.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧੬)

Gurmat and science in present scenario (Part-16)

ਅਕਾਲ ਪੁਰਖੁ ਜੀਵ ਨੂੰ ਬਿਨਾ ਸੁਆਸ ਦੇ ਵੀ ਰੱਖ ਸਕਦਾ ਹੈ

Akal Purkh can preserve a living being without any breath

ਅੱਜਕਲ ਆਮ ਵੇਖਣ ਵਿੱਚ ਆਉਂਦਾ ਹੈ ਕਿ ਕਈ ਮਨੁੱਖ ਕਿਸੇ ਦੁਰਘਟਨਾ ਜਾਂ ਬੀਮਾਰੀ ਕਰਕੇ ਕੋਮਾਂ ਵਿੱਚ ਚਲੇ ਜਾਂਦੇ ਹਨ। ਕਈ ਕਈ ਘੰਟੇ ਜਾਂ ਦਿਨ ਉਸ ਨੂੰ ਕੋਈ ਹੋਸ਼ ਨਹੀਂ ਹੁੰਦੀ ਹੈ। ਉਸ ਨੂੰ ਨਾ ਤਾਂ ਜਗਾਇਆ ਜਾ ਸਕਦਾ ਹੈ ਤੇ ਨਾ ਹੀ ਉਹ ਦਰਦ, ਰੌਸ਼ਨੀ ਜਾਂ ਆਵਾਜ਼ ਦਾ ਪ੍ਰਭਾਵ ਦੱਸ ਸਕਦਾ ਹੈ, ਅਤੇ ਨਾ ਹੀ ਇਨ੍ਹਾਂ ਦਾ ਉਸ ਤੇ ਕੋਈ ਅਸਰ ਹੁੰਦਾ ਹੈ। ਅਕਸਰ ਅਸੀਂ ਵੇਖਦੇ ਹਾਂ ਕਿ ਕੋਮਾਂ ਵਿੱਚ ਗਿਆ ਹੋਇਆ ਮਰੀਜ਼ ਕਈ ਵਾਰੀ ਫਿਰ ਠੀਕ ਵੀ ਹੋ ਜਾਂਦਾ ਹੈ। ਇਹ ਅਕਾਲ ਪੁਰਖੁ ਦੀ ਰਜ਼ਾ ਹੈ ਕਿ ਉਹ ਚਾਹੇ ਤਾਂ ਦੁਬਾਰਾ ਠੀਕ ਕਰ ਸਕਦਾ ਹੈ, ਜੇ ਚਾਹੇ ਤਾਂ ਉਸ ਦੇ ਸੁਆਸ ਖਤਮ ਕਰ ਸਕਦਾ ਹੈ।

ਵਾਇਰਸ ਵੀ ਜੀਵਨ ਦੀ ਇੱਕ ਇਸੇ ਤਰ੍ਹਾਂ ਦੀ ਹੀ ਇੱਕ ਹੋਰ ਉਦਾਹਰਣ ਹੈ। ਵਾਇਰਸ ਇੱਕ ਛੋਟਾ ਜਿਹਾ ਏਜੈਂਟ ਹੈ, ਜਿਹੜਾ ਕਿ ਦੂਸਰੇ ਜਿਉਂਦੇ ਸੈਲਾਂ ਵਿੱਚ ਵਧਦਾ ਹੈ। ਇਹ ਨੁਕਸਾਨ ਕਰਨ ਵਾਲੇ ਤੇਜ਼ਾਬ ਬਣਾਉਂਦਾ ਹੈ, ਜਿਸ ਨਾਲ ਸਿਹਤਮੰਦ ਸੈਲ ਬਰਬਾਦ ਹੁੰਦੇ ਹਨ। ਵਾਇਰਸ ਆਮ ਸੈਲਾਂ ਦੀ ਤਰ੍ਹਾਂ ਵਧਦੇ ਹਨ, ਪਰ ਇਨ੍ਹਾਂ ਦੀ ਬਣਤਰ ਸੈਲਾਂ ਵਰਗੀ ਨਹੀਂ ਹੁੰਦੀ। ਇਸ ਲਈ ਕੁੱਝ ਲੋਕ ਇਸ ਨੂੰ ਜੀਵ ਸਮਝਦੇ ਹਨ ਤੇ ਕੁੱਝ ਨਹੀਂ। ਵਾਇਰਸ ਜਾਨਵਰਾਂ, ਪੌਦਿਆਂ, ਜਾਂ ਹੋਰ ਕਈ ਤਰ੍ਹਾਂ ਦੇ ਜੀਵਾਂ ਦਾ ਨੁਕਸਾਨ ਕਰ ਸਕਦਾ ਹੈ। ਕਈ ਵਾਇਰਸ ਤਾਂ ਇਤਨੇ ਛੋਟੇ ਹੁੰਦੇ ਹਨ ਕਿ ਆਮ ਖੁਰਦਬੀਨ ਨਾਲ ਨਹੀਂ ਵੇਖੇ ਜਾ ਸਕਦੇ, ਉਨ੍ਹਾਂ ਲਈ ਇਲੈਕਟਰੌਨ ਖੁਰਦਬੀਨ ਵਰਤਣੀ ਪੈਂਦੀ ਹੈ, ਤੇ ਕਈ ਉਸ ਤੋਂ ਵੀ ਛੋਟੇ ਹੁੰਦੇ ਹਨ।

ਤੰਬਾਕੂ ਦਾ ਵਾਇਰਸ ਵੀ ਇੱਕ ਨਿਰਜੀਵ ਦੀ ਤਰ੍ਹਾਂ ਹੁੰਦਾ ਹੈ। ਪਰ ਜਦੋਂ ਇਹ ਪਾਣੀ ਵਿੱਚ ਘੋਲ ਕੇ ਤੰਬਾਕੂ ਦੇ ਪੱਤੇ ਤੇ ਪਾਇਆ ਜਾਂਦਾ ਹੈ ਤਾਂ ਇਹ ਜੀਵ ਦੀ ਤਰ੍ਹਾਂ ਬਣ ਜਾਂਦਾ ਹੈ ਤੇ ਵਧਣਾ ਸ਼ੁਰੂ ਹੋ ਜਾਂਦਾ ਹੈ। ਤੰਬਾਕੂ ਦਾ ਵਾਇਰਸ ਇੱਕ ਕਰਿਸਟਲ (crystal) ਦੀ ਤਰ੍ਹਾਂ ਹੁੰਦਾ ਹੈ, ਜਿਸ ਦੀ ਬਣਤਰ ਵੇਖੀ ਜਾ ਸਕਦੀ ਹੈ। ਆਮ ਬੀਮਾਰੀਆਂ ਜਿਸ ਤਰ੍ਹਾਂ ਕਿ ਸਰਦੀ, ਜ਼ੁਕਾਮ, ਫਲੂ (Influenza), ਛੋਟੀ ਮਾਤਾ (ਚਿਕਨਪੌਕਸ), ਆਦਿ, ਵਾਇਰਸ ਕਰਕੇ ਹੀ ਹੁੰਦੀਆਂ ਹਨ। ਏਡਜ਼ ਵਰਗੀ ਖਤਰਨਾਕ ਬੀਮਾਰੀ ਵੀ ਵਾਇਰਸ ਕਰਕੇ ਹੁੰਦੀ ਹੈ।

ਜਿਥੇ ਵੀ ਕੋਈ ਜੀਵ ਹੈ, ਉਥੇ ਵਾਇਰਸ ਮਿਲਦੇ ਹਨ, ਤੇ ਹੋ ਸਕਦਾ ਹੈ ਜਦੋਂ ਜੀਵਾਂ ਦੇ ਸੈਲ ਬਣੇ ਹੋਣਗੇ, ਇਹ ਵੀ ਉਦੋਂ ਦੇ ਬਣੇ ਹੋਣਗੇ। ਇਨ੍ਹਾਂ ਦੇ ਆਰੰਭ ਬਾਰੇ ਪੂਰੀ ਤਰ੍ਹਾਂ ਪਤਾ ਨਹੀਂ ਕਿਉਂਕਿ ਵਾਇਰਸ ਦੇ ਕੋਈ ਅਵਸ਼ੇਸ਼ (fossils) ਨਹੀਂ ਹੁੰਦੇ।

ਦੁਨੀਆਂ ਦਾ ਹਰੇਕ ਕਾਰਜ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਹੋ ਰਿਹਾ ਹੈ। ਜੇ ਅਕਾਲ ਪੁਰਖੁ ਨੂੰ ਚੰਗਾ ਲੱਗੇ ਤਾਂ ਮਨੁੱਖ ਨੂੰ ਉੱਚੀ ਆਤਮਕ ਅਵਸਥਾ ਦਿੰਦਾ ਹੈ ਅਤੇ ਪੱਥਰ ਦਿਲ ਵਰਗੇ ਮਨੁੱਖਾਂ ਨੂੰ ਵੀ ਤਾਰ ਦਿੰਦਾ ਹੈ। ਜੇ ਅਕਾਲ ਪੁਰਖੁ ਚਾਹੇ ਤਾਂ ਸੁਆਸਾਂ ਤੋਂ ਬਿਨਾ ਵੀ ਪ੍ਰਾਣੀ ਨੂੰ ਜਿਉਂਦਾ ਰੱਖ ਸਕਦਾ ਹੈ। ਉਸ ਦੀ ਮੇਹਰ ਹੋਵੇ ਤਾਂ ਜੀਵ ਅਕਾਲ ਪੁਰਖੁ ਦੇ ਗੁਣ ਗਾਉਂਦਾ ਹੈ। ਜੇ ਅਕਾਲ ਪੁਰਖ ਦੀ ਰਜ਼ਾ ਹੋਵੇ ਤਾਂ ਗਿਰੇ ਹੋਏ ਚਾਲ ਚਲਨ ਵਾਲਿਆਂ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਅਕਾਲ ਪੁਰਖੁ ਜੋ ਕੁੱਝ ਵੀ ਕਰਦਾ ਹੈ, ਆਪਣੇ ਹੁਕਮੁ ਤੇ ਰਜ਼ਾ ਅਨੁਸਾਰ ਕਰਦਾ ਹੈ। ਅਕਾਲ ਪੁਰਖੁ ਆਪ ਹੀ ਲੋਕ ਤੇ ਪਰਲੋਕ ਦਾ ਮਾਲਕ ਹੈ, ਉਹ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ, ਉਹ ਆਪ ਜਗਤ ਦੀ ਖੇਡ ਖੇਡਦਾ ਹੈ ਤੇ ਆਪ ਹੀ ਇਸ ਨੂੰ ਵੇਖ ਕੇ ਖ਼ੁਸ਼ ਹੁੰਦਾ ਹੈ। ਅਕਾਲ ਪੁਰਖੁ ਨੂੰ ਜੋ ਚੰਗਾ ਲੱਗਦਾ ਹੈ, ਉਹ ਉਹੀ ਕੰਮ ਕਰਦਾ ਹੈ। ਅਕਾਲ ਪੁਰਖੁ ਤੋਂ ਇਲਾਵਾ ਉਸ ਵਰਗਾ ਹੋਰ ਕੋਈ ਨਹੀਂ ਦਿਸਦਾ ਜੋ ਇਹ ਸਭ ਕੁੱਝ ਕਰਨ ਦੇ ਸਮਰੱਥ ਹੈ।

ਪ੍ਰਭ ਭਾਵੈ ਮਾਨੁਖ ਗਤਿ ਪਾਵੈ॥ ਪ੍ਰਭ ਭਾਵੈ ਤਾ ਪਾਥਰ ਤਰਾਵੈਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ॥ ਪ੍ਰਭ ਭਾਵੈ ਤਾ ਹਰਿ ਗੁਣ ਭਾਖੈ॥ ਪ੍ਰਭ ਭਾਵੈ ਤਾ ਪਤਿਤ ਉਧਾਰੈ॥ ਆਪਿ ਕਰੈ ਆਪਨ ਬੀਚਾਰੈ॥ ਦੁਹਾ ਸਿਰਿਆ ਕਾ ਆਪਿ ਸੁਆਮੀ॥ ਖੇਲੈ ਬਿਗਸੈ ਅੰਤਰਜਾਮੀ॥ ਜੋ ਭਾਵੈ ਸੋ ਕਾਰ ਕਰਾਵੈ॥ ਨਾਨਕ ਦ੍ਰਿਸਟੀ ਅਵਰੁ ਨ ਆਵੈ॥ ੨॥ (੨੭੭)

ਆਮ ਲੋਕਾਂ ਨੂੰ ਇਹ ਬੜੀ ਅਨਹੋਣੀ ਗੱਲ ਲਗਦੀ ਹੈ, ਕਿ ਜੀਵ ਸੁਆਸਾਂ ਤੋਂ ਬਿਨਾ ਕਿਸ ਤਰ੍ਹਾਂ ਜਿਉਂਦਾ ਰਹਿ ਸਕਦਾ ਹੈ। ਪਰੰਤੂ ਗੁਰੂ ਅਰਜਨ ਸਾਹਿਬ ਨੇ ਇਹ ਗੁਰਬਾਣੀ ਵਿੱਚ ਕਈ ਸਾਲ ਪਹਿਲਾਂ ਅੰਕਿਤ ਕੀਤਾ ਹੈ। ਅੱਜ ਦੀ ਸਇੰਸ ਅਨੁਸਾਰ ਇਹ ਲਿਖਤ ਹੁਣ ਅਨਹੋਣੀ ਨਹੀਂ ਲਗਦੀ। ਹੋ ਸਕਦਾ ਹੈ ਕਿ ਗੁਰੁ ਸਾਹਿਬ ਨੇ ਵਾਇਰਸ ਜਾਂ ਕਿਸੇ ਹੋਰ ਤਰ੍ਹਾਂ ਦੇ ਜੀਵਾਂ ਬਾਰੇ ਕਿਹਾ ਹੋਵੇ ਜੋ ਕਿ ਬਿਨਾਂ ਸਵਾਸ ਦੇ ਜੀਵਤ ਰਹਿ ਸਕਦੇ ਹਨ।

ਆਮ ਜੀਵਾਂ ਅਤੇ ਮਨੁੱਖ ਵਿੱਚ ਇਹੀ ਫਰਕ ਹੈ ਕਿ ਮਨੁੱਖ ਕੋਲ ਬੁਧੀ ਹੈ, ਜੋ ਕਿ ਹੋਰ ਜੀਵਾਂ ਕੋਲ ਨਹੀਂ ਹੈ। ਮਨੁੱਖ ਸੋਚ ਸਕਦਾ ਹੈ, ਹੋਰ ਗਿਆਨ ਹਾਸਲ ਕਰ ਸਕਦਾ ਹੈ, ਨਵੀਆਂ ਕਾਢਾਂ ਕੱਢ ਸਕਦਾ ਹੈ, ਦੂਸਰਿਆਂ ਜੀਵਾਂ ਨੂੰ ਆਪਣੇ ਕਾਬੂ ਵਿੱਚ ਰੱਖ ਸਕਦਾ ਹੈ ਤੇ ਆਪਣੇ ਮਤਲਬ ਲਈ ਵਰਤ ਸਕਦਾ ਹੈ। ਮਨੁੱਖ ਨਵੀਆਂ ਚੀਜਾਂ ਬਣਾ ਸਕਦਾ ਹੈ, ਉਨ੍ਹਾਂ ਤੇ ਆਪਣਾ ਕਬਜਾ ਕਰ ਸਕਦਾ ਹੈ, ਅਦਲਾ ਬਦਲੀ ਤੇ ਹੇਰਾਫੇਰੀ ਕਰ ਸਕਦਾ ਹੈ। ਸੱਚ ਜਾਂ ਝੂਠ ਜਾਣ ਸਕਦਾ ਹੈ ਤੇ ਬੋਲ ਸਕਦਾ ਹੈ।

ਅੱਜ ਦੀ ਸਇੰਸ ਇਸ ਵਿਚਾਰ ਨਾਲ ਸਹਿਮਤ ਹੈ ਕਿ ਜੀਵਨ ਕਈ ਸਟੇਜਾਂ ਵਿਚੋਂ ਲੰਘਿਆ ਹੈ। ਮਨੁੱਖੀ ਵਿਕਾਸ ਦੇ ਆਧਾਰ ਤੇ ਇਸ ਨੂੰ ਤਿੰਨ ਹਿਸਿਆਂ ਵਿੱਚ ਵੰਡਿਆ ਜਾ ਸਕਦਾ ਹੈ: ਪੱਥਰ ਕਾਲ, ਕਹਿੰ ਕਾਲ, ਲੋਹਾ ਕਾਲ (Stone Age, Bronze Age and Iron Age)। ਪੱਥਰ ਕਾਲ ਦੇ ਸਮੇਂ ਵਿੱਚ ਮਨੁੱਖ ਨੇ ਪੱਥਰ ਨੂੰ ਘੜ ਕੇ ਤਿਖੇ ਤੇ ਨੁਕੀਲੇ ਹਥਿਆਰ ਬਣਾਉਂਣੇ ਸਿਖ ਲਏ। ਕਹਿੰ ਕਾਲ ਵਿੱਚ ਮਨੁੱਖ ਨੇ ਤਾਂਬੇ, ਪਿੱਤਲ ਤੇ ਕਹਿੰ ਦੇ ਬਰਤਨ ਅਤੇ ਔਜ਼ਾਰ ਬਣਾਉਂਣੇ ਸ਼ੁਰੂ ਕਰ ਦਿਤੇ। ਲੋਹਾ ਕਾਲ ਦੇ ਸਮੇਂ ਵਿੱਚ ਮਨੁੱਖ ਨੇ ਲੋਹੇ ਤੇ ਸਟੀਲ ਦੀ ਵਰਤੋਂ ਸ਼ੁਰੂ ਕਰ ਦਿੱਤੀ, ਜਿਸ ਕਰਕੇ ਮਨੁੱਖੀ ਵਿਕਾਸ ਵਿੱਚ ਬਹੁਤ ਵਾਧਾ ਹੋਣਾ ਸ਼ੁਰੂ ਹੋ ਗਿਆ ਤੇ ਕਈ ਤਰ੍ਹਾਂ ਦੀਆਂ ਨਵੀਆਂ ਤਕਨੀਕਾਂ ਈਜ਼ਾਦ ਕੀਤੀਆਂ ਗਈਆਂ ਤੇ ਇਨ੍ਹਾਂ ਦੀ ਆਮ ਜੀਵਨ ਵਿੱਚ ਵਰਤੋਂ ਹੋਣ ਲੱਗ ਪਈ।

ਕੁਦਰਤ ਨੇ ਚਟਾਨਾਂ ਵਿੱਚ ਜੀਵ ਪੈਦਾ ਕੀਤੇ ਹਨ, ਸਮੁੰਦਰ ਦੇ ਤਲ ਤੇ ਵੀ ਕੋਰਲ, ਐਲਗੀ, ਮੱਛੀਆਂ, ਕੇਕੜੇ, ਪੌਦੇ ਤੇ ਅਨੇਕਾਂ ਪ੍ਰਕਾਰ ਦੀ ਬਨਸਪਤੀ ਪੈਦਾ ਕੀਤੀ ਹੈ। ਡੂੰਘੇ ਸਮੁੰਦਰ ਵਿੱਚ ਵੀ ਜੀਵ ਪਾਏ ਗਏ ਹਨ। ਅਕਾਲ ਪੁਰਖੁ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਉਨ੍ਹਾਂ ਸਭ ਦੀ ਸੰਭਾਲ ਕਰਦਾ ਹੈ।

ਅੱਜਕਲ ਦੀਆਂ ਖੋਜ਼ਾ ਮੁਤਾਬਕ ਡੂੰਘੇ ਸਮੁੰਦਰ ਵਿੱਚ ਜਵਾਲਾਮੁੱਖੀ ਨਾਲ ਪੈਦਾ ਹੋਈਆਂ ਚਟਾਨਾਂ ਦੀਆਂ ਤਰੇੜਾਂ ਵਿੱਚ ਵੀ ਜੀਵ (ਮਾਈਕਰੋਬ) ਪਾਏ ਗਏ ਹਨ। ਅਜੇਹੇ ਸਥਾਨ ਬਹੁਤ ਗਰਮ ਹਨ ਤੇ ਇਨ੍ਹਾਂ ਦਾ ਤਾਪਮਾਨ 350°C ਤੱਕ ਹੋ ਸਕਦਾ ਹੈ। ਅਜੇਹੇ ਮਾਈਕਰੋਬ ਹਾਈਡਰੋਜ਼ਨ ਅਤੇ ਕਾਰਬਨ ਡਾਈਔਕਸਾਈਡ ਲੈ ਕੇ ਮੀਥੇਂਨ ਗੈਸ ਪੈਦਾ ਕਰਦੇ ਹਨ।

ਮਨੁੱਖਾਂ, ਰੁੱਖਾਂ, ਤੀਰਥਾਂ, ਤਟਾਂ (ਨਦੀਆਂ ਦੇ ਕਿਨਾਰਿਆਂ), ਬੱਦਲਾਂ, ਖੇਤਾਂ, ਦੀਪਾਂ (ਸਮੁੰਦਰ ਦੇ ਪਾਣੀ ਨਾਲ ਘਿਰੇ ਹੋਏ ਧਰਤੀ ਦੇ ਹਿਸੇ), ਲੋਕਾਂ (ਸੁਰਗ, ਪ੍ਰਿਥਵੀ ਅਤੇ ਪਤਾਲ, ਸੱਤ ਲੋਕ ਧਰਤੀ ਤੋਂ ਉੱਤੇ ਤੇ ਸੱਤ ਲੋਕ ਧਰਤੀ ਦੇ ਹੇਠਾਂ), ਮੰਡਲਾਂ (ਚੰਦ, ਸੂਰਜ, ਧਰਤੀ, ਗ੍ਰੈਹਾਂ), ਖੰਡਾਂ (ਧਰਤੀ ਦੇ ਹਿੱਸੇ), ਵਰਭੰਡਾਂਹ (ਬ੍ਰਹਿਮੰਡਾਂ, ਸ੍ਰਿਸ਼ਟੀ), ਸਰਾਂ (ਸਰੋਵਰਾਂ), ਮੇਰਾਂ (ਮੇਰੂ ਵਰਗੇ ਪਰਬਤਾਂ), ਚਾਰੇ ਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇ ਸਾਰੇ ਜੀਵ ਜੰਤਾਂ, ਇਨ੍ਹਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ, ਉਹ ਅਕਾਲ ਪੁਰਖੁ ਆਪ ਹੀ ਜਾਣਦਾ ਹੈ, ਜਿਸ ਨੇ ਇਹ ਸਭ ਕੁੱਝ ਪੈਦਾ ਕੀਤੇ ਹਨ। ਸਾਰੇ ਜੀਅ ਜੰਤ ਪੈਦਾ ਕਰ ਕੇ, ਅਕਾਲ ਪੁਰਖੁ ਉਨ੍ਹਾਂ ਸਭਨਾਂ ਦੀ ਸੰਭਾਲ ਤੇ ਪਾਲਨਾ ਵੀ ਆਪ ਹੀ ਕਰਦਾ ਹੈ। ਜਿਸ ਕਰਤਾਰ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਵੀ ਉਸੇ ਨੂੰ ਹੀ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਮੈਂ ਉਸ ਅਕਾਲ ਪੁਰਖੁ ਤੋਂ ਸਦਕੇ ਜਾਂਦਾ ਹਾਂ, ਉਸ ਦੀ ਜੈ ਜੈਕਾਰ ਆਖਦਾ ਹਾਂ, ਭਾਵ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਜਿਸ ਕਰਤਾਰ ਨੇ ਇਹ ਜਗਤ ਪੈਦਾ ਕੀਤਾ ਹੈ, ਇਨ੍ਹਾਂ ਸਭ ਦਾ ਖ਼ਿਆਲ ਵੀ ਉਹ ਆਪ ਹੀ ਰੱਖਦਾ ਹੈ, ਤੇ ਅਕਾਲ ਪੁਰਖੁ ਦਾ ਆਸਰਾ ਜੀਵਾਂ ਵਾਸਤੇ ਸਦਾ ਲਈ ਅਟੱਲ ਹੈ। ਉਸ ਅਕਾਲ ਪੁਰਖੁ ਦੇ ਸੱਚੇ ਨਾਮੁ ਦੀ ਯਾਦ ਤੋਂ ਬਿਨਾ, ਟਿੱਕਾ, ਜਨੇਊ ਆਦਿਕ ਧਾਰਮਕ ਭੇਖ ਜਾਂ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਨ ਦਾ ਕੋਈ ਫਾਇਦਾ ਨਹੀਂ ਹੈ।

ਸਲੋਕ ਮਃ ੧॥ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ॥ ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ॥ ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ॥ ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ॥ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ॥ ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ॥ ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ॥ ੧॥ (੪੬੭)

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜੇਕਰ ਅਕਾਲ ਪੁਰਖੁ ਮੇਰੇ ਨਾਲ, ਮੇਰੇ ਹਿਰਦੇ ਵਿੱਚ ਵੱਸ ਰਿਹਾ ਹੈ ਤਾਂ ਉਸ ਦੀ ਬਰਕਤ ਨਾਲ ਜਮਦੂਤ ਨੇੜੇ ਨਹੀਂ ਢੁੱਕਦੇ, ਇਸ ਲਈ ਮੈਨੂੰ ਸਰੀਰਕ ਮੌਤ ਜਾਂ ਆਤਮਕ ਮੌਤ ਦਾ ਕੋਈ ਡਰ ਨਹੀਂ ਰਹਿ ਗਿਆ ਹੈ। ਜਿਸ ਮਨੁੱਖ ਨੂੰ ਗੁਰੂ ਗਰੰਥ ਸਾਹਿਬ ਦੁਆਰਾ ਦਿੱਤੀ ਸੱਚੀ ਸਿੱਖਿਆ ਮਿਲ ਜਾਂਦੀ ਹੈ, ਉਹ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਨਾਮੁ ਨੂੰ ਹਮੇਸ਼ਾਂ ਯਾਦ ਰੱਖਦਾ ਹੈ, ਤੇ ਅਕਾਲ ਪੁਰਖੁ ਅਜੇਹੇ ਮਨੁੱਖ ਨੂੰ ਆਪਣੇ ਗਲ ਨਾਲ ਲਾ ਕੇ ਰੱਖਦਾ ਹੈ। ਜਿਹੜਾ ਮਨੁੱਖ ਪੂਰੇ ਗੁਰੂ ਨੂੰ ਆਪਣੇ ਜੀਵਨ ਵਿੱਚ ਅਪਨਾ ਲੈਂਦਾ ਹੈ, ਉਸ ਨੂੰ ਜੀਵਨ ਵਿੱਚ ਸਫਲਤਾ ਮਿਲਦੀ ਹੈ। ਪੂਰਾ ਗੁਰੂ ਮਨੁੱਖ ਨੂੰ ਨਾਮੁ ਜਪਣ ਤੇ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲਣ ਦੀ ਚੰਗੀ ਮੱਤ ਦਿੰਦਾ ਹੈ, ਜਿਸ ਸਦਕਾ ਉਸ ਦੇ ਵਿਕਾਰ ਪੈਦਾ ਕਰਨ ਵਾਲੇ ਸਾਰੇ ਵੈਰੀ ਖਤਮ ਹੋ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਪੂਰੇ ਗੁਰੂ ਨੇ ਜੀਵਨ ਜਾਚ ਸਿਖਾਈ, ਅਕਾਲ ਪੁਰਖੁ ਨੇ ਉਨ੍ਹਾਂ ਦੇ ਸਾਰੇ ਗਿਆਨ ਇੰਦ੍ਰੇ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤੇ, ਫਿਰ ਉਹ ਮਨੁੱਖ ਵਿਕਾਰੀ ਜੀਵਨ ਤਿਆਗ ਕੇ ਆਤਮਕ ਆਨੰਦ ਵਿੱਚ ਆ ਕੇ ਟਿਕ ਜਾਂਦੇ ਹਨ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਉਸ ਅਕਾਲ ਪੁਰਖੁ ਦੀ ਸ਼ਰਨ ਪਿਆ ਰਹਿ, ਜਿਸ ਦੇ ਸ਼ਰਨ ਪਿਆਂ ਸਾਰੇ ਰੋਗ ਦੂਰ ਹੋ ਜਾਂਦੇ ਹਨ।

ਸੋਰਠਿ ਮਹਲਾ ੫॥ ਨਾਲਿ ਨਰਾਇਣੁ ਮੇਰੈ॥ ਜਮਦੂਤੁ ਨ ਆਵੈ ਨੇਰੈ॥ ਕੰਠਿ ਲਾਇ ਪ੍ਰਭ ਰਾਖੈ॥ ਸਤਿਗੁਰ ਕੀ ਸਚੁ ਸਾਖੈ॥ ੧॥ ਗੁਰਿ ਪੂਰੈ ਪੂਰੀ ਕੀਤੀ॥ ਦੁਸਮਨ ਮਾਰਿ ਵਿਡਾਰੇ ਸਗਲੇ ਦਾਸ ਕਉ ਸੁਮਤਿ ਦੀਤੀ॥ ੧॥ ਰਹਾਉਪ੍ਰਭਿ ਸਗਲੇ ਥਾਨ ਵਸਾਏ॥ ਸੁਖਿ ਸਾਂਦਿ ਫਿਰਿ ਆਏ॥ ਨਾਨਕ ਪ੍ਰਭ ਸਰਣਾਏ॥ ਜਿਨਿ ਸਗਲੇ ਰੋਗ ਮਿਟਾਏ॥ ੨॥ ੨੪॥ ੮੮॥ (੬੩੦)

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਆਪਣੀ ਰੋਜ਼ੀ ਲਈ ਫ਼ਿਕਰ ਚਿੰਤਾ ਨਾ ਕਰੋ, ਇਹ ਫ਼ਿਕਰ ਉਸ ਅਕਾਲ ਪੁਰਖੁ ਨੂੰ ਆਪ ਹੀ ਹੈ। ਉਸ ਨੇ ਪਾਣੀ ਵਿੱਚ ਜੀਵ ਪੈਦਾ ਕੀਤੇ ਹਨ, ਉਨ੍ਹਾਂ ਨੂੰ ਵੀ ਰਿਜ਼ਕ ਦੇਂਦਾ ਹੈ। ਪਾਣੀ ਵਿੱਚ ਨਾ ਕੋਈ ਦੁਕਾਨ ਚੱਲਦੀ ਹੈ ਨਾ ਓਥੇ ਕੋਈ ਵਾਹੀ ਦਾ ਕੰਮ ਕਰਦਾ ਹੈ, ਨਾ ਓਥੇ ਕੋਈ ਸਉਦਾ ਵੇਚਿਆ ਜਾ ਰਿਹਾ ਹੈ, ਨਾ ਕੋਈ ਲੈਣ ਦੇਣ ਦਾ ਵਪਾਰ ਹੋ ਰਿਹਾ ਹੈ। ਪਰ ਅਕਾਲ ਪੁਰਖੁ ਨੇ ਓਥੇ ਵੀ ਇਨ੍ਹਾਂ ਸਭ ਲਈ ਖ਼ੁਰਾਕ ਦਾ ਸਾਧਨ ਬਣਾ ਦਿੱਤਾ ਹੈ, ਤੇ ਜੀਵਾਂ ਦਾ ਖਾਣਾ ਦੂਸਰੇ ਜੀਵ ਹੀ ਹਨ, ਭਾਵੇਂ ਉਹ ਚਲਣ ਵਾਲੇ ਹੋਣ ਜਾਂ ਬੂਟਿਆ ਦੀ ਤਰ੍ਹਾਂ ਇੱਕ ਥਾਂ ਟਿਕੇ ਰਹਿਣ ਵਾਲੇ ਹੋਣ। ਅਕਾਲ ਪੁਰਖੁ ਨੇ ਜਿਨ੍ਹਾਂ ਜੀਵਾਂ ਨੂੰ ਸਮੁੰਦਰਾਂ ਵਿੱਚ ਪੈਦਾ ਕੀਤਾ ਹੈ, ਉਨ੍ਹਾਂ ਦੀ ਸੰਭਾਲ ਵੀ ਉਹ ਆਪ ਹੀ ਕਰਦਾ ਹੈ। ਇਸ ਲਈ ਰੋਜ਼ੀ ਲਈ ਚਿੰਤਾ ਨਾ ਕਰੋ, ਕਿਉਂਕਿ ਅਕਾਲ ਪੁਰਖੁ ਨੂੰ ਆਪ ਸਭ ਦਾ ਫ਼ਿਕਰ ਹੈ।

ਸਲੋਕ ਮਃ ੨॥ ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ॥ ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ॥ ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ॥ ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ॥ ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ॥ ੧॥ (੯੫੫)

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਹੇ ਮਨ ਤੂੰ ਕਿਉਂ ਸਦਾ ਸੋਚਦਾ ਰਹਿੰਦਾ ਹੈ ਤੇ ਫ਼ਿਕਰ ਕਰਦਾ ਰਹਿੰਦਾ ਹੈ? ਜਦ ਕਿ, ਤੇਰੀ ਖਾਤਰ ਅਕਾਲ ਪੁਰਖੁ ਇਸ ਆਹਰ ਵਿੱਚ ਆਪ ਲੱਗਾ ਹੋਇਆ ਹੈ। ਜਿਹੜੇ ਜੀਵ ਅਕਾਲ ਪੁਰਖੁ ਨੇ ਚਟਾਨਾਂ ਤੇ ਪੱਥਰਾਂ ਵਿੱਚ ਪੈਦਾ ਕੀਤੇ ਹਨ, ਉਨ੍ਹਾਂ ਦਾ ਰਿਜ਼ਕ ਵੀ ਉਸ ਨੇ ਉਨ੍ਹਾਂ ਨੂੰ ਪੈਦਾ ਕਰਨ ਤੋਂ ਪਹਿਲਾਂ ਹੀ ਬਣਾ ਕੇ ਰਖਿਆ ਹੈ। ਜਿਹੜੇ ਮਨੁੱਖ ਗੁਰੂ ਦੀ ਸੰਗਤਿ ਵਿੱਚ ਮਿਲ ਬੈਠ ਕੇ ਸੱਚ ਦਾ ਗਿਆਨ ਹਾਸਲ ਕਰਦੇ ਹਨ, ਉਹ ਇਨ੍ਹਾਂ ਵਿਅਰਥ ਸੋਚਾਂ ਤੇ ਫ਼ਿਕਰਾਂ ਤੋਂ ਬਚ ਜਾਂਦੇ ਹਨ। ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ ਇਹ ਅਡੋਲਤਾ ਵਾਲੀ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ, ਉਹ ਮਾਨੋ ਸੁੱਕੀ ਲਕੜੀ ਵਰਗਾ ਵੀ ਹਰਿਆ ਭਰਿਆ ਹੋ ਜਾਂਦਾ ਹੈ, ਭਾਵ ਕਿ ਇੱਕ ਅਗਿਆਨੀ ਵੀ ਗੁਰਬਾਣੀ ਦਾ ਸੱਚਾਂ ਗਿਆਨ ਪ੍ਰਾਪਤ ਕਰਕੇ ਸੂਝਵਾਨ ਤੇ ਗਿਆਨ ਵਾਲਾ ਹੋ ਜਾਂਦਾ ਹੈ। ਮਾਤਾ, ਪਿਤਾ, ਪੁੱਤਰ, ਧੀ, ਪਤਨੀ, ਦੋਸਤ, ਤੇ ਹੋਰ ਸਾਰੇ ਲੋਕ, ਇਨ੍ਹਾਂ ਵਿਚੋਂ ਕੋਈ ਵੀ ਕਿਸੇ ਦਾ ਆਸਰਾ ਨਹੀਂ ਹੈ। ਇਹ ਸੱਭ ਉਸ ਅਕਾਲ ਪੁਰਖੁ ਤੋਂ ਰਿਜਕ ਲੈ ਰਹੇ ਹਨ। ਇਸ ਲਈ ਹੇ ਮਨ ਤੂੰ ਕਿਉਂ ਡਰਦਾ ਹੈ? ਪਾਲਣਹਾਰ ਅਕਾਲ ਪੁਰਖੁ ਹਰੇਕ ਜੀਵ ਨੂੰ ਆਪ ਹੀ ਰਿਜ਼ਕ ਪਹੁੰਚਾਂਦਾ ਹੈ। ਗੁਰੂ ਸਾਹਿਬ ਉਦਾਹਰਣ ਦੇ ਕੇ ਸਮਝਾਉਂਦੇ ਹਨ ਕਿ ਹੇ ਮਨ! ਵੇਖ! ਕੂੰਜ ਉੱਡ ਉੱਡ ਕੇ ਸੈਂਕੜੇ ਕੋਹਾਂ ਮੀਲ ਪੈਂਡਾ ਕਰਕੇ ਆ ਜਾਂਦੀ ਹੈ, ਪਿੱਛੇ ਉਸ ਦੇ ਬੱਚੇ ਇਕੱਲੇ ਛੱਡੇ ਹੋਏ ਹੁੰਦੇ ਹਨ। ਉਨ੍ਹਾਂ ਨੂੰ ਕੋਈ ਖੁਆਣ ਵਾਲਾ ਨਹੀਂ, ਕੋਈ ਉਨ੍ਹਾਂ ਨੂੰ ਚੋਗਾ ਨਹੀਂ ਦਿੰਦਾ। ਉਹ ਕੂੰਜ ਆਪਣੇ ਬੱਚਿਆਂ ਦਾ ਧਿਆਨ ਆਪਣੇ ਮਨ ਵਿੱਚ ਧਰਦੀ ਰਹਿੰਦੀ ਹੈ, ਸਭ ਦੀ ਪਾਲਣਾ ਕਰਨ ਵਾਲੇ ਅਕਾਲ ਪੁਰਖੁ ਤੇ ਭਰੋਸਾ ਰੱਖਦੀ ਹੈ, ਇਸੇ ਭਰੋਸੇ ਨੂੰ ਅਕਾਲ ਪੁਰਖੁ ਉਨ੍ਹਾਂ ਦੇ ਪਾਲਣ ਦਾ ਵਸੀਲਾ ਬਣਾਂਦਾ ਹੈ। ਪੰਛੀਆਂ ਨੂੰ ਤਾਂ ਅਕਾਲ ਪੁਰਖੁ ਤੇ ਭਰੋਸਾ ਹੈ, ਕਿ ਰਿਜਕ ਮਿਲ ਜਾਵੇਗਾ, ਪਰੰਤੂ ਮਨੁੱਖ ਨੂੰ ਨਹੀਂ। ਇਸੇ ਲਈ ਜਿਆਦਾ ਤਰ ਲੋਕ ਧਨ ਇਕੱਠਾ ਕਰਨ ਵਿੱਚ ਆਪਣਾ ਸਾਰਾ ਜੀਵਨ ਵਿਅਰਥ ਗਵਾ ਦਿੰਦੇ ਹਨ।

ਰਾਗੁ ਗੂਜਰੀ ਮਹਲਾ ੫॥ ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਹਰਿ ਜੀਉ ਪਰਿਆ॥ ਸੈਲ ਪਥਰ ਮਹਿ ਜੰਤ ਉਪਾਏ ਤਾ ਕਾ ਰਿਜਕੁ ਆਗੈ ਕਰਿ ਧਰਿਆ॥ ੧॥ ਮੇਰੇ ਮਾਧਉ ਜੀ ਸਤਸੰਗਤਿ ਮਿਲੇ ਸੁ ਤਰਿਆ॥ ਗੁਰ ਪਰਸਾਦਿ ਪਰਮ ਪਦੁ ਪਾਇਆ ਸੂਕੇ ਕਾਸਟ ਹਰਿਆ॥ ੧॥ ਰਹਾਉ॥ (੧੦)

ਪੱਥਰ ਕੀ ਹੈ ਤੇ ਜੀਵ ਕੀ ਹੈ। ਜੀਵਨ ਕਿਉਂ ਹੈ ਤੇ ਮੌਤ ਕਿਉਂ ਹੈ। ਇਹ ਸਾਇੰਸ ਨਹੀਂ ਦੱਸ ਸਕਦੀ ਹੈ। ਹੋ ਸਕਦਾ ਹੈ ਕਿ ਇਹ ਭੇਦ ਕਈ ਸਦੀਆਂ ਬਾਅਦ ਪਤਾ ਲੱਗੇ ਕਿ ਸੱਭ ਵਿੱਚ ਅਕਾਲ ਪੁਰਖੁ ਹੀ ਹੈ।

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਜਗਤ ਦੀ ਰੱਖਿਆ ਕਰਨ ਵਾਲਾ ਅਕਾਲ ਪੁਰਖੁ ਬਹੁਤ ਸੋਹਣਾ, ਸੁੰਦਰ, ਤੇ ਮਨ ਨੂੰ ਮੋਹ ਲੈਣ ਵਾਲਾ ਹੈ। ਕੀੜੇ, ਹਾਥੀ, ਪੱਥਰਾਂ ਦੇ ਵਿੱਚ ਵੱਸਦੇ ਜੀਵ ਜੰਤੂਆਂ, ਤੇ ਹੋਰ ਸਭਨਾਂ ਵਿੱਚ ਅਕਾਲ ਪੁਰਖੁ ਆਪ ਮੌਜੂਦ ਹੈ ਤੇ ਉਹ ਸਭ ਦਾ ਪਾਲਣਹਾਰ ਹੈ। ਅਕਾਲ ਪੁਰਖੁ ਕਿਸੇ ਜੀਵ ਤੋਂ ਦੂਰ ਨਹੀਂ ਹੈ, ਤੇ ਉਹ ਸਭ ਵਿੱਚ ਵਿਆਪਕ ਹੈ, ਪਰਤੱਖ ਦਿਸਦਾ ਹੈ, ਤੇ ਸਭ ਜੀਵਾਂ ਦੇ ਨਾਲ ਹੈ। ਅਕਾਲ ਪੁਰਖੁ ਸੋਹਣਾ ਹੈ, ਤੇ ਸਭ ਰਸਾਂ ਦਾ ਸੋਮਾ ਹੈ। ਲੋਕਾਂ ਦੇ ਮਿਥੇ ਹੋਏ ਵਰਣਾਂ ਵਿਚੋਂ ਅਕਾਲ ਪੁਰਖੁ ਦਾ ਕੋਈ ਵਰਣ ਨਹੀਂ ਹੈ, ਲੋਕਾਂ ਦੀਆਂ ਮਿਥੀਆਂ ਕੁਲਾਂ ਵਿਚੋਂ ਉਸ ਦੀ ਕੋਈ ਕੁਲ ਨਹੀਂ ਹੈ। ਅਕਾਲ ਪੁਰਖੁ ਕਿਸੇ ਖ਼ਾਸ ਕੁਲ ਜਾਂ ਖ਼ਾਸ ਵਰਣ ਦਾ ਪੱਖ ਨਹੀਂ ਕਰਦਾ ਅਤੇ ਸਭਨਾਂ ਉਤੇ ਸਦਾ ਦਇਆਵਾਨ ਰਹਿੰਦਾ ਹੈ।

ਸਾਰਗ ਮਹਲਾ ੫॥ ਲਾਲ ਲਾਲ ਮੋਹਨ ਗੋਪਾਲ ਤੂ॥ ਕੀਟ ਹਸਤਿ ਪਾਖਾਣ ਜੰਤ ਸਰਬ ਮੈ ਪ੍ਰਤਿਪਾਲ ਤੂ॥ ੧॥ ਰਹਾਉ॥ ਨਹ ਦੂਰਿ ਪੂਰਿ ਹਜੂਰਿ ਸੰਗੇ॥ ਸੁੰਦਰ ਰਸਾਲ ਤੂ॥ ੧॥ ਨਹ ਬਰਨ ਬਰਨ ਨਹ ਕੁਲਹ ਕੁਲ॥ ਨਾਨਕ ਪ੍ਰਭ ਕਿਰਪਾਲ ਤੂ॥ ੨॥ ੯॥ ੧੩੮॥ (੧੨੩੧)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਗੁਰੂ ਸਾਹਿਬਾਂ ਨੇ ਸਪੱਸ਼ਟ ਕਰਕੇ ਸਮਝਾ ਦਿੱਤਾ ਹੈ ਕਿ ਜੀਵਨ ਅਕਾਲ ਪੁਰਖੁ ਦੇ ਹੱਥ ਵਿੱਚ ਉਹ ਚਾਹੇ ਤਾ ਜੀਵ ਨੂੰ ਬਿਨਾ ਸੁਆਸ ਦੇ ਵੀ ਰੱਖ ਸਕਦਾ ਹੈ, ਤੇ ਜਦੋਂ ਚਾਹੇ ਤਾਂ ਆਪਣੇ ਹੁਕਮੁ ਤੇ ਰਜ਼ਾ ਅਨੁਸਾਰ ਜੀਵਨ ਵਿੱਚ ਵੀ ਬਦਲ ਸਕਦਾ ਹੈ।

ਕੋਮਾਂ ਵਿੱਚ ਗਏ ਮਰੀਜ਼ ਨੂੰ ਕਈ ਕਈ ਘੰਟੇ ਜਾਂ ਦਿਨ ਕੋਈ ਹੋਸ਼ ਨਹੀਂ ਹੁੰਦੀ ਹੈ।

ਵਾਇਰਸ ਆਮ ਸੈਲਾਂ ਦੀ ਤਰ੍ਹਾਂ ਵਧਦੇ ਹਨ, ਪਰ ਇਨ੍ਹਾਂ ਦੀ ਬਣਤਰ ਸੈਲਾਂ ਵਰਗੀ ਨਹੀਂ ਹੁੰਦੀ ਹੈ। ਇਸ ਲਈ ਕੁੱਝ ਲੋਕ ਇਸ ਨੂੰ ਜੀਵ ਸਮਝਦੇ ਹਨ ਤੇ ਕੁੱਝ ਨਹੀਂ।

ਤੰਬਾਕੂ ਦਾ ਵਾਇਰਸ ਵੀ ਇੱਕ ਨਿਰਜੀਵ ਦੀ ਤਰ੍ਹਾਂ ਹੁੰਦਾ ਹੈ, ਪਰ ਜਦੋਂ ਇਹ ਪਾਣੀ ਵਿੱਚ ਘੋਲ ਕੇ ਤੰਬਾਕੂ ਦੇ ਪੱਤੇ ਤੇ ਪਾਇਆ ਜਾਂਦਾ ਹੈ ਤਾਂ ਇਹ ਜੀਵ ਦੀ ਤਰ੍ਹਾਂ ਬਣ ਜਾਂਦਾ ਹੈ ਤੇ ਵਧਣਾ ਸ਼ੁਰੂ ਹੋ ਜਾਂਦਾ ਹੈ।

ਜਿਥੇ ਵੀ ਕੋਈ ਜੀਵ ਹੈ, ਉਥੇ ਵਾਇਰਸ ਮਿਲਦੇ ਹਨ, ਤੇ ਹੋ ਸਕਦਾ ਹੈ ਜਦੋਂ ਜੀਵਾਂ ਦੇ ਸੈਲਾਂ ਬਣੇ ਹੋਣਗੇ, ਇਹ ਵੀ ਉਦੋਂ ਦੇ ਬਣੇ ਹੋਣਗੇ।

ਗੁਰੂ ਅਰਜਨ ਸਾਹਿਬ ਨੇ ਗੁਰਬਾਣੀ ਵਿੱਚ ਕਈ ਸਾਲ ਪਹਿਲਾਂ ਅੰਕਿਤ ਕੀਤਾ ਹੈ, ਕਿ ਅਕਾਲ ਪੁਰਖੁ ਜੀਵ ਨੂੰ ਸੁਆਸਾਂ ਤੋਂ ਬਿਨਾ ਜਿਉਂਦਾ ਰੱਖ ਸਕਦਾ ਹੈ।

ਆਮ ਜੀਵਾਂ ਅਤੇ ਮਨੁੱਖ ਵਿੱਚ ਇਹੀ ਫਰਕ ਹੈ ਕਿ ਮਨੁੱਖ ਕੋਲ ਬੁਧੀ ਹੈ ਜੋ ਕਿ ਹੋਰ ਜੀਵਾਂ ਕੋਲ ਨਹੀਂ ਹੈ।

ਅਕਾਲ ਪੁਰਖੁ ਨੇ ਚਟਾਨਾਂ ਵਿਚ, ਸਮੁੰਦਰ ਦੇ ਤਲ, ਤੇ ਡੂੰਘੇ ਸਮੁੰਦਰ ਵਿੱਚ ਵੀ ਜੀਵ ਪੈਦਾ ਕੀਤੇ ਹਨ।

ਡੂੰਘੇ ਸਮੁੰਦਰ ਵਿੱਚ ਜਵਾਲਾਮੁੱਖੀ ਨਾਲ ਪੈਦਾ ਹੋਈਆਂ ਚਟਾਨਾਂ ਦੀਆਂ ਤਰੇੜਾਂ ਵਿੱਚ ਵੀ ਜੀਵ (ਮਾਈਕਰੋਬ) ਪਾਏ ਗਏ ਹਨ।

ਦੁਨੀਆਂ ਦਾ ਹਰੇਕ ਕਾਰਜ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਹੋ ਰਿਹਾ ਹੈ, ਅਕਾਲ ਪੁਰਖੁ ਜੀਵਾਂ ਨੂੰ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਉਨ੍ਹਾਂ ਸਭ ਦੀ ਸੰਭਾਲ ਕਰਦਾ ਹੈ।

ਜਿਨ੍ਹਾਂ ਮਨੁੱਖਾਂ ਨੂੰ ਪੂਰੇ ਗੁਰੂ ਨੇ ਜੀਵਨ ਜਾਚ ਸਿਖਾਈ, ਅਕਾਲ ਪੁਰਖੁ ਨੇ ਉਨ੍ਹਾਂ ਦੇ ਸਾਰੇ ਗਿਆਨ ਇੰਦ੍ਰੇ ਆਤਮਕ ਗੁਣਾਂ ਨਾਲ ਭਰਪੂਰ ਕਰ ਦਿੱਤੇ, ਫਿਰ ਉਹ ਮਨੁੱਖ ਵਿਕਾਰੀ ਜੀਵਨ ਤਿਆਗ ਕੇ ਆਤਮਕ ਆਨੰਦ ਵਿੱਚ ਆ ਕੇ ਟਿਕ ਜਾਂਦੇ ਹਨ।

ਅਕਾਲ ਪੁਰਖੁ ਨੇ ਜਿਥੇ ਪਾਣੀ ਵਿੱਚ ਜੀਵ ਪੈਦਾ ਕੀਤੇ ਹਨ, ਓਥੇ ਉਨ੍ਹਾਂ ਸਭ ਲਈ ਖ਼ੁਰਾਕ ਵੀ ਬਣਾ ਦਿੱਤੀ ਹੈ, ਤੇ ਜੀਵਾਂ ਦਾ ਖਾਣਾ ਦੂਸਰੇ ਜੀਵ ਹੀ ਹਨ।

ਜਿਹੜੇ ਜੀਵ ਅਕਾਲ ਪੁਰਖੁ ਨੇ ਚਟਾਨਾਂ ਤੇ ਪੱਥਰਾਂ ਵਿੱਚ ਪੈਦਾ ਕੀਤੇ ਹਨ, ਉਨ੍ਹਾਂ ਦਾ ਰਿਜ਼ਕ ਵੀ ਉਸ ਨੇ ਉਨ੍ਹਾਂ ਨੂੰ ਪੈਦਾ ਕਰਨ ਤੋਂ ਪਹਿਲਾਂ ਹੀ ਬਣਾ ਕੇ ਰਖਿਆ ਹੈ।

ਪੰਛੀਆਂ ਨੂੰ ਤਾਂ ਅਕਾਲ ਪੁਰਖੁ ਤੇ ਭਰੋਸਾ ਹੈ ਕਿ ਰਿਜਕ ਮਿਲ ਜਾਵੇਗਾ, ਪਰੰਤੂ ਮਨੁੱਖ ਨੂੰ ਨਹੀਂ।

ਅਕਾਲ ਪੁਰਖੁ ਕਿਸੇ ਜੀਵ ਤੋਂ ਦੂਰ ਨਹੀਂ ਹੈ, ਤੇ ਉਹ ਸਭ ਵਿੱਚ ਵਿਆਪਕ ਹੈ, ਪ੍ਰਤੱਖ ਦਿੱਸਦਾ ਹੈ, ਤੇ ਸਭ ਜੀਵਾਂ ਦੇ ਨਾਲ ਹੈ।

ਇਸ ਲਈ ਜੇ ਕਰ ਸਾਡਾ ਜੀਵਨ ਅਕਾਲ ਪੁਰਖੁ ਦੇ ਹੱਥ ਵਿੱਚ ਹੈ, ਸੁਆਸ ਉਸ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲ ਰਹੇ ਹਨ, ਫਿਰ ਜੀਵਨ ਨੂੰ ਸਫਲ ਕਰਨ ਦਾ ਇਹੀ ਰਸਤਾ ਹੈ ਕਿ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਹੁਕਮੁ ਸਮਝਈਏ ਤੇ ਆਪਣਾ ਮਨੁੱਖਾ ਜਨਮ ਅਨੰਦ ਦੀ ਅਵਸਥਾ ਵਿੱਚ ਬਤੀਤ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”


(ਡਾ: ਸਰਬਜੀਤ ਸਿੰਘ) (Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
Email = [email protected]
http://www.sikhmarg.com/article-dr-sarbjit.html




.