.

ਚੰਗੇ ਸਮਾਜ ਦੀ ਸਿਰਜਨਾ … (20)

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

10. ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਦੀ ਗੁਰਿਆਈ `ਤੇ ਬਹੁ-ਪੱਖੀ ਸਾਜਿਸ਼ੀ ਹਮਲੇ

“1846 ਵਿੱਚ ਪੰਜਾਬ `ਤੇ ਤਕਰੀਬਨ ਅੱਧਾ ਕਬਜ਼ਾ ਹੋ ਜਾਣ ਮਗਰੋਂ ਵੀ ਅੰਗ੍ਰੇਜ਼ਾਂ ਨੇ ਸਿੱਖਾਂ ਬਾਰੇ ਬਹੁਤ ਕਿਤਾਬਾਂ ਲਿਖਵਾਈਆਂ, ਜਿਵੇਂ ਰਤਨ ਚੰਦ ਬਾਲ ਤੋਂ ਖ਼ਾਲਿਸਾ- ਨਾਮਾ (1847), ਬੂਟੇ ਸ਼ਾਹ ਤੋਂ ਤਾਰੀਖ-ਇ-ਪੰਜਾਬ (1848)। ਸੋਹਨ ਲਾਲ ਸੂਰੀ, ਜੋ ਕਿ ਰਣਜੀਤ ਸਿੰਘ ਦਾ ਤਨਖਾਹਦਾਰ ਮੁਲਾਜ਼ਮ ਸੀ, ਨੇ ਵੀ, ਅੰਗ੍ਰੇਜ਼ਾਂ ਦੀ ਮਰਜ਼ੀ ਨਾਲ, ਉਮਦਾ-ਤੁੱਤ-ਤਵਾਰੀਖ਼ ਤਿਆਰ ਕੀਤੀ।

ਅੰਗ੍ਰੇਜ਼ਾਂ ਵੱਲੋਂ ਤਿਆਰ ਕਰਵਾਈਆਂ ਗਈਆਂ ਜਾਂ ਕੁੱਝ ਅੰਗ੍ਰੇਜ਼ਾਂ ਵੱਲੋਂ ਆਪਣੇ ਤੌਰ `ਤੇ ਲਿਖੀਆਂ ਗਈਆਂ ਕਿਤਾਬਾਂ ਵਿੱਚੋਂ ਸਾਫ਼ ਪਤਾ ਲੱਗ ਜਾਂਦਾ ਹੈ ਕਿ ਸਰਕਾਰ ਸਿੱਖਾਂ ਬਾਰੇ ਇੱਕ ਪਾਸੇ ਤਾਂ ਡੂੰਘੀ ਜਾਣਕਾਰੀ ਹਾਸਿਲ ਕਰਨ ਵਾਸਤੇ ਅਤੇ ਦੂਜਾ ਸਿੱਖਾਂ ਦੇ ਖ਼ਿਲਾਫ ਪ੍ਰਾਪੇਗੰਡਾ ਕਰਨ ਦੀ ਸੋਚ ਨਾਲ, ਕਿਤਾਬਾਂ ਲਿਖਵਾ ਰਹੀ ਸੀ। ਅੰਗ੍ਰੇਜ਼ ਸਿੱਖਾਂ ਦੀ ਤਵਾਰੀਖ਼ ਅਤੇ ਫ਼ਲਸਫ਼ੇ ਨੂੰ ਉਲਟ-ਪੁਲਟ, ਵੱਖ-ਵੱਖ ਪੇਸ਼ ਕਰ ਕੇ, ਉਨ੍ਹਾਂ ਵਿੱਚ ਉਲਝਣ, ਭੁਲੇਖਾ ਅਤੇ ਦੁਚਿੱਤੀ ਪੈਦਾ ਕਰ ਕੇ, ਉਨ੍ਹਾਂ ਨੂੰ ਈਸਾਈਅਤ ਵੱਲ ਟੋਰਨਾ ਚਾਹੁੰਦੇ ਸਨ। ਉਨ੍ਹਾਂ ਨੇ ਮਾਲਕਮ ਰਾਹੀਂ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਇੱਕ ਹੋਰ ‘ਗ੍ਰੰਥ’ (ਬਚਿੱਤਰ ਨਾਟਕ, ਹੁਣ ਅਖੌਤੀ ਦਸਮ ਗ੍ਰੰਥ) ਹੋਣ ਦਾ ਪ੍ਰਚਾਰ ਕਰ ਕੇ ਸਿੱਖਾਂ ਨੂੰ ਉਲਝਣ ਵਿੱਚ ਪਾਇਆ ਜੋ ਅੱਜ 2008 ਵਿੱਚ ਵੀ ਉਵੇਂ ਹੀ ਕਾਇਮ ਹੈ। ਉਨ੍ਹਾਂ ਨੇ ਸਿੱਖ ਧਰਮ ਨੂੰ ਹਿੰਦੂਆਂ ਦੇ ਪ੍ਰੋਟੈਸਟੈਂਟ (ਸੁਧਾਰਕ) ਹਿੱਸੇ ਵਜੋਂ ਪੇਸ਼ ਕਰ ਕੇ ਸਿੱਖਾਂ ਦੇ ਨਿਆਰਾਪਨ ਨੂੰ ਸੱਟ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਉਨ੍ਹਾਂ ਨੇ ਆਪਣੇ ਏਜੰਟਾਂ ਰਾਹੀਂ ‘ਸਿੱਖ ਹਿੰਦੂ ਹਨ’ ਵਰਗੀਆਂ ਕਿਤਾਬਾਂ ਲਿਖਵਾਈਆਂ। ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਦੇ ਜਵਾਬ ਵਿੱਚ ‘ਹਮ ਹਿੰਦੂ ਨਹੀਂ’  ਲਿਖ ਕੇ, ਇਸ ਨੂੰ ਰੱਦ ਕੀਤਾ।” (ਡਾ. ਹਰਜਿੰਦਰ ਸਿੰਘ ਦਿਲਗੀਰ: ਸਿੱਖ ਤਵਾਰੀਖ, ਸਫਾ 697)

ਆਮ ਕਹਾਵਤ ਹੈ ਕਿ, ‘ਦੁਸ਼ਮਣ ਦਾ ਦੁਸ਼ਮਣ, ਸਾਡਾ ਮਿੱਤਰ’। ਸੰਸਾਰੀ (ਮਨਮੁੱਖ) ਲੋਕਾਂ ਦੀ ਸੋਚ ਇਸ ਕਹਾਵਤ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਅੰਗਰੇਜ਼ੀ ਹਕੂਮਤ ਦਾ ਨਿਸ਼ਾਨਾ ਸਿਰਫ ਪੰਜਾਬ ਵਿਚਲੇ ਰਣਜੀਤ ਸਿੰਘ ਦੇ ਰਾਜ ਨੂੰ ਸਮਾਪਤ ਕਰ ਕੇ ਆਪਣੇ ਰਾਜ ਵਿੱਚ ਸ਼ਾਮਿਲ ਕਰਨ ਜਾਂ ਰਣਜੀਤ ਸਿੰਘ ਦੇ ਖ਼ਾਨਦਾਨ ਦਾ ਖਾਤਮਾ ਕਰਨ ਤੱਕ ਹੀ ਸੀਮਤ ਨਹੀਂ ਸੀ, ਬਲਕਿ, ਸ਼ਾਤਰ ਫ਼ਰੰਗੀ, ਪੰਜਾਬ `ਚੋਂ ਸਿੱਖੀ ਦਾ ਹੀ ਖਾਤਮਾ ਕਰਨਾ ਚਾਹੁੰਦੇ ਸਨ ਤਾ ਕਿ ਭਵਿੱਖ ਵਿੱਚ ਬਹਾਦਰ ਸਿੱਖ ਕੌਮ ਵਰਗੀ ਕੋਈ ਸ਼ਕਤੀ ਉੱਭਰ ਕੇ, ਉਨ੍ਹਾਂ ਦੇ ਰਾਜ-ਪ੍ਰਬੰਧ ਵਿੱਚ ਕੋਈ ਵਿਘਨ ਨਾ ਪਾ ਸਕੇ। ਚਾਲਾਕ ਅੰਗ੍ਰੇਜ਼ ਰਾਜਨੀਤਕ ਨੇ ਜਦੋਂ ਭਾਰਤ ਉੱਪ-ਮਹਾਂਦੀਪ ਦੇ ਭੂਗੋਲਿਕ ਖੇਤਰ ਅੰਦਰ ਸਿੱਖ ਅਤੇ ਸਿੱਖੀ ਦੇ ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰਨ ਲਈ ਨਿਗਾਹ ਮਾਰੀ ਤਾਂ ਉਸ ਦੀ ਪਾਰਖੂ ਅੱਖ ਨੇ ਮਨੂੰਵਾਦ ਦੀ ਚੋਣ ਕਰਨ ਵਿੱਚ ਦੇਰ ਨਾ ਲਗਾਈ, ਕਿਉਂਕਿ, ਮਨੂੰਵਾਦ ਦੇ ਰੂਪ ਵਿੱਚ ਉਸ ਨੂੰ ਇੱਕ ਅਜਿਹੀ ਜਮਾਤ ਲੱਭ ਗਈ ਸੀ ਜਿਸ ਪਾਸ ਮਾਨਵਵਾਦੀ ਬੁੱਧ-ਮੱਤ ਦਾ, ਇਸ ਦੀ ਜਨਮ-ਭੂੰਮੀ (ਭਾਰਤ) `ਚੋਂ, ਚਾਣਕੀਯਾ ਕੂਟਨੀਤੀ ਦੇ ਸਹਾਰੇ, ਵਹਿਸ਼ੀਆਨਾ ਢੰਗ ਨਾਲ ਖਾਤਮਾ ਕਰਨ ਦਾ ਸਫ਼ਲ ਤਜ਼ਰਬਾ ਮੌਜ਼ੂਦ ਸੀ। ਇਥੇ ਹੀ ਬੱਸ ਨਹੀਂ, ਲਗਦਾ ਹੈ ਕਿ ਇਹ ਮਾਨਵ-ਵਿਰੋਧੀ ਸ਼ਾਤਰ ਸ਼੍ਰੇਣੀ 1708 ਵਿੱਚ, ਦਸਮੇਸ਼ ਜੀ ਦੇ ਜੋਤੀ ਜੋਤਿ ਸਮਾਉਂਣ ਦੇ ਵਕਤ ਤੋਂ ਹੀ (ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਦੇ ਤੌਰ `ਤੇ), ਇੱਕ ਵੱਡ-ਆਕਾਰੀ ਕਿਤਾਬ ਨੂੰ ਤਿਆਰ ਕਰਾਉਂਣ ਦੇ ਆਹਰ ਵਿੱਚ ਲੱਗੀ ਹੋਈ ਸੀ। ਕੁੱਝ ਕੁ ਖ਼ੋਜੀ ਵਿਦਵਾਨਾਂ ਦੀ ਰਾਇ ਹੈ ਕਿ ਮਨੂੰਵਾਦੀ, ਕੁੱਝ ਕੁ ਪੌਰਾਣਾਂ (ਮਾਰਕੰਡੇਯ ਪੁਰਾਣ, ਸ਼ਿਵ ਪੁਰਾਣ, ਸ੍ਰੀਮਦ ਭਾਗਵਤ ਪੁਰਾਣ ਆਦਿ) ਦੀਆਂ ਸਾਖੀਆਂ ਨੂੰ ਆਧਾਰ ਬਣਾ ਕੇ, ਪੁਸਤਕਾਂ ਲਿਖ-ਲਿਖਾ ਰਹੇ ਸਨ ਤਾਕਿ ਇਨ੍ਹਾਂ ਵਿੱਚ ਦਸਮੇਸ਼ ਜੀ ਦੇ ਜੀਵਨ ਦੀਆਂ ਕੁੱਝ ਕੁ ਘਟਨਾਵਾਂ ਦਾ ਝੂਠਾ-ਸੱਚਾ ਜ਼ਿਕਰ ਸ਼ਾਮਿਲ ਕਰ ਕੇ ਇਨ੍ਹਾਂ ਨੂੰ ਦਸਮੇਸ਼ ਜੀ ਦੀਆਂ ਰਚੀਆਂ ਹੋਈਆਂ ਰਚਨਾਵਾਂ ਦੇ ਤੌਰ `ਤੇ ਪ੍ਰਚਾਰ ਕੇ, ਜਿੱਥੇ ਕਲਗ਼ੀਧਰ ਪਿਤਾ ਜੀ ਦਾ ਚਰਿੱਤ੍ਰਘਾਤ ਕੀਤਾ ਜਾਵੇ, ਉਥੇ ਸ਼ਬਦ ਗੁਰੂ (ਗੁਰੂ ਗ੍ਰੰਥ ਸਾਹਿਬ) ਦੇ ਸਿਧਾਂਤਾਂ ਦਾ ਘਾਣ ਕਰ ਕੇ ਸਿੱਖ ਕੌਮ ਨੂੰ ਭੰਬਲ ਭੂਸਿਆਂ `ਚ ਪਾ ਕੇ ਕਮਜ਼ੋਰ ਕੀਤਾ ਜਾਵੇ। ਇਨ੍ਹਾਂ ਸਾਰੀਆਂ ਪੁਸਤਕਾਂ ਨੂੰ ਇੱਕ ਜਿਲਦ ਵਿੱਚ ਇਕੱਠਾ ਕਰ ਦਿੱਤਾ ਗਿਆ ਤਾਂ ਇਸ ਰਚਨਾ ਦਾ ਆਕਾਰ ਵੀ ਗੁਰੂ ਗ੍ਰੰਥ ਸਾਹਿਬ ਦੇ ਆਕਾਰ ਦੇ ਬਰਾਬਰ ਹੀ ਬਣ ਗਿਆ (ਯਾਨੀ ਕਿ, 1428, ਪੰਨਾ ਨੰਬਰ ‘ੳ’ ਤੋਂ ‘ਗ’ ਪੰਨੇ ਤਕ)। ਇਸ ਰਚਨਾ ਦੇ ਇੱਕ ਤੋਂ ਵੱਧ ਲਿਖਾਰੀ ਸਨ ਜਿਨ੍ਹਾਂ ਦੀ ਕਾਵਿ-ਸ਼ਾਪ (ਕਵੀ ਸ਼ਿਯਾਮ, ਕਵੀ ਰਾਮ, ਕਵੀ ਕਾਲ ਆਦਿ ਉਨ੍ਹਾਂ ਦੇ ਨਾਂਅ) ਸਪੱਸ਼ਟ ਤੌਰ `ਤੇ ਇਸ ਰਚਨਾ ਵਿੱਚ, ਥਾਂ-ਪੁਰ-ਥਾਂ, ਦਰਜ਼ ਕੀਤੀ, ਅੱਜ ਵੀ ਮਿਲਦੀ ਹੈ। ਇਸ ਪੁਸਤਕ ਦੇ, ਸ਼ੁਰੂ-ਸ਼ੁਰੂ ਦੇ ਹੱਥ-ਲਿਖਤ ਖਰੜਿਆਂ ਵਿੱਚ ਇਸ ਦਾ ਕੋਈ ਸਿਰਲੇਖ ਨਹੀਂ ਮਿਲਦਾ, ਪਰ, ਇਸ ਦੇ ਤਤਕਰੇ ਵਿੱਚ ਬਚਿੱਤ੍ਰ ਨਾਟਕ ਦੇ ਅਧਿਆਏ (ਚੈਪਟਰਾਂ) ਦਾ ਜ਼ਿਕਰ ਕਈ ਵਾਰ ਕੀਤਾ ਮਿਲਦਾ ਹੈ। ਸ਼ਾਇਦ ਇਸੇ ਕਾਰਨ, ਬਾਅਦ ਵਿੱਚ, ਇਸ ਦਾ ਨਾਮ (ਸਿਰਲੇਖ) ਬਚਿੱਤ੍ਰ ਨਾਟਕ (Strange Drama) ਰੱਖ ਦਿੱਤਾ ਗਿਆ ਸੀ। ਜਦੋਂ ਇਸ ਨਾਮ ਨਾਲ ਇਹ ਸਿੱਖ ਜਗਤ ਨੂੰ ਬਹੁਤੀ ਖਿੱਚ ਨਾ ਪਾ ਸਕਿਆ ਤਾਂ ਇਸ ਦਾ ਨਾਂ ਬਦਲੀ ਕਰ ਕੇ ‘ਦਸਮ ਗ੍ਰੰਥ’ ਰੱਖ ਦਿੱਤਾ ਗਿਆ, ਕਿਉਂਕਿ, ਪਾਵਨ ਲਫ਼ਜ਼ ‘ਦਸਮ’ ਦਸਮੇਸ਼ ਜੀ ਨਾਲ ਜਾ ਜੁੜਦਾ ਹੈ ਅਤੇ ਸਿੱਖਾਂ ਨੂੰ ਜਜ਼ਬਾਤੀ ਪੱਧਰ `ਤੇ ਟੁੰਬਦਾ ਹੈ। ਇਸੇ ਨਾਮ ਨਾਲ ਇਸ ਪੁਸਤਕ, ਨੇ ਜਨ-ਸਾਧਾਰਨ ਤੋਂ ਇਲਾਵਾ, ਕੁੱਝ ਕੁ ਸੱਚੇ-ਪੱਕੇ ਸਿੱਖਾਂ ਨੂੰ ਵੀ ਪ੍ਰਭਾਵਤ ਕੀਤਾ। ਇਸ ਸਫ਼ਲਤਾ ਨੂੰ ਧਿਆਨ ਵਿੱਚ ਰਖਦਿਆਂ ਹੋਇਆਂ, ਸ਼ਾਤਰ ਮਨੂੰਵਾਦੀਆਂ ਦੇ ਸਿੱਖੀ ਸਰੂਪ ਵਿੱਚ ਵਿੱਚਰ ਰਹੇ ਹਮਾਇਤੀਆਂ ਨੇ ਇਸ ਦਾ ਸਿਰਲੇਖ ਫਿਰ ਬਦਲ ਕੇ ‘ਸ੍ਰੀ ਦਸਮ ਗ੍ਰੰਥ ਸਾਹਿਬ’ ਰੱਖ ਦਿੱਤਾ। ਹੁਣ ਇਸ ਨੂੰ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ਸਿਰਲੇਖ ਹੇਠ ਛਾਪਿਆ ਜਾ ਰਿਹਾ ਹੈ।

ਸਾਜਿਸ਼ ਬੇ-ਨਕਾਬ ਹੋਈ

2006 ਵਿੱਚ ਹੋਲੇ-ਮਹੱਲੇ ਦੇ ਮੌਕੇ, ਅਨੰਦਪੁਰ ਸਾਹਿਬ ਅੰਦਰ ਇੱਕ ਨਿਹੰਗ ਸਿੰਘਾਂ ਦੇ ਡੇਰੇ `ਤੇ, ਬਚਿੱਤ੍ਰ ਨਾਟਕ (ਅਖੌਤੀ ਦਸਮ ਗ੍ਰੰਥ) ਦਾ ਅਖੰਡ ਪਾਠ ਹੋਇਆ ਜਿਸ ਦੇ ‘ਭੋਗ’ `ਤੇ ਸਿੱਖ ਕੌਮ ਦੇ ਕੁੱਝ ਲੀਡਰ ਤੇ ਸ਼੍ਰੋ. ਗੁਰਦਵਾਰਾ ਪ੍ਰਬੰਧਕ ਕੇਮਟੀ ਦੇ ਕੁੱਝ ਅਹੁਦੇਦਾਰ ਵੀ ਪਹੁੰਚੇ ਸਨ। ਸ਼ਾਇਦ, ਉਥੇ ਕੋਈ ਸਾਜਿਸ਼ ਵੀ ਰਚੀ ਗਈ ਹੋਵੇ, ਬਚਿੱਤ੍ਰ ਨਾਟਕ ਨੂੰ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਵਜੋਂ ਮਾਨਤਾ ਦੇ ਕੇ ਉਭਾਰਨ ਦੀ, ਕਿਉਂਕਿ, ਉਸ ਤੋਂ ਬਾਅਦ ਦੇ ਘਟਨਾਕਰਮ `ਤੇ ਸਰਸਰੀ ਜਿਹੀ ਨਿਗਾਹ ਮਾਰ ਕੇ ਹੀ, ਇਸ ਹਕੀਕਤ ਦੀ ਪੁਸ਼ਟੀ ਹੋ ਜਾਂਦੀ ਹੈ। ਇਹ ਘਟਨਾਕਰਮ ਇਸ ਤਰ੍ਹਾਂ ਦਾ ਹੈ -

(ੳ) ਅਗੱਸਤ 2006 ਵਿੱਚ ਪੰਜਾਬ ਵਿੱਚ ਕਈ ਵੱਡੀਆਂ-ਛੋਟੀਆਂ ਸੜਕਾਂ ਉੱਤੇ ਵੱਡ-ਆਕਾਰੀ ਬੋਰਡ ਲਗਾ ਕੇ ਇਸ਼ਤਿਹਾਰ ਲਗਾਏ ਗਏ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਗੱਦੀ ਦੀ ਤੀਜੀ ਸ਼ਤਾਬਦੀ ਮਨਾਉਂਣ ਲਈ 9 ਨਵੰਬਰ ਤੋਂ 11 ਨਵੰਬਰ 2006 ਤੱਕ ਜਵੱਦੀ-ਕਲਾਂ (ਲੁਧਿਆਣਾ) ਵਿਖੇ ਇੱਕ ਵਿਚਾਰ ਸੰਮੇਲਨ ਕੀਤਾ ਜਾਵੇਗਾ ਅਤੇ 11 ਨਵੰਬਰ ਤੋਂ 13 ਨਵੰਬਰ 2006 ਤੱਕ ਦਿਆਲਪੁਰਾ ਭਾਈਕਾ (ਬਠਿੰਡਾ) ਵਿਖੇ ‘ਦਸਮ ਗ੍ਰੰਥ’ ਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ (?) ਕਰ ਕੇ ਅਖੰਡ ਪਾਠ ਕੀਤਾ ਜਾਵੇਗਾ।

(ਅ) ਇਹ ਤੀਜੀ ਸ਼ਤਾਬਦੀ ‘ਫਤਹਿ ਦਿਵਸ’ (ਜਫ਼ਰਨਾਮਾ ਦੀ ਯਾਦ ਨੂੰ ਸਮਰਪਿਤ) ਵਜੋਂ ਮਨਾਈ ਜਾਵੇਗੀ।

(ੲ) ਇਨ੍ਹਾਂ ਦੋਨਾਂ ਸਮਾਗਮਾਂ `ਚ ਸਿੱਖ ਕੌਮ ਦੀ ਰਾਜਨੀਤਕ, ਧਾਰਮਿਕ ਤੇ ਸਮਾਜਿਕ ਲੀਡਰਸ਼ਿਪ ਹਾਜ਼ਰੀ ਲਗਾਵੇਗੀ।

(ਸ) ਅਕਤੂਬਰ 2008 ਵਿੱਚ, ਇਸੇ ਸਬੰਧ ਵਿੱਚ, ਹਜ਼ੂਰ ਸਾਹਿਬ (ਮਹਾਰਾਸ਼ਟਰਾ) ਵਿਖੇ ਇੱਕ ਵੱਡਾ ਕੇਂਦਰੀ ਸਮਾਗਮ ਕੀਤਾ ਜਾਵੇਗਾ, ਜਿੱਥੇ ‘ਦਸਮ ਗ੍ਰੰਥ’ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ (?) ਕੀਤਾ ਜਾਵੇਗਾ।

ਅਜਿਹਾ ਹੀ ਕੀਤਾ ਗਿਆ, ਭਾਵੇਂ ਕਿ, ਇਸ ਦੀ ਸਿੱਖ ਕੌਮ ਦੇ ਜਾਗਰੂਕ ਹਿੱਸੇ ਵੱਲੋਂ ਭਾਰੀ ਵਿਰੋਧਤਾ ਹੋਣ ਕਰ ਕੇ, ਕੋਈ ਵੱਡਾ ਸਿਆਸੀ ਲੀਡਰ ਜਾਂ ਪ੍ਰਧਾਨ ਸ੍ਰੋ. ਗੁ: ਪ੍ਰ. ਕਮੇਟੀ ਦਿਆਲਪੁਰਾ ਭਾਈਕਾ ਦੇ ਸਮਾਗਮ ਵਿੱਚ ਹਾਜ਼ਰ ਨਾ ਹੋਏ। ਕੌਮ ਦੇ ਜਾਗਰੂਕ ਹਿੱਸੇ ਨੇ (ਮਜ਼ਬੂਰ ਹੋ ਕੇ), 13 ਨਵੰਬਰ 2006 ਦੇ ਦਿਨ ਗੁਰਦਵਾਰਾ ਸੈਕਟਰ 46, ਚੰਡੀਗੜ੍ਹ ਵਿਖੇ, ਇਸ ਕਾਲੀ ਕਰਤੂਤ ਦੇ ਵਿਰੋਧ ਵਿੱਚ ਇੱਕ ਭਰਵਾਂ ਕੇਂਦਰੀ ਸੈਮੀਨਾਰ ਕਰ ਕੇ, ਇਸ ਕਾਲੀ ਕਰਤੂਤ ਦੀ, ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਸਰਬ ਸੰਮਤੀ ਨਾਲ ਮਤਾ ਪਾਸ ਕਰ ਕੇ ਇਸ ਦਿਨ ਨੂੰ ‘ਸਿੱਖ ਇਤਿਹਾਸ ਦਾ ਕਾਲਾ ਦਿਨ’ ਐਲਾਨ ਦਿੱਤਾ।

ਸਾਜਿਸ਼ ਕੀ ਹੈ?

ਉਪਰੋਕਤ ਘਟਨਾਕਰਮ ਤੋਂ ਭਲੀਭਾਂਤ ਸਪੱਸ਼ਟ ਹੋ ਜਾਂਦਾ ਹੈ ਕਿ ‘ਦਸਮ ਗ੍ਰੰਥ’ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਦੇ ਕੇ, ਸ਼ਬਦ -ਗੁਰੂ ਦੇ ਸ਼ਰੀਕ ਵਜੋਂ ਉਭਾਰਿਆ ਜਾ ਰਿਹਾ ਹੈ। ਕੋਈ ਪੰਜ ਕੁ ਸਾਲ ਪਹਿਲਾਂ ਦੀ ਗੱਲ ਹੈ, ਕਿ ਕੁੱਝ ਸਿੱਖੀ ਸਰੂਪ ਵਾਲੇ ਵਿਅਕਤੀ ਇੱਕ ਗੱਡੀ ਵਿੱਚ ਅਖੌਤੀ ਦਸਮ ਗ੍ਰੰਥ ਤੇ ਗੁਰੂ ਗ੍ਰੰਥ ਸਾਹਿਬ ਦੇ ਨਵੇਂ ਸਰੂਪ ਲੈ ਕੇ ਪੰਜਾਬ ਦੇ ਕੁੱਝ ਪਿੰਡਾਂ ਵਿੱਚ ਗਏ ਸਨ ਅਤੇ ਗੁਰਦਵਾਰਿਆਂ ਵਿੱਚ ਜਾ ਕੇ ਕਿਹਾ ਸੀ ਕਿ, “ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਪੁਰਾਣੇ ਸਰੂਪ ਸਾਨੂੰ ਦੇ ਦਿਓ, ਅਸੀਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਅਤੇ ‘ਦਸਮ ਗ੍ਰੰਥ’ ਦੇ ਨਵੇਂ ਸਰੂਪ ਦੇ ਦੇਂਦੇ ਹਾਂ, ਕਿਉਂਕਿ, ਅਕਾਲ ਤਖ਼ਤ ਤੋਂ ਹੁਕਮ ਆਏ ਹਨ ਕਿ ਹੁਣ ਗੁਰੂ ਗ੍ਰੰਥ ਸਾਹਿਬ ਦੇ ਨਾਲ-ਨਾਲ ‘ਦਸਮ ਗ੍ਰੰਥ’ ਦਾ ਪ੍ਰਕਾਸ਼ (?) ਵੀ ਕੀਤਾ ਜਾਇਆ ਕਰੇਗਾ।”  ਜਦੋਂ ਕੁੱਝ ਵਿਅਕਤੀਆਂ ਨੂੰ ਇਨ੍ਹਾਂ ਦੇ ਇਸ ਬਿਆਨ `ਤੇ ਸ਼ੱਕ ਪਿਆ ਤੇ ਉਨ੍ਹਾਂ ਨੇ (ਇਨ੍ਹਾਂ ਨੂੰ) ਕੁੱਝ ਘੋਖਵੇਂ ਸੁਆਲ ਪੁੱਛੇ ਤਾਂ ਇਹ, ਆਨੇ-ਬਹਾਨੇ, ਉਥੋਂ ਖਿਸਕ ਗਏ।

ਇਸ ਅਖੌਤੀ ਦਸਮ ਗ੍ਰੰਥ ਦੀ ਮੰਜੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਇੱਕੋ ਚੰਦੋਏ ਹੇਠ) ਲਗਾ ਕੇ (ਕਾਫ਼ੀ ਅਰਸੇ ਤੋਂ) ਇਸ ਦੇ ਅਖੰਡ ਪਾਠ ਕੀਤੇ ਜਾ ਰਹੇ ਹਨ, ਇਸ ਨੂੰ ਚਵਰ ਕੀਤੇ ਜਾ ਰਹੇ ਹਨ ਅਤੇ ਇਸ ਤੋਂ ‘ਹੁਕਮਨਾਮੇ’ ਲਏ ਜਾ ਰਹੇ ਹਨ। ਇਹ ਨਾ-ਬਖ਼ਸ਼ਣਯੋਗ ਕੁ-ਕਰਮ ਤਖ਼ਤ ਹਜ਼ੂਰ ਸਾਹਿਬ, ਤਖ਼ਤ ਪਟਨਾ ਸਾਹਿਬ, ਜਥਾ ਭਿੰਡਰਾਂ ਦੇ ਹੈਡਕੁਆਟਰ ਮਹਿਤਾ ਚੌਕ ਅਤੇ ਕੁੱਝ ਕੁ ਨਿਹੰਗ ਸਿੰਘਾਂ ਦੇ ਡੇਰਿਆਂ `ਤੇ ਕੀਤਾ ਜਾ ਰਿਹਾ ਹੈ। ਕੀ ਅਜੇ ਵੀ ਕੋਈ ਸ਼ੱਕ ਦੀ ਗੁੰਜ਼ਾਇਸ਼ ਹੈ ਕਿ ਅਖੌਤੀ ਦਸਮ ਗ੍ਰੰਥ ਨੂੰ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਦੇ ਕੇ, ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਵਜੋਂ ਉਭਾਰਨ ਦੇ ਸਿਰਤੋੜ ਯਤਨ ਕੀਤੇ ਜਾ ਰਹੇ ਹਨ ਅਤੇ ਸਭ ਤੋਂ ਮਾੜੀ ਗੱਲ ਇਹ ਹੈ ਕਿ ਇਸ ਅਤਿ ਦੁਖਦਾਈ ਸਾਜਿਸ਼ ਵਿੱਚ ਤਖ਼ਤ ਸਾਹਿਬਾਨ ਦੇ ਅਖੌਤੀ ਜਥੇਦਾਰ ਵੀ ਖੁੱਲ੍ਹੇ ਰੂਪ ਵਿੱਚ ਸ਼ਾਮਿਲ ਹਨ। ਇਨ੍ਹਾਂ ਹਰਕਤਾਂ ਤੋਂ ਸਪੱਸ਼ਟ ਸੰਕੇਤ ਮਿਲਦੇ ਹਨ ਕਿ ਇਹ ਸਾਜਿਸ਼ ਇੰਜ ਸਿਰੇ ਚਾੜ੍ਹੀ ਜਾਵੇਗੀ:-

(ੳ) ਪਹਿਲਾਂ, ਕੁੱਝ ਕੁ ਚੋਣਵੀਆਂ ਥਾਵਾਂ `ਤੇ, ਬਚਿੱਤ੍ਰ ਨਾਟਕ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਬਰਾਬਰ (ਇੱਕੋ ਢੰਗ ਨਾਲ) ਕੀਤਾ ਜਾਵੇਗਾ।

(ਅ) ਸਮਾਂ ਪਾ ਕੇ, ਬਦਲ-ਬਦਲ ਕੇ ਪ੍ਰਕਾਸ਼ ਕਰ ਲਿਆ ਜਾਂਦਾ ਰਹੇਗਾ, ਯਾਨੀ ਕਿ, ਕਦੇ ਗੁਰੂ ਗ੍ਰੰਥ ਸਾਹਿਬ ਦਾ ਤੇ ਕਦੇ ਬਚਿੱਤ੍ਰ ਨਾਟਕ ਦਾ।

(ੲ) ਉੱਪਰ ਵਾਂਗ, ਕੁੱਝ ਕੁ ਹੋਰ ਚੋਣਵੀਆਂ ਥਾਵਾਂ `ਤੇ ਵੀ ਇਵੇਂ ਹੀ ਕੀਤਾ ਜਾਵੇਗਾ। ਹੌਲੀ-ਹੌਲੀ, ਵੱਧ ਤੋਂ ਵੱਧ ਥਾਵਾਂ `ਤੇ ਅਜਿਹਾ ਹੀ ਕੀਤਾ ਜਾਵੇਗਾ।

(ਸ) ਕੁੱਝ ਸਦੀਆਂ ਬਾਅਦ, ਢੁਕਵੇਂ ਸਮੇਂ `ਤੇ, ਅਛੋਪਲੇ ਜਿਹੇ ਹੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਅਲੋਪ ਕਰ ਦਿੱਤਾ ਜਾਵੇਗਾ ਅਤੇ ਕੇਵਲ ਬਚਿੱਤ੍ਰ ਨਾਟਕ ਦਾ ਪ੍ਰਕਾਸ਼ (ਜਾਂ ਅੰਧਕਾਰ?) ਹੀ ਰਹਿ ਜਾਵੇਗਾ।

ਆਮ ਸਿੱਖਾਂ ਨੂੰ ਤਾਂ ਪਤਾ ਵੀ ਨਹੀਂ ਲੱਗੇਗਾ ਕਿ ਕੀ ਭਾਣਾ ਵਰਤ ਗਿਆ ਹੈ, ਕਿਉਂਕਿ, ਉਹ ਤਾਂ ਕਦੇ ਗੁਰੂ ਗ੍ਰੰਥ ਦੀ ਤਾਬਿਆ ਬੈਠ ਕੇ ਗੁਰਬਾਣੀ ਦੇ ਦਰਸ਼ਨ ਹੀ ਨਹੀਂ ਕਰਦੇ, ਸਿਰਫ ਚੰਗੇ ਤੇ ਮਹਿੰਗੇ ਰੁਮਾਲਿਆਂ ਨਾਲ ਢੱਕ ਕੇ ਰੱਖੇ ਸਰੂਪ ਨੂੰ ਮੱਥੇ ਟੇਕਣ ਤੱਕ ਹੀ ਸੀਮਤ ਰਹਿੰਦੇ ਹਨ। ਪਰ, ਸੂਝਵਾਨ ਸਿੱਖਾਂ ਲਈ ਤਾਂ ਹੁਣੇ ਹੀ ਦੁਬਿਧਾ ਖੜ੍ਹੀ ਹੋਈ ਪਈ ਹੈ।

ਇਹ ਸਾਜਿਸ਼ ਕਿਉਂ ਰਚੀ ਗਈ?

ਜਿਸ ਤਰ੍ਹਾਂ ਇਸ ਲਿਖਤ ਵਿੱਚ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ, ਸਿੱਖ-ਮੱਤ ਤੋਂ ਪਹਿਲਾਂ, ਜਿਤਨੇ ਵੀ ਮੱਤ (ਮਜ਼੍ਹਬ) ਸੰਸਾਰ ਵਿੱਚ ਅਰੰਭ ਹੋਏ, ਸਮਾਂ ਪਾ ਕੇ, ‘ਹਾਕਮ-ਪੁਜਾਰੀ-ਸਰਮਾਏਦਾਰ’ ਦੀ ਖ਼ੁਦਗਰਜ਼ ਤੇ ਸ਼ਾਤਰ ਤਿੱਕੜੀ ਉਨ੍ਹਾਂ ਮੱਤਾਂ ਦੇ ਬਾਨੀਆਂ ਦੇ ਨਾਂ `ਤੇ ਅਜਿਹੇ ਨਕਲੀ ਫ਼ਲਸਫ਼ਿਆਂ ਨੂੰ ਪ੍ਰਚੱਲਤ ਕਰਦੀ ਆ ਰਹੀ ਸੀ ਜਿਹੜੇ, ਉਨ੍ਹਾਂ ਮਨੁੱਖਤਾ ਦੇ ਸਤਿਕਾਰਤ, ਰਹਿਬਰਾਂ ਦੇ ਫ਼ਲਸਫ਼ਿਆਂ ਦੇ ਐਨ ਉਲਟ ਹੁੰਦੇ ਸਨ, ਪਰ, ਆਪਣੀ ਇਸ ਕਾਰਸਤਾਨੀ `ਤੇ ਪੜਦਾ ਪਾਈ ਰੱਖਣ ਲਈ, ਉਨ੍ਹਾਂ ਮੱਤਾਂ ਦੇ ਅਸਲੀ ਫ਼ਲਸਫ਼ਿਆਂ ਦੇ ਕੁੱਝ ਅੰਸ਼ ਵੀ ਇਨ੍ਹਾਂ ਨਕਲੀ ਫ਼ਲਸਫ਼ਿਆਂ ਅੰਦਰ ਸ਼ਾਮਿਲ ਕਰ ਲਏ ਜਾਂਦੇ ਸਨ। ਪਰ, ਸਿੱਖ-ਮੱਤ ਦੇ ਸਬੰਧ ਵਿੱਚ, ਇਸ ਤਿੱਕੜੀ ਨੂੰ ਆਪਣੇ ਸਫਲਤਾ ਨਾਲ ਵਰਤੇ ਜਾ ਚੁੱਕੇ ਇਸ ਫ਼ਾਰਮੂਲੇ `ਤੇ ਅਮਲ ਕਰਨਾ ਕਠਨ ਲੱਗ ਰਿਹਾ ਸੀ, ਕਿਉਂਕਿ, ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਫ਼ਲਸਫ਼ੇ ਨੂੰ, ਸਮੇਂ-ਸਮੇਂ ਸਿਰ, ਖ਼ੁਦ ਕਲਮਬੰਦ ਕੀਤਾ ਸੀ ਅਤੇ ਆਪਣੀ ਨਿਗਰਾਨੀ `ਚ ਲਿਖਾ ਕੇ, ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਖ਼ੁਦ ਕੀਤੀ ਸੀ। ਫਿਰ ਵੀ, ਇਸ ਮਾਨਵ-ਵਿਰੋਧੀ ਤਿੱਕੜੀ ਨੇ ਹਿੰਮਤ ਨਹੀਂ ਹਾਰੀ। ਭਲਾ ਕਿਵੇਂ? ਆਓ ਜਰਾ ਵਿਚਾਰੀਏ।

ਪਰਮੇਸ਼ਰ ਨਾਲ ਅੰਤਰ-ਆਤਮੇ ਇੱਕ-ਸੁਰ ਹੋਏ ਗੁਰੂ ਸਾਹਿਬਾਨ ਦੇ ਫ਼ਲਸਫ਼ੇ ਦਾ, ਦਲੀਲ-ਪੂਰਬਕ, ਵਿਰੋਧ ਕਰ ਸਕਣ ਦੀ ਤਾਂ ਕਿਸੇ ਦੀ ਵੀ ਹਿੰਮਤ ਨਹੀਂ ਸੀ ਅਤੇ ਨਾ ਹੀ ਅੱਜ ਹੈ। ਇਸ ਲਈ, ਇਸ ਤਿੱਕੜੀ ਨੇ, ਸਮੇਂ-ਸਮੇਂ ਸਿਰ, ਗੁਰੂ ਸ਼ਖਸੀਅਤਾਂ ਦੇ ਸ਼ਰੀਕਾਂ ਵਜੋਂ ਵੱਖ-ਵੱਖ ਬੰਦਿਆਂ ਨੂੰ ਉਭਾਰਨ ਦੇ ਯਤਨ ਜਾਰੀ ਰੱਖੇ-ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਦੇ ਵਿਰੋਧ ਵਿੱਚ ਸ੍ਰੀਚੰਦ ਨੂੰ, ਗੁਰੂ ਅਮਰਦਾਸ ਜੀ ਦੇ ਵਿਰੋਧ ਵਿੱਚ ਗੁਰੂ ਅੰਗਦ ਸਾਹਿਬ ਦੇ ਪੁੱਤਰ ਦਾਤੂ ਤੇ ਦਾਸੂ ਜੀ ਨੂੰ, ਗੁਰੂ ਰਾਮਦਾਸ ਸਾਹਿਬ ਦੇ ਵਿਰੋਧ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਪੁੱਤਰ ਮੋਹਨ ਜੀ ਨੂੰ, ਗੁਰੂ ਅਰਜੁਨ ਸਾਹਿਬ ਦੇ ਵਿਰੋਧ ਵਿੱਚ ਪ੍ਰਿਥੀ ਚੰਦ ਨੂੰ, ਗੁਰੂ ਹਰਿਗੋਬਿੰਦ ਸਾਹਿਬ ਦੇ ਵਿਰੋਧ ਵਿੱਚ ਪ੍ਰਿਥੀ ਚੰਦ ਦੇ ਪੁੱਤਰ ਮਿਹਰਵਾਨ ਨੂੰ, ਗੁਰੂ ਹਰਿ ਰਾਏ ਸਾਹਿਬ ਦੇ ਵਿਰੋਧ ਵਿੱਚ ਮਿਹਰਵਾਨ ਦੇ ਪੁੱਤਰ ਹਰਿ ਜੀ ਨੂੰ, ਗੁਰੂ ਹਰਿ ਕ੍ਰਿਸ਼ਨ ਸਾਹਿਬ ਦੇ ਵਿਰੋਧ ਵਿੱਚ ਸਤਵੇਂ ਪਾਤਿਸ਼ਾਹ ਦੇ ਪੁੱਤਰ ਰਾਮ ਰਾਏ ਨੂੰ, ਗੁਰੂ ਤੇਗ਼ ਬਹਾਦਰ ਸਾਹਿਬ ਦੇ ਵਿਰੋਧ ਵਿੱਚ ਛੇਵੇਂ ਪਾਤਿਸ਼ਾਹ ਦੇ ਪੋਤਰੇ ਧੀਰ ਮੱਲ ਨੂੰ, ਇਤਿਆਦਿ। ਪਰ, ਜਦੋਂ ਦਸਮੇਸ਼ ਪਿਤਾ ਜੀ ਨੇ ਸ਼ਖਸੀ ਗੁਰੂ ਦੇ ਸਿਲਸਿਲੇ ਨੂੰ ਬੰਦ ਕਰ ਕੇ ਜੁੱਗੋ-ਜੁੱਗ ਅਟੱਲ, ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਨੂੰ ਸਦੀਵਕਾਲ ਲਈ ਗੁਰਗੱਦੀ `ਤੇ ਸ਼ੁਸ਼ੋਭਤ ਕਰ ਦਿੱਤਾ ਤਾਂ ਇਸ ਨਾਪਾਕ ਗੱਠਜੋੜ ਦੀ ਤਿੱਕੜੀ ਨੇ ਸੋਚ ਵਿਚਾਰ ਕਰ ਕੇ ਫ਼ੈਸਲਾ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਦੇ ਵਿਰੋਧ ਵਿੱਚ ਕਿਸੇ ਮਨੁੱਖ ਨੂੰ ਤਾਂ ਸਥਾਪਤ ਨਹੀਂ ਕੀਤਾ ਜਾ ਸਕਦਾ, ਇਸ ਲਈ ਇਨ੍ਹਾਂ ਦੇ ਵਿਰੋਧ ਵਿੱਚ ਕੋਈ ਇਤਨੇ ਕੁ ਆਕਾਰ ਦਾ ਹੀ ਗ੍ਰੰਥ ਤਿਆਰ ਕਰਾ ਕੇ ਸਥਾਪਤ ਕਰਨਾ ਪਵੇਗਾ। ਇਸ ਪਿਛੋਕੜ ਨੂੰ ਧਿਆਨ ਵਿੱਚ ਰੱਖ ਕੇ, ਇਹ ਨਿਰਣਾ ਕਰਨਾ ਔਖਾ ਨਹੀਂ ਹੈ ਕਿ ਬਚਿੱਤ੍ਰ ਨਾਟਕ ‘ਗ੍ਰੰਥ’ ਨੂੰ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮਾਨਤਾ ਦੇਣ ਲਈ ਕਿਉਂ ਸਿਰਤੋੜ ਯਤਨ ਕੀਤੇ ਜਾ ਰਹੇ ਹਨ? ਇਸ ਸਾਜਿਸ਼ ਦੇ ਕੁੱਝ ਕੁ ਹੋਰ ਵੀ ਬਹੁਤ ਹੀ ਅਹਿਮ ਪੱਖ ਹਨ ਜਿਨ੍ਹਾਂ ਦੀ ਬਾਰੀਕੀ ਨਾਲ ਵਿਚਾਰ ਕਰ ਕੇ ਯੋਗ ਕਦਮ ਚੁੱਕਣੇ ਸਮੇਂ ਦੀ ਪ੍ਰਮੁੱਖ ਲੋੜ ਹੈ, ਤਾ ਕਿ, ਇਸ ਬਹੁ-ਪੱਖੀ ਸਾਜ਼ਿਸ਼ ਤੋਂ ਮੁਕੰਮਲ ਤੌਰ `ਤੇ ਪੜਦਾ ਚੁੱਕ ਕੇ ਸਮੁੱਚੀ ਮਨੁੱਖਤਾ ਨੂੰ ਸੁਚੇਤ ਕੀਤਾ ਜਾ ਸਕੇ, ਕਿਉਂਕਿ, ਗੁਰੂ ਗ੍ਰੰਥ ਸਾਹਿਬ ਕੇਵਲ ਸਿੱਖਾਂ ਦੇ ਹੀ ਗੁਰੂ ਨਹੀਂ ਹਨ ਅਤੇ ਨਾ ਹੀ ਇਨ੍ਹਾਂ ਦੀ ਅਹਿਮੀਅਤ ਤੇ ਸਿੱਖਿਆ ਨੂੰ ਸੰਸਾਰ ਦੇ ਕਿਸੇ ਖ਼ਾਸ ਖੇਤਰ ਤੱਕ ਸੀਮਤ ਕੀਤਾ ਜਾ ਸਕਦਾ ਹੈ (ਇਸ ਬਾਰੇ ਇਸ ਲਿਖਤ ਵਿੱਚ ਪਹਿਲਾਂ ਹੀ ਜ਼ਿਕਰ ਕੀਤਾ ਜਾ ਚੁੱਕਾ ਹੈ)।

ਇਹ ਸਾਜਿਸ਼ ਬੜੀ ਡੂੰਘੀ ਤੇ ਖ਼ਤਰਨਾਕ ਹੈ!

ਗੁਰੂ ਗ੍ਰੰਥ ਸਾਹਿਬ `ਤੇ ਇਸ ਤਿੱਕੜੀ ਵੱਲੋਂ (ਵਿਸ਼ੇਸ਼ ਕਰ ਕੇ ਮਨੂੰਵਾਦੀਆਂ ਦੇ ਚੁੰਗਲ ਵਿੱਚ ਫਸੇ ਹੋਏ ਸਿੱਖ ਸਰੂਪ ਵਾਲਿਆਂ ਵੱਲੋਂ) ਹੇਠ ਲਿਖੇ ਪੱਖਾਂ ਤੋਂ ਸਾਜਿਸ਼ੀ ਹਮਲੇ ਕੀਤੇ ਜਾ ਰਹੇ ਹਨ:-

ੳ) ‘ਇੱਕ ਸਮੇਂ ਇਕੋ ਗੁਰੂ’ ਦੇ ਗੁਰਮਤਿ ਸਿਧਾਂਤ ਨੂੰ ਰੱਦ ਕਰ ਕੇ ਇੱਕੋ ਸਮੇਂ ਦੋ ਗੁਰੂਆਂ ਦਾ ਸਿਧਾਂਤ ਲਾਗੂ ਕਰਨਾ

ਗੁਰਮਤਿ ਦਾ ਸਿਧਾਂਤ ਹੈ ਕਿ, ਇੱਕ ਸਮੇਂ, ਇੱਕੋ ਹੀ ਗੁਰੂ ਹੁੰਦਾ ਹੈ -

ਇਕਾ ਬਾਣੀ, ਇਕੁ ਗੁਰੁ, ਇਕੋ ਸਬਦੁ ਵੀਚਾਰਿ॥ (ਮ: 3, 646)

ਭਾਵ: ਸ਼ਬਦ ਦੀ ਵਿਚਾਰ ਤੋਂ ਇਹ ਸੋਝੀ ਪ੍ਰਾਪਤ ਹੁੰਦੀ ਹੈ ਕਿ ‘ਗੁਰ-ਸ਼ਬਦ’ ਇੱਕ ਹੈ ਅਤੇ ਗੁਰੂ ਵੀ ਇੱਕੋ ਹੀ ਹੈ। ਗੱਲ ਨੂੰ ਸਪੱਸ਼ਟ ਕਰਨ ਲਈ ਸਾਨੂੰ ਗੁਰੂ ਨਾਨਕ ਸਾਹਿਬ ਵੱਲੋਂ ਸਥਾਪਤ ਕੀਤੀ ਇਸ ਰਵਾਇਤ ਵੱਲ ਧਿਆਨ ਦੇਣਾ ਪਵੇਗਾ। ਇੱਕ ਵਕਤ ਕੇਵਲ ਇੱਕ ਗੁਰੂ ਹੀ ਗੁਰਗੱਦੀ ਤੇ ਸ਼ੁਸ਼ੋਭਤ ਰਿਹਾ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ 1539 ਵਿੱਚ (ਜੋਤੀ ਜੋਤਿ ਸਮਾਉਂਣ ਤੋਂ ਕੁੱਝ ਦਿਨ ਪਹਿਲਾਂ) ਭਾਈ ਲਹਿਣਾ ਜੀ ਨੂੰ, ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ, ਗੁਰਗੱਦੀ ਸੌਂਪ ਦਿੱਤੀ ਸੀ ਤਾਂ, ਉਸ ਵਕਤ ਤੋਂ ਬਾਅਦ, ਗੁਰੂ ਨਾਨਕ ਸਾਹਿਬ ਖ਼ੁਦ (ਇੱਕ ਸਿੱਖ ਦੇ ਰੂਪ ਵਿੱਚ) ਕੁੱਝ ਦਿਨ ਸੰਗਤਿ ਵਿੱਚ ਬੈਠਦੇ ਰਹੇ ਸਨ (ਗੁਰੂ ਅੰਗਦ ਸਾਹਿਬ ਦੇ ਬਰਾਬਰ ਗੁਰਗੱਦੀ `ਤੇ ਨਹੀਂ ਬੈਠਦੇ ਸਨ) ਇਹੋ ਹੀ ਰਵਾਇਤ, ਬਾਕੀ ਗੁਰੂ ਸਾਹਿਬਾਨ ਨੇ ਭੀ ਨਿਭਾਈ।

ਪਰ, ਇਹ ਸ਼ਾਤਰ ਤਿੱਕੜੀ ਅਛੋਪਲੇ ਜਿਹੇ ਹੀ, ਇਸ ਗੁਰਮਤਿ ਸਿਧਾਂਤ ਨੂੰ ਰੱਦ ਕਰ ਕੇ ਇੱਕੋ ਵਕਤ ਦੋ ਗੁਰੂ ਹੋਣ ਦਾ ਸਿਧਾਂਤ ਲਾਗੂ ਕਰਨਾ ਚਾਹੁੰਦੀ ਹੈ, ਬਚਿੱਤ੍ਰ ਨਾਟਕ ਦੀ ਮੰਜੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ (ਸ਼ਰੀਕ ਵਜੋਂ) ਡਾਹ ਕੇ!

(ਅ) ਦਸਮੇਸ਼ ਜੀ ਦਾ ਚਰਿੱਤ੍ਰਘਾਤ!

ਬਚਿੱਤ੍ਰ ਨਾਟਕ ਦੇ ਚਰਿੱਤਰ ਨੰਬਰ 21 (ਪੰਨਾ 833), ਚਰਿੱਤਰ ਨੰਬਰ 22 (ਪੰਨਾ 843) ਅਤੇ ਚਰਿੱਤਰ ਨੰਬਰ 23 (ਪੰਨਾ 843) ਨੂੰ ਦਸਮੇਸ਼ ਜੀ ਦੇ ਜੀਵਨ ਨਾਲ ਬੇ-ਵਜਾਹ ਹੀ, ਜੋੜ ਕੇ ਕਲਗ਼ੀਧਰ ਪਿਤਾ ਜੀ ਦੀ ਪਰਮ ਪਵਿੱਤਰ ਅਗੰਮੀ ਸ਼ਖਸੀਅਤ ਨੂੰ ਕਲੰਕਿਤ ਕਰਨ ਦੇ ਯਤਨ ਕੀਤੇ ਗਏ ਹਨ। ਅਜਿਹੀਆਂ ਅਤਿ ਘਿਨਾਉਣੀਆਂ ਕਾਰਵਾਈਆਂ, ਗੁਰੂ ਸਾਹਿਬ ਨੂੰ ਮਨੂੰਵਾਦ ਦੇ ‘ਮਹਾਨ’ `ਤੇ ਆਚਰਣਹੀਣ ਦੇਵਤਿਆਂ (ਬ੍ਰਹਮਾ, ਸ਼ਿਵ ਜੀ, ਇੰਦਰ ਆਦਿ) ਦੀ ਸ਼੍ਰੇਣੀ ਨਾਲ ਤੁਲਣਾ ਦੇਣ ਲਈ ਕੀਤੀਆਂ ਜਾ ਰਹੀਆਂ ਹਨ ਤਾ ਕਿ ‘ਬ੍ਰਾਹਮਣ ਦੇਵਤਾ’ ਦੀ ਤਰ੍ਹਾਂ, ਸਿੱਖ ਕੌਮ ਨੂੰ ਵੀ ਚਰਿੱਤ੍ਰਹੀਣ ਤੇ ਨਸ਼ੇੜੀ ਬਣਾ ਕੇ ਕਮਜ਼ੋਰ ਕੀਤਾ ਜਾ ਸਕੇ।

(ੲ) ਗੁਰਮਤਿ ਸਿਧਾਂਤਾਂ ਦਾ ਘਾਣ ਅਤੇ ਅੰਤਾਂ ਦੀ ਅਸ਼ਲੀਲਤਾ!

ਬਚਿੱਤ੍ਰ ਨਾਟਕ ਦਾ ਬਹੁਤਾ ਹਿੱਸਾ ਗੁਰਮਤਿ ਸਿਧਾਂਤਾਂ ਦਾ ਘਾਣ ਕਰਨ ਵਾਲਾ ਹੈ। ਇਸ ਦੇ ਤਕਰੀਬਨ 615 ਪੰਨੇ ਚਰਿਤ੍ਰੋ-ਪਖਿਯਾਨ (ਤ੍ਰਿਆ ਚਰਿੱਤ੍ਰ) ਅਤੇ ਫ਼ਾਰਸੀ ਵਿੱਚ ਲਿਖੀਆਂ ਹਕਾਇਤਾਂ (ਫ਼ਾਰਸੀ ਵਿੱਚ ਤ੍ਰਿਆ ਚਰਿੱਤ੍ਰ) ਦੀ ਸ਼ਬਦਾਵਲੀ ਇਤਨੀ ਭੱਦੀ ਤੇ ਅਸ਼ਲੀਲ ਹੈ ਕਿ ਕੋਈ ਸਾਊ ਵਿਅਕਤੀ ਇਨ੍ਹਾਂ ਨੂੰ ਇਕੱਲਿਆਂ ਬੈਠ ਕੇ ਪੜ੍ਹਦਿਆਂ ਵੀ ਸ਼ਰਮਸਾਰ ਮਹਿਸੂਸ ਕਰਦਾ ਹੈ। ਅਜੇਹੀ ਸ਼ਰਾਰਤ-ਆਮੇਜ਼ ਅਤੇ ਭੱਦੀ ਲਿਖਤ ਨੂੰ ਦਸਮੇਸ਼ ਜੀ ਦੀ ਰਚਨਾ ਦੇ ਤੌਰ `ਤੇ ਪ੍ਰਚਾਰਨਾ ਸਤਿਗੁਰਾਂ ਦੀ ਨਾ-ਬਖਸ਼ਣਯੋਗ ਤੌਹੀਨ ਹੈ। ਇਥੇ ਹੀ ਬੱਸ ਨਹੀਂ, ਇਹ ਕਿਤਾਬ ਨਸ਼ਿਆਂ ਦੇ ਸੇਵਨ ਦੀ ਵਕਾਲਤ ਕਰਦੀ ਹੈ, ਦੇਵੀ-ਪੂਜਾ ਦ੍ਰਿੜ ਕਰਵਾਉਂਦੀ ਹੈ, ਇਸਤਰੀ ਜਾਤੀ ਦੀ ਪੁੱਜ ਕੇ ਤੌਹੀਨ ਕਰਦੀ ਹੈ, ਝੂਠ ਬੋਲਣ ਦੀ ਸਿੱਖਿਆ ਦਿੰਦੀ ਹੈ, ਪਰਮੇਸ਼ਰ ਦੀ ਹੋਂਦ ਬਾਰੇ ਹੀ ਖਾਮੋਸ਼ ਹੈ, ਦਸਮੇਸ਼ ਜੀ ਨੂੰ ‘ਨਾਨਕ ਜੋਤਿ’ ਹੀ ਨਹੀਂ ਸਵੀਕਾਰ ਕਰਦੀ, ਗੁਰੂ ਨੂੰ ਭੁੱਲਣਹਾਰ ਮੰਨਦੀ ਹੈ, ਦਸਮੇਸ਼ ਜੀ ਨੂੰ ਦੇਵੀ-ਪੂਜਕ ਸਿੱਧ ਕਰਦੀ ਹੈ, ਗੁਰੂ ਸਾਹਿਬਾਨ ਨੂੰ ਮਨੂੰਵਾਦੀ ਕਰਮ-ਕਾਂਡ ਕਰਦਿਆਂ ਦਰਸਾਉਂਦੀ ਹੈ, ਇਤਿਆਦਿ। ਪਰ, ਤਖ਼ਤ ਸਾਹਿਬਾਨ ਦੇ ਅਖੌਤੀ ਜਥੇਦਾਰ ਤੇ ਆਪਣੇ ਆਪ ਨੂੰ ਸਿੱਖ ਕੌਮ ਦੇ ਮਹਾਨ ਵਿਦਵਾਨ ਅਖਵਾਉਂਣ ਵਾਲੇ ਕੁੱਝ ਵਿਅਕਤੀ ਅਜੇ ਤੱਕ ਵੀ ਇਸ ਪੁਸਤਕ ਨੂੰ ਦਸਮੇਸ਼ ਜੀ ਦੀ ਰਚਨਾ ਅਤੇ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੀ ਵਿਆਖਿਆ ਕਰਨ ਵਾਲੀ ‘ਬੀਰ-ਰਸੀ’ ਲਿਖਤ ਸਾਬਿਤ ਕਰਨ ਲਈ ਅੱਡੀ-ਚੋਟੀ ਦਾ ਜ਼ੋਰ ਲਗਾਉਂਦੇ ਆ ਰਹੇ ਹਨ। ਸਦ ਅਫਸੋਸ!

(ਸ) ਗੁਰੂ ਗ੍ਰੰਥ ਸਾਹਿਬ ਜੀ ਅਧੂਰੇ ਗੁਰੂ ਹਨ! !

ਬਚਿੱਤ੍ਰ ਨਾਟਕ ਨੂੰ ਦਸਮੇਸ਼ ਜੀ ਦੀ ਕਿਰਤ ਮੰਨਣ ਵਾਲੇ ਇੱਕ ਹੋਰ ਹਾਸੋਹੀਣੀ ਦਲੀਲ ਇਹ ਦਿੰਦੇ ਹਨ ਕਿ ਗੁਰੂ ਗ੍ਰੰਥ ਸਾਹਿਬ ਮਨੁੱਖ ਨੂੰ ‘ਸੰਤ’ ਬਣਾਉਂਦੇ ਹਨ ਅਤੇ ਬਚਿੱਤ੍ਰ ਨਾਟਕ ‘ਸਿਪਾਹੀ’ ਬਣਾਉਂਦੇ ਹਨ। ਪਰ, ਕਿਉਂਕਿ ਸਿੱਖ ਨੂੰ ਦਸਮੇਸ਼ ਜੀ ਨੇ ਸੰਤ-ਸਿਪਾਹੀ ਬਣਾਇਆ ਹੈ, ਇਸ ਲਈ ਬਚਿੱਤ੍ਰ ਨਾਟਕ ਦੇ ਉਪਦੇਸ਼ਾਂ ਦੀ ਪਾਲਣਾ ਕਰਨਾ ਸਿੱਖ ਲਈ ਲਾਜ਼ਮੀ ਹੈ। ਵਾਹ! ਬਲਿਹਾਰ ਜਾਈਏ ਅਜਿਹੀਆਂ ‘ਕੀਮਤੀ, ਵਜ਼ਨਦਾਰ ਤੇ ਗੁਰਮਤਿ ਅਨੁਸਾਰੀ ਦਲੀਲਾਂ’ ਦੇਣ ਵਾਲਿਆਂ ਤੋਂ! ! ਕੀ ਗੁਰੂ ਨਾਨਕ ਸਾਹਿਬ ਦੇ ਵਕਤ ਦੇ ਸਿੱਖ ਜਾਂ ਗੁਰੂ ਹਰਿ ਗੋਬਿੰਦ ਸਾਹਿਬ ਦੇ ਸਮੇਂ ਦੇ ਸਿੱਖ ਸੰਤ-ਸਿਪਾਹੀ ਨਹੀਂ ਸਨ? ਜੇਕਰ ਨਹੀਂ ਸਨ ਤਾਂ, ਉਨ੍ਹਾਂ ਨੇ ਛੇਵੇਂ ਪਾਤਿਸ਼ਾਹ ਦੇ ਸਮੇਂ ਮੁਗ਼ਲਾਂ ਨੂੰ ਭਾਰੀ ਜੰਗਾਂ ਵਿੱਚ ਲੋਹੇ ਦੇ ਚਣੇ ਕਿਸ ਵਿਧੀ ਨਾਲ ਚਬਾਏ ਸਨ? ਕੀ ਅਜਿਹੇ ਬਹਾਦਰੀ ਦੇ ਕਾਰਨਾਮੇ ਉਨ੍ਹਾਂ ‘ਸੰਤ’ ਸਿੱਖਾਂ ਨੇ ਮਾਲਾ ਫੇਰ ਕੇ ਜਾਂ ਮੰਤਰ ਮਾਰ ਕੇ ਕੀਤੇ ਸਨ? ਨਿਰਸੰਦੇਹ, ਗੁਰੂ ਗ੍ਰੰਥ ਸਾਹਿਬ ਜੀ ਸੰਪੂਰਨ ਗੁਰੂ ਹਨ ਅਤੇ ਮਨੁੱਖ ਦੇ ਸਾਰੇ ਕਾਰਜ (ਜਨਮ ਤੋਂ ਮਰਨ ਤੱਕ) ਕੇਵਲ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸਿਧਾਂਤਕ ਅਗੁਵਾਈ ਹੇਠ ਹੀ ਪੂਰੇ ਹੋਣੇ ਚਾਹੀਦੇ ਹਨ। ਸਿੱਖ ਜੀਵਨ-ਜਾਚ (ਮੌਜੂਦਾ ਸਿੱਖ ਰਹਿਤ ਮਰਯਾਦਾ) ਦੇ ਜਿਹੜੇ ਅੰਸ਼ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤਾਂ ਦੇ ਅਨੁਕੂਲ ਨਹੀਂ, ਉਨ੍ਹਾਂ `ਚ ਲੋੜੀਂਦੀਆਂ ਸੋਧਾਂ ਕਰਨੀਆਂ ਜ਼ਰੂਰੀ ਹਨ। ਮਿਸਾਲ ਦੇ ਤੌਰ `ਤੇ, ਸਿੱਖ ਅਰਦਾਸ ਵਿਚਲੀ ਭਗਉਤੀ (ਦੁਰਗਾ) ਵਾਲੀ ਪਉੜੀ, ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਅਤੇ ਗੁਰੂ ਗ੍ਰੰਥ ਸਾਹਿਬ ਦੇ ਰਸਮੀ ਤੌਰ `ਤੇ ਕੀਤੇ ਜਾਂਦੇ (ਕਰਮ-ਕਾਂਡੀ) ਪਾਠ ਆਦਿ ਸੁਧਾਈਆਂ ਮੰਗਦੇ ਹਨ।

(ਹ) ਗੁਰੂ ਗ੍ਰੰਥ ਸਾਹਿਬ ਜੀ ਵਿੱਚ ਵੀ ਅਸ਼ਲੀਲਤਾ ਹੈ! ! !

‘ਦਸਮ ਗ੍ਰੰਥੀਏ’ ਬਚਿੱਤ੍ਰ ਨਾਟਕ ਵਿਚਲੀ ਮਹਾਂ ਅਸ਼ਲੀਲ ਤੇ ਭੱਦੀ ਕਿਸਮ ਦੀ ਸ਼ਬਦਾਵਲੀ ਦਾ ਪੱਖ ਪੂਰਨ ਲਈ ਇੱਕ ਹੋਰ ਅਜਿਹੀ ਦਲੀਲ (ਜਿਹੜੀ ਕਿ ਇੱਕ ਸਿੱਖ ਦੀ ਜ਼ੁਬਾਨ `ਤੇ ਆ ਹੀ ਨਹੀਂ ਸਕਦੀ), ਇਹ ਦੇ ਰਹੇ ਹਨ ਕਿ, “ਵੇਖੋ ਜੀ! ਗੁਰੂ ਗ੍ਰੰਥ ਸਾਹਿਬ ਵਿੱਚ ਵੀ ਤਾਂ ਅਸ਼ਲੀਲ ਭਾਸ਼ਾ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ, ਫਿਰ ਅਸ਼ਲੀਲਤਾ ਦੇ ਆਧਾਰ `ਤੇ ਬਚਿੱਤ੍ਰ ਨਾਟਕ ਨੂੰ ਕਿਵੇਂ ਰੱਦ ਕੀਤਾ ਜਾ ਸਕਦਾ ਹੈ? ” ਪ੍ਰੋ: ਦਰਸ਼ਨ ਸਿੰਘ ਮੁਤਾਬਿਕ, ਇਹ ਦਲੀਲ ਉਨ੍ਹਾਂ ਨੂੰ (ਪ੍ਰੋ. ਦਰਸ਼ਨ ਸਿੰਘ ਨੂੰ), ਸ੍ਰੀ ਅਕਾਲ ਤਖ਼ਤ ਦੇ ਮੌਜੂਦਾ ਅਖੌਤੀ ਜਥੇਦਾਰ ਨੇ ਕੈਨੇਡਾ ਫੋਨ ਕਰ ਕੇ ਦਿੱਤੀ ਸੀ, ਤਿੰਨ ਕੁ ਮਹੀਨੇ ਪਹਿਲਾਂ। ਪ੍ਰੋ: ਦਰਸ਼ਨ ਸਿੰਘ ਜੀ ਕੁੱਝ ਅਰਸੇ ਤੋਂ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਉਨ੍ਹਾਂ ਸਾਰੇ ਸ਼ਬਦਾਂ ਦਾ ਵਿਆਖਿਆ ਸਹਿਤ ਕੀਰਤਨ ਕਰਦੇ ਆ ਰਹੇ ਹਨ ਜਿਨ੍ਹਾਂ ਨੂੰ ਇਹ ਲੋਕ ਅਸ਼ਲੀਲ ਭਾਸ਼ਾ ਵਾਲੇ ਕਹਿਣ ਦਾ ਨਾ-ਬਖ਼ਸ਼ਣਯੋਗ ਅਪਰਾਧ ਕਰਦੇ ਆ ਰਹੇ ਹਨ। ਇਥੇ ਇਹ ਜ਼ਿਕਰ ਕਰਨਾ ਜ਼ਰੂਰੀ ਹੈ ਕਿ ਗੁਰੂ ਗ੍ਰੰਥ ਸਾਹਿਬ ਅੰਦਰ ਸੰਕੇਤਕ ਸ਼ਬਦਾਵਲੀ ਦੀ ਵਰਤੋਂ ਕਰ ਕੇ ਪਰਮਾਤਮਾ ਨੂੰ ਇੱਕ ‘ਪਤੀ’ ਤੇ ਜੀਵ-ਆਤਮਾ ਨੂੰ ‘ਪਤਨੀ’ ਦੇ ਰੂਪ ਵਿੱਚ ਦਰਸਾਇਆ ਹੋਇਆ ਹੈ। ਪਰ, ਇਸ ਦੇ ਵਿਪਰੀਤ, ਬਚਿੱਤ੍ਰ ਨਾਟਕ ਵਿੱਚ ਦੁਨਿਆਵੀ ਇਸ਼ਕ ਦੀਆਂ ਕਹਾਣੀਆਂ ਦੁਆਰਾ ਵਿਭਚਾਰ ਦੀ ਇੰਤਹਾ ਤੱਕ ਪਹੁੰਚ ਕੀਤੀ ਹੋਈ ਹੈ। ਇਸ ਲਈ, ਗੁਰੂ ਗ੍ਰੰਥ ਸਾਹਿਬ ਵਿੱਚ ਸੰਕੇਤਕ ਰੂਪ ਵਿੱਚ ਪੇਸ਼ ਕੀਤੇ ਪਰਮਾਤਮਾ ਤੇ ਆਤਮਾ ਦੇ ਪਰਸਪਰ ਪ੍ਰੇਮ ਦੇ ਸੁੱਚੇ ਸੰਬੰਧਾਂ ਦੀ, ਬਚਿੱਤ੍ਰ ਨਾਟਕ ਵਿਚਲੇ ਵਿਭਚਾਰੀ ਇਸ਼ਕ ਨਾਲ ਤੁਲਨਾ, ਕੋਈ ਮਹਾਂ ਮੂਰਖ ਹੀ ਕਰ ਸਕਦਾ ਹੈ, ਇੱਕ ਸਿੱਖ ਤਾਂ ਅਜਿਹਾ ਕਰਨ ਦੀ ਸੋਚ ਵੀ ਨਹੀਂ ਸਕਦਾ।

ਆਪਣੇ ਆਪ ਨੂੰ ਸੱਚੇ ਤੇ ਪੱਕੇ ਸਿੱਖ ਅਖਵਾਉਂਣ ਵਾਲੇ ਵੀ ਇਸ ਬਿੱਪਰਵਾਦੀ ਸਾਜਿਸ਼ੀ ਜਾਲ ਵਿੱਚ ਕਿਉਂ ਫਸ ਗਏ?

ਜੇਕਰ ਸਿੱਖ ਕੌਮ ਦੇ ਪਿਛਲੇ ਤਕਰੀਬਨ ਇੱਕ ਸੌ ਸਾਲ ਦੇ ਅਧਿਆਤਮਿਕ ਇਤਿਹਾਸ `ਤੇ ਨਜ਼ਰ ਮਾਰੀਏ ਤਾਂ ਪਤਾ ਲਗਦਾ ਹੈ ਕਿ 1873 ਦੇ ਆਸਪਾਸ ਤੋਂ ਅਰੰਭ ਹੋਈ ਸਿੰਘ ਸਭਾ ਲਹਿਰ ਨੇ 1920 ਤੱਕ ਸਿੱਖ ਕੌਮ ਅੰਦਰ ਗੁਰਮਤਿ ਚੇਤਨਾ ਨੂੰ ਜਗਾ ਕੇ, ਸਿੱਖ- ਜੀਵਨ ਅੰਦਰ ਸਾਜਿਸ਼ੀ ਢੰਗਾਂ ਨਾਲ ਦਾਖਲ ਕੀਤੇ ਹੋਏ ਕਰਮ-ਕਾਂਡ, ਵਹਿਮ-ਭਰਮ, ਸੁੱਚ-ਭਿੱਟ, ਊਚ-ਨੀਚ, ਸ਼ੁੱਭ-ਅਸ਼ੁੱਭ ਅਤੇ ਬਿੱਪਰਵਾਦੀ ਅੰਧ-ਵਿਸ਼ਵਾਸਾਂ ਨੂੰ ਰੱਦ ਕਰਨ ਦੇ ਨਿੱਗਰ ਉਪਰਾਲੇ ਕੀਤੇ ਸਨ। ਪਰ, 1920 ਤੋਂ ਬਾਅਦ, ਸਮੁੱਚੀ ਸਿੱਖ ਕੌਮ ਦੇ ਭਾਰਤ ਦੀ ਆਜ਼ਾਦੀ ਦੀ ਜਦੋਜਹਿਦ ਵਿੱਚ ਕੁੱਦ ਪੈਣ ਨਾਲ ਘਟਨਾਕਰਮ ਅਤੇ ਸਮੀਕਰਨ ਤੇਜੀ ਨਾਲ ਵਾਪਰੇ ਅਤੇ ਬਦਲੇ, ਜਿਸ ਦੇ ਫ਼ਲਸਰੂਪ, ਕੌਮੀ ਗੁਰਮਤਿ ਚੇਤਨਾ ਲਹਿਰ ਮੱਧਮ ਪੈਂਦੀ-ਪੈਂਦੀ ਗੁਆਚ ਹੀ ਗਈ। ਲੇਖਕ ਦੀ ਸਮਝ ਅਨੁਸਾਰ, ਇਹੋ ਇੱਕ ਅਹਿਮ ਕਾਰਨ ਹੈ ਕਿ ਭਾਈ ਰਣਧੀਰ ਸਿੰਘ ਵਰਗੇ ਸਿਦਕੀ ਅਤੇ ਸਿਰੜੀ ਸਿੱਖ ਵੀ, (ਬਚਿੱਤ੍ਰ ਨਾਟਕ ਦੇ ਵਿਸ਼ਾ-ਵਸਤੂ ਦਾ ਡੂੰਘਾ ਅਧਿਐਨ ਕਰਨ ਤੋਂ ਬਿਨਾ ਹੀ), ਇਸ ਰਚਨਾ ਨੂੰ ਦਸਮੇਸ਼ ਪਿਤਾ ਜੀ ਦੀ ਕਿਰਤ ਵਜੋਂ ਮਾਨਤਾ ਦੇ ਗਏ! ਜਿੱਥੇ ਭਾਈ ਰਣਧੀਰ ਸਿੰਘ ਵਰਗੇ ਸਿਦਕੀ ਤੇ ਅਣਖੀਲੇ ਸਿੱਖ ਸਮੁੱਚੀ ਕੌਮ ਦੇ ਸਤਿਕਾਰ ਦੇ ਪਾਤਰ ਹਨ, ਉੱਥੇ ਸਾਨੂੰ ਇਹ ਵੀ ਕਦੇ ਨਹੀਂ ਭੁੱਲਣਾ ਚਾਹੀਦਾ ਕਿ ਬਚਿੱਤ੍ਰ ਨਾਟਕ ਨੂੰ ਸ਼ਬਦ-ਗੁਰੂ ਦੇ ਬਰਾਬਰ ਮਾਨਤਾ ਦੇਣ ਵਾਲੇ, (ਇਸ ਖ਼ਤਰਨਾਕ ਸਾਜਿਸ਼ ਅਧੀਨ), ਸਿੱਧੇ ਰੂਪ ਵਿੱਚ ਹੀ ਗੁਰੂ ਗ੍ਰੰਥ ਸਾਹਿਬ `ਤੇ ਕੀਤੇ ਜਾ ਰਹੇ ਸਿਧਾਂਤਕ ਹਮਲੇ ਵਿੱਚ ਭਾਗੀਦਾਰ ਬਣੇ ਆ ਰਹੇ ਹਨ। ਨਿਰਸੰਦੇਹ, ਇੱਕ ਸਿੱਖ ਵਾਸਤੇ ਅਜਿਹਾ ਵਰਤਾਰਾ ਗੁਰੂ ਤੋਂ ਬੇ-ਮੁੱਖ ਹੋਣ ਤੋਂ ਵੀ ਵਧੇਰੇ ਦੋਸ਼-ਪੂਰਣ ਹੈ। ਲੋੜ ਹੈ ਕਿ ਸਾਡੇ ਪੁਰਖਿਆਂ ਵੱਲੋਂ ਅਣਜਾਣੇ ਵਿੱਚ ਹੋਈਆਂ ਅਜਿਹੀਆਂ ਭੁੱਲਾਂ ਨੂੰ ਵੇਲੇ ਸਿਰ ਸੋਧ ਕੇ, ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਰਹਿਨੁਮਾਈ ਹੇਠ ਇਕੱਠੇ ਹੋ ਕੇ, ਕੌਮੀ ਮਸਲਿਆਂ ਦੇ ਹੱਲ ਵੱਲ ਵਧਿਆ ਜਾਵੇ। ਜ਼ਿਦ ਕਰ ਕੇ ਕੌਮ ਦਾ ਨੁਕਸਾਨ ਹੀ ਹੋਵੇਗਾ। ਮਨੁੱਖ ਭਾਵੇਂ ਕਿਤਨੀ ਵੀ ਉੱਚੀ ਆਤਮਿਕ ਅਵੱਸਥਾ `ਤੇ (ਗੁਰੂ ਕਿਰਪਾ ਦੁਆਰਾ) ਪਹੁੰਚਿਆ ਹੋਵੇ, ਉਹ ਭੁੱਲਣਹਾਰ ਸ਼੍ਰੇਣੀ ਵਿੱਚ ਹੀ ਰਹੇਗਾ ਕਿਉਂਕਿ ਨਿਰੰਕਾਰ-ਸਰੂਪ ਗੁਰਬਾਣੀ ਦੇ ਰੱਬੀ-ਫ਼ੁਰਮਾਣ ਕਿ -

“ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ”॥ (ਮ: 1, 61)

ਸਦੀਵਕਾਲ ਲਈ ਸੱਤ ਅਤੇ ਅਟੱਲ ਹਨ। ਇਸ ਲਈ, ਸਿੱਖ ਲਈ ਸਿੱਖਿਆ-ਦਾਤੇ ਕੇਵਲ ਅਤੇ ਕੇਵਲ ਜੁਗੋ-ਜੁੱਗ ਅਟੱਲ ਸ਼ਬਦ-ਗੁਰੂ, (ਗੁਰੂ ਗ੍ਰੰਥ ਸਾਹਿਬ) ਹੀ ਹਨ, ਕੋਈ ‘ਸੰਤ-ਬਾਬਾ’, ‘ਬ੍ਰਹਮ ਗਿਆਨੀ’ ਜਾਂ ‘ਮਹਾਂ-ਪੁਰਸ਼’ ਆਦਿ ਨਹੀਂ। ਜਿਹੜੀ ਸਿੱਖਿਆ, ਉਪਦੇਸ਼ ਜਾਂ ਮਨੌਤ ਗੁਰੂ ਗ੍ਰੰਥ ਸਾਹਿਬ ਦੇ ਅਕਾਲੀ ਸਿਧਾਂਤਾਂ ਦੇ ਅਨੁਕੂਲ ਨਹੀਂ, ਸਿੱਖ ਦਾ ਉਸ ਨਾਲ ਕੋਈ ਵਾਹ-ਵਾਸਤਾ ਹਰਗਿਜ਼ ਨਹੀਂ ਹੋ ਸਕਦਾ। ਇਸ ਤੋਂ ਅੱਗੇ ਹੋਰ ਕਿਸੇ ਵਾਦ-ਵਿਵਾਦ `ਚ ਉਲਝਣ ਦੀ ਬਿਲਕੁਲ ਹੀ ਕੋਈ ਜ਼ਰੂਰਤ ਨਹੀਂ ਹੋਣੀ ਚਾਹੀਦੀ।

ਹੁਣ ਜੇਕਰ ਸਮੁੱਚੇ ਬਚਿੱਤ੍ਰ ਨਾਟਕ ਨੂੰ ਹੀ ਦਸਮੇਸ਼ ਜੀ ਦੀ ਰਚਨਾ ਦੇ ਤੌਰ `ਤੇ ਪਰਵਾਨਗੀ ਮਿਲ ਜਾਂਦੀ ਹੈ ਤਾਂ, ਉੱਪਰ ਲਿਖੇ ਅਨੁਸਾਰ, ਇਹ ਵੀ ਮੰਨਣਾ ਪਵੇਗਾ ਕਿ, ਇੱਕ ਵੇਲੇ ਇੱਕ ਦੀ ਬਜਾਏ ਦੋ (ਜਾਂ ਵੱਧ ਵੀ) ਗੁਰੂ ਵੀ ਹੋ ਸਕਦੇ ਹਨ, ਅਕਾਲ ਪੁਰਖੁ ਦੀ ਕੋਈ ਹੋਂਦ ਨਹੀਂ ਹੈ (ਸਿਰਫ਼ ਬਚਿੱਤ੍ਰ ਨਾਟਕ ਦੇ ਲਿਖਾਰੀਆਂ ਦਾ ਇਸ਼ਟ ਮਹਾਂ ਕਾਲ-ਕਾਲਕਾ ਹੀ ਸਭ ਕੁੱਝ ਹੈ), ਗੁਰੂ ਵੀ ਭੁੱਲਣਹਾਰ ਹੈ, ਦਸਮੇਸ਼ ਜੀ ‘ਨਾਨਕ ਜੋਤਿ’ ਨਹੀਂ ਹਨ, ਦਸਮੇਸ਼ ਜੀ ਨਸ਼ਿਆਂ ਦੀ ਵਰਤੋਂ ਦੀ ਪਰਵਾਨਗੀ ਦੇਂਦੇ ਹਨ, ਦਸਮੇਸ਼ ਪਿਤਾ ਜੀ ਦੇਵੀ-ਪੂਜਕ ਹਨ, ਗੁਰੂ ਸਾਹਿਬਾਨ ਬਿੱਪਰਵਾਦੀ ਕਰਮ-ਕਾਂਡਾਂ ਦੀ ਹਮਾਇਤ ਕਰਦੇ ਹਨ, ਗੁਰੂ ਗ੍ਰੰਥ ਸਾਹਿਬ ਅਧੂਰੇ ਗੁਰੂ ਹਨ, ਗੁਰੂ ਜੀ ਚਰਿੱਤ੍ਰਹੀਣ ਹਨ, ਇਤਿਆਦਿ। ਕੀ ਇਹ ਸਾਰੀਆਂ ਮਨੌਤਾਂ ਸਿੱਖ ਕੌਮ ਨੂੰ ਵਿਕਾਸ ਦੇ ਰਾਹ `ਤੇ ਲਿਜਾਣ ਵਾਲੀਆਂ ਹਨ ਕਿ ਸਵੈ-ਵਿਨਾਸ਼ (ਆਤਮ-ਹੱਤਿਆ) ਦੇ ਰਾਹ `ਤੇ?

ਲੇਖਕ ਦਾ ਸੁਝਾਅ

ਜਦੋਂ ਤੱਕ ਸਿੱਖ ਕੌਮ ਦੀ ਪ੍ਰਤੀਨਿਧਤਾ ਕਰਨ ਵਾਲਾ ਸਰਬੱਤ ਖ਼ਾਲਸਾ ਦਾ ਇਕੱਠ ਬਚਿਤ੍ਰ ਨਾਟਕ ਬਾਰੇ ਅੰਤਮ ਫ਼ੈਸਲਾ ਨਹੀਂ ਲੈਂਦਾ, ਉਦੋਂ ਤੱਕ ਗੁਰੂ ਗ੍ਰੰਥ ਸਾਹਿਬ ਨੂੰ ਇੱਕੋ-ਇੱਕ ਗੁਰੂ ਦੇ ਤੌਰ `ਤੇ ਮਾਨਤਾ ਦੇਣ ਵਾਲੀਆਂ ਜਥੇਬੰਦੀਆਂ/ਸੰਸਥਾਵਾਂ, ਆਮ ਸਹਿਮਤੀ ਦੁਆਰਾ, ਗੁਰਮਤਿ ਸਿਧਾਂਤਾਂ ਦੀ ਸੋਝੀ ਰੱਖਣ ਵਾਲੇ ਵਿਦਵਾਨਾਂ ਦੀ ਇੱਕ ਕਮੇਟੀ ਬਣਾ ਲੈਣ ਅਤੇ ਇਹ ਕਮੇਟੀ ਫ਼ੈਸਲਾ ਕਰੇ ਕਿ ਇਸ ਪੁਸਤਕ ਵਿਚਲੀਆਂ ਜਿਹੜੀਆਂ ਰਚਨਾਵਾਂ ਗੁਰਮਤਿ ਸਿਧਾਂਤਾਂ ਦੇ ਅਨੁਕੂਲ ਹਨ, ਉਨ੍ਹਾਂ ਨੂੰ ਇਸ ਵਿੱਚੋਂ ਕੱਢ ਕੇ ਅਲੱਗ ਪੁਸਤਕ ਦੇ ਰੂਪ ਵਿੱਚ ਸਾਂਭ ਲਿਆ ਜਾਵੇ ਅਤੇ ਬਾਕੀ ਦੀਆਂ ਸਾਰੀਆਂ ਰਚਨਾਵਾਂ ਨੁੰ ਰੱਦ ਕਰ ਦਿੱਤਾ ਜਾਵੇ।

ਸਿੱਖ ਕੌਮ ਦਾ ਪ੍ਰਤੀਨਿਧ ਇਕੱਠ (ਸਰਬੱਤ ਖ਼ਾਲਸਾ) ਫ਼ੈਸਲਾ ਕਰੇ

ਅੱਜ ਲੋੜ ਹੈ ਕਿ ਸਿੱਖ ਕੌਮ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਬੀ-ਸਿਧਾਂਤਾਂ ਪ੍ਰਤੀ ਸੁਚੇਤ ਕਰਨ ਲਈ ‘ਗੁਰਮਤਿ ਚੇਤਨਾ ਲਹਿਰ’ ਨੂੰ ਗੁਰਮਤਿ ਜੁਗਤਿ ਅਨੁਸਾਰ (ਰਲ-ਮਿਲ ਕੇ), ਪ੍ਰਚੰਡ ਕੀਤਾ ਜਾਵੇ ਅਤੇ ਢੁਕਵੇਂ ਸਮੇਂ `ਤੇ, ਸਰਬੱਤ ਖਾਲਸਾ ਦਾ ਇਕੱਠ ਬੁਲਾ ਕੇ, ਚਿਰਾਂ ਤੋਂ ਲਟਕਦੇ ਆ ਰਹੇ (ਅਤੇ ਕੌਮ ਵਿੱਚ ਦੁਬਿਧਾ ਪੈਦਾ ਕਰਦੇ ਆ ਰਹੇ) ਸਾਰੇ ਮਸਲਿਆਂ `ਤੇ ਡੂੰਘੀਆਂ ਵਿਚਾਰ-ਗੋਸ਼ਟੀਆਂ ਕਰ ਕੇ, ਗੁਰਮਤਿ ਸਿਧਾਂਤਾਂ ਦੇ ਅਨੁਕੂਲ ਫ਼ੈਸਲੇ ਲੈ ਕੇ ਲਾਗੂ ਕੀਤੇ ਜਾਣ।
.