.

ਸਿੱਖ ਧਰਮ ਵਿਚ ਗੁਰਮਤਿ ਦੀ ਸਥਿਤੀ

ਹਾਕਮ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪਰਭੂ ਦੀ ਸਿਰਜੀ ਸਰਿਸ਼ਟੀ ਵਿਚ ਉਸ ਦੇ ਚਲ ਰਹੇ ਹੁਕਮ ਦਾ ਗਿਆਨ ਪਰਦਾਨ ਕਰਦੀ ਹੈ। ਗੁਰਬਾਣੀ ਦਾ ਕਥਨ ਹੈ: "ਨਿਰੰਕਾਰਿ ਆਕਾਰੁ ਉਪਾਇਆ॥ ਮਇਆ ਮੋਹੁ ਹੁਕਮਿ ਬਣਾਇਆ॥" (ਪੰ: ੧੦੬੬)॥ ਨਿਰੰਕਾਰ ਨੇ ਇਹ ਦਿਸ ਰਹੀ ਸਰਿਸ਼ਟੀ ਪੈਦਾ ਕੀਤੀ ਹੈ ਅਤੇ ਉਸ ਦੇ ਹੁਕਮ ਨਾਲ ਸਰਿਸ਼ਟੀ ਵਿਚ ਮਾਇਆ ਮੋਹ ਵਰਤ ਰਿਹਾ ਹੈ। ਗੁਰਬਾਣੀ ਸੰਸਾਰ ਦੀ ਅਸਲੀਅਤ ਦਾ ਵਰਨਨ ਅਧਿਆਤਮਕ ਦਰਿਸ਼ਟੀਕੋਣ ਤੋਂ ਕਰਦੀ ਹੈ ਸੰਸਾਰਕ ਦਰਿਸ਼ਟੀਕੋਣ ਤੋਂ ਨਹੀਂ। ਉਸ ਅਨੁਸਾਰ ਸੰਸਾਰ ਪਰਭੂ ਦੀ ਕਿਰਤ ਹੈ ਅਤੇ ਦੂਜਾ ਹੋਣ ਕਾਰਨ ਮੋਹ ਮਾਇਆ ਦੇ ਵਸ ਪਿਆ ਹੋਇਆ ਹੈ। ਮਨੁੱਖ ਦਾ ਸੰਸਾਰ ਵਿਚ ਸ਼ਕਤੀਮਾਨ ਬਣ ਜਾਣਾ, ਧਨ ਜਾਂ ਸੰਪੱਤੀ ਇਕੱਤਰ ਕਰ ਲੈਣਾ, ਸੋਭਾ ਖਟ ਲੈਣਾ ਜਾਂ ਰਾਜ ਭਾਗ ਪਰਾਪਤ ਕਰ ਲੈਣਾ ਗੁਰਬਾਣੀ ਦੇ ਨਜ਼ੱਰੀਏ ਤੋਂ ਕੋਈ ਮਹੱਤਤਾ ਨਹੀਂ ਰਖਦਾ ਕਿਊਂਕੇ ਅਧਿਆਤਮਕ ਜੀਵਨ ਵਿਚ ਇਹਨਾਂ ਸੰਸਾਰਕ ਪਰਾਪਤੀਆਂ ਦੀ ਨਾ ਹੀ ਕੋਈ ਪਰਾਸੰਗਕਤਾ ਹੈ ਅਤੇ ਨਾ ਹੀ ਕੋਈ ਮੁੱਲ। ਇਸ ਪਰਥਾਏ ਗੁਰਬਾਣੀ ਦੇ ਫਰਮਾਨ ਹਨ: "ਜਿਨਕੈ ਪਲੈ ਧਨੁ ਵਸੈ ਤਿਨਕਾ ਨਾਉ ਫਕੀਰ॥ ਜਿਨਕੈ ਹਿਰਦੈ ਤੂ ਵਸਹਿ ਤੇ ਨਰ ਗੁਣੀ ਗਹੀਰ॥" (ਪੰ: ੧੨੮੭)। "ਮਾਇਆ ਧਾਰੀ ਅਤਿ ਅੰਨਾ ਬੋਲਾ॥ ਸਬਦੁ ਨ ਸੁਣਈ ਬੁਹ ਰੋਲ ਘਚੋਲਾ॥" (ਪੰ: ੩੧੩) ; "ਰਾਜ ਨ ਚਾਹਹੁ ਮੁਕਤਿ ਨ ਚਾਹਹੁ ਮਨੁ ਪ੍ਰੀਤਿ ਚਰਣ ਕਮਲਾਰੇ॥" (ਪੰ: ੫੩੪); "ਰਾਜ ਮਾਲੁ ਜੰਜਾਲੁ ਕਾਜਿ ਨ ਕਿਤੈ ਗਨੁ॥ ਹਰਿ ਕੀਰਤਨੁ ਆਧਾਰ ਨਿਹਚਲੁ ਏਹੁ ਧਨੁ॥" (ਪੰ: ੩੯੮); "ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ॥ ਗਿਆਨੀ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ॥" (ਪੰ: ੧੨੮੨); "ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ॥ ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ॥ ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ॥ ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ॥" (ਪੰ: ੯੩੭); "ਨਾਨਕ ਹੋਰਿ ਪਤਿਸਾਹੀਆ ਕੂੜੀਆ ਨਾਮਿ ਰਤੇ ਪਾਤਸਾਹ॥" (ਪੰ: ੧੪੧੩); 'ਜਿਸਨੋ ਬਖਸੇ ਸਿਫਤਿ ਸਲਾਹ ਨਾਨਕ ਪਾਤਿਸਾਹੀ ਪਾਤਿਸਾਹੁ॥" (ਪੰ: ੫); "ਬਸਤਾ ਤੂਟੀ ਝੁੰਪੜੀ ਚੀਰ ਸਭਿ ਛਿੰਨਾ॥ ਜਾਤਿ ਨ ਪਤਿ ਨ ਆਦਰੋ ਉਦਿਆਨ ਭ੍ਰਮਿੰਨਾ॥ ਮਿਤ੍ਰ ਨ ਇਠ ਧਨ ਰੂਪ ਹੀਣ ਕਿਛੁ ਸਾਕੁ ਨ ਸਿੰਨਾ॥ ਰਾਜਾ ਸਗਲੀ ਸ੍ਰਿਸਟਿ ਕਾ ਹਰਿਨਾਮਿ ਮਨੁ ਭਿੰਨਾ॥" (ਪੰ: ੭੦੭); "ਰਾਜੇ ਓਇ ਨ ਆਖੀਅਹਿ ਭਿੜਿ ਮਰਹਿ ਫਿਰਿ ਜੂਨੀ ਪਾਹਿ॥ ਨਾਨਕੁ ਵਿਣੁ ਨਾਵੈ ਨਕੀ ਵਢੀ ਫਿਰਹਿ ਸੋਭਾ ਮੂਲਿ ਨ ਪਾਹਿ॥" (ਪੰ: ੫੯੦); "ਤਖਤ ਰਾਜਾ ਸੋ ਬਹੈ ਜਿ ਤਖਤੈ ਲਾਇਕ ਹੋਈ॥ ਜਿਨੀ ਸਚੁ ਪਛਾਣਿਆ ਸਚੁ ਰਾਜੇ ਸੋਈ॥ ਏਹਿ ਭੁਪਤਿ ਰਾਜੇ ਨ ਆਖੀਅਹਿ ਦੂਜੈ ਭਾਇ ਦੁਖੁ ਹੋਈ॥" (ਪੰ: ੧੦੮੮); "ਰਾਜੇ ਚੁਲੀ ਨਿਆਵ ਕੀ ਪੜਿਆ ਸਚੁ ਧਿਆਨੁ॥" (ਪੰ: ੧੨੪੦); "ਪੰਡਿਤ ਸੂਰ ਛਤ੍ਰਪਤਿ ਰਾਜਾ ਭਗਤਿ ਬਰਾਬਰ ਅਉਰੁ ਨ ਕੋਇ॥" (ਪੰ: ੮੫੮); "ਸੋ ਸੁਰਤਾਨੁ ਜੁ ਦੁਇ ਸਰ ਤਾਨੈ॥ ਬਾਹਰਿ ਜਾਤਾ ਭੀਤਰਿ ਆਨੈ॥ ਗਗਨ ਮੰਗਲ ਮਹਿ ਲਸਕਰੁ ਕਰੈ॥ ਸੋ ਸੁਰਤਾਨੁ ਛਤ੍ਰ ਸਿਰਿ ਧਰੈ॥" (ਪੰ: ੧੧੬੦)। ਕਬੀਰ ਜੀ ਫਰਮਾਉਂਦੇ ਹਨ ਕਿ ਅਸਲ ਸੁਲਤਾਨ ਉਹ ਹੈ ਜੋ ਗਿਆਨ ਅਤੇ ਵੈਰਾਗ ਦੇ ਤੀਰ ਤਾਣਦਾ ਹੈ, ਆਪਣੇ ਭਟਕਦੇ ਮਨ ਨੂੰ ਵਸ ਕਰ ਕੇ ਸ਼ੁਭ ਗੁਣ ਧਾਰਨ ਕਰਦਾ ਹੈ।
ਗੁਰਬਾਣੀ ਦਾ ਨਿਰਨਾ ਹੈ "ਭਗਤਾ ਤੈ ਸੈਸਾਰੀਆ ਜੋੜ ਕਦੇ ਨ ਆਇਆ॥" (ਪੰ: ੧੪੫) ਅਤੇ "ਭਗਤਾ ਕੀ ਚਾਲਿ ਨਿਰਾਲੀ॥ ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ॥ ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ॥ ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ॥ ਕਹੈ ਨਾਨਕੁ ਚਾਲ ਭਗਤਾ ਜਗਹੁ ਜੁਗੁ ਨਿਰਾਲੀ॥" (ਪੰ: ੯੧੮)। ਗੁਰਬਾਣੀ ਤੇ ਨਿਸ਼ਚਾ ਰਖਣ ਵਾਲੇ ਵਿਅਕਤੀ ਦੀ ਸੰਸਾਰਕ ਪਰਾਪਤੀਆਂ ਵਿਚ ਦਿਲਚਸਪੀ ਨਹੀਂ ਹੁੰਦੀ। ਉਹ ਤੇ ਪਰਭੂ ਦੇ ਭਾਣੇ ਵਿਚ ਰਹਿੰਦਿਆਂ ਆਪਣੀਆਂ ਸੰਸਾਰਕ ਜ਼ਿਮੇਵਾਰੀਆਂ ਨਿਭਾਉਣ ਅਤੇ ਆਪਣੇ ਧਾਰਮਕ ਅਤੇ ਸਮਾਜਕ ਕਰਤਵਾਂ ਨੂੰ ਹਰ ਹੀਲੇ ਸਰਅੰਜਾਮ ਦੇਣ ਦਾ ਜਤਨ ਕਰਦਾ ਹੈ।

ਗੁਰਬਾਣੀ ਮਨੁੱਖਾਂ ਦੇ ਧਾਰਮਕ ਅਤੇ ਸਮਾਜਕ ਅਧਿਕਾਰਾਂ ਦੀ ਬਰਾਬਰੀ ਦੀ ਹਾਮੀ ਹੈ ਅਤੇ ਜਾਤ ਪਾਤ, ਊਚ ਨੀਚ, ਵੱਡੇ ਛੋਟੇ ਅਤੇ ਮੇਰੇ ਦੂਜੇ ਦੇ ਆਧਾਰ ਤੇ ਮਨੁੱਖਤਾ ਵਿਚ ਵੰਢੀਆਂ ਪਾਉਣ ਅਤੇ ਮਨੁੱਖਾਂ ਨਾਲ ਵਿਤਕਰਾ ਕਰਨ ਦਾ ਖੰਡਨ ਕਰਦੀ ਹੈ। ਗੁਰਬਾਣੀ ਦੇ ਕਥਨ ਹਨ: "ਅਵਲਿ ਅਲਹੁ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ॥ ਏਕ ਨੂਰ ਤੇ ਸਭ ਜਗ ਉਪਜਿਆ ਕਉਣ ਭਲੇ ਕਉਣ ਮੰਦੇ॥" (ਪੰ: ੧੩੪੯); "ਜਾਤਿ ਕਾ ਗਰੁਬ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਿਹ ਬਹੁਤੁ ਵਿਕਾਰਾ॥" (ਪੰ: ੧੧੨੮); "ਫਕੜ ਜਾਤੀ ਫਕੜੇ ਨਾਉ॥ ਸਭਨਾ ਜੀਆ ਇਕਾ ਛਾਉ॥" (ਪੰ: ੮੩) " ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥ ਘਟਿ ਵਧਿ ਕੋ ਕਰੈ ਬੀਚਾਰਾ॥" (ਪੰ: ੧੧੨੮); "ਗਰਭ ਵਾਸ ਮਾਹਿ ਕੁਲੁ ਨਹੀ ਜਾਤੀ॥ ਬ੍ਰਹਮ ਬਿੰਦੁ ਤੇ ਸਭ ਉਤਪਾਤੀ॥ ਕਹੁ ਰੇ ਪੰਡਿਤ ਬਾਮਨ ਕਬ ਕੇ ਹੁਏ॥ ਬਾਮਨ ਕਹਿ ਕਹਿ ਜਨਮੁ ਮਤ ਖੋਏ॥ ਰਹਾਉ॥ ਜੋ ਤੂੰ ਬ੍ਰਾਹਮਣੁ ਬ੍ਰਹਮਣੀ ਜਾਇਆ॥ ਤਉ ਆਨ ਬਾਟ ਕਾਹੇ ਨਹੀ ਆਇਆ॥ ਤੁਮ ਕਤ ਬ੍ਰਾਹਮਣ ਹਮ ਕਤ ਸੂਦ॥ ਹਮ ਕਤ ਲੋਹੂ ਤੁਮ ਕਤ ਦੂਧ॥" (ਪੰ: ੩੨੪)। ਗੁਰਬਾਣੀ ਦਾ ਧਾਰਮਕ ਅਤੇ ਸਮਾਜਕ ਬਰਾਬਰਤਾ ਦਾ ਸਿਧਾਂਤ ਹਿੰਦੂ ਸਮਾਜ ਦੀ ਜਨਮ ਤੇ ਆਧਾਰਤ ਵਰਨਵੰਡ ਨੂੰ ਮੂਲੋਂ ਨਕਾਰਦਾ ਹੈ। ਇਹ ਸਿਧਾਂਤ ਹਰ ਮਨੁੱਖ ਨੂੰ ਆਪਣੀ ਮਰਜ਼ੀ ਦਾ ਯੋਗ ਕਿੱਤਾ ਅਪਨਾਉਣ ਅਤੇ ਆਪਣੇ ਜੀਵਨ ਦਾ ਮਾਰਗ ਆਪ ਨਿਰਧਾਰਤ ਕਰਨ ਦੇ ਅਧਿਕਾਰ ਦਾ ਸਮਰਥਨ ਕਰਦਾ ਹੈ। ਗੁਰਬਾਣੀ ਦਾ ਮਨੁੱਖੀ ਬਰਾਬਰਤਾ ਦਾ ਸਿਧਾਂਤ ਕੇਵਲ ਸਮਾਜ ਵਿਚ ਬਰਾਬਰਤਾ ਤੱਕ ਹੀ ਸੀਮਤ ਨਹੀਂ ਹੈ ਇਹ ਪਰਵਾਰ ਵਿਚ ਵਿਅਕਤੀਗਤ ਸੁਤੰਤਰਤਾ ਦੀ ਵੀ ਪਰੋੜ੍ਹਤਾ ਕਰਦਾ ਹੈ। ਗੁਰਬਾਣੀ ਦੇ ਫਰਮਾਨ ਹਨ: "ਮਨਮੁਖ ਜਾਣੈ ਆਪਣੇ ਧੀਆਂ ਪੂਤ ਸੰਜੋਗੁ॥" (ਪੰ: ੬੩); " ਨ ਕਿਸ ਕਾ ਪੂਤ ਨ ਕਿਸ ਕੀ ਮਾਈ॥ ਝੂਠੈ ਮੋਹਿ ਭਰਮਿ ਭੁਲਾਈ॥" (ਪੰ: ੩੫੭); ਕਾ ਕੀ ਮਾਤ ਪਿਤਾ ਕਹੁ ਕਾ ਕੇ ਕਵਨ ਪੁਰਖੁ ਕੀ ਜੋਈ॥ ਘਟ ਫੂਟੇ ਕੋਈ ਬਾਤ ਨ ਪੂਛੈ ਕਾਢਹੁ ਕਾਢਹੁ ਹੋਈ॥" (ਪੰ: ੪੭੮); "ਨ ਭੈਣਾ ਭਰਜਾਈਆ ਨ ਸੇ ਸਸੁੜੀਆਹੁ॥ ਸਚਾ ਸਾਕੁ ਨ ਤੁਟਈ ਗੁਰ ਮੇਲੇ ਸਹੀਆਹੁ॥" (ਪੰ: ੧੦੧੫)। ਮਾਪਿਆਂ, ਪਰਵਾਰ ਅਤੇ ਦੂਜੇ ਰਿਸ਼ਤਿਆਂ ਵਿਚ ਵੀ ਅਧਿਕਾਰਾਂ ਦੀ ਸੀਮਾ ਹੈ। ਗੁਰਬਾਣੀ ਆਪਣਿਆਂ ਨਾਲ ਮਮਤਾ, ਮੋਹ ਅਤੇ ਅਪਣੱਤ ਅਤੇ ਦੂਜਿਆਂ ਨਾਲ ਵਿਤਕਰਾ ਕਰਨਾ ਪਰਵਾਨ ਨਹੀਂ ਕਰਦੀ। ਗੁਰਬਾਣੀ ਦਾ ਕਥਨ ਹੈ: "ਕਰਮ ਧਰਮ ਸਭ ਬੰਧਨਾ ਪਾਪ ਪੁੰਨ ਸਨਬੰਧੁ॥ ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਬੰਧੁ॥ ਜਹ ਦੇਖਾ ਤਹ ਜੇਵਰੀ ਮਾਇਆ ਕਾ ਸਨਬੰਧੁ॥" (ਪੰ: ੫੫੧); "ਜਾਰਉ ਐਸੀ ਪ੍ਰੀਤਿ ਕੁਟੰਬ ਸਨਬੰਧੀ ਮਾਇਆ ਮੋਹ ਪਸਾਰੀ॥" (ਪੰ: ੧੧੯੮); "ਤ੍ਰਿਸਨਾ ਪਾਸੁ ਨ ਛੋਡਈ ਬੈਰਾਗੀਅੜੇ ਮਮਤਾ ਜਾਲਿਆ ਪਿੰਡ ਵਣਾ ਹੰਬੈ॥" (ਪੰ: ੧੧੦੪)। ਮਨੁੱਖਤਾ ਦੇ ਮੂਲ ਅਧਿਕਾਰਾਂ ਵਿਚ ਬਰਾਬਰੀ ਦਾ ਸਿਧਾਂਤ ਹੁਣ ਵਿਸ਼ਵ ਦੇ ਬੁਹਤੇ ਰਾਜਾਂ ਨੇ ਪਰਵਾਨ ਕਰ ਲਿਆ ਹੈ ਭਾਵੇਂ ਸਾਰੇ ਮੂਲ ਅਧਿਕਾਰਾਂ ਨੂੰ ਸਾਕਾਰ ਹੋਣ ਵਿਚ ਹਾਲੇ ਵੀ ਬਹੁਤ ਰੁਕਾਵਟਾਂ ਹਨ। ਗੁਰਬਾਣੀ ਨੇ ਮਾਨਵਤਾ ਲਈ ਮਨੁੱਖੀ ਸਮਾਜ ਵਿਚ ਬਰਾਬਰਤਾ ਅਤੇ ਸੁਤੰਤਰਤਾ ਦਾ ਮਾਰਗ ਉਲੀਕਆ ਹੈ ਅਤੇ ਉਸ ਮਾਰਗ ਤੇ ਚਲਣ ਲਈ ਹਉਮੈ ਤਿਆਗ ਕੇ ਨਾਮ ਸਿਮਰਨ, ਹਲੀਮੀ, ਸੰਤੋਖ, ਨਿਰਵੈਰਤਾ ਅਤੇ ਸੇਵਾ ਭਾਵਨਾ ਧਾਰਨ ਕਰਨ ਦਾ ਉਪਦੇਸ਼ ਦਿੱਤਾ ਹੈ।
ਗੁਰਬਾਣੀ ਆਪਣੇ ਉਪਾਸ਼ਕਾਂ ਨੂੰ ਦੂਜੇ ਧਰਮਾਂ ਦੇ ਲੋਕਾਂ ਨਾਲ ਜੰਗਾਂ ਕਰਨ ਜਾਂ ਉਹਨਾਂ ਨੂੰ ਅਧੀਨ ਕਰ ਕੇ ਉਹਨਾਂ ਤੇ ਰਾਜ ਕਰਨ ਦਾ ਉਪਦੇਸ਼ ਨਹੀਂ ਕਰਦੀ। ਉਹ ਤੇ ਸਾਰੀ ਮਾਨਵਤਾ ਲਈ ਬਰਾਬਰ ਦੇ ਹੱਕਾਂ ਦੀ ਮੁਦੱਈ ਹੈ। ਉਹ ਰਲ ਮਿਲ ਕੇ ਸਭ ਦੇ ਭਲੇ ਲਈ ਸ਼ਾਂਤੀ ਪੂਰਬਕ ਸਮਾਜਕ ਪਰਬੰਧ ਜਾਂ ਰਾਜ ਕਰਨ ਦੀ ਪਰੋੜ੍ਹਤਾ ਕਰਦੀ ਹੈ। ਉਸ ਦਾ ਉਦੇਸ਼ ਤੇ "ਬੇਗਮਪੁਰਾ ਸਹਰ ਕੋ ਨਾਉ॥ ਦੂਖੁ ਅੰਦੋਹੁ ਨਹੀ ਤਿਹਿ ਠਾਉ॥" (ਪੰ: ੩੪੫) ਹੈ। ਗੁਰਬਾਣੀ ਮਨੁੱਖੀ ਅਧਿਕਾਰਾਂ ਦੀ ਰਖਿਆ ਲਈ ਸੰਘਰਸ਼ ਕਰਨ ਨੂੰ ਧਾਰਮਕ ਕਰਤਵ ਮੰਨਦੀ ਹੈ। ਭਾਰਤ ਦਾ ਸੰਵਿਧਾਨ ਲੋਕਾਂ ਦੇ ਮੂਲ ਅਧਿਕਾਰਾਂ ਅਤੇ ਕਨੂੰਨ ਦੀ ਨਿਗਾਹ ਵਿਚ ਸਾਰੇ ਨਾਗਿਰਕਾਂ ਨੂੰ ਬਰਾਬਰ ਦੇ ਅਖਤਿਆਰਾਂ ਨੂੰ ਕਾਫੀ ਹੱਦ ਤੱਕ ਪਰਮਾਣਤ ਕਰਦਾ ਹੈ ਪਰ ਭਰਿਸ਼ਟ ਸਰਕਾਰਾਂ ਅਤੇ ਉਹਨਾਂ ਦੇ ਭਰਿਸ਼ਟ ਆਗੂ ਅਤੇ ਅਧਿਕਾਰੀ ਸਾਧਾਰਣ ਲੋਕਾਂ ਦਾ ਸ਼ੋਸਨ ਕਰਨ ਦੀ ਪੁਰਾਣੀ ਆਦਤ ਤੋਂ ਬਾਜ਼ ਨਹੀਂ ਆਉਂਦੇ ਅਤੇ ਕਨੂੰਨ ਨੂੰ ਨਜ਼ਰ ਅੰਦਾਜ਼ ਕਰਦੇ ਰਹਿੰਦੇ ਹਨ। ਇਸ ਭਰਿਸ਼ਟ ਸ਼ਾਸ਼ਣ ਵਿਚ ਸਿੱਖਾਂ ਅਤੇ ਦੂਜੀਆਂ ਘੱਟ ਗਿਣਤੀਆਂ ਦੇ ਨਾਗਰਿਕਾਂ ਨਾਲ ਵਿਤਕਰਾ ਕੀਤਾ ਜਾਂਦਾ ਹੈ ਅਤੇ ਹਿੰਦੂ ਆਤੰਕਵਾਦੀ ਭਰਿਸ਼ਟ ਸਰਕਾਰਾਂ ਨਾਲ ਮਿਲ ਕੇ ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨੂੰ ਆਪਣੀ ਦਹਿਸ਼ਤਗਰਦੀ ਦਾ ਸ਼ਿਕਾਰ ਬਣਾਉਂਦੇ ਹਨ। ਐਸੀ ਭਿਆਨਕ ਅਤੇ ਚਿੰਤਾਜਨਕ ਸਥਿਤੀ ਵਿਚ ਸਿੱਖਾਂ ਅਤੇ ਉਹਨਾਂ ਦੇ ਆਗੂਆਂ ਨੂੰ ਗੁਰਬਾਣੀ ਤੋਂ ਸੇਧ ਲੈ ਕੇ ਪੰਜਾਬ ਅਤੇ ਭਾਰਤ ਦੇ ਸ਼ਾਂਤੀ ਪਸੰਦ ਅਤੇ ਆਤੰਕਵਾਦ ਦੇ ਵਿਰੋਧੀ ਲੋਕਾਂ ਨੂੰ ਹਿੰਦੂ ਆਤੰਕਵਾਦੀਆਂ ਅਤੇ ਭਰਿਸ਼ਟ ਸਰਕਾਰਾਂ ਦੇ ਅਪਰਾਧਾਂ ਤੋਂ ਜਾਣੂ ਕਰਵਾ ਕੇ ਉਹਨਾਂ ਦੇ ਸਹਿਯੋਗ ਨਾਲ ਆਤੰਕਵਾਦੀਆਂ ਅਤੇ ਭਰਿਸ਼ਟਾਚਾਰੀਆਂ ਦੀਆਂ ਗਤੀਵਿਧੀਆਂ ਨੂੰ ਠਲ੍ਹ ਪਾਉਣ ਅਤੇ ਅਪਰਾਧੀਆਂ ਨੂੰ ਸਜ਼ਾਵਾਂ ਦਿਵਾਉਣ ਦਾ ਜਤਨ ਕਰਨਾ ਚਾਹੀਦਾ ਸੀ। ਪਰ ਕੁੱਝ ਅਖੌਤੀ ਸਿੱਖ ਆਗੂਆਂ ਨੇ ਗੁਰਬਾਣੀ ਉਪਦੇਸ਼ ਦੇ ਵਿਪਰੀਤ ਸਾਰੇ ਹਿੰਦੂਆਂ ਨੂੰ ਹੀ ਸਿੱਖਾਂ ਦੇ ਵੈਰੀ ਅਤੇ ਫਿਰਕਾਪਰੱਸਤ ਐਲਾਨ ਕੇ ਉਹਨਾਂ ਦੀ ਸਿੱਖਾਂ ਪ੍ਰੱਤੀ ਹਮਦਰਦੀ ਗੁਆਉਣ ਦੀ ਨੀਤੀ ਅਪਣਾ ਲਈ। ਕਈ ਸਿਆਸੀ ਆਗੂਆਂ ਨੇ ਚੁੱਪ ਧਾਰਨ ਕਰ ਲਈ। ਸਿੱਖਾਂ ਦੇ ਐਸੇ ਅਖੌਤੀ ਅਗੂਆਂ ਦੀ ਪ੍ਰਤੀਕਿਰਿਆ ਨੇ ਸ਼ਾਂਤੀ ਪਸੰਦ ਹਿੰਦੂਆਂ ਨੂੰ ਸਿੱਖਾਂ ਦੀ ਹਮਾਇਤ ਕਰਨ ਤੋਂ ਰੋਕ ਕੇ ਆਤੰਕਵਾਦੀ ਹਿੰਦੂਆਂ ਅਤੇ ਭਰਿਸ਼ਟ ਸਰਕਾਰਾਂ ਦਾ ਸਮਰਥਨ ਕਰਨ ਦੇ ਰਾਹ ਪਾ ਦਿੱਤਾ। ਬਦਕਿਸਮਤੀ ਨਾਲ ਇਹ ਆਗੂ ਅਖਵਾਉਣ ਵਾਲੇ ਸਿੱਖ ਗੁਰਮਤਿ ਨਾਲੋਂ ਤਾਂ ਟੁਟੇ ਹੀ ਹਨ ਪਰ ਆਪਣੇ ਅਤੀਤ ਤੋਂ ਪਿੱਛਾ ਛੁਡਾ ਕੇ ਆਪਣੀ ਸੋਚ ਨੂੰ ਇਕੀਵੀਂ ਸ਼ਤਾਬਦੀ ਦਾ ਹਾਣੀ ਬਨਾਉਣ ਵਿਚ ਵੀ ਸਫਲ ਨਹੀਂ ਹੋਏ ਹਨ।
ਸਿੱਖ ਮਾਨਸਿਕਤਾ ਅਤੀਤ ਅਤੇ ਗੁਰਮਤਿ ਵਿਰੋਧੀ ਸੋਚ ਤੋਂ ਪਰਭਾਵਤ ਹੈ। ਸਿੱਖ ਆਗੂਆਂ ਵਲੋਂ ਅੰਗ੍ਰੇਜ਼ਾਂ ਦੇ ਸਿੱਖ ਰਿਆਸਤਾਂ ਨੂੰ ਭਾਰਤ ਤੋਂ ਵਖਰੀਆਂ ਕਰ ਕੇ ਜੁਦਾ ਰਾਜ ਸਥਾਪਤ ਕਰਨ ਦੇ ਸੰਕੇਤ ਨੂੰ ਨਾ ਸਮਝਣ ਅਤੇ ਵਖਰੇ ਸਿੱਖ ਰਾਜ ਦੀ ਮੰਗ ਨਾ ਕਰਨ ਦਾ ਦੁੱਖ ਸਿੱਖ ਮਾਨਸਿਕਤਾ ਵਿਚ ਹਾਲੇ ਵੀ ਰੜਕੀ ਜਾ ਰਿਹਾ ਹੈ। ਉਸ ਸਮੇਂ ਦੇ ਸਿੱਖ ਆਗੂਆਂ ਨੇ ਇਕ ਪਾਸੇ ਤੇ ਬਿਨਾ ਸ਼ਰਤ ਭਾਰਤ ਨਾਲ ਰਲ ਕੇ ਆਜ਼ਾਦੀ ਪਰਾਪਤ ਕਰਨ ਲਈ ਰਜ਼ਾਮੰਦੀ ਪਰਗਟਾ ਦਿੱਤੀ ਅਤੇ ਦੂਜੇ ਪਾਸੇ ਆਜ਼ਾਦੀ ਮਿਲਣ ਤੇ ਸਿੱਖ ਹੋਮਲੈਂਡ ਦੀ ਮੰਗ ਕਰ ਛੱਡੀ। ਉਹ ਭਲੀ ਭਾਂਤ ਜਾਣਦੇ ਸਨ ਕਿ ਅੰਗ੍ਰੇਜ਼ ਸਰਕਾਰ ਸਿੱਖਾਂ ਅਤੇ ਹਿੰਦੂਆਂ ਵਿਚ ਦੁਸ਼ਮਨੀ ਪੈਦਾ ਕਰਨੀ ਚਾਹੁੰਦੀ ਹੈ। ਜਦੋਂ ਸਿੱਖ ਆਗੂਆਂ ਨੇ ਹਿੰਦੂ ਬੁਹਗਿਣਤੀ ਨਾਲ ਇਕੱਠੇ ਰਹਿਣ ਦਾ ਫੈਸਲਾ ਕਰ ਹੀ ਲਿਆ ਸੀ ਉਹਨਾਂ ਨੂੰ ਚਾਹੀਦਾ ਸੀ ਕਿ ਉਹ ਅੰਗ੍ਰੇਜ਼ਾਂ ਦੀ ਪਾੜ ਪਾਊ ਨੀਤੀ ਦੇ ਮਾਰੂ ਪਰਭਾਵ ਨੂੰ ਘੱਟਾਉਣ ਅਤੇ ਆਪਸੀ ਗਲਤਫੈਹਮੀਆਂ ਦੂਰ ਕਰਨ ਦਾ ਜਤਨ ਕਰਦੇ। ੧੯੪੭ ਵਿਚ ਹਿੰਦੂਆਂ ਦੀ ਬੁਹਗਿਣਤੀ ਸਿੱਖਾਂ ਦੀ ਵਿਰੋਧੀ ਨਹੀਂ ਸੀ ਅਤੇ ਮਾਲਵੇ ਵਿਚ ਤੇ ਬਹੁਤੇ ਹਿੰਦੂ ਆਪਣੀ ਪੰਜਾਬੀ ਜ਼ੁਬਾਨ ਤੋਂ ਮੁਨਕਿਰ ਵੀ ਨਹੀਂ ਹੋਏ ਸਨ। ਪਰ ਸਿੱਖ ਆਗੂ ਆਪਣੇ ਅਤੀਤ ਅਤੇ ਗੁਰਮਤਿ ਵਿਰੋਧੀ ਅਨੁਭਵ ਤੋਂ ਪਿਛਾ ਨਾ ਛੁਡਾ ਸਕੇ, ਅਤੇ ਜਜ਼ਬਾਤਾਂ ਦੇ ਵਹਿਣ ਵਿਚ ਸਾਰੇ ਹਿੰਦੂਆਂ ਨਾਲ ਵੈਰ ਕਮਾਉਣ ਦੀ ਨੀਤੀ ਅਖਤਿਆਰ ਕਰ ਬੈਠੇ। ਅਜੋਕੇ ਬਹੁਤੇ ਆਗੂ ਅਖਵਾਉਣ ਵਾਲੇ ਸਿੱਖ ਵੀ ਪਹਿਲੇ ਆਗੂਆਂ ਦੀਆਂ ਗਲਤੀਆਂ ਤੋਂ ਸਿਖਿਆ ਲੈਣ ਅਤੇ ਬਦਲੇ ਹਾਲਾਤ ਦਾ ਸਹੀ ਜਾਇਜ਼ਾ ਲੈ ਕੇ ਸੋਚ ਸਮਝ ਨਾਲ ਨੀਤੀ ਨਿਰਧਾਰਤ ਕਰਨ ਦੀ ਥਾਂ ਸਾਰੇ ਹਿੰਦੂਆਂ ਨੂੰ ਆਪਣੇ ਵੈਰੀ ਬਣਾਉਣ ਦੇ ਰਾਹ ਤੇ ਹੀ ਟੁਰੇ ਹੋਏ ਹਨ। ਉਹਨਾਂ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਗੁਰੂ ਨਾਨਕ ਸਾਹਿਬ ਦੇ ਬਹੁਤੇ ਸਿੱਖ ਸੇਵਕ ਹਿੰਦੂ ਧਰਮ ਵਿਚੋਂ ਸਨ ਅਤੇ ਗੁਰੂ ਸਾਹਿਬ ਨੇ ਧਰਮਸਾਲਾਂ ਕਟੜਪੰਥੀ ਮੁਸਲਮਾਨਾਂ ਦੇ ਰਾਜ ਵਿਚ ਸਥਾਪਤ ਕੀਤੀਆਂ ਸਨ। ਗੁਰੂ ਕਾਲ ਵਿਚ ਗੁਰ ਪਰਵਾਰਾਂ ਦੇ ਸਵਾਰਥੀ ਸਦੱਸਾਂ ਨੇ ਗੁਰਮਤਿ ਸੰਚਾਰ ਵਿਚ ਔਕੜਾਂ ਖੜ੍ਹੀਆਂ ਕਰਨ ਅਤੇ ਗੁਰੂ ਸਾਹਿਬਾਨ ਨਾਲ ਦੁਰਵਿਹਾਰ ਕਰਨ ਵਿਚ ਕੋਈ ਕਸਰ ਨਹੀਂ ਛੱਡੀ ਸੀ ਪਰ ਗੁਰੂ ਸਾਹਿਬਾਨ ਨੇ ਉਹਨਾਂ ਦੀਆਂ ਕਾਰਵਾਈਆਂ ਨੂੰ ਅਣਡਿੱਠ ਕਰ ਕੇ ਗੁਰਬਾਣੀ ਸੰਚਾਰ ਜਾਰੀ ਰਖਿਆ ਸੀ। ਅਜਿਹੇ ਅਣਸੁਖਾਵੇਂ ਸਮਿਆ ਵਿਚ ਵੀ ਗੁਰਬਾਣੀ ਰਚਨਾ ਅਤੇ ਗੁਰਮਤਿ ਵਿਚਾਰਧਾਰਾ ਦਾ ਪਰਚਾਰ ਨਿਰੰਤਰ ਵਧਦਾ ਰਿਹਾ ਸੀ। ਜੇਕਰ ਕਟੱੜ ਮੁਗਲ ਸਰਕਾਰ, ਬ੍ਰਾਹਮਣਾਂ ਦੀ ਰਸਮੀ ਵਿਰੋਧਤਾ ਅਤੇ ਗੁਰ ਪਰਵਾਰਾਂ ਦੇ ਸਵਾਰਥੀ ਅਨਸਰਾਂ ਦੀਆਂ ਮਾਰੂ ਨੀਤੀਆਂ ਗੁਰਮਤਿ ਸੰਚਾਰ ਨੂੰ ਰੋਕਣ ਵਿਚ ਸਫਲ ਨਾ ਹੋ ਸਕੀਆਂ ਹੁਣ ਜਦੋਂ ਲੋਕਾਂ ਵਿਚ ਮਨੁੱਖੀ ਅਧਿਕਾਰਾਂ ਪ੍ਰਤੀ ਜਾਗਰਤੀ ਆ ਚੁੱਕੀ ਹੈ, ਭਾਰਤ ਦੇ ਸੰਵਿਧਾਨ ਵਿਚ ਮੂਲ਼ ਅਧਿਕਾਰਾਂ ਦੀ ਵਿਵਸਥਾ ਹੈ ਅਤੇ ਸਿੱਖ ਧਰਮ ਵਿਸ਼ਵਭਰ ਵਿਚ ਫੈਲ ਚੁੱਕਾ ਹੈ ਹਿੰਦੂਆਂ ਦੇ ਧਾਰਮਕ ਪਰਭਾਵ ਦਾ ਡਰ ਤਰਕਹੀਣ ਹੈ। ਗੁਰਮਤਿ ਦੇ ਮਾਨਵਵਾਦੀ ਉਪਦੇਸ਼ ਤੋਂ ਡਰਨਾ ਤੇ ਹਿੰਦੂਆਂ ਨੂੰ ਚਾਹੀਦਾ ਹੈ। ਸਚਾਈ ਇਹ ਹੈ ਕਿ ਸਿੱਖ ਧਰਮ ਦੀ ਅਗਵਾਈ ਦੇ ਦਾਹਵੇਦਾਰ ਗੁਰਬਾਣੀ ਦੇ ਵਿਸ਼ਾਲ ਅਨੁਭਵ, ਦੂਰ ਅੰਦੇਸ਼ੀ ਸੋਚ ਅਤੇ ਸਿਆਣਪ ਤੋਂ ਵਾਂਝੇ ਹਨ। ਸਾਰੇ ਹੀ ਅਖੌਤੀ ਸਿੱਖ ਆਗੂ ਸਿਆਸਤ ਵਿਚ ਉਲਝੇ ਹੋਏ ਹਨ ਅਤੇ ਸਿੱਖ ਵਿਦਵਾਨ ਅਤੇ ਧਰਮਸ਼ਾਸਤਰੀ ਗੁਰਮਤਿ ਦੇ ਸੰਚਾਰ ਲਈ ਕੋਈ ਠੋਸ ਕਦਮ ਨਹੀਂ ਚੁੱਕ ਸਕੇ ਹਨ। ਬਹੁਤੇ ਵਿਦਵਾਨ ਗੁਰਦੁਆਰਾ ਪਰਬੰਧਕਾਂ ਅਤੇ ਉਹਨਾਂ ਦੇ ਸਿਆਸੀ ਆਗੂਆਂ ਤੋਂ ਗੁਰਮਤਿ ਸੰਚਾਰ ਦਾ ਪਰਬੰਧ ਕਰਨ ਦੀ ਆਸ ਲਾਈ ਬੈਠੇ ਹਨ। ਸਿੱਖ ਪਰਚਾਰਕ ਆਪੋ ਆਪਣੀ ਸਮਝ ਅਨੁਸਾਰ ਗੁਰਮਤਿ ਦਾ ਪਰਚਾਰ ਕਰੀ ਜਾ ਰਹੇ ਹਨ। ਇਸ ਸਮੇਂ ਕੇਵਲ ਗੁਰਮਤਿ ਦੇ ਵਿਅਕਤੀਗਤ ਧਾਰਨੀ ਹੀ ਗੁਰਬਾਣੀ ਦੇ ਸਹੀ ਸੰਚਾਰ ਲਈ ਜਤਨਸ਼ੀਲ ਹਨ।

ਗੁਰਬਾਣੀ ਦੇ ਕਿਸੇ ਸਿਧਾਂਤ ਵਿਚ ਵੀ ਰਾਜਸੀ ਸ਼ਕਤੀ ਪਰਾਪਤ ਕਰਨ ਅਤੇ ਮਨੁੱਖਤਾ ਵਿਚ ਵੰਡੀਆਂ ਪਾਉਣ ਨੂੰ ਮਹਤੱਤਾ ਨਹੀਂ ਦਿੱਤੀ ਗਈ ਹੈ। ਫਿਰ ਵੀ ਗੁਰੂ ਹਰਿਗੋਬਿੰਦ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਜੀਵਨੀਆਂ ਵਿਚ ਗੁਰਮਤਿ ਅਤੇ ਰਾਜਸੀ ਸ਼ਕਤੀ ਦੇ ਸੁਮੇਲ ਦਾ ਵਿਸ਼ਵਾਸ ਵਿਆਪਕ ਹੈ, ਜੋ ਗੁਰ ਬਿਲਾਸਾਂ ਦੀ ਦੇਣ ਹੈ। ਇਹ ਠੀਕ ਹੈ ਕਿ ਗੁਰੂ ਸਾਹਿਬਾਨ ਨੂੰ ਗੁਰਮਤਿ ਸੰਚਾਰ ਦੀ ਸੁਵਿਧਾ ਲਈ ਕਈ ਰੱਖਿਆਤਮਕ ਜੰਗਾਂ ਲੜਣੀਆਂ ਪਈਆਂ ਸਨ ਪਰ ਗੁਰੂ ਹੋਣ ਦੇ ਨਾਤੇ ਉਹਨਾਂ ਦਾ ਜੀਵਨ ਮੁੱਖ ਤੌਰ ਤੇ ਗੁਰਬਾਣੀ ਦੇ ਅਧਿਆਤਮਕ ਗਿਆਨ ਦੇ ਪਰਚਾਰ ਨੂੰ ਸਮਰਪਤ ਸੀ। ਇਹ ਤੱਥ ਕਿ ਦਸੋ ਗੁਰੂ ਸਾਹਿਬਾਨ ਅਧਿਆਤਮਕ ਗੁਰੂ ਸਨ ਅਤੇ ਉਹਨਾਂ ਦੇ ਜੀਵਨ ਦਾ ਉਦੇਸ਼ ਕੇਵਲ ਗੁਰਬਾਣੀ ਸੰਚਾਰ ਸੀ, ਉਹਨਾਂ ਦੀਆਂ ਜੀਵਨੀਆਂ ਦੀਆਂ ਲਿਖਤਾਂ ਵਿਚ ਅਕਸਰ ਨਜ਼ਰ ਅੰਦਾਜ਼ ਕੀਤਾ ਗਿਆ ਹੈ। ਗੁਰੂ ਸਾਹਿਬਾਨ ਦੇ ਮਿਥਹਾਸਕ ਗੁਰ ਬਿਲਾਸ ਅਤੇ ਉਹਨਾਂ ਗੁਰ ਬਿਲਾਸਾਂ ਤੇ ਆਧਾਰਤ ਇਤਹਾਸਕ ਲਿਖਤਾਂ ਗੁਰੂ ਸਾਹਿਬਾਨ ਨੂੰ ਬੀਰ ਸੈਨਾਪਤੀ, ਖੜਗਧਾਰੀ ਜੋਧੇ, ਤਖਤਾਂ ਦੇ ਮਾਲਕ, ਕਲਗੀਧਰ ਰਾਜੇ, ਸਿਆਸੀ ਆਗੂ ਅਤੇ ਵੱਡੇ ਕਰਾਮਾਤੀ ਦਰਸਾਉਂਦੀਆਂ ਹਨ। ਜਿਵੇਂ ਇਸ ਲੇਖ ਦੇ ਅਰੰਭ ਵਿਚ ਦਿੱਤੇ ਗੁਰ ਵਾਕ ਸਪਸ਼ਟ ਕਰਦੇ ਹਨ ਗੁਰਬਾਣੀ ਵਿਚ ਅਜਿਹੇ ਸੰਸਾਰਕ ਕਰਤਵਾਂ ਅਤੇ ਅਜਿਹੀਆਂ ਪਦਵੀਆਂ ਨੁੰ ਨਿਰਮੂਲ ਸਮਝਿਆ ਗਿਆ ਹੈ। ਗੁਰੂ ਨਾਨਾਕ ਸਾਹਿਬ ਦੀ ਬਾਣੀ ਦੇ ਕਥਨ ਹਨ: "ਹਉ ਢਾਢੀ ਕਾ ਨੀਚ ਜਾਤਿ ਹੋਰ ਉਤਮ ਜਾਤਿ ਸਦਾਇਦੇ॥" (ਪੰ: ੪੬੮); "ਜੇ ਲੋੜਹਿ ਚੰਗਾ ਆਪਣਾ ਕਰਿ ਪੁੰਨਹੁ ਨੀਚੁ ਸਦਾਈਐ॥" (ਪੰ: ੪੮੫)। ਗੁਰੂ ਗੋਬਿੰਦ ਸਿੰਘ ਜੀ ਗੁਰਬਾਣੀ ਦੇ "ਜੋਤਿ ਓਹਾ ਜੁਗਤਿ ਸਾਇ ਸਹਿ ਕਾਇਆ ਫੇਰਿ ਪਲਟੀਐ॥" (ਪੰ: ੯੬੬) ਦੇ ਸਿਧਾਂਤ ਅਨੁਸਾਰ ਗੁਰੂ ਨਾਨਾਕ ਦੀ ਹੀ ਦਸਵੀਂ ਜੋਤ ਸਨ। ਉਹਨਾਂ ਆਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਿੱਖ ਧਰਮ ਦਾ ਸਦੀਵੀ ਗੁਰੂ ਘੋਸ਼ਤ ਕਰਨ ਦਾ ਉਪਕਾਰ ਕੀਤਾ ਸੀ। ਉਹ ਸਿੱਖ ਧਰਮ ਦੇ ਅਧਿਆਤਮਕ ਗੁਰੂ ਸਨ। ਉਹਨਾਂ ਦੇ ਅਧਿਆਤਮਕ ਕਰਤਵਾਂ ਨੂੰ ਛੁਟਿਆ ਕੇ ਸੰਸਾਰਕ ਪਰਾਪਤੀਆਂ ਨੂੰ ਵਡਿਆਉਣਾ ਉਚੱਤ ਨਹੀਂ ਹੈ। ਦਰ ਅਸਲ ਇਹ ਗੁਰ ਬਿਲਾਸ ਗੁਰੂ ਸਾਹਿਬਾਨ ਦੇ ਪਰਵਾਰਕ ਵਿਰੋਧੀਆਂ ਦੇ ਸਹਿਯੋਗੀਆਂ ਦੀਆਂ ਕਿਰਤਾਂ ਹਨ ਜਿਹਨਾਂ ਦਾ ਮਨੋਰਥ ਗੁਰੂ ਸਾਹਿਬਾਨ ਦੀ ਨਿੰਦਾ ਕਰ ਕੇ ਉਹਨਾਂ ਨੂੰ ਗੁਰਮਤਿ ਵਿਰੋਧੀ ਸਿੱਧ ਕਰਨਾ ਅਤੇ ਗੁਰਬਾਣੀ ਬਾਰੇ ਭੁਲੇਖੇ ਪਾਉਣਾ ਸੀ। ਬਹੁਤੀਆਂ ਗੁਰ ਇਤਹਾਸ ਵਜੋਂ ਜਾਣੀਆਂ ਜਾਂਦੀਆਂ ਲਿਖਤਾਂ ਉਹਨਾਂ ਮਿਥਹਾਸਕ ਗੁਰ ਬਿਲਾਸਾਂ ਦੀਆਂ ਕਹਾਣੀਆਂ ਨੂੰ ਦੁਹਰਾਉਂਦੀਆਂ ਹਨ। ਗੁਰੂ ਗੋਬਿੰਦ ਸਿੰਘ ਜੀ ਨੂੰ ਸੈਨਾਪਤੀ ਦੇ ਨਾਲ ਨਾਲ ਵਿਦਵਾਨ ਮਹਾਂਕਵੀ ਬਨਾਉਣ ਲਈ ਗੁਰਮਤਿ ਵਿਰੋਧੀਆਂ ਨੇ ਗੁਰੂ ਸਾਹਿਬ ਨੂੰ ਬਚਿਤ੍ਰ ਨਾਟਕ ਜੈਸੇ ਨੀਵੇਂ ਪੱਧਰ ਦੇ ਗ੍ਰੰਥ ਦਾ ਕਰਤਾ ਬਣਾ ਛੱਡਿਆ। ਗੁਰ ਪਰਵਾਰਾਂ ਦੇ ਗੁਰਮਤਿ ਵਿਰੋਧੀਆਂ ਦਾ ਮਨੋਰਥ ਕੇਵਲ ਗੁਰੂ ਸਾਹਿਬਾਨ ਨੂੰ ਬਦਨਾਮ ਕਰਨ ਲਈ ਉਹਨਾਂ ਦਾ ਭਰਮਾਊ ਮਿਥਹਾਸ ਰਚਨਾ ਹੀ ਨਹੀਂ ਸੀ ਬਲਕਿ ਸਿੱਖ ਧਰਮ ਵਿਚ ਗੁਰਬਾਣੀ ਉਪਦੇਸ਼ ਦੀ ਥਾਂ ਗੁਰੂ ਗ੍ਰੰਥ ਸਾਹਿਬ ਦੀ ਮੂਰਤੀ ਪੂਜਾ ਦੀ ਰੀਤ ਚਲਾਉਣਾ, ਨਕਲੀ ਗ੍ਰੰਥਾਂ ਨੂੰ ਗੁਰਬਾਣੀ ਸਿੱਧ ਕਰਨਾ ਅਤੇ ਸਿੱਖ ਸ਼ਰਧਾਲੂਆਂ ਵਿਚ ਭਰਮ ਭੁਲੇਖੇ ਪਾ ਕੇ ਉਹਨਾਂ ਦੀ ਰਾਜ ਸੱਤਾ, ਸੈਨਕਤਾ, ਹਿੰਸਾ ਅਤੇ ਸ਼ਕਤੀ ਵਿਚ ਦਿਲਚਸਪੀ ਪੈਦਾ ਕਰਨਾ ਅਤੇ ਕਾਮ ਵਾਸ਼ਨਾ ਉਤੇਜਤ ਕਰਨਾ ਸੀ, ਜਿਸ ਵਿਚ ਉਹ ਕਾਫੀ ਸਫਲ਼ ਹੋਏ ਹਨ।
ਗੁਰਮਤਿ ਦੀ ਵਿਰੋਧਤਾ ਕਿਸ ਨੇ, ਕਿਊਂ ਅਤੇ ਕਿਵੇਂ ਸ਼ੁਰੂ ਕੀਤੀ ਇਸ ਬਾਰੇ ਵੀ ਸਿੱਖ ਜਗਤ ਵਿਚ ਬਹੁਤ ਭਾਰੀ ਗਲਤਫੈਹਮੀ ਹੈ। ਪਰਚਲਤ ਵਿਚਾਰ ਅਨੁਸਾਰ ਗੁਰਮਤਿ ਦੀ ਵਿਰੋਧਤਾ ਲਈ ਬ੍ਰਾਹਮਣ ਜ਼ਿਮੇਵਾਰ ਹਨ, ਜੋ ਪੂਰਾ ਸੱਚ ਨਹੀਂ ਹੈ। ਦਰ ਅਸਲ ਗੁਰ ਪਰਵਾਰਾਂ ਦੇ ਗੁਰ ਗੱਦੀ ਦੇ ਅਭਿਲਾਸ਼ੀਆਂ ਦਾ ਗੁਰਬਾਣੀ ਉਪਦੇਸ ਅਤੇ ਗੁਰਮਤਿ ਸੰਚਾਰ ਨਾਲ ਕੋਈ ਲਗਾਓ ਨਹੀਂ ਸੀ ਉਹ ਸ਼ਕਤੀ, ਸੰਪੱਤੀ ਅਤੇ ਵਡਿਆਈ ਪਰਾਪਤ ਕਰਨ ਵਿਚ ਦਿਲਚਸਪੀ ਰਖਦੇ ਸਨ। ਉਹ ਜਾਣਦੇ ਸਨ ਕਿ ਲੋਕਾਂ ਵਿਚ ਗੁਰਬਾਣੀ ਲਈ ਅਥਾਹ ਸ਼ਰਧਾ ਹੈ ਅਤੇ ਗੁਰ ਸੰਤਾਨ ਹੋਣ ਦੇ ਨਾਤੇ ਉਹ ਉਸ ਸ਼ਰਧਾ ਤੋਂ ਨਿੱਜੀ ਲਾਭ ਉਠਾ ਸਕਦੇ ਹਨ। ਉਹ ਗੁਰ ਗੱਦੀ ਅਤੇ ਪੋਥੀ ਸਾਹਿਬ ਤੇ ਕਬਜ਼ਾ ਕਰ ਕੇ ਗੁਰੂ ਹੋਣ ਦਾ ਪਖੰਡ ਰਚਣ ਅਤੇ ਸ਼ਰਧਾਲੂਆਂ ਦਾ ਸ਼ੋਸ਼ਨ ਕਰਨ ਵਿਚ ਵਿਸ਼ਵਾਸ ਰਖਦੇ ਸਨ। ਗੁਰਮਤਿ ਦੀ ਵਿਰੋਧਤਾ ਗੁਰ ਪਰਵਾਰਾਂ ਦੇ ਇਹਨਾਂ ਗੁਰ ਗੱਦੀ ਦੇ ਅਭਿਲਾਸ਼ੀਆਂ ਵਲੋਂ ਸ਼ੁਰੂ ਹੋਈ ਸੀ। ਉਹਨਾਂ ਨੇ ਗੁਰੂ ਸਾਹਿਬਾਨ ਨੂੰ ਨਿੰਦਣ ਅਤੇ ਤੰਗ ਕਰਨ ਲਈ ਹਰ ਸੰਭਵ ਢੰਗ ਵਰਤਿਆ। ਉਹਨਾਂ ਕਿਸੇ ਵੀ ਗੁਰੂ ਸਾਹਿਬ ਨੂੰ ਆਪਣੇ ਟਿਕਾਣੇ ਤੇ ਸ਼ਾਂਤੀ ਨਾਲ ਰਹਿ ਕੇ ਗੁਰਬਾਣੀ ਦਾ ਸੰਚਾਰ ਨਹੀਂ ਕਰਨ ਦਿੱਤਾ। ਗੁਰੂ ਹਰਿਗੋਬਿੰਦ ਸਾਹਿਬ ਨੂੰ ਅੰਮ੍ਰਿਤਸਰ ਛਡਣਾ ਪਿਆ ਅਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁਆਧ ਅਤੇ ਮਾਲਵੇ ਨੂੰ ਆਪਣਾ ਪਰਚਾਰ ਖੇਤਰ ਬਨਾਉਣਾ ਪਿਆ। ਉਹਨਾਂ ਨੇ ਹੀ ਮੁਗਲ ਸਰਕਾਰ ਨਾਲ ਮਿਲ ਕੇ ਗੁਰੂ ਸਾਹਿਬਾਨ ਨੂੰ ਵੱਧ ਤੋਂ ਵੱਧ ਨੁਕਸਾਨ ਪੁਚਾਉਣ ਦਾ ਜਤਨ ਕੀਤਾ ਸੀ। ਇਥੋਂ ਹੀ ਗੁਰਮਤਿ ਦੀ ਵਿਰੋਧਤਾ ਦਾ ਮੁੱਢ ਬੱਝਾ ਸੀ। ਗੁਰਮਤਿ ਦੀ ਵਿਰੋਧਤਾ ਕਿਸੇ ਬ੍ਰਾਹਮਣ ਜਾਂ ਹਿੰਦੂ ਸੰਗਠਨ ਨੇ ਨਹੀਂ ਅਰੰਭੀ ਸੀ ਜਿਵੇਂ ਅਕਸਰ ਸਮਝਿਆ ਜਾਂਦਾ ਹੈ। ਉਹ ਲੋਕ ਤੇ ਬਣਦੀ ਰਸਮੀ ਵਿਰੋਧਤਾ ਕਰਦੇ ਸਨ। ਗੁਰਮਤਿ ਦੀ ਵਿਰੋਧਤਾ ਤੇ ਗੁਰ ਪਰਵਾਰਾਂ ਦੇ ਸੁਆਰਥੀ ਅਨਸਰਾਂ ਦੀ ਕਾਰਗੁਜ਼ਾਰੀ ਸੀ ਜਿਸ ਨੂੰ ਛੁਪਾਉਣ ਲਈ ਉਹ ਬ੍ਰਾਹਮਣਾਂ ਅਤੇ ਦੂਜਿਆਂ ਦਾ ਨਾਂ ਲਾਉਂਦੇ ਸਨ। ਉਹਨਾਂ ਨੇ ਹੀ ਗੁਰਬਾਣੀ ਸਿਧਾਂਤਾਂ ਦਾ ਖੰਡਨ ਕਰਨ ਲਈ ਆਪਣੇ ਸਹਿਯੋਗੀਆਂ ਤੋਂ ਗੁਰਬਾਣੀ ਦੁਆਲੇ ਗੁਰੂ ਸਾਹਿਬਾਨ ਦੀਆਂ ਜੀਵਨੀਆਂ ਦਾ ਮਿਥਹਾਸ ਰਚਣ ਦੀ ਰੀਤ ਚਲਾਈ ਸੀ ਜਿਸ ਮਿਥਹਾਸ ਨੂੰ ਅਗਿਆਨੀ ਸ਼ਰਧਾਲੂ ਅੱਜ ਵੀ ਸੱਚ ਮੰਨੀ ਜਾਂਦੇ ਹਨ। ਗੁਰ ਪਰਵਾਰਾਂ ਦੇ ਗੁਰਮਤਿ ਵਿਰੋਧੀਆਂ ਨੇ ਜੋ ਕੁੱਝ ਕੀਤਾ ਉਹ ਅਨੋਖਾ ਨਹੀਂ ਸੀ ਕਿਊਂਕੇ ਸੰਸਾਰ ਅਤੇ ਦੂਜੇ ਧਰਮਾਂ ਵਿਚ ਵੀ ਐਸਾ ਕੁੱਝ ਹੀ ਹੁੰਦਾ ਰਿਹਾ ਹੈ। ਦਰ ਅਸਲ ਗਿਆਨ ਪਰਭੂ ਮਿਲਾਪ ਦੇ ਅਧਿਆਤਮਕ ਮਾਰਗ ਦੇ ਪਰਕਾਸ਼ ਦਾ ਸੋਮਾ ਹੈ ਪਰ ਸੰਸਾਰਕ ਜੀਵਨ ਵਿਚ ਇਹ ਗਿਆਨ ਮਾਇਆ ਦੇ ਪਰਭਾਵ ਕਾਰਨ ਪਰਕਾਸ਼ ਦੀ ਥਾਂ ਸ਼ਕਤੀ ਦਾ ਸੋਮਾ ਬਣ ਕੇ ਵਿਚਰਦਾ ਹੈ। ਸਮਾਜਕ ਸ਼ਕਤੀ ਗਿਆਨ ਦੀ ਹੀ ਉਪਜ ਹੁੰਦੀ ਹੈ। ਇਤਹਾਸ ਗਵਾਹ ਹੈ ਕਿ ਗਿਆਨ ਤੋਂ ਪਰਾਪਤ ਹੋਣ ਵਾਲੀ ਸਮਾਜਕ ਸ਼ਕਤੀ ਤੇ ਜ਼ਿਆਦਾ ਤਰ ਮਾਨਵਤਾ ਦੇ ਵੈਰੀ ਆਗੂ, ਰਾਜੇ ਅਤੇ ਪੁਜਾਰੀ ਕਬਜ਼ਾ ਕਰਦੇ ਰਹੇ ਹਨ ਅਤੇ ਗਿਆਨ ਨੂੰ ਛੁਪਾ ਕੇ ਲੋਕਾਂ ਨੂੰ ਝੂਠੀ ਜਾਣਕਾਰੀ ਜਾਂ ਅਗਿਆਨਤਾ ਦੇ ਅੰਧਕਾਰ ਨਾਲ ਭਰਮਾਉਂਦੇ ਅਤੇ ਉਹਨਾਂ ਦਾ ਸ਼ੋਸ਼ਨ ਕਰਦੇ ਰਹੇ ਹਨ। ਜਦੋਂ ਵੀ ਉਹਨਾਂ ਨੂੰ ਕਿਸੇ ਗਿਆਨਵਾਨ ਜਾਂ ਗੁਣਵਾਨ ਵਿਅਕਤੀ ਦੀ ਸੂਹ ਮਿਲਦੀ ਸੀ ਉਹ ਉਸ ਨੂੰ ਆਪਣੇ ਨਾਲ ਮਿਲਾਉਣ ਦਾ ਜਤਨ ਕਰਦੇ ਸਨ ਜਾਂ ਮਾਰ ਮੁਕਾਉਂਦੇ ਸਨ। ਅਜੋਕੇ ਲੋਕਤਾਂਤਰਕ ਯੁਗ ਵਿਚ ਵੀ ਤਕਨੀਕੀ ਜਾਣਕਾਰੀ ਸ਼ਕਤੀ ਦਾ ਸੋਮਾ ਹੈ ਅਤੇ ਉਦਯੋਗਪਤੀਆਂ ਦੀ ਮਲਕੀਅਤ ਹੈ। ਉਦਯੋਗਪਤੀ ਤਕਨੀਕੀ ਜਾਣਕਾਰੀ ਨੂੰ ਗੁਪਤ ਰੱਖ ਕੇ ਆਮ ਲੋਕਾਂ ਨੂੰ ਗਤੀ ਨਾਲ ਭਰਮਾਉਂਦੇ ਹਨ। ਪਰ ਸੱਚ ਅਤੇ ਸੱਚਾ ਗਿਆਨ ਪਰਭੂ ਦੀ ਪਰਬਲ ਸ਼ਕਤੀ ਅਤੇ ਬੇਅੰਤਤਾ ਦਾ ਪਰਗਟਾਵਾ ਹੁੰਦਾ ਹੈ ਜਿਸ ਨੂੰ ਛੁਪਾਉਣਾ ਜਾਂ ਮਿਟਾਉਣਾ ਕਿਸੇ ਤਾਨਾਸ਼ਾਹ, ਜ਼ਾਲਮ ਜਾਂ ਲੋਭੀ ਵਪਾਰੀ ਦੇ ਵਸ ਵਿਚ ਨਹੀਂ ਹੁੰਦਾ ਅਤੇ ਜੋ ਅੰਤ ਵਿਚ ਪਰਗਟ ਹੋ ਕੇ ਰਹਿੰਦਾ ਹੈ। ਗੁਰਬਾਣੀ ਦੇ ਗਿਆਨ ਨੂੰ ਵੀ ਛੁਪਾਉਣ ਅਤੇ ਮਿਟਾਉਣ ਦੇ ਨਿਰੰਤਰ ਜਤਨ ਹੁੰਦੇ ਰਹੇ ਹਨ ਅਤੇ ਹੋ ਰਹੇ ਹਨ ਪਰ ਗੁਰਬਾਣੀ ਦਾ ਸੱਚ ਕਾਇਮ ਹੈ ਅਤੇ ਉਸ ਦੇ ਗਿਆਨ ਦੇ ਪਰਕਾਸ਼ ਦੀ ਸੀਮਾ ਦਿਨ ਪਰ ਦਿਨ ਵਿਸਤਰਤ ਹੁੰਦੀ ਜਾ ਰਹੀ ਹੈ।
ਅਜੋਕੇ ਯੁਗ ਵਿਚ ਗੁਰਬਾਣੀ ਦੇ ਸੰਚਾਰ ਨੂੰ ਇਕ ਗੰਭੀਰ ਸਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮਸਿਆ ਇਹ ਹੈ ਕਿ ਗੁਰਬਾਣੀ ਉਪਦੇਸ਼ ਅਤੇ ਗੁਰ ਇਤਹਾਸ, ਸਿੱਖ ਪਰੰਪਰਾ ਅਤੇ ਰਹਿਤ ਵਿਚ ਅਣਨਜਿੱਠੀ ਪਰਸਪਰ ਵਿਰੌਧਤਾ ਹੈ ਅਤੇ ਸਿੱਖ ਧਰਮ ਅਤੇ ਜੀਵਨ ਵਿਚ ਗੁਰਬਾਣੀ ਉਪਦੇਸ਼ ਦੇ ਵਿਪਰੀਤ ਸਿੱਖ ਇਤਹਾਸ, ਪਰੰਪਰਾ ਅਤੇ ਰਹਿਤ ਦਾ ਵਿਆਪਤ ਪਰਭਾਵ ਹੈ। ਇਕ ਪਾਸੇ ਤੇ ਸਿੱਖ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਆਪਣੇ ਧਰਮ ਦਾ ਆਧਾਰ ਮੰਨਦੇ ਹਨ ਅਤੇ ਦੂਜੇ ਪਾਸੇ ਉਸੇ ਗੁਰਬਾਣੀ ਦੇ ਉਪਦੇਸ਼ ਦੀ ਆਪਣੀਆਂ ਲਿਖਤਾਂ ਵਿਚ ਗੁਰੂ ਸਾਹਿਬਾਨ ਵਲੋਂ ਬੇਮੁਖਤਾ ਦਰਸਾਈ ਜਾਂਦੇ ਹਨ, ਅਤੇ ਸਿੱਖ ਪਰੰਪਰਾ ਅਤੇ ਰਹਿਤ ਵਿਚ ਉਸ ਦੀ ਉਲੰਘਣਾ ਕਰੀ ਜਾਂਦੇ ਹਨ। ਪਰਚਲਤ ਗੁਰ ਇਤਹਾਸ ਗੁਰੂ ਸਾਹਿਬਾਨ ਦੇ ਜੀਵਨ ਨੂੰ ਕਦਮ ਕਦਮ ਤੇ ਗੁਰਬਾਣੀ ਉਪਦੇਸ਼ ਦੇ ਉਲਟ ਦਰਸਾਉਂਦਾ ਹੈ। ਐਸੇ ਸੰਦੇਹਪੂਰਨ ਗੁਰ ਇਤਹਾਸ ਦਾ ਵਿਆਪਤ ਪਰਚਾਰ ਗੁਰਬਾਣੀ ਬਾਰੇ ਅਗਿਆਨਤਾ ਹੀ ਫੈਲਾ ਸਕਦਾ ਹੈ। ਕਈ ਵਿਦਵਾਨ ਅਤੇ ਪਰਚਾਰਕ ਸਿੱਖ ਧਰਮ ਵਿਚ ਧਰਮ ਅਤੇ ਸਿਆਸਤ ਦੇ ਸੁਮੇਲ ਨੂੰ ਇਕ ਵੱਡਾ ਗੁਣ ਅਤੇ ਪਰਾਪਤੀ ਪਰਚਾਰਦੇ ਹਨ ਅਤੇ ਸੰਦੇਹਪੂਰਨ ਗੁਰ ਇਤਹਾਸ ਅਤੇ ਉਸ ਇਤਹਾਸ ਤੇ ਆਧਾਰਤ ਪਰੰਪਰਾ ਦੁਆਰਾ ਗੁਰਬਾਣੀ ਦੀ ਵਿਅਖਿਆ ਕਰਨ ਦਾ ਜਤਨ ਵੀ ਕਰਦੇ ਹਨ, ਜੋ ਮੰਦਭਾਗਾ ਹੈ। ਸਿੱਖ ਧਰਮ ਦੇ ਚਿੰਤਕਾਂ ਲਈ ਇਹ ਮਸਲਾ ਹੁਣ ਇਕ ਬਹੁਤ ਵੱਡੀ ਚਣੌਤੀ ਬਣ ਗਿਆ ਹੈ। ਮੂਲ ਪ੍ਰਸ਼ਨ ਇਹ ਹੈ ਕਿ ਸਿੱਖ ਧਰਮ ਵਿਚ ਪਰਥਮ ਕੀ ਹੈ: ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਾਂ ਵਿਅਕਤੀ ਗੁਰੂਆਂ ਦਾ ਕਲਪਤ ਅਤੇ ਸੰਦੇਪੂਰਨ ਇਤਹਾਸ? ਇਹ ਪ੍ਰਸ਼ਨ ਇਸ ਲਈ ਵੀ ਮਹਤੱਵਪੂਰਨ ਹੈ ਕਿਊਂਕੇ ਸਿੱਖ ਧਰਮ ਵਿਚ ਗੁਰੂ ਅਤੇ ਗੁਰਮਤਿ ਨੂੰ ਵਿਸ਼ੇਸ਼ ਸਥਾਨ ਪਰਾਪਤ ਹੈ ਅਤੇ ਸਾਰੇ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਅਤੇ ਗੁਰੂ ਮੰਨਦੇ ਹਨ। ਗੁਰਬਾਣੀ ਵਿਚ ਗੁਰੂ, ਸਤਿਗੁਰੂ ਦਾ ਸੰਕਲਪ ਦੋ ਵਖਰੇ ਅਸਤਿਤਵਾਂ ਨੂੰ ਪਰਗਟਾਉਂਦਾ ਹੈ: ਇਕ, ਬਾਣੀ ਗੁਰੂ ਨੂੰ, ਦੂਜਾ, ਬਾਣੀ ਦੇ ਸੰਚਾਰ ਮਾਧਿਅਮ ਵਿਅਕਤੀ ਗੁਰੂ ਨੂੰ। ਵਿਅਕਤੀ ਗੁਰੂ ਦਾ ਵਰਨਨ ਭੱਟਾਂ ਦੇ ਸਵੱਈਆਂ, ਰਾਮਕਲੀ ਰਾਗ ਵਿਚ ਸੱਤੇ ਬਲਵੰਡ ਦੀ ਵਾਰ ਅਤੇ ਰਾਮਕਲੀ ਸਦੁ ਵਿਚ ਕੀਤਾ ਗਿਆ ਹੈ। ਇਸ ਵਿਸ਼ੇ ਤੇ ਗੁਰਬਾਣੀ ਦਾ ਇਹ ਸਪਸ਼ਟ ਨਿਰਨਾ ਹੈ ਕਿ ਬਾਣੀ ਗੁਰੂ ਹੈ ਅਤੇ ਵਿਅਕਤੀ ਗੁਰੂ ਉਸ ਬਾਣੀ ਦੇ ਸੰਚਾਰ ਮਾਧਿਅਮ ਹਨ। ਇਸ ਪਰਥਾਏ ਗੁਰਬਾਣੀ ਦੇ ਕਥਨ ਹਨ: "ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥ ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀ ਕਰਮਿ ਧਿਆਈ॥" (ਪੰ: ੧੨੪੩)"ਸਤਿਗੁਰ ਕੀ ਬਾਣੀ ਸਤਿ ਸਤਿ ਕਰਿ ਮਾਨਹੁ ਇਉ ਆਤਮ ਰਾਮੈ ਲੀਨਾ ਹੇ॥" (ਪੰ: ੧੦੨੮); "ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨ ਆਇ॥" (ਪੰ: ੬੭); "ਬਾਣੀ ਗੁਰੂ ਗੁਰੂ ਹੈ ਬਾਣੀ ਵਿਚਿ ਬਾਣੀ ਅੰਮ੍ਰਿਤੁ ਸਾਰੇ॥ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰਤਖਿ ਗੁਰੂ ਨਿਸਤਾਰੇ॥" (ਪੰ: ੯੮੨); "ਸਚਾ ਸਬਦੁ ਸਚੀ ਹੈ ਬਾਣੀ॥ ਗੁਰਮੁਖਿ ਜੁਗਿ ਜੁਗਿ ਆਖਿ ਵਖਾਣੀ॥" (ਪੰ: ੪੨੪); "ਬਾਣੀ ਬਿਰਲਉ ਬਿਚਾਰਸੀ ਜੇ ਕੋ ਗੁਰਮਖਿ ਹੋਇ॥ ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ॥" (ਪੰ: ੯੩੫)। ਗੁਰਬਾਣੀ ਸੱਚੇ ਪਰਭੂ ਦਾ ਸਤਿਗੁਰਾਂ ਨੂੰ ਪਰਾਪਤ ਹੋਇਆ ਗਿਆਨ ਹੈ। ਸਤਿਗੁਰੂ ਉਸ ਗਿਆਨ ਦਾ ਪਰਗਟਾਵਾ ਅਤੇ ਪਰਚਾਰ ਕਰਨ ਵਾਲੇ ਸੰਚਾਰ ਮਾਧਿਅਮ ਹਨ। ਗੁਰਬਾਣੀ ਦੇ ਫਰਮਾਨ ਹਨ: "ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥" (ਪੰ: ੭੨੨); "ਧੁਰ ਕੀ ਬਾਣੀ ਆਈ॥ ਤਿਨਿ ਸਗਲੀ ਚਿੰਤ ਮਿਟਾਈ॥ (ਪੰ: ੬੨੮); "ਲੌਗੁ ਜਾਣੈ ਇਹੁ ਗੀਤੁ ਹੈ ਇਹੁ ਤਉ ਬ੍ਰਹਮ ਬੀਚਾਰੁ॥" (ਪੰ: ੩੩੫); "ਅਨਹਦ ਬਾਣੀ ਗੁਰਮੁਖਿ ਜਾਣੀ ਬਿਰਲੋ ਕੋ ਅਰਥਾਵੈ॥" (ਪੰ: ੯੪੫); "ਸਾਚੀ ਬਾਣੀ ਮੀਠੀ ਅੰਮ੍ਰਤਧਾਰ ਜਿਨਿ ਪੀਤੀ ਤਿਸੁ ਮੋਖ ਦੁਅਰੁ॥" (ਪੰ: ੧੨੭੫)। ਗੁਰਬਾਣੀ "ਧੁਰ ਕੀ ਬਾਣੀ" ਜਾਂ "ਖਸਮ ਕੀ ਬਾਣੀ" ਹੈ ਅਤੇ ਗੁਰੂ ਸਾਹਿਬਾਨ ਨੇ ਉਸ "ਧੁਰ ਕੀ ਬਾਣੀ" ਨੂੰ ਪਰਗਟ ਕੀਤਾ ਹੈ ਅਤੇ ਉਸ ਦੇ ਉਪਦੇਸ਼ ਦੀ ਸੂਝ ਦੀ ਬਖਸ਼ਿਸ਼ ਕੀਤੀ ਹੈ। ਗੁਰਬਾਣੀ ਵਿਚ ਬਹੁਤ ਐਸੇ ਕਥਨ ਵੀ ਹਨ ਜੋ ਗੁਰੂ ਦੇ ਦੋਨਾਂ ਸੰਕਲਪਾਂ, ਬਾਣੀ ਗੁਰੂ ਅਤੇ ਵਿਅਕਤੀ ਗੁਰੁ, ਤੇ ਲਾਗੂ ਹੁੰਦੇ ਹਨ, ਜਿਵੇਂ "ਸਤਿ ਪੁਰਖ ਜਿਨਿ ਜਾਨਿਆ ਸਤਿਗੁਰੁ ਤਿਸਕਾ ਨਾਉ॥ ਤਿਸ ਕੈ ਸੰਗਿ ਸਿਖ ਉਧਰੈ ਨਾਨਕ ਹਰਿ ਗੁਣ ਗਾਉ॥" (ਪੰ: ੨੯੬); "ਜਿਨਾ ਭਾਣੇ ਕਾ ਰਸੁ ਆਇਆ ਤਿਨ ਵਿਚਹੁ ਭਰਮ ਚੁਕਾਇਆ॥ ਨਾਨਕ ਸਤਿਗੁਰੁ ਐਸਾ ਜਾਣੀਐ ਜੇ ਸਭਸੈ ਲਏ ਮਿਲਾਇ ਜੀਉ॥" (ਪੰ: ੭੨); "ਜਿਸ ਮਿਲਿਐ ਮਨਿ ਹੋਇ ਅਨੰਦੁ ਸੋ ਸਤਿਗੁਰੁ ਕਹੀਐ॥ ਮਨ ਕੀ ਦੁਬਿਧਾ ਬਿਨਸਿ ਜਾਇ ਹਰਿ ਪਰਮ ਪਦੁ ਲਹੀਐ॥" (ਪੰ: ੧੬੮); "ਸੋ ਗੁਰੁ ਕਰਉ ਜਿ ਸਾਚੁ ਦ੍ਰਿੜਤਵੈ। ਅਕਥ ਕਥਾਵੈ ਸਬਦਿ ਮਿਲਾਵੈ॥" (ਪੰ: ੯੪੭) ਗੁਰੂ ਸਾਹਿਬਾਨ ਨੂੰ ਬ੍ਰਹਮ-ਗਿਆਨੀ ਅਤੇ ਅਧਿਆਤਮਕ ਗਿਆਨ ਦੇ ਗਿਆਤਾ ਹੋਣ ਕਾਰਨ ਗੁਰੂ ਥਾਪਿਆ ਜਾਂਦਾ ਰਿਹਾ ਹੈ, ਨਾ ਕਿ ਗੁਰੂ ਸੰਤਾਨ ਹੋਣ, ਸੂਰਬੀਰਤਾ ਜਾਂ ਸੈਨਿਕ ਨਿਪੁੰਨਤਾ ਕਾਰਨ।
ਸਿੱਖ ਧਰਮ ਇਸ ਸਮੇਂ ਤਿੰਨ ਮੁੱਖ ਵਿਚਾਰ ਪੱਧਤੀਆਂ ਤੇ ਆਧਾਰਤ ਸੰਗਠਨਾਂ ਵਿਚ ਵੰਡਿਆ ਹੋਇਆ ਹੈ। ਪਹਿਲਾ ਸੰਗਠਨ ਪੰਜਾਬ ਅਤੇ ਪੜੌਸੀ ਰਾਜਾਂ ਦੇ ਸਿੱਖ ਵੋਟਰਾਂ ਵਲੋਂ ਕੁੱਝ ਇਤਹਾਸਕ ਗੁਰਦੁਆਰਿਆਂ ਦੇ ਪਰਬੰਧ ਲਈ ਚੁਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਹੈ। ਇਸ ਸੰਗਠਨ ਨੂੰ ਸਿੱਖ ਪੰਥ ਦਾ ਧਾਰਮਕ ਆਗੂ ਪਰਚਾਰਿਆ ਜਾਂਦਾ ਹੈ ਅਤੇ ਸਿੱਖ ਧਰਮ ਲਈ ਇਕ ਕੇਂਦਰੀ ਸੰਸਥਾ ਦੀ ਲੋੜ ਦੇ ਮੁਦੱਅਈ ਇਸ ਕਮੇਟੀ ਦੇ ਬਹੁਤ ਵੱਡੇ ਹਮਾਇਤੀ ਹਨ। ਆਪਣੀ ਪਰਤਿਸ਼ਠਾ ਅਤੇ ਮਾਨਤਾ ਵਧਾਉਣ ਅਤੇ ਵੋਟਰਾਂ ਵਲੋਂ ਆਪਣੀ ਕਾਰਗੁਜ਼ਾਰੀ ਦੀ ਆਲੋਚਨਾ ਤੋਂ ਬਚਣ ਲਈ ਕਮੇਟੀ ਨੇ ਅਕਾਲ ਬੁੰਗਾ ਗੁਰਦੁਆਰੇ ਦਾ ਨਾਂ ਅਕਾਲ ਤਖਤ ਵਿਚ ਬਦਲ ਕੇ ਅਤੇ ਉਸ ਦਾ ਪਰਭਾਵਸ਼ਾਲੀ ਮਿਥਹਾਸ ਰਚ ਕੇ ਉਸ ਨੂੰ ਸਿੱਖ ਪੰਥ ਦੀ ਸਰਵਉੱਚ ਧਾਰਮਕ ਸੰਸਥਾ ਘੋਸ਼ਤ ਕਰ ਰਖਿਆ ਹੈ। ਇਹ ਕਮੇਟੀ ਸਿੱਖ ਰਾਜਸੀ ਪਾਰਟੀ, ਸ਼੍ਰੋਮਣੀ ਅਕਾਲੀ ਦਲ, ਨਾਲ ਜੁੜੀ ਹੋਈ ਹੈ ਅਤੇ ਉਸ ਦੀਆਂ ਹਦਾਇਤਾਂ ਅਨੁਸਾਰ ਕੰਮ ਕਰਦੀ ਹੈ। ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਦਖਲ ਅੰਦਾਜ਼ੀ ਨੇ ਗੁਰਦੁਆਰਾ ਪਰਬੰਧਕਾਂ ਦੀ ਦਿਲਚਸਪੀ ਗੁਰਮਤਿ ਸੰਚਾਰ ਤੋਂ ਹਟਾ ਕੇ ਰਾਜ ਸ਼ਕਤੀ ਵਲ ਆਕਰਸ਼ਤ ਕਰ ਦਿੱਤੀ ਹੈ। ਇਸ ਕਮੇਟੀ ਤੋਂ ਇਲਾਵਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਖੇਤਰ ਵਿਚ ਗੁਰਦੁਆਰਿਆਂ ਦੇ ਪਰਬੰਧ ਲਈ ਜ਼ਿਮੇਵਾਰ ਹੈ ਅਮ੍ਰੀਕਾ ਵਿਚ ਵੀ ਇਕ ਅਮ੍ਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਕਿਰਿਆਸ਼ੀਲ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਖੌਤੀ ਦਸਮ ਗ੍ਰੰਥ ਨੂੰ ਮਾਨਤਾ ਨਹੀਂ ਦਿੰਦੀ ਪਰ ਕਮੇਟੀ ਦੀ ਬਣਾਈ ਰਹਿਤ ਮਰਯਾਦਾ ਵਿਚ ਉਸ ਗ੍ਰੰਥ ਵਿਚੋਂ ਕਈ ਰਚਨਾਵਾਂ ਨੂੰ ਨਿਤ ਨੇਮ ਅਤੇ ਖੰਡੇ ਦੀ ਪਾਹੁਲ ਸਮੇਂ ਪੜ੍ਹੀਆਂ ਜਾਣ ਵਾਲੀਆਂ ਬਾਣੀਆਂ ਵਿਚ ਸ਼ਾਮਲ ਕੀਤਾ ਹੋਇਆ ਹੈ। ਕਮੇਟੀ ਨੇ ਉਸ ਗ੍ਰੰਥ ਨੂੰ ਵਿਵਾਦਕ ਪੁਸਤਕ ਘੋਸ਼ਤ ਕਰ ਕੇ ਉਸ ਬਾਰੇ ਵਿਚਾਰ ਪਰਗਟ ਕਰਨਾ ਵਰਜਿਤ ਕਰ ਦਿੱਤਾ ਸੀ ਪਰ ਯੂਨੀਵਰਸਿਟੀਆਂ ਵਿਚ ਉਸ ਗ੍ਰੰਥ ਤੇ ਨਿਰੰਤਰ ਖੋਜ ਹੁੰਦੀ ਰਹੀ ਹੈ ਅਤੇ ਵਿਦਵਾਨ ਆਪਣੀਆਂ ਲਿਖਤਾਂ ਪਰਕਾਸ਼ਤ ਕਰਦੇ ਰਹੇ ਹਨ। ਸ਼੍ਰੋਮਣੀ ਕਮੇਟੀ ਦੇ ਕਰਮਚਾਰੀਆਂ ਦੀ ਬੁਹਗਿਣਤੀ ਅਜਿਹੀਆਂ ਸਿੱਖ ਸੰਪਰਦਾਵਾਂ ਦੀ ਉਪਜ ਹਨ ਜੋ ਉਸ ਗ੍ਰੰਥ ਨੂੰ ਗੁਰੂ ਕਿਰਤ ਮੰਨਦੀਆਂ ਹਨ। ਇਸ ਲਈ ਕਮੇਟੀ ਦੇ ਕਰਮਚਾਰੀ ਉਸ ਗ੍ਰੰਥ ਦੀਆਂ ਪਰਸੰਸਾਪੂਰਨ ਲਿਖਤਾਂ ਨੂੰ ਸਲਾਹੁੰਦੇ ਹਨ ਅਤੇ ਉਸ ਗ੍ਰੰਥ ਦੇ ਆਲੋਚਕਾਂ ਨੂੰ ਭੰਡਦੇ ਹਨ।
ਸਿੱਖ ਧਰਮ ਦਾ ਦੂਜਾ ਮੁੱਖ ਸੰਗਠਨ ਸੰਤ ਸਮਾਜ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਸਿੱਖ ਧਰਮ ਅਸਥਾਨਾਂ ਦੀ ਵਾਗ ਡੋਰ ਗੁਰੁ ਸਾਹਿਬਾਨ ਦੇ ਪਰਵਾਰਕ ਵਿਰੋਧੀਆਂ ਅਤੇ ਉਹਨਾਂ ਦੇ ਸਹਾਇਕ ਨਿਰਮਲੇ ਅਤੇ ਉਦਾਸੀ ਸਾਧੂਆਂ ਨੇ ਹਥਿਆ ਲਈ ਸੀ। ਉਹ ਗੁਰਮਤਿ ਵਿਚਾਰਧਾਰਾ ਦਾ ਸਨਾਤਨੀਕਰਣ ਕਰ ਕੇ ਗੁਰੂ ਗ੍ਰੰਥ ਸਾਹਿਬ ਨੂੰ ਪੰਜਵੇਂ ਵੇਦ ਦੀ ਪਦਵੀ ਦੇਣ ਦੇ ਅਭਿਲਾਸ਼ੀ ਸਨ। ਉਹਨਾਂ ਗੁਰਦੁਆਰਿਆਂ ਵਿਚ ਸਿੱਖ ਧਾਰਮਕ ਨਾਵਾਂ ਹੇਠ ਬ੍ਰਾਹਮਣੀ ਕਰਮ ਕਾਂਡ ਦੀ ਪਰੱਥਾ ਲਾਗੂ ਕਰ ਦਿੱਤੀ ਸੀ। ਜਦੋਂ ਸਿੰਘ ਸਭਾਵਾਂ ਦੇ ਪਰਚਾਰ ਤੋਂ ਪਰਭਾਵਤ ਹੋ ਕੇ ਗੁਰਦੁਆਰਾ ਸੁਧਾਰ ਦੀ ਅਰਧ-ਰਾਜਸੀ ਲਹਿਰ ਉੱਠੀ ਤਾਂ ਇਤਹਾਸਕ ਗੁਰਦੁਆਰਿਆਂ ਦਾ ਪਰਬੰਧ ਨਿਰਮਲੇ-ਉਦਾਸੀਆਂ ਦੇ ਹਥੋਂ ਖੁੱਸ ਗਿਆ। ਨਵੇਂ ਬਣੇ ਗੁਰਦੁਆਰਾਜ਼ ਐਕਟ ਵਿਚ ਇਹਨਾਂ ਗੁਰਦੁਆਰਿਆਂ ਦੀ ਪਰਬੰਧਕੀ ਜ਼ਿਮੇਵਾਰੀ ਸਿੱਖ ਵੋਟਰਾਂ ਵਲੋਂ ਚੁਣੇ ਬੋਰਡ ਨੂੰ ਸੌਂਪ ਦਿੱਤੀ ਗਈ। ਇਸ ਦੇ ਨਾਲ ਹੀ ਗੁਰੂ ਸਾਹਿਬਾਨ ਦੇ ਕਈ ਪਰਵਾਰਕ ਵਿਰੋਧੀਆਂ ਦੀ ਸੰਤਾਨ, ਕੁੱਝ ਉਦਾਸੀਆਂ ਅਤੇ ਨਿਰਮਲਿਆਂ, ਵਿਰਲੇ ਗੁਰਮਤਿ ਪਰੇਮੀਆਂ, ਸਾਰੀਆਂ ਸੰਪਰਦਾਵਾਂ ਅਤੇ ਨਵੇਂ ਜਨਮੇ ਸਿੱਖ ਧਰਮ ਦੇ ਵਪਾਰੀਆਂ ਨੇ ਆਪੋ ਆਪਣੇ ਨਿੱਜੀ ਡੇਰਿਆਂ ਵਿਚ ਗੁਰਦੁਆਰੇ ਸਥਾਪਤ ਕਰ ਲਏ। ਬਹੁਤੇ ਡੇਰਿਆਂ ਦੇ ਮਾਲਕ ਸ਼ਰਧਾਲੂਆਂ ਨੂੰ ਪਰਭਾਵਤ ਕਰ ਲਈ ਆਪਣੇ ਆਪ ਨੂੰ ਸੰਤ ਅਖਵਾਉਣ ਲੱਗ ਪਏ। ਡੇਰਿਆਂ ਅਤੇ ਦੂਜੀਆਂ ਸੰਸਥਾਵਾਂ ਵਿਚੋਂ ਬਹੁਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਅਖੌਤੀ ਦਸਮ ਗ੍ਰੰਥ ਨੂੰ ਵੀ ਸਿੱਖ ਧਰਮ ਦਾ ਪਰਮਾਣਕ ਗ੍ਰੰਥ ਮੰਨਦੇ ਹਨ। ਇਹ ਸੰਸਥਾਵਾਂ ਗੁਰਬਾਣੀ ਦੇ ਅਰਥ ਆਪਣੀ ਮਰਜ਼ੀ ਅਤੇ ਲੋੜ ਅਨੁਸਾਰ ਕਰਦੀਆਂ ਹਨ। ਹੁਣ ਬਹੁਤੇ ਡੇਰੇ ਆਪਣੇ ਵੋਟ ਬੈਂਕ ਬਣਾ ਕੇ ਸਿਆਸੀ ਪਾਰਟੀਆਂ ਨਾਲ ਸੌਦੇਬਾਜ਼ੀ ਕਰਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਬੰਧਕਾਂ ਦੀ ਡੇਰਾਵਾਦੀਆਂ, ਡੇਰਿਆਂ ਦੇ ਸੰਤਾਂ, ਅਤੇ ਸਿੱਖ ਸੰਪਰਦਾਵਾਂ ਨਾਲ ਇਕਸਮੱਤਤਾ ਹੈ ਕਿਊਂਕੇ ਉਹਨਾਂ ਸਾਰਿਆ ਵਿਚ ਕਿੱਤੇ ਦੀ ਸਾਂਝ ਹੈ। ਸ਼੍ਰੋਮਣੀ ਕਮੇਟੀ ਕਈ ਪੁਰਾਣੇ ਡੇਰਿਆ ਦੀ ਪਰਬੰਧਕ ਬਣੀ ਹੋਈ ਹੈ। ਉਸ ਨੇ ਡੇਰਾ ਪਰੰਪਰਾ ਨੂੰ ਗੁਰਮਤਿ ਅਨੁਸਾਰੀ ਰਹਿਤ ਵਿਚ ਬਦਲਣ ਦੀ ਥਾਂ ਡੇਰਾ ਸਭਿਆਚਾਰ ਨੂੰ ਸ਼ਿੰਗਾਰ ਕੇ ਲੋਕ ਪਰੀਆ ਬਨਾਉਣ ਦਾ ਜਤਨ ਕੀਤਾ ਹੈ। ਦਰ ਅਸਲ ਸ਼੍ਰੌਮਣੀ ਕਮੇਟੀ ਦੇ ਪਰਬੰਧਕਾਂ ਦੀ ਸੋਚ ਡੇਰਿਆਂ, ਸੰਪਰਦਾਵਾਂ ਅਤੇ ਟਕਸਾਲਾਂ ਦੇ ਮੁੱਖੀਆਂ ਦੀ ਸੋਚ ਨਾਲ ਮਿਲਦੀ ਜੁਲਦੀ ਹੈ। ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਅਕਾਲ ਤਖਤ ਅਤੇ ਉਸ ਦੇ ਜਥੇਦਾਰ ਦੀ ਮਿਥਹਾਸਕ ਸਰਬਉੱਚਤਾ ਕਾਇਮ ਰਖਣ ਲਈ ਡੇਰਿਆਂ ਵਾਲੀ ਗੁਰਮਤਿ ਵਿਰੋਧੀ ਪਰੰਪਰਾ ਵਰਤਦੇ ਹਨ। ਅਕਾਲ ਤਖਤ ਦੀ ਜਥੇਦਾਰ ਸੰਸਥਾ ਦਾ ਮਨੋਰਥ ਸਿੱਖ ਧਰਮ ਵਿਚ ਮਧਕਾਲੀਨੀ ਪਛੜੇ ਸਭਿਆਚਾਰ ਨੂੰ ਬਰਕਰਾਰ ਰਖਣਾ ਹੈ। ਪਰ ਸਿੱਖ ਧਰਮ ਹੁਣ ਸਾਰੀ ਦੁਨੀਆਂ ਵਿਚ ਫੈਲ ਚੁਕਾ ਹੈ ਅਤੇ ਇਸ ਨੂੰ ਵਿਸ਼ਵ ਦੇ ਧਾਰਮਕ ਖੇਤਰ ਵਿਚ ਆਪਣੀ ਯੋਗ ਥਾਂ ਬਨਾਉਣ ਦੀ ਅੱਵਸ਼ਕਤਾ ਹੈ। ਇਸ ਲਈ ਸਿੱਖ ਧਰਮ ਨੂੰ ਆਪਣੀ ਪਰਚਲਤ ਰੂੜ੍ਹੀਵਾਦੀ ਮਧਕਾਲੀਨੀ ਸੋਚ ਅਤੇ ਰਹਿਤ ਨੂੰ ਤਿਆਗ ਕੇ ਗੁਰਬਾਣੀ ਦੀ ਮਨੁੱਖੀ ਬਰਾਬਰਤਾ ਅਤੇ ਸਾਂਝੀਵਾਲਤਾ ਦੇ ਮਾਨਵਵਾਦੀ ਵਿਚਾਰਾਂ ਨੂੰ ਸਹੀ ਢੰਗ ਨਾਲ ਪਰਚਾਰਨ ਦੇ ਯੋਗ ਬਨਣਾ ਚਾਹੀਦਾ ਹੈ। ਇਸ ਸਮੇਂ ਗੁਰਮਤਿ ਵਿਚਾਰਧਾਰਾ ਦਾ ਸਹੀ ਸੰਚਾਰ ਜਾਗਰੂਕ ਸਿੱਖ ਸ਼ਰਧਾਲੂਆਂ ਦਾ ਸੰਗਠਨ ਹੀ ਕਰਨ ਯੋਗ ਹੈ।
ਤੀਜਾ ਸੰਗਠਨ ਜਾਗਰੂਕ ਅਖਵਾਉਣ ਵਾਲੀਆਂ ਸਿੱਖ ਸੰਸਥਾਵਾਂ ਅਤੇ ਵਿਅਕਤੀਆਂ ਦਾ ਹੈ। ਪੰਜਾਬ ਵਿਚ ਅੰਗ੍ਰੇਜ਼ਾਂ ਦੇ ਰਾਜ ਸਮੇਂ ਸ਼ਹਿਰੀ, ਪੜ੍ਹੇ ਲਿਖੇ ਅਤੇ ਦੌਲਤਮੰਦ ਸਿੱਖਾਂ ਦਾ ਧਾਰਮਕ ਦਰਿਸ਼ਟੀਕੋਣ ਪੱਛਮੀ ਜੀਵਨ ਢੰਗ, ਸਿਖਿਆ ਅਤੇ ਧਾਰਮਕ ਵਿਚਾਰਧਾਰਾ ਨੇ ਪਰਭਾਵਤ ਕਰ ਦਿੱਤਾ ਸੀ। ਉਹਨਾਂ ਗੁਰਬਾਣੀ ਅਤੇ ਗੁਰਮਤਿ ਵਿਚਾਰਧਾਰਾ ਨੂੰ ਸਨਾਤਨੀ ਪਰੰਪਰਾ ਅਤੇ ਗੁਰਮਤਿ ਵਿਰੋਧੀਆਂ ਵਲੋਂ ਰਚੀਆਂ ਮਿਥਹਾਸਕ ਲਿਖਤਾਂ ਦੇ ਮਕੜ ਜਾਲ ਵਿਚੋਂ ਕੱਢ ਕੇ ਵਖਰੇ ਢੰਗ ਨਾਲ ਵਿਚਾਰਨ ਦੀ ਪਿਰਤ ਪਾਈ। ਉਸ ਸਿੱਖ ਧਰਮ ਸੁਧਾਰ ਲਹਿਰ ਨੂੰ ਚਲਾਉਣ ਲਈ ਸਿੰਘ ਸਭਾਵਾਂ ਅਤੇ ਖਾਲਸਾ ਦੀਵਾਨ ਹੋਂਦ ਵਿਚ ਆਏ, ਜਿਹਨਾਂ ਨੇ ਸਿੱਖ ਧਰਮ ਵਿਚੋਂ ਕਰਮ ਕਾਂਡਾਂ ਅਤੇ ਵੈਹਮਾਂ, ਭਰਮਾਂ ਨੂੰ ਕਢਣ ਦਾ ਜਤਨ ਕੀਤਾ ਅਤੇ ਸਿੱਖ ਧਰਮ ਦੀ ਸਿਖਿਆ ਦਾ ਪਰਬੰਧ ਕਰਕੇ ਇਸ ਨੂੰ ਲੋਕ ਪਰੀਆ ਬਣਾਇਆ। ਗੁਰਦੁਆਰਿਆਂ ਵਿਚ ਗੁਰਮਤਿ ਵਿਰੋਧੀ ਮਹੰਤਾਂ ਦਾ ਪਰਬੰਧ ਹੋਣ ਕਾਰਨ ਓਥੇ ਸ਼ਰਧਾਲੂਆਂ ਨੂੰ ਗੁਰਬਾਣੀ ਸੰਚਾਰ ਦੀ ਸੁਵਿਧਾ ਨਹੀਂ ਸੀ। ਕਈ ਸਿੱਖ ਸ਼ਰਧਾਲੂ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਵਾਉਣ ਲਈ ਉਤਾਵਲੇ ਹੋ ਗਏ। ਉਹਨਾਂ ਦੇ ਜ਼ੋਰ ਪਾਉਣ ਤੇ ਸਿੰਘ ਸਭਾ ਲਹਿਰ ਗੁਰਦੁਆਰਾ ਸੁਧਾਰ ਦਾ ਸਿਆਸੀ ਰੂਪ ਧਾਰਨ ਕਰ ਗਈ। ਗੁਰਮਤਿ ਦੇ ਵਿਰੋਧੀ ਤੇ ਚਾਹੁੰਦੇ ਹੀ ਸਨ ਕਿ ਕਿਸੇ ਤਰ੍ਹਾਂ ਲੋਕਾਂ ਦਾ ਧਿਆਨ ਗੁਰਬਾਣੀ ਉਪਦੇਸ਼ ਵਲੋਂ ਹਟਾ ਕੇ ਸਿਆਸੀ ਸੰਘਰਸ਼ ਵਿਚ ਲਾ ਦਿੱਤਾ ਜਾਵੇ। ਗੁਰਦੁਆਰਾ ਸੁਧਾਰ ਲਹਿਰ ਨੇ ਗੁਰਮਤਿ ਸੰਚਾਰ ਨੂੰ ਵਿਸਾਰ ਕੇ ਗੁਰਦੁਆਰਾ ਪਰਬੰਧ ਤੇ ਕਬਜ਼ਾ ਕਰਨ ਅਤੇ ਸਿੱਖ ਸਿਆਸੀ ਪਾਰਟੀ, ਸ਼੍ਰੌਮਣੀ ਅਕਾਲੀ ਦਲ, ਸਥਾਪਤ ਕਰਨ ਦਾ ਟੀਚਾ ਮਿਥ ਲਿਆ। ਸਿੱਖ ਧਰਮ ਦੇ ਉਪਾਸ਼ਕ ਗੁਰਬਾਣੀ ਉਪਦੇਸ਼ ਦੀ ਉਪੇਖਿਆ ਕਰ ਕੇ ਗੁਰਦੁਆਰਿਆਂ ਦੇ ਪਰਬੰਧ ਅਤੇ ਸਿੱਖ ਸਿਆਸਤ ਵਿਚ ਉਲਝ ਗਏ। ਗੁਰਮਤਿ ਸਿੱਖ ਸਿਆਸਤ ਅਤੇ ਸਿੱਖ ਆਗੂਆਂ ਦੇ ਨਿੱਜੀ ਲਾਭ ਦਾ ਸਾਧਨ ਬਣ ਗਈ ਅਤੇ ਗੁਰਬਾਣੀ ਸੰਚਾਰ ਸਿਆਸੀ ਹੱਥ ਕੰਡਿਆਂ ਵਿਚ ਰੁਲ ਗਿਆ।
ਸਿੱਖ ਸਿਆਸੀ ਲਹਿਰ ਸਿੱਖ ਹੋਮਲੈਂਡ, ਪੰਜਾਬੀ ਸੂਬਾ ਸੰਘਰਸ਼, ਅਨੰਦਪੁਰ ਸਾਹਿਬ ਦੇ ਮਤੇ, ਧਰਮ ਯੁੱਧ ਅਤੇ ਖਾਲਸਤਾਨ ਤੋਂ ਹੁੰਦੀ ਹੋਈ ਬਾਦਲ-ਭਾਜਪਾ ਰਾਜ ਤਕ ਪਹੁੰਚ ਗਈ ਹੈ। ਇਸ ਅਣਪਧਰੀ ਸਿਆਸੀ ਯਾਤਰਾ ਦੌਰਾਨ ਸਿੱਖ ਧਰਮ ਗੁਰਬਾਣੀ ਨਾਲੋਂ ਦੂਰ ਹੁੰਦਾ ਗਿਆ ਹੈ। ਗੁਰਬਾਣੀ ਪ੍ਰਤਿ ਬੇਰੁਖੀ ਦੇ ਇਸ ਦੌਰ ਵਿਚ ਗੁਰਮਤਿ ਦੇ ਧਾਰਨੀਆਂ ਨੇ ਸਿੱਖ ਮਿਸ਼ਨਰੀ ਸੰਸਥਾਵਾਂ ਸਥਾਪਤ ਕਰ ਕੇ ਸਿੱਖ ਸ਼ਰਧਾਲੂਆਂ ਨੂੰ ਗੁਰਬਾਣੀ ਦੀ ਸਿਖਿਆ ਦੇ ਕੇ ਗੁਰਬਾਣੀ ਨਾਲ ਜੋੜਣ ਅਤੇ ਜਾਗਰੂਕ ਕਰਨ ਦਾ ਜਤਨ ਕੀਤਾ ਹੈ। ਕਈ ਮਿਸ਼ਨਰੀ ਸੰਸਥਾਵਾਂ ਲਈ ਸਿੱਖ ਰਹਿਤ ਮਰਯਾਦਾ ਅਤੇ ਅਕਾਲ ਤਖਤ ਦੀ ਵਾਸਤਵਿਕਤਾ, ਅਤੇ ਉਹਨਾਂ ਨਾਲ ਜੁੜੀ ਸੰਦੇਹਪੂਰਨ ਪਰੰਪਰਾ ਦੁਬਿਧਾ ਦਾ ਕਾਰਨ ਬਣੀ ਰਹੀ ਹੈ। ਪ੍ਰੋਫੈਸਰ ਸਾਹਿਬ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਟੀਕਾ ਕਰ ਕੇ ਗੁਰਬਾਣੀ ਨੂੰ ਸਨਾਤਨੀ ਪਰੰਪਰਾ ਦੇ ਮਕੜ ਜਾਲ ਵਿਚੋਂ ਕੱਢ ਕੇ ਆਧੁਨਿਕ ਸੋਚ ਪਰਣਾਲੀ ਦਾ ਭਾਗ ਬਣਾ ਦਿੱਤਾ ਹੈ ਜਿਸ ਨਾਲ ਸਾਰੀ ਮਨੁਖਤਾ ਨੂੰ ਗੁਰਬਾਣੀ ਦੇ ਮਾਨਵਵਾਦੀ ਉਪਦੇਸ਼ ਦਾ ਲਾਹਾ ਲੈਣ ਦੀ ਸੁਵਿਧਾ ਪਰਾਪਤ ਹੋ ਗਈ ਹੈ। ਹੁਣ ਪਛੱਮੀ ਸਿਖਿਆ ਪਰਾਪਤ ਅਤੇ ਪੱਛਮੀ ਸਭਿਆਚਾਰ ਤੋਂ ਪਰਭਾਵਤ ਕੁੱਝ ਸਿੱਖ ਚਿੰਤਕ ਗੁਰਬਾਣੀ ਉਪਦੇਸ਼ ਦਾ ਵਿਸ਼ਵ ਭਰ ਵਿਚ ਸੰਚਾਰ ਕਰਨ ਲਈ ਜਤਨਸ਼ੀਲ ਹਨ। ਉਹਨਾਂ ਨੂੰ ਅਕਾਦਮਿਕ ਅਦਾਰਿਆ ਵਿਚ ਖੋਜ ਅਤੇ ਅਧਿਐਨ ਲਈ ਪਰਚਲਤ ਕਾਰਜ ਵਿਧੀ ਦਾ ਅਨੁਭਵ ਵੀ ਹੈ। ਉਹਨਾਂ ਵਿਚੋਂ ਕਈ ਗੁਰਬਾਣੀ ਗਿਆਨ ਪਰਾਪਤੀ ਨੂੰ ਬੌਧਕ ਕਿਰਿਆ ਸਮਝਦੇ ਹਨ, ਜੋ ਸਹੀ ਨਹੀਂ ਹੈ। ਬੌਧਕ ਕਿਰਿਆ ਦੁਆਰਾ ਗੁਰਬਾਣੀ ਦੀ ਸਹੀ ਸੂਝ ਪੈਣੀ ਸੰਭਵ ਨਹੀਂ ਕਿਊਂਕੇ ਗੁਰਬਾਣੀ ਗਿਆਨ ਨਿਰੀ ਬੁੱਧੀ ਰਾਹੀਂ ਪਰਾਪਤ ਕੀਤੀ ਜਾਣ ਵਾਲੀ ਜਾਣਕਾਰੀ ਨਹੀਂ ਹੁੰਦਾ ਇਸ ਨੂੰ ਸਮਝਣ ਲਈ ਗੁਰਮਤਿ ਅਨੁਸਾਰੀ ਜੀਵਨ ਸ਼ੈਲੀ ਧਾਰਨ ਕਰਨੀ ਜ਼ਰੂਰੀ ਹੁੰਦੀ ਹੈ। ਗੁਰਬਾਣੀ ਗਿਆਨ ਮਨ ਨੂੰ ਸਾਧਣ ਦੀ ਵਿਧੀ ਹੈ। ਬੁੱਧੀ ਮਨ ਨੂੰ ਪਰਭਾਵਤ ਤੇ ਕਰਦੀ ਹੈ ਪਰ ਮਨ ਬੁੱਧੀ ਦਾ ਮਾਲਕ ਹੋਣ ਕਾਰਨ ਕਰਦਾ ਆਪਣੀ ਮਰਜ਼ੀ ਹੀ ਹੈ। ਕੇਵਲ ਗੁਰ ਸ਼ਬਦ ਦੀ ਸੂਝ ਹੀ ਮਨ ਨੂੰ ਸਾਧਣ ਯੋਗ ਹੈ ਬਸ਼ਰਤੇ ਕਿ ਗੁਰੂ ਦੀ ਕਿਰਪਾ ਹੋ ਜਾਵੇ।
ਜਾਗਰੂਕ ਵਿਅਕਤੀਆਂ ਨੂੰ ਜਾਣ ਲੈਣਾ ਚਾਹੀਦਾ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲ ਤਖਤ ਡੇਰਾਵਾਦੀਆਂ ਦੀਆਂ ਮਿਤਰ ਸੰਸਥਾਵਾਂ ਹਨ ਅਤੇ ਡੇਰਿਆਂ ਦੀ ਅਲੋਚਨਾ ਵੀ ਬਹੁਤ ਵੇਰ ਡੇਰਿਆਂ ਦੀ ਪਰਸਿਧੀ ਬਣ ਜਾਂਦੀ ਹੈ। ਇਹਨਾਂ ਸਿਆਸੀ ਅਤੇ ਵਪਾਰਕ ਅਖੌਤੀ ਧਾਰਮਕ ਅਦਾਰਿਆਂ ਦੀਆਂ ਕਾਰਵਾਈਆਂ ਤੇ ਚਿੰਤਾ ਕਰਨ ਦੀ ਬਜਾਏ ਇਸ ਸਮੇਂ ਗੁਰਬਾਣੀ ਸੰਚਾਰ ਦੇ ਯੋਗ ਪਰਬੰਧ ਲਈ ਸੰਗਠਤ ਢੰਗ ਨਾਲ ਕਾਰਵਾਈ ਕਰਨ ਦੀ ਵਧੇਰੇ ਲੋੜ ਹੈ।
.