.

ਊਚ ਨੀਚ

ਮਨੁਖਤਾ ਵਿੱਚ ਊਚ ਨੀਚ ਦਾ ਵਿਤਕਰਾ, ਜੋ ਹਉਮੈ ਦੀ ਪੈਦਾਇਸ਼ ਹੈ, ਦੁਨੀਆਂ ਦੇ ਹਰ ਖੇਤ੍ਰ ਵਿੱਚ ਪਾਇਆ ਜਾ ਸਕਦਾ ਹੈ ਕਿਉਂਕਿ ਵੰਡਾਂ ਪਾਉਣੀਆਂ ਮਨੁੱਖ ਦੀ ਆਮ ਫਿਤਰਤ ਹੈ। ਹਉਮੈ ਤੋਂ ਪੈਦਾ ਹੋਏ ਮਨੁੱਖ ਲਈ ਹਉਮੈ ਰਹਿਤ ਹੋਣਾ ਬਹੁਤ ਕਠਨ ਹੈ ਅਤੇ ਇਹ ਹਉਮੈ ਹੀ ਸਾਰੇ ਊਚ ਨੀਚ ਦੇ ਵਿਤਕਰਿਆਂ ਦੀ ਜੜ੍ਹ ਹੈ। ਪੜ੍ਹਿਆ ਸੁਣਿਆ ਤਾਂ ਇਹੀ ਜਾਂਦਾ ਹੈ ਕਿ ਗੁਰੂ ਨੇ ਸਿੱਖ ਨੂੰ ਜਾਤ ਪਾਤ ਦੀ ਬਿਮਾਰੀ ਤੋਂ ਮੁਕਤ ਕਰ ਦਿੱਤਾ ਪਰ ਅਸਲ ਵਿੱਚ ਰੋਗ ਜਾਤ ਪਾਤ ਨਹੀ ਬਲਿਕੇ ਹਉਮੈ ਤੋਂ ਪੈਦਾ ਹੋਈ ਊਚ ਨੀਚ ਹੀ ਹੈ। ਵੇਖਿਆ ਜਾਵੇ ਤਾਂ ਜਾਤ ਪਾਤ ਆਮ ਤੌਰ ਤੇ ਕਿਰਤ ਤੇ ਹੀ ਆਧਾਰਿਤ ਹੈ। ਆਪਣੀ ਉਪਜੀਵਕਾ ਲਈ ਮਨੁਖ ਕੋਈ ਨਾ ਕੋਈ ਕਿਰਤ ਤਾਂ ਕਰਦਾ ਹੀ ਹੈ ਪਰ ਉਸ ਦੀ ਇਸੇ ਕਿਰਤ ਨੂੰ ਹੀ ਜਾਤ ਦਾ ਨਾਮ ਦੇ ਦਿੱਤਾ ਜਾਂਦਾ ਹੈ ਜਿਵੇਂ ਚੰਮ ਦੀ ਕਿਰਤ ਕਰਨ ਵਾਲੇ ਨੂੰ ਚੁਮਾਰ, ਲੋਹੇ ਦੀ ਕਿਰਤ ਵਾਲੇ ਨੂੰ ਲੁਹਾਰ, ਕਪੜਾ ਬੁਣਨ ਵਾਲੇ ਨੂੰ ਜੁਲਾਹਾ, ਖੇਤੀ ਵਾੜੀ ਦੇ ਕੰਮ ਵਾਲੇ ਨੂੰ ਜੱਟ ਤੇ ਲਕੜੀ ਦੇ ਕੰਮ ਕਾਰ ਵਾਲੇ ਨੂੰ ਤਰਖਾਣ …. ਆਦਿਕ …। ਹੁਣ ਕਿਰਤ ਅਨੁਸਾਰ ਜੱਟ ਨੂੰ ਜੱਟ ਤੇ ਚੁਮਾਰ ਨੂੰ ਚੁਮਾਰ ਕਹਿਣਾ ਤਾਂ ਜਾਤ ਪਾਤ ਦਾ ਵਿਤਕਰਾ ਨਹੀ ਹੋ ਸਕਦਾ ਕਿਉਂਕਿ ਇਹ ਤਾਂ ਕਿਰਤ ਦੇ ਨਾਮ ਹਨ ਪਰ ਜਦੋਂ ਹੰਕਾਰ ਵਸ ਹੋ ਕੇ ਦੋਨਾਂ ਵਿਚੋਂ ਕਿਸੇ ਇੱਕ ਨੂੰ ਉਤਮ ਤੇ ਦੂਸਰੇ ਨੂੰ ਨੀਚ ਠਹਿਰਾਇਆ ਜਾਂਦਾ ਹੈ, ਇਹ ਹੰਕਾਰ ਹੀ ਫਿਰ ਘਿਰਨਾ ਤੇ ਵੈਰ ਵਿਰੋਧਤਾ ਪੈਦਾ ਕਰਦਾ ਹੈ। ਜਾਤ ਪਾਤ ਨਹੀ ਬਲਿਕੇ ਉਸ ਦਾ ਹੰਕਾਰ, ਜੋ ਮਨੁੱਖ ਛੱਡਣਾ ਨਹੀ ਚਹੁੰਦਾ, ਹੀ ਘਿਰਨਾ ਤੇ ਵੈਰ ਵਿਰੋਧਤਾ ਦਾ ਕਾਰਨ ਹੈ। ਬ੍ਰਾਹਮਣ ਤੇ ਸ਼ੂਦਰ ਵਿੱਚ ਝਗੜਾ ਜਾਤ ਪਤਾ ਦਾ ਨਹੀ ਬਲਿਕੇ ਹੰਕਾਰ ਦੁਆਰਾ ਕਿਸੇ ਇੱਕ ਨੂੰ ਦੂਸਰੇ ਨਾਲੋਂ ਉੱਤਮ ਜਾਂ ਨੀਚ ਠਹਿਰਾਉਣਾ ਹੀ ਪੁਆੜੇ ਤੇ ਘਿਰਨਾ ਦੀ ਜੜ੍ਹ ਹੈ।

ਅਗਰ ਗੌਰ ਕੀਤਾ ਜਾਵੇ ਤਾਂ ਅੱਜ ਜਾਤ ਪਾਤ ਦਾ ਸਵਾਲ ਕੁੱਝ ਅਰਥਹੀਣ ਹੀ ਲਗਦਾ ਹੈ ਕਿਉਂਕਿ ਅਗਰ ਪੁਰਾਤਨ ਸਮਿਆਂ ਵਿੱਚ ਜਾਤ ਪਾਤ ਕਿਰਤ ਤੇ ਨਿਰਭਰ ਸੀ ਤਾਂ ਉਹ ਕਿਰਤ ਬਦਲਨ ਨਾਲ ਜਾਤ ਪਾਤ ਵੀ ਬਦਲ ਜਾਣੀ ਚਾਹੀਦੀ ਸੀ। ਬੜੀ ਹੈਰਾਨੀ ਦੀ ਗਲ ਹੈ ਕਿ ਅੱਜ ਮਨੁੱਖ ਦੀ ਪੁਸ਼ਤਾਂ ਤੋਂ ਚੱਲੀ ਆ ਰਹੀ ਕਿਰਤ ਤਾਂ ਕਈ ਵਾਰ ਬਦਲ ਚੁੱਕੀ ਹੈ ਪਰ ਜਾਤ ਉਹੀ ਪੁਰਾਣੀ ਘਸੀਟੀ ਜਾ ਰਹੀ ਹੈ, ਉਹ ਕਦੇ ਨਹੀ ਬਦਲਦੀ ਕਿਉਂਕਿ ਮਨੁੱਖ ਦਾ ਧੁਰ ਅੰਦਰ ਬੈਠਾ ਹੰਕਾਰ ਊਚ ਨੀਚ ਨੂੰ ਨਹੀ ਛੱਡਦਾ। ਇਸ ਲਈ ਘਿਰਨਾ ਤੇ ਵੈਰ ਵਿਰੋਧਤਾ ਦੀ ਜੜ੍ਹ ਜਾਤ ਪਾਤ ਨਹੀ ਬਲਿਕੇ ਹੰਕਾਰ ਦੁਆਰਾ ਪੈਦਾ ਹੋਈ ਊਚ ਨੀਚ ਹੀ ਹੈ। ਮਿਹਨਤ ਦੀ ਕਿਰਤ ਤਾਂ ਕੋਈ ਵੀ ਬੁਰੀ ਨਹੀ ਹੁੰਦੀ ਕਿਉਂਕਿ ਕਿਰਤ ਤਾਂ ਸਮਾਜ ਦੀ ਲੋੜ ਤੇ ਹੀ ਆਧਾਰਤ ਹੈ ਪਰ ਘਿਰਨਾ ਦਾ ਬੀਜ (ਹੰਕਾਰ ਦੁਆਰਾ) ਉਸ ਕਿਰਤ ਨੂੰ ਉੱਤਮ ਜਾਂ ਨੀਚ ਠਹਿਰਾਉਣ ਵਿੱਚ ਹੈ। ਮੌਜੂਦਾ ਸਮੇ ਵਿੱਚ ਜਾਤ ਕਿਰਤ ਤੇ ਨਿਰਭਰ ਨਹੀ ਜਿਵੇਂ ਮੌਜੂਦਾ ਕਿਰਤ ਤਾਂ ਦੁਕਾਨਦਾਰੀ ਹੈ ਪਰ ਜਾਤ ਤੋਂ ਅਜੇ ਵੀ ਜੱਟ ਹੈ, ਮੋਟਰ ਮਕੈਨਿਕ ਅਜੇ ਵੀ ਚੁਮਾਰ ਹੀ ਹੈ, ਬਿਜਲੀ ਦੀ ਕਿਰਤ ਵਾਲਾ ਅਜੇ ਵੀ ਛੀਂਬਾ ਹੀ ਹੈ, ਕਹਿਣ ਤੋਂ ਭਾਵ ਕਿ ਕਿਰਤ ਤਾਂ ਬਦਲ ਗਈ, ਜਿਸ ਨਾਲ ਜਾਤ ਪਾਤ ਵੀ ਬਦਲ ਜਾਣੀ ਚਾਹੀਦੀ ਸੀ, ਪਰ ਸਦੀਆਂ ਤੋਂ ਮਨਾਂ ਵਿੱਚ ਡੂੰਘਾ ਬੈਠਾ ਹੰਕਾਰ ਇਸ ਊਚ ਨੀਚ ਦੇ ਵਿਤਕਰੇ ਨੂੰ ਛੱਡਣ ਲਈ ਤਿਆਰ ਨਹੀ। ਗੁਰਬਾਣੀ ਸੂਚਤ ਕਰਦੀ ਹੈ: ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥ (1127)। ਹੇ ਮੂਰਖ, ਹੇ ਗੰਵਾਰ, ਜਾਤ ਦਾ ਹੰਕਾਰ ਨਾ ਕਰ ਕਿਉਂਕਿ ਇਸ ਹੰਕਾਰ ਤੋਂ ਮਨੁੱਖਤਾ ਵਿੱਚ ਕਈ ਵਿਗਾੜ ਚੱਲ ਪੈਂਦੇ ਹਨ। ਸਪਸ਼ਟ ਹੈ ਕਿ ਹਾਨੀਕਾਰਕ ਜਾਤ ਪਾਤ ਨਹੀ ਬਲਿਕੇ ਉਸ ਦਾ ਕੀਤਾ ਹੰਕਾਰ ਹੈ ਜੋ ਊਚ ਨੀਚ ਦੇ ਵਖਰੇਵੇਂ ਪੈਦਾ ਕਰਦਾ ਹੈ ਤੇ ਜਿਸ ਨੂੰ ਛੱਡਣ ਦੀ ਤਾਕੀਦ ਕੀਤੀ ਗਈ ਹੈ। ਖੰਡੇ ਦੀ ਪਾਹੁਲ, ਜੋ ਏਕਤਾ ਦੀ ਸੂਚਕ ਹੈ, ਲੈਣ ਵਾਲਾ ਜੇ ਦੂਜਿਆਂ ਨਾਲੋਂ ਉੱਤਮ ਹੋਣ ਦਾ ਹੰਕਾਰ ਅਜੇ ਵੀ ਅੰਦਰ ਪਾਲੀ ਬੈਠਾ ਹੈ, ਤਾਂ ਉਸ ਦੇ ਅੰਦਰੋਂ ਊਚ ਨੀਚ ਅਜੇ ਗਈ ਹੀ ਨਹੀ ਤੇ ਗੁਰਬਾਣੀ ਅਨੁਸਾਰ ਉਸਦਾ ਕੀਤਾ ਕਰਮ ਨਿਰਰਥਕ ਹੀ ਹੋ ਜਾਂਦਾ ਹੈ। ਗੁਰਬਾਣੀ ਫੁਰਮਾਨ ਹੈ:

ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥ ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥ ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥ ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥ (789)। ਜਿਸ ਕਰਮ ਨੇ ਮਨ ਦੀ ਮੈਲ (ਹੰਕਾਰ, ਖੋਟ) ਨੂੰ ਦੂਰ ਕਰਨਾ ਸੀ ਉਸੇ ਦੇ ਹੰਕਾਰ ਨੇ ਮੈਲ ਦੁੱਗਣੀ ਕਰਕੇ ਊਚ ਨੀਚ ਦੀ ਦੀਵਾਰ ਖੜੀ ਕਰ ਦਿੱਤੀ। ਹੁਣ ਆਪਣੇ ਆਪ ਨੂੰ ਦੂਜਿਆਂ ਨਾਲੋਂ ਉੱਤਮ ਸਮਝ ਕੇ ਹੰਕਾਰ ਦੀ ਪੰਡ ਸਿਰ ਤੇ ਚੁੱਕੀ ਫਿਰਦਾ ਹੈ। ਇਕੋ ਬਾਟੇ ਵਿਚੋਂ ਪਾਹੁਲ ਲੈਣ ਨਾਲ ਵੀ ਊਚ ਨੀਚ ਦੂਰ ਨਹੀ ਹੋਈ। ਗੁਰਬਾਣੀ ਦਾ ਫੈਸਲਾ ਹੈ ਕਿ ਬਾਹਰਲੀ ਕਿਸੇ ਵੀ ਰਸਮ ਜਾਂ ਕਰਮ ਕਾਂਡ ਨੂੰ ਖੋਟਾ (ਹੰਕਾਰੀ) ਮਨ ਨਿਰਰਥਕ ਹੀ ਨਹੀ ਕਰ ਦਿੰਦਾ ਬਲਿਕੇ ਹੰਕਾਰ ਦੀ ਮੈਲ ਨੂੰ ਦੁੱਗਣੀ ਕਰ ਦਿੰਦਾ ਹੈ। ਬਾਹਰਲੇ ਤਨ ਦੇ ਇਸ਼ਨਾਨ, ਜਾਂ ਕਿਸੇ ਹੋਰ ਕਰਮ ਕਾਂਡ ਨਾਲ ਅੰਦਰੂਨੀ ਮਨ ਦੀ ਮੈਲ (ਹੰਕਾਰ) ਨੂੰ ਨਹੀ ਧੋਇਆ ਜਾ ਸਕਦਾ ਤੇ ਮਨ ਪਵਿੱਤ੍ਰ ਹੋਏ ਬਿਨਾ ਕੀਤਾ ਹਰ ਕਰਮ ਮੈਲਾ ਹੀ ਮੈਲਾ ਹੈ ਮਨਿ ਮੈਲੈ ਸਭੁ ਕਿਛੁ ਮੈਲਾ ਤਨਿ ਧੋਤੈ ਮਨੁ ਹਛਾ ਨ ਹੋਇ ॥ ਇਹ ਜਗਤੁ ਭਰਮਿ ਭੁਲਾਇਆ ਵਿਰਲਾ ਬੂਝੈ ਕੋਇ ॥ (558)। ਗੁਰੂ ਦਾ ਬਚਨ ਕਿਸੇ ਵਿਰਲੇ ਮਨੁੱਖ ਦੀ ਸਮਝ ਵਿੱਚ ਹੀ ਆਉਂਦਾ ਹੈ ਕਿ ਮੈਲਾ ਮਨ ਜੋ ਵੀ ਕਰਮ ਕਰੇਗਾ ਉਹ ਮੈਲਾ ਹੀ ਹੋਵੇਗਾ ਤੇ ਗੁਰੂ (ਗੁਰਬਾਣੀ, ਗਿਆਨ) ਬਿਨਾ ਇਸ ਮਨ ਨੂੰ ਪਵਿੱਤ੍ਰ ਨਹੀ ਕੀਤਾ ਜਾ ਸਕਦਾ। ਇਸ ਲਈ ਊਚ ਨੀਚ ਦੀ ਦੀਵਾਰ ਨੂੰ ਗਿਰਾਵਣ ਲਈ ਗੁਰੂ ਦੁਆਰਾ ਹੰਕਾਰ ਦੀ ਮੈਲ ਨੂੰ ਧੋਣਾ ਹੀ ਪਵੇਗਾ। ਇਸ ਤੋਂ ਬਿਨਾ ਮਨ ਨੂੰ ਪਵਿੱਤ੍ਰ ਕਰਨ ਤੇ ਊਚ ਨੀਚ ਤੋਂ ਛੁਟਕਾਰਾ ਪਾਉਣ ਦਾ ਹੋਰ ਕੋਈ ਚਾਰਾ ਨਹੀ। ਏਸੇ ਮਨ ਦੀ ਮੈਲ ਨੂੰ ਦੂਰ ਕਰਨ ਲਈ ਗੁਰੂ ਦੀ ਹਿਦਾਇਤ ਹੈ:

ਸਭੁ ਕੋ ਊਚਾ ਆਖੀਐ ਨੀਚੁ ਨ ਦੀਸੈ ਕੋਇ ॥ ਇਕਨੈ ਭਾਂਡੇ ਸਾਜਿਐ ਇਕੁ ਚਾਨਣੁ ਤਿਹੁ ਲੋਇ ॥ (62) ਸਭ ਊਤਮ ਕਿਸੁ ਆਖਉ ਹੀਨਾ ॥ ਹਰਿ ਭਗਤੀ ਸਚਿ ਨਾਮਿ ਪਤੀਨਾ ॥ (1189) ਜੇ ਸਾਰੇ ਜੀਵ (ਭਾਂਡੇ) ਉਸ ਦੇ ਸਾਜੇ ਹਨ ਤੇ ੳਹੁ ਆਪ ਸਾਰਿਆਂ ਵਿੱਚ ਵਿਚਰਦਾ ਹੈ ਤਾਂ ਊਚ ਨੀਚ ਦਾ ਸਵਾਲ ਕਿਵੇਂ ਪੈਦਾ ਹੋ ਸਕਦਾ ਹੈ? ਜਿਨੀ ਦੇਰ ਤਕ ਇਹ ਗਲ ਹਜ਼ਮ ਨਹੀ ਹੁੰਦੀ (ਭਾਵ ਮਨ ਅੰਦਰ ਦ੍ਰਿੜ ਨਹੀ ਹੋ ਜਾਂਦੀ) ਉਤਨੀ ਦੇਰ ਇਕੱਲੇ ਪੜ੍ਹਨ, ਸੁਣਨ, ਬੋਲਣ, ਗਾਉਣ, ਜਪਣ ਜਾਂ ਸਿਮਰਨ ਨਾਲ ਕੁੱਝ ਨਹੀ ਸੌਰਨਾ। ਹੰਕਾਰ ਭਰੇ ਹਰ ਤਰਾਂ ਦੇ ਊਚ ਨੀਚ ਦੇ ਵਿਤਕਰੇ ਨੂੰ ਗੁਰਬਾਣੀ ਪੂਰੀ ਤਰਾਂ ਨਕਾਰਦੀ ਹੈ ਪਰ ਧਰਮ ਦੇ ਅਖੌਤੀ ਦ੍ਹਾਵੇਦਾਰ ਤੇ ਅਖੌਤੀ ਸੰਤ ਮੰਡਲੀ ਸ਼ਰੇਆਮ ਇਸ ਨੂੰ ਨਿੱਤ ਪੜ੍ਹਦੇ, ਸੁਣਦੇ ਤੇ ਪਰਚਾਰਦੇ ਹੋਏ ਵੀ ਇਸ ਦੀ ਨਿੱਤ ਉਲੰਘਣਾ ਕਰਦੇ ਹਨ। ਜਿਵੇਂ (ਪਰਮਾਤਮਾ ਤੋਂ ਬਿਨਾ) ਕਿਸੇ ਇੱਕ ਦੀ ਉਸਤਤ ਦੂਜੇ ਦੀ ਨਿੰਦਾ ਆਪਣੇ ਆਪ ਬਣ ਜਾਂਦੀ ਹੈ, ਇੱਕ ਦੀ ਚੋਣ ਦੂਜੇ ਦੀ ਖੰਡਨਤਾ ਆਪਣੇ ਆਪ ਹੋ ਜਾਂਦੀ ਹੈ, ਤਿਵੇਂ ਕਿਸੇ ਇੱਕ ਨੂੰ ਉੱਤਮ ਬਨਾਉਣ ਨਾਲ ਦੂਸਰੇ ਆਪਣੇ ਆਪ ਹੀ ਨੀਚ ਹੋ ਜਾਂਦੇ ਹਨ ਤੇ ਇਹੀ (ਊਚ ਨੀਚ ਦਾ) ਵਿਤਕਰਾ ਫਿਰ ਵੈਰ ਵਿਰੋਧਤਾ ਦਾ ਕਾਰਨ ਬਣ ਜਾਂਦਾ ਹੈ। ਆਪਣੇ ਆਪ ਨੂੰ ਕਿਸੇ ਕਾਰਨ ਦੂਸਰੇ ਨਾਲੋਂ ਵੱਧ ਧਰਮੀ ਜਾਂ ਉੱਤਮ ਹੋਣ ਦਾ ਦ੍ਹਾਵਾ ਕਰਨਾ ਹੀ ਹੰਕਾਰ ਤੇ ਊਚ ਨੀਚ ਦਾ ਪ੍ਰਤੱਖ ਪ੍ਰਮਾਣ ਹੈ। ਇਸ ਲਈ ਗੁਰਬਾਣੀ ਦਾ ਫੇਸਲਾ ਹੈ ਕਿ:

ਐ ਜੀ ਨਾ ਹਮ ਉਤਮ ਨੀਚ ਨ ਮਧਿਮ ਹਰਿ ਸਰਣਾਗਤਿ ਹਰਿ ਕੇ ਲੋਗ ॥ ਨਾਮ ਰਤੇ ਕੇਵਲ ਬੈਰਾਗੀ ਸੋਗ ਬਿਜੋਗ ਬਿਸਰਜਿਤ ਰੋਗ ॥ (504)। ਜੋ ਮਨੁੱਖ ਪਰਮਾਤਮਾ ਦੀ ਸ਼ਰਨ ਪੈਂਦੇ ਹਨ (ਭਾਵ ਹੁਕਮ ਰਜਾਈਂ ਚਲਦੇ ਹਨ, ਜਾਂ ਗੁਰਬਾਣੀ ਤੇ ਚਲਦੇ ਹਨ) ਉਹ ਊਚ ਨੀਚ ਦਾ ਵਖਰੇਵਾਂ ਨਹੀ ਕਰਦੇ। ਨਾਮ ਵਿੱਚ ਰਤੇ (ਭਾਵ ਗੁਰਬਾਣੀ ਵਿੱਚ ਰੱਤੇ) ਉਹ ਇਸ ਊਚ ਨੀਚ ਦੇ ਹੰਕਾਰ (ਜਾਂ ਮੋਹ) ਤੋਂ ਮੁਕਤ ਹੁੰਦੇ ਹਨ। ਕਿਸੇ ਤਰਾਂ ਦੀ ਚਿੰਤਾ, ਵਿਛੋੜਾ ਜਾਂ (ਆਤਮਕ) ਰੋਗ ਉਹਨਾਂ ਨੂੰ ਨਹੀ ਵਿਆਪਦਾ। ਗੁਰਬਾਣੀ ਮਨੁਖਤਾ ਵਿੱਚ ਹੰਕਾਰ ਦੁਆਰਾ ਪਾਏ ਜਾ ਰਹੇ ਊਚ ਨੀਚ ਦੇ ਵਿਤਕਰਿਆਂ ਤੋਂ ਮੁਕਤੀ ਦਾ ਰਾਹ ਦਰਸਾਂਦੀ ਹੈ ਪਰ ਕੋਈ ਵਿਰਲਾ ਹੀ ਇਸ ਨੂੰ ਸਮਝ ਕੇ ਇਸ ਤੇ ਚੱਲਣ ਦੀ ਕੋਸ਼ਿਸ਼ ਕਰਦਾ ਹੈ। ਅਸਲ ਵਿੱਚ ਉਸ ਪ੍ਰਭੂ ਦੇ ਬਣਾਏ ਸਭ ਜੀਵ ਉੱਤਮ ਹੀ ਹਨ, ਨੀਚ ਕੋਈ ਹੈ ਹੀ ਨਹੀ। ਇਹ ਊਚ ਨੀਚ ਦੇ ਬਖੇੜੇ ਸਭ ਹੰਕਾਰੀ ਤੇ ਅਗਿਆਨੀ ਮਨੁੱਖ ਦੀ ਹੀ ਕਾਢ ਹੈ। ਜਿਵੇਂ ਅੰਧੇਰਾ, ਰੌਸ਼ਨੀ ਦੀ ਗੈਰਹਾਜ਼ਰੀ ਹੈ, ਦੁਖ, ਸੁੱਖ ਦੀ ਗੈਰਹਾਜ਼ਰੀ ਹੈ, ਤਿਵੇਂ (ਊਚ ਨੀਚ ਦਾ) ਹੰਕਾਰ ਵੀ ਗਿਆਨ (ਉੱਤਮ ਵੀਚਾਰਾਂ) ਤੇ ਨਿਮਰਤਾ ਦੀ ਗੈਰਹਾਜ਼ਰੀ ਹੈ। ਦੂਸਰੇ ਨੂੰ ਨੀਚ ਸਮਝਣ ਵਾਲਾ (ਹੰਕਾਰੀ) ਪੁਰਖ ਆਪਣਾ ਉੱਤਮ ਹੋਣ ਦਾ ਗੁਣ ਗਵਾ ਬੈਠਦਾ ਹੈ ਪਰ ਜਦੋਂ ਗੁਰੂ (ਆਤਮਕ ਗਿਆਨ) ਦੀ ਸੰਗਤ ਦੁਆਰਾ ਨਿਮਰਤਾ ਦਾ ਗੁਣ (ਜੋ ਹੰਕਾਰ ਦਾ ਵਿਰੋਧੀ ਹੈ) ਧਾਰਨ ਕਰਦਾ ਹੈ ਤਾਂ ਹੰਕਾਰ (ਅਭਿਮਾਨ) ਮਿਟਣ ਨਾਲ ਕੇਵਲ ਆਪ ਹੀ ਨਹੀ ਬਲਿਕੇ, ਉਸ ਦੀ ਨਜ਼ਰ ਵਿਚ, ਸਭ ਉੱਤਮ ਹੋ ਜਾਂਦੇ ਹਨ। ਸਗਲ ਪੁਰਖ ਮਹਿ ਪੁਰਖੁ ਪ੍ਰਧਾਨੁ ॥ ਸਾਧਸੰਗਿ ਜਾ ਕਾ ਮਿਟੈ ਅਭਿਮਾਨੁ ॥ ਆਪਸ ਕਉ ਜੋ ਜਾਣੈ ਨੀਚਾ ॥ ਸੋਊ ਗਨੀਐ ਸਭ ਤੇ ਊਚਾ ॥ (266)। ਸਾਧ (ਗੁਰੂ, ਗੁਰਬਾਣੀ, ਗਿਆਨ)) ਦੀ ਸੰਗਤ ਨਾਲ ਨਿਮਰਤਾ ਆ ਗਈ, ਅਭਿਮਾਨ (ਹੰਕਾਰ) ਮਿਟ ਗਿਆ ਤੇ ਉਹ ਮਨੁੱਖ ਆਪ ਉੱਤਮ (ਪ੍ਰਧਾਨ) ਹੋ ਜਾਂਦਾ ਹੈ ਤੇ ਫਿਰ ਉਸ ਨੂੰ ਸਭ ਉੱਤਮ ਹੀ ਦਿਸਦੇ ਹਨ ਕਿਉਂਕਿ ਇਹ ਹਉਮੈ (ਊਚ ਨੀਚ) ਹੀ ਇੱਕ ਕੰਡਾ ਹੈ ਜੋ (ਜਿਉ ਜਿਉ ਚਲਹਿ ਚੁਭੈ ਦੁਖੁ ਪਾਵਹਿ) ਮਨੁੱਖਤਾ ਦੇ ਵਖਰੇਵੇਂ ਤੇ ਦੁੱਖਾਂ ਦਾ ਕਾਰਨ ਹੈ। ਪੰਗਤ ਵਿੱਚ ਲੰਗਰ ਛਕਣ ਨਾਲ ਜਾਤ ਪਾਤ ਨਹੀ ਮਿਟ ਜਾਂਦੀ ਪਰ ਊਚ ਨੀਚ ਦਾ ਵਿਤਕਰਾ ਦੂਰ ਹੋ ਜਾਂਦਾ ਹੈ ਕਿਉਂਕਿ ਹੰਕਾਰੀ ਮਨ ਵਿੱਚ ਜਿਸ ਨੀਚ ਜਾਤ ਵਾਲੇ ਦੀ ਭਿੱਟ ਨਾਲ ਵੀ ਘਿਰਨਾ ਹੁੰਦੀ ਹੈ, ਪੰਗਤ ਵਿੱਚ ਓਸੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਲੰਗਰ ਛਕਣ ਲਈ ਹੰਕਾਰ ਨੂੰ ਤਿਆਗਣਾ ਪੈਂਦਾ ਹੈ। ਇਸੇ ਤਰਾਂ ਨਾਲ ਸੇਵਾ ਤਾਂ ਹੰਕਾਰ ਨੂੰ ਦੂਰ ਕਰਕੇ ਊਚ ਨੀਚ ਮਿਟਾਉਣ ਲਈ ਸੀ ਪਰ ਮਨੁੱਖ ਨੇ ਇਸ ਦੀ ਦੁਰਵਰਤੋਂ ਨਾਲ ਹੰਕਾਰ ਨੂੰ ਮਿਟਾਉਣ ਦੀ ਥਾਂ ਸਗੋਂ ਦੂਣਾ ਕਰਕੇ ਹੋਰ ਊਚ ਨੀਚ ਦੇ ਵਿਤਕਰੇ ਖੜੇ ਕਰ ਲਏ। ਅੱਜ ਸੇਵਾਦਾਰ, ਹੰਕਾਰ ਵਸ ਹੋ ਕੇ, ਜੱਥੇਦਾਰ ਹੀ ਨਹੀ ਬਲਿਕੇ ਗੁਰੂ ਬਣਨ ਦੀ ਕੋਸ਼ਿਸ਼ ਵਿੱਚ ਵੀ ਹੈ ਤੇ ਇਹ ਸਭ ਊਚ ਨੀਚ, ਹੰਕਾਰ ਦਾ ਪ੍ਰਤੱਖ ਰੂਪ ਹੈ। ਇਹ ਹੰਕਾਰ ਦੁਆਰਾ ਊਚ ਨੀਚ ਤੇ ਪੱਖਪਾਤ ਦਾ ਦੀਰਘ ਰੋਗ ਮਨੁੱਖ ਨੂੰ ਸਾਰੀ ਉਮਰ ਸੁੱਖ ਦਾ ਸਾਹ ਨਹੀ ਲੈਣ ਦਿੰਦਾ ਤੇ ਰਾਤ ਦਿਨ ਉਸ ਨੂੰ ਬੇਚੈਨ ਕਰੀ ਰੱਖਦਾ ਹੈ। ਗੁਰੂ ਕਦੇ ਵੀ ਪੱਖਪਾਤੀ ਨਹੀ ਹੁੰਦਾ, ਉਸ ਲਈ ਸਭ ਇੱਕ ਸਮਾਨ ਹੀ ਹਨ, ਇਸ ਲਈ ਜਿਥੇ ਮਨੁੱਖ ਹੰਕਾਰ ਵਸ ਹੋਇਆ ਸਦਾ ਹਰ ਥਾਂ ਵੰਡੀਆਂ ਤੇ ਵਖਰੇਵੇਂ ਹੀ ਪਾਉਂਦਾ ਰਹਿੰਦਾ ਹੈ, ਉਥੇ ਗੁਰੂ ਦਾ ਹਰ ਉਪਰਾਲਾ ਗਿਆਨ ਦੁਆਰਾ ਅਨੇਕ ਤਰਾਂ ਦੇ ਮਨੁੱਖੀ ਮਣਕਿਆਂ ਨੂੰ ਇਕੋ ਧਾਗੇ ਵਿੱਚ ਪਰੋਣ, ਜਾਂ ਸਮੁਚਤਾ ਨੂੰ ਏਕਤਾ ਵਿੱਚ ਜੋੜਨ ਦਾ ਹੀ ਹੁੰਦਾ ਹੈ। ਗੁਰੂ ਆਦੇਸ਼ ਹੈ:

ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ ਸੂਤੁ ਏਕੁ ਮਣਿ ਸਤ ਸਹੰਸ ਜੈਸੇ ਓਤਿ ਪੋਤਿ ਪ੍ਰਭੁ ਸੋਈ ॥ (485)। ਪਰਮਾਤਮਾ ਹੀ ਉਹ ਇੱਕ ਧਾਗਾ ਹੈ ਜਿਸ ਵਿੱਚ ਸਭ ਕੁਛ ਪਰੋਇਆ ਹੋਇਆ ਹੈ ਇਸ ਲਈ ਜੇ ਅਨੇਕਤਾ ਵਿੱਚ ਉਹ ਇਕੋ ਹੀ ਵਰਤਦਾ ਹੈ, ਏਕ ਅਨੇਕ ਬਿਆਪਕ ਪੂਰਕ ਜਤ ਦੇਖਉ ਤਤ ਸੋਈ ॥ ਤੇ ਉਸ ਤੋਂ ਬਿਨਾ ਕੁੱਛ ਹੈ ਹੀ ਨਹੀ (ਗੋਬਿੰਦ ਬਿਨੁ ਨਹੀ ਕੋਈ) , ਤਾਂ ਊਚ ਨੀਚ ਦਾ ਵਖਰੇਵਾਂ ਕਿਵੇਂ ਪਾਇਆ ਜਾ ਸਕਦਾ ਹੈ? ਬਖੇੜੇ ਪਾ ਕੇ ਰਾਜ ਕਰਨ ਦੀ ਸ਼ਿਆਸਤ ਨੀਤੀ ਮਨੁੱਖੀ ਕਾਢ ਹੈ ਜੋ ਸਦੀਆਂ ਤੋਂ ਹੀ ਚਲੀ ਆ ਰਹੀ ਹੈ ਤੇ ਅੱਜ ਧਰਮ ਵਿੱਚ ਵੀ ਪੂਰੀ ਤਰਾਂ ਕਾਬਜ਼ ਹੋ ਚੁੱਕੀ ਹੈ। ਧਰਮ ਦੇ ਦ੍ਹਾਵੇਦਾਰ ਤੇ ਆਗੂ (ਜੋ ਅਸਲ ਵਿੱਚ ਸ਼ਿਆਸਤਦਾਨ ਹੀ ਹਨ) ਮਨੁਖਤਾ ਵਿੱਚ ਵੰਡੀਆਂ ਪਾ ਕੇ ਆਪ ਹੁਕਮਰਾਨ ਬਣੇ ਬੈਠੇ ਹਨ। ਇਹਨਾ ਕੋਲ ਕੋਈ ਹੱਕ ਨਹੀ ਕਿ ਕਿਸੇ ਨੂੰ ਫੋਕੀਆਂ ਪਦਵੀਆਂ ਨਾਲ ਸਨਮਾਨਤ ਕਰਨ ਜਾਂ ਹੁਕਮਨਾਮਿਆਂ ਨਾਲ ਪਤਿਤ ਜਾਂ ਅਧਰਮੀ ਹੋਣ ਦੇ ਫਤਵੇ ਜਾਰੀ ਕਰਨ। ਪਤਿਤ ਹੋਣ ਦਾ ਫਤਵਾ ਉਹੀ ਜਾਰੀ ਕਰ ਸਕਦਾ ਹੈ ਜੋ ਪਹਿਲਾਂ ਆਪ ਪਵਿੱਤ੍ਰ ਹੋਵੇ। ਇਹ ਊਚ ਨੀਚ ਦਾ ਵਖਰੇਵਾਂ ਗੁਰਮਤ ਵਿਰੁੱਧ ਹੈ ਤੇ ਅਨੇਕ ਬਖੇੜਿਆਂ, ਵੈਰ ਵਿਰੋਧਤਾ ਤੇ ਘਿਰਨਾ ਦਾ ਕਾਰਨ ਵੀ ਹੈ। ਕਿਤਨੀ ਦੁਖਦਾਈ ਗਲ ਹੈ ਕਿ ਇੰਟਰਨੈੱਟ ਦੀ ਇੱਕ ਵੀਡਿਉ ਤੇ ਧਰਮ ਦੇ ਦ੍ਹਾਵੇਦਾਰ ਇੱਕ ਵਿਅਕਤੀ ਨੂੰ ਪਤਿਤ ਕਰਾਰ ਦੇ ਕੇ ਸੋਟਿਆਂ ਨਾਲ ਉਸ ਦੀ ਖੱਲ ਉਧੇੜ ਰਹੇ ਹਨ। ਉਹ ਗੁਰੂ ਦੇ ਸਿੱਖ ਤਾਂ ਕਦਾਚਿੱਤ ਨਹੀ ਹੋ ਸਕਦੇ ਕਿਉਂਕਿ ਉਹਨਾ ਦੀ ਕਾਰ ਹੀ ਸਾਬਤ ਕਰਦੀ ਹੈ ਕਿ ਉਹਨਾਂ ਆਪਣੇ ਗੁਰੂ ਨਾਲ ਕਦੇ ਸਾਂਝ ਨਹੀ ਪਾਈ। ਕਿੱਥੇ ਗਏ ਉਹ ਦਇਆ, ਨਿਮਰਤਾ, ਖਿਮਾ ਤੇ ਪਿਆਰ ਵਾਲੇ ਗੁਣ ਜਿਨ੍ਹਾ ਤੋਂ ਬਿਨਾ ਨਾ ਤਾਂ ਪਵਿੱਤ੍ਰ ਹੋਇਆ ਜਾ ਸਕਦਾ ਹੈ, ਨਾ ਧਰਮੀ ਹੋਇਆ ਜਾ ਸਕਦਾ ਹੈ ਤੇ ਨਾ ਹੀ ਗੁਰੂ ਦਾ ਸਿੱਖ। ਕੀ ਸੋਟਿਆਂ ਨਾਲ ਵੀ ਕਦੇ ਸਤਿਕਾਰ ਬਹਾਲ ਹੋਇਆ ਹੈ? ਕਿੱਥੇ ਸੀ ਗੁਰੂ ਦੇ ਸਤਿਕਾਰ ਦੀ ਦੁਹਾਈ ਦੇਣ ਵਾਲੇ, ਗੁਰੂ ਨੂੰ ਸਮਰਪਤ ਹੋਣ ਦਾ ਦ੍ਹਾਵਾ ਕਰਨ ਵਾਲੇ, ਗੁਰੂ ਵਲੋਂ ਅਸਥਾਪਤ ਕੀਤੇ ਜਾਣ ਦਾ ਦ੍ਹਾਵਾ ਕਰਨ ਵਾਲੇ, ਜਦੋਂ ਪੱਟਣੇ ਦੇ ਮੰਨੇ ਜਾਂਦੇ ਧਰਮ ਅਸਥਾਨ ਤੇ ਧੱਕੇ, ਮੁੱਕੇ ਤੇ ਆਪਣਿਆਂ ਤੇ ਹੀ ਕਰਪਾਨਾਂ ਚੱਲੀਆਂ, ਪਦਵੀ ਖਾਤਰ ਆਪਣਿਆਂ ਦਾ ਹੀ ਖੂਨ ਡੁਲਿਆ, ਦਸਤਾਰਾਂ ਪੈਰਾਂ ਵਿੱਚ ਰੁਲੀਆਂ ਤੇ ਇਹ ਘਟਨਾ (ਜੋ ਸਾਰੀ ਦੁਨੀਆਂ ਨੇ ਇੰਟਰਨੈੱਟ ਤੇ ਦੇਖੀ) ਸੱਭ ਉਹ ਹੀ ਕਰ ਰਹੇ ਸਨ ਜੋ ਦੂਸਰਿਆਂ ਨੂੰ ਪਤਿਤ ਹੋਣ ਦਾ ਫਤਵਾ ਜਾਰੀ ਕਰਦੇ ਸਨ। ਕੀ ਗੁਰੂਆਂ ਨੇ ਵੀ ਇਹੀ ਰਾਹ ਚੁਣਿਆ ਸੀ? ਸ਼ਬਦ ਗੁਰੂ ਦਾ ਨਿਰਾਦਰ ਤਾਂ ਉਸ ਦੇ ਗਿਆਨ ਤੋਂ ਬੇਮੁੱਖ ਹੋਣਾ ਹੈ ਜੋ ਉਹ ਧਰਮ ਦੇ ਆਗੂ ਤੇ ਦ੍ਹਾਵੇਦਾਰ ਆਪ ਹੀ ਨਿੱਤ ਕਰ ਰਹੇ ਹਨ। ਕੇਵਲ ਅਖੌਤੀ ਪਦਵੀ ਤੇ ਉਸ ਨਾਲ ਜੁੜੀ ਆਮਦ ਦੇ ਲਾਲਚ ਤੇ ਹੰਕਾਰ ਨੇ ਹੀ ਇਹ ਊਚ ਨੀਚ ਦਾ ਵਖਰੇਵਾਂ ਪਾ ਕੇ ਅਫਸੋਸ ਨਾਕ ਕਾਰਾ ਕਰਾਇਆ ਹੈ। ਗੁਰੂ ਨੇ ਤਾਂ ਉੱਤਮ ਮੰਨਿਆ ਹੀ ਉਸ ਨੂੰ ਹੈ ਜੋ ਪਹਿਲਾਂ ਨਿਮਰਤਾ (ਨੀਚਾਂ ਅੰਦਰ ਨੀਚ) ਨੂੰ ਪਰਵਾਨ ਕਰਕੇ ਪ੍ਰਭੂ ਦੀ ਰਜ਼ਾ ਵਿੱਚ ਚਲਦਿਆਂ ਮਨ ਨੂੰ ਅਡੋਲ ਕਰ ਲੈਂਦਾ ਹੈ: ਨਾਮੁ ਜਪਤ ਪਾਵਹਿ ਬਿਸ੍ਰਾਮੁ ॥ ਨਾਨਕ ਤਿਨ ਪੁਰਖ ਕਉ ਊਤਮ ਕਰਿ ਮਾਨੁ ॥੭॥ {ਪੰਨਾ 282} ਪ੍ਰਭੂ ਦੀ ਰਜ਼ਾ ਵਿੱਚ ਚਲਦਿਆਂ ਮਨ ਦਾ ਅਡੋਲ ਹੋ ਜਾਣਾ ਹੀ ਦੋਨਾ, ਊਚ ਨੀਚ, ਤੋਂ ਮੁਕਤ ਹੋ ਜਾਣਾ ਹੈ ਕਿਉਂਕਿ ਇਹ ਦੋਨੋ ਆਪਾ ਵਿਰੋਧੀ ਤੇ ਇਕੋ ਹੀ ਸਿੱਕੇ ਦੇ ਦੋ ਪਾਸੇ ਹਨ ਤੇ ਮਨ ਦੇ ਡੋਲਣ ਦਾ ਕਾਰਨ ਵੀ ਹਨ। ਦਾਸਾ ਕਾ ਦਾਸੁ ਵਿਰਲਾ ਕੋਈ ਹੋਇ ॥ ਊਤਮ ਪਦਵੀ ਪਾਵੈ ਸੋਇ ॥੧॥ (1174) ਦਾਸਾਂ ਦੇ ਦਾਸ (ਨਿਮਰਤਾ ਦੇ ਗੁਣ ਤੋਂ) ਬਿਨਾ ਨਾ ਮਨ ਦੀ ਅਡੋਲਤਾ ਹੈ, ਨਾ ਮਨ ਦੀ ਪਵਿੱਤ੍ਰਤਾ ਹੈ, ਨਾ ਹੀ ਹੰਕਾਰ (ਊਚ ਨੀਚ) ਤੋਂ ਮੁਕਤੀ ਹੈ ਤੇ ਨਾ ਹੀ ਉੱਤਮ ਪਦਵੀ ਹੈ। ਕਦੇ ਗੁਰੂ ਨਾਲ ਸਾਂਝ ਪਾਈ ਹੁੰਦੀ ਤਾਂ ਇਹ ਸੂਝ ਪ੍ਰਾਪਤ ਹੋ ਜਾਂਦੀ ਕਿ:

ਬਿਸਰਿ ਗਈ ਸਭ ਤਾਤਿ ਪਰਾਈ ॥ ਜਬ ਤੇ ਸਾਧਸੰਗਤਿ ਮੋਹਿ ਪਾਈ ॥੧॥ ਰਹਾਉ ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ ॥੧॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ ॥੨॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ ॥੩॥੮॥ {ਪੰਨਾ 1299} ਗੁਰੂ ਦੀ ਸੰਗਤ ਨੇ ਹੰਕਾਰ ਦੁਆਰਾ ਪੈਦਾ ਹੋਈ ਪਰਾਈ ਤਾਤ (ਈਰਖਾ, ਵੈਰ ਵਿਰੋਧ) ਨੂੰ ਦੂਰ ਕਰਨਾ ਹੀ ਤਾਂ ਸਿਖਾਇਆ ਹੈ ਤਾਂ ਕੇ ਨਾ ਕੋਈ ਵੈਰੀ ਰਹੇ ਤੇ ਨਾ ਹੀ ਬੇਗਾਨਾ। ਸਾਰਿਆਂ ਨੂੰ ਬਿਨਾ ਸ਼ਰਤ ਸਵੀਕਾਰ ਕਰਨ ਨਾਲ ਹੀ ਸਗਲ ਸੰਗ ਬਣ ਸਕਦੀ ਹੈ। ਮਨੁੱਖ ਤਾਂ ਸਦਾ ਗਲਤੀਆਂ ਦਾ ਪੁਤਲਾ ਹੈ ਪਰ (ਗੁਰੂ) ਪਰਮਾਤਮਾ ਉਹਨਾ ਗਲਤੀਆਂ ਕਾਰਨ ਮਨੁੱਖ ਦੀ ਸੋਟਿਆਂ ਨਾਲ ਖੱਲ ਨਹੀ ਉਧੇੜਦਾ, ਨਾਸਤਕਾਂ ਨੂੰ ਲੰਮਿਆਂ ਪਾ ਕੇ ਝੰਬਦਾ ਨਹੀ, ਧੱਕੇ ਮੁਕਿਆਂ ਤੇ ਲੱਤਾਂ ਨਾਲ ਉਹਨਾਂ ਦੀ ਭੁਗਤ ਨਹੀ ਸਵਾਰਦਾ, ਕੋਈ ਫਤਵੇ ਜਾਰੀ ਨਹੀ ਕਰਦਾ, ਉਹ ਦਇਆਲੂ, ਕਿਰਪਾਲੂ ਤੇ ਬਖਸ਼ਿੰਦ ਭੁੱਲਾਂ ਨਹੀ ਚਿਤਾਰਦਾ ਤੇ ਸਭ ਨੂੰ ਸਦਾ ਖਿਮਾ ਕਰਦਾ ਹੈ, ਭੁੱਲਾਂ ਦਾ ਅਹਿਸਾਸ ਗਿਆਨ ਦੁਆਰਾ ਹੀ ਕਰਾਂਦਾ ਹੈ ਤੇ ਇਹੀ ਗੁਣਾ ਤੇ ਆਤਮਕ ਗਿਆਨ ਦਾ ਖਜ਼ਾਨਾ ਉਹ ਮਨੁੱਖ ਨੂੰ ਦੇਣਾ ਚਹੁੰਦਾ ਹੈ ਜਿਸ ਨਾਲ ਇਸ ਵਿਚੋਂ ਹੰਕਾਰ (ਊਚ ਨੀਚ ਦਾ ਵਿਤਕਰਾ) ਦੂਰ ਹੋ ਜਾਵੇ ਤੇ ਮਨੁੱਖੀ ਸਾਂਝੀਵਾਲਤਾ ਕਾਇਮ ਹੋ ਸਕੇ। ਪਰ ਮਨੁੱਖ ਆਪਣੀ ਹੰਕਾਰੀ ਫਿਤਰਤ ਤੋਂ ਮਜਬੂਰ ਹੈ ਤੇ ਉਸ ਦੀ ਸੱਭ ਨਾਲੋਂ ਸ੍ਰੇਸ਼ਟ ਬਣਨ ਦੀ ਕਾਮਨਾ ਹੀ ਉਸ ਨੂੰ ਲੋਭੀ, ਮੋਹੀ ਤੇ ਹੰਕਾਰੀ ਬਣਾ ਕੇ ਊਚ ਨੀਚ ਦਾ ਭੇਦ-ਭਾਵ ਪੈਦਾ ਕਰ ਦਿੰਦੀ ਹੈ। ਫਿਰ ਉਹ ਆਪਣੇ ਧਨ, ਪਦਵੀ ਤੇ ਸੱਤਾ ਦੀ ਦੁਰਵਰਤੋਂ ਕਰਕੇ ਦੂਸਰਿਆਂ ਤੇ ਹਾਵੀ ਹੋ ਕੇ ਹੁਕਮਰਾਨੀ ਕਰਨੀ ਚਹੁੰਦਾ ਹੈ। ਗੁਰੂ ਸੁਚੇਤ ਕਰਦਾ ਹੈ ਕਿ:

ਤੇਰਸਿ ਤੇਰਹ ਅਗਮ ਬਖਾਣਿ ॥ ਅਰਧ ਉਰਧ ਬਿਚਿ ਸਮ ਪਹਿਚਾਣਿ ॥ ਨੀਚ ਊਚ ਨਹੀ ਮਾਨ ਅਮਾਨ ॥ ਬਿਆਪਿਕ ਰਾਮ ਸਗਲ ਸਾਮਾਨ ॥ {ਪੰਨਾ 344} ਭਾਵ ਜਿਸ ਮਨੁੱਖ ਦਾ ਮਨ ਸਦਾ ਕੇਵਲ ਉਸ ਅਗੰਮ ਪ੍ਰਭੂ ਦੀ ਸਿਫਤ ਸਾਲਾਹ ਕਰਦਾ ਹੈ, (ਸਿਫਤਿ ਸਾਲਾਹਣੁ ਤੇਰਾ ਹੁਕਮੁ ਰਜਾਈ ॥), ਉਸ ਦੇ ਭਾਣੇ ਵਿੱਚ ਚਲਦਾ ਹੈ, ਉਹ ਸਾਰੇ ਸੰਸਾਰ ਵਿੱਚ ਪ੍ਰਭੂ ਨੂੰ ਇੱਕ ਸਮਾਨ ਵੇਖਦਾ ਹੈ (ਭਾਵ, ਜਤ ਦੇਖਉ ਤਤ ਸੋਈ) ਤੇ ਉਸ ਵਿਚੋਂ ਊਚ ਨੀਚ ਦਾ ਭੇਦ-ਭਾਵ ਮਿਟ ਜਾਂਦਾ ਹੈ। ਉਸ ਲਈ ਆਦਰ ਤੇ ਨਿਰਾਦਰ ਇੱਕ ਸਮਾਨ ਹੋ ਜਾਂਦੇ ਹਨ ਕਿਉਂਕਿ ਉਸ ਨੂੰ ਸਭਨਾ ਵਿੱਚ ਪਰਮਾਤਮਾ ਹੀ ਵਸਦਾ ਦਿਸਦਾ ਹੈ। ਇਸ ਲਈ ਕਿਸੇ ਨਾਲ ਵੀ ਊਚ ਨੀਚ ਦਾ ਵਿਤਕਰਾ ਕਰਨਾ ਹੀ ਗੁਰੂ ਦੇ ਬਚਨਾ ਤੋਂ ਬੇਮੁੱਖ ਹੋਣਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.