.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧੫)

Gurmat and science in present scenario (Part-15)

ਆਮ ਤੌਰ ਤੇ ੮੪ ਲੱਖ ਜੂਨਾਂ ਮੰਨੀਆਂ ਜਾਂਦੀਆਂ ਹਨ, ਪਰੰਤੂ ਗੁਰਬਾਣੀ ਅਨੁਸਾਰ ਬੇਅੰਤ ਜੂਨਾਂ ਹੋ ਸਕਦੀਆਂ ਹਨ

Generally it is believed that there are 84 lakh species of life, but according to Gurmat these can be unlimited

ਪੁਰਾਤਨ ਲਿਖਤਾ ਵਿੱਚ ਆਮ ਤੌਰ ਤੇ ੪ ਖਾਣੀਆਂ (ਅੰਡਜ ਜੇਰਜ ਸੇਤਜ ਉਤਭੁਜ), ਤੇ ੮੪ ਲੱਖ ਜੂਨਾਂ ਮੰਨੀਆਂ ਜਾਂਦੀਆਂ ਹਨ। ਪਰੰਤੂ ਗੁਰੂ ਸਾਹਿਬਾਂ ਨੇ ਆਪਣੇ ਆਪ ਨੂੰ ੪ ਖਾਣੀਆਂ ਤੇ ੮੪ ਲੱਖ ਜੂਨਾਂ ਤਕ ਸੀਮਿਤ ਨਹੀਂ ਰੱਖਿਆ, ਬਲਕਿ ਕਈ ਪ੍ਰਕਾਰ ਦੀਆਂ ਖਾਣੀਆਂ ਕਈ ਕ੍ਰੋੜ ਜੂਨਾਂ ਬਾਰੇ ਕਿਹਾ ਹੈ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਹੈ। ਕਿਤੇ ਕਿਤੇ ਗੁਰਬਾਣੀ ਵਿੱਚ ਮੁਹਾਵਰੇ ਦੇ ਤੌਰ ਤੇ ੮੪ ਲੱਖ ਜੂਨਾਂ ਦੀ ਵਰਤੋਂ ਕੀਤੀ ਗਈ ਹੈ। ਗੁਰੂ ਸਾਹਿਬ ਸਮਝਾਉਂਦੇ ਹਨ ਕਿ ਅਕਾਲ ਪੁਰਖੁ ਨੇ ਚੌਰਾਸੀ ਲੱਖ ਜੂਨ ਪੈਦਾ ਕੀਤੀ ਹੈ, ਅਤੇ ਉਹ ਸਾਰਿਆਂ ਨੂੰ ਉਸ ਸਮੇਂ ਤੋਂ ਹੀ ਰਿਜ਼ਕ ਦੇ ਰਿਹਾ ਹੈ, ਜਦੋਂ ਤੋਂ ਇਹ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ।

ਚਵਰਾਸੀਹ ਲਖ ਜੋਨਿ ਉਪਾਈ ਰਿਜਕ ਦੀਆ ਸਭ ਹੂ ਕਉ ਤਦ ਕਾ॥ (੧੪੦੩)

ਅਕਾਲ ਪੁਰਖੁ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਵਿੱਚ ਕਰੋੜਾਂ ਜੀਵ ਜੰਤੂ, ਕੀੜੇ ਮਕੌੜੇ, ਜਾਨਵਰ ਤੇ ਮਨੁੱਖ ਆਦਿ ਹਨ। ਸਮੁੰਦਰ ਵਿੱਚ ਕਰੋੜਾਂ ਰਤਨ ਪੈਦਾ ਕਰ ਦਿੱਤੇ ਹਨ ਅਤੇ ਕਈ ਕਿਸਮਾਂ ਦੇ ਸਮੁੰਦਰੀ ਜੀਵ ਜੰਤੂ ਬਣਾ ਦਿੱਤੇ ਹਨ, ਕਰੋੜਾਂ ਜੀਵ ਲੰਮੀਆਂ ਉਮਰਾਂ ਵਾਲੇ ਪੈਦਾ ਕੀਤੇ ਹਨ, ਕਰੋੜਾਂ ਹੀ ਪਰਬਤ ਬਣ ਗਏ ਹਨ। ਜੀਵ ਜੰਤੂਆਂ ਬਾਰੇ ਸਾਡਾ ਗਿਆਨ ਇਸ ਧਰਤੀ ਤਕ ਹੀ ਸੀਮਿੰਤ ਹੈ, ਪਰੰਤੂ ਬ੍ਰਹਿਮੰਡ ਵਿੱਚ ਅਜੇਹੀਆਂ ਅਨੇਕਾਂ ਹੀ ਧਰਤੀਆਂ ਹੋ ਸਕਦੀਆਂ ਜਿਨ੍ਹਾਂ ਵਿੱਚ ਹੋਰ ਅਨੇਕਾਂ ਤਰ੍ਹਾਂ ਦੇ ਜੀਵ ਜੰਤੂ ਹੋ ਸਕਦੇ ਹਨ।

ਕਈ ਕੋਟਿ ਕੀਏ ਰਤਨ ਸਮੁਦ॥ ਕਈ ਕੋਟਿ ਨਾਨਾ ਪ੍ਰਕਾਰ ਜੰਤ॥ (੨੭੬)

ਉਪਰ ਲਿਖਿਆ ਸਬਦ ਸਪੱਸ਼ਟ ਕਰਦਾ ਹੈ ਕਿ ਗੁਰੂ ਸਾਹਿਬਾਂ ਨੇ ਜੀਵਾਂ ਜਾਂ ਜੂਨਾਂ ਦੀ ਗਿਣਤੀ ੮੪ ਲੱਖ ਤਕ ਸੀਮਿਤ ਨਹੀਂ ਕਹੀ ਹੈ, ਬਲਕਿ ਸਮਝਾ ਦਿਤਾ ਕਿ ਇਨ੍ਹਾਂ ਦੀ ਗਿਣਤੀ ਕਈ ਕਰੋੜ ਹੈ, ਭਾਵ ਅਣਗਿਣਤ ਹੈ। ਕਰੋੜਾਂ ਜੀਵ ਪਾਤਾਲ ਵਿੱਚ ਵੱਸਣ ਵਾਲੇ ਹਨ ਅਤੇ ਕਰੋੜਾਂ ਹੀ ਨਰਕਾਂ ਤੇ ਸੁਰਗਾਂ ਵਿੱਚ ਵੱਸਦੇ ਹਨ, ਭਾਵ, ਦੁਖੀ ਜਾਂ ਸੁਖੀ ਹਨ, ਕਰੋੜਾਂ ਜੀਵ ਜੰਮਦੇ ਹਨ ਤੇ ਕਰੋੜਾਂ ਜੀਵ ਕਈ ਜੂਨਾਂ ਵਿੱਚ ਭਟਕ ਰਹੇ ਹਨ, ਕਰੋੜਾਂ ਜੀਵ ਬੈਠੇ ਹੀ ਖਾਂਦੇ ਹਨ ਅਤੇ ਕਰੋੜਾਂ ਐਸੇ ਹਨ ਜੋ ਰੋਟੀ ਦੀ ਖ਼ਾਤਰ ਮੇਹਨਤ ਕਰਦੇ ਹਨ ਤੇ ਥੱਕ ਟੁੱਟ ਜਾਂਦੇ ਹਨ, ਕਰੋੜਾਂ ਜੀਵ ਅਕਾਲ ਪੁਰਖੁ ਨੇ ਧਨ ਵਾਲੇ ਬਣਾਏ ਹਨ ਅਤੇ ਕਰੋੜਾਂ ਐਸੇ ਹਨ ਜਿਨ੍ਹਾਂ ਨੂੰ ਮਾਇਆ ਦਾ ਫ਼ਿਕਰ ਲੱਗਾ ਹੋਇਆ ਹੈ। ਅਕਾਲ ਪੁਰਖੁ ਜਿਥੇ ਜਿਥੇ ਚਾਹੁੰਦਾ ਹੈ, ਜੀਵਾਂ ਨੂੰ ਓਥੇ ਓਥੇ ਹੀ ਰੱਖਦਾ ਹੈ। ਹਰੇਕ ਜੀਵ ਪਦਾਰਥ ਨਾਲ ਵਾਪਰਨ ਵਾਲੀ ਕਿਰਿਆ ਅਕਾਲ ਪੁਰਖੁ ਦੇ ਆਪਣੇ ਹੁਕਮੁ ਅਨੁਸਾਰ ਹੈ ਤੇ ਸਭ ਕੁੱਝ ਉਸ ਦੇ ਹੱਥ ਵਿੱਚ ਹੈ।

ਕਈ ਕੋਟਿ ਪਾਤਾਲ ਕੇ ਵਾਸੀ॥ ਕਈ ਕੋਟਿ ਨਰਕ ਸੁਰਗ ਨਿਵਾਸੀ॥ ਕਈ ਕੋਟਿ ਜਨਮਹਿ ਜੀਵਹਿ ਮਰਹਿ॥ ਕਈ ਕੋਟਿ ਬਹੁ ਜੋਨੀ ਫਿਰਹਿ॥ ਕਈ ਕੋਟਿ ਬੈਠਤ ਹੀ ਖਾਹਿ॥ ਕਈ ਕੋਟਿ ਘਾਲਹਿ ਥਕਿ ਪਾਹਿ॥ ਕਈ ਕੋਟਿ ਕੀਏ ਧਨਵੰਤ॥ ਕਈ ਕੋਟਿ ਮਾਇਆ ਮਹਿ ਚਿੰਤ॥ ਜਹ ਜਹ ਭਾਣਾ ਤਹ ਤਹ ਰਾਖੇ॥ ਨਾਨਕ ਸਭੁ ਕਿਛੁ ਪ੍ਰਭ ਕੈ ਹਾਥੈ॥ ੫॥ (੨੭੬)

ਜਿਨ੍ਹਾਂ ਨੂੰ ਸਬਦ ਗੁਰੂ ਦੀ ਬਖਸ਼ਸ ਨਾਲ ਸੰਤ ਜਨਾਂ ਦੀ ਚਰਨ-ਧੂੜ ਪ੍ਰਾਪਤ ਹੋ ਗਈ, ਉਨ੍ਹਾਂ ਨੇ ਮਾਇਆ ਦੇ ਹੱਥੋਂ ਹਾਰ ਨਹੀਂ ਖਾਧੀ, ਉਨ੍ਹਾਂ ਦੇ ਕ੍ਰੋੜਾਂ ਜਨਮਾਂ ਦੇ ਗੇੜ ਮੁੱਕ ਗਏ, ਉਨ੍ਹਾਂ ਨੇ ਮੁਸ਼ਕਲ ਨਾਲ ਮਿਲੇ ਇਸ ਮਨੁੱਖਾ ਜਨਮ ਦੀ ਬਾਜ਼ੀ ਜਿੱਤ ਲਈ। ਜਿਨ੍ਹਾਂ ਵਡ-ਭਾਗੀ ਮਨੁੱਖਾਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਗਈ ਉਨ੍ਹਾਂ ਨੇ ਪੰਜਾਂ ਵਿਕਾਰਾਂ ਤੇ ਕਾਬੂ ਪਾ ਲਿਆ ਤੇ ਉਹ ਪਵਿਤ੍ਰ ਜੀਵਨ ਵਾਲੇ ਹੋ ਗਏ, ਤੇ ਬਾਰ ਬਾਰ ਆਤਮਿਕ ਮੌਤੇ ਮਰਨ ਤੋਂ ਬਚ ਗਏ।

ਆਸਾ ਮਹਲਾ ੫॥ ਕੋਟਿ ਜਨਮ ਕੇ ਰਹੇ ਭਵਾਰੇ॥ ਦੁਲਭ ਦੇਹ ਜੀਤੀ ਨਹੀ ਹਾਰੇ॥ ੧॥ ਕਿਲਬਿਖ ਬਿਨਾਸੇ ਦੁਖ ਦਰਦ ਦੂਰਿ॥ ਭਏ ਪੁਨੀਤ ਸੰਤਨ ਕੀ ਧੂਰਿ॥ ੧॥ ਰਹਾਉ॥ (੩੮੭)

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਮੇਰੇ ਮਨ ਵਿੱਚ ਤੇ ਮੇਰੇ ਹਿਰਦੇ ਵਿੱਚ ਸਦਾ ਅਕਾਲ ਪੁਰਖੁ ਦਾ ਹੀ ਆਸਰਾ ਹੈ, ਕਿਉਂਕਿ ਉਹ ਹੀ ਮਾਇਆ ਦੇ ਮੋਹ ਤੋਂ ਬਚਾਣ ਵਾਲਾ ਹੈ। ਉਹ ਇੱਕ ਅਕਾਲ ਪੁਰਖੁ ਹੀ ਹੈ ਜੋ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ। ਉਸ ਤੋਂ ਬਿਨਾ ਹੋਰ ਕੋਈ ਨਹੀਂ ਜੋ ਇਹ ਸਭ ਕੁੱਝ ਕਰਨ ਦੀ ਸਮਰਥਾ ਰੱਖਦਾ ਹੋਵੇ। ਅਨੇਕਾਂ ਜੂਨਾਂ ਦੇ ਦੁੱਖ ਸਹਾਰ ਕੇ, ਕ੍ਰੋੜਾਂ ਜਨਮਾਂ ਵਿੱਚ ਭਟਕ ਕੇ ਜੀਵ ਮਨੁੱਖਾ ਜਨਮ ਪ੍ਰਾਪਤ ਕਰਦਾ ਹੈ, ਪਰ ਇੱਥੇ ਇਸ ਨੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਭੁੱਲ ਜਾਂਦਾ ਹੈ, ਤੇ, ਜਿਸ ਦੀ ਇਸ ਨੂੰ ਬੜੀ ਸਜ਼ਾ ਮਿਲਦੀ ਹੈ। ਮਨੁੱਖ ਕੋਲ ਬੁਧੀ ਹੈ, ਸਭ ਤਰ੍ਹਾਂ ਦੇ ਸਾਧਨ ਹਨ, ਰਹਿਣ ਲਈ ਮਕਾਨ ਹਨ, ਖਾਣ ਲਈ ਅਨੇਕਾਂ ਪ੍ਰਕਾਰ ਦੇ ਭੋਜਨ ਹਨ, ਪਰੰਤੂ ਫਿਰ ਵੀ ਅਨੇਕਾਂ ਮਨੁੱਖ ਮਾਨਸਕ ਤੇ ਸਰੀਰਕ ਰੋਗਾਂ ਵਿੱਚ ਫਸੇ ਹੋਏ ਹਨ ਤੇ ਇਤਨਾਂ ਸਭ ਕੁੱਝ ਹੋਣ ਦੇ ਬਾਵਜੂਦ ਵੀ ਦੁਖੀ ਹਨ। ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਉਹ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਵਿੱਚ ਸੁਰਤਿ ਜੋੜਦੇ ਹਨ। ਸਬਦ ਗੁਰੂ ਦੁਆਰਾ ਆਪਣੇ ਵਿਕਾਂਰਾ ਤੇ ਕਾਬੂ ਪਾਣ ਦੀ ਜਾਚ ਸਿਖ ਲੈਂਦੇ ਹਨ। ਜੇਹੜੇ ਮਨੁੱਖ ਸਦਾ ਥਿਰ ਅਕਾਲ ਪੁਰਖੁ ਦੀ ਸਰਨ ਪਏ ਰਹਿੰਦੇ ਹਨ, ਉਨ੍ਹਾਂ ਦੇ ਪੂਰਨਿਆਂ ਤੇ ਤੁਰ ਕੇ ਅਸੀਂ ਵੀ ਮਾਇਆ ਦੇ ਮੋਹ ਦੇ ਜ਼ਹਿਰ ਤੋਂ ਬਚ ਸਕਦੇ ਹਾਂ।

ਮਨਿ ਤਨਿ ਤੇਰੀ ਟੇਕ ਹੈ ਪਿਆਰੇ ਮਨਿ ਤਨਿ ਤੇਰੀ ਟੇਕ॥ ਤੁਧੁ ਬਿਨੁ ਅਵਰੁ ਨ ਕਰਨਹਾਰੁ ਪਿਆਰੇ ਅੰਤਰਜਾਮੀ ਏਕ॥ ਰਹਾਉ॥ ਕੋਟਿ ਜਨਮ ਭ੍ਰਮਿ ਆਇਆ ਪਿਆਰੇ ਅਨਿਕ ਜੋਨਿ ਦੁਖੁ ਪਾਇ॥ ਸਾਚਾ ਸਾਹਿਬੁ ਵਿਸਰਿਆ ਪਿਆਰੇ ਬਹੁਤੀ ਮਿਲੈ ਸਜਾਇ॥ ਜਿਨ ਭੇਟੈ ਪੂਰਾ ਸਤਿਗੁਰੂ ਪਿਆਰੇ ਸੇ ਲਾਗੇ ਸਾਚੈ ਨਾਇ॥ ਤਿਨਾ ਪਿਛੈ ਛੁਟੀਐ ਪਿਆਰੇ ਜੋ ਸਾਚੀ ਸਰਣਾਇ॥ ੨॥ (੬੪੦, ੬੪੧)

ਇਸ ਲਈ ਇਹੋ ਜਿਹਾ ਨਾਮੁ ਦਾਨ ਮੰਗਣਾਂ ਚਾਹੀਦਾ ਹੈ, ਜੋ ਪੰਜ ਵੈਰੀਆਂ ਤੋਂ ਬਚਾ ਕੇ ਰੱਖੇ। ਇਹ ਜਿੰਦ ਹੰਕਾਰ ਵਿੱਚ ਮਸਤ ਰਹਿੰਦੀ ਹੈ, ਪੰਜ ਚੋਰਾਂ ਦੇ ਹੱਥੋਂ ਠੱਗੀ ਜਾਂਦੀ ਹੈ, ਉਨ੍ਹਾਂ ਪੰਜ ਵਿਕਾਰਾਂ ਵਿੱਚ ਫਸ ਕੇ ਉਨ੍ਹਾਂ ਦੇ ਹੀ ਨੇੜੇ ਟਿਕੀ ਰਹਿੰਦੀ ਹੈ। ਇਨ੍ਹਾਂ ਤੋਂ ਬਚਣ ਲਈ ਸੰਤ ਜਨਾਂ ਦੀ ਸ਼ਰਨ ਵਿੱਚ ਆਉਂਣ ਦੀ ਲੋੜ ਹੈ ਤੇ ਇਨ੍ਹਾਂ ਵਿਕਾਰਾਂ ਦੇ ਸਾਥ ਤੋਂ ਦੂਰ ਰਹਿਣ ਲਈ ਬੇਨਤੀ ਕਰਨੀ ਹੈ। ਇਨ੍ਹਾਂ ਪੰਜਾਂ ਵੈਰੀਆਂ ਦੇ ਪ੍ਰਭਾਵ ਹੇਠ ਰਹਿ ਕੇ ਮਨੁੱਖ ਦੀ ਜਿੰਦ ਕ੍ਰੋੜਾਂ ਜਨਮਾਂ ਤੇ ਜੂਨਾਂ ਵਿੱਚ ਭਟਕਦੀ ਰਹਿੰਦੀ ਹੈ। ਇਸ ਲਈ ਹੋਰ ਆਸਰੇ ਛੱਡ ਕੇ ਗੁਰੂ ਦੇ ਦਰ ਤੇ ਆਉਂਣਾ ਹੈ। ਜਿਸ ਮਨੁੱਖ ਉੱਤੇ ਅਕਾਲ ਪੁਰਖੁ ਦੀ ਮਿਹਰ ਹੁੰਦੀ ਹੈ, ਉਸ ਨੂੰ ਇਨ੍ਹਾਂ ਵੈਰੀਆਂ ਦਾ ਟਾਕਰਾ ਕਰਨ ਲਈ ਅਕਾਲ ਪੁਰਖੁ ਦੇ ਨਾਮੁ ਦਾ ਆਸਰਾ ਮਿਲ ਜਾਂਦਾ ਹੈ, ਉਨ੍ਹਾਂ ਦਾ ਇਹ ਦੁਰਲੱਭ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ। ਇਸ ਲਈ ਅਕਾਲ ਪੁਰਖੁ ਦੇ ਚਰਨਾਂ ਵਿੱਚ ਅਰਦਾਸ ਕਰਨੀ ਹੈ ਕਿ ਹੇ ਅਕਾਲ ਪੁਰਖੁ ਮੈਨੂੰ ਆਪਣੇ ਨਾਮੁ ਦਾ ਆਸਰਾ ਦੇ ਕੇ ਸੰਸਾਰ-ਸਮੁੰਦਰ ਤੋਂ ਪਾਰ ਲੰਘਾ ਲੈ।

ਕੋਟਿ ਜਨਮ ਜੋਨਿ ਭ੍ਰਮਿਓ ਹਾਰਿ ਪਰਿਓ ਦੁਆਰਿ॥ ੧॥ (੧੩੦੭)

ਅਕਾਲ ਪੁਰਖੁ ਦਾ ਨਾਮੁ ਗੁਰਬਾਣੀ ਦੁਆਰਾ ਯਾਦ ਕਰਨਾ ਹੈ, ਤਾਂ ਜੋ ਵਿਕਾਰਾਂ ਤੇ ਕਾਬੂ ਪਾਇਆ ਜਾ ਸਕੇ ਤੇ ਉੱਚਾ ਆਤਮਕ ਜੀਵਨ ਬਣ ਸਕੇ। ਅਨੇਕਾਂ ਕਿਸਮਾਂ ਦੇ ਕ੍ਰੋੜਾਂ ਜਨਮਾਂ ਵਿੱਚ ਭਟਕ ਕੇ ਇਹ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ, ਤੇ, ਇਥੇ ਵੱਡੀ ਕਿਸਮਤ ਨਾਲ ਸਬਦ ਗੁਰੂ ਦਾ ਸਾਥ ਮਿਲਦਾ ਹੈ। ਗੁਰੂ ਸਾਹਿਬ ਗੁਰਬਾਣੀ ਦੁਆਰਾ ਇਹੀ ਸਮਝਾਉਂਦੇ ਹਨ ਕਿ ਪੂਰੇ ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਅਨੇਕਾਂ ਜੂਨਾਂ ਤੋਂ ਪਾਰ ਉਤਾਰਾ ਨਹੀਂ ਹੋ ਸਕਦਾ ਹੈ।

ਕੋਟਿ ਜਨਮ ਭ੍ਰਮਿ ਭ੍ਰਮਿ ਭ੍ਰਮਿ ਆਇਓ॥ ਬਡੈ ਭਾਗਿ ਸਾਧਸੰਗੁ ਪਾਇਓ॥ ੧॥ ਬਿਨੁ ਗੁਰ ਪੂਰੇ ਨਾਹੀ ਉਧਾਰੁ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ॥ ੨॥ ੧੧॥ (੮੮੫, ੮੮੬)

ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਜੀਵ ਵਿਕਾਰਾਂ ਨਾਲ ਭਰਿਆ ਰਹਿੰਦਾ ਹੈ। ਪਰ ਜੀਵ ਦੇ ਵੀ ਕੀ ਵੱਸ? ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਨੇ ਆਪ ਹੀ ਇਸ ਨੂੰ ਕੁਰਾਹੇ ਪਾਇਆ ਹੋਇਆ ਹੈ, ਜੀਵ ਮਾਇਆ ਤੇ ਵਿਸ਼ਿਆਂ ਵਿਕਾਰਾਂ ਦੀ ਠਗ ਬੂਟੀ ਘੋਟ ਘੋਟ ਕੇ ਪੀਂਦਾ ਰਹਿੰਦਾ ਹੈ। ਅਕਾਲ ਪੁਰਖੁ ਨਾਲੋਂ ਟੁੱਟਾ ਹੋਇਆ ਮਨੁੱਖ ਜੀਵਨ ਦਾ ਸਹੀ ਰਸਤਾ ਨਹੀਂ ਲੱਭ ਸਕਦਾ ਹੈ, ਇਸ ਲਈ ਉਹ ਕਈ ਤਰੀਕਿਆਂ ਨਾਲ ਕ੍ਰੋੜਾਂ ਜਨਮਾਂ ਵਿੱਚ ਭਟਕਦਾ ਰਹਿੰਦਾ ਹੈ, ਤੇ ਕਿਤੇ ਵੀ ਇਸ ਜਨਮ ਮਰਨ ਦੇ ਗੇੜ ਵਿਚੋਂ ਇਸ ਨੂੰ ਟਿਕਾ ਨਹੀਂ ਮਿਲਦਾ ਹੈ। ਸੱਚ ਦਾ ਮਾਰਗ ਦੱਸਣ ਵਾਲਾ ਤੇ ਆਤਮਕ ਅਡੋਲਤਾ ਵਿੱਚ ਅਪੜਾਣ ਵਾਲਾ ਪੂਰਾ ਗੁਰੂ ਇਸ ਨੂੰ ਨਹੀਂ ਮਿਲਦਾ, ਇਸ ਲਈ ਅਕਾਲ ਪੁਰਖੁ ਨਾਲੋਂ ਟੁੱਟਾ ਹੋਇਆ ਮਨੁੱਖ ਸਦਾ ਜੰਮਦਾ ਮਰਦਾ ਰਹਿੰਦਾ ਹੈ।

ਕੋਟਿ ਜਨਮ ਭ੍ਰਮਤੌ ਬਹੁ ਭਾਂਤੀ ਥਿਤਿ ਨਹੀ ਕਤਹੂ ਪਾਈ॥ ਪੂਰਾ ਸਤਿਗੁਰੁ ਸਹਜਿ ਨ ਭੇਟਿਆ ਸਾਕਤੁ ਆਵੈ ਜਾਈ॥ ੧॥ (੧੨੨੪)

ਗੁਰੂ ਸਾਹਿਬ ਸਮਝਾਉਂਦੇ ਹਨ ਕਿ ਐ ਮਨੁੱਖ ਤੂੰ ਉਸ ਅਕਾਲ ਪੁਰਖੁ ਦੀ ਯਾਦ ਵਲੋਂ ਕਿਉਂ ਮੂੰਹ ਮੋੜੀ ਬੈਠਾ ਹੈਂ, ਜਿਸ ਨੇ ਤੈਨੂੰ ਜਿੰਦ ਦਿੱਤੀ, ਜਿਸ ਨੇ ਤੈਨੂੰ ਇਹ ਸਰੀਰ ਦਿੱਤਾ। ਯਾਦ ਰੱਖ, ਜੇ ਕਰ ਹੁਣ ਇਹ ਸਮਾਂ ਵਿਅਰਥ ਚਲਾ ਗਿਆ ਤਾਂ ਫਿਰ ਕ੍ਰੋੜਾਂ ਜਨਮਾਂ ਵਿੱਚ ਅਨੇਕਾਂ ਜੂਨਾਂ ਵਿੱਚ ਭਟਕਦਾ ਫਿਰੇਂਗਾ। ਜੇਹੜਾ ਮਨੁੱਖ ਅਕਾਲ ਪੁਰਖੁ ਦੀਆਂ ਬਖ਼ਸ਼ੀਆਂ ਦਾਤਾਂ ਖਾਂਦਾ ਰਹਿੰਦਾ ਹੈ, ਪਹਿਨਦਾ ਰਹਿੰਦਾ ਹੈ ਤੇ ਇਸ ਗੱਲੋਂ ਮੁਕਰਿਆ ਰਹਿੰਦਾ ਹੈ ਕਿ ਇਹ ਅਕਾਲ ਪੁਰਖੁ ਨੇ ਦਿੱਤੀਆਂ ਹਨ, ਉਹ ਮਨੁੱਖ ਸਦਾ ਆਤਮਕ ਮੌਤੇ ਮਰਿਆ ਰਹਿੰਦਾ ਹੈ। ਅਕਾਲ ਪੁਰਖੁ ਨਾਲੋਂ ਟੁੱਟੇ ਤੇ ਮਾਇਆ ਦੇ ਮੋਹ ਵਿੱਚ ਫਸੇ ਮਨੁੱਖ ਦੀ ਜੀਵਨ ਮਰਯਾਦਾ ਹੀ ਐਸੀ ਹੈ, ਕਿ ਉਹ ਜੋ ਕੁੱਝ ਕਰਦਾ ਹੈ, ਸਾਰਾ ਬੇ ਮੁਖ ਹੋਣ ਵਾਲਾ ਕੰਮ ਹੀ ਕਰਦਾ ਹੈ। ਜਿਸ ਅਕਾਲ ਪੁਰਖੁ ਨੇ ਜੀਵ ਦੀ ਜਿੰਦ, ਮਨ ਤੇ ਸਰੀਰ ਨੂੰ ਆਪਣੀ ਜੋਤਿ ਦਾ ਸਹਾਰਾ ਦਿੱਤਾ ਹੋਇਆ ਹੈ, ਉਸ ਪਾਲਣਹਾਰ ਅਕਾਲ ਪੁਰਖੁ ਨੂੰ ਸਾਕਤ ਮਨੁੱਖ ਆਪਣੇ ਮਨ ਵਿਚੋਂ ਭੁਲਾਈ ਰੱਖਦਾ ਹੈ। ਇਸ ਤਰ੍ਹਾਂ, ਉਸ ਸਾਕਤ ਮਨੁੱਖ ਦੇ ਵਿਕਾਰ ਵਧਦੇ ਜਾਂਦੇ ਹਨ। ਇਸ ਲਈ ਬੇਨਤੀ ਕਰਨੀ ਹੈ ਕਿ ਹੇ ਅਕਾਲ ਪੁਰਖੁ ਸਾਨੂੰ ਜੀਵਾਂ ਨੂੰ ਵਿਕਾਰਾਂ ਤੋਂ ਬਚਾ ਕੇ ਰੱਖ। ਜੇਹੜੇ ਮਨੁੱਖ ਅਕਾਲ ਪੁਰਖੁ ਦੀ ਮਿਹਰ ਨਾਲ ਉਸ ਦੀ ਸ਼ਰਨ ਵਿੱਚ ਆਉਂਦੇ ਹਨ, ਉਹ ਹਰਿ ਨਾਮੁ ਦੀ ਬਰਕਤ ਨਾਲ ਆਪਣੇ ਮਾਇਆ ਦੇ ਬੰਧਨ ਕੱਟ ਕੇ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਤਿਸੁ ਸਿਉ ਬੇਮੁਖੁ ਜਿਨਿ ਜੀਉ ਪਿੰਡੁ ਦੀਨਾ॥ ਕੋਟਿ ਜਨਮ ਭਰਮਹਿ ਬਹੁ ਜੂਨਾ॥ ੧॥ ਰਹਾਉ॥ ਸਾਕਤ ਕੀ ਐਸੀ ਹੈ ਰੀਤਿ॥ ਜੋ ਕਿਛੁ ਕਰੈ ਸਗਲ ਬਿਪਰੀਤਿ॥ ੨॥ (੧੯੫)

ਅਕਾਲ ਪੁਰਖੁ ਦੀ ਉੱਚੀ ਆਤਮਕ ਅਵਸਥਾ ਅਪਹੁੰਚ ਹੈ ਤੇ ਬੇਅੰਤ ਹੈ। ਵੱਡੇ ਵੱਡੇ ਪਾਪੀਆਂ ਨੂੰ ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘਾਂਦਾ ਆ ਰਿਹਾ ਹੈ। ਜਿਹੜੇ ਜੀਵ ਕ੍ਰੋੜਾਂ ਜਨਮਾਂ ਤੇ ਜੂਨਾਂ ਵਿੱਚ ਭਟਕਦੇ ਫਿਰਦੇ ਰਹਿੰਦੇ ਸਨ, ਉਹ ਅਕਾਲ ਪੁਰਖੁ ਦਾ ਨਾਮੁ ਯਾਦ ਕਰਨ ਨਾਲ ਕਈ ਜੂਨਾਂ ਦੇ ਗੇੜਾਂ ਵਿਚੋਂ ਪਾਰ ਲੰਘ ਜਾਂਦੇ ਹਨ। ਇਸ ਲਈ ਅਕਾਲ ਪੁਰਖੁ ਦੇ ਦਰਸ਼ਨਾ ਦੀ ਤਾਂਘ ਮਨ ਵਿੱਚ ਪੈਦਾ ਕਰੋ ਤੇ ਉਸ ਨੂੰ ਆਪਣਾ ਬਣਾਉਣ ਲਈ ਸਦਾ ਬੇਨਤੀ ਕਰਦੇ ਰਹੋ, ਕਿ ਸਾਨੂੰ ਬਖਸ਼ ਦਿਉ ਤੇ ਜੀਵਨ ਦੇ ਸਹੀ ਰਸਤੇ ਤੇ ਚਲਣ ਦਾ ਮਰਗ ਦਰਸ਼ਨ ਕਰੋ।

ਕੋਟਿ ਜਨਮ ਭ੍ਰਮੰਤ ਜੋਨੀ ਤੇ ਨਾਮ ਸਿਮਰਤ ਤਾਰੇ॥ ਨਾਨਕ ਦਰਸ ਪਿਆਸ ਹਰਿ ਜੀਉ ਆਪਿ ਲੇਹੁ ਸਮਾੑਰੇ॥ ੨॥ (੧੨੭੮)

ਸ੍ਰਿਸ਼ਟੀ ਦੇ ਪਾਲਣਹਾਰ ਅਕਾਲ ਪੁਰਖੁ ਅੱਗੇ ਬੇਨਤੀ ਕਰਨੀ ਹੈ ਕਿ ਮੈਂ ਤੇਰੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ, ਮੇਰੇ ਅੰਦਰੋਂ ਮੋਹ, ਹੰਕਾਰ, ਠੱਗੀ, ਭਟਕਣਾ ਆਦਿ ਦੀਆਂ ਫਾਹੀਆਂ ਕੱਟ ਕੇ ਮੇਰੀ ਰੱਖਿਆ ਕਰੋ। ਅਕਾਲ ਪੁਰਖੁ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ ਉਨ੍ਹਾਂ ਨੂੰ ਦੁਖਾਂ ਦੇ ਸਮੁੰਦਰ ਵਿਚੋਂ ਪਾਰ ਲੰਘਾਣ ਵਾਲਾ ਹੈ। ਅਕਾਲ ਪੁਰਖੁ ਦਇਆ ਦਾ ਖ਼ਜ਼ਾਨਾ ਹੈ, ਵਿਕਾਰੀਆਂ ਨੂੰ ਵਿਕਾਰਾਂ ਵਿਚੋਂ ਬਚਾਣ ਵਾਲਾ ਹੈ। ਮਨੁੱਖ ਕ੍ਰੋੜਾਂ ਜਨਮਾਂ ਦੇ ਦੁੱਖ ਸਹਾਰ ਕੇ ਇਹ ਮਨੁੱਖਾ ਜਨਮ ਪ੍ਰਾਪਤ ਕਰਦਾ ਹੈ, ਪਰ ਸੁਖੀ ਉਹੀ ਹੈ ਜਿਸ ਨੇ ਆਪਣੇ ਹਿਰਦੇ ਵਿੱਚ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦਾ ਦੱਸਿਆ ਨਾਮੁ ਦ੍ਰਿੜ ਕਰ ਲਿਆ ਹੈ।

ਕੋਟਿ ਜਨਮ ਦੂਖ ਕਰਿ ਪਾਇਓ॥ ਸੁਖੀ ਨਾਨਕ ਗੁਰਿ ਨਾਮੁ ਦ੍ਰਿੜਾਇਓ॥ ੪॥ ੬॥ ੧੭॥ (੧੩੦੧)

ਜੇ ਕੋਈ ਮਨੁੱਖ ਗੁਰੂ ਵਲੋਂ ਆਪਣਾ ਮੂੰਹ ਮੋੜ ਲਏ ਤਾਂ ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ, ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ। ਗੁਰੂ ਸਾਹਿਬ ਫਿਰ ਦੁਬਾਰਾ ਸਮਝਾਉਂਦੇ ਹਨ ਕਿ ਬੇਸ਼ੱਕ ਕਿਸੇ ਵਿਚਾਰਵਾਨ ਤੋਂ ਜਾ ਕੇ ਪੁੱਛ ਲਵੋ ਤੇ ਤਸੱਲੀ ਕਰ ਲਵੋ, ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ ਕਿਸੇ ਵੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ। ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ ਅਨੇਕਾਂ ਜੂਨਾਂ ਵਿੱਚ ਭਟਕਦਾ ਰਹਿੰਦਾ ਹੈ, ਗੁਰੂ ਦੀ ਸਰਨ ਵਿੱਚ ਆਉਣ ਤੋਂ ਬਿਨਾ ਇਸ ਨੂੰ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ। ਆਖ਼ਰ ਸਬਦ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ, ਕਿਉਂਕਿ ਗੁਰੂ ਹੀ ਜੀਵਨ ਦੇ ਸਹੀ ਮਾਰਗ ਦਾ ਉਪਦੇਸ਼ ਸੁਣਾਂਦਾ ਹੈ। ਇਹ ਭਾਂਵੇ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਵੇਖ ਲਵੋ, ਸਬਦ ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ। ਮਾਇਆ ਦਾ ਮੋਹ ਤੇ ਆਤਮਕ ਆਨੰਦ, ਇਹ ਦੋਵੇਂ ਇਕੋ ਹਿਰਦੇ ਵਿੱਚ ਇਕੱਠੇ ਨਹੀਂ ਵਸ ਸਕਦੇ ਹਨ। ਮਾਇਆ ਦੇ ਮੋਹ ਤੋਂ ਖ਼ਲਾਸੀ ਉਦੋਂ ਮਿਲਦੀ ਹੈ, ਜਦੋਂ ਮਨੁੱਖ ਸਬਦ ਗੁਰੂ ਦੀ ਸਰਨ ਵਿੱਚ ਪੈਂਦਾ ਹੈ, ਤਾਂ ਫਿਰ ਗੁਰੂ ਮਨੁੱਖ ਨੂੰ ਜੀਵਨ ਦਾ ਸਹੀ ਰਸਤਾ ਦੱਸਦਾ ਹੈ।

ਜੇ ਕੋ ਗੁਰ ਤੇ ਵੇਮੁਖੁ ਹੋਵੈ ਬਿਨੁ ਸਤਿਗੁਰ ਮੁਕਤਿ ਨ ਪਾਵੈ॥ ਪਾਵੈ ਮੁਕਤਿ ਨ ਹੋਰ ਥੈ ਕੋਈ ਪੁਛਹੁ ਬਿਬੇਕੀਆ ਜਾਏ॥ ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ ਵਿਣੁ ਸਤਿਗੁਰ ਮੁਕਤਿ ਨ ਪਾਏ॥ ੨੨॥ (੯੨੦)

ਗੁਰੂ ਸਾਹਿਬ ਜੀਵਨ ਨੂੰ ਸੇਧ ਦੇਣ ਲਈ ਸਮਝਾਉਂਦੇ ਹਨ, ਕਿ ਆਪਣੇ ਮਨ ਵਿੱਚ ਅਕਾਲ ਪੁਰਖੁ ਦੇ ਚਰਨਾਂ ਦਾ ਧਿਆਨ ਧਰਨਾ ਹੀ ਸਾਰੇ ਤੀਰਥਾਂ ਦਾ ਇਸ਼ਨਾਨ ਹੈ। ਅਕਾਲ ਪੁਰਖੁ ਨੂੰ ਸਦਾ ਯਾਦ ਕਰਨਾ ਚਾਹੀਦਾ ਹੈ, ਤੇ ਜੇਹੜਾ ਮਨੁੱਖ ਅਕਾਲ ਪੁਰਖੁ ਨੂੰ ਹਮੇਸ਼ਾਂ ਆਪਣੇ ਧਿਆਨ ਵਿੱਚ ਰੱਖਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ। ਜੇਹੜਾ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਆਪਣੇ ਹਿਰਦੇ ਵਿੱਚ ਵਸਾਂਦਾ ਹੈ, ਉਹ ਮਨ ਚਾਹੇ ਫਲ ਪ੍ਰਾਪਤ ਕਰ ਲੈਂਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿੱਚ ਅਕਾਲ ਪੁਰਖੁ ਆ ਵੱਸਦਾ ਹੈ, ਉਸ ਮਨੁੱਖ ਦਾ ਸਾਰਾ ਜੀਵਨ, ਜਨਮ ਤੋਂ ਲੈ ਕੇ ਮੌਤ ਤਕ, ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਕਬੂਲ ਹੋ ਜਾਂਦਾ ਹੈ। ਅਸਲ ਵਿੱਚ ਉਹੀ ਮਨੁੱਖ ਪੂਰੇ ਹਨ, ਤੇ ਸਫਲ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਨੂੰ ਗੁਰੂ ਦੇ ਚਰਨਾਂ ਦੀ ਧੂੜ ਮਿਲ ਜਾਂਦੀ ਹੈ।

ਹਰਿ ਦਿਨੁ ਹਰਿ ਸਿਮਰਨੁ ਮੇਰੇ ਭਾਈ॥ ਕੋਟਿ ਜਨਮ ਕੀ ਮਲੁ ਲਹਿ ਜਾਈ॥ ੧॥ ਰਹਾਉ॥ (੧੯੫)

ਅਕਾਲ ਪੁਰਖੁ ਦੇ ਨਾਮੁ ਰੂਪੀ ਸਰੋਵਰ ਵਿੱਚ ਸਦਾ ਇਸ਼ਨਾਨ ਕਰਨਾ ਚਾਹੀਦਾ ਹੈ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਦਾ ਰਸ ਸਭ ਤੋਂ ਸ੍ਰੇਸ਼ਟ ਰਸ ਹੈ। ਅਕਾਲ ਪੁਰਖੁ ਦੇ ਨਾਮੁ ਰਸ ਗੁਰਬਾਣੀ ਦੁਆਰਾ ਬੜੇ ਪ੍ਰੇਮ ਨਾਲ ਪੀਣਾ ਚਾਹੀਦਾ ਹੈ, ਤਾਂ ਜੋ ਆਤਮਕ ਆਨੰਦ ਪ੍ਰਾਪਤ ਕੀਤਾ ਜਾ ਸਕੇ। ਅਕਾਲ ਪੁਰਖੁ ਦਾ ਨਾਮੁ ਇੱਕ ਅਜੇਹਾ ਪਵਿਤ੍ਰ ਜਲ ਹੈ, ਜਿਸ ਵਿੱਚ ਇਸ਼ਨਾਨ ਕਰਨ ਨਾਲ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਸਾਰੀਆਂ ਵਾਸ਼ਨਾਂ ਮੁੱਕ ਜਾਂਦੀਆਂ ਹਨ। ਸਬਦ ਗੁਰੂ ਗਰੰਥ ਸਾਹਿਬ ਦੀ ਸੰਗਤ ਕਰਨੀ ਚਾਹੀਦੀ ਹੈ। ਗੁਰਬਾਣੀ ਵੀਚਾਰ ਦੁਆਰਾ ਹਰਿ ਦੇ ਨਾਮੁ ਰੂਪੀ ਜਲ ਵਿੱਚ ਚੁੱਭੀ ਲਾਉਂਣ ਨਾਲ ਅਕਾਲ ਪੁਰਖੁ ਨਾਲ ਮਿਲਾਪ ਹੋ ਜਾਂਦਾ ਹੈ ਤੇ, ਮਨੁੱਖ ਆਪਣੇ ਕ੍ਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਦੂਰ ਕਰ ਲੈਂਦਾ ਹੈ ਤੇ ਜੀਵਨ ਵਿੱਚ ਆਤਮਕ ਆਨੰਦ ਮਾਣਦਾ ਰਹਿੰਦਾ ਹੈ।

ਸੰਤਸੰਗਿ ਤਹ ਗੋਸਟਿ ਹੋਇ॥ ਕੋਟਿ ਜਨਮ ਕੇ ਕਿਲਵਿਖ ਖੋਇ॥ ੨॥ (੧੯੮, ੧੯੯)

ਜੇਹੜੇ ਮਨੁੱਖ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਸੁਣਦੇ ਹਨ, ਉਨ੍ਹਾਂ ਦੇ ਅੰਦਰੋਂ ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ, ਤੇ ਸਬਦ ਗੁਰੂ ਅਨੁਸਾਰ ਦੱਸੀ ਸੇਵਾ ਕਰਨ ਨਾਲ ਉਨ੍ਹਾਂ ਦੇ ਅਨੇਕਾਂ ਹੀ ਪਾਪ ਕੱਟੇ ਜਾਂਦੇ ਹਨ। ਉਨ੍ਹਾਂ ਦੇ ਮਨ ਪਵਿਤ੍ਰ ਹੋ ਜਾਂਦੇ ਹਨ, ਤੇ ਬੜਾ ਅਨੰਦ ਪ੍ਰਾਪਤ ਹੁੰਦਾ ਹੈ, ਮਨੁੱਖ ਅਡੋਲ ਅਵਸਥਾ ਵਿੱਚ ਰਹਿੰਦਾ ਹੈ ਤੇ ਜੀਵਨ ਵਿੱਚ ਸੁਖ ਪ੍ਰਾਪਤ ਕਰਦਾ ਹੈ। ਜਿਨ੍ਹਾਂ ਮਨੁੱਖਾਂ ਨੇ ਪੂਰੇ ਗੁਰੂ ਦੇ ਚਰਨ ਫੜ ਲਏ ਹਨ, ਉਨ੍ਹਾਂ ਦੇ ਪਿਛਲੇ ਕ੍ਰੋੜਾਂ ਜਨਮਾਂ ਦੇ ਕੀਤੇ ਪਾਪ ਲਹਿ ਜਾਂਦੇ ਹਨ ਤੇ ਉਨ੍ਹਾਂ ਦਾ ਇਹ ਕੀਮਤੀ ਮਨੁੱਖਾ ਜਨਮ ਸਫਲ ਹੋ ਜਾਂਦਾ ਹੈ।

ਗੁਰ ਪੂਰੇ ਕੇ ਚਰਣ ਗਹੇ॥ ਕੋਟਿ ਜਨਮ ਕੇ ਪਾਪ ਲਹੇ॥ ੩॥ (੩੮੭)

ਹੰਕਾਰ ਇੱਕ ਬੜਾ ਲੰਮਾ ਰੋਗ ਹੈ, ਮਾਇਆ ਨਾਲ ਡੂੰਘਾ ਪਿਆਰ ਬੜਾ ਪੁਰਾਣਾ ਰੋਗ ਹੈ, ਇਨ੍ਹਾਂ ਰੋਗਾਂ ਤੋਂ ਉਸ ਵਡਭਾਗੀ ਮਨੁੱਖ ਨੂੰ ਹੀ ਖ਼ਲਾਸੀ ਮਿਲਦੀ ਹੈ, ਜਿਸ ਨੂੰ ਗੁਰੂ ਨੇ ਅਕਾਲ ਪੁਰਖੁ ਦਾ ਨਾਮੁ ਰੂਪੀ ਦਾਰੂ ਦੇ ਦਿੱਤਾ। ਮਾਇਕ ਪਦਾਰਥਾਂ ਦੀ ਆਸ ਜੀਵ ਵਾਸਤੇ ਆਤਮਕ ਮੌਤ ਦਾ ਜਾਲ ਖਿਲਾਰੀ ਰੱਖਦੀ ਹੈ, ਇਸ ਲਈ ਆਪਣੇ ਮਨ ਤੇ ਹਿਰਦੇ ਵਿਚ, ਅਕਾਲ ਪੁਰਖੁ ਦੇ ਸੇਵਕਾਂ ਦੀ ਚਰਨ-ਧੂੜ ਦੀ ਪ੍ਰਾਪਤੀ ਲਈ ਬੇਨਤੀ ਕਰਦੇ ਰਹਿਣਾ ਚਾਹੀਦਾ ਹੈ। ਅਕਾਲ ਪੁਰਖੁ ਦੇ ਚਰਨਾਂ ਵਿੱਚ ਅਰਦਾਸ ਕਰਨੀ ਚਾਹੀਦੀ ਹੈ, ਕਿਉਂਕਿ ਗੁਰਮੁਖਾਂ ਦੀ ਸੰਗਤ ਨਾਲ ਚੰਗੇ ਗੁਣ ਪੈਦਾ ਹੁੰਦੇ ਹਨ, ਜਿਸ ਸਦਕਾ ਕ੍ਰੋੜਾਂ ਜਨਮਾਂ ਦੇ ਪਾਪ ਲਹਿ ਜਾਂਦੇ ਹਨ। ਗੁਰੂ ਦੇ ਦਿੱਤੇ ਗਿਆਨ ਤੇ ਆਤਮਕ ਜੀਵਨ ਬਾਰੇ ਸਹੀ ਸੂਝ ਨਾਲ ਆਤਮਕ ਮੌਤ ਦਾ ਇਹ ਜਾਲ ਕੱਟਿਆ ਜਾ ਸਕਦਾ ਹੈ।

ਮਨਿ ਤਨਿ ਬਾਛੀਐ ਜਨ ਧੂਰਿ॥ ਕੋਟਿ ਜਨਮ ਕੇ ਲਹਹਿ ਪਾਤਿਕ ਗੋਬਿੰਦ ਲੋਚਾ ਪੂਰਿ॥ ੧॥ ਰਹਾਉ॥ (੫੦੨)

ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਯਾਦ ਕਰਨ ਨਾਲ ਮਨ ਦਾ ਸੁਖ ਇਤਨਾ ਉੱਚਾ ਹੋ ਜਾਂਦਾ ਹੈ, ਕਿ ਇਉਂ ਜਾਪਦਾ ਹੈ, ਜਿਵੇਂ ਮਨ ਕ੍ਰੋੜਾਂ ਆਨੰਦ ਮਾਣ ਰਿਹਾ ਹੈ, ਕ੍ਰੋੜਾਂ ਬਾਦਸ਼ਾਹੀਆਂ ਦਾ ਸੁਖ ਮਾਣ ਰਿਹਾ ਹੈ। ਅਕਾਲ ਪੁਰਖੁ ਦਾ ਨਾਮੁ ਯਾਦ ਕਰਨ ਨਾਲ ਤਨ ਮਨ ਪਵਿਤ੍ਰ ਹੋ ਜਾਂਦੇ ਹਨ, ਤੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ। ਕ੍ਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਹਨ ਤੇ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਦਰਸਨ ਕਰਨ ਨਾਲ ਮਾਇਆ ਦੀ ਭੁੱਖ ਦੂਰ ਹੋ ਜਾਂਦੀ ਹੈ ਤੇ ਮਨ ਦੀ ਹਰੇਕ ਮੁਰਾਦ ਪੂਰੀ ਹੋ ਜਾਂਦੀ ਹੈ।

ਕੋਟਿ ਜਨਮ ਕੇ ਕਿਲਬਿਖ ਨਾਸਹਿ ਸਿਮਰਤ ਪਾਵਨ ਤਨ ਮਨ ਸੁਖ॥ ਦੇਖਿ ਸਰੂਪੁ ਪੂਰਨੁ ਭਈ ਆਸਾ ਦਰਸਨੁ ਭੇਟਤ ਉਤਰੀ ਭੁਖ॥ ੧॥ (੭੧੭)

ਅਕਾਲ ਪੁਰਖੁ ਆਪਣੇ ਸੇਵਕਾਂ ਦੀ ਸਦਾ ਰੱਖਿਆ ਕਰਦਾ ਹੈ, ਤੇ ਆਪਣੀ ਮੇਹਰ ਸਦਕਾ ਆਪਣੇ ਸੇਵਕਾਂ ਨੂੰ ਨਾਮੁ ਦੀ ਦਾਤ ਬਖ਼ਸ਼ਦਾ ਹੈ, ਜਿਸ ਸਦਕਾ ਉਨ੍ਹਾਂ ਦੇ ਸਾਰੇ ਚਿੰਤਾ, ਫ਼ਿਕਰ, ਦੁੱਖ ਤੇ ਕਲੇਸ਼ ਨਾਸ ਹੋ ਜਾਂਦੇ ਹਨ। ਇਸ ਲਈ ਸਾਰੇ ਰਲ ਕੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰੋ, ਆਪਣੀ ਰਸਨਾ ਰਾਹੀਂ ਸੋਹਣੇ ਰਾਗਾਂ ਦੁਆਰਾ ਉਸ ਦੇ ਗੁਣਾਂ ਦਾ ਉਚਾਰਣ ਕਰੋ ਤੇ ਗੁਰਬਾਣੀ ਨੂੰ ਆਪਣੇ ਜੀਵਨ ਦਾ ਹਿਸਾ ਬਣਾ ਲਉ। ਜੇਹੜੇ ਮਨੁੱਖ ਅਕਾਲ ਪੁਰਖੁ ਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਨ੍ਹਾਂ ਦੀ ਕ੍ਰੋੜਾਂ ਜਨਮਾਂ ਦੀ ਮਾਇਆ ਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਸ੍ਰੇਸ਼ਟ ਨਾਮੁ ਰਸ ਦੀ ਬਰਕਤ ਨਾਲ ਉਨ੍ਹਾਂ ਦਾ ਮਨ ਰੱਜ ਜਾਂਦਾ ਹੈ, ਉਨ੍ਹਾਂ ਦੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ ਤੇ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘ ਜਾਂਦੇ ਹਨ।

ਗੁਣ ਗੋਵਿੰਦ ਗਾਵਹੁ ਸਭਿ ਹਰਿ ਜਨ ਰਾਗ ਰਤਨ ਰਸਨਾ ਆਲਾਪ॥ ਕੋਟਿ ਜਨਮ ਕੀ ਤ੍ਰਿਸਨਾ ਨਿਵਰੀ ਰਾਮ ਰਸਾਇਣਿ ਆਤਮ ਧ੍ਰਾਪ॥ ੧॥ (੮੨੧)

ਅਕਾਲ ਪੁਰਖੁ ਦਾ ਨਾਮੁ ਜੀਵਾਂ ਨੂੰ ਇਸ ਸੰਸਾਰ ਸਮੁੰਦਰ ਵਿਚੋਂ ਪਾਰ ਲੰਘਾਣ ਲਈ ਜਹਾਜ਼ ਹੈ। ਇਸ ਲਈ ਅਕਾਲ ਪੁਰਖੁ ਦਾ ਨਾਮੁ ਜਪਣਾ ਹੀ ਪੂਰੇ ਗੁਰੂ ਦੀ ਪਵਿੱਤਰ ਜੀਵਨ ਮਰਯਾਦਾ ਹੈ, ਜਿਹੜਾ ਮਨੁੱਖ ਇਹ ਮਰਯਾਦਾ ਧਾਰਨ ਕਰਦਾ ਹੈ, ਉਸ ਦਾ ਪਿਆਰ ਅਕਾਲ ਪੁਰਖੁ ਦੇ ਸੋਹਣੇ ਚਰਨਾਂ ਨਾਲ ਬਣ ਜਾਂਦਾ ਹੈ। ਹਮੇਸ਼ਾਂ ਅਕਾਲ ਪੁਰਖੁ ਦਾ ਨਾਮੁ ਯਾਦ ਰੱਖਣ ਨਾਲ ਡਰ-ਰਹਿਤ ਅਕਾਲ ਪੁਰਖੁ, ਮਨੁੱਖ ਦੇ ਮਨ ਵਿੱਚ ਵੱਸ ਜਾਂਦਾ ਹੈ, ਤੇ ਅਜੇਹੇ ਭਗਤੀ ਕਰਨ ਵਾਲੇ ਬੰਦੇ ਅਕਾਲ ਪੁਰਖੁ ਦੇ ਦਰ ਤੇ ਸੋਭਾ ਪਾਂਦੇ ਹਨ। ਭਗਤੀ ਸਦਕਾ ਉਨ੍ਹਾਂ ਦੇ ਪਹਿਲੇ ਕ੍ਰੋੜਾਂ ਜਨਮਾਂ ਦੇ ਮਾਇਆ ਦੇ ਬੰਧਨ ਕੱਟੇ ਜਾਂਦੇ ਹਨ। ਜੀਵ ਦਾ ਇਸ ਜਗਤ ਵਿੱਚ ਆਉਂਣ ਦਾ ਮੰਤਵ ਸਿਰਫ ਅਕਾਲ ਪੁਰਖੁ ਦੇ ਨਾਮੁ ਧਨ ਦਾ ਵਾਪਾਰ ਕਰਨਾ ਹੀ ਹੈ। ਅਕਾਲ ਪੁਰਖੁ ਦੀ ਭਗਤੀ ਕਰਨ ਵਾਲੇ ਬੰਦੇ ਸਦਾ ਕਾਇਮ ਰਹਿਣ ਵਾਲੇ ਨਾਮੁ ਧਨ ਦਾ ਨਫ਼ਾ ਖੱਟ ਲੈਂਦੇ ਹਨ, ਉਨ੍ਹਾਂ ਪਾਸ ਇਸ ਨਾਮੁ ਧਨ ਦੇ ਕਦੇ ਨਾ ਮੁੱਕਣ ਵਾਲੇ ਖ਼ਜ਼ਾਨੇ ਭਰ ਜਾਂਦੇ ਹਨ, ਤੇ ਜੀਵਨ ਵਿੱਚ ਕਦੇ ਘਾਟਾ ਨਹੀਂ ਪੈਂਦਾ।

ਕੋਟਿ ਜਨਮ ਕੇ ਕਾਟੇ ਫਾਹੇ॥ ਪਾਇਆ ਲਾਭੁ ਸਚਾ ਧਨੁ ਲਾਹੇ॥ ਤੋਟਿ ਨ ਆਵੈ ਅਖੁਟ ਭੰਡਾਰ॥ ਨਾਨਕ ਭਗਤ ਸੋਹਹਿ ਹਰਿ ਦੁਆਰ॥ ੪॥ ੨੩॥ ੩੪॥ (੮੯੩)

ਅਕਾਲ ਪੁਰਖੁ ਦਾ ਨਾਮੁ ਜਪਣ ਸਦਕਾ ਕੋਈ ਦੁੱਖ-ਕਲੇਸ਼ ਪੋਹ ਨਹੀਂ ਸਕਦਾ, ਪਿਛਲੇ ਕ੍ਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਵੀ ਨਾਸ ਹੋ ਜਾਂਦੇ ਹਨ। ਜਿਸ ਮਨੁੱਖ ਦੇ ਮਨ ਵਿੱਚ ਗੁਰੂ ਦੇ ਸੋਹਣੇ ਚਰਨ ਆ ਵੱਸਦੇ ਹਨ, ਉਸ ਦੇ ਸਰੀਰ ਵਿਚੋਂ ਵੱਡੇ ਵੱਡੇ ਵਿਕਾਰ ਵੀ ਨੱਸ ਜਾਂਦੇ ਹਨ। ਇਸ ਲਈ ਸ੍ਰਿਸ਼ਟੀ ਦੇ ਪਾਲਣਹਾਰ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਨੇ ਚਾਹੀਦੇ ਹਨ। ਜਿਹੜਾ ਮਨੁੱਖ ਸਰਬ ਵਿਆਪਕ ਅਕਾਲ ਪੁਰਖੁ ਦੀ ਸਦਾ ਕਾਇਮ ਰਹਿਣ ਵਾਲੀ ਤੇ ਨਾ ਖਤਮ ਹੋਣ ਵਾਲੀ ਸਿਫ਼ਤਿ ਸਾਲਾਹ ਕਰਦਾ ਰਹਿੰਦਾ ਹੈ, ਉਸ ਦੀ ਜਿੰਦ ਅਕਾਲ ਪੁਰਖੁ ਦੀ ਜੋਤਿ ਵਿੱਚ ਲੀਨ ਰਹਿੰਦੀ ਹੈ। ਉਸ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਨਾਸ ਹੋ ਜਾਂਦੀ ਹੈ, ਮਾਇਆ ਤੇ ਮੋਹ ਦੇ ਬੰਧਨ ਟੁੱਟ ਜਾਂਦੇ ਹਨ ਅਤੇ ਸਬਦ ਗੁਰੂ ਦਾ ਦਰਸ਼ਨ ਕਰ ਕੇ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ।

ਰਾਮਕਲੀ ਮਹਲਾ ੫॥ ਕੋਟਿ ਜਨਮ ਕੇ ਬਿਨਸੇ ਪਾਪ॥ ਹਰਿ ਹਰਿ ਜਪਤ ਨਾਹੀ ਸੰਤਾਪ॥ ਗੁਰ ਕੇ ਚਰਨ ਕਮਲ ਮਨਿ ਵਸੇ॥ ਮਹਾ ਬਿਕਾਰ ਤਨ ਤੇ ਸਭਿ ਨਸੇ॥ ੧॥ (੮੯੭)

ਅਕਾਲ ਪੁਰਖੁ ਦੇ ਚਰਨ ਹਿਰਦੇ ਵਿੱਚ ਟਿਕਾ ਕੇ ਉਸ ਦੇ ਗੁਣ ਗਾਇਆ ਕਰਨੇ ਚਾਹੀਦੇ ਹਨ। ਉਹ ਅਕਾਲ ਪੁਰਖੁ ਜੋ ਕਿ ਠੰਢ-ਸਰੂਪ, ਸੁਖ-ਸਰੂਪ ਹੈ, ਤੇ ਸ਼ਾਂਤੀ-ਸਰੂਪ ਹੈ, ਉਸ ਦਾ ਸਦਾ ਧਿਆਨ ਧਰਨਾ ਚਾਹੀਦਾ ਹੈ, ਤੇ ਉਸ ਨੂੰ ਸਦਾ ਯਾਦ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਸਿਮਰਨ ਦੀ ਬਰਕਤਿ ਨਾਲ ਮਨੁੱਖ ਦੀ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀ ਹੈ, ਤੇ ਕ੍ਰੋੜਾਂ ਜਨਮਾਂ ਦੇ ਦੁੱਖ ਦੂਰ ਹੋ ਜਾਂਦੇ ਹਨ। ਸਬਦ ਗੁਰੂ ਦੀ ਸੰਗਤਿ ਵਿੱਚ ਟਿਕੇ ਰਹਿਣਾਂ ਅਨੇਕਾਂ ਪੁੰਨ ਦਾਨ ਆਦਿਕ ਕਰਮਾਂ ਦੇ ਬਰਾਬਰ ਹੈ। ਸਤਿਸੰਗਤਿ ਦੀ ਬਰਕਤਿ ਨਾਲ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ, ਤੇ ਮਨੁੱਖ ਬਾਰ ਬਾਰ ਆਤਮਕ ਮੌਤ ਨਹੀਂ ਮਰਦਾ ਹੈ।

ਕਾਨੜਾ ਮਹਲਾ ੫॥ ਹਰਿ ਕੇ ਚਰਨ ਹਿਰਦੈ ਗਾਇ॥ ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ॥ ੧॥ ਰਹਾਉ॥ ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ॥ ੧॥ (੧੩੦੦)

ਅਕਾਲ ਪੁਰਖੁ ਦੇ ਨਾਮੁ ਸਿਮਰਨ ਨਾਲ ਸਾਰੇ ਪਾਪ ਨਾਸ ਹੋ ਜਾਂਦੇ ਹਨ। ਜਿਨ੍ਹਾਂ ਨੂੰ ਗੁਰੂ ਨੇ ਸਦਾ-ਥਿਰ ਰਹਿਣ ਵਾਲਾ ਹਰਿ-ਨਾਮੁ ਦਾ ਸਰਮਾਇਆ ਬਖ਼ਸ਼ਿਆ, ਉਹ ਅਕਾਲ ਪੁਰਖੁ ਦੀ ਦਰਗਾਹ ਵਿੱਚ ਇੱਜ਼ਤ ਵਾਲੇ ਬਣ ਗਏ। ਅਕਾਲ ਪੁਰਖੁ ਦੇ ਭਗਤ ਲੋਕ ਪਰਲੋਕ ਵਿੱਚ ਸੋਹਣੇ ਲੱਗਦੇ ਹਨ। ਇਸ ਲਈ ਅਕਾਲ ਪੁਰਖੁ ਦਾ ਨਾਮ ਹਮੇਸ਼ਾਂ ਜਪਦੇ ਰਹੋ। ਸਿਮਰਨ ਦੀ ਬਰਕਤਿ ਨਾਲ ਮਨ ਦੇ ਸਾਰੇ ਰੋਗ ਦੂਰ ਹੋ ਜਾਂਦੇ ਹਨ, ਸਾਰੇ ਪਾਪ ਨਾਸ ਹੋ ਜਾਂਦੇ ਹਨ, ਮਨ ਵਿਚੋਂ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਹੈ। ਸਬਦ ਗੁਰੂ ਦੀ ਸਰਨ ਪੈ ਕੇ, ਜਿਨ੍ਹਾਂ ਮਨੁੱਖਾਂ ਦਾ ਅਕਾਲ ਪੁਰਖੁ ਦੇ ਨਾਮੁ ਨਾਲ ਪਿਆਰ ਬਣ ਗਿਆ, ਉਨ੍ਹਾਂ ਦੇ ਜਨਮ ਮਰਨ ਦੇ ਗੇੜ ਮੁਕ ਗਏ। ਅਕਾਲ ਪੁਰਖੁ ਦੇ ਨਾਮੁ ਨਾਲ ਪ੍ਰੀਤ ਕਰਨ ਨਾਲ ਉਨ੍ਹਾਂ ਮਨੁੱਖਾਂ ਦੇ ਕ੍ਰੋੜਾਂ ਜਨਮਾਂ ਦੇ ਦੁੱਖ ਤੇ ਕਲੇਸ਼ ਦੂਰ ਹੋ ਗਏ। ਅਜੇਹੇ ਮਨੁੱਖਾਂ ਨੂੰ ਉਹ ਸਭ ਕੁੱਝ ਭਲਾ ਜਾਪਦਾ ਹੈ, ਜੋ ਅਕਾਲ ਪੁਰਖੁ ਨੂੰ ਚੰਗਾ ਲੱਗਦਾ ਹੈ।

ਹਰਿ ਹਰਿ ਨਾਮੁ ਜਪਹੁ ਮੇਰੇ ਭਾਈ॥ ਸਗਲੇ ਰੋਗ ਦੋਖ ਸਭਿ ਬਿਨਸਹਿ ਅਗਿਆਨੁ ਅੰਧੇਰਾ ਮਨ ਤੇ ਜਾਈ॥ ੧॥ ਰਹਾਉ॥ ਜਨਮ ਮਰਨ ਗੁਰਿ ਰਾਖੇ ਮੀਤ॥ ਹਰਿ ਕੇ ਨਾਮ ਸਿਉ ਲਾਗੀ ਪ੍ਰੀਤਿ॥ ਕੋਟਿ ਜਨਮ ਕੇ ਗਏ ਕਲੇਸ॥ ਜੋ ਤਿਸੁ ਭਾਵੈ ਸੋ ਭਲ ਹੋਸ॥ ੨॥ (੧੩੩੯)

ਜਦੋਂ ਤੋਂ ਪੂਰੇ ਗੁਰੂ ਨੇ ਮੇਹਰ ਕੀਤੀ ਹੈ, ਅਕਾਲ ਪੁਰਖੁ ਨੇ ਸਾਡੀ ਨਾਮੁ ਸਿਮਰਨ ਦੀ ਚਾਹਤ ਪੂਰੀ ਕਰ ਦਿੱਤੀ ਹੈ। ਨਾਮੁ ਸਿਮਰਨ ਦੀ ਬਰਕਤ ਨਾਲ ਆਤਮਕ ਇਸ਼ਨਾਨ ਕਰ ਕੇ ਅਸੀਂ ਅੰਤਰ ਆਤਮੇ ਟਿਕੇ ਰਹਿੰਦੇ ਹਾਂ। ਆਤਮਕ ਆਨੰਦ, ਆਤਮਕ ਖ਼ੁਸ਼ੀਆਂ, ਤੇ ਆਤਮਕ ਸੁਖ ਮਾਣ ਰਹੇ ਹਾਂ। ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਿਆਂ ਹੀ ਸੰਸਾਰ ਸਮੁੰਦਰ ਵਿਚੋਂ ਪਾਰ ਲੰਘ ਸਕਦੇ ਹਾਂ। ਇਸ ਵਾਸਤੇ ਉਠਦਿਆਂ ਬੈਠਦਿਆਂ ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਯਾਦ ਕਰਨਾ ਚਾਹੀਦਾ ਹੈ, ਅਕਾਲ ਪੁਰਖੁ ਦੇ ਨਾਮੁ ਸਿਮਰਨ ਦੀ ਇਹ ਨੇਕ ਕਮਾਈ ਹਰ ਵੇਲੇ ਕਰਨੀ ਚਾਹੀਦੀ ਹੈ। ਸਦਾ ਸਿਮਰਨ ਕਰਨਾ ਹੀ ਗੁਰੂ ਸਾਹਿਬ ਦਾ ਦੱਸਿਆ ਹੋਇਆ ਸਹੀ ਰਸਤਾ ਹੈ। ਸਿਮਰਨ ਹੀ ਧਰਮ ਦੀ ਪਉੜੀ ਹੈ, ਜਿਸ ਰਾਹੀਂ ਮਨੁੱਖ ਅਕਾਲ ਪੁਰਖੁ ਦੇ ਚਰਨਾਂ ਵਿੱਚ ਪਹੁੰਚ ਸਕਦਾ ਹੈ, ਪਰ ਕੋਈ ਵਿਰਲਾ ਭਾਗਾਂ ਵਾਲਾ ਹੀ ਇਹ ਪਉੜੀ ਲੱਭਦਾ ਹੈ। ਜੇਹੜਾ ਮਨੁੱਖ ਸਿਮਰਨ ਰਾਹੀਂ ਅਕਾਲ ਪੁਰਖੁ ਦੇ ਚਰਨਾਂ ਵਿੱਚ ਚਿੱਤ ਜੋੜਦਾ ਹੈ, ਉਸ ਦੇ ਕ੍ਰੋੜਾਂ ਜਨਮਾਂ ਦੇ ਪਾਪ ਨਾਸ ਹੋ ਜਾਂਦੇ ਹਨ। ਜਿਸ ਅਕਾਲ ਪੁਰਖੁ ਨੇ ਸਾਰੇ ਸੰਸਾਰ ਵਿੱਚ ਆਪਣੀ ਪੂਰੀ ਸਤਿਆ ਟਿਕਾ ਰੱਖੀ ਹੈ, ਉਸ ਦੀ ਸਿਫ਼ਤਿ-ਸਾਲਾਹ ਸਦਾ ਕਰਦੇ ਰਹਿਣਾਂ ਚਾਹੀਦਾ ਹੈ। ਜੇਹੜੇ ਮਨੁੱਖ ਸਦਾ-ਥਿਰ ਹਰਿ-ਨਾਮ ਸਿਮਰਨ ਵਾਲੀ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ, ਉਹ ਸਾਰੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ। ਜੀਵਨ ਦੇ ਰਸਤੇ ਵਿਚੋਂ ਸਾਰੀਆਂ ਰੁਕਾਵਟਾਂ ਦੂਰ ਕਰਨ ਵਾਲਾ, ਸਾਰੇ ਦੁੱਖ ਨਾਸ ਕਰਨ ਵਾਲਾ ਅਕਾਲ ਪੁਰਖੁ ਦਾ ਨਾਮੁ, ਗੁਰੂ ਨੇ ਜਿਨ੍ਹਾਂ ਮਨੁੱਖਾਂ ਦੇ ਹਿਰਦੇ ਵਿੱਚ ਪੱਕਾ ਕਰ ਦਿੱਤਾ, ਉਨ੍ਹਾਂ ਦੇ ਸਾਰੇ ਪਾਪ ਨਾਸ ਹੋ ਜਾਂਦੇ ਹਨ, ਉਹ ਸਾਰੇ ਪਵਿਤ੍ਰ ਜੀਵਨ ਵਾਲੇ ਬਣ ਜਾਂਦੇ ਹਨ, ਉਹ ਆਤਮਕ ਆਨੰਦ ਨਾਲ ਅੰਤਰ-ਆਤਮੇ ਟਿਕੇ ਰਹਿੰਦੇ ਹਨ।

ਸੋਰਠਿ ਮਹਲਾ ੫॥ ਗੁਰਿ ਪੂਰੈ ਕਿਰਪਾ ਧਾਰੀ॥ ਪ੍ਰਭਿ ਪੂਰੀ ਲੋਚ ਹਮਾਰੀ॥ ਕਰਿ ਇਸਨਾਨੁ ਗ੍ਰਿਹਿ ਆਏ॥ ਅਨਦ ਮੰਗਲ ਸੁਖ ਪਾਏ॥ ੧॥ ਸੰਤਹੁ ਰਾਮ ਨਾਮਿ ਨਿਸਤਰੀਐ॥ ਊਠਤ ਬੈਠਤ ਹਰਿ ਹਰਿ ਧਿਆਈਐ ਅਨਦਿਨੁ ਸੁਕ੍ਰਿਤੁ ਕਰੀਐ॥ ੧॥ ਰਹਾਉ॥ ਸੰਤ ਕਾ ਮਾਰਗੁ ਧਰਮ ਕੀ ਪਉੜੀ ਕੋ ਵਡਭਾਗੀ ਪਾਏ॥ ਕੋਟਿ ਜਨਮ ਕੇ ਕਿਲਬਿਖ ਨਾਸੇ ਹਰਿ ਚਰਣੀ ਚਿਤੁ ਲਾਏ॥ ੨॥ ਉਸਤਤਿ ਕਰਹੁ ਸਦਾ ਪ੍ਰਭ ਅਪਨੇ ਜਿਨਿ ਪੂਰੀ ਕਲ ਰਾਖੀ॥ ਜੀਅ ਜੰਤ ਸਭਿ ਭਏ ਪਵਿਤ੍ਰਾ ਸਤਿਗੁਰ ਕੀ ਸਚੁ ਸਾਖੀ॥ ੩॥ ਬਿਘਨ ਬਿਨਾਸਨ ਸਭਿ ਦੁਖ ਨਾਸਨ ਸਤਿਗੁਰਿ ਨਾਮੁ ਦ੍ਰਿੜਾਇਆ॥ ਖੋਏ ਪਾਪ ਭਏ ਸਭਿ ਪਾਵਨ ਜਨ ਨਾਨਕ ਸੁਖਿ ਘਰਿ ਆਇਆ॥ ੪॥ ੩॥ ੫੩॥ (੬੨੧, ੬੨੨)

ਜਿਸ ਵੀ ਮਨੁੱਖ ਨੇ ਗੁਰਮੁਖਾਂ ਦੀ ਸੰਗਤਿ ਵਿੱਚ ਮਿਲ ਬੈਠ ਕੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਹੈ, ਉਸ ਨੇ ਆਪਣੇ ਕ੍ਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ। ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ ਨੇ ਜੋ ਕੁੱਝ ਵੀ ਆਪਣੇ ਮਨ ਵਿੱਚ ਚਾਹਿਆ, ਉਸ ਨੂੰ ਉਹੀ ਪ੍ਰਾਪਤ ਹੋ ਗਿਆ। ਗੁਰੂ ਨੇ ਕਿਰਪਾ ਸਦਕਾ ਉਸ ਨੂੰ ਅਕਾਲ ਪੁਰਖੁ ਦਾ ਨਾਮੁ ਵੀ ਮਿਲ ਜਾਂਦਾ ਹੈ। ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, ਲੋਕ ਪਰਲੋਕ ਵਿੱਚ ਇੱਜ਼ਤ ਵੀ ਮਿਲ ਜਾਂਦੀ ਹੈ। ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਨ ਦੀ ਇਹ ਅਕਲ ਸਬਦ ਗੁਰੂ, ਗੁਰੂ ਗਰੰਥ ਸਾਹਿਬ ਦੀ ਕਿਰਪਾ ਨਾਲ ਹੀ ਮਿਲਦੀ ਹੈ।

ਰਾਗੁ ਬੈਰਾੜੀ ਮਹਲਾ ੫ ਘਰੁ ੧॥ ੴ ਸਤਿਗੁਰ ਪ੍ਰਸਾਦਿ॥ ਸੰਤ ਜਨਾ ਮਿਲਿ ਹਰਿ ਜਸੁ ਗਾਇਓ॥ ਕੋਟਿ ਜਨਮ ਕੇ ਦੂਖ ਗਵਾਇਓ॥ ੧॥ ਰਹਾਉ॥ ਜੋ ਚਾਹਤ ਸੋਈ ਮਨਿ ਪਾਇਓ॥ ਕਰਿ ਕਿਰਪਾ ਹਰਿ ਨਾਮੁ ਦਿਵਾਇਓ॥ ੧॥ ਸਰਬ ਸੂਖ ਹਰਿ ਨਾਮਿ ਵਡਾਈ॥ ਗੁਰ ਪ੍ਰਸਾਦਿ ਨਾਨਕ ਮਤਿ ਪਾਈ॥ ੨॥ ੧॥ ੭॥ (੭੨੦)

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਗੁਰੂ ਸਾਹਿਬਾਂ ਨੇ ਆਪਣੇ ਆਪ ਨੂੰ ੪ ਖਾਣੀਆਂ ਤੇ ੮੪ ਲੱਖ ਜੂਨਾਂ ਤਕ ਸੀਮਿਤ ਨਹੀਂ ਰੱਖਿਆ, ਬਲਕਿ ਕਈ ਪ੍ਰਕਾਰ ਦੀਆਂ ਖਾਣੀਆਂ ਕਈ ਕ੍ਰੋੜ ਜੂਨਾਂ ਬਾਰੇ ਕਿਹਾ ਹੈ, ਜਿਨ੍ਹਾਂ ਦੀ ਗਿਣਤੀ ਨਹੀਂ ਹੋ ਸਕਦੀ ਹੈ।

ਅਕਾਲ ਪੁਰਖੁ ਦੀ ਪੈਦਾ ਕੀਤੀ ਹੋਈ ਸ੍ਰਿਸ਼ਟੀ ਵਿੱਚ ਕਰੋੜਾਂ ਜੀਵ ਜੰਤੂ, ਕੀੜੇ ਮਕੌੜੇ, ਜਾਨਵਰ ਤੇ ਮਨੁੱਖ ਆਦਿ ਹਨ।

ਜੀਵ ਜੰਤੂ ਇਸ ਧਰਤੀ ਤਕ ਹੀ ਸੀਮਿੰਤ ਨਹੀਂ, ਪਰੰਤੂ ਬ੍ਰਹਿਮੰਡ ਵਿੱਚ ਅਜੇਹੀਆਂ ਅਨੇਕਾਂ ਧਰਤੀਆਂ ਹੋ ਸਕਦੀਆਂ ਹਨ।

ਮਨੁੱਖ ਕੋਲ ਬੁਧੀ ਹੈ, ਸਭ ਤਰ੍ਹਾਂ ਦੇ ਸਾਧਨ ਹਨ, ਰਹਿਣ ਲਈ ਮਕਾਨ ਹਨ, ਖਾਣ ਲਈ ਅਨੇਕਾਂ ਪ੍ਰਕਾਰ ਦੇ ਭੋਜਨ ਹਨ, ਪਰੰਤੂ ਫਿਰ ਵੀ ਅਨੇਕਾਂ ਮਨੁੱਖ ਮਾਨਸਕ ਤੇ ਸਰੀਰਕ ਰੋਗਾਂ ਵਿੱਚ ਫਸੇ ਹੋਏ ਹਨ।

ਜਿਨ੍ਹਾਂ ਮਨੁੱਖਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ, ਉਹ ਸਬਦ ਗੁਰੂ ਦੁਆਰਾ ਆਪਣੇ ਵਿਕਾਂਰਾ ਤੇ ਕਾਬੂ ਪਾਣ ਦੀ ਜਾਚ ਸਿਖ ਲੈਂਦੇ ਹਨ।

ਇਹੋ ਜਿਹਾ ਨਾਮੁ ਦਾਨ ਮੰਗਣਾਂ ਚਾਹੀਦਾ ਹੈ, ਜੋ ਪੰਜ ਵੈਰੀਆਂ ਤੋਂ ਬਚਾ ਕੇ ਰੱਖੇ।

ਅਕਾਲ ਪੁਰਖੁ ਦਾ ਨਾਮੁ ਗੁਰਬਾਣੀ ਦੁਆਰਾ ਯਾਦ ਕਰਨਾ ਹੈ, ਤਾਂ ਜੋ ਵਿਕਾਰਾਂ ਤੇ ਕਾਬੂ ਪਾਇਆ ਜਾ ਸਕੇ ਤੇ ਉੱਚਾ ਆਤਮਕ ਜੀਵਨ ਬਣ ਸਕੇ।

ਅਕਾਲ ਪੁਰਖੁ ਗ਼ਰੀਬਾਂ ਦੇ ਦੁੱਖ ਦੂਰ ਕਰ ਕੇ ਉਨ੍ਹਾਂ ਨੂੰ ਦੁਖਾਂ ਦੇ ਸਮੁੰਦਰ ਵਿਚੋਂ ਪਾਰ ਲੰਘਾਣ ਵਾਲਾ ਹੈ। ਪਰ ਸੁਖੀ ਉਹੀ ਹੈ ਜਿਸ ਦੇ ਆਪਣੇ ਹਿਰਦੇ ਵਿੱਚ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦਾ ਦੱਸਿਆ ਨਾਮੁ ਦ੍ਰਿੜ ਕਰ ਲਿਆ ਹੈ।

ਸਬਦ ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ।

ਆਪਣੇ ਮਨ ਵਿੱਚ ਅਕਾਲ ਪੁਰਖੁ ਦੇ ਚਰਨਾਂ ਦਾ ਧਿਆਨ ਧਰਨਾਂ ਹੀ ਸਾਰੇ ਤੀਰਥਾਂ ਦਾ ਇਸ਼ਨਾਨ ਹੈ। ਜੇਹੜਾ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਆਪਣੇ ਹਿਰਦੇ ਵਿੱਚ ਵਸਾਂਦਾ ਹੈ, ਉਹ ਮਨ ਚਾਹੇ ਫਲ ਪ੍ਰਾਪਤ ਕਰ ਲੈਂਦਾ ਹੈ।

ਅਕਾਲ ਪੁਰਖੁ ਦਾ ਨਾਮੁ ਰਸ ਗੁਰਬਾਣੀ ਦੁਆਰਾ ਬੜੇ ਪ੍ਰੇਮ ਨਾਲ ਪੀਣਾ ਚਾਹੀਦਾ ਹੈ, ਤਾਂ ਜੋ ਆਤਮਕ ਆਨੰਦ ਪ੍ਰਾਪਤ ਕੀਤਾ ਜਾ ਸਕੇ।

ਜੇਹੜੇ ਮਨੁੱਖ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਸੁਣਦੇ ਹਨ, ਉਨ੍ਹਾਂ ਦੇ ਅੰਦਰੋਂ ਅਗਿਆਨਤਾ ਦੇ ਹਨੇਰੇ ਕਾਰਨ ਪੈਦਾ ਹੋਈ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।

ਹੰਕਾਰ ਇੱਕ ਬੜਾ ਲੰਮਾ ਰੋਗ ਹੈ, ਮਾਇਆ ਨਾਲ ਡੂੰਘਾ ਪਿਆਰ ਬਹੁਤ ਪੁਰਾਣਾ ਰੋਗ ਹੈ, ਇਨ੍ਹਾਂ ਰੋਗਾਂ ਤੋਂ ਉਸ ਵਡਭਾਗੀ ਮਨੁੱਖ ਨੂੰ ਹੀ ਖ਼ਲਾਸੀ ਮਿਲਦੀ ਹੈ, ਜਿਸ ਨੂੰ ਗੁਰੂ ਨੇ ਅਕਾਲ ਪੁਰਖੁ ਦਾ ਨਾਮੁ ਰੂਪੀ ਦਾਰੂ ਦੇ ਦਿੱਤਾ।

ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਯਾਦ ਕਰਨ ਨਾਲ ਕ੍ਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਨਾਸ ਹੋ ਜਾਂਦੇ ਹਨ ਤੇ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ।

ਜੇਹੜੇ ਮਨੁੱਖ ਅਕਾਲ ਪੁਰਖੁ ਦੇ ਗੁਣਾਂ ਦਾ ਉਚਾਰਨ ਕਰਦੇ ਹਨ, ਉਨ੍ਹਾਂ ਦੀ ਕ੍ਰੋੜਾਂ ਜਨਮਾਂ ਦੀ ਮਾਇਆ ਦੀ ਤ੍ਰਿਸ਼ਨਾ ਦੂਰ ਹੋ ਜਾਂਦੀ ਹੈ, ਮਨ ਰੱਜ ਜਾਂਦਾ ਹੈ, ਉਨ੍ਹਾਂ ਦੇ ਸਾਰੇ ਡਰ ਭਰਮ ਨਾਸ ਹੋ ਜਾਂਦੇ ਹਨ।

ਅਕਾਲ ਪੁਰਖੁ ਦਾ ਨਾਮੁ ਯਾਦ ਰੱਖਣ ਨਾਲ ਡਰ-ਰਹਿਤ ਅਕਾਲ ਪੁਰਖੁ, ਮਨੁੱਖ ਦੇ ਮਨ ਵਿੱਚ ਵੱਸ ਜਾਂਦਾ ਹੈ, ਤੇ ਅਜੇਹੇ ਭਗਤੀ ਕਰਨ ਵਾਲੇ ਬੰਦੇ ਅਕਾਲ ਪੁਰਖੁ ਦੇ ਦਰ ਤੇ ਸੋਭਾ ਪਾਂਦੇ ਹਨ।

ਅਕਾਲ ਪੁਰਖੁ ਦਾ ਨਾਮੁ ਜਪਣ ਸਦਕਾ ਪਿਛਲੇ ਕ੍ਰੋੜਾਂ ਜਨਮਾਂ ਦੇ ਕੀਤੇ ਹੋਏ ਪਾਪ ਵੀ ਨਾਸ ਹੋ ਜਾਂਦੇ ਹਨ ਅਤੇ ਸਬਦ ਗੁਰੂ ਦਾ ਦਰਸ਼ਨ ਕਰ ਕੇ ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਹਨ।

ਗੁਰੂ ਦੀ ਸੰਗਤਿ ਵਿੱਚ ਟਿਕੇ ਰਹਿਣਾਂ ਅਨੇਕਾਂ ਪੁੰਨ ਦਾਨ ਆਦਿਕ ਕਰਮਾਂ ਦੇ ਬਰਾਬਰ ਹੈ। ਸਤਿਸੰਗਤਿ ਦੀ ਬਰਕਤ ਨਾਲ ਸਾਰੇ ਦੁੱਖ ਕਲੇਸ਼ ਮਿਟ ਜਾਂਦੇ ਹਨ, ਤੇ ਮਨੁੱਖ ਬਾਰ ਬਾਰ ਆਤਮਕ ਮੌਤ ਨਹੀਂ ਮਰਦਾ ਹੈ।

ਅਕਾਲ ਪੁਰਖੁ ਦੇ ਭਗਤ ਲੋਕ ਪਰਲੋਕ ਵਿੱਚ ਸੋਹਣੇ ਲੱਗਦੇ ਹਨ। ਸਬਦ ਗੁਰੂ ਦੀ ਸਰਨ ਪੈ ਕੇ, ਜਿਨ੍ਹਾਂ ਮਨੁੱਖਾਂ ਦਾ ਅਕਾਲ ਪੁਰਖੁ ਦੇ ਨਾਮੁ ਨਾਲ ਪਿਆਰ ਬਣ ਗਿਆ, ਉਨ੍ਹਾਂ ਦੇ ਜਨਮ ਮਰਨ ਦੇ ਗੇੜ ਮੁਕ ਗਏ।

ਉਠਦਿਆਂ ਬੈਠਦਿਆਂ ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਯਾਦ ਕਰਨਾ ਚਾਹੀਦਾ ਹੈ। ਜੇਹੜੇ ਮਨੁੱਖ ਗੁਰੂ ਦੀ ਸਿੱਖਿਆ ਨੂੰ ਗ੍ਰਹਿਣ ਕਰਦੇ ਹਨ, ਉਹ ਸਾਰੇ ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ।

ਜਿਸ ਵੀ ਮਨੁੱਖ ਨੇ ਗੁਰਮੁਖਾਂ ਦੀ ਸੰਗਤਿ ਵਿੱਚ ਮਿਲ ਬੈਠ ਕੇ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਹੈ, ਉਸ ਨੇ ਆਪਣੇ ਕ੍ਰੋੜਾਂ ਜਨਮਾਂ ਦੇ ਦੁੱਖ ਦੂਰ ਕਰ ਲਏ ਹਨ।

ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਿਆਂ ਸਾਰੇ ਸੁਖ ਪ੍ਰਾਪਤ ਹੋ ਜਾਂਦੇ ਹਨ, ਲੋਕ ਪਰਲੋਕ ਵਿੱਚ ਇੱਜ਼ਤ ਵੀ ਮਿਲ ਜਾਂਦੀ ਹੈ। ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਨ ਦੀ ਇਹ ਅਕਲ ਸਬਦ ਗੁਰੂ, ਗੁਰੂ ਗਰੰਥ ਸਾਹਿਬ ਦੀ ਕਿਰਪਾ ਨਾਲ ਹੀ ਮਿਲਦੀ ਹੈ।

ਇਸ ਲਈ ਆਓ ਸਾਰੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹੀਏ, ਸਮਝੀਏ, ਵੀਚਾਰੀਏ ਤੇ ਆਪਣੇ ਜੀਵਨ ਵਿੱਚ ਅਪਨਾ ਕੇ ਆਪਣਾ ਇਹ ਮਨੁੱਖਾ ਜਨਮ ਸਫਲ ਕਰੀਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ)
(Dr. Sarbjit Singh)
ਆਰ ਐਚ ੧/ਈ - ੮, ਸੈਕਟਰ - ੮,
RH1 / E-8, Sector-8,
ਵਾਸ਼ੀ, ਨਵੀਂ ਮੁੰਬਈ - ੪੦੦੭੦੩.
Vashi, Navi Mumbai - 400703.
Email = [email protected]
http://www.sikhmarg.com/article-dr-sarbjit.html




.