.

ਸਿੱਖ, ਜਾਤਿ-ਪਾਤਿ ਤੋਂ ਰਹਿਤ!

{ਚੌਥੀ ਕਿਸ਼ਤ}

ਇਸ ਚੌਥੀ ਕਿਸ਼ਤ ਦੁਆਰਾ ਜਾਤਿ-ਪਾਤਿ ਬਾਰੇ ਗੁਰੂ ਅਰਜਨ ਸਾਹਿਬ (ਮਹਲਾ ੫) ਅਤੇ ਗੁਰੂ ਤੇਗ਼ ਬਹਾਦਰ ਸਾਹਿਬ (ਮਹਲਾ ੯) ਦੇ ਓਚਾਰਨ ਕੀਤੇ ਹੋਏ ਓਪਦੇਸ਼ਾਂ ਨੂੰ ਗ੍ਰਹਿਣ ਕਰਕੇ, ਸਾਰੀ ਲੋਕਾਈ ਦੇ ਭਲੇ ਲਈ ਤਨ, ਮਨ, ਧਨ ਨਾਲ ਸਹਾਇਤਾ ਕਰਦੇ ਰਹੀਏ:

ਗੁਰੂ ਗਰੰਥ ਸਾਹਿਬ ਪੰਨਾ ੧੦੦੧: ਮਾਰੂ ਮਹਲਾ ੫॥ ਖਤ੍ਰੀ ਬ੍ਰਾਹਮਣ ਸੂਦ ਵੈਸ ਸਭ ਏਕੈ ਨਾਮਿ ਤਰਾਨਥ॥ ਗੁਰੁ ਨਾਨਕੁ ਉਪਦੇਸੁ ਕਹਤੁ ਹੈ ਜੋ ਸੁਨੈ ਸੋ ਪਾਰਿ ਪਰਾਨਥ॥ ੪॥ ੧॥ ੧੦॥

ਅਰਥ: ਐ ਪ੍ਰਾਣੀ, ਕਿਸੇ ਭੀ ਵਰਨ ਦੇ ਜੀਵ ਹੋਣ ਜਿਵੇਂ ਖੱਤਰੀ, ਬ੍ਰਾਹਮਣ, ਸ਼ੂਦਰ ਅਤੇ ਵੈਸ਼, ਇਹ ਸਾਰੇ ਇੱਕ ਅਕਾਲ ਪੁਰਖ ਦੇ ਨਾਮ ਨੂੰ ਗ੍ਰਹਿਣ ਕਰਕੇ, ਆਪਣਾ ਜੀਵਨ ਸਫਲਾ ਕਰ ਸਕਦੇ ਹਨ। ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਅਰਜਨ ਸਾਹਿਬ ਓਪਦੇਸ਼ ਕਰਦੇ ਹਨ ਕਿ ਜਿਹੜਾ ਪ੍ਰਾਣੀ ਅਕਾਲ ਪੁਰਖ ਦੇ ਇਲਾਹੀ ਨਾਮ ਨੂੰ ਸੁਣਦਾ ਅਤੇ ਉਸ ਉਪਰ ਅਮਲ ਕਰਦਾ ਹੈ, ਉਹ ਜਿਸ ਵੀ ਜਾਤੀ ਦਾ ਹੋਵੇ, ਸੰਸਾਰਕ ਦੁੱਖ-ਕਲੇਸ਼ਾਂ ਤੋਂ ਛੁੱਟਕਾਰਾ ਪਾ ਲੈਂਦਾ ਹੈ। (੧੦)

ਪੰਨਾ ੧੦੧੮: ਮਾਰੂ ਮਹਲਾ ੫॥ ਊਚ ਨੀਚ ਬਿਕਾਰ ਸੁਕ੍ਰਿਤ ਸੰਲਗਨ ਸਭ ਸੁਖ ਛਤ੍ਰ॥ ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ॥ ੪॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਅਕਾਲ ਪੁਰਖ ਸੱਭ ਦੀ ਸੰਭਾਲ ਕਰਦਾ ਹੈ, ਭਾਵੇਂ ਕੋਈ ਉੱਚਾ ਜਾਂ ਨੀਵਾਂ ਹੋਵੇ ਅਤੇ ਬੁਰਾਈ ਜਾਂ ਭਲਾਈ ਕਰਦਾ ਹੋਵੇ। ਅਕਾਲ ਪੁਰਖ ਕਿਸੇ ਨੂੰ ਵੀ ਵੈਰੀ ਜਾਂ ਮਿੱਤਰ ਨਹੀਂ ਸਮਝਦਾ ਕਿਉਂਕਿ ਉਸ ਲਈ ਤਾਂ ਸਾਰੇ ਇੱਕ ਬਰਾਬਰ ਹਨ। (੪)

ਪੰਨਾ ੧੧੩੬: ਭੈਰਉ ਮਹਲਾ ੫॥ ਨਾ ਹਮ ਹਿੰਦੂ ਨ ਮੁਸਲਮਾਨ॥ ਅਲਹ ਰਾਮ ਕੇ ਪਿੰਡੁ ਪਰਾਨ॥ ੪॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਨਾਹ ਅਸੀਂ ਹਿੰਦੂ ਅਤੇ ਨਾ ਹੀ ਮੁਸਲਮਾਨ ਹੈਂ ਕਿਉਂਕਿ ਸਾਡੇ ਸਰੀਰ ਅਤੇ ਸੁਆਸ ਇੱਕ ਅਕਾਲ ਪੁਰਖ ਦੀ ਹੀ ਬਖਸ਼ਿਸ਼ ਹੈ, ਜਿਸ ਨੂੰ ਮੁਸਲਮਾਨ ਅੱਲਹਾ ਅਤੇ ਹਿੰਦੂ ਰਾਮ ਕਹਿ ਕੇ ਯਾਦ ਕਰਦੇ ਹਨ। (੪)

ਪੰਨਾ ੧੧੫੦: ਭੈਰਉ ਮਹਲਾ ੫॥ ਹਰਿ ਸਿਮਰਨ ਕੀ ਸਗਲੀ ਬੇਲਾ॥ ਹਰਿ ਸਿਮਰਨੁ ਬਹੁ ਮਾਹਿ ਇਕੇਲਾ॥ ਜਾਤਿ ਅਜਾਤਿ ਜਪੈ ਜਨੁ ਕੋਇ॥ ਜੋ ਜਾਪੈ ਤਿਸ ਕੀ ਗਤਿ ਹੋਇ॥ ੩॥

ਅਰਥ: ਗੁਰੂ ਅਰਜਨ ਸਾਹਿਬ ਓਪਦੇਸ਼ ਕਰਦੇ ਹਨ ਕਿ ਐ ਪ੍ਰਾਣੀ, ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਲਈ ਕੋਈ ਖ਼ਾਸ ਵੇਲਾ ਨਹੀਂ ਕਿਉਂਕਿ ਸਾਰੇ ਵੇਲੇ ਹੀ ਚੰਗੇ ਹਨ। ਪਰ, ਬਹੁਤਿਆਂ ਵਿਚੋਂ ਕੋਈ ਵਿਰਲਾ ਪ੍ਰਾਣੀ ਹੀ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਗ੍ਰਹਿਣ ਕਰਦਾ ਹੈ। ਉੱਚੀ ਜਾਂ ਨੀਵੀਂ ਜਾਤ ਵਾਲਾ ਪ੍ਰਾਣੀ ਕੋਈ ਵੀ ਹੋਵੇ, ਜਿਹੜਾ ਵੀ ਅਕਾਲ ਪੁਰਖ ਦਾ ਨਾਮ ਜੱਪਦਾ ਹੈ, ਉਹੀ ਦੁਨਿਆਵੀਂ ਵਿਕਾਰਾਂ ਤੋਂ ਛੁੱਟਕਾਰਾ ਪਾ ਲੈਂਦਾ ਹੈ। (੩)

ਪੰਨਾ ੧੨੦੭: ਸਾਰਗ ਮਹਲਾ ੫॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ॥ ੧॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਭਗਤ ਕਬੀਰ ਜੀ ਅਕਾਲ ਪੁਰਖ ਦੀ ਸ਼ਰਨ ਗ੍ਰਹਿਣ ਕਰਕੇ ਇੱਕ ਨੇਕ ਇਨਸਾਨ ਬਣ ਗਿਆ ਅਤੇ ਇਵੇਂ ਹੀ ਭਗਤ ਸੈਨ ਨਾਈ ਜੀ ਵੀ ਉੱਤਮ ਜੀਵਨ ਵਾਲਾ ਹੋ ਗਿਆ। ਇਸ ਤਰ੍ਹਾਂ ਹੀ ਭਗਤ ਨਾਮਦੇਉ ਜੀ ਅਤੇ ਭਗਤ ਰਵਿਦਾਸ ਜੀ ਵੀ ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਕੇ, ਉੱਚੇ ਜੀਵਨ ਵਾਲੇ ਬਣ ਗਏ। (੧)

ਪੰਨਾ ੧੨੩੦: ਸਾਰਗ ਮਹਲਾ ੫॥ ਮਾਤਰ ਪਿਤਰ ਤਿਆਗ ਕੈ ਮਨੁ ਸੰਤਨ ਪਾਹਿ ਬੇਚਾਇਓ॥ ਜਾਤਿ ਜਨਮ ਕੁਲ ਖੋਈਐ ਹਉ ਗਾਵਉ ਹਰਿ ਹਰੀ॥ ੧॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਦੀ ਮਿਹਰ ਸਦਕਾ, ਗੁਰਮੁੱਖ ਪ੍ਰਾਣੀ ਆਪਣੇ ਮਾਤਾ-ਪਿਤਾ ਅਤੇ ਹੋਰ ਸੰਬੰਧੀਆਂ ਦਾ ਮੋਹ ਤਿਆਗ ਕੇ, ਸੰਗਤ ਵਿੱਚ ਲੀਨ ਹੋ ਜਾਂਦੇ ਹਨ। ਇੰਜ, ਐਸੇ ਪ੍ਰਾਣੀ ਜਾਤਿ ਅਤੇ ਕੁੱਲ ਦੀ ਹਉਮੈ ਨੂੰ ਛੱਡ ਕੇ, ਆਪਣੀ ਜ਼ਿੰਦਗੀ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਵਿੱਚ ਲਾ ਦਿੰਦੇ ਹਨ। (੧)

ਪੰਨਾ ੧੨੯੯: ਕਾਨੜਾ ਮਹਲਾ ੫॥ ਨਾ ਕੋਈ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥ ੧॥

ਅਰਥ: ਗੁਰੂ ਅਰਜਨ ਸਾਹਿਬ ਫੁਰਮਾਨ ਕਰਦੇ ਹਨ ਕਿ ਅਕਾਲ ਪੁਰਖ ਦੀ ਬਖਸ਼ਿਸ਼ ਸਦਕਾ, ਹੁਣ ਨਾਹ ਕੋਈ ਵੈਰੀ ਅਤੇ ਨਾਹ ਹੀ ਕੋਈ ਓਪਰਾ ਲਗਦਾ ਹੈ ਕਿਉਂਕਿ ਸਾਡਾ ਸਾਰਿਆਂ ਨਾਲ ਇਕੋ-ਜਿਹਾ ਪਿਆਰ ਹੋ ਗਿਆ ਹੈ। (੧)

ਪੰਨਾ ੧੩੦੨: ਕਾਨੜਾ ਮਹਲਾ ੫॥ ਨ ਜਾਨੀ ਸੰਤਨ ਪ੍ਰਭ ਬਿਨੁ ਆਨ॥ ਊਚ ਨੀਚ ਸਭ ਪੇਖਿ ਸਮਾਨੋ ਮੁਖਿ ਬਕਨੋ ਮਨਿ ਮਾਨ॥ ੧॥ ਰਹਾਉ॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਸੰਗਤ ਦੁਆਰਾ ਇਹ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ ਸਾਰੀ ਸ੍ਰਿਸ਼ੱਟੀ ਵਿਖੇ ਅਕਾਲ ਪੁਰਖ ਆਪ ਹੀ ਵਿਚਰ ਰਿਹਾ ਹੈ। ਅਕਾਲ ਪੁਰਖ ਉਚਿਆਂ ਅਤੇ ਨੀਵਿਆਂ ਸਾਰਿਆਂ ਨੂੰ ਬਰਾਬਰ ਹੀ ਵੇਖਦਾ ਹੈ ਅਤੇ ਇਵੇਂ ਹੀ ਸਾਰੇ ਸੰਗੀ-ਸਾਥੀ ਅਕਾਲ ਪੁਰਖ ਦਾ ਨਾਮ ਸਿਮਰਦੇ ਹੋਏ ਸੰਤੁਸ਼ਟ ਰਹਿੰਦੇ ਹਨ। (੧/ਰਹਾਉ)

ਪੰਨਾ ੧੩੪੮: ਪ੍ਰਭਾਤੀ ਮਹਲਾ ੫॥ ਪੂੰਅਰ ਤਾਪ ਗੇਰੀ ਕੇ ਬਸਤ੍ਰਾ॥ ਅਪਦਾ ਦਾ ਮਾਰਿਆ ਗ੍ਰਿਹ ਤੇ ਨਸਤਾ॥ ਦੇਸੁ ਛੋਡਿ ਪਰਦੇਸਹਿ ਧਾਇਆ॥ ਪੰਚ ਚੰਡਾਲ ਨਾਲੇ ਲੈ ਆਇਆ॥ ੪॥

ਅਰਥ: ਗੁਰੂ ਅਰਜਨ ਸਾਹਿਬ ਇੱਕ ਐਸੇ ਸਾਕਤ ਪ੍ਰਾਣੀ ਬਾਰੇ ਬਿਆਨ ਕਰਦੇ ਹਨ ਕਿ ਜਿਹੜਾ ਮਨਮੁੱਖ ਧੂਣੀਆਂ ਤਪਾਉਂਦਾ, ਗੇਰੂ ਰੰਗ ਦੇ ਕੱਪੜੇ ਪਾਈ ਫਿਰਦਾ ਅਤੇ ਆਪਣੇ ਦੁੱਖਾਂ ਤੋਂ ਤੰਗ ਆ ਕੇ ਘਰੋਂ ਨਿਕਲ ਜਾਂਦਾ ਹੈ। ਇੰਜ, ਆਪਣਾ ਦੇਸ਼ ਛੱਡ ਕੇ, ਹੋਰ ਹੋਰ ਦੇਸਾਂ ਵਿਖੇ ਭਟਕਦਾ ਫਿਰਦਾ ਹੈ ਪਰ, ਅਜੇਹਾ ਪ੍ਰਾਣੀ ਕਾਮਾਦਿਕ ਪੰਜਾਂ ਚੰਡਾਲਾਂ (ਕਾਮ, ਕਰੋਧ, ਲੋਭ, ਮੋਹ ਅਤੇ ਅਹੰਕਾਰ) ਨੂੰ ਤਾਂ ਆਪਣੇ ਅੰਦਰ ਨਾਲ ਹੀ ਲਈ ਫਿਰਦਾ ਹੈ। (ਇਹੀ ਹਾਲ ਬਹੁਤ ਸਾਰੇ ਸਿੱਖ ਪਰਿਵਾਰਾਂ ਦਾ ਹੈ)

ਪੰਨਾ ੧੩੮੧: ਮਹਲਾ ੫॥ ਫਰੀਦਾ ਖਾਲਕੁ ਖਲਕ ਮਹਿ ਖਲਕ ਵਸੈ ਰਬ ਮਾਹਿ॥ ਮੰਦਾ ਕਿਸ ਨੋ ਆਖੀਐ ਜਾ ਤਿਸੁ ਬਿਨੁ ਕੋਈ ਨਾਹਿ॥ ੭੫॥

ਅਰਥ: ਸ਼ੇਖ ਫਰੀਦ ਜੀ ਨੂੰ ਸੰਬੋਧਨ ਕਰਦੇ ਹੋਏ, ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਸਾਰੀ ਸ੍ਰਿਸ਼ੱਟੀ ਨੂੰ ਪੈਦਾ ਕਰਨ ਵਾਲਾ ਅਕਾਲ ਪੁਰਖ ਆਪ ਭੀ ਖਲਕਤ ਵਿੱਚ ਵਿਚਰ ਰਿਹਾ ਹੈ ਅਤੇ ਖ਼ਲਕਤ ਅਕਾਲ ਪੁਰਖ ਵਿੱਚ ਵੱਸ ਰਹੀ ਹੈ। ਜਦੋਂ ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਦੂਜਾ ਨਹੀਂ ਹੈ, ਤਾਂ ਫਿਰ ਕਿਸੇ ਜੀਵ ਨੂੰ ਵੀ ਬੁਰਾ ਨਹੀਂ ਕਿਹਾ ਜਾ ਸਕਦਾ।

ਪੰਨਾ ੯੦੨: ਰਾਮਕਲੀ ਮਹਲਾ ੯॥ ਪ੍ਰਾਨੀ ਨਾਰਾਇਨ ਸੁਧਿ ਲੇਹਿ॥ ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ ਬ੍ਰਿਥਾ ਜਾਤੁ ਹੈ ਦੇਹ॥ ੧॥ ਰਹਾਉ॥

ਅਰਥ: ਗੁਰੂ ਤੇਗ ਬਹਾਦਰ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਤੂੰ ਅਕਾਲ ਪੁਰਖ ਦੀਆਂ ਵਡਿਆਈਆਂ ਨੂੰ ਆਪਣੇ ਹਿਰਦੇ ਵਿੱਚ ਸਦਾ ਵਸਾਈ ਰੱਖ ਕਿਉਂਕਿ ਇੱਕ ਇਕ ਪਲ ਵਿੱਚ ਅਤੇ ਦਿਨ-ਰਾਤ ਪ੍ਰਾਣੀ ਦੀ ਉਮਰ ਘੱਟਦੀ ਜਾ ਰਹੀ ਹੈ ਅਤੇ ਇਵੇਂ ਹੀ ਇਹ ਸਰੀਰ ਵੀ ਵਿਅਰਥ ਜਾ ਰਿਹਾ ਹੈ।

ਪੰਨਾ ੧੨੩੧: ਰਾਗੁ ਸਾਰੰਗ ਮਹਲਾ ੯॥ ਹਰਿ ਬਿਨੁ ਤੇਰੋ ਕੋ ਨ ਸਹਾਈ॥ ਕਾਂ ਕੀ ਮਾਤ ਪਿਤਾ ਸੁਤ ਬਨਿਤਾ ਕੋ ਕਾਹੂ ਕੋ ਭਾਈ॥ ੧॥ ਰਹਾਉ॥

ਅਰਥ: ਗੁਰੂ ਤੇਗ ਬਹਾਦਰ ਸਾਹਿਬ ਓਪਦੇਸ਼ ਕਰਦੇ ਹਨ ਕਿ ਐ ਪ੍ਰਾਣੀ, ਅਕਾਲ ਪੁਰਖ ਤੋਂ ਬਿਨਾ ਹੋਰ ਕੋਈ ਤੇਰੀ ਸਹਾਇਤਾ ਕਰਨ ਵਾਲਾ ਨਹੀਂ। ਇਹ ਵੀ ਯਾਦ ਰੱਖ ਕਿ ਸਰੀਰਕ ਸਾਥ ਖ਼ੱਤਮ ਹੁੰਦਿਆਂ ਹੀ, ਮਾਤਾ, ਪਿਤਾ, ਪੁੱਤਰ, ਪੱਤਨੀ ਅਤੇ ਭਾਈ, ਆਦਿਕ ਕੋਈ ਵੀ ਤੇਰਾ ਸਾਥ ਨਹੀਂ ਦੇਵੇ ਗਾ।

ਪੰਨਾ ੧੪੨੮: ਸਲੋਕ ਮਹਲਾ ੯॥ ਗਰਬੁ ਕਰਤੁ ਹੈ ਦੇਹ ਕੋ ਬਿਨਸੈ ਛਿਨ ਮੈ ਮੀਤ॥ ਜਿਹਿ ਪ੍ਰਾਨੀ ਹਰਿ ਜਸੁ ਕਹਿਓ ਨਾਨਕ ਤਿਹਿ ਜਗੁ ਜੀਤਿ॥ ੪੨॥

ਅਰਥ: ਗੁਰੂ ਨਾਨਕ ਸਾਹਿਬ ਦੀ ਗਿਆਨ-ਜੋਤਿ ਸਦਕਾ, ਗੁਰੂ ਤੇਗ ਬਹਾਦਰ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਜਿਸ ਸਰੀਰ ਦਾ ਤੂੰ ਅਹੰਕਾਰ ਕਰਦਾ ਹੈਂ, ਇਹ ਤਾਂ ਕਿਸੇ ਸਮੇਂ ਹੀ ਨਾਸ ਹੋ ਜਾਣ ਵਾਲਾ ਹੈ! ਪਰ, ਜਿਹੜਾ ਗੁਰਮੁੱਖ ਪ੍ਰਾਣੀ ਅਕਾਲ ਪੁਰਖ ਦੀ ਸਿਫ਼ਤਿ-ਸਾਲਾਹ ਵਿੱਚ ਲੀਨ ਹੋ ਗਿਆ, ਇੰਜ ਸਮਝੋ ਕਿ ਉਸ ਨੇ ਸਾਰਾ ਜਗਤ ਹੀ ਜਿੱਤ ਲਿਆ।

ਗੁਰੂ ਗਰੰਥ ਸਾਹਿਬ ਦੀ ਸੰਪਾਦਨ ਸਮੇਂ, ਗੁਰੂ ਸਾਹਿਬਾਨ ਨੇ ਸੱਭ ਨੂੰ ਸਾਂਝੀਵਾਲਤਾ ਦਾ ਹੀ ਸੰਦੇਸ਼ ਦਿੱਤਾ ਅਤੇ ਕਿਸੇ ਕਿਸਮ ਦਾ ਕੋਈ ਵਿਤਕਰਾ ਨਹੀਂ ਕੀਤਾ। ਇਸ ਲਈ ਹੀ ਭਗਤ ਕਬੀਰ ਜੀ, ਭਗਤ ਨਾਮਦੇਵ ਜੀ, ਭਗਤ ਰਵਿਦਾਸ ਜੀ, ਭਗਤ ਧੰਨਾ ਜੀ, ਭਗਤ ਸੈਨ ਜੀ, ਆਦਿਕ ਵਲੋਂ ਓਚਾਰੀ ਬਾਣੀ ਭੀ ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਕੀਤੀ ਹੋਈ ਹੈ। ਇਵੇਂ ਹੀ, ਪੰਜ ਪਿਆਰਿਆਂ ਦੀ ਚੋਣ ਸਮੇਂ, ਇਹ ਸਾਫ ਜ਼ਾਹਰ ਹੈ ਕਿ ਉਸ ਸਮੇਂ ਦੀ ਸੰਗਤ ਵਿੱਚ ਹਰੇਕ ਵਰਗ ਦਾ ਪ੍ਰਾਣੀ ਸ਼ਾਮਲ ਸੀ ਅਤੇ ਕੋਈ ਜਾਤਿ-ਪਾਤਿ ਨਜ਼ਰ ਨਹੀਂ ਆਉਂਦੀ ਜਿਵੇਂ, ਭਾਈ ਸਾਹਿਬ ਸਿੰਘ ਜੀ (ਬਿਦਰ), ਭਾਈ ਹਿੰਮਤ ਸਿੰਘ ਜੀ (ਜਗਨਨਾਥ ਪੁਰੀ), ਭਾਈ ਦਇਆ ਸਿੰਘ ਜੀ (ਲਾਹੌਰ), ਭਾਈ ਧਰਮ ਸਿੰਘ ਜੀ (ਹਸਤਨਾਪੁਰ) ਅਤੇ ਭਾਈ ਮੋਹਕਮ ਸਿੰਘ ਜੀ (ਦਵਾਰਕਾ)। ਇਹੀ ਰਵਾਇਤ ਹੁਣ ਤੱਕ ਪ੍ਰਚਲਤ ਹੈ ਜਿਵੇਂ ਅਸੀਂ ਗੁਰਦੁਆਰਾ ਸਾਹਿਬ ਵਿਖੇ ਸੰਗਤ, ਪੰਗਤ ਅਤੇ ਖੰਡੇ ਦੀ ਪਾਹੁਲ ਗ੍ਰਹਿਣ ਕਰਨ ਸਮੇਂ ਵੇਖਦੇ ਹਾਂ।

ਇਸ ਲਈ, ਜੇ ਕੋਈ ਸਿੱਖ ਕਿਸੇ ਅਖੌਤੀ ਜਾਤਿ-ਪਾਤਿ ਵਿੱਚ ਵਿਸ਼ਵਾਸ਼ ਰੱਖਦਾ ਹੈ, ਤਾਂ ਸਮਝੋ ਕਿ ਉਹ ਅਜੇ ਹਿੰਦੂ ਮਤਿ ਨਾਲ ਹੀ ਜੁੜਿਆ ਹੋਇਆ ਹੈ! ਪਰ, ਇਸ ਜੱਦੀ ਬਿਮਾਰੀ ਦਾ ਇਕੋ-ਇਕ ਇਲਾਜ ਹੈ ਕਿ ਉਹ ਵੀ “ਖੰਡੇ ਦੀ ਪਾਹੁਲ” ਗ੍ਰਹਿਣ ਕਰਕੇ, ਗੁਰਬਾਣੀ ਅਨੁਸਾਰ ਗੁਰੂ ਦਾ ਸਿੱਖ ਬਣ ਕੇ ਸਿੱਖ ਮਾਰਗ ਦਾ ਪਾਂਧੀ ਬਣ ਜਾਏ।

…. ਚਲਦਾ…. .

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੨ ਫਰਵਰੀ ੨੦੧੪
.