.

☬ ਮਲਾਰ ਕੀ ਵਾਰ ਮਹਲਾ ੧ (ਪੰ: ੧੨੭੮-੯੧)

ਸਟੀਕ, ਗੁਰਮੱਤ ਵਿਚਾਰ ਦਰਸ਼ਨ ਸਹਿਤ

(ਕਿਸ਼ਤ-੧)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕਮੇਟੀ, ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਅਰੰਭਕ ਸ਼ਬਦ- ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵਾਰਾਂ ਦੀ ਕੁਲ ਗਿਣਤੀ ਬਾਈ (੨੨) ਹੈ। ਇਨ੍ਹਾਂ ਚੋਂ ਤਿੰਨ ਵਾਰਾ ਪਹਿਲੇ ਪਾਤਸ਼ਾਹ ਦੀਆਂ ਹਨ, ਚਾਰ ਤੀਜੇ ਪਾਤਸ਼ਾਹ ਦੀਆਂ, ੮ ਚੌਥੇ ਪਾਤਸ਼ਾਹ ਦੀਆਂ ਤੇ ਛੇ ਵਾਰਾਂ ਪੰਜਵੇਂ ਪਾਤਸ਼ਾਹ ਦੀਆਂ। ਉਪ੍ਰੰਤ ਇੱਕ ਵਾਰ ਸੱਤਾ ਤੇ ਬਲਵੰਡ ਦੀ, ਰਾਮਕਲੀ ਰਾਗ `ਚ ਹੈ ਜਿਸ ਦਾ ਸਿਰਲੇਖ ਹੈ “ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮ ਆਖੀ” (ਪੰਨਾ ੯੬੬)।

ਤਾਂ ਤੇ ਪਹਿਲੇ ਪਾਤਸ਼ਾਹ ਦੀਆਂ ਤਿੰਨ ਵਾਰਾਂ ਹਨ ‘ਆਸਾ ਕੀ ਵਾਰ’, ‘ਮਾਝ ਕੀ ਵਾਰ’ ਤੇ ‘ਮਲਾਰ ਕੀ ਵਾਰ’। ਦਰਅਸਲ ‘ਆਸਾ, ਮਾਝ ਤੇ ਮਲਾਰ’, ਰਾਗਾਂ ਦੇ ਨਾਮ ਹਨ ਤੇ ਰਾਗਾਂ ਦੇ ਨਾਵਾਂ `ਤੇ ਹੀ ਇਨ੍ਹਾਂ ਵਾਰਾਂ ਦੇ ਨਾਮ ਵੀ ਹਨ। ਉਪ੍ਰੰਤ ਇਹੀ ਨਿਯਮ ਬਾਕੀ ਸਮੂਚੀਆਂ ਵਾਰਾਂ ਦੇ ਨਾਵਾਂ `ਤੇ ਵੀ ਉਸੇ ਤਰ੍ਹਾਂ ਹੀ ਲਾਗੂ ਹੁੰਦਾ ਹੈ। ਇਸ ਤਰ੍ਹਾਂ ਬਾਕੀ ਵਾਰਾਂ ਦੇ ਨਾਮ ਹਨ ਗਉੜੀ ਕੀ ਵਾਰ, ਬਿਹਾਗੜੇ ਕੀ ਵਾਰ, ਵਡਹੰਸ ਕੀ ਵਾਰ, ਸੋਰਠਿ ਕੀ ਵਾਰ, ਬਿਲਾਵਲ ਕੀ ਵਾਰ, ਸਾਰੰਗ ਕੀ ਵਾਰ, ਕਾਨੜੇ ਕੀ ਵਾਰ, ਗੂਜਰੀ ਕੀ ਵਾਰ, ਜੈਤਸਰੀ ਕੀ ਵਾਰ, ਰਾਮਕਲੀ ਕੀ ਵਾਰ, ਮਾਰੂ ਕੀ ਵਾਰ ਅਤੇ ਬਸੰਤ ਕੀ ਵਾਰ

ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ ਦੀ ਖੋਜ ਅਨੁਸਾਰ-

(੧) ਸਮੂਹ ਵਾਰਾਂ ਮੂਲ ਰੂਪ `ਚ ਪਉੜੀਆਂ ਹੀ ਸਨ ਤੇ ਅੱਜ ਵੀ ਹਨ।

(੨) ਬੇਸ਼ੱਕ ਕੁਲ ਵਾਰਾਂ ੨੨ ਹਨ ਤਾਂ ਵੀ ਇਨ੍ਹਾਂ ੨੨ `ਚੋਂ ੨੦ ਵਾਰਾਂ `ਚ ਹਰੇਕ ਪਉੜੀ ਤੋਂ ਪਹਿਲਾਂ ਦੋ ਤੋਂ ਸੱਤ ਤੱਕ ਦੀ ਗਿਣਤੀ `ਚ ਸਲੋਕ ਵੀ ਆਏ ਹਨ। ਜਦਕਿ ਵਾਰਾਂ `ਚ ਪਉੜੀਆਂ ਤੋਂ ਪਹਿਲਾਂ ਜਿਹੜੇ ਸਲੋਕ ਆਏ ਹਨ, ਉਹ ਸਲੋਕ ਪੰਜਵੇਂ ਪਾਤਸ਼ਾਹ ਦੀ ਚੋਣ ਹੈ ਤੇ ਦਰਜ ਵੀ ਉਨ੍ਹਾਂ ਨੇ ਹੀ ਕੀਤੇ ਹਨ।

(੩) ਇਹ ਸਾਰੇ ਸਲੋਕ “ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੀ ਸੰਪਾਦਨਾ ਤੇ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ ਪੰਜਵੇਂ ਪਾਤਸ਼ਾਹ ਨੇ ਵਾਰਾਂ ਦੀਆਂ ਪਉੜੀਆਂ ਤੋਂ ਪਹਿਲਾਂ ਲੋੜ ਅਨੁਸਾਰ ਅਤੇ ਲੋੜੀਂਦੀ ਚੋਣ ਕਰਕੇ ਆਪ ਦਰਜ ਕੀਤੇ ਹਨ।

(੪) ਪੰਜਵੇਂ ਪਾਤਸ਼ਾਹ ਨੇ ਆਪਣੇ ਰਚਿਤ ਮ: ੫ ਦੇ ਸਲੋਕਾਂ ਦੇ ਨਾਲ ਨਾਲ ਵਾਰਾਂ `ਚ ਦਰਜ ਕਰਣ ਲਈ ਬਾਕੀ ਸਲੋਕ ਵੀ ਹਰੇਕ ਗੁਰ-ਵਿਅਕਤੀ ਦੇ ਸਲੋਕਾਂ ਦੇ ਸੰਗ੍ਰਿਹ `ਚੋਂ ਲਏ। ਇਸ ਤਰ੍ਹਾਂ ਜਿਹੜੇ ਸਲੋਕ ਵਾਰਾਂ `ਚ ਦਰਜ ਨਹੀਂ ਹੋਏ ਤੇ ਉਸ ਚੋਣ `ਚੋਂ ਬੱਚ ਗਏ, ਗੁਰਦੇਵ ਨੇ ਉਹ ਸਲੋਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ” ਦੇ ਅਖ਼ੀਰ `ਚ ‘ਸਲੋਕ ਵਾਰਾਂ ਤੇ ਵਧੀਕ’ ਦੇ ਸਿਰਲੇਖ ਹੇਠ ਦਰਜ ਕਰ ਦਿੱਤੇ।

(੫) ਸਮੂਹ ਵਾਰਾਂ ਲੜੀਵਾਰ ਹਨ ਤੇ ਵੱਖਰੇ ਵੱਖਰੇ ਮਜ਼ਮੂਨਾਂ `ਤੇ ਆਧਾਰਿਤ ਹਨ।

ਗੁਰਬਾਣੀ ਦੀ ਵਿਚਾਰ ਵੱਲ ਵਧੀਏ ਤਾਂ ਵਾਰਾਂ ਵਿਚਲੇ ਸਲੋਕਾਂ ਸੰਬੰਧੀ ਇੱਕ ਹੋਰ ਹੈਰਾਣਕੁਨ ਵਿਸ਼ਾ ਵੀ ਸਾਹਮਣੇ ਆਉਂਦਾ ਹੈ। ਇਹ ਵਿਸ਼ਾ ਇਸ ਤਰ੍ਹਾਂ ਹੈ ਕਿ ਸਮੂਹ ਵਾਰਾਂ ਵਿਚਕਾਰ ਇੱਕ ਹੋਰ ਵੱਡੀ, ਸਾਂਝੀ ਤੇ ਬੇਅੰਤ ਦੂਰ ਦਰਸ਼ਿਤਾ ਦੀ ਗੱਲ ਹੈ ਕਿ ਹਰੇਕ ਵਾਰ ਵਿਚਲੀ ਹਰੇਕ ਪਉੜੀ ਤੋਂ ਪਹਿਲਾਂ ਗੁਰਦੇਵ ਨੇ ਜਿਹੜੇ ਸਲੋਕ ਦਰਜ ਕੀਤੇ, ਉਹ ਸਾਰੇ ਸਲੋਕ ਹਰੇਕ ਸੰਬੰਧਤ ਪਉੜੀ ਦੀ ਵਿਆਖਿਆ ਰੂਪ ਹਨ। ਉਹ ਸਲੋਕ, ਕੇਵਲ ਸਲੋਕਾਂ ਨੂੰ ਮੁਕਾਉਣ ਜਾਂ ਬਿਨਾ ਲੋੜ ਦਰਜ ਨਹੀਂ ਕੀਤੇ।

ਇਸ ਤਰ੍ਹਾਂ ਬਾਕੀ ਦੋ ਵਾਰਾਂ, ਜਿਨ੍ਹਾਂ `ਚ ਸਲੋਕ ਦਰਜ ਨਹੀਂ ਹੋਏ, ਇੱਕ ਹੈ ‘ਬਸੰਤ ਕੀ ਵਾਰ ਮਹਲਾ ੫’ ਤੇ ਦੂਜੀ ਹੈ ‘ਸਤੇ ਬਲਵੰਡ ਦੀ ਵਾਰ’। ਬਸੰਤ ਕੀ ਵਾਰ `ਚ ਸਭ ਤੋਂ ਘੱਟ, ਕੁਲ਼ ਤਿੰਨ ਪਉੜੀਆਂ ਹਨ। ਵਿਦਵਾਨਾ ਅਨੁਸਾਰ ਦਰਅਸਲ ਇਸ ਵਾਰ ਰਾਹੀਂ ਗੁਰਦੇਵ ਦਾ ਮਕਸਦ, ਗੁਰੂ ਕੀਆਂ ਸੰਗਤਾਂ ਵਿਚਕਾਰ ਵਾਰਾਂ ਦੇ ਅਸਲ ਸਰੂਪ ਨੂੰ ਪ੍ਰਗਟ ਕਰਣਾ ਹੀ ਸਾਬਤ ਹੁੰਦਾ ਹੈ।

ਕਿਉਂਕਿ ਸਲੋਕਾਂ ਤੋਂ ਅੱਡ ਕਰਕੇ ਜਦੋਂ ਇਸ ਪੱਖੋਂ ਗਹਿਰਾਈ `ਚ ਜਾਂਦੇ ਹਾਂ ਤਾਂ ਹੀ ਸਪਸ਼ਟ ਹੁੰਦਾ ਹੈ ਕਿ ਹਰੇਕ ਵਾਰ ਆਪਣੇ ਆਪ `ਚ ਲੜੀ ਵਾਰ ਹੈ ਤੇ ਹਰੇਕ ਵਾਰ ਦਾ ਮਜ਼ਮੂਨ ਵੀ ਅੱਡ ਅੱਡ ਹੈ। ਜਦਕਿ ਉਸ ਤੋਂ ਬਿਨਾ ਵਾਰਾਂ ਸੰਬੰਧੀ ਅਜਿਹਾ ਪ੍ਰਗਟਾਵਾ ਹੀ ਸੰਭਵ ਨਹੀਂ। ਉਂਜ ਜਿਵੇਂ ਕਿ ਜ਼ਿਕਰ ਆ ਵੀ ਚੁੱਕਾ ਹੈ, ਵਾਰਾਂ ਸੰਬੰਧੀ ਇਸ ਸੱਚ ਨੂੰ ਸੰਗਤਾਂ ਵਿਚਕਾਰ ਪ੍ਰਗਟ ਕਰਣ ਵਾਲਾ ਇਹ ਮਾਨ ਵੀ, ਕਰਤੇ ਵੱਲੋਂ ਸਭ ਤੋਂ ਪਹਿਲਾਂ ਪ੍ਰੋ: ਸਾਹਿਬ ਸਿੰਘ ਜੀ ਨੂੰ ਹੀ ਪ੍ਰਾਪਤ ਹੋਇਆ ਹੈ।

ਮ: ੧ ਦੀਆਂ ਵਾਰਾਂ ਸੰਬੰਧੀ- ਦੇਖ ਚੁੱਕੇ ਹਾਂ ਕਿ ਕੁਲ ਬਾਈ ਵਾਰਾਂ `ਚੋਂ ਮ: ੧ ਦੀਆਂ ਵਾਰਾਂ ਤਿੰਨ ਹਨ। ਇਹ ਵਾਰਾਂ ਹਨ ‘ਆਸਾ ਕੀ ਵਾਰ’, ‘ਮਾਝ ਕੀ ਵਾਰ’ ਤੇ ‘ਮਲਾਰ ਕੀ ਵਾਰ’। ਪ੍ਰ੍ਰੋ: ਸਾਹਿਬ ਸਿੰਘ ਜੀ ਅਨੁਸਾਰ ਗੁਰਦੇਵ ਰਾਹੀਂ ਇਨ੍ਹਾਂ ਤਿੰਨਾਂ ਵਾਰਾਂ ਦੇ ਲਿਖਣ ਦਾ ਸਮਾਂ ਆਪਣੇ ਤਿੰਨ ਪ੍ਰਚਾਰਕ ਦੌਰਿਆਂ (ਉਦਾਸੀਆਂ) ਤੋਂ ਬਾਅਦ ਕਰਤਾਰਪੁਰ ਸਾਹਿਬ ਵਿਖੇ ਟਿਕਾਅ ਦਾ ਸਮਾਂ ਹੈ। ਇਨ੍ਹਾਂ ਤਿੰਨ ਵਾਰਾਂ `ਚੋਂ ਬਾਣੀ ‘ਆਸਾ ਕੀ ਵਾਰ’ ਦਾ ਸਰੂਪ ਤੇ ਵਿਸ਼ਾ ਬਾਕੀ ਦੋਨਾਂ ਵਾਰਾਂ ਤੋਂ ਭਿੰਨ ਹੈ। ਬਾਣੀ ‘ਆਸਾ ਕੀ ਵਾਰ’ ਦਾ ਮਜ਼ਮੂਨ ‘ਜੀਵਨ ਮਨੋਰਥ’ ਹੈ ਤੇ ਇਸ ਸੰਪੂਰਣ ਵਾਰ `ਚ ਮਨੁੱਖ ਲਈ ‘ਉੱਚ ਦਰਜੇ ਦੀ ਜੀਵਨ ਰਹਿਣੀ’ ਨੂੰ ਹੀ ਉਜਾਗਰ ਕੀਤਾ ਹੋਇਆ ਹੈ।

ਜਿੱਥੋਂ ਤੱਕ ਸਿੱਖ ਇਤਿਹਾਸ ਤੋਂ ਸੂਚਨਾ ਮਿਲਦੀ ਹੈ, ਸ਼ਾਇਦ ਇਸੇ ਕਾਰਣ ਗੁਰਦੇਵ ਦੇ ਸਮੇਂ ਤੋਂ ਹੀ ਇਸ ਵਾਰ ਦਾ ਸੰਗਤਾਂ `ਚ ਨਿਤਾਪ੍ਰਤੀ ਪ੍ਰਭਾਤੇ ਕੀਰਤਨ ਦਾ ਨਿਯਮ ਵੀ ਚਾਲੂ ਕੀਤਾ ਹੋਇਆ ਹੈ। ਇਸ ਵਾਰ `ਚ ਕੁਲ ੨੪ ਪਉੜੀਆਂ ਤੇ ੫੯ ਸਲੋਕ ਹਨ। ਇਥੇ ਪਉੜੀਆਂ ਨਾਲ ਘਟੋ ਘਟ ਦੋ ਤੇ ਵਧ ਤੋਂ ਵਧ ਪੰਜ ਸਲੋਕ ਹਨ। ਇਸ ਵਾਰ `ਚ ਹਰੇਕ ਪਉੜੀ ਸਾਢੇ ਚਾਰ-ਚਾਰ ਪੰਕਤੀਆਂ ਦੀ ਹੈ।

ਉਂਜ ਪੁਸਤਕ “ਬਾਣੀ ਆਸਾ ਕੀ ਵਾਰ-ਸਟੀਕ ਗੁਰਮੱਤ ਵਿਚਾਰ ਦਰਸ਼ਨ ਸਹਿਤ” ਵੀ ਛੱਪ ਕੇ ਸੈਂਟਰ ਪਾਸੋਂ ਪ੍ਰਾਪਤ ਹੈ। ਜਦਕਿ ‘ਇਹ ਸਟੀਕ “ਸਿੰਘ ਬ੍ਰਦਰਜ਼, ਅਮ੍ਰਿਤਸਰ (ਪੰਜਾਬ) ਜਿਨ੍ਹਾਂ ਦਾ ਪੂਰਾ ਪਤਾ ਤੇ ਫ਼ੋਨ ਨੰਬਰ ਹੈ M/s Singh Bros. S.C.O 223-24, City Centre, Near Guru Nanak Bhawan, Amritsar (Pb)-143001.Ph nos. 099150-48001,183-2550739,2543965 ਪਾਸੋਂ ਵੀ ਮੰਗਵਾਈ ਜਾ ਸਕਦੀ ਹੈ ਜਦਕਿ ਹੋਰ ਵੀ ਕਈ ਧਾਰਮਿਕ ਪੁਸਤਕ ਵਿਕ੍ਰੇਤਾਂਉਂ ਤੋਂ ਵੀ ਇਹ ਪੁਸਤਕ ਪ੍ਰਾਪਤ ਹੈ ਜੀ।

ਕੁਝ ਮਾਝ ਤੇ ਮਲਾਰ ਕੀ ਵਾਰ ਮ: ੧ ਸੰਬੰਧੀ-ਹੁਣ ਗੱਲ ਕਰਦੇ ਹਾਂ ਪਹਿਲੇ ਪਾਤਸ਼ਾਹ ਦੀਆਂ ਬਾਕੀ ਦੋ ਵਾਰਾਂ ‘ਮਲਾਰ ਕੀ ਵਾਰ’ ਤੇ ‘ਮਾਝ ਕੀ ਵਾਰ’ ਸੰਬੰਧੀ। ਦੇਖਣ ਦੀ ਗੱਲ ਇਹ ਹੈ ਕਿ ਇਨ੍ਹਾਂ ਦੋਨਾਂ ਵਾਰਾਂ ਦੇ ਆਪਸੀ ਸਰੂਪ ਤੇ ਵਿਸ਼ੇ ਵਿਚਕਾਰ ਵੀ ਭਾਰੀ ਸਾਂਝ ਹੈ।

(ੳ) ਇਨ੍ਹਾਂ ਦੋਨਾਂ ਵਾਰਾਂ `ਚ ਅਸਲੋਂ ੨੭-੨੭ ਪਉੜੀਆਂ ਸਨ ਜਦਕਿ ਇਨ੍ਹਾਂ `ਚੋਂ ਹੱਥਲਾ ਵਿਸ਼ਾ ‘ਮਲਾਰ ਕੀ ਵਾਰ’ `ਚ ਪੰਜਵੇਂ ਪਾਤਸ਼ਾਹ ਨੇ ਆਪਣੇ ਵੱਲੋਂ ‘ਪਉੜੀ ਨਵੀ ਮਃ ੫’ ਦੇ ਨਾਮ ਹੇਠ ਇੱਕ ਹੋਰ ਪਉੜੀ ਨੰ: ੨੭ ਨੂੰ ਜੋੜ ਕੇ ਉਨ੍ਹਾਂ ਪਉੜੀਆਂ ਦੀ ਕੁਲ ਗਿਣਤੀ ੨੮ ਕੀਤੀ ਹੋਈ ਹੈ।

(ਅ) ਮਾਝ ਤੇ ਮਲਾਰ ਇਨ੍ਹਾਂ ਦੋਨਾਂ ਵਾਰਾਂ ਵਿਚਕਾਰ ਹਰੇਕ ਪਉੜੀ ੮-੮ ਪੰਕਤੀਆਂ ਦੀ ਹੈ, ਇਨ੍ਹਾਂ `ਚ ਕੋਈ ਵੀ ਪਉੜੀ ਘੱਟ ਜਾਂ ਵਧ ਪੰਕਤੀਆਂ ਦੀ ਨਹੀਂ। ਇਹ ਵੀ ਸਬੂਤ ਹੈ ਕਿ ਪਾਤਸ਼ਾਹ ਰਾਹੀਂ ਇਹ ਦੋਵੇਂ ਵਾਰਾਂ ਲਗਭਗ ਇਕੋ ਸਮੇਂ ਤੇ ਅੱਗੇ ਪਿਛੇ ਹੀ ਲਿਖੀਆਂ ਗਈਆਂ ਹਨ।

(ੲ) ਇਨ੍ਹਾਂ ਦੋਨਾਂ ਵਾਰਾਂ ਵਿਚਕਾਰ ਆਪਸੀ ਮਜ਼ਮੂਨ ਦੀ ਵੀ ਸਾਂਝ ਹੈ। ਇਨ੍ਹਾਂ ਦੋਨਾਂ ਵਾਰਾਂ ਦਾ ਮਜ਼ਮੂਨ ਮਨੁੱਖਾ ਜੀਵਨ `ਚ ਤ੍ਰਿਸ਼ਨਾ ਦੀ ਅੱਗ ਹੈ। ਸਬੂਤ ਵੱਜੋਂ ‘ਮਲਾਰ ਕੀ ਵਾਰ’ `ਚ ‘ਅਗਨਿ ਭਖੈ ਭੜਹਾੜੁ ਅਨਦਿਨੁ ਭਖਸੀ’ —ਪਉੜੀ ੨੬; ਤੇ ‘ਅਗਨਿ ਉਪਾਈ ਵਾਦੁ ਭੁਖ ਤਿਹਾਇਆ’ —ਪਉੜੀ ੯, ਉਪ੍ਰੰਤ ‘ਮਾਝ ਕੀ ਵਾਰ’ `ਚ ਵੀ ‘ਤ੍ਰਿਸਨਾ ਅੰਦਰਿ ਅਗਨਿ ਹੈ, ਨਾਹ ਤਿਪਤੈ ਭੁਖਾ ਤਿਹਾਇਆ’ —ਪਉੜੀ ੨ ਰਾਹੀਂ ਗੁਰਦੇਵ ਨੇ ਇਸੇ ਵਿਸ਼ੇ ਨੂੰ ਸਪਸ਼ਟ ਕੀਤਾ ਹੋਇਆ ਹੈ।

(ਸ) ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਅੰਦਰ ਤ੍ਰਿਸ਼ਨਾ ਦੀ ਅੱਗ ਹੀ ਹੁੰਦੀ ਹੈ ਜਿਹੜੀ ਚੰਗੇ ਭਲੇ ਜੀਵਨ ਨੂੰ ਵੀ ਬਹੁਤ ਵਾਰੀ ਗੁਣਾਹਾਂ, ਕਰਮਕਾਂਡਾਂ ਤੇ ਭੇਖਾਂ ਆਦਿ ਵਾਲੇ ਪਾਸੇ ਮੋੜ ਦਿੰਦੀ ਹੈ। ਬਲਕਿ ਅੱਗੇ ਚੱਲ ਕੇ ਇਹ ਵੀ ਦੇਖਾਂਗੇ ਕਿ ਮਲਾਰ ਕੀ ਵਾਰ ਪਉੜੀ ਨੰ: ੧੫, ੧੬, ੧੭, ੨੩ ਤੇ ੨੫ `ਚ ਤਾਂ ਗੁਰਦੇਵ ਦਾ ਫ਼ੈਸਲਾ ਵੀ ਹੈ ਕਿ ਜੰਗਲ-ਵਾਸ, ਸਰੇਵੜਿਆਂ ਵਾਲੀ ਕੁਚੀਲਤਾ, ਅੰਨ ਦਾ ਤਿਆਗ, ਵਿੱਦਵਤਾ ਤੇ ਭਗਵਾ ਵੇਸ ਆਦਿ ਮਨੁੱਖ ਨੂੰ ਤ੍ਰਿਸ਼ਨਾ ਦੀ ਅੱਗ ਤੋਂ ਨਹੀਂ ਬਚਾ ਸਕਦੇ। ਇਸੇ ਤਰ੍ਹਾਂ ਮਾਝ ਕੀ ਵਾਰ ਦੀ ਪਉੜੀ ੫ ਤੇ ੬ `ਚ ਵੀ ਇਹੀ ਵਿਸ਼ਾ ਪ੍ਰਮੁੱਖ ਹੈ।

(ਹ) ਵਿਚਾਰ ਅਧੀਨ ‘ਮਲਾਰ ਕੀ ਵਾਰ” `ਚ ਅੱਠ-ਅੱਠ ਪੰਕਤੀਆਂ ਦੀਆਂ ੨੮ ਪਉੜੀਆਂ ਤੇ ਕੁਲ ੫੮ ਸਲੋਕ ਹਨ। ਜਦਕਿ ਸਪਸ਼ਟ ਕਰ ਚੁੱਕੇ ਹਾਂ ਕਿ ‘ਮਾਝ ਕੀ ਵਾਰ” ਦੀਆਂ ਸਮੂਚੀਆਂ ਪਉੜੀਆਂ ਵੀ ਇਸੇ ਤਰ੍ਹਾਂ ਅੱਠ-ਅੱਠ ਪੰਕਤੀਆਂ ਦੀਆਂ ਹਨ। ਭਾਵ ਇਨ੍ਹਾਂ ਦੋਨਾਂ ਵਾਰਾਂ `ਚ ਪਉੜੀਆਂ ਦੀ ਬਨਾਵਟ ਵੀ ਇਕੋ ਜਿਹੀ ਹੈ।

ਨੋਟ- ਲੇਖਕ ਰਾਹੀਂ ਸੈਂਟਰ ਵੱਲੋਂ ਪੁਸਤਕ, “ਬਾਣੀ ਮਾਝ ਕੀ ਵਾਰ ਮ: ੧ ਸਟੀਕ, ਗੁਰਮੱਤ ਵਿਚਾਰ ਦਰਸ਼ਨ ਸਾਹਿਤ” ਵੀ ਲਿਖੀ ਜਾ ਚੁੱਕੀ ਹੈ। ਬੇਸ਼ੱਕ ਇਹ ਪੁਸਤਕ ਅਜੇ ਛੱਪ ਕੇ ਸੰਗਤਾਂ ਤੀਕ ਨਹੀਂ ਪੁੱਜੀ ਪਰ ਸੰਗਤਾਂ ਲਈ ਇਹ ਪੁਸਤਕ www.sikhmarg.com `ਤੇ ੩੪ ਕਿਸ਼ਤਾਂ `ਚ ਪ੍ਰਾਪਤ ਹੈ। ਗੁਰੂ ਕੀਆਂ ਸੰਗਤਾਂ ਉਸ ਦਾ ਵੀ ਲਾਭ ਲੈ ਸਕਦੀਆਂ ਹਨ।

ਸੰਸਾਰਕ ਪਉੜੀਆਂ ਤੇ ਗੁਰਬਾਣੀ `ਚ ਪਉੜੀਆਂ? -ਗੁਰਬਾਣੀ `ਚ ਬਹੁਤੇਰੀਆਂ ਰਚਨਾਵਾਂ ਅਜਿਹੀਆਂ ਹਨ ਜਿਨ੍ਹਾਂ ਨੂੰ ਪਉੜੀਆਂ ਅਥਵਾ ਲੜੀਆਂ ਦਾ ਰੂਪ ਦਿੱਤਾ ਹੋਇਆ ਹੈ। ਜਿਵੇਂ ਕਿ ੨੨ ਵਾਰਾਂ ਜਿਹੜੀਆਂ ਕਿ ਹੈਣ ਹੀ ਪਉੜੀਆਂ ਦੇ ਰੂਪ `ਚ ਅਤੇ ਹਰੇਕ ਵਾਰ ਇੱਕ ਇੱਕ ਸੰਪੂਰਣ ਲੜੀ `ਚ। ਉਪ੍ਰੰਤ ਬਾਣੀ ਜਪੁ ਵੀ ੩੮ ਪਉੜੀਆਂ `ਚ ਹੈ। ਫ਼ਿਰ, ਸੁਖਮਨੀ ਸਾਹਿਬ `ਚ ਵੀ ੨੪ ਅਸ਼ਟਪਦੀਆਂ ਹਨ ਅਤੇ ਉਹ ਵੀ ਆਪਣੇ ਆਪ `ਚ ਗੁਰਬਾਣੀ ਜੀਵਨ ਦੀਆਂ ਪਉੜੀਆਂ ਦਾ ਹੀ ਇੱਕ ਹੋਰ ਰੂਪ ਹੈ।

ਇਥੇ ਅਸਾਂ ਇਹ ਦੇਖਣਾ ਹੈ ਕਿ ਸੰਸਾਰਕ ਪਉੜੀਆਂ ਤੇ ਗੁਰਬਾਣੀ ਦੀਆਂ ਪਉੜੀਆਂ ਵਿਚਕਾਰ ਵੱਡਾ ਅੰਤਰ ਕਿੱਥੇ ਹੈ? ਇਨ੍ਹਾਂ ਦੋਨਾਂ ਵਿਚਕਾਰ ਵੱਡਾ ਅੰਤਰ ਹੈ ਕਿ ਸੰਸਾਰਕ ਪਉੜੀਆਂ ਜਾਂ ਅਜੋਕੇ ਸਮੇਂ ਬਿਜਲੀ ਦੀਆਂ ਲਿਫ਼ਟਾਂ ਤਾਂ ਜ਼ਮੀਨ ਤੋਂ ਅਰੰਭ ਹੋ ਕੇ ਉਪਰਲੀ ਮੰਜ਼ਿਲ ਤੱਕ, ਫ਼ਿਰ ਉਪਰਲੀ ਮੰਜ਼ਿਲ ਤੋਂ ਵਾਪਿਸ ਜ਼ਮੀਨ `ਤੇ ਲਿਅਉਂਦੀਆਂ ਹਨ ਅਤੇ ਉਥੇ ਇਹ ਕ੍ਰਮ ਚਲਦਾ ਰਹਿੰਦਾ ਹੈ। ਜਦਕਿ ਸੰਸਾਰਕ ਪਉੜੀਆਂ ਦਾ ਮਨੁੱਖ ਦੇ ਆਤਮਿਕ ਜੀਵਨ ਨਾਲ ਉੱਕਾ ਹੀ ਕੋਈ ਸੰਬੰਧ ਨਹੀਂ। ਇਨ੍ਹਾਂ ਪਉੜੀਆਂ ਤੇ ਲਿਫ਼ਟਾਂ ਦੀ ਸੀਮਾਂ ਕੇਵਲ ਸਾਡੀਆਂ ਸੰਸਾਰਕ ਲੋੜਾਂ ਹੈ, ਇਸ ਤੋਂ ਵਧ ਕੁੱਝ ਨਹੀਂ।

ਦੂਜੇ ਪਾਸੇ ਜਿਹੜਾ ਮਨੁੱਖ ਸ਼ਬਦ-ਗੁਰੂ ਗੁਰਬਾਣੀ ਨੂੰ ਜੀਵਨ ਦੀਆਂ ਪਉੜੀਆਂ ਬਣਾ ਕੇ ਇੱਕ ਵਾਰ ਚੜ੍ਹਣਾ ਆਰੰਭ ਕਰ ਦਿੰਦਾ ਹੈ ਤਾਂ ਉਸ ਦਾ ਜੀਵਨ ਵਾਪਿਸ ਨਿਵਾਣ ਨੂੰ ਨਹੀਂ ਆਉਂਦਾ। ਆਤਮਿਕ ਅਵਸਥਾ ਦੀਆਂ ਉਚਾਈਆਂ ਨੂੰ ਪ੍ਰਾਪਤ ਕਰਣ ਤੋਂ ਬਾਅਦ ਮਨੁੱਖ ਦਾ ਜੀਵਨ, ਜੀਵਨ ਦੀ ਉਸ ਨਿਵਾਣ ਨੂੰ ਵਾਪਿਸ ਨਹੀਂ ਆਉਂਦਾ, ਜਿੱਥੋਂ ਗੁਰਬਾਣੀ ਦੀਆਂ ਇਨ੍ਹਾਂ ਪਉੜੀਆਂ ਰਾਹੀਂ ਇਸ ਨੇ ਜੀਵਨ ਦੀਆਂ ਉਚਾਈਆਂ `ਤੇ ਚੜ੍ਹਣਾ ਤੇ ਆਪਣੇ ਮਨੁੱਖਾ ਜਨਮ ਦੀ ਮੰਜ਼ਿਲ ਵੱਲ ਵਧਣਾ ਆਰੰਭ ਕੀਤਾ ਹੁੰਦਾ ਹੈ।

ਹੋਰ ਤਾਂ ਹੋਰ, ਗੁਰਬਾਣੀ ਦੀਆਂ ਇਨ੍ਹਾਂ ਪਉੜੀਆਂ ਦੀ ਆਖ਼ਿਰੀ ਮੰਜ਼ਿਲ ਵੀ ਸਾਡਾ ਜੀਵਨ ਦਾਤਾ ਅਕਾਲਪੁਰਖ ਹੀ ਹੈ। ਇਸ ਲਈ ਜੇ ਕਰ ਸ਼ਬਦ ਗੁਰੂ ਦੀ ਕਮਾਈ ਸਦਕਾ, ਜੀਵ ਸਚਮੁਚ ਹੀ ਇੱਕ ਵਾਰੀ ਕਰਤੇ ਦੇ ਦਰ `ਤੇ ਪ੍ਰਵਾਣ ਹੋ ਜਾਵੇ, ਇਸ ਤਰ੍ਹਾਂ ਆਪਣੇ ਮਨੁੱਖਾ ਜਨਮ ਦੀ ਮੰਜ਼ਿਲ ਨੂੰ ਹਾਸਿਲ ਕਰ ਲਵੇ ਤਾਂ ਉਥੋਂ ਵਾਪਿਸ ਡਿਗਣ ਜਾਂ ਉਸਦੇ ਜੀਵਨ ਦਾ ਵਾਪਿਸ ਸੰਸਾਰਿਕ ਮੋਹ ਮਾਇਆ ਦੀ ਦਲ ਦਲ `ਚ ਤੇ ਜਨਮ –ਮਰਨ ਦੇ ਗੇੜ `ਚ ਫ਼ਸਣ ਵਾਲੀ ਗੱਲ ਹੀ ਮੁੱਕ ਜਾਂਦੀ ਹੈ। ਉਹ ਸਿਧਾ ਆਪਣੇ ਅਸਲੇ ਅਕਾਲਪੁਰਖ `ਚ ਹੀ ਅਭੇਦ ਹੋ ਜਾਂਦਾ ਹੈ। ਇਸ ਤਰ੍ਹਾਂ ਉਸਦਾ ਸਦਾ ਲਈ ਜਨਮ ਮਰਨ ਵੀ ਮੁੱਕ ਜਾਂਦਾ ਹੈ।

ਇਹ ਹੈ ਵੱਡਾ ਫ਼ਰਕ ਸੰਸਾਰਿਕ ਪਉੜੀਆਂ ਦਾ ਤੇ ਗੁਰਬਾਣੀ ਦੀਆਂ ਪਉੜੀਆਂ ਦਾ। ਸੰਸਾਰਕ ਪਉੜੀਆਂ ਤਾਂ ਥੱਲੇ ਉੱਤੇ ਦੋਵੇਂ ਪਾਸੇ ਚਲਦੀਆਂ ਰਹਿੰਦੀਆਂ ਹਨ ਜਦਕਿ ਗੁਰਬਾਣੀ ਦੀਆਂ ਪਉੜੀਆਂ ਮਨੁੱਖਾ ਜੀਵਨ ਨੂੰ ਆਤਮਿਕ ਉਚਾਈਆਂ `ਚ ਲਿਜਾਅ ਕੇ ਵਾਪਿਸ ਮੋਹ ਮਾਇਆ ਦੀ ਦਲ-ਦਲ `ਚ ਵਾਪਿਸ ਨਹੀਂ ਸੁਟਦੀਆਂ। ਸੰਸਾਰਿਕ ਪਉੜੀਆਂ ਤੇ ਲਿਫ਼ਟਾਂ ਦਾ ਸੰਬੰਧ ਕੇਵਲ ਸਾਡੀਆਂ ਸੰਸਾਰਕ ਤੇ ਸਰੀਰਕ ਲੋੜਾਂ ਨਾਲ ਹੈ ਜਦਕਿ ਗੁਰਬਣੀ ਦੀਆਂ ਪਉੜੀਆਂ ਦੀ ਸੀਮਾਂ ਸਾਨੂੰ ਅਵਾਗਉਣ ਦੇ ਗੇੜ `ਚੋਂ ਕਢਦੀਆਂ ਤੇ ਸਾਡੇ ਜੀਵਨ ਨੂੰ ਕਰਤੇ ਪ੍ਰਭੂ `ਚ ਅਭੇਦ ਕਰਦੀਆਂ ਹਨ।

ਗੁਰਬਾਣੀ `ਚ ਵਾਰਾਂ- ਵਾਰਾਂ ਕਾਵਿ ਰਚਨਾ ਦਾ ਪੁਰਾਤਨ ਢੰਗ ਹੈ। ਵਾਰਾਂ ਦਾ ਸੰਬੰਧ ਬਹੁਤਾ ਕਰਕੇ ਜੰਗਾਂ-ਜੁਧਾਂ ਦੌਰਾਨ ਯੋਧਿਆਂ ਦੇ ਕਿਰਦਾਰ ਨਾਲ ਸੰਬੰਧਤ ਕਿਸੇ ਇੱਕ ਜਾਂ ਦੂਜੀ ਘਟਣਾ ਨਾਲ ਹੁੰਦਾ ਹੈ। ਦੂਜਾ, ਜੰਗ, ਜੁਧ ਕਦੇ ਵੀ ਇੱਕ ਧਿਰ ਨਾਲ ਸੰਬੰਧਤ ਨਹੀਂ ਹੁੰਦੇ ਬਲਕਿ ਹਰੇਕ ਜੰਗ-ਜੁਧ `ਚ ਦੋ ਵਿਰੋਧੀ ਧਿਰਾਂ ਦਾ ਆਹਮਣੇ ਸਾਹਮਣੇ ਹੋ ਕੇ ਲੜਣਾ ਕੁਦਰਤੀ ਗੱਲ ਹੈ। ਨਹੀਂ ਤਾਂ ਕਿਸਦੀ ਜੰਗ ਤੇ ਕਿਸਦੇ ਨਾਲ?

ਦਰਅਸਲ ਗੁਰਬਾਣੀ ਦੀਆਂ ਵਾਰਾਂ `ਚ ਵੀ ਕਿ ਇੱਕ ਪਾਸੇ ਮਨੁੱਖਾ ਜੀਵਨ ਦੌਰਾਨ, ਮਨਮੁਖਤਾ ਵਾਲੀ ਰਹਿਣੀ `ਤੇ ਫ਼ਤਿਹ ਪਾਉਣ ਲਈ, ਅਮੁੱਕੇ ਜੀਵਨ ਅੰਦਰ ਗੁਰਮੁਖ ਰਹਿਣੀ ਦੀ ਲੋੜ ਹੁੰਦੀ ਹੈ। ਕਿਉਂਕਿ ਉਸ ਤੋਂ ਬਿਨਾ ਮਨੁੱਖਾ ਜੀਵਨ ਲਗਾਤਾਰ ਨਿਵਾਣ ਨੂੰ ਤੇ ਬਿਰਥਾ ਹੀ ਜਾਂਦਾ ਹੈ॥ ਇਸਤਰ੍ਹਾਂ ਜੀਵ ਮਨਮਤੀ ਕਰਮਾਂ ਕਾਰਣ ਲੰਮੇਂ ਸਮੇਂ ਤੱਕ ਮੁੜ ਜਨਮਾਂ-ਜੂਨਾਂ-ਗਰਭਾਂ ਦੇ ਗੇੜ `ਚ ਹੀ ਪੈਂਦਾ ਹੈ।

ਦਰਅਸਲ ਇਨ੍ਹਾਂ ਵਾਰਾਂ ਦੀ ਹਰੇਕ ਪਉੜੀ ਤੇ ਸਲੋਕਾਂ `ਚ ਵੀ ਗੁਰਦੇਵ, ਇਹੀ ਚੇਤਾਵਣੀ ਦੇ ਰਹੇ ਹਨ। ਫ਼ੁਰਮਾਅ ਰਹੇ ਹਨ, ਐ ਇਨਸਾਨ! ਤੇਰੇ ਜੀਵਨ ਅੰਦਰ ਵੀ ਹਰ ਸਮੇਂ ਇੱਕ ਜੰਗ ਚੱਲ ਰਹੀ ਹੈ ਜਿਸ ਤੋਂ ਤੂੰ ਬਿਲਕੁਲ ਅਨਜਾਣ ਬੈਠਾ ਹੋਣ ਕਰਕੇ ਅਗਿਆਨਤਾ ਦੇ ਘੁੱਪ ਜਨੇਰੇ `ਚ, ਸੁਆਸ ਸੁਆਸ ਤੇ ਹਰ ਪਲ ਠੋਕਰਾਂ ਖਾ ਰਿਹਾਂ ਹੈਂ। ਫ਼ਿਰ ਵੀ ਤੈਨੂੰ ਜੀਵਨ ਦੀ ਸੰਭਾਲ ਲਈ ਰਾਹ ਨਹੀਂ ਸੁਝ ਰਿਹਾ।

ਗੁਰਦੇਵ ਇਨ੍ਹਾਂ ਵਾਰਾਂ ਰਾਹੀਂ ਸਪਸ਼ਟ ਕਰਦੇ ਹਨ ਕਿ ਅਕਾਲਪੁਰਖ ਨੇ ਤੈਨੂੰ ਬੜੇ ਅਰਸੇ ਬਾਅਦ ਬੇਅੰਤ ਜਨਮਾਂ-ਜੂਨਾਂ ਦੇ ਗੇੜ `ਚੋਂ ਕੱਢ ਕੇ ਮਨੁੱਖਾ ਜਨਮ ਵਾਲਾ ਇਹ ਦੁਰਲਭ ਅਵਸਰ ਬਖ਼ਸ਼ਿਆ ਹੈ। ਤੂੰ ਸ਼ਬਦ-ਗੁਰੂ ਦੀ ਸ਼ਰਨ `ਚ ਆ ਅਤੇ ਆਪਣੇ ਵੈਰੀਆਂ ਦੀ ਪਹਿਚਾਣ ਕਰਕੇ ਉਨ੍ਹਾਂ ਦਾ ਮੁਕਾਬਲਾ ਕਰ।

ਤੇਰੇ ਅਮੁੱਲੇ ਮਨੁੱਖਾ ਜਨਮ ਨੂੰ ਕਾਮ, ਕ੍ਰੌਧ, ਲੋਭ, ਮੋਹ ਤ੍ਰਿਸ਼ਨਾ ਆਦਿ ਵਿਕਾਰ ਹਰ ਸਮੇਂ ਲੁੱਟ ਰਹੇ ਹਨ। ਇਹ ਵਿਕਾਰ ਹੀ ਤੇਰੇ ਜੀਵਨ ਅੰਦਰੋਂ ਇਲਾਹੀ ਗੁਣਾਂ ਵਾਲੇ ਖਜ਼ਾਨੇ ਨੂੰ ਬਰਬਾਦ ਕਰ ਰਹੇ ਹਨ। ਇਸ ਲਈ ਤੂੰ ਵੀ ਆਪਣੇ ਮਨੁੱਖਾ ਜਨਮ ਵਾਲੇ ਅਵਸਰ ਦਾ ਲਾਭ ਲੈਣ ਲਈ, ਸ਼ਬਦ-ਗੁਰੂ ਦੀ ਕਮਾਨ ਹੇਠ ਸਤ, ਸੰਤੋਖ, ਦਇਆ, ਧਰਮ, ਧੀਰਜ ਆਦਿ ਇਲਾਹੀ ਗੁਣਾਂ ਵਾਲੀਆਂ ਆਪਣੀਆਂ ਫ਼ੋਜਾਂ ਨੂੰ ਤਿਆਰ ਕਰ। ਜਿਸ ਤੋਂ ਤੂੰ ਪ੍ਰਾਪਤ ਮਨੁੱਖਾ ਜਨਮ ਦੀ ਬਾਜ਼ੀ ਨੂੰ ਜਿੱਤ ਕੇ ਅਤੇ ਸੁਰਖਰੂ ਹੋ ਕੇ ਸੰਸਾਰ ਤੋਂ ਜਾ ਸਕੇਂਗਾ।

ਬਾਬਰ ਦਾ ਹਮਲਾ, ਸੰਨ ੧੫੨੧-ਪ੍ਰੋਫ਼ੈਸਰ ਸਾਹਿਬ ਸਿੰਘ ਜੀ ਅਨੁਸਾਰ ਸੰਨ ੧੫੨੧ `ਚ ਹੀ ਭਾਰਤ `ਤੇ ਬਾਬਰ ਦਾ ਚੌਥਾ ਤੇ ਆਖ਼ਰੀ ਹਮਲਾ ਹੋਇਆ ਸੀ। ਬਾਬਰ ਦੇ ਇਸ ਹਮਲੇ ਦਾ ਹਵਾਲਾ ਪਹਿਲੇ ਪਾਤਸ਼ਾਹ ਦੀ ਬਾਣੀ ਦੇ ਚਾਰ ਸ਼ਬਦਾਂ `ਚ, ਇਸ ਤੋਂ ਇਲਾਵਾ ‘ਸਲੋਕ ਵਾਰਾਂ ਤੇ ਵਧੀਕ’ `ਚ ਵੀ ਸਲੋਕ ਨੰ: ੨੭, “ਮਃ ੧॥ ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ੨੭ (ਪੰ: ੧੪੧੨) ਰਾਹੀਂ ਆਇਆ ਹੈ। ਇਸ ਤਰ੍ਹਾਂ ਬਾਬਰ ਦੇ ਹਮਲੇ ਨਾਲ ਸੰਬੰਧਤ, ਗੁਰਬਾਣੀ ਦੇ ਉਹ ਚਾਰ ਸ਼ਬਦ ਹਨ:-

੧. ਤਿਲੰਗ ਮਹਲਾ ੧॥” ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ” (ਪੰ: ੭੨੨)

੨.”ਆਸਾ ਮਹਲਾ ੧॥” ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ” (ਪੰ: ੩੬੦)

੩. ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ੴ ਸਤਿ ਗੁਰਪ੍ਰਸਾਦਿ॥” ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿੑ ਗਲ ਵਿਚਿ ਆਵੈ ਧੂੜਿ” (ਪੰ: ੪੧੭)

੪. ਆਸਾ ਮਹਲਾ ੧॥” ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ” (ਪੰ: ੪੧੭)।

ਇਨ੍ਹਾਂ ਸ਼ਬਦਾਂ ਤੇ ਪਹਿਲੇ ਪਾਤਸ਼ਾਹ ਦੇ ਹੀ ਸਲੋਕ “ਮਃ ੧॥ ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ੨੭ (ਪੰ: ੧੪੧੨) ਸੰਬੰਧੀ ਵਿਚਾਰ ਅਸੀਂ ਗੁਰਮੱਤ ਪਾਠ ਨੰ: ੨੦੪ “ਬਾਬਰ ਦੇ ਹਮਲੇ ਨਾਲ ਸਬੰਧਤ ਚਾਰ ਸ਼ਬਦ ਅਤੇ ਅਰਥ ਵਿਚਾਰ” ਉਪ੍ਰੰਤ ਗੁਰਮੱਤ ਪਾਠ ਨੰ: ੨੦੨ “ਆਪੈ ਦੋਸੁ ਨ ਦੇਈ ਕਰਤਾ…” `ਚ ਕਰ ਚੁੱਕੇ ਹਾਂ। ਸੰਗਤਾਂ ਉਨ੍ਹਾਂ ਦਾ ਲਾਭ ਲੈ ਸਕਦੀਆਂ ਹਨ, ਇਥੇ ਦੌਰਾਨ ਦੀ ਲੋੜ ਨਹੀਂ।

ਇਸ ਤਰ੍ਹਾਂ ਗੁਰੂ ਨਾਨਕ ਪਾਤਸ਼ਾਹ ਵੀ ਆਪਣੇ ਤਿੰਨ ਪ੍ਰਚਾਰ ਦੌਰਿਆਂ (ਉਦਾਸੀਆਂ) ਨੂੰ ਸਮਾਪਤ ਕਰਕੇ ਉਨ੍ਹੀਂ ਦਿਨੀ ਹੀ ਐਮਨਾਬਾਦ `ਚ ਪੁਜੇ ਸਨ। ਇਸ ਤਰ੍ਹਾਂ ਲਾਹੌਰ `ਚ ਬਾਬਰ ਦੀਆਂ ਫ਼ੌਜਾਂ ਰਾਹੀਂ ਕਤਲੋਗ਼ਾਰਤ, ਲੁੱਟ ਮਾਰ ਤੇ ਤਬਾਹੀ ਵੀ ਉਨ੍ਹਾਂ ਦਿਨਾਂ `ਚ ਹੀ ਹੋਈ ਸੀ। ਉਹ ਲੜਾਈ ਜਿਸ `ਚ ਲੋਧੀ ਖਾਨਦਾਨ ਭਾਵ ਪਠਾਨਾਂ ਦੀ ਹਾਰ ਹੋਈ ਤੇ ਭਾਰਤ `ਚ ਮੁਗ਼ਲ ਰਾਜ ਦਾ ਅਰੰਭ ਹੋਇਆ ਸੀ।

ਗੁਰਦੇਵ ਨੇ ਇਹ ਸਭਕੁਝ ਅਖੀਂ ਡਿੱਠਾ ਬਲਕਿ ਉਸ ਦੌਰਾਨ ਆਪ ਬਾਬਰ ਦੀ ਜੇਲ `ਚ ਵੀ ਗਏ ਸਨ। ਗੁਰਦੇਵ ਦੇਖ ਰਹੇ ਸਨ ਕਿ ਇਸ ਲੜਾਈ `ਤੇ ਕਤਲੋਗ਼ਾਰਤ ਲਈ, ਦੋਨਾਂ ਪਾਸਿਆਂ ਤੋਂ ਸਮਾਜ ਦੇ ਤਿੰਨ ਵਰਗ ਬਰਾਬਰ ਦੇ ਜ਼ਿਮੇਵਾਰ ਸਨ। ਇਹ ਤਿੰਨ ਵਰਗ ਸਨ:-

(੧) ਉਸ ਸਮੇਂ ਦੇ ਰਾਜਸੀ ਆਗੂ

(੨) ਉਸ ਵੱਕਤ ਦੇ ਧਾਰਮਿਕ ਆਗੂ

(੩) ਸਾਧਾਰਨ ਲੋਕਾਈ।

ਇਹ ਤਿੰਨੇ ਧਿਰਾਂ ਆਪਣੇ ਜੀਵਨ ਅੰਦਰੋਂ ਇਲਾਹੀ ਗੁਣਾਂ ਤੋਂ ਸਖਣੀਆਂ ਹੋਣ ਕਰਕੇ ਆਪਣੀਆਂ ਸੰਸਾਰ ਤੇ ਮਨੁਖਤਾ ਪ੍ਰਤੀ ਜ਼ਿਮੇਵਾਰੀਆਂ ਨੂੰ ਵੀ ਵਿਸਾਰੀ ਬੈਠੀਆਂ ਸਨ। ਇਨ੍ਹਾਂ ਦੇ ਜੀਵਨ ਅੰਦਰ ਦੁਰਲਭ ਮਨੁੱਖਾ ਜਨਮ ਵਾਲੀ ਸੋਝੀ ਵੀ ਬਾਕੀ ਨਹੀਂ ਸੀ ਰਹਿ ਚੁੱਕੀ। ਇਸ ਤਰ੍ਹਾਂ ਕਰਤੇ ਦੀ ਸਰਬਉੱਚਤਾ ਤਾਂ ਇਨ੍ਹਾਂ ਤਿੰਨਾਂ ਵਰਗਾਂ ਵਿਚਾਲੇ ਲਗਭਗ ਹਰੇਕ ਮਨੁੱਖ ਦੇ ਜੀਵਨ ਅੰਦਰੋਂ ਅਲੋਪ ਹੋਈ ਪਈ ਸੀ।

“ਖਸਮੈ ਸਾ ਪੁਰਸਾਈ” -ਜਦਕਿ ਗੁਰਦੇਵ ਨੂੰ ਤਾਂ ਇਨ੍ਹਾਂ ਤਿੰਨਾਂ ਵਰਗਾਂ ਦੇ ਜੀਵਨ ਪੱਖੋਂ ਕੁਰਾਹੇ ਪੈ ਚੁੱਕੇ ਲੋਕਾਂ ਵਿਚਕਾਰ ਫੈਲਿਆ ਹੋਇਆ ਇੱਕ ਹੋਰ ਤੇ ਚੌਥਾ ਵਰਗ ਵੀ ਦਿਖਾਈ ਦੇ ਰਿਹਾ ਸੀ। ਇਸ ਤਰ੍ਹਾਂ ਇਹ ਚੌਥਾ ਵਰਗ ਸਨ, ਉਹ ਲੋਕ ਜਿਹੜੇ ਤਨੋ-ਮਨੋ ਪ੍ਰਭੂ ਨਾਲ ਪਿਆਰ ਕਰਣ ਵਾਲੇ ਤੇ ਪ੍ਰਭੂ ਪਿਆਰੇ ਸਨ। ਜਦਕਿ ਸਮਾਜਕ ਤਲ `ਤੇ ਅਜਿਹੇ ਬਿਖਮ ਹਾਲਾਤ ਕਾਰਣ, ਉਨ੍ਹਾਂ ਪ੍ਰਭੂ ਪਿਆਰਿਆਂ ਦਾ ਜੀਵਨ ਵੀ ਦੂਭਰ ਹੋਇਆ ਪਿਆ ਸੀ। ਅਜਿਹੀ ਬਦਹਾਲੀ ਦੇ ਚੁੰਗਲ `ਚ ਫ਼ਸੇ ਹੋਣ ਕਰਕੇ ਅਜਿਹੇ ਪ੍ਰਭੂ ਪਿਆਰੇ ਵੀ ਬੇਵੱਸ ਹੋਏ ਤੇ ਪ੍ਰੇਸ਼ਾਨ ਸਨ। ਉਡੀਕ ਕਰ ਰਹੇ ਸਨ ਕਿ ਕਰਤਾ ਕੋਈ ਕਲਾ ਵਰਤਾਏ ਤੇ ਕੁਰਾਹੇ ਪਈ ਹੋਈ ਲੋਕਾਈ ਨੂੰ ਵੀ ਜੀਵਨ ਦੇ ਸਿਧੇ ਰਾਹ `ਤੇ ਪਾਏ।

ਦਰਅਸਲ ਉਸ ਸਮੇਂ ਉਪ੍ਰੋਕਤ ਤਿੰਨਾਂ ਵਰਗਾਂ ਤੋਂ ਇਲਾਵਾ ਅਜਿਹੇ ਪ੍ਰਭੂ ਪਿਆਰਿਆਂ ਸੰਬੰਧੀ ਹੀ ਗੁਰਦੇਵ ਦਾ ਇਨ੍ਹਾਂ ਸ਼ਬਦਾਂ `ਚ ਗੁਰਦੇਵ ਦਾ ਅਜਿਹਾ ਫ਼ੁਰਮਾਨ ਵੀ ਹੈ “ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥ ੧ ॥ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ” (ਪੰ੩੬੦) ਭਾਵ ਪ੍ਰਭੂ ਦੀ ਕਲਾ ਵਰਤੀ ਤੇ ਜੀਵਨ ਪੱਖੋਂ ਕੁਰਾਹੇ ਪੈ ਚੁੱਕੇ ਉਪਰਲੇ ਤਿੰਨਾ ਵਰਗਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲੀ। ਦੂਜੇ ਪਾਸੇ, ਨਾਲ ਹੀ “ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ” ਅਨੁਸਾਰ ਉਨ੍ਹਾਂ ਪ੍ਰਭੂ ਪਿਆਰਿਆਂ ਦੀ ਵੀ ਪ੍ਰਭੂ ਵੱਲੋੇਂ ਅਚਣਚੇਤ ਰਾਖੀ ਵੀ ਹੋਈ।

ਦਰਅਸਲ ਇਨ੍ਹਾਂ ਚਾਰ ਸ਼ਬਦਾਂ ਰਾਹੀਂ ਗੁਰਦੇਵ ਨੇ ਇਸ ਪੱਖੋਂ ਪ੍ਰਭੂ ਦੇ ਉਸੇ ਸਦੀਵੀ ਨਿਯਮ ਨੂੰ ਵੀ ਪ੍ਰਗਟ ਕੀਤਾ ਹੈ। ਸਪਸ਼ਟ ਕੀਤਾ ਹੈ ਕਿ ਜਦੋਂ ਜਦੋਂ ਵੀ ਸੰਸਾਰ `ਚ ਅਜਿਹੇ ਹਾਲਾਤ ਬਣਦੇ ਹਨ ਜਾਂ ਭਵਿਖ `ਚ ਕਦੇ ਵੀ ਬਨਣਗੇ; ਕਰਤਾ ਪ੍ਰਭੂ, ਬਾਬਰ ਦੇ ਹਮਲੇ ਵਾਂਗ, ਆਪਣੀ ਕੋਈ ਨਾ ਖੇਡ ਵਰਤ ਕੇ ਆਪਣੇ ਪਿਆਰਿਆਂ ਦੀ ਬਹੁੜੀ ਕਰਦਾ ਹੈ ਤੇ ਉਪ੍ਰੋਕਤ ਤਿੰਨਾਂ ਵਰਗਾਂ ਨੂੰ ਆਪਣੀ ਕਰਣੀ ਦੀ ਸਜ਼ਾ ਵੀ ਮਿਲਦੀ ਹੈ।

ਗੁਰਬਾਣੀ `ਚ ਵਾਰਾਂ ਦਾ ਆਰੰਭ? -ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ, ਸ਼ਾਇਦ ਉਸ ਸਮੇਂ ਗੁਰਦੇਵ ਦੇ ਮਨ `ਚ, ਇਸ ਲੜਾਈ ਤੇ ਕਤਲੋਗ਼ਾਰਤ ਤੋਂ ਮਨੁੱਖਾ ਜਨਮ ਦੀ ਹੋ ਰਹੀ ਤੱਬਾਹੀ ਤੇ ਹਾਰ ਬਾਰੇ ਹੀ ਅਜਿਹਾ ਵਾਰਾਂ ਦੇ ਲਿਖਣ ਵਾਲਾ ਖ਼ਿਆਲ ਉਠਿਆ। ਇਸੇ ਤੋਂ ਗੁਰਦੇਵ ਨੇ ਗੁਰਬਾਣੀ ਰਚਨਾ ਦੀ ਲੜੀ `ਚ ਇਸ ਵਾਰਾਂ ਵਾਲੇ ਢੰਗ ਦਾ ਵੀ ਆਰੰਭ ਕਰ ਦਿੱਤਾ। ਗੁਰਦੇਵ ਨੇ ਇਨ੍ਹਾਂ ਵਾਰਾਂ ਰਾਹੀਂ ਮਨੁੱਖ ਮਾਤ੍ਰ ਦੇ ਸਨਮੁਖ ਉਸ ਜੰਗ ਨੂੰ ਉਜਾਗਰ ਕੀਤਾ, ਜਿਸ ਜੰਗ ਲਈ ਉਸ ਨੂੰ ਸੁਆਸ ਸੁਆਸ ਤਿਆਰ ਰਹਿਣ ਦੀ ਲੋੜ ਹੈ। ਉਹ ਜੰਗ ਜਿਸ ਜੰਗ ਤੋਂ ਬਿਨਾ ਉਹ ਹਰ ਸਮੇਂ ਆਪਣੇ ਅਮੁੱਲੇ ਤੇ ਦੁਰਲਭ ਜਨਮ `ਚ ਵੀ ਭਾਂਜ ਖਾ ਰਿਹਾ ਹੈ ਤੇ ਆਪਣੇ ਦੁਰਲਭ ਮਨੁੱਖਾ ਜਨਮ ਨੂੰ ਵੀ ਬਿਰਥਾ ਕਰ ਰਿਹਾ ਹੈ।

ਇਸ ਤਰ੍ਹਾਂ ਇਸ ਬਾਰੇ ਜਦੋਂ ਅਸੀਂ ਕੁੱਝ ਹੋਰ ਵੇਰਵੇ `ਚ ਜਾਂਦੇ ਹਾਂ ਤਾਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਗੁਰਬਾਣੀ ਵਿਚਲੀਆਂ ੨੨ ਵਾਰਾਂ `ਚੋਂ ੯ ਵਾਰਾਂ `ਤੇ ਧੁਨੀਆਂ ਲਈ ਜੋ ਸੂਚਨਾ ਆਈ ਹੈ ਉਹ ਵੀ ਇਸੇ ਤੋਂ ਹੈ। ਇੱਕ ਹੋਰ ਖੂਬੀ ਕਿ ਇਨ੍ਹਾਂ ਧੁਨੀਆਂ ਦਾ ਆਰੰਭ ਵੀ ਪਹਿਲੇ ਪਾਤਸ਼ਾਹ ਨੇ ਆਪਣੀਆਂ ਤਿੰਨਾ ਵਾਰਾਂ ਤੋਂ ਆਪ ਹੀ ਕਰ ਵੀ ਦਿੱਤਾ ਸੀ। ਇਸ ਤਰ੍ਹਾਂ ਪਾਹਿਲੇ ਪਾਤਸ਼ਹ ਦੀਆਂ ਤਿੰਨਾਂ ਵਾਰਾਂ ‘ਆਸਾ ਕੀ ਵਾਰ’, ‘ਮਾਝ ਕੀ ਵਾਰ’, ‘ਮਲਾਰ ਕੀ ਵਾਰ’ ਲਈ ਨੰਬਰਵਾਰ ਧੁਨੀਆਂ ਵਾਲੀ ਜੋ ਸੇਧ ਹੈ ਉਹ ਇਹ ਹੈ:-

ਬਾਣੀ ਆਸਾ ਕੀ ਵਾਰ ਲਈ-ਟੁੰਡੇ ਅਸ ਰਾਜੈ ਕੀ ਧੁਨੀ॥

ਬਾਣੀ ਮਾਝ ਕੀ ਵਾਰ ਲਈ-ਮਲਕ ਮੁਰੀਦ ਤਥਾ ਚੰਦ੍ਰਹੜਾ ਸੋਹੀਆ ਕੀ ਧੁਨੀ ਗਾਵਣੀ॥

ਬਾਣੀ ਮਲਾਰ ਕੀ ਵਾਰ ਲਈ-ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ॥ #Instt.1 Mlkiv.014.o3s014#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਤੇ ਪੁਸਤਕਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Malaar Ki Vaar M:1 Steek & GVD” BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that;

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26467315 Cell 9811292808

web site- www.gurbaniguru.org




.