅੱਗੇ ਆਇਆ ਹੋਵੇ। ਇੱਕ ਵੀ ਅਜੇਹੀ ਜੱਥੇਬੰਦੀ ਨਹੀਂ ਦਿਸਦੀ ਜੋ ਸਿੱਖੀ ਸਰੂਪ ਜਾਂ ਸਿੱਖ ਸਿਧਾਂਤ ਦੀ ਗੱਲ ਕਰਦੀ ਨਜ਼ਰ ਆਉਂਦੀ ਹੋਵੇ। ਅੱਜ ਬਹੁਤ ਸਾਰੀਆਂ ਜੱਥੇਬੰਦੀਆਂ, ਸੰਪ੍ਰਦਾਵਾਂ ਜਾਂ ਡੇਰੇ ਆਪਣੇ ਆਪ ਨੂੰ ਇਹ ਸਾਬਤ ਕਰਨ ਵਿੱਚ ਲੱਗੇ ਹੋਏ ਹਨ ਕਿ ਗੁਰੂ ਨਾਨਕ ਸਾਹਿਬ ਦੀ ਸਿੱਖੀ ਸਾਡੇ ਡੇਰੇ ਨੇ ਹੀ ਸਾਂਭ ਕੇ ਰੱਖੀ ਹੋਈ ਹੈ। ਹਰ ਬਾਬਾ ਆਪਣੇ ਆਪ ਨੂੰ ਇਹ ਸਾਬਤ ਕਰਨ ਵਿੱਚ ਲੱਗਿਆ ਹੋਇਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਸਿਰਫ ਸਾਨੂੰ ਹੀ ਥਾਪ ਕੇ ਗਏ ਸਨ ਬਾਕੀ ਤਾਂ ਐਵੇਂ ਤੁਰੇ ਫਿਰਦੇ ਨਜ਼ਰ ਆਉਂਦੇ ਹਨ। ਗੁਰਦੁਆਰਾ ਸੁਧਾਰ ਲਹਿਰ ਸਮੇਂ ਅਜੋਕੇ ਡੇਰੇ, ਬਾਬੇ ਤੇ ਅੱਜ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਜੱਥੇਬੰਦੀਆਂ ਇਤਿਹਾਸ ਦੇ ਪੰਨਿਆਂ ਤੋਂ ਆਲੋਪ ਸਨ। ਸਿੱਖੀ ਦੇ ਪਰਚਾਰ ਵਿੱਚ ਇੱਕ ਬਹੁਤ ਵੱਡਾ ਖਲਾਅ ਸੀ ਜੋ ਸਿੰਘ ਸਭਾ ਨੇ ਭਰਿਆ ਤੇ ਚੀਫ਼ ਖਾਲਸਾ ਦੀਵਾਨ ਨੇ ਵਿਦਿਆ ਦੇ ਪ੍ਰਚਾਰ-ਪਸਾਰ ਵਲ ਉਚੇਚਾ ਧਿਆਨ ਦਿੱਤਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਹੋਂਦ ਵਿੱਚ ਆਉਣ ਨਾਲ ਕੌਮੀ ਮਸਲਿਆਂ `ਤੇ ਖੁਲ੍ਹ ਕੇ ਵਿਚਾਰਾਂ ਹੋਣ ਲੱਗੀਆਂ। ਸਿੱਖੀ ਦੀ ਪਹਿਚਾਣ ਨੂੰ ਢਾਹ ਲਾ ਰਹੀਆਂ ਸ਼ਕਤੀਆਂ ਦੀ ਪਹਿਚਾਣ ਹੋਣੀ ਸ਼ੁਰੂ ਹੋਈ। ਬ੍ਰਹਾਮਣੀ ਮਤ ਦੀ ਪ੍ਰਪੱਕਤਾ ਨੂੰ ਤੋੜਨ ਲਈ ਤੇ ਇਸਾਈ ਮਿਸ਼ਨਰੀਆਂ ਦਾ ਟਾਕਰਾ ਕਰਨ ਲਈ ਗੁਰਮਤਿ ਸਾਹਿਤ ਤੇ ਸਿਖਸ਼ਤ ਪ੍ਰਚਾਰਕ ਪੈਦਾ ਕਰਨ ਦੇ ਯਤਨ ਅਰੰਭੇ। ਸਿੱਖ ਕੌਮ ਵਿੱਚ ਚਲ ਰਹੀਆਂ ਰੰਗ-ਬਰੰਗੀਆਂ ਮਰਯਾਦਾਵਾਂ ਨੂੰ ਠੱਲ ਪਉਣ ਲਈ ਪੰਥ ਪ੍ਰਵਾਨਿਤ ਸਿੱਖ ਰਹਿਤ ਮਰਯਾਦਾ ਨੂੰ ਤਿਆਰ ਕੀਤਾ ਗਿਆ। ਨਾਨਕਈ ਫਲਸਫੇ ਵਿੱਚ ਸਿੱਖ ਕੌਮ ਨੂੰ ਰੰਗਣ ਲਈ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬ ਉੱਚਤਾ ਤੇ ਪੰਥ ਪ੍ਰਵਾਨਿਤ ਰਹਿਤ ਮਰਯਾਦਾ ਦਾ ਪ੍ਰਚਾਰ ਹੋਇਆ। ਸਿੱਖ ਕੌਮ ਅੰਦਰ ਨਵੀਂ ਜਾਗਰਤੀ ਆਈ ਤੇ ਸੰਸਾਰ ਪੱਧਰ `ਤੇ ਸਾਡੀ ਪਹਿਚਾਣ ਬਣੀ। ਏਨਾ ਕੁੱਝ ਹੋਣ ਦੇ ਬਾਵਜੂਦ ਵੀ ਅਜੇ ਬਹੁਤ ਕੁੱਝ ਕਰਨ ਵਾਲਾ ਬਾਕੀ ਸੀ। ਪ੍ਰੋਫੈਸਰ ਸਾਹਿਬ ਸਿੰਘ ਜੀ ਤੇ ਭਾਈ ਕਾਹਨ ਸਿੰਘ ਜੀ ਨਾਭਾ ਨੇ ਗੁਰਮਤਿ ਦੀ ਵਿਗਿਆਨਕ ਢੰਗ ਤਰੀਕੇ ਨਾਲ ਵਿਆਖਿਆ ਕਰਕੇ ਨਵੇਂ ਦੌਰ ਦੀ ਅਰੰਭਤਾ ਕੀਤੀ। ਪੰਜਾਹਵਿਆਂ ਤੋਂ ਬਾਅਦ ਪੜ੍ਹੇ ਲਿਖੇ ਵੀਰਾਂ ਤੋਂ ਸਿੱਖੀ ਦੇ ਪ੍ਰਚਾਰ ਲਈ ਮਿਸ਼ਨਰੀ ਲਹਿਰ ਨੂੰ ਜਨਮ ਦਿੱਤਾ। ਮਿਸ਼ਨਰੀ ਉਸ ਨੂੰ ਸਮਝਿਆ ਜਾਂਦਾ ਹੈ ਜੋ ਥਾਂ-ਪੁਰ-ਥਾਂ ਜਾ ਕੇ ਲੋਕਾਂ ਦੀਆਂ ਤਕਲੀਫਾਂ ਨੂੰ ਸਮਝ ਕੇ ਉਹਨਾਂ ਦਾ ਇਲਾਜ ਕਰੇ ਤੇ ਉਹਨਾਂ ਨੂੰ ਧਰਮ ਭਾਵ ਆਪਣੇ ਫ਼ਰਜ਼ਾਂ ਦੀ ਜਾਣਕਾਰੀ ਦੇਵੇ। ਸਿੱਖ ਵੀਰਾਂ ਨੇ ਧਰਮ ਵਿੱਚ ਫੈਲੇ ਅੰਧਕਾਰ, ਸਮਾਜਿਕ ਬੁਰਾਈਆਂ ਤੇ ਸਿਧਾਂਤਿਕ ਪਰਚਾਰ ਵਿੱਚ ਆਈ ਖੜੋਤ ਨੂੰ ਤੋੜਨ ਲਈ ਸਿੱਖੀ ਸਿਧਾਂਤ ਵਾਲੇ ਛੋਟੇ ਛੋਟੇ ਟ੍ਰੈਕਟ ਛਾਪ ਕੇ ਵੰਡਣੇ ਸ਼ੁਰੂ ਕੀਤੇ। ਗੁਰਦੁਆਰਿਆਂ ਵਿੱਚ ਕਲਾਸਾਂ ਲਗਾਉਣੀਆਂ ਅਰੰਭ ਕੀਤੀਆਂ। ਬਹੁਤਿਆਂ ਨੇ ਸਲਾਹਿਆਂ ਥੋੜਿਆਂ ਨੇ ਇਸ ਦੀ ਵਿਰੋਧਤਾ ਵੀ ਕੀਤੀ। ਇਸ ਜਦੋ -ਜਹਿਦ ਵਿੱਚ ਮਿਸ਼ਨਰੀ ਕਾਲਜ ਦਿੱਲੀ ਤੇ ਫਿਰ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਨੇ ਸਿਰ ਤੋੜਵੇਂ ਯਤਨ ਕਰਕੇ ਕੌਮ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੂੰ ਘਰ ਘਰ ਪਹੁੰਚਾਉਣ ਦਾ ਯਤਨ ਕੀਤਾ। ਆਮ ਸਮਝਿਆ ਜਾਂਦਾ ਸੀ ਕਿ ਪ੍ਰਚਾਰਕ ਕੇਵਲ ਕੋਈ ਖਾਸ ਵਰਗ ਹੀ ਹੋ ਸਕਦਾ ਹੈ। ਮਿਸ਼ਨਰੀ ਲਹਿਰ ਦੇ ਮੋਢੀਆਂ ਨੇ ਇਸ ਭਰਮ ਨੂੰ ਤੋੜ ਕੇ ਸਾਬਤ ਕਰ ਦਿੱਤਾ ਕਿ ਸਿੱਖੀ ਦਾ ਪਰਚਾਰ ਇੱਕ ਆਮ ਕਿਰਤੀ ਸਿੱਖ ਵੀ ਕਰ ਸਕਦਾ ਹੈ।
ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਘਰ ਘਰ ਤੇ ਹਰ ਵਿਆਕਤੀ ਕੋਲ ਪਹੁੰਚਾਉਣ ਲਈ ਬਹੁਤ ਸਾਰੇ ਮਿਸ਼ਨਰੀ ਕਾਲਜ ਹੋਂਦ ਵਿੱਚ ਆਏ। ਨਿਰ ਸੰਦੇਹ ਇਹਨਾਂ ਮਿਸ਼ਨਰੀ ਕਾਲਜਾਂ ਨੇ ਜੀਅ ਜਾਨ ਨਾਲ ਸਿੱਖੀ ਦੀ ਨਿਰਾਲੀ ਪਹਿਚਾਣ ਕਾਇਮ ਰੱਖਣ ਲਈ ਕੰਮ ਕੀਤਾ। ਸਾਰੇ ਮਿਸ਼ਨਰੀ ਕਾਲਜਾਂ ਨਾਲੋਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਬਾਅਦ ਵਿੱਚ ਸਥਾਪਿਤ ਹੋਇਆ ਹੈ। ਸੋ ਮਿਸ਼ਨਰੀ ਕਾਲਜਾਂ ਦੀ ਲਹਿਰ ਨੇ ਸਿੱਖੀ ਪਰਚਾਰ ਵਿੱਚ ਇੱਕ ਬਹੁਤ ਵੱਡਾ ਹਮਲਾ ਮਾਰਿਆ ਹੈ।
ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਨਾਨਕ ਸਾਹਿਬ ਜੀ ਦਾ ਅਤੇ ਹੋਰ ਗੁਰ ਪੁਰਬ ਪ੍ਰੰਪਰਾਗਤ ਢੰਗ ਨਾਲ ਮਨਾਏ ਜਾਣਗੇ। ਨਗਰ ਕੀਰਤਨ, ਪ੍ਰਭਾਤ ਫੇਰੀਆਂ, ਲੰਗਰ ਤੇ ਦੀਵਾਨ ਸਜਾਏ ਜਾਣਗੇ। ਦੁਖਾਂਤ ਇਹ ਹੈ ਕਿ ਗੁਰਪੁਰਬ ਮਨਾਉਣ ਸਬੰਧੀ ਸਾਡੀ ਕੋਈ ਵਿਉਂਤ ਬੰਦੀ ਨਹੀਂ ਹੈ। ਹਰ ਸਾਲ ਅਰਬਾਂ ਰੁਪਇਆ ਅਸੀਂ ਇਹਨਾਂ ਸਮਾਗਮਾਂ `ਤੇ ਖਰਚ ਕਰ ਰਹੇ ਹਾਂ ਪਰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦਾ ਸਹੀ ਸੁਨੇਹਾ ਦੁਨੀਆਂ ਨੂੰ ਅਸੀਂ ਕੋਈ ਵੀ ਨਹੀਂ ਦੇ ਸਕੇ। ਦਿਨ-ਬ-ਦਿਨ ਸਉਣ ਭਾਦਰੋਂ ਦੀਆਂ ਖੁੰਭਾਂ ਵਾਂਗ ਅਖੌਤੀ ਸਾਧਾਂ ਦੇ ਡੇਰੇ ਸਥਾਪਿਤ ਹੋ ਰਹੇ ਹਨ। ਗੁਰੂਆਂ ਦੀ ਤਰਜ਼ `ਤੇ ਮਰ ਚੁੱਕੇ ਸਾਧਾਂ ਦੀਆਂ ਬਰਸੀਆਂ ਤੇ ਜਨਮ ਦਿਹਾੜੇ ਮਨਾਏ ਜਾਣ ਲੱਗ ਪਏ ਹਨ। ਅਨਮਤਾਂ ਦਾ ਪ੍ਰਭਾਵ ਸਿੱਖ ਕਬੂਲੀ ਬੈਠਾ ਹੈ। ਦੇਖਣ ਨੂੰ ਅਸੀਂ ਸਿੱਖ ਲੱਗਦੇ ਹਾਂ ਪਰ ਅੰਦਰੋਂ ਸਨਾਤਨੀ ਮਤ ਨੂੰ ਪ੍ਰਨਾਏ ਗਏ ਹਾਂ। ਨੌਜਵਾਨ ਪੀੜ੍ਹੀ ਪਤਿਤ-ਪੁਣੇ ਦਾ ਸ਼ਿਕਾਰ ਹੋ ਕੇ ਨਸ਼ਿਆਂ ਵਲ ਨੂੰ ਜਾ ਰਹੀ ਹੈ। ਸਾਡੇ ਬਹੁਤੇ ਸਿੱਖ ਲੀਡਰ ਜੋਤਸ਼ੀਆਂ ਵਲੋਂ ਪਾਏ ਵਹਿਮਾਂ ਭਰਮਾਂ ਦਾ ਸ਼ਿਕਾਰ ਹੋ ਚੁੱਕੇ ਹਨ ਉਹਨਾਂ ਦੇ ਹੱਥਾਂ ਵਿੱਚ ਲਾਲ ਰੰਗ ਦੇ ਧਾਗੇ ਤੇ ਉਂਗਲ਼ਾਂ ਵਿੱਚ ਨਗਾਂ ਵਾਲੀਆਂ ਮੁੰਦਰੀਆਂ ਸ਼ਰੇ-ਆਮ ਦੇਖੀਆ ਜਾ ਸਕਦੀਆਂ ਹਨ—
ਏਕ ਚਾਕ ਹੋ ਤੋ ਸੀ ਲੂੰ, ਹਮਦਮ ਗਿਰੇਬਾਂ ਅਪਨਾ, ਜ਼ਾਲਮ ਨੇ ਫਾੜ ਡਾਲਾ ਹੈ ਯਿਹ ਤਾਰ ਤਾਰ ਕਰ ਕੇ।
ਗੁਰੂ ਨਾਨਕ ਸਾਹਿਬ ਜੀ ਦੀ ਕ੍ਰਾਂਤੀ ਕਾਰੀ ਲਹਿਰ ਨੂੰ ਅੱਜ ਨਵੇਂ ਦੌਰ ਵਿੱਚ ਨਿੱਤ ਨਵੀਆਂ ਚਨੌਤੀਆਂ ਆ ਰਹੀਆਂ ਹਨ। ਇਹਨਾਂ ਸਾਰੀਆਂ ਚਨੌਤੀਆਂ ਦਾ ਸਾਹਮਣਾ ਕਰਨ ਲਈ ਅੱਜ ਫਿਰ ਸਾਰੀਆਂ ਮਿਸ਼ਨਰੀ ਧਿਰਾਂ ਨੂੰ ਸਿਰ ਜੋੜ ਕੇ ਸਿੱਖੀ ਪ੍ਰਚਾਰ ਲਈ ਹੋਰ ਹਮਲੇ ਮਾਰਨੇ ਚਾਹੀਦੇ ਹਨ। ਗੁਰਪੁਰਬਾਂ ਦੀ ਵਿਉਂਤਬੰਦੀ ਕਰਕੇ ਸਮਾਜ ਤਥਾ ਧਰਮ ਦੇ ਨਾਂ `ਤੇ ਕੀਤੇ ਜਾ ਰਹੇ ਕਰਮ-ਕਾਂਡਾਂ ਤੋਂ ਕੌਮ ਨੂੰ ਜਾਣੂੰ ਕਰਾਉਣਾ ਚਾਹੀਦਾ ਹੈ। ਤੂਫ਼ਾਨ ਆਏ `ਤੇ ਬੇੜੇ ਤਿਆਰ ਨਹੀਂ ਕੀਤੇ ਜਾ ਸਕਦੇ ਸਗੋਂ ਤੂਫ਼ਾਨ ਦੀ ਭਾਵਨਾ ਨੂੰ ਭਾਂਪਦਿਆ ਪਹਿਲਾਂ ਬੇੜਾ ਤਿਆਰ ਕਰਨਾ ਚਾਹੀਦਾ ਹੈ, ਨਹੀਂ ਤੇ ਫਿਰ ਇਹ ਹੀ ਹੋਵੇਗਾ—
ਬੇੜਾ ਬੰਧਿ ਨ ਸਕਿਓ, ਬੰਧਨ ਕੀ ਵੇਲਾ॥ ਭਰਿ ਸਰਵਰੁ ਜਬ ਊਛਲੈ, ਤਬ ਤਰਣੁ ਦੁਹੇਲਾ॥
.