.

ਨਾਮਾ ਸੁਲਤਾਨੇ ਬਾਧਿਲਾ

ਕਿਸ਼ਤ ਪਹਿਲੀ

ਸਾਰੰਸ਼

ਭਗਤ ਨਾਮਦੇਵ ਦੇ ਇਸ ਸ਼ਬਦ ਦੇ ਅਰਥ ਅਕਸਰ ਉਹਨਾਂ ਨਾਲ ਜੁੜੀ ਇੱਕ ਕਹਾਣੀ ਦੇ ਸਹਾਰੇ ਕੀਤੇ ਜਾਂਦੇ ਹਨ ਜੋ ਗੁਰਮਤਿ ਫਲਸਫੇ ਨਾਲ ਮੇਲ ਨਹੀਂ ਖਾਂਦੇ। ਇਹ ਕਹਾਣੀ ਇੰਨੀ ਮਸ਼ਹੂਰ ਕਰ ਦਿਤੀ ਗਈ ਹੈ ਕਿ ਬਹੁਤੇ ਟੀਕਾਕਾਰ ਇਸ ਨੂੰ ਸੱਚ ਮੰਨੀ ਬੈਠੇ ਹਨ। ਪਰ ਅਗਰ ਅਸੀਂ ਇਸ ਕਹਾਣੀ ਨੂੰ ਆਪਣੇ ਜ਼ਿਹਨ ਚੋਂ ਕੱਢ ਇਸ ਸ਼ਬਦ ਨੂੰ ਵਿਚਾਰੀਏ ਤਾਂ ਜੋ ਅਰਥ ਉਭਰ ਕੇ ਸਾਹਮਣੇ ਆਉਂਦੇ ਨੇ ਉਹ ਗੁਰਮਤਿ ਫਲਸਫੇ ਨਾਲ ਵੀ ਮੇਲ ਖਾਂਦੇ ਨੇ।

ਮੁਢਲੀ ਵਿਚਾਰ

ਭਗਤ ਨਾਮਦੇਵ ਦਾ ਇਹ ਸ਼ਬਦ ਗੁਰੁ ਗਰੰਥ ਸਾਹਿਬ ਦੇ ਪੰਨਾ 1165-66 ਉੱਪਰ ਅੰਕਿਤ ਹੈ। ਇਸ ਸ਼ਬਦ ਦੇ ਅਰਥ ਅਕਸਰ ਜਿਸ ਕਰਾਮਾਤੀ ਕਹਾਣੀ ਦੇ ਸਹਾਰੇ ਕੀਤੇ ਜਾਂਦੇ ਹਨ ਸੰਖੇਪ ਵਿੱਚ ਉਹ ਕਹਾਣੀ ਇਸ ਤਰ੍ਹਾਂ ਹੈ। ਮੁਹੰਮਦ ਤੁਗਲਿਕ ਨੇ ਨਾਮਦੇਵ ਨੂੰ ਗ੍ਰਿਫਤਾਰ ਕਰਕੇ ਇੱਕ ਜਿਬ੍ਹਾ ਕੀਤੀ ਹੋਈ ਗਾਂ ਨੁੰ ਮੁੜ ਜਿਉਂਦੀ ਕਰਕੇ ਆਪਣੇ ਬੀਠੁਲ (ਰੱਬ) ਦੀ ਸ਼ਕਤੀ ਦਾ ਪ੍ਰਦਰਸ਼ਨ ਕਰਨ ਲਈ ਵੰਙਾਰਿਆ। ਨਾਮਦੇਵ ਦੇ ਇਨਕਾਰ ਕਰਨ ਤੇ ਸੁਲਤਾਨ ਨੇ ਉਸ ਤੇ ਜ਼ੁਲਮ ਢਾਹੁਣੇ ਸ਼ੁਰੂ ਕਰ ਦਿਤੇ ਪਰ ਨਾਮਦੇਵ ਅਡੋਲ ਰਿਹਾ ਤੇ ਰੱਬ ਦੇ ਗੁਣ ਗਾਇਨ ਕਰੀ ਗਿਆ। ਨਾਮਦੇਵ ਦੀ ਮਾਂ ਨੇ ਘਬਰਾ ਕੇ ਉਸ ਨੂੰ ਆਪਣੀ ਜਾਨ ਬਚਾਉਣ ਲਈ ਮੁਸਲਮਾਨ ਬਣਨ ਦੀ ਸਲਾਹ ਦਿਤੀ। ਲੋਕਾਂ ਨੇ ਨਾਮਦੇਵ ਨੂੰ ਛੱਡਣ ਲਈ ਸੁਲਤਾਨ ਨੂੰ ਸੋਨਾ ਦੇਣ ਦੀ ਪੇਸ਼ਕਸ਼ ਕੀਤੀ। ਇਹ ਸਾਰੇ ਯਤਨ ਅਸਫ਼ਲ ਰਹੇ ਪਰ ਫਿਰ ਵੀ ਨਾਮਦੇਵ ਨਿਰਭੈ ਤੇ ਅਡੋਲ ਰੱਬ ਦੇ ਗੁਣ ਗਾਇਨ ਕਰੀ ਗਿਆ। ਫਿਰ ਅਚਾਨਿਕ ਗਰੁੜ ਤੇ ਸਵਾਰ ਵਿਸ਼ਨੂੰ ਭਗਵਾਨ ਆ ਪਹੁੰਚੇ ਅਤੇ ਨਾਮਦੇਵ ਨੂੰ ਪੁਛਿਆ ਅਗਰ ਉਹ ਕਹੇ ਤਾਂ ਧਰਤੀ ਟੇਡੀ ਕਰ ਦਿੰਨੇ ਹਾਂ ਜਾਂ ਫਿਰ ਮੂਧੀ ਮਾਰ ਦਿੰਨੇ ਹਾਂ। ਅਗਰ ਨਾਮਦੇਵ ਚਾਹੇ ਤਾਂ ਮਰੀ ਹੋਈ ਗਾਂ ਜੀਉਂਦੀ ਕਰ ਦਿੰਨੇ ਹਾਂ। ਮਰੀ ਹੋਈ ਗਾਂ ਜੀਉਂਦੀ ਹੋ ਗਈ ਤੇ ਆਪਣੇ ਵਛੜੂ ਲਈ ਅੜਿੰਗਣ ਲਗ ਪਈ। ਨਾਮਦੇਵ ਦੇ ਕਹਿਣ ਤੇ ਲੋਕਾਂ ਨੇ ਗਾਂ ਦੇ ਨਿਆਣਾ ਪਾ ਕੇ ਦੁਧ ਚੋ ਕੇ ਮਟਕੀ ਭਰ ਲਈ ਤੇ ਬਾਦਿਸ਼ਾਹ ਨੂੰ ਦੁਧ ਪੀਣ ਲਈ ਦੇ ਦਿਤਾ। ਇਹ ਕੌਤਿਕ ਵੇਖ ਕਿ ਨਾਮਦੇਵ ਦੀ ਚਾਰੇ ਪਾਸੇ ਜੈ ਜੈ ਕਾਰ ਹੋ ਗਈ।

ਇਸ ਲੇਖ ਵਿੱਚ ਆਪਾਂ ਇਹ ਵਿਚਾਰ ਕਰਨੀ ਹੈ ਕਿ ਕੀ ਇਸ ਸ਼ਬਦ ਦੇ ਇਸ ਕਹਾਣੀ ਮੁਤਾਬਿਕ ਅਰਥ ਗੁਰਮਤਿ ਅਨੁਸਾਰ ਸਹੀ ਹਨ। ਦੂਸਰੇ ਅਗਰ ਅਸੀਂ ਇਸ ਕਹਾਣੀ ਨੂੰ ਭੁਲ ਜਾਈਏ ਤਾਂ ਇਸ ਸ਼ਬਦ ਦੇ ਕੀ ਅਰਥ ਨਿਕਲਦੇ ਨੇ। ਪੂਰਾ ਸ਼ਬਦ ਹੇਠ ਦਿਤੇ ਅੁਨਸਾਰ ਹੈ।

ਸੁਲਤਾਨੁ ਪੂਛੈ ਸੁਨੁ ਬੇ ਨਾਮਾ ॥ ਦੇਖਉ ਰਾਮ ਤੁਮ੍ਹ੍ਹਾਰੇ ਕਾਮਾ ॥੧॥ ਨਾਮਾ ਸੁਲਤਾਨੇ ਬਾਧਿਲਾ ॥ ਦੇਖਉ ਤੇਰਾ ਹਰਿ ਬੀਠੁਲਾ ॥੧॥ ਰਹਾਉ ॥ ਬਿਸਮਿਲਿ ਗਊ ਦੇਹੁ ਜੀਵਾਇ ॥ ਨਾਤਰੁ ਗਰਦਨਿ ਮਾਰਉ ਠਾਂਇ ॥੨॥ ਬਾਦਿਸਾਹ ਐਸੀ ਕਿਉ ਹੋਇ ॥ ਬਿਸਮਿਲਿ ਕੀਆ ਨ ਜੀਵੈ ਕੋਇ ॥੩॥ ਮੇਰਾ ਕੀਆ ਕਛੂ ਨ ਹੋਇ ॥ ਕਰਿ ਹੈ ਰਾਮੁ ਹੋਇ ਹੈ ਸੋਇ ॥੪॥ ਬਾਦਿਸਾਹੁ ਚੜ੍ਹ੍ਹਿਓ ਅਹੰਕਾਰਿ ॥ ਗਜ ਹਸਤੀ ਦੀਨੋ ਚਮਕਾਰਿ ॥੫॥ ਰੁਦਨੁ ਕਰੈ ਨਾਮੇ ਕੀ ਮਾਇ ॥ ਛੋਡਿ ਰਾਮੁ ਕੀ ਨ ਭਜਹਿ ਖੁਦਾਇ ॥੬॥ ਨ ਹਉ ਤੇਰਾ ਪੂੰਗੜਾ ਨ ਤੂ ਮੇਰੀ ਮਾਇ ॥ ਪਿੰਡੁ ਪੜੈ ਤਉ ਹਰਿ ਗੁਨ ਗਾਇ ॥੭॥ ਕਰੈ ਗਜਿੰਦੁ ਸੁੰਡ ਕੀ ਚੋਟ ॥ ਨਾਮਾ ਉਬਰੈ ਹਰਿ ਕੀ ਓਟ ॥੮॥ ਕਾਜੀ ਮੁਲਾਂ ਕਰਹਿ ਸਲਾਮੁ ॥ ਇਨਿ ਹਿੰਦੂ ਮੇਰਾ ਮਲਿਆ ਮਾਨੁ ॥੯॥ ਬਾਦਿਸਾਹ ਬੇਨਤੀ ਸੁਨੇਹੁ ॥ ਨਾਮੇ ਸਰ ਭਰਿ ਸੋਨਾ ਲੇਹੁ ॥੧੦॥ ਮਾਲੁ ਲੇਉ ਤਉ ਦੋਜਕਿ ਪਰਉ ॥ ਦੀਨੁ ਛੋਡਿ ਦੁਨੀਆ ਕਉ ਭਰਉ ॥੧੧॥ ਪਾਵਹੁ ਬੇੜੀ ਹਾਥਹੁ ਤਾਲ ॥ ਨਾਮਾ ਗਾਵੈ ਗੁਨ ਗੋਪਾਲ ॥੧੨॥ ਗੰਗ ਜਮੁਨ ਜਉ ਉਲਟੀ ਬਹੈ ॥ ਤਉ ਨਾਮਾ ਹਰਿ ਕਰਤਾ ਰਹੈ ॥੧੩॥ ਸਾਤ ਘੜੀ ਜਬ ਬੀਤੀ ਸੁਣੀ ॥ ਅਜਹੁ ਨ ਆਇਓ ਤ੍ਰਿਭਵਣ ਧਣੀ ॥੧੪॥ ਪਾਖੰਤਣ ਬਾਜ ਬਜਾਇਲਾ ॥ ਗਰੁੜ ਚੜ੍ਹ੍ਹੇ ਗੋਬਿੰਦ ਆਇਲਾ ॥੧੫॥ ਅਪਨੇ ਭਗਤ ਪਰਿ ਕੀ ਪ੍ਰਤਿਪਾਲ ॥ ਗਰੁੜ ਚੜ੍ਹ੍ਹੇ ਆਏ ਗੋਪਾਲ ॥੧੬॥ ਕਹਹਿ ਤ ਧਰਣਿ ਇਕੋਡੀ ਕਰਉ ॥ ਕਹਹਿ ਤ ਲੇ ਕਰਿ ਊਪਰਿ ਧਰਉ ॥੧੭॥ ਕਹਹਿ ਤ ਮੁਈ ਗਊ ਦੇਉ ਜੀਆਇ ॥ ਸਭੁ ਕੋਈ ਦੇਖੈ ਪਤੀਆਇ ॥੧੮॥ ਨਾਮਾ ਪ੍ਰਣਵੈ ਸੇਲ ਮਸੇਲ ॥ ਗਊ ਦੁਹਾਈ ਬਛਰਾ ਮੇਲਿ ॥੧੯॥ ਦੂਧਹਿ ਦੁਹਿ ਜਬ ਮਟੁਕੀ ਭਰੀ ॥ ਲੇ ਬਾਦਿਸਾਹ ਕੇ ਆਗੇ ਧਰੀ ॥੨੦॥ ਬਾਦਿਸਾਹੁ ਮਹਲ ਮਹਿ ਜਾਇ ॥ ਅਉਘਟ ਕੀ ਘਟ ਲਾਗੀ ਆਇ ॥੨੧॥ ਕਾਜੀ ਮੁਲਾਂ ਬਿਨਤੀ ਫੁਰਮਾਇ ॥ ਬਖਸੀ ਹਿੰਦੂ ਮੈ ਤੇਰੀ ਗਾਇ ॥੨੨॥ ਨਾਮਾ ਕਹੈ ਸੁਨਹੁ ਬਾਦਿਸਾਹ ॥ ਇਹੁ ਕਿਛੁ ਪਤੀਆ ਮੁਝੈ ਦਿਖਾਇ ॥੨੩॥ ਇਸ ਪਤੀਆ ਕਾ ਇਹੈ ਪਰਵਾਨੁ ॥ ਸਾਚਿ ਸੀਲਿ ਚਾਲਹੁ ਸੁਲਿਤਾਨ ॥੨੪॥ ਨਾਮਦੇਉ ਸਭ ਰਹਿਆ ਸਮਾਇ ॥ ਮਿਲਿ ਹਿੰਦੂ ਸਭ ਨਾਮੇ ਪਹਿ ਜਾਹਿ ॥੨੫॥ ਜਉ ਅਬ ਕੀ ਬਾਰ ਨ ਜੀਵੈ ਗਾਇ ॥ ਤ ਨਾਮਦੇਵ ਕਾ ਪਤੀਆ ਜਾਇ ॥੨੬॥ ਨਾਮੇ ਕੀ ਕੀਰਤਿ ਰਹੀ ਸੰਸਾਰਿ ॥ ਭਗਤ ਜਨਾਂ ਲੇ ਉਧਰਿਆ ਪਾਰਿ ॥੨੭॥ ਸਗਲ ਕਲੇਸ ਨਿੰਦਕ ਭਇਆ ਖੇਦੁ ॥ ਨਾਮੇ ਨਾਰਾਇਨ ਨਾਹੀ ਭੇਦੁ ॥੨੮॥੧॥੧੦॥ {ਪੰਨਾ 1165-1166}

ਮੇਰਾ ਇਹ ਮੰਨਣਾ ਹੈ ਕਿ ਅਗਰ ਇਸ ਸ਼ਬਦ ਦੇ ਅਰਥ ਅਸੀਂ ਉਪਰੋਕਿਤ ਬਿਆਨ ਕੀਤੀ ਕਹਾਣੀ ਮੁਤਾਬਿਕ ਕਰਦੇ ਹਾਂ ਤਾਂ ਬਹੁਤ ਸਾਰੇ ਅਜਿਹੇ ਸਵਾਲ ਖੜੇ ਹੋ ਜਾਂਦੇ ਨੇ ਜਿਹਨਾਂ ਦਾ ਗੁਰਮਿਤ ਦੇ ਨਜ਼ਰੀਏ ਤੋਂ ਜਵਾਬ ਦੇਣਾ ਅਤਿਅੰਤ ਮੁਸ਼ਕਲ ਹੀ ਨਹੀਂ ਬਲਕਿ ਅਸੰਭਵ ਹੈ। ਇਹਨਾਂ ਸਵਾਲਾਂ ਦਾ ਵੇਰਵਾ ਹੇਠ ਦਿਤੇ ਅੁਨਸਾਰ ਹੈ।

1. ਇਸ ਗਲ ਤੇ ਹੁਣ ਆਮ ਸਹਿਮਤੀ ਹੈ ਕਿ ਨਾਮਦੇਵ ਅਤੇ ਹੋਰ ਭਗਤਾਂ ਦੀ ਸਾਰੀ ਬਾਣੀ ਗੁਰੂ ਨਾਨਕ ਸਾਹਿਬ ਨੇ ਆਪ ਇਕੱਤਰ ਕੀਤੀ ਸੀ। ਬਾਣੀ ਦੀ ਚੋਣ ਕਰਦਿਆਂ ਉਹਨਾਂ ਜਰੂਰ ਕੋਈ ਮਾਪਦੰਢ ਰੱਖਿਆ ਹੋਵੇਗਾ। ਇਹ ਮਾਪਦੰਢ ਸਾਨੂੰ ਗੁਰੁ ਗਰੰਥ ਸਾਹਿਬ ਵਿੱਚ ਹੀ ਮਿਲ ਜਾਂਦਾ ਹੈ – “ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ॥” ਪੰਨਾ 646. ਸੋ ਸਿਰਫ ਉਹੀ ਬਾਣੀ ਜੋ ਗੁਰੁ ਨਾਨਕ ਸਾਹਿਬ ਦੇ ਵਿਚਾਰਾਂ ਨਾਲ ਮੇਲ ਖਾਂਦੀ ਸੀ ਚੁਣੀ ਗਈ ਹੋਵੇਗੀ। ਅਗਰ ਗੁਰ ਨਾਨਕ ਸਾਹਿਬ ਆਪ ਕਰਾਮਾਤਾਂ ਨੂੰ “ਅਵਰਾ ਸਾਦ” ਕਹਿ ਕੇ ਨਕਾਰਦੇ ਹਨ ਤਾਂ ਉਹਨਾਂ ਨੇ ਇਸ ਸ਼ਬਦ ਵਿੱਚ ਕਰਾਮਾਤ ਦੀ ਜਗ੍ਹਾ ਜਰੂਰ ਕੁੱਝ ਹੋਰ ਦੇਖਿਆ ਹੋਵੇਗਾ ਨਹੀ ਤਾਂ ਉਹ ਇਸ ਦੀ ਚੋਣ ਨ ਕਰਦੇ। ਇਥੇ ਇਹ ਗਲ ਵੀ ਯਾਦ ਰੱਖਣੀ ਬਣਦੀ ਹੈ ਕਿ ਨਾਮਦੇਵ ਗੁਰੂ ਨਾਨਕ ਸਾਹਿਬ ਤੌਂ ਲਗਭਗ ਦੋ ਸਦੀਆਂ ਪਹਿਲਾਂ ਹੋਏ ਸਨ। ਨਾਮਦੇਵ ਦਾ ਜੀਵਨ ਕਾਲ ਬਹੁਤੇ ਇਤਿਹਾਸਕਾਰ 1270 ਤੋਂ ਲੈ ਕੇ 1350 ਤਕ ਦਾ ਮੰਨਦੇ ਹਨ। ਜਦੋਂ ਗੁਰੁ ਨਾਨਕ ਸਾਹਿਬ ਘੁੰਮਦੇ ਘੁਮਾਂਦੇ ਮਾਹਰਾਸ਼ਟਰ ਪੁਹੰਚੇ ਹੋਣਗੇ ਉਦੌਂ ਤਕ ਨਾਮਦੇਵ ਦੀ ਰਚੀ ਬਾਣੀ ਵਿੱਚ ਬਹੁਤ ਕੁੱਝ ਰਲਗਡ ਹੋ ਚੁਕਾ ਸੀ। ਨਾਮਦੇਵ ਵਾਰੇ ਇਹ ਕਿਹਾ ਆਮ ਪੜ੍ਹਨ ਨੂੰ ਮਿਲਦਾ ਹੈ ਕਿ ਉਸਨੇ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਅਭੰਗ (ਸ਼ਬਦ) ਰਚੇ ਸਨ। ਸੋ ਗੁਰੁ ਨਾਨਕ ਸਾਹਿਬ ਨੇ ਕਾਫੀ ਮਿਹਨਤ ਤੌਂ ਬਾਅਦ 61 ਸ਼ਬਦ ਛਾਂਟ ਕੇ ਕੱਢੇ ਹੋਣਗੇ। ਉਹਨਾਂ ਨਾਮਦੇਵ ਦੀ ਵਿਚਾਰਧਾਰਾ ਅਤੇ ਜ਼ਿੰਦਗੀ ਵਾਰੇ ਵੀ ਪੂਰੀ ਘੋਖ ਪੜਤਾਲ ਕੀਤੀ ਹੋਵੇਗੀ। ਕਿੳਂਕਿ ਇਸੇ ਮਕਸਦ ਲਈ ਤਾਂ ਉਹਨਾਂ ਘਰਬਾਰ ਛੱਡਿਆ ਸੀ। ਉਹਨਾਂ ਦੇ ਆਪਣੇ ਬਚਨ ਹਨ- “ਗੁਰਮੁਖਿ ਖੋਜਤ ਭਏ ਉਦਾਸੀ॥” ਪੰਨਾ 939. ਸੋ ਸਾਨੂੰ ਘੋਖਣਾ ਚਾਹੀਦਾ ਹੈ ਕਿ ਇਸ ਸ਼ਬਦ ਦੇ ਸਹੀ ਅਰਥ ਕੀ ਹਨ।

2. ਇਸ ਸ਼ਬਦ ਦੀ ਰਹਾਉ ਵਾਲੀ ਤੁਕ ਹੈ- “ਨਾਮਾ ਸੁਲਤਾਨੇ ਬਾਧਿਲਾ॥ ਦੇਖਉ ਤੇਰਾ ਹਰਿ ਬੀਠਲਾ॥” ਇਸ ਤੁਕ ਮਤਾਬਿਕ ਇਹ ਸ਼ਬਦ ਨਾਮਦੇਵ ਦੀ ਗ੍ਰਿਫ਼ਤਾਰੀ ਅਤੇ ਸੁਲਤਾਨ ਵਲੋਂ ਪਾਈ ਵੰਙਾਰ ਅਤੇ ਉਸ ਦੇ ਹੰਕਾਰ ਬਾਬਤ ਹੈ। ਅਗਰ ਇਹ ਸ਼ਬਦ ਕਰਾਮਾਤ ਨੂੰ ਮਾਨਤਾ ਦਿੰਦਾ ਹੁੰਦਾ ਤਾਂ ਜ਼ਰੂਰ ਰਹਾਉ ਵਿੱਚ ਇਸ ਦਾ ਜ਼ਿਕਰ ਹੁੰਦਾ ਜਾਂ ਘੱਟੋ ਘੱਟ ਕਰਾਮਾਤ ਸੰਭਾਵਨਾ ਜਾਂ ਪ੍ਰੋੜਤਾ ਵਲ ਇਸ਼ਾਰਾ ਹੀ ਹੁੰਦਾ।

3. ਗੁਰਮਤਿ ਅੁਨਸਾਰ ਅਕਾਲ ਪੁਰਖ ਦਾ ਹੁਕਮ ਜਾਂ ਨਿਯਮ ਅਟੱਲ ਹੈ। ਜਿਸ ਮੁਤਾਬਿਕ ਮਰੇ ਹੋਏ ਨੂੰ ਜੀਉਂਦਾ ਕਰਨਾ ਨਾ ਮੁਮਕਿਨ ਹੈ। ਨਾਮਦੇਵ ਖੁਦ ਵੀ ਇਹ ਗਲ ਇਸ ਸ਼ਬਦ ਵਿੱਚ ਕਹਿੰਦੇ ਨੇ। “ਬਾਦਿਸਾਹ ਐਸੀ ਕਿਉ ਹੋਇ॥ ਬਿਸਮਿਲਿ ਕੀਆ ਨ ਜੀਵੇ ਕੋਇ॥”

4. ਕਰਾਮਾਤ ਦਾ ਸਿਧਾ ਮਤਲਬ ਇਹ ਨਿਕਲਦਾ ਹੈ ਕਿ ਰੱਬ ਕੁੱਝ ਖਾਸ ਬੰਦਿਆਂ ਦੇ ਕਹਿਣ ਤੇ ਆਪਣੇ ਨਿਯਮ ਬਦਲ ਦਿੰਦਾ ਹੈ। ਇਹ ਖਿਆਲ ਖਾਲਕ ਅਤੇ ਉਸ ਦੀ ਖਲ਼ਕਤ ਵਿੱਚ ਵਿਚੋਲਗਿਰੀ ਦੀ ਸੰਭਾਵਨਾ ਨੂੰ ਜਨਮ ਦਿੰਦਾ ਹੈ ਜਿਸ ਨਾਲ ਪੁਜਾਰੀਵਾਦ ਹੋਂਦ ਵਿੱਚ ਆਉਂਦਾ ਹੈ। ਇਹ ਸਭ ਗੁਰਮਤਿ ਦੇ ਉਲਟ ਹੈ।

5. ਇਸ ਸ਼ਬਦ ਦੇ ਅਖੀਰ ਵਿੱਚ ਨਾਮਦੇਵ ਨਿੰਦਕਾਂ ਅਤੇ ਉਹਨਾਂ ਨੂੰ ਹੋਈ ਨਮੋਸ਼ੀ ਦਾ ਜ਼ਿਕਰ ਕਰਦੇ ਨੇ ਜਿਸ ਤੋਂ ਇਹ ਸਾਬਤ ਹੁੰਦਾ ਹੈ ਕਿ ਇਸ ਸ਼ਬਦ ਵਿੱਚ ਬਿਆਨ ਕੀਤੀਆਂ ਘਟਨਾਵਾਂ ਪਿਛੇ ਇਹਨਾਂ ਨਿੰਦਕਾਂ ਦਾ ਹੱਥ ਹੈ। ਗੁਰੁ ਰਾਮਦਾਸ ਵੀ ਇਸ ਗਲ ਦੀ ਗਵਾਹੀ ਭਰਦੇ ਨੇ। (1) ਸੋ ਇਸ ਸ਼ਬਦ ਦਾ ਮੁਖ ਮੁੱਦਾ ਨਾਮਦੇਵ ਦਾ ਨਿੰਦਕਾਂ ਦੀ ਮਿਹਰਬਾਨੀ ਬਦੌਲਤ ਗ੍ਰਿਫ਼ਤਾਰ ਹੋਣਾ ਅਤੇ ਨਿੰਦਕਾਂ ਨੂੰ ਆਖਰ ਵਿੱਚ ਹੋਈ ਨਮੋਸ਼ੀ ਹੈ। ਇਹ ਗਲ ਰਹਾਉ ਵਾਲੀ ਤੁਕ ਨਾਲ ਵੀ ਮੇਲ ਖਾਂਦੀ ਹੈ।

6. ਇਸ ਸ਼ਬਦ ਵਿੱਚ ਤਿੰਨ ਗਾਂਵਾਂ ਦਾ ਜ਼ਿਕਰ ਹੈ। ਇੱਕ ਜੋ ਜਿਬ੍ਹਾ ਕੀਤੀ ਗਈ ਸੀ। ਦੂਜੀ ਜਿਸ ਦਾ ਦੁਧ ਚੋਇਆ ਗਿਆ। ਤੀਜੀ ਜਿਸ ਨੂੰ ਬਖ਼ਸ਼ਣ ਲਈ ਸੁਲਤਾਨ ਅਰਜ਼ ਕਰਦਾ ਹੈ। ਸ਼ਬਦ ਵਿਚਲੀ ਗਵਾਹੀ ਤੋਂ ਇਹ ਕਹਿਣਾ ਮੁਸ਼ਕਿਲ ਹੈ ਕਿ ਤਿੰਨ੍ਹੇ ਗਾਵਾਂ ਵੱਖ ਵੱਖ ਨਹੀਂ ਹਨ। ਅਗਰ ਤਿੰਨੇ ਗਾਵਾਂ ਵੱਖ ਵੱਖ ਹਨ ਤਾਂ ਕਰਾਮਾਤ ਵਾਲੀ ਗਲ ਆਪਣੇ ਆਪ ਝੂਠੀ ਹੋ ਜਾਂਦੀ ਹੈ। ਇਹ ਗਲ ਵੀ ਡੂੰਘੀ ਵਿਚਾਰ ਦੀ ਮੰਗ ਕਰਦੀ ਹੈ ਕਿ ਉਹ ਗਾਂ ਕਿਹੜੀ ਹੈ ਜਿਸ ਨੂੰ ਬਖ਼ਸ਼ਣ ਲਈ ਕਾਜ਼ੀ ਮੁਲਾਂ ਬੇਨਤੀ ਕਰਦੇ ਨੇ। ਇਥੇ ਸੁਲਤਾਨ ਆਪਣੇ ਆਪ ਨੂੰ ਗਾਂ ਆਖਦਾ ਹੈ ਜਿਸ ਤੋਂ ਇਹ ਤਾਂ ਸਪਸ਼ਟ ਹੈ ਕਿ ਇਥੇ ਗਾਂ ਇੱਕ ਪ੍ਰਤੀਕ ਵਜੋਂ ਵਰਤੀ ਗਈ ਹੈ। ਸ਼ਬਦ ਦੀ ਵਿਚਾਰ ਕਰਦਿਆਂ ਅਸੀ ਇਸ ਪ੍ਰਤੀਕ ਨੂੰ ਸਹਝਣ ਦੀ ਕੋਸ਼ਿਸ਼ ਕਰਾਂਗੇ।

7. ਕਹਾਣੀ ਮੁਤਾਬਿਕ ਜਿਹੜੀ ਗਾਂ ਜਿਬ੍ਹਾ ਕੀਤੀ ਗਈ ਅਤੇ ਫਿਰ ਜੀੳਂਦੀ ਹੋ ਗਈ ਉਹ ਗਾਂ ਲਵੇਰੀ ਜਾਂ ਤਾਜੀ ਸੂਈ ਹੋਈ ਸੀ। ਕਿੳਂਕਿ ਜੀੳਂਦੇ ਹੁੰਦਿਆਂ ਸਾਰ ਹੀ ਉਹ ਆਪਣੇ ਵੱਛੈ ਲਈ ਤਾਂਙਦੀ ਤੇ ਅੜਿੰਗਦੀ ਹੈ। ਕੀ ਇਹੋ ਜਿਹੀ ਗਾਂ ਜਿਬ੍ਹਾ ਕੀਤੀ ਜਾ ਸਕਦੀ ਹੈ? ਮੈਨੂੰ ਇਸ ਵਿਸ਼ੇ ਵਾਰੇ ਜ਼ਿਆਦਾ ਜਾਣਕਾਰੀ ਤਾਂ ਨਹੀਂ ਹੈ। ਪਰ ਇੰਟਰਨੈਟ ਤੇ ਖ਼ੋਜ ਕਰਨ ਤੇ ਮੈਨੂੰ ਜੋ ਜਾਣਕਾਰੀ ਮਿਲੀ ਉਹ ਇਸ ਤਰ੍ਹਾਂ ਹੈ। ਮੁਸਲਮਾਨ ਕਿਸੇ ਵੀ ਪਸ਼ੂ ਦੀ ਕੁਰਬਾਨੀ ਖ਼ੁਦਾ ਨੂੰ ਖੁਸ਼ ਕਰਨ ਲਈ ਨਹੀ ਕਰਦੇ ਬਲਕਿ ਪਸ਼ੂ ਨੂੰ ਭੋਜਨ ਕਰਕੇ ਖਾਣ ਲਈ ਖ਼ੁਦਾ ਦਾ ਇਸ ਲਈ ਸ਼ੁਕਰੀਆ ਅਦਾ ਕਰਦੇ ਹਨ। ਇਸੇ ਕਰਕੇ ਉਹ ਹਰ ਪਸ਼ੂ ਦੀ ਕੁਰਬਾਨੀ ਨਹੀਂ ਦੇ ਸਕਦੇ। ਮਿਸਾਲ ਦੇ ਤੌਰ ਤੇ ਅਗਰ ਕੋਈ ਪਸ਼ੂ ਕਮਜ਼ੋਰ ਹੈ, ਅੰਨਾ ਹੈ, ਲ਼ੰਗੜਾ ਹੈ, ਉਸ ਦੇ ਸਿੰਙ ਨਹੀਂ ਹਨ, ਉਸ ਦੇ ਦੰਦ ਨਹੀਂ ਹਨ, ਉਸ ਦੇ ਕੰਨ ਨਹੀਂ ਹਨ- ਅਜਿਹੇ ਪਸ਼ੂ ਕੁਰਬਾਨੀ ਦੇ ਕਾਬਿਲ ਨਹੀਂ ਮੰਨੇ ਗਏ। ਅਗੇ ਜਾ ਕਿ ਇਹ ਵੀ ਲਿਖਿਆ ਮਿਲਦਾ ਹੈ ਕਿ ਅਗਰ ਕੁਰਬਾਨੀ ਲਈ ਲਿਆਂਦਾ ਪਸ਼ੂ ਸੂ ਪੈਂਦਾ ਹੈ ਤਾਂ ਉਸਦੇ ਵੱਛੂ/ਕੱਟੂ ਦੀ ਕੁਰਬਾਨੀ ਵੀ ਨਾਲ ਹੀ ਦਿਤੀ ਜਾਣੀ ਚਾਹੀਦੀ ਹੈ। (2) ਕਿੳਂਕਿ ਸੁਲਤਾਨ ਆਪਣੇ ਧਰਮ ਵਿੱਚ ਪੱਕਾ ਸੀ ਇਸ ਕਰਕੇ ਜੋ ਗਾਂ ਜਿਬ੍ਹਾ ਕੀਤੀ ਗਈ ਹੋਵੇਗੀ ਉਸ ਦੇ ਵੱਛੇ ਨੂੰ ਵੀ ਜ਼ਰੂਰ ਜਿਬ੍ਹਾ ਕੀਤਾ ਹੋਏਗਾ। ਉਹ ਕਿਸੇ ਹਾਲਤ ਵਿੱਚ ਵੀ ਜੀਉਂਦਾ ਨਹੀਂ ਸੀ ਰਹਿ ਸਕਦਾ। ਸੋ ਜਿਸ ਗਾਂ ਦਾ ਦੁਧ ਚੋਇਆ ਗਿਆ ਉਹ ਗਾਂ ਹੋਰ ਸੀ ਜਾਂ ਇਥੇ ਗਾਂ ਨੂੰ ਇੱਕ ਪ੍ਰਤੀਕ ਵਜੋਂ ਵਰਤਿਆ ਗਿਆ ਹੈ। ਜਾਂ ਇਹ ਵੀ ਹੋ ਸਕਦਾ ਹੈ ਕਿ ਕੋਈ ਵੀ ਗਾਂ ਜਿਬ੍ਹਾ ਨਹੀਂ ਕੀਤੀ ਗਈ ਬਲਕਿ ਸੁਲਤਾਨ ਨੇ ਨਾਮਦੇਵ ਨੂੰ ਵੰਙਾਰ ਕੇ ਕਿਹਾ ਹੀ ਸੀ ਕਿ ਕੀ ਤੇਰਾ ਬੀਠਲ ਜਿਬ੍ਹਾ ਹੋਈ ਗਾਂ ਜਿਉਂਦੀ ਕਰ ਸਕਦਾ ਹੈ?

8. ਕਈ ਥਾਂਵਾਂ ਤੇ ਇਹ ਵੀ ਲਿਖਿਆ ਮਿਲਦਾ ਹੈ ਕਿ ਸੁਲਤਾਨ ਨੇ ਨਾਮਦੇਵ ਨੂੰ ਗਾਂ ਦੀ ਵਜਾਏ ਬਿਸਮਿਲਿ ਕੀਤੇ ਹੋਏ ਵੱਛੇ ਨੂੰ ਜੀਉਂਦਾ ਕਰਨ ਲਈ ਆਖਿਆ ਸੀ। ਇਹ ਵੀ ਲਿਖਿਆ ਮਿਲਦਾ ਹੈ ਕਿ ਜਿਹੜਾ ਹਾਥੀ ਨਾਮਦੇਵ ਉਤੇ ਚੜ੍ਹਾਇਆ ਸੀ ਉਸ ਦੀ ਮੌਤ ਹੋ ਜਾਂਦੀ ਹੈ ਅਤੇ ਵੱਛਾ ਜੀਉਂਦਾ ਹੋ ਜਾਂਦਾ ਹੈ। (3} ਇੰਟਰਨੈਟ ਤੇ ਕਈ ਤਰਾਂ ਦੇ ਹੋਰ ਵੀ ਵਿਰਤਾਂਤ ਪੜ੍ਹਨ ਨੂੰ ਮਿਲਦੇ ਹਨ। ਇੱਕ ਜਗ੍ਹਾ ਮੈਂ ਇਹ ਵੀ ਪੜਿਆ ਕਿ ਨਾਮਦੇਵ ਨੂੰ ਕਤਲ ਕੀਤੇ ਬ੍ਰਾਹਮਣ ਨੂੰ ਜੀਉਂਦਾ ਕਰਨ ਲਈ ਕਿਹਾ ਗਿਆ ਸੀ। ਸੋ ਇਹ ਭਰੋਸੇ ਨਾਲ ਨਹੀਂ ਕਿਹਾ ਜਾ ਸਕਦਾ ਕਿ ਕੀ ਸੱਚ ਹੈ।

9. ਗੁਰੂ ਨਾਨਕ ਸਾਹਿਬ ਦੀ 500 ਸਾਲਾ ਸ਼ਤਾਬਦੀ ਮਨਾਉਂਦਿਆਂ ਪੰਜਾਬੀ ਯੁਨੀਵਰਸਟੀ ਪਟਿਆਲਾ ਨੇ ਡਾ: ਪ੍ਰਭਾਕਰ ਮਾਚਵੇ ਦੀ ਨਾਮਦੇਵ ਦੇ ਜੀਵਨ ਅਤੇ ਫਲਸਫੇ ਉੱਪਰ ਲਿਖੀ ਪੁਸਤਿਕ ਛਾਪੀ ਹੈ। (4) ਇਸ ਲੇਖਕ ਨੇ ਮਰਾਠੀ, ਹਿੰਦੀ ਅਤੇ ਅੰਗਰੇਜ਼ੀ ਭਾਸ਼ਾਵਾਂ ਵਿੱਚ ਛਪੀਆਂ ਪੁਸਤਿਕਾਂ ਦਾ ਅਧਿਐਨ ਕੀਤਾ ਹੈ। ਇਸ ਪੁਸਤਿਕ ਵਿੱਚ ਵੀ ਇਸ ਘਟਨਾ ਦਾ ਜੋ ਜ਼ਿਕਰ ਹੈ ਉਹ ਬੜਾ ਅਜ਼ੀਬ ਹੈ ਅਤੇ ਸੰਖੇਪ ਵਿੱਚ ਕੁੱਝ ਇਸ ਤਰ੍ਹਾਂ ਹੈ। ਇੱਕ ਬ੍ਰਾਹਮਣ ਨੇ ਕਸਮ ਖਾ ਲਈ ਕਿ ਉਹ ਨਾਮਦੇਵ ਨੂੰ ਪੰਡਰਪੁਰ ਤੋਂ ਬਿਦਰ ਉਸ ਦੇ ਅਭੰਗ ਸੁਣਨ ਲਈ ਬੁਲਾਏਗਾ। ਨਾਮਦੇਵ ਨੇ ਇਨਕਾਰ ਕਰ ਦਿਤਾ ਪਰ ਰੱਬ ਨੇ ਉਸ ਨੂੰ ਬ੍ਰਾਹਮਿਣ ਦੀ ਗਲ ਮੰਨਣ ਲਈ ਆਖਿਆ ਤਾਂ ਉਹ ਆਪਣੇ ਸ਼ਰਧਾਲ਼ੂਆਂ ਸਮੇਤ ਬਿਦਰ ਵਲ ਚਲ ਪਿਆ। ਬਿਦਰ ਦੇ ਸੁਲਤਾਨ ਨੇ ਸਮਝਿਆ ਕਿ ਕੋਈ ਉਸ ਤੇ ਹਮਲਾ ਕਰਨ ਆ ਰਿਹਾ ਹੈ ਜਿਸ ਦਾ ਜਵਾਬ ਦੇਣ ਲਈ ਉਸ ਨੇ ਆਪਣੇ ਵਜ਼ੀਰ ਕਾਸ਼ੀਪੰਤ ਨੂੰ ਭੇਜਿਆ। ਨਾਮਦੇਵ ਨੂੰ ਗ੍ਰਿਫਤਾਰ ਕਰ ਲਿਆ ਗਿਆ। ਸੁਲਤਾਨ ਨੇ ਇੱਕ ਗਾਂ ਦਾ ਕਤਲ ਕੀਤਾ ਅਤੇ ਨਾਮਦੇਵ ਨੂੰ ਇਸ ਨੂੰ ਜੀਉਂਦੀ ਕਰਨ ਲਈ ਆਖਿਆ। ਅਗਰ ਨਾਮਦੇਵ ਅਜਿਹਾ ਨਹੀ ਕਰਦਾ ਤਾਂ ਸੁਲਤਾਨ ਸਾਰਿਆਂ ਨੂੰ ਮੁਸਲਮਾਨ ਬਣਾ ਲਵੇਗਾ। ਐਨ ਇਸ ਵਕਤ ਭਗਵਾਨ ਨਾਮਦੇਵ ਦੀ ਮਦਦ ਲਈ ਬਹੁੜੇ। ਨਾਮਦੇਵ ਨੂੰ ਕੁੱਝ ਅਵਾਜਾਂ ਸੁਣਾਈ ਦਿਤੀਆਂ। ਉਸ ਨੇ ਗਾਂ ਦਾ ਕੱਟਿਆ ਹੋਇਆ ਸਿਰ ੳਸਦੇ ਧੜ ਨਾਲ ਜੋੜ ਕੇ ਰੱਖ ਦਿੱਤਾ। ਗਾਂ ਜੀਉਂਦੀ ਹੋ ਗਈ। ਪਰ ਉਸੇ ਵੇਲੇ ਇੱਕ ਹੋਰ ਭਾਣਾ ਵਰਤਿਆ। ਕਾਲੇ, ਪੀਲੇ ਅਤੇ ਲਾਲ ਰੰਗ ਦੇ ਸੱਪ ਸਾਰੇ ਸ਼ਹਿਰ ਵਿੱਚ ਨਿਕਲ ਆਏ ਅਤੇ ਸੁਲਤਾਨ ਦੇ ਬੰਦਿਆਂ ਨੂੰ ਡੰਗ ਕੇ ਮਾਰ ਦਿੱਤਾ। ਕਾਸ਼ੀਪੰਤ ਨੇ ਨਾਮਦੇਵ ਨੂੰ ਬੇਨਤੀ ਕੀਤੀ ਕਿ ਸੁਲਤਾਨ ਦੇ ਬੰਦਿਆਂ ਤੇ ਰਹਿਮ ਕਰੇ। ਨਾਮਦੇਵ ਨੇ ਉਸ ਦੀ ਗੁਜ਼ਾਰਿਸ਼ ਨੂੰ ਪ੍ਰਵਾਨ ਕਰ ਲਿਆ। ਸਾਰੇ ਬੰਦੇ ਫਿਰ ਜੀਉਂਦੇ ਹੋ ਗਏ। ਇਸ ਕਹਾਣੀ ਦੇ ਇਹ ਸਾਰੇ ਭਿੰਨ੍ਹ ਭਿੰਨ੍ਹ ਤਰ੍ਹਾਂ ਦੇ ਵ੍ਰਿਤਾਂਤ ਇਸ ਕਹਾਣੀ ਦੇ ਝੂਠਾ ਹੋਣ ਦੇ ਸਬੂਤ ਹਨ।

10. ਇਕ ਹੋਰ ਦਿਲਚਸਪ ਗਲ ਇਹ ਹੈ ਕਿ ਅਗਰ ਅਸੀਂ ਸੁਲਤਾਨ ਤੁਗਲਿਕ ਵਾਰੇ ਪੜ੍ਹਦੇ ਹਾਂ ਤਾਂ ਇਸ ਘਟਨਾ ਦਾ ਕੋਈ ਖਾਸ ਜ਼ਿਕਰ ਨਹੀਂ ਮਿਲਦਾ। ਪਰ ਜਦੋਂ ਅਸੀਂ ਨਾਮਦੇਵ ਵਾਰੇ ਪੜ੍ਹਦੇ ਹਾਂ ਤਾਂ ਜਰੂਰ ਇਹੋ ਜਿਹੀਆਂ ਮਸਾਲੇਦਾਰ ਕਹਾਣੀਆਂ ਪੜ੍ਹਨ ਨੂੰ ਮਿਲਦੀਆਂ ਹਨ। ਇਹ ਮੰਨਣ ਨੂੰ ਯਕੀਨ ਨਹੀਂ ਕਰਦਾ ਕਿ ਆਪਣੇ ਸਮੇ ਦੇ ਇੱਕ ਅਤੀ ਸ਼ਕਤੀਸ਼ਾਲੀ ਸੁਲਤਾਨ ਨੇ ਇੱਕ ਫ਼ਕੀਰ ਦੇ ਅਗੇ ਗੋਡੇ ਟੇਕੇ ਹੋਣ ਤੇ ਇਸ ਘਟਨਾ ਨੂੰ ਉਸ ਦੀ ਜੀਵਨੀ ਲਿਖਣ ਵਾਲਿਆਂ ਨੇ ਨਜ਼ਰ ਅੰਦਾਜ਼ ਕਰ ਦਿਤਾ ਹੋਵੇ।

11. ਇਕ ਗਲ ਜੋ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਕਿ ਕਰਾਮਾਤ ਦੀ ਅਸਲ ਕਰਾਮਾਤ ਲੋਕਾਈ ਨੂੰ ਅਸਲ ਮੁੱਦੇ ਤੋਂ ਭਟਕਾਉਣਾ ਹੁੰਦਾ ਹੈ। ਪੁਜਾਰੀ ਜਮਾਤ ਨੇ ਦੁਨੀਆਂ ਦੇ ਹਰ ਪੀਰ ਪੈਗੰਬਰ ਦੇ ਪੈਗਾਮ ਦੇ ਅਸਰ ਨੂੰ ਇਸੇ ਦਵਾਈ ਨਾਲ ਮਾਰਿਆ ਹੈ। ਭਾਈ ਗੁਰਦਾਸ ਨੇ ਆਪਣੀ ਦਸਵੀਂ ਵਾਰ ਭਗਤਾਂ ਵਾਰੇ ਉਚਾਰੀ ਹੈ ਜਿਸ ਵਿੱਚ ਉਹ ਨਾਮਦੇਵ ਦੀਆਂ ਚਾਰ ਕਰਾਮਾਤਾਂ ਦਾ ਜਿਕਰ ਕਰਦੇ ਨੇ ਜਿਹਨਾਂ ਵਿੱਚ ਮਰੀ ਹੋਈ ਗਊ ਨੂੰ ਮੁੜ ਜਿਉਂਦਾ ਕਰਨਾ ਵੀ ਸ਼ਾਮਲ ਹੈ। ਭਾਈ ਵੀਰ ਸਿੰਘ (5) ਇਸ ਵਾਰ ਦਾ ਭਾਵ ਅਰਥ ਕਰਦਿਆਂ ਲਿਖਦੇ ਹਨ ਕਿ ਨਾਮਦੇਵ ਦੇ ਜੀਵਨ ਬਾਬਤ ਬਹੁਤ ਸਾਰੀਆਂ ਹੋਰ ਝੂਠੀਆਂ ਕਹਾਣੀਆਂ ਵੀ ਪ੍ਰਚਲਤ ਹੋ ਗਈਆਂ ਹਨ। ਇੱਕ ਕਹਾਣੀ ਜਿਸ ਦਾ ਉਹ ਜ਼ਿਕਰ ਕਰਦੇ ਨੇ ਉਹ ਇਹ ਹੈ ਕਿ ਭਗਤ ਨਾਮਦੇਵ ਵਿਧਵਾ ਮਾਂ ਨੂੰ ਪੈਦਾ ਹੋਏ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਨਾਮਦੇਵ ਦਾ ਜਨਮ ਕਿਸੇ ਔਰਤ ਦੇ ਪੇਟੋਂ ਨਹੀਂ ਹੋਇਆ ਬਲਕਿ ਉਹ ਚੰਦਰਭਾਗਾ ਨਦੀ `ਚ ਸਿਪੀ `ਚ ਪਿਆ ਮਿਲਿਆ ਸੀ। ਇੰਟਰਨੈੱਟ ਤੇ ਇਹ ਵੀ ਪੜ੍ਹਨ ਨੂੰ ਮਿਲਦਾ ਹੈ ਕਿ ਨਾਮਦੇਵ ਪਹਿਲਾਂ ਇੱਕ ਡਾਕੂ ਹੁੰਦਾ ਸੀ। ਇਸ ਸਭ ਤੋਂ ਇੱਕ ਗਲ ਤਾਂ ਸਾਬਤ ਹੋ ਜਾਂਦੀ ਹੈ ਕਿ ਨਾਮਦੇਵ ਦੇ ਜੀਵਨ ਵਾਰੇ ਬਹੁਤ ਕੁੱਝ ਝੂਠ ਪ੍ਰਚਲਤ ਹੋ ਚੁਕਾ ਸੀ/ਹੈ। ਸਮਾ ਪਾ ਕਿ ਇਸ ਝੂਠ ਦਾ ਅੰਬਾਰ ਇਤਨਾ ਵੱਡਾ ਹੋ ਗਿਆ ਹੈ ਕਿ ਇਤਿਹਾਸ ਵਿਚੋਂ ਅਸਲੀ ਨਾਮਦੇਵ ਲੱਭਣਾ ਮੁਸ਼ਕਿਲ ਹੈ। ਅਗਰ ਨਾਮਦੇਵ ਵਾਰੇ ਬਾਕੀ ਕਹਾਣੀਆਂ ਨੂੰ ਝੂਠੀਆਂ ਕਿਹਾ ਜਾਂਦਾ ਹੈ ਤਾਂ ਮਰੀ ਹੋਈ ਗਾਂ ਦਾ ਜਿਉਂਦਾ ਹੋਣਾ ਵੀ ਇੱਕ ਝੂਠੀ ਕਹਾਣੀ ਹੋ ਸਕਦੀ ਹੈ ਇਸ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਗੁਰੂ ਸਹਿਬਾਨ ਦੀ ਦੂਰ ਦ੍ਰਿਸ਼ਟੀ ਤੋਂ ਸਦਕੇ ਜਾਣ ਨੂੰ ਜੀ ਕਰਦਾ ਹੈ ਜਿਹਨਾ ਮਿਹਨਤ ਨਾਲ ਨਾਮਦੇਵ ਦੀ ਬਾਣੀ ਸੰਭਾਲੀ ਜਿਸ ਤੋ ਅਸੀਂ ਅਸਲ ਨਾਮਦੇਵ ਲੱਭ ਸਕਦੇ ਹਾਂ।

12. ਪ੍ਰੋ ਸਾਹਿਬ ਸਿੰਘ ਨੇ ਵੀ ਇਸ ਸ਼ਬਦ ਦੇ ਅਰਥ ਇਸ ਕਹਾਣੀ ਮੁਤਾਬਿਕ ਕੀਤੇ ਨੇ। ਪ੍ਰੋ ਸਾਹਿਬ ਦਾ ਅਸੀਂ ਦੇਣ ਕਦੀ ਨਹੀਂ ਮੋੜ ਸਕਦੇ। ਮੈਨੂੰ ਜੋ ਵੀ ਗੁਰਮਤਿ ਦੀ ਸਮਝ ਆਈ ਹੈ ਉਹ ਉਹਨਾ ਦੀ ਬਦੌਲਤ ਹੀ ਹੈ। ਉਹ ਇੱਕ ਮਜ਼ਬੂਤ ਨੀਂਹ ਰੱਖ ਗਏ ਨੇ ਜਿਸ ਤੇ ਗੁਰਬਾਣੀ ਦੇ ਸਹੀ ਅਰਥਾਂ ਦਾ ਮਹਿਲ ਉਸਾਰਿਆ ਜਾ ਸਕਦਾ ਹੈ। ਉਹਨਾ ਦਾ ਸਤਿਕਾਰ ਵੀ ਇਸੇ ਵਿੱਚ ਹੈ ਕਿ ਅਸੀ ਉਹਨਾਂ ਵਲੋ ਦਿੱਤੀ ਸੇਧ ਵਿੱਚ ਤੁਰਦੇ ਜਾਈਏ। ਉਹਨਾ ਨੇ ਨਾਮਦੇਵ ਦੀ ਬਾਣੀ ਦੇ ਅਰਥ ਕਰਦਿਆਂ ਉਹਨਾਂ ਵਾਰੇ ਬਹੁਤ ਸਾਰੇ ਭੁਲੇਖੇ ਆਪਣੀ ਖ਼ੋਜ਼ ਰਾਹੀਂ ਦੂਰ ਕਰ ਦਿਤੇ ਹਨ। ਮਸਲਨ:

ਉਹਨਾ ਬਹੁਤ ਹੀ ਜ਼ੋਰਦਾਰ ਦਲੀਲਾਂ ਦੁਆਰਾ ਸਿਧ ਕੀਤਾ ਹੈ ਕਿ ਨਾਮਦੇਵ ਦਾ ਬੀਠਲ ਕੋਈ ਮੂਰਤੀ ਨਹੀ ਬਲਕਿ ਗੁਰਮਤਿ ਦਾ ਅਕਾਲ ਪੁਰਖ ਹੀ ਹੈ।

ਉਹਨਾਂ ਇਹ ਵੀ ਸਾਬਤ ਕੀਤਾ ਕਿ ਨਾਮਦੇਵ ਦੀ ਬਾਣੀ ਹੀ ਸਾਨੂੰ ਦੱਸਦੀ ਹੈ ਕਿ ਉਹਨਾ ਨੂੰ ਰੱਬ ਕਿਸੇ ਮੂਰਤੀ ਵਿਚੌਂ ਨਹੀਂ ਬਲਕਿ “ਗੁਰ ਉਪਦੇਸੁ ਭੈਲਾ” ਦੁਆਰਾ ਮਿਲਿਆ।

ਉਹਨਾਂ ਬੇਤੋੜ ਤਰਕ ਰਾਂਹੀਂ ਇਹ ਵੀ ਸਿਧ ਕੀਤਾ ਕਿ ਨਾਮਦੇਵ ਦੀ ਬਾਣੀ ਵਿੱਚ ਆਏ ਸ਼ਬਦ ਰਾਮ, ਕ੍ਰਿਸ਼ਨ ਆਦਿ ਇਹ ਨਹੀ ਸਿਧ ਕਰਦੇ ਕਿ ਉੇਹ ਇਹਨਾ ਦੇ ਭਗਤ ਸਨ ਜਾਂ ਉਹ ਅਵਤਾਰਵਾਦ ਨੂੰ ਮੰਨਣ ਵਾਲੇ ਸਨ।

ਉਹਨਾਂ ਗੁਰੂ ਨਾਨਕ ਸਾਹਿਬ ਅਤੇ ਭਗਤ ਨਾਮਦੇਵ ਦੀ ਬਾਣੀ ਦਾ ਟਾਕਰਾ ਕਰ ਕੇ ਇਹ ਸਿਧ ਕੀਤਾ ਕਿ ਗੁਰੁ ਨਾਨਕ ਸਾਹਿਬ ਨੇ ਨਾਮਦੇਵ ਦੀ ਬਾਣੀ ਵਿਚਲੇ ਖਿਆਲ ਖੋਲਣ ਲਈ ਵੀ ਬਾਣੀ ਰਚੀ ਜਿਸ ਤੋ ਇਹ ਸਪਸ਼ਟ ਹੁੰਦਾ ਹੈ ਕਿ ਨਾਮਦੇਵ ਦੀ ਬਾਣੀ ਗੁਰੂ ਨਾਨਕ ਸਾਹਿਬ ਨੇ ਖੁਦ ਇਕੱਤਰ ਕੀਤੀ ਸੀ।

ਨਾਮਦੇਵ ਦੀ ਬਾਣੀ ਦੇ ਅਰਥ ਕਰਦਿਆਂ ਪ੍ਰੋ ਸਾਹਿਬ ਸਿੰਘ ਨੇ ਭਗਤ ਬਾਣੀ ਦੇ ਉਹਨਾਂ ਵਿਰੋਧੀਆਂ ਨੂੰ ਵੀ ਮੁੰਹ ਤੋੜਵਾਂ ਜਵਾਬ ਦਿਤਾ ਹੈ ਜੋ ਨਾਮਦੇਵ ਦੀ ਰਚਨਾ ਵਿੱਚ ਵੇਦਾਂਤ ਅਤੇ ਯੋਗ ਅਭਿਆਸ ਭਾਲਦੇ ਨੇ।

ਰਾਗ ਆਸਾ ਵਿੱਚ ਪੰਨਾ 486 ਤੇ ਨਾਮਦੇਵ ਦੇ ਇੱਕ ਸ਼ਬਦ ਦੇ ਅਰਥ ਕਰਦਿਆਂ ਉਹ ਇੱਕ ਬਹੁਤ ਹੀ ਸਿਆਣੀ ਅਤੇ ਸੁਆਦਲੀ ਗਲ ਲਿਖਦੇ ਨੇ ਕਿ ਸਾਨੂੰ “ਸੁਆਰਥੀ ਲੌਕਾਂ ਦੀਆਂ ਘੜੀਆਂ ਕਹਾਣੀਆਂ” ਦੀ ਵਜਾਏ ਨਾਮਦੇਵ ਦੇ ਆਪਣੇ ਬਚਨਾਂ ਉਪਰ ਇਤਬਾਰ ਕਰਨਾ ਚਾਹੀਦਾ ਹੈ। ਉਹ ਅਗੇ ਸਾਨੂੰ ਸਭ ਨੂੰ ਤਾੜਨਾ ਕਰਦੇ ਹੋਏ ਕਹਿੰਦੇ ਹਨ, “ਸੰਭਲ ਕੇ ਵਿਚਾਰੋ ਕਿ ਜਿਸ ਦੇ ਸਦੀਆਂ ਦੇ ਬਣੇ ਧਾਰਮਿਕ ਰਸੂਖ਼ ਅਤੇ ਮੁਫ਼ਤ ਦੀ ਰੋਟੀ ਦੇ ਵਸੀਲੇ ਉੱਤੇ ਨਾਮਦੇਵ, ਕਬੀਰ, ਰਵਿਦਾਸ ਵਰਗੇ ਸੂਰਮੇ ਮਰਦਾਂ ਨੇ ਕਰਾਰੀ ਚੋਟ ਮਾਰੀ, ਉਸ ਨੇ ਇਹ ਚੋਟ ਲੰਮੇ ਪੈ ਕੇ ਹੀ ਨਹੀ ਸਹਾਰਨੀ ਸੀ, ਉਸ ਨੇ ਭੀ ਆਪਣਾ ਵਾਰ ਕਰਨਾ ਸੀ ਆਪਣਾ ਅਸਰ ਰਸੂਖ਼ ਮੁੜ ਬਨਾਣਾ ਸੀ।” ਇਹ ਸਾਰੀਆਂ ਕਹਾਣੀਆਂ ਪੁਜਾਰੀ ਜਮਾਤ ਦਾ ਮੋੜਵਾ ਵਾਰ ਨੇ ਜਿਸ ਵਿੱਚ ਉਹ ਬਹੁਤ ਹੱਦ ਤਕ ਕਾਮਯਾਬ ਵੀ ਹੋ ਰਹੇ ਨੇ। ਇਸੇ ਕਰਕੇ ਪ੍ਰੋ ਸਾਹਿਬ ਸਿੰਘ ਮੁਤਾਬਿਕ “ਸਾਰੇ ਭਗਤ ਠਾਕਰਾਂ ਦੇ ਪੁਜਾਰੀ ਅਤੇ ਬ੍ਰਾਹਮਣ ਦੇਵਤਿਆਂ ਦੇ ਚੇਲੇ ਬਣਾ ਚਿਤੇ ਗਏ।” (6) ਨਾਮਦੇਵ ਦੀ ਬਾਣੀ ਦੇ ਅਰਥ ਕਰਦਿਆਂ ਪ੍ਰੋ ਸਾਹਿਬ ਸਿੰਘ ਇੱਕ ਜਗ੍ਹਾ ਲਿਖਦੇ ਨੇ “ਜੇ ਭਗਤ ਨਾਮਦੇਵ ਵੀ ਮੂਰਤੀ ਪੂਜ ਹੁੰਦੇ, ਤਾਂ ਇਹਨਾਂ (ਨਾਮਦੇਵ) ਵਾਸਤੇ ਸਤਿਗੁਰੂ ਜੀ ਨੂੰ ਕੋਈ ਖਾਸ ਖਿਚ ਨਹੀਂ ਸੀ ਹੋ ਸਕਦੀ।” (7) ਇਥੇ ਪ੍ਰੋ ਸਾਹਿਬ ਸਾਫ ਲਫ਼ਜ਼ਾਂ ਵਿੱਚ ਕਹਿ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਨਾਮਦੇਵ ਦੀ ਰਚਨਾ ਇਸੇ ਕਰਕੇ ਇਕੱਤਰ ਕੀਤੀ ਅਤੇ ਸਾਂਭੀ ਕਿੳਂਕਿ ਨਾਮਦੇਵ ਦੀ ਵਿਚਾਰਧਾਰਾ ਉਹਨਾਂ ਨਾਲ ਮਿਲਦੀ ਸੀ।

13. ਭਾਈ ਕਾਨ੍ਹ ਸਿੰਘ ਨੇ ਮਹਾਨ ਕੋਸ਼ ਵਿੱਚ ਨਾਮਦੇਵ ਵਾਰੇ ਲਿਖਦਿਆਂ ਇਸ ਕਰਾਮਾਤ ਦਾ ਤਾਂ ਵਰਣਨ ਨਹੀ ਕੀਤਾ ਪਰ ਨਾਮਦੇਵ ਦੀ ਗ੍ਰਿਫਤਾਰੀ ਵਾਰੇ ਇੰਞ ਜ਼ਰੂਰ ਲਿਖਦੇ ਨੇ, “ਨਾਮਦੇਵ ਜੀ ਇੱਕ ਵਾਰ ਮੁਹੰਮਦ ਤੁਗ਼ਲਕ ਮੁਤਅਸਬ ਦਿੱਲੀਪਤਿ ਦੇ ਪੰਜੇ ਵਿੱਚ ਵੀ ਫਸ ਗਏ ਸਨ, ਪਰ ਕਰਤਾਰ ਦੀ ਕ੍ਰਿਪਾ ਨਾਲ ਛੁਟਕਾਰਾ ਹੋਇਆ।”

14. ਪੰਜਾਬੀ ਯੁਨੀਵਰਸਟੀ ਪਟਿਆਲਾ ਨੇ ਜੋ ਪ੍ਰਭਾਕਰ ਮਾਚਵੇ ਦੀ ਨਾਮਦੇਵ ਦੇ ਜੀਵਨ ਅਤੇ ਫਲਸਫੇ ਉੱਪਰ ਲਿਖੀ ਪੁਸਤਿਕ ਛਾਪੀ ਹੈ ਇਸ ਵਿੱਚ ਉਹ ਲਿਖਦੇ ਨੇ ਕਿ ਮਰੀ ਹੋਈ ਗਊ ਜੀਉਂਦੀ ਕਰਨ ਦਾ ਜਿਕਰ ਸਭ ਤੋਂ ਪਹਿਲਾਂ ਨਾਭਾਜੀ ਦੀ ਭਗਤਮਾਲ ਅਤੇ ਗੁਰੂ ਗਰੰਥ ਸਾਹਿਬ ਵਿੱਚ ਮਿਲਦਾ ਹੈ। (8) ਭਗਤਮਾਲ ਦੇ ਰਚਨਹਾਰੇ ਨਾਭਾਜੀ ਵਾਰੇ ਮਹਾਨਕੋਸ਼ ਵਿੱਚ ਇਹ ਜਾਣਕਾਰੀ ਮਿਲਦੀ ਹੈ- “ਭਕੁਮਾਲਾ ਦਾ ਕਰਤਾ ਇੱਕ ਕਵਿ, ਜਿਸ ਦਾ ਜਨਮ ਡੂਮ ਵੰਸ਼ ਵਿੱਚ ਗਵਾਲੀਯਰ ਸ਼ਹਿਰ ਸੰਮਤ 1600 ਵਿੱਚ ਹੋਇਆ। ਇਸ ਦਾ ਅਸਲ ਨਾਮ ਨਾਰਾਇਣ ਦਾਸ ਹੈ। ਇਹ ਅਗਰਦਾਸ ਦਾ ਚੇਲਾ ਵੈਸਨਵ ਸਾਧੂ ਸੀ। ਇਸ ਨੇ 108 ਛੱਪਯ ਛੰਦਾ ਦੀ ਭਗਤਮਾਲ ਸੰਮਤ 1642 ਅਤੇ 1680 ਦੇ ਵਿਚਕਾਰ ਬਣਾਈ ਹੈ ਜਿਸ ਵਿੱਚ ਪ੍ਰਸਿੱਧ ਭਗਤਾਂ ਦੇ ਨਾਮ ਅਤੇ ਸੰਖੇਪ ਨਾਲ ਜੀਵਨ ਵ੍ਰਿਤਾਂਤ ਹੈ ਪਰ ਐਤਿਹਾਸਿਕ ਨਜਰ ਨਾਲ ਇਹ ਪੋਥੀ ਕੁੱਝ ਵੀ ਮੁਲ ਨਹੀਂ ਰੱਖਦੀ।”

ਮੁਹੰਮਦ ਤੁਗਲਕ

ਇਸ ਸ਼ਬਦ ਦੇ ਅਰਥ ਸਮਝਣ ਲਈ ਸੁਲਤਾਨ ਮੁਹੰਮਦ ਤੁਗਲਿਕ ਵਾਰੇ ਜਾਨਣਾ ਵੀ ਲਾਹੇਵੰਦ ਹੋਏਗਾ ਕਿੳਂਕਿ ਸਬਦ ਵਿੱਚ ਬਿਆਨ ਕੀਤੀ ਗਈ ਘਟਨਾ ਦੇ ਉਹ ਮੁਖ ਪਾਤਰ ਹਨ। ਮੁਹੰਮਦ ਤੁਗਲਕ ਵਾਰੇ ਇਹ ਆਮ ਕਿਹਾ ਜਾਂਦਾ ਹੈ ਕਿ ਉਹ ਇੱਕ ਬਹੁਤ ਹੀ ਜ਼ਹੀਨ ਇਨਸਾਨ ਸੀ। ਪਰ ਉਹ ਵਿਵਿਹਾਰਿਕ ਸੋਚ ਨਹੀ ਸੀ ਰਖਦਾ। ਉਸ ਨੇ ਆਪਣੇ ਰਾਜ ਕਾਲ ਦੁਰਾਨ ਕਈ ਅਜਿਹੇ ਫੈਸਲੇ ਲਏ ਜੋ ਵੈਸੇ ਸਿਧਾਂਤਿਕ ਤੌਰ ਤੇ ਤਾਂ ਬੁਹਤ ਵਧੀਆ ਸਨ ਪਰ ਵਿਵਿਹਾਰਿਕ ਨਾ ਹੋਣ ਕਰਕੇ ਕਾਮਯਾਬ ਨਹੀਂ ਹੋਏ ਜਾਂ ਇਹ ਵੀ ਕਿਹਾ ਜਾਂਦਾ ਹੈ ਕਿ ਉਸ ਨੇ ਉਹਨਾ ਫੈਸਲਿਆਂ ਨੂੰ ਅਮਲ ਵਿੱਚ ਲਿਆਉਣ ਲਈ ਲੋੜੀਂਦਾ ਪ੍ਰਬੰਧਕੀ ਢਾਂਚਾ ਮੁਹੱਈਆ ਨਹੀਂ ਕਰਵਾਇਆ। ਜਿਵੇ ਦੋਹਰੀ ਰਾਜਧਾਨੀ ਦੇ ਸੰਕਲਪ ਤਹਿਤ ਰਾਜਧਾਨੀ ਨੂੰ ਦਿੱਲੀ ਤੌਂ ਦੌਲਤਾਬਾਦ ਤਬਦੀਲ ਕਰਨਾ, ਸੋਨੇ ਚਾਂਦੀ ਦੀ ਕਿੱਲਤ ਕਰਕੇ ਦੇਸ਼ ਦੀ ਮੁਦਰਾ ਦੀ ਧਾਤ ਦਾ ਬਦਲਨਾ ਇਤਿਆਦਿ। ਮੁਹੰਮਦ ਤੁਗਲਿਕ ਨੂੰ ਆਪਣੇ ਸਮੇ ਦਾ ਗਿਆਨ ਦਾ ਵਿਸ਼ਵਕੋਸ਼ ਮੰਨਿਆ ਜਾਂਦਾ ਸੀ। ਉਹ ਅਰਬੀ, ਫਾਰਸੀ ਅਤੇ ਤੁਰਕੀ ਜੁਬਾਨਾਂ ਦਾ ਚੰਗਾ ਜਾਣਕਾਰ ਸੀ। ਉਸ ਨੂੰ ਕੁਰਾਨ ਅਤੇ ਸ਼ਰਾ ਵਾਰੇ ਭਰਪੂਰ ਗਿਆਨ ਤਾਂ ਸੀ ਹੀ ਇਸ ਦੇ ਨਾਲ ਨਾਲ ਉਹ ਫਿਲਾਸਫੀ, ਗਣਿਤ, ਚਿਕਿਤਸਾ, ਖਗੋਲ ਸ਼ਾਸ਼ਤਰ, ਤਰਕ ਸ਼ਾਸ਼ਤਰ ਅਤੇ ਵਿਆਖਿਆਨ ਵਿਦਿਆ ਦਾ ਵੀ ਮਾਹਰ ਮੰਨਿਆ ਜਾਂਦਾ ਸੀ। ਉਹ ਆਪ ਇੱਕ ਕਵੀ ਅਤੇ ਸਾਹਿਤ ਦਾ ਰਸੀਆ ਵੀ ਸੀ। ਕਹਿੰਦੇ ਹਨ ਜਦੋਂ ਉਸ ਦੀ ਮੌਤ ਹੋਈ ਤਾਂ ਉਸ ਦੀ ਜ਼ੁਬਾਨ ਤੇ ਉਸਦੀ ਆਪਣੀ ਨਜ਼ਮ ਦੇ ਬੋਲ ਸਨ। ਉਸ ਨੇ ਆਪਣੀ ਸਵੈ ਜੀਵਨੀ ਵੀ ਲਿਖੀ ਦੱਸੀ ਜਾਂਦੀ ਹੈ। ਆਪਣੀ ਇਸ ਸਵੈ ਜੀਵਨੀ ਵਿੱਚ ਉਹ ਇਸ ਗਲ ਦਾ ਇਕਬਾਲ ਕਰਦਾ ਹੈ ਕਿ ਉੇਹ ਰਵਾਇਤੀ ਕੱਟੜਪੁਣੇ ਤੋਂ ਹਟ ਫਲਸਫਾਈ ਸ਼ੰਕਿਆਂ ਰਾਹੀਂ ਇੱਕ ਮਾਕੂਲ਼ ਜਾਂ ਬਿਬੇਕੀ ਵਿਸ਼ਵਾਸ਼ ਦਾ ਧਾਰਨੀ ਬਣ ਗਿਆ ਸੀ। (9)

ਮੁਹੰਮਦ ਤੁਗਲਿਕ ਦੀ ਸ਼ਖਸ਼ੀਅਤ ਵਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਕਦੀ ਅੱਗ ਤੇ ਕਦੀ ਪਾਣੀ ਸੀ। ਉਹ ਇਕੋ ਸਮੇਂ ਪਾਗਲ ਅਤੇ ਪ੍ਰਤਿਭਾਸ਼ਾਲ਼ੀ ਹੋਣ ਦਾ ਪ੍ਰਭਾਵ ਪਾਉਂਦਾ ਸੀ। ਉਹ ਦਿਆਲੂ ਵੀ ਬਹੁਤ ਸੀ ਅਤੇ ਜ਼ਾਲਮ ਵੀ ਅੰਤਾਂ ਦਾ। ਉਸ ਵਾਰੇ ਇਹ ਵੀ ਆਮ ਸਹਿਮਤੀ ਨਾਲ ਕਿਹਾ ਜਾਂਦਾ ਹੈ ਕਿ ਉਹ ਧਾਰਮਕ ਅਸੀਹਣਸ਼ੀਲਤਾ ਦਾ ਮਰੀਜ਼ ਨਹੀ ਸੀ। ਉਸ ਨੇ ਮੰਦਰਾਂ ਨੂੰ ਢਾਹੁਣ ਲੁਟਣ ਦਾ ਕੰਮ ਨਹੀ ਕੀਤਾ। ਨਾ ਹੀ ਉਹ ਇਖਲਾਕ ਪੱਖੋਂ ਗਿਰਿਆ ਹੋਇਆ ਸੀ। ੳਸ ਦੀ ਮੁਸਲਮਾਨਾਂ ਦੀ ਧਾਰਮਿਕ ਜਮਾਤ ਉਲਮਾ ਨਾਲ ਵੀ ਨਹੀ ਸੀ ਬਣਦੀ। ਉਸਨੇ ਉਹਨਾਂ ਨੂੰ ਨਾਲ ਲੈ ਕੇ ਚਲਣ ਦੀ ਕੋਸ਼ਿਸ਼ ਤਾਂ ਕੀਤੀ ਪਰ ਕਾਮਯਾਬ ਨਹੀ ਹੋਇਆ। ਫਿਰ ਉਸਨੇ ਉਹਨਾਂ ਨਾਲ ਸ਼ਖਤੀ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਹਨਾਂ ਦੀਆਂ ਤਾਕਤਾਂ ਘਟਾ ਕੇ ਉਹਨਾਂ ਨੂੰ ਆਮ ਲੋਕਾ ਦੇ ਬਰਾਬਰ ਲਿਆ ਖੜਾ ਕੀਤਾ। ਉਹਨਾਂ ਦੀ ਵਿਰੋਧਤਾ ਨੂੰ ਬੇਅਸਰ ਕਰਨ ਲਈ ਉਸਨੇ ਕਾਇਰੌ ਦੇ ਖ਼ਲੀਫਾ ਪਾਸੋਂ ਆਪਣੀ ਹਕੂਮਤ ਲਈ ਪ੍ਰਮਾਣ ਪੱਤਰ (ਮਨਸ਼ੂਰ) ਹਾਸਿਲ ਕਰ ਲਿਆ। ਇਹ ਵੀ ਕਿਹਾ ਜਾਂਦਾ ਹੈ ਕਿ ਮੁਹੰਮਦ ਤੁਗਲਿਕ ਪਹਿਲਾ ਸੁਲਤਾਨ ਸੀ ਜਿਸ ਨੇ ਉਲਮਾ ਦੇ ਬਾਹਰੋਂ ਕਾਜ਼ੀ ਨਿਯੁਕਤ ਕੀਤੇ। ਉਹ ਕਈ ਵਾਰ ਕਾਜ਼ੀਆਂ ਵਲੋਂ ਲਏ ਗਏ ਫੈਸਲੇ ਵੀ ਬਦਲ ਦਿੰਦਾ ਸੀ। ਇਸ ਸਭ ਦਾ ਨਤੀਜਾਂ ਇਹ ਹੋਇਆ ਕਿ ਉਸ ਦੀ ਵਿਰੋਧਤਾ ਮੁਸਲਮਾਨਾਂ ਦੀ ਧਾਰਮਿਕ ਜਮਾਤ ਉਲਮਾ ਵਲੌਂ ਵੀ ਹੋਣੀ ਸ਼ੁਰੂ ਹੋ ਗਈ। Enclyclopaedia Brittanica ਵਿੱਚ ਮੁਹੰਮਦ ਤੁਗਲਿਕ ਦੀ ਸ਼ਖਸ਼ੀਅਤ ਦਾ ਨਿਚੋੜ ਇੰਞ ਦਿੱਤਾ ਹੈ: “Sultan Muammad was among the most controversial and enigmatic figures of the 14th century. A dauntless soldier, he was tolerant in religion and was normally humane and humble, but these traits were vitiated at times by cruelty sometimes approaching the inhuman. He lived in constant conflict between faith and action, faith in the correctness of his policies and action in the means by which he sought to implement them. A born revolutionary, he desired to create a more equitable social order by making Islam a religion of service rather than a means of exploitation. This end, he believed, could be achieved only by a strong centralized authority based on justice and patronage of the poor, the learned, and the pious and on the suppression of rebellions mainly of the privileged classes in a tradition-ridden society.” (10)

ਨਾਮਦੇਵ

ਜਿਵੇਂ ਕਿ ਮੈਂ ਪਹਿਲਾਂ ਵੀ ਲਿਖ ਚੁਕਾਂ ਹਾਂ ਕਿ ਨਾਮਦੇਵ ਦੇ ਜੀਵਨ ਵਾਰੇ ਕੁੱਝ ਵੀ ਭਰੋਸੇਯੋਗ ਲਿਖਿਆ ਨਹੀਂ ਮਿਲਦਾ। ਪਰ ਫਿਰ ਵੀ ਨਾਮਦੇਵ ਦੀ ਬਾਣੀ ਚੋਂ ਕੁੱਝ ਗੱਲਾਂ ਜੋ ਉਭਰ ਕੇ ਸਾਹਮਣੇ ਆਉਂਦੀਆਂ ਹਨ ਅਤੇ ਜਿਹਨਾਂ ਵਾਰੇ ਕੋਈ ਵਾਦ ਵਿਵਾਦ ਨਹੀ ਹੈ ਉਹ ਇਸ ਤਰ੍ਹਾਂ ਹਨ।

1. ਨਾਮਦੇਵ ਲੋਕਾਂ ਦੀ ਬੋਲ਼ੀ ਵਿੱਚ ਲਿਖਣ ਵਾਲਾ ਪਹਿਲਾ ਮਰਾਠੀ ਕਵੀ ਸੀ

2. ਉਸਦੇ ਰਚੇ ਅਭੰਗ ਬਹੁਤ ਜ਼ਿਆਦਾ ਮਕਬੂਲ ਹੋ ਗਏ ਸਨ।

3. ਨਾਮਦੇਵ ਇੱਕ ਭਗਤ ਜਾਂ ਫਕੀਰ ਦੇ ਤੌਰ ਤੇ ਆਮ ਜਨਤਾ ਵਿੱਚ ਬਹੁਤ ਜਿਆਦਾ ਪ੍ਰਸਿੱਧ ਹੋ ਗਏ ਤੇ ਉਹਨਾਂ ਦੀ ਸ਼ੋਭਾ ਘਰ ਘਰ ਹੋਣ ਲਗੀ। ਉਹ ਕਿਸੇ ਗੁਫਾ ਜਾਂ ਜੰਗਲ `ਚ ਬੈਠ ਕੇ ਭਗਤੀ ਕਰਨ ਵਾਲੇ ਨਹੀ ਸਨ ਪਰ ਲੋਕਾਂ `ਚ ਉਹਨਾਂ ਵਰਗੇ ਆਮ ਇਨਸਾਨ ਬਣ ਕੇ ਵਿਚਰ ਰਹੇ ਸਨ।

4. ਨਾਮਦੇਵ ਜਾਤ ਦੇ ਛੀਂਬਾ ਸਨ। ਪੁਜਾਰੀ ਜਮਾਤ ਅਤੇ ਉੱਚੀ ਜਾਤ ਵਾਲਿਆਂ ਨੇ ਉਸ ਦੀ ਨੀਵੀਂ ਜਾਤ ਦੇ ਬਹੁਤ ਮੇਹਣੇ ਮਾਰੇ ਅਤੇ ਉਸ ਨੂੰ ਸ਼ੂਦਰ ਹੋਣ ਦਾ ਹਰ ਹੀਲੇ ਅਹਿਸਾਸ ਕਰਵਾਇਆ। ਇਸ ਗਲ ਦਾ ਪ੍ਰਮਾਣ ਨਾਮਦੇਵ ਦੀ ਬਾਣੀ ਵਿੱਚ ਹੀ ਮਿਲ ਜਾਂਦਾ ਹੈ।

5. ਉਹ ਖੁਦ ਇੱਕ ਕਿਰਤੀ ਇਨਸਾਨ ਸੀ ਅਤੇ ਦੱਬੇ ਕੁਚਲੇ ਲੋਕਾਂ ਦੀ ਅਵਾਜ਼ ਬੁਲੰਦ ਕਰਦਾ ਸੀ

6. ਉਹ ਬਹੁਤ ਅੱਛਾ ਅਤੇ ਹਰਮਨ ਪਿਆਰਾ ਗਾਇਕ ਸੀ ਜਿਸ ਨੇ ਆਪਣੀ ਗਾਇਕੀ ਦਾ ਸਮਾਜ ਨੂੰ ਸੇਧ ਦੇਣ ਲਈ ਇਸਤੇਮਾਲ ਕੀਤਾ।

7. ਉਸ ਨੇ ਪੁਜਾਰੀ ਜਮਾਤ ਵਲੋ ਕੀਤੀ ਜਾਂਦੀ ਲੁੱਟ ਅਤੇ ਬੇਇਨਸਾਫੀ ਦਾ ਡੱਟਵਾਂ ਵਿਰੋਧ ਕੀਤਾ ਜਿਸ ਕਾਰਣ ਉਹ ਉਸ ਦੇ ਵਿਰੋਧੀ ਬਣ ਗਏ। ਇਸ ਨਿਰਭੈ ਯੋਧੇ ਨੇ ਆਪਣੇ ਵਿਰੋਧ ਦੀ ਅਵਾਜ ਪੁਜਾਰੀਆਂ ਦੇ ਘਰ ਜਾ ਕੇ ਸੁਣਾਈ। ਉਹਨਾਂ ਨੂੰ ਦੱਸਿਆ ਕਿ ਜਿਸ ਪੱਥਰ ਨੂੰ ਰੱਬ ਸਮਝ ਕੇ ਪੂਜਾ ਕਰ/ਕਰਾ ਰਹੇ ਹਨ ੳਹ ਰੱਬ ਨਹੀ ਹੈ। “ਏਕੈ ਪਾਥਰ ਕੀਜੈ ਭਾਉ॥ ਦੂਜੈ ਪਾਥਰ ਧਰੀਐ ਪਾਉ॥ ਜੇ ਓਹੁ ਦੇਉ ਤ ਓਹੁ ਭੀ ਦੇਵਾ॥ ਕਹਿ ਨਾਮਦੇਉ ਹਮ ਹਰਿ ਕੀ ਸੇਵਾ॥” ਪੰਨਾ 525

8. ਜਿਵੇਂ ਗੁਰੂ ਨਾਨਕ ਸਾਹਿਬ ਨੇ ਜ਼ੁਲਮ ਵਿਰੁਧ ਅਵਾਜ਼ ਉਠਾਂਦਿਆਂ ਕਿਹਾ ਕਿ ਰਾਜੇ ਸ਼ੀਂਹ ਬਣੇ ਫਿਰਦੇ ਨੇ ਅਤੇ ਮੁਕੱਦਮ ਉਹਨਾ ਦੇ ਕੁੱਤੇ ਹਨ। ਇਸੇ ਤਰ੍ਹਾਂ ਨਾਮਦੇਵ ਨੇ ਵੀ ਜ਼ੋਰ ਜ਼ੁਲਮ ਕਰਨ ਵਾਲਿਆਂ ਨੂੰ ਵੱਡੇ ਠਗ ਕਿਹਾ। “ਸਿੰਘਚ ਭੋਜਨੁ ਜੋ ਨਰ ਜਾਨੈ॥ ਐਸੇ ਹੀ ਠਗਦੇਉ ਬਖਾਨੈ॥ 2॥” ਪੰਨਾ 485

9. ਜਿਥੇ ਨਾਮਦੇਵ ਦੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਬਣ ਗਏ ਉਥੇ ਉਸਦੇ ਨਿੰਦਕ ਅਤੇ ਵਿਰੋਧੀ ਵੀ ਪੈਦਾ ਹੋ ਗਏ। ਇਹ ਨਿੰਦਕ ਓਹੀ ਉਚੀ ਜਾਤ ਵਾਲੇ ਸਨ ਜਿਹਨਾਂ ਨੂੰ ਨਾਮਦੇਵ ਨੇ ਆਪਣੀ ਬਾਣੀ ਵਿੱਚ ਲੰਮੇ ਹੱਥੀਂ ਲਿਆ ਸੀ।

10. ਨਾਮਦੇਵ ਦੂਰ ਦੂਰ ਤਕ ਜਾ ਕਿ ਲੋਕਾਈ ਨੂੰ ਜਾਗ੍ਰਿਤ ਕਰਨ ਲਈ ਯਤਨਸ਼ੀਲ ਸੀ। ਉਸ ਦੀ ਇਹ ਗਲ ਵੀ ਗੁਰੂ ਨਾਨਕ ਸਾਹਿਬ ਨਾਲ ਮੇਲ ਖਾਂਦੀ ਹੈ। ਉਹ ਇਸ ਲਈ ਆਪਣੇ ਹਮਖਿਆਲੀਆਂ ਨਾਲ ਵੀ ਸੰਪਰਕ ਰੱਖਦਾ ਸੀ। ਭਗਤ ਤਰਲੋਚਨ ਨਾਲ ਉਸ ਦੀ ਖਾਸ ਮਿਤ੍ਰਤਾ ਜਾਪਦੀ ਹੈ।

11. ਨਾਮਦੇਵ ਦੇ ਅਭੰਗ ੳਸ ਦੇ ਜੀਵਨ ਕਾਲ ਦੁਰਾਨ ਲਿਖਤੀ ਰੂਪ ਵਿੱਚ ਨਹੀਂ ਛਪੇ। ਇਸ ਸੀਨਾ ਬਸੀਨਾ ਇੱਕ ਪੀੜ੍ਹੀ ਤੋਂ ਚੂਜੀ ਪੀੜ੍ਹੀ ਤਕ ਪੁਹੰਚਦੇ ਗਏ। ਇਸੇ ਕਰਕੇ ਇਹਨਾਂ ਦੀ ਬੋਲੀ ਜ਼ਿਆਦਾ ਪੁਰਾਣੀ ਨਹੀਂ ਲਗਦੀ।

12. ਨਾਮਦੇਵ ਦੀ ਸਭ ਤੋਂ ਪਹਿਲੀ ਮਰਾਠੀ ਭਾਸ਼ਾ ਵਿੱਚ ਜੀਵਨੀ ਉਸ ਦੇ ਮਰਨ ਤੋਂ 500 ਸਾਲ ਤੋ ਬਾਅਦ 1892 ਵਿੱਚ ਮਾਧਵ ਰਾਉ ਅੱਪਾਜੀ ਮੁੱਲੇ ਨੇ ਲਿਖੀ। ਇਸ ਤੋਂ ਭਲੀ ਭਾਂਤ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਾਮਦੇਵ ਵਾਰੇ ਪ੍ਰਚਲਤ ਕਹਾਣੀਆਂ ਵਿੱਚ ਕਿੰਨਾ ਕੁ ਸੱਚ ਹੈ। ---ਚਲਦਾ

ਜਰਨੈਲ ਸਿੰਘ

ਸਿਡਨੀ, ਅਸਟਰੇਲੀਆ
.