.

☬ ਮਲਾਰ ਕੀ ਵਾਰ ਮਹਲਾ ੧ ☬

(ਪੰ: ੧੨੭੮-੯੧)

ਸਟੀਕ, ਲੋੜੀਂਦੀ ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੫)

(ਲੜੀ ਜੋੜਣ ਲਈ, ਸਟੀਕ ਨੂੰ ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

(ਪਉੜੀ ਨੰ: ੩ ਦਾ ਮੂਲ ਪਾਠ, ਸਲੋਕਾਂ ਸਮੇਤ)

ਸਲੋਕ ਮਃ ੧॥ ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ॥ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ॥ ੧ 

ਮਃ ੨॥ ਵੈਦਾ ਵੈਦੁ ਸੁਵੈਦੁ ਤੂ ਪਹਿਲਾਂ ਰੋਗੁ ਪਛਾਣੁ॥ ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥ ਜਿਤੁ ਦਾਰੂ ਰੋਗ ਉਠਿਅਹਿ ਤਨਿ ਸੁਖੁ ਵਸੈ ਆਇ॥ ਰੋਗੁ ਗਵਾਇਹਿ ਆਪਣਾ ਤ ਨਾਨਕ ਵੈਦੁ ਸਦਾਇ॥ ੨ 

ਪਉੜੀ॥ ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ॥ ਬ੍ਰਹਮੇ ਦਿਤੇ ਬੇਦ ਪੂਜਾ ਲਾਇਆ॥ ਦਸ ਅਵਤਾਰੀ ਰਾਮੁ ਰਾਜਾ ਆਇਆ॥ ਦੈਤਾ ਮਾਰੇ ਧਾਇ ਹੁਕਮਿ ਸਬਾਇਆ॥ ਈਸ ਮਹੇਸੁਰੁ ਸੇਵ ਤਿਨੀੑ ਅੰਤੁ ਨ ਪਾਇਆ॥ ਸਚੀ ਕੀਮਤਿ ਪਾਇ ਤਖਤੁ ਰਚਾਇਆ॥ ਦੁਨੀਆ ਧੰਧੈ ਲਾਇ ਆਪੁ ਛਪਾਇਆ॥ ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ॥ ੩ 

(ਪਉੜੀ ੩, ਸਟੀਕ ਸਲੋਕਾਂ ਤੇ ਲੋੜੀਂਦੇ ‘ਗੁਰਮੱਤ ਵਿਚਾਰ ਦਰਸ਼ਨ’ ਸਹਿਤ)

ਵਿਸ਼ੇਸ਼ ਨੌਟ- (ੳ) ਗੁਰਬਾਣੀ ਵਿਚਲੇ ਕਿਸੇ ਵੀ ਅੰਗ ਦੇ ਸਿੱਧੇ ਅਰਥ ਕਰ ਲੈਣੇ, ਹੋਰ ਗੱਲ ਹੈ, ਪਰ ਉਸ ਦੇ ਮੂਲ ਅਰਥਾਂ ਵੱਲ ਵਧ ਕੇ, ਵਿਸ਼ੇ ਨੂੰ ਸਮਝਣ ਲਈ ਯਤਨ ਕਰਨਾ, ਇਹ ਹੋਰ ਗੱਲ ਹੈ। ਉਂਝ ਵੀ ਵਾਰਾਂ ਵਿਚਲੀਆਂ ਪਉੜੀਆਂ ਤੇ ਸਲੋਕਾਂ ਸੰਬੰਧੀ ਅਰੰਭਕ ਜਾਣਕਾਰੀ `ਚ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਵਾਰਾਂ `ਚ ਆਉਣ ਵਾਲੀ ਹਰੇਕ ਪਉੜੀ, ਉਸ ਤੋਂ ਪਿਛਲੀ ਪਉੜੀ ਦਾ ਹੀ ਵਿਸਤਾਰ ਤੇ ਉਸ ਨਾਲ ਸੰਬੰਧਤ ਹੁੰਦੀ ਹੈ। ਦੂਜਾ ਇਹ ਕਿ, ਹਰੇਕ ਪਉੜੀ ਨਾਲ ਲਗਦੇ ਸਲੋਕ, ਸੰਬੰਧਤ ਪਉੜੀ ਦੀ ਹੀ ਵਿਆਖਿਆ ਹੁੰਦੇ ਹਨ।

(ਅ) ਇਸ ਤੋਂ ਵਧ, ਖਾਸਕਰ ਪਉੜੀ ਨੰ: ਤਿੰਨ ਦੇ ਸੰਬੰਧ `ਚ, ਜਦੋਂ ਤੀਕ ਅਸੀਂ ਇਸ ਤੋਂ ਪਹਿਲਾਂ ਆ ਚੁੱਕੀ ਪਉੜੀ ਨੰ: ਦੋ ਤੇ ਉਸ ਨਾਲ ਸੰਬੰਧਤ ਸਲੋਕਾਂ ਦੀ ਸੰਖੇਪ ਵਿਚਾਰ ਨੂੰ ਫ਼ਿਰ ਤੋਂ ਇਸ ਨਾਲ ਜੋੜ ਕੇ ਨਹੀਂ ਚਲਾਂਗੇ, ਪਉੜੀ ਨੰ: ਤਿੰਨ ਦੇ ਮੂਲ ਅਰਥ ਵੀ ਸਾਡੀ ਸਮਝ `ਚ ਨਹੀਂ ਆਉਣਗੇ।

(ੲ) ਇਹ ਵੀ ਕਿ ਤੀਜੀ ਪਉੜੀ ਵਿਚਲੀ ਸ਼ਬਦਾਵਲੀ ਵੈਦ ਦੇ ਅਰਥ ਵੀ ਮਾਤ੍ਰ ਸਰੀਰਕ ਵੈਦ, ਹਕੀਮ ਜਾਂ ਅਜੋਕੇ ਅਲੋਪੈਥਿਕ ਡਾਕਟਰ ਆਦਿ ਅਤੇ ਰੋਗ ਦੇ ਅਰਥ ਵੀ ਬੁਖ਼ਾਰ, ਪੇਟ ਖ਼ਰਾਬ ਆਦਿ ਸਰੀਰਕ ਰੋਗ ਨਹੀਂ ਹਨ। ਕਿਉਂਕਿ ਇਥੇ ਵਿਸ਼ਾ “ਕਰਕ ਕਲੇਜੇ ਮਾਹਿ” ਭਾਵ ਆਤਮਕ ਰੋਗ ਦਾ ਹੈ। ਇਸ ਲਈ ਉਸਦਾ ਇਲਾਜ ਵੀ ਗੁਰੂ-ਵੈਦ ਅਥਵਾ ਗੁਰੂ-ਡਾਕਟਰ ਕੋਲ ਹੈ, ਕਿਸੇ ਸੰਸਾਰਕ ਡਾਕਟਰ-ਵੈਦ-ਹਕੀਮ ਕੋਲ ਨਹੀਂ। ਇਸ ਸਚਾਈ ਨੂੰ ਸਮਝੇ ਬਿਨਾ, ਤੀਜੀ ਪਉੜੀ ਨਾਲ ਸੰਬੰਧਤ ਸਲੋਕਾਂ ਦੇ, ਮੂਲ ਗੁਰਬਾਣੀ ਅਰਥਾਂ ਵੱਲ, ਕਿਸੇ ਤਰ੍ਹਾਂ ਵੀ ਅੱਗੇ ਨਹੀਂ ਵਧਿਆ ਜਾ ਸਕੇਗਾ।

(ਸ) ਇਹ ਵੀ ਦੇਖ ਆਏ ਹਾਂ ਕਿ ਦੂਜੀ ਪਉੜੀ `ਚ ਗੁਰਦੇਵ ਨੇ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੋਇਆ ਸੀ ਕਿ ਸਮੂਚੀ ਰਚਨਾ ਦਾ ਕਰਤਾ-ਧਰਤਾ ਇਕੋ ਇੱਕ ਅਕਾਲਪੁਰਖ ਹੈ, ਪ੍ਰਚਲਣਾ ਅਨੁਸਾਰ ਬ੍ਰਹਮਾ ਜਾਂ ਕੋਈ ਵੀ ਦੂਜਾ ਕਰਤਾ ਨਹੀਂ। ਇਸ ਦੇ ਨਾਲ ਗੁਰਦੇਵ ਨੇ ਦੂਜੀ ਪਉੜੀ ਨਾਲ ਸੰਬੰਧਤ “ਹੇਕੋ ਪਾਧਰੁ, ਹੇਕੁ ਦਰੁ, ਗੁਰ ਪਉੜੀ ਨਿਜ ਥਾਨੁ॥ ਰੂੜਉ ਠਾਕੁਰੁ ਨਾਨਕਾ, ਸਭਿ ਸੁਖ ਸਾਚਉ ਨਾਮੁ” ਵਾਲੇ ਸਲੋਕ `ਚ ਵੀ ਇਸੇ ਵਿਸ਼ੇ ਨੂੰ ਹਰ ਪੱਖੋਂ ਤੇ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ।

ਉਥੇ ਸਲੋਕ ਦੇ ਅਰਥਾਂ ਸਮੇਂ ਵੀ ਦੇਖ ਆਏ ਹਾਂ ਕਿ ਪਹਿਲਾ, ਹਰੇਕ ਮਨੁੱਖ ਦਾ ਅੰਤਮ ਟਿਕਾਣਾ, ਕੇਵਲ ਤੇ ਕੇਵਲ ਅਕਾਲਪੁਰਖ ਦਾ ਹੀ ਦਰ ਹੈ। ਉਸ ਪ੍ਰਭੂ ਦਾ ਦਰ ਜਿਸਦਾ ਕਿ ਇਹ ਜੀਵ ਅੰਸ਼ ਹੈ। ਦੂਜਾ, ਪ੍ਰਭੂ ਦੀ ਪ੍ਰਾਪਤੀ ਦਾ ਰਾਹ ਵੀ ਕੇਵਲ ਇਕੋ ਇੱਕ ਤੇ ਗੁਰੂ ਪਉੜੀ ਹੀ ਹੈ, ਭਿੰਨ ਭਿੰਨ ਨਹੀਂ। ਤੀਜਾ, ਜੀਵ ਦੀ ਭਟਕਣਾ, ਵਿਛੋੜਾ ਤੇ ਤ੍ਰਿਸ਼ਨਾ ਭੁਖ ਵੀ ਤਦ ਤੀਕ ਸ਼ਾਤ ਨਹੀਂ ਹੁੰਦੀ ਜਦੋਂ ਤੀਕ (ਜਲਦੀ ਭਾਵੇਂ ਦੇਰ) ਜੀਵ, ਸੁਖਾਂ ਦੀ ਖਾਣ ਆਪਣੇ ਅਸਲੇ ਪ੍ਰਭੂ ਚ ਅਭੇਦ ਨਹੀਂ ਹੋ ਜਾਂਦਾ।

(ਹ) ਦੂਜੀ ਪਉੜੀ ਨਾਲ ਸੰਬੰਧਤ ਪਹਿਲੇ ਸਲੋਕ `ਚ ਹੀ ਗੁਰਦੇਵ ਨੇ ਉਸ ਭੇਦ ਨੂੰ ਵੀ ਖੋਲਿਆ ਕਿ, ਜਦੋਂ ਕਰਤਾ ਇੱਕ ਹੈ; ਉਸ ਦੇ ਦਰ ਦੀ ਪ੍ਰਾਪਤੀ ਲਈ ਰਾਹ ਤੇ ਪਉੜੀ ਵੀ ਇਕੋ ਇੱਕ ਸ਼ਬਦ-ਗੁਰੂ ਹੈ। ਤਾਂ ਕੀ ਕਾਰਣ ਹੈ ਕਿ ਮਨੁੱਖ ਦੇ ਗੁਰਮੁਖ ਤੇ ਮਨਮੁਖ ਦੋ ਵਿਰੋਧੀ ਜੀਵਨ ਤਿਆਰ ਹੁੰਦੇ ਹਨ? ਗੁਰਦੇਵ ਨੇ ਉਥੇ ਇਸ ਵਿਸ਼ੇ ਸੰਬੰਧੀ ਵੀ, ਸਲੋਕ `ਚ ਪੂਰੀ ਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ।

ਦੱਸਿਆ ਹੈ, ਜਿਹੜੇ ਜੀਊੜੇ, ਸ਼ਬਦ ਗੁਰੂ ਵਾਲੀ ਪਉੜੀ ਨੂੰ ਵਰਤ ਲੈਂਦੇ ਹਨ ਉਹ ਸੁਖੀ ਤੇ ਅਨਂਦਤ ਜੀਵਨ ਬਤੀਤ ਕਰਦੇ ਹਨ। ਅਜਿਹੇ ਜੀਊੜੇ ਸਰੀਰ ਤਿਆਗਣ ਬਾਅਦ ਵੀ ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ, ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ। ਅਜਿਹੇ ਸਫ਼ਲ ਜੀਵਨ ਜੀਉੜਿਆਂ ਨੂੰ ਹੀ ਉਸ ਸਲੋਕ `ਚ ਗੁਰਮੁਖ ਕਿਹਾ ਹੈ।

ਇਸ ਦੇ ਉਲਟ, ਦੂਜੇ ਜਿਹੜੇ ਸ਼ਬਦ ਗੁਰੂ ਵਾਲੀ ਪਉੜੀ ਨਹੀਂ ਵਰਤਦੇ, ਇਧਰ ਓਦਰ ਭਟਕ ਜਾਂਦੇ ਹਨ। ਉਹ ਜੀਵਨ ਭਰ ਵੀ ਤ੍ਰਿਸ਼ਨਾ ਭੁਖ, ਵਿਕਾਰਾਂ ਆਦਿ ਦਾ ਸ਼ਿਕਾਰ ਰਹਿੰਦੇ ਹਨ। ਅਜਿਹੇ ਮਨਮੁਖ ਜੀਵਨ ਭਰ ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾਂਦੇ ਹਨ। ਮੌਤ ਤੋਂ ਬਾਅਦ ਵੀ ਜੂਨਾਂ-ਜਨਮਾਂ ਦੇ ਲੰਮੇ ਗੇੜ `ਚ ਪਾਏ ਜਾਂਦੇ ਹਨ। ਉਂਜ, ਉਹ ਪ੍ਰਭੂ ਤੋਂ ਵਿਛੜੇ ਵੀ, ਫ਼ਿਰ ਜਦੋਂ ਕਿਸੇ ਮਨੁੱਖਾ ਜਨਮ ਸਮੇਂ, ਸ਼ਬਦ ਗੁਰੂ ਵਾਲੀ ਪਉੜੀ ਵਰਤ ਲੈਂਦੇ ਹਨ ਤਾਂ ਅੰਤ ਉਹ ਵੀ ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ।

(ਕ) ਨਿਰੋਲ ਗੁਰਮੱਤ ਆਧਾਰ `ਤੇ ਅਤੇ ਗੁਰੂ ਦੇ ਨਿਰਮਲ ਭਉ `ਚ ਰਹਿਕੇ ਗਹਿਰਾਈ ਤੋਂ ਵਿਚਾਰਣ ਦਾ ਯਤਨ ਕਰਾਂਗੇ ਤਾਂ ਇਹ ਵੀ ਸਮਝ ਆਉਂਦੇ ਦੇਰ ਨਹੀਂ ਲਗੇਗੀ ਕਿ ਇਸ ਤੀਜੀ ਪਉੜੀ `ਚ ਵੀ ਗੁਰਦੇਵ ਨੇ ਉਸ ਦੂਜੀ ਪਉੜੀ ਵਾਲੇ ਵਿਸ਼ੇ ਨੂੰ ਹੀ ਅੱਗੇ ਟੋਰਿਆ ਹੈ। ਜਿਵੇਂ ਕਿ ਬੇਨਤੀ ਕੀਤੀ ਜਾ ਚੁੱਕੀ ਹੈ, ਪਉੜੀ ਨਾਲ ਸੰਬੰਧਤ ਸਲੋਕਾਂ `ਚ ਵੀ ਵਿਸ਼ਾ ਕਿਸੇ ਸੰਸਾਰਕ ਵੈਦਾਂ-ਡਾਕਟਰਾਂ ਤੇ ਸਾਡੇ ਸਰੀਰਕ ਰੋਗਾਂ ਦਾ ਨਹੀਂ। ਇਸੇ ਤਰ੍ਹਾਂ, ਤੀਜੀ ਪਉੜੀ `ਚ ਵੀ ਬ੍ਰਾਹਮਣ ਮੱਤ ਰਾਹੀਂ ਪ੍ਰਚਲਤ ਬ੍ਰਹਮਾ-ਵਿਸ਼ਨੂ-ਮਹੇਸ਼ ਆਦਿ ਦੀ ਹੋਂਦ ਨੂੰ ਪ੍ਰਵਾਣਗੀ ਨਹੀਂ ਦਿੱਤੀ ਹੋਈ। ਬਲਕਿ ਇਥੇ ਵੀ ਦੂਜੀ ਪਉੜੀ ਵਾਂਗ ਬ੍ਰਹਮਾ ਸੰਬੰਧੀ ਸੰਸਾਰ ਉਤਪੱਤੀ ਵਾਲੇ ਪ੍ਰਚਲਣ ਨੂੰ ਕੱਟਿਆ ਤੇ ਬ੍ਰਹਮਾ ਵਿਸ਼ਨੂ ਮਹੇਸ਼ ਆਦਿ ਨਾਵਾਂ ਨੂੰ ਵਰਤ ਕੇ ਵੀ ਕਰਤਾ ਪ੍ਰਭੂ ਵਾਲੀ ਇਕੋ ਇੱਕ ਹੋਂਦ ਨੂੰ ਹੀ ਪ੍ਰਗਟ ਕੀਤਾ ਹੋਇਆ ਹੈ।

(ਖ) ਅਰੰਭ ਹੋ ਰਹੀ ਪਉੜੀ ਨੰ: ਤਿੰਨ ਦੇ ਦੋਨਾਂ ਸਲੋਕਾਂ ਦੇ ਅਰਥਾਂ ਨੂੰ ਸਮਝਣ ਲਈ ਵੀ ਇਹੀ ਦੋ ਵਿਸ਼ੇ ਵਿਸ਼ੇਸ਼ ਧਿਆਨ ਮੰਗਦੇ ਹਨ। ਪਹਿਲਾ, ਜਿਵੇਂ ਕਈ ਦੂਜੀਆਂ ਵਾਰਾਂ `ਚ ਵੀ ਨਿਯਮ ਹੈ ਕਿ ਪਹਿਲੇ ਆ ਚੁੱਕੇ ਸਲੋਕ ਦਾ ਵਿਸਤਾਰ ਹੀ ਉਸ ਤੋਂ ਬਾਅਦ ਆਉਣ ਵਾਲੇ ਸਲੋਕ `ਚ ਹੁੰਦਾ ਹੈ।

ਇਸੇ ਤਰ੍ਹਾਂ ਇਥੇ ਵੀ ਜਿਵੇਂ ਪਹਿਲੇ ਸਲੋਕ `ਚ ਰੋਗ ਤੇ ਵੈਦ ਲਫ਼ਜ਼ ਕਿਸੇ ਸੰਸਾਰਿਕ ਵੈਦ, ਡਾਕਟਰ ਤੇ ਸਰੀਰਕ ਰੋਗ ਲਈ ਨਹੀਂ ਆਏ ਆਤਮਿਕ ਵੈਦ ਤੇ ਆਤਮਿਕ ਰੋਗ ਲਈ ਹਨ। ਦੂਜੇ ਸਲੋਕ `ਚ ਵੀ ਇਹ ਸ਼ਬਦਾਵਲੀ ਉਨ੍ਹਾਂ ਹੀ ਅਰਥਾਂ `ਚ ਹੈ। ਦੂਜਾ, ਅਗਲੇ ਸਲੋਕ ਦੇ ਅਰਥਾਂ ਨੂੰ ਸਮਝਣ ਲਈ ਵੀ ਪਹਿਲੇ ਸਲੋਕ ਦੇ ਮੂਲ ਵਿਸ਼ੇ “ਕਰਕ ਕਲੇਜੇ ਮਾਹਿ” ਨੂੰ ਨਾਲ ਲੈ ਕੇ ਚਲਣਾ ਹੈ, ਕਿਉਂਕਿ ਉਸ ਤੋਂ ਬਿਨਾ ਦੂਜੇ ਸਲੋਕ ਦੇ ਅਰਥ ਸਪਸ਼ਟ ਨਹੀਂ ਹੋਣਗੇ। ਤਾਂ ਤੇ, ਤੀਜੀ ਪਉੜੀ ਤੇ ਉਸ ਦੇ ਅਰਥ:-

ਸਲੋਕ ਮਃ ੧॥ ਵੈਦੁ ਬੁਲਾਇਆ ਵੈਦਗੀ ਪਕੜਿ ਢੰਢੋਲੇ ਬਾਂਹ॥ ਭੋਲਾ ਵੈਦੁ ਨ ਜਾਣਈ ਕਰਕ ਕਲੇਜੇ ਮਾਹਿ”॥ ੧॥ (ਪੰ: ੧੨੭੯) “

ਪਦ ਅਰਥ: — ਕਰਕ—ਪੀੜ, (ਪ੍ਰਭੂ ਤੋਂ ਵਿਛੋੜੇ ਦਾ) ਦੁੱਖ। ਵੈਦਗੀ— (ਮਰੀਜ਼ ਨੂੰ) ਦਵਾਈ ਦੇਣ ਲਈ। ਭੋਲਾ ਵੈਦੁ— ਆਤਮਕ ਦਰਦ ਭਾਵ ਪ੍ਰਭੂ ਤੋਂ ਵਿਛੋੜੇ ਵਾਲੇ ਆਤਮਕ ਦਰਦ ਤੋਂ ਅਣਜਾਣ ਕੁਵਲ ਸੰਸਾਰਕ ਵੈਦ। ਕਰਕ ਕਲੇਜੇ ਮਾਹਿ — ਇਹ ਦਰਦ ਸਰੀਰਕ ਦਰਦ ਨਹੀਂ ਬਲਕਿ ਇਹ ਪੀੜਾ ਤਾਂ ਪ੍ਰਭੂ ਵਿਯੌਗ ਸੰਬੰਧੀ ਆਤਮਕ ਵੈਰਾਗ ਦੀ ਹੈ।

ਅਰਥ: — (ਸੰਸਾਰਕ ਤਲ `ਤੇ) (ਮਰੀਜ਼) ਨੂੰ ਦਵਾਈ ਦੇਣ ਲਈ ਹੀ ਕਿਸੇ ਹਕੀਮ ਨੂੰ ਸੱਦਿਆ ਜਾਂਦਾ ਹੈ। ਇਸ ਤਰ੍ਹਾਂ (ਸੰਸਾਰਕ) ਵੈਦ ਵੀ ਆ ਕੇ (ਉਸ ਮਰੀਜ਼ ਦੀ) ਬਾਂਹ ਨੂੰ ਫੜ ਕੇ ਉਸਦੀ (ਨਾੜੀ) ਨੂੰ ਟਟੋਲਦਾ (ਤੇ ਉਸਦੇ ਸਰੀਰ ਅੰਦਰੋਂ ਮਰਜ਼ ਨੂੰ ਢੂੰਡਣ ਦਾ ਜਤਨ ਕਰਦਾ ਹੈ)।

ਇਸ `ਤੇ ਗੁਰਦੇਵ ਸਪਸ਼ਟ ਕਰਦੇ ਹਨ ਕਿ ਪ੍ਰਭੂ ਵਿਯੋਗ ਵਾਲੇ ਆਤਮਕ ਰੋਗ ਤੋਂ ਅਣਜਾਣ ਇਹ ਸੰਸਾਰਕ ਵੈਦ, ਪ੍ਰਭੂ ਬਿਰਹਾ ਵਾਲੀ ਪੀੜ ਬਾਰੇ ਮੂਲੋਂ ਅਨਜਾਣ ਹੁੰਦੇ ਹਨ। ਉਹ ਸੰਸਾਰਕ ਵੈਦ ਤਾਂ ਇਹ ਵੀ ਨਹੀਂ ਜਾਣਦੇ ਕਿ ਇਹ ਆਤਮਕ ਤੇ ਪ੍ਰਭੂ ਵਿਯੋਗ ਵਾਲੀ ਪੀੜਾ ਤਾਂ ਬਿਰਹੀ ਬੰਦਿਆਂ ਦੇ ਦਿਲ `ਚ ਹੁੰਦੀ ਹੈ (ਨਾ ਕਿ ਸਰੀਰਾਂ `ਚ)। ੧।

ਮਃ ੨॥ ਵੈਦਾ ਵੈਦੁ ਸੁਵੈਦੁ ਤੂ, ਪਹਿਲਾਂ ਰੋਗੁ ਪਛਾਣੁ॥ ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ॥ ਜਿਤੁ ਦਾਰੂ ਰੋਗ ਉਠਿਅਹਿ, ਤਨਿ ਸੁਖੁ ਵਸੈ ਆਇ॥ ਰੋਗੁ ਗਵਾਇਹਿ ਆਪਣਾ, ਤ ਨਾਨਕ ਵੈਦੁ ਸਦਾਇ॥ ੨॥ (ਪੰਨਾ ੧੨੭੯)

ਪਦ ਅਰਥ: — ਵੰਞੈ—ਦੂਰ ਹੋ ਜਾਏ। ਰੋਗਾ ਘਾਣਿ—ਰੋਗਾਂ ਦੀ ਘਾਣੀ, ਰੋਗਾਂ ਦਾ ਢੇਰ, ਰੋਗਾਂ ਦਾ ਸਮੂਹ। ਜਿਤੁ ਦਾਰੂ—ਜਿਸ ਦਵਾਈ ਨਾਲ। ਉਠਿਅਹਿ—ਉਡਾਏ ਜਾ ਸਕਣ, ਮੁਕਾਏ ਜਾ ਸਕਣ, ਖ਼ਤਮ ਹੋ ਜਾਣ, ਜੀਵਨ ਅਨੰਦਤ ਹੋ ਜਾਏ। ਤਨਿ—ਸਰੀਰ `ਚ। ਆਇ—ਆ ਕੇ। ਗਵਾਇਹਿ—ਜੇ ਤੂੰ ਦੂਰ ਕਰ ਲਏਂ।

ਅਰਥ: — ਤਾਂ ਤੇ (ਹੇ ਭਾਈ)! ਪਹਿਲਾਂ ਤੂੰ (ਆਪਣਾ ਆਤਮਕ) ਰੋਗ ਲੱਭ (ਤੇ ਉਸ ਰੋਗ ਲਈ) ਅਜਿਹੀ ਦਵਾਈ ਢੂੰਡ, ਜਿਸ ਦਵਾਈ ਨਾਲ ਤੇਰੇ ਸਾਰੇ (ਆਤਮਕ) ਰੋਗ ਦੂਰ ਹੋ ਜਾਣ। ਇਸ ਤਰ੍ਹਾਂ ਜਿਸ ਦਵਾਈ ਨਾਲ (ਤੇਰੇ ਸਾਰੇ) ਆਤਮਕ ਰੋਗ ਮੁੱਕ ਜਾਣ ਤੇ ਸਰੀਰ `ਚ ਸੁਖ ਆ ਵੱਸੇ (ਜੀਵਨ ਅਨੰਦਤ ਹੋ ਜਾਵੇ)। ਹੇ ਭਾਈ! ਤਾਂ ਹੀ ਤੂੰ ਹਕੀਮਾਂ ਦਾ ਹਕੀਮ ਭਾਵ ਸਭ ਤੋਂ ਵਧੀਆ ਹਕੀਮ ਹੈਂ; ਤੂੰ ਤਾਂ ਹੀ ਸਿਆਣਾ ਵੈਦ ਅਖਵਾ ਸਕਦਾ ਹੈਂ।

ਗੁਰੂ ਨਾਨਕ ਪਾਤਸ਼ਾਹ ਫ਼ੁਰਮਾਉਂਦੇ ਹਨ ਤਾਂ ਤੇ ਭਾਈ! ਜੇ ਤੂੰ (ਪਹਿਲਾਂ) ਆਪਣਾ (ਆਤਮਕ) ਰੋਗ ਦੂਰ ਕਰ ਲਏਂ ਤਾਂ ਤੂੰ ਆਪਣੇ ਆਪ ਨੂੰ ਹਕੀਮ ਅਖਵਾ ਅਥਵਾ ਅਖਵਾਉਣ ਦਾ ਹੱਕ ਰਖਦਾ ਹੈਂ।

ਗੁਰਮੱਤ ਵਿਚਾਰ ਦਰਸ਼ਨ- ਸਰਬ ਰੋਗ ਕਾ ਅਉਖਦੁ ਨਾਮੁ” (ਪੰ: ੨੭੪) -ਜਿਉਂ ਜਿਉਂ ਇਸ ਪੱਖੋਂ ਗੁਰਬਾਣੀ ਦੀ ਗਹਿਰਾਈ `ਚ ਜਾਵੋ, ਸਮਝ ਆਉਂਦੇ ਦੇਰ ਨਹੀਂ ਲਗਦੀ ਕਿ ਗੁਰਬਾਣੀ `ਚ ਸਰੀਰਕ ਬਿਮਾਰੀਆਂ ਨੂੰ ਵੱਡਾ ਮਹੱਤਵ ਨਹੀਂ ਦਿੱਤਾ ਗਿਆ। ਉਥੇ ਮਹੱਤਵ ਦਿੱਤਾ ਗਿਆ ਹੈ ਤਾਂ ਸ਼ਬਦ ਗੁਰੂ ਦੀ ਕਮਾਈ ਰਾਹੀਂ ਆਤਮਕ ਜੀਵਨ ਦੀ ਸੰਭਾਲ ਵੱਲ। ਗੁਰਬਾਣੀ ਅਨੁਸਾਰ ਜੇਕਰ ਮਨੁੱਖ ਦਾ ਆਤਮਕ ਪਧਰ ਉੱਚਾ ਹੋ ਜਾਂਦਾ ਹੈ। ਜੇਕਰ ਮਨੁੱਖ ਦਾ ਜੀਵਨ ਆਤਮਕ ਪੱਖੋਂ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਜਾਂਦਾ ਹੈ ਤਾਂ ਉਸ ਦੇ ਸਰੀਰ ਅੰਦਰੋਂ ੯੯% ਸਰੀਰਕ ਬਿਮਾਰੀਆਂ ਆਪਣੇ ਆਪ ਹੀ ਖ਼ਤਮ ਹੋ ਜਾਂਦੀਆਂ ਹਨ। ਆਤਮਕ ਪੱਖੋਂ ਉੱਚੇ ਜੀਵਨ ਵਾਲਾ ਮਨੁੱਖ, ਗੁਰਮੁਖ ਜੀਵਨ ਵੱਲ ਵਧਦਾ ਹੈ। ਇਸਦੇ ਉਲਟ, ਆਤਮਕ ਪੱਖੋਂ ਮੁਰਦਾ ਮਨੁੱਖ ਹੀ ਮਨਮੁਖਤਾ ਭਰਪੂਰ ਜੀਵਨ ਵੱਲ ਵਧਦਾ ਹੈ।

ਇਸ ਤਰ੍ਹਾਂ “ਮਨਮੁਖੁ ਰੋਗੀ ਹੈ ਸੰਸਾਰਾ॥ ਸੁਖਦਾਤਾ ਵਿਸਰਿਆ ਅਗਮ ਅਪਾਰਾ॥ ਦੁਖੀਏ ਨਿਤਿ ਫਿਰਹਿ ਬਿਲਲਾਦੇ, ਬਿਨੁ ਗੁਰ ਸਾਂਤਿ ਨ ਪਾਵਣਿਆ” (ਪੰ: ੧੧੮) ਮਨਮੁਖੀ ਜੀਵਨ `ਤੇ ਹੀ ਵਿਕਾਰ ਭਾਰੂ ਹੁੰਦੇ ਹਨ। ਅਗਿਆਨਤਾ ਦੇ ਘੁੱਪ ਹਨੇਰੇ `ਚ ਠੋਕਰਾਂ ਖਾ ਰਿਹਾ ਮਨਮੁੱਖ ਹਰ ਸਮੇਂ ਚਿੰਤਾਂਵਾਂ, ਭਟਕਣਾ, ਤ੍ਰਿਸ਼ਨਾ ਆਦਿ ਦੀਆਂ ਭੁਖਾਂ ਦਾ ਸ਼ਿਕਾਰ ਰਹਿੰਦਾ ਹੈ। ਇਥੋਂ ਹੀ ਉਸ ਦੇ ਜੀਵਨ ਦਾ ਗੁਣਾਹਾਂ, ਜੁਰਮਾਂ ਆਦਿ ਵਾਲੇ ਪਾਸੇ ਵਧਣ ਦਾ ਅੰਦੇਸ਼ਾ ਹੁੰਦਾ ਹੈ। ਦੂਜੇ, ਇਥੋਂ ਹੀ ਵਧਦਾ ਹੈ ਮਨਮੁਖ ਦੇ ਜੀਵਨ ਅੰਦਰ ਮਾਨਸਿਕ ਤਨਾਵ। ਇਥੋਂ ਹੀ ਉਸ ਦਾ ਰਕਤ ਚਾਪ (Blood Pressure) ਵਿਗੜਦਾ ਹੈ ਤੇ ਉਸ ਦੇ ਸਰੀਰ ਅੰਦਰ ਹਿਰਦੇ ਰੋਗ ਆਦਿ ਆਪਣੀ ਜਗ੍ਹਾਂ ਬਣਾਂਦੇ ਹਨ।

ਬੱਸ ਇਥੋਂ ਅਰੰਭ ਹੁੰਦੇ ਹਨ ਮਨੁੱਖਾ ਸਰੀਰ ਦੇ ੯੯% ਰੋਗ। ਹੋਰ ਤਾਂ ਹੋਰ, ਮਾਨਸਿਕ ਤਨਾਵ ਦਾ ਨਤੀਜਾ ਹੀ ਹੁੰਦੀਆਂ ਹਨ ਅਨੇਕਾਂ ਦੁਰਘਟਣਾਵਾਂ, ਲੜਾਈਆਂ-ਝਗੜੇ, ਕੋਰਟ-ਕਚਿਹਰੀਆਂ, ਜੀਵਨ ਦੀਆਂ ਦੁਸ਼ਵਾਰੀਆਂ ਤੇ ਖੁਆਰੀਆਂ। ਉਪ੍ਰੰਤ ਇਨ੍ਹਾਂ ਸਾਰਿਆਂ ਦਾ ਤੋੜ ਹੈ “ਹਰਿ ਸਿਮਰਤ ਤਨੁ ਮਨੁ ਹਰਿਆ, ਲਹਿ ਜਾਹਿ ਵਿਜੋਗ॥ ਸਾਧਸੰਗਿ ਹਰਿ ਗੁਣ ਰਮਹੁ, ਬਿਨਸੇ ਸਭਿ ਰੋਗ” (ਪੰ: ੭੦੬) ਭਾਵ ਸਾਧਸੰਗਤ, ਸ਼ਬਦ-ਗੁਰੂ ਦੀ ਕਮਾਈ ਤੋਂ ਜੇ ਕਰਤਾ ਬਖ਼ਸ਼ਿਸ਼ ਕਰ ਦੇਵੇ ਤਾਂ ਗੁਰਮੁਖ ਜੀਵਨ ਦਾ ਅਰੰਭ।

“ਸੰਸਾਰੁ ਰੋਗੀ ਨਾਮੁ ਦਾਰੂ” -ਸਮਝਣ ਦਾ ਵਿਸ਼ਾ ਹੈ ਕਿ ਉਪ੍ਰੋਕਤ ਦੋਨਾਂ ਸਲੋਕਾਂ `ਚ ਜਿਸ ਰੋਗ ਨੂੰ ਗੁਰਦੇਵ ਨੇ ਬਿਆਣਿਆ ਹੈ ਉਹ ਹੈ ਪ੍ਰਭੂ ਦੇ ਵੈਰਾਗ ਦਾ ਰੋਗ। ਜਦਕਿ ਸੰਸਾਰ ਤਲ `ਤੇ ਜਿਤਨੇ ਵੀ ਸਰੀਰਕ ਰੋਗ ਹੁੰਦੇ ਹਨ, ਗੁਰਬਾਣੀ ਅਨੁਸਾਰ ਉਨ੍ਹਾਂ ਦਾ ਮੂਲ, ਮਨੁੱਖ ਅੰਦਰ ਹਊਮੈ ਰੋਗ ਹੀ ਹੁੰਦਾ ਹੈ। ਮਨੁੱਖਾ ਜੀਵਨ ਅੰਦਰ ਇਹ ਹਉਮੈ ਰੋਗ ਹੀ ਹੁੰਦਾ ਹੈ ਜਿਥੋਂ ਜੀਵ ਲਈ ਪ੍ਰਭੂ ਤੋਂ ਵਿਛੋੜੇ ਦਾ ਆਰੰਭ ਹੁੰਦਾ ਹੈ ਤੇ ਜੀਵਨ ਅੰਦਰ ਮਨਮੁਖਤਾ ਦਾ ਜਨਮ। ਇਸ ਲਈ ਸੈਂਕੜੇ ਗੁਰਫ਼ੁਰਮਾਨਾਂ ਰਾਹੀਂ ਗੁਰਬਾਣੀ `ਚ ਇਸ ਨੂੰ ਸਪਸ਼ਟ ਵੀ ਕੀਤਾ ਹੋਇਆ ਹੈ। ਤਾਂ ਤੇ ਮਿਸਾਲ ਵੱਜੋਂ ਕੁੱਝ ਗੁਰ ਫ਼ੁਰਮਾਨ:-

“ਤ੍ਰਿਸਨਾ ਅਹਿਨਿਸਿ ਅਗਲੀ, ਹਉਮੈ ਰੋਗੁ ਵਿਕਾਰੁ” (ਪੰ: ੨੦)

“ਬਿਨੁ ਗੁਰ ਰੋਗੁ ਨ ਤੁਟਈ, ਹਉਮੈ ਪੀੜ ਨ ਜਾਇ॥ ਗੁਰ ਪਰਸਾਦੀ ਮਨਿ ਵਸੈ, ਨਾਮੇ ਰਹੈ ਸਮਾਇ॥ ਗੁਰ ਸਬਦੀ ਹਰਿ ਪਾਈਐ, ਬਿਨੁ ਸਬਦੈ ਭਰਮਿ ਭੁਲਾਇ” (ਪੰ: ੩੬)

“ਹਉਮੈ ਰੋਗੁ ਭ੍ਰਮੁ ਕਟੀਐ ਨਾ ਆਵੈ ਨਾ ਜਾਗੁ” (ਪੰ: ੪੭)

“ਹਉਮੈ ਰੋਗੁ ਗਵਾਈਐ, ਸਬਦਿ ਸਚੈ ਸਚੁ ਭਾਖੁ” (ਪੰ: ੬੨)

“ਅਰਧ ਸਰੀਰੁ ਕਟਾਈਐ, ਸਿਰਿ ਕਰਵਤੁ ਧਰਾਇ॥ ਤਨੁ ਹੈਮੰਚਲਿ ਗਾਲੀਐ, ਭੀ ਮਨ ਤੇ ਰੋਗੁ ਨ ਜਾਇ॥ ਹਰਿ ਨਾਮੈ ਤੁਲਿ ਨ ਪੁਜਈ, ਸਭ ਡਿਠੀ ਠੋਕਿ ਵਜਾਇ” (ਪੰ: ੬੨)

“ਹਉਮੈ ਰੋਗੁ ਗਇਆ ਦੁਖੁ ਲਾਥਾ, ਆਪੁ ਆਪੈ ਗੁਰਮਤਿ ਖਾਧਾ” (ਪੰ: ੭੮)

“ਪਰਮੇਸਰ ਤੇ ਭੁਲਿਆਂ, ਵਿਆਪਨਿ ਸਭੇ ਰੋਗ” (ਪੰ: ੧੩੫)

“ਹਮ ਅਹੰਕਾਰੀ ਅਹੰਕਾਰ ਅਗਿਆਨ ਮਤਿ, ਗੁਰਿ ਮਿਲਿਐ ਆਪੁ ਗਵਾਇਆ॥ ਹਉਮੈ ਰੋਗੁ ਗਇਆ ਸੁਖੁ ਪਾਇਆ, ਧਨੁ ਧੰਨੁ ਗੁਰੂ ਹਰਿ ਰਾਇਆ” (ਪੰ: ੧੭੨)

“ਹਰਿ ਬਿਸਰਿਐ ਦੁਖ ਰੋਗ ਘਨੇਰੇ॥ ਪ੍ਰਭ ਸੇਵਾ ਜਮੁ ਲਗੈ ਨ ਨੇਰੇ” (ਪੰ: ੧੯੭)

“ਸੰਸਾਰੁ ਰੋਗੀ ਨਾਮੁ ਦਾਰੂ, ਮੈਲੁ ਲਾਗੈ ਸਚ ਬਿਨਾ” (ਪੰ: ੬੮੭) ਅਤੇ

“ਜੀਇ ਸਮਾਲੀ, ਤਾ ਸਭੁ ਦੁਖੁ ਲਥਾ॥ ਚਿੰਤਾ ਰੋਗੁ ਗਈ ਹਉ ਪੀੜਾ, ਆਪਿ ਕਰੇ ਪ੍ਰਤਿਪਾਲਾ ਜੀਉ” (ਪੰ: ੯੯) ਅਤੇ ਇਸ ਸੰਬੰਧ `ਚ ਗੁਰਬਾਣੀ `ਚੋਂ ਹੋਰ ਵੀ ਬੇਅੰਤ ਫ਼ੁਰਮਾਨ ਲਏ ਜਾ ਸਕਦੇ ਹਨ।

ਪਉੜੀ॥ ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ॥ ਬ੍ਰਹਮੇ ਦਿਤੇ ਬੇਦ ਪੂਜਾ ਲਾਇਆ॥ ਦਸ ਅਵਤਾਰੀ ਰਾਮੁ ਰਾਜਾ ਆਇਆ॥ ਦੈਤਾ ਮਾਰੇ ਧਾਇ ਹੁਕਮਿ ਸਬਾਇਆ॥” ਈਸ ਮਹੇਸੁਰੁ ਸੇਵ ਤਿਨੀੑ ਅੰਤੁ ਨ ਪਾਇਆ॥ ਸਚੀ ਕੀਮਤਿ ਪਾਇ ਤਖਤੁ ਰਚਾਇਆ॥ ਦੁਨੀਆ ਧੰਧੈ ਲਾਇ ਆਪੁ ਛਪਾਇਆ॥ ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ॥ ੩॥ (ਪੰ: ੧੨੭੯)

ਪਦ ਅਰਥ: — ਦੇਵ- ਦੇਵਤੇ (ਮੰਨੇ ਜਾਂਦੇ ਮੁੱਖ ਤਿੰਨ ਦੇਵਤੇ)। ਬ੍ਰਹਮਾ ਬਿਸਨੁ ਮਹੇਸੁ ਦੇਵ— ਮੰਨੇ ਜਾਂਦੇ ਤਿੰਨ ਮੁੱਖ ਦੇਵਤੇ-ਬ੍ਰਹਮਾ, ਵਿਸ਼ਨੂ, ਸ਼ਿਵਜੀ (ਮਹੇਸ਼)। ਉਪਾਇਆ—ਉਪਾਏ, ਬਣਾਏ, ਪੈਦਾ ਕੀਤੇ। ਬ੍ਰਹਮੇ ਦਿਤੇ ਬੇਦ—ਬ੍ਰਹਮਾ ਨੂੰ ਵੇਦਾਂ ਦਾ ਕਰਤਾ ਬਣਾਇਆ। ਦਸ ਅਵਤਾਰੀ—ਬ੍ਰਾਹਮਣ ਮੱਤ ਅਨੁਸਾਰ ਵਿਸ਼ਨੂ ਦੇ ਦਸ ਅਵਤਾਰ ਮੰਨੇ ਜਾਂਦੇ ਹਨ। ਰਾਜਾ ਰਾਮ ਤੇ ਕ੍ਰਿਸ਼ਨ ਵੀ ਉਨ੍ਹਾਂ ਹੀ ਦਸ ਅਵਤਾਰਾ `ਚੋਂ ਹਨ ਜਦਕਿ ਬਾਕੀ ਅੱਠ ਅਵਤਾਰ ਹਨ ਵਰਾਹ, ਨਰਸਿੰਘ, ਵਾਮਨ, ਪਰਸ ਰਾਮ, ਮੱਛ, ਕੱਛ, ਬੌਧ, ਤੇ ਕਲਕੀ। ਹੁਕਮਿ—ਹੁਕਮ `ਚਈਸ—ਸ਼ਿਵ। ਈਸ ਮਹੇਸੁਰ—ਸ਼ਿਵਜੀ ਦੇ ੧੧ ਰੁੱਦ੍ਰ ਅਵਤਾਰ। ਤਿਨੀੑ—ਉਨ੍ਹਾਂ (ਸ਼ਿਵਜੀ ਦੇ ਉਨ੍ਹਾਂ ੧੧ ਰੁਦ੍ਰ ਅਵਤਾਰਾਂ ਨੇ)। ਧਰਮੁ- ਅਕਾਲਪੁਰਖ ਦਾ ਸੱਚ ਨਿਆਂ, ਜਿਵੇਂ “ਧੌਲੁ ਧਰਮੁ ਦਇਆ ਕਾ ਪੂਤੁ” ਅਤੇ “ਵਾਚੈ ਧਰਮੁ ਹਦੂਰਿ” (ਬਾਣੀ ਜਪੁ) (ਇਥੇ ਧਰਮੁ ਦਾ ਪ੍ਰਚਲਤ ਧਰਮ ਰਾਜ ਨਹੀਂ ਬਲਕਿ ਕਰਤੇ ਪ੍ਰਭੂ ਦਾ ਸੱਚ ਨਿਆਂ ਰੂਪ ਧਰਮ)।

ਅਰਥ: — “ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ” -ਅਕਾਲਪੁਰਖ ਨੇ ਆਪ ਹੀ ਬ੍ਰਹਮਾ ਵਿਸ਼ਨੂ ਤੇ ਸ਼ਿਵ, ਇਹ ਤਿੰਨ ਦੇਵਤੇ ਪੈਦਾ ਕੀਤੇ।

“ਬ੍ਰਹਮੇ ਦਿਤੇ ਬੇਦ ਪੂਜਾ ਲਾਇਆ” - (ਪ੍ਰਭੂ ਨੇ ਇਨ੍ਹਾਂ ਤਿੰਨਾ `ਚੋਂ) ਬ੍ਰਹਮਾ ਨੂੰ ਵੇਦਾਂ ਦਾ ਕਰਤਾ ਬਣਾ ਦਿੱਤਾ ਤੇ ਲੋਕਾਂ ਨੂੰ ਇਨ੍ਹਾਂ ਵੇਦਾਂ ਰਾਹੀਂ ਦੱਸੀ ਹੋਈ ਪੂਜਾ `ਚ ਲਗਾ ਦਿੱਤਾ।

“ਦਸ ਅਵਤਾਰੀ ਰਾਮੁ ਰਾਜਾ ਆਇਆ” - (ਵਿਸ਼ਨੂ) ਆਪਣੇ ਦਸ ਅਵਤਾਰਾਂ ਚੋਂ ਰਾਜਾ ਰਾਮ ਆਦਿ ਰੂਪ ਧਾਰਦਾ ਰਿਹਾ।

“ਦੈਤਾ ਮਾਰੇ ਧਾਇ ਹੁਕਮਿ ਸਬਾਇਆ” - ਇਹ ਅਵਤਾਰ ਹਮਲੇ ਕਰ ਕਰ ਕੇ ਦੈਤਾਂ ਨੂੰ ਮਾਰਦੇ ਰਹੇ (ਪਰ ਹੇ ਪ੍ਰਭੂ! ਇਹ ਸਾਰੇ ਅਵਤਾਰ ਵੀ ਤੇਰੇ ਹੀ ਹੁਕਮ `ਚ ਹੋਏ ਭਾਵ ਇਨ੍ਹਾਂ ਦਸ ਅਵਤਾਰਾਂ ਦੀ ਵੀ ਆਪਣੇ ਆਪ `ਚ ਕੋਈ ਵਿਸ਼ੇਸ਼ ਹਸਤੀ ਨਹੀਂ ਸਨ, ਕੇਵਲ ਤੇਰੇ ਹੁਕਮ ਦੀ ਹੀ ਖੇਡ ਸਨ।

“ਈਸ ਮਹੇਸੁਰੁ ਸੇਵ ਤਿਨੀੑ ਅੰਤੁ ਨ ਪਾਇਆ” -ਸ਼ਿਵ ਦੇ ੧੧ ਰੁੱਦ੍ਰ ਅਵਤਾਰਾਂ ਨੇ ਵੀ ਸੇਵਾ ਕੀਤੀ ਭਾਵ, ਤਪ ਸਾਧੇ, ਪਰ ਉਹ ਵੀ ਪ੍ਰਭੂ ਦਾ ਅੰਤ ਨ ਪਾ ਸਕੇ।

“ਸਚੀ ਕੀਮਤਿ ਪਾਇ ਤਖਤੁ ਰਚਾਇਆ” - ਪ੍ਰਭੂ ਨੇ ਸਦਾ ਅਟੱਲ ਰਹਿਣ ਵਾਲੇ ਵਾਲੀ ਆਪਣੀ ਸੱਤਿਆ ਦਾ ਹੀ ਪ੍ਰਗਟਾਵਾ ਮਾਨੋ ਇਸ ਸੰਸਾਰ ਨੂੰ ਹੀ ਆਪਣਾ ਤਖ਼ਤ ਬਣਾਇਆ ਹੋਇਆ ਹੈ; ਭਾਵ ਇਹ ਸਮੁਚੀ ਰਚਨਾ, ਕਰਤੇ ਅਕਾਲਪੁਰਖ ਦਾ ਹੀ ਸਰਗੁਣ ਸਰੂਪ ਹੈ ਤੇ ਪ੍ਰਭੂ ਆਪ ਹੀ ਇਸ `ਚ ਵਿਆਪਕ ਵੀ ਹੈ। (ਜਿਵੇਂ “ਸਚੈ ਤਖਤੁ ਰਚਾਇਆ ਬੈਸਣ ਕਉ ਜਾਂਈ॥ ਸਭੁ ਕਿਛੁ ਆਪੇ ਆਪਿ ਹੈ ਗੁਰ ਸਬਦਿ ਸੁਣਾਈ…”।

“ਦੁਨੀਆ ਧੰਧੈ ਲਾਇ ਆਪੁ ਛਪਾਇਆ” - ਸਮੂਚੀ ਰਚਨਾ `ਚ ਪ੍ਰਭੂ ਨੇ ਸੰਸਾਰ ਦੇ ਜੀਵਾਂ ਨੂੰ ਧੰਧਿਆਂ `ਚ ਲਗਾ ਕੇ ਆਪਣੇ ਆਪ ਨੂੰ (ਉਨ੍ਹਾਂ `ਚ) ਲੁਕਾ ਰੱਖਿਆ ਹੈ। ਜਿਵੇਂ “ਆਪਿ ਅਲਿਪਤੁ ਸਦਾ ਰਹੈ, ਹੋਰਿ ਧੰਧੈ ਸਭਿ ਧਾਵਹਿ॥ ਆਪਿ ਨਿਹਚਲੁ ਅਚਲੁ ਹੈ ਹੋਰਿ ਆਵਹਿ ਜਾਵਹਿ” (ਪੰ: ੯੫੦)

“ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ” - ਇਹ ਸਭ ਵੀ ਧੁਰੋਂ ਪ੍ਰਭੂ ਦੇ ਸੱਚ ਨਿਆਂ `ਚ ਹੀ ਸਾਰੇ ਕੰਮ ਹੋ ਰਹੇ ਹਨ ਜਿਵੇਂ “ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ” (ਪੰ: ੫੮੦)। ੩।

ਗੁਰਮੱਤ ਵਿਚਾਰ ਦਰਸ਼ਨ- ਇੰਨ ਬਿੰਨ ਉਸੇ ਆਧਾਰ `ਤੇ ਜਿਵੇਂ ਇਸ ਤੋਂ ਪਹਿਲੀ ਪਉੜੀ ਵਿਚਲੇ ਪ੍ਰਚਲਣ ਬ੍ਰਹਮਾ ਕਿਸੇ ਕੰਵਲ ਤੋਂ ਪੈਦਾ ਹੋਇਆ ਤੇ ਨਾਲ ਨਾਲ ਇਹ ਵੀ ਕਿ ਬ੍ਰਹਮਾ ਸੰਸਾਰ ਦੀ ਉਤਪੱਤੀ ਕਰਦਾ ਹੈ। ਗੁਰਦੇਵ ਨੇ ਬੜੀ ਦਲੀਲ ਨਾਲ ਉਥੇ ਉਸ ਪ੍ਰਚਲਣ ਨੂੰ ਕੱਟਿਆ ਤੇ ਸਪਸ਼ਟ ਕੀਤਾ ਸੀ ਕਿ ਕਰਤਾ ਸਦਾ ਥਿਰ ਹੈ ਅਤੇ ਸੰਸਾਰ ਦਾ ਕਰਤਾ-ਧਰਤਾ-ਪਾਲਣਹਾਰਾ ਉਸ ਪ੍ਰਭੂ ਤੋਂ ਬਿਨਾ ਹੋਰ ਦੂਜਾ ਕੋਈ ਨਹੀਂ। ਬਲਕਿ ਜਦੋਂ ਇਹ ਰਚਨਾ ਮੌਜੂਦ ਹੀ ਨਹੀਂ ਸੀ ਤਾਂ ਵੀ ਅਕਾਲਪੁਰਖ ਦੀ ਹੋਂਦ ਹੈ ਸੀ ਅਤੇ ਜੇਕਰ ਜਦੋਂ ਇਹ ਰਚਨਾ ਨਹੀਂ ਹੋਵੇਗੀ ਤਾਂ ਵੀ ਪ੍ਰਭੂ ਹੋਵੇਗਾ ਕਿਉਂਕਿ ਉਹ ਸਦੀਵੀ ਤੇ ਸਦੀਵੀ ਹੋਂਦ ਵਾਲਾ ਹੈ।

ਇਸ ਤੋਂ ਇਲਾਵਾ ਜਿਵੇਂ ਬਾਣੀ ਜਪੁ ਦੀ ਪਉੜੀ ਨੰ: ੨੭ “…. . ਗਾਵਹਿ ਤੁਹਨੋ ਪਉਣੁ ਪਾਣੀ ਬੈਸੰਤਰੁ. .” ਜਿਹੜੀ ਕਿ ਅਸਾ ਰਾਗ ਤੇ ਬਾਣੀ ਸੋਦਰੁ `ਚ ਵੀ ਕੁਲ ਮਿਲਾ ਕੇ ਆਪਣੇ ਤਿੰਨ ਰੂਪਾਂ `ਚ ਆਈ ਹੈ। ਉਸ `ਚ ਗੁਰਦੇਵ ਨੇ ਸਪਸ਼ਟ ਕੀਤਾ ਹੈ ਕਿ ਪ੍ਰਭੂ ਦੀ ਰਚਨਾ ਦਾ ਹਰੇਕ ਅੰਗ ਪ੍ਰਭੂ ਦੇ ਗੁਣਾਂ ਦਾ ਹੀ ਗਾਇਣ ਕਰ ਰਿਹਾ ਹੈ ਭਾਵ ਕਰਤੇ ਦੀ ਹੋਂਦ ਦਾ ਹੀ ਪ੍ਰਗਟਾਵਾ ਹੈ। ਇਸੇ ਤਰ੍ਹਾਂ ਇਥੇ ਪਉੜੀ ਨੰ: ਤਿੰਨ “ਬ੍ਰਹਮਾ ਬਿਸਨੁ ਮਹੇਸੁ ਦੇਵ ਉਪਾਇਆ” `ਚ ਵੀ ਇਸੇ ਇਲਾਹੀ ਸੱਚ ਨੂੰ ਪ੍ਰਗਟ ਕੀਤਾ ਹੈ।

ਫ਼ੁਰਮਾਇਆ ਹੈ, ਐ ਭਾਈ! ਤੁਸੀਂ ਤੇ ਤੁਹਾਨੂੰ ਦਿੱਤੇ ਗਏ ਵਿਸ਼ਵਾਸਾਂ ਅਨੁਸਾਰ, ਤੁਸੀਂ ਭਾਵੇਂ ਕਿਸੇ ਨੂੰ ਕੁੱਝ ਵੀ ਕਿਉਂ ਨਾ ਮੰਨਦੇ ਹੋਵੋ, ਸੱਚ ਇਹ ਹੈ ਕਿ “ਈਸ ਮਹੇਸੁਰੁ ਸੇਵ ਤਿਨੀੑ ਅੰਤੁ ਨ ਪਾਇਆ॥ ਸਚੀ ਕੀਮਤਿ ਪਾਇ ਤਖਤੁ ਰਚਾਇਆ॥ ਦੁਨੀਆ ਧੰਧੈ ਲਾਇ ਆਪੁ ਛਪਾਇਆ”॥ ਧਰਮੁ ਕਰਾਏ ਕਰਮ ਧੁਰਹੁ ਫੁਰਮਾਇਆ” ਭਾਵ ਸਮੂਚੀ ਰਚਨਾ ਦਾ ਕਰਤਾ ਰੂਪ, ਰੇਖ, ਰੰਗ ਤੋਂ ਨਿਆਰਾ “ਆਪੁ ਛਪਾਇਆ” ਇਕੋ ਇੱਕ ਅਕਾਲਪੁਰਖ ਹੈ, ਉਸ ਤੋਂ ਬਿਨਾ ਕੋਈ ਵੀ ਨਹੀਂ। ਇਹ ਵੀ ਕਿ ਅਕਾਲਪੁਰਖ, ਸਦਾ ਥਿਰ ਹੈ, ਉਹ ਸਮੂਚੀ ਰਚਨਾ ਦੇ ਜ਼ਰੇ ਜ਼ਰੇ `ਚ ਇੱਕ ਰਸ ਵਿਆਪਕ ਹੈ। ਜਿਨ੍ਹਾਂ ਨੂੰ ਤੁਸੀਂ ਬ੍ਰਹਮਾਂ, ਵਿਸ਼ਨੂੰ ਮਹੇਸ਼ ਆਦਿ ਮੰਣਦੇ ਹੋ ਉਨ੍ਹਾਂ ਸਮੇਤ, ਪ੍ਰਭੂ ਨੇ ਹੀ ਸਾਰੇ ਸੰਸਾਰ ਦੇ ਜੀਵਾਂ ਨੂੰ ਆਪਣੇ-ਆਪਣੇ ਧੰਦਿਆਂ `ਚ ਲਗਾਇਆ ਹੋਇਆ ਹੈ ਤੇ ਕਰਤਾ ਵੀ ਉਹੀ ਹੈ। ਫ਼ਿਰ ਇਤਨਾ ਹੀ ਨਹੀਂ ਬਲਕਿ ਜੀਵਾਂ ਦੇ ਕਰਮਾਂ ਦਾ ਨਿਬੇੜਾ ਤੇ ਲੇਖਾ-ਜੋਖਾ ਵੀ ਉਸ ਪ੍ਰਭੂ ਦੇ ਆਪਣੇ ਸੱਚ ਨਿਆਂ `ਚ ਹੀ ਹੁੰਦਾ ਹੈ ਉਥੇ ਕੋਈ ਵੱਖਰਾ ਧਰਮਰਾਜ ਨਹੀਂ।

ਪਉੜੀ ਤੇ ਸਲੋਕਾਂ ਦੀ ਆਪਸੀ ਸਾਂਝ- ਸਲੋਕਾਂ `ਚ ਗੁਰਦੇਵ ਨੇ ਦੱਸਿਆ ਹੈ ਸੰਸਾਰ ਤਲ ਤੇ ਮਨੁੱਖ ਬਹੁਤਾ ਕਰਕੇ ਆਪਣੇ ਸਰੀਰਕ ਰੋਗਾਂ ਦਾ ਹੀ ਸ਼ਿਕਾਰ ਹੋਇਆ ਰਹਿੰਦਾ ਹੈ। ਉਪ੍ਰੰਤ ਇਹੀ ਸੀਮਾਂ ਸੰਸਾਰਕ ਵੈਦਾਂ ਹਕੀਮਾਂ (ਡਾਕਟਰਾਂ) ਦੀ ਹੈ। ਜਦਕਿ ਗੁਰੂ ਵਿਹੂਣੇ ਹੋਣ ਕਾਰਣ ਦੋਨਾਂ ਚੋਂ ਕਿਸੇ ਨੂੰ ਵੀ ਸਮਝ ਨਹੀਂ ਆਉਂਦੀ ਕਿ ਇਨ੍ਹਾਂ ਸਮੂਚੇ ਸਰੀਰਕ ਰੋਗਾਂ ਦੀ ਜੜ੍ਹ ਕਿੱਥੇ ਹੈ?

ਗੁਰਦੇਵ ਸਪਸ਼ਟ ਕਰਦੇ ਹਨ ਅਸਲੀਅਤ ਇਹ ਹੈ ਕਿ ਮਨੁੱਖ ਆਤਮਕ ਪੱਖੋਂ ਆਪਣੇ ਅਸਲੇ, ਅਕਾਲਪੁਰਖ ਨਾਲੌਂ ਟੁੱਟਾ ਹੋਇਆ ਹੈ। ਇਸੇ ਤੋਂ ਇਸ `ਤੇ ਹਊਮੈ ਰੋਗ ਦੀ ਉਪਜ, ਵਿਕਾਰ ਭਾਰੂ ਹੋ ਜਾਂਦੇ ਹਨ। ਇਸਤਰ੍ਹਾਂ ਆਤਮਕ ਪੱਖੋਂ ਇਸਦੀ ਮੌਤ ਹੋ ਜਾਂਦੀ ਹੈ। ਇਹੀ ਕਾਰਣ ਹੈ ਕਿ ਇਸ ਦੇ ਲਈ, ਫ਼ਿਰ ਚਾਹੇ ਵੈਦ, ਹਕੀਮ, ਡਾਕਟਰ ਹੋਣ ਭਾਵੇਂ ਸਾਧਾਰਨ ਲੋਕਾਈ, ਸਾਰੇ ਹੀ ਸੰਸਾਰਿਕ ਤੇ ਸਰ੍ਰੀਖ ਰੋਗਾਂ ਦਾ ਸ਼ਿਕਾਰ ਹੋ ਜਾਂਦੇ ਹਨ। ਇਸਦੇ ਉਲਟ ਜੇਕਰ ਮਨੁੱਖ ਦੀ ਸੁਰਤ ਆਤਮਕ ਪੱਖੌਂ ਕਰਤੇ ਨਾਲ ਜੁੜੀ ਹੋਵੇ ਤਾਂ ਇਹ ਉੱਚੀ ਹੋਵੇਗੀ, ਸੰਸਾਰਕ ਰੋਗਾਂ ਦਾ ਮੂਲ ਇਸ ਅੰਦਰ ਹਊਮੈ ਰੋਗ ਨਹੀਂ ਹੋਵੇਗਾ। ਉਸੇ ਦਾ ਨਤੀਜਾ, ਸੰਸਾਰਕ ਤੇ ਸਰਰਿਕ ਰੋਗ ਇਸਦੇ ਨੇੜੇ ਵੀ ਨਹੀਂ ਆਉਣਗੇ। ਜੇ ਕੁੱਝ ਹੋਣਗੇ ਵੀ ਤਾਂ ਆਤਮਕ ਪੱਖੋਂ ਇਹ ਇਤਨਾ ਬਲਵਾਨ ਹੋਵੇਗਾ ਕਿ ਉਹ ਇਸ `ਤੇ ਭਾਰੂ ਂਹਨਿ ਹੋ ਸਕਣਗੇ। ਗੁਰਦੇਵ ਨੇ ਇਸ ਸਲੋਕਾਂ `ਚ ਇਸ ਵਿਸ਼ੇ ਨੂੰ “ਭੋਲਾ ਵੈਦੁ ਨ ਜਾਣਈ, ਕਰਕ ਕਲੇਜੇ ਮਾਹਿ” ਵਾਲੀ ਸ਼ਬਦਾਵਲੀ ਨਾਲ ਸਸੰਸਾਰਕ ਵੈਦਾਂ ਹਕੀਮਾਂ ਡਾਕਟਰਾਂ ਤੇ ਸਾਧਾਰਨ ਲੋਕਾਈ, ਦੋਨਾਂ ਨੂੰ ਸੁਚੇਤ ਕੀਤਾ ਹੈ।”

ਉਪ੍ਰੰਤ ਗੁਰਦੇਵ ਨੇ ਪਉੜੀ `ਚ ਵੀ ਇਸੇ ਵਿਸ਼ੇ ਨੂੰ ਪਰ ਦੂਜੇ ਪੱਖ ਤੋਂ ਲਿਆ ਹੈ। ਸਪਸ਼ਟ ਕੀਤਾ ਹੈ ਐ ਮਨੁੱਖ, ਤੂੰ ਭਾਵੇਂ ਆਪਣੀ ਅਗਿਆਨਤਾ ਵੱਸ, ਅਨੇਕਾਂ ਭਗਵਾਨ ਤੇ ਇਸ਼ਟ ਸਥਾਪਤ ਕੀਤੇ ਹੌਏ ਹਨ ਜਾਂ ਇਸੇ ਅਗਿਆਨਤਾ ਕਾਰਣ ਤੇਰੇ `ਤੇ ਦੂਜਿਆਂ ਨੇ ਥੋਪੇ ਹੋਏ ਹਨ। ਜਦਕਿ ਸਚਾਈ ਇਹ ਹੈ ਕਿ ਜਿਨ੍ਹਾਂ ਨੂੰ ਤੂੰ ਆਪਣੇ ਭਗਵਾਨ ਤੇ ਇਸ਼ਟ ਮੰਨ ਕੇ ਉਨ੍ਹਾਂ ਦੀ ਅਰਚਾ-ਪੂਜਾ `ਚ ਲੱਗਾ ਹੋਇਆਂ ਹੈਂ; ਚੇਤੇ ਰੱਖ! ਤੇਰੇ ਉਨ੍ਹਾਂ ਸਮੂਹ ਇਸ਼ਟਾਂ-ਭਗਵਾਨਾਂ ਦਾ ਕਰਤਾ-ਧਰਤਾ ਤੇ ਪ੍ਰਤਿਪਾਲਕ ਵੀ ਉਹੀ ਸਿਰਜਨਹਾਰ ਹੈ ਜੋ ਤੇਰਾ ਹੈ। ਕੇਵਲ ਉਹ ਪ੍ਰਭੂ ਹੀ ਸਦੀਵੀ ਹੈ ਤੇ ਘਟ-ਘਟ ਦਾ ਵਾਸੀ ਹੈ ਤੇ ਉਸ ਪ੍ਰਭੂ ਤੋਂ ਬਿਨਾ, ਹੋਰ ਕੋਈ ਵੀ ਦੂਜਾ ਨਹੀਂ। ਇਸ ਲਈ ਜੇਕਰ ਤੂੰ ਆਪਣੀ ਸਰੀਰਕ ਅਰੋਗਤਾ ਚਾਹੁੰਦਾ ਹੈ ਤਾਂ ਇਸ ਪੱਖੌ ਪ੍ਰਭੂ ਨਾਲ ਜੁੜ ਕੇ ਤੇਰੀ ਆਤਮਕ ਸੰਭਾਲ ਵੀ ਜ਼ਰੂਰੀ ਹੈ। ਉਸ ਤੋਂ ਬਿਨਾ ਤੇਰੀ ਸਰੀਰਕ ਅਰੋਗਤਾ ਕਦੇ ਵੀ ਸ਼ੰਭਵ ਨਹੀਂ। (ਚਲਦਾ) #Instt. 5.3 Mlkiv.03s014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Malaar Ki Vaar M:1 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.