.

ਫਿਰਿ ਇਆ ਅਉਸਰੁ ਚਰੈ ਨ ਹਾਥਾ॥

ਨਾਮੁ ਜਪਹੁ ਤਉ ਕਟੀਅਹਿ ਫਾਸਾ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ੧੯੫੬

ਗੁਰਬਾਣੀ ਅਨੁਸਾਰ ਮਨੁੱਖ ਸਮੇਤ ਹਰੇਕ ਜੀਵ ਕਰਤੇ ਪ੍ਰਭੂ ਦਾ ਅੰਸ਼ ਹੈ, ਉਸ ਤੋਂ ਅੱਡ ਨਹੀਂ। ਇਹ ਵੀ ਕਿ ਮਨੁੱਖਾ ਜਨਮ ਦੌਰਾਨ ਜੇਕਰ ਜੀਵ ਸ਼ਬਦ-ਗ੍ਰੁਰੂ ਦੀ ਕਮਾਈ ਕਰਣ ਦੀ ਬਜਾਏ, ਉਸ ਜਨਮ ਨੂੰ ਹਉਮੈ ਵੱਸ ਮਨਮਤੀਆ ਰਹਿ ਕੇ ਬਤੀਤ ਕਰ ਦਿੰਦਾ ਹੈ; ਨਤੀਜਾ, ਉਸੇ ਤੋਂ ਇਹ ਪ੍ਰਾਪਤ ਜਨਮ ਨੂੰ ਸਫ਼ਲ ਕਰਣ ਦੀ ਬਜਾਏ, ਅਸਫ਼ਲ ਭਾਵ ਬਿਰਥਾ ਕਰ ਲੈਂਦਾ ਹੈ। ਬੱਸ ਇਥੋਂ ਹੀ ਮਨੁੱਖ ਲਈ ਭਿੰਨ ਭਿੰਨ ਜੂਨੀਆਂ ਦੇ ਰੂਪ `ਚ ਪ੍ਰਭੂ ਤੋਂ ਵਿਛੋੜੇ ਵਾਲਾ ਗੇੜ ਵੀ ਚਾਲੂ ਹੋ ਜਾਂਦਾ ਹੈ

ਉਂਝ, ਪ੍ਰਭੂ ਦਾ ਹੀ ਅੰਸ਼ ਹੋਣ ਕਾਰਣ, ਜੀਵ ਦੀ ਆਖ਼ਿਰੀ ਤੇ ਅੰਤਿਮ ਮੰਜ਼ਿਲ ਪ੍ਰਭੂ ਮਿਲਾਪ ਅਥਵਾ ਵਾਪਿਸ ਪ੍ਰਭੂ `ਚ ਅਭੇਦ ਹੋਣਾ ਹੀ ਹੁੰਦੀ ਹੈ। ਇਹ ਗੱਲ ਵੱਖਰੀ ਹੈ ਕਿ ਮਨੁੱਖਾ ਜਨਮ ਦੌਰਾਨਂ ਕੀਤੇ ਕਰਮਾਂ ਅਨੁਸਾਰਇਕਿ ਹੋਏ ਅਸਵਾਰ ਇਕਨਾ ਸਾਖਤੀ॥ ਇਕਨੀ ਬਧੇ ਭਾਰ ਇਕਨਾ ਤਾਖਤੀ” (ਪੰ: ੧੪੨) ਜੀਵ ਨੂੰ ਪ੍ਰਭੂ ਮਿਲਾਪ ਵਾਲੀ ਸਫ਼ਲਤਾ ਜਲਦੀ ਮਿਲੇ ਜਾਂ ਦੇਰ ਨਾਲ। ਜਦਕਿ ਇਸਦਾ ਦੂਜਾ ਪੱਖ ਵੀ ਹੈ, ਗੁਰਬਾਣੀ ਅਨੁਸਾਰ, ਜੀਵ ਦੀ ਅਜਿਹੀ ਸਫ਼ਲਤਾ ਲਈ, ਉਸ ਨੂੰ ਫ਼ਿਰ ਤੋਂ ਕਿਸੇ ਸਫ਼ਲ ਮਨੁੱਖਾ ਜਨਮ ਦੀ ਹੀ ਲੋੜ ਹੁੰਦੀ ਹੈ। ਕਿਉਂਕਿ ਉਸ ਦੀ ਅਜਿਹੀ ਸਫ਼ਲਤਾ ਨਾ ਤਾਂ ਮਨੁੱਖਾ ਜੂਨ ਤੋਂ ਇਲਾਵਾ ਬਾਕੀ ਅਰਬਾਂ-ਖਰਬਾਂ ਜੂਨੀਆਂ ਦੌਰਾਨ, ਕਿਸੇ ਇੱਕ ਵੀ ਹੋਰ ਜੂਨ ਸਮੇਂ ਸੰਭਵ ਹੈ; ਅਤੇ ਨਾ ਹੀ ਉਸਦੀ ਅਜਿਹੀ ਸਫ਼ਲਤਾ ਬਾਰ ਬਾਰ ਦੇ ਅਸਫ਼ਲ ਮਨੁੱਖਾ ਜਨਮਾਂ ਸਮੇਂ ਹੀ ਸੰਭਵ ਹੈ

ਗੁਰਬਾਣੀ ਅਨੁਸਾਰ ਕਾਰਣ ਇਹ ਹੈ ਕਿ ਮਨੁੱਖਾ ਜੂਨ ਤੋਂ ਇਲਾਵਾ ਬਾਕੀ ਅਨੰਤ ਜੂਨਾਂ, ਬਿਰਥਾ ਕੀਤੇ ਜਾ ਚੁੱਕੇ ਮਨੁੱਖਾ ਜਨਮ/ਜਨਮਾਂ ਸਮੇਂ ਹਉਮੈ ਵੱਸ ਕੀਤੇ ਚੰਗੇ ਤੇ ਮੰਦੇ ਕਰਮਾਂ ਦਾ ਕੇਵਲ ਲੇਖਾ ਜੋਖਾ ਤੇ ਕਰਮਭੋਗੀ ਜੂਨਾਂ ਹੀ ਹੁੰਦੀਆਂ ਹਨ: ਹੋਰ ਕੁੱਝ ਨਹੀਂ। ਦੂਜੇ ਇਸ ਦੌਰਾਨ ਪ੍ਰਾਪਤ ਅਸਫ਼ਲ ਮਨੁੱਖਾ ਜਨਮ ਵੀ ਮੂਲ ਰੂਪ `ਚ ਮਨਮਤੀਏ ਹੋਣ ਕਾਰਣ, ਜੀਵ ਲਈ ਕਰਮਭੋਗੀ ਜਨਮ ਬਣ ਕੇ ਹੀ ਰਹਿ ਜਾਂਦੇ ਹਨ। ਜਦਕਿ ਸਾਰੇ ਵਿਸ਼ੇ ਨੂੰ ਕੁੱਝ ਗੁਰਬਾਣੀ ਪ੍ਰਮਣਾਂ ਰਾਹੀਂ ਵੀ ਸਮਝਣ ਦਾ ਯਤਨ ਕਰਾਂਗੇ।

“ਵਿਣੁ ਸਤਿਗੁਰ ਮੁਕਤਿ ਨ ਪਾਏ” - ਇਸ ਲੜੀ ਦਾ ਆਰੰਭ ਅਸੀਂ ਇਸ ਗੱਲ ਤੋਂ ਕਰਦੇ ਹਾਂ ਕਿ ਆਖ਼ਿਰ ਗੁਰਬਾਣੀ ਅਨੁਸਾਰ ਜੀਵ ਦਾ ਆਵਾਗਉਣ ਤੋਂ ਛੁਟਕਾਰਾ ਅਥਵਾ ਉਸ ਦੀ ਜਨਮ ਮਰਨ ਦੇ ਇਸ ਗੇੜ `ਚੋਂ ਮੁਕਤੀ ਕਿਵੇਂ ਹੁੰਦੀ ਹੈ, ਜਿਸ ਤੋਂ ਉਹ ਵਾਪਿਸ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਵੇ। ਤਾਂ ਤੇ ਵਿਸ਼ੇ ਨੂੰ ਸਪਸ਼ਟ ਕਰਣ ਲਈ ਅਸੀਂ ਤੀਜੇ ਪਾਤਸ਼ਾਹ ਸਾਹਿਬ ਸ੍ਰੀ ਗ੍ਰੁਰੂ ਅਮਰਦਾਸ ਜੀ ਦੀ ਰਾਮਕਲੀ ਰਾਗ ਵਿਚਲੀ ਰਚਨਾ, ਬਾਣੀ ਅਨੰਦ ਸਾਹਿਬ ਦੀ ਪਉੜੀ ਨੰ: ੨੨ ਨੂੰ ਲੈ ਰਹੇ ਹਾਂ।

ਗੁਰਦੇਵ ਫ਼ੁਰਮਾਉਂਦੇ ਹਨ “ਜੇ ਕੋ, ਗੁਰ ਤੇ ਵੇਮੁਖੁ ਹੋਵੈ, ਬਿਨੁ ਸਤਿਗੁਰ ਮੁਕਤਿ ਨ ਪਾਵੈ॥ ਪਾਵੈ, ਮੁਕਤਿ ਨ ਹੋਰ ਥੈ ਕੋਈ, ਪੁਛਹੁ ਬਿਬੇਕੀਆ ਜਾਏ॥ ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ, ਸਤਿਗੁਰੂ ਸਬਦੁ ਸੁਣਾਏ॥ ਕਹੈ ਨਾਨਕੁ ਵੀਚਾਰਿ ਦੇਖਹੁ, ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦) ਉਪ੍ਰੰਤ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ ਇਸ ਪਉੜੀ ਦੇ ਅਰਥ ਇਸਤਰ੍ਹਾਂ ਹਨ:-

ਅਰਥ : — “(ਜਿਥੇ ਮਾਇਆ ਦੇ ਮੋਹ ਦੇ ਕਾਰਨ ਸਹਿਮ ਹੈ ਉਥੇ ਆਤਮਕ ਆਨੰਦ ਨਹੀਂ ਪਲ੍ਹਰ ਸਕਦਾ, ਪਰ) ਜੇ ਕੋਈ ਮਨੁੱਖ ਗੁਰੂ ਵਲੋਂ ਮੂੰਹ ਮੋੜ ਲਏ (ਉਸ ਨੂੰ ਆਤਮਕ ਆਨੰਦ ਨਸੀਬ ਨਹੀਂ ਹੋ ਸਕਦਾ ਕਿਉਂਕਿ) ਗੁਰੂ ਤੋਂ ਬਿਨਾ ਮਾਇਆ ਦੇ ਪ੍ਰਭਾਵ ਤੋਂ ਖ਼ਲਾਸੀ ਨਹੀਂ ਮਿਲਦੀ। ਬੇਸ਼ੱਕ ਕਿਸੇ ਵਿਚਾਰਵਾਨਾਂ ਤੋਂ ਜਾ ਕੇ ਪੁੱਛ ਲਵੋ (ਤੇ ਤਸੱਲੀ ਕਰ ਲਵੋ, ਇਹ ਪੱਕੀ ਗੱਲ ਹੈ ਕਿ ਗੁਰੂ ਤੋਂ ਬਿਨਾ) ਕਿਸੇ ਭੀ ਹੋਰ ਥਾਂ ਤੋਂ ਮਾਇਕ ਬੰਧਨਾਂ ਤੋਂ ਖ਼ਲਾਸੀ ਨਹੀਂ ਮਿਲਦੀ। (ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ) ਅਨੇਕਾਂ ਜੂਨੀਆਂ ਵਿੱਚ ਭਟਕਦਾ ਆਉਂਦਾ ਹੈ, ਗੁਰੂ ਦੀ ਸਰਨ ਤੋਂ ਬਿਨਾ ਇਸ ਮੋਹ ਤੋਂ ਖ਼ਲਾਸੀ ਨਹੀਂ ਮਿਲਦੀ। ਆਖ਼ਿਰ ਗੁਰੂ ਦੀ ਚਰਨੀਂ ਲੱਗ ਕੇ ਹੀ ਮਾਇਆ ਦੇ ਮੋਹ ਤੋਂ ਛੁਟਕਾਰਾ ਮਿਲਦਾ ਹੈ ਕਿਉਂਕਿ ਗੁਰੂ (ਸਹੀ ਜੀਵਨ-ਮਾਰਗ ਦਾ) ਉਪਦੇਸ਼ ਸੁਣਾਂਦਾ ਹੈ।

ਨਾਨਕ ਆਖਦਾ ਹੈ—ਵਿਚਾਰ ਕੇ ਵੇਖ ਲਵੋ, ਗੁਰੂ ਤੋਂ ਬਿਨਾ ਮਾਇਆ ਦੇ ਬੰਧਨ ਤੋਂ ਆਜ਼ਾਦੀ ਨਹੀਂ ਮਿਲਦੀ, (ਤੇ ਇਸ ਮੁਕਤੀ ਤੋਂ ਬਿਨਾ ਆਤਮਕ ਆਨੰਦ ਦੀ ਪ੍ਰਾਪਤੀ ਨਹੀਂ ਹੋ ਸਕਦੀ)। ੨੨।”

“ਭਾਵੈ ਸਉ ਗੇੜਾ ਆਵਉ ਜਾਉ” - ਗੁਰਬਾਣੀ `ਚ ਇਸ ਵਿਸ਼ੇ ਸੰਬੰਧੀ ਇਥੋਂ ਤੱਕ ਵੀ ਫ਼ੁਰਮਾਇਆ ਹੈ ਕਿ ਜਦੋਂ ਤੱਕ ਕਿਸੇ ਮਨੁੱਖਾ ਜਨਮ ਸਮੇਂ ਜੀਵ ਦੀ ਤਿਆਰੀ ਸ਼ਬਦ-ਗੁਰੂ ਨਾਲ ਨਹੀਂ ਹੁੰਦੀ। ਜੂਨਾਂ ਵਾਲੀ ਉਸ ਲੜੀ `ਚ ਬਾਕੀ ਅਨੰਤ ਜੂਨਾਂ ਦੌਰਾਨ ਭਾਵੇਂ ਸੌ ਵਾਰੀ ਮਨੁੱਖਾ ਜਨਮ ਵੀ ਮਿਲ ਜਾਣ। ਜੇਕਰ ਉਹ ਬਿਰਥਾ ਹੁੰਦੇ ਜਾਣ ਤਾਂ ਵੀ ਜੀਵ ਦਾ ਚੱਲਦਾ ਆ ਰਿਹਾ ਪ੍ਰਭੂ ਤੋਂ ਵਿਛੋੜੇ ਵਾਲਾ ਗੇੜ ਖਤਮ ਨਹੀਂ ਹੁੰਦਾ। ਕਾਰਣ ਹੁੰਦਾ ਹੈ ਉਨ੍ਹਾਂ ਮਨੁੱਖਾ ਜਨਮਾਂ ਦਾ ਵੀ ਲਗਾਤਾਰ ਬਿਰਥਾ ਹੁੰਦੇ ਜਾਣਾ।

ਫ਼ਿਰ ਜਦੋਂ ਕਿਸੇ ਇੱਕ ਵੀ ਮਨੁੱਖਾ ਜਨਮ ਸਮੇਂ ਇਸਦੀ ਤਿਆਰੀ ਸ਼ਬਦ-ਗੁਰੂ ਨਾਲ ਹੋ ਜਾਏ ਤਾਂ ਜੀਵ ਦਾ ਪ੍ਰਭੂ ਨਾਲ ਮਿਲਾਪ ਵੀ ਸਹਿਜ ਸੁਭਾਏ ਹੀ ਹੋ ਜਾਂਦਾ ਹੈ। ਇਸ ਤਰ੍ਹਾਂ ਉਸ ਦਾ ਚਲਦਾ ਆ ਰਿਹਾ ਜਨਮਾਂ ਜਨਮਾਂਤਰਾਂ ਤੇ ਜੂਨਾਂ-ਗਰਭਾਂ ਵਾਲਾ ਗੇੜ ਵੀ ਸਹਿਜੇ ਹੀ ਮੁੱਕ ਜਾਂਦਾ ਹੈ। ਫ਼ਿਰ ਉਸ ਨੂੰ ਜੂਨਾਂ ਦੇ ਗੇੜ ਨਹੀਂ ਭੋਗਣੇ ਪੈਂਦੇ ਤੇ ਉਹ ਪ੍ਰਭੂ `ਚ ਹੀ ਸਮਾਅ ਜਾਂਦਾ ਹੈ। ਜਦਕਿ ਇਸ ਨਾਲ ਗੁਰਦੇਵ ਨੇ ਇਹ ਵੀ ਪੱਕਾ ਕੀਤਾ ਹੋਇਆ ਹੈ ਕਿ ਜੀਵ ਨੂੰ ਸਫ਼ਲਤਾ ਵਾਲੀ ਅਜਿਹੀ ਅਵਸਥਾ, ਸਤਿਗੁਰੂ ਦੇ ਮਿਲਾਪ ਭਾਵ ਸ਼ਬਦ-ਗੁਰੂ ਦੀ ਕਮਾਈ ਰਾਹੀਂ ਪ੍ਰਾਪਤ, ਪ੍ਰਭੂ ਦੀ ਬਖ਼ਸ਼ਿਸ਼ ਤੋਂ ਬਿਨਾ ਨਹੀਂ ਹੁੰਦੀ।

ਸੰਬੰਧਤ ਫ਼ੁਰਮਾਨ ਹਨ: “ਸਲੋਕ ਮਃ ੩॥ ਸਤਿਗੁਰ ਕੀ ਪਰਤੀਤਿ ਨ ਆਈਆ, ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉ॥ ਨਾਨਕ ਗੁਰਮੁਖਿ ਸਹਜਿ ਮਿਲੈ, ਸਚੇ ਸਿਉ ਲਿਵ ਲਾਉ॥

ਮਃ ੩॥ ਏ ਮਨ ਐਸਾ ਸਤਿਗੁਰੁ ਖੋਜਿ ਲਹੁ ਜਿਤੁ ਸੇਵਿਐ ਜਨਮ ਮਰਣ ਦੁਖੁ ਜਾਇ॥ ਸਹਸਾ ਮੂਲਿ ਨ ਹੋਵਈ ਹਉਮੈ ਸਬਦਿ ਜਲਾਇ॥ ਕੂੜੈ ਕੀ ਪਾਲਿ ਵਿਚਹੁ ਨਿਕਲੈ ਸਚੁ ਵਸੈ ਮਨਿ ਆਇ॥ ਅੰਤਰਿ ਸਾਂਤਿ ਮਨਿ ਸੁਖੁ ਹੋਇ ਸਚ ਸੰਜਮਿ ਕਾਰ ਕਮਾਇ॥ ਨਾਨਕ ਪੂਰੈ ਕਰਮਿ ਸਤਿਗੁਰੁ ਮਿਲੈ, ਹਰਿ ਜੀਉ ਕਿਰਪਾ ਕਰੇ ਰਜਾਇ” (ਪੰ: ੫੯੧)।

ਇਸ ਵਿਸ਼ੇ ਸੰਬੰਧੀ ਗੁਰਬਾਣੀ `ਚ ਇਸ ਤਰ੍ਹਾਂ ਵੀ ਬਿਆਣਿਆ ਹੈ ਜਿਵੇ“ਹੰਉਮੈ ਅੰਦਰਿ ਖੜਕੁ ਹੈ ਖੜਕੇ ਖੜਕਿ ਵਿਹਾਇ॥ ਹੰਉਮੈ ਵਡਾ ਰੋਗੁ ਹੈ ਮਰਿ ਜੰਮੈ ਆਵੈ ਜਾਇ॥ ਜਿਨ ਕਉ ਪੂਰਬਿ ਲਿਖਿਆ ਤਿਨਾ ਸਤਗੁਰੁ ਮਿਲਿਆ ਪ੍ਰਭੁ ਆਇ॥ ਨਾਨਕ ਗੁਰ ਪਰਸਾਦੀ ਉਬਰੇ ਹਉਮੈ ਸਬਦਿ ਜਲਾਇ” (ਪੰ: ੫੯੨) ਭਾਵ ਜੀਵ `ਚੋਂ ਹਉਮੈ ਕੇਵਲ ਸ਼ਬਦ-ਗੁਰੂ ਦੀ ਕਮਾਈ ਨਾਲ ਹੀ ਖ਼ਤਮ ਹੁੰਦੀ ਹੈ।

ਹਊਮੈ ਵੱਸ ਮਨਮਤੀ ਕਰਮ? - ਤਾਂ ਤੇ ਸੁਆਲ ਪੈਦਾ ਹੁੰਦਾ ਹੈ ਕਿ ਹਊਮੈ ਵੱਸ ਉਹ ਮਨਮਤੀ ਕਰਮ ਕਿਹੜੇ ਹੁੰਦੇ ਹਨ ਜਿਹੜੇ ਜੀਵ ਲਈ ਪ੍ਰਭੂ ਤੋਂ ਵਿਛੋੜੇ ਦਾ ਕਾਰਣ ਬਣਦੇ ਹਨ। ਉਪ੍ਰੰਤ ਇਸੇ ਤੋਂ ਜੀਵ ਲਈ ਅਨੇਕਾਂ ਜਨਮਾਂ ਦਾ ਗੇੜ ਚਾਲੂ ਹੋ ਜਾਂਦਾ ਹੈ? ਦਰਅਸਲ ਇਸ ਵਿਸ਼ੇ ਨਾਲ ਸੰਬੰਧਤ ਵੀ ਗੁਰਬਾਣੀ `ਚੋਂ ਹਜ਼ਾਰਾਂ ਫ਼ੁਰਮਾਨ ਦਿੱਤੇ ਜਾ ਸਕਦੇ ਹਨ ਤਾਂ ਵੀ ਕੇਵਲ ਵਿਸ਼ੇ ਨੂੰ ਸਮਝਣ ਲਈ:

“ਕੋਟਿ ਕਰਮ ਕਰੈ ਹਉ ਧਾਰੇ॥ ਸ੍ਰਮੁ ਪਾਵੈ ਸਗਲੇ ਬਿਰਥਾਰੇ॥ ਅਨਿਕ ਤਪਸਿਆ ਕਰੇ ਅਹੰਕਾਰ॥ ਨਰਕ ਸੁਰਗ ਫਿਰਿ ਫਿਰਿ ਅਵਤਾਰ” (ਪੰ: ੨੭੮) ਅਰਥ- ਇਨਸਾਨ ਕ੍ਰੋੜਾਂ ਧਰਮ ਕਰਮ ਕਰਦਾ ਹੈ ਜਦਕਿ ਉਸ ਸਾਰੇ ਲਈ ਉਸਨੂੰ ਮਿਹਣਤ ਮੁਸ਼ਕਤ ਵੀ ਬਹੁਤ ਕਰਣੀ ਪੈਂਦੀ ਹੈ। ਫ਼ਿਰ ਵੀ ਜੇਕਰ ਇਹ ਸਭ ਹਉਮੈ ਵੱਸ ਹੀ ਹੋ ਰਿਹਾ ਹੈ ਭਾਵ ਇਹ ਮੈਂ ਹੀ ਕਰ ਰਿਹਾ ਹਾਂ, ਉਸਦੀ ਅਜਿਹੀ ਸੋਚਣੀ, ਉਸ ਅੰਦਰ ਹੰਕਾਰ ਨੂੰ ਹੀ ਜਨਮ ਦਿੰਦੀ ਹੈ। ਇਸ ਤੇ ਗੁਰਦੇਵ ਨਿਰਣਾ ਦਿੰਦੇ ਹਨ ਕਿ ਉਸ ਦੀ ਅਜਿਹੀ ਮਾਨਸਿਕ ਅਵਸਥਾ ਹੀ ਉਸ ਰਾਹੀਂ ਕੀਤੇ ਜਾ ਰਹੇ ਕ੍ਰੋੜਾਂ ਧਰਮ ਕਰਮ ਵੀ ਬਦਲੇ `ਚ ਉਸ ਨੂੰ ਔਖੇ ਤੇ ਸੌਖੇ ਜਨਮਾਂ ਦੇ ਗੇੜਾਂ `ਚ ਹੀ ਪਾਂਦੇ ਹਨ, ਉਸ ਲਈ ਪ੍ਰਭੂ ਮਿਲਾਪ ਦਾ ਸਾਧਨ ਨਹੀਂ ਹੁੰਦੇ।

ਇਸੇ ਤਰ੍ਹਾਂ ਬਾਣੀ ਸੁਖਮਨੀ ਸਾਹਿਬ ਦੀ ਪੂਰੀ ਅਸ਼ਟਪਦੀ ਨੰ: ਦੋ ਤਾਂ ਹੈ ਹੀ ਇਸੇ ਵਿਸ਼ੇ ਨਾਲ ਸੰਬੰਧਤ। ਮਿਸਾਲ ਵੱਜੋਂ ਇਸ ਅਸ਼ਟਪਈ ਦਾ ਪਦਾ ਨੰ: ਦੋ ਇਸ ਤਰ੍ਹਾਂ ਹੈ, “ਨਉ ਖੰਡ ਪ੍ਰਿਥਮੀ ਫਿਰੈ ਚਿਰੁ ਜੀਵੈ॥ ਮਹਾ ਉਦਾਸੁ ਤਪੀਸਰੁ ਥੀਵੈ॥ ਅਗਨਿ ਮਾਹਿ ਹੋਮਤ ਪਰਾਨ॥ ਕਨਿਕ ਅਸ੍ਵ ਹੈਵਰ ਭੂਮਿ ਦਾਨ॥ ਨਿਉਲੀ ਕਰਮ ਕਰੈ ਬਹੁ ਆਸਨ॥ ਜੈਨ ਮਾਰਗ ਸੰਜਮ ਅਤਿ ਸਾਧਨ॥ ਨਿਮਖ ਨਿਮਖ ਕਰਿ ਸਰੀਰੁ ਕਟਾਵੈ॥ ਤਉ ਭੀ ਹਉਮੈ ਮੈਲੁ ਨ ਜਾਵੈ ਹਰਿ ਕੇ ਨਾਮ ਸਮਸਰਿ ਕਛੁ ਨਾਹਿ॥ ਨਾਨਕ ਗੁਰਮੁਖਿ ਨਾਮੁ ਜਪਤ ਗਤਿ ਪਾਹਿ”।

ਇਸ ਤੋਂ ਇਲਾਵਾ ਬਾਣੀ ਜਪੁ `ਚ ਤਾਂ ਰੋਜ਼ਾਨਾ ਹੀ ਪੜਦੇ ਹਾਂ, “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਅਰਥ-ਇਨਸਾਨ ਪੁੰਨ ਕਰਮ ਕਰੇ ਜਾਂ ਪਾਪ ਕਰਮ, ਪਰ ਜਦੋਂ ਤੱਕ ਉਸਦੀ ਭਾਵਨਾ ਹੈ ਕਿ ਇਹ ਕੰਮ ਮੈਂ ਕਰ ਰਿਹਾ ਹਾਂ ਤਦ ਤੱਕ ਉਸ ਦਾ ਆਪਣੇ ਲਈ ਹੀ ਕਰਮਜਾਲ ਤਿਆਰ ਹੋ ਰਿਹਾ ਹੈ ਭਾਵ ਇਸ ਤਰ੍ਹਾਂ ਉਹ ਆਪਣੇ ਜਨਮ-ਮਰਨ ਦੇ ਗੇੜ ਵੱਲ ਹੀ ਵਧ ਰਿਹਾ ਹੈ।

ਇਸੇ ਤਰ੍ਹਾਂ ਬਾਣੀ ਜਪੁ ਦੀ ਹੀ ਪਉੜੀ ਨੰ: ੨੧ `ਚ “ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ” ਅਰਥ ਹਨ-ਅਕਾਲਪੁਰਖ ਵੱਡਾ ਹੈ ਤੇ ਉਸ ਦਾ ਨਿਆਂ ਵੀ ਵੱਡਾ ਹੈ। ਇਸ ਤਰ੍ਹਾਂ ਮਨੁੱਖ ਜਿਤਣੇ ਵੀ ਕਰਮ ਮੈਂ ਭਾਵ ਹਉ ਦੀ ਭਾਵਨਾ `ਚ ਕਰਦਾ ਹੈ ਤਾਂ ਇਸ ਤੋਂ ਉਸ ਦੇ ਆਪਣੇ ਲਈ ਹੀ ਕਰਮਜਾਲ ਤਿਆਰ ਹੁੰਦਾ ਹੈ। ਅਜਿਹਾ ਕਰਮਜਾਲ ਜਿਹੜਾ ਉਸਨੇ ਭੋਗਣਾ ਵੀ ਆਪ ਹੀ ਹੁੰਦਾ ਹੈ। ਇਸ ਤਰ੍ਹਾਂ ਇਹ ਤਾਂ ਉਸ ਦੇ ਆਪਣੇ ਲਈ ਹੀ ਜੂਨਾਂ-ਜਨਮਾਂ ਤੇ ਗਰਭਾਂ ਦਾ ਗੇੜ ਤਿਆਰ ਹੁੰਦਾ ਜਾਂਦਾ ਹੈ।

ਉਪ੍ਰੰਤ ਬਾਣੀ ਆਸਾ ਕੀ ਵਾਰ ਪਉੜੀ ਅਠਵੀਂ ਦੇ ਸਲੋਕ “ਲਖ ਨੇਕੀਆ ਚੰਗਿਆਈਆ ਲਖ ਪੁੰਨਾ ਪਰਵਾਣੁ॥ ਲਖ ਤਪ ਉਪਰਿ ਤੀਰਥਾਂ ਸਹਜ ਜੋਗ ਬੇਬਾਣ॥ ਲਖ ਸੂਰਤਣ ਸੰਗਰਾਮ ਰਣ ਮਹਿ ਛੁਟਹਿ ਪਰਾਣ॥ ਲਖ ਸੁਰਤੀ ਲਖ ਗਿਆਨ ਧਿਆਨ ਪੜੀਅਹਿ ਪਾਠ ਪੁਰਾਣ॥ ਜਿਨਿ ਕਰਤੈ ਕਰਣਾ ਕੀਆ ਲਿਖਿਆ ਆਵਣ ਜਾਣੁ॥ ਨਾਨਕ ਮਤੀ ਮਿਥਿਆ ਕਰਮੁ ਸਚਾ ਨੀਸਾਣੁ(ਪੰ: ੪੬੭) `ਚ ਵੀ ਇਸੇ ਵਿਸੇ ਨੂੰ ਦੇਖਿਆ ਜਾ ਸਕਦਾ ਹੈ ਅਤੇ ਸੰਪੂਰਨ ਬਾਣੀ `ਚ ਹੋਰ ਵੀ ਹਜ਼ਾਰਹਾਂ ਵਾਰੀ।

ਸਪਸ਼ਟ ਹੈ ਚੰਗੀ ਜਾਂ ਮਾੜੀ, ਮਨੁੱਖ ਜਦੋਂ ਕੋਈ ਵੀ ਕਰਣੀ ਆਪਣੀ ਹਸਤੀ ਨੂੰ ਕਰਤੇ ਤੋਂ ਅੱਡ ਮੰਨ ਕੇ ਤੇ ਆਪਣੀ ਹਊਮੈ ਵੱਸ ਹੋ ਕੇ ਕਰਦਾ ਹੈ ਤਾਂ ਉਹ ਆਪਣੇ ਲਈ ਹੀ ਕਰਮਜਾਲ ਬੁੰਨਦਾ ਹੈ। ਇਸੇ ਤੋਂ ਲੰਮਾਂ ਹੁੰਦਾ ਜਾਂਦਾ ਹੈ ਉਸ ਲਈ ਜਨਮ-ਮਰਨ ਦਾ ਗੇੜ। ਇਹ ਉਦੋਂ ਤੱਕ, ਜਦੋਂ ਤੱਕ ਜੀਵ ਮੁੜ ਆਪਣੇ ਕਿਸੇ ਮਨੁੱਖਾ ਜਨਮ ਨੂੰ ਸਫ਼ਲ ਕਰਕੇ ਅਸਲੇ ਪ੍ਰਭੂ `ਚ ਅਭੇਦ ਹੀ ਨਹੀਂ ਹੋ ਜਾਂਦਾ।

“ਮਿਲੁ ਜਗਦੀਸ ਮਿਲਨ ਕੀ ਬਰੀਆ” -ਉਪ੍ਰੰਤ ਮਨੁੱਖਾ ਜਨਮ ਦਾ ਪਿਛੋਕੜ ਕੀ ਹੁੰਦਾ ਹੈ ਤੇ ਮਨੁੱਖ ਕਿਸ ਕਿਸ ਤਰ੍ਹ੍ਹਾਂ ਦੀਆਂ ਜੂਨਾਂ ਭੋਗਣ ਬਾਅਦ ਮਨੁੱਖ ਜਨਮ `ਚ ਆਇਆ ਹੁੰਦਾ ਹੈ ਪੰਜਵੇਂ ਪਾਤਸ਼ਾਹ, ਇਸ ਨੂੰ ਇਸ ਤਰ੍ਹਾਂ ਬਿਆਣ ਕਰਦੇ ਹਨ “ਗਉੜੀ ਗੁਆਰੇਰੀ ਮਹਲਾ ੫॥ ਕਈ ਜਨਮ ਭਏ ਕੀਟ ਪਤੰਗਾ॥ ਕਈ ਜਨਮ ਗਜ ਮੀਨ ਕੁਰੰਗਾ॥ ਕਈ ਜਨਮ ਪੰਖੀ ਸਰਪ ਹੋਇਓ॥ ਕਈ ਜਨਮ ਹੈਵਰ ਬ੍ਰਿਖ ਜੋਇਓ॥ ੧ ॥” ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ”॥ ੧ ॥ ਰਹਾਉ॥ ਕਈ ਜਨਮ ਸੈਲ ਗਿਰਿ ਕਰਿਆ॥ ਕਈ ਜਨਮ ਗਰਭ ਹਿਰਿ ਖਰਿਆ॥ ਕਈ ਜਨਮ ਸਾਖ ਕਰਿ ਉਪਾਇਆ॥ ਲਖ ਚਉਰਾਸੀਹ ਜੋਨਿ ਭ੍ਰਮਾਇਆ॥ ੨ ॥ ਸਾਧਸੰਗਿ ਭਇਓ ਜਨਮੁ ਪਰਾਪਤਿ॥ ਕਰਿ ਸੇਵਾ ਭਜੁ ਹਰਿ ਹਰਿ ਗੁਰਮਤਿ॥ ਤਿਆਗਿ ਮਾਨੁ ਝੂਠੁ ਅਭਿਮਾਨੁ॥ ਜੀਵਤ ਮਰਹਿ ਦਰਗਹ ਪਰਵਾਨੁ॥ ੩ ॥ ਜੋ ਕਿਛੁ ਹੋਆ ਸੁ ਤੁਝ ਤੇ ਹੋਗੁ॥ ਅਵਰੁ ਨ ਦੂਜਾ ਕਰਣੈ ਜੋਗੁ॥ ਤਾ ਮਿਲੀਐ ਜਾ ਲੈਹਿ ਮਿਲਾਇ॥ ਕਹੁ ਨਾਨਕ ਹਰਿ ਹਰਿ ਗੁਣ ਗਾਇ”॥ ੪ (ਪੰ: ੧੭੭)

ਧਿਆਨ ਦੇਨਾ ਹੈ ਕਿ ਰਹਾਉ ਦੇ ਬੰਦ `ਚ ਗੁਰਦੇਵ ਦ੍ਰਿੜ ਕਰ ਰਹੇ ਹਨ “ਐ ਭਾਈ! ਪ੍ਰਭੂ ਵੱਲੋਂ ਤੈਨੂੰ ਇਹ ਮਨੁੱਖਾ ਜਨਮ ਵਾਲਾ ਅਵਸਰ ਬਹੁਤ ਲੰਮੇ ਸਮੇਂ ਬਾਅਦ ਮਿਲਿਆ ਹੈ। ਇਹ ਵੀ ਕਿ ਇਸ ਦੌਰਾਨ (ਸ਼ਬਦ `ਚ ਦਿੱਤੇ ਗਏ ਵੇਰਵੇ ਅਨੁਸਾਰ) ਤੈਨੂੰ ਅਨੰਤ ਜੂਨਾਂ `ਚ ਲੰਙਣਾ ਪਿਆ। ਜਦਕਿ ਹੁਣ ਫ਼ਿਰ ਤੈਨੂੰ ਪ੍ਰਭੂ ਮਿਲਾਪ ਲਈ ਇਹ ਮਨੁੱਖਾ ਜਨਮ ਵਾਲਾ ਅਵਸਰ ਪ੍ਰਾਪਤ ਹੋਇਆ ਹੈ।

ਫ਼ਿਰ ਤੀਜੇ ਬੰਦ `ਚ ਗੁਰਦੇਵ ਫ਼ੁਰਮਾਉਂਦੇ ਹਨ, “ਐ ਭਾਈ! ਹੁਣ ਜਿਹੜਾ ਤੈਨੂੰ ਫ਼ਿਰ ਤੋਂ ਇਹ ਮਨੁੱਖਾ ਜਨਮ ਵਾਲਾ ਅਵਸਰ ਪ੍ਰਾਪਤ ਹੋਇਆ ਹੈ, ਉਹ ਇਸ ਲਈ ਕਿ ਤੂੰ ਸਾਧਸੰਗਤ `ਚ ਆ ਤੇ ਸ਼ਬਦ-ਗੁਰੂ ਦੀ ਕਮਾਈ ਕਰ। ਇਸ ਤੋਂ ਤੂੰ ਹਊਮੈ ਆਦਿ ਵਿਕਾਰਾਂ ਤੋਂ ਉਪਰ ਉਠ ਅਤੇ ਪ੍ਰਭੂ `ਚ ਅਭੇਦ ਹੋ ਜਾ; ਇਸ ਤਰ੍ਹਾਂ ਚਲਦੇ ਆ ਰਹੇ ਜਨਮਾਂ-ਜੂਨਾਂ ਦੇ ਗੇੜ ‘ਤੋਂ ਛੁਟਕਾਰਾ ਪਾ ਲੈ।

ਅੰਤਮ ਬੰਦ `ਚ ਸਾਡੇ ਵੱਲੋਂ ਹੋ ਕੇ ਗੁਰਦੇਵ, ਪ੍ਰਭੂ ਚਰਨਾਂ `ਚ ਅਰਦਾਸ ਕਰਦੇ ਤੇ ਫ਼ੁਰਮਾਉਂਦੇ ਹਨ “ਇਸ ਤਰ੍ਹਾਂ ਜੀਵ ਨੂੰ ਫ਼ਿਰ ਤੋਂ ਮਨੁੱਖਾ ਜਨਮ ਦੇਣਾ ਤੇ ਉਸਨੂੰ ਸਫ਼ਲ ਕਰਣਾ, ਇਹ ਸਮ੍ਰਥਾ ਕੇਵਲ ਅਕਾਲਪੁਰਖ `ਚ ਹੀ ਹੈ; ਕਿਸੇ ਵੀ ਜੀਵ ਦੇ ਆਪਣੇ ਅੰਦਰ ਅਜਿਹੀ ਸਮ੍ਰਥਾ ਨਹੀਂ।

“ਕੇਤੇ ਰੁਖ ਬਿਰਖ ਹਮ ਚੀਨੇ” -ਜਦਕਿ ਇਸੇ ਰਾਗ ਤੇ ਇਸੇ ਵਿਸ਼ੇ ਨੂੰ ਪਹਿਲੇ ਪਾਤਸ਼ਾਹ ਨੇ ਵੀ ਸਾਡੇ ਵੱਲੋਂ ਹੋ ਕੇ ਨਿਭਾਇਆ ਹੋਇਆ ਹੈ। ਸ਼ਬਦ ਹੈ “ਗਉੜੀ ਚੇਤੀ ਮਹਲਾ ੧॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ॥ ੧ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ॥ ਕਹੇ ਨ ਜਾਨੀ ਅਉਗਣ ਮੇਰੇ॥ ੧ ॥ ਰਹਾਉ॥ ਕੇਤੇ ਰੁਖ ਬਿਰਖ ਹਮ ਚੀਨੇ ਕੇਤੇ ਪਸੂ ਉਪਾਏ॥ ਕੇਤੇ ਨਾਗ ਕੁਲੀ ਮਹਿ ਆਏ ਕੇਤੇ ਪੰਖ ਉਡਾਏ॥ ੨ ॥ ਹਟ ਪਟਣ ਬਿਜ ਮੰਦਰ ਭੰਨੈ ਕਰਿ ਚੋਰੀ ਘਰਿ ਆਵੈ॥ ਅਗਹੁ ਦੇਖੈ ਪਿਛਹੁ ਦੇਖੈ ਤੁਝ ਤੇ ਕਹਾ ਛਪਾਵੈ॥ ੩ ॥ ਤਟ ਤੀਰਥ ਹਮ ਨਵ ਖੰਡ ਦੇਖੇ ਹਟ ਪਟਣ ਬਾਜਾਰਾ॥ ਲੈ ਕੈ ਤਕੜੀ ਤੋਲਣਿ ਲਾਗਾ ਘਟ ਹੀ ਮਹਿ ਵਣਜਾਰਾ॥ ੪ ਜੇਤਾ ਸਮੁੰਦੁ ਸਾਗਰੁ ਨੀਰਿ ਭਰਿਆ ਤੇਤੇ ਅਉਗਣ ਹਮਾਰੇ॥ ਦਇਆ ਕਰਹੁ ਕਿਛੁ ਮਿਹਰ ਉਪਾਵਹੁ ਡੁਬਦੇ ਪਥਰ ਤਾਰੇ॥ ੫ ॥ ਜੀਅੜਾ ਅਗਨਿ ਬਰਾਬਰਿ ਤਪੈ ਭੀਤਰਿ ਵਗੈ ਕਾਤੀ॥ ਪ੍ਰਣਵਤਿ ਨਾਨਕੁ “ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ”॥ ੬ ॥” (ਪੰ: ੧੫੬)

ਇਸ ਤਰ੍ਹਾਂ ਪਹਿਲੇ ਪਾਤਸ਼ਾਹ ਵੀ ਕਰਤੇ ਦੇ ਚਰਨਾਂ `ਚ ਸਾਨੂੰ ਇਹੀ ਅਰਦਾਸ ਕਰਣ ਦੀ ਜਾਚ ਸਿਖਾਅ ਰਹੇ ਹਨ, ਹੇ ਸਚੇ ਪਾਤਸ਼ਾਹ! ਜੇਕਰ ਤੂੰ ਸਾਨੂੰ ਫ਼ਿਰ ਤੋਂ ਮਨੁੱਖਾ ਜਨਮ ਤੇ ਇਸਦੀ ਦੁਰਲਭਤਾ ਬਾਰੇ ਸੋਝੀ ਵੀ ਬਖ਼ਸ਼ੀ ਹੈ ਤਾਂ ਤੂੰ ਇਹ ਬਖ਼ਸ਼ਿਸ਼ ਵੀ ਕਰ, ਤੂੰ ਸਾਡੇ ਅਉਗੁਣਾ ਨੂੰ ਨਾ ਚਿਤਾਰ ਤਾ ਕਿ ਹੁਣ ਸਾਨੂੰ ਜੂਨਾਂ ਦੇ ਗੇੜ ਨਾ ਸਹਿਣੇ ਪੈਣ। ਹੁਣ ਅਸੀਂ ਪ੍ਰਾਪਤ ਮਨੁੱਖਾ ਜਨਮ ਨੂੰ ਸਫ਼ਲ ਕਰਕੇ ਸੰਸਾਰ ਤੋਂ ਜਾਵੀਏ। ਇਹ ਵੱਖਰੀ ਗੱਲ ਹੈ ਕਿ ਪੰਜਵੇਂ ਪਾਤਸ਼ਾਹ ਨੇ ਇਸੇ ਵਿਸ਼ੇ ਨੂੰ ਸਾਡੇ ਲਈ ਕੁੱਝ ਹੋਰ ਵੀ ਖੋਲ ਕੇ ਸਪਸ਼ਟ ਕਰ ਦਿੱਤਾ ਹੈ। ਦੂਜਾ “. . ਹੁਕਮੁ ਪਛਾਣੈ ਸੁਖੁ ਹੋਵੈ ਦਿਨੁ ਰਾਤੀ” ਦੇ ਅਰਥ ਹੀ ਇਹੀ ਹਨ ਕਿ ਅਸੀਂ ਹੁਕਮੀ ਬੰਦੇ ਬਣ ਕੇ ਜੀਵੀਏ, ਜਿਸਤੋਂ ਸਾਡਾ ਇਹ ਲੋਕ ਵੀ ਸੁਹੇਲਾ ਤੇ ਪ੍ਰਲੋਕ ਵੀ ਸੁਹੇਲਾ ਹੋ ਜਾਵੇ। ਭਾਵ ਹੁਣ ਜਨਮਾਂ ਦੇ ਗੇੜ `ਚ ਨਾ ਆਉਣਾ ਪਵੇ ਤੇ ਤੇਰੇ ਅੰਦਰ ਹੀ ਸਮਾਅ ਜਾਵੀਏ।

ਮਨੁੱਖਾ ਜਨਮ ਦਾ ਪਿਛੌਕੜ? ਧੁਰੋਂ ਵਰੋਸਾਈਆਂ ਰੂਹਾਂ ਨੂੰ ਛੱਡ ਕੇ ਸਾਡੇ ਮਨੁੱਖਾ ਜਨਮ ਦਾ ਪਿਛੌਕੜ ਕੀ ਹੈ? ਇਸ ਵਿਸ਼ੇ ਨੂੰ ਗੁਰਬਾਣੀ `ਚ ਬੇਅੰਤ ਵਾਰ ਸਪਸ਼ਟ ਕੀਤਾ ਹੋਇਆ ਹੈ। ਆ ਚੁੱਕੇ ਸ਼ਬਦਾਂ ਤੇ ਪ੍ਰਮਾਣਾਂ ਤੋਂ ਵੀ ਸਪਸ਼ਟ ਹੈ ਕਿ “ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ” ਅਨੁਸਾਰ ਲੰਮਾਂ ਸਮਾਂ ਬੇਅੰਤ ਜੂਨਾਂ `ਚ ਭਟਕਣ ਤੋਂ ਬਾਅਦ ਹੀ ਸਾਨੂੰ ਇਹ ਮਨੁੱਖਾ ਜੂਨ, ਪ੍ਰਭੂ ਮਿਲਾਪ ਲਈ ਮਿਲੀ ਹੁੰਦੀ ਹੈ। ਇਸ ਦੇ ਨਾਲ ਨਾਲ ਗੁਰਬਾਣੀ `ਚ ਸਾਨੂੰ ਇਸ ਦੇ ਬਾਕੀ ਪੱਖ ਵੀ ਸਪਸ਼ਟ ਕੀਤੇ ਹੋਏ ਹਨ। ਤਾਂ ਤੇ ਲੜੀਵਾਰ ਇਹ ਨੁੱਕਤੇ ਕੁੱਝ ਇਸਤਰ੍ਹਾਂ ਹਨ ਜਿਵੇਂ:-

ਨੁੱਕਤਾ ਨੰ: ੧- “ਫਿਰਤ ਫਿਰਤ ਪ੍ਰਭ ਆਇਆ” -ਅਜੋਕਾ ਮਨੁੱਖਾ ਜਨਮ ਪ੍ਰਾਪਤ ਹੋਣ ਤੋਂ ਪਹਿਲਾਂ ਅਸੀਂ ਭਿੰਨ ਭਿੰਨ ਤੇ ਅਨੰਤ ਜੂਨਾਂ ਦਾ ਸਫ਼ਰ ਤੈਅ ਕਰਕੇ ਆਏ ਹੁੰਦੇ ਹਾਂ। ਇਸ ਸੰਬੰਧ `ਚ ਉਪਰ ਆ ਚੁੱਕੇ ਸ਼ਬਦਾਂ ਤੋਂ ਇਲਾਵਾ ਕੁੱਝ ਹੋਰ ਗੁਰਬਣੀ ਫ਼ੁਰਮਾਨ ਵੀ ਲੈ ਰਹੇ ਹਾਂ। ਬਲਕਿ ਕੁੱਝ ਫ਼ੁਰਮਾਨ ਤਾਂ ਪ੍ਰਭੂ ਚਰਨਾਂ `ਚ ਬੇਨਤੀ ਸਹਿਤ ਵੀ ਹਨ ਕਿ ਹੇ ਪ੍ਰਭੂ! ਸਾਡਾ ਅਜੋਕਾ ਮਨੁੱਖਾ ਜਨਮ ਬਿਰਥਾ ਨਾ ਜਾਵੇ ਅਤੇ ਇਹ ਸ਼ਫ਼ਲ ਹੋ ਜਾਵੇ, ਜਿਵੇਂ:-

(i) “ਫਿਰਤ ਫਿਰਤ ਪ੍ਰਭ ਆਇਆ ਪਰਿਆ ਤਉ ਸਰਨਾਇ॥ ਨਾਨਕ ਕੀ ਪ੍ਰਭ ਬੇਨਤੀ ਅਪਨੀ ਭਗਤੀ ਲਾਇ” (ਪੰ: ੨੮੯)

() “ਧਾਵਤ ਜੋਨਿ ਜਨਮ ਭ੍ਰਮਿ ਥਾਕੇ, ਅਬ ਦੁਖ ਕਰਿ ਹਮ ਹਾਰਿਓ ਰੇ॥ ਕਹਿ ਕਬੀਰ ਗੁਰ ਮਿਲਤ ਮਹਾ ਰਸੁ, ਪ੍ਰੇਮ ਭਗਤਿ ਨਿਸਤਾਰਿਓ ਰੇ” (ਪੰ: ੩੩੫)

(i) “ਫਿਰਤ ਫਿਰਤ ਤੁਮੑਰੈ ਦੁਆਰਿ ਆਇਆ, ਭੈ ਭੰਜਨ ਹਰਿ ਰਾਇਆ॥ ਸਾਧ ਕੇ ਚਰਨ ਧੂਰਿ ਜਨੁ ਬਾਛੈ, ਸੁਖੁ ਨਾਨਕ ਇਹੁ ਪਾਇਆ” (ਪੰ: ੪੯੭)

(iv) “ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ (ਪੰ: ੬੩੧)

(v) “ਬਹੁਤੇ ਫੇਰ ਪਏ ਕਿਰਪਨ ਕਉ, ਅਬ ਕਿਛੁ ਕਿਰਪਾ ਕੀਜੈ॥ ਹੋਹੁ ਦਇਆਲ ਦਰਸਨੁ ਦੇਹੁ ਅਪੁਨਾ, ਐਸੀ ਬਖਸ ਕਰੀਜੈ” (ਪੰ: ੬੬੬)

(vi) “ਹਉ ਆਇਆ ਦੂਰਹੁ ਚਲਿ ਕੈ ਮੈ ਤਕੀ ਤਉ ਸਰਣਾਇ ਜੀਉ॥ ਮੈ ਆਸਾ ਰਖੀ ਚਿਤਿ ਮਹਿ ਮੇਰਾ ਸਭੋ ਦੁਖੁ ਗਵਾਇ ਜੀੳ” (ਪੰ: ੭੬੩) ਅਰਥ- ਹੇ ਪ੍ਰਭੂ! ਮੈਂ “ਦੂਰਹੁ ਚਲਿ ਕੈ” ਭਾਵ ਬੇਅੰਤ ਜਨਮਾਂ ਦੇ ਗੇੜ ਕੱਟ ਕੇ ਹੁਣ ਮੈਂ ਤੇਰੀ ਸ਼ਰਨ `ਚ ਆ ਗਿਆ ਹਾਂ। ਮੈਂ ਆਪਣੇ ਚਿੱਤ `ਚ ਆਸ ਰੱਖੀ ਹੋਈ ਹੈ ਕਿ ਤੂੰ ਮੇਰਾ ਇਹ ਸਾਰਾ ਦੁੱਖ ਦੂਰ ਕਰ ਦੇਵੇਂਗਾ ਭਾਵ ਹੁਣ ਤੂੰ ਮੈਨੂੰ ਇਸ ਬਾਰ ਬਾਰ ਦੇ ਜਨਮਾ-ਗਰਭਾਂ ਵਾਲੇ ਗੇੜ ਤੋਂ ਆਜ਼ਾਦ ਕਰ ਦੇਵੇਂਗਾ।

ਇਸ ਤਰ੍ਹਾਂ ਗੁਰਬਾਣੀ `ਚ ਬੇਅੰਤ ਫ਼ੁਰਮਾਨ ਹਨ ਜੋ ਸਾਬਤ ਕਰ ਰਹੇ ਹਨ ਕਿ ਗੁਰਬਾਣੀ ਅਨੁਸਾਰ ਅਸੀਂ ਸਿਧੇ ਇਸ ਮਨੁੱਖਾ ਜਨਮ `ਚ ਨਹੀਂ ਆਏ, ਬਲਕਿ ਪਿਛਲੇ ਮਨੁੱਖਾ ਜਨਮ ਸਮੇਂ ਕੀਤੇ ਆਪਣੇ ਮਨਮਤੀਏ ਚੰਗੇ ਤੇ ਮਾੜੇ ਕਰਮਾ ਅਨੁਸਾਰ ਬੇਅੰਤ ਜੂਨਾਂ ਨੂੰ ਭੋਗ ਭੋਗ ਕੇ ਆਏ ਹਾਂ।

ਨੁੱਕਤਾ ਨੰ: ੨- “ਖਤਿਅਹੁ ਜੰਮੇ, ਖਤੇ ਕਰਨਿ” -ਅਜਿਹਾ ਕਿਉਂ ਹੋਇਆ ਜੋ ਸਾਨੂੰ ਆਪਣੇ ਇਸ ਮਨੁੱਖਾ ਜਨਮ ਤੋਂ ਪਹਿਲਾਂ, ਮਨੁੱਖੀ ਜੂਨਾਂ ਸਮੇਤ ਅਨਗਿਣਤ ਦੂਜੀਆਂ ਜੂਨੀਆਂ `ਚੋਂ ਵੀ ਲੰਙਣਾ ਪਿਆ? ਉਸ ਦਾ ਕਾਰਣ ਸੀ ਕਿ ਪ੍ਰਭੂ ਨੇ ਇਸ ਤੋਂ ਪਹਿਲੇ ਵੀ ਜਦੋਂ ਕਦੇ ਸਾਨੂੰ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਸੀ ਤਾਂ ਅਸਾਂ ਸ਼ਬਦ ਗੁਰੂ ਦੀ ਕਮਾਈ ਤੇ ਕਰਤੇ ਦੀ ਸਿਫ਼ਤ ਸਲਾਹ ਰਾਹੀਂ ਉਸ ਨੂੰ ਵੀ ਸਫ਼ਲ ਕਰਣ ਦੀ ਬਜਾਏ, ਮਨਮਤੀਆ ਜੀਵਨ ਬਿਤਾਅ ਕੇ ਬਿਰਥਾ ਤੇ ਅਸਫ਼ਲ ਕਰ ਦਿੱਤਾ ਸੀ। ਇਸ ਦੀ ਪ੍ਰੌੜਤਾ `ਚ ਵੀ ਬੇਅੰਤ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ, ਜਿਵੇਂ:

(i) “ਖਤਿਅਹੁ ਜੰਮੇ, ਖਤੇ ਕਰਨਿ, ਤ ਖਤਿਆ ਵਿਚਿ ਪਾਹਿ॥ ਧੋਤੇ ਮੂਲਿ ਨ ਉਤਰਹਿ, ਜੇ ਸਉ ਧੋਵਣ ਪਾਹਿ” (ਪੰ: ੧੪੯) ਅਰਥ: —ਪਾਪਾਂ ਦੇ ਕਾਰਨ (ਜੋ ਜੀਵ) ਜੰਮਦੇ ਹਨ, (ਇਥੇ ਭੀ) ਪਾਪ ਕਰਦੇ ਹਨ ਤੇ (ਅਗਾਂਹ ਭੀ ਇਹਨਾਂ ਕੀਤੇ ਪਾਪਾਂ ਦੇ ਸੰਸਕਾਰਾਂ ਕਰਕੇ) ਪਾਪਾਂ ਵਿੱਚ ਹੀ ਪ੍ਰਵਿਰਤ ਹੁੰਦੇ ਹਨ। ਇਹ ਪਾਪ ਧੋਤਿਆਂ ਉੱਕਾ ਹੀ ਨਹੀਂ ਉਤਰਦੇ ਭਾਵੇਂ ਸੌ ਧੋਣ ਧੋਈਏ (ਭਾਵ, ਭਾਵੇਂ ਸੌ ਵਾਰੀ ਧੋਣ ਦਾ ਜਤਨ ਕਰੀਏ)। ਹੇ ਨਾਨਕ! ਜੇ ਪ੍ਰਭੂ ਮਿਹਰ ਕਰੇ (ਤਾਂ ਇਹ ਪਾਪ) ਬਖ਼ਸ਼ੇ ਜਾਂਦੇ ਹਨ, ਨਹੀਂ ਤਾਂ ਜੁੱਤੀਆਂ ਹੀ ਪੈਂਦੀਆਂ ਹਨ। ( “ਕੋਟਿ ਕਰਮ ਕਰੈ ਹਉ ਧਾਰੇ. . ਆਦਿ ਫ਼ੁਰਮਾਨ, ਵੇਰਵਾ ਆ ਚੁੱਕਾ ਹੈ ਕਿ ਪਾਪ ਧੋਤਿਆਂ ਦਾ ਅਰਥ ਹੈ ਹਉਮੈ ਵੱਸ ਕੀਤੇ ਜਾਂਦੇ ਬੇਅੰਤ ਧਾਰਮਿਕ ਕਰਮ)

() “ਹਉ ਵਿਚਿ ਆਇਆ ਹਉ ਵਿਚਿ ਗਇਆ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ” ਪੰ: ੪੬੬) ਅਰਥ- ਹਉਮੈ ਕਾਰਣ ਹੀ ਇਹ ਜੀਵ ਜਨਮ-ਮਰਨ ਦੇ ਗੇੜ `ਚ ਪਿਆ ਹੋਇਆ ਹੈ। ਇਸ ਤੋਂ ਇਹ ਵੀ ਸਪਸ਼ਟ ਹੈ ਕਿ ਇਸਦਾ ਪਿਛਲ਼ਾ ਮਨੁੱਖਾ ਜਨਮ ਵੀ ਹਉਮੈ ਕਾਰਣ ਹੀ ਬਿਰਥਾ ਗਿਆ ਸੀ ਜਿਸ ਕਾਰਣ ਇਸ ਨੂੰ ਭਿੰਨ ਭਿੰਨ ਜੂਨਾਂ ਦੇ ਗੇੜ ਕੱਟਣੇ ਪਏ ਤੇ ਬਹੁਤ ਸਮੇਂ ਬਾਅਦ ਹੁਣ ਫ਼ਿਰ ਇਸਨੂੰ ਇਸ ਮਨੁੱਖਾ ਜਨਮ ਵਾਲਾ ਅਵਸਰ ਪ੍ਰਾਪਤ ਹੋਇਆ ਹੈ।

(i) “ਛੋਡਿ ਛੋਡਿ ਰੇ ਬਿਖਿਆ ਕੇ ਰਸੂਆ॥ ਉਰਝਿ ਰਹਿਓ ਰੇ ਬਾਵਰ ਗਾਵਰ ਜਿਉ ਕਿਰਖੈ ਹਰਿਆਇਓ ਪਸੂਆ॥ ੧॥ ਰਹਾਉ॥ ਜੋ ਜਾਨਹਿ ਤੂੰ ਅਪੁਨੇ ਕਾਜੈ ਸੋ ਸੰਗਿ ਨ ਚਾਲੈ ਤੇਰੈ ਤਸੂਆ॥ ਨਾਗੋ ਆਇਓ ਨਾਗ ਸਿਧਾਸੀ ਫੇਰਿ ਫਿਰਿਓ ਅਰੁ ਕਾਲਿ ਗਰਸੂਆ” (ਪੰ: ੨੦੬) ਅਰਥ : —ਹੇ ਭਾਈ! ਮਾਇਆ ਦੇ ਚਸਕੇ ਛੱਡ ਦੇ ਛੱਡ ਦੇ। ਹੇ ਕਮਲੇ ਗੰਵਾਰ! ਤੂੰ (ਇਹਨਾਂ ਚਸਕਿਆਂ ਵਿੱਚ ਇਉਂ) ਮਸਤ ਪਿਆ ਹੈਂ, ਜਿਵੇਂ ਕੋਈ ਪਸ਼ੂ ਹਰੇ ਖੇਤ ਵਿੱਚ ਮਸਤ (ਹੁੰਦਾ ਹੈ)। ੧। ਰਹਾਉ।

(ਹੇ ਕਮਲੇ!) ਜਿਸ ਚੀਜ਼ ਨੂੰ ਤੂੰ ਆਪਣੇ ਕੰਮ ਆਉਣ ਵਾਲੀ ਸਮਝਦਾ ਹੈਂ, ਉਹ ਰਤਾ ਭਰ ਭੀ (ਅੰਤ ਵੇਲੇ) ਤੇਰੇ ਨਾਲ ਨਹੀਂ ਜਾਂਦੀ। ਤੂੰ (ਜਗਤ ਵਿਚ) ਨੰਗਾ ਆਇਆ ਸੀ (ਇਥੋਂ) ਨੰਗਾ ਹੀ ਚਲਾ ਜਾਏਂਗਾ। ਤੂੰ (ਵਿਅਰਥ ਹੀ ਜੂਨਾਂ ਦੇ) ਗੇੜ ਵਿੱਚ ਫਿਰ ਰਿਹਾ ਹੈਂ ਅਤੇ ਤੈਨੂੰ ਆਤਮਕ ਮੌਤ ਨੇ ਗ੍ਰਸਿਆ ਹੋਇਆ ਹੈ॥ (ਪ੍ਰੋ: ਸਾਹਿਬ ਸਿੰਘ ਜੀ)

( “ਤੂੰ ਜਗਤ `ਚ ਨੰਗਾ ਆਇਆ ਸੀ ਤੇ ਇਥੋਂ ਨੰਗਾ ਹੀ ਚਲਾ ਜਾਏਂਗਾ” ) ਇਸਦੇ ਅਰਥ ਹਨ, ਜਦੋਂ ਇਸ ਤੋਂ ਪਹਿਲਾਂ ਤੈਨੂੰ ਮਨੁੱਖਾ ਜਨਮ ਮਿਲਿਆ ਤਾਂ ਵਾਪਿਸ ਜਾਣ ਸਮੇਂ ਵੀ ਤੂੰ ਨੰਗਾ ਭਾਵ ਖਾਲੀ ਹੱਥ ਸੀ। ਇਸਤਰ੍ਹਾਂ ਤੂੰ ਉਸ ਜਨਮ ਨੂੰ ਵੀ ਨਹੀਂ ਕਮਾਇਆ, ਤੂੰ ਉਸ ਜਨਮ ਨੂੰ ਵੀ ਨਹੀਂ ਸ਼ੰਭਾਲਿਅ। ਇਸੇ ਤੋਂ ਸਪਸ਼ਟ ਹੋ ਰਿਹਾ ਕਿ ਪਿਛਲੇ ਸੰਸਕਾਰਾਂ ਕਾਰਣ ਤੂੰ ਇਸ ਜਨਮ ਨੂੰ ਵੀ ਬਿਰਥਾ ਹੀ ਕਰਕੇ ਜਾਵੇਂਗਾ।”

(iv) “ਹਰਿ ਪ੍ਰੀਤਿ ਕਰੀਜੈ ਮਾਨੁ ਨ ਕੀਜੈ ਇੱਕ ਰਾਤੀ ਕੇ ਹਭਿ ਪਾਹੁਣਿਆ॥ ਅਬ ਕਿਆ ਰੰਗੁ ਲਾਇਓ ਮੋਹੁ ਰਚਾਇਓ ਨਾਗੇ ਆਵਣ ਜਾਵਣਿਆ” (ਪੰ: ੪੫੫) ਅਰਥ- ਹੇ ਭਾਈ! ਪਰਮਾਤਮਾ ਨਾਲ ਪਿਆਰ ਪਾਣਾ ਚਾਹੀਦਾ ਹੈ (ਆਪਣੇ ਕਿਸੇ ਧਨ-ਪਦਾਰਥ ਆਦਿਕ ਦਾ) ਅਹੰਕਾਰ ਨਹੀਂ ਕਰਨਾ ਚਾਹੀਦਾ (ਇਥੇ ਅਸੀ) ਸਾਰੇ ਇੱਕ ਰਾਤ ਦੇ ਪ੍ਰਾਹੁਣੇ (ਹੀ) ਹਾਂ। ਫਿਰ ਭੀ ਤੂੰ ਕਿਉਂ (ਜਗਤ ਨਾਲ) ਪਿਆਰ ਪਾਇਆ ਹੈ, ਮਾਇਆ ਨਾਲ ਮੋਹ ਬਣਾਇਆ ਹੋਇਆ ਹੈ, (ਇਥੇ ਸਭ) ਨੰਗੇ (ਖ਼ਾਲੀ-ਹੱਥ) ਆਉਂਦੇ ਹਨ ਤੇ (ਇਥੋਂ) ਨੰਗੇ (ਖ਼ਾਲੀ-ਹੱਥ) ਹੀ ਚਲੇ ਜਾਂਦੇ ਹਨ।

ਨੋਟ- “ਨਾਗੇ ਆਵਣ ਜਾਵਣਿਆ” ਇਥੇ ਸਭ ਨੰਗੇ (ਖ਼ਾਲੀ-ਹੱਥ) ਆਉਂਦੇ ਹਨ ਤੇ (ਇਥੋਂ) ਨੰਗੇ (ਖ਼ਾਲੀ-ਹੱਥ) ਹੀ ਚਲੇ ਜਾਂਦੇ ਹਨ”। ਗੁਰਬਾਣੀ ਅਨੁਸਾਰ ਖਾਲੀ ਹੱਥ ਜਾਂ ਨੰਗੇ ਆਉਣ ਦਾ ਮਤਲਬ ਹੈ ਕਿ ਸਾਡੇ ਕੋਲ ਆਪਣੇ ਪਿਛਲੇ ਜਨਮ ਦੀ ਵੀ ਕਮਾਈ ਨਹੀਂ ਸੀ, ਇਸ ਲਈ ਅਸਾਂ ਉਸ ਨੂੰ ਬਿਰਥਾ ਕੀਤਾ ਸੀ। ਇਸੇ ਤੋਂ ਇਸ ਜਨਮ `ਚ ਆਉਣ ਸਮੇਂ ਵੀ ਖਾਲੀ ਹੱਥ ਸਾਂ। ਉਪ੍ਰੰਤ ਇਸ ਜਨਮ ਨੂੰ ਵੀ ਬਿਰਥਾ ਕਰਕੇ ਖਾਲੀ ਹੱਥ (ਨੰਗੇ) ਹੀ ਚਲੇ ਜਾਂਦੇ ਹਾਂ। ਇਸੇ ਤੋਂ ਅਸੀਂ ਬਾਰ ਬਾਰ ਦੇ ਜਨਮਾਂ ਦੇ ਗੇੜ `ਚ ਹੀ ਪਏ ਰਹਿੰਦੇ ਹਾਂ। ਜਦਕਿ ਇਸ ਸੰਬੰਧ `ਚ ਵੀ ਗੁਰਬਾਣੀ `ਚੋਂ ਬਹੁਤੇਰੇ ਫ਼ੁਰਮਾਨ ਪ੍ਰਾਪਤ ਹਨ।

ਨੁੱਕਤਾ ਨੰ: ੩- “ਨਾਨਕ ਕਹਤ ਮਿਲਨ ਕੀ ਬਰੀਆ” - ਗੁਰਬਾਣੀ `ਚ ਇਸ ਸੰਬੰਧੀ ਵੀ ਬਹੁਤ ਫ਼ੁਰਮਾਨ ਹਨ, ਜਦੋਂ ਸਪਸ਼ਟ ਉਥੇ ਕੀਤਾ ਹੋਇਆ ਹੈ ਕਿ ਅਨੰਤ ਜੂਨਾਂ `ਚੋਂ ਕੇਵਲ ਤੇ ਕੇਵਕ ਮਨੁੱਖਾ ਜੂਨ ਹੀ ਪ੍ਰਭੂ ਮਿਲਾਪ ਲਈ ਇਕੋ ਇੱਕ ਬਰੀਆ ਹੈ ਜਦਕਿ ਬਾਕੀ ਜੂਨਾਂ ਨਹੀਂ ਜਿਵੇਂ:

(i) “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨)

() “ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ(ਪੰ: ੧੭੬)

(i) “ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ” (ਅੰ: ੬੩੧)

(iv) “ਭਲੋ ਸਮੋ ਸਿਮਰਨ ਕੀ ਬਰੀਆਸਿਮਰਤ ਨਾਮੁ ਭੈ ਪਾਰਿ ਉਤਰੀਆ” (ਅੰ: ੧੯੦)

ਇਸ ਤਰ੍ਹਾਂ ਲਫ਼ਜ਼ ਬਰੀਆ ਦਾ ਇਕੋ ਹੀ ਮਤਲਬ ਹੈ ਕਿ ਜਿਥੋਂ ਅਸੀਂ ਆਏ ਹਾਂ, ਕੱਤਾਰ `ਚ ਦੂਜੇ ਵੀ ਖੜੇ ਸਨ। ਜਦਕਿ ਅਕਾਲਪੁਰਖ ਵੱਲੋਂ ਉਂਨ੍ਹਾਂ ਸਾਰਿਆਂ `ਚੋਂ ਇਹ ਵਾਰੀ ਅਥਵਾ ਬਰੀਆ ਸਾਨੂੰ ਹੀ ਪ੍ਰਾਪਤ ਹੋਈ ਹੈ। ਇਹੀ ਨਹੀਂ, ਇਸ ਵਿਸ਼ੇ ਨਾਲ ਸੰਬੰਧਤ ਮਨੁੱਖਾ ਜਨਮ ਤੇ ਮਨੁੱਖਾ ਸਰੀਰ ਲਈ ਗੁਰਬਾਣੀ `ਚ ਲਫ਼ਜ਼ ਕੇਵਲ ਬਰੀਆ ਹੀ ਨਹੀਂ ਬਲਕਿ ਹੋਰ ਵੀ ਬਹੁਤੇਰੀ ਸ਼ਬਦਾਵਲੀ ਆਈ ਹੈ ਜਿਵੇਂ “ਰੁਤ, ਅਵਸਰ. ਦੁਰਲਭ, ਪ੍ਰਭੂ ਮਿਲਾਪ ਦਾ ਸਮਾਂ, ਸੰਜੋਗੀ, ਚਿਰੰਕਾਲ, ਬਾਰੀ, ਸਮੋ ਆਦਿ।

ਇਸ ਤਰ੍ਹਾਂ ਦੁਰਲਭ ਦੇ ਅਰਥ ਹਨ ਜਿਹੜਾ ਮੌਕਾ ਆਸਾਨੀ ਨਾਲ ਪ੍ਰਾਪਤ ਨਾ ਹੁੰਦਾ ਹੋਵੇ। ਅਵਸਰ-ਅਉਸਰ ਦਾ ਅਰਥ ਹੈ ਜਿਹੜਾ ਸਮਾਂ ਹਰੇਕ ਸਮੇਂ ਦੇ ਮੁਕਾਬਲੇ ਸਭ ਤੋਂ ਵਧ ਮਹੱਤਵ ਰਖਦਾ ਹੋਵੇ। ਰੁਤ ਦਾ ਮਤਲਬ ਜਿਹੜੀ ਸਮੇਂ ਸਮੇਂ ਨਾਲ ਵਿਸ਼ੇਸ਼ ਹੁੰਦੀ ਹੈ ਜਿਵੇਂ ਗਰਮੀ, ਸਰਦੀ, ਬਰਸਾਤ, ਪਤਝੜ, ਬਸੰਤ ਆਦਿ ਇਸੇ ਤਰ੍ਹਾਂ ਅਨੰਤ ਤੇ ਸਮੂਹ ਜੂਨਾਂ `ਚੋਂ ਮਨੁੱਖਾ ਜਨਮ ਵਾਲਾ ਸਮਾਂ ਅਥਵਾ ਰੁਤ। ਚਿਰੰਕਾਲ ਦਾ ਅਰਥ ਹੈ ਜਿਹੜਾ ਬੜੇ ਸਮੇਂ ਤੋਂ ਬਾਅਦ ਤੇ ਵੱਡੀ ਉਡੀਕ ਨਾਲ ਪ੍ਰਾਪਤ ਹੋਇਆ ਹੋਵੇ। ਸੰਜੋਗ ਦੇ ਵੀ ਅਰਥ ਹਨ ਜਿਹੜਾ ਸਾਧਾਰਨਤਿਆ ਪ੍ਰਾਪਤ ਹੀ ਨਾ ਹੁੰਦਾ ਹੋਵੇ।

ਜਦਕਿ ਗੁਰਬਾਣੀ `ਚ ਇਹ ਸਾਰੇ ਲਫ਼ਜ਼ ਕੇਵਲ ਤੇ ਕੇਵਲ ਮਨੁੱਖਾ ਸਰੀਰ, ਜਨਮ ਤੇ ਜੂਨ ਲਈ ਹੀ ਆਏ ਹਨ, ਦੁਜੀਆਂ ਅਨੰਤ ਜੂਨਾਂ `ਚੋਂ ਕਿਸੇ ਇੱਕ ਵੀ ਹੋਰ ਜੂਨ ਲਈ ਨਹੀਂ ਆਏ। ਤਾਂ ਤੇ ਵਿਸ਼ੇ ਦੀ ਪਛਾਣ ਤੇ ਉਸ ਨੂੰ ਸਮਝਣ ਲਈ ਹੀ ਸੰਬੰਧਤ ਹਰੇਕ ਲਫ਼ਜ਼ ਭਾਵ ਦੁਰਲਭ, ਅਵਸਰ-ਅਉਸਰ. ਰੁਤ, ਪ੍ਰਭੂ ਮਿਲਾਪ ਦਾ ਸਮਾਂ, ਸੰਜੋਗ, ਚਿਰੰਕਾਲ ਆਦਿ ਸ਼ਬਦਾਵਲੀ ਨਾਲ ਇਥੇ ਕੇਵਲ ਇੱਕ ਇੱਕ ਗੁਰਬਾਣੀ ਫ਼ੁਰਮਾਨ ਹੀ ਦੇ ਰਹੇ ਹਾਂ। ਤਾਂ ਤੇ:-

(i) ਅਉਸਰ----- ਤੁਮ ਦਾਤੇ ਤੁਮ ਪੁਰਖ ਬਿਧਾਤੇ॥ ਤੁਮ ਸਮਰਥ ਸਦਾ ਸੁਖਦਾਤੇ॥ ਸਭ ਕੋ ਤੁਮ ਹੀ ਤੇ ਵਰਸਾਵੈ ਅਉਸਰ ਕਰਹੁ ਹਮਾਰਾ ਪੂਰਾ ਜੀਉ” (ਪੰ: ੯੯)

() ਚਿਰੰਕਾਲ-----ਚਿਰੰਕਾਲ ਪਾਈ ਦ੍ਰੁਲਭ ਦੇਹ॥ ਨਾਮ ਬਿਹੂਣੀ ਹੋਈ ਖੇਹ॥ ਪਸੂ ਪਰੇਤ ਮੁਗਧ ਤੇ ਬੁਰੀ॥ ਤਿਸਹਿ ਨ ਬੂਝੈ ਜਿਨਿ ਏਹ ਸਿਰੀ” (੮੯੦)

(i) ਸੰਜੋਗੀ ਜਾਂ ਸੰਜੋਗ-----ਦੇਹ ਸੰਜੋਗੀ ਕਰਮ ਅਭਿਆਸਾ॥ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ” (ਪੰ: ੧੦੩੮)

(iv) ਰੁਤ------- “ਅਬ ਕਲੂ ਆਇਓ ਰੇ॥ ਇਕੁ ਨਾਮੁ ਬੋਵਹੁ ਬੋਵਹੁ॥ ਅਨ ਰੂਤਿ ਨਾਹੀ ਨਾਹੀ॥ ਮਤੁ ਭਰਮਿ ਭੂਲਹੁ ਭੂਲਹੁ” (ਪੰ: ੧੧੮੫)

(v) ਦੁਲਭ ਦੇਹ-----ਦੁਲਭ ਦੇਹ ਪਾਈ ਵਡਭਾਗੀ।। ਨਾਮੁ ਨ ਜਪਹਿ ਤੇ ਆਤਮ ਘਾਤੀ (ਪੰ: ੧੮੮) ਆਦਿ।

ਨੁੱਕਤਾ ਨੰ: ੪- “ਬਿਨੁ ਗੁਰ ਪੂਰੇ ਨਾਹੀ ਉਧਾਰੁ” -ਮਨੁੱਖਾ ਸਰੀਰ ਸੰਬੰਧੀ ਫ਼ਿਰ ਇਤਨਾ ਹੀ ਵੇਰਵਾ ਨਹੀਂ ਜਿਤਨਾ ਕਿ ਆ ਚੁੱਕਾ ਹੈ ਬਲਕਿ ਗੁਰਬਾਣੀ ਦਾ ਇਹ ਵੀ ਫ਼ੈਸਲਾ ਹੈ “ਜੇਕਰ ਪ੍ਰਾਪਤ ਮਨੁੱਖਾ ਜਨਮ ਦੀ ਵੀ ਸੰਭਾਲ ਨਾ ਕੀਤੀ। ਇਸ ਅਮੁੱਲੇ ਜਨਮ ਨੂੰ ਵੀ ਸ਼ਬਦ ਗੁਰੂ ਦੀ ਕਮਾਈ ਤੋਂ ਬਿਨਾ ਗੁਆ ਦਿੱਤਾ ਤਾਂ ਚੇਤੇ ਰੱਖ! ਤੈਨੂੰ ਮੁੱਢ ਤੋਂ ਉਨ੍ਹਾਂ ਹੀ ਜੂਨਾਂ-ਗਰਭਾਂ-ਜਨਮਾਂ ਦੇ ਗੇੜ `ਚ ਪੈਣਾ ਪਵੇਗਾ। ਉਨ੍ਹਾਂ ਹੀ, ਜੂਨਾਂ ਵਾਲੇ ਗੇੜ `ਚ ਭਾਵ ਜਿਸ ਹਨੇਰੇ ਖੂਹ `ਚੋੰ ਕੱਢ ਕੇ, ਚਿਰੰਕਾਲ ਤੇ ਲੰਮੇ ਅਰਸੇ ਬਾਅਦ, ਅਕਾਲਪੁਰਖ ਨੇ ਤੈਨੂੰ ਇਸ ਮਨੁੱਖਾ ਜਨਮ ਵਾਲੀ ਬਰੀਆ, ਸਮਾਂ, ਬਾਰੀ ਤੇ ਅਵਸਰ ਬਖ਼ਸ਼ਿਆ ਸੀ। ਦਰਅਸਲ ਗੁਰਬਾਣੀ `ਚ ਇਸ ਵਿਸ਼ੇ ਨਾਲ ਸੰਬੰਧਤ ਵੀ ਬਹੁਤ ਫ਼ੁਰਮਾਨ ਹਨ। ਤਾਂ ਵੀ ਕੇਵਲ ਮਿਸਾਲ ਵੱਜੋਂ ਕੁੱਝ ਫ਼ੁਰਮਾਨ-

(i) “ਫਿਰਤ ਫਿਰਤ ਮਾਨੁਖੁ ਭਇਆ ਖਿਨ ਭੰਗਨ ਦੇਹਾਦਿ॥ ਇਹ ਅਉਸਰ ਤੇ ਚੂਕਿਆ ਬਹੁ ਜੋਨਿ ਭ੍ਰਮਾਦਿ” (ਪੰ: ੮੧੦)

() “ਗਰਭ ਜੋਨਿ ਮਹਿ ਉਰਧ ਤਪੁ ਕਰਤਾ॥ ਤਉ ਜਠਰ ਅਗਨਿ ਮਹਿ ਰਹਤਾ॥ ੨ ॥ ਲਖ ਚਉਰਾਸੀਹ ਜੋਨਿ ਭ੍ਰਮਿ ਆਇਓ॥ ਅਬ ਕੇ ਛੁਟਕੇ ਠਉਰ ਨ ਠਾਇਓ “(ਪੰ: ੩੩੭

(i) “ਧ੍ਰਿਗੁ ਧ੍ਰਿਗੁ ਖਾਇਆ ਧ੍ਰਿਗੁ ਧ੍ਰਿਗੁ ਸੋਇਆ ਧ੍ਰਿਗੁ ਧ੍ਰਿਗੁ ਕਾਪੜੁ ਅੰਗਿ ਚੜਾਇਆ॥ ਧ੍ਰਿਗੁ ਸਰੀਰੁ ਕੁਟੰਬ ਸਹਿਤ ਸਿਉ ਜਿਤੁ ਹੁਣਿ ਖਸਮੁ ਨ ਪਾਇਆ॥ ਪਉੜੀ ਛੁੜਕੀ ਫਿਰਿ ਹਾਥਿ ਨ ਆਵੈ ਅਹਿਲਾ ਜਨਮੁ ਗਵਾਇਆ” (ਪੰ: ੭੯੬) ਤਾਂ ਤੇ ਐ ਭਾਈ!

(iv) “ਜਪਿ ਗੋਬਿੰਦੁ ਗੋਪਾਲ ਲਾਲੁ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ॥  ॥ ਰਹਾਉ॥ ਕੋਟਿ ਜਨਮ ਭਰਮਿ ਭ੍ਰਮਿ ਭ੍ਰਮਿ ਆਇਓ ਬਡੈ ਭਾਗਿ ਸਾਧਸੰਗੁ ਪਾਇਓ॥ ੧ ॥ ਬਿਨੁ ਗੁਰ ਪੂਰੇ ਨਾਹੀ ਉਧਾਰੁ॥ ਬਾਬਾ ਨਾਨਕੁ ਆਖੈ ਏਹੁ ਬੀਚਾਰੁ” (ਪੰ: ੮੮੫)

ਅੰਤਕਾ- “ਫਾਹੇ ਕਾਟੇ ਮਿਟੇ ਗਵਨ” - ਜਿੱਥੋਂ ਅਸਾਂ ਹੱਥਲੇ ਵਿਸ਼ੇ ਦਾ ਆਰੰਭ ਕੀਤਾ ਸੀ ਭਾਵ “ਵਿਣੁ ਸਤਿਗੁਰ ਮੁਕਤਿ ਨ ਪਾਏ” ਇਥੇ ਅਸੀਂ ਉਸੇ ਦੀ ਸਮਾਪਤੀ ਗਉੜੀ ਰਾਗ `ਚ ਪੰਜਵੇਂ ਪਾਤਸ਼ਾਹ ਦੀ ਰਚਨਾ ‘ਬਾਵਨ ਅਖਰੀ” ਦੀ ਪਉੜੀ ਨੰ: ੩੮ ਤੇ ਉਸਦੇ ਸਲੋਕ ਨਾਲ ਕਰ ਰਹੇ ਹਾਂ। ਤਾਂ ਤੇ ਇਹ ਪਉੜੀ ਤੇ ਸਲੋਕ ਹਨ, “ਸਲੋਕੁ॥ ਫਾਹੇ ਕਾਟੇ ਮਿਟੇ ਗਵਨ ਫਤਿਹ ਭਈ ਮਨਿ ਜੀਤ॥ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ॥ ੧ ਪਉੜੀ॥ ਫਫਾ ਫਿਰਤ ਫਿਰਤ ਤੂ ਆਇਆ॥ ਦ੍ਰੁਲਭ ਦੇਹ ਕਲਿਜੁਗ ਮਹਿ ਪਾਇਆ॥ ਫਿਰਿ ਇਆ ਅਉਸਰੁ ਚਰੈ ਨ ਹਾਥਾ॥ ਨਾਮੁ ਜਪਹੁ ਤਉ ਕਟੀਅਹਿ ਫਾਸਾ॥ ਫਿਰਿ ਫਿਰਿ ਆਵਨ ਜਾਨੁ ਨ ਹੋਈ॥ ਏਕਹਿ ਏਕ ਜਪਹੁ ਜਪੁ ਸੋਈ॥ ਕਰਹੁ ਕ੍ਰਿਪਾ ਪ੍ਰਭ ਕਰਨੈਹਾਰੇ॥ ਮੇਲਿ ਲੇਹੁ ਨਾਨਕ ਬੇਚਾਰੇ” (ਪੰ: ੨੫੮) ਉਪ੍ਰੰਤ ਪ੍ਰੋ: ਸਾਹਿਬ ਸਿੰਘ ਜੀ ਅਨੁਸਾਰ ਇਸਦੇ ਅਰਥ ਹਨ:-

ਸਲੋਕ: —ਹੇ ਨਾਨਕ! ਜੇ ਆਪਣੇ ਮਨ ਨੂੰ ਜਿੱਤ ਲਈਏ, (ਵੱਸ ਵਿੱਚ ਕਰ ਲਈਏ) ਤਾਂ (ਵਿਕਾਰਾਂ ਉਤੇ) ਜਿੱਤ ਪ੍ਰਾਪਤ ਹੋ ਜਾਂਦੀ ਹੈ, ਮਾਇਆ ਦੇ ਮੋਹ ਦੇ ਬੰਧਨ ਕੱਟੇ ਜਾਂਦੇ ਹਨ, ਤੇ (ਮਾਇਆ ਪਿਛੇ) ਭਟਕਣਾ ਮੁੱਕ ਜਾਂਦੀ ਹੈ। ਜਿਸ ਮਨੁੱਖ ਨੂੰ ਗੁਰੂ ਪਾਸੋਂ ਮਨ ਦੀ ਅਡੋਲਤਾ ਮਿਲ ਜਾਂਦੀ ਹੈ, ਉਸ ਦੇ ਜਨਮ ਮਰਨ ਦੇ ਗੇੜ ਸਦਾ ਲਈ ਮੁੱਕ ਜਾਂਦੇ ਹਨ। ੧। “

ਪਉੜੀ : — (ਹੇ ਭਾਈ!) ਤੂੰ ਅਨੇਕਾਂ ਜੂਨਾਂ ਵਿੱਚ ਭਟਕਦਾ ਆਇਆ ਹੈਂ, ਹੁਣ ਤੈਨੂੰ ਸੰਸਾਰ ਵਿੱਚ ਇਹ ਮਨੁੱਖਾ ਜਨਮ ਮਿਲਿਆ ਹੈ ਜੋ ਬੜੀ ਮੁਸ਼ਕਲ ਨਾਲ ਹੀ ਮਿਲਿਆ ਕਰਦਾ ਹੈ। (ਜੇ ਤੂੰ ਹੁਣ ਭੀ ਵਿਕਾਰਾਂ ਦੇ ਬੰਧਨਾਂ ਵਿੱਚ ਹੀ ਫਸਿਆ ਰਿਹਾ, ਤਾਂ) ਅਜੇਹਾ (ਸੋਹਣਾ) ਮੌਕਾ ਫਿਰ ਨਹੀਂ ਮਿਲੇਗਾ। (ਹੇ ਭਾਈ!) ਜੇ ਤੂੰ ਪ੍ਰਭੂ ਦਾ ਨਾਮ ਜਪੇਂਗਾ, ਤਾਂ ਮਾਇਆ ਵਾਲੇ ਸਾਰੇ ਬੰਧਨ ਕੱਟੇ ਜਾਣਗੇ। ਕੇਵਲ ਇੱਕ ਪਰਮਾਤਮਾ ਦਾ ਜਾਪ ਕਰਿਆ ਕਰ, ਮੁੜ ਮੁੜ ਜਨਮ ਮਰਨ ਦਾ ਗੇੜ ਨਹੀਂ ਰਹਿ ਜਾਇਗਾ।

(ਪਰ) ਹੇ ਨਾਨਕ! (ਪ੍ਰਭੂ ਅੱਗੇ ਅਰਦਾਸ ਕਰ ਤੇ ਆਖ—) ਹੇ ਸਿਰਜਣਹਾਰ ਪ੍ਰਭੂ! (ਮਾਇਆ-ਗ੍ਰਸੇ ਜੀਵ ਦੇ ਵੱਸ ਦੀ ਗੱਲ ਨਹੀਂ), ਤੂੰ ਆਪ ਕਿਰਪਾ ਕਰ, ਤੇ ਇਸ ਵਿਚਾਰੇ ਨੂੰ ਆਪਣੇ ਚਰਨਾਂ ਵਿੱਚ ਜੋੜ ਲੈ। ੩੮। “ #231s013.02s013#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਨੋਟ-ਗੁਰੂ ਕੀਆਂ ਸੰਗਤਾਂ ਤੇ ਗੁਰਮੱਤ ਦੇ ਪਾਠਕਾਂ ਦੇ ਚਰਨਾਂ `ਚ ਸਨਿਮ੍ਰ ਬੇਨਤੀ ਹੈ ਕਿ ਦਾਸ ਦੀ ਜਨਮ-ਮਰਨ ਦੇ ਵਿਸ਼ੇ ਨਾਲ ਸੰਬੰਧਤ ਪੁਸਤਕ “ਵਿਸ਼ਾ-ਜਨਮ ਮਰਨ ਅਤੇ ਸਿੱਖ ਧਰਮ” ਵੀ ਜ਼ਰੂਰ ਮੰਗਵਾਉਣ ਤੇ ਪੜ੍ਹਣ। ਇਹ ਪੁਸਤਕ ਆਪ ਜੀ ਸਿਧੀ ਸੈਂਟਰ ਪਾਸੋਂ ਜਾਂ ਸਿੰਘ ਬ੍ਰਦਰਜ਼, ਅਮ੍ਰਿਤਸਰ (ਪੰਜਾਬ) ਜਿਨ੍ਹਾਂ ਦਾ ਪੂਰਾ ਪਤਾ ਤੇ ਫ਼ੋਨ ਨੰਬਰ ਹੈ M/s Singh Bros. S.C.O 223-24, City Centre, Near Guru Nanak Bhawan, Amritsar (Pb)-143001. Ph Nos. 099150-48001,183-2550739,2543965 ਤੋਂ ਵੀ ਮੰਗਵਾਈ ਜਾ ਸਕਦੀ ਹੈ ਜੀ।

Including this Self Learning Gurmat Lesson No 231

ਫਿਰਿ ਇਆ ਅਉਸਰੁ ਚਰੈ ਨ ਹਾਥਾ॥

ਨਾਮੁ ਜਪਹੁ ਤਉ ਕਟੀਅਹਿ ਫਾਸਾ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.