.

ਸਚੀ ਬਾਣੀ ਅਤੇ ਕਚੀ ਬਾਣੀ!

ਸਾਰਾ ਸਿੱਖ ਜਗਤ ਭਲੀ-ਪ੍ਰਕਾਰ ਜਾਣਦਾ ਹੈ ਕਿ “ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਸ਼ਬਦ ਗੁਰੂ” (ਪੰਨੇ ੧ ਤੋਂ ਲੈ ਕੇ ੧੪੨੯ ਮੁੰਦਾਵਣੀ ਤੱਕ) ਹੀ ਸਿੱਖਾਂ ਦਾ ਗੁਰੂ ਹੈ। ਇਸ ਪ੍ਰਥਾਏ, ਗੁਰੂ ਨਾਨਕ ਸਾਹਿਬ ਦਾ ਫੁਰਮਾਨ ਪੜ੍ਹੋ: “ਰਾਮਕਲੀ ਮਹਲਾ ੧ ਸਿਧ ਗੋਸਟਿ” (ਪੰਨਾ ੯੪੨-੯੪੩):

ਕਵਣ ਮੂਲੁ ਕਵਣ ਮਤਿ ਵੇਲਾ॥ ਤੇਰਾ ਕਵਣੁ ਗੁਰੂ ਜਿਸ ਕਾ ਤੂ ਚੇਲਾ॥ ਕਵਣ ਕਥਾ ਲੇ ਰਹਹੁ ਨਿਰਾਲੇ॥

ਬੋਲੈ ਨਾਨਕੁ ਸੁਣਹੁ ਤੁਮ ਬਾਲੇ॥ ਏਸੁ ਕਥਾ ਕਾ ਦੇਇ ਬੀਚਾਰੁ॥ ਭਵਜਲੁ ਸਬਦਿ ਲੰਘਾਵਣਹਾਰੁ॥ ੪੩॥

ਪਵਨ ਅਰੰਭੁ ਸਤਿਗੁਰ ਮਤਿ ਵੇਲਾ॥ ਸਬਦੁ ਗੁਰੂ ਸੁਰਤਿ ਧੁਨਿ ਚੇਲਾ॥ ਅਕਥ ਕਥਾ ਲੇ ਰਹਉ ਨਿਰਾਲਾ॥

ਨਾਨਕ ਜੁਗਿ ਜੁਗਿ ਗੁਰ ਗੋਪਾਲਾ॥ ਏਕੁ ਸਬਦੁ ਜਿਤੁ ਕਥਾ ਵੀਚਾਰੀ॥ ਗੁਰਮੁਖਿ ਹਉਮੈ ਅਗਨਿ ਨਿਵਾਰੀ॥ ੪੪॥

ਇਵੇਂ ਹੀ, ਗੁਰੂ ਨਾਨਕ ਸਾਹਿਬ, ਸੋਰਠਿ ਮਹਲਾ ੧ (ਪੰਨਾ ੬੩੫) ਵਿਖੇ ਓਪਦੇਸ਼ ਕਰਦੇ ਹਨ:

ਸਬਦੁ ਗੁਰ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨੰ॥ ਪੂਰਾ ਬੈਰਾਗੀ ਸਹਜਿ ਸੁਭਾਗੀ ਸਚੁ ਨਾਨਕ ਮਨੁ ਮਾਨੰ॥

ਗੁਰੂ ਗਰੰਥ ਸਾਹਿਬ ਦੇ ਪੰਨਾ ੬੪੬ ਵਿਖੇ ਗੁਰੂ ਅਮਰਦਾਸ ਸਾਹਿਬ ਵੀ ਇਸ ਦੀ ਪ੍ਰੋੜਤਾ ਕਰਦੇ ਹਨ:

ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥

ਪੰਨਾ ੯੮੨: ਨਟ ਮਹਲਾ ੪॥ ਵਿਖੇ ਗੁਰੂ ਰਾਮਦਾਸ ਸਾਹਿਬ ਓਪਦੇਸ਼ ਕਰਦੇ ਹਨ:

ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰੁ ਬਾਣੀ ਕਹੈ ਸੇਵਕੁ ਜਨੁ ਮਾਨੈ ਪਰਤਖਿ ਗੁਰੂ ਨਿਸਤਾਰੇ॥ ੫॥

ਇਵੇਂ ਹੀ ਪੰਨਾ ੯੬੬: ਰਾਮਕਲੀ ਕੀ ਵਾਰ ਵਿਖੇ ਰਾਇ ਬਲਵੰਡਿ ਜੀ ਬਿਆਨ ਕਰਦੇ ਹਨ:

“ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥

ਇਹ ਭੀ ਸਾਨੂੰ ਗਿਆਤ ਹੈ ਕਿ ਗੁਰੂ ਅਰਜਨ ਸਾਹਿਬ ਨੇ ਗੁਰੂ ਨਾਨਕ ਸਾਹਿਬ (ਮਹਲਾ ੧), ਗੁਰੂ ਅੰਗਦ ਸਾਹਿਬ (ਮਹਲਾ ੨), ਗੁਰੂ ਅਮਰਦਾਸ ਸਾਹਿਬ (ਮਹਲਾ ੩), ਗੁਰੂ ਰਾਮਦਾਸ ਸਾਹਿਬ (ਮਹਲਾ ੪), ਗੁਰੂ ਅਰਜਨ ਸਾਹਿਬ (ਮਹਲਾ ੫), ਭਗਤਾਂ, ਭੱਟਾਂ ਅਤੇ ਤਿੰਨ ਸਿੱਖਾਂ ਦੀ ਬਾਣੀ ਨੂੰ ਰਾਗਾਂ ਅਨੁਸਾਰ ਭਾਈ ਗੁਰਦਾਸ ਜੀ ਤੋਂ ਲਿਖਵਾ ਕੇ ਗੁਰੂ ਗਰੰਥ ਸਾਹਿਬ ਦੀ ਬੀੜ ਤਿਆਰ ਕਰਵਾਈ, ਜਿਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ੧੬ ਅਗਸਤ ੧੬੦੪ ਨੂੰ ਕੀਤਾ। ਇਸ ਤੋਂ ਬਾਅਦ ਗੁਰੂ ਤੇਗ ਬਹਾਦਰ ਸਾਹਿਬ ਨੇ ਵੀ “ਮਹਲਾ ੯” ਅਤੇ “ਨਾਨਕ” ਨਾਂ ਦੀ ਛਾਪ ਹੇਠ ਗੁਰਬਾਣੀ ਓਚਾਰੀ, ਜਿਸ ਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਕਰ ਦਿੱਤਾ। ੭ ਅਕਤੂਬਰ ੧੭੦੮ ਨੂੰ ਆਪਣਾ ਸਰੀਰਕ-ਜਾਮਾ ਛੱਡਣ ਤੋਂ ਪਹਿਲਾਂ, ਗੁਰੂ ਗੋਬਿੰਦ ਸਿੰਘ ਸਾਹਿਬ ਦਾ ਹੁਕਮ ਇੰਜ ਲਿਖਿਆ ਮਿਲਦਾ ਹੈ: “ਆਗਿਆ ਭਈ ਅਕਾਲ ਕੀ, ਤਬੈ ਚਲਾਯੋ ਪੰਥ। ਸੱਭ ਸਿੱਖਨ ਕਉ ਹੁਕਮ ਹੈ, ਗੁਰੂ ਮਾਨਿਓ ਗਰੰਥ”। ਪਰ, ੧੭੦੯ ਤੋਂ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਤੀ ਤੱਕ, ਕੋਈ ਇਕ-ਸਾਰਤਾ ਸਿੱਖ ਰਹਤ ਮਰਯਾਦਾ ਛਪੀ ਨਹੀਂ ਮਿਲਦੀ। ਕੁੱਝ ਕੁ ਰਹਿਤਨਾਮੇ ਸੰਪਾਦਕ ਪ੍ਰੋ: ਪਿਆਰਾ ਸਿੰਘ ਪਦਮ ਵਲੋਂ ਛਾਪੇ ਮਿਲਦੇ ਹਨ, ਪਰ ਉਨ੍ਹਾਂ ਵਿੱਚ ਵੀ ਇਕ-ਸਾਰਤਾ ਦੀ ਬਹੁਤ ਘਾਟ ਹੈ। ਇਸ ਲਈ, ਕਈ ਸ਼ੰਕੇ ਕੀਤੇ ਜਾਂਦੇ ਹਨ ਕਿ ਤਕਰੀਬਨ ੨੩੫ ਸਾਲ (੧੭੦੯-੧੯੪੪) ਸਾਰੇ ਸਿੱਖ ਕਿਹੜੀ ਕਿਹੜੀ ਬਾਣੀ ਦਾ ਨਿੱਤਨੇਮ ਕਰਿਆ ਕਰਦੇ ਸਨ? ਇਸ ਘਾਟ ਨੂੰ ਪੂਰਾ ਕਰਨ ਲਈ ੧੯੩੧ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ‘ਰਹੁ-ਰੀਤੀ ਸੱਬ-ਕਮੇਟੀ’ ਦਾ ਸੰਗਠਣ ਕੀਤਾ, ਜਿਸ ਸਦਕਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਤਾ ਨੰਬਰ ੯੭ ਮਿਤੀ ੩ ਫਰਵਰੀ ੧੯੪੫ ਅਨੁਸਾਰ “ਸਿੱਖ ਰਹਿਤ ਮਰਯਾਦਾ” ਹੋਂਦ ਵਿੱਚ ਆਈ। ਇਸ ਵਿੱਚ “ਨਿਤਨੇਮ” ਦੀਆਂ ਬਾਣੀਆਂ ਦਾ ਵੇਰਵਾ ਹੇਠ ਦਿੱਤਾ ਗਿਆ ਹੈ:

“ਜਪੁ, ਜਾਪੁ ਅਤੇ ਸਵੱਯੇ (ਸ੍ਰਾਵਗ ਸੁਧ ਵਾਲੇ” : ਇਹ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਨੀਆਂ।

“ਸੋ ਦਰੁ ਰਹਰਾਸਿ” : ਸ਼ਾਮ ਵੇਲੇ ਸੂਰਜ ਡੁਬੇ ਪੜ੍ਹਨੀ। ਇਸ ਵਿੱਚ ਇਹ ਬਾਣੀਆਂ ਸ਼ਾਮਲ ਹਨ:

“ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖੇ ਹੋਏ ਨੌਂ ਸ਼ਬਦ ( ‘ਸੋ ਦਰੁ’ ਤੋਂ ਲੈ ਕੇ ‘ਸਰਣਿ ਪਰੇ ਕੀ ਰਾਖਹੁ ਸਰਮਾ’ ਤਕ), ਬੇਨਤੀ ਚੌਪਈ ਪਾਤਸ਼ਾਹੀ ੧੦ ( ‘ਹਮਰੀ ਕਰੋ ਹਾਥ ਦੈ ਰੱਛਾ’ ਤੋਂ ਲੈ ਕੇ ‘ਦੁਸ਼ਟ ਦੋਖ ਤੋਂ ਲੇਹੁ ਬਚਾਈ’ ਤਕ, ਸਵੈਯਾ ‘ਪਾਇ ਗਹੇ ਜਬ ਤੇ ਤੁਮਰੇ’ ਅਤੇ ਦੋਹਰਾ ‘ਸਗਲ ਦੁਆਰ ਕਉ ਛਾਡਿ ਕੇ’ ), ਅਨੰਦ ਦੀਆਂ ਪਹਿਲੀਆਂ ਪੰਜ ਪਉੜੀਆਂ ਤੇ ਅੰਤਲੀ ਇੱਕ ਪਉੜੀ, ਮੁੰਦਾਵਣੀ ਤੇ ਸਲੋਕ ਮਹਲਾ ੫ `ਤੇਰਾ ਕੀਤਾ ਜਾਤੋ ਨਾਹੀ’।”

“ਸੋਹਿਲਾ” : ਇਹ ਬਾਣੀ ਰਾਤ ਨੂੰ ਸੌਣ ਵੇਲੇ ਪੜ੍ਹਨੀ।

ਇੰਜ ਹੀ, “ਖੰਡੇ ਦੀ ਪਾਹੁਲ” (ਅੰਮ੍ਰਿਤ ਸੰਸਕਾਰ) ਸਮੇਂ, ਇਨ੍ਹਾਂ ਬਾਣੀਆਂ ਦਾ ਪਾਠ ਕਰਨ ਲਈ ਕਿਹਾ ਹੋਇਆ ਹੈ:

“ਜਪੁ, ਜਾਪੁ, ੧੦ ਸਵੱਯੈ ( ‘ਸ੍ਰਾਵਗ ਸੁਧ ਵਾਲੇ’ ), ਬੇਨਤੀ ਚੋਪਈ ( ‘ਹਮਰੀ ਕਰੋ ਹਾਥ ਦੇ ਰੱਛਾ’ ਤੋਂ ਲੈ ਕੇ ‘ਦੁਸ਼ਟ ਦੋਖ ਤੇ ਲੇਹੁ ਬਚਾਈ’, ਤਕ), ਅਨੰਦ ਸਾਹਿਬ।

ਇਨ੍ਹਾਂ ਬਾਣੀਆਂ ਦਾ ਜੋੜ = ੧੦ ਬਣਦਾ ਹੈ, ਜਾਂ ਇੰਜ ਕਹਿ ਲਓ: ਪੰਜ ਬਾਣੀਆਂ ਗੁਰੂ ਗਰੰਥ ਸਾਹਿਬ ਵਿਚੋਂ ਅਤੇ ਪੰਜ ਬਚਿਤ੍ਰ ਨਾਟਕ, ਅਖੌਤੀ ਦਸਮ ਗ੍ਰੰਥ ਵਿਚੋਂ!

ਜਦੋਂ ਅਸੀਂ ਗੁਰੂ ਗਰੰਥ ਸਾਹਿਬ ਵਿੱਚ ਅੰਕਤਿ ਬਾਣੀ ਦਾ ਪਾਠ ਕਰਦੇ ਹੈਂ ਤਾਂ ਸਾਨੂੰ ਇਹ ਭੀ ਪਤਾ ਲਗ ਜਾਂਦਾ ਹੈ ਕਿ “ਸ਼ਬਦ” ਕਿਸ ਗੁਰੂ ਸਾਹਿਬ ਜਾਂ ਭਗਤ ਜੀ ਦਾ ਓਚਾਰਿਆ ਹੋਇਆ ਹੈ ਅਤੇ ਜਿਹੜੇ ਸ਼ਬਦ ਮਹਲਾ ੧, ੨, ੩, ੪, ੫, ੯ ਸਿਰਲੇਖ ਹੇਠ ਲਿਖੇ ਹੁੰਦੇ ਹਨ, ਉਨ੍ਹਾਂ ਦੀ ਸਮਾਪਤੀ ਜਾਂ ਵਿਚਕਾਰ “ਨਾਨਕ” ਲਿਖਿਆ ਮਿਲਦਾ। ਇੰਜ ਹੀ, ਭਗਤ ਜਾਂ ਭੱਟ/ਸਿੱਖ ਦਾ ਨਾਂ ਲਿਖਿਆ ਹੁੰਦਾ ਹੈ, ਜਿਵੇਂ ਅਸੀਂ ਪੰਜ ਬਾਣੀਆਂ ਬਾਰੇ ਵੇਖ ਸਕਦੇ ਹਾਂ:

ਗੁਰੂ ਗਰੰਥ ਸਾਹਿਬ: ਪੰਨੇ ੧-੮ (੧) “ਜਪੁ” “ਨਾਨਕ” ੩੦ ਵਾਰ; ਪੰਨੇ ੮-੧੨ (੨) “ਸੋ ਦਰੁ ਸੋ ਪੁਰਖੁ” “ਨਾਨਕ” ੧੪ ਵਾਰ; ਪੰਨੇ ੧੨-੧੩: (੩) “ਸੋਹਿਲਾ” “ਨਾਨਕ” ੫ ਵਾਰ; ਪੰਨੇ ੯੧੭-੯੨੨ (੪) “ਰਾਮਕਲੀ ਮਹਲਾ ੩ ਅਨੰਦੁ” “ਨਾਨਕ” ੪੦ ਵਾਰ; ਅਤੇ ਪੰਨਾ ੧੪੨੯ (੫) “ਮੁੰਦਾਵਣੀ ਮਹਲਾ ੫” “ਨਾਨਕ” ੨ ਵਾਰ॥

ਪਰ, ਜੇਹੜੀਆਂ ਪੰਜ ਬਾਣੀਆਂ ਬਚਿਤ੍ਰ ਨਾਟਕ, ਅਖੌਤੀ ਦਸਮ ਗ੍ਰੰਥ ਵਿਚੋਂ ਲਈਆਂ ਗਈਆਂ ਹਨ, ਉਹ ਨਾਹ ਤਾਂ ਮਹਲਾ ੧੦ ਸਿਰਲੇਖ ਹੇਠ ਅਤੇ ਨਾਹ ਹੀ “ਨਾਨਕ” ਨਾਂ ਹੇਠ ਲਿਖੀਆਂ ਹੋਈਆਂ ਹਨ! ਇਨ੍ਹਾਂ ਦਾ ਵੇਰਵਾ ਇੰਜ ਹੈ:

(1) “ਜਾਪੁ” ਲੜੀਵਾਰ ਨੰਬਰ ੧ ਤੋਂ ੧੯੯;

(2) “੧੦ ਸਵੱਯੈ” ਅਕਾਲ ਉਸਤਤਿ ਵਿਚੋਂ ਲੜੀਵਾਰ ਨੰਬਰ ੨੧ ਤੋਂ ੩੦;

(3) “ਕਬਯੋ ਬਾਚ ਬੇਨਤੀ ਚੌਪਈ” ਚਰਿਤ੍ਰੋਪਾਖਿਆਨ ਦੇ ਚਰਿਤ੍ਰ ਨੰਬਰ ੪੦੪ ਦੇ ਲੜੀਵਾਰ ਨੰਬਰ ੩੭੭ ਤੋਂ ੪੦੧ ਤਕ;

(4) “ਸਵੈਯਾ” ਚੌਬੀਸ ਅਵਤਾਰ ਵਿਚੋਂ ਰਾਮ ਅਵਤਾਰ ਦਾ ਨੰਬਰ ੮੬੩ ਅਤੇ

(5) “ਦੋਹਰਾ” ਵੀ ਰਾਮ ਅਵਤਾਰ ਦਾ ਅਖੀਰਲਾ ਨੰਬਰ ੮੬੪, ਜਿਸ ਹੇਠ ਇਹ ਲਿਖਿਆ ਮਿਲਦਾ ਹੈ:

ਇਤਿ ਸ੍ਰੀ ਬਚਿਤ੍ਰ ਨਾਟਕ ਗ੍ਰੰਥੇ ਰਾਮਾਇਣ ਸਮਾਪਤਮ।

ਇਹੀ ਹਾਲ ਹੋਰ ਸਾਰੇ ਪ੍ਰਸੰਗਾਂ ਵਿਖੇ ਦੇਖਿਆ ਜਾ ਸਕਦਾ ਹੈ, ਜਿਵੇਂ “ਚੰਡੀ ਚਰਿਤ੍ਰ (ਉਕਤਿ ਬਿਲਾਸ) “ਦੇ ਲੜੀਵਾਰ ਨੰਬਰ ੨੩੧: “ਦੇਹ ਸਿਵਾ ਬਰੁ ਮੋਹਿ ਇਹੈ ਸੁਭ ਕਰਮਨ ਤੇ ਕਬਹੂੰ ਨ ਟਰੋ” ; “ਸ੍ਰੀ ਭਗਉਤੀ ਜੀ ਸਹਾਏ” ਚੰਡੀ ਚਰਿਤ੍ਰ ੨; ਵਾਰ ਦੁਰਗਾ ਕੀ; ਗਿਆਨ ਪ੍ਰਬੋਧ; ਚੌਬੀਸ ਅਵਤਾਰ; ਕ੍ਰਿਸ਼ਨਾਵਤਾਰ; ਸਸਤ੍ਰ ਨਾਮ ਮਾਲਾ; ਸ਼ਬਦ “ਮਿਤ੍ਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਣਾ” ; ੩੩ ਸਵੈਯੇ; ਚਰਿਤ੍ਰੋਪਾਖਿਆਨ, ਜਫਰਨਾਮਾ ਅਤੇ ਹਿਕਾਇਤਾਂ!

ਇੰਜ ਹੀ, “ਰਾਗ ਮਾਲਾ” ਵੀ ਇਸ ਹੀ ਸ਼ਰੇਣੀ ਵਿੱਚ ਆਉਂਦੀ ਹੈ।

ਸਾਨੂੰ ਇਹ ਵੀ ਜਾਣਕਾਰੀ ਮਿਲਦੀ ਹੈ ਕਿ ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿਰਾਏ ਸਾਹਿਬ, ਗੁਰੂ ਹਰਿਕਿਸ਼ਨ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਸਾਹਿਬ ਵਲੋਂ ਉਚਾਰੀ ਹੋਈ ਕੋਈ ਵੀ ਬਾਣੀ “ਗੁਰੂ ਗਰੰਥ ਸਾਹਿਬ” ਵਿੱਚ ਅੰਕਤਿ ਨਹੀਂ ਹੈ। ਪਰ, ਗੁਰੂ ਤੇਗ ਬਹਾਦਰ ਸਾਹਿਬ ਵਲੋਂ ਉਚਾਰੀ ਹੋਈ ਬਾਣੀ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਪ “ਗੁਰੂ ਗਰੰਥ ਸਾਹਿਬ” ਵਿੱਚ ਅਲੱਗ ਅਲੱਗ ਰਾਗਾਂ ਅਨੁਸਾਰ ਦਰਜ਼ ਕਰ ਦਿੱਤੀ ਹੋਈ ਹੈ। ਇਹ ਬਾਣੀ, “ਮਹਲਾ ੯” ਹੇਠ ਰਾਗੁ ਗਉੜੀ, ਰਾਗੁ ਆਸਾ, ਰਾਗੁ ਦੇਵਗੰਧਾਰੀ, ਸੋਰਠਿ, ਧਨਾਸਰੀ, ਜੈਤਸਰੀ, ਟੋਡੀ, ਤਿਲੰਗ, ਰਾਗੁ ਬਿਲਾਵਲੁ, ਰਾਗੁ ਰਾਮਕਲੀ, ਮਾਰੂ, ਰਾਗੁ ਬਸੰਤੁ, ਰਾਗੁ ਸਾਰੰਗ, ਰਾਗੁ ਜੈਜਾਵੰਤੀ ਅਤੇ ਸਲੋਕ ਪੜ੍ਹੀ ਜਾ ਸਕਦੀ ਹੈ। ਇਹ ਸਾਰੇ ਸ਼ਬਦ “ਨਾਨਕ” ਨਾਂ ਹੇਠ ਸਮਾਪਤ ਹੁੰਦੇ ਹਨ ( “ਨਾਨਕ” ੧੧੩ ਵਾਰ) {ਗਿਣਤੀ ਕਰਨ ਸਮੇਂ ਜੇ ਕੋਈ ਗ਼ਲਤੀ ਹੋ ਗਈ ਹੋਵੇ ਤਾਂ ਪਾਠਕ, ਦਾਸਰੇ ਨੂੰ ਮੁਆਫ ਕਰ ਦੇਣ}

ਆਓ ਹੁਣ, “ਸਚੀ ਬਾਣੀ ਅਤੇ ਕਚੀ ਬਾਣੀ” ਬਾਰੇ ਗੁਰੂ ਅਮਰਦਾਸ ਸਾਹਿਬ ਤੋਂ ਸੋਝੀ ਪਰਾਪਤ ਕਰੀਏ:

ਗੁਰੂ ਗਰੰਥ ਸਾਹਿਬ, ਪੰਨਾ ੯੨੦: ਰਾਮਕਲੀ ਮਹਲਾ ੩ ਅਨੰਦੁ॥

ਆਵਹੁ ਸਿਖ ਸਤਿਗੁਰੂ ਕੇ ਪਿਆਰਿਹੋ ਗਾਵਹੁ ਸਚੀ ਬਾਣੀ॥ ਬਾਣੀ ਤ ਗਾਵਹੁ ਗੁਰੂ ਕੇਰੀ ਬਾਣੀਆ ਸਿਰਿ ਬਾਣੀ॥ ਜਿਨ ਕਉ ਨਦਰਿ ਕਰਮੁ ਹੋਵੇ ਹਿਰਦੈ ਤਿਨਾ ਸਮਾਣੀ॥ ਪੀਵਹੁ ਅੰਮ੍ਰਿਤੁ ਸਦਾ ਰਹਹੁ ਹਰਿ ਰੰੰਿਗ ਜਪਿਹੁ ਸਾਰਿਗਪਾਣੀ॥ ਕਹੈ ਨਾਨਕੁ ਸਦਾ ਗਾਵਹੁ ਏਹ ਸਚੀ ਬਾਣੀ॥ ੨੩॥

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚਂੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥ ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ੨੪॥

ਇੰਜ, ਗੁਰਬਾਣੀ ਦੀ ਕਸਵੱਟੀ ਅਨੁਸਾਰ ਬਚਿਤ੍ਰ ਨਾਟਕ ਦੇ ਅਖੌਤੀ ਦਸਮ ਗ੍ਰੰਥ ਵਿੱਚ ਦਰਸਾਈ ਹੋਈ ਵਾਰਤਾ ਨੂੰ “ਸਚੀ ਬਾਣੀ” ਦਾ ਦਰਜ਼ਾ ਨਹੀਂ ਦਿੱਤਾ ਜਾ ਸਕਦਾ। ਇਸ ਲਈ, ਜਿਹੜੀ ਬਾਣੀ ਗੁਰੂ ਗਰੰਥ ਸਾਹਿਬ ਵਿੱਚ “ਮੁੰਦਾਵਣੀ” ਸ਼ਬਦ ਤੋਂ ਪਹਿਲਾਂ ਅੰਕਤਿ ਨਹੀਂ ਕੀਤੀ ਗਈ, ਉਹ ਸਾਰੀ ਦੀ ਸਾਰੀ “ਕਚੀ ਬਾਣੀ” ਹੈ। ਇਸ ਲਈ, ਸਾਰੇ ਸਿੱਖਾਂ ਨੂੰ ਬੇਨਤੀ ਹੈ ਕਿ ਉਹ ਹੁਣ ਵੀ ਆਪਣੀ ਗ਼ਲਤੀ ਮੰਨ ਕੇ, ਅਕਾਲ ਪੁਰਖ ਤੋਂ ਮੁਆਫੀ ਮੰਗ ਲੈਣ ਅਤੇ ਇਹ ਪਰਣ ਕਰਨ ਕਿ ਅੱਗੇ ਤੋਂ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਹੁਕਮ ਅਨੁਸਾਰ, “ਗੁਰੂ ਗਰੰਥ ਸਾਹਿਬ” (ਪੰਨੇ ੧ ਤੋਂ ੧੪੨੯) ਨੂੰ ਹੀ ਆਪਣਾ “ਗੁਰੂ” ਪ੍ਰਵਾਨ ਕਰਕੇ, ਆਪਣਾ ਜੀਵਨ ਸਫਲਾ ਕਰਨ ਦਾ ਓਪਰਾਲਾ ਕਰਾਂਗੇ। ਜਿਵੇ ਹੀ ਅਸੀਂ “ਰਾਗ ਮਾਲਾ, ਬਚਿਤ੍ਰ ਨਾਟਕ ਦੇ ਅਖੌਤੀ ਦਸਮ ਗ੍ਰੰਥ, ਗੁਰ ਬਿਲਾਸ ਪਾਤਸ਼ਾਹੀ ੬, ਸਰਬਲੋਹ ਗ੍ਰੰਥ, ਆਦਿਕ” ਦੇ ਝਮੇਲੇ ਤੋਂ ਛੱਟਕਾਰਾ ਪਾ ਲਿਆ, ਅਸੀਂ ਫਿਰ ਤੋਂ ਪੁਰਾਤਣ ਸਿੱਖਾਂ ਵਾਂਗ ਚੜ੍ਹਦੀ ਕਲਾ ਵਿੱਚ ਵਿਚਰਨ ਲਗ ਪਵਾਂਗੇ। ਇਸ ਪ੍ਰਥਾਏ, ਸਾਰੀ ਦੁਨੀਆ ਵਿਖੇ ਵਸਦੇ ਸਿੱਖਾਂ ਨੂੰ ਕਿਸੇ ਹੋਰ ਸਰਕਾਰ, ਕਮੇਟੀ ਜਾਂ ਪੁਜਾਰੀ ਤੋਂ ਆਗਿਆ ਲੈਣ ਦੀ ਕੋਈ ਜ਼ਰੂਰਤ ਨਹੀਂ।

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੯ ਜਨਵਰੀ ੨੦੧੪
.