.

ਲਹੂ-ਭਿੱਜੀ ਚਮਕੌਰ-

(ਕਿਸ਼ਤ ਨੰ. 11) –

ਸੁਖਜੀਤ ਸਿੰਘ ਕਪੂਰਥਲਾ

ਸਾਹਿਬਜਾਦਾ ਜੁਝਾਰ ਸਿੰਘ ਦਾ ਜੰਗ ਵਿੱਚ ਜਾਣਾ ਅਤੇ ਸ਼ਹਾਦਤ

(Chapter-11/13)

ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 10 ਪੜੋ (ਸੁਖਜੀਤ ਸਿੰਘ ਕਪੂਰਥਲਾ)

ਕਲਗੀਧਰ ਪਾਤਸ਼ਾਹ ਦੀ ਸਰੀਰਕ ਆਰਜਾ 42 ਕੁ ਸਾਲ ਦੀ ਹੈ ਤੇ 42 ਸਾਲ ਅੰਦਰ ਕਲਗੀਧਰ ਪਾਤਸ਼ਾਹ ਨੇ 42 ਯੁਗਾਂ ਜਿੰਨੇ ਕਾਰਨਾਮੇ ਕਰ ਦਿਖਾਏ। ਦੁਨੀਆਂ ਦੇ ਇਤਿਹਾਸ ਅੰਦਰ ਕੇਵਲ ਇੱਕ ਪਿਤਾ ਹੀ ਮਿਲੇਗਾ ਜੋ ਆਪਣੇ ਸਿੰਘ, ਸੂਰਬੀਰਾਂ ਅਤੇ ਪੁੱਤਰਾਂ ਦੀ ਸ਼ਹੀਦੀ ਨੂੰ ਅੱਖੀ ਵੇਖ ਕੇ ਅਕਾਲ ਪੁਰਖ ਦਾ ਸ਼ੁਕਰਾਨਾ ਕਰ ਰਿਹਾ ਹੋਵੇ, ਬੁਲੰਦ ਆਵਾਜ ਵਿੱਚ ਜੈਕਾਰਾ ਗੁੰਜਾ ਰਿਹਾ ਹੋਵੇ ਤੇ ਅਕਾਲ ਪੁਰਖ ਨੂੰ ਕਹਿ ਰਿਹਾ ਹੋਵੇ ਕਿ ਹੇ ਅਕਾਲ ਪੁਰਖ! ਪ੍ਰਮਾਤਮਾ ਮੇਰੇ ਸਿਰ ਤੋਂ ਕਰਜੇ ਦੀ ਅਜ ਇੱਕ ਕਿਸ਼ਤ ਅਦਾ ਹੋ ਗਈ, ਤੇਰਾ ਧੰਨਵਾਦ।

ਇਹ ਹੈ ਉਹ ਕਲਗੀਧਰ ਪਾਤਸ਼ਾਹ ਜਿਸਦਾ ਪੂਰਾ ਕਰਜਾ ਅਸੀ ਕਦੀ ਵੀ ਨਹੀ ਉਤਾਰ ਸਕਾਂਗੇ। ਭਾਵੇਂ ਅਸੀਂ ਸਮੁੱਚਾ ਜੀਵਨ ਹੀ ਉਸਦੇ ਲੇਖੇ ਲਗਾ ਦੇਈਏ, ਪਰ ਕਲਗੀਧਰ ਪਾਤਸ਼ਾਹ ਦਾ ਦੇਣ ਅਸੀ ਕਦੀ ਵੀ ਨਹੀ ਦੇ ਸਕਾਂਗੇ।

ਮਰਨਾ ਸਾਰਿਆਂ ਨੇ ਹੀ ਹੈ, ਅਸੀ ਤਾਂ ਇਹ ਆਉਣ ਜਾਣ ਦੇ ਚੱਕਰ ਵਿੱਚ ਪਏ ਹੋਏ ਹਾਂ, ਮਰਨਾ ਕਿਸ ਤਰਾਂ ਦਾ ਹੋਵੇ, ਮੌਤ ਨੂੰ ਪ੍ਰਵਾਨ ਕਿਸ ਤਰਾਂ ਕਰਨਾ ਹੈ, ਅਹਿਮੀਅਤ ਇਸ ਗਲ ਦੀ ਹੈ। ਜੇਕਰ ਕੋਈ ਮੌਤ ਨੂੰ ਖਿੜੇ ਮੱਥੇ ਪ੍ਰਵਾਨ ਕਰ ਲੈਦਾਂ ਹੈ ਤਾਂ ਦੁਨੀਆਂ ਅੰਦਰ ਉਸਨੂੰ ਸਤਿਕਾਰ ਨਾਲ ਨਿਵਾਜਿਆ ਜਾਂਦਾ ਹੈ ਅਤੇ ਯਾਦ ਕੀਤਾ ਜਾਂਦਾ ਹੈ।

ਹੁਣ ਇਹ ਮੌਤ ਕਿਸ ਤਰਾਂ ਦੀ ਹੈ ਪ੍ਰਵਾਨਿਤ ਹੈ ਜਾ ਅਜਾਂਈ ਹੈ, ਮਾਤ ਲੋਕ ਵਿੱਚ ਜਾ ਪ੍ਰਲੋਕ ਵਿੱਚ, ਇਸ ਸਬੰਧੀ ਡਾ: ਪਿਆਰਾ ਸਿੰਘ ਪਦਮ ਨੇ ਆਪਣੀ ਪੁਸਤਕ “ਚਾਰ ਸਾਹਿਬਜਾਦੇ” ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੂੰ ਬੜੇ ਹੀ ਵਧੀਆ ਢੰਗ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਉਹ ਲਿਖਦੇ ਹਨ ਕਿ ਦੁਨੀਆਂ ਵਿੱਚ ਰਹਿਣ ਵਾਲੇ ਕਿਸੇ ਵੀ ਮਹਾਨ ਵਿਅਕਤੀ ਦੀ ਵਡਿਆਈ ਨੂੰ ਮਾਪਣ ਦੇ ਤਿੰਨ ਮਾਪਦੰਡ ਹੁੰਦੇ ਹਨ।

ਪਹਿਲਾ ਮਾਪਦੰਡ: ਕਿਸੇ ਦਾ ਪਿਤਾ, ਪਿਤਾਮਾ ਮਹਾਨ ਹੋਵੇ। ਪਿਤਾ, ਪਿਤਾਮਾ ਦੀ ਮਹਾਨਤਾ ਦੇ ਸਦਕਾ ਪੁੱਤਰ ਵਡਿਆਏ ਜਾਂਦੇ ਹਨ।

ਦੂਸਰਾ ਮਾਪਦੰਡ: ਭਾਵੇ ਕਿਸੇ ਦਾ ਪਿਤਾ-ਪਿਤਾਮਾ ਮਹਾਨ ਨਾ ਵੀ ਹੋਵੇ, ਉਸਦੇ ਆਪਣੇ ਕੀਤੇ ਮਹਾਨ ਕਾਰਨਾਮਿਆਂ ਦੇ ਕਾਰਣ ਉਹ ਦੁਨੀਆਂ ਵਿੱਚ ਵਡਿਆਇਆ ਜਾਂਦਾ ਹੈ।

ਤੀਸਰਾ ਮਾਪਦੰਡ:- ਉਸ ਵਿਅਕਤੀ ਦਾ ਪਿਤਾ-ਪਿਤਾਮਾ ਵੀ ਮਹਾਨ ਨਾ ਹੋਵੇ, ਉਸਨੇ ਆਪ ਵੀ ਕਦੀ ਕੋਈ ਮਹਾਨ ਕਾਰਜ ਨਾ ਕੀਤਾ ਹੋਵੇ, ਪਰ ਉਸਦੀ ਔਲਾਦ ਦੇ ਮਹਾਨ ਕਾਰਨਾਮਿਆਂ ਦੇ ਕਾਰਣ ਉਹ ਬਾਪ ਵੀ ਮਹਾਨ ਹੁੰਦਾ ਹੈ ਤੇ ਦੁਨੀਆਂ ਵਿੱਚ ਵਡਿਆਇਆ ਜਾਂਦਾ ਹੈ।

ਲੇਖਕ ਇਥੇ ਲਿਖਦਾ ਹੈ ਕਿ ਜਦੋ ਮੈਂ ਕਲਗੀਧਰ ਪਾਤਸ਼ਾਹ ਦੇ ਜੀਵਨ ਤੇ ਝਾਤੀ ਮਾਰਦਾ ਹਾਂ ਤਾਂ ਕਲਗੀਧਰ ਪਾਤਸ਼ਾਹ ਦਾ ਜੀਵਨ ਇਹਨਾਂ ਤਿੰਨਾਂ ਹੀ ਮਾਪਦੰਡਾਂ ਦਾ ਸੰਗਮ ਦਿਖਾਈ ਦਿੰਦਾ ਹੈ। ਕਲਗੀਧਰ ਦੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੋ ਕਿ “ਧਰਮ ਦੀ ਚਾਦਰ” ਬਣ ਕੇ ਸੰਸਾਰ ਵਿੱਚ ਬਲੀਦਾਨ ਦੀ ਮੂਰਤ ਬਣ ਕੇ ਵਿਚਰੇ। ਮਾਤਾ ਗੁਜਰੀ ਜੀ ਵੀ ਸ਼ਹਾਦਤ ਦੇ ਕੇ ਨਵੇ ਪੂਰਨੇ ਪਾ ਗਏ। ਕੇਵਲ ਪਿਤਾ ਹੀ ਨਹੀ ਕਲਗੀਧਰ ਪਾਤਸ਼ਾਹ ਦੇ ਦਾਦਾ “ਮੀਰੀ ਪੀਰੀ ਦੇ ਮਾਲਿਕ” ਸ੍ਰੀ ਗੁਰੂ ਹਰਗੋਬਿੰਦ ਸਾਹਿਬ ਉਸ ਤੋਂ ਵੀ ਮਹਾਨ ਨੇ। ਕੇਵਲ ਦਾਦਾ ਜੀ ਹੀ ਨਹੀ ਬਲਕਿ ਪੜਦਾਦਾ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਵੀ ਉਸ ਤੋਂ ਮਹਾਨ ਜੋ ਕਿ “ਸ਼ਹੀਦਾ ਦੇ ਸਿਰਤਾਜ” ਬਣ ਗਏ। ਹੁਣ ਜੇਕਰ ਕਲਗੀਧਰ ਪਾਤਸ਼ਾਹ ਦੇ ਆਪਣੇ ਜੀਵਨ ਵਿੱਚ ਝਾਤੀ ਮਾਰੀਏ ਤਾਂ ਉਹਨਾਂ ਨੇ ਐਸੇ ਕਾਰਨਾਮੇ ਕਰਕੇ ਦਿਖਲਾਏ ਜੋ ਆਮ ਆਦਮੀ ਦੀ ਸੋਚ (ਕਲਪਨਾ) ਤੋਂ ਵੀ ਬਾਹਰ ਨੇ। ਪਾਤਸ਼ਾਹ ਦੇ ਪੁੱਤਰਾਂ ਦੇ ਜੀਵਨ ਵਲ ਝਾਤੀ ਮਾਰੀਏ ਤਾਂ ਉਹ ਵੀ ਆਪਣੇ ਪੁਰਖਾਂ ਦੇ ਪਾਏ ਪੂਰਨਿਆਂ ਤੇ ਚਲਦਿਆਂ, ਪਾਸ ਹੁੰਦੇ ਸਾਫ ਦਿਖਾਈ ਦਿੰਦੇ ਹਨ। ਗੁਰੂ ਪਿਤਾ ਕਲਗੀਧਰ ਪਾਤਸ਼ਾਹ ਦੀ ਸ਼ਾਨ ਨੂੰ ਚਾਰ ਚੰਨ ਲਗਾਉਦੇ ਨੇ, ਕਹਿਣ ਦਾ ਭਾਵ ਇਹ ਹੈ ਗੁਰੂ ਗੋਬਿੰਦ ਸਿੰਘ ਜੀ ਆਪਣੇ ਪਿਤਾ-ਪਿਤਾਮਾ ਵਲੋਂ ਵੀ ਮਹਾਨ ਨੇ, ਆਪਣੇ ਸਪੁੱਤਰਾ ਵਲੋ ਵੀ ਮਹਾਨਤਾ ਦੀ ਸਿਖਰਤਾ ਨੂੰ ਛੂਹ ਜਾਦੇ ਨੇ, ਤੇ ਆਪ ਵੀ ਮਹਾਨਤਾ ਭਰੇ ਕਾਰਜਾਂ ਨਾਲ ਸੰਪੂਰਨ ਮਹਾਨ ਸਖਸ਼ੀਅਤ ਹਨ। ਹੈ ਕੋਈ ਐਸਾ ਰਹਿਬਰ, ਹੈ ਕੋਈ ਐਸੀ ਸਖਸ਼ੀਅਤ ਜੋ ਇੰਨ੍ਹੇ ਗੁਣਾਂ ਦੀ ਮਾਲਕ ਹੋਵੇ ਕਿ ਹਰ ਦਿਸ਼ਾ ਤੋ ਸੰਪੂਰਨਤਾ ਦੀਆਂ ਸਿਖਰਾਂ ਨੂੰ ਛੂ ਰਹੀ ਹੋਵੇ। ਉਹ ਹੈ ਤਾਂ ਕੇਵਲ ਤੇ ਕੇਵਲ ਇੱਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ।

ਚਮਕੌਰ ਦੇ ਮੈਦਾਨ ਅੰਦਰ ਜੰਗ ਭਖੀ ਹੈ, ਜੰਗ ਅੰਦਰ ਵੈਰੀ ਨਾਲ ਜੂਝਦਿਆਂ ਸਾਹਿਬਜਾਦਾ ਅਜੀਤ ਸਿੰਘ ਜੀ ਸ਼ਹੀਦ ਹੋ ਚੁੱਕੇ ਨੇ। ਇਹ ਸਾਰਾ ਦ੍ਰਿਸ਼ ਕਲਗੀਧਰ ਪਾਤਸ਼ਾਹ ਮਮਟੀ ਉੱਤੇ ਖੜੇ ਹੋ ਕੇ ਆਪਣੀ ਅੱਖੀਂ ਦੇਖ ਰਹੇ ਨੇ ਤੇ ਨਾਲ ਹੀ ਛੋਟਾ ਸਾਹਿਬਜਾਦਾ ਜੁਝਾਰ ਸਿੰਘ ਵੀ ਖੜਾ ਹੈ। ਉਸਨੇ ਵੀ ਇਹ ਸਾਰਾ ਦ੍ਰਿਸ਼ ਆਪਣੀ ਨਜਰ ਨਾਲ ਤੱਕਿਆ ਹੈ। ਜੋਗੀ ਅੱਲ੍ਹਾ ਯਾਰ ਖ਼ਾਂ ਇਸ ਕਿੱਸੇ ਨੂੰ ਅਗਾਂਹ ਲਿਖਦਾ ਹੈ-

ਬੇਟੇ ਕੋ ਸ਼ਹਾਦਤ ਮਿਲੀ ਦੇਖਾ ਜੋ ਪਿਦਰ ਨੇ।

ਤੂਫਾਂ ਬਪਾ ਗਮ ਸੇ ਕੀਆ ਦੀਦਾ ਇ ਤਰ ਨੇ।

ਸੇਜਲ ਅੱਖਾਂ ਨਾਲ ਪਿਤਾ ਗੁਰੂ ਕਲਗੀਧਰ ਨੇ ਬੇਟੇ ਨੂੰ ਜਾਮੇ ਸ਼ਹਾਦਤ ਪੀਦਿਆਂ ਦੇਖਿਆ। ਹੁਣ ਛੋਟਾ ਸਾਹਿਬ ਜੁਝਾਰ ਸਿੰਘ ਵੀ ਇਹ ਸਭ ਕੁੱਝ ਦੇਖ ਰਿਹਾ ਸੀ ਤੇ ਉਹ ਹੱਥ ਬੰਨ ਕੇ ਆਪਣੇ ਪਿਤਾ ਗੁਰੂ ਕਲਗੀਧਰ ਦੇ ਸਾਹਮਣੇ ਖੜਾ ਹੋ ਗਿਆ। ਕਲਗੀਧਰ ਪਿਤਾ ਨੂੰ ਮੁਖਾਤਿਬ ਹੋ ਕਿ ਬੇਨਤੀ ਕਰ ਰਿਹਾ ਹੈ-

ਇਸ ਵਕਤ ਕਹਾ ਨੰਨ੍ਹੇ ਸੇ ਮਾਸੂਮ ਪਿਸਰ ਨੇ।

ਰੁਖਸਤ ਹਮੇਂ ਦਿਲਵਾਉ ਪਿਤਾ, ਜਾਏਂਗੇ ਮਰਨੇ।

ਪਿਤਾ ਜੀ! ਮੈਨੂੰ ਵੀ ਆਗਿਆ ਦਿਉ, ਮੈਂ ਵੀ ਮੈਦਾਨ-ਏ-ਜੰਗ ਵਿੱਚ ਜਾਣਾ ਚਾਹੁੰਦਾ ਹਾਂ, ਜਿਥੇ ਮੇਰਾ ਵੱਡਾ ਭਰਾ ਚਲਾ ਗਿਆ ਹੈ, ਜਿਥੇ ਸਾਡੇ ਜਾਨ ਤੋਂ ਪਿਆਰੇ ਸਾਥੀ ਸਿੰਘ, ਸੂਰਬੀਰ ਚਲੇ ਗਏ, ਪਿਤਾ ਜੀ ਮੈਨੂੰ ਵੀ ਜਾਣ ਦੀ ਆਗਿਆ ਦੇ ਦਿਉ। ਕਲਗੀਧਰ ਪਾਤਸ਼ਾਹ ਨੇ ਪੁਛਿਆ” ਬੇਟਾ ਤੁਹਾਨੂੰ ਮੈਦਾਨ-ਏ-ਜੰਗ ਵਿੱਚ ਜਾਣ ਦੀ ਇਨੀ ਤੜ੍ਹਫ, ਏਨੀ ਲਾਲਸਾ ਕਿਉਂ ਹੈ? “ਸਾਹਿਬਜਾਦਾ ਜੁਝਾਰ ਸਿੰਘ ਨੇ ਜਵਾਬ ਦਿੱਤਾ-

ਭਾਈ ਸੇ ਬਿਛੜ ਕਰ ਹਮੇਂ ਜੀਨਾ ਨਹੀ ਆਤਾ।

ਸੋਨਾ ਨਹੀਂ, ਖਾਣਾ ਨਹੀਂ, ਪੀਨਾ ਨਹੀ ਭਾਤਾ।

ਸਾਹਿਬਜਾਦਾ ਜੁਝਾਰ ਸਿੰਘ ਕਹਿਣ ਲਗੇ” ਪਿਤਾ ਜੀ ਜਦੋਂ ਤੋਂ ਹੋਸ਼ ਸੰਭਾਲੀ ਹੈ, ਤਦ ਤੋਂ ਮੈਂ ਆਪਣੇ ਵੱਡੇ ਵੀਰੇ ਤੋਂ ਵੱਖ ਨਹੀ ਹੋਇਆ, ਹਰ ਪਲ ਅਸੀਂ ਇਕੱਠੇ ਰਹੇ ਹਾਂ। ਮੇਰੇ ਭਾਈ ਨੇ ਵੀ ਆਪਣੀ ਜਿੰਮੇਵਾਰੀ ਨੂੰ ਪੂਰੀ ਤਰਾਂ ਨਾਲ ਨਿਭਾਇਆ ਹੈ, ਹਰ ਪਲ ਉਹਨਾਂ ਮੈਨੂੰ ਆਪਣੇ ਨਾਲ ਰੱਖਿਆ ਹੈ। ਅਸੀਂ ਸੌਂਦੇ, ਖਾਂਦੇ, ਪੀਂਦੇ ਸਭ ਇੱਕਠੇ ਸਾਂ ਤੇ ਹੁਣ ਇਹ ਕਿਵੇਂ ਹੋ ਸਕਦਾ ਹੈ ਕਿ ਮੇਰਾ ਵੱਡਾ ਵੀਰ ਮੌਤ ਲਾੜੀ ਨੂੰ ਵਿਆਹ ਗਿਆ ਹੋਵੇ ਤੇ ਮੈਂ ਪਿਛੇ ਇਕੱਲਾ ਰਹਿ ਜਾਵਾਂ, ਇਸ ਲਈ ਪਿਤਾ ਜੀ ਆਪ ਜੀ ਮੈਨੂੰ ਮੈਦਾਨ-ਏ-ਜੰਗ ਵਿੱਚ ਜਾਣ ਦੀ ਆਗਿਆ ਦਿਉ। “ਦੂਸਰੇ ਬੇਟੇ ਦੀ ਇਹ ਦਲੀਲ ਭਰੀ ਬੇਨਤੀ ਸੁਣ ਕੇ ਕਲਗੀਧਰ ਪਾਤਸ਼ਾਹ ਆਪਣੇ ਸਾਹਿਬਜਾਦੇ ਨੂੰ ਮੁਖਾਤਿਬ ਹੋ ਰਹੇ ਹਨ-

ਥੀ ਦੂਸਰੇ ਬੇਟੇ ਕੀ ਸੁਨੀ ਬੇਨਤੀ ਜਿਸ ਦਮ

ਸਰ ਕੋ, ਦਹਨਿ ਪਾਕ ਕੇ ਬੋਸੇ ਦਿਯੇ ਪੈਹਮ।

ਕਲਗੀਧਰ ਪਾਤਸ਼ਾਹ ਨੇ ਅਪਣੱਤ ਅਤੇ ਪਿਆਰ ਵਿੱਚ ਭਿੱਜ ਕੇ ਛੋਟੇ ਸਾਹਿਬਜਾਦੇ ਦੇ ਸਿਰ ਨੂੰ ਆਪਣੇ ਹੱਥਾਂ ਵਿੱਚ ਪਕੜ ਲਿਆ, ਉਸਦੇ ਮੱਥੇ ਤੇ ਪਿਆਰ ਨਾਲ ਚੁੰਬਨ ਕੀਤਾ ਤੇ ਕਹਿਣ ਲਗੇ” ਐ ਬੇਟਾ! ਮੈ ਤੇਰੇ ਤੋ ਬਲਿਹਾਰ ਹਾਂ। “

ਅਜ ਹੈ ਕਿਧਰੇ ਐਸਾ ਬਾਪ ਕਿ ਪੁੱਤਰ ਮਰਨ ਦੀ ਆਗਿਆ ਮੰਗ ਰਿਹਾ ਹੋਵੇ ਤੇ ਬਾਪ ਬਲਿਹਾਰ ਜਾ ਰਿਹਾ ਹੋਵੇ। ਪਾਤਸ਼ਾਹ ਸਾਹਿਬਜਾਦਾ ਜੁਝਾਰ ਸਿੰਘ ਨੂੰ ਮੁਖਾਤਿਬ ਹੋ ਕੇ ਕਹਿਣ ਲਗੇ:-

ਮਰਨੇ ਕੇ ਲੀਏ-ਕਹਨੇ ਲਗੇ: ਜਾਈਏ ਜਮ ਜਮ।

ਰੂਠੋ ਨ ਖੁਦਾ ਰਾ! ਨਹੀ ਰੋਕੇਂਗੇ ਕਭੀ ਹਮ।

ਐ ਬੇਟਾ! ਜੇ ਮੈਂ ਅਜੀਤ ਸਿੰਘ ਨੂੰ ਨਹੀ ਰੋਕਿਆ, ਰੋਕਾਂਗਾ ਤੈਨੂੰ ਵੀ ਨਹੀ। ਤੂੰ ਮਾਯੂਸ ਨਹੀ ਹੋਣਾ, ਮੈਂ ਤੈਨੂੰ ਵੀ ਉਸੇ ਰਾਹ ਉਪਰ ਤੋਰਾਂਗਾ ਜਿਸ ਰਾਹ ਤੇ ਮੈਂ ਸਾਹਿਬਜਾਦਾ ਅਜੀਤ ਸਿੰਘ ਨੂੰ ਤੋਰਿਆ ਹੈ।

ਹਮ ਨੇ ਥਾ ਕਹਾ ਬਾਪ ਕੋ, ਜਾਂ ਦੀਜੈ ਧਰਮ ਪਰ।

ਲੋ ਕਹਤੇ ਹੈ ਅਬ ਆਪ ਕੋ, ਜਾਂ ਦੀਜੈ ਧਰਮ ਪਰ।

ਮੈਂ ਆਪਣੇ ਬਾਪ ਨੂੰ ਵੀ ਸੀ ਰੋਕਿਆ, ਮੈਂ ਆਪਣੇ ਪਿਤਾ ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਵੀ ਕਹਿ ਦਿੱਤਾ ਸੀ “ਪਿਤਾ ਜੀ! ਆਹ ਕਸ਼ਮੀਰੀ ਪੰਡਿਤਾਂ ਦੀ ਆਪ ਜੀ ਤੋਂ ਸਿਵਾ ਕੌਣ ਬਾਂਹ ਪਕੜ ਸਕਦਾ ਹੈ”। ਮੈਂ ਉਹਨਾਂ ਨੂੰ ਵੀ ਇਹ ਬੇਨਤੀ ਕੀਤੀ ਸੀ ਕਿ ਇਹਨਾਂ ਦੇ ਧਰਮ ਦੀ ਰੱਖਿਆ ਕਰੋ। ਬੇਟਾ ਅਜ ਧਰਮ ਦੀ ਚੜਦੀ ਕਲਾ ਲਈ ਚਮਕੌਰ ਦੇ ਮੈਦਾਨ-ਏ-ਜੰਗ ਵਿੱਚ ਜਾਣ ਤੋਂ ਮੈਂ ਤੈਨੂੰ ਵੀ ਨਹੀ ਰੋਕਾਂਗਾ। ਤੈਨੂੰ ਵੀ ਉਹਨਾਂ ਲਫਜਾਂ ਨਾਲ ਨਿਵਾਜ ਰਿਹਾ ਹਾਂ।

ਮਰਨੇ ਸੇ ਕਿਸੀ ਯਾਰ ਕੋ ਹਮ ਨੇ ਨਹੀ ਰੋਕਾ।

ਫਰਜੰਦਿ ਵਫਾਦਾਰ ਕੋ ਹਮ ਨੇ ਨਹੀ ਰੋਕਾ।

ਬੇਟਾ ਮੈਂ ਚਮਕੌਰ ਦੇ ਮੈਦਾਨ-ਏ-ਜੰਗ ਵਿੱਚ ਵੈਰੀ ਨਾਲ ਜੂਝਣ ਲਈ ਨਾ ਆਪਣੇ ਪਿਆਰੇ ਸੂਰਬੀਰਾਂ ਨੂੰ ਰੋਕਿਆ ਹੈ ਨਾ ਹੀ ਸਾਹਿਬਜਾਦਾ ਅਜੀਤ ਸਿੰਘ ਨੂੰ ਰੋਕਿਆ ਹੈ ਤੇ ਬੇਟਾ ਜੁਝਾਰ ਸਿੰਘ ਮੈਂ ਤੈਨੂੰ ਵੀ ਨਹੀ ਰੋਕਾਂਗਾ।

ਖੁਸ਼ਨੂਦੀ ਇ ਕਰਤਾਰ ਕੋ ਹਮ ਨੇ ਨਹੀਂ ਰੋਕਾ।

ਅਬ ਦੇਖੀਏ, ਸ੍ਰਕਾਰ ਕੋ ਹਮ ਨੇ ਨਹੀਂ ਰੋਕਾ।

(ਖੁਸਨੂਦੀ ਇ ਕਰਤਾਰ ਕੋ) ਭਾਵ ਕਿ ਪਰਮੇਸ਼ਰ ਅਕਾਲ ਪੁਰਖ ਦੀ ਖੁਸ਼ੀ ਅਤੇ ਭਾਣੇ ਅੰਦਰ ਰਹਿ ਕੇ ਮੈਂ ਤੈਨੂੰ ਵੀ ਮੈਦਾਨ-ਏ-ਜੰਗ ਵਿੱਚ ਜਾ ਕੇ ਜੂਝਣ ਦੀ ਆਗਿਆ ਦੇ ਰਿਹਾ ਹਾਂ ਕਿਉਂਕਿ ਕਰਤਾਰ ਨੂੰ ਜੋ ਚੰਗਾ ਲਗਦਾ ਹੈ ਉਹੀ ਹੋਣਾ ਹੈ।

ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਝਣ ਲਈ ਬਹੁਤ ਵੱਡੇ ਹੌਂਸਲੇ ਅਤੇ ਦਿਮਾਗ਼ ਦੀ ਜਰੂਰਤ ਹੈ, ਪਰ ਸ਼ਾਇਦ ਇਸ ਲੋਕਾਈ ਵਿੱਚ ਅਸੀ ਕਲਗੀਧਰ ਪਾਤਸ਼ਾਹ ਨੂੰ ਸਮਝਣ ਤੋਂ ਅਸਮਰਥ ਸਿੱਧ ਹੋਈਏ। ਪਰ ਫਿਰ ਵੀ ਉਹਨਾਂ ਦੇ ਜੀਵਨ ਦੇ ਕੁੱਝ ਅੰਸ਼ਾ ਤੇ ਧਿਆਨ ਮਾਰਿਆਂ ਉਹਨਾਂ ਦੀ ਸਖਸ਼ੀਅਤ ਦਾ ਅੰਦਾਜਾ ਜਰੂਰ ਲਗਾਇਆ ਜਾ ਸਕਦਾ ਹੈ।

ਔਰੰਗਜੇਬ ਬਾਦਸ਼ਾਹ, ਕਲਗੀਧਰ ਪਾਤਸ਼ਾਹ ਨੂੰ ਚੌਦਾਂ (14) ਲੜਾਈਆਂ ਵਿੱਚ ਵੀ ਹਰਾ ਨਹੀ ਸੀ ਸਕਿਆ, ਭਾਵੇਂ ਕਿ ਉਸਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਪੂਰੇ ਸਰਬੰਸ ਦੀ ਕੁਰਬਾਨੀ ਵੀ ਲੈ ਲਈ ਸੀ। ਕਲਗੀਧਰ ਪਾਤਸ਼ਾਹ ਦਾ ਜਾਨ ਤੋਂ ਪਿਆਰਾ ਸ੍ਰੀ ਅਨੰਦਪੁਰ ਸਾਹਿਬ ਵੀ ਧੋਖੇ ਨਾਲ ਖਾਲੀ ਕਰਵਾ ਲਿਆ, ਹੋਰ ਵੀ ਧੋਖੇ ਕੀਤੇ, ਝੂਠੀਆਂ ਕਸਮਾਂ, ਵਾਅਦੇ ਤੋੜੇ ਪਰ ਕਲਗੀਧਰ ਪਾਤਸ਼ਾਹ ਨੂੰ ਜਿੱਤ ਨਾ ਸਕਿਆ। ਸਰਹੰਦ ਦੇ ਨਵਾਬ ਵਜੀਰ ਖਾਂ ਨੇ ਕਲਗੀਧਰ ਪਾਤਸ਼ਾਹ ਦੇ ਛੋਟੇ ਸਾਹਿਬਜਾਦੇ ਵੀ ਜਿੰਦਾ ਹੀ ਨੀਹਾਂ ਵਿੱਚ ਚਿਣਵਾ ਦਿੱਤੇ, ਕਲਗੀਧਰ ਪਾਤਸ਼ਾਹ ਦੇ ਮਾਤਾ ਜੀ ਦੀ ਕੁਰਬਾਨੀ ਵੀ ਲੈ ਲਈ, ਫਿਰ ਵੀ ਕਲਗੀਧਰ ਪਾਤਸ਼ਾਹ ਦੇ ਹੌਸਲੇ ਨੂੰ ਢਾਹ ਨਹੀ ਸੀ ਲਾ ਸਕਿਆ। ਚੌਦਾਂ ਯੁੱਧ ਕੀਤੇ ਤੇ ਅਖੀਰ ਔਰੰਗਜੇਬ, ਕਲਗੀਧਰ ਪਾਤਸ਼ਾਹ ਨੂੰ ਤਾੜਣਾ ਕਰੀ ਜਾ ਰਿਹਾ ਸੀ। ਇਥੋਂ ਤਕ ਕਿ ਔਰੰਗਜੇਬ ਨੇ ਸਰਹੰਦ ਦੇ ਨਵਾਬ ਵਜੀਰ ਖਾਂ ਨੂੰ ਕਲਗੀਧਰ ਪਾਤਸ਼ਾਹ ਨੂੰ ਝੁਕਾਉਣ ਲਈ ਹਰ ਜਾਇਜ਼-ਨਜ਼ਾਇਜ਼ ਤਰੀਕਾ (ਹੀਲਾ) ਵਰਤਣ ਦੀ ਖੁੱਲ ਵੀ ਦਿੱਤੀ ਹੋਈ ਸੀ।

ਅਖੀਰ ਗੁਰੂ ਕਲਗੀਧਰ ਪਾਤਸ਼ਾਹ ਨੇ ਔਰੰਗਜੇਬ ਨੂੰ “ਜਫਰਨਾਮਾ” ਲਿਖਿਆ, ਜਿਸਨੂੰ ਪੜ੍ਹਕੇ ਔਰੰਗਜੇਬ ਦਾ ਮਨ ਵੀ ਬਦਲ ਗਿਆ ਸੀ। ਉਹ ਪਛਤਾਵੇ ਦੀ ਅੱਗ ਵਿੱਚ ਸੜ੍ਹਨ ਲਗ ਪਿਆ ਸੀ। ਔਰੰਗਜੇਬ ਜਦੋਂ ਮਰਨ ਲਗਾ ਸੀ ਤਾਂ ਉਸਦੇ ਸਿਰਹਾਣੇ ਦੇ ਹੇਠਾਂ ਤੋਂ ਕੁੱਝ ਕਾਗਜ ਨਿਕਲੇ ਸਨ, ਉਹਨਾਂ ਕਾਗਜਾਂ ਨੂੰ ਔਰਗਜੇਬ ਦੀ ਅੰਤਿਮ ਵਸੀਅਤ ਵੀ ਕਿਹਾ ਜਾਦਾ ਹੈ। ਔਰੰਗਜੇਬ ਨੇ ਲਿਖਿਆ ਸੀ” ਮੈ ਇਸ ਸੰਸਾਰ ਵਿੱਚ ਖਾਲੀ ਹੱਥ ਆਇਆ ਸੀ, ਜਾਂਦੀ ਵਾਰ ਪਾਪਾਂ ਦੀ ਪੰਡ ਲੈ ਕੇ ਜਾ ਰਿਹਾ ਹਾਂ”। ਇਹ ਕਲਗੀਧਰ ਪਾਤਸ਼ਾਹ ਵਲੋਂ ਲਿਖੇ “ਜਫਰਨਾਮੇ” ਦੀ ਕਰਾਮਾਤ ਸੀ। ਇਹ ਸਤਿਗੁਰੂ ਜੀ ਦੇ ਅਨਿਆਲੇ ਤੀਰ ਸਨ ਜੋ ਬਾਦਸ਼ਾਹ ਔਰੰਗਜੇਬ ਦੀ ਹਿਕ ਵਿੱਚ ਵੱਜਦੇ ਰਹੇ ਸਨ। ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਸ਼ਬਦਾਂ ਦੇ ਬਾਣ ਔਰੰਗਜੇਬ ਨੂੰ ਵਿੰਨ ਕੇ ਰੱਖ ਗਏ ਤੇ ਔਰੰਗਜੇਬ ਇਹ ਵਸੀਅਤ ਲਿਖਣ ਲਈ ਮਜਬੂਰ ਹੋ ਗਿਆ।” ਪਤਾ ਨਹੀ ਖੁਦਾ ਦੀ ਦਰਗਾਹ ਵਿੱਚ ਮੇਰੇ ਨਾਲ ਕੀ ਹੋਵੇਗਾ। “ਔਰੰਗਜੇਬ ਨੇ ਆਪਣੀ ਵਸੀਅਤ ਵਿੱਚ ਅੱਗੇ ਲਿਖਿਆ “ਐ ਦੁਨੀਆਂ ਦੇ ਲੋਕੋ! ਮੇਰੀ ਕਬਰ ਦੇ ਨੇੜੇ ਕੋਈ ਦਰਖ਼ਤ ਵੀ ਨਾ ਲਗਾਉਣਾ, ਕਿਉਂਕਿ ਮੈਂ ਪਾਪਾਂ ਨਾਲ ਇੰਨਾ ਭਰਿਆ ਹੋਇਆ ਹਾਂ ਕਿ ਮੇਰੀ ਕਬਰ ਨੂੰ ਵੀ ਦਰਖ਼ਤ ਦੀ ਛਾਂ ਨਸੀਬ ਨਹੀ ਹੋਣੀ ਚਾਹੀਦੀ। “

ਜਦੋਂ ਵਜੀਰ ਖਾਂ ਨੂੰ ਖਬਰ ਮਿਲੀ ਸੀ ਕਿ ਔਰਗਜੇਬ ਦਾ ਮਨ ਬਦਲ ਰਿਹਾ ਹੈ ਤਾਂ ਉਸਨੂੰ ਆਪਣਾ ਹੀ ਡਰ ਖਾਣ ਲਗਾ ਕਿ ਮੇਰੇ ਨਾਲ ਹੁਣ ਪਤਾ ਨਹੀ ਕੀ ਹੋਵੇਗਾ, ਕਿਉਂਕਿ ਬਾਦਸ਼ਾਹ ਔਰੰਗਜੇਬ ਆਖਰੀ ਸਮੇਂ ਸਾਹਿਬ ਕਲਗੀਧਰ ਪਾਤਸ਼ਾਹ ਨਾਲੋ ਈਰਖਾ ਗੁਆ ਚੁੱਕਾ ਸੀ। ਵਜੀਰ ਖਾਂ ਨੇ ਇਸੇ ਡਰ ਨੂੰ ਮੁੱਖ ਰੱਖ ਕੇ ਦੋ ਪਠਾਨ ਸਿੱਖੀ ਭੇਖ ਵਿੱਚ ਨਾਂਦੇੜ (ਮਹਾਰਾਸ਼ਟਰ) ਵਿੱਚ ਭੇਜੇ ਸਨ ਤੇ ਉਹਨਾਂ ਨੂੰ ਸਖਤ ਹਦਾਇਤ ਕੀਤੀ ਸੀ ਕਿ ਤੁਸੀਂ ਜਿਵੇਂ ਕਿਵੇਂ ਵੀ ਹੋਵੇ, ਗੁਰੂ ਗੋਬਿੰਦ ਸਿੰਘ ਨੂੰ ਖਤਮ ਕਰ ਦੇਣਾ ਹੈ। ਜੇਕਰ ਗੁਰੂ ਗੋਬਿੰਦ ਸਿੰਘ ਜਿਊਂਦੇ ਰਹਿ ਗਏ ਤਾਂ ਮੇਰੀ ਪਤਾ ਨਹੀ ਕੀ ਦੁਰਦਸ਼ਾ ਹੋਵੇਗੀ। ਉਹਨਾਂ ਦੋਵੇ ਪਠਾਨਾਂ ਨੇ ਧੋਖੇ ਨਾਲ ਗੁਰੂ ਕਲਗੀਧਰ ਪਾਤਸ਼ਾਹ ਨੂੰ ਖੰਜਰ ਮਾਰਿਆ ਸੀ ਤੇ ਪਾਤਸ਼ਾਹ ਉਸ ਖੰਜਰ ਦੇ ਦਿੱਤੇ ਜਖਮਾਂ ਕਾਰਣ ਇਹ ਸਰੀਰ ਤਿਆਗ ਗਏ ਸਨ।

ਸਾਹਿਬਜਾਦਾ ਜੁਝਾਰ ਸਿੰਘ ਜੀ ਆਪਣੇ ਪਿਤਾ ਗੁਰੂ ਕਲਗੀਧਰ ਪਾਤਸ਼ਾਹ ਜੀ ਤੋ ਆਗਿਆ ਮੰਗ ਰਹੇ ਹਨ ਤੇ ਪਾਤਸ਼ਾਹ ਕੀ ਕਹਿ ਰਹੇ ਹਨ-

ਤੁਮ ਕੋ ਭੀ ਇਸੀ ਰਾਹ ਮੇ ਕੁਰਬਾਨ ਕਰੇਂਗੇ।

ਸਦ ਸ਼ੁਕਰ ਹੈ ਹਮ ਭੀ ਕਭੀ ਖੰਜਰ ਸੇ ਮਰੇਗੇ।

ਕੁਰਬਾਨ, ਪਿਦਰ ਕੋ ਕੋਈ ਇਨਕਾਰ ਨਹੀਂ ਹੈ।

ਸਿਨ ਖੇਲ ਕਾ ਹੈ, ਰਨ ਕਾ ਸਜ਼ਾਵਾਰ ਨਹੀ ਹੈ।

ਸਾਹਿਬਜਾਦਾ ਜੁਝਾਰ ਸਿੰਘ ਦੇ ਸਿਰ ਨੂੰ ਪਾਤਸ਼ਾਹ ਨੇ ਆਪਣੇ ਦੋਵੇਂ ਹੱਥਾਂ ਨਾਲ ਫੜਿਆ ਹੋਇਆ ਹੈ ਤੇ ਕਹਿ ਰਹੇ ਨੇ “ਬੇਟਾ! ਮੈਂ ਤੇਰੇ ਤੋਂ ਕੁਰਬਾਨ ਹਾਂ, ਮੈਨੂੰ ਤੇਰੀ ਮੰਗ ਤੇ ਕੋਈ ਇਨਕਾਰ ਨਹੀ ਹੈ, ਮੈ ਤੇਰੇ ਨਾਲ ਪੂਰੀ ਤਰਾਂ ਸਹਿਮਤ ਹਾਂ, ਪਰ ਤੇਰੀ ਉਮਰ ਛੋਟੀ ਹੈ ਬੇਟਾ, ਤੈਨੂੰ ਰਣ ਦੇ ਦਾਉ ਪੇਚਾਂ (ਰਣ ਦਾ ਸਜਾਵਾਰ) ਦਾ ਵੀ ਪਤਾ ਨਹੀ ਹੈ। ਤੂੰ ਆਪਣੇ ਵੀਰ ਵਾਂਗ ਵਾਂਗ ਰਣ ਦੇ ਵਿੱਚ ਜੂਝਣਾ ਤਾਂ ਚਾਹੁੰਦਾ ਹੈ, ਪਰ ਤੇਰੀ ਉਮਰ ਅਜੇ ਬਹੁਤ ਛੋਟੀ ਹੈ, ਸਰੀਰ ਵੀ ਕੋਮਲ ਹੈ ਤੇ ਬੇਟਾ ਤੈਨੂੰ ਅਜੇ ਅਜੀਤ ਸਿੰਘ ਵਾਂਗ ਯੁੱਧ ਕਲਾ ਵੀ ਨਹੀ ਆਉਦੀ। “ਅਗਾਂਹ ਕਲਗੀਧਰ ਪਾਤਸ਼ਾਹ ਕਹਿ ਰਹੇ ਹਨ ਕਿ:-

ਆਈ ਹੀ ਚਲਾਨੀ ਤੁਮੇਂ ਤਲਵਾਰ ਨਹੀਂ ਹੈ।

ਯਿਹ ਗੁਲ ਸਾ ਬਦਨ ਕਾਬਲਿ ਸਫਾਰ ਨਹੀਂ ਹੈ।

ਬੇਟਾ ਅਜੇ ਤੈਨੂੰ ਅਜੇ ਆਪਣੇ ਵੱਡੇ ਵੀਰ ਅਜੀਤ ਸਿੰਘ ਵਾਂਗ ਤਲਵਾਰ ਚਲਾਉਣ ਦੀ ਕਲਾ ਨਹੀ ਆਈ ਤੇ (ਗੁਲ ਸਾ ਬਦਨ) ਤੇਰਾ ਗੁਲਾਬ ਵਰਗਾ ਸਰੀਰ ਅਜੇ ਵੈਰੀਆਂ ਤੇ ਤੀਰ ਖਾਣ ਲਈ ਤਿਆਰ ਵੀ ਨਹੀ ਹੈ, ਬੇਟਾ ਅਜੇ ਤੇਰਾ ਸਰੀਰ ਕੋਮਲ ਹੈ। “ਗੁਰੂ ਕਲਗੀਧਰ ਦੇ ਇਹ ਬਚਨ ਸੁਣ ਕੇ ਜੁਝਾਰ ਸਿੰਘ ਆਪਣੇ ਪਿਤਾ ਨੂੰ ਕਹਿਣ ਲਗੇ:-

ਸ਼ਾਹਜਾਦਾ ਇ ਜੁਝਾਰ ਨੇ ਫੌਰਨ ਕਹਾ:- “ਅੱਬਾ”।

ਮੈ ਭਾਈਉ ਸੇ ਕਿਉ ਰਹੂ ਘਟ ਕਰ ਭਲਾ ਅੱਬਾ।

ਪਿਤਾ ਜੀ! ਮੈਂ ਆਪਣੇ ਭਾਈਆਂ ਤੋਂ ਘਟ ਕਿਵੇਂ ਹੋ ਸਕਦਾ ਹਾਂ, ਪਿਤਾ ਜੀ! ਤੁਸੀਂ ਦੇਖਣਾ ਮੈਂ ਆਪਣੇ ਭਾਈ ਅਜੀਤ ਸਿੰਘ ਵਾਂਗ ਹੀ ਮੈਦਾਨ-ਏ-ਜੰਗ ਵਿੱਚ ਜਾ ਕੇ ਜੂਝਾਂਗਾ। ਪਿਤਾ ਜੀ! ਮੈਂ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀ ਦੇਵਾਂਗਾ। “ਸਾਹਿਬਜਾਦਾ ਜੁਝਾਰ ਸਿੰਘ ਦੇ ਮੁਖਾਰਬਿੰਦ ਤੋ ਨਿਕਲੇ ਇਹ ਦੋ ਸ਼ਬਦ ਸੁਣ ਕੇ ਕਲਗੀਧਰ ਪਿਤਾ ਦਾ ਦਿਲ ਬਾਗੋ-ਬਾਗ ਹੋ ਗਿਆ ਤੇ ਪਾਤਸ਼ਾਹ ਮੰਨ ਗਏ ਕਿ ਜੁਝਾਰ ਸਿੰਘ ਕਿਸੇ ਵੀ ਕਲਾ ਵਿੱਚ ਅਜੀਤ ਸਿੰਘ ਤੋਂ ਪਿਛਾਂਹ ਨਹੀ ਰਹੇਗਾ। ਜੋਗੀ ਅੱਲ੍ਹਾ ਯਾਰ ਖ਼ਾਂ ਲਿਖਦਾ ਹੈ ਕਿ:-

ਲੜਨਾ ਨਹੀ ਆਤਾ ਮੁਝੇ ਮਰਨਾ ਤੋ ਹੈ ਆਤਾ।

ਖ਼ੁਦ ਬੜ੍ਹ ਕੇ ਗਲ੍ਹਾ ਤੇਗ਼ ਪਿ ਧਰਨਾ ਤੋ ਹੈ ਆਤਾ।

ਕੀ ਹੋਇਆ! ਪਿਤਾ ਜੀ ਜੇਕਰ ਮੈਨੂੰ ਲੜ੍ਹਨ ਦੀ ਜਾਚ ਨਹੀ, ਪਰ ਮੈਨੂੰ ਮਰਨ ਦੀ ਜਾਚ ਤਾਂ ਹੈ, ਕਿਉਂਕਿ ਮੈਂ ਵੀ ਆਪ ਜੀ ਦੇ ਨਿਵਾਜੇ ਪੰਜ ਪਿਆਰਿਆਂ ਤੋਂ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਲਈ ਹੋਈ ਹੈ। ਉਸ ਪਾਹੁਲ (ਅੰਮ੍ਰਿਤ) ਰਾਹੀਂ ਤੁਸੀਂ ਬਾਣੀ ਅਤੇ ਬਾਣੇ ਨਾਲ ਜੋੜਿਆ ਹੈ। ਪਿਤਾ ਜੀ! ਮੈਂ ਮੈਦਾਨ-ਏ-ਜੰਗ ਵਿੱਚ ਜਾ ਕੇ ਪੈਰ ਪਿਛਾਂਹ ਨਹੀ ਹਟਾਵਾਂਗਾ। “ਜਦੋਂ ਇਹ ਸ਼ਬਦ ਪਾਤਸ਼ਾਹ ਨੇ ਸਾਹਿਬਜਾਦਾ ਜੁਝਾਰ ਸਿੰਘ ਦੇ ਮੁਖਾਰਬਿੰਦ ਤੋਂ ਸੁਣੇ ਤਾਂ ਪਾਤਸ਼ਾਹ ਨਿਸ਼ਚਿੰਤ ਹੋ ਗਏ।

ਇਕ ਕਵੀ ਨੇ ਇਸ ਦ੍ਰਿਸ਼ ਨੂੰ ਆਪਣੀ ਕਲਾ ਦੁਆਰਾ ਕਲਮ-ਬੱਧ ਕੀਤਾ ਹੈ, ਉਹ ਲਿਖਦਾ ਹੈ ਕਿ:-

ਝਟ ਹੋ ਗਿਆ ਜੁਝਾਰ ਸਿੰਘ ਤਿਆਰ,

ਲਾਈ ਕਲਗੀ ਸੁਨਹਿਰੀ ਸੀਸ ਤੇ!

ਤੇ ਪਹਿਨ ਲਏ ਹਥਿਆਰ,

ਚੜੀ ਸੂਰਮੇ ਦੀ ਢਾਕ ਉਤੇ!

ਸੋਭਦੀ ਪਵੇ ਕੁਸ਼ਲ-ਕੁਸ਼ਲ ਤਲਵਾਰ

ਮੱਥਾ ਟੇਕਿਆ ਉਸ ਆਣ ਹਜੂਰ ਨੂੰ।

ਫਤਿਹ ਮੁੱਖ ਤੋਂ ਵਾਹਿਗੁਰੂ ਦੀ ਉਚਾਰ

ਦਿਉ ਆਗਿਆ ਪਿਤਾ ਜੀ

ਮੈ ਜਾਵਾਂ ਜੰਗ ਨੂੰ,

ਆਵਾਜ ਵੀਰ ਰਿਹਾ ਹੈ ਮੈਨੂੰ ਮਾਰ

ਸਾਡੀ ਜੋੜੀ ਵਿੱਚ ਭੰਗ ਨਾ ਪਵੇ,

ਕਰੋ ਪਿਤਾ ਜੀ, ਮੇਰੇ ਤੇ ਉਪਕਾਰ।

ਕਲਗੀਧਰ ਪਿਤਾ ਗੁਰੂ ਨੇ ਜਦ ਛੋਟੇ ਸਾਹਿਬਜਾਦੇ ਜੁਝਾਰ ਸਿੰਘ ਦੇ ਹੌਂਸਲੇ ਨੂੰ ਜਾਂਚ ਲਿਆ ਤਾਂ ਫਿਰ ਉਸਨੂੰ ਆਗਿਆ ਬਖਸ਼ਿਸ਼ ਕਰਦੇ ਹਨ। ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਬਿਆਨ ਕਰਦੀ ਹੈ ਕਿ-

ਭੱਰਾਈ ਸੀ ਆਵਾਜ਼ ਸੇ ਬੋਲੇ ਗੁਰੂ ਗੋਬਿੰਦ-

ਪਾਲਾ ਹੈ ਤੁਮੇ ਨਾਜ਼ ਸੇ! “ਬੋਲੇ ਗੁਰੂ ਗੋਬਿੰਦ!

ਰੋਕਾ ਨਹੀ ਆਗਾਜ਼ ਸੇ! “ਬੋਲੇ ਗੁਰੂ ਗੋਬਿੰਦ!

ਉਸ ਨੰਨ੍ਹੇ ਸੇ ਜਾਂ-ਬਾਜ ਸੇ ਬੋਲੇ ਗੁਰੂ ਗੋਬਿੰਦ!

ਲੋ ਆਉ ਤਨਿ-ਪਾਕ ਪਿ ਹਥਿਆਰ ਸਜਾ ਦੇਂ।

ਛੋਟੀ ਸੀ ਕਮਾਂ ਨੰਨੀ ਸੀ ਤਲਵਾਰ ਸਜਾ ਦੇਂ।

ਪਾਤਸ਼ਾਹ ਭਾਵਨਾਤਮਕ ਗਲੇ ਨਾਲ ਬੋਲੇ,” ਬੇਟਾ! ਤੂੰ ਮੇਰੇ ਸਾਰੇ ਤੌਖਲੇ ਦੂਰ ਕਰ ਦਿੱਤੇ ਹਨ, ਹੁਣ ਮੈਂ ਤੈਨੂੰ ਰੋਕਾਂਗਾ ਨਹੀ। ਆ ਬੇਟਾ ਮੈਂ ਤੈਨੂੰ ਆਪਣੇ ਹੱਥਾਂ ਨਾਲ ਸ਼ਸਤਰਾਂ ਨਾਲ ਲੈਸ ਕਰਾਂਗਾ। “ਸ਼ਸਤਰ ਸਜਾਉਣ ਤੋਂ ਪਹਿਲਾਂ ਪਾਤਸ਼ਾਹ ਆਪਣੇ ਜਿਗਰ ਦੇ ਟੋਟੇ ਦੀ ਛਾਤੀ ਨੂੰ ਹਥ ਦੀਆਂ ਗਿੱਠਾਂ ਨਾਲ ਮਿਨਣ ਲਗ ਪਏ ਤਾਂ ਪਾਸ ਹੀ ਖੜੇ ਸਿੰਘ ਨੇ ਪੁਛਿਆ “ਸਚੇ ਪਾਤਸ਼ਾਹ! ਆਪ ਸਾਹਿਬਜਾਦੇ ਦੀ ਛਾਤੀ ਨੂੰ ਗਿੱਠਾਂ ਨਾਲ ਕਿਉਂ ਮਿਣ ਰਹੇ ਹੋ? “ਪਾਤਸ਼ਾਹ ਕਹਿਣ ਲਗੇ, “ਮੈਂ ਦੇਖ ਰਿਹਾ ਹਾਂ ਕਿ ਇਸ ਦੀ ਛਾਤੀ ਵਿੱਚ ਵੈਰੀ ਦੇ ਕਿੰਨੇ ਕੁ ਤੀਰ ਸਮਾ ਸਕਦੇ ਹਨ। ਇਸ ਲਈ ਮੈਂ ਉਹ ਗਿਣਤੀ ਕਰਨ ਲਈ ਇਸਦੀ ਛਾਤੀ ਨੂੰ ਮਿਣ ਰਿਹਾ ਹਾਂ। “ਪਾਤਸ਼ਾਹ ਜੁਝਾਰ ਸਿੰਘ ਨੂੰ ਅੱਗੇ ਕਹਿਣ ਲਗੇ:-

ਹਮ ਦੇਤੇ ਹੈ ਖੰਜਰ ਉਸੇ ਸ਼ਮਸੀਰ ਸਮਝਨਾਂ।

ਨੇਜੇ ਕੀ ਜਗ੍ਹਾ ਦਾਦਾ ਕਾ ਤੁਮ ਤੀਰ ਸਮਝਨਾਂ।

ਜਿਤਨੇ ਮਰੇ ਇਸ ਸੇ ਉਨ੍ਹੇ ਬੇ-ਪੀਰ ਸਮਝਨਾਂ।

ਜਖਮ ਆਏ ਤੋ ਹੋਨਾ ਨਹੀ ਦਿਲਗੀਰ ਸਮਝਨਾਂ।

ਬੇਟਾ! ਆਹ ਮੈਂ ਤੈਨੂੰ ਖੰਜਰ ਦੇ ਰਿਹਾ ਹਾਂ, ਤੂੰ ਉਸਨੂੰ ਤਲਵਾਰ ਸਮਝ ਕੇ ਚਲਾਉਣਾ ਹੈ। ਤੇ ਨੇਜਾ ਜੋ ਤੇਰੇ ਵੀਰ ਨੇ ਵ਼ੀ ਚਲਾਇਆ ਸੀ, ਤੂੰ ਇਸਦੀ ਜਗ੍ਹਾ ਤੀਰ ਚਲਾਈ। ਬੇਟਾ! ਜਿੰਨੇ ਵੀ ਵੈਰੀ ਤੇਰੇ ਹੱਥੋਂ ਮਰ ਜਾਵਣ, ਉਹਨਾਂ ਦੇ ਮਰਨ ਦਾ ਕੋਈ ਅਫਸੋਸ ਨਹੀ ਕਰਨਾ, ਕਿਉਂਕਿ ਉਹ ਸਾਰੇ ਬੇ-ਪੀਰੇ (ਨਿਗੁਰੇ) ਹਨ। ਉਹਨਾਂ ਦਾ ਈਮਾਨ ਹੀ ਕੋਈ ਨਹੀ ਹੈ। ਇਹਨਾਂ ਬੇ-ਪੀਰਿਆ ਨੂੰ ਮਾਰਨਾ ਕੋਈ ਮਾੜਾ ਨਹੀ ਹੈ।

ਇਥੇ ਇੱਕ ਗਲ ਬਹੁਤ ਧਿਆਨਯੋਗ ਮੈਂ ਆਪ ਦੇ ਸਾਹਮਣੇ ਰੱਖਣੀ ਚਾਹਾਂਗਾ। ਆਪ ਜੀ ਨੇ ਭਾਈ ਸੁਖਾ ਸਿੰਘ, ਭਾਈ ਮਹਿਤਾਬ ਸਿੰਘ ਜੀ ਦੇ ਇਤਿਹਾਸ ਨੂੰ ਜਰੂਰ ਪੜਿਆ ਹੋਵੇਗਾ ਤੇ ਆਪ ਨੂੰ ਬੱਸ ਇਤਨੀ ਜਾਣਕਾਰੀ ਹੋਵੇਗੀ ਕਿ ਉਹਨਾਂ ਨੇ “ਮੱਸਾ ਰੰਘੜ” ਦਾ ਸਿਰ ਵੱਢਿਆ ਸੀ, ਸ਼ਾਇਦ ਹੋਰ ਕੁੱਝ ਨਹੀ। ਪਰ ਅਫਸੋਸ ਕਿ ਸਾਡੇ ਪਾਸ ਆਪਣੀ ਵਿਰਾਸਤ ਦਾ ਇਤਿਹਾਸ ਪੜ੍ਹਣ ਦਾ ਸਮਾਂ ਹੀ ਨਹੀ ਹੈ, ਸਾਨੂੰ ਇਤਿਹਾਸਿਕ ਜਾਣਕਾਰੀ ਲੈਣ ਦਾ ਕੋਈ ਜਿਆਦਾ ਸ਼ੌਕ ਵੀ ਨਹੀ ਹੋਵੇਗਾ। ਅਜ ਅਸੀਂ ਇਹ ਵੀ ਜਾਨਣ ਦੀ ਕੋਸ਼ਿਸ਼ ਕਰ ਲਈਏ ਕਿ ਭਾਈ ਸੁੱਖਾ ਸਿੰਘ ਭਾਈ ਮਹਿਤਾਬ ਸਿੰਘ ਨੇ “ਮੱਸਾ ਰੰਘੜ” ਦਾ ਸਿਰ ਕਿਉਂ ਵੱਢਿਆ, ਪਰ ਉਹ ਇਸ ਪਾਸੇ ਨੂੰ ਕਿਵੇਂ ਆਏ, ਉਹਨਾਂ ਦਾ ਪ੍ਰੇਰਣਾ ਸ੍ਰੋਤ ਕੀ ਸੀ?

ਅਸਲ ਵਿੱਚ ਭਾਈ ਸੁੱਖਾ ਸਿੰਘ, ਸਿਖ ਪਰਿਵਾਰ ਵਿਚੋਂ ਨਹੀ ਸੀ, ਪਰਿਵਾਰ ਵਿੱਚ ਸਿੱਖੀ ਵੀ ਨਹੀ ਸੀ। ਪਰ ਸਿੱਖਾਂ ਦੇ ਜੀਵਨ ਬਾਰੇ ਬਹੁਤ ਸੁਣਿਆ, ਸਿੱਖਾਂ ਦੀ ਜੀਵਨ ਜਾਚ ਬਾਰੇ ਸੁਣ-ਸੁਣ ਕੇ ਬਹੁਤ ਪ੍ਰਭਾਵਿਤ ਹੋਏ ਤੇ ਅੰਮ੍ਰਿਤ ਛਕ ਕੇ ਭਾਈ ਸੁੱਖਾ ਸਿੰਘ ਬਣ ਗਏ। ਜਦੋਂ ਭਾਈ ਸੁੱਖਾ ਸਿੰਘ ਜੀ ਸਿੰਘ ਬਣੇ ਤਾਂ ਉਹ ਸਮਾਂ ਇਸ ਤਰਾਂ ਦਾ ਸੀ ਕਿ ਜਦੋਂ ਕਿਸੇ ਨੇ ਕਿਸੇ ਵੀ ਮਾਂ ਨੂੰ ਪੁੱਛਣਾ ਕਿ ਮਾਂ ਤੇਰੇ ਕਿੰਨੇ ਪੁੱਤਰ ਨੇ ਤਾਂ ਮਾਂ ਨੇ ਦਸਣਾ ਕਿ ਚਾਰ ਸਨ ਪਰ ਹੁਣ ਤਿੰਨ ਰਹਿ ਗਏ ਹਨ। ਸਵਾਲ ਕਰਨ ਵਾਲੇ ਨੇ ਹੈਰਾਨ ਹੋ ਕੇ ਪੁਛਣਾ ਕਿ ਮਾਤਾ ਜੀ ਚਾਰਾਂ ਵਿਚੋਂ ਤਿੰਨ ਰਹਿ ਗਏ ਕੀ ਇੱਕ ਚੜਾਈ ਕਰ ਗਿਆ ਹੈ? ਮਾਤਾ ਦਾ ਜਵਾਬ ਹੁੰਦਾ ਸੀ ਕਿ ਨਹੀ ਚੜਾਈ ਨਹੀ ਕੀਤੀ ਇੱਕ ਪੁੱਤਰ ਸਿੰਘ ਬਣ ਗਿਆ ਹੈ। ਐਸਾ ਸਮਾਂ ਸੀ ਜਦੋਂ ਸਿੰਘ ਬਨਣਾ, ਮੌਤ ਨੂੰ ਵਿਆਹੁਣ ਦੇ ਬਰਾਬਰ ਸੀ। ਭਾਈ ਸੁੱਖਾ ਸਿੰਘ ਨੇ ਉਸ ਸਮੇਂ ਅੰਮ੍ਰਿਤਪਾਨ ਕੀਤਾ ਸੀ।

ਉਸ ਸਮੇਂ ਦੌਰਾਨ ਕਿਸੇ ਨੇ ਚੁਗਲੀ ਕਰ ਦਿੱਤੀ ਕਿ ਸੁੱਖਾ ਸਿੰਘ ਅੰਮ੍ਰਿਤ ਛਕ ਕੇ ਸਿੰਘ ਸਜ ਗਿਆ ਹੈ। ਮੁਗਲ ਫੌਜਾਂ ਨੇ ਭਾਈ ਸੁੱਖਾ ਸਿੰਘ ਦੇ ਘਰ ਉਪਰ ਹੱਲਾ ਬੋਲ ਦਿੱਤਾ। ਪਰ ਕਰਣੀ ਕਰਤਾਰ ਦੀ ਕਿ ਅਕਾਲ ਪੁਰਖ ਨੇ ਭਾਈ ਸੁੱਖਾ ਸਿੰਘ ਤੋਂ ਸੇਵਾ ਲੈਣੀ ਸੀ, ਇਤਫਾਕ ਨਾਲ ਭਾਈ ਸੁੱਖਾ ਸਿੰਘ ਉਹਨਾਂ ਨੂੰ ਘਰ ਨਾ ਮਿਲੇ। ਅਗਲੇ ਦਿਨ ਜਦ ਭਾਈ ਸੁੱਖਾ ਸਿੰਘ ਜੀ ਆਪਣੇ ਘਰ ਆਏ ਤਾਂ ਮਮਤਾ ਦੇ ਅਧੀਨ ਮਾਂ-ਬਾਪ ਬਹੁਤ ਪਰੇਸ਼ਾਨੀ ਦੀ ਹਾਲਤ ਵਿੱਚ ਸਨ ਤੇ ਕਹਿਣ ਲਗੇ” ਬੇਟਾ! ਅਸੀ ਸਿੱਖ ਬਣ ਕੇ ਕੀ ਲੈਣਾ ਹੈ, ਸਿੱਖ ਬਣਕੇ ਤੂੰ ਜਾਨ ਨੂੰ ਖਤਰੇ ਵਿੱਚ ਪਾ ਰਿਹਾ ਏ, ਤੂੰ ਸਿੱਖੀ ਦਾ ਖਿਆਲ ਛੱਡ ਦੇ। “ਹੁਣ ਅਸਲ ਵਿੱਚ ਮਾਂ-ਬਾਪ ਮਮਤਾ ਦੇ ਅਧੀਨ ਹੋ ਕੇ ਠੀਕ ਹੀ ਕਹਿ ਰਹੇ ਸਨ, ਪਰ ਭਾਈ ਸੁੱਖਾ ਸਿੰਘ ਨਹੀ ਮੰਨਿਆ, ਪਰ ਮਾਂ-ਬਾਪ ਪੂਰੀ ਤਰਾਂ ਡਰੇ ਹੋਏ ਸਨ। ਮਾਂ-ਬਾਪ ਜੋ ਕਿ ਦਹਿਸ਼ਤ ਦੇ ਮਾਹੌਲ ਤੋਂ ਜਾਣੂ ਸਨ, ਉਹਨਾਂ ਨੇ ਸ਼ਾਮ ਨੂੰ ਭਾਈ ਸਾਹਿਬ ਦੇ ਖਾਣੇ ਵਿੱਚ ਬੇਹੋਸ਼ੀ ਦੀ ਦਵਾ ਮਿਲਾ ਦਿੱਤੀ। ਭਾਈ ਸੁੱਖਾ ਸਿੰਘ ਬੇਹੋਸ਼ੀ ਦੀ ਨੀਂਦ ਵਿੱਚ ਸੌਂ ਗਿਆ। ਜਦੋਂ ਗੂੜੀ ਤੇ ਬੇਹੋਸ਼ੀ ਦੀ ਨੀਂਦ ਸੀ ਤਾਂ ਮਾਂ-ਬਾਪ ਨੇ ਨਾਈ ਨੂੰ ਬੁਲਾ ਕੇ ਭਾਈ ਸਾਹਿਬ ਦੇ (ਸੁੱਤਿਆਂ ਹੀ) ਕੇਸ ਕਤਲ ਕਰਵਾ ਦਿੱਤੇ। ਜਦੋਂ ਭਾਈ ਸੁੱਖਾ ਸਿੰਘ ਨੂੰ ਹੋਸ਼ ਆਈ, ਸਿਰ ਤੇ ਹੱਥ ਫੇਰਿਆ ਤਾਂ ਹੈਰਾਨ ਹੋ ਗਏ ਕਿ ਮੇਰੇ ਤਾਂ ਸਿਰ ਤੇ ਕੇਸ ਹੀ ਕੋਈ ਨਹੀ ਹਨ। ਸ਼ਾਮ ਦਾ ਸਾਰਾ ਘਟਨਾ-ਕ੍ਰਮ ਉਹਨਾਂ ਦੀਆਂ ਅੱਖਾਂ ਅੱਗੇ ਆ ਗਿਆ ਤੇ ਝੱਟ ਸਮਝ ਗਏ ਕਿ ਮੇਰੇ ਮਾਂ-ਬਾਪ ਨੇ ਹੀ ਮੇਰੇ ਨਾਲ ਧੋਖਾ ਕੀਤਾ ਹੈ। ਕ੍ਰੋਧ ਵਿੱਚ ਸੋਚਿਆ ਕਿ ਮਾਂ-ਬਾਪ ਦਾ ਕਤਲ ਹੀ ਕਰ ਦੇਣਾ ਹੈ। ਫਿਰ ਮਨ ਵਿੱਚ ਆਇਆ ਕਿ ਨਹੀ ਇਹ ਬੇ-ਮੁਖਤਾ ਹੈ, ਉਹ ਮੈਨੂੰ ਜਨਮ ਦੇਣ ਵਾਲੇ ਹਨ ਤੇ ਉਹਨਾਂ ਨੂੰ ਮਾਰਨਾ ਕੋਈ ਸਿਆਣਪ ਨਹੀ ਹੈ। ਦੇਖ ਲਉ ਭਾਈ ਸੁੱਖਾ ਸਿੰਘ ਦੀ ਸਿਆਣਪ।

ਪਰ ਅਜ ਕਲ੍ਹ ਤਾਂ ਕੋਈ ਮਾਂ-ਬਾਪ ਦਾ ਬਣਦਾ ਸਤਿਕਾਰ ਵੀ ਨਹੀ ਕਰਦਾ। ਜਦੋਂ ਬੱਚੇ ਛੋਟੇ ਹੁੰਦੇ ਹਨ ਤਾਂ ਆਪਸ ਵਿੱਚ ਲੜਦੇ ਹਨ ਕਿ ਮੇਰੀ ਮਾਂ ਹੈ, ਮੇਰੀ ਮਾਂ ਹੈ, ਮੈ ਗੋਦੀ ਵਿੱਚ ਬੈਠਣਾ ਹੈ, ਮੈਂ ਗੋਦੀ ਵਿੱਚ ਬੈਠਣਾ ਹੈ। ਅਕਸਰ ਇਹ ਲੜਾਈ ਬੱਚਿਆਂ ਦੀ ਬਚਪਨ ਵਿੱਚ ਹੁੰਦੀ ਰਹਿੰਦੀ ਹੈ। ਪਰ ਜਦੋ ਬੱਚੇ ਸਿਆਣੇ ਹੋ ਜਾਂਦੇ ਹਨ ਤਾਂ ਮਾਂ-ਬਾਪ ਪ੍ਰਤੀ ਬੱਚਿਆਂ ਦਾ ਨਜ਼ਰੀਆ ਬਦਲ ਜਾਂਦਾ ਹੈ ਤੇ ਉਹੀ ਸਿਆਣੇ ਹੋਏ ਬੱਚੇ ਕਹਿੰਦੇ ਹਨ ਕਿ ਇਹ ਤੇਰੀ ਮਾਂ ਹੈ, ਇਹ ਤੇਰੀ ਮਾਂ ਹੈ। ਇਸ ਸਬੰਧ ਵਿੱਚ ਕਵਿਤਾ ਦੀਆਂ ਦੋ ਲਾਈਨ ਧਿਆਨਯੋਗ ਹਨ-

ਛੋਟੇ ਹੁੰਦੇ ਤਾਂ ਲੜਦੇ ਸੀ, ਮਾਂ ਮੇਰੀ ਹੈ, ਮਾਂ ਮੇਰੀ ਹੈ।

ਵੱਡੇ ਹੋ ਕੇ ਵੀ ਲੜਦੇ ਹਾਂ, ਮਾਂ ਤੇਰੀ ਹੈ, ਮਾਂ ਤੇਰੀ ਹੈ।

ਹੁਣ ਆਪ ਸੋਚ ਲਉ ਕਿਥੇ ਹੈ ਸਾਡਾ ਸਮਾਜ, ਕਿਥੇ ਹੈ ਸਾਡੀ ਗੁਰਮਤਿ, ਇਹ ਵੀ ਜਰਾ ਸੋਚਣ ਦਾ ਵਿਸ਼ਾ ਹੈ।

ਭਾਈ ਸੁੱਖਾ ਸਿੰਘ ਨੇ ਫੈਸਲਾ ਕੀਤਾ ਕਿ ਇਹ ਮਾਂ-ਬਾਪ ਮੇਰੇ ਜਨਮ ਦਾਤਾ ਹਨ ਤੇ ਇਹਨਾਂ ਨੂੰ ਮਾਰਨਾ ਪਾਪ ਹੈ। ਭਾਈ ਸੁੱਖਾ ਸਿੰਘ ਘਰ ਤੋਂ ਭਜ ਗਿਆ ਤੇ ਸੋਚਦਾ ਹੈ ਕਿ ਇਹਨਾ ਕੇਸਾਂ ਤੋਂ ਬਿਨਾ ਜਿਊਣਾ ਮੇਰੇ ਲਈ ਮੁਸ਼ਕਿਲ ਹੈ ਤੇ ਖੂਹ ਵਿੱਚ ਛਾਲ ਮਾਰ ਦਿੱਤੀ। ਅੱਗੇ ਅਕਾਲ ਪੁਰਖ ਦਾ ਭਾਣਾ ਕਿ ਖੂਹ ਵਿੱਚ ਪਾਣੀ ਥੋੜਾ ਸੀ, ਭਾਈ ਸੁੱਖਾ ਸਿੰਘ ਨੂੰ ਡੁੱਬਣਾ ਵੀ ਨਸੀਬ ਨਾ ਹੋਇਆ ਕਿਉਂਕਿ ਅਕਾਲ ਪੁਰਖ ਨੇ ਭਾਈ ਸੁੱਖਾ ਸਿੰਘ ਤੋਂ ਕੋਈ ਹੋਰ ਸੇਵਾ ਲੈਣੀ ਸੀ। ਕੋਈ ਸਿੱਖ ਉਧਰੋਂ ਲੰਘ ਰਿਹਾ ਸੀ ਤੇ ਉਸਨੇ ਭਾਈ ਸੁੱਖਾ ਸਿੰਘ ਨੂੰ ਖੂਹ ਵਿਚੋਂ ਬਾਹਰ ਕੱਢਿਆ ਤੇ ਕਾਰਣ ਪੁੱਛਿਆ। ਸਾਰੀ ਜਾਣਕਾਰੀ ਲੈ ਕੇ ਉਹ ਸਿਖ ਕਹਿਣ ਲੱਗਾ “ਭਾਈ ਸਾਹਿਬ ਜੀ! ਜੇ ਮਰਨਾ ਹੀ ਹੈ ਤਾਂ ਤੁਰਕਾਂ ਨੂੰ ਮਾਰ ਕੇ ਮਰੋ, ਐਵੇ ਕਿਉਂ ਜਾਨ ਗਵਾਈ ਜਾਂਦੇ ਹੋ? “ਉਸ ਸਿੱਖ ਦੀ ਪ੍ਰੇਰਣਾ ਸਦਕਾ ਭਾਈ ਸਾਹਿਬ ਨੇ ਭਾਈ ਸ਼ਾਮ ਸਿੰਘ ਦੇ ਡੇਰੇ ਤੇ ਜਾ ਕੇ ਭੁੱਲ ਦੀ ਅਰਦਾਸ ਕਰਵਾਈ ਅਤੇ ਦੁਬਾਰਾ ਅੰਮ੍ਰਿਤਪਾਨ ਕੀਤਾ। ਫਿਰ ਭਾਈ ਮਹਿਤਾਬ ਸਿੰਘ ਦੇ ਨਾਲ ਰਲ ਕੇ ਸ੍ਰੀ ਹਰਮਿੰਦਰ ਸਾਹਿਬ ਦੀ ਬੇਅਦਬੀ ਦਾ ਬਦਲਾ ਲਿਆ ਤੇ “ਮੱਸਾ ਰੰਘੜ” ਦਾ ਸਿਰ ਵੱਢ ਕੇ ਲੈ ਗਏ। ਉਸ ਮੱਸੇ ਰੰਘੜ ਦਾ ਕਸੂਰ ਇਹ ਸੀ ਕਿ ਉਸਨੇ ਜਿਥੇ ਗੁਰਬਾਣੀ ਦਾ ਪ੍ਰਕਾਸ਼ ਸੀ, ਜਿਥੇ ਗੁਰਬਾਣੀ ਦਾ ਗਾਇਨ (ਕੀਰਤਨ) ਹੁੰਦਾ ਸੀ, ਉਸ ਪਵਿਤਰ ਅਸਥਾਨ ਤੇ ਕੰਜਰੀਆਂ ਦਾ ਨਾਚ ਕਰਾਉਂਦਾ ਸੀ। ਉਸੇ ਜਗ੍ਹਾ ਉਪਰ ਸ਼ਰਾਬ ਦੇ ਦੌਰ ਚਲਾਉਂਦਾ ਸੀ। ਉਸਦਾ ਕਸੂਰ ਇਹ ਸੀ।

ਕਦੀ ਅਸੀਂ ਇਸ ਪ੍ਰਤੀ ਸੁਚੇਤ ਹੋਣ ਦੀ ਕੋਸ਼ਿਸ਼ ਕੀਤੀ ਹੈ? ਕੀ ਕਦੀ ਅਸੀਂ ਇਹ ਸੋਚਿਆ ਹੋਵੇਗਾ ਕਿ ਕਿਧਰੇ ਸਾਡੇ ਆਲੇ ਦੁਆਲੇ ਇਹੀ ਕੁੱਝ ਤਾਂ ਨਹੀ ਹੋ ਰਿਹਾ?

ਜਰਾ ਵਿਚਾਰਨ ਦੀ ਗਲ ਹੈ। ਸਾਡੇ ਘਰਾਂ ਵਿੱਚ ਕਦੀ ਸ੍ਰੀ ਅਖੰਡ ਪਾਠ ਸਾਹਿਬ ਹੋਵੇ ਤਾਂ ਲਗਭਗ 48 ਘੰਟੇ ਲਗਦੇ ਹਨ। ਫਿਰ ਬਾਅਦ ਵਿੱਚ ਭੋਗ ਉਪ੍ਰੰਤ ਇੱਕ ਜਾਂ ਦੋ ਘੰਟੇ ਦੀਵਾਨ, ਗੁਰਬਾਣੀ ਵਿਚਾਰ, ਕੀਰਤਨ ਆਦਿ ਹੁੰਦਾ ਹੈ। ਫਿਰ ਘਰ ਵਾਲੇ ਕਹਿਣਗੇ “ਬਾਬਾ ਜੀ ਜਲਦੀ ਕਰੋ ਪਾਰਟੀ ਦਾ ਟਾਈਮ ਹੋ ਰਿਹਾ ਹੈ। “ ਹੁਣ ਧਿਆਨ ਮਾਰਿਉ ਜਿਸ ਜਗ੍ਹਾ ਤੇ ਸ੍ਰੀ ਅਖੰਡ ਪਾਠ ਸਾਹਿਬ ਹੋਇਆ, ਗੁਰਬਾਣੀ ਕੀਰਤਨ ਹੋਏ, ਉਸੇ ਜਗ੍ਹਾ ਤੇ ਪਾਰਟੀ ਹੋ ਰਹੀ ਹੁੰਦੀ ਹੈ ਤੇ ਸ਼ਰਾਬਾਂ ਦੇ ਦੌਰ, ਨਾਚ ਗਾਣਾ ਆਦਿ ਚੱਲ ਰਿਹਾ ਹੁੰਦਾ ਹੈ। ਕਿ ਅਸੀਂ ਕਿਸੇ “ਮੱਸੇ ਰੰਘੜ” ਤੋਂ ਕਿਸੇ ਗਲ ਵਿੱਚ ਪਿਛੇ ਤਾਂ ਨਹੀ ਰਹਿ ਜਾਂਦੇ, ਜੋ ਕਸੂਰ “ਮੱਸੇ ਰੰਘੜ” ਦਾ ਸੀ ਉਹੀ ਕਸੂਰ ਅਸੀਂ ਵੀ ਕਰੀ ਜਾਂਦੇ ਹਾਂ ਤੇ ਫਿਰ ਆਪਣੇ ਆਪ ਨੂੰ ਅਸੀਂ ਗੁਰਮੁਖ ਪਰਿਵਾਰ ਵੀ ਕਹਾਉਂਦੇ ਹਾਂ।

ਇਸ ਪਰਥਾਇ ਇੱਕ ਕਵੀ “ਜੌਹਲ ਬਿਧੀ ਪੁਰੀਆ”ਗੁਰੂ ਨਾਨਕ ਜੀ ਨੂੰ ਸੰਬੋਧਨ ਹੋ ਕੇ ਕਵਿਤਾ ਦੇ ਰੂਪ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਾ ਹੈ ਕਿ-

ਐ ਬਾਬਾ! ਅੱਜ ਪੰਜਾਬ ਤੇਰੇ ਨੂੰ,

ਗਈ ਸਿਆਸਤ ਖਾ।

ਇਥੇ ਵਗਦਾ ਏ ਬੱਸ,

ਨਸ਼ਿਆ ਦਾ ਇਕੋ ਹੀ ਦਰਿਆ।

ਇਸੇ ਪ੍ਰਥਾਇ ਕਵੀ “ਪ੍ਰੀਤਮ ਸਿੰਘ ਕਾਸਿਦ” ਵੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਸੰਬੋਧਨ ਹੋ ਕੇ ਕਹਿ ਰਿਹਾ ਹੈ ਕਿ ਤੁਸੀਂ ਜਿਹੜੇ ਸਿੱਖਾਂ ਨੂੰ ਅੰਮ੍ਰਿਤ ਦਾ ਵਾਪਾਰੀ ਬਣਾਇਆ ਸੀ ਪਰ ਅਜ ਦਾ ਸਿੱਖ ਅੰਮ੍ਰਿਤ ਦਾ ਵਪਾਰੀ ਨਾ ਹੋ ਕੇ, ਪਤਾ ਕਿਧਰ ਨੂੰ ਤੁਰ ਪਿਆ ਹੈ?

ਆਹ ਤਾਂ ਤੇਰੇ ਸੂਰਮੇ, ਐਡੇ ਨਸ਼ਈ ਹੋ ਗਏ,

ਦਾਰੂ ਦੀ ਬੋਤਲ ਬਿਨਾ, ਨਹੀ ਚੜ੍ਹਦੀਆ ਖੁਮਾਰੀਆਂ!

ਚੜ੍ਹ ਗਈ ਤਾਂ ਏਡੇ ਬਹਾਦਰ ਹੋ ਗਏ,

ਆਪਣੇ ਹੀ ਵੀਰਾ ਦੇ ਢਿਡੀ, ਖੋਭਦੇ ਕਟਾਰੀਆਂ!

ਦੁਸ਼ਮਣਾ ਤੇ ਕੀ ਗਿਲਾ ਈ, ਪਾਤਸ਼ਾਹਾਂ ਦੇ ਪਾਤਸ਼ਾਹ,

ਵੇਚ ਦਿੱਤੀਆਂ ਤੇਰੇ ਸਰਦਾਰਾਂ ਨੇ, ਖੁਦ ਸਰਦਾਰੀਆਂ।

ਅਸੀਂ ਕਿਵੇਂ ਆਖ ਸਕਦੇ ਹਾਂ ਕਿ ਅਸੀਂ ਉਸ ਪੰਜਾਬ ਦੇ ਵਾਸੀ ਹਾਂ, ਜਿਸਨੂੰ ਪੰਜ ਦਰਿਆਵਾਂ/ਗੁਰੂਆਂ ਪੀਰਾਂ ਦੀ ਧਰਤੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਨਾ ਦੇ ਸਾਬਕਾ ਵਾਈਸ ਚਾਂਸਲਰ “ਸਰਦਾਰਾ ਸਿੰਘ ਜੌਹਲ” ਨੇ ਆਪਣੇ ਇੱਕ ਆਰਟੀਕਲ ਵਿੱਚ ਲਿਖਿਆ ਹੈ ਕਿ, “ਪੰਜਾਬ ਵਿੱਚ ਪਤਾ ਨਹੀ ਕਿੰਨੇ ਪਾਣੀਆਂ ਦੇ ਹੜ੍ਹ ਆਏ, ਪਰ ਪੰਜ ਦਰਿਆਵਾਂ ਦੀ ਇਸ ਧਰਤੀ ਨੂੰ ਪਾਣੀ ਡੋਬ ਨਹੀ ਸੀ ਸਕਿਆ। ਪਰ ਅੱਜ ਸ਼ਰਾਬ ਰੂਪੀ ਛੇਵੇਂ ਦਰਿਆ ਵਿੱਚ ਪੰਜਾਬ ਡੁੱਬ ਗਿਆ ਹੈ ਤੇ ਅੱਜ ਸ਼ਰਾਬ ਸਟੇਟਸ ਸਿੰਬਲ ਬਣ ਕੇ ਰਹਿ ਗਿਆ ਹੈ। “

ਅੱਜ ਕਹਿੰਦੇ ਕਹਾਉਂਦੇ ਜਥੇਦਾਰਾਂ ਦੇ ਬੱਚਿਆ ਦੀਆਂ ਸ਼ਾਦੀਆਂ ਸਮੇਂ ਮੈਰਿਜ ਪੈਲਸਾਂ ਵਿੱਚ ਜਾ ਕੇ ਦੇਖਣਾ ਕਿ ਸ਼ਰਾਬਾ ਦੇ ਖੁੱਲੇ ਦੌਰ ਕਿਵੇ ਪਏ ਚਲਦੇ ਹਨ। ਜੇਕਰ “ਮੱਸੇ ਰੰਘੜ” ਨੂੰ ਮਾੜੇ ਕੁਕਰਮ ਦੀ ਸਜ਼ਾ, ਭਾਈ ਸੁੱਖਾ ਸਿੰਘ-ਭਾਈ ਮਹਿਤਾਬ ਸਿੰਘ ਜੀ ਨੇ ਉਸਦਾ ਸਿਰ ਵੱਢ ਕੇ ਦਿੱਤੀ ਸੀ। ਕੀ ਅਸੀਂ ਉਹੀ ਕੁਕਰਮ ਤਾਂ ਨਹੀ ਕਰ ਰਹੇ? ਕੀ ਸਾਡੇ ਲਈ ਉਸੇ ਕੁਕਰਮ ਦੀ ਕੋਈ ਸਜ਼ਾ ਨਹੀ ਹੈ? ਜਾਂ ਫਿਰ ਅਸੀ ਜਾਣ ਕੇ ਵੀ ਅਣਜਾਣ ਬਣਦੇ ਜਾ ਰਹੇ ਹਾਂ।

ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲ੍ਹਮ ਬਿਆਨ ਕਰਦੀ ਹੈ ਕਿ ਸਾਹਿਬਜਾਦਾ ਜੁਝਾਰ ਸਿੰਘ ਨੂੰ ਕਲਗੀਧਰ ਪਾਤਸ਼ਾਹ ਸੰਬੋਧਨ ਹੋ ਕੇ ਕੀ ਕਹਿ ਰਹੇ ਹਨ?

ਜਬ ਤੀਰ ਕਲੇਜੇ ਮੇ ਲਗੇ ‘ਸੀ` ਨਹੀ ਕਰਨਾ।

‘ਉਫ` ਮੂੰਹ ਸੇ ਮੇਰੀ ਜਾਨ, ਕਬੀ ਭੀ ਨਹੀ ਕਰਨਾ।

ਐ ਬੇਟਾ! ਜਦ ਵੀ ਤੈਨੂੰ ਵੈਰੀ ਦੇ ਹਥਿਆਰ ਨਾਲ ਕੋਈ ਜਖਮ, ਕੋਈ ਫੱਟ ਲਗ ਜਾਵੇ ਤਾਂ ਤੇਰੇ ਮੂੰਹ ਵਿੱਚੋ ਸੀ (ਹਾਏ) ਨਹੀ ਨਿਕਲਣੀ ਚਾਹੀਦੀ। ਹੁਣ ਕਲਗੀਧਰ ਪਾਤਸ਼ਾਹ ਸਾਹਿਬਜਾਦਾ ਜੁਝਾਰ ਸਿੰਘ ਜੀ ਨੂੰ ਆਖਰੀ ਬਾਤ ਕਹਿ ਕੇ ਤੋਰ ਰਹੇ ਹਨ-

ਲੋ ਜਾਓ, ਸਿਧਾਰੋ! ਤੁਮੇਂ ਕਰਤਾਰ ਕੋ ਸੌਂਪਾ।

ਮਰ ਜਾਓ ਯਾ ਮਾਰੋ, ਤੁਮੇਂ ਕਰਤਾਰ ਕੋ ਸੌਂਪਾ।

ਰੱਬ ਕੋ ਨਾ ਬਿਸਾਰੋ, ਤੁਮੇਂ ਕਰਤਾਰ ਕੋ ਸੌਂਪਾ।

ਸਿੱਖੀ ਕੋ ਉਭਾਰੋ, ਤੁਮੇਂ ਕਰਤਾਰ ਕੋ ਸੌਂਪਾ।

ਕਲਗੀਧਰ ਪਾਤਸ਼ਾਹ ਨੇ ਪੁੱਤਰ ਤੋਂ ਆਪਣਾ ਪਿਤਾ ਵਾਲਾ ਹੱਕ ਛੱਡ ਦਿੱਤਾ ਤੇ ਕਹਿੰਦੇ ਨੇ ਕਿ ਮੈਂ ਤੈਨੂੰ ਕਰਤਾਰ ਦੇ ਹਵਾਲੇ ਕਰ ਦਿੱਤਾ ਹੈ।

ਵਾਹਗੁਰੂ ਅਬ ਜੰਗ ਕੀ ਹਿੰਮਤ ਤੁਮੇਂ ਬਖਸ਼ੇ।

ਪਿਆਸੇ ਹੋ ਜਾਤ, ਜਾਮਿ-ਸ਼ਹਾਦਤ ਤੁਮੇਂ ਬਖਸ਼ੇ।

ਕਲਗੀਧਰ ਪਾਤਸ਼ਾਹ ਕਹਿੰਦੇ ਨੇ ਕਿ ਬੇਟਾ! ਚੱਲ ਹੁਣ ਤੂੰ ਧਰਮ ਦੀ ਬੇੜੀ ਦਾ ਮਲਾਹ ਬਣ ਜਾ। ਬੇਟਾ ਪੂਰੇ ਪਰਿਵਾਰ ਵਿਚੋਂ ਤੂੰ ਮੇਰੇ ਕੋਲ ਇਕੱਲਾ ਹੀ ਸੀ ਤੇ ਬੇਟਾ ਮੈਂ ਤੈਨੂੰ ਵੀ ਤੋਰ ਰਿਹਾ ਹਾਂ।

ਬੇਟਾ ਹੋ ਤੁਮ ਹੀ ਪੰਥ ਕੇ ਬੇੜੇ ਕੇ ਖਵਯਾ!

ਸਰ ਭੇਟ ਕਰੋ ਤਾਕਿ ਧਰਮ ਕੀ ਚਲੇ ਨੱਯਾ।

ਕਿਉਂਕਿ ਤੈਨੂੰ ਵੱਡੇ ਵੀਰ ਅਜੀਤ ਸਿੰਘ ਵਾਂਗ ਜਾਮ-ਏ-ਸ਼ਹਾਦਤ ਦੀ ਪਿਆਸ ਲਗੀ ਹੋਈ ਹੈ, ਬੇਟਾ! ਹੁਣ ਤੂੰ ਆਪਣੇ ਧਰਮ ਦੇ ਬੇੜੇ ਨੂੰ ਪਾਰ ਲੰਘਾਉਣਾ ਹੈ।

ਲੇ ਦੇ ਕੇ ਤੁਮ ਹੀ ਥੇ ਮੇਰੇ ਗੁਲਸ਼ਨ ਕੇ ਬਕੱਯਾ।

ਲੋ ਜਾਓ, ਰਾਹ ਤਕਤੇ ਹੈ ਸਭ ਖੁਲਦ ਮੇ ਭੱਯਾ।

ਐ ਬੇਟਾ! ਮੇਰੇ ਗੁਲਸ਼ਨ ਦਾ ਆਖਰੀ ਫੁੱਲ ਤੂੰ ਸੀ, ਪਰ ਕੋਈ ਗੱਲ ਨਹੀ, ਤੁਸੀਂ ਜਾਉ, ਹੋਰ ਸਭ ਸਾਥੀ ਆਪ ਦੀ ਰਾਹ ਦੇਖ ਰਹੇ ਹਨ।

ਇਹ ਸਭ ਗੁਰੂ ਕਲਗੀਧਰ ਪਾਤਸ਼ਾਹ ਅਕਾਲ ਪੁਰਖ ਦੀ ਮਰਜੀ ਅਨੁਸਾਰ ਆਪਣੀ ਸੰਤਾਨ ਦੇ ਭਲੇ ਲਈ ਹੀ ਕਰ ਰਹੇ ਹਨ। ਖਿਆਲ ਕਰਨਾ! ਸੰਤਾਨ ਵੀ ਦੋ ਤਰਾਂ ਦੀ ਹੁੰਦੀ ਹੈ, ਇੱਕ ਨਾਦੀ ਸੰਤਾਨ ਤੇ ਦੂਸਰੀ ਬਿੰਦੀ ਸੰਤਾਨ। ਬਿੰਦੀ ਸੰਤਾਨ ਮਨੁੱਖ ਦੀ ਆਪਣੀ ਪੈਦਾ ਕੀਤੀ ਹੋਈ ਹੁੰਦੀ ਹੈ ਤੇ ਨਾਦੀ ਸੰਤਾਨ ਉਹ ਹੁੰਦੀ ਹੈ ਜੋ ਆਪਣੀ ਪੈਦਾ ਕੀਤੀ ਹੋਈ ਨਹੀ ਹੁੰਦੀ, ਬਲਕਿ ਗੋਦ ਲਈ (Addopted) ਹੁੰਦੀ ਹੈ।

ਪਰ ਕਲਗੀਧਰ ਪਾਤਸ਼ਾਹ ਤੋਂ ਕਿਵੇਂ ਨਾ ਬਲਿਹਾਰ ਜਾਈਏ, ਜਿਨਾਂ ਨੇ ਆਪਣੀ ਨਾਦੀ ਸੰਤਾਨ ਤੋਂ ਬਿੰਦੀ ਸੰਤਾਨ ਨੂੰ ਕੁਰਬਾਨ ਕਰ ਦਿੱਤਾ:-

ਇਨ ਪੁਤਰਨ ਕੇ ਕਾਰਨੇ, ਵਾਰ ਦੀਏ ਸੁਤ ਚਾਰ।

ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜਾਰ।

ਜਦੋ ਕਲਗੀਧਰ ਪਾਤਸ਼ਾਹ ਨੇ ਔਰੰਗਜੇਬ ਨੂੰ ਜਫਰਨਾਮਾ ਲਿਖਿਆ ਸੀ ਤਾਂ ਲਿਖਿਆ ਸੀ “ਕੀ ਹੋਇਆ ਔਰੰਗਜੇਬ! ਜੇ ਇੱਕ ਬਘਿਆੜ ਨੇ ਧੋਖੇ ਨਾਲ ਸ਼ੇਰ ਦੇ ਚਾਰ ਬੱਚੇ ਮਾਰ ਦਿੱਤੇ ਨੇ, ਪਰ ਅਜੇ ਮੇਰਾ ਕੁੰਡਲੀਦਾਰ ਭੁਝੰਗੀ ਖਾਲਸਾ ਪੁੱਤਰ ਬਾਕੀ ਹੈ। “ਗੁਰੂ ਸਾਹਿਬ ਨੇ ਆਪਣੇ ਨਾਦੀ ਪੁੱਤਰ ਖਾਲਸੇ ਤੋਂ ਆਪਣੇ ਹੀ ਪੈਦਾ ਕੀਤੇ ਚਾਰ ਬਿੰਦੀ ਪੁੱਤਰ ਕੁਰਬਾਨ ਕਰ ਦਿੱਤੇ। ਗੁਰੂ ਕਲਗੀਧਰ ਪਾਤਸ਼ਾਹ ਆਪਣੇ ਜਿਗਰ ਦੇ ਟੋਟੇ ਨੂੰ ਮੈਦਾਨ-ਏ-ਜੰਗ ਵਿੱਚ ਤੋਰ ਰਹੇ ਹਨ:-

ਖਾਹਸ਼ ਹੈ, ਤੁਮੇ ਤੇਗ਼ ਚਲਾਤੇ ਹੂਏ ਦੇਖੇਂ।

ਹਮ ਆਂਖ ਸੇ ਬ੍ਰਛੀ ਤੁਮੇਂ ਖਾਤੇ ਹੂਏ ਦੇਖੇਂ।

ਬੇਟਾ! ਮੈਂ ਚਾਹੁੰਦਾ ਹਾਂ ਕਿ ਤੂੰ ਮੈਦਾਨ-ਏ-ਜੰਗ ਵਿੱਚ ਇਸ ਤਰਾਂ ਵੈਰੀ ਨਾਲ ਜੂਝੇਂ, ਜਿਵੇਂ ਤੇਰਾ ਵੱਡਾ ਵੀਰ ਅਜੀਤ ਸਿੰਘ ਤੇ ਹੋਰ ਸਾਥੀ ਜੂਝਦੇ ਹੋਏ ਜਾਮ-ਏ-ਸ਼ਹਾਦਤ ਪੀ ਗਏ। ਜਿਵੇਂ ਮੈਂ ਉਹਨਾਂ ਨੂੰ ਜਾਮ-ਏ-ਸ਼ਹਾਦਤ ਪੀਦਿਆਂ ਦੇਖਿਆ ਮੇਰੀ ਇੱਛਾ ਹੈ ਇਸੇ ਤਰਾਂ ਤੈਨੂੰ ਵੀ ਸ਼ਹੀਦ ਹੁੰਦਾਂ ਵੇਖਾਂ।

ਕਲਗੀਧਰ ਪਾਤਸ਼ਾਹ ਦਾ ਲਾਡਲਾ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਮੈਦਾਨ-ਏ-ਜੰਗ ਵਿੱਚ ਆ ਗਿਆ, ਇਸ ਘਟਨਾ-ਕ੍ਰਮ ਨੂੰ ਇੱਕ ਕਵੀ “ਲਾਲਾ ਲਾਲ ਚੰਦ ਮਾਸੂਮ” ਜਿਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਨੂੰ ਨਿਰਪੱਖਤਾ ਨਾਲ ਪੜਿਆ ਤੇ ਪੜ੍ਹ ਕੇ ਜਾਣਿਆ। ਬੜ੍ਹੇ ਬਾ-ਕਮਾਲ ਸ਼ਬਦਾਂ ਦੀ ਲੜੀ ਨਾਲ ਸ਼ਰਧਾ ਦੇ ਫੁੱਲ ਭੇਟਾ ਕਰ ਗਿਆ। ਇਸ ਘਟਨਾ ਕ੍ਰਮ ਨੂੰ ਉਹ ਲਿਖਦਾ ਹੈ ਕਿ ਵਜੀਰ ਖਾਂ ਮੈਦਾਨ-ਏ-ਜੰਗ ਵਿੱਚ ਆਪਣੇ ਸਿਪਾਹੀਆਂ ਨੂੰ ਲਲਕਾਰ ਕੇ ਹੁਕਮ ਕਰ ਰਿਹਾ ਹੈ:-

ਤਲਵਾਰਾਂ ਸੂਤੋ ਗਾਜ਼ੀਓ, ਨੇਜੇ ਲਿਸ਼ਕਾ ਲਉ।

ਆਹ ਆਇਆ ਕਲ੍ਹ ਦਾ ਛੀਂਟਕਾ, ਬਸ ਘੇਰਾ ਪਾ ਲਉ।

ਹੁਣ ਜਾਣ ਨਹੀ ਦੇਣਾ ਜਿਊਦਿਆਂ, ਕੱਚਿਆਂ ਹੀ ਖਾ ਲਉ।

ਢਾਹ ਲਉ ਏਹਨੂੰ ਆਉਦਿਆਂ, ਨੇਜੇ ਤੇ ਚਾ ਲਉ।

ਪਰ ਹੋਇਆ ਕੀ

ਪਰ, ਗਾਜ਼ੀ ਆਪਣੀ ਮੌਤ ਨੂੰ ਲੱਭਦੇ ਹੀ ਰਹਿ ਗਏ।

ਉਹ ਸੱਥਰ ਲਾਹੁੰਦਾ ਤੁਰ ਗਿਆ, ਉਹ ਫੜਦੇ ਹੀ ਰਹਿ ਗਏ।

ਇਸ ਘਟਨਾ ਕ੍ਰਮ ਨੂੰ ਜੋਗੀ ਅੱਲ੍ਹਾ ਯਾਰ ਖ਼ਾਂ ਅੱਗੇ ਤੋਰਦਾ ਹੋਇਆ ਲਿਖਦਾ ਹੈ ਕਿ:-

ਜਬ ਫ਼ਤਹਿ ਗਜਾ ਕਰ, ਗਏ ‘ਜੁਝਾਰ` ਥੇ ਰਨ ਮੇਂ।

ਹਰ ਸ਼ੇਰ, ਬਘੇਲਾ ਨਜ਼ਰ ਆਨੇ ਲਗਾ ਬਨ ਮੇਂ।

ਨੰਨ੍ਹੀ ਸੀ ਕਜ਼ਾ ਬੋਲੀ “ਮੈ ਆਈ ਹੂੰ ਸ਼ਰਨ ਮੇਂ।

ਦਿਲਵਾਉ ਅਮਾਂ, ਗੋਸ਼ਾਇ ਦਾਮਾਨਿ-ਕਫਨ ਮੇਂ।

ਕਹਿੰਦੇ ਹੋਣੀ ਵੀ ਸਾਹਿਬਜਾਦਾ ਜੁਝਾਰ ਸਿੰਘ ਦੇ ਸਾਹਮਣੇ ਹੱਥ ਬੰਨ ਕੇ ਖੜੀ ਹੋ ਗਈ ਕਿ ਮੈਂ ਤੇਰੀ ਸ਼ਰਨ ਵਿੱਚ ਆਈ ਹਾਂ, ਤੂੰ ਜਿਸ ਕਫਨ ਵਿੱਚ ਜਾਣਾ ਹੈ, ਮੈਨੂੰ ਵੀ ਉਸੇ ਕਫਨ ਵਿੱਚ ਥੋੜੀ ਜਿਹੀ ਜਗ੍ਹਾ ਦੇ ਦੇਂਵੀ। ਇਹ ਨੰਨ੍ਹੀ ਕਜ਼ਾ (ਹੋਣੀ) ਸਾਹਿਬਜਾਦੇ ਨੂੰ ਮੁਖਾਤਿਬ ਹੋ ਕੇ ਕਹਿ ਰਹੀ ਹੈ-

ਮੈਂ ਜਿਸਕੇ ਹੂੰ ਕਬਜ਼ੇ ਮੇਂ, ਵੁਹ ਕਾਬੂ ਮੇ ਹੈ ਮੇਰੇ।

ਗੁਰਿਆਈ ਕਾ-ਬਲ ਨੰਨੇ ਸੇ ਬਾਜ਼ੂ ਮੇ ਹੈ ਤੇਰੇ।

ਸਾਹਿਬਜਾਦਾ ਜੁਝਾਰ ਸਿੰਘ ਮੈਦਾਨ-ਏ-ਜੰਗ ਵਿੱਚ ਜੂਝਦਾ ਹੋਇਆ ਵੈਰੀਆਂ ਵਲ ਨੂੰ ਵਧ ਰਿਹਾ ਹੈ। ਉਪਰੋਂ ਕਲਗੀਧਰ ਪਾਤਸ਼ਾਹ ਨੇ ਵੈਰੀਆਂ ਤੇ ਤੀਰਾਂ ਦੀ ਵਾਛੜ ਸ਼ੁਰੂ ਕਰ ਦਿੱਤੀ ਤੇ ਤੀਰਾਂ ਦੀ ਛਾਂ ਹੇਠਾਂ ਸਾਹਿਬਜਾਦਾ ਉਸ ਸਥਾਨ ਤੇ ਪਹੁੰਚਾ ਦਿੱਤਾ, ਜਿਸ ਜਗ੍ਹਾ ਤੇ ਸਾਹਿਬਜਾਦਾ ਅਜੀਤ ਸਿੰਘ ਨੇ ਜਾਮੇ-ਸ਼ਹਾਦਤ ਪੀਤਾ ਹੈ। ਕਲਗੀਧਰ ਪਾਤਸ਼ਾਹ ਨੇ ਉਨਾਂ ਸਮਾਂ ਵੈਰੀ ਨੂੰ ਜੁਝਾਰ ਸਿੰਘ ਦੇ ਪਾਸ ਨਹੀ ਆਉਣ ਦਿੱਤਾ ਜਿੰਨੀ ਦੇਰ ਤੱਕ ਉਹ ਆਪਣੇ ਵੱਡੇ ਵੀਰ ਅਜੀਤ ਸਿੰਘ ਵਾਲੀ ਜਗ੍ਹਾ ਉਪਰ ਨਹੀ ਪਹੁੰਚ ਗਿਆ।

ਦਸ ਬੀਸ ਕੋ ਜ਼ਖਮੀਂ ਕੀਆ, ਦਸ ਬੀਸ ਕੋ ਮਾਰਾ।

ਇੱਕ ਹਮਲੇ ਮੇ ਇਸ ਏਕ ਨੇ ਇਕੀਸ ਕੋ ਮਾਰਾ।

ਦਸਾਂ ਵੀਹਾਂ ਨੂੰ ਸਾਹਿਬਜਾਦੇ ਨੇ ਜਖਮੀ ਕਰ ਦਿੱਤਾ ਤੇ ਦਸਾਂ ਵੀਹਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਫਿਰ ਇੱਕ ਹੀ ਹਮਲੇ ਵਿੱਚ ਇੱਕੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਖੱਨਾਸ ਕੋ ਮਾਰਾ ਕਭੀ ਇਬਲੀਸ ਕੋ ਮਾਰਾ।

ਗੁਲ ਮਚ ਗਿਆ: ‘ਇਕ ਤਿਫਲ` ਨੇ ਚਾਲੀਸ ਕੋ ਮਾਰਾ।

ਜੋ ਦੈਂਤ (ਸੈਤਾਨ) ਬਣ ਕੇ ਆਏ ਸਨ ਉਹ ਜੁਝਾਰ ਸਿੰਘ ਦੇ ਅੱਗੇ ਖੜੇ ਨਾ ਹੋ ਸਕੇ। ਹੁਣ ਹਾਹਾਕਾਰ ਮਚ ਗਈ ਕਿ ਇੱਕ “ਤਿਫਲ” (ਛੋਟਾ ਬੱਚਾ) ਨੇ ਚਾਲੀਆਂ ਨੂੰ ਆਉਦਿਆਂ ਹੀ ਮਾਰ ਦਿੱਤਾ ਹੈ। ਪਰ ਵੈਰੀ ਝੱਟ ਸਮਝ ਗਏ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਛੋਟਾ ਬੇਟਾ ਜੁਝਾਰ ਸਿੰਘ ਹੈ ਤੇ ਆਪਣੇ ਸਾਥੀਆਂ ਨੂੰ ਕਹਿਣ ਲਗੇ ਕਿ ਇਸ ਤੋਂ ਬਚੋ, ਇਸ ਤੋਂ ਆਪਣੇ ਆਪ ਨੂੰ ਬਚਾਉ। ਕਿਉ?

ਬਚ ਬਚ ਕੇ ਲੜੋ ਕਲਗੀਓਂ ਵਾਲੇ ਕੇ ਪਿਸਰ ਸੇ।

ਯਿਹ ਨੀਮਚਾ ਲਾਏ ਹੈ ਗੁਰੂ ਜੀ ਕੀ ਕਮਰ ਸੇ।

ਨੀਮਚਾ ਕਿਹਾ ਜਾਦਾ ਹੈ ਛੋਟੇ ਖੰਡੇ ਨੂੰ। ਕਹਿੰਦੇ ਇਹ ਛੋਟਾ ਜਿਹਾ ਖੰਡਾ ਚਲਾ ਰਿਹਾ ਹੈ ਨਾ, ਇਹ ਛੋਟਾ ਖੰਡਾ ਕਿਸੇ ਹੋਰ ਦਾ ਨਹੀ ਇਹ ਇਸਦੇ ਬਾਪ ਕਲਗੀਧਰ ਦਾ ਹੈ, ਇਸਦੇ ਕੋਲੋਂ ਬਚੋ, ਇਸੇ ਵਿੱਚ ਹੀ ਭਲਾਈ ਹੈ।

ਸ਼ਾਹਜਾਦੇ ਕੇ ਹਰਬੇ ਸੇ ਸ਼ਜਾ-ਉ-ਜਰੀ ਹਾਰੇ।

ਜੀ-ਦਾਰੋ ਕੇ ਜੀ ਛੂਟ ਗਏ ਸਭ ਕਵੀ ਹਾਰੇ।

ਮਾਸੂਮ ਸੇ ਬਾਜ਼ੀ ਵੁਹ ਸਭੀ ਲਸ਼ਕਰੀ ਹਾਰੇ।

ਕਮਜ਼ੋਰ ਸੇ ਨਿਰਬਲ ਸੇ, ਹਜ਼ਾਰੋ ਬਲੀ ਹਾਰੇ।

ਸਾਹਿਬ ਜੁਝਾਰ ਸਿੰਘ ਨੇ ਸਾਹਮਣੇ ਆਇਆ ਵੈਰੀ ਇੱਕ ਵੀ ਨਹੀ ਛੱਡਿਆ, ਸਭ ਆਪਣੀ-ਆਪਣੀ ਜਾਨ ਬਚਾਉਣ ਲਈ ਪਿਛਾਂਹ ਨੂੰ ਦੌੜ ਰਹੇ ਹਨ। ਜੂਝਦਿਆਂ-ਜੂਝਦਿਆਂ ਸਾਹਿਬ ਜੁਝਾਰ ਸਿੰਘ ਦੇ ਸਾਹਮਣੇ ਵੱਡੇ ਵੀਰ ਅਜੀਤ ਸਿੰਘ ਦੀ ਲਾਸ਼ ਆ ਗਈ ਤਾਂ ਸਾਹਿਬ ਜੁਝਾਰ ਸਿੰਘ ਦੇ ਮਨ ਵਿੱਚ ਵੱਡੇ ਵੀਰ ਦੀ ਲਾਸ਼ ਦੇਖਦਿਆਂ ਕੀ ਆਇਆ?

ਮੈਦਾਂ ਮੇ ਜਬ ਭਾਈ ਕਾ ਲਾਸ਼ਾ ਨਜਰ ਆਇਆ।

ਘੋੜੇ ਸੇ ਵੁਹ ਮਾਸੂਮ ਦਿਲਾਵਰ ਉਤਰ ਆਇਆ।

ਜੁਝਾਰ ਸਿੰਘ ਆਪਣੇ ਘੋੜੇ ਤੋਂ ਹੇਠਾਂ ਉਤਰ ਆਇਆ ਤੇ ਆਪਣੇ ਵੱਡੇ ਭਾਈ ਦੀ ਲਾਸ਼ ਦੇ ਪਾਸ ਬੈਠ ਗਿਆ, ਲਾਸ਼ ਦੇ ਪਾਸ ਆ ਕੇ ਸਾਹਿਬਜਾਦਾ ਵੱਡੇ ਵੀਰ ਨਾਲ ਕਿਸ ਤਰਾਂ ਦੀਆ ਬਾਤਾਂ ਕਰ ਰਿਹਾ ਹੈ?

ਸਰ ਗੋਦ ਮੇਂ ਲੇ ਕਰਕੇ, ਕਹਾ ਭਾਈ ਸੇ ‘ਬੋਲੋ`।

ਇਸ ਖਾਬਿ-ਗਿਰਾਂ ਸੇ ਕਹੀਂ ਹੁਸ਼ਿਆਰ ਤੋ ਹੋ ਲੋ।

ਹਮ ਕੌਨ ਹੈ? ਦੇਖੋ ਤੋ ਜਰ੍ਹਾ ਆਂਖ ਤੋ ਖੋਲੋ।

ਸੋਨੇ ਕੀ ਹੀ ਠਾਨੀ ਹੈ ਅਗਰ, ਮਿਲ ਕੇ ਤੋ ਸੋ ਲੋ।

ਐ ਮੇਰੇ ਵੀਰੇ ਤੂੰ ਇਸ ਲੰਮੀ ਨੀਂਦ ਤੋਂ ਜ਼ਰਾ ਜਾਗ ਕੇ ਤਾਂ ਵੇਖ, ਜ਼ਰਾ ਅੱਖ ਖੋਲ ਕੇ ਤਾਂ ਵੇਖ ਤੇਰੇ ਕੋਲ ਕੌਣ ਆਇਆ ਹੈ? ਅਗਰ ਸੌਣਾ ਹੀ ਹੈ ਤਾਂ ਵੀਰਿਆ ਆਪਣਾ ਪਿਛਲਾ ਸਮਾਂ ਯਾਦ ਕਰ, ਤੂੰ ਪਹਿਲਾਂ ਮੈਨੂੰ ਸੁਆਉਂਦਾ ਸੀ ਫਿਰ ਤੂੰ ਸੌਂਦਾ ਸੀ। ਪਰ ਅਜ ਤੂੰ ਇਕੱਲਾ ਪਹਿਲਾਂ ਕਿਵੇਂ ਸੌਂ ਗਿਆ? ਵੀਰਿਆ ਮੈਂ ਵੀ ਤੇਰੇ ਨਾਲ ਸੌਣਾ ਹੈ। ਇਹ ਪਿਆਰ ਅਤੇ ਭਾਵਨਾ ਭਰੀ ਬਾਤ ਹੈ।

ਭਾਈ ਤੁਮੇ ਜਬ ‘ਗੰਜਿ ਸ਼ਹੀਦਾ` ਕੀ ਜਮੀ ਹੈ।

ਠਾਨੀ ਹੂਈ ਹਮ ਨੇ ਭੀ ਬਸੇਰੇ ਕੀ ਯਹੀ ਹੈ।

ਵੀਰ ਜੀ ਤੂੰ ਇਥੇ ਹਮੇਸ਼ਾ ਲਈ ਸੌਣਾ ਹੈ ਤਾਂ ਮੈਂ ਵੀ ਪੱਕੀ ਧਾਰ ਲਈ ਹੈ ਕਿ ਮੈਂ ਵੀ ਤੇਰੇ ਨਾਲ ਇਥੇ ਹੀ ਸੌਣਾ ਹੈ।

ਇਤਨੇ ਮੇ ਖਦੰਗ ਆ ਕੇ ਲਗਾ “ਹਾਇ” ਜਿਗਰ ਮੇਂ।

ਥਾ ਤੀਰ ਕਲੇਜੇ ਮੇ ਯਾ ਕਾਂਟਾ ਗੁਲਿ ਤਰ ਮੇਂ।

ਕਿਸੇ ਵੈਰੀ ਨੇ ਤੀਰ ਨਿਸ਼ਾਨਾ ਬੰਨ ਕੇ ਚਲਾ ਦਿੱਤਾ ਜੋ ਸਾਹਿਬਜਾਦਾ ਜੁਝਾਰ ਸਿੰਘ ਦੀ ਛਾਤੀ ਵਿੱਚ ਆ ਕੇ ਖੁਭ ਗਿਆ।

ਤਾਰੀਕ ਜ਼ਮਾਨਾ ਹੂਆ ਸਤਿਗੁਰੂ ਕੀ ਨਜਰ ਮੇਂ।

ਤੂਫਾਨ ਉਠਾ, ਖਾਕ ਉੜੀ ਬਹਿਰ ਮੇ ਬਰ ਮੇ।

ਇਹ ਸਭ ਕਲਗੀਧਰ ਪਾਤਸ਼ਾਹ ਆਪ ਦੇਖ ਰਹੇ ਹਨ ਕਿ ਸਾਹਿਬਜਾਦਾ ਜੁਝਾਰ ਸਿੰਘ ਵੀ ਆਪਣੇ ਸਾਥੀਆਂ ਦੇ ਨਾਲ ਚਮਕੌਰ ਦੇ ਮੈਦਾਨ ਵਿੱਚ ਜਾਮੇ ਸ਼ਹਾਦਤ ਪੀ ਗਿਆ। ਜਦੋਂ ਸਾਹਿਬਜਾਦਾ ਜੁਝਾਰ ਸਿੰਘ ਦੀ ਛਾਤੀ ਵਿੱਚ ਤੀਰ ਲਗਾ ਤਾਂ ਉਹ ਜਮੀਨ ਤੇ ਕਿਵੇਂ ਡਿਗਿਆ:-

ਤਿਉਰਾ ਕੇ ਗਿਰਾ ਲਖਤਿ-ਜਿਗਰ ਲਖਤਿ ਜਿਗਰ ਪਰ।

ਕਿਆ ਗੁਜਰੀ ਹੈ ਉਸ ਵਕਤ, ਕਹੂੰ ਕਿਆ ਮੈਂ ਪਿਦਰ ਪਰ।

ਸਾਹਿਬਜਾਦਾ ਜੁਝਾਰ ਸਿੰਘ ਭੁਆਟਨੀ ਖਾ ਕੇ ਆਪਣੇ ਵੱਡੇ ਵੀਰ ਅਜੀਤ ਸਿੰਘ (ਲਖਤੇ ਜਿਗਰ, ਲਖਤੇ ਜਿਗਰ ਪਰ) ਉਪਰ ਡਿਗ ਪਏ।

ਜੋਗੀ ਅੱਲ੍ਹਾਂ ਯਾਰ ਖ਼ਾਂ ਉਸ ਵਕਤ ਦੇ ਕਿੱਸੇ ਨੂੰ ਬਾਖੂਬੀ ਬਿਆਨ ਕਰਦਾ ਹੋਇਆ ਲਿਖਦਾ ਹੈ ਕਿ ਜੇਕਰ ਕੋਈ ਹੋਰ ਦੁਨਿਆਵੀ ਬਾਪ ਕਲਗੀਧਰ ਪਾਤਸ਼ਾਹ ਦੀ ਜਗ੍ਹਾ ਤੇ ਹੁੰਦਾ ਤਾਂ ਉਸ ਦੇ ਦਿਲ ਉਪਰ ਕੀ ਬੀਤਦੀ, ਇਹ ਤੁਸੀ ਆਪ ਹੀ ਅੰਦਾਜ਼ਾ ਲਗਾ ਸਕਦੇ ਹੋ। ਉਸ ਵਕਤ ਪਿਤਾ ਕਲਗੀਧਰ ਪਾਤਸ਼ਾਹ ਦੇ ਦਿਲ ਤੇ ਕੀ ਬੀਤੀ ਹੋਵੇਗੀ, ਜਦੋਂ ਕਿ ਇਸ ਸਮੇਂ ਦੋਵੇਂ ਪੁੱਤਰਾਂ ਦੀਆਂ ਲਾਸ਼ਾਂ ਅੱਖਾਂ ਦੇ ਸਾਹਮਣੇ ਮੈਦਾਨ-ਏ-ਜੰਗ ਵਿੱਚ ਪਈਆਂ ਵੇਖ ਰਹੇ ਹੋਣਗੇ, ਇਹ ਵੇਖ ਕੇ ਕੀ ਗੁਜਰੀ ਹੋਵੇਗੀ ਐਸੇ ਬਾਪ ਦੇ ਦਿਲ ਉਪਰ?

ਢਾਡੀ ਗਿਆਨੀ ਸੋਹਣ ਸਿੰਘ ਸੀਤਲ ਨੇ ਸਾਹਿਬਜਾਦਾ ਜੁਝਾਰ ਸਿੰਘ ਦੀ ਸ਼ਹੀਦੀ ਉਪਰ ਬੜੇ ਹੀ ਵਧੀਆ ਸ਼ਬਦਾਂ ਦਾ ਇਸਤੇਮਾਲ ਕਰਕੇ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਉਹ ਲਿਖਦਾ ਹੈ ਕਿ:-

ਹੱਸ ਸ਼ਹੀਦੀ ਪਾ ਗਿਆ, ਜਦ ਲਾਲ ਛੁਟੇਰਾ।

ਅੱਖਾਂ ਸਾਹਵੇਂ ਹੋ ਗਿਆ, ਉਹ ਬੇਰਾ-ਬੇਰਾ।

ਉਂਗਲ ਲਾ ਕੇ ਲੈ ਗਿਆ, ਉਹਨੂੰ ਵੀਰ ਵਡੇਰਾ।

ਹੱਥ ਬੰਨ ਕੇ ਬੋਲੇ ਸਤਿਗੁਰੂ, ਵਾਹ ਭਾਣਾ ਤੇਰਾ।

ਤੇਰਾ ਤੁਝ ਕੋ ਸਉਪਤੇ ਕਿਆ ਲਾਗੇ ਮੇਰਾ।

ਹੁਕਮ ਰਜ਼ਾਈ ਚਲਣਾ, ਜੋ ਕਰੇ ਚੰਗੇਰਾ।

ਪੰਥ ਵਸੇ ਮੈਂ ਉਜੜਾਂ, ਮਨ ਚਾਉ ਘਨੇਰਾ।

ਹੋਵਾ ਤੈਥੋਂ ਸੁਰਖਰੁ, ਪ੍ਰਣ ਪਾਲ ਉਚੇਰਾ।

ਵਾਹ-ਵਾਹ ਗੁਰੂ ਗੋਬਿੰਦ ਸਿੰਘ, ਧੰਨ ਤੇਰਾ ਜ਼ੇਰਾ।

ਵਾਹ-ਵਾਹ ਗੁਰੂ ਗੋਬਿੰਦ ਸਿੰਘ, ਧੰਨ ਤੇਰਾ ਜ਼ੇਰਾ।

ਕਲਗੀਧਰ ਪਾਤਸ਼ਾਹ ਨੇ ਆਪਣੇ ਲਖ਼ਤਿ-ਜਿਗਰ ਸਾਹਿਬ ਜੁਝਾਰ ਸਿੰਘ ਨੂੰ ਵੀ ਉਸੇ ਤਰ੍ਹਾ ਵਿਦਾ ਕੀਤਾ ਜਿਵੇ ਵੱਡੇ ਸਾਹਿਬ ਅਜੀਤ ਸਿੰਘ ਨੂੰ ਵਿਦਾ ਕੀਤਾ ਸੀ, ਜੈਕਾਰੇ ਦੀ ਅਵਾਜ ਨਾਲ:-

ਬੋਲੇ ਸੋ ਨਿਹਾਲ- ਸਤਿ ਸ੍ਰੀ ਅਕਾਲ

********* (ਚਲਦਾ … ….)

ਨੋਟ:- ਪਾਠਕਾ ਪ੍ਰਤੀ ਸਨਿਮਰ ਬੇਨਤੀ ਹੈ ਕਿ ਦਾਸ ਦੀ ਪਹਿਲਾਂ ਪ੍ਰਕਾਸ਼ਿਤ ਹੋ ਚੁੱਕੀ ਪੁਸਤਕ “ਲਹੂ-ਭਿੱਜੀ ਸਰਹਿੰਦ” (ਪ੍ਰਕਾਸ਼ਕ- ਭਾ. ਚਤਰ ਸਿੰਘ ਜੀਵਨ ਸਿੰਘ ਅੰਮ੍ਰਿਤਸਰ) ਤੋਂ ਬਾਅਦ ਅਗਲੀ ਇਹ ਪੁਸਤਕ ‘ਸਾਕਾ ਚਮਕੌਰ`ਅਤੇ ਅਜੋਕੇ ਹਾਲਾਤ ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋ ਪੇਸ਼ ਕਰਦੀ ਹੈ, ਜੋ ਛਪਾਈ ਅਧੀਨ ਹੈ। ਛਾਪਣ ਤੋ ਪਹਿਲਾ ਭਾਈ ਕਾਮਰੇਟ ਸਿੰਘ ਵਲੋ ਸੰਪਾਦਿਤ ਇਹ ਪੁਸਤਕ ਸੂਝਵਾਨ ਪਾਠਕਾਂ ਦੇ ਸਾਹਮਣੇ 13 ਕਿਸ਼ਤਾ ਵਿੱਚ ਲੜੀਵਾਰ ਪੇਸ਼ ਕੀਤੀ ਜਾ ਰਹੀ ਹੈ। ਜੇ ਕਿਸੇ ਪਾਠਕ ਦਾ ਇਸ ਬਾਰੇ ਕੋਈ ਹੋਰ ਉਸਾਰੂ ਸੁਝਾਅ ਹੋਵੇ ਤਾਂ ਦਾਸ ਉਸਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ।

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201/6 ਮੁਹੱਲਾ ਸੰਤਪੁਰਾ, ਕਪੂਰਥਲਾ

98720-76876




.