.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਗੁਰਦੁਆਰਿਆਂ ਵਿੱਚ ਲੜਾਈ ਮੰਦਭਾਗੀ

ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਜਦੋਂ ਮਹੰਤ ਦੀਆਂ ਅਨੈਤਿਕਤਾ ਵਾਲੀਆਂ ਘਟਨਾਵਾਂ ਜੱਗ ਜ਼ਾਹਰ ਹੋਈਆਂ ਤਾਂ ਪੰਥ ਇਹ ਸੋਚਣ ਲਈ ਮਜ਼ਬੂਰ ਹੋਇਆ ਕਿ ਸਮੁੱਚੇ ਗੁਰਦੁਆਰਿਆਂ ਦਾ ਪ੍ਰਬੰਧ ਸੰਗਤ ਕੋਲ ਹੋਣਾ ਚਾਹੀਦਾ ਹੈ। ਪੰਥ ਦਰਦੀਆਂ ਨੇ ਸ਼ਹੀਦੀਆਂ ਦੇ ਕੇ ਗੁਰਦੁਆਰਿਆਂ ਨੂੰ ਅਜ਼ਾਦ ਕਰਾਇਆ। ਇਕੱਲੇ ਨਨਕਾਣਾ ਸਾਹਿਬ ਵਿਖੇ ਹੀ 21 ਫਰਵਰੀ 1921 ਨੂੰ 150 ਦੇ ਲਗ-ਪਗ ਸਿੰਘਾਂ ਨੇ ਸ਼ਹੀਦੀਆਂ ਦਿੱਤੀਆਂ। ਗੁਰਦੁਆਰੇ ਆਜ਼ਾਦ ਹੋਏ, ਰਹਿਤ ਮਰਯਾਦਾ ਤਿਆਰ ਹੋਈ ਸਮੁੱਚੇ ਪੰਥ ਵਿੱਚ ਗੁਰਬਾਣੀ ਦੀ ਜਾਗਰਤੀ ਆਉਣੀ ਸ਼ੁਰੂ ਹੋਈ।
ਸਿੱਖੀ ਵਿੱਚ ਗੁਰਦੁਆਰੇ ਦਾ ਮਹੱਤਵ--- ਭਾਈ ਸਾਹਿਬ ਭਾਈ ਕਾਨ੍ਹ ਸਿੰਘ ਜੀ ਨਾਭਾ ਮਹਾਨ ਕੋਸ਼ ਦੇ ਪੰਨਾ ਨੰ: 416 `ਤੇ ਗੁਰਦੁਆਰਾ ਦੇ ਸਿਰਲੇਖ ਹੇਠ, ਗੁਰਦੁਆਰਾ ਸਾਹਿਬ ਦੀ ਵਿਆਖਿਆ ਲਿਖਦੇ ਹਨ, “ਗੁਰਦੁਆਰਾ—ਗੁਰੂ ਦੀ ਮਾਰਫ਼ਤ, ਗੁਰੂ ਦੇ ਜ਼ਰੀਏ। ਗੁਰਦੁਆਰਾ—ਗੁਰੂ ਘਰ, ਸਿੱਖਾਂ ਦਾ ਧਰਮ ਮੰਦਰ, ਉਹ ਅਸਥਾਨ, ਜਿਸ ਨੂੰ ਦਸ ਸਤਿਗੁਰਾਂ ਵਿਚੋਂ ਕਿਸੇ ਨੇ ਧਰਮ ਪ੍ਰਚਾਰ ਲਈ ਬਣਾਇਆ ਅਥਵਾ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਅਰਜਨ ਪਾਤਸ਼ਾਹ ਜੀ ਤਕ ਸਿੱਖਾਂ ਦੇ ਧਰਮ ਮੰਦਰ ਦਾ ਨਾਂ ਧਰਮਸਾਲ ਰਿਹਾ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸਭ ਤੋਂ ਪਹਿਲਾਂ, ਅੰਮ੍ਰਿਤ ਸਰੋਵਰ ਦੇ ਧਰਮ ਮੰਦਰ ਦੀ ਹਰਿਮੰਦਰ ਦੀ ਸੰਗਿਆ ਥਾਪੀ ਅਤੇ ਗੁਰੂ ਹਰਿ ਗੋਬਿੰਦ ਸਾਹਿਬ ਜੀ ਦੇ ਸਮੇਂ ਧਰਮਸਾਲ ਦਾ ਨਾਂ ਗੁਰਦੁਆਰਾ ਪੈ ਗਿਆ”।
ਭਾਈ ਸਾਹਿਬ ਜੀ ਗੁਰਦੁਆਰਾ ਦੇ ਸਿਰਲੇਖ ਹੇਠ ਅੱਗੇ ਲਿਖਦੇ ਹਨ, “ਸਿੱਖਾਂ ਦਾ ਗੁਰਦੁਆਰਾ, ਵਿਦਿਆਰਥੀਆਂ ਲਈ ਸਕੂਲ, ਆਤਮਿਕ ਜਗਿਆਸਾ ਵਾਲਿਆਂ ਲਈ ਗਯਾਨ ਉਪਦੇਸ਼ਕ ਤੇ ਅਚਾਰੀਆ, ਰੋਗੀਆਂ ਲਈ ਸ਼ਫ਼ਾਖ਼ਾਨਾ, ਭੁੱਖਿਆਂ ਲਈ ਅੰਨਪੂਰਣਾ, ਇਸਤ੍ਰੀ ਜਾਤਿ ਦੀ ਪਤ ਰੱਖਣ ਦੀ ਜ਼ਿੰਮੇਵਾਰੀ ਦਾ ਲੋਹ-ਮਈ ਕਿਲ੍ਹਾ ਅਤੇ ਮੁਸਾਫ਼ਰਾਂ ਲਈ ਵਿਸ਼ਰਾਮ ਘਰ ਦਾ ਅਸਥਾਨ ਹੈ”।
ਸਤਿਗੁਰਾਂ ਦੇ ਵੇਲੇ ਅਤੇ ਬੁੱਢਾ ਦਲ ਦੇ ਸਮੇਂ ਗੁਰਦੁਆਰਿਆਂ ਦਾ ਖ਼ਾਸ ਧਿਆਨ ਰੱਖਿਆ ਜਾਂਦਾ ਸੀ। ਗੁਰਦੁਆਰੀਆ ਉਹ ਹੋਇਆ ਕਰਦਾ ਸੀ ਜੋ ਵਿਦਵਾਨ, ਗੁਰਮਤਿ ਵਿੱਚ ਪੱਕਾ ਅਤੇ ੳਚੇ ਆਚਰਣ ਵਾਲਾ ਹੁੰਦਾ ਸੀ। ਜ਼ਮਾਨੇ ਦੀ ਗਰਦਿਸ਼ ਨੇ ਮਹਾਂਰਾਜਾ ਰਣਜੀਤ ਸਿੰਘ ਵੇਲੇ ਡੋਗਰਿਆਂ ਦੀ ਪ੍ਰਧਾਨਗੀ ਵਿੱਚ ਮੁੱਖ ਗੁਰਦੁਆਰਿਆਂ ਦਾ ਪ੍ਰਬੰਧ ਸਾਰਾ ਉਲਟ ਪੁਲਟ ਕਰ ਦਿੱਤਾ, ਜਿਸ ਦਾ ਅਸਰ ਦੇਸ਼ ਦੇ ਗੁਰਦੁਆਰਿਆਂ `ਤੇ ਭੀ ਹੌਲ਼ੀ ਹੌਲ਼ੀ ਹੋਇਆ। ਕੌਮ ਵਿਚੋਂ ਜਿਉਂ ਜਿਉਂ ਗੁਰਮਤਿ ਦਾ ਪ੍ਰਚਾਰ ਅਲੋਪ ਹੁੰਦਾ ਗਿਆ ਤਿਉਂ ਤਿਉਂ ਮਨਮਤ ਦਾ ਪ੍ਰਭਾਵ ਵੱਧਦਾ ਗਿਆ। ਗੁਰਦੁਆਰਿਆਂ ਦੀ ਮਰਯਾਦਾ ਏਨੀ ਵਿਗੜ ਗਈ, ਏਨੀ ਦੁਰਦਸ਼ਾ ਹੋਈ, ਸਿੱਖ ਗੁਰਦੁਆਰੇ ਕੇਵਲ ਕਹਿਣ ਨੂੰ ਗੁਰਧਾਮ ਰਹਿ ਗਏ। ਸਿੱਖ ਕੌਮ `ਤੇ ਰੰਗ-ਬਰੰਗੀਆਂ ਮਰਯਾਦਾਵਾਂ ਦੀਆਂ ਪਰਤਾਂ ਚੜ੍ਹਨੀਆਂ ਸ਼ੁਰੂ ਹੋ ਗਈਆਂ। ਇਸ ਵਿੱਚ ਕੋਈ ਦੋ ਰਾਇਆਂ ਨਹੀਂ ਹਨ ਕਿ ਸਿੱਖ ਕੌਮ ਨੇ ਸਭ ਤੋਂ ਵੱਧ ਬ੍ਰਹਾਮਣੀ ਪ੍ਰਭਾਵ ਨੂੰ ਕਬੁਲਿਆ ਹੈ।
ਭਾਈ ਸਾਹਿਬ ਜੀ ਅੱਗੇ ਲਿਖਦੇ ਹਨ—ਗੁਰਦੁਆਰਿਆਂ ਦੇ ਸੇਵਕਾਂ ਨੇ ਗੁਰਦੁਆਰਿਆਂ ਦੀ ਜਾਇਦਾਦ ਨੂੰ ਆਪਣੀ ਘਰੋਗੀ ਜਾਇਦਾਦ ਬਣਾ ਲਿਆ। ਪਵਿੱਤਰ ਗੁਰ-ਅਸਥਾਨਾਂ `ਤੇ ਅਪਵਿੱਤਰ ਕੰਮ ਹੋਣ ਲੱਗ ਪਏ, ਜਿਨ੍ਹਾਂ ਦਾ ਜ਼ਿਕਰ ਕਰਨ ਲੱਗਿਆਂ ਲੱਜਾ ਆਉਂਦੀ ਹੈ। ਸਮੇਂ ਦੇ ਗੇੜ ਨਾਲ ਜਦ ਹਿੰਦੁਸਤਾਨ ਦੇ ਅਨੇਕ ਲੋਕਾਂ ਨੇ ਆਪਣੇ ਆਪਣੇ ਸਮਾਜ ਤੇ ਧਰਮ ਸੁਧਾਰ ਲਈ ਜੱਥੇ ਬਣਾਏ ਤਾਂ ਸਿੱਖਾਂ ਨੂੰ ਵੀ ਹੋਸ਼ ਆਈ, ਉਹਨਾਂ ਨੇ ਸਿੰਘ ਸਭਾਵਾਂ ਅਰ ਖ਼ਾਲਸਾ ਦੀਵਾਨ ਬਣਾ ਕੇ ਧਰਮ ਅਤੇ ਸਮਾਜ ਦਾ ਸੁਧਾਰ ਕਰਨਾ ਅਰੰਭਿਆ। ਇਸ ਸਮੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੰਮ ਨਿਭਾਈ ਜਾਂਦੀ ਹੈ। ਇਹ ਭੀ ਏਸੇ ਯਤਨ ਦਾ ਫ਼ਲ਼ ਹੈ।
ਗੁਰਦੁਆਰਿਆਂ ਦੀ ਅੱਜ ਦੀ ਸਥਿਤੀ--- ਗੁਰਦੁਆਰੇ ਬਾਹਰੋਂ ਦੇਖਿਆਂ ਬਹੁਤ ਖ਼ੂਬਸੂਰਤ ਲੱਗਦੇ ਹਨ। ਮਹਿੰਗੇ ਤੋਂ ਮਹਿੰਗਾ ਮਾਰਬਲ ਲੱਗਿਆ ਹੋਇਆ ਦਿੱਸੇਗਾ। ਸਪੀਕਰਾਂ ਦੀ ਅਵਾਜ਼ ਵੀ ਬਹੁਤ ਉੱਚੀ ਹੋਏਗੀ ਪਰ ਇਹ ਦੁਖ ਨਾਲ ਲਿਖਣਾ ਪੈ ਰਿਹਾ ਹੈ ਕਿ ਚੰਦ ਗੁਰਦੁਆਰਿਆਂ ਨੂੰ ਛੱਡ ਕੇ ਬਹੁਤੀ ਥਾਂਈ ਸਿੱਖੀ ਸਿਧਾਂਤ ਦੀ ਕੋਈ ਗੱਲ ਨਹੀਂ ਰਹੀ, ਬਲ ਕਿ ਗੁਰਬਾਣੀ ਦਾ ਓਟ ਆਸਰਾ ਲੈ ਕੇ ਬ੍ਰਹਾਮਣੀ ਮਤ ਦੇ ਕਰਮ-ਕਾਂਡ ਹੀ ਨਿਭਾਏ ਜਾ ਰਹੇ ਹਨ। ਕੇਵਲ ਨਾਂ ਦੇ ਗੁਰਦੁਆਰੇ ਹਨ। ਗੁਰੂ ਗ੍ਰੰਥ ਦੀ ਮਤ ਦੇ ਉੱਲਟ ਗੁਰਦੁਆਰਿਆ ਦੀਆਂ ਵੰਡੀਆਂ ਪਾ ਲਈਆਂ ਹਨ। ਧਰਮ ਨਾਲੋਂ ਜਾਤ-ਬਰਾਦਰੀ ਦੇ ਧੜੇ ਨੂੰ ਪਹਿਲ ਦਿੱਤੀ ਜਾ ਰਹੀ ਹੈ। ਇਸ ਦਾ ਨਤੀਜਾ ਬੜਾ ਘਾਤਕ ਨਿਕਲਿਆ ਹੈ। ਜਦ ਗੁਰਦੁਆਰਿਆਂ ਦੀ ਵੰਡ ਹੋ ਗਈ ਤਾਂ ਸਿੱਖੀ ਆਪਸ ਵਿੱਚ ਵੰਡੀ ਗਈ। ਅੱਜ ਗੁਰਦੁਆਰਿਆਂ ਦੀ ਪ੍ਰੀਭਾਸ਼ਾ ਠਾਠ ਤੇ ਡੇਰਾਵਾਦ ਵਿੱਚ ਤਬਦੀਲ ਹੋ ਗਈ ਹੈ। ਰਾਮਦਾਸੀਏ, ਭਾਟ, ਲੁਭਾਣੇ, ਰਾਮਗੜ੍ਹੀਏ ਗੁਰਦੁਆਰੇ ਪਹਿਲਾਂ ਹੀ ਹੋਂਦ ਵਿੱਚ ਆ ਚੁੱਕੇ ਹਨ। ਸਿੱਖੀ ਸਿਧਾਂਤ ਨੂੰ ਸਮਝਣ ਵਿੱਚ ਖੜੋਤ ਆ ਗਈ ਹੈ। ਸਿੱਖ ਧਰਮ ਦਾ ਇਹ ਦੁਖਾਂਤ ਹੈ ਕਿ ਗੁਰਦੁਆਰਿਆਂ ਦੀ ਗਣਤੀ ਦਿਨ-ਬ-ਦਿਨ ਵੱਧ ਰਹੀ ਹੈ ਤੇ ਨਾਲ ਹੀ ਪਤਿਤ-ਪੁਣੇ ਤੇ ਨਸ਼ਿਆਂ ਦੀ ਲਹਿਰ ਵੀ ਦਿਨ-ਬ-ਦਿਨ ਵੱਧ ਰਹੀ ਹੈ। ਇਸ ਦਾ ਸਾਫ਼ ਇਕੋ ਇੱਕ ਉੱਤਰ ਹੈ, ਕਿ ਗੁਰਦੁਆਰਿਆਂ ਵਿਚੋਂ ਗੁਰਮਤਿ ਦੀ ਸਹੀ ਰੋਸ਼ਨੀ ਨਹੀਂ ਮਿਲੀ, ਗੁਰਦੁਆਰਿਆਂ ਵਿੱਚ ਸ਼ਬਦ ਦੀ ਸਿਧਾਂਤਿਕ ਵੀਚਾਰ ਨਹੀਂ ਹੋਈ, ਇਸ ਲਈ ਇਹ ਗਰਿਮਤ ਪਰਚਾਰ ਤੋਂ ਵਾਂਝੇ ਹੋ ਗਏ। ਇਸ ਦਾ ਨਤੀਜਾ, ਨੌਜਵਾਨ ਪੀੜ੍ਹੀ ਤੰਮਾਕੂ, ਜ਼ਰਦਿਆਂ, ਪਾਨ ਬੀੜੀਆਂ ਤੇ ਸ਼ਰਾਬ ਵੱਲ ਹੋ ਨਿਕਲੀ। ਪੰਜਾਬ ਵਿੱਚ ਅੱਜ ਨਸ਼ਾਂ ਆਪਣੀ ਪੂਰੀ ਚਰਮ ਸੀਮਾਂ `ਤੇ ਪਹੁੰਚਿਆ ਹੋਇਆ ਹੈ। ਅਖਬਾਰੀ ਖਬਰਾਂ ਅਨੁਸਾਰ ਪਿਛਲਿਆਂ ਚੰਦ ਸਾਲਾਂ ਵਿੱਚ ਛੇ ਅਰਬ ਰੁਪਏ ਦੀ ਡਰੱਗ ਦਾ ਧੰਧਾ ਹੋਇਆ ਹੈ ਜੋ ਪੰਜਾਬ ਵੱਸਦਾ ਗੁਰਾਂ ਦੇ ਨਾਂ `ਤੇ ਕਲੰਕ ਹੀ ਕਿਹਾ ਜਾ ਸਕਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣ ਦੇ ਨਾਤੇ ਵੀ ਗੁਰਮਤਿ ਦਾ ਪਰਚਾਰ ਨਹੀਂ ਹੋ ਸਕਿਆ।
ਸਿੱਖ ਕੌਮ ਜਿੱਥੇ ਵੀ ਗਈ ਹੈ ਇਸ ਨੇ ਤਨ, ਮਨ ਧਨ ਨਾਲ ਗੁਰਦੁਆਰਿਆਂ ਦੀ ਉਸਾਰੀ ਜ਼ਰੂਰ ਕੀਤੀ ਹੈ ਪਰ ਗੁਰਮਤਿ ਦੀ ਸੂਝ ਨਾ ਹੋਣ ਕਰਕੇ ਆਪਸੀ ਈਰਖਾ ਦਾ ਸ਼ਿਕਾਰ ਹੋ ਕੇ ਰਹਿ ਗਈ ਹੈ। ਭਾਈਚਾਰਕ ਸਾਂਝ ਦੀਆਂ ਕਰਦਾਂ ਕੀਮਤਾਂ ਲੱਭਣੀਆਂ ਮੁਸ਼ਕਲ ਹੋਈਆਂ ਪਈਆਂ ਹਨ। ਆਪਸੀ ਸਾਂਝ ਦੀ ਇੱਕ ਉਦਾਹਰਣ ਸਮਝਾਂਗੇ। ਇੱਕ ਗੁਰਦੁਆਰੇ ਵਿੱਚ ਸਿੱਖਾਂ ਦਾ ਬਹੁਤ ਵਧੀਆਂ ਇਕੱਠ ਹੋ ਰਿਹਾ ਸੀ। ਬਹੁਤ ਵਧੀਆਂ ਕੌਮ ਦੀ ਚੜਦੀ ਕਲਾਂ ਦੀਆਂ ਵਿਚਾਰਾਂ ਹੋ ਰਹੀਆਂ ਸਨ। ਇੰਜ ਲੱਗਦਾ ਸੀ ਕਿ ਸਿੱਖ ਕੌਮ ਵਿੱਚ ਬਹੁਤ ਇਤਫਾਕ ਹੈ। ਅੱਜ ਕੋਈ ਨਾ ਕੋਈ ਫੈਸਲਾ ਕਰਕੇ ਹੀ ਸਾਡੇ ਆਗੂ ਉੱਠਣਗੇ। ਬਹੁਤ ਵਧੀਆ ਮਹੌਲ ਵਿੱਚ ਇੱਕ ਵੀਰ ਉੱਠਦਾ ਹੈ ਤੇ ਉਹ ਦੋ ਕੁ ਮਿੰਟ ਦਾ ਸਮਾਂ ਮੰਗ ਕੇ ਆਪਣੀ ਗੱਲ ਸ਼ੁਰੂ ਕਰਦਾ ਹੈ। “ਖਾਲਸਾ ਜੀ! ਅੱਜ ਦਾ ਇਕੱਠ ਦੇਖ ਕੇ ਮੇਰਾ ਮਨ ਗਦ-ਗਦ ਹੋ ਗਿਆ ਹੈ। ਕਿਉਂ ਨਾ ਅੱਜ ਪੰਥ ਵਿੱਚ ਕੁੱਝ ਉਲ਼ਝੇ ਹੋਏ ਮਸਲਿਆਂ ਦਾ ਹੱਲ ਵੀ ਨਾਲ ਲੱਗਦਾ ਹੀ ਕਰ ਲਈਏ। ਰਾਗ ਮਾਲਾ ਬਾਣੀ ਹੈ ਕਿ ਨਹੀਂ, ਮਾਸ ਖਾਣਾ ਚਾਹੀਦਾ ਹੈ ਕਿ ਨਹੀਂ, ਦਸਮ ਗ੍ਰੰਥ ਕਿਦ੍ਹਾ ਲਿਖਿਆ ਹੋਇਆ ਹੈ, ਹੇਮ ਕੁੰਟ ਜਾਣਾ ਚਾਹੀਦਾ ਹੈ ਕਿ ਅਖੰਡ ਪਾਠ ਵੇਲੇ ਜਪੁ ਬਾਣੀ ਦਾ ਪਾਠ ਕਰਨਾ ਚਹੀਦਾ ਹੈ ਕਿ ਨਹੀਂ, ਨਿਸ਼ਾਨ ਸਾਹਿਬ ਨੂੰ ਕੱਚੀ ਲੱਸੀ ਨਾਲ ਇਸ਼ਨਾਨ ਕਰਾਉਣ `ਤੇ ਕੀ ਕੋਈ ਨੁਕਸਾਨ ਹੁੰਦਾ ਹੈ”। ਬੱਸ ਝਗੜਾ ਖੜਾ ਹੋ ਗਿਆ। ਪਿਆਰ ਵਿੱਚ ਬੈਠੇ ਵੀਰ ਪੰਥ ਦੀ ਚੜ੍ਹਦੀ ਕਲਾ ਦੀਆਂ ਗੱਲਾਂ ਕਰ ਰਹੇ ਸਨ ਜੋ ਇੱਕ ਦਮ ਮੱਛੀ ਵਿਕਣ ਵਾਲੀ ਮੰਡੀ ਬਣ ਗਈ। ਗਾਲ਼ਾਂ ਤੋਂ ਨੌਬਤ ਅਗ੍ਹਾ ਹੱਥੋ-ਪਾਈ ਹੋਣ ਤੱਕ ਅੱਪੜ ਗਈ। ਇੱਕ ਦੂਜੇ ਨੂੰ ਮਾਰਨ ਮਰਾਉਣ ਤੱਕ ਚੱਲੇ ਗਏ। ਇੰਜ ਬੇ-ਸਮਝੀ ਕਰਕੇ ਸਾਡੇ ਗੁਰਦੁਆਰੇ ਲੜਾਈ ਦਾ ਸ਼ਿਕਾਰ ਹੋ ਕੇ ਰਹਿ ਗਏ ਹਨ।
ਅੱਜ ਸਭ ਤੋਂ ਵੱਡਾ ਦੁਖਾਂਤ ਹੈ ਕਿ ਗੁਰਦੁਆਰਿਆਂ ਵਿੱਚ ਸਿੱਖੀ ਪ੍ਰਚਾਰ ਦੀ ਥਾਂ `ਤੇ ਨਿੱਤ ਲੜਾਈਆਂ ਦੀਆਂ ਖਬਰਾਂ ਪੜ੍ਹਨ ਸੁਣਨ ਨੂੰ ਮਿਲ ਰਹੀਆਂ ਹਨ। ਜਿੰਨਾ ਵੱਡਾ ਗੁਰਦੁਆਰਾ ਹੈ ਓਨੀ ਵੱਡੀ ਹੀ ਲੜਾਈ ਦੇਖਣ ਨੂੰ ਮਿਲਦੀ ਹੈ। ਦੇਸ-ਵਿਦੇਸ ਦੇ ਗੁਰਦੁਆਰੇ ਲੜਾਈ ਦੇ ਘਰ ਬਣਦੇ ਜਾ ਰਹੇ ਹਨ। ਜਿਹੜਾ ਇੱਕ ਵਾਰ ਪ੍ਰਧਾਨ ਬਣ ਜਾਂਦਾ ਹੈ ਪਤਾ ਨਹੀਂ ਕਿਹੜੀ ਮਜ਼ਬੂਰੀ ਆ ਜਾਂਦੀ ਹੈ ਮੁੜ ਉਹ ਪ੍ਰਧਾਨਗੀ ਛੱਡਣ ਲਈ ਤਿਆਰ ਨਹੀਂ ਹੁੰਦਾ। ਜੇ ਪ੍ਰਧਾਨਗੀ ਤੋਂ ਵੱਖ ਕੀਤਾ ਜਾਂਦਾ ਹੈ ਤਾਂ ਉਹ ਮੁੜ ਨਵਾਂ ਨਕੋਰ ਗੁਰਦੁਆਰਾ ਬਣਾ ਲੈਂਦਾ ਹੈ। ਕਿਸਤਾਂ ਤਾਂ ਸੰਗਤਾਂ ਦੀ ਕਿਰਤ ਕਮਾਈ ਵਿਚੋਂ ਹੀ ਜਾਣੀਆਂ ਹੁੰਦੀਆ ਹਨ। ਕਥਾ ਕਰਦਿਆਂ ਵਡੇਰਾ ਸਮਾਂ ਗੁਰਦੁਆਰਿਆਂ ਵਿੱਚ ਲੰਘ ਗਿਆ ਹੈ ਜਿੱਥੇ ਵੀ ਗਏ ਹਾਂ ਸਾਂਤੀ ਕਿਸੇ ਗੁਰਦੁਆਰੇ ਵਿੱਚ ਨਹੀਂ ਰਹੀ। ਇਹ ਪਤਾ ਨਹੀਂ ਹੁੰਦਾ ਕਿ ਦੀਵਾਨ ਦੀ ਸਮਾਪਤੀ ਉਪਰੰਤ ਕਿਹੜਾ ਭਾਣਾ ਵਾਪਰ ਜਾਣਾ ਹੁੰਦਾ ਹੈ। ਇੰਗਲੈਂਡ ਦੇ ਇੱਕ ਗੁਰਦੁਆਰਾ ਅੰਦਰ ਦੀਵਾਨ ਦੀ ਸਮਾਪਤੀ ਹੋਣ `ਤੇ ਭਾਈ ਜੀ ਵਿਸ਼ੇਸ਼ ਤੌਰ `ਤੇ ਕਿਰਪਾਨਾਂ, ਤੀਰ, ਚਿਮਟੇ ਸੰਭਾਲ਼ ਰਹੇ ਸਨ ਮੈਂ ਸੁਭਾਵਕ ਹੀ ਪੁੱਛ ਲਿਆ ਕਿ “ਏੱਥੇ ਕੋਈ ਗੁਰਮਤਿ ਦੀ ਕਲਾਸ ਲੱਗਣੀ ਹੈ” ? ਅੱਗੋਂ ਜੁਆਬ ਮਿਲਿਆ, “ਰੱਬ ਰੱਬ ਕਰੋ ਕਲਾਸਾਂ ਦਾ ਏੱਥੇ ਕੀ ਕੰਮ ਹੈ। ਏੱਥੇ ਤਾਂ ਭਾਈ ਸਾਹਿਬ ਅੱਜ ਜਨਰਲ ਕਮੇਟੀ ਦੀ ਮੀਟਿੰਗ ਹੋਣੀ ਹੈ। ਇਹ ਸਮਾਨ ਇਸ ਲਈ ਚੁੱਕਿਆ ਹੈ ਕਿ ਪਤਾ ਨਹੀਂ ਕਮੇਟੀ ਦੀ ਮੀਟਿੰਗ ਹੁੰਦਿਆਂ ਕਿਹੜਾ ਸਮਾਨ ਕਿਸ ਦੇ ਹੱਥ ਆ ਜਾਏ ਤੇ ਮਾਰ ਕੁੱਟ ਕਿਸ ਦੀ ਹੋ ਜਾਏ”। ਅਸੀਂ ਬਾਹਰ ਨਿਕਲ ਕੇ ਦੇਖਿਆ ਤਾਂ ਐਂਬੂਲੈਂਸ ਦਾ ਪ੍ਰਬੰਧ ਵੀ ਕੀਤਾ ਹੋਇਆ ਸੀ। ਕੁੱਝ ਲੋਕ ਗੁਰਦੁਆਰੇ ਦੇ ਬਾਹਰ ਖੜੇ ਹੋ ਜਾਪ ਕਰ ਰਹੇ ਸਨ ਕਿ ਅੱਜ ਬਾਹਰ ਨਿਕਲਣ ਸਹੀ ਸੁੱਕਾ ਕੋਈ ਨਹੀਂ ਜਾਣ ਦੇਣਾ। ਪੁਲੀਸ ਕਿਸੇ ਅਣਹੋਣੀ ਵਾਪਰਨ ਦੀ ਵੱਖਰੀ ਉਡੀਕ ਕਰ ਰਹੀ ਸੀ। ਸਦਕੇ ਜਾਈਏ ਅਜੇਹੇ ਕੌਮੀ ਏਜੰਡੇ ਤੋਂ।
ਯੂ. ਐਸ. ਓੇ ਦੇ ਇੱਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੋਣੀ ਤਹਿ ਹੋਈ। ਸਰਕਾਰ ਵਲੋਂ ਰਸੀਵਰ ਨਿਯੁਕਤ ਕੀਤਾ ਗਿਆ। ਉਹ ਵੋਟਾਂ ਬਣਾਉਣ ਤੇ ਚੋਣ ਕਰਾਉਣ ਦਾ ਹੀ ਵੀਹ ਲੱਖ ਲੈ ਗਿਆ। ਮੁਕਦਮੇ `ਤੇ ਜਿਹੜਾ ਪੈਸਾ ਲੱਗਿਆ ਉਹ ਵੱਖਰਾ ਹੈ। ਕੁੱਝ ਮਹੀਨੇ ਹੀ ਹੋਏ ਹਨ ਕਨੇਡਾ ਦੇ ਸਭ ਤੋਂ ਵੱਡੇ ਗੁਰਦੁਆਰੇ ਦਾ ਅਦਾਲਤਾਂ ਵਿੱਚ ਚੱਲੇ ਕੇਸ `ਤੇ ਕੌਮ ਦਾ ਕਰੋੜਾਂ ਰੁਪਇਆ ਖਰਚ ਹੋ ਗਿਆ। ਸ਼ਾਇਦ ਹੀ ਕੋਈ ਗੁਰਦੁਆਰਾ ਬਚਿਆ ਹੋਏ ਜਿੱਥੇ ਨੰਗੀਆਂ ਗਾਲ਼ਾਂ ਨਾ ਚੱਲੀਆਂ ਹੋਣ ਉਹ ਵੀ ਗੁਰੂ ਜੀ ਦੀ ਹਜ਼ੁਰੀ ਵਿਚ। ਕਈ ਵਾਰੀ ਇੰਜ ਮਹਿਸੂਸ ਹੁੰਦਾ ਹੈ ਕਿ ਗੁਰਦੁਆਰੇ ਭਰਾ ਮਾਰੂ ਦੇ ਅਖਾੜੇ ਬਣ ਗਏ ਹੋਣ। ਪਿਛੱਲੇ ਸਾਲ ਅਮਰੀਕਾ ਦੇ ਇੱਕ ਗੁਰਦੁਆਰੇ ਵਿੱਚ ਚਲ ਰਹੇ ਦੀਵਾਨ ਵਿੱਚ ਰਾਗੀਆਂ ਨੂੰ ਵਿੱਚੇ ਕੀਰਤਨ ਛੱਡ ਕੇ ਭੱਜਣਾ ਪਿਆ ਸੀ ਭਰੇ ਦੀਵਾਨ ਵਿੱਚ ਪੂਰਾ ਗਤਕਾ ਖੇਡਿਆ ਗਿਆ ਸੀ। ਕੀਰਤਨ ਦੀ ਥਾਂ `ਤੇ ਮਾਵਾਂ ਭੈਣਾ ਦੀਆਂ ਗਾਲਾਂ ਕੱਢੀਆਂ ਗਈਆਂ।
ਬਾਬਾ ਬੁੱਢਾ ਸਾਹਿਬ ਜੀ ਦੀ ਸ਼ਤਾਬਦੀ ਕੱਥੂ ਨੰਗਲ਼ ਮਨਾਈ ਜਾ ਰਹੀ ਸੀ। ਇਸ ਸਾਰੇ ਦੀਵਾਨ ਦਾ ਦੁਨੀਆਂ ਵਿੱਚ ਸਿੱਧਾ ਪ੍ਰਸਾਰਣ ਕੀਤਾ ਜਾ ਰਿਹਾ ਸੀ। ਕਾਬਜ਼ ਧਿਰ ਦੀ ਮਰਜ਼ੀ ਬਗੈਰ ਦੂਜਾ ਕੋਈ ਹੋਰ ਮੱਥਾ ਵੀ ਨਹੀਂ ਟੇਕ ਸਕਦਾ ਸੀ। ਆਪਣੀ ਪਾਰਟੀ ਦੇ ਵਿਰੋਧੀ ਜਦੋਂ ਮੱਥਾ ਟੇਕਣ ਆ ਰਹੇ ਸਨ ਤਾਂ ਪੁਲੀਸ ਨੇ ਹੀ ਲੰਮਿਆ ਪਾ ਲਿਆ ਸੀ। ਗਿਦੜ ਕੁਟ ਹੁੰਦੀ ਸਾਰੀ ਦੁਨੀਆਂ ਨੇ ਦੇਖੀ ਸੀ। ਸਦਕੇ ਜਾਈਏ। ਜੇ ਗੁਰਦੁਆਰਿਆਂ ਦੀਆਂ ਚੌਣਾਂ ਵਿੱਚ ਸ਼ਰੇ-ਆਮ ਨਸ਼ੇ ਵੰਡੇ ਜਾਣ ਤਾਂ ਕੀ ਕੋਈ ਕੌਮ ਨੂੰ ਬਰਬਾਦ ਹੋਣੋ ਬਚਾ ਸਕਦਾ ਹੈ?
ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਅਸਥਾਨ ਤੱਖਤ ਪਟਨਾ ਸਾਹਿਬ ਵਿਖੇ ਚੱਲ ਰਹੇ ਸਾਰੇ ਪ੍ਰੋਗਰਾਮ ਨੂੰ ਸਾਰੀ ਦੁਨੀਆਂ ਵਿੱਚ ਵੱਸੇ ਸਿੱਖ ਸ਼ਰਧਾ ਭਾਵਨਾ ਨਾਲ ਦੇਖ ਰਹੇ ਸਨ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਤਲਵਾਰਾਂ ਚੱਲੀਆ, ਜ਼ਿੰਮੇਵਾਰ ਆਗੂਆਂ ਦੀਆਂ ਦਸਤਾਰਾਂ ਲਹਿੰਦੀਆਂ ਸਾਰਿਆਂ ਨੇ ਦੇਖੀਆਂ ਹਨ। ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਗੁਰੂ ਸਾਹਿਬ ਜੀ ਦਾ ਕਿੰਨਾ ਕੁ ਸਤਿਕਾਰ ਕਰਦੇ ਹਾਂ? ਤੱਖਤ ਪਟਨਾ ਸਾਹਿਬ ਵਿਖੇ ਵਾਪਰੇ ਇਸ ਭਾਣੇ ਨੇ ਸਿੱਖ ਕੌਮ ਦਾ ਸਿਰ ਨੀਵਾਂ ਕੀਤਾ ਹੈ। ਅਸਲ ਕਹਾਣੀ ਦੇ ਅੰਦਰ ਕੁੱਝ ਹੋਰ ਹੁੰਦਾ ਹੈ ਜਦੋਂ ਕੋਈ ਧਾਰਮਿਕ ਆਗੂ ਰਾਜਨੀਤਿਕ ਆਗੂਆਂ ਦੇ ਕਹਿਣੇ ਤੋਂ ਬਾਹਰ ਹੁੰਦਾ ਹੈ ਤਾਂ ਏਸੇ ਤਰ੍ਹਾਂ ਦੇ ਹੀ ਨਤੀਜੇ ਨਿਕਲਦੇ ਹਨ। ਕੌਮ ਲਈ ਇਹ ਦੁਖਦਾਈ ਪਹਿਲੂ ਤੇ ਅਸਹਿ ਪੀੜਾ ਹੈ।
ਗੁਰਦੁਆਰਿਆਂ ਦੀ ਲੜਾਈ ਦਾ ਸਭ ਤੋਂ ਅਸਰ ਕੌਮ ਦੇ ਪਰਚਾਰਕਾਂ ਰਾਗੀਆਂ `ਤੇ ਪੈਂਦਾ ਹੈ। ਜਿਹੜਾ ਗੁਰਦੁਆਰਾ ਇੱਕ ਪਰਚਾਰਕ ਨੂੰ ਸੱਦਦਾ ਹੈ ਫਿਰ ਦੂਸਰੇ ਗੁਰਦੁਆਰੇ ਕਦੇ ਪ੍ਰਵਾਨ ਨਹੀਂ ਕਰਦੇ। ਸਗੋਂ ਚਾਲੂ ਦੀਵਾਨ ਵਿੱਚ ਬੈਠ ਕੇ ਕਥਾ ਦੇ ਸਮੇਂ ਵਹਿਗੁਰੂ ਵਾਹਿਗੁਰੂ ਕਰਨ ਲੱਗ ਪੈਂਦੇ ਹਨ। ਇੰਜ ਲੱਗਦਾ ਹੈ ਕਿ ਅਸਾਂ ਅਕਲ ਨੂੰ ਤਾਲੇ ਮਾਰ ਲਏ ਹੋਣ, ਦੂਜੇ ਦੀ ਗੁਰਮਤਿ ਦੀ ਵੀ ਗੱਲ ਸੁਣਨ ਲਈ ਤਿਆਰ ਨਹੀਂ ਹੁੰਦੇ।
ਸਾਡੇ ਧਾਰਮਿਕ ਆਗੂਆਂ ਨੂੰ ਪੱਖ ਪੂਰਨ ਵਾਲੀ ਬਿਰਤੀ ਤੋਂ ਉੱਪਰ ਉੱਠ ਕੇ ਸਰਬ ਸਾਂਝੇ ਫੈਸਲੇ ਕਰਨੇ ਚਾਹੀਦੇ ਹਨ ਤਾਂ ਕੇ ਗੁਰਦੁਆਰਿਆਂ ਵਿਚੋਂ ਕਲੇਸ਼ ਸਦਾ ਲਈ ਖਤਮ ਹੋ ਸਕੇ। ਲੰਗਰ ਦੇ ਛੱਕਣ ਦੇ ਨਾਂ `ਤੇ ਲੜਾਈ, ਗੁਰਪੁਰਬ ਮਨਾਉਣ `ਤੇ ਲੜਾਈ, ਪੰਜਾਂ ਪਿਆਰਿਆਂ ਦੇ ਕੜਾਹ ਪ੍ਰਸ਼ਾਦ `ਤੇ ਲੜਾਈ। ਸਭ ਤੋਂ ਵੱਧ ਚੌਧਰ ਦੀ ਲੜਾਈ ਹੈ ਦੁਜੇ ਨੰਬਰ `ਤੇ ਗੋਲਕ ਦੀ ਲੜਾਈ ਹੈ। ਦੇਖੋ ਲੜਾਈ ਕਰਕੇ ਪੰਥ ਦੀ ਸੇਵਾ ਕੀਤੀ ਜਾ ਰਹੀ ਹੈ।
ਖ਼ੁਦਾ ਡੂਬਨੇ ਵਾਲੇ ਕੀ ਹਿੰਮਤ ਕੋ ਜਵਾਂ ਰਖੇ,
ਜਿਸੇ ਸਹਿਲ ਕੇ ਕਰੀਬ ਆ ਕਰ ਵੀ ਸਹਿਲ ਨਹੀਂ ਮਿਲਾ।
ਭਾਈ ਰਾਜੋਆਣਾ ਦੇ ਮਸਲੇ `ਤੇ ਪੰਥ ਦਰਦੀਆਂ ਅਵਾਜ਼ ਮਾਰੀ ਤਾਂ ਸੁਹਿਰਦ ਵੀਰਾਂ ਨੇ ਆਪਣੇ ਰੁਝਵੇਂ ਰੋਕ ਕੇ ਸਾਥ ਦਿੱਤਾ। ਕੌਮੀ ਮਸਲਾ ਸਮਝ ਕੇ ਪੰਥ ਇੱਕ ਮੁੱਠ ਹੋਇਆ। ਇਸ ਅੰਦੋਲਨ ਵਿੱਚ ਜਿਹੜਾ ਕੁੱਝ ਲੇਟ ਸ਼ਾਮਿਲ ਹੋਇਆ ਉਸ ਨੂੰ ਪੰਥ ਵਿਰੋਧੀ ਗਰਦਾਨਿਆ ਗਿਆ। ਭਾਈ ਗੁਰਬਖਸ਼ ਸਿੰਘ ਜੀ ਨੇ ਸਜ਼ਾ ਪੂਰੀ ਕਰ ਚੁਕੇ ਵੀਰਾਂ ਦੇ ਹੱਕ ਵਿੱਚ ਮਰਨ ਵੱਰਤ ਰੱਖਿਆ ਗਿਆ। ਸਾਰੀ ਕੌਮ ਨੇ ਆਪਣਾ ਕੌਮੀ ਮਸਲਾ ਸਮਝ ਕੇ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਇਆ। ਹਰ ਸੂਝਵਾਨ ਗੁਰ ਸਿੱਖ ਨੇ ਕੌਮੀ ਮਸਲਾ ਸਮਝਿਆ। ਇਸ ਅੰਦੋਲਨ ਵਿੱਚ ਜਿਹੜਾ ਥੋੜਾ ਵੀ ਲੇਟ ਹੋਇਆ ਨੈਟ ਵਿਦਵਾਨਾਂ ਨੇ ਉਹਨਾਂ ਨੂੰ ਕੋਸਿਆ ਕਿ ਇਹਨਾਂ ਦੇ ਮਨ ਵਿੱਚ ਪੰਥ ਲਈ ਕੋਈ ਦਰਦ ਨਹੀਂ ਹੈ। ਖਾਸ ਕਰਕੇ ਪ੍ਰਚਾਰਕਾਂ ਨੂੰ ਵੱਖ ਵੱਖ ਸ਼ਬਾਦਵਲੀ ਵਰਤ ਕੇ ਪੂਰਾ ਠਿੱਠ ਕੀਤਾ ਗਿਆ। ਅਫਸੋਸ ਨਾਲ ਲਿਖਣਾ ਪੈ ਰਿਹਾ ਹੈ ਦੋਵੇਂ ਅੰਦੋਲਨ ਸਿਆਸਤ ਦੀ ਭੇਟ ਚੜ੍ਹ ਗਏ। ਹਰ ਵਾਰ ਦੇ ਅੰਦੋਲਨ ਵਾਂਗ ਚਵਾਨੀ ਪ੍ਰਾਪਤੀ ਤੇ ਇੱਕ ਰੁਪਏ ਦਾ ਨੁਕਸਾਨ ਕਰਾ ਬੈਠਦੇ ਹਾਂ। ਅਸੀਂ ਕੋਸਣ ਵਾਲੇ ਵੀਰਾਂ ਨੂੰ ਬੇਨਤੀ ਕਰਾਂਗੇ ਕਿ ਕੌਮੀ ਅੰਦੋਲਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਸਿਆਸਤ ਦੀ ਭੇਟ ਚੜ੍ਹਨ ਤੋਂ ਜ਼ਰੂਰ ਬਚਾਉਣ ਦੀ ਕੋਸ਼ਿਸ਼ ਕਰਨ।
.