.

☬ ਮਲਾਰ ਕੀ ਵਾਰ ਮਹਲਾ ੧ ☬

(ਪੰ: ੧੨੭੮-੯੧)

ਸਟੀਕ, ਲੋੜੀਂਦੇ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੮)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੬ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕ ਮਃ ੩॥ ਊਂਨਵਿ ਊਂਨਵਿ ਆਇਆ ਵਰਸੈ ਲਾਇ ਝੜੀ॥ ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ॥ ੧ 

ਮਃ ੩॥ ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ॥ ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ॥ ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ॥ ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ॥ ੨ 

ਪਉੜੀ॥ ਸੋ ਹਰਿ ਸਦਾ ਸਰੇਵੀਐ ਜਿਸੁ ਕਰਤ ਨ ਲਾਗੈ ਵਾਰ॥ ਆਡਾਣੇ ਆਕਾਸ ਕਰਿ ਖਿਨ ਮਹਿ ਢਾਹਿ ਉਸਾਰਣਹਾਰ॥ ਆਪੇ ਜਗਤ ਉਪਾਇ ਕੈ ਕੁਦਰਤਿ ਕਰੇ ਵੀਚਾਰ॥ ਮਨਮੁਖ ਅਗੈ ਲੇਖਾ ਮੰਗੀਐ ਬਹੁਤੀ ਹੋਵੈ ਮਾਰ॥ ਗੁਰਮੁਖਿ ਪਤਿ ਸਿਉ ਲੇਖਾ ਨਿਬੜੈ ਬਖਸੇ ਸਿਫਤਿ ਭੰਡਾਰ॥ ਓਥੈ ਹਥੁ ਨ ਅਪੜੈ ਕੂਕ ਨ ਸੁਣੀਐ ਪੁਕਾਰ॥ ਓਥੈ ਸਤਿਗੁਰੁ ਬੇਲੀ ਹੋਵੈ ਕਢਿ ਲਏ ਅੰਤੀ ਵਾਰ॥ ਏਨਾ ਜੰਤਾ ਨੋ ਹੋਰ ਸੇਵਾ ਨਹੀ ਸਤਿਗੁਰੁ ਸਿਰਿ ਕਰਤਾਰ॥ ੬ 

(ਪਉੜੀ ੬, ਸਟੀਕ ਸਲੋਕਾਂ ਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਵਿਸ਼ੇਸ਼ ਨੋਟ- “ਮਲਾਰ ਕੀ ਵਾਰ ਮ: ੧” ਦੀ ਚਲਦੀ ਆ ਰਹੀ ਵਿਚਾਰ ਤੇ ਅਰਥ ਲੜੀ `ਚ ਹੁਣ ਤੱਕ ਦੀਆਂ ਬਹੁਤੀਆਂ ਪਉੜੀਆਂ `ਚ ਮੁਖ ਵਿਸ਼ਾ ਹੀ ਗੁਰਮੁਖ ਦੇ ਸਫ਼ਲ ਤੇ ਮਨਮੁਖ ਦੇ ਅਸਫ਼ਲ ਜੀਵਨ ਦਾ ਹੈ। ਜਿਵੇਂ ਪਉੜੀ ੪ `ਚ “ਆਪੇ ਛਿੰਝ ਪਵਾਇ ਮਲਾਖਾੜਾ ਰਚਿਆ॥ ਲਥੇ ਭੜਥੂ ਪਾਇ ਗੁਰਮੁਖਿ ਮਚਿਆ॥ ਮਨਮੁਖ ਮਾਰੇ ਪਛਾੜਿ ਮੂਰਖ ਕਚਿਆ” ਕਰਤੇ ਪ੍ਰਭੂ ਦੀ ਸਮੂਹ ਰਚਨਾ ਨੂੰ ਗੁਰਮੁਖ ਤੇ ਮਨਮੁਖ ਰੂਪ ਪਾਹਿਲਵਾਨਾ ਦੀਆਂ ਕੁਸ਼ਤੀਆਂ ਲਈ ਕਰਤੇ ਦਾ ਅਖਾੜਾ ਦੱਸਿਆ ਹੈ। ਇਸੇ ਤਰ੍ਹਾਂ ਕੁੱਝ ਪਉੜੀਆਂ ਦੇ ਨਾਲ ਲਗਦੇ ਸਲੋਕਾਂ `ਚ ਉਸੇ ਗੁਰਮੁਖ ਤੇ ਮਨਮੁਖ ਵਾਲੇ ਵਿਸ਼ੇ ਨੂੰ ਸੁਹਾਗਣ ਤੇ ਦੁਹਾਗਣ ਜੀਵ ਇਸਤ੍ਰੀ ਅਤੇ ਪ੍ਰਭੂ ਪਤੀ ਵਾਲੇ ਪ੍ਰਕਰਣ ਨਾਲ ਵੀ ਲਿਆ ਹੈ। ਜਦਕਿ ਨਾਲ ਨਾਲ ਪਉੜੀਆਂ ਤੇ ਸਲੋਕਾਂ `ਚ ਗੁਰੂ ਵਿਚੋਲੇ ਵਾਲੀ ਗੱਲ ਵੀ ਪੱਕੀ ਕੀਤੀ ਹੈ। ਸਪਸ਼ਟ ਕੀਤਾ ਹੋਇਆ ਹੈ ਕਿ ਸ਼ਬਦ-ਗੁਰੂ ਦੇ ਰਾਹ `ਤੇ ਚੱਲੇ ਬਿਨਾ ਜੀਵ ਇਸਤ੍ਰੀ ਦਾ ਪ੍ਰਭੂ ਨਾਲ ਮਿਲਾਪ ਹੋਣਾ ਵੀ ਸੰਭਵ ਨਹੀਂ।

ਇਸ ਤੋਂ ਵੱਡੀ ਗੱਲ, ਇਸ ਵਾਰ ਦੀਆਂ ਪਉੜੀਆਂ ਤੇ ਸਲੋਕਾਂ `ਚ ਅਜਿਹੀ ਸ਼ਬਦਾਵਲੀ ਵਧੇਰੇ ਹੈ ਜਿਸਦੇ ਮੂਲ ਤੇ ਗੁੱਝੇ ਅਰਥਾਂ ਨੂੰ ਵੀ, ਜਿਥੋਂ ਤੱਕ ਪਾਤਸ਼ਾਹ ਬਖ਼ਸ਼ਿਸ ਕਰਣ, ਸਮਝਣ ਦੀ ਲੋੜ ਹੈ। ਮਿਸਾਲ ਵੱਜੋਂ ਜਿਵੇਂ ਸਾਵਣ ਦਾ ਮਹੀਨਾ, ਸੰਸਾਰ ਤਲ `ਤੇ ਬਰਖਾ ਰੁੱਤ ਅਤੇ ਪਤੀ-ਪਤਨੀ ਦੇ ਮਿਲਾਪ ਲਈ ਸੁਹਾਵਨਾ ਤੇ ਵਿਸ਼ੇਸ਼ ਹੈ। ਜਦਕਿ ਗੁਰਦੇਵ ਨੇ ਇਥੇ ਉਸੇ ਸਾਵਣ ਦੇ ਮਹੀਨੇ ਤੇ ਉਸੇ ਬਰਖਾ ਰੁੱਤ ਵਾਲੇ ਪ੍ਰਕਰਣ ਨੂੰ ਵਰਤ ਕੇ, ਕਰਤੇ ਦੀਆਂ ਅਨੰਤ ਜੂਨਾਂ `ਚੋਂ ਪ੍ਰਭੂ ਮਿਲਾਪ ਲਈ ਵਿਸ਼ੇਸ਼ ਮਨੁੱਖਾ ਜੂਨ ਨੂੰ ਪ੍ਰਭੂ ਮਿਲਾਪ ਦੀ ਪ੍ਰਤੀਕ ਵਿਸ਼ੇਸ਼ ਰੁਤ ਵਾਲੇ ਵਿਸ਼ੇ ਨੂੰ ਲਿਆ ਹੈ। ਉਪ੍ਰੰਤ ਮਨੁੱਖਾ ਜਨਮ ਨੂੰ ਆਧਾਰ ਬਣਾ ਕੇ ਗੁਰਦੇਵ ਨੇ ਜੀਵ ਇਸਤ੍ਰੀ ਤੇ ਪ੍ਰਭੂ ਪਤੀ ਦੇ ਮਿਲਾਪ ਵਾਲੇ ਵਿਸ਼ੇ ਨੂੰ ਵੀ ਨਿਭਾਇਆ ਹੈ।

ਇਸੇ ਤਰ੍ਹਾਂ ਗੁਰਦੇਵ ਨੇ ਸੰਬੰਧਤ ਸਲੋਕਾਂ `ਚ ਵੀ “ਊਂਨਵਿ ਊਂਨਵਿ ਆਇਆ, ਵਰਸੈ ਲਾਇ ਝੜੀ” ਬਹੁਤਾ ਕਰਕੇ ਜ਼ਾਹਿਰਾ ਵਿਸ਼ਾ ਤਾਂ ਬੱਦਲਾਂ ਤੇ ਬਰਖਾ ਦਾ ਲਿਆ ਹੈ। ਜਦਕਿ ਇਸੇ ਬੱਦਲਾਂ ਤੇ ਬਰਖਾ ਨੂੰ ਆਧਾਰ ਬਨਾ ਕੇ ਗੱਲ ਸ਼ਬਦ-ਗੁਰੂ ਰਾਹੀਂ ਹਰ ਸਮੇਂ ਹੋਣ ਵਾਲੀ ਨਾਮ ਅੰਮ੍ਰਿਤ ਦੀ ਬਰਖਾ ਦੀ ਕੀਤੀ ਹੈ। ਇਸ ਲਈ ਜਦੋਂ ਤੀਕ ਸੰਬੰਧਤ ਪਉੜੀਆਂ ਤੇ ਸਲੋਕਾਂ ਵਿਚਲੀ ਅਜਿਹੀ ਸ਼ਬਦਾਵਲੀ ਦੇ ਮੂਲ ਅਰਥਾਂ `ਤੇ ਧਿਆਨ ਨਹੀਂ ਦੇਵਾਂਗੇ, ਵਾਰ ਵਿਚਲੇ ਸਿਧਾਂਤਕ ਅਰਥਾਂ ਵੱਲ ਵਧਣਾ ਸਾਡੇ ਲਈ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੋਵੇਗਾ। ਇਸੇ ਤਰ੍ਹਾਂ ਰੰਗੁ, ਨੀਰੁ, ਮੇਘੁ, ਨਿਪੰਗ. ੁ ਦੁਖੁ, ਸੁਖੁ, ਅੰਮ੍ਰਿਤੁ ਅਦਿ ਸ਼ਬਦਾਵਲੀ ਨੂੰ ਉਂਕੜ (-) ਲਗਾ ਕੇ ਉਚੇਚੇ ਇੱਕ ਵਚਨ ਕਰਣਾ, ਅਜਿਹੀ ਸ਼ਬਦਾਵਲੀ ਦੇ ਵਿਸ਼ੇਸ਼ ਅਰਥਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਤਾਂ ਤੇ ਇਸ ਪਉੜੀ ੬ ਦੀ ਵਿਚਾਰ ਵੱਲ ਵਧੀਏ:-

ਸਲੋਕ ਮਃ ੩॥ ਊਂਨਵਿ ਊਂਨਵਿ ਆਇਆ, ਵਰਸੈ ਲਾਇ ਝੜੀ॥ ਨਾਨਕ ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ॥ ੧॥ (ਪੰ: ੧੨੮੦)

ਪਦ ਅਰਥ: — ਊਂਨਵਿ ਊਂਨਵਿ— ਨੀਊਂ ਨਿਊਂ ਕੇ, ਝੁੱਕ ਝੁੱਕ ਕੇ। ਵਰਸੈ ਲਾਇ ਝੜੀ—ਅਰੁੱਕ ਬਰਖਾ, ਨਾਮ ਬਾਣੀ ਦੀ ਅਰੁੱਕ ਬਰਖਾ, ਨਾਮ ਬਾਣੀ ਦੀ ਝੜੀ। ਲਾਇ—ਲਾ ਕੇ। ਕੈ ਭਾਣੇ— (ਪ੍ਰਭੂ ਦੇ) ਹੁਕਮ `ਚ, ਪ੍ਰਭੂ ਦੀ ਰਜ਼ਾ `ਚਕੰਤ ਕੈਪ੍ਰਭੂ ਪਤੀ ਦੇ। ਰਲੀ—ਆਨੰਦ ਮਾਨ ਰਹੀਆਂ ਹਨ, ਇੱਕ ਮਿੱਕ ਹੋ ਗਈਆਂ ਹਨ, ਅਭੇਦ ਹੋ ਗਈਆਂ ਹਨ, ਸਮਾਅ ਗਈਆਂ ਹਨ।

ਅਰਥ: — (ਜਿਵੇਂ ਅਸਮਾਨ `ਚ ਪਹਿਲਾਂ ਬੱਦਲ ਬਣਦੇ ਹਨ ਤੇ ਫ਼ਿਰ ਉਹ ਹੇਠਾਂ ਧਰਤੀ `ਤੇ ਵਸਦੇ ਹਨ। ਇਸੇ ਤਰ੍ਹਾਂ ਗੁਰਦੇਵ ਇਥੇ ਉਸੇ ਪ੍ਰਕਰਣ ਨੂੰ ਵਰਤ ਕੇ ਸਪਸ਼ਟ ਕਰ ਰਹੇ ਹਨ, ਗੁਰੂ-ਬੱਦਲ ਤਾਂ ਝੁੱਕ ਝੁੱਕ ਕੇ ਤੇਜ਼ੀ ਨਾਲ ਆ ਰਿਹਾ ਤੇ ਝੜੀ ਲਗਾ ਕੇ ਵਰ੍ਹ ਰਿਹਾ ਹੈ। ਭਾਵ, ਗੁਰੂ ਤਾਂ ਸਮੂਚੇ ਮਨੁੱਖ ਮਾਤ੍ਰ ਲਈ ਝੜੀ ਬੰਨ ਕੇ ‘ਨਾਮ’ -ਅੰਮ੍ਰਿਤ ਦੀ ਅਰੁੱਕ ਬਰਖਾ ਕਰ ਰਿਹਾ ਹੈ।

ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ, ਤਾਂ ਵੀ ਜਿਹੜੇ ਜੀਉੜੇ ਸ਼ਬਦ-ਗੁਰੂ ਦੇ ਅਨੁਸਾਰੀ ਚਲਦੇ ਹਨ, ਪ੍ਰਭੂ ਪਤੀ ਦੀ ਰਜ਼ਾ `ਚ ਆਪਣਾ ਜੀਵਨ ਚਲਾਉਂਦੇ ਹਨ, ੳੇੁਹ ਜੀਉੜੇ ਹੀ (ਸਾਰੇ ਨਹੀਂ) ਜੀਵਨ ਦਾ ਸਹੀ ਅਨੰਦ ਮਾਣਦੇ ਤੇ ਸਦਾ ਲਈ ਪ੍ਰਭੂ `ਚ ਅਭੇਦ ਹੋ ਜਾਂਦੇ ਹਨ; ਮੁੜ ਜਨਮ ਮਰਨ `ਚ ਨਹੀਂ ਆਉਂਦੇ। ੧।

ਮਃ ੩॥ ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ॥ ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ॥ ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ॥ ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ॥ ੨॥ (ਪੰ: ੧੨੮੦)

ਪਦ ਅਰਥ: — ਮੇਘੈ—ਬੱਦਲ। ਮੇਘੈ ਹਥਿ ਕਿਛੁ ਨਾਹਿ ਮਨਮਤੀ ਧਰਮ ਕਰਮ ਰੂਪ ਬੱਦਲਾਂ ਦੇ ਹੱਥ `ਚ ਕੁੱਝ ਨਹੀਂ, ਇਹ ਮਨੁੱਖਾ ਜੀਵਨ ਦੀ ਸਫ਼ਲਤਾ ਦਾ ਰਾਹ ਨਹੀਂ ਹਨ। ਬਪੁੜੇਂ— ਵਿਚਾਰੇ, ਲਾਚਾਰ। ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿਹੇ ਲਾਚਾਰ ਬੰਦਿਓ! ਜੀਵਨ ਦੇ ਜਿਸ ਕਰਮਕਾਂਡੀ ਰਸਤੇ `ਤੇ ਤੁਸੀਂ ਟੁਰ ਰਹੇ ਹੋ, ਇਸ `ਚ ਜੀਵਨ ਦੀ ਸਫ਼ਲਤਾ ਬਿਲਕੁਲ ਵੀ ਨਹੀਂ।

(ਗਹਿਰਾਈ ਤੋਂ ਵਿਚਾਰਿਆਂ, ਗੁਰਬਾਣੀ ਅਨੁਸਾਰ ਮਨਮੁਖੀ ਜੀਵਨ ਦੇ ਵੀ ਕਈ ਪੱਖ ਹੁੰਦੇ ਹਨ। ਜਿਵੇਂ ਅਜਿਹੇ ਮਨਮਤੀਏ ਵੀ ਹੁੰਦੇ ਹਨ ਜਿਨ੍ਹਾਂ ਦੇ ਜੀਵਨ, ਗੁਣਾਹਾਂ ਜੁਰਮਾਂ ਨਾਲ ਭਰਪੂਰ ਹੁੰਦੇ ਹਨ, ਫ਼ਿਰ ਕੁੱਝ ਉਹ ਜਿਹੜੇ ਗੁਣਾਹਾਂ ਨਾਲ ਤਾਂ ਨਹੀਂ ਭਰੇ ਹੁੰਦੇ, ਪਰ ਮਨ ਕਰਕੇ ਕਰਤੇ ਦੀ ਹੋਂਦ ਤੋਂ ਉਹ ਵੀ ਇਨਕਾਰੀ ਤੇ ਨਾਸਤਿਕ ਹੀ ਹੁੰਦੇ ਹਨ। ਫ਼ਿਰ ਅਜਿਹੇ ਵੀ ਹੁੰਦੇ ਹਨ, “ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ॥ ਨਾਨਕ ਨਿਹਫਲੁ ਜਾਤ ਤਿਹ ਜਿਉ ਕੁੰਚਰ ਇਸਨਾਨੁ” (ਪੰ: ੧੪੨੮) ਜਿਹੜੇ ਜ਼ਾਹਿਰਾ ਤਾਂ ਵੱਡੇ ਧਰਮੀ ਹੁੰਦੇ ਹਨ ਪਰ ਹਉਮੈ ਕਾਰਣ ਉਨ੍ਹਾਂ ਦਾ ਧਰਮੀ ਹੋਣਾ ਵੀ ਕੇਵਲ ਕਰਮਕਾਂਡੀ ਹੋਣਾ ਹੀ ਰਹਿ ਜਾਂਦਾ ਹੈ। ਜਦਕਿ ਅਜਿਹੇ ਧਰਮੀ ਵੀ ਅਗਿਆਨਤਾ ਭਰਪੂਰ ਜੀਵਨ ਦੇ ਘੁੱਪ ਹਨੇਰੇ `ਚੋਂ ਨਿਕਲਣ ਲਈ ਹੱਥ ਪੈਰ ਤਾਂ ਬਹੁਤੇਰੇ ਮਾਰਦੇ ਹਨ ਪਰ ਗੁਰੂ ਵਿਹੂਣੇ ਹੋਣ ਕਾਰਣ, ਉਸ ਅਗਿਆਨਤਾ ਦੇ ਖੂਹ `ਚੋਂ ਨਿਕਲਣ ਲਈ ਉਨ੍ਹਾਂ ਨੂੰ ਰਾਹ ਨਹੀਂ ਮਿਲਦਾ। ਦਰਅਸਲ ਇਥੇ ਅਜਿਹੀ ਸ਼ਬਦਾਵਲੀ “ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ” ਅਜਿਹੇ ਮਨਮੁਖੀ ਧਰਮੀ ਜੀਵਨ ਲਈ ਵਰਤੀ ਗਈ ਹੀ ਸਾਬਤ ਹੁੰਦੀ ਹੈ। ਇਸੁ ਮੇਘੈ ਹਥਿ ਕਿਛੁ ਨਾਹਿ ਇਸਤਰ੍ਹਾਂ ਇਥੇ ਮੇਘੈ ਵਾਲੀ ਸ਼ਬਦਾੲਵਲੀ ਅਜਿਹੇ ਮਨਮਤੀ ਤੇ ਕਰਮ ਕਾਂਡੀ ਧਰਮ ਲਈ ਆਈ ਹੈ, ਨਾ ਕਿ ਨਾਮ-ਅੰਮ੍ਰਿਤ ਰੂਪ ਗੁਰੂ-ਬੱਦਲ ਲਈ।

ਮੇਘੁ—ਬੱਦਲ, ਨਾਮ ਅਮ੍ਰਿਤ ਵਾਲੇ ਗੁਰੂ-ਬੱਦਲ। ਪਠਾਇਆ—ਭੇਜਿਆ ਹੈ। ਮੰਨਿ—ਮਨ `ਚਨਦਰਿ— ਮਿਹਰ ਦੀ ਨਜ਼ਰ, ਬਖ਼ਸ਼ਿਸ਼। ਜਾ ਕਉ ਨਦਰਿ ਕਰੇਇ ਜਿਸ `ਤੇ ਪ੍ਰਭੂ ਆਪ ਬਖ਼ਸ਼ਿਸ਼ ਕਰਦਾ ਹੈ। ਕਰਣਪਲਾਹ—ਉਹ ਵਿਰਲਾਪ ਜੋ ਤਰਸ ਪੈਦਾ ਕਰੇ, ਤਰਲੇ, ਕੀਰਨੇ, ਕਰਮਕਾਂਡਾ ਵਾਲੇ ਪਲਾਲ, ਮਨਮਤੀ ਧਰਮ ਕਰਮ “ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣ” (ਪੰ: ੪੬੭)।

ਅਰਥ: — ਕਿਆ ਉਠਿ ਉਠਿ ਦੇਖਹੁ ਬਪੁੜੇਂ ਇਸੁ ਮੇਘੈ ਹਥਿ ਕਿਛੁ ਨਾਹਿ॥ ਜਿਨਿ ਏਹੁ ਮੇਘੁ ਪਠਾਇਆ ਤਿਸੁ ਰਾਖਹੁ ਮਨ ਮਾਂਹਿ- ਹੇ ਵਿਚਾਰੇ ਲਾਚਾਰ ਲੋਕੋ! ਤੁਸੀਂ ਉੱਠ ਉੱਠ ਕੇ ਇਨ੍ਹਾਂ ਬੱਦਲਾਂ ਵੱਲ ਕੀ ਦੇਖਦੇ ਹੋ। ਇਨ੍ਹਾਂ ਬੱਦਲਾਂ ਦੇ ਆਪਣੇ ਵੱਸ `ਚ ਕੁੱਝ ਨਹੀਂ ਕਿ ਇਹ ਆਪ ਵਰਖਾ ਕਰ ਸਕਣ। ਐ ਭਾਈ! ਜਿਸ ਮਾਲਕ ਨੇ ਇਹ ਬੱਦਲ ਘੱਲਿਆ ਹੈ ਉਸ ਨੂੰ ਆਪਣੇ ਮਨ `ਚ ਚੇਤੇ ਕਰੋ।

ਭਾਵ ਬਹੁਤੇ ਲੋਕ, ਧਰਮ ਕਰਮ ਤਾਂ ਅਨੇਕ ਕਰਦੇ ਹਨ ਪਰ ਕਰਦੇ ਹਨ, ਕਰਤੇ ਨੂੰ ਵਿਸਾਰ ਕੇ। ਇਸ ਲਈ ਉਨ੍ਹਾਂ ਰਾਹੀਂ ਕੀਤੇ ਅਜਿਹੇ ਸਾਰੇ ਧਰਮ-ਕਰਮ ਬਿਰਥਾ ਤੇ ਹਉਮੈ ਨੂੰ ਜਨਮ ਦੇਣ ਵਾਲੇ ਹੀ ਹੁੰਦੇ ਹਨ। ਕਿਉਂਕਿ ਜੀਵਨ ਕੇਵਲ ਉਹੀ ਸਫ਼ਲ ਹੁੰਦੇ ਤੇ ਬੇਚਾਰਗੀ ਤੋਂ ਬਚਦੇ ਹੈ ਜਿਹੜੇ ਜੀਵਨ ਸ਼ਬਦ ਗੁਰੂ ਦੇ ਆਦੇਸ਼ਾਂ ਅਨੁਸਾਰੀ ਹੋ ਕੇ, ਕਰਤੇ ਦੀ ਸਿਫ਼ਤ ਸਲਾਹ ਰਾਹੀਂ ਤਿਆਰ ਹੁੰਦੇ ਹਨ।

ਤਿਸ ਨੋ ਮੰਨਿ ਵਸਾਇਸੀ ਜਾ ਕਉ ਨਦਰਿ ਕਰੇਇ॥ ਨਾਨਕ ਨਦਰੀ ਬਾਹਰੀ ਸਭ ਕਰਣ ਪਲਾਹ ਕਰੇਇ-ਪਰ ਇਹ ਵੀ ਜੀਵ ਦੇ ਵੱਸ ਦੀ ਗੱਲ ਨਹੀਂ। ਜਿਸ ਜੀਵ `ਤੇ ਪ੍ਰਭੂ ਆਪ ਮਿਹਰ ਦੀ ਨਜ਼ਰ ਕਰੇ, ਉਸ ਦੇ ਮਨ `ਚ ਹੀ ਆਪਣਾ ਵਾਸਾ ਉਜਾਗਰ ਕਰਂਦਾ ਹੈ। ਇਸ `ਤੇ ਗੁਰੂ ਨਾਨਕ ਪਾਤਸ਼ਾਹ ਸਪਸ਼ਟ ਕਰਦੇ ਹਨ, ਪ੍ਰਭੂ ਦੀ ਮਿਹਰ ਦੀ ਨਜ਼ਰ ਤੋਂ ਬਿਨਾ ਸਾਰੀ ਸ੍ਰਿਸ਼ਟੀ ਤਰਲੈ ਲੈ ਰਹੀ ਹੈ ਤੇ ਬਹੁਤੇਰੇ ਪਲਾਲ ਪਾਲ ਰਹੀ ਹੈ ਪਰ ਬਿਅਰਥ। ਭਾਵ ਲੋਕਾਈ, ਪ੍ਰਭੂ ਮਿਲਾਪ ਲਈ ਮਨਮਤੀ ਧਰਮ ਕਰਮ ਤਾਂ ਬਹੁਤੇਰੇ ਕਰ ਰਹੀ ਹੈ ਪਰ ਉਸ ਦੀ ਕਰਤੇ ਪ੍ਰਭੂ ਨਾਲ ਸਾਂਝ ਨਹੀਂ ਬਣ ਆਉਂਦੀ। ੨।

ਗੁਰਮੱਤ ਵਿਚਾਰ ਦਰਸ਼ਨ- ਗੁਰਬਾਣੀ ਅਨੁਸਾਰ “ਜੈਸਾ ਸਤਿਗੁਰੁ ਸੁਣੀਦਾ ਤੈਸੋ ਹੀ ਮੈ ਡੀਠੁ॥ ਵਿਛੁੜਿਆ ਮੇਲੇ ਪ੍ਰਭੂ ਹਰਿ ਦਰਗਹ ਕਾ ਬਸੀਠੁ” (ਪੰ: ੯੫੭) ਕੇਵਲ ਤੇ ਕੇਵਲ ਸ਼ਬਦ ਗੁਰੂ ਹੀ ਜੀਵ ਇਸਤ੍ਰੀ ਤੇ ਪ੍ਰਭੂ ਦੇ ਆਪਸੀ ਮਿਲਾਪ ਲਈ ਵਿਚੋਲਾ ਤੇ ਮਿਲਾਵਾ ਹੁੰਦਾ ਹੈ। ਇਹੀ ਕਾਰਣ ਹੈ ਕਿ ਗ੍ਰੁਰੂ-ਸ਼ਬਦ ਦੀ ਕਮਾਈ ਬਿਨਾ ਮਨੁੱਖਾ ਜਨਮ ਕਿਸੇ ਤਰ੍ਹਾਂ ਵੀ ਸਫ਼ਲ ਨਹੀਂ ਹੋ ਸਕਦਾ।

ਅਸਲ `ਚ ਉਪ੍ਰੋਕਤ ਸਲੋਕਾਂ ਰਾਹੀਂ ਵੀ ਗੁਰਦੇਵ ਨੇ ਇਹੀ ਵਿਸ਼ਾ ਦ੍ਰਿੜ ਕਰਵਾਇਆ ਹੈ। ਫ਼ੁਰਮਾਇਆ ਹੈ, ਸ਼ਬਦ-ਗੁਰੂ ਰੂਪ ਬੱਦਲ ਰਾਹੀਂ ਨਾਮ ਅੰਮ੍ਰਿਤ ਦੀ ਝੜੀ ਤੇ ਬਰਖਾ ਤਾਂ ਹਰ ਸਮੇ, ਹਰ ਪਲ ਤੇ ਹਰੇਕ ਲਈ ਹੋ ਰਹੀ ਹੈ। ਫ਼ਿਰ ਵੀ ਇਸ ਦਾ ਲਾਭ ਉਹੀ ਜੀਵ ਇਸਤ੍ਰੀਆਂ ਲੈਂਦੀਆਂ ਹਨ ਜਿਹੜੀਆਂ “ਭਾਣੈ ਚਲੈ ਕੰਤ ਕੈ ਸੁ ਮਾਣੇ ਸਦਾ ਰਲੀ”। ਉਪ੍ਰੰਤ ਮਨੁੱਖਾ ਜਨਮ ਸਮੇਂ ਗੁਰੂ ਸ਼ਬਦ ਦਾ ਅਨੁਸਾਰੀ ਹੋਣਾ ਤੇ ਕਰਤੇ ਦੀ ਰਜ਼ਾ `ਚ ਜੀਵਨ ਨੂੰ ਤਿਆਰ ਕਰਣਾ ਵੀ ਜੀਵ ਦੇ ਆਪਣੇ ਵੱਸ `ਚ ਨਹੀਂ। ਕਿਉਂਕਿ ਇਹ ਸਭ ਵੀ ਕਰਤੇ ਦੀ ਮਿਹਰ ਦੀ ਨਜ਼ਰ ਤੇ ਨਦਰਿ ਕਰਮ ਤੋਂ ਬਿਨਾ ਸੰਭਵ ਨਹੀਂ।

ਗੁਰਦੇਵ ਇਸ ਨਾਲ ਇਹ ਵੀ ਸਪਸ਼ਟ ਕਰਦੇ ਹਨ, ਆਪ ਹੁੱਦਰੇ ਤੇ ਮਨਮਤੀ ਸੁਭਾਅ ਵੱਸ ਬਹੁਤੇਰੀ ਲੋਕਾਈ ਧਰਮੀ ਹੋਣਾ ਲੋਚਦੀ ਹੈ। ਇਸ ਤਰ੍ਹਾਂ ਉਹ ਬੇਅੰਤ ਪਲਾਲ ਪਾਲ ਕੇ ਤੇ ਬੇਅੰਤ ਧਰਮ ਕਰਮ ਕਰਕੇ ਵੀ ਬੇਚਾਰਗੀ ਤੇ ਲਾਚਾਰੀ ਦਾ ਜੀਵਨ ਹੀ ਬਤੀਤ ਕਰ ਰਹੀ ਹੁੰਦੀ ਹੈ ਜਿਵੇਂ “ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ” ਭਾਵ ਅਜਿਹੇ ਸਾਰੇ ਧਰਮ ਕਰਮ ਮਨੁੱਖਾ ਜੀਵਨ ਨੂੰ ਸਫ਼ਲ ਕਰਣ ਦੀ ਬਜਾਏ ਹਉਮੈ ਨੂੰ ਜਨਮ ਦੇਣ ਵਾਲੇ, ਬਿਰਥਾ ਤੇ ਜਨਮਾਂ ਦੇ ਗੇੜ `ਚ ਪਾਉਣ ਵਾਲੇ ਹੀ ਹੁੰਦੇ ਹਨ।

ਪਉੜੀ॥ ਸੋ ਹਰਿ ਸਦਾ ਸਰੇਵੀਐ, ਜਿਸੁ ਕਰਤ ਨ ਲਾਗੈ ਵਾਰ॥ ਆਡਾਣੇ ਆਕਾਸ ਕਰਿ, ਖਿਨ ਮਹਿ ਢਾਹਿ ਉਸਾਰਣਹਾਰ॥ ਆਪੇ ਜਗਤੁ ਉਪਾਇ ਕੈ, ਕੁਦਰਤਿ ਕਰੇ ਵੀਚਾਰ॥ ਮਨਮੁਖ ਅਗੈ ਲੇਖਾ ਮੰਗੀਐ, ਬਹੁਤੀ ਹੋਵੈ ਮਾਰ॥ ਗੁਰਮੁਖਿ ਪਤਿ ਸਿਉ ਲੇਖਾ ਨਿਬੜੈ, ਬਖਸੇ ਸਿਫਤਿ ਭੰਡਾਰ॥ ਓਥੈ ਹਥੁ ਨ ਅਪੜੈ, ਕੂਕ ਨ ਸੁਣੀਐ ਪੁਕਾਰ॥ ਓਥੈ ਸਤਿਗੁਰੁ ਬੇਲੀ ਹੋਵੈ, ਕਢਿ ਲਏ ਅੰਤੀ ਵਾਰ॥ ਏਨਾ ਜੰਤਾ ਨੋ ਹੋਰ ਸੇਵਾ ਨਹੀ, ਸਤਿਗੁਰੁ ਸਿਰਿ ਕਰਤਾਰ॥ ੬॥ (ਪੰ: ੧੨੮੦)

ਪਦ ਅਰਥ: — ਸਦਾ ਸਰੇਵੀਐ (ਉਸ ਪ੍ਰਭੂ ਨੂੰ) ਸਦਾ ਚੇਤੇ `ਚ ਰਖਣਾ ਚਾਹੀਦਾ ਹੈ। ਵਾਰ—ਦੇਰ, ਸਮਾਂ {ਜਿਵੇਂ ਬਾਣੀ “ਆਸਾ ਕੀ ਵਾਰ” `ਚ “ਜਿਨਿ ਮਾਣਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ” (ਪੰ: ੪੬੩)}। ਕਰਤ ਨ ਲਾਗੈ ਵਾਰਜਿਸ ਪ੍ਰਭੂ ਨੂੰ ਸੰਸਾਰ ਦੀ ਰਚਨਾ ਕਰਦਿਆਂ ਕੁੱਝ ਵੀ ਸਮਾਂ ਨਹੀਂ ਲਗਦਾ। ਖਿਨ ਮਹਿਅੱਖ ਝਮਕਣ ਦੇ ਸਮੇਂ `ਚ ਹੀ।

ਆਡਾਣੇ—ਅੱਡੇ ਹੋਏ, ਤਣੇ ਹੋਏ, ਅਜਿਹੇ ਆਕਾਸ਼ ਜਿਨ੍ਹਾਂ ਨੂੰ ਤਨੇ ਹੋਏ ਦੇਖ ਰਹੇ ਹਾਂ। ਕੁਦਰਤਿ ਪ੍ਰਭੂ ਦੀ ਘੜੀ ਹੋਈ ਸਮੂਹ ਰਚਨਾ। ਕਰੇ ਵੀਚਾਰਉਸ ਸਮੂਹ ਰਚਨਾ ਦੀ ਸੰਭਾਲ ਤੇ ਉਸ ਦਾ ਵਾਧਾ-ਘਾਟਾ ਭਾਵ ਸਭਕੁਝ ਪ੍ਰਭੂ ਆਪ ਹੀ ਕਰਦਾ ਤੇ ਦੇਖਦਾ ਵੀ ਹੈ। ਅਗੈ ਪ੍ਰਭੂ ਦਰ `ਤੇਅਗੈ ਲੇਖਾ ਮੰਗੀਐਪ੍ਰਭੂ ਦੇ ਸੱਚ ਨਿਆਂ `ਚ, ਜੀਵਨ `ਚ ਉਸ ਮਨਮੁਖ ਤੋਂ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ। ਬਹੁਤੀ ਹੋਵੈ ਮਾਰਮਨਮੁਖਾਂ ਨੂੰ ਮੁੜ ਜੂਨਾਂ-ਜਨਮਾਂ ਦੇ ਗੇੜ ਪਾ ਦਿੱਤਾ ਜਾਂਦਾ ਹੈ।

ਪਤਿ ਸਿਉ ਇੱਜ਼ਤ ਨਾਲ। ਲੇਖਾ ਨਿਬੜੈਪ੍ਰਭੂ ਦਰ `ਤੇ ਕਬੂਲ ਹੋ ਜਾਂਦੇ ਹਨ, ਪ੍ਰਭੂ `ਚ ਹੀ ਸਮਾਅ ਜਾਂਦੇ ਹਨ, ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ। ਬਖਸੇ ਸਿਫਤਿ ਭੰਡਾਰਗੁਰੂ ਦੇ ਅਨੁਸਾਰੀ ਹੋਣ ਕਾਰਣ, ਗ੍ਰਰੂ ਨੇ ਉਨ੍ਹਾਂ (ਗੁਰਮੁਖਾਂ) ਨੂੰ ਪ੍ਰਭੂ ਦੀ ਸਿਫ਼ਤ ਸਲਾਹ ਦਾ ਖਜ਼ਾਨਾ ਬਖ਼ਸ਼ਿਆ ਹੁੰਦਾ ਹੈ। ਓਥੈ—ਪ੍ਰਭੂ ਦਰ `ਤੇ, ਜੀਵਨ ਦੌਰਾਨ ਕੀਤੇ ਕਰਮਾਂ ਦੇ ਲੇਖੈ ਸਮੇਂ।। ਓਥੈ ਹਥੁ ਨ ਅਪੜੈ, ਕੂਕ ਨ ਸੁਣੀਐ ਪੁਕਾਰ ਉਸ ਅਵਸਥਾ `ਚ ਜਦੋਂ ਜੀਵ ਰਾਹੀਂ ਕੀਤੇ ਸਾਰੇ ਕਰਮ ਜੀਵ ਦੇ ਸਾਹਮਣੇ ਆਉਂਦੇ ਹਨ ਤਾਂ ਉਸ ਵੇਲੇ ਉਥੇ ਕਿਸੇ ਦੀ ਸਿਫ਼ਾਰਿਸ਼ ਜਾਂ ਕਿਸੇ ਰਾਹੀਂ ਮਦਦ ਨਹੀਂ ਪੁਜਦੀ ਤੇ ਨਾ ਜੀਵ ਦਾ ਰੋਣਾ ਚਿਲਾਉਣਾ ਹੀ ਸੁਣਿਆ ਜਾਂਦਾ ਹੈ। (ਇਹ ਵੀ ਧਿਆਨ ਰਹੇ ਕਿ ਇਥੇ ਅਜੇ ਵਿਸ਼ਾ ਮਨਮੁਖ ਦਾ ਹੀ ਚੱਲ ਰਿਹਾ ਹੈ, ਗੁਰਮੁਖ ਦਾ ਨਹੀਂ)

ਗੁਰਮੁਖਿ ਪਤਿ ਸਿਉ ਲੇਖਾ ਨਿਬੜੈ” -ਸ਼ਬਦ ਗੁਰੂ ਦੀ ਕਮਾਈ ਕਰਣ ਵਾਲਾ ਸਹਿਜੇ ਹੀ ਪ੍ਰਭੂ ਦਰ `ਤੇ ਕਬੂਲ ਹੋ ਜਾਂਦਾ ਹੈ, ਕਰਤੇ `ਚ ਸਮਾਅ ਜਾਂਦਾ ਹੈ ਤੇ ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦਾ। ਬਖਸੇ ਸਿਫਤਿ ਭੰਡਾਰ” -ਕਾਰਣ ਹੁੰਦਾ ਹੈ ਕਿ ਗੁਰੂ ਨੇ ਉਸ ਜਗਿਆਸੂ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਖਜ਼ਾਨਾ ਬਖ਼ਸ਼ਿਆ ਹੁੰਦਾ ਹੈ। ਓਥੈ-ਜੀਵਨ ਦੌਰਾਨ ਕੀਤੇ ਕਰਮਾਂ ਦੇ ਉਸ ਲੇਖੈ ਸਮੇਂ। ਸਤਿਗੁਰੁ ਬੇਲੀ ਹੋਵੈ” -ਅਜਿਹੇ ਕਰਮਾ ਦੇ ਹੋਣ ਵਾਲੇ ਲੇਖੇ ਜੋਖੇ ਸਮੇਂ ਸ਼ਬਦ ਗੁਰੂ ਦੀ ਕੀਤੀ ਹੋਈ ਕਮਾਈ ਹੀ ਜੀਵ ਦੀ ਸਹਾਈ ਤੇ ਮਦਦਗਾਰ ਹੁੰਦੀ ਹੈ।

ਅੰਤੀ ਵਾਰ-ਸਰੀਰ ਮੁੱਕਣ ਤੋਂ ਬਾਅਦ ਲੇਖੇ ਜੋਖੇ ਸਮੇਂ (ਨੋਟ-ਪ੍ਰੀਖਿਆ ਬਾਅਦ, ਵਦਿਆਰਥੀ ਦੀ ਪਾਸ ਫ਼ੇਲ ਬਾਰੇ ਅਸਲੀਅਤ ਨਤੀਜੇ ਤੋਂ ਹੀ ਸਾਫ਼ ਹੁੰਦੀ ਹੈ, ਪਹਿਲਾਂ ਨਹੀਂ। ਇਸੇ ਤਰ੍ਹਾਂ ਬਾਕੀ ਸਮੂਹ ਤੇ ਕਰਮਭੋਗੀ ਜੂਨਾਂ ਦੇ ਉਲਟ ਕੇਵਲ ਮਨੁੱਖਾ ਜੂਨ ਹੀ ਜੀਵ ਦੀ ਪ੍ਰੀਖਿਆ ਦਾ ਸਮਾਂ ਹੁੰਦਾ ਹੈ। ਉਂਜ ਤਾਂ ਮਨੁੱਖਾ ਜੂਨ ਦੌਰਾਨ ਸੁਆਸ ਸੁਆਸ ਦਾ ਲੇਖਾ ਨਾਲੋ ਨਾਲ ਹੁੰਦਾ ਹੈ। ਫ਼ਿਰ ਵੀ ਕਰਤੇ ਦੇ ਨਿਆਂ `ਚ, ਜੀਵ ਦਾ ਜੀਵਨ ਸਫ਼ਲ ਹੈ ਜਾਂ ਅਸਫ਼ਲ, ਅਸਲ ਨਤੀਜਾ “ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” (ਬਾਣੀ ਜਪੁ) ਸਰੀਰ ਦੇ ਮੁੱਕਣ ਬਾਅਦ ਹੀ ਆਉਂਦਾ ਹੈ। ਕਢਿ ਲਏ ਅੰਤੀ ਵਾਰ” - ਜੀਵਨ ਦੌਰਾਨ, ਕੇਵਲ ਸ਼ਬਦ ਗੁਰੂ ਦੀ ਕੀਤੀ ਕਮਾਈ ਹੀ ਜੀਵ ਨੂੰ ਅੰਤ ਸਮੇਂ ਜਨਮ ਮਰਨ ਦੇ ਗੇੜ ‘ਤੋਂ ਬਚਾਅ ਸਕਦੀ ਹੈ। ਏਨਾ ਜੰਤਾ ਨੋ ਹੋਰ ਸੇਵਾ ਨਹੀ” - ਮਨੁੱਖਾ ਜਨਮ ਦਾ ਇਕੋ ਇੱਕ ਮਕਸਦ ਹੈ, ਦੂਜਾ ਕੋਈ ਮਕਸਦ ਨਹੀਂ ਭਾਵ ਪ੍ਰਾਪਤ ਜਨਮ ਦੀ ਸਫ਼ਲਤਾ (ਅਵਰਿ ਕਾਜ ਤੇਰੈ ਕਿਤੈ ਨ ਕਾਮ॥ ਮਿਲੁ ਸਾਧਸੰਗਤਿ ਭਜੁ ਕੇਵਲ ਨਾਮ)। ਸਤਿਗੁਰੁ ਸਿਰਿ ਕਰਤਾਰ” -ਆਖ਼ਿਰ ਅਕਾਲ ਪੁਰਖ ਦਾ ਭੇਜਿਆ ਹੋਇਆ ਸਤਿਗੁਰੂ ਹੀ ਜੀਵਾਂ ਦੇ ਸਿਰ `ਤੇ ਹੱਥ ਰੱਖਦਾ ਹੈ, ਮਨੁੱਖਾ ਜਨਮ ਨੂੰ ਸਫ਼ਲ ਕਰਣ ਦੇ ਸਮ੍ਰਥ ਹੈ।

ਅਰਥ: — ਸੋ ਹਰਿ ਸਦਾ ਸਰੇਵੀਐ, ਜਿਸੁ ਕਰਤ ਨ ਲਾਗੈ ਵਾਰ” -ਹੇ ਭਾਈ! ਉਸ ਪ੍ਰਭੂ ਨੂੰ ਸਦਾ ਸਿਮਰਨਾ ਤੇ ਚੇਤੇ `ਚ ਰਖਣਾ ਚਾਹੀਦਾ ਹੈ; ਜਿਸ ਪ੍ਰਭੂ ਨੂੰ ਸੰਸਾਰ ਦੀ ਰਚਨਾ ਕਰਦਿਆਂ ਕੁੱਝ ਵੀ ਦੇਰ ਨਹੀਂ ਲਗਦੀ।

ਆਡਾਣੇ ਆਕਾਸ ਕਰਿ, ਖਿਨ ਮਹਿ ਢਾਹਿ ਉਸਾਰਣਹਾਰ” - ਪ੍ਰਭੂ, ਇਹ ਤਣੇ ਹੋਏ ਆਕਾਸ਼ ਬਣਾ ਕੇ ਤੇ ਇੱਕ ਪਲਕ ਭਰ ਦੇ ਸਮੇਂ `ਚ ਨਾਸ ਕਰ ਕੇ ਇਸਨੂੰ ਮੁੜ ਬਨਾਉਣ ਦੇ ਵੀ ਸਮ੍ਰਥ ਹੈ। ਭਾਵ ਪ੍ਰਭੂ ਦੀ ਜਿਸ ਰਚਨਾ `ਚ ਅਸੀਂ ਵਿਚਰ ਰਹੇ ਹਾਂ, ਪ੍ਰਭੂ ਤਾਂ ਅੱਖ ਝਮਕਣ ਦੇ ਸਮੇਂ `ਚ ਅਜਿਹੀਆਂ ਕਈ ਰਚਨਾਵਾਂ ਢਾਉਣ ਤੇ ਮੁੜ ਬਨਾਉਣ ਦੀ ਵੀ ਤਾਕਤ ਰਖਦਾ ਹੈ।

ਆਪੇ ਜਗਤੁ ਉਪਾਇ ਕੈ, ਕੁਦਰਤਿ ਕਰੇ ਵੀਚਾਰ” - ਪ੍ਰਭੂ ਆਪ ਹੀ ਸੰਸਾਰ ਨੂੰ ਪੈਦਾ ਕਰ ਕੇ ਫ਼ਿਰ ਉਸਦੀ ਪੂਰੀ ਸੰਭਾਲ, ਇਸਦਾ ਵਾਧਾ-ਘਾਟਾ ਤੇ ਸਭਕੁਝ ਆਪ ਹੀ ਦੇਖਦਾ ਹੈ।

ਮਨਮੁਖ ਅਗੈ ਲੇਖਾ ਮੰਗੀਐ, ਬਹੁਤੀ ਹੋਵੈ ਮਾਰ” -ਮਨਮੁਖ, ਜਿਹੜੇ ਪ੍ਰਭੂ ਨੂੰ ਵਿਸਾਰ ਕੇ ਜੀਵਨ ਭਰ ਆਪਣੇ ਮਨ ਪਿੱਛੇ ਹੀ ਟੁਰਦੇ ਤੇ ਵਿਕਾਰਾਂ ਆਦਿ ਚ ਰੁੱਝੇ ਰਹਿ ਕੇ ਜੀਵਨ ਖ਼ਤਮ ਕਰ ਦਿੰਦੇ ਹਨ। ਉਹ ਜੀਂਦੇ ਜੀਅ ਵੀ ਦੁਖੀ ਰਹਿੰਦੇ ਹਨ, ਮੌਤ ਤੋਂ ਬਾਅਦ ਵੀ ਅਗੈ ਭਾਵ ਪ੍ਰਭੂ ਦਰ `ਤੇ ਵੀ ਉਨ੍ਹਾਂ ਤੋਂ, ਉਨ੍ਹਾਂ ਰਾਹੀਂ ਕੀਤੇ ਕਰਮਾਂ ਦਾ ਲੇਖਾ ਮੰਗਿਆ ਜਾਂਦਾ ਹੈ ਤੇ ਬਦਲੇ `ਚ ਉਨ੍ਹਾਂ ਨੂੰ ਭਰਵੀਂ ਮਾਰ ਵੀ ਪੈਂਦੀ ਹੈ। ਗੁਰਬਾਣੀ ਅਨੁਸਾਰ ਅਗੈ ਮਾਰ ਪੈਣ ਦਾ ਅਰਥ ਹੈ, ਉਨ੍ਹਾਂ ਨੂੰ ਕੀਤੇ ਕਰਮਾਂ ਨੂੰ ਭੋਗਣ ਲਈ ਮੁੜ ਭਿੰਨ ਭਿੰਨ ਜਨਮਾਂ-ਗਰਭਾਂ ਦੇ ਗੇੜ `ਚ ਹੀ ਪਾ ਦਿੱਤਾ ਜਾਂਦਾ ਹੈ। ਜਿਵੇਂ “ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ” (ਪੰ: ੪੬੪)।

ਗੁਰਮੁਖਿ ਪਤਿ ਸਿਉ ਲੇਖਾ ਨਿਬੜੈ, ਬਖਸੇ ਸਿਫਤਿ ਭੰਡਾਰ” - ਪ੍ਰਭੂ ਦਰ `ਤੇ, ਗੁਰੂ ਦੇ ਹੁਕਮ `ਚ ਟੁਰਣ ਵਾਲੇ ਗੁਰਮੁਖਾਂ ਦਾ ਲੇਖਾ ਇੱਜ਼ਤ ਨਾਲ ਨਿੱਬੜ ਜਾਂਦਾ ਹੈ। ਉਹ ਕਰਤੇ ਦੇ ਦਰ `ਤੇ ਕਬੂਲ ਹੋ ਜਾਂਦੇ ਹਨ। ਜੀਵਨ ਕਾਲ `ਚ ਵੀ ਗੁਰੂ ਦੇ ਅਨੁਸਾਰੀ ਹੋਣ ਕਾਰਣ, ਗੁਰੂ ਨੇ ਉਨ੍ਹਾਂ ਨੂੰ ਪ੍ਰਭੂ ਦੀ ਸਿਫ਼ਤ ਸਲਾਹ ਦਾ ਖਜ਼ਾਨਾ ਬਖ਼ਸ਼ਿਆ ਹੁੰਦਾ ਹੈ; ਭਾਵ ਸ਼ਬਦ ਗੁਰੂ ਦੀ ਕਮਾਈ ਕਾਰਣ, ਜੀਵਨ ਦੌਰਾਨ ਵੀ ਨਾਮ ਰੰਗ `ਚ ਰੰਗੇ ਤੇ ਅਨੰਦਮਈ ਜੀਵਨ ਬਤੀਤ ਕਰਦੇ ਹਨ। ਮੌਤ ਤੋਂ ਬਾਅਦ ਵੀ ਕਰਤੇ `ਚ ਹੀ ਸਮਾਅ ਜਾਂਦੇ ਹਨ, ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ।

“ਓਥੈ ਹਥੁ ਨ ਅਪੜੈ, ਕੂਕ ਨ ਸੁਣੀਐ ਪੁਕਾਰ- ਉਥੇ ਭਾਵ ਪ੍ਰਭੂ ਦਰ `ਤੇ, ਜੀਵ ਦੇ ਕਰਮਾਂ ਦਾ ਲੇਖਾ ਜੋਖਾ ਹੋਣ ਸਮੇਂ, ਕਿਸੇ ਦਾ ਦਿੱਤ-ਲਿਆ ਕੁੱਝ ਨਹੀਂ ਪੁੱਜਦਾ ਤੇ ਨਾ ਹੀ ਜੀਵ ਦੀ ਕੂਕ-ਪੁਕਾਰ ਤੇ ਹਾਲ ਪਾਰਿਆ ਹੀ ਕੋਈ ਸੁਣਦਾ ਹੈ। ਜਿਵੇਂ “ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ” (ਪੰ: ੪੭੩) ਜਾਂ “ਕਚ ਪਕਾਈ ਓਥੈ ਪਾਇ॥ ਨਾਨਕ ਗਇਆ ਜਾਪੈ ਜਾਇ” (ਬਾਣੀ ਜਪੁ)

ਓਥੈ ਸਤਿਗੁਰੁ ਬੇਲੀ ਹੋਵੈ, ਕਢਿ ਲਏ ਅੰਤੀ ਵਾਰ” - ਜੀਵਨ ਦੌਰਾਨ ਕੀਤੇ ਕਰਮਾਂ ਦੇ ਲੇਖੈ ਸਮੇਂ, ਪ੍ਰਭੂ ਦਰ `ਤੇ ਜੀਵ ਦੀ ਮਦਦ ਕੇਵਲ ਸਤਿਗੁਰੂ ਹੀ ਕਰ ਸਕਦਾ ਹੈ, ਜਿਹੜਾ ਕਿ ਵਿਕਾਰਾਂ ਤੇ ਜਨਮ ਮਰਨ ਦੇ ਗੇੜ `ਚੋਂ ਕੱਢਣ ਦੇ ਸਮ੍ਰਥ ਹੁੰਦਾ ਹੈ। ਇਸ ਤਰ੍ਹਾਂ ਜਨਮ ਦੌਰਾਨ ਕੀਤੀ ਹੋਈ ਸ਼ਬਦ ਗੁਰੂ ਦੀ ਇੱਕ ਮਾਤ੍ਰ ਕਮਾਈ ਹੀ ਉਥੇ ਜੀਵ ਦੇ ਕੰਮ ਆਉਂਦੀ ਹੈ।

ਏਨਾ ਜੰਤਾ ਨੋ ਹੋਰ ਸੇਵਾ ਨਹੀ, ਸਤਿਗੁਰੁ ਸਿਰਿ ਕਰਤਾਰ” - ਕਿਸੇ ਹੋਰ ਕਿਸਮ ਦੀ ਕੀਤੀ ਹੋਈ ਕੋਈ ਵੀ ਸੇਵਾ, ਇਨ੍ਹਾਂ ਜੀਵਾਂ ਭਾਵ ਮਨੁੱਖ ਲਈ ਲਾਭਦਾਇਕ ਨਹੀਂ ਹੁੰਦੀ। ਅਕਾਲ ਪੁਰਖ ਦਾ ਭੇਜਿਆ ਹੋਇਆ ਸਤਿਗੁਰੂ ਹੀ ਜੀਵਾਂ ਦੇ ਸਿਰ `ਤੇ ਹੱਥ ਰੱਖਦਾ ਹੈ। ਭਾਵ ਪ੍ਰਭੂ ਵੱਲੋਂ ਪ੍ਰਾਪਤ ਮਨੁੱਖਾ ਜਨਮ ਦਾ ਇਕੋ ਹੀ ਮਕਸਦ ਹੈ ਤੇ ਉਹ ਹੈ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਾਪਤ ਜਨਮ ਨੂੰ ਸਫ਼ਲ ਕਰਣਾ। ੬।

ਗੁਰਮੱਤ ਵਿਚਾਰ ਦਰਸ਼ਨ- ਪਉੜੀ `ਚ ਪਾਤਸ਼ਾਹ ਨੇ ਦ੍ਰਿੜ ਕਰਵਾਇਆ ਹੈ ਕਿ ਮਨੁੱਖਾ ਜਨਮ ਪਾਉਣ ਬਾਅਦ, ਕਰਤੇ ਨੂੰ ਸਦਾ ਆਪਣੇ ਚਿੰਤਣ `ਚ ਰਖਣਾ ਚਾਹੀਦਾ ਹੈ। ਉਸ ਕਰਤੇ ਨੂੰ ਜਿਸਨੇ ਇਹ ਸਾਰੀ ਰਚਨਾ ਰਚੀ ਹੋਈ ਹੈ। ਫ਼ਿਰ ਜਿਸਨੇ ਕੇਵਲ ਇਸ ਰਚਨਾ ਨੂੰ ਹੀ ਨਹੀਂ ਰਚਿਆ ਬਲਕਿ ਉਹ ਅਜਿਹੀਆਂ ਰਚਨਾਵਾਂ ਨੂੰ ਪਲ ਭਰ `ਚ ਸਮੇਟਣ ਤੇ ਫ਼ਿਰ ਬਨਾਉਣ ਦੇ ਵੀ ਸਮ੍ਰਥ ਹੈ ਤੇ ਨਾਲ ਨਾਲ ਸਮੂਚੀ ਰਚਨਾ ਦੀ ਹਰ ਪੱਖੋਂ ਹਰ ਵੇਲੇ ਸੰਭਾਲ ਵੀ ਆਪ ਹੀ ਕਰਦਾ ਹੈ।

ਪਉੜੀ `ਚ ਗੁਰਦੇਵ ਇਹ ਵੀ ਸਪਸ਼ਟ ਕਰਦੇ ਹਨ ਕਿ ਉਸ ਦੀ ਰਚਨਾ `ਚ ਦੋ ਵਿਰੋਧੀ ਮਨੁੱਖਾ ਜੀਵਨ ਚੱਲਦੇ ਹਨ। ਉਨ੍ਹਾਂ `ਚੋਂ ਇੱਕ ਤਾਂ ਆਪਣੇ ਮਨ ਪਿਛੇ ਚਲਣ ਵਾਲੇ ਮਨਮੁਖ ਹੁੰਦੇ ਹਨ, ਜਿਨ੍ਹਾਂ ਨੂੰ ਸਰੀਰ ਦੇ ਮੁੱਕਣ ਤੋਂ ਬਾਅਦ ਵੀ ਕੀਤੇ ਕਰਮਾਂ ਅਨੁਸਾਰ ਬਾਰ ਬਾਰ ਦੇ ਔਖੇ ਤੇ ਸੌਖੇ ਜਨਮਾਂ ਤੇ ਜੂਨਾਂ ਵਾਲੀ ਭਰਵੀਂ ਮਾਰ ਖਾਣੀ ਪੈਂਦੀ ਤੇ ਤੜਫ਼ਨਾ ਪੈਂਦਾ ਹੈ। ਦੂਜੇ ਗੁਰਮੁਖ, ਜਿਹੜੇ ਜੀਵਨ `ਚ ਸ਼ਬਦ ਗੁਰੂ ਦੇ ਅਨੁਸਾਰੀ ਹੋ ਕੇ ਚਲਦੇ ਹਨ। ਉਨ੍ਹਾਂ ਦੇ ਜਨਮ ਤਾਂ ਪ੍ਰਭੂ ਦਰ `ਤੇ ਹੀ ਕਬੂਲ ਹੋ ਜਾਂਦੇ ਹਨ। ਉਨ੍ਹਾਂ ਦਾ ਆਵਗਉਣ ਮੁੱਕ ਜਾਂਦਾ ਹੈ ਤੇ ਉਹ ਆਪਣੇ ਅਸਲੇ ਪ੍ਰਭੂ `ਚ ਹੀ ਸਦਾ ਲਈ ਸਮਾਅ ਜਾਂਦੇ ਹਨ, ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ।

ਹੋਰ ਤਾਂ ਹੋਰ, ਪਉੜੀ `ਚ ਗੁਰਦੇਵ ਇਹ ਵੀ ਸਪਸ਼ਟ ਕਰ ਰਹੇ ਹਨ ਕਿ ਮਨੁੱਖਾ ਜਨਮ ਦਾ ਇਕੋ ਇੱਕ ਮਕਸਦ ਹੀ ਇਸ ਨੂੰ ਸਫ਼ਲ ਕਰਨਾ ਹੈ। ਇਸ ਲਈ ਇਸ ਜਨਮ ਸਮੇਂ ਜਿਹੜੇ ਜੀਵ ਗੁਰੂ ਦੇ ਅਨੁਸਾਰੀ ਹੋ ਕੇ ਚਲਦੇ ਹਨ, ਉਨ੍ਹਾਂ ਜੀਵਾਂ ਲਈ ਸ਼ਬਦ ਗੁਰੂ ਰੂਪ ਅਕਾਲ ਪੁਰਖ ਦੀ ਸਿਫ਼ਤ ਸਲਾਹ ਦਾ ਭੰਡਾਰਾ ਵੀ ਖੁੱਲ ਜਾਂਦਾ ਹੈ ਤੇ ਇਸੇ ਤੋਂ ਉਨ੍ਹਾਂ ਦਾ ਮਨੁੱਖਾ ਜਨਮ ਵੀ ਸਫ਼ਲ ਹੋ ਜਾਂਦਾ ਹੈ। ਇਸ ਦੇ ਉਲਟ ਜੇ ਅਜਿਹਾ ਨਹੀਂ ਤਾਂ ਮਨੁੱਖਾ ਸਰੀਰ ਦੇ ਮੁੱਕਣ ਬਾਅਦ, ਕੀਤੇ ਕਰਮਾਂ ਅਨੁਸਾਰ ਜੀਵ ਨੂੰ ਕੀਤੇ ਕਰਮਾਂ ਅਨੁਸਾਰ ਸਭ ਭੋਗਨਾ ਵੀ ਪੈਂਦਾ ਹੈ। ਉਸ ਸਮੇਂ ਜੀਵ ਦੀ ਮਦਦ ਵਾਸਤੇ ਕਿਸੇ ਦਾ ਦਿੱਤਾ-ਲਿਆ ਜਾਂ ਭੇਜਿਆ ਜੀਵ ਨੂੰ ਕੁੱਝ ਨਹੀਂ ਪਹੁੰਚਦਾ। ਉਸ ਸਮੇਂ ਜੀਵ ਭਾਵੇਂ ਕਿਤਨੀ ਵੀ ਹਾਲ ਪਾਰਿਆ ਪਾ ਲਵੇ ਭਾਵ ਕੀਤੇ ਕਰਮਾਂ ਅਨੁਸਾਰ ਉਸ ਜੀਵ ਨੂੰ ਭਾਵੇਂ ਫ਼ਿਰ ਤੋਂ ਜੂਨਾਂ ਦੇ ਕਿਤਨੇ ਵੀ ਭਿਅੰਕਰ ਦੁਖ ਭੋਗਣੇ ਪੈਣ, ਉਸ ਨੂੰ ਭੋਗਣੇ ਹੀ ਪੈਂਦੇ ਹਨ। ਤਾਂ ਤੇ ਗੁਰਦੇਵ ਮੁੜ ਚੇਤਾਉਨਦੇ ਹਨ, ਐ ਭਾਈ! ਜੇਕਰ ਉਨ੍ਹਾਂ ਭਿਆਨਕ ਦੁਖਾਂ ਤੋਂ ਬਚਣਾ ਲੋੜਦਾ ਹੈਂ ਤਾਂ ਪ੍ਰਾਪਤ ਮਨੁੱਖਾ ਜਨਮ ਦਾ ਲਾਭ ਲੈ, ਸ਼ਬਦ ਗੁਰੂ ਦੀ ਕਮਾਈ ਕਰ ਤੇ ਕਰਤੇ ਦੀ ਬਖ਼ਸ਼ਿਸ਼ ਦਾ ਭਾਗੀ ਬਣ, ਇਸ ਤਰ੍ਹਾਂ ਇਸ ਜਨਮ ਸਫ਼ਲ ਕਰ ਲੈ।

ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ- ਪਉੜੀ ਸੰਬੰਧੀ ਉਪਰ ਦਿੱਤੀ ਜਾ ਚੁੱਕੀ ਸੰਖੇਪ ਵਿਚਾਰ ਅਥਵਾ “ਗੁਰਮੱਤ ਵਿਚਾਰ ਦਰਸ਼ਨ” ਤੋਂ ਬਾਅਦ ਗਹੁ ਨਾਲ ਦੇਖੀਏ ਤਾਂ ਸਲੋਕਾਂ `ਚ ਵੀ ਇਨ ਬਿਨ ਇਹੀ ਵਿਸ਼ਾ ਹੈ, ਜਿਹੜਾ ਪਉੜੀ `ਚ ਹੈ ਤੇ ਉਥੇ ਵੀ ਉਸੇ ਦੀ ਵਿਆਖਿਆ ਹੈ। ਦੋਨਾਂ ਪਾਸੇ ਫ਼ਰਕ ਹੈ ਤਾਂ ਸ਼ਬਦਾਵਲੀ ਦਾ। ਉਥੇ ਸਲੋਕਾਂ `ਚ ਵੀ ਪ੍ਰਕਰਣ ਸ਼ਬਦ ਗੁਰੂ ਦਾ ਹੈ ਪਰ ਗੁਰੂ-ਬੱਦਲ ਦੇ ਨਾਂ `ਤੇ। ਉਸੇ ਤਰ੍ਹਾਂ ਉਥੇ ਵੀ ਮਨਮੁਖ ਰਾਹੀਂ ਕਰਤੇ ਨੂੰ ਵਿਸਾਰ ਕੇ ਹਉਮੈ ਦਾ ਮੂਲ ਅਨੇਕਾਂ ਮਨਮਤੀ ਕਰਮ ਤੇ ਮਨੁੱਖਾ ਜਨਮ ਨੂੰ ਬਿਅਰਥ ਕਰਣਾ ਹੈ। ਨਾਲ ਨਾਲ ਗੁਰਮੁਖਾਂ ਦਾ ਸ਼ਬਦ ਗੁਰੂ ਦੇ ਅਨੁਸਾਰੀ ਹੋ ਕੇ ਆਪਣੇ ਹਲਤ ਤੇ ਪਲਤ ਦੋਨਾਂ ਦੀ ਸ਼ੰਭਾਲ ਕਰਣੀ। ਉਪ੍ਰੰਤ ਕਰਤੇ ਅਕਾਲਪੁਰਖ ਦੀ ਸਰਬ ਉੱਚਤਾ ਦਾ ਵਰਨਣ ਤੇ ਮਨੁੱਖਾ ਜਨਮ ਸਮੇਂ ੳੇੁਸ ਕਰਤੇ ਨੂੰ ਪਛਾਨਣ ਦਾ ਵਿਸ਼ਾ। (ਚਲਦਾ) #Instt. 8.6 Mlkiv.02.014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Malaar Ki Vaar M:1 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.