.

ਚੰਗੇ ਸਮਾਜ ਦੀ ਸਿਰਜਨਾ … (16)

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

ਚੁਣੌਤੀਆਂ

ਵਿਸ਼ਵ-ਪੱਧਰੀ ਚੰਗੇ ਸਮਾਜ ਦੀ ਸਿਰਜਨਾ ਦੇ ਉਦੇਸ਼ ਦੀ ਪੂਰਤੀ ਦੇ ਰਾਹ ਵਿੱਚ, ਬਹੁਤ ਸਾਰੀਆਂ ਚੁਣੌਤੀਆਂ ਦਾ, ਦ੍ਰਿੜਤਾ ਨਾਲ, ਸਾਹਮਣਾ ਕਰਨਾ ਪਵੇਗਾ। ਪਰ, ਖ਼ੁਸ਼ਕਿਸਮਤੀ ਵਾਲੀ ਗੱਲ ਇਹ ਹੈ ਕਿ ਇਸ ਇਨਕਲਾਬੀ ਟੀਚੇ ਨੂੰ ਹਾਸਿਲ ਕਰਨ ਲਈ ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮਿਆਂ ਵੱਲੋਂ ਤਿਆਰ ਕੀਤਾ ਪਲਾਨ ਅਤੇ ਇਨਕਲਾਬੀ ਆਦਰਸ਼ (ਇਨਕਲਾਬੀ ਵਿਚਾਰਧਾਰਾ ਤੇ ਮਨੁੱਖੀ ਮਨਾਂ ਨੂੰ ਜਜ਼ਬਾਤੀ ਹੁਲਾਰਾ ਦੇਣ ਵਾਲੀਆਂ ਨੈਤਿਕ ਕਦਰਾਂ-ਕੀਮਤਾਂ ਦਾ ਸੁਮੇਲ), ਗੁਰੂ ਗ੍ਰੰਥ ਸਾਹਿਬ ਵਿੱਚ ਸਤਿਗੁਰਾਂ ਵੱਲੋਂ ਅੰਕਿਤ ਕੀਤਾ ਹੋਇਆ, ਮਨੁੱਖਤਾ ਪਾਸ ਮੌਜੂਦ ਹੈ। ਇਸ ਦੇ ਨਾਲ ਹੀ, ਮੰਜਿਲ ਵੱਲ ਵਧਣ ਲਈ ਸਤਿਗੁਰਾਂ ਵੱਲੋਂ (ਅਤੇ 18ਵੀਂ ਸਦੀ ਦੌਰਾਨ ਸਮੁੱਚੀ ਸਿੱਖ ਕੌਮ ਵੱਲੋਂ), ਗੁਰਮਤਿ ਜੁਗਤਿ ਅਨੁਸਾਰ ਸਥਾਪਤ ਕੀਤੀਆਂ ਸੰਸਥਾਵਾਂ (ਧਰਮਸ਼ਾਲਾ, ਅਕਾਲ ਤਖ਼ਤ ਸਾਹਿਬ, ਸਰਬੱਤ ਖ਼ਾਲਸਾ) ਦੀ ਰੂਪ-ਰੇਖਾ ਵੀ ਸਾਡੇ ਪਾਸ ਮੌਜੂਦ ਹੈ। ਲੋੜ ਹੈ ਇਨ੍ਹਾਂ ਸੰਸਥਾਵਾਂ ਨੂੰ, ਗੁਰਮਤਿ-ਵਿਰੋਧੀ ਜੁੰਡਲੀ ਦੇ ਕਬਜ਼ੇ `ਚੋਂ ਆਜ਼ਾਦ ਕਰਾ ਕੇ, ਪੁਨਰ-ਸੁਰਜੀਤ ਕਰ ਕੇ, ਗੁਰਮਤਿ ਵਿਧੀ ਅਨੁਸਾਰ ਗਤੀਸ਼ੀਲ ਕਰਨ ਦੀ।

ਅੱਜ ਇਹ ਇੱਕ ਦੁਖਦਾਈ ਹਕੀਕਤ ਹੈ ਕਿ, ਇਨਸਾਨੀਅਤ ਦੇ ਪੱਖ ਤੋਂ, ਮਨੁੱਖੀ ਸਮਾਜ ਦੀ ਹਾਲਤ ਲੱਗਭੱਗ ਉਸੇ ਪੱਧਰ `ਤੇ ਹੀ ਖੜ੍ਹੀ ਹੈ ਜਿਥੇ ਇਹ ਪੰਦਰ੍ਹਵੀਂ ਸਦੀ ਦੇ ਆਖਰੀ ਦਹਾਕਿਆਂ ਦੇ ਦੌਰਾਨ ਖੜ੍ਹੀ ਸੀ। ਇਤਿਹਾਸਕ ਕਾਰਨਾਂ ਕਰ ਕੇ (ਜਿਨ੍ਹਾਂ ਦਾ ਜ਼ਿਕਰ ਇਸ ਲਿਖਤ ਵਿੱਚ ਕੀਤਾ ਜਾ ਚੁੱਕਾ ਹੈ) 1478 ਵਿੱਚ, ਗੁਰੂ ਨਾਨਕ ਸਾਹਿਬ ਵੱਲੋਂ ਅਰੰਭ ਕੀਤੀ ਇਨਕਲਾਬੀ ਲਹਿਰ ਸੰਸਾਰ ਵਿੱਚ ਅੱਗੇ ਵਿਕਾਸ ਕਰਨ ਦੀ ਬਜਾਏ, ਤਕਰੀਬਨ 1770 ਦੇ ਆਸ-ਪਾਸ ਤੋਂ ਹੀ, ਦਿਸ਼ਾਹੀਣ ਹੋ ਕੇ ਖੇਰੂੰ-ਖੇਰੂੰ ਹੋ ਚੁੱਕੀ ਹੈ। ਲੋੜ ਹੈ ਇਸ ਲਹਿਰ ਨੂੰ, ਵਰਤਮਾਨ ਹਾਲਾਤਾਂ ਨੂੰ ਧਿਆਨ `ਚ ਰੱਖ ਕੇ, ਪੁਨਰ-ਸੁਰਜੀਤ ਕਰਨ ਦੀ। ਜਿਸ ਪੜਾਅ ਤੋਂ ਗੁਰੂ ਨਾਨਕ ਸਾਹਿਬ ਨੇ ਇਹ ਇਨਕਲਾਬੀ ਲਹਿਰ ਅਰੰਭ ਕੀਤੀ ਸੀ, ਹੁਣ ਉਸੇ ਪੜਾਅ ਤੋਂ ਹੀ ਸਾਨੂੰ ਦੁਬਾਰਾ ਸ਼ੁਰੂਆਤ ਕਰਨੀ ਪਵੇਗੀ, ਕਿਉਂਕਿ, ਸਮੇਂ ਦੇ ਫੇਰ ਅਤੇ ਮਾਨਵ-ਵਿਰੋਧੀ ਧਿਰਾਂ ਵੱਲੋਂ ਵਿਉਂਤਬੰਦ ਢੰਗ ਨਾਲ ਕੀਤੀਆਂ ਗਈਆਂ ਮਾਨਵ-ਵਿਰੋਧੀ ਸਾਜਿਸ਼ੀ ਕਾਰਵਾਈਆਂ ਦੇ ਕਾਰਨ, 1765 ਤੱਕ ਦੀਆਂ ਹਾਸਿਲ ਕੀਤੀਆਂ ਇਨਕਲਾਬੀ ਪ੍ਰਾਪਤੀਆਂ ਅਜਾਂਈਂ ਚਲੀਆਂ ਗਈਆਂ ਹਨ। ਮੂਲ ਰੂਪ ਵਿੱਚ, ਲੋੜ ਹੈ ਸਰਬਸਾਂਝੀ ਗੁਰਬਾਣੀ ਦੇ ਸਰਬੱਤ ਦੇ ਭਲੇ ਦੇ ਫ਼ਲਸਫ਼ੇ ਦਾ, ਵਿਉਂਤਬੰਦ ਢੰਗ ਨਾਲ ਜਥੇਬੰਦ ਹੋ ਕੇ, ਪ੍ਰਚਾਰ ਤੇ ਪਾਸਾਰ ਕਰ ਕੇ ਮਨੁੱਖਤਾ ਨੂੰ ਅਗਿਆਨਤਾ ਦੀ ਨੀਂਦ `ਚੋਂ ਜਗਾਉਂਣ ਦੀ, ਜਗਾ ਕੇ ਜਥੇਬੰਦ ਕਰਨ ਦੀ ਅਤੇ ਸੁਲਝੇ ਹੋਏ ਵਿਸ਼ਵ-ਪ੍ਰਵਾਨਤ ਢੰਗਾਂ ਨਾਲ ਜਦੋ-ਜਹਿਦ ਕਰ ਕੇ ਚੰਗੇ ਸਮਾਜ ਅਤੇ ਚੰਗੇ ਸਮਾਜ ਪ੍ਰਬੰਧ ਦੀ ਸਿਰਜਨਾ ਦੀ ਮੰਜਲ ਵੱਲ ਵਧਦੇ ਰਹਿਣ ਦੀ।

ਸਰਬੱਤ ਦੇ ਭਲੇ ਦੇ ਇਸ ਅਤੀ ਜ਼ਰੂਰੀ ਕਾਰਜ ਨੂੰ ਨੇਪਰੇ ਚਾੜ੍ਹਨ ਲਈ ਵਿਸ਼ਵ-ਪੱਧਰੀ ਅਤੇ ਸਥਾਨਕ, ਦੋਨਾਂ ਤਰ੍ਹਾਂ ਦੀਆਂ, ਚੁਣੌਤੀਆਂ ਦੀ ਪਹਿਚਾਣ ਕਰ ਕੇ ਨੇੜ-ਭਵਿੱਖ ਅਤੇ ਦੂਰ-ਭਵਿੱਖ ਦੇ ਪਲਾਨ, ਵਰਤਮਾਨ ਸਮਾਜਿਕ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ, ਬਣਾਉਂਣੇ ਜ਼ਰੂਰੀ ਹਨ। ਵਰਤਮਾਨ ਜ਼ਮੀਨੀ ਹਕੀਕਤਾਂ ਨੂੰ ਨਜ਼ਰ-ਅੰਦਾਜ਼ ਕਰ ਕੇ ਚੱਲਣ ਨਾਲ ਜਿੱਥੇ ਅਣ-ਕਿਆਸੀਆਂ ਸਥਿਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਥੇ ਨਤੀਜੇ ਵੀ ਸਾਡੀ ਉਮੀਦ ਅਨੁਸਾਰ ਨਹੀਂ ਨਿੱਕਲਣੇ।

ਭਾਰਤ ਵਿੱਚ ਸਥਾਨਕ ਚੁਣੌਤੀਆਂ

1478 ਵਿੱਚ ਗੁਰਮਤਿ ਇਨਕਲਾਬੀ ਲਹਿਰ ਦਾ ਆਗ਼ਾਜ਼ ਪੰਜਾਬ ਦੀ ਪਾਵਨ ਧਰਤੀ ਤੋਂ ਹੋਇਆ ਸੀ ਅਤੇ ਪੰਜਾਬ ਦੀ ਧਰਤੀ ਹੀ ਇਸ ਵਿਸ਼ਵ-ਪੱਧਰੀ ਕ੍ਰਾਂਤੀਕਾਰੀ ਲਹਿਰ ਦਾ ਪੰਘੂੜਾ ਤੇ ਕੇਂਦਰ ਬਿੰਦੂ ਬਣੀ ਰਹੀ ਹੈ। ਅੱਜ ਭਾਵੇਂ ਸਿੱਖ ਕੌਮ ਵਿਸ਼ਵ ਦੇ ਤਕਰੀਬਨ ਸਾਰੇ ਦੇਸ਼ਾਂ ਤੱਕ ਫੈਲੀ ਹੋਈ ਹੈ, ਪਰ ਇਸ ਦੀਆਂ ਜੜ੍ਹਾਂ, ਨਿਸਚਤ ਰੂਪ ਵਿੱਚ, ਪੰਜਾਬ ਦੀ ਪਾਵਨ ਧਰਤੀ ਦੀ ਮਿੱਟੀ ਨਾਲ ਜੁੜੀਆਂ ਹੋਈਆਂ ਹਨ, ਕਿਉਂਕਿ, ਇਸ ਪਾਵਨ ਧਰਤੀ ਦਾ ਇੰਚ-ਇੰਚ ਸੂਰਬੀਰ ਸਿੱਖ ਸ਼ਹੀਦਾਂ ਦੇ ਪਾਵਨ ਖ਼ੂਨ ਨਾਲ ਰੰਗਿਆ ਹੋਇਆ ਹੈ। ਇਸ ਲਈ ਜ਼ਰੂਰੀ ਹੈ ਕਿ ਇਸ ਲਹਿਰ ਨੂੰ ਇਸ ਦੀ ਜਨਮ-ਭੂੰਮੀ ਵਿੱਚ ਪੱਕੇ ਪੈਰੀਂ ਕਰ ਕੇ ਇਸ ਦਾ ਵਿਕਾਸ ਕੀਤਾ ਜਾਵੇ। ਇਸ ਹਕੀਕਤ ਨੂੰ ਵੀ ਧਿਆਨ ਵਿੱਚ ਰੱਖਣਾ ਪਵੇਗਾ ਕਿ ਇਸ ਮਾਨਵ-ਵਾਦੀ ਲਹਿਰ ਨੂੰ ਇਸ ਦੀ ਜਨਮ-ਭੂਮੀ ਵਿੱਚੋਂ ਹੀ ਨੇਸਤੋ-ਨਾਬੂਦ ਕਰਨ ਲਈ ਮਾਨਵ-ਵਿਰੋਧੀ (ਸ਼ੈਤਾਨੀ) ਸ਼ਕਤੀਆਂ, ਗੁਰੂ ਨਾਨਕ ਸਾਹਿਬ ਦੇ ਵਕਤ ਤੋਂ ਹੀ ਜਥੇਬੰਦ ਹੋ ਕੇ ਵਿਉਂਤਬੰਦ ਢੰਗਾਂ ਨਾਲ ਸਾਜਿਸ਼ਾਂ ਰਚ ਕੇ, ਜੰਗੀ-ਪੱਧਰ `ਤੇ ਯਤਨ ਕਰਦੀਆਂ ਆ ਰਹੀਆਂ ਹਨ। ਇਨ੍ਹਾਂ ਅਸੁਰੀ ਸ਼ਕਤੀਆਂ ਦੀ ਨਿਸ਼ਾਨਦੇਹੀ ਕਰ ਕੇ ਯੋਗ ਕਾਰਵਾਈ ਕਰਨੀ ਪਵੇਗੀ। ਕੌਣ ਹਨ ਇਹ ਮਾਨਵ-ਵਿਰੋਧੀ ਅਨਸਰ? ਇਹ ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਆਧਾਰ `ਤੇ ਸਰਬੱਤ ਦੇ ਭਲੇ ਦੇ ਜਾਮਨ, ਮਾਨਵ-ਵਾਦੀ ਗੁਰਮਤਿ ਇਨਕਲਾਬ ਦਾ ਵਿਰੋਧ ਕਿਉਂ ਕਰਦੀਆਂ ਆ ਰਹੀਆਂ ਹਨ? ਇਨ੍ਹਾਂ ਮਾਨਵ-ਵਿਰੋਧੀ ਸੰਗਠਨਾਂ ਨੂੰ ਸ਼ਕਤੀ ਸ਼ਹਿ ਅਤੇ ਸਰਪ੍ਰਸਤੀ ਕਿੱਥੋਂ ਮਿਲਦੀ ਆ ਰਹੀ ਹੈ? ਇਹ ਕੁੱਝ ਕੁ ਬੁਨਿਆਦੀ ਸਵਾਲ ਹਨ ਜਿਨ੍ਹਾਂ ਦਾ ਜਵਾਬ ਲੱਭਣ ਦੀ ਲੋੜ ਹੈ। ਨਿਰਪੱਖ ਹੋ ਕੇ ਸ਼ਾਂਤ-ਚਿੱਤ ਨਾਲ ਸਿੱਖ ਕੌਮ ਦੇ ਪਿਛਲੇ 5 ਕੁ ਸਦੀਆਂ ਦੇ ਇਤਿਹਾਸ ਦੀ, ਸਧਾਰਨ ਜਿਹੀ, ਵਿਚਾਰ ਕਰਨ ਨਾਲ ਹੀ ਇਨ੍ਹਾਂ ਅਹਿਮ ਸਵਾਲਾਂ ਦੇ ਜਵਾਬ, ਆਪ-ਮੁਹਾਰੇ ਹੀ, ਸਾਡੇ ਸਾਹਮਣੇ ਆ ਖੜ੍ਹੇ, ਹੁੰਦੇ ਹਨ। ਆਓ ਜ਼ਰਾ ਵਿਚਾਰੀਏ!

ਮਨੁੱਖਤਾ ਦੀ ਬਰਾਬਰਤਾ ਅਤੇ ਸਰਬੱਤ ਦੇ ਭਲੇ ਦੇ ਕੁਦਰਤੀ ਅਸੂਲਾਂ ਦਾ ਵਿਰੋਧ ਕੌਣ ਅਤੇ ਕਿਉਂ ਕਰਦੇ ਆ ਰਹੇ ਹਨ?

ਨਿਰਸੰਦੇਹ, ਇਹ ਵਿਰੋਧ ਉਨ੍ਹਾਂ ਮਾਨਵ-ਵਿਰੋਧੀ ਸੰਗਠਨਾਂ ਵੱਲੋਂ ਹੀ ਕੀਤਾ ਜਾ ਰਿਹਾ ਹੈ ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਕਾਦਿਰ ਦੀ ਕੁਦਰਤਿ ਦੇ ਇਹ ਬੁਨਿਆਦੀ ਨਿਯਮ ਰਾਸ ਨਹੀਂ ਆ ਰਹੇ, ਕਿਉਂਕਿ, ਜੇਕਰ ਇਹ ਨਿਯਮ ਮਨੁੱਖੀ ਸਮਾਜ-ਪ੍ਰਬੰਧ ਵਿੱਚ ਵਿਆਪਕ ਪੱਧਰ `ਤੇ ਪਰਵਾਨਗੀ ਹਾਸਿਲ ਕਰ ਲੈਂਦੇ ਹਨ ਤਾਂ, ਸਮਾਜ ਵਿੱਚ ਕਈ ਭਾਂਤ ਦੀ ਦਰਜਾ-ਬਦਰਜ਼ੀ ਦੀਆਂ ਵੰਡੀਆਂ ਪਾ ਕੇ, ਧਰਮ ਦੇ ਨਾਂ ਤੇ ਵਹਿਮ-ਭਰਮ ਤੇ ਕਰਮ-ਕਾਂਡ ਪ੍ਰੱਚਲਤ ਕਰ ਕੇ, ਸਮਾਜ ਦਾ ਬਹੁ-ਪੱਖੀ ਸ਼ੋਸ਼ਨ ਕਰ ਕੇ ਜੀਵਤ ਰਹਿਣ ਵਾਲੇ ਮਾਨਵ-ਵਿਰੋਧੀ ਸੰਗਠਨ, ਸੁੱਤੇ-ਸਿੱਧ ਹੀ, ਮਰ-ਮਿਟ ਜਾਣਗੇ। ਫਿਰ, ਭਲਾ, ਇਹ ਸੰਗਠਨ ਕਿਉਂ ਨਾ ਇਸ ਹੋਣੀ ਨੂੰ ਟਾਲਣ ਲਈ ਅੱਡੀ-ਚੋਟੀ ਦਾ ਜ਼ੋਰ ਲਾਉਣਗੇ? ਆਓ, ਹੁਣ ਇਨ੍ਹਾਂ ਮਾਨਵ-ਵਿਰੋਧੀ ਜ਼ਾਲਮ ਧਿਰਾਂ ਦੀ ਪਹਿਚਾਣ ਕਰੀਏ।

1. ਰਾਜਨੀਤਕ-ਪੁਜਾਰੀ-ਸਰਮਾਏਦਾਰ ਦੀ ਖ਼ੁਦਗਰਜ਼ ਤਿੱਕੜੀ

ਮੌਟੇ ਤੌਰ `ਤੇ, ਸਮਾਜ ਅੰਦਰ ਨਾ-ਬਰਾਬਰੀ ਦਾ ਅਮਲੀ ਵਰਤਾਰਾ ਤਿੰਨਾਂ ਪੱਖਾਂ `ਤੇ ਵਰਤਦਾ ਹੈ। ਪਹਿਲਾ, ਸਿਆਸੀ ਸੱਤਾ ਦੀ ਕਾਣੀ-ਵੰਡ, ਦੂਜਾ, ਸਮਾਜਿਕ ਰੁਤਬਿਆਂ ਦੀ ਕਾਣੀ-ਵੰਡ। ਤੀਜਾ, ਆਰਥਿਕ ਸਾਧਨਾਂ ਦੀ ਕਾਣੀ-ਵੰਡ। ਇਸ ਤਰ੍ਹਾਂ ਦੀ ਕਾਣੀ-ਵੰਡ ਲਈ ਜ਼ਿੰਮੇਵਾਰ ਹਨ ਖ਼ੁਦਗਰਜ਼, ਸ਼ਾਤਰ ਅਤੇ ਜ਼ਾਲਮ ਆਗੂ (ਸਿਆਸੀ ਆਗੂ, ਸਮਾਜਿਕ ਜਾਂ ਧਾਰਮਿਕ ਆਗੂ) ਅਤੇ ਅਨੈਤਕ ਸਰਮਾਏਦਾਰ। ਯਾਨੀ ਕਿ, ‘ਰਾਜਨੀਤਕ (ਹਾਕਮ) - ਪੁਜਾਰੀ - ਸਰਮਾਏਦਾਰ’ ਦੀ ਸਮਾਜ ਵਿਰੋਧੀ ਜ਼ਾਲਮ ਤਿੱਕੜੀ।

ਰਾਜਨੀਤਕ (ਹਾਕਮ)

ਅਜੋਕੇ ਸਮੇਂ ਦੇ ਹਰ ਭਾਂਤ ਦੇ ਸਮਾਜ-ਪ੍ਰਬੰਧਾਂ ਅੰਦਰ ਰਾਜਨੀਤਕ, (ਸੰਬੰਧਤ ਦੇਸ਼ ਦਾ ਵਿਧਾਨ ਬਣਾ ਕੇ), ਹਕੂਮਤ ਕਰਦੇ ਹਨ। ਕਹਿਣ ਨੂੰ ਤਾਂ ਭਾਵੇਂ ਇਹ ਲੋਕਾਂ ਦੇ ਸੇਵਾਦਾਰ ਹੀ ਅਖਵਾਈ ਜਾਣ, ਪਰ, ਅਸਲ ਵਿੱਚ ਇਹ ਸੰਬੰਧਤ ਦੇਸ਼ਾਂ ਦੇ ਹਾਕਮ ਦੇ ਤੌਰ `ਤੇ ਹੀ ਵਿਚਰਦੇ ਹਨ ਅਤੇ ਹਰ ਯੋਗ ਜਾਂ ਅਯੋਗ ਢੰਗ-ਤਰੀਕੇ ਵਰਤ ਕੇ, ਹਰ ਹਾਲਤ ਵਿੱਚ, ਹਕੂਮਤ ਦੀ ਕੁਰਸੀ `ਤੇ ਬਿਰਾਜਮਾਨ ਹੋਏ ਰਹਿਣਾ ਚਾਹੁੰਦੇ ਹਨ। ਇਥੇ ਹੀ ਬੱਸ ਨਹੀਂ, ਇਹ ਅਕਸਰ ਚਾਹੁੰਦੇ ਹਨ ਕਿ ਇਨ੍ਹਾਂ ਦੇ ਮਰਨ ਤੋਂ ਮਗਰੋਂ ਵੀ ਹਕੂਮਤ ਦੀ ਕੁਰਸੀ ਇਨ੍ਹਾਂ ਦੀ ਜੱਦੀ ਪੁਸ਼ਤ ਵਿੱਚ ਹੀ ਰਹੇ। ਇਸ ਉਦੇਸ਼ ਦੀ ਪੂਰਤੀ ਲਈ ਇਹ ਆਪਣੇ ਸੰਭਾਵੀ ਸ਼ਰੀਕਾਂ ਨੂੰ ਜਿਸਮਾਨੀ ਤੌਰ `ਤੇ ਖ਼ਤਮ ਕਰਾਉਣ ਵਰਗੀਆਂ ਅਤਿ ਘਿਨਾਉਣੀਆਂ ਅਪਰਾਧੀ ਕਾਰਵਾਈਆਂ ਕਰਨ ਤੱਕ ਵੀ ਚਲੇ ਜਾਂਦੇ ਹਨ। ਜੇਕਰ ਅਜਿਹੇ ਪਾਪ ਕਰਮਾਂ ਨੂੰ, ਕਿਸੇ ਕਾਰਨ ਕਰ ਕੇ, ਸਿਰੇ ਨਾ ਚਾੜ੍ਹਿਆ ਜਾ ਸਕਦਾ ਹੋਵੇ ਤਾਂ ਆਪਣੇ ਵਿਰੋਧੀਆਂ ਨੂੰ ਝੂਠੇ ਅਦਾਲਤੀ ਕੇਸਾਂ `ਚ ਫਸਾ ਕੇ ਪ੍ਰੇਸ਼ਾਨ ਕਰਨ ਵਿੱਚ ਵੀ ਕੋਈ ਸੰਗ-ਸ਼ਰਮ ਨਹੀਂ ਮਹਿਸੂਸ ਕਰਦੇ। ਆਪਣੇ ਕਾਰਜ-ਕਾਲ ਦੌਰਾਨ, ਹਰ ਹਰਬਾ ਵਰਤ ਕੇ, ਬੇ-ਤਹਾਸ਼ਾ ਨਿੱਜੀ ਜਾਇਦਾਦਾਂ (ਬੇ-ਨਾਮੀ ਵੀ) ਬਣਾਉਣੀਆਂ ਅਜਿਹੇ ਖ਼ੁਦਗਰਜ਼ ਰਾਜਨੀਤਕਾਂ ਦੇ ਕੁਦਰਤੀ ਸੁਭਾਅ ਵਿੱਚ ਸ਼ਾਮਿਲ ਹੁੰਦਾ ਹੈ। ਸਬੰਧਤ ਸਮਾਜ ਅੰਦਰ ਧੜੇਬੰਦੀਆਂ ਪੱਕੀਆਂ ਕਰ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣੀਆਂ ਵੀ ਇਨ੍ਹਾਂ ਦੀ ਕੁਦਰਤੀ ਫ਼ਿਤਰਤ ਦਾ ਹੀ ਅੰਸ਼ ਹੁੰਦਾ ਹੈ। ਧੜੇਬੰਦੀਆਂ ਤੋਂ ਵਿਰੋਧ ਅਤੇ ਵਿਰੋਧ ਤੋਂ ਵੈਰ ਦੀ ਭਾਵਨਾ ਦਾ ਬੀਜ ਪੁੰਗਰਦਾ ਹੈ। ਜਿਸ ਸਮਾਜ ਅੰਦਰ ਵੈਰ-ਵਿਰੋਧ, ਲੁੱਟ-ਖਸੁੱਟ ਅਤੇ ਮਾਰ-ਧਾੜ ਦਾ ਵਰਤਾਰਾ ਵਰਤਦਾ ਹੋਵੇ, ਉਸ ਸਮਾਜ ਨੂੰ ਇੱਕ ਚੰਗਾ ਸਮਾਜ ਕਿਵੇਂ ਕਿਹਾ ਜਾ ਸਕਦਾ ਹੈ? ਅਜਿਹੇ ਰਾਜਨੀਤਕਾਂ ਅਤੇ ਉਨ੍ਹਾਂ ਦੇ ਚਾ-ਪਲੂਸ ਅਹਿਲਕਾਰਾਂ ਪ੍ਰਥਾਏ, ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਣੁ ਹੈ -

ਰਾਜੇ ਸੀਹ ਮੁਕਦਮ ਕੁਤੇ॥ ਜਾਇ ਜਗਾਇਨ੍ਹਿ ਬੈਠੇ ਸੁਤੇ॥ ਚਾਕਰ ਨਹਦਾ ਪਾਇਨ੍ਹਿ ਘਾਉ॥ ਰਤੁ ਪਿਤੁ ਕੁਤਿਹੋ ਚਟਿ ਜਾਹੁ॥ ਜਿਥੈ ਜੀਆਂ ਹੋਸੀ ਸਾਰ॥ ਨਕੀਂ ਵਢੀਂ, ਲਾਇਤਬਾਰ॥ (ਮ: 1, 1288)

ਗੁਰਮਤਿ ਫ਼ਲਸਫ਼ੇ ਅਨੁਸਾਰ, ਹਾਕਮ ਕੇਵਲ ਅਤੇ ਕੇਵਲ, ਪ੍ਰਭੂ-ਪਿਤਾ ਹੀ ਹੈ। ਜਿਹੜਾ ਰਾਜਨੀਤਕ ਅਤੇ ਅਹਿਲਕਾਰ, ਆਪਣੇ ਆਪ ਨੂੰ ਲੋਕਾਂ ਦਾ ਨਿਮਾਣਾ ਜਿਹਾ ਸੇਵਕ ਸਮਝਣ ਦੀ ਬਜਾਏ, ਹਾਕਮ ਹੋ ਕੇ ਵਿਚਰਦਾ ਹੈ ਉਸ ਦੀ ਤੁਲਣਾ, ਉਪਰੋਕਤ ਫ਼ੁਰਮਾਨ ਵਿੱਚ ਬੇ-ਸਮਝ ਅਤੇ ਜ਼ਾਲਮ ਜੰਗਲੀ ਸ਼ੇਰਾਂ-ਬਘਿਆੜਾਂ ਨਾਲ ਕੀਤੀ ਗਈ ਹੈ। ਇਸ ਲਈ ਰਾਜਨੀਤਕਾਂ ਦੀ ਇਹ ਖ਼ੁਦਗਰਜ ਹਾਕਮ ਸ਼੍ਰੇਣੀ (rulers) ਚੰਗੇ ਸਮਾਜ ਦੀ ਸਿਰਜਨਾ ਦੇ ਰਾਹ ਵਿੱਚ ਇੱਕ ਵੱਡੀ ਚੁਣੌਤੀ ਹੈ। ਇਸ ਸਮੱਸਿਆ ਦਾ ਇੱਕੋ ਇੱਕ ਹਲ ਇਹ ਹੈ ਕਿ ਰਾਜਨੀਤਕ, (ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼ਾਂ ਦਾ ਧਾਰਨੀ ਬਣ ਕੇ), ‘ਹੁਕਮਿ ਰਜ਼ਾਈ ਚੱਲਣ’ ਵਾਲਾ ਬਣ ਜਾਵੇ ਜਿਵੇਂ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਲੰਕਾ ਦਾ ਰਾਜਾ ਸ਼ਿਵਨਾਭ, ਆਪਣੀ ਪਰਜਾ ਦਾ ਸੇਵਕ ਬਣ ਕੇ, ਰਾਜ ਕਰਨ ਲੱਗ ਪਿਆ ਸੀ।

ਪੁਜਾਰੀ (High Priest)

ਮਨੁੱਖੀ ਸਮਾਜ ਅੰਦਰ ਇਹ ਇੱਕ ਅਜਿਹੀ ਪ੍ਰਜੀਵੀ (parasite) ਸ਼੍ਰੇਣੀ ਹੈ ਜੋ, ਕਈ ਹਜ਼ਾਰ ਸਾਲ ਤੋਂ, (ਮਨੁੱਖੀ ਸਮਾਜ ਦੀ ਅਗਿਆਨਤਾ ਕਾਰਨ), ਮਨੁੱਖ ਅਤੇ ਰੱਬ ਵਿੱਚਕਾਰ ਵਿਚੋਲਾ ਬਣੀ ਆ ਰਹੀ ਹੈ ਅਤੇ ਸਬੰਧਤ ਮਨੁੱਖੀ ਸਮਾਜ ਨੂੰ ਅਣ-ਅਧਿਕਾਰਤ ਤੌਰ `ਤੇ ‘ਫ਼ਤਵੇ’ ਜਾਂ ‘ਹੁਕਮਨਾਮੇ’ ਜਾਰੀ ਕਰਨ ਦੇ ਦੈਵੀ-ਅਧਿਕਾਰ (Divine Rights) ਨਾਲ ਆਪਣੇ ਆਪ ਨੂੰ ਲੈਸ ਕਰੀ ਬੈਠੀ ਹੈ। ਜਿੱਥੇ ਇਹ ਜਮਾਤ ਸਬੰਧਤ ਸਮਾਜ ਦੇ ਧਾਰਮਿਕ ਆਗੂਆਂ ਦੇ ਰੂਪ ਵਿੱਚ ਵਿਚਰਦੀ ਹੈ, ਉਥੇ ‘ਜੱਜ’ ਦਾ ਰੋਲ ਵੀ ਅਦਾ ਕਰਦੀ ਆ ਰਹੀ ਹੈ। ਇਹ ਸ਼੍ਰੇਣੀ ਵੀ ਇੱਕ ਚੰਗੇ ਸਮਾਜ ਦੀ ਸਿਰਜਨਾ ਦੀ ਕਿਰਿਆ `ਚ ਵੱਡੀ ਰੁਕਾਵਟ ਬਣੀ ਪਈ ਹੈ। ਇਸ ਪ੍ਰਥਾਇ ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਣੁ ਹੈ -

ਕਾਦੀ ਕੂੜੁ ਬੋਲਿ ਮਲੁ ਖਾਇ॥ ਬ੍ਰਾਹਮਣੁ ਨਾਵ੍ਹੈ ਜੀਆਂ ਘਾਇ॥ ਜੋਗੀ, ਜੁਗਤਿ ਨ ਜਾਣੈ ਅੰਧੁ॥ ਤੀਨੇ ਓਜਾੜੇ ਕਾ ਬੰਧੁ॥ (ਮ: 1, 662)

ਸਿੱਖ ਕੌਮ ਅੰਦਰ, ਪਿਛਲੇ ਦਰਵਾਜੇ ਰਾਹੀਂ, (ਅਨ-ਅਧਿਕਾਰਤ ਤੌਰ `ਤੇ), ਦਾਖਲ ਹੋ ਕੇ, (ਖ਼ੁਦਗਰਜ਼ ਸਿਆਸਤਦਾਨਾਂ ਦੀ ਮਿਲੀ-ਭੁਗਤ ਨਾਲ), ਤਖ਼ਤ ਸਾਹਿਬਾਨਾਂ `ਤੇ, ‘ਜਥੇਦਾਰ’ ਤਖ਼ਤ ਸਾਹਿਬਾਨ ਦੇ ਰੂਪ ਵਿੱਚ, ਚੜ੍ਹੀ ਬੈਠੀ ਸ਼੍ਰੇਣੀ ਵੀ ਇਸੇ ਜਮਾਤ ਵਿੱਚ ਗਿਣੀ ਜਾ ਸਕਦੀ ਹੈ। ਸਮਾਜ ਨੂੰ ਚੰਬੜੀ ਇਸ ਬਲਾ ਦਾ ਵੀ ਇੱਕੋ-ਇੱਕ ਹੱਲ ਇਹ ਹੈ ਕਿ ਸਬੰਧਤ ਸਮਾਜ, ਗੁਰਮਤਿ-ਵਿਧੀ ਅਨੁਸਾਰ ਜਥੇਬੰਦ ਹੋ ਕੇ, ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅਨੁਸਾਰ ‘ਹੁਕਮਿ ਰਜ਼ਾਈ ਚੱਲਣ’ ਲੱਗ ਪਵੇ ਤਾਂ ਇਹ ਬਲਾ ਵੀ ਮਨੁੱਖੀ ਸਮਾਜ ਦੇ ਗਲ਼ੋਂ, ਸੁਤੇ-ਸਿੱਧ ਹੀ, ਲਹਿ ਜਾਵੇਗੀ।

ਖ਼ੁਦਗਰਜ਼ ਸਰਮਾਏਦਾਰ (ਮਾਇਆਧਾਰੀ)

ਇਸ ਸ਼੍ਰੇਣੀ ਦਾ ਇਸ਼ਟ ਹੈ ਮਾਇਆ। ਮਾਇਆ (ਦੁਨਿਆਵੀ ਪਦਾਰਥਾਂ ਅਤੇ ਐਸ਼ੋ-ਇਸ਼ਰਤ ਦੇ ਸਾਧਨਾਂ) ਦੀ ਪ੍ਰਾਪਤੀ ਲਈ ਇਹ ਖ਼ੁਦਗਰਜ਼ ਸ਼੍ਰੇਣੀ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੀ ਹੈ। ਨੈਤਿਕਤਾ ਨਾਮ ਦੀ ਕੋਈ ਸ਼ੈਅ ਇਸ ਸ਼੍ਰੇਣੀ ਦੀ ਡਿਕਸ਼ਨਰੀ ਵਿੱਚ ਨਹੀਂ ਹੁੰਦੀ। ਇਸ ਸ਼੍ਰੇਣੀ ਪ੍ਰਥਾਇ ਗੁਰੂ ਗ੍ਰੰਥ ਸਾਹਿਬ ਦਾ ਫ਼ੁਮਰਮਾਣੁ ਹੈ -

ਮਾਇਆਧਾਰੀ, ਅਤਿ ਅੰਨ੍ਹਾ ਬੋਲਾ॥ ਸਬਦੁ ਨ ਸੁਣਈ, ਬਹੁ ਰੋਲ ਘਚੋਲਾ॥ (ਮ: 3, 313)

ਇਸ ਸਮਾਜਿਕ ਬੀਮਾਰੀ ਦਾ ਵੀ ਇੱਕੋ-ਇੱਕ ਇਲਾਜ਼ ‘ਹੁਕਮਿ ਰਜ਼ਾਈ ਚੱਲਣਾ’ ਹੀ ਹੈ। ਸਬਰ-ਸੰਤੋਖ ਦਾ ਧਾਰਨੀ ਅਤੇ ਰੱਬ ਦੀ ਭੈ-ਭਾਵਨੀ ਵਿੱਚ ਚੱਲਣ ਵਾਲਾ ਅਮੀਰ ਮਨੁੱਖ, (ਬੇਸ਼ੁਮਾਰ ਪਦਾਰਥਾਂ ਦਾ ਮਾਲਿਕ ਹੁੰਦਾ ਹੋਇਆ ਵੀ), ਪਰਉਪਕਾਰੀ ਬਣ ਕੇ ਸਮਾਜ ਭਲਾਈ ਦੇ ਕਾਰਜਾਂ ਵਿੱਚ ਸਹਾਈ ਹੋ ਸਕਦਾ ਹੈ।

ਸਾਵਧਾਨ! !

1469 ਵਿੱਚ, ਸਿੱਖ-ਮੱਤ ਦੇ ਬਾਨੀ (ਮੋਢੀ) ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਉਸ ਤੋਂ ਪਹਿਲਾਂ, ਜਿਤਨੇ ਵੀ ਮੱਤ (ਮਜ਼੍ਹਬ) ਹੋਂਦ ਵਿੱਚ ਆਏ ਸਨ ਉਹ ਸਾਰੇ ਦੇ ਸਾਰੇ ਇਸ ਮਾਨਵ-ਵਿਰੋਧੀ ਤਿੱਕੜੀ (ਹਾਕਮ-ਪੁਜਾਰੀ-ਮਾਇਆਧਾਰੀ) ਵੱਲੋਂ ਮਨੁੱਖੀ ਸਮਾਜ ਦੇ ਕੀਤੇ ਜਾ ਰਹੇ ਸਰਬ-ਪੱਖੀ ਸ਼ੋਸ਼ਨ ਅਤੇ ਸਮਾਜ ਵਿੱਚ ਵੰਡੀਆਂ ਪਾ ਕੇ ਇਸ ਗੱਠਜੋੜ ਵੱਲੋਂ ਕੀਤੇ ਜਾ ਰਹੇ ਵਿਤਕਰਿਆਂ ਤੇ ਜ਼ੁਲਮਾਂ ਨੂੰ ਖਤਮ ਕਰਨ ਲਈ ਹੀ ਹੋਂਦ ਵਿੱਚ ਆਏ ਸਨ। ਇਨ੍ਹਾਂ ਮੱਤਾਂ ਦੇ ਬਾਨੀਆਂ ਨੇ ਹੱਕ, ਸੱਚ ਤੇ ਇਨਸਾਫ਼ ਦੀ ਆਵਾਜ਼ ਬੁਲੰਦ ਕਰ ਕੇ ਇਸ ਜ਼ਾਲਮ ਤਿਕੱੜੀ ਵਿਰੁਧ ਜਦੋ-ਜਹਿਦ ਕੀਤੀ, ਜਿਸ ਦੌਰਾਨ ਉਨ੍ਹਾਂ ਨੂੰ ਇਸ ਜ਼ਾਲਮ ਤਿੱਕੜੀ ਦੇ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ ਅਤੇ ਇਨ੍ਹਾਂ ਵਿੱਚੋਂ ਕੁੱਝ ਇੱਕ ਨੂੰ ਅਣ-ਮਨੁੱਖੀ ਤਸੀਹੇ ਦੇ ਕੇ ਸ਼ਹੀਦ ਵੀ ਕਰ ਦਿੱਤਾ ਗਿਆ ਸੀ। ਪਰ, ਉਨ੍ਹਾਂ ਮਨੁੱਖਤਾ ਦੇ ਰਹਿਬਰਾਂ ਨੇ ਇਸ ਤਿੱਕੜੀ ਦੇ ਜ਼ੁਲਮਾਂ ਦਾ ਦ੍ਰਿੜਤਾ ਨਾਲ ਸਾਹਮਣਾ ਕੀਤਾ ਅਤੇ ਆਪੋ-ਆਪਣੇ ਇਲਾਕੇ ਦੀ ਲੁਕਾਈ ਨੂੰ (ਆਗਿਆਨਤਾ ਦੀ ਨੀਂਹ ਚੋਂ ਜਗਾ ਕੇ), ਆਪੋ-ਆਪਣੇ ਮੱਤ (ਧਰਮ ਜਾਂ ਮਜ਼੍ਹਬ) ਦਾ ਸਬੰਧਤ ਖੇਤਰਾਂ ਵਿੱਚ ਸਫ਼ਲਤਾ ਨਾਲ ਵਿਕਾਸ ਕੀਤਾ। ਬਦ-ਕਿਸਮਤੀ ਨਾਲ, ਇਨ੍ਹਾਂ ਵਿੱਚੋਂ ਕਿਸੇ ਵੀ ਪੈਗ਼ੰਬਰ ਜਾਂ ਰਹਿਬਰ ਨੇ ਆਪਣੀ ਵਿਚਾਰਧਾਰਾ (ਫ਼ਲਸਫ਼ਾ) ਨੂੰ ਨਾਂ ਤਾਂ ਆਪ ਲਿਖਤੀ ਰੂਪ ਵਿੱਚ ਸੰਭਾਲਿਆ ਅਤੇ ਨਾਂ ਹੀ ਆਪਣੇ ਕਿਸੇ ਯੋਗ ਤੇ ਭਰੋਸੇਯੋਗ ਪੈਰੋਕਾਰ ਰਾਹੀਂ ਆਪਣੇ ਜੀਵਨ-ਕਾਲ ਦੌਰਾਨ, ਕਲਮਬੰਦ ਕਰਵਾਇਆ। ਸਾਰਾ ਪ੍ਰਚਾਰ ਮੂੰਹ-ਜ਼ਬਾਨੀ ਹੀ ਕੀਤਾ ਜਾਂਦਾ ਰਿਹਾ। ਇਸ ਅਹਿਮ ਕਮਜ਼ੋਰੀ ਦਾ ਨਾਜਾਇਜ਼ ਫ਼ਾਇਦਾ ਉਠਾਉਂਣ ਵਿੱਚ, ਭਲਾ ਇਹ ਸ਼ਾਤਰ ਤਿੱਕੜੀ ਕਿਵੇਂ ਅਵੇਸਲੀ ਰਹਿ ਸਕਦੀ ਸੀ? ਸਮਾਂ ਪਾ ਕੇ (ਕਈ ਸੌ ਸਾਲਾਂ ਬਾਅਦ) ਇਸ ਮਾਨਵ-ਵਿਰੋਧੀ ਗੱਠਜੋੜ ਨੇ, ਵਿਕਾਊ ਨਸਲ ਦੇ ਵਿਦਵਾਨਾਂ ਦੀਆਂ ਸੇਵਾਵਾਂ ਪ੍ਰਾਪਤ ਕਰ ਕੇ, ਸਬੰਧਤ ਮੱਤਾਂ ਦੇ ਬਾਨੀਆਂ ਦੇ ਫ਼ਲਸਫ਼ੇ ਦੇ ਨਾਮ ਹੇਠ ਸ਼ਰਾਰਤ-ਆਮੇਜ਼ ਕਿਤਾਬਾਂ ਲਿਖਾ ਕੇ ਅਜਿਹੇ ਨਕਲੀ ਫ਼ਲਸਫ਼ੇ ਪ੍ਰਚੱਲਤ ਕਰ ਦਿੱਤੇ ਜਿਹੜੇ ਉਨ੍ਹਾਂ ਰਹਿਬਰਾਂ ਦੇ ਅਸਲੀ ਫ਼ਲਸਫ਼ਿਆਂ ਦੇ ਐਨ ਉਲਟ ਸਨ। ਪਰ, ਆਪਣੀ ਕਾਰਸਤਾਨੀ ਉੱਪਰ ਪੜਦਾ ਪਾਈ ਰੱਖਣ ਲਈ ਉਨ੍ਹਾਂ ਮੱਤਾਂ ਦੇ ਬਾਨੀਆਂ ਦੇ ਅਸਲੀ ਫ਼ਲਸਫ਼ੇ ਦੇ ਕੁੱਝ ਅੰਸ਼ ਵੀ ਇਨ੍ਹਾਂ ਨਕਲੀ ਫ਼ਲਸਫ਼ਿਆਂ ਅੰਦਰ ਦਰਜ਼ ਕਰਵਾ ਦਿੱਤੇ, ਕਿਉਂਕਿ, ਜਦੋਂ ਕਿਸੇ ਅਸਲੀ ਤੇ ਸ਼ੁੱਧ ਵਸਤੂ ਵਿੱਚ ਖ਼ੋਟ ਮਿਲਾਈ ਜਾਂਦੀ ਹੈ ਤਾਂ ਕੁੱਝ ਅੰਸ਼ ਅਸਲੀ ਵਸਤੂ ਦਾ ਵੀ ਉਸ ਨਕਲੀ ਵਸਤੂ ਵਿੱਚ ਬਰਕਰਾਰ ਰੱਖਿਆ ਜਾਂਦਾ ਹੈ ਤਾਕਿ, ਛੇਤੀ ਕੀਤਿਆਂ, ਖ਼ੋਟ ਦੀ ਪਹਿਚਾਣ ਨਾ ਕੀਤੀ ਜਾ ਸਕੇ।

ਲੇਖਕ ਦਾ ਦ੍ਰਿੜ ਵਿਸ਼ਵਾਸ਼ ਹੈ ਕਿ ਇਨ੍ਹਾਂ ਮੱਤਾਂ ਦੇ ਅਤੀ ਸਤਿਕਾਰਤ ਬਾਨੀਆਂ ਦੇ ਨਾਮ ਹੇਠ ਪ੍ਰਚੱਲਤ ਹੋ ਚੁੱਕੇ ਫ਼ਲਸਫ਼ਿਆਂ ਅੰਦਰ ਜਿਹੜੇ ਅੰਸ਼, ਮਨੁੱਖਤਾ ਵਿੱਚ ਧਰਮ ਦੇ ਨਾਂ `ਤੇ ਵੰਡੀਆਂ ਪਾ ਕੇ ਮਨੁੱਖੀ ਸਮਾਜ ਵਿੱਚ ਨਫ਼ਰਤ, ਵੈਰ-ਵਿਰੋਧ ਜਾਂ ਵਿਤਕਰਿਆਂ ਦੀਆਂ ਮਾਨਵ-ਵਿਰੋਧੀ ਰੁਚੀਆਂ ਨੂੰ ਉਤੇਜਿਤ ਕਰਦੇ ਹਨ, ਉਹ ਅੰਸ਼ ਇਨ੍ਹਾਂ ਮਨੁੱਖਤਾ ਦੇ ਰਹਿਬਰਾਂ ਦੇ ਮਾਨਵ-ਵਾਦੀ ਅਸਲੀ ਫ਼ਲਸਫ਼ਿਆਂ ਦਾ ਹਿੱਸਾ ਕਦਾਚਿਤ ਨਹੀਂ ਹੋ ਸਕਦੇ, ਕਿਉਂਕਿ, ਉਹ ਰਹਿਬਰ ਤਾਂ ਖ਼ੁਦ ਇਨ੍ਹਾਂ ਬੇ-ਇਨਸਾਫੀਆਂ ਦੇ ਖ਼ਿਲਾਫ਼ ਜੂਝਦੇ ਰਹੇ ਸਨ। ਅਸਲ ਵਿੱਚ, ਅਜਿਹੇ ਨਾਕਸ ਅੰਸ਼ਾਂ ਨੂੰ ਉਨ੍ਹਾਂ ਮੱਤਾਂ ਦੇ ਬਾਨੀਆਂ ਦੇ ਨਾਮ ਹੇਠ ਪ੍ਰਚਾਰਨਾ ਉਨ੍ਹਾਂ ਰਹਿਬਰਾਂ ਦੀ ਨਾ-ਬਖ਼ਸ਼ਣਯੋਗ ਤੌਹੀਨ ਹੈ।

ਗੁਰੂ ਨਾਨਕ ਸਾਹਿਬ ਅਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮੇਂ, ਉਸ ਵਕਤ ਤੱਕ, ਪ੍ਰਚੱਲਤ ਹੋ ਚੁੱਕੇ ਮੱਤਾਂ ਦੇ ਅਸਲੀ ਫ਼ਲਸਫ਼ਿਆਂ ਨਾਲ ਇਸ ਤਿੱਕੜੀ ਵੱਲੋਂ ਕੀਤੀ ਵਿਆਪਕ ਛੇੜ-ਛਾੜ ਬਾਰੇ ਸੁਚੇਤ ਸਨ। ਸ਼ਾਇਦ ਇਸੇ ਲਈ ਹੀ, ਉਨ੍ਹਾਂ ਨੇ ਪ੍ਰਭੂ-ਪਿਤਾ ਨਾਲ ਇੱਕ ਸੁਰ ਹੋਏ ਆਤਮਿਕ-ਮੰਡਲਾਂ ਵਿੱਚੋਂ ਰੱਬੀ-ਗਿਆਨ ਦੇ ਪ੍ਰਗਟ ਹੋਏ ਪ੍ਰਕਾਸ਼ ਨੂੰ ਗੁਰਬਾਣੀ ਦੇ ਰੂਪ ਵਿੱਚ, ਸਮੇਂ-ਸਮੇਂ ਸਿਰ, ਖ਼ੁਦ-ਕਲਮਬੰਦ ਕੀਤਾ। ਜਦੋਂ ਵੀ ਗੁਰਗੱਦੀ `ਤੇ ਪਹਿਲੇ ਪਾਤਿਸ਼ਾਹ ਤੋਂ ਬਾਅਦ ਦੂਜੇ ਅਤੇ ਅੱਗੇ ਤੋਂ ਅੱਗੇ ਦਸਵੇਂ ਪਾਤਿਸ਼ਾਹ ਤੱਕ, ਗੁਰੂ ਵਿਅਕਤੀ ਸ਼ੁਸ਼ੋਭਤ ਹੁੰਦੇ ਸਨ ਤਾਂ ਉਸ ਵਕਤ ਤੱਕ ਪ੍ਰਗਟ ਹੋ ਚੁੱਕੀ ਗੁਰਬਾਣੀ, (ਪੋਥੀ ਦੇ ਰੂਪ ਵਿੱਚ), ਗੁਰਗੱਦੀ `ਤੇ ਸ਼ੁਸ਼ੋਭਤ ਹੋਣ ਵਾਲੇ ਗੁਰੂ ਵਿਅਕਤੀ ਨੂੰ, (ਵਿਰਾਸਤ ਦੇ ਰੂਪ ਵਿੱਚ), ਸੌਂਪ ਦਿੱਤੀ ਜਾਂਦੀ ਸੀ। ਅੰਤ ਵਿੱਚ, ਦਸਮੇਸ਼ ਪਿਤਾ ਜੀ ਨੇ ਨੰਦੇੜ ਵਿਖੇ ਜੋਤੀ ਜੋਤਿ ਸਮਾਉਂਣ ਤੋਂ ਇੱਕ ਦਿਨ ਪਹਿਲਾਂ (6 ਅਕਤੂਬਰ 1708 ਦੇ ਦਿਨ), ਜੁਗੋ-ਜੁੱਗ ਅਟੱਲ, ਸ਼ਬਦ-ਗੁਰੂ (ਗੁਰੂ ਗ੍ਰੰਥ ਸਾਹਿਬ) ਨੂੰ ਸਦੀਵਕਾਲ ਲਈ ਗੁਰਗੱਦੀ `ਤੇ ਸ਼ੁਸ਼ੋਭਤ ਕਰ ਦਿੱਤਾ। ਇਥੇ ਹੀ ਬੱਸ ਨਹੀਂ, ਮਨੁੱਖਤਾ ਵਿੱਚੋਂ ਸਾਰੀਆਂ ਵੰਡੀਆਂ ਅਤੇ ਵਿਤਕਰਿਆਂ ਨੂੰ ਅਮਲੀ ਰੂਪ ਵਿੱਚ ਰੱਦ ਕਰਨ ਲਈ, ਗੁਰੂ ਗ੍ਰੰਥ ਸਾਹਿਬ ਵਿੱਚ ਜਿਥੇ 6 ਗੁਰੂ ਸਾਹਿਬਾਨ (ਪਹਿਲੇ ਤੋਂ ਪੰਜਵੇਂ ਪਾਤਿਸ਼ਾਹ ਅਤੇ ਨੌਵੇਂ ਪਾਤਿਸ਼ਾਹ) ਦੁਆਰਾ ਪ੍ਰਗਟ ਹੋਇਆ ਬ੍ਰਹਮ-ਗਿਆਨ ਗੁਰਬਾਣੀ ਦੇ ਰੂਪ ਵਿੱਚ ਅੰਕਿਤ ਹੈ, ਉਥੇ ਅਲੱਗ-ਅਲੱਗ ਮੱਤਾਂ ਦੇ ਪਰਿਵਾਰਾਂ ਵਿੱਚ (ਭਾਰਤ ਦੇ ਅਲੱਗ-ਅਲੱਗ ਖੇਤਰਾਂ ਵਿੱਚ), ਪੈਦਾ ਹੋਏ 15 ਪ੍ਰਭੂ-ਭਗਤਾਂ, 11 ਭੱਟਾਂ ਤੇ 3 ਸਿੱਖਾਂ (ਜਿਹੜੇ ਸਾਰੇ ਦੇ ਸਾਰੇ ਹੀ ਅੰਤਰ-ਆਤਮੇਂ ਪਰਮੇਸ਼ਰ ਨਾਲ ਇੱਕਸੁਰ ਹੋ ਚੁੱਕੇ ਸਨ) ਦੁਆਰਾ ਪ੍ਰਗਟ ਹੋਇਆ ਰੱਬੀ-ਗਿਆਨ ਦਾ ਪ੍ਰਕਾਸ਼ ਵੀ, ਬਾਣੀ ਦੇ ਰੂਪ ਵਿੱਚ ਦਰਜ਼ ਕੀਤਾ ਗਿਆ ਹੈ। ਸਤਿਗੁਰਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਮੁੱਚੀ ਗੁਰਬਾਣੀ (ਜਪੁ ਤੋਂ ਇਲਾਵਾ), 31 ਰਾਗਾਂ ਵਿੱਚ, ਇੱਕ ਅਜਿਹੀ ਅਦੁੱਤੀ ਸੰਪਾਦਨਾਂ-ਵਿਧੀ ਨਾਲ, ਦਰਜ਼ ਕਰਵਾਈ ਹੈ ਕਿ ਇਸ ਵਿੱਚ ਕੋਈ ਵਾਧਾ-ਘਾਟਾ ਕਰਨਾ ਅਤੀ ਕਠਿਨ ਹੈ। ਪਰ, ਇਥੇ ਵੀ ਇਹ ਮਾਨਵ-ਵਿਰੋਧੀ ਤਿੱਕੜੀ ਟਿਕ ਕੇ ਚੈਨ ਨਾਲ ਨਹੀਂ ਬੈਠੀ। ਇਸ ਨੇ, ਜਦੋਂ ਵੀ ਮੌਕਾ ਮਿਲਿਆ, ਆਪਣੇ ਮੁੱਢ-ਕਦੀਮਾਂ ਦੇ ਸੁਭਾਅ ਅਨੁਸਾਰ, ਗੁਰੂ ਸਾਹਿਬਾਨ ਦੇ ਨਾਂ ਹੇਠ ਅਜਿਹੀਆਂ ਪੁਸਤਕਾਂ ਲਿਖ-ਲਿਖਾ ਕੇ ਪ੍ਰਚੱਲਤ ਕਰਨ ਦੇ ਯਤਨ ਕੀਤੇ ਜਿਹੜੀਆਂ ਸਤਿਗੁਰਾਂ ਦੀਆਂ ਪਾਵਨ ਅਤੇ ਅਤੀ ਸਤਿਕਾਰਤ ਸ਼ਖਸੀਅਤਾਂ ਦਾ ਨਾ-ਬਖ਼ਸ਼ਣਯੋਗ ਚਰਿੱਤ੍ਰਘਾਤ ਅਤੇ ਗੁਰਮਤਿ ਸਿਧਾਂਤਾਂ ਦਾ ਘਾਣ ਕਰਨ ਵਾਲੀਆਂ ਹਨ। ਉਦਾਹਰਣ ਦੇ ਤੌਰ `ਤੇ, ਭਾਈ ਬਾਲੇ ਵਾਲੀ ਜਨਮ ਸਾਖੀ, ਗੁਰਬਿਲਾਸ ਪਾਤਿਸ਼ਾਹੀ ਛੇਵੀਂ, ਬਚਿੱਤਰ ਨਾਟਕ (ਨਵਾਂ ਨਾਂ ‘ਦਸਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ), ਪ੍ਰੇਮ ਸੁਮਾਰਗ, ਸਰਬਲੋਹ ਗ੍ਰੰਥ, ਭਾਂਤ-ਭਾਂਤ ਦੇ ਸਿੱਖ ਰਹਿਤਨਾਮੇ, ਆਦਿ, ਅਜਿਹੀਆਂ ਹੀ ਰਚਨਾਵਾਂ ਹਨ ਜਿਨ੍ਹਾਂ ਨੂੰ, ਸਿੱਖ ਕੌਮ ਦੇ ਵਿਹੜੇ ਵਿੱਚ, (ਸਿੱਖ ਕੌਮ ਦੇ ਵਿਰਸੇ ਵਜੋਂ) ਸੁੱਟਿਆ ਗਿਆ ਹੈ ਅਤੇ ਕੌਮ ਦਾ ਇੱਕ ਹਿੱਸਾ, (ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਮਤਿ ਸਿਧਾਂਤਾਂ ਦੀ ਸਪੱਸ਼ਟਤਾ ਨਾ ਹੋਣ ਕਾਰਨ), ਇਨ੍ਹਾਂ ਸਾਜਿਸ਼ੀ ਰਚਨਾਵਾਂ ਨੂੰ ਵੀ ਆਪਣਾ ਹੀ ਅਨਮੋਲ ਵਿਰਸਾ ਸਮਝ ਕੇ ਆਪਣੇ ਘਰ ਦੇ ਡਰਾਇੰਗ ਰੂਪ ਵਿੱਚ ਸਜਾਈ ਬੈਠਾ ਹੈ। ਸਦ ਅਫ਼ਸੋਸ!

ਮੂਲ ਰੂਪ ਵਿੱਚ, ਸੰਸਾਰ ਵਿੱਚ, ਮਨੁੱਖ ਦੀ ਹਰ ਪੱਖ ਤੋਂ ਬਰਾਬਰਤਾ ਦੇ ਆਧਾਰ `ਤੇ, ਚੰਗੇ ਸਮਾਜ (ਅਤੇ ਚੰਗੇ ਸਮਾਜ-ਪ੍ਰਬੰਧ) ਦੀ ਸਥਾਪਤੀ ਵੱਲ ਵਧਣ ਦੀ ਨੈਤਿਕ ਜ਼ਿੰਮੇਵਾਰੀ ਸਿੱਖ ਕੌਮ ਦੀ ਹੈ, ਕਿਉਂਕਿ, ਸਿੱਖ ਕੌਮ ਨੇ ਹੀ ਗੁਰੂ ਗ੍ਰੰਥ ਸਾਹਿਬ ਦੇ ਅਨਮੋਲ ਵਿਰਸੇ ਨੂੰ ਸੰਭਾਲ ਕੇ ਰੱਖਣ ਦੇ ਯਤਨ ਕੀਤੇ ਹਨ। ਇਸੇ ਕਾਰਨ ਹੀ, ਉੱਪਰ ਵਰਣਨ ਕੀਤੀ ਤਿੱਕੜੀ ਨੇ ਸਿੱਖ ਕੌਮ `ਤੇ ਬਹੁ-ਪੱਖੀ ਹਮਲੇ ਕੀਤੇ ਹੋਏ ਹਨ। ਇਨ੍ਹਾਂ ਹਮਲਿਆਂ ਦਾ ਮਕਸਦ ਹੈ ਸਿੱਖ ਕੌਮ ਵਿੱਚ ਪਾਹੁਲਧਾਰੀਆਂ ਦਾ ਰੂਪ ਧਾਰ ਕੇ, ਘੁੱਸਪੈਠ ਕਰ ਕੇ, ਸਿੱਖ ਕੌਮ ਦੀਆਂ ਸੰਸਥਾਵਾਂ/ਜਥੇਬੰਦੀਆਂ `ਤੇ ਕਾਬਜ਼ ਹੋ ਕੇ ਗੁਰਮਤਿ ਫ਼ਲਸਫ਼ੇ ਦਾ ਭਗਵਾਂਕਰਨ ਕਰਨਾ, ਸਿੱਖ ਗੁਰੂ ਸਾਹਿਬਾਨ ਦਾ (ਤਰ੍ਹਾਂ-ਤਰ੍ਹਾਂ ਦੀਆਂ ਨਕਲੀ ਰਚਨਾਵਾਂ ਲਿਖ-ਲਿਖਾ ਕੇ) ਚਰਿੱਤ੍ਰਘਾਤ ਕਰਨਾ, ਸਿੱਖ ਕੌਮ ਨੂੰ ਸਿਧਾਂਤ (ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ) ਨਾਲੋਂ ਤੋੜ ਕੇ, ਸ਼ਖਸੀਅਤਾਂ (ਨਕਲੀ ਸੰਤ-ਬਾਬੇ ਆਦਿ) ਨਾਲ ਜੋੜ ਕੇ, ਮੂਰਤੀ-ਪੂਜਾ (ਅਖੌਤੀ ਸੰਤ-ਬਾਬਿਆਂ ਅਤੇ ਗੁਰੂ ਸਾਹਿਬਾਨ ਦੀਆਂ ਮਨੋਕਲਪਿਤ ਨਕਲੀ ਤਸਵੀਰਾਂ ਦੀ ਪੂਜਾ) ਤੇ ਕਰਮ-ਕਾਂਡਾਂ ਵੱਲ ਪ੍ਰੇਰਤ ਕਰਨਾ, ਸਿੱਖ ਕੌਮ ਨੂੰ ਮਿਆਰੀ ਵਿੱਦਿਆ ਤੋਂ ਵਾਂਝੇ ਰੱਖ ਕੇ ਨਸ਼ੇੜੀ, ਵਿਹਲੜ, ਆਚਰਣਹੀਨ, ਸਿਹਤਹੀਣ ਅਤੇ ਅਪਰਾਧਿਕ ਬਿਰਤੀਆਂ ਵਾਲੀ ਬਣਾ ਕੇ ਕਮਜ਼ੋਰ ਕਰਨਾ, ਸਿੱਖ ਕੌਮ ਵਿੱਚ ਡੇਰਿਆਂ, ਨਕਲੀ ਸੰਤ-ਬਾਬਿਆਂ ਤੇ ਟਕਸਾਲਾਂ ਰਾਹੀਂ ਸੰਪਰਦਾਵਾਂ ਪੈਦਾ ਕਰ ਕੇ ਕੌਮ ਨੂੰ ਭਰਾ-ਮਾਰੂ ਝਗੜਿਆਂ-ਝਮੇਲਿਆਂ ਤੇ ਲੜਾਈਆਂ ਵਿੱਚ ਗ੍ਰਸਤ ਕਰ ਕੇ ਕੌਮ ਦੇ ਵਿਨਾਸ਼ ਵੱਲ ਤੋਰਨਾ, ਸਿੱਖ ਕੌਮ ਦੇ ਲੀਡਰਾਂ ਵਿੱਚੋਂ ਵਿਕਾਊ (ਲਾਲਚੀ, ਖ਼ੁਦਗਰਜ਼, ਹੈਂਕੜਬਾਜ਼) ਮਾਲ ਲੱਭ ਕੇ ਉਨ੍ਹਾਂ ਤੋਂ ਹੀ ਕੌਮ ਦੇ ਵਿਨਾਸ਼ ਦੀਆਂ ਕਾਰਵਾਈਆਂ ਕਰਾਉਣੀਆਂ, ਸਿੱਖ ਕੌਮ ਦੀ ਅੱਡਰੀ ਪਹਿਚਾਣ ਤੇ ਹੋਂਦ ਨੂੰ ਖ਼ਤਮ ਕਰਨਾ, ਕੌਮ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨਾ, ਸਿੱਖ-ਕਿਰਸਾਣੀ ਨੂੰ ਘਸਿਆਰੇ ਬਣਾਉਣ ਦੀਆਂ ਕਾਰਵਾਈਆਂ ਸਿਰੇ ਚਾੜ੍ਹਨੀਆਂ, ਸਿੱਖ ਸਭਿਆਚਾਰ ਤੇ ਇਤਿਹਾਸ ਨੂੰ ਖ਼ਤਮ ਕਰਨ ਲਈ ਯਤਨ ਕਰਨੇ, ਪੰਜਾਬੀ ਭਾਸ਼ਾ ਦਾ ਪਤਨ ਕਰਨ ਲਈ ਕਾਰਵਾਈਆਂ ਕਰਨੀਆਂ, ਫ਼ਿਰਕਾਪ੍ਰਸਤ ਤੇ ਸਰਕਾਰੀ ਮੀਡੀਆ ਰਾਹੀਂ ਕੂੜ-ਪ੍ਰਚਾਰ ਕਰ-ਕਰਾ ਕੇ ਦੁਨੀਆਂ ਵਿੱਚ ਸਿੱਖ ਕੌਮ ਨੂੰ ਅਤੰਕਵਾਦੀ, ਵੱਖ-ਵਾਦੀ ਆਦਿ ਕਹਿ ਕੇ ਬਦਨਾਮ ਕਰਨਾ, ਸਮੇਂ-ਸਮੇਂ ਸਿਰ ਸਿੱਖ ਕੌਮ ਦੀ ਨਸਲਕੁਸ਼ੀ ਦੇ ਪ੍ਰੋਗਰਾਮ ਉਲੀਕ ਕੇ ਸਿਰੇ ਚਾੜ੍ਹਨੇ, ਗੁਰੂ ਗ੍ਰੰਥ ਸਾਹਿਬ ਦੀ ਅਹਿਮੀਅਤ ਨੂੰ ਘਟਾਉਣ ਲਈ ਸਾਜਿਸ਼ੀ ਗ੍ਰੰਥ ਤਿਆਰ ਕਰਵਾ ਕੇ (ਉਨ੍ਹਾਂ ਨੂੰ) ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਵਜੋਂ ਉਭਾਰ ਕੇ ਮਾਨਤਾ ਦੇਣੀ ਅਤੇ ਅੰਤ ਵਿੱਚ ਅਛੋਪਲੇ ਜਿਹੇ ਹੀ, ਗੁਰੂ ਗ੍ਰੰਥ ਸਾਹਿਬ ਨੂੰ ਅਲੋਪ ਕਰ ਕੇ ਇਨ੍ਹਾਂ ਸਾਜਿਸ਼ੀ ਗ੍ਰੰਥਾਂ ਨੂੰ ਗੁਰਗੱਦੀ `ਤੇ ਬਿਰਾਜਮਾਨ ਕਰਨਾ। ਇਹ ਸਾਰੇ ਪ੍ਰੋਗਰਾਮ ਸਿਰੇ ਚਾੜ੍ਹ ਕੇ ਜਦੋਂ ਸਿੱਖ ਕੌਮ ਨੂੰ ਮੁਕੰਮਲ ਤੌਰ `ਤੇ ਮਨੂੰਵਾਦ ਦੇ ਖਾਰੇ ਸਮੁੰਦਰ ਵਿੱਚ ਜਜ਼ਬ ਕਰ ਲਿਆ ਜਾਵੇਗਾ ਤਾਂ ਇਸ ਜ਼ਾਲਮ ਤਿੱਕੜੀ ਦਾ ਕੋਈ ਵੀ ਵਿਰੋਧ ਕਰਨ ਵਾਲਾ ਨਹੀਂ ਰਹੇਗਾ। ਇਸ ਤਰ੍ਹਾਂ, ਗੁਰੂ ਨਾਨਕ ਸਾਹਿਬ ਦੇ ਸਮੇਂ ਤੋਂ ਹੀ ਇਸ ਸ਼ਾਤਰ ਤਿਕੜੀ ਦੇ ਉਲੀਕੇ ਹੋਏ ਨਾਟਕੀ ਪ੍ਰੋਗਰਾਮ ਦਾ ਡਰਾਪਸੀਨ ਹੋ ਜਾਵੇਗਾ - ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬੰਸਰੀ!

ਆਪਣੇ ਆਪ ਨੂੰ ਮਨੁੱਖਤਾ ਦੇ ਹਮਦਰਦ ਅਤੇ ਮਾਨਵਵਾਦੀ ਅਖਵਾਉਂਣ ਵਾਲੇ ਲੀਡਰੋ! ਤੁਸੀਂ ਕਦੋਂ ਤੱਕ ਇਸ ਜ਼ਾਲਮ ਤਿੱਕੜੀ ਦੀਆਂ ਮਾਨਵ-ਵਿਰੋਧੀ ਕਾਰਵਾਈਆਂ ਨੂੰ ਅਣਡਿੱਠਾ ਕਰਦੇ ਰਹੋਗੇ? ਅਸਲ ਵਿੱਚ, ਤੁਹਾਡੀ ਇਹ ਭੇਦ-ਭਰੀ ਖਾਮੋਸ਼ੀ ਵੀ ਇਸ ਜ਼ਾਲਮ ਤਿਕੱੜੀ ਵੱਲੋਂ ਮਨੁੱਖਤਾ ਦੇ ਖਿਲਾਫ਼ ਜ਼ੁਲਮਾਂ ਨੂੰ ਜਾਰੀ ਰੱਖਣ ਵਿੱਚ ਸਹਾਈ ਹੁੰਦੀ ਆ ਰਹੀ ਹੈ।

ਅਸਲ ਵਿੱਚ, ਹੁਣ ਇਹ ਜ਼ਾਲਮ ਤਿਕੜੀ `ਚੰਡਾਲ-ਚੌਕੜੀ’ ਦਾ ਰੂਪ ਧਾਰਨ ਕਰਦੀ ਜਾ ਰਹੀ ਹੈ। ਯਾਨੀ ਕਿ, ਸਮਾਜ ਵਿਚਲਾ ਅਪਰਾਧੀ ਤੇ ਗੁੰਡਾ ਅਨਸਰ ਵੀ ਇਸ ਦੇ ਨਾਲ ਰਲਦਾ ਜਾ ਰਿਹਾ ਹੈ।

2. ਮਨੂੰਵਾਦ (ਵਰਨ-ਆਸ਼ਰਮ ਸਮਾਜਿਕ ਸਿਸਟਮ)

ਧਰਮ ਦੇ ਨਾਂ `ਤੇ (ਮਨੁੱਖੀ ਸਮਾਜ ਅੰਦਰ ਜਾਤ-ਆਧਾਰਤ ਵੰਡੀਆਂ ਪਾ ਕੇ), ਕਈ ਹਜ਼ਾਰ ਸਾਲ ਤੋਂ, ਮਨੁੱਖੀ ਸਮਾਜ ਦੇ ਕਮਜ਼ੋਰ ਵਰਗਾਂ ਦਾ ਸਰਬਪੱਖੀ ਸ਼ੋਸ਼ਨ ਹੁੰਦਾ ਆ ਰਿਹਾ ਹੈ ਅਤੇ ਇਸ ਮਾਨਵ-ਵਿਰੋਧੀ ਜ਼ਾਲਮ ਵਰਤਾਰੇ ਲਈ ਸਭ ਤੋਂ ਵੱਧ ਜ਼ਿੰਮੇਵਾਰ ਹੈ ਅਖੌਤੀ ਰਿਸ਼ੀ ਮਨੂੰ ਵੱਲੋਂ ਲਿਖੀ ਹੋਈ ਦੱਸੀ ਜਾਂਦੀ ਮਨੂੰ-ਸਿੰਮ੍ਰਿਤੀ। ਵਿਰੋਧੀ ਆਵਾਜ਼ ਨੂੰ ਬੰਦ ਕਰਨ ਲਈ, ਇਸ ਕਿਤਾਬ ਨੂੰ ਵੇਦਾਂ ਦੀ ਵਿਆਖਿਆ ਕਰਨ ਵਾਲੀ ਤੇ ਵੇਦਾਂ ਦੇ ਬਰਾਬਰ ਦਾ ਅਧਿਕਾਰ ਰੱਖਣ ਵਾਲੀ ਰਚਨਾ ਦੇ ਤੌਰ `ਤੇ ਪ੍ਰਚਾਰਿਆ ਜਾਂਦਾ ਰਿਹਾ ਹੈ ਅਤੇ ਦੱਸਿਆ ਜਾਂਦਾ ਰਿਹਾ ਹੈ ਕਿ ਵੇਦ ਸਿੱਧੇ ਹੀ, ਰੱਬ ਵੱਲੋਂ ਮਨੁੱਖਤਾ ਦੀ ਭਲਾਈ ਲਈ ਰਚ ਕੇ ਭੇਜੇ ਹੋਏ ਹਨ, ਇਸ ਲਈ ਇਨ੍ਹਾਂ ਰਚਨਾਵਾਂ `ਤੇ ਕਿਸੇ ਵੀ ਕਿਸਮ ਦਾ ਕਿੰਤੂ-ਪ੍ਰੰਤੂ ਕਰਨ ਦਾ ਕਿਸੇ ਨੂੰ ਕੋਈ ਅਧਿਕਾਰ ਨਹੀਂ।

ਗੁਰੂ ਗ੍ਰੰਥ ਸਾਹਿਬ ਦਾ ਆਲਮਗੀਰੀ ਫ਼ਲਸਫ਼ਾ ਜਿੱਥੇ ਜਾਤ-ਪਾਤੀ ਸਮਾਜਕ ਸਿਸਟਮ ਨੂੰ ਅਕੱਟ ਦਲੀਲਾਂ ਦੇ ਆਧਾਰ `ਤੇ ਮੁਕੰਮਲ ਤੌਰ `ਤੇ ਰੱਦ ਕਰਦਾ ਹੈ, ਉਥੇ ਮਨੂੰ-ਸਿੰਮ੍ਰਿਤਿ ਨੂੰ ਵੀ ਮਨੁੱਖਤਾ ਦੀ ਗ਼ੁਲਾਮੀ ਦੀ ਪ੍ਰਤੀਕ ਦਰਸਾ ਕੇ ਰੱਦ ਕਰਦਾ ਹੈ -

ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ 1॥ ਆਪਨ ਨਗਰ, ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ 1॥ ਰਹਾਉ॥ ਕਟੀ ਨ ਕਟੈ, ਤੂਟਿ ਨਹ ਜਾਈ॥ ਸਾ ਸਾਪਨਿ ਹੋਇ ਜਗ ਕਉ ਖਾਈ॥ 2॥ ਹਮ ਦੇਖਤ ਜਿਨਿ ਸਭੁ ਜਗੁ ਲੂਟਿਆ॥ ਕਹੁ ਕਬੀਰ, ਮੈ ਰਾਮ ਕਹਿ ਛੂਟਿਆ॥ 3॥ 30॥ (ਕਬੀਰ ਜੀ, 329)

ਭਾਵ: ਹੇ ਵੀਰ! ਇਹ ਸਿੰਮ੍ਰਿਤੀ ਜੋ ਵੇਦਾਂ ਦੇ ਆਧਾਰ `ਤੇ ਬਣੀ ਹੈ (ਇਹ ਤਾਂ ਆਪਣੇ ਸ਼ਰਧਾਲੂਆਂ ਵਾਸਤੇ ਵਰਨ-ਆਸ਼ਰਮ ਦੇ, ਮਾਨੋਂ) ਸੰਗਲ ਤੇ (ਕਰਮ-ਕਾਂਡ ਦੀਆਂ) ਰੱਸੀਆਂ ਲੈ ਕੇ ਆਈ ਹੈ॥ 1॥

(ਇਸ ਸਿੰਮ੍ਰਿਤੀ ਨੇ) ਆਪਣੇ ਸਾਰੇ ਸ਼ਰਧਾਲੂ ਆਪ ਹੀ ਜਕੜੇ ਹੋਏ ਹਨ (ਇਨ੍ਹਾਂ ਨੂੰ ਸਵਰਗ ਆਦਿਕ ਦੇ) ਮੋਹ ਦੀ ਫਾਹੀ ਵਿੱਚ ਫਸਾ ਕੇ (ਇਨ੍ਹਾਂ ਦੇ ਸਿਰ `ਤੇ) ਮੌਤ (ਦੇ ਸਹਿਮ) ਦਾ ਤੀਰ (ਇਸ ਨੇ) ਖਿੱਚਿਆ ਹੋਇਆ ਹੈ। 1. ਰਹਾਉ।

(ਇਹ ਸਿੰਮ੍ਰਿਤੀ ਰੂਪ ਫਾਹੀ ਸ਼ਰਧਾਲੂਆਂ ਪਾਸੋਂ) ਵੱਢਿਆਂ ਵੱਢੀ ਨਹੀਂ ਜਾ ਸਕਦੀ ਅਤੇ ਨਾ ਹੀ (ਆਪਣੇ ਆਪ) ਇਹ ਟੁਟਦੀ ਹੈ। (ਹੁਣ ਤਾਂ) ਇਹ ਸੱਪਣੀ ਬਣ ਕੇ ਜਗਤ ਨੂੰ ਖਾ ਰਹੀ ਹੈ (ਭਾਵ, ਜਿਵੇਂ ਸੱਪਣੀ ਆਪਣੇ ਹੀ ਬੱਚਿਆਂ ਨੂੰ ਖਾ ਜਾਂਦੀ ਹੈ, ਤਿਵੇਂ ਇਹ ਸਿੰਮ੍ਰਿਤੀ ਆਪਣੇ ਹੀ ਸ਼ਰਧਾਲੂਆਂ ਦਾ ਆਤਮਿਕ ਜੀਵਨ ਨਾਸ਼ ਕਰ ਰਹੀ ਹੈ)।

ਹੇ ਕਬੀਰ! ਆਖ-ਅਸਾਡੇ ਵੇਖਦਿਆਂ-ਵੇਖਦਿਆਂ ਜਿਸ (ਸਿੰਮ੍ਰਿਤੀ) ਨੇ ਸਾਰੇ ਸੰਸਾਰ ਨੂੰ ਠੱਗ ਲਿਆ ਹੈ, ਮੈਂ ਪ੍ਰਭੂ ਦਾ ਸਿਮਰਨ ਕਰ ਕੇ ਉਸ ਤੋਂ ਬਚ ਗਿਆ ਹਾਂ। 3. 30.

ਸ਼ਬਦ ਦਾ ਸਮੁੱਚਾ ਭਾਵ: ਸਿੰਮ੍ਰਿਤੀਆਂ ਦੇ ਉਲੀਕੇ ਹੋਏ ਵਰਨ-ਆਸ਼ਰਮ ਤੇ ਕਰਮ-ਕਾਂਡ, ਸਿੰਮ੍ਰਿਤੀ ਵਿੱਚ ਸ਼ਰਧਾ ਰੱਖਣ ਵਾਲਿਆਂ ਨੂੰ, ਸੰਗਲ਼ ਹੋ ਢੁਕਦੇ ਹਨ। ਉਨ੍ਹਾਂ ਨੂੰ ਅਜਿਹੇ ਵਹਿਮਾਂ-ਭਰਮਾਂ ਵਿੱਚ ਜਕੜਦੇ ਹਨ ਕਿ ਛੁਟਕਾਰਾ ਹੋਣਾ ਔਖਾ ਹੋ ਜਾਂਦਾ ਹੈ। ਪ੍ਰਭੂ ਦਾ ਸਿਮਰਨ (ਹੁਕਮੀ ਰਜ਼ਾਈ ਚੱਲਣਾ) ਹੀ ਇਨ੍ਹਾਂ ਤੋਂ ਬਚਾਉਂਣ ਦੇ ਸਮਰੱਥ ਹੈ।

ਮਨੂੰਵਾਦ ਦੇ ਕੁੱਝ ਕੁ ਮੁੱਢਲੇ ਅਸੂਲ

1. ਚਾਰੇ ਵੇਦ (ਰਿਗ ਵੇਦ, ਸਯਾਮ, ਯਜੁਰਵੇਦ, ਅਥਰਵ ਵੇਦ) ਧੁਰੋਂ ਹੀ ਬਣੇ ਬਣਾਏ ਆਏ ਹਨ ( ‘ਅਲਹਾਮੀ’ ਜਾਂ ‘ਸਰੁਤੀ’ ਹਨ)। ਇਹ ਸਾਰੇ ਹੀ ਦੁਨਿਆਵੀ ਤੇ ਰੂਹਾਨੀ ਗਿਆਨ ਦੇ ਸਰੋਤ (ਸੋਮੇ) ਹਨ। (ਫ਼ੀਅਰ ਜੇ. ਬੀ. : ਆਈ. ਏ. ਭਾਗ 4 (1875), ਪੰਨਾ 123)।

2. ਈਸ਼ਵਰ ਨੇ (ਬ੍ਰਹਮੇ ਤੋਂ ਸਾਰੀ ਸ੍ਰਿਸ਼ਟੀ ਦੀ ਸਾਜਨਾ ਕਰਵਾ ਕੇ) ਚਾਰ ਜਾਤਾਂ ਜਾਂ ਵਰਣ (ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ) ਬਣਾਈਆਂ (ਜ਼ਾਜ਼ਨਿਕ ਜੇ. ਯੂ. : ਜੇ. ਆਰ. ਏ. ਐਸ. ਬੀ. (1872), ਪੰਨੇ 100-102, ਫ਼ੀਅਰ ਜੇ. ਬੀ. : ਆਈ. ਏ. ਭਾਗ 4 (1875)।

3. ਬ੍ਰਹਮਾ ਨੇ ਮਨੂੰ-ਸਿੰਮ੍ਰਿਤੀ ਅਰਥਾਤ ਕਾਨੂੰਨ-ਪ੍ਰਣਾਲੀ ਆਪ ਤਿਆਰ ਕੀਤੀ ਤੇ ਮਨੂੰ ਨੂੰ ਸਮਝਾਈ। ਮਨੂੰ ਨੇ ਇਹ ਅੱਗੇ ਭ੍ਰਿਗੂ ਨੂੰ ਸਿਖਾਈ (ਮਨੂੰ ਸਿੰਮ੍ਰਿਤੀ ਪੰਨਾ 18)।

4. ਜੋ ਕੁੱਝ ਵੀ ਵੇਦਾਂ ਤੋਂ ਬਾਹਰ ਹੈ ਜਾਂ ਜੋ ਕੁੱਝ ਵੀ ਮਨੂੰ ਦੀ ਸੰਪੂਰਨ ਸਿਆਣਪ ਰਾਹੀਂ ਵੇਦਾਂ ਵਿੱਚੋਂ ਲੈ ਕੇ ਧਰਮ-ਸ਼ਾਸਤਰ ਵਿੱਚ ਨਹੀਂ ਲਿਖਿਆ ਗਿਆ, ਉਹ ਮਨੁੱਖੀ ਕੰਮ ਹੈ, ਬੇਕਾਰ ਹੈ, ਝੂਠ ਹੈ। ਵੇਦਾਂ ਵਿੱਚ ਵਿਸ਼ਵਾਸ ਨਾ ਕਰਨਾ ਘੋਰ ਪਾਪ ਹੈ। ਜੇ ਕੋਈ ‘ਕਾਫ਼ਰ-ਪੁਸਤਕ’ ਦਾ ਆਸਰਾ ਲੈ ਕੇ, ਧੁਰੋਂ ਉੱਤਰੇ ਹੋਏ ਵੇਦਾਂ ਅਤੇ ਧਰਮ-ਸ਼ਾਸਤਰਾਂ ਦੇ ਅਧਿਕਾਰ ਉੱਤੇ ਕਿੰਤੂ ਕਰਦਾ ਹੈ, ਉਹ ਕਾਫ਼ਰ ਸਮਝਿਆ ਜਾਣ ਯੋਗ ਹੈ ਅਤੇ ਸਦਾਚਾਰੀ ਲੋਕਾਂ ਦੇ ਸਮਾਜ ਵਿੱਚੋਂ ਛੇਕੇ ਜਾਣ ਯੋਗ ਹੈ [Phear J.B. : I.A. Vol. 4 (1875), P-124]

5. ਮਨੁੱਖ ਜਨਮ ਤੋਂ ਹੀ ਨਾ-ਬਰਾਬਰ ਹੁੰਦੇ ਹਨ, ਉਨ੍ਹਾਂ ਦੀ ਨਾ-ਬਰਾਬਰੀ ਸਦਾ ਹੀ ਕਾਇਮ ਰਹਿੰਦੀ ਹੈ ਤੇ ਉਨ੍ਹਾਂ ਵਿਚਾਲੇ ਫ਼ਰਕ ਉਤਨਾ ਹੀ ਹੁੰਦਾ ਹੈ ਜਿਤਨਾ ਕੁੱਤੇ ਅਤੇ ਬੰਦੇ ਵਿਚਾਲੇ [Max Weber : P-144]

6. ਪਰਜਾਪਤੀ (ਪਰਮੇਸ਼ਰ) ਨੇ ਸ਼ੂਦਰਾਂ ਨੂੰ ਦੂਜੀਆਂ ਜਾਤਾਂ ਦਾ ਗ਼ੁਲਾਮ ਬਣਾ ਕੇ ਪੈਦਾ ਕੀਤਾ ਹੈ [Mahabharta, x, 2295, 2297]; (Muir, J. : I.A. Vol. 6, P-252)

7. ਬ੍ਰਾਹਮਣ ਦੀ ਸਿੱਖਿਆ ਮਨੁੱਖ ਵਾਸਤੇ ਸਿੱਕੇਬੰਦ ਹੈ, ਕਿਉਂਕਿ, ਇਸ ਦੀ ਨੀਂਹ ਵੇਦ ਹਨ [Manu, xi, 85; Max Weber, P-59]

8. ਬ੍ਰਾਹਮਣ ਭਾਵੇਂ ਪੜ੍ਹਿਆ ਹੋਵੇ ਜਾਂ ਨਾ, ਤੇ ਭਾਵੇਂ ਕਿਰਦਾਰ ਦਾ ਪੁੱਜ ਕੇ ਮਾੜਾ ਵੀ ਹੋਵੇ, ਉਹ ਫਿਰ ਵੀ ਵੱਡਾ ਦੇਵਤਾ ਹੁੰਦਾ ਹੈ [Manu, ix, 317, 319]

9. ਇਸਤਰੀ, ਸ਼ੂਦਰ, ਕੁੱਤੇ ਅਤੇ ਕਾਂ ਝੂਠ ਦਾ ਨਮੂੰਨਾ ਹਨ (ਸਤਪਤ ਬ੍ਰਾਹਮਣ ਗ੍ਰੰਥ: xiv, 1.1.31)।

10. ਪਤੀ ਦਾ ਆਪਣੀ ਪਤਨੀ ਉੱਤੇ ਪੂਰਾ ਅਧਿਕਾਰ ਹੈ। ਉਹ ਉਸ ਨੂੰ ਮਾਰ-ਪਿੱਟ ਸਕਦਾ ਹੈ। ਜੇ ਪਤਨੀ ਜ਼ਰਾ ਵੀ ਕੌੜੀ ਗੱਲ ਕਰੇ ਤਾਂ ਉਸ ਨੂੰ ਇੱਕ-ਦਮ ਤਿਆਗ ਸਕਦਾ ਹੈ ਅਤੇ ਪਤਨੀ ਲਈ ਉਚਿਤ ਹੈ ਕਿ ਉਹ ਆਪਣੇ ਪਤੀ ਨੂੰ ਦੇਵਤਾ ਸਮਝ ਕੇ ਪੂਜਾ ਕਰੇ, ਭਾਵੇਂ ਉਸ ਵਿੱਚ ਕੋਈ ਗੁਣ ਨਾ ਵੀ ਹੋਵੇ ਅਤੇ ਭਾਵੇਂ ਉਹ ਵਿਭਚਾਰੀ ਵੀ ਹੋਵੇ [Manu, v, 299]

11. ਰੱਬ ਵੀ ਅਵਤਾਰ ਧਾਰ ਕੇ ਜੂਨਾਂ ਵਿੱਚ ਆਉਂਦਾ ਹੈ। ਰਾਮ ਚੰਦਰ, ਕ੍ਰਿਸ਼ਨ ਆਦਿ ਰੱਬ (ਵਿਸ਼ਨੂੰ) ਦੇ ਅਵਤਾਰ ਹਨ।

12. ਅਵਤਾਰ ਦੀ ਪੂਜਾ ਤੋਂ ਇਲਾਵਾ, ਆਪਣੇ ਕਿਸੇ ਮਨ-ਪਸੰਦ ਦੇਵੀ-ਦੇਵਤੇ ਦੀ ਪੂਜਾ ਕਰਨੀ ਵੀ ਜ਼ਰੂਰੀ ਹੈ।

13. ਆਪੋ-ਆਪਣੀ ਜਾਤ ਲਈ (ਬ੍ਰਾਹਮਣ ਵੱਲੋਂ ਮੁਕੱਰਰ ਕੀਤੀਆਂ) ਰੀਤਾਂ, ਰਸਮਾਂ, ਰਵਾਇਤਾਂ, ਪਰੰਪਰਾਵਾਂ (ਮਨੂੰ ਦੇ ਧਰਮ-ਸ਼ਾਸਤਰ ਅਨੁਸਾਰ) ਦੀ ਪਾਲਣਾ ਕਰਨੀ, ਧਰਮੀ ਹੋਣ ਲਈ, ਅਤੀ ਲਾਜ਼ਮੀ ਹੈ।

ਅਜਿਹਾ ਨਾ ਕਰਨ ਦੀ ਹਾਲਤ ਵਿੱਚ ਕਿਸੇ ਵਿਅਕਤੀ ਨੂੰ ਜਾਤ-ਪਾਤੀ ਸਮਾਜ ਵਿੱਚੋਂ ਛੇਕਿਆ ਜਾ ਸਕਦਾ ਹੈ ਅਤੇ ਫ਼ਿਰਕਿਆਂ ਦਾ ਜਾਤ-ਪਾਤੀ ਰੁਤਬਾ ਨੀਵਾਂ ਕੀਤਾ ਜਾ ਸਕਦਾ ਹੈ। {Bharatiya, Vol. i, P-493; Crooke, W.: E.R.E. Vol. 6; Muir, J. : J.R.A.S. (1866) P-286-87; Max Weber, PP-35, 106; Manu, , 23; Phear J.B.: I.A. Vol. 4(1875), P-127)]

14. ਬ੍ਰਾਹਮਣ ਦਾ ਆਦਰ-ਸਨਮਾਨ ਕਰਨਾ ਅਤਿ ਜ਼ਰੂਰੀ ਹੈ। ਉਲੰਘਣਾ ਕਰਨ ਵਾਲੇ ਫ਼ਿਰਕਿਆਂ ਦਾ ਜਾਤੀ ਰੁਤਬਾ ਨੀਵਾਂ ਕੀਤਾ ਜਾ ਸਕਦਾ ਹੈ {Phear, J.B. : I.A. Vol. 4 (1875), P-127]

15. ਜਾਤ ਜੱਦੀ ਹੈ, ਇਸ ਨੂੰ ਬਦਲਿਆ ਨਹੀਂ ਜਾ ਸਕਦਾ। ਜੇ ਕੋਈ ਆਪਣੀ ਜਾਤ ਲਈ ਵਰਜਤ ਰਸਮਾਂ ਕਰਨ ਦੀ ਜੁਰਅੱਤ ਕਰੇ ਤਾਂ ਉਸ ਨੂੰ ਕਤਲ ਕੀਤਾ ਜਾਣਾ, ਜਾਤ-ਪਾਤੀ ਕਾਨੂੰਨ ਦੇ ਐਨ ਮੁਤਾਬਕ ਹੈ {Senart, PP-38, 43; Max Weber, P-106; Hutton, P-79)]

16. ਜਾਤ-ਪਾਤ ਦਾ ਰੁਤਬਾ ਬਾਕੀ ਸਾਰੇ ਆਰਥਿਕ, ਸਮਾਜਿਕ, ਰਾਜਸੀ ਰੁਤਬਿਆਂ ਤੋਂ ਉੱਚਾ ਹੈ। ਬ੍ਰਾਹਮਣ (ਪ੍ਰੋਹਤ) ਦਾ ਜਾਤੀ ਰੁਤਬਾ ਛਤਰਪਤੀ ਰਾਜੇ ਦੇ ਜਾਤੀ ਰੁਤਬੇ ਤੋਂ ਉੱਚਾ ਹੈ। (ਐਸਾ ਅਖੌਤੀ ਧਾਰਮਿਕ ਰੀਤਾਂ ਤੇ ਰਸਮਾਂ ਦੀ ਮਨੌਤ ਨੂੰ ਵੱਡੀ ਮਾਨਤਾ ਮਿਲਣ ਕਾਰਨ ਹੋਇਆ ਅਤੇ ਪੁਜਾਰੀ ਜਮਾਤ ਇਸ ਹੱਦ ਤੱਕ ਸਿਰ ਚੜ੍ਹ ਗਈ ਕਿ ਜਿਸ ਦੀ ਮਿਸਾਲ ਦੁਨੀਆਂ ਵਿੱਚ ਹੋਰ ਕਿਧਰੇ ਨਹੀਂ ਮਿਲਦੀ। ਬ੍ਰਾਹਮਣ ਜਾਤ ਦੀ ਸਰਦਾਰੀ ਜਾਤ-ਪਾਤੀ ਸਮਾਜ ਦਾ ਕੇਂਦਰੀ ਸਿਧਾਂਤ ਬਣ ਗਿਆ) {(Max Weber, P-30), (Senart, P-18-19, 36, 85); Hutton, P-71; Gart, E.A.: E.R.E., Vol. 3, P-236]

17. ਇਸਤਰੀ, ਵੈਸ਼ ਅਤੇ ਸ਼ੂਦਰ ਇੱਕੋ ਸ਼੍ਰੇਣੀ ਵਿੱਚ ਰੱਖੇ ਗਏ ਹਨ ਅਤੇ ਇਨ੍ਹਾਂ ਨੂੰ ਰੱਬ ਦੀ ਭਗਤੀ ਕਰਨ ਦਾ ਅਧਿਕਾਰ ਨਹੀਂ (ਭਗਵਤ ਗੀਤਾ, , 32)।

18. ਵਿਧਵਾ ਇਸਤਰੀ ਵਿਆਹ ਨਹੀਂ ਕਰ ਸਕਦੀ {(Manu, V, 156-57); ਯਜਨਾਵਾਲਕਯਾ, 1. 75.

19. ਜੋ ਮਨੁੱਖ ਆਪਣੇ ਜਾਤੀ-ਧਰਮ (ਜਾਤ ਨਾਲ ਸਬੰਧਤ ਰਸਮਾਂ, ਰੀਤਾਂ, ਕਰਮ-ਕਾਂਡ) ਨੂੰ ਨਹੀਂ ਮੰਨਦਾ, ਉਹ ਦੈਂਤ ਦੀ ਜੂਨ ਵਿੱਚ ਪੈਂਦਾ ਹੈ {Manu, x, 71-72; Mcuie Williams: J.R.A.S. (1866)]

ਇਸ ਮਨੂੰਵਾਦੀ ਵਿਚਾਰਧਾਰਾ ਅਨੁਸਾਰ, ਰਾਜਨੀਤਕ ਸੱਤਾ, ਤੇ ਸਮਾਜਿਕ ਰੁਤਬੇ, ਪੁਜਾਰੀ (ਪ੍ਰੋਹਤ) ਦੀ ਧਾਰਮਿਕ ਗ਼ੁਲਾਮੀ ਦੇ ਜੂਲੇ ਹੇਠਾਂ ਜੁੱਤ ਕੇ ਵਗਦੇ ਹਨ। ਇਥੇ ਹੀ ਬੱਸ ਨਹੀਂ, ਵਰਨ-ਆਸ਼ਰਮ ਸਮਾਜ ਵਿਚਲੇ ਵੈਸ਼, ਸ਼ੂਦਰ ਤੇ ਇਸਤਰੀ ਵਰਗ ਕਾਵਾਂ-ਕੁਤਿਆਂ ਦੇ ਬਰਾਬਰ ਰੱਖੇ ਗਏ ਹਨ। ਜੇਕਰ ਅਜਿਹੀ ਮਾਨਵ-ਵਿਰੋਧੀ ਵਿਚਾਰਧਾਰਾ ਨੂੰ ਅਤੰਕਵਾਦੀ ਵਿਚਾਰਧਾਰਾ ਘੋਸ਼ਿਤ ਕਰ ਦਿੱਤਾ ਜਾਵੇ ਤਾਂ ਕੀ ਇਹ ਕੋਈ ਅਤਿ-ਕਥਨੀ ਹੋਵੇਗੀ?

ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਮਨੁੱਖਤਾ ਦੀ ਹਰ ਪੱਖ ਤੋਂ ਬਰਾਬਰਤਾ ਦੇ ਅਸੂਲ ਨੂੰ ਮਾਨਤਾ ਦੇਣ ਵਾਲੇ ਸਰਬ-ਸਾਂਝੇ ਰੱਬੀ-ਗਿਆਨ ਦਾ ਫ਼ਲਸਫ਼ਾ, ਮਨੂੰਵਾਦ ਦੇ ਉੱਪਰ ਦਰਜ਼ ਕੀਤੇ ਸਾਰੇ ਦੇ ਸਾਰੇ ਮਾਨਵ-ਵਿਰੋਧੀ ਅਸੂਲਾਂ ਨੂੰ, ਅਕੱਟ-ਦਲੀਲਾਂ ਦੇ ਆਧਾਰ `ਤੇ, ਮੁੱਢੋਂ ਹੀ ਰੱਦ ਕਰਦਾ ਹੈ।

ਉੱਪਰ, ਮਨੂੰਵਾਦੀ ਵਿਚਾਰਧਾਰਾ ਦਾ ਇੱਕ ‘ਟ੍ਰੇਲਰ’ ਹੀ ਪੇਸ਼ ਕੀਤਾ ਗਿਆ ਹੈ। ਸਮੁੱਚੀ ਵਿਚਾਰਧਾਰਾ ਦੀ ਪੜਚੋਲ ਕਰਨ ਲਈ ਇੱਕ ਵੱਡ-ਆਕਾਰੀ ਪੁਸਤਕ ਲਿਖਣ ਦੀ ਲੋੜ ਪਵੇਗੀ। ਮਨੂੰਵਾਦ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਵਾਲੀਆਂ ਧਿਰਾਂ ਨਾਲ ਨਿਪਟਣ ਲਈ, ਮਨੂੰਵਾਦੀ ਚਾਣਕੀਯਾ ਕੂਟਨੀਤੀ ਦੀ ਵਰਤੋਂ ਕਰ ਕੇ ਵਿਰੋਧੀ ਧਿਰ ਦਾ ਖੁਰਾ-ਖੋਜ਼ ਮਿਟਾਉਂਣ ਲਈ, ਗੌਤਮ ਬੁੱਧ ਦੇ ਸਮੇਂ ਤੋਂ (537 ਪੁਰਾਣਾ ਕਾਲ) ਹੀ, ਇੱਕ ਵਿਸ਼ੇਸ਼ ਫ਼ਾਰਮੂਲੇ ਦੀ ਸਫ਼ਲਤਾ ਨਾਲ ਵਰਤੋਂ ਕਰਦੇ ਆ ਰਹੇ ਹਨ। ਇਸ ਬਾਰੇ ਵੀ ਸੰਖੇਪ ਵਿਚਾਰ ਕਰਨੀ ਹਥਲੇ ਵਿਸ਼ੇ ਲਈ ਪਰਸੰਗਕ ਲਗਦੀ ਹੈ।

ਮਨੂੰਵਾਦੀ (ਚਾਣਕੀਯਾ) ਕੂਟਨੀਤੀ

ਇਸ ਮੱਕਾਰ ਤੇ ਮਾਨਵ-ਵਿਰੋਧੀ ਨੀਤੀ ਦਾ ਘੜਨਹਾਰਾ ਇੱਕ ਕੌਟਲਿਆ ਨਾਮ ਦਾ ਬ੍ਰਾਹਮਣ ਹੈ ਜਿਹੜਾ ਬੋਧੀ-ਰਾਜ (ਮੌਰੀਆ ਰਾਜ-ਕਾਲ) ਸਮੇਂ ਇੱਕ ਮੰਤਰੀ ਹੁੰਦਾ ਸੀ। ਇਸ ਨੀਤੀ ਦੇ ਅਸੂਲ ਹਨ:-

(ੳ) ਸ਼ਾਮ (ਸ਼ਰਣ) - ਜੇਕਰ ਵਿਰੋਧੀ ਧਿਰ ਤੁਹਾਡੇ ਨਾਲੋਂ ਜ਼ਿਆਦਾ ਤਾਕਤਵਰ ਹੋਵੇ ਅਤੇ ਸਿੱਧੀ ਟੱਕਰ ਨਾਲ ਉਸ ਨੂੰ ਕਾਬੂ ਨਾ ਕੀਤਾ ਜਾ ਸਕਦਾ ਹੋਵੇ ਤਾਂ ਉਸ ਦੀ ਸ਼ਰਣ (ਸ਼ਾਮ) ਪੈਣ ਦਾ ਪਾਖੰਡ ਕਰ ਕੇ ਉਸ ਦੇ ਪੈਰਾਂ `ਤੇ ਢਹਿ ਪੈਣਾ ਚਾਹੀਦਾ ਹੈ। ਪਰ, ਮਨ ਅੰਦਰ ਹਮੇਸ਼ਾਂ ਇਹ ਖਿਆਲ ਰੱਖਣਾ ਹੈ ਕਿ ਯੋਗ ਸਮਾਂ ਮਿਲਣ `ਤੇ ਉਸ ਦੇ ਪੈਰ ਕੱਟ ਦੇਣੇ ਹਨ ਅਤੇ ਉਸ ਦਾ ‘ਘੋਗਾ ਚਿੱਤ ਕਰ ਦੇਣਾ’ ਹੈ। ਯਾਨੀ ਕਿ, ਛਲ-ਕਪਟ ਤੇ ਝੂਠ ਮਨੂੰਵਾਦੀ ਕਿਰਦਾਰ ਦੇ ਪ੍ਰਵਾਨਤ ਅਸੂਲ ਹਨ।

(ਅ) ਦਾਮ (ਰਿਸ਼ਵਤ) - ਜੇਕਰ ਵਿਰੋਧੀ ਤਾਕਤਵਰ ਧਿਰ ‘ਸ਼ਾਮ’ ਦੇ ਦਾਅ-ਪੇਚਾਂ ਨਾਲ ਕਾਬੂ ਨਾ ਆਵੇ ਤਾਂ ਉਸ ਨੂੰ ਰਿਸ਼ਵਤ (ਜ਼ਰ, ਜੋਰੂ, ਜ਼ਮੀਨ ਦੀ) ਦੇ ਜ਼ੋਰ ਨਾਲ ਖ੍ਰੀਦ ਕੇ ਵੱਸ ਕਰਨ ਦੇ ਯਤਨ ਕੀਤੇ ਜਾਣ। ਯਾਨੀ ਕਿ, ਭ੍ਰਿਸ਼ਟਦਾਇਕ ਅਤਵਾਦ ਮਨੂੰਵਾਦ ਵਿੱਚ ਪ੍ਰਵਾਨ ਹੈ।

(ੲ) ਭੇਦ (ਮੱਤ-ਭੇਦ) - ਜੇਕਰ ‘ਸ਼ਾਮ’ ਤੇ ‘ਦਾਮ’ ਦੇ ਦੋਨੋਂ ਦਾਅ-ਪੇਚ ਕਾਮਯਾਬ ਨਾ ਹੋਣ ਤਾਂ ਵਿਰੋਧੀ ਧਿਰ ਦੇ ਕੁੱਝ ਕੁ ਸਿਰ-ਕੱਢ ਖ਼ੁਦਗਰਜ਼ (ਸੁਆਰਥੀ) ਲੀਡਰਾਂ ਅਤੇ ਉਨ੍ਹਾਂ ਦੇ ਪਿੱਛ-ਲੱਗ ਕੱਚੇ-ਪਿੱਲੇ ਸਮਰਥਕਾਂ ਨੂੰ, ਕਿਸੇ ਵੀ ਢੰਗ ਨਾਲ (ਆਮਤੌਰ `ਤੇ ਦੂਸ਼ਤ ਪ੍ਰਚਾਰ ਦੁਆਰਾ) ਉਨ੍ਹਾਂ ਦਾ ‘ਬ੍ਰੇਨ-ਵਾਸ਼’ (ਮੱਤ-ਪਰਿਵਰਤਨ) ਕਰ ਕੇ, ਉਨ੍ਹਾਂ ਨੂੰ, ਉਨ੍ਹਾਂ ਦੀ ਜਥੇਬੰਦੀ ਦੇ ਅਸੂਲਾਂ ਤੋਂ ਭਟਕਾ ਕੇ, ਵਿਰੋਧੀ ਧਿਰ ਅੰਦਰ ‘ਖਾਨਾ-ਜੰਗੀ’ (ਭਰਾ-ਮਾਰੂ ਝਗੜੇ) ਦਾ ਵਾਤਾਵਰਣ ਪੈਦਾ ਕੀਤਾ ਜਾਵੇ ਤਾਂ ਕਿ ਵਿਰੋਧੀ ਧਿਰ ਆਪਸ-ਵਿੱਚ ਲੜ-ਮਰ ਕੇ ਹੀ ਕਮਜ਼ੋਰ ਹੋ ਜਾਵੇ। ਇਸ ਤਰ੍ਹਾਂ, ਉਸ ਨੂੰ ਸੌਖਿਆਂ ਹੀ ਕਾਬੂ ਕੀਤਾ ਜਾ ਸਕਦਾ ਹੈ। ਯਾਨੀ ਕਿ ਸਮਾਜ ਵਿੱਚ ਦੁਸ਼-ਪ੍ਰਚਾਰ ਰਾਹੀਂ ਆਪਸੀ ਮੱਤ-ਭੇਦ ਪੈਦਾ ਕਰਾ ਕੇ ਝਗੜੇ ਤੇ ਵੈਰ-ਵਿਰੋਧ ਪੈਦਾ ਕਰਨੇ ਮਨੂੰਵਾਦੀ ਵਿਚਾਰਧਾਰਾ ਦੇ ਅਟੁੱਟ ਅੰਸ਼ ਹਨ।

(ਸ) ਦੰਡ (ਸਜ਼ਾ) - ਸਮੇਂ-ਸਮੇਂ ਸਿਰ, ਵਿਰੋਧੀ ਧਿਰ ਨੂੰ ਕਮਜ਼ੋਰ ਕਰ ਕੇ, ਵਿਸਾਹ-ਘਾਤ ਕਰ ਕੇ, ਗੁਮਰਾਹ ਕਰ ਕੇ, ਵਹਿਸ਼ੀ ਤਾਕਤ ਦੀ ਵਰਤੋਂ ਨਾਲ ਨੇਸਤੋ-ਨਾਬੂਦ ਕਰ ਦਿੱਤਾ ਜਾਵੇ। ਯਾਨੀ ਕਿ, ਮਨੂੰਵਾਦ ਦਾ ਵਿਰੋਧ ਕਰਨ ਵਾਲਿਆਂ ਧਿਰਾਂ `ਤੇ ਵਹਿਸ਼ੀਆਨਾ ਜ਼ੁਲਮ ਕਰਨੇ ਵੀ ਮਨੂੰਵਾਦੀ ਵਿਚਾਰਧਾਰਾ ਦੇ ਬੁਨਿਆਦੀ ਅਸੂਲ ਹਨ।

ਵਿਰੋਧੀ ਧਿਰ ਦਾ ਸਰਬਨਾਸ਼ ਕਰਨ ਲਈ ਮਨੂੰਵਾਦੀ ਫ਼ਾਰਮੂਲਾ

(ੳ) ਘੁੱਸਪੈਠ ਤੇ ਭਗਵਾਂਕਰਨ - ਵਿਰੋਧੀ ਧਿਰ ਅੰਦਰ, ਵਿਰੋਧੀ ਧਿਰ ਦੇ ਪੈਰੋਕਾਰਾਂ ਦਾ ਹੀ ਰੂਪ ਧਾਰ ਕੇ, ਵੱਡੀ ਪੱਧਰ `ਤੇ ਦਾਖ਼ਲ ਹੋ ਜਾਣਾ ਅਤੇ ਉਸ ਧਿਰ ਦੇ ਪ੍ਰਚਾਰਕ ਬਣ ਕੇ ਉਸ ਦੀ ਵਿਚਾਰਧਾਰਾ (ਫ਼ਲਸਫ਼ਾ) ਵਿੱਚ ਮਨੂੰਵਾਦੀ ਖੋਟ ਮਿਲਾ ਕੇ (ਉਸ ਦੀ ਵਿਚਾਰਧਾਰਾ ਨੂੰ ਗੰਧਲਾ ਕਰਨ ਲਈ), ਉਸ ਨੂੰ ਭੰਬਲਭੂਸਿਆਂ `ਚ ਪਾ ਕੇ, ਹੌਲੀ-ਹੌਲੀ, ਧਰਮ ਦੇ ਨਾਂ `ਤੇ, ਮਨੂੰਵਾਦੀ ਕਰਮ-ਕਾਂਡਾਂ ਦੇ ਧਾਰਨੀ ਬਣਾਉਣਾ। ਯਾਨੀ ਕਿ, ਉਸ ਧਿਰ ਦੇ ਫ਼ਲਸਫ਼ੇ ਨੂੰ ਮਨੂੰਵਾਦੀ ਫ਼ਲਸਫ਼ੇ ਦੀ ਰੰਗਤ ਚਾੜ੍ਹਨੀ।

(ਅ) ਵਿਰੋਧੀ ਧਿਰ ਨੂੰ ਅਨਪੜ੍ਹ, ਵਿਹਲੜ, ਨਸ਼ੇੜੀ ਤੇ ਵਿਭਚਾਰੀ ਬਣਾ ਕੇ ਕਮਜ਼ੋਰ ਕਰਨਾ - ਵਿਰੋਧੀ ਮੱਤ (ਮਜ਼੍ਹਬ) ਦੇ ਬਾਨੀ ਦਾ ਚਰਿੱਤ੍ਰਘਾਤ ਕਰਨ ਅਤੇ ਵਿਰੋਧੀ ਮੱਤ ਦੇ ਫ਼ਲਸਫ਼ੇ ਇਤਿਹਾਸ ਤੇ ਸਭਿਆਚਾਰ ਨੂੰ ਗੰਧਲਾ ਕਰਨ ਲਈ ਮਨ-ਘੜਤ (ਨਕਲੀ) ਸਾਹਿਤ ਲਿਖ-ਲਿਖਾ ਕੇ ਵੱਡੇ ਪੱਧਰ `ਤੇ ਪ੍ਰਚਾਰਨਾ ਤਾਕਿ ਨਿਸ਼ਾਨੇ `ਤੇ ਰੱਖੇ ਮੱਤ ਦੇ ਪੈਰੋਕਾਰਾਂ ਨੂੰ ਅਨਪੜ੍ਹ, ਵਿਹਲੜ, ਨਸ਼ੇੜੀ ਤੇ ਵਿਭਚਾਰੀ ਬਣਾ ਕੇ ਹਰ ਪੱਖ ਤੋਂ ਕਮਜ਼ੋਰ ਕੀਤਾ ਜਾ ਸਕੇ। ਨਸ਼ੇੜੀ ਮਨੁੱਖ, ਸੁਭਾਵਕ ਹੀ, ਵਿਹਲੜ, ਵਿਭਚਾਰੀ ਤੇ ਅਪਰਾਧਕ ਰੁਚੀਆਂ ਦਾ ਧਾਰਨੀ ਬਣ ਜਾਂਦਾ ਹੈ।

(ੲ) ਵਿਰੋਧੀ ਧਿਰ ਦੀਆਂ ਕੇਂਦਰੀ ਜਥੇਬੰਦੀਆਂ/ਸੰਸਥਾਵਾਂ `ਤੇ ਕਬਜ਼ਾ - ਆਪਣੀ ਕੌਮੀ ਵਿਚਾਰਧਾਰਾ, ਇਤਿਹਾਸ ਤੇ ਸਭਿਆਚਾਰ ਨਾਲੋਂ ਟੁੱਟੀ ਹੋਈ ਨਸ਼ੇੜੀ, ਵਿਹਲੜ, ਅਨਪੜ੍ਹ, ਤੇ ਆਚਰਣਹੀਣ ਹੋਈ ਕੌਮ ਦੀਆਂ ਕੇਂਦਰੀ ਜਥੇਬੰਦੀਆਂ/ਸੰਸਥਾਵਾਂ `ਤੇ ਕਬਜ਼ਾ ਕਰਨਾ ਮਨੂੰਵਾਦੀਆਂ ਲਈ ਔਖਾ ਕੰਮ ਨਹੀਂ ਹੁੰਦਾ, ਕਿਉਂਕਿ, ਮਨੂੰਵਾਦੀ ਵਿਚਾਰਧਾਰਾ ਤੋਂ ਪ੍ਰਭਾਵਤ ਹੋ ਚੁੱਕੇ ਵਿਰੋਧੀ ਮੱਤ ਦੇ ਲੀਡਰਾਂ ਨੂੰ ਚਾਣਕੀਯਾ ਕੂਟਨੀਤੀ ਦੀ ਵਰਤੋਂ ਦੁਆਰਾ ਕਾਬੂ ਕਰ ਕੇ ਸਹਿਜੇ ਹੀ, ਇਹ ਕੰਮ ਕੀਤਾ ਜਾ ਸਕਦਾ ਹੈ।

(ਸ) ਵਿਰੋਧੀ ਧਿਰ ਵਿੱਚ ਧਰਮ ਦੇ ਨਾਂ `ਤੇ ਵੰਡੀਆਂ - ਨਿਰਸੰਦੇਹ, ਵਿਰੋਧੀ ਧਿਰ ਦੇ ਸਾਰੇ ਲੀਡਰ ਤੇ ਪੈਰੋਕਾਰ ਮਨੂੰਵਾਦੀਆਂ ਦੀ ਸਾਜਿਸ਼ ਦਾ ਸ਼ਿਕਾਰ ਨਹੀਂ ਹੋ ਸਕਦੇ। ਵਿਰੋਧੀ ਧਿਰ ਦਾ ਜਾਗਰੂਕ ਹਿੱਸਾ ਮਨੂੰਵਾਦੀਆਂ ਦੀਆਂ ਉਪਰੋਕਤ ਕਾਰਵਾਈਆਂ ਦਾ, (ਵਿੱਤ-ਅਨੁਸਾਰ) ਵਿਰੋਧ ਕਰਦਾ ਰਹਿੰਦਾ ਹੈ। ਇਸ ਤਰ੍ਹਾਂ, ਹੌਲੀ-ਹੌਲੀ, ਵਿਰੋਧੀ ਧਿਰ, ਧਰਮ ਦੇ ਨਾਂ `ਤੇ, ਅਲੱਗ-ਅਲੱਗ ਖੇਮਿਆਂ ਵਿੱਚ ਵੰਡੀ ਜਾਣੀ ਸ਼ੁਰੂ ਹੋ ਜਾਂਦੀ ਹੈ ਅਤੇ ਕਮਜ਼ੋਰ ਹੋਈ ਜਾਂਦੀ ਹੈ।

(ਹ) ਵਿਸ਼ਵਾਸਘਾਤ ਤੇ ਵਹਿਸ਼ੀਆਨਾ ਤਾਕਤ ਦੀ ਵਰਤੋਂ

ਨਿਸ਼ਾਨੇ `ਤੇ ਰੱਖੀ ਵਿਰੋਧੀ ਕੌਮ ਜਾਂ ਧਾਰਮਿਕ ਘੱਟ ਗਿਣਤੀ ਨੂੰ ਨੇਸਤੋ-ਨਾਬੂਦ ਕਰਨ ਲਈ ਮਨੂੰਵਾਦੀਏ, (ਅਤੀਤ ਵਿੱਚ) ਉਸ ਧਿਰ ਨਾਲ ਕਿਸੇ ਮਜ਼ਬੂਰੀ-ਵੱਸ ਕੀਤੇ ਲਿਖਤੀ ਜਾਂ ਜ਼ੁਬਾਨੀ ਕੌਲਾਂ-ਇਕਰਾਰਾਂ ਨੂੰ ਬੇ-ਸ਼ਰਮੀ ਤੇ ਢੀਠਤਾਈ ਨਾਲ ਠੁਕਰਾ ਕੇ, ਉਸ ਧਿਰ ਦੀ, ਹਰ ਸੰਭਵ ਢੰਗ ਨਾਲ (ਦੇਸ਼ ਦੇ ਫ਼ੌਜੀ, ਨੀਮ-ਫ਼ੌਜੀ ਅਤੇ ਪੁਲਿਸ ਬਲਾਂ ਦੀ ਦੁਰਵਰਤੋਂ ਕਰ ਕੇ ਵੀ), ਸਮੇਂ-ਸਮੇਂ ਸਿਰ, ਨਸਲਕੁਸ਼ੀ ਦੇ ਪ੍ਰੋਗਰਾਮ ਸਿਰੇ ਚਾੜ੍ਹਦੇ ਰਹਿੰਦੇ ਹਨ।

ਬੋਧੀ ਰਾਜਿਆਂ ਨੇ ਈਸਵੀ ਸੰਨ ਤੋਂ ਪਹਿਲਾਂ ਦੀਆਂ ਪੰਜ ਸਦੀਆਂ ਅਤੇ ਈਸਵੀ ਸੰਨ ਦੀਆਂ ਮੁੱਢਲੀਆਂ ਤਕਰੀਬਨ ਛੇ ਸਦੀਆਂ ਦੌਰਾਨ (ਤਕਰੀਬਨ 11 ਸੌ ਸਾਲ ਤੱਕ) ਭਾਰਤ ਦੇ ਇੱਕ ਵੱਡੇ ਹਿੱਸੇ `ਤੇ ਰਾਜ ਕੀਤਾ ਸੀ ਅਤੇ ਆਪਣੇ ਰਾਜ-ਕਾਲ ਦੌਰਾਨ ਮੂਰਤੀ-ਪੂਜਾ `ਤੇ ਪਾਬੰਦੀ ਲਗਾ ਦਿੱਤੀ ਸੀ। ਭਾਵੇਂ ਬੋਧੀ ਰਾਜੇ ਬ੍ਰਾਹਮਣਾਂ ਦਾ ਆਦਰ ਕਰਦੇ ਰਹੇ ਸਨ, ਪਰ ਬ੍ਰਾਹਮਣ ਦੀ ਰੋਜੀ-ਰੋਟੀ ਦੇ ਸਾਧਨਾਂ ਨੂੰ, ਮੂਰਤੀ-ਪੂਜਾ `ਤੇ ਪਾਬੰਦੀ ਕਾਰਨ, ਤਕੜੀ ਸੱਟ ਵੱਜੀ ਸੀ। ਇਸ ਕਰ ਕੇ, ਜਦੋਂ ਰਾਜਪੂਤਾਂ ਨੇ ਜ਼ੋਰ ਫੜਿਆ ਤਾਂ ਬ੍ਰਾਹਮਣਾਂ ਨੇ ਰਾਜਪੂਤ-ਰਜਵਾੜਿਆਂ ਨਾਲ ਮਿਲ ਕੇ ਬੋਧੀਆਂ ਦਾ ਸਰਬਨਾਸ਼ ਕੀਤਾ, ਕਿਉਂਕਿ, ਬੋਧੀ ਰਾਜਿਆਂ ਦੇ ਅਮੀਰ-ਵਜ਼ੀਰ, (ਪੜ੍ਹੇ-ਲਿਖੇ ਹੋਣ ਕਰ ਕੇ) ਅਕਸਰ ਬ੍ਰਾਹਮਣ ਹੀ ਹੁੰਦੇ ਸਨ।

1947 ਤੋਂ ਬਾਅਦ, ਭਾਰਤੀ ਰਾਜ-ਤੰਤਰ `ਤੇ ਹਾਵੀ ਹੋਕੇ, ਮਨੂੰਵਾਦੀਏ, ਭਾਰਤ ਵਿਚਲੀਆਂ ਛੋਟੀਆਂ ਕੌਮਾਂ, ਧਾਰਮਿਕ ਘੱਟ ਗਿਣਤੀਆਂ ਅਤੇ ਨਸਲੀ ਫ਼ਿਰਕਿਆਂ ਦਾ ਸਫਾਇਆ ਕਰਨ ਲਈ ਹੂ-ਬ-ਹੂ ਉਸੇ ਫ਼ਾਰਮੂਲੇ (ਜਿਸ ਦਾ ਜ਼ਿਕਰ ਉੱਪਰ ਕੀਤਾ ਜਾ ਚੁੱਕਾ ਹੈ) ਦੀ ਵਰਤੋਂ ਕਰਦੇ ਆ ਰਹੇ ਹਨ। ਅਸਲ ਵਿੱਚ, ਸਿੱਖ-ਮੱਤ ਤੇ ਸਿੱਖ ਕੌਮ ਤਾਂ, ਗੁਰੂ ਨਾਨਕ ਸਾਹਿਬ ਦੇ ਵਕਤ ਤੋਂ ਹੀ, ਮਨੂੰਵਾਦੀਆਂ ਦੇ ਨਿਸ਼ਾਨੇ `ਤੇ ਹੈ, ਕਿਉਂਕਿ, - ਸਰਬ-ਸਾਂਝਾ ਗੁਰਮਤਿ ਫ਼ਲਸਫ਼ਾ ਪੁਜਾਰੀ (ਪ੍ਰੋਹਿਤ) ਸ਼੍ਰੇਣੀ ਦੀ ਹੋਂਦ ਨੂੰ ਸਿਧਾਂਤਕ ਪੱਖ ਤੋਂ ਮੁੱਢੋਂ ਹੀ ਰੱਦ ਕਰਦਾ ਹੈ, ਜਾਤ-ਪਾਤ ਦੇ ਆਧਾਰ `ਤੇ ਖੜ੍ਹੇ ਵਰਨ-ਆਸ਼ਰਮ ਸਮਾਜਿਕ ਸਿਸਟਮ ਨੂੰ, ਅਕੱਟ ਦਲੀਲਾਂ ਦੇ ਆਧਾਰ `ਤੇ ਨਿਕਾਰਦਾ ਹੈ, ਵੇਦਾਂ ਦੀ ਅਸਲੀਅਤ ਬਿਆਨ ਕਰ ਕੇ, ਇਨ੍ਹਾਂ ਦੇ ਈਸ਼ਵਰੀ ਕਿਰਤ ਹੋਣ ਤੋਂ ਇਨਕਾਰੀ ਹੈ, ਦੇਵੀ-ਦੇਵਤਿਆਂ ਦੀ ਮੂਰਤੀ-ਪੂਜਾ ਦਾ ਖੰਡਨ ਕਰਦਾ ਹੈ, ਅਵਤਾਰਵਾਦ ਦੇ ਸਿਧਾਂਤ ਦਾ ਖੰਡਨ ਕਰਦਾ ਹੈ, ‘ਬ੍ਰਾਹਮਣ ਦੇ ਆਪਣੇ-ਆਪ ਨੂੰ ਦਿੱਤੇ ‘ਜਗਤ-ਗੁਰੂ’ ਦੇ ਰੁਤਬੇ ਨੂੰ ਰੱਦ ਕਰਦਾ ਹੈ, ‘ਬ੍ਰਾਹਮਣ ਦੇਵਤਾ’ ਨੂੰ ਹੀਰੋ ਤੋਂ ਜ਼ੀਰੋ ਬਣਾਉਦਾ ਹੈ, ਤੇ ਇਸ ਤਰ੍ਹਾਂ, ਮਨੂੰਵਾਦ ਦੀ ਸਮੁੱਚੀ ਮਾਨਵ-ਵਿਰੋਧੀ ਵਿਚਾਰਧਾਰਾ ਨੂੰ ਹੀ ਰੱਦ ਕਰਦਾ ਹੈ। ਸਿੱਖ ਕੌਮ ਦਾ ਪਿਛਲੀਆਂ ਤਕਰੀਬਨ ਪੰਜ ਸਦੀਆਂ ਦਾ ਇਤਿਹਾਸ ਇਸ ਹਕੀਕਤ ਦੀ ਬੁਲੰਦ ਆਵਾਜ਼ ਵਿੱਚ ਪੁਸ਼ਟੀ ਕਰਦਾ ਆ ਰਿਹਾ ਹੈ।
.