.

ਚੰਗੇ ਸਮਾਜ ਦੀ ਸਿਰਜਨਾ … (21)

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

17. ਲੱਚਰਤਾ (ਅਸ਼ਲੀਲਤਾ)

ਲੱਚਰਪੁਣਾ ਜਾਂ ਅਸ਼ਲੀਲਤਾ ਦੇ ਡਿਕਸ਼ਨਰੀ ਮਾਅਨੇ ਹਨ Obsceneness, obscenity, vulgarity, salaciousness, salacity, indecency, bad manners etc.) ਆਦਿ। ਜਿੱਥੇ ਮਨੁੱਖ ਦੀ ਅਸ਼ਲੀਲ ਸੋਚ ਦੇ ਪਿੱਛੇ ਉਸ ਦੀ ਬੀਮਾਰ ਮਾਨਸਿਕ ਅਵੱਸਥਾ ਹੁੰਦੀ ਹੈ, ਉਥੇ ਉਸ ਦੇ ਗਿਆਨ-ਇੰਦ੍ਰਿਆਂ (ਅੱਖਾਂ, ਕੰਨ, ਨੱਕ, ਜੀਭ, ਚਮੜੀ) ਦੀ ਦੁਰਵਰਤੋਂ ਵੀ ਇਸ ਲਈ ਕਾਫ਼ੀ ਹੱਦ ਤੱਕ ਜ਼ਿੰਮੇਵਾਰ ਹੁੰਦੀ ਹੈ। ਉਦਾਹਰਣ ਦੇ ਤੌਰ `ਤੇ, ਵਿਕਾਰਾਂ (ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਝੂਠ, ਨਿੰਦਿਆ-ਚੁਗਲੀ, ਈਰਖਾ) ਨੂੰ ਉਤੇਜਿਤ ਕਰਨ ਵਾਲੇ ਆਡੀਓ-ਵਿਜ਼ੂਅਲ ਸੀਨਜ਼, ਮਾੜੀ ਸੰਗਤਿ, ਮਾੜੀ ਸਿੱਖਿਆ ਤੇ ਮਾੜਾ ਮਾਹੌਲ ਮਨੁੱਖ ਨੂੰ ਅਸ਼ਲੀਲ ਬਿਰਤੀਆਂ ਵਾਲਾ ਬਣਾ ਸਕਦੇ ਹਨ। ਮਜ਼੍ਹਬਾਂ ਜਾਂ ਫ਼ਿਰਕਿਆਂ ਦਾ ਮਾਨਵ-ਵਿਰੋਧੀ ਅਸ਼ਲੀਲ ਫ਼ਲਸਫ਼ਾ ਵੀ ਕਿਸੇ ਸਮੁੱਚੇ ਸਮਾਜਿਕ ਵਰਗ ਨੂੰ ਅਸ਼ਲੀਲ ਬਿਰਤੀਆਂ ਦਾ ਧਾਰਨੀ ਬਣਾ ਸਕਦਾ ਹੈ। ਕਾਮ-ਵਾਸ਼ਨਾਵਾਂ ਵਿੱਚ ਗ਼ਰਕ ਹੋਏ ਕੁੱਝ ਕੁ ਤਾਂਤਰਿਕ ਫ਼ਿਰਕਿਆਂ ਦੇ ਮੈਂਬਰ ਅਤੇ ਦੱਖਣੀ ਭਾਰਤ ਵਿੱਚ ਸਦੀਆਂ ਤੋਂ ਬ੍ਰਾਹਮਣ ਵੱਲੋਂ ਪ੍ਰਚੱਲਤ ਕੀਤੀ ਦੇਵਦਾਸੀ ਦੀ ਪ੍ਰਥਾ ਇਸ ਦੀਆਂ ਮਿਸਾਲਾਂ ਹਨ। ਆਚਾਰੀਯਾ ਰਜਨੀਸ਼ (ਓਸ਼ੋ) ਦਾ ਈਜ਼ਾਦ ਕੀਤਾ ਮਾਨਵ-ਵਿਰੋਧੀ ਫ਼ਲਸਫ਼ਾ ਵੀ ਇਸੇ ਸ਼੍ਰੇਣੀ ਵਿੱਚ ਰੱਖਿਆ ਜਾ ਸਕਦਾ ਹੈ। ਨਕਲੀ ਨਿਰੰਕਾਰੀ ਅਤੇ ਅਜੋਕੀ ਨਸਲ ਦੇ ਬਹੁਤ ਸਾਰੇ ਡੇਰੇਦਾਰ (ਅਖੌਤੀ ਸੰਤ-ਬਾਬੇ) ਵੀ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ। ਲਾਲਚੀ ਤੇ ਗ਼ੈਰ ਜ਼ਿੰਮੇਵਾਰ ਮੀਡੀਆ ਵੀ ਸਮਾਜ ਵਿੱਚ ਲੱਚਰਪੁਣਾ ਪਰੋਸਣ ਲਈ ਬਰਾਬਰ ਦਾ ਦੋਸ਼ੀ ਹੈ। ਮੀਡੀਆ ਰਾਹੀਂ ਪ੍ਰਗਟ ਹੋ ਰਹੀਆਂ ਇਨ੍ਹਾਂ ਧਿਰਾਂ ਦੀਆਂ ਕਾਲੀਆਂ ਕਰਤੂਤਾਂ ਉਪਰੋਕਤ ਤੱਥਾਂ ਦੀ ਪੁਸ਼ਟੀ ਕਰਦੀਆਂ ਹਨ। ਅਜੋਕੀ ਲੱਚਰ ਗਾਇਕੀ ਵੀ ਅਸ਼ਲੀਲ ਬਿਰਤੀਆਂ ਪੈਦਾ ਕਰਨ ਲਈ ਜ਼ਿੰਮੇਵਾਰ ਹੈ। ਮਨੁੱਖੀ ਸਮਾਜ ਦੇ ਕੁੱਝ ਕੁ ਵਰਗਾਂ ਨੂੰ ਚੰਬੜੀ ਹੋਈ ਇਹ ਬੀਮਾਰੀ ਵੀ ਚੰਗੇ ਸਮਾਜ ਦੀ ਸਿਰਜਨਾ ਦੇ ਰਾਹ ਵਿੱਚ ਵੱਡੀ ਚੁਣੌਤੀ ਹੈ ਜਿਸ ਦਾ ਪੱਕਾ ਇਲਾਜ਼ ਵੀ, ਕੇਵਲ ਅਤੇ ਕੇਵਲ, ਸ਼ਬਦ ਗੁਰੂ ਦੇ ਉਪਦੇਸ਼ਾਂ ਨੂੰ ਨਿਤਾਂ-ਪ੍ਰਤਿ ਦੇ ਅਮਲੀ ਜੀਵਨ ਦਾ ਹਿੱਸਾ ਬਣਾ ਕੇ ਹੀ ਕੀਤਾ ਜਾ ਸਕਦਾ ਹੈ, ਜੁਬਾਨੀ-ਕਲਾਮੀ ਫ਼ਿਲਾਸਫ਼ੀਆਂ ਨੂੰ ਘੋਟਣ ਨਾਲ ਨਹੀਂ।

ਵਿਸ਼ਵ-ਪੱਧਰੀ ਚੁਣੌਤੀਆਂ

ਚੰਗੇ ਸਮਾਜ ਦੀ ਸਿਰਜਨਾ ਵੱਲ ਵਧਣ ਦੇ ਰਾਹ ਵਿੱਚ, ਭਾਰਤ ਵਿਚਲੀਆਂ ਸਥਾਨਕ ਚੁਣੌਤੀਆਂ ਦਾ ਜ਼ਿਕਰ ਕਰਨ ਤੋਂ ਬਾਅਦ, ਕੁੱਝ ਕੁ ਅਤਿ ਖ਼ਤਰਨਾਕ ਵਿਸ਼ਵ-ਪੱਧਰੀ ਚੁਣੌਤੀਆਂ ਬਾਰੇ ਅੱਗੇ ਵੀਚਾਰ ਕੀਤੀ ਜਾ ਰਹੀ ਹੈ।

1. ਪੈਗ਼ੰਬਰੀ ਮੱਤਾਂ ਦੇ ਫ਼ਲਸਫ਼ਿਆਂ ਵਿਚਲੇ ਨਕਲੀ ਤੇ ਮਾਨਵ-ਵਿਰੋਧੀ ਅੰਸ਼

ਜਿਵੇਂ ਕਿ ਉੱਪਰ ਜ਼ਿਕਰ ਕੀਤਾ ਜਾ ਚੁੱਕਾ ਹੈ, ਪੈਗ਼ੰਬਰੀ ਮੱਤਾਂ ਦੇ ਪ੍ਰਚੱਲਤ ਫ਼ਲਸਫ਼ਿਆਂ ਵਿੱਚ ਬਹੁਤਾ ਕੁੱਝ ਨਕਲੀ ਅਤੇ ਮਨ-ਘੜਤ ਦਾਖਲ ਕੀਤਾ ਹੋਇਆ ਹੈ। ਇਨ੍ਹਾਂ ਪ੍ਰਚੱਲਤ ਫ਼ਲਸਫ਼ਿਆਂ ਦੇ ਜਿਹੜੇ ਅੰਸ਼ ਮਾਨਵ-ਵਿਰੋਧੀ ਅਤੇ ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਹਨ ਉਨ੍ਹਾਂ ਨੂੰ (ਸਬੰਧਤ ਫ਼ਲਸਫ਼ਿਆਂ ਦੀ ਛਾਣ-ਬੀਣ ਕਰ ਕੇ), ਰੱਦ ਕਰਵਾਉਂਣਾ ਬਹੁਤ ਹੀ ਕਠਨ ਕੰਮ ਹੈ ਅਤੇ ਇਨ੍ਹਾਂ ਇਤਰਾਜ਼ਯੋਗ ਅੰਸ਼ਾਂ ਦੇ ਹੁੰਦਿਆਂ, ਸੰਸਾਰ ਵਿੱਚ ਚੰਗੇ ਸਮਾਜ ਦੀ ਸਿਰਜਨਾ ਵੱਲ ਵਿਕਾਸ ਕਰਨਾ ਵੀ ਸੌਖਾ ਕੰਮ ਨਹੀਂ।

ਇਹ ਕਾਰਜ ਉਦੋਂ ਹੋਰ ਵੀ ਜਟਲ ਅਤੇ ਚੁਣੌਤੀਆਂ-ਭਰਪੂਰ ਬਣ ਜਾਂਦਾ ਹੈ ਜਦੋਂ ਇਨ੍ਹਾਂ ਮੱਤਾਂ ਦੇ ਕੱਟੜ ਅਤੇ ਤੁਅੱਸਬੀ ਪ੍ਰਚਾਰਕ ਤੇ ਲੀਡਰ, ਕਿਸੇ ਵੀ ਦਲੀਲ ਨੂੰ ਸੁਨਣ ਲਈ ਤਿਆਰ ਨਾ ਹੋਣ। ਮਿਸਾਲ ਦੇ ਤੌਰ `ਤੇ, ਈਸਾਈ-ਮੱਤ ਦੀ ਸਿੱਖਿਆ ਹੈ ਕਿ ਕੇਵਲ ਅਤੇ ਕੇਵਲ ਹਜ਼ਰਤ ਈਸਾ ਮਸੀਹ ਦੀ ਸ਼ਰਣ ਪੈ ਕੇ ਹੀ ਮਨੁੱਖਾ ਜੀਵਨ ਸਫ਼ਲ ਹੋ ਸਕਦਾ ਹੈ; ਇਸਲਾਮ-ਮੱਤ ਦੀ ਸਿੱਖਿਆ ਹੈ ਕਿ ਕੇਵਲ ਹਜ਼ਰਤ ਮੁਹੰਮਦ ਸਾਹਿਬ ਹੀ ਸੰਸਾਰ ਦੇ ਆਖਰੀ ਰਹਿਬਰ ਹਨ ਅਤੇ ਮੁਸਲਮਾਨਾਂ ਤੋਂ ਇਲਾਵਾ ਬਾਕੀ ਸਭ ਕਾਫ਼ਿਰ ਹਨ ਅਤੇ ਖ਼ਤਮ ਕਰਨਯੋਗ ਹਨ। ਪਰ, ਇਸ ਸਭ ਕੁੱਝ ਦੇ ਬਾਵਜੂਦ, ਸਰਬੱਤ ਦੇ ਭਲੇ ਨੂੰ ਮੁੱਖ ਰੱਖ ਕੇ, ਲੋੜੀਂਦੇ ਯਤਨ ਜਾਰੀ ਰਹਿਣੇ ਚਾਹੀਦੇ ਹਨ। ਆਸ ਕੀਤੀ ਜਾਣੀ ਚਾਹੀਦੀ ਹੈ ਕਿ ਰੱਬੀ-ਗਿਆਨ ਦਾ ਪ੍ਰਕਾਸ਼, ਜਿਵੇਂ-ਜਿਵੇਂ, ਸੰਸਾਰ ਵਿੱਚ ਫੈਲਦਾ ਜਾਵੇਗਾ, ਹੌਲੀ-ਹੌਲੀ, ਸਾਰੀਆਂ ਹੀ ਚੁਣੌਤੀਆਂ ਤੇ ਮੁਸ਼ਕਲਾਂ ਦੇ ਹੱਲ ਵੀ ਨਿਕਲਦੇ ਜਾਣਗੇ!

2. ਅੱਤਵਾਦ

ਅੱਤਵਾਦ ਸ਼ਬਦ ਦੇ ਡਿਕਸ਼ਨਰੀ ਮਾਅਨੇ ਹਨ (extremism)। ਅੱਤਵਾਦ ਕਿਸੇ ਵਿਅਕਤੀ, ਸੰਗਠਨ, ਮਜ਼੍ਹਬ, ਕੌਮ ਜਾਂ ਸਟੇਟ ਵੱਲੋਂ ਅਮਲ ਵਿੱਚ ਲਿਆਂਦਾ ਜਾ ਸਕਦਾ ਹੈ। ਕਿਸੇ ਵਿਅਕਤੀ ਜਾਂ ਸੰਗਠਨ ਵੱਲੋਂ ਫੈਲਾਏ ਜਾ ਰਹੇ ਅੱਤਵਾਦ ਨੁੰ ਖਤਮ ਕਰਨਾ ਬਹੁਤਾ ਔਖਾ ਕੰਮ ਨਹੀਂ ਹੁੰਦਾ। ਪਰ, ਕਿਸੇ ਮਜ਼੍ਹਬ, ਕੌਮ ਜਾਂ ਸਟੇਟ ਵੱਲੋਂ ਫੈਲਾਏ ਜਾ ਰਹੇ ਅੱਤਵਾਦ ਨੂੰ ਖ਼ਤਮ ਕਰਨਾ ਸੌਖੀ ਗੱਲ ਨਹੀਂ ਹੁੰਦੀ।

ਮਜ਼੍ਹਬੀ ਅੱਤਵਾਦ

ਲੇਖਕ ਦੀ ਸਮਝ ਅਨੁਸਾਰ, ਕਿਸੇ ਵੀ ਮਜ਼੍ਹਬ ਦੇ ਬਾਨੀ ਨੇ, ਨਿਰਦੋਸ਼ ਮਨੁੱਖਤਾ ਨੂੰ ਅਤੰਕਤ ਕਰਨ ਵਾਲੇ ਫ਼ਲਸਫ਼ੇ ਨੂੰ ਨਹੀਂ ਪ੍ਰਚਾਰਿਆ, ਪਰ, ਉਨ੍ਹਾਂ ਦੇ ਨਾਂ `ਤੇ ਮਾਨਵ-ਵਿਰੋਧੀ ਖ਼ੁਦਗਰਜ਼ ਸੰਗਠਨ (ਖ਼ਾਸ ਕਰ ਕੇ ‘ਹਾਕਮ-ਪੁਜਾਰੀ-ਮਾਇਆਧਾਰੀ’ ਦੀ ਤਿੱਕੜੀ) ਨੇ ਸਮਾਂ ਪਾ ਕੇ ਅਤੰਕਵਾਦੀ ਮਜ਼੍ਹਬੀ ਫ਼ਲਸਫ਼ਿਆਂ ਨੂੰ ਪ੍ਰਚੱਲਤ ਕਰ ਦਿੱਤਾ। ਇਹੋ ਹੀ ਮੁੱਖ ਕਾਰਨ ਹੈ ਕਿ ਅੱਜ ਇਕ੍ਹੀਵੀਂ ਸਦੀ ਵਿੱਚ ਵੀ ਮਜ਼੍ਹਬਾਂ ਦੇ ਨਾਂ `ਤੇ ਸੰਸਾਰ ਵਿੱਚ ਨਫ਼ਰਤ ਤੇ ਵੈਰ-ਵਿਰੋਧ ਫੈਲਾਏ ਜਾ ਰਹੇ ਹਨ ਅਤੇ ਨਿਰਦੋਸ਼ ਲੋਕਾਂ ਦਾ ਖ਼ੂਨ ਵਹਾਇਆ ਜਾ ਰਿਹਾ ਹੈ। ਇਸਲਾਮ-ਮੱਤ ਦੇ ਮੌਜ਼ੂਦਾ ਫ਼ਲਸਫ਼ੇ ਦੀ ਆੜ ਹੇਠ ਜਿਤਨੇ ਵੀ ਇਸਲਾਮਿਕ ਸੰਗਠਨ ਦੂਜੇ ਮੱਤਾਂ ਦੇ ਖਿਲਾਫ਼ ਨਫਰਤ ਪੈਦਾ ਕਰ ਕੇ ਸੰਸਾਰ ਅੰਦਰ ਲੜਾਈ-ਝਗੜੇ ਖੜ੍ਹੇ ਕਰ ਰਹੇ ਹਨ ਅਤੇ ਅਖੌਤੀ ਹਿੰਦੂ-ਮੱਤ (ਅਸਲ ਵਿੱਚ ਮਨੂੰਵਾਦੀ ਹਿੰਦੂਤਵ) ਦੀ ਵਿਚਾਰਧਾਰਾ ਨੂੰ ਆਧਾਰ ਬਣਾ ਕੇ ਜਿਤਨੇ ਵੀ ਸੰਗਠਨ ਭਾਰਤ ਵਿੱਚ (ਇਤਿਹਾਸਕ ਜ਼ਮੀਨੀ ਹਕੀਕਤਾਂ ਨੂੰ ਨਜ਼ਰ-ਅੰਦਾਜ਼ ਕਰ ਕੇ) ਘੱਟ ਗਿਣਤੀਆਂ (ਛੋਟੀਆਂ ਕੌਮਾਂ, ਉੱਪ-ਕੌਮਾਂ, ਧਾਰਮਕ ਵਰਗਾਂ, ਐਥੇਨਿਕ ਵਰਗਾਂ, ਦਲਿਤ ਸ਼੍ਰੇਣੀਆਂ ਆਦਿ) ਨੂੰ ਹਰ ਪੱਖ ਤੋਂ ਦਬਾਅ ਕੇ ਹਿੰਦੂਤਵ ਦਾ ਗ਼ੁਲਾਮ ਬਣਾ ਕੇ ਰੱਖਣਾ ਚਾਹੁੰਦੇ ਹਨ, ਇਹ ਸਾਰੇ ਦੇ ਸਾਰੇ ਹੀ, ਮਜ਼੍ਹਬੀ ਅੱਤਵਾਦ ਦੇ ਵਰਤਾਰੇ ਹਨ, ਸਭਿਅਕ ਸਮਾਜ ਦੇ ਚਿਹਰੇ `ਤੇ ਸ਼ਰਮਨਾਕ ਧੱਬੇ ਹਨ, ਅਤਿ ਨਿੰਦਣਯੋਗ ਹਨ।

ਸਟੇਟ ਅੱਤਵਾਦ

ਕਿਸੇ ਵੀ ਦੇਸ਼ ਦੀਆਂ ਖ਼ੁਫੀਆ ਏਜੰਸੀਆਂ ਦੀ ਵਰਤੋਂ (ਦੁਰ-ਵਰਤੋਂ) ਕਿਸੇ ਘੱਟ ਗਿਣਤੀ ਨੂੰ ਬਦਨਾਮ ਕਰਨ ਲਈ ਜਾਂ ਨੇਸਤੋ-ਨਾਬੂਦ ਕਰਨ ਲਈ ਕਰਨੀ ਨਾ-ਬਖ਼ਸ਼ਣਯੋਗ ਅਪਰਾਧਕ ਕਾਰਵਾਈ ਹੈ। ਜਦੋਂ ਕਿਸੇ ਦੇਸ਼ ਦੇ ਰਾਜ-ਤੰਤਰ `ਤੇ (ਸਟੇਟ ਇੰਸਟੀਟਿਊਸ਼ਨਜ਼ `ਤੇ) ਮਾਨਵ-ਵਿਰੋਧੀ, ਖ਼ੁਦਗਰਜ਼ ਅਤੇ ਸੌੜੀ ਸੋਚ ਵਾਲੇ (ਭਾਰੂ ਗਿਣਤੀ ਵਾਲੇ ਮਜ਼੍ਹਬੀ ਸੰਗਠਨ) ਮਜ਼ਬੂਤੀ ਨਾਲ ਕਾਬਜ਼ ਹੋ ਜਾਂਦੇ ਹਨ ਤਾਂ ਉਸ ਦੇਸ਼ ਵਿਚਲੀਆਂ ਘੱਟ ਗਿਣਤੀਆਂ ਦਾ ਇੱਜ਼ਤ ਨਾਲ ਜਿਊਂਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਉਨ੍ਹਾਂ ਸਾਹਮਣੇ ਦੋ ਰਾਹ ਹੀ ਰਹਿ ਜਾਂਦੇ ਹਨ। ਪਹਿਲਾ ਉਹ ਧੌਣ ਨੀਵੀਂ ਕਰ ਕੇ ਨਰਕਾਂ ਵਰਗੀ ਗ਼ੁਲਾਮੀ ਵਾਲਾ ਜੀਵਨ ਜਿਊਣਾ ਕਬੂਲ ਕਰ ਲੈਣ। ਦੂਜਾ, ਉਹ ਸਾਰੇ ਇਕੱਠੇ ਹੋ ਕੇ ਸਟੇਟ ਅੱਤਵਾਦ ਦੇ ਅਜਗਰ ਦਾ ਦ੍ਰਿੜਤਾ ਨਾਲ ਟਾਕਰਾ ਕਰਨ ਲਈ (ਆਰ-ਪਾਰ ਦੀ ਲੜਾਈ ਲੜਨ ਲਈ) ਕਮਰਕਸੇ ਕਰ ਲੈਣ। ਗੁਰੂ ਗ੍ਰੰਥ ਸਾਹਿਬ ਦਾ ਆਲਮਗੀਰੀ ਫ਼ਲਸਫ਼ਾ ਇਸ ਦੂਜੇ ਰਾਹ ਦੀ ਚੋਣ ਕਰਨ ਲਈ ਇੰਜ ਸੇਧਾਂ ਬਖ਼ਸ਼ਿਸ਼ ਕਰਦਾ ਹੈ -

ਜੇ ਜੀਵੈ, ਪਤਿ ਲਥੀ ਜਾਇ॥ ਸਭ ਹਰਾਮੁ, ਜੇਤਾ ਕਿਛੁ ਖਾਇ॥ (ਮ: 1, 142)

ਭਾਵ: ਜੇ ਨਾਮ-ਵਿਹੂਣਾ (ਬੇ-ਇੱਜ਼ਤ) ਵੇਖਣ ਨੂੰ ਜੀਊਂਦਾ (ਭੀ) ਹੈ ਤਾਂ ਉਹ ਇੱਜ਼ਤ ਗਵਾ ਕੇ (ਏਥੋਂ) ਜਾਂਦਾ ਹੈ, ਜੋ ਕੁੱਝ (ਏਥੇ) ਖਾਂਦਾ-ਪੀਂਦਾ ਹੈ, ਹਰਾਮ ਹੀ ਖਾਂਦਾ ਹੈ।

ਫਰੀਦਾ ਬਾਰਿ ਪਰਾਇਐ ਬੈਸਣਾ, ਸਾਂਈ ਮੁਝੈ ਨ ਦੇਹਿ॥ ਜੇ ਤੂ ਏਵੈ ਰਖਸੀ, ਜੀਉ ਸਰੀਰਹੁ ਲੇਹਿ॥ 42॥ (ਫ਼ਰੀਦ ਜੀਉ, 1380)

ਭਾਵ: ਹੇ ਫ਼ਰੀਦ! (ਆਖ-) ਹੇ ਸਾਈਂ! (ਇਨ੍ਹਾਂ ਦੁਨੀਆਂ ਦੇ ਪਦਾਰਥਾਂ ਦੀ ਖਾਤਰ) ਮੈਨੂੰ ਪਰਾਏ ਬੂਹੇ `ਤੇ ਬੈਠਣ ਨਾ ਦੇਈਂ (ਭਾਵ, ਮੈਥੋਂ ਕਿਸੇ ਦੀ ਗ਼ੁਲਾਮੀ ਨਾ ਕਰਾਈਂ), ਪਰ ਜੇ ਤੂੰ ਇਸੇ ਤਰ੍ਹਾਂ ਰੱਖਣਾ ਹੈ (ਭਾਵ, ਦੂਜਿਆਂ ਦੀ ਗ਼ੁਲਾਮੀ `ਚ ਹੀ ਰੱਖਣਾ ਹੈ) ਤਾਂ ਮੇਰੇ ਸਰੀਰ ਵਿੱਚੋਂ ਜਿੰਦ ਕੱਢ ਲੈ (ਭਾਵ, ਕਿਸੇ ਵੀ ਹਾਲਤ ਵਿੱਚ ਮੈਨੂੰ ਕਿਸੇ ਦੀ ਗ਼ੁਲਾਮੀ ਹਰਗਿਜ਼ ਪਰਵਾਨ ਨਹੀਂ ਹੈ)।

ਨੋਟ: ਕੀ ਅੱਜ ਅਸੀਂ ਭਾਰਤ ਉੱਪ-ਮਹਾਂਦੀਪ ਅੰਦਰ ਅਤੇ ਕੁੱਝ ਕੁ ਇਸਲਾਮਿਕ ਦੇਸ਼ਾਂ ਅੰਦਰ ਮਜ਼੍ਹਬ ਦੇ ਨਾਂ `ਤੇ (ਸਟੇਟ ਦੀ ਸਰਪ੍ਰਸਤੀ ਜਾਂ ਸ਼ਹਿ ਅਧੀਨ) ਹੋਂਦ ਵਿੱਚ ਆਏ ਕੱਟੜ ਮਾਨਵ-ਵਿਰੋਧੀ ਸੰਗਠਨਾਂ ਦੁਆਰਾ ਘੱਟ-ਗਿਣਤੀਆਂ ਨੂੰ ਜ਼ਲੀਲ ਅਤੇ ਅਤੰਕਤ ਕਰਨ ਦੀਆਂ ਕੀਤੀਆਂ ਜਾ ਰਹੀਆਂ ਅਤਿ ਸ਼ਰਮਨਾਕ ਕਾਰਵਾਈਆਂ ਹੁੰਦੀਆਂ ਨਹੀਂ ਵੇਖ ਰਹੇ? ਇਹ ਸਾਰੀਆਂ ਮਾਨਵ-ਵਿਰੋਧੀ ਕਾਰਵਾਈਆਂ ਚੰਗੇ ਸਮਾਜ ਦੀ ਸਿਰਜਨਾ ਦੇ ਰਾਹ ਦੀਆਂ ਰੁਕਾਵਟਾਂ ਹਨ।

ਅਤਵਾਦ ਕਿਉਂ ਅਤੇ ਕਿਵੇਂ?

ਅੱਤਵਾਦ ਦੇ ਪੌਦੇ ਦਾ ਬੀਜ਼ ਉਸ ਵਕਤ ਹੀ ਪੁੰਗਰਦਾ ਹੈ ਜਦੋਂ ਮਨੁੱਖ (ਖ਼ੁਦਗਰਜੀ ਅਧੀਨ) ਇਨਸਾਨ ਬਣਨ ਦੀ ਬਜਾਏ ਸ਼ੈਤਾਨ ਬਣ ਜਾਏ। ਜੇਕਰ ਸਾਰੇ ਮਨੁੱਖ (ਮਰਦ ਤੇ ਇਸਤਰੀਆਂ) ਚੰਗੇ ਇਨਸਾਨ ਬਣ ਜਾਣ (ਭਾਵ ਕਿ, ਹੋਰ ਸਭਨਾਂ ਨੂੰ ਆਪਣੇ ਭੈਣ-ਭਰਾ ਸਮਝਣ ਲੱਗ ਜਾਣ) ਤਾਂ ਖ਼ੁਦਗਰਜ਼ੀ ਖਤਮ ਹੋ ਜਾਵੇਗੀ, ਕੋਈ ਕਿਸੇ ਨਾਲ ਠੱਗੀ, ਧੋਖਾ, ਛਲ-ਕਪਟ, ਧੱਕੇਸ਼ਾਹੀ, ਬੇ-ਇਨਸਾਫ਼ੀ ਨਹੀਂ ਕਰੇਗਾ ਤਾਂ ਸਰਬੱਤ ਦੇ ਭਲੇ ਵਾਲਾ (ਹੱਕ, ਸੱਚ ਤੇ ਇਨਸਾਫ਼ ਦਾ ਜਾਮਨ) ਹਲੇਮੀ ਰਾਜ ਸਥਾਪਤ ਹੋ ਜਾਵੇਗਾ। ਅਜਿਹੇ ਸਮਾਜਿਕ ਵਾਤਾਵਰਣ ਅੰਦਰ ਅੱਤਵਾਦ ਦਾ ਬੀਜ ਪੁੰਗਰ ਹੀ ਨਹੀਂ ਸਕੇਗਾ। ਗੁਰੂ ਗ੍ਰੰਥ ਸਾਹਿਬ ਦਾ ਆਲਮਗੀਰੀ ਫ਼ਲਸਫ਼ਾ ਅਜਿਹੇ ਹਲੇਮੀ-ਰਾਜ ਦੀ ਸਥਾਪਨਾ ਕਰਨ ਲਈ ਹੀ ਮਨੁੱਖ ਨੂੰ ਪ੍ਰੇਰਤ ਕਰਦਾ ਹੈ।

3. ਗੁੰਡਾਗਰਦੀ

‘ਗੁੰਡਾ’ ਸ਼ਬਦ ਦੇ ਡਿਕਸ਼ਨਰੀ ਅਰਥ ਹਨ rough, rascal, hooligan, muscleman, ruffican, gangster, goon ਆਦਿ। ਅੱਤਵਾਦ ਦੀ ਤਰ੍ਹਾਂ ਹੀ ਗੁੰਡਾਗਰਦੀ ਵੀ ਵਿਅਕਤੀਗਤ, ਸੰਠਗਤ, ‘ਧਾਰਮਿਕ’ ਜਾਂ ਸਟੇਟ ਗੁੰਡਾਗਰਦੀ ਹੋ ਸਕਦੀ ਹੈ ਜਿਸ ਦੇ ਨਤੀਜੇ ਵੀ ਮਨੁੱਖੀ ਸਮਾਜ ਲਈ ਘਾਤਕ ਹੁੰਦੇ ਹਨ। ਵਿਅਕਤੀਗਤ ਤੇ ਸੰਗਠਤ ਗੁੰਡਾਗਰਦੀ ਨੂੰ ਨੱਥ ਪਾਉਣੀ ਔਖੀ ਨਹੀਂ ਹੁੰਦੀ (ਬਾ-ਸ਼ਰਤਿ ਕਿ ਅਜਿਹਾ ਕਰਨ ਦੀ ਦ੍ਰਿੜ ਸੰਕਲਪ ਇੱਛਾ-ਸ਼ਕਤੀ ਮੌਜੂਦ ਹੋਵੇ), ਪਰ, ਧਾਰਮਿਕ ਤੇ ਸਟੇਟ ਗੁੰਡਾਗਰਦੀ ਨਾਲ ਨਿਪਟਣ ਲਈ ਕੌਮਾਂਤਰੀ ਪੱਧਰ `ਤੇ ਯੋਗ ਕਾਰਵਾਈ ਕਰਨੀ ਜ਼ਰੂਰੀ ਬਣ ਜਾਂਦੀ ਹੈ।

4. ਕੌਮੀਅਤਾਂ/ਸਭਿਆਤਾਵਾਂ ਨੁੰ ਖ਼ਤਮ ਕਰਨ ਦੀ ਰੁਚੀ (ਬਸਤੀਵਾਦੀ ਵਿਚਾਰਧਾਰਾ)

ਕਮਜ਼ੋਰ ਮੁਲਕਾਂ ਜਾਂ ਕੌਮੀਅਤਾਂ ਨੂੰ ਗ਼ੁਲਾਮ ਬਣਾ ਕੇ ਸੰਬੰਧਤ ਕੌਮਾਂ ਦੇ ਸਭਿਆਚਾਰਾਂ ਨੂੰ ਖਤਮ ਕਰਕੇ ਉਨ੍ਹਾਂ ਕੌਮਾਂ ਨੂੰ ਮਲੀਆ-ਮੇਟ ਕਰਨ ਦੀ ਰੁਚੀ ਵੀ ਚੰਗੇ ਸਮਾਜ ਦੀ ਸਿਰਜਨਾ ਦੇ ਰਾਹ ਵਿੱਚ ਵੱਡੀ ਚੁਣੌਤੀ ਹੈ, ਕਿਉਂਕਿ, ਇਹ ਕੁਦਰਤਿ ਅੰਦਰ ਵੰਨ-ਸੁਵੰਨਤਾ ਦੇ ਅਟੱਲ ਨਿਯਮ ਦੀ ਉਲੰਘਣਾ ਹੈ। ਇਹ ਗ਼ੈਰ-ਕੁਦਰਤੀ, ਗ਼ੈਰ-ਇਖ਼ਲਾਕੀ ਅਤੇ ਨਿਖੇਧੀਯੋਗ ਸ਼ੈਤਾਨੀ ਕਾਰਵਾਈ ਹੈ।

ਸੌ ਹੱਥ ਰੱਸਾ, ਸਿਰੇ `ਤੇ ਗੰਢ

ਸ਼ਬਦ ਗੁਰੂ ਦੇ ਸਰਬੱਤ ਦੇ ਭਲੇ ਦੇ ਫ਼ਲਸਫ਼ੇ ਦੇ ਧਾਰਨੀ ਬਣ ਕੇ ਉੱਪਰ ਵਰਣਨ ਕੀਤੀਆਂ ਸਾਰੀਆਂ (ਸਥਾਨਿਕ ਅਤੇ ਕੌਮਾਂਤਰੀ) ਚੁਣੌਤੀਆਂ ਦਾ ਸਫ਼ਲਤਾ ਪੂਰਬਕ ਟਾਕਰਾ ਕੀਤਾ ਜਾ ਸਕਦਾ ਹੈ ਅਤੇ ਵਿਸ਼ਵ-ਪੱਧਰੀ ਹਲੇਮੀ-ਰਾਜ ਪ੍ਰਬੰਧ ਸਥਾਪਤ ਕੀਤਾ ਜਾ ਸਕਦਾ ਹੈ। ਵਿਸ਼ਵ ਪ੍ਰੱਸਿਧ ਵਿਦਵਾਨਾਂ ਤੇ ਚਿੰਤਕਾਂ ਦੇ ਗੁਰਮਤਿ ਫ਼ਲਸਫ਼ੇ ਬਾਰੇ ਵਿਚਾਰ ਅੱਗੇ ਦਿੱਤੇ ਜਾ ਰਹੇ ਹਨ।

ਗ਼ੈਰ-ਸਿੱਖ ਵਿਦਵਾਨਾਂ ਦੀ ਨਜ਼ਰ ਵਿੱਚ ਗੁਰਬਾਣੀ

ਜਿਵੇਂ ਕਿ ਇਸ ਲਿਖਤ ਦੇ ਅਰੰਭ ਵਿੱਚ ਹੀ ਦੱਸਿਆ ਜਾ ਚੁੱਕਾ ਹੈ ਕਿ, ਬੁਨਿਆਦੀ ਤੌਰ `ਤੇ, ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਸਰਬ-ਸਾਂਝੀ ਗੁਰਬਾਣੀ ਦੇ ਫ਼ਲਸਫ਼ੇ ਨੂੰ ਹੀ ਇਸ ਪੁਸਤਕ ਦੇ ਵਿਸ਼ੇ ਦਾ ਆਧਾਰ ਬਣਾ ਕੇ ਵੀਚਾਰਾਂ ਕੀਤੀਆਂ ਗਈਆਂ ਹਨ। ਇਸ ਲਈ ਇਹ ਪ੍ਰਸੰਗਿਕ ਹੀ ਹੋਵੇਗਾ ਕਿ ਵਿਸ਼ਵ-ਪ੍ਰਸਿੱਧੀ ਵਾਲੇ ਗ਼ੈਰ-ਸਿੱਖ ਵਿਦਵਾਨਾਂ, ਲੇਖਕਾਂ ਇਤਿਹਾਸਕਾਰਾਂ, ਅਧਿਆਤਮਕ ਪੱਧਰ `ਤੇ ਜਾਗੇ ਹੋਏ ਧਾਰਮਿਕ ਵਿਅਕਤੀਆਂ ਤੇ ਚਿੰਤਕਾਂ ਦੇ ਗੁਰਬਾਣੀ-ਗੁਰੂ ਬਾਰੇ ਨਿੱਜੀ ਵਿਚਾਰ ਵੀ ਪਾਠਕਾਂ ਦੀ ਸੇਵਾ ਵਿੱਚ ਪੇਸ਼ ਕੀਤੇ ਜਾਣ।

1. ਮਿਸਜ਼ ਪਰਲ ਐਸ. ਬੱਕ (ਨੋਬਲ-ਇਨਾਮ ਜੇਤੂ)

“ਮੈਂ ਹੋਰ ਵੀ ਧਰਮਾਂ ਦੇ ਗ੍ਰੰਥ ਪੜ੍ਹੇ ਹਨ, ਪਰ ਮੈਨੂੰ ਹੋਰ ਕਿਧਰੇ ਵੀ ਮਨ ਤੇ ਦਿਲ ਨੂੰ ਟੁੰਬਣ ਵਾਲੀ ਉਹ ਸ਼ਕਤੀ ਨਹੀਂ ਮਿਲੀ, ਜੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਾਪਤ ਹੋਈ ਹੈ। ਆਕਾਰ ਵੱਡਾ ਹੋਣ ਦੇ ਬਾਵਜੂਦ ਵੀ, ਇਹ ਗ੍ਰੰਥ ਇੱਕ ਬੱਝਵਾਂ ਪ੍ਰਭਾਵ ਪਾਉਂਦਾ ਹੈ। ਇਸ ਵਿੱਚ ਮਨੁੱਖੀ ਮਨ ਦੀਆਂ ਅਥਾਹ ਪਕੜ ਵਾਲੀਆਂ ਗੱਲਾਂ ਦਾ ਭੇਦ ਉਜਾਗਰ ਕੀਤਾ ਹੋਇਆ ਹੈ। ਪਰਮਾਤਮਾ ਦੇ ਪਵਿੱਤਰ ਵਿਚਾਰ ਤੋਂ ਲੈ ਕੇ ਮਨੁੱਖੀ ਸਰੀਰ ਜਿਨ੍ਹਾਂ ਆਮ ਚੀਜ਼ਾਂ ਨੂੰ ਮੰਨਦਾ ਅਤੇ ਹੱਲ ਕਰਦਾ ਹੈ, ਉਨ੍ਹਾਂ ਸਭਨਾਂ ਦਾ ਵਰਨਣ ਅਤੇ ਪ੍ਰਗਟਾਅ ਇਸ ਵਿੱਚ ਹੈ। …

…. ਸ਼ਾਇਦ ਇਹ ਬੱਝਵਾਂ ਪ੍ਰਭਾਵ ਹੀ ਉਸ ਸ਼ਕਤੀ ਦਾ ਸੋਮਾ ਹੈ, ਜਿਸ ਦਾ ਅਨੁਭਵ ਮੈਨੂੰ ਇਸ ਗ੍ਰੰਥ ਵਿੱਚ ਹੋਇਆ ਹੈ। ਕੋਈ ਮਨੁੱਖ, ਭਾਵੇਂ ਉਹ ਕਿਸੇ ਵੀ ਧਰਮ ਨਾਲ ਸੰਬੰਧਤ ਹੋਵੇ ਜਾਂ ਨਾਸਤਕ ਹੀ ਕਿਉਂ ਨਾ ਹੋਵੇ, ਇਹ ਬਾਣੀ ਸਭ ਨੂੰ ਇੱਕੋ ਤਰ੍ਹਾਂ ਸੰਬੋਧਨ ਕਰਦੀ ਹੈ, ਕਿਉਂਕਿ ਇਸ ਦੀ ਆਵਾਜ਼ ਮਨੁੱਖੀ ਦਿਲ ਅਤੇ ਕੁੱਝ ਲੱਭ ਰਹੇ ਮਨਾਂ ਲਈ ਹੈ”। (ਡਾ. ਗੋਪਾਲ ਸਿੰਘ ਦੁਆਰਾ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਰੇਜ਼ੀ ਵਿੱਚ ਕੀਤੇ ਅਨੁਵਾਦ ਦੀ ਭੂਮਿਕਾ-Some Openions-ਵਿੱਚੋਂ)

2. ਆਰਨਲਡ ਟਾਇਨਬੀ (ਜਗਤ ਪ੍ਰਸਿੱਧ ਇਤਿਹਾਸਕਾਰ)

“ਮਨੁੱਖਤਾ ਦਾ ਭਵਿੱਖ ਪਿਆ ਧੁੰਧਲਾ ਹੋਵੇ, ਇੱਕ ਚੀਜ਼ ਘੱਟੋ-ਘੱਟ ਦੇਖੀ ਜਾ ਸਕਦੀ ਹੈ। ਉਹ ਇਹ ਕਿ ਵੱਡੇ ਜੀਵਤ ਧਰਮ ਇੱਕ ਦੂਜੇ ਉੱਤੇ ਪਹਿਲਾਂ ਨਾਲੋਂ ਵੀ ਵਧੇਰੇ ਅਸਰ ਪਾਉਂਣਗੇ, ਕਿਉਂਕਿ ਧਰਤੀ ਦੇ ਵੱਖ-ਵੱਖ ਇਲਾਕਿਆਂ ਅਤੇ ਮਨੁੱਖੀ ਨਸਲ ਦੀਆਂ ਵੱਖ-ਵੱਖ ਸ਼ਾਖਾਵਾਂ ਵਿਚਕਾਰ ਵਧ ਰਹੇ ਸੰਚਾਰ ਸਾਧਨਾਂ ਕਾਰਨ, ਸੰਬੰਧ ਵਧ ਰਹੇ ਹਨ। ਇਸ ਹੋਣ ਵਾਲੀ ਵਿਚਾਰ-ਚਰਚਾ ਵਿੱਚ ਸਿੱਖਾਂ ਦੀ ਧਾਰਮਿਕ ਪੁਸਤਕ ‘ਆਦਿ ਗ੍ਰੰਥ’ ਕੋਲ ਸੰਸਾਰ ਦੇ ਧਰਮਾਂ ਨੂੰ ਕਹਿਣ ਲਈ ਜੋ ਕੁੱਝ ਹੈ, ਉਸ ਦੀ ਖ਼ਾਸ ਮਹੱਤਤਾ ਅਤੇ ਕੀਮਤ ਹੈ”। (UNESCO ਦੁਆਰਾ ਪ੍ਰਕਾਸ਼ਿਤ Sacred Writings of the Sikhs ਵਿੱਚੋਂ)

3. ਡਾ. ਰਾਧਾਕ੍ਰਿਸ਼ਣਨ (ਪ੍ਰਸਿੱਧ ਭਾਰਤੀ ਵਿਦਵਾਨ ਅਤੇ ਭਾਰਤ ਦੇ ਸਾਬਕਾ ਰਾਸ਼ਟਰਪਤੀ)

“ਸ੍ਰੀ ਗੁਰੂ ਗ੍ਰੰਥ ਸਾਹਿਬ ਰਹੱਸਮਈ ਭਾਵਨਾਵਾਂ ਦਾ ਸਮੂਹ ਹੈ, ਨਿੱਜੀ ਤੌਰ `ਤੇ ਪਰਮਾਤਮਾ ਨੂੰ ਪਛਾਨਣ ਦਾ ਪ੍ਰਗਟਾਵਾ ਹੈ ਅਤੇ ਦੈਵੀ ਗਿਆਨ ਦੇ ਵਿਸਮਾਦੀ ਸ਼ਬਦ ਹਨ। ਇਸ ਵਿੱਚ ਜੋ ਅਨੁਭਵ ਦੀ ਨਵੀਨਤਾ ਅਤੇ ਅਨਿਨ ਸ਼ਰਧਾ ਦੇ ਰੂਪ ਵਿੱਚ ਸਦੀਵੀ ਸੱਚਾਈ ਦਾ ਸੰਦੇਸ਼ ਵਿਦਮਾਨ ਹੈ, ਉਸ ਨੂੰ ਸਾਗਰ ਤੇ ਪਰਬਤ ਵੀ ਸੰਸਾਰ ਵਿੱਚ ਫੈਲਣ ਲਈ ਰਾਹ ਦੇਣਗੇ।” {ਗੁਰਮਤਿ ਪ੍ਰਕਾਸ਼ (ਮਾਸਿਕ), ਮਾਰਚ 2008, ਪੰਨਾ 66 ਤੇ 79}

4. ਸਾਧੂ ਟੀ. ਐਲ. ਵਾਸਵਾਨੀ

“ਇਹ ‘ਜਗਤ ਗ੍ਰੰਥ’ ਹੈ, ਜਗਤ-ਆਤਮਾ ਵਿੱਚੋਂ ਫੁੱਟ ਵਹਿ ਨਿਕਲਿਆ ਹੈ। ਇਹ ਠੀਕ ਅਰਥਾਂ ਵਿੱਚ ਮਨੁੱਖਤਾ ਦਾ ਇੱਕੋ-ਇੱਕ ਅਜਿਹਾ ਸਰਬ-ਸਾਂਝਾ ਅਤੇ ਹਿਤਕਾਰੀ ਧਰਮ ਗ੍ਰੰਥ ਹੈ। ਇਹ ਇਸ ਲਈ ਵੀ ਕਿਉਂਕਿ ਇਸ ਵਿੱਚ ਸੰਚਿਤ ਬਾਣੀ ਦਾ ਵਿਸ਼ਾ-ਵਸਤੂ ਵਿਸ਼ਵ-ਅਰਥੀ ਹੈ; ਇਸ ਦਾ ਸੰਦੇਸ਼ ਸਰਬ-ਦੇਸ਼ੀ ਅਤੇ ਉਪਦੇਸ਼ ਸਰਬਕਾਲੀ ਹੋਣ ਤੋਂ ਛੁੱਟ, ਸਰਬ-ਹਿਤਕਾਰੀ ਤੇ ਸਰਬ-ਕਲਿਆਣਕਾਰੀ ਵੀ ਹੈ।” {ਗੁਰਮਤਿ ਪ੍ਰਕਾਸ਼ (ਮਾਸਿਕ), ਮਾਰਚ 2008, ਪੰਨਾ 67}

5. ਡਾ. ਧਰਮਪਾਲ ਸੈਣੀ

“ਕੀ ਇਹ ਘੱਟ ਮਹੱਤਵ ਦੀ ਗੱਲ ਹੈ ਕਿ ਜੀਵਨ ਅਤੇ ਜਗਤ ਦੀਆਂ ਉਨ੍ਹਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਪਣੇ ਢੰਗ ਨਾਲ ਮਿਲ ਜਾਂਦੇ ਹਨ, ਜਿਨ੍ਹਾਂ ਦੀ ਜਿੰਦਗੀ ਦੇ ਕਿਸੇ ਨਾ ਕਿਸੇ ਮੋੜ `ਤੇ ਹਰ ਇੱਕ ਨੂੰ ਲੋੜ ਪੈਂਦੀ ਹੈ? ਸ੍ਰੀ ਗੁਰੂ ਗ੍ਰੰਥ ਸਾਹਿਬ ਇਸ ਲੌਕਿਕ ਧਰਾਤਲ `ਤੇ ਪ੍ਰਾਲੌਕਿਕ ਜੀਵਨ-ਜਾਚ ਦੀ ਚੰਗਿਆੜੀ ਸਾਡੇ ਮਨਾਂ ਵਿੱਚ ਚਮਕਾ ਦਿੰਦੇ ਹਨ”। {ਗੁਰਮਤਿ ਪ੍ਰਕਾਸ਼ (ਮਾਸਿਕ), ਜੁਲਾਈ 2008}

6. ਮੈਕਸ ਆਰਥਰ ਮੈਕਾਲਿਫ਼

“ਹੋਰਨਾਂ ਧਰਮਾਂ ਸੰਪਰਦਾਵਾਂ ਦੇ ਧਰਮ ਗ੍ਰੰਥਾਂ ਤੋਂ ਉਲਟ ਇਨ੍ਹਾਂ (ਗੁਰੂ-ਸ਼ਬਦਾਂ) ਵਿੱਚ ਪਿਆਰ-ਕਥਾਵਾਂ, ਨਿੱਜੀ ਸੁਆਰਥਾਂ ਲਈ ਯੁੱਧਾਂ ਦੇ ਵੇਰਵੇ ਨਹੀਂ ਹਨ। ਇਨ੍ਹਾਂ ਵਿੱਚ ਸਰਬ-ਉੱਚ (ਮਹਾਨ) ਸਚਾਈਆਂ ਹਨ ਜਿਨ੍ਹਾਂ ਦੇ ਅਧਿਐਨ ਪਾਠਕ ਦੀ ਅਧਿਆਤਮਕ, ਸਦਾਚਾਰਕ ਅਤੇ ਸਮਾਜਕ ਪੱਧਰ ਨੂੰ ਉੱਚਾ ਚੁਕਦੇ ਹਨ। ਇਨ੍ਹਾਂ ਵਿੱਚ ਵੱਖਵਾਦ ਦਾ ਨਾਮੋ-ਨਿਸ਼ਾਨ ਵੀ ਨਹੀਂ ਹੈ। ਇਹ ਉਚਤਮ ਤੇ ਸਭ ਤੋਂ ਪਵਿੱਤਰ ਸਿਧਾਂਤਾਂ ਦੀ ਸਿੱਖਿਆ ਦਿੰਦੇ ਹਨ ਜਿਹੜੇ ਮਨੁੱਖ ਨੂੰ ਮਨੁੱਖ ਨਾਲ ਜੋੜਦੇ ਹਨ ਅਤੇ ਸ਼ਰਧਾਲੂਆਂ ਨੂੰ ਲੋਕ-ਸੇਵਾ ਲਈ ਉਤਸ਼ਾਹਿਤ ਕਰਦੇ ਹਨ; ਲੋਕਾਂ ਲਈ ਸਭ-ਕੁੱਝ ਕੁਰਬਾਨ ਕਰਨ ਅਤੇ ਸ਼ਹੀਦ ਤੱਕ ਹੋ ਜਾਣ ਦੀ ਪ੍ਰੇਰਨਾ ਦਿੰਦੇ ਹਨ”। {ਦਿ ਸਿੱਖ ਰਿਲੀਜਨ}

ਨੋਟ: ਉੱਪਰਲੇ ਹਵਾਲੇ, ਧੰਨਵਾਦ ਸਹਿਤ, ਸਿੱਖ ਫੁਲਵਾੜੀ, ਨਵੰਬਰ 2013 ਵਿੱਚੋਂ ਲਏ ਗਏ ਹਨ।

7. ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ (ਲੇਖਕ: ‘ਸਰਵੋਤਮ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ)

“ਅਖੀਰ ਤੇ ਮੈਂ ਸਿਰਫ਼ ਇਹੀ ਕਹਿਣਾ ਹੈ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ (ਇਕੋ ਇੱਕ ਪੂਰਨ ਸ਼ੁੱਧ ਰੂਪ ਪਥ-ਪ੍ਰਦਰਸ਼ਕ ਧਰਮ-ਗ੍ਰੰਥ ਹੋਣ ਕਾਰਣ) ਸਿਧ ਕਰਕੇ ਮੈਂ ਇਹ ਸੰਖੇਪ ਤੇ ਨਿਮਾਣਾ ਜਿਹਾ ਜਤਨ ਕੀਤਾ ਹੈ, ਕਿਉਂਕਿ ਇਸ ਕਲਿਆਣ-ਕਾਰੀ ਬਾਣੀ ਦੀ ਸੰਪੂਰਣ ਉਤੱਮਤਾ ਸਮਝਾ ਸਕਣਾ ਕਠਿਨ ਹੀ ਨਹੀਂ, ਬਿਲਕੁਲ ਹੀ ਅਸੰਭਵ (ਨਾ-ਮੁਮਕਿਨ) ਹੈ। ਆਪ ਜੀ ਤੋਂ ਇਹੀ ਆਸ ਕਰਦਾ ਹਾਂ ਕਿ ਸਦਾ ਨਿਰਦੋਸ਼ ਤੇ ਪਰਮ-ਸ਼ੁੱਧ ਗੁਰਬਾਣੀ ਦਾ ਰੋਜ਼ਾਨਾ ਨਿਤਨੇਮ ਪਾਠ ਕਰਕੇ ਉਸ ਤੇ ਅਮਲ ਕਰਕੇ ਜਿਉਣਾ ਸਿਖੋਗੇ।”
.