.

“ਗੁਰਿ ਰਾਖੇ ਸੇ ਉਬਰੇ

ਹੋਰੁ ਮਰਿ ਜੰਮੈ ਆਵੈ ਜਾਏ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ 1956

(ਗੁਰਬਾਣੀ `ਚ ਲੋਕ ਪ੍ਰਲੋਕ, ਇਥੇ ਉਥੇ, ਈਹਾਂ ਊਹਾਂ, ਆਗੈ-ਪਾਛੈ ਆਦਿ ਸ਼ਬਦਾਵਲੀ)

ਗੁਰਬਾਣੀ `ਚ ਤੋਂ “ਤਨੁ ਮਨੁ ਥੀਵੈ ਹਰਿਆ” ਭਾਵ ਸਮਾਪਤੀ ਤੱਕ ਜਿੱਥੋਂ ਵੀ ਦਰਸ਼ਨ ਕਰੋ ਜੀਉਂਦੇ ਜੀਅ ਵੀ ਅਤੇ ਮਨੁੱਖ ਦੀ ਮੌਤ ਤੋਂ ਬਾਅਦ ਨਾਲ ਸੰਬੰਧਤ ਕਰਕੇ ਵੀ, ਮਨੁੱਖਾ ਸਰੀਰ ਦੇ ਦੋ-ਦੋ ਵਿਰੋਧੀ ਪੱਖ ਤੇ ਵਿਰੋਧੀ ਨਤੀਜੇ ਦੱਸੇ ਹੋਏ ਹਨ ਤੇ ਉਨ੍ਹਾਂ ਦਾ ਭਰਵਾਂ ਵਰਨਣ ਵੀ ਹੈ। ਗੁਰਬਾਣੀ `ਚ ਜੀਵਨ ਦੇ ਉਨ੍ਹਾਂ ਦੋਨਾਂ ਪੱਖਾਂ ਨੂੰ ਮੂਲ ਰੂਪ `ਚ ਆਤਮਕ ਜੀਵਨ ਤੇ ਆਤਮਕ ਮੌਤ ਕਹਿਕੇ ਬਿਆਣਿਆ ਹੈ ਭਾਵੇਂ ਕਿ ਅਜਿਹੀ ਵਿਆਖਿਆ ਲਈ ਬਥੇਰੀ ਬਦਲਵੀਂ ਸ਼ਬਦਾਵਲੀ ਵੀ ਆਈ ਹੈ।

ਉਪ੍ਰੰਤ ਉਸ ਆਤਮਕ ਜੀਵਨ ਤੇ ਆਤਮਕ ਮੌਤ ਦੀ ਵਿਆਖਿਆ ਦਾ ਹੀ ਜੁੜਵਾਂ ਹਿੱਸਾ ਹੈ ਲੋਕ ਪ੍ਰਲੋਕ, ਇਥੇ ਉਥੇ, ਈਹਾਂ ਊਹਾਂ, ਆਗੈ-ਪਾਛੈ ਆਦਿ ਵਾਲੀ ਸ਼ਬਦਾਵਲੀ। ਭਾਵ ਇੱਕ ਪੱਖ ਅਜੋਕੀ ਜ਼ਿੰਦਗੀ ਲਈ ਜਿਵੇਂ ਲੋਕ ਤੇ ਦੂਜਾ ਪੱਖ ਸਰੀਰਕ ਮੌਤ ਤੋਂ ਬਾਅਦ ਲਈ ਜਿਵੇਂ ਪ੍ਰਲੋਕ ਤੇ ਇਸੇ ਤਰ੍ਹਾਂ ਅਜਿਹੀ ਬਾਕੀ ਸਾਰੀ ਸ਼ਬਦਾਵਲੀ ਵੀ। ਜਦਕਿ ਅਜਿਹੀ ਸਮੂਚੀ ਸ਼ਬਦਾਵਲੀ ਦਾ ਅਰਥ ਵੀ ਇਹੀ ਹੈ ਕਿ ਮਨੁੱਖ ਦੀ ਜ਼ਿੰਦਗੀ ਤੇ ਮੌਤ ਤੋਂ ਬਾਅਦ ਨਾਲ ਸੰਬੰਧਤ, ਮਨੁੱਖਾ ਸਰੀਰ ਦੇ ਆਤਮਕ ਪੱਖੋਂ ਵੀ ਦੋ-ਦੋ ਅਤੇ ਵਿਰੋਧੀ ਪ੍ਰਗਟਾਵੇ ਹਨ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਮਨੁੱਖ ਦੀ ਮੌਤ ਤੋਂ ਬਾਅਦ ਨਾਲ ਸੰਬੰਧਤ ਵੀ ਇਸਦੇ ਦੋ ਤਰ੍ਹਾਂ ਦੇ ਵਿਸ਼ੇਸ਼ ਪਰ ਵਿਰੋਧੀ ਜੀਵਨ ਹੋਰ ਵੀ ਹਨ।

ਇਸ ਤਰ੍ਹਾਂ ਮਨੁੱਖ ਦੇ ਇਸ ਆਤਮਕ ਜੀਵਨ ਤੇ ਆਤਮਕ ਮੌਤ ਨਾਲ ਸੰਬੰਧਤ ਅਤੇ ਇਨ੍ਹਾਂ ਦੇ ਹੀ ਆਧਾਰ `ਤੇ ਗੁਰਬਾਣੀ `ਚ ਅਰੰਭ ਤੋਂ ਸਮਾਪਤੀ ਤੱਕ ਅਨੰਤ ਵੇਰਵੇ ਵੀ ਆਏ ਹਨ। ਜਿਵੇਂ “ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ” (ਪੰ: ੪੬੬) ਅਰਥ- “ਪਰਲੋਕ ਵਿੱਚ ਰੱਬ ਦੀ ਸਿਫ਼ਤਿ-ਸਾਲਾਹ ਰੂਪ ਕਮਾਈ ਹੀ ਕਬੂਲ ਪੈਂਦੀ ਹੈ, ਓਥੈ (ਜੀਵ ਦੇ ਕੀਤੇ ਕਰਮਾਂ ਦਾ) ਹਿਸਾਬ ਚੰਗੀ ਤਰ੍ਹਾਂ (ਇਸ ਨੂੰ) ਸਮਝਾ ਦਿੱਤਾ ਜਾਂਦਾ ਹੈ।”

ਹੋਰ “ਕਰਮ ਧਰਤੀ ਸਰੀਰੁ ਕਲਿਜੁਗ ਵਿਚਿ ਜੇਹਾ ਕੋ ਬੀਜੇ ਤੇਹਾ ਕੋ ਖਾਏ॥ ਗਲਾ ਉਪਰਿ ਤਪਾਵਸੁ ਨ ਹੋਈ ਵਿਸੁ ਖਾਧੀ ਤਤਕਾਲਿ ਮਰਿ ਜਾਏ॥ ਭਾਈ ਵੇਖਹੁ ਨਿਆਉ ਸਚੁ ਕਰਤੇ ਕਾ ਜੇਹਾ ਕੋਈ ਕਰੇ ਤੇਹਾ ਕੋਈ ਪਾਏ॥ ਜਨ ਨਾਨਕ ਕਉ ਸਭ ਸੋਝੀ ਪਾਈ ਹਰਿ ਦਰ ਕੀਆ ਬਾਤਾ ਆਖਿ ਸੁਣਾਏ” (ਪੰ: ੩੦੮) ਅਰਥ- ਇਸ ਮਨੁੱਖਾ ਜਨਮ ਵਿੱਚ ਸਰੀਰ ਕਰਮ- (ਰੂਪ ਬੀਜ ਬੀਜਣ ਲਈ) ਭੁੰਏਂ ਹੈ, ਇਸ ਵਿੱਚ ਜਿਸ ਤਰ੍ਹਾਂ ਦਾ ਬੀਜ ਮਨੁੱਖ ਬੀਜਦਾ ਹੈ, ਉਸੇ ਤਰ੍ਹਾਂ ਦਾ ਫਲ ਖਾਂਦਾ ਹੈ (ਕੀਤੇ ਕਰਮਾਂ ਦਾ ਨਿਬੇੜਾ ਗੱਲਾਂ ਉਤੇ ਨਹੀਂ ਹੁੰਦਾ, ਜੇ ਵਿਹੁ ਖਾਧੀ ਜਾਏ ਤਾਂ (ਅੰਮ੍ਰਿਤ ਦੀਆਂ ਗੱਲਾਂ ਕਰਦਿਆਂ ਭੀ ਮਨੁੱਖ ਬਚ ਨਹੀਂ ਸਕਦਾ) ਤੁਰੰਤ ਮਰ ਜਾਂਦਾ ਹੈ। ਹੇ ਭਾਈ! ਸੱਚੇ ਪ੍ਰਭੂ ਦਾ ਨਿਆਉਂ ਵੇਖੋ, ਜਿਸ ਤਰ੍ਹਾਂ ਦਾ ਕੋਈ ਕੰਮ ਕਰਦਾ ਹੈ, ਓਹੋ ਜਿਹਾ ਉਸ ਦਾ ਫਲ ਪਾ ਲੈਂਦਾ ਹੈ। ਹੇ ਨਾਨਕ! ਜਿਸ ਦਾਸ ਨੂੰ ਪ੍ਰਭੂ ਇਹ ਸਮਝਣ ਦੀ ਸਾਰੀ ਬੁਧਿ ਬਖ਼ਸ਼ਦਾ ਹੈ, ਉਹ ਪ੍ਰਭੂ ਦੇ ਦਰ ਦੀਆਂ ਇਹ ਗੱਲਾਂ ਕਰ ਕੇ ਸੁਣਾਉਂਦਾ ਹੈ।

ਇਸ ਤੋਂ ਬਾਅਦ, ਅਜਿਹੇ ਫ਼ੁਰਮਾਨ ਇਹ ਵੀ ਸਪਸ਼ਟ ਕਰ ਰਹੇ ਹਨ ਕਿ ਮਨੁੱਖਾ ਸਰੀਰ ਦੇ ਕਰਮਾਂ ਦੇ ਲੇਖੇ ਜੋਖੇ ਤੇ ਨਿਬੇੜੇ ਦੀ ਸੀਮਾਂ ਇਸ ਸਰੀਰ ਤੱਕ ਤੇ ਮਨੁੱਖ ਦੀ ਇਸ ਜ਼ਿੰਦਗੀ ਤੱਕ ਹੀ ਸੀਮਤ ਨਹੀਂ। ਕਰਤੇ ਦੇ ਨਿਆਂ `ਚ ਤਾਂ, ਮਨੁੱਖ ਦੀ ਸਰੀਰਕ ਮੌਤ ਤੋਂ ਬਾਅਦ ਵੀ ਇਹ ਲੇਖਾ ਜੋਖਾ ਹੋਣਾ ਤੇ ਚਲਦੇ ਰਹਿਣਾ ਹੈ। ਦਰਅਸਲ ਆਤਮਕ ਪੱਖੋਂ ਇਹੀ ਹਨ ਗੁਰਮੁਖੀ ਤੇ ਮਨਮੁਖੀ ਜੀਵਨ ਦੇ ਜ਼ਿੰਦਗੀ ਤੇ ਮੌਤ ਤੋਂ ਬਾਅਦ ਨਾਲ ਸੰਬੰਧਤ ਨਤੀਜੇ। ਇਸ ਸਾਰੇ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਸਾਡੇ ਸਰੀਰ ਦੀ ਕਰਣੀ ਤੇ ਕਰਮਾਂ ਦੇ ਲੇਖੇ ਜੋਖੇ ਦੀ ਸੀਮਾਂ, ਸਾਡੇ ਇਸ ਸਰੀਰ ਇਸ ਦੀ ਹੋਂਦ ਨਹੀਂ ਬਲਕਿ ਇਸ ਤੋਂ ਅੱਗੇ ਵੀ ਹੈ।

ਇਥੋਂ ਇਹ ਵੀ, ਜੇਕਰ ਸਾਡੇ ਸਰੀਰ ਦੀ ਕਰਣੀ ਤੇ ਕਰਮਾਂ ਦੀ ਸੀਮਾਂ ਕੇਵਲ ਸਾਡਾ ਇਹ ਸਰੀਰ ਹੀ ਨਹੀਂ ਬਲਕਿ ਸਰੀਰ ਤੋਂ ਬਾਅਦ ਵੀ ਹੈ। ਤਾਂ ਇਸ ਤੋਂ ਇਹ ਵੀ ਸਾਬਤ ਹੋ ਜਾਂਦਾ ਹੈ ਕਿ ਸਾਡੇ ਸਰੀਰ ਦੀ ਸੀਮਾਂ, ਇਸ ਸਰੀਰ ਦੀ ਹੋਂਦ ਤੋਂ ਪਹਿਲਾਂ ਵੀ ਸੀ। ਦਰਅਸਲ ਇਸ ਸੰਬੰਧੀ ਇਹੀ ਹੈ ਗੁਰਬਾਣੀ ਦਾ ਫ਼ੈਸਲਾ ਅਤੇ ਗੁਰਬਾਣੀ ਦੇ ਸਿੱਖ ਹੋਣ ਦੇ ਨਾਤੇ ਸਾਡੇ ਲਈ ਇਹ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਉਸ ਦੀ ਪਛਾਣ ਵੀ ਅਸੀਂ ਗੁਰਬਾਣੀ `ਚੋਂ ਹੀ ਕਰੀਏ, ਨਾ ਕਿ ਕਿਧਰੋਂ ਇਧਰੋਂ ਉਧਰੋਂ।

ਦਰਅਸਲ ਇਸ ਵਿਸ਼ੇ ਨਾਲ ਸੰਬੰਧਤ ਵੀ ਗੁਰਬਾਣੀ `ਚੋਂ ਬੇਅੰਤ ਫ਼ੁਰਮਾਨ ਪ੍ਰਾਪਤ ਹਨ, ਜਿਵੇਂ “ਕੋਟਿ ਜਨਮ ਭਰਮਿ ਭ੍ਰਮਿ ਭ੍ਰਮਿ ਆਇਓ” (ਪੰ: ੮੮੫) ਹੋਰ “ਉਦਮੁ ਕਰਿ ਹਰਿ ਜਾਪਣਾ ਵਡਭਾਗੀ ਧਨੁ ਖਾਟਿ॥ ਸੰਤਸੰਗਿ ਹਰਿ ਸਿਮਰਣਾ ਮਲੁ ਜਨਮ ਜਨਮ ਕੀ ਕਾਟਿ” (ਪੰ: ੪੮) ਹੋਰ “ਪ੍ਰਭ ਕਿਰਪਾ ਤੇ ਭਏ ਸੁਹੇਲੇ॥ ਜਨਮ ਜਨਮ ਕੇ ਬਿਛੁਰੇ ਮੇਲੇ” (ਪੰ: ੧੯੧) ਆਦਿ। ਤਾਂ ਵੀ ਖਿਮਾ ਚਾਹੁੰਦੇ ਹਾਂ, ਇਸ ਸਮੇਂ ਅਸੀਂ ਉਸ ਵੇਰਵੇ ਵੱਲ ਨਹੀਂ ਵਧ ਰਹੇ, ਕਿਉਂਕਿ ਉਹ ਹੱਥਲੇ ਗੁਰਮੱਤ ਪਾਠ ਦਾ ਵਿਸ਼ਾ ਨਹੀਂ।

ਇਥੇ ਤਾਂ ਕੇਵਲ ਇਹ ਸਮਝਣਾ ਹੈ ਕਿ ਸਾਡੇ ਇਸ ਮਨੁੱਖਾ ਸਰੀਰ ਦੇ ਜੀਉਂਦੇ ਜੀਅ ਵੀ ਅਤੇ ਸਰੀਰਕ ਮੌਤ ਤੋਂ ਬਾਅਦ ਨਾਲ ਸੰਬੰਧਤ ਵੀ, ਦੋ-ਦੋ ਵਿਰੋਧੀ ਪੱਖ ਹੋਰ ਵੀ ਹਨ। ਪਹਿਲਾ- “ਸਬਦਿ ਮਰਹਿ ਫਿਰਿ ਨਾ ਮਰਹਿ, ਤਾ ਸੇਵਾ ਪਵੈ ਸਭ ਥਾਇ” (ਪੰ: ੬੪੯) ਅਥਵਾ “ਸਬਦਿ ਮਰਹੁ ਫਿਰਿ ਜੀਵਹੁ ਸਦ ਹੀ, ਤਾ ਫਿਰਿ ਮਰਣੁ ਨ ਹੋਈ॥ ਅੰਮ੍ਰਿਤੁ ਨਾਮੁ ਸਦਾ ਮਨਿ ਮੀਠਾ ਸਬਦੇ ਪਾਵੈ ਕੋਈ” (ਪੰ: ੬੦੪)। ਗੁਰਬਾਣੀ ਅਨੁਸਾਰ ਜੀਉਂਦੇ ਜੀਅ ਜੀਵਨ ਦੀ ਇਸੇ ਅਵਸਥਾ ਨੂੰ ਸਫ਼ਲ ਜੀਵਨ ਅਤੇ ਆਤਮਕ ਜੀਵਨ ਆਦਿ ਵੀ ਕਿਹਾ ਹੈ।

ਇਸ ਤਰ੍ਹਾਂ “ਆਤਮਕ ਜੀਵਨ ਵਾਲੇ” ਮਨੁੱਖ ਜੀਉਂਦੇ ਜੀਅ ਵੀ ਪ੍ਰਭੂ ਰੰਗ `ਚ ਰੰਗੇ ਰਹਿੰਦੇ ਤੇ ਜ਼ਿੰਦਗੀ ਦਾ ਅਨੰਦ ਮਾਣਦੇ ਹਨ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ “ਜੀਵਹੁ ਸਦ ਹੀ, ਤਾ ਫਿਰਿ ਮਰਣੁ ਨ ਹੋਈ” ਪ੍ਰਾਪਤ ਕਰਦੇ ਹਨ। ਵਾਲੀ ਅਵਸਥਾ ਨੂੰ ਪ੍ਰਾਪਤ ਹੁੰਦੇ ਹਨ ਭਾਵ ਕਰਤੇ ਪ੍ਰਭੂ `ਚ ਸਮਾਅ ਜਾਂਦੇ ਹਨ, ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਂਦੇ। ਇਸ ਸੰਬੰਧ `ਚ ਗੁਰਬਾਣੀ ਦਾ ਇਹ ਵੀ ਫ਼ੈਸਲਾ ਹੈ ਕਿ ਮਨੁੱਖਾ ਜੀਵਨ ਦੀ ਇਸ ਸਰਬ ਉੱਤਮ ਅਵਸਥਾ ਨੂੰ “ਸਬਦੇ ਪਾਵੈ ਕੋਈ” ਸ਼ਬਦ ਗੁਰੂ ਦੀ ਕਮਾਈ ਨਾਲ ਸਾਰੇ ਨਹੀਂ ਵਿਰਲੇ ਹੀ ਪਾਂਦੇ ਹਨ।

ਇਸਦੇ ਉਲਟ ਜੀਉਂਦੇ ਸਰੀਰ ਦਾ ਹੀ ਦੂਜਾ ਪੱਖ ਹੈ ਆਤਮਕ ਪੱਖੋਂ ਮੁਰਦਾ ਸਰੀਰ। ਮਨੁੱਖਾ ਜੀਵਨ ਦੀ ਇਸੇ ਆਤਮਕ ਮੌਤ ਵਾਲੀ ਅਵਸਥਾ ਨੂੰ ਵੀ ਗੁਰਬਾਣੀ `ਚ ਬਹੁਤ ਵਾਰ ਬਿਆਣਿਆ ਹੈ ਜਿਵੇਂ “ਅਤਿ ਸੁੰਦਰ ਕੁਲੀਨ ਚਤੁਰ ਮੁਖਿ ਙਿਆਨੀ ਧਨਵੰਤ॥ ਮਿਰਤਕ ਕਹੀਅਹਿ ਨਾਨਕਾ ਜਿਹ ਪ੍ਰੀਤਿ ਨਹੀ ਭਗਵੰਤ” (ਪੰ: ੨੫੩) ਅਰਥ- “ਜੇ ਕੋਈ ਬੜੇ ਸੁੰਦਰ, ਚੰਗੀ ਕੁਲ ਵਾਲੇ, ਸਿਆਣੇ, ਗਿਆਨਵਾਨ ਤੇ ਧਨਵਾਨ ਬੰਦੇ ਭੀ ਹੋਣ, ਪਰ, ਹੇ ਨਾਨਕ! ਜਿਨ੍ਹਾਂ ਦੇ ਅੰਦਰ ਭਗਵਾਨ ਦੀ ਪ੍ਰੀਤਿ ਨਹੀਂ ਹੈ, ਉਹ ਮੁਰਦੇ ਹੀ ਆਖੇ ਜਾਂਦੇ ਹਨ (ਭਾਵ, ਵਿਕਾਰਾਂ ਵਿੱਚ ਮਰੀ ਹੋਈ ਆਤਮਾ ਵਾਲੇ)”। (ਪ੍ਰੋ: ਸਾ: ਸਿੰਘ)

ਗੁਰਬਾਣੀ `ਚ ਆਤਮਕ ਪੱਖੋਂ ਮੁਰਦਾ ਸਰੀਰਾਂ ਲਈ ਵੀ ਬੇਅੰਤ ਵਾਰ ਸਪਸ਼ਟ ਕੀਤਾ ਹੋਇਆ ਹੈ ਕਿ ਦੇਖਣ ਨੂੰ ਅਜਿਹੇ ਸਰੀਰ ਜ਼ਿੰਦਾ ਹੁੰਦੇ ਹੋਏ ਵੀ, ਮਨੁੱਖਾ ਜਨਮ ਦੇ ਇਕੋ ਇੱਕ ਮਕਸਦ ਵੱਲੋਂ ਅਗਿਆਨਤਾ ਕਾਰਣ ਵਿਕਾਰਾਂ ਆਦਿ ਦੀ ਮਾਰ ਸਹਿਣ ਨੂੰ ਮਜਬੂਰ ਹੁੰਦੇ ਹਨ। ਇਹ ਵੀ ਕਿ ਇਸੇ ਲਈ ਅਜਿਹੇ ਮਨੁੱਖ “ਜੇ ਲਖ ਇਸਤਰੀਆ ਭੋਗ ਕਰਹਿ ਨਵ ਖੰਡ ਰਾਜੁ ਕਮਾਹਿ॥ ਬਿਨੁ ਸਤਿਗੁਰ ਸੁਖੁ ਨ ਪਾਵਈ, ਫਿਰਿ ਫਿਰਿ ਜੋਨੀ ਪਾਹਿ” (ਪੰ: ੨੬) ਭਾਵ ਸੰਸਾਰ ਤਲ ਦੇ ਵੱਡੇ ਤੋਂ ਵੱਡੇ ਸੁਖ ਭੋਗਣ ਤੋਂ ਬਾਅਦ ਵੀ, ਸਰੀਰਕ ਮੌਤ ਤੋਂ ਬਾਅਦ ਮੁੜ ਜਨਮ-ਮਰਨ, ਜੂਨਾਂ-ਗਰਭਾਂ ਦੇ ਗੇੜਾਂ `ਚ ਹੀ ਪਾਏ ਜਾਂਦੇ ਹਨ, ਭਾਵ ਉਨ੍ਹਾਂ ਤੋਂ ਨਹੀਂ ਬੱਚ ਸਕਦੇ।

ਇਸੇ ਤਰ੍ਹਾਂ ਹੋਰ, “ਵਿਣੁ ਨਾਵੈ ਸਭ ਡੁਮਣੀ ਦੂਜੈ ਭਾਇ ਖੁਆਇ॥ ਤਿਸੁ ਬਿਨੁ ਘੜੀ ਨ ਜੀਵਦੀ ਦੁਖੀ ਰੈਣਿ ਵਿਹਾਇ॥ ਭਰਮਿ ਭੁਲਾਣਾ ਅੰਧੁਲਾ ਫਿਰਿ ਫਿਰਿ ਆਵੈ ਜਾਇ॥ ਨਦਰਿ ਕਰੇ ਪ੍ਰਭੁ ਆਪਣੀ ਆਪੇ ਲਏ ਮਿਲਾਇ” (ਪੰ: ੩੫) ਆਦਿ ਬੇਅੰਤ ਫ਼ੁਰਮਾਨ।

ਵਿਸ਼ੇ ਦੀ ਕੁੱਝ ਹੋਰ ਸਪਸ਼ਟਤਾ ਲਈ ਅਸੀਂ ਇਥੇ ਗਉੜੀ ਰਾਗ ਵਿਚਲਾ ਪੰਜਵੇਂ ਪਾਤਸ਼ਾਹ ਦਾ ਇੱਕ ਸ਼ਬਦ ਵੀ ਲੈ ਰਹੇ ਹਾਂ। ਇਹ ਸ਼ਬਦ ਹੈ “ਗਉੜੀ ਮਹਲਾ ੫॥ ਅਨਿਕ ਰਸਾ ਖਾਏ ਜੈਸੇ ਢੋਰ॥ ਮੋਹ ਕੀ ਜੇਵਰੀ ਬਾਧਿਓ ਚੋਰ॥ ੧॥ ਮਿਰਤਕ ਦੇਹ ਸਾਧ ਸੰਗ ਬਿਹੂਨਾਆਵਤ ਜਾਤ ਜੋਨੀ ਦੁਖ ਖੀਨਾ॥ ੧॥ ਰਹਾਉ॥ ਅਨਿਕ ਬਸਤ੍ਰ ਸੁੰਦਰ ਪਹਿਰਾਇਆ॥ ਜਿਉ ਡਰਨਾ ਖੇਤ ਮਾਹਿ ਡਰਾਇਆ॥ ੨॥ ਸਗਲ ਸਰੀਰ ਆਵਤ ਸਭ ਕਾਮ॥ ਨਿਹਫਲ ਮਾਨੁਖੁ ਜਪੈ ਨਹੀ ਨਾਮ੩॥ ਕਹੁ ਨਾਨਕ ਜਾ ਕਉ ਭਏ ਦਇਆਲਾ॥ ਸਾਧ ਸੰਗਿ ਮਿਲਿ ਭਜਹਿ ਗ+ਪਾਲਾ॥ ੪॥ ੫੫॥ ੧੨੪॥” (ਪੰ: ੧੯੦)

ਅਰਥ : —ਹੇ ਭਾਈ ! ਜੇਹੜਾ ਮਨੁੱਖ ਸਾਧ ਸੰਗਤਿ ਤੋਂ ਵਾਂਜਿਆ ਰਹਿੰਦਾ ਹੈ, ਉਸ ਦਾ ਸਰੀਰ ਮੁਰਦਾ ਹੈ (ਕਿਉਂਕਿ ਉਸ ਦੇ ਅੰਦਰ ਆਤਮਕ ਮੌਤੇ ਮਰੀ ਹੋਈ ਜਿੰਦ ਹੈ), ਉਹ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਪਿਆ ਰਹਿੰਦਾ ਹੈ, ਜੂਨਾਂ ਦੇ ਦੁੱਖਾਂ ਦੇ ਕਾਰਨ ਉਸ ਦਾ ਆਤਮਕ ਜੀਵਨ ਹੋਰ ਹੋਰ ਕਮਜ਼ੋਰ ਹੁੰਦਾ ਜਾਂਦਾ ਹੈ। ੧। ਰਹਾਉ।

ਜਿਵੇਂ ਪਸ਼ੂ (ਪੱਠਿਆਂ ਨਾਲ ਢਿੱਡ ਭਰ ਲੈਂਦੇ ਹਨ, ਤਿਵੇਂ ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਆਤਮਕ ਮੌਤ ਮਰਿਆ ਹੋਇਆ ਮਨੁੱਖ) ਅਨੇਕਾਂ ਸੁਆਦਲੇ ਪਦਾਰਥ ਖਾਂਦਾ ਰਹਿੰਦਾ ਹੈ ਤੇ (ਸੰਨ੍ਹ ਤੋਂ ਫੜੇ ਹੋਏ) ਚੋਰਾਂ ਵਾਂਗ (ਮਾਇਆ) ਦੇ ਮੋਹ ਦੀ ਰੱਸੀ ਨਾਲ (ਹੋਰ ਹੋਰ ਵਧੀਕ) ਜਕੜਿਆ ਜਾਂਦਾ ਹੈ। ੧।

(ਆਤਮਕ ਮੌਤੇ ਮਰਿਆ ਮਨੁੱਖ) ਅਨੇਕਾਂ ਸੋਹਣੇ ਸੋਹਣੇ ਕੱਪੜੇ ਪਹਿਨਦਾ ਹੈ (ਗਰੀਬ ਮੈਲੇ ਕੱਪੜਿਆਂ ਵਾਲੇ ਮਨੁੱਖ ਉਸ ਤੋਂ ਡਰਦੇ ਰਤਾ ਪਰੇ ਪਰੇ ਰਹਿੰਦੇ ਹਨ। ਸੋ, ਗਰੀਬਾਂ ਦੇ ਵਾਸਤੇ ਉਹ ਇਉਂ ਹੀ ਹੁੰਦਾ ਹੈ) ਜਿਵੇਂ ਪੈਲੀ ਵਿੱਚ (ਜਾਨਵਰਾਂ ਨੂੰ) ਡਰਾਣ ਲਈ ਬਨਾਉਟੀ ਰਾਖਾ ਖੜਾ ਕੀਤਾ ਹੁੰਦਾ ਹੈ। ੨।

(ਹੋਰ ਪਸ਼ੂ ਆਦਿਕਾਂ ਦੇ) ਸਾਰੇ ਸਰੀਰ (ਕਿਸੇ ਨ ਕਿਸੇ) ਕੰਮ ਆ ਜਾਂਦੇ ਹਨ। ਜੇ ਮਨੁੱਖ ਪਰਮਾਤਮਾ ਦਾ ਨਾਮ ਨਹੀਂ ਜਪਦਾ, ਤਾਂ ਇਸ ਦਾ ਜਗਤ ਵਿੱਚ ਆਉਣਾ ਵਿਅਰਥ ਹੀ ਜਾਂਦਾ ਹੈ। ੩।

ਹੇ ਨਾਨਕ ! ਆਖ—ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ, ਉਹ ਸਾਧ ਸੰਗਤਿ ਵਿੱਚ (ਸਤ ਸੰਗੀਆਂ ਨਾਲ) ਮਿਲ ਕੇ ਜਗਤ ਦੇ ਪਾਲਣਹਾਰ ਪ੍ਰਭੂ ਦਾ ਭਜਨ ਕਰਦੇ ਹਨ। ੪। (ਪ੍ਰੋ: ਸਾਹਿਬ ਸਿੰਘ ਜੀ)

ਨੋਟ-੧ ਸ਼ੱਕ ਨਹੀਂ, ਹਰੇਕ ਸ਼ਬਦ ਅਥਵਾ ਕਿਸੇ ਵੀ ਲੰਮੀ ਬਾਣੀ ਵਿਚਲਾ ਰਹਾਉ ਦਾ ਬੰਦ, ਪੂਰੇ ਸ਼ਬਦ ਅਥਵਾ ਉਸ ਰਚਨਾ ਦਾ ਕੇਂਦਰੀ ਭਾਵ ਹੁੰਦਾ ਹੈ। ਤਾਂ ਵੀ ਦੇਖਣਾ ਹੈ ਕਿ ਇਥੇ ਰਹਾਉ ਦਾ ਬੰਦ “ਮਿਰਤਕ ਦੇਹ ਸਾਧ ਸੰਗ ਬਿਹੂਨਾ॥ ਆਵਤ ਜਾਤ ਜੋਨੀ ਦੁਖ ਖੀਨਾ” ਅਤੇ ਪੰਕਤੀ “ਸਗਲ ਸਰੀਰ ਆਵਤ ਸਭ ਕਾਮ॥ ਨਿਹਫਲ ਮਾਨੁਖੁ ਜਪੈ ਨਹੀ ਨਾਮ” ਦੋਵੇਂ ਖਾਸ ਧਿਆਨ ਮੰਗਦੇ ਹਨ।

ਨੋਟ-੨ (ਕੁਝ ਧੁਰੋਂ ਵਰੋਸਾਈਆਂ ਰੂਹਾਂ ਜਿਵੇਂ ਦਸ ਪਾਤਸ਼ਾਹੀਆਂ ਜਾਂ ਕੁੱਝ ਹੋਰ, ਜਿਨ੍ਹਾਂ ਬਾਰੇ ਕਰਤਾ ਆਪ ਹੀ ਜਾਣਦਾ ਹੈ) ਨਹੀਂ ਤਾਂ ਸਾਡੇ ਸਮੇਤ ਜਿਤਨੀ ਵੀ ਮਨੁੱਖ ਜਾਤੀ ਹੈ ਉਸ ਲਈ ਗੁਰਬਾਣੀ ਦੇ ਫ਼ੁਰਮਾਨ ਹਨ ਜਿਵੇਂ “ਫਿਰਤ ਫਿਰਤ ਬਹੁਤੇ ਜੁਗ ਹਾਰਿਓ ਮਾਨਸ ਦੇਹ ਲਹੀ॥ ਨਾਨਕ ਕਹਤ ਮਿਲਨ ਕੀ ਬਰੀਆ ਸਿਮਰਤ ਕਹਾ ਨਹੀ” (ਅੰ: ੬੩੧) ਅਥਵਾ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਆਦਿ।

ਇਸ ਤਰ੍ਹਾਂ ਵਿਸ਼ੇ ਨਾਲ ਸੰਬੰਧਤ ਬੇਅੰਤ ਗੁਰਬਾਣੀ ਫ਼ੁਰਮਾਨਾਂ ਅਨੁਸਾਰ ਸਾਨੂੰ ਇਸ ਤੋਂ ਪਹਿਲਾਂ ਵੀ ਮਨੁੱਖਾ ਜੂਨ (ਜਨਮ) ਮਿਲੀ ਸੀ, ਪਰ ਅਸਾਂ ਉਸਨੂੰ ਬਿਰਥਾ ਤੇ ਨਿਹਫਲ਼ ਹੀ ਕੀਤਾ ਸੀ। ਉਸੇ ਕਾਰਣ ਉਸ ਮਨੁੱਖਾ ਜਨਮ ਸਮੇਂ ਕੀਤੇ ਚੰਗੇ ਤੇ ਮਾੜੇ ਮਨਮੁਖੀ ਕਰਮਾਂ ਦਾ ਨਤੀਜਾ, ਸਾਨੂੰ ਇਸ ਜਨਮ ਤੋਂ ਪਹਿਲਾਂ ਵੀ ਭਿੰਨ ਭਿੰਨ ਜੂਨਾਂ `ਚੋਂ ਲੰਘਣਾ ਪਿਆ। ਠੀਕ ਉਸੇ ਚਲਦੇ ਆ ਰਹੇ ਜਨਮ-ਮਰਨ ਦੇ ਗੇੜ `ਚੋਂ ਹੀ ਪ੍ਰਭੂ ਵੱਲੋਂ ਸਾਨੂੰ ਅਜੋਕੇ ਮਨੁੱਖਾ ਜਨਮ ਵਾਲੀ ਬਰੀਆ-ਅਵਸਰ ਫ਼ਿਰ ਤੋਂ ਪ੍ਰਾਪਤ ਹੋਇਆ ਹੈ।

ਉਪ੍ਰੰਤ ਜੇਕਰ ਅਸਾਂ ਇਸ ਪ੍ਰਾਪਤ ਅਵਸਰ ਦੀ ਵੀ ਸੰਭਾਲ ਨਾ ਕੀਤੀ। “ਅਨਿਕ ਰਸਾ ਖਾਏ ਜੈਸੇ ਢੋਰ॥ ਮੋਹ ਕੀ ਜੇਵਰੀ ਬਾਧਿਓ ਚੋਰ” ਅਨੁਸਾਰ ਸੰਸਾਰਕ ਰਸਾਂ-ਕਸਾਂ `ਚ ਡੁੱਬੇ ਰਹਿਕੇ ਉਸੇ ਆਤਮਕ ਮੌਤੇ ਇਸ ਜਨਮ ਨੂੰ ਵੀ ਬਿਰਥਾ ਕਰ ਦਿੱਤਾ ਤਾਂ ਸਾਨੂੰ ਜੀਉਂਦੇ ਜੀਅ ਵੀ ਖੁਆਰੀਆਂ, ਵਿਕਾਰਾਂ, ਗੁਣਾਹਾਂ ਦੀ ਮਾਰ ਸਹਿੰਦੇ ਹੋਏ ਜਨਮ ਬਿਤਾਉਣਾ ਪਵੇਗਾ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਮੁੜ ਉਨ੍ਹਾਂ ਹੀ ਜੂਨਾਂ-ਜਨਮਾਂ-ਗਰਭਾਂ ਦੇ ਗੇੜ ਕੱਟਣੇ ਪੈਣਗੇ।

ਇਸੇ ਲਈ ਸ਼ਬਦ `ਚ ਫ਼ੁਰਮਾਇਆ ਹੈ “ਐ ਭਾਈ! ਤੇਰੀ ਆਤਮਾ ਤਾਂ ਆਵਤ ਜਾਤ ਜੋਨੀ ਦੁਖ ਖੀਨਾ” ਇਨ੍ਹਾਂ ਆਉਣ ਜਾਣ ਦੇ ਗੇੜਾਂ `ਚ ਤੇਰੀ ਆਤਮਾ ਹੋਰ ਤੇ ਹੋਰ ਕਮਜ਼ੋਰ (ਖੀਨਾ) ਹੁੰਦੀ ਜਾਂਦੀ ਹੈ ਤੇ ਹੋਰ ਵੀ ਹੁੰਦੀ ਜਾਵੇਗੀ। ਇਸ ਲਈ ਤੂੰ ਪ੍ਰਾਪਤ ਮਨੁੱਖਾ ਜਨਮ ਦਾ ਲਾਹਾ ਲੈਣ ਲਈ ਸਾਧਸੰਗਤ `ਚ ਆ ਅਤੇ ਸ਼ਬਦ ਗੁਰੂ ਦੀ ਕਮਾਈ ਕਰ। ਇਸ ਤਰ੍ਹਾਂ ਪ੍ਰਭੂ ਦੀ ਬਖ਼ਸ਼ਿਸ਼ ਦਾ ਪਾਤ੍ਰ ਬਣ ਕੇ ਤੂੰ ਜਨਮ-ਮਰਨ ਦੇ ਚਲਦੇ ਆ ਰਹੇ ਗੇੜ `ਚੋਂ ਛੁਟਕਾਰਾ ਪਾ ਤੇ ਕਰਤੇ `ਚ ਅਭੇਦ ਹੋ ਜਾ।

ਨੋਟ-੩ “ਸਗਲ ਸਰੀਰ ਆਵਤ ਸਭ ਕਾਮ॥ ਨਿਹਫਲ ਮਾਨੁਖੁ ਜਪੈ ਨਹੀ ਨਾਮ” ਵਾਲੀ ਪੰਕਤੀ `ਚ ਤਾਂ ਗੁਰਦੇਵ ਵਿਸ਼ੇ ਨੂੰ ਇਸ ਪੱਖੋਂ ਵੀ ਖੋਲ ਰਹੇ ਹਨ। ਗੁਰਬਾਣੀ ਦਾ ਹੀ ਫ਼ੁਰਮਾਨ ਹੈ “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: ੩੭੪) ਅਰਥ-ਐ ਮਨੁੱਖ! ਤੈਨੂੰ ਪ੍ਰਭੂ ਨੇ ਹੋਰ ਸਾਰੀਆਂ ਜੂਨਾਂ ਦਾ ਸਰਦਾਰ ਤੇ ਉਹ ਸਾਰੀਆਂ ਜੂਨਾਂ ਤੇਰੀਆਂ ਪਾਣੀਹਾਰ ਬਣਾਈਆਂ ਹਨ। ਉਪ੍ਰੰਤ ਇਸ ਹੱਥਲੇ ਫੁਰਮਾਣ `ਚ ਵੀ ਉਸੇ ਤਰ੍ਹਾਂ “ਸਗਲ ਸਰੀਰ ਆਵਤ ਸਭ ਕਾਮ” ਭਾਵ ਉਹ ਸਮੂਹ ਜੂਨਾਂ, ਪ੍ਰਭੂ ਵੱਲੋਂ ਉਨ੍ਹਾਂ ਰਾਹੀਂ ਤੇਰੇ ਲਈ ਨਿਯਤ ਲੋੜਾਂ ਵੀ, ਉਸੇ ਤਰ੍ਹਾਂ ਪੂਰੀਆਂ ਕਰ ਰਹੀਆਂ ਹਨ, ਜਿਵੇਂ ਜਿਵੇਂ ਕਰਤੇ ਨੇ ਉਨ੍ਹਾਂ ਨੂੰ ਘੜਿਆ ਹੈ।

ਇਸੇ ਤਰ੍ਹਾਂ ਤੇਰੇ ਮਨੁੱਖਾ ਸਰੀਰ ਦਾ ਵੀ ਪ੍ਰਭੂ ਵੱਲੋਂ ਇਕੋ ਹੀ ਮਕਸਦ ਹੈ ਤੇ ਉਹ ਹੈ ਪ੍ਰਭੂ ਮਿਲਾਪ ਅਥਵਾ ਕਰਤੇ `ਚ ਅਭੇਦ ਹੋਣਾ। ਚੇਤੇ ਰੱਖ! ਜੇ ਤੂੰ ਆਪਣੇ ਇਸ ਮਨੁੱਖਾ ਜਨਮ ਦੇ ਮਕਸਦ ਦੀ ਪ੍ਰਾਪਤੀ ਨਾ ਕੀਤੀ ਤਾਂ ਤੇਰਾ ਇਹ ਜਨਮ ਵੀ “ਨਿਹਫਲ ਮਾਨੁਖੁ ਜਪੈ ਨਹੀ ਨਾਮ” ਅਨੁਸਾਰ ਫ਼ਿਰ ਤੋਂ ਬਿਰਥਾ ਹੀ ਜਾਵੇਗਾ ਭਾਵ ਤੈਨੂੰ ਫ਼ਿਰ ਤੋਂ ਉਨ੍ਹਾਂ ਹੀ ਜੂਨਾਂ-ਗਰਭਾਂ `ਚ ਧੱਕ ਦਿੱਤਾ ਜਾਵੇਗਾ, ਜਿਥੋਂ ਕਰਤੇ ਨੇ ਤੈਨੂੰ ਕੱਢ ਕੇ ਇਹ ਮਨੁੱਖਾ ਜਨਮ ਬਖ਼ਸ਼ਿਆ ਸੀ।

“ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ” -ਇਸ ਸੰਬੰਧ `ਚ ਇਹ ਪੂਰਾ ਗੁਰ ਫ਼ੁਰਮਾਨ ਹੈ “ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ ਵਿਚਿ ਦੇਹੀ ਮਾਨੁਖ ਭਗਤਿ ਕਰਾਈ॥ ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ, ਇਕਿ ਮਨਮੁਖਿ ਧੰਧੁ ਪਿਟਾਈ” (ਪੰ: ੭੩੬) ਪਰ ਇਸਦੇ ਵੇਰਵੇ `ਚ ਜਾਣ ਤੋਂ ਪਹਿਲਾਂ ਅਸਾਂ ਇਹ ਵੀ ਧਿਆਣ ਦੇਣਾ ਹੈ ਕਰਤੇ ਦੀਆਂ ਅਰਬਾਂ-ਖਰਬਾਂ ਜੂਨਾਂ ਚੋਂ ਆਤਮਕ ਜੀਵਨ ਤੇ ਆਤਮਕ ਮੌਤ ਵਾਲਾ ਵਿਸ਼ਾ ਕੇਵਲ ਤੇ ਕੇਵਲ ਮਨੁੱਖਾ ਜੂਨ `ਤੇ ਹੀ ਲਾਗੂ ਹੁੰਦਾ ਹੈ। ਜਦਕਿ ਬਾਕੀ ਅਰਬਾਂ-ਖਰਬਾਂ ਜੂਨਾਂ `ਚੋਂ ਕਿਸੇ ਇੱਕ ਵੀ ਹੋਰ ਜੂਨ `ਤੇ ਇਹ ਵਿਸ਼ਾ ਲਾਗੂ ਨਹੀਂ ਹੁੰਦਾ।

ਉਸਦਾ ਕਾਰਣ ਕਿ, ਗੁਰਬਾਣੀ ਅਨੁਸਾਰ ਮਨੁੱਖਾ ਜੂਨ ਤੋਂ ਇਲਾਵਾ ਬਾਕੀ ਅਨੰਤ ਜੂਨਾਂ ਕੇਵਲ ਕੋਠਰੀਆਂ (Cells , Packages) ਦੇ ਰੂਪ `ਚ ਜੀਵ ਲਈ ਕੇਵਲ ਸਜ਼ਾਵਾਂ ਮਾਤ੍ਰ ਕਰਮ ਭੋਗੀ ਜੂਨੀਆਂ ਹੀ ਹੁੰਦੀਆਂ ਹਨ। ਉਦੋਂ ਉਨ੍ਹਾਂ ਜੂਨੀਆਂ ਸਮੇਂ ਤਾਂ ਜੀਵ ਆਪਣੀ ਮਰਜ਼ੀ ਨਾਲ ਸੱਜੇ-ਖਬੇ ਵੀ ਨਹੀਂ ਹੋ ਸਕਦਾ ਤੇ ਉਸਨੂੰ ਜ਼ਬਾਨ ਵੀ ਗੁੰਗੀ ਹੀ ਮਿਲਦੀ ਹੈ। ਜਦਕਿ ਇਕੋ ਇੱਕ ਮਨੁੱਖਾ ਜੂਨ ਹੀ ਹੁੰਦੀ ਹੈ ਜਿਹੜੀ ਮਨਮੁਖੀ ਜੀਵਨ ਬਿਤਾਉਣ ਕਾਰਣ ਕੇਵਲ ਕਰਮ ਭੋਗੀ ਜੂਨ ਵੀ ਹੋ ਸਕਦੀ ਹੈ ਤੇ ਸ਼ਬਦ ਗੁਰੂ ਦੀ ਕਮਾਈ ਨਾਲ ਕਰਮ ਨਾਸ ਜੂਨ ਵੀ।

ਫ਼ੁਰਮਾਨ ਹੈ “ਸਭੁ ਮੋਹੁ ਮਾਇਆ ਸਰੀਰੁ ਹਰਿ ਕੀਆ, ਵਿਚਿ ਦੇਹੀ ਮਾਨੁਖ ਭਗਤਿ ਕਰਾਈ॥ ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ, ਇਕਿ ਮਨਮੁਖਿ ਧੰਧੁ ਪਿਟਾਈ” (ਪੰ: ੭੩੬) ਭਾਵ, ਪ੍ਰਭੂ ਦੀ ਸਮੂਚੀ ਰਚਨਾ ਦੀ ਬੁਨਿਆਦ ਉਸ ਦੀ ਰਚੀ ਹੋਈ ਉਸ ਦੀ ਮੋਹ ਮਾਇਆ ਹੀ ਹੈ ਅਤੇ ਉਸੇ ਤੋਂ ਉਸ ਨੇ ਅਨੰਤ ਜੂਨਾਂ ਦੇ ਭਿੰਨ ਭਿੰਨ ਸਰੀਰ ਘੜੇ ਵੀ ਹਨ। ਉਪ੍ਰੰਤ ਕਰਤੇ ਦੀ ਮੋਹ ਮਾਇਆ ਦੀ ਉਤਪੱਤੀ ਇਨ੍ਹਾਂ ਸਮੂਹ ਸਰੀਰਾਂ `ਚੋਂ “ਵਿਚਿ ਦੇਹੀ ਮਾਨੁਖ ਭਗਤਿ ਕਰਾਈ” ਇਕੋ ਇੱਕ ਕੇਵਲ ਮਨੁੱਖਾ ਸਰੀਰ ਹੀ ਹੈ ਜਦੋਂ ਸ਼ਬਦ ਗੁਰੂ ਦੀ ਕਮਾਈ ਰਾਹੀਂ ਕਰਤੇ ਪ੍ਰਭੂ ਨਾਲ ਸਾਂਝ ਵੀ ਪਾਈ ਜਾ ਸਕਦੀ ਹੈ।

ਇਸ ਤਰ੍ਹਾਂ ਜੇਕਰ ਮੋਹ ਮਾਇਆ ਦੇ ਅਰਥਾਂ ਨੂੰ ਗੁਰਬਾਣੀ `ਚੋਂ ਕੁੱਝ ਹੋਰ ਗਹਿਰਾਈ ਨਾਲ ਵਿਚਾਰੀਏ ਤਾਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਕਰਤੇ ਪ੍ਰਭੂ ਨੇ ਆਪਣੇ ਤੋਂ ਬਾਅਦ ਇਸ ਸਮੂਚੀ ਰਚਨਾ ਦਾ ਮੂਲ ਹੀ ਮੋਹ-ਮਾਇਆ ਨੂੰ ਬਣਾਇਆ ਹੈ। ਇਥੋਂ ਤੱਕ ਕਿ ਸਮੂਚੀ ਰਚਨਾ `ਚ ਸਾਡਾ ਵਜੂਦ ਵੀ ਉਸ ਦੀ ਰਚੀ ਹੋਈ ਇਸੇ ਮੋਹ ਮਾਇਆ ਦਾ ਹੀ ਹਿੱਸ ਤੇ ਪ੍ਰਗਟਾਵਾ ਹੈ। ਇਸ ਤਰ੍ਹਾਂ ਜੇ ਕਰ ਉਸ ਨੇ ਇਸ ਮੋਹ ਮਾਇਆ ਨੂੰ ਹੀ ਨਾ ਰਚਿਆ ਹੁੰਦਾ ਤਾਂ ਅੱਜ ਸਾਡਾ ਇਹ ਵਜੂਦ ਵੀ ਨਹੀਂ ਸੀ ਹੋਣਾ।

ਇਸੇ ਤਰ੍ਹਾਂ ਗੁਰਦੇਵ ਉਪ੍ਰੋਕਤ ਬੰਦ `ਚ ਸਪਸ਼ਟ ਕਰਦੇ ਹਨ, ਬੇਸ਼ੱਕ ਮਨੁੱਖ ਵੀ ਉਸੇ ਮੋਹ ਮਾਇਆ ਦਾ ਹੀ ਪੁਤਲਾ ਤੇ ਪ੍ਰਗਟਾਵਾ ਹੈ। ਤਾਂ ਵੀ ਸਮੂਚੀ ਰਚਨਾ `ਚ ਮਨੁੱਖਾ ਸਰੀਰ (ਵਿਚਿ ਦੇਹੀ ਮਾਨੁਖ ਭਗਤਿ ਕਰਾਈ) ਹੀ ਹੈ ਜਿਹੜਾ ਸ਼ਬਦ ਗੁਰੂ ਦੇ ਮਿਲਾਪ ਰਾਹੀਂ ਪ੍ਰਭੂ ਭਗਤੀ ਦੇ ਯੋਗ ਹੈ, ਜਦਕਿ ਬਾਕੀ ਸਮੂਚੀ ਰਚਨਾ ਦਾ ਇੱਕ ਵੀ ਅੰਗ ਇਸ ਯੋਗ ਨਹੀਂ ਜਿਹੜਾ ਅਜਿਹੀ ਪ੍ਰਾਪਤੀ ਕਰ ਸਕੇ।

ਇਸ ਤੋਂ ਬਾਅਦ ਇਹ ਵੀ ਕਿ ਇਕੋ ਇੱਕ ਇਸ ਮਨੁੱਖਾਂ ਚੋਂ ਵੀ ਸਾਰੇ ਨਹੀਂ ਬਲਕਿ “ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ, “ਇਕਿ ਮਨਮੁਖਿ ਧੰਧੁ ਪਿਟਾਈ ਦੋ ਤਰ੍ਹਾਂ ਦੇ ਵਿਰੋਧੀ ਜੀਵਨ ਵਾਲੇ ਮਨੁੱਖ ਤਿਆਰ ਹੁੰਦੇ ਹਨ।

ਇਕ ਹੁੰਦੇ ਹਨ, ਜਿਹੜੇ “ਇਕਨਾ ਸਤਿਗੁਰੁ ਮੇਲਿ ਸੁਖੁ ਦੇਵਹਿ” ਭਾਵ ਇਸੇ ਮੋਹ ਮਾਇਆ `ਚ ਵਿਚਰਦੇ ਹੋਏ, ਸਤਿਗੁਰੂ ਦੇ ਮਿਲਾਪ ਕਾਰਣ, ਪ੍ਰਭੂ ਦੇ ਰੰਗ `ਚ ਰੰਗੇ ਰਹਿ ਕੇ ਮਨੁੱਖਾ ਜੀਵਨ ਦਾ ਸਦੀਵੀ ਸੁਖ ਪ੍ਰਾਪਤ ਕਰਦੇ ਹਨ। ਉਸੇ ਨੂੰ ਗੁਰਬਾਣੀ `ਚ ਆਤਮਕ ਜੀਵਨ ਦੀ ਪ੍ਰਪਤੀ ਵੀ ਕਿਹਾ ਹੈ।

ਦੂਜੇ ਉਹ ਵੀ ਮਨੁੱਖ ਜਾਤੀ `ਚੋਂ ਹੀ ਹੁੰਦੇ ਹਨ, ਜਿਹੜੇ “ਇਕਿ ਮਨਮੁਖਿ ਧੰਧੁ ਪਿਟਾਈ” ਭਾਵ ਮਨਮੁਖੀ ਜੀਵਨ ਬਤੀਤ ਕਰਣ ਕਰਕੇ ਇਸ ਮੋਹ ਮਾਇਆ ਦੇ ਰਸਾਂ ਕਸਾਂ `ਚ ਉਲਝੇ ਰਹਿ ਕੇ ਹੀ ਸਮੂਚੇ ਜਨਮ ਨੂੰ ਹੀ ਧੰਦਾ ਬਣਾ ਦਿੰਦੇ ਹਨ। ਅਜਿਹੇ ਜੀਵਨ ਨੂੰ ਹੀ ਗੁਰਬਾਣੀ `ਚ ਆਤਮਕ ਪੱਖੋਂ ਮੁਰਦਾ ਜੀਵਨ ਅਥਵਾ ਜੀਉਂਦੇ ਜੀਅ ਆਤਮਕ ਮੌਤ ਵੀ ਕਿਹਾ ਹੈ।

ਆਤਮਕ ਮੌਤ ਵਾਲਾ ਬਿਲਕੁਲ ਉਹੀ ਵਿਸ਼ਾ ਜਿਸਨੂੰ ਬਾਣੀ ‘ਆਸਾ ਕੀ ਵਾਰ’ ਦੀ ਪਉੜੀ “ਆਪੀਨੈੑ ਭੋਗ ਭੋਗਿ ਕੈ ਹੋਇ ਭਸਮੜਿ ਭਉਰੁ ਸਿਧਾਇਆ॥ ਵਡਾ ਹੋਆ ਦੁਨੀਦਾਰੁ ਗਲਿ ਸੰਗਲੁ ਘਤਿ ਚਲਾਇਅ॥ ਅਗੈ ਕਰਣੀ ਕੀਰਤਿ ਵਾਚੀਐ ਬਹਿ ਲੇਖਾ ਕਰਿ ਸਮਝਾਇਆ॥ ਥਾਉ ਨ ਹੋਵੀ ਪਉਦੀਈ ਹੁਣਿ ਸੁਣੀਐ ਕਿਆ ਰੂਆਇਆ॥ ਮਨਿ ਅੰਧੈ ਜਨਮੁ ਗਵਾਇਆ” (ਪੰ: ੪੬੪) `ਚ ਵੀ ਗੁਰਦੇਵ ਨੇ ਸਪਸ਼ਟ ਕੀਤਾ ਹੋਇਆ ਹੈ।

ਪਉੜੀ ਦਾ ਅਰਥ ਭਾਵ ਹੈ ਕਿ ਸੰਸਾਰਕ ਧੰਦਿਆਂ `ਚ ਖੱਚਤ ਮਨੁੱਖ ਦਰਅਸਲ ਆਪਣੇ ਮਨੁੱਖਾ ਜੀਵਨ ਦੌਰਾਨ ਆਤਮਕ ਮੌਤੇ ਹੀ ਮਰਿਆ ਰਹਿੰਦਾ ਹੈ। ਸੰਸਾਰਕ ਧੰਦਿਆਂ `ਚ ਖੱਚਤ ਮਨੁੱਖ ਨੂੰ ਆਪਣੇ ਅੰਦਰ ਵੱਸ ਰਹੇ ‘ਆਪਣੇ ਜੀਵਨ ਦਾਤੇ’ ਪ੍ਰਭੂ ਦੀ ਪਹਿਚਾਣ ਤਾਂ ਆਉਂਦੀ ਨਹੀਂ; ਬਲਕਿ ਇਸੇ ਤਰ੍ਹਾਂ ਉਹ ਆਪਣੇ ਪ੍ਰਾਪਤ ਮਨੁੱਖਾ ਜਨਮ ਨੂੰ ਬਿਰਥਾ ਕਰਕੇ ਹੀ ਸੰਸਾਰ ਤੋਂ ਚਲਾ ਜਾਂਦਾ ਹੈ।

“ਇਕਿ ਮਨਮੁਖਿ ਧੰਧੁ ਪਿਟਾਈ” ਅਨੁਸਾਰ ਹੀ ਉਸ ਪਉੜੀ `ਚ ਵੀ, ਅਚਾਣਕ ਇੱਕ ਦਿਨ ਜਦੋਂ ਉਸ ਦੁਨੀਦਾਰ ਅੰਦਰੋਂ ਵੀ ਪ੍ਰਭੂ ਦਾ ਨੂਰ ਉਡਾਰੀ ਮਾਰ ਜਾਂਦਾ ਹੈ ਤਾਂ ਉਸ ਦਾ ਉਹ ਸਰੀਰ ਵੀ ਮਿੱਟੀ ਦਾ ਢੇਰ ਹੋ ਜਾਂਦਾ ਹੈ। ਉਸ ਦਾ ਉਹ ਸਰੀਰ, ਜਿਸ ਸਰੀਰ ਦੇ ਪਿਛੇ ਲੱਗ ਕੇ ਇਸ ਨੇ ਅਪਣਾ ਪ੍ਰਾਪਤ ਦੁਰਲਭ ਮਨੁੱਖਾ ਜਨਮ ਵੀ ਬਿਰਥਾ ਕਰ ਦਿੱਤਾ ਸੀ। ਇਸ ਤਰ੍ਹਾਂ ਕਰਤੇ ਦੀ ਦਰਗਾਹ `ਚ ਜਦੋਂ ਉਸ ਦੀ ਕਰਣੀ ਕੀਰਤ ਦਾ ਲੇਖਾ ਹੁੰਦਾ ਹੈ ਤਾਂ ਉਸ ਸਮੇਂ ਉਹ ਖਾਲੀ ਹੱਥ ਹੀ ਹੁੰਦਾ ਹੈ।

ਇਸੇ ਤੋਂ ਉਸ ਨੂੰ ਕਰਤੇ ਦੇ ਨਿਆਂ `ਚ ਜੁਤੀਆਂ ਦੀ ਮਾਰ ਹੀ ਪੈਂਦੀ ਹੈ। ਭਾਵ ਕੀਤੇ ਚੰਗੇ ਤੇ ਮਾੜੇ ਮਨਮਤੀ ਕਰਮਾਂ ਅਨੁਸਾਰ ਉਸ ਨੂੰ ਫ਼ਿਰ ਤੋਂ ਉਨ੍ਹਾਂ ਹੀ ਜਨਮਾਂ-ਜੂਨਾਂ-ਗਰਭਾਂ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ ਜਿਨ੍ਹਾਂ `ਚੋਂ ਕੱਢ ਕੇ ਪ੍ਰਭੂ ਨੇ ਇਸ ਨੂੰ ਮਨੁੱਖਾ ਜਨਮ ਵਾਲੀ ਇਹ ਬਰੀਆ ਦਿੱਤੀ ਸੀ।

“ਤਿਸਨਾ ਜਲਤੀ ਕਰੇ ਪੁਕਾਰ” - ਗੁਰਦੇਵ ਨੇ ਸੰਬੰਧਤ ਵਿਸ਼ੇ ਨੂੰ ਇਸ ਤਰ੍ਹਾਂ ਵੀ ਬਿਆਣਿਆ ਹੈ। ਗੁਰਦੇਵ ਦਾ ਫ਼ੁਰਮਾਨ ਹੈ: “ਲਖ ਚਉਰਾਸੀਹ ਮੇਦਨੀ ਤਿਸਨਾ ਜਲਤੀ ਕਰੇ ਪੁਕਾਰ॥ ਇਹੁ ਮੋਹੁ ਮਾਇਆ ਸਭੁ ਪਸਰਿਆ ਨਾਲਿ ਚਲੈ ਨ ਅੰਤੀ ਵਾਰ॥ ਬਿਨੁ ਹਰਿ ਸਾਂਤਿ ਨ ਆਵਈ ਕਿਸੁ ਆਗੈ ਕਰੀ ਪੁਕਾਰ॥ ਵਡਭਾਗੀ ਸਤਿਗੁਰੁ ਪਾਇਆ ਬੂਝਿਆ ਬ੍ਰਹਮੁ ਬਿਚਾਰੁ॥ ਤਿਸਨਾ ਅਗਨਿ ਸਭ ਬੁਝਿ ਗਈ ਜਨ ਨਾਨਕ ਹਰਿ ਉਰਿ ਧਾਰਿ” (ਪੰ: ੧੪੧੬)

ਭਾਵ ਪ੍ਰਭੂ ਦੀ ਸਮੂਚੀ ਰਚਨਾ ਉਸ ਦੀ ਮੋਹ ਮਾਇਆ ਦਾ ਹੀ ਪਸਾਰਾ ਹੈ। ਜਦਕਿ ਅੰਤ ਸਮੇਂ ਕਰਤੇ ਦੀ ਦਰਗਾਹ `ਚ ਪ੍ਰਵਾਣ ਹੋਣ ਲਈ, ਜੀਵ ਨੂੰ ਇਸ ਮੋਹ ਮਾਇਆ `ਚੋਂ ਕੁੱਝ ਵੀ ਸਹਾਈ ਨਹੀਂ ਹੁੰਦਾ। ਇਹ ਵੀ ਕਿ ਇਸ ਮੋਹੁ ਮਾਇਆ ਦੀ ਪਕੜ `ਚ ਆਇਆਂ ਨੂੰ ਹੀ ਸਮਝ ਪੈਂਦੀ ਹੈ ਕਿ ਇਸ ਮੋਹੁ ਮਾਇਆ ਅੰਦਰ ਤ੍ਰਿਸ਼ਨਾ ਦੀ ਅੱਗ ਦੇ ਭਾਂਬੜ ਵੀ ਬੱਲ ਰਹੇ ਹਨ। ਜੀਵ ਇਸ ਤ੍ਰਿਸ਼ਨਾ ਦੀ ਅੱਗ `ਚ ਸੜ ਵੀ ਰਹੇ ਹਨ ਤੇ ਅਤੇ ਹਰ ਪਾਸਿਓਂ ਹਾਇ ਤੋਬਾ ਵੀ ਮਚਾ ਰਹੇ ਹਨ।

ਉਪ੍ਰੰਤ ਇਸੇ ਮੋਹੁ ਮਾਇਆ ਤੇ ਤ੍ਰਿਸ਼ਨਾ ਦੀ ਅੱਗ `ਚ ਵਿਚਰਦੇ ਹੋਏ ਜਿਹੜੇ ਜੀਵ ਪ੍ਰਭੂ ਦਰ ਦੇ ਸੁਆਲੀ ਬਣ ਜਾਂਦੇ ਹਨ। ਪ੍ਰਭੂ, ਉਨ੍ਹਾਂ ਦਾ ਮਿਲਾਪ ਸਤਿਗੁਰੂ (ਸ਼ਬਦ ਗੁਰੂ) ਨਾਲ ਕਰਵਾ ਦਿੰਦਾ ਹੈ। ਇਸ ਤਰ੍ਹਾਂ ਅਜਿਹੇ ਵਡਭਾਗੀ ਇਸ ਮੋਹ ਮਾਇਆ ਦੀ ਅਸਲੀਅਤ ਨੂੰ ਪਛਾਣ ਲੈਂਦੇ ਹਨ।

ਉਸੇ ਦਾ ਨਤੀਜਾ, ਬੇਸ਼ੱਕ ਉਹ ਵੀ ਇਸੇ ਮੋਹ ਮਾਇਆ `ਚ ਹੀ ਵਿਚਰਦੇ ਹਨ। ਫ਼ਿਰ ਵੀ ਪ੍ਰਭੂ ਨਾਲ ਇੱਕ ਮਿਕ ਹੋ ਕੇ ਵਿਚਰਣ ਕਾਰਣ, ਉਨ੍ਹਾਂ ਨੂੰ ਤ੍ਰਿਸ਼ਨਾ ਦੀ ਅੱਗ ਦਾ ਸੇਕ ਤੱਕ ਵੀ ਨਹੀਂ ਪਹੁੰਚਦਾ। ਮਨ ਕਰਕੇ ਪ੍ਰਭੂ `ਚ ਅਭੇਦ ਰਹਿਣ ਕਾਰਣ, ਅਜਿਹੇ ਸੱਜਨ ਉਸੇ ਮੋਹ ਮਾਇਆ `ਚ ਵਿਚਰਦੇ ਹੋਏ ਵੀ ਸੰਤੋਖੀ, ਅਨੰਦਮਈ ਤੇ ਟਿਕਾਅ ਵਾਲਾ ਜੀਵਨ ਬਤੀਤ ਕਰਦੇ ਹਨ। ਇਸੇ ਤੋਂ ਉਹ ਜੀਉਂਦੇ ਜੀਅ, ਜੀਵਨ ਦੀ ਉਸ ਸਰਬ ਉੱਤਮ ਆਤਮਕ ਅਵਸਥਾ ਨੂੰ ਵੀ ਪ੍ਰਾਪਤ ਕਰ ਲੈਂਦੇ ਹਨ।

ਚਲਦੇ ਵਿਸ਼ੇ ਨਾਲ ਸੰਬੰਧਤ, ਗੁਰਬਾਣੀ `ਚ ਅਜਿਹੇ ਹੋਰ ਵੀ ਬੇਅੰਤ ਫ਼ੁਰਮਾਨ ਹਨ। ਸਮਝਣਾ ਤਾਂ ਇਹ ਹੈ ਕਿ ਸਾਡੇ ਸਰੀਰ ਦੇ ਹੁੰਦਿਆਂ ਤੇ ਮੌਤ ਤੋਂ ਬਾਅਦ, ਦੋਨਾਂ ਹਾਲਤਾਂ `ਚ ਸਾਡੀ ਆਤਮਕ ਜ਼ਿੰਦਗੀ ਅਤੇ ਆਤਮਕ ਮੌਤ ਦੋਨਾਂ ਦਾ ਬਰਾਬਰ ਦਾ ਸੰਬੰਧ ਹੈ। ਇਸ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਸਾਡਾ ਮਨੁੱਖਾ ਸਰੀਰ, ਸਾਡੇ ਆਤਮਕ ਜੀਵਨ ਸਫ਼ਰ `ਚ ਨਿਰਣਾਇਕ ਤੇ ਇਕੋ ਇੱਕ ਪੜਾਅ ਹੈ।

ਸਪਸ਼ਟ ਹੈ ਕਿ ਗੁਰਮੁਖ ਜਨ, ਜੀਉਂਦੇ ਜੀਅ ਪ੍ਰਭੂ ਰੰਗ `ਚ ਰੰਗੇ ਰਹਿ ਕੇ, ਕਰਤੇ ਨਾਲ ਅਭੇਦ ਹੋ ਕੇ ਜੀਵਨ ਜੀਂਦੇ ਹਨ। ਇਸ ਤਰ੍ਹਾਂ ਉਹ ਜੀਉਂਦੇ ਜੀਅ ਵੀ ਆਤਮਕ ਜੀਵਨ ਦਾ ਅਨੰਦ ਮਾਣਦੇ ਹਨ ਤੇ ਮੌਤ ਤੋਂ ਬਾਅਦ ਵੀ ਪ੍ਰਭੂ `ਚ ਅਭੇਦ ਹੋ ਜਾਂਦੇ ਹਨ। ਇਸ ਤਰ੍ਹਾਂ ਅਜਿਹੇ ਜੀਉੜੇ ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਂਦੇ। ਉਨ੍ਹਾਂ ਦਾ ਲੋਕ ਤੇ ਪ੍ਰਲੋਕ ਦੋਵੇਂ ਸੁਹੇਲੇ ਹੋ ਜਾਂਦੇ ਹਨ।

ਇਸ ਦੇ ਉਲਟ ਮਨਮੁਖ, ਜੀਉਂਦੇ ਜੀਅ ਵੀ ਅਗਿਆਨਤਾ ਦੇ ਹਨੇਰੇ `ਚ ਆਤਮਕ ਪੱਖੋਂ ਮੁਰਦਾ ਜੀਵਨ ਬਤੀਤ ਕਰਦੇ ਹਨ। ਇਸੇ ਤੋਂ ਉਹ ਜ਼ਿੰਦਗੀ ਭਰ ਮੋਹੁ ਮਾਇਆ `ਚ ਹੀ ਗ਼ਰਕ ਰਹਿੰਦੇ ਤੇ ਤ੍ਰਿਸ਼ਨਾ ਦੀ ਅੱਗ `ਚ ਸੜਦੇ ਹਨ। ਵਿਕਾਰਾਂ ਦੀ ਮਾਰ ਸਹਿਣ ਤੋਂ ਸਿਵਾ ਉਨ੍ਹਾਂ ਕੋਲ ਦੂਜਾ ਚਾਰਾ ਨਹੀਂ ਹੁੰਦਾ। ਇਹ ਉਦੋਂ ਤੱਕ, ਜਦੋਂ ਤੱਕ ਕਿ ਉਹ ਵੀ ਸ਼ਬਦ ਗੁਰੂ ਦੀ ਸ਼ਰਣ `ਚ ਨਹੀਂ ਆ ਜਾਂਦੇ। ਉਦੋ ਤੱਕ ਉਨ੍ਹਾਂ ਦਾ ਜੀਵਨ ਭਟਕਣਾ, ਚਿੰਤਾਂਵਾਂ, ਅਉਗੁਣਾ, ਜੁਰਮਾਂ, ਵਿਭਚਾਰ, ਹੇਰਾ ਫ਼ੇਰੀਆਂ, ਠਗੀਆਂ ਆਦਿ ਵਾਲੀ ਨਿਵਾਣ ਨੂੰ ਹੀ ਵਧਦਾ ਹੈ। ਇਸੇ ਤੋਂ ਉਨ੍ਹਾਂ ਦਾ ਲੋਕ ਵੀ ਬਰਬਾਦ ਤੇ ਪ੍ਰਲੋਕ ਵੀ। ਭਾਵ ਉਹ ਪ੍ਰਭੂ ਦਰ `ਤੇ ਕਬੂਲ ਨਹੀਂ ਹੁੰਦੇ, ਉਹ ਮੁੜ ਜਨਮ-ਮਰਨ ਦੇ ਗੇੜ `ਚ ਹੀ ਪਾ ਦਿੱਤਾ ਜਾਂਦੇ ਹਨ।

ਗੁਰਬਾਣੀ `ਚ ਮਨੁੱਖਾ ਸਰੀਰ ਸੰਬੰਧੀ, ਜੀਵਨ ਦੌਰਾਨ ਤੇ ਮੌਤ ਤੋਂ ਬਾਅਦ ਆਤਮਕ ਜੀਵਨ ਵਾਲੇ ਸਿਧਾਂਤ ਨੂੰ ਸਪਸ਼ਟ ਕਰਣ ਲਈ ਹਜ਼ਾਰਾਂ ਫ਼ੁਰਮਾਨ ਪ੍ਰਾਪਤ ਹਨ। ਤਾਂ ਵੀ ਵਿਸ਼ੇ ਦੀ ਸਮਾਪਤੀ ਵੱਲ ਵਧਦੇ ਹੋਏ ਇਸ ਸੰਬੰਧ `ਚ ਅਸੀਂ ਕੁੱਝ ਇੱਕ ਪ੍ਰਮਾਣ ਹੀ ਹੋਰ ਲੈ ਰਹੇ ਹਾਂ। ਤਾਂ ਤੇ ਇਸ ਲੜੀ `ਚ:-

(ੳ) “ਇਹੁ ਸਰੀਰੁ ਮਾਇਆ ਕਾ ਪੁਤਲਾ ਵਿਚਿ ਹਉਮੈ ਦੁਸਟੀ ਪਾਈ॥ ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ॥ ਸਤਗੁਰੁ ਸੇਵਿ ਸਦਾ ਸੁਖੁ ਪਾਇਆ ਜੋਤੀ ਜੋਤਿ ਮਿਲਾਈ” (ਪੰ: ੩੧) ਅਰਥ- ਮਨਮੁਖ ਦਾ ਇਹ ਸਰੀਰ ਮਾਇਆ ਦਾ ਪੁਤਲਾ ਬਣਿਆ ਰਹਿੰਦਾ ਹੈ (ਭਾਵ, ਮਨਮੁਖ ਮਾਇਆ ਦੇ ਹੱਥਾਂ ਤੇ ਨੱਚਦਾ ਰਹਿੰਦਾ ਹੈ) ਮਨਮੁਖ ਦੇ ਹਿਰਦੇ ਵਿੱਚ ਹਉਮੈ ਟਿਕੀ ਰਹਿੰਦੀ ਹੈ ਵਿਕਾਰਾਂ ਦਾ ਭੈੜ ਟਿਕਿਆ ਰਹਿੰਦਾ ਹੈ। ਉਸ ਦਾ ਜਗਤ ਵਿੱਚ ਆਉਣਾ ਜਾਣਾ ਜੰਮਣਾ ਮਰਨਾ ਸਦਾ ਬਣਿਆ ਰਹਿੰਦਾ ਹੈ, ਮਨਮੁਖ ਨੇ (ਲੋਕ ਪਰਲੋਕ ਵਿਚ) ਇੱਜ਼ਤ ਭੀ ਗਵਾ ਲਈ।

ਜਿਸ ਨੇ ਸਤਿਗੁਰੂ ਦੀ ਦੱਸੀ ਸੇਵਾ ਕੀਤੀ, ਉਸ ਨੇ ਆਤਮਕ ਆਨੰਦ ਮਾਣਿਆ, ਉਸ ਦੀ ਜੋਤਿ, ਪ੍ਰਭੂ ਦੀ ਜੋਤਿ ਵਿੱਚ ਮਿਲੀ ਰਹਿੰਦੀ ਹੈ। ੨।

(ਅ) “ਕਰਮ ਧਰਤੀ ਸਰੀਰੁ ਜੁਗ ਅੰਤਰਿ ਜੋ ਬੋਵੈ ਸੋ ਖਾਤਿ॥ ਕਹੁ ਨਾਨਕ ਭਗਤ ਸੋਹਹਿ ਦਰਵਾਰੇ ਮਨਮੁਖ ਸਦਾ ਭਵਾਤਿ” (ਪੰ: ੭੮) ਅਰਥ- (ਹੇ ਵਣਜਾਰੇ ਮਿਤ੍ਰ!) ਮਨੁੱਖਾ ਜੀਵਨ ਵਿੱਚ (ਮਨੁੱਖ ਦਾ) ਸਰੀਰ ਕਰਮ ਕਮਾਣ ਲਈ ਧਰਤੀ (ਸਮਾਨ) ਹੈ, (ਜਿਸ ਵਿਚ) ਜਿਹੋ ਜਿਹਾ (ਕੋਈ) ਬੀਜਦਾ ਹੈ ਉਹੀ ਖਾਂਦਾ ਹੈ। ਹੇ ਨਾਨਕ! ਆਖ—ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦੇ ਪਰਮਾਤਮਾ ਦੇ ਦਰ ਤੇ ਸੋਭਾ ਪਾਂਦੇ ਹਨ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਸਦਾ ਜਨਮ ਮਰਨ ਦੇ ਗੇੜ ਵਿੱਚ ਪਾਏ ਜਾਂਦੇ ਹਨ।

(ੲ) “ਜੀਉ ਪਾਇ ਤਨੁ ਸਾਜਿਆ ਰਖਿਆ ਬਣਤ ਬਣਾਇ॥ ਅਖੀ ਦੇਖੈ ਜਿਹਵਾ ਬੋਲੈ ਕੰਨੀ ਸੁਰਤਿ ਸਮਾਇ॥ ਪੈਰੀ ਚਲੈ ਹਥੀ ਕਰਣਾ ਦਿਤਾ ਪੈਨੈੑ ਖਾਇ॥ ਜਿਨਿ ਰਚਿ ਰਚਿਆ ਤਿਸਹਿ ਨ ਜਾਣੈ, ਅੰਧਾ ਅੰਧੁ ਕਮਾਇ॥ ਜਾ ਭਜੈ ਤਾ ਠੀਕਰੁ ਹੋਵੈ ਘਾੜਤ ਘੜੀ ਨ ਜਾਇ॥ ਨਾਨਕ ਗੁਰ ਬਿਨੁ ਨਾਹਿ ਪਤਿ, ਪਤਿ ਵਿਣੁ ਪਾਰਿ ਨ ਪਾਇ” (ਪੰ: ੧੩੧) ਅਰਥ- (ਪ੍ਰਭੂ ਨੇ) ਜਿੰਦ ਪਾ ਕੇ (ਮਨੁੱਖ ਦਾ) ਸਰੀਰ ਬਣਾਇਆ ਹੈ, (ਕਿਆ ਸੋਹਣੀ) ਘਾੜਤ ਘੜ ਕੇ ਰੱਖੀ ਹੈ। ਅੱਖਾਂ ਨਾਲ ਇਹ ਵੇਖਦਾ ਹੈ, ਜੀਭ ਨਾਲ ਬੋਲਦਾ ਹੈ, (ਇਸ ਦੇ) ਕੰਨਾਂ ਵਿੱਚ ਸੁਣਨ ਦੀ ਸੱਤਿਆ ਮੌਜੂਦ ਹੈ, ਪੈਰਾਂ ਨਾਲ ਤੁਰਦਾ ਹੈ, ਹੱਥਾਂ ਨਾਲ (ਕੰਮ) ਕਰਦਾ ਹੈ, ਤੇ (ਪ੍ਰਭੂ ਦਾ) ਦਿੱਤਾ ਖਾਂਦਾ ਪਹਿਨਦਾ ਹੈ। ਪਰ, ਜਿਸ (ਪ੍ਰਭੂ) ਨੇ (ਇਸ ਦੇ ਸਰੀਰ ਨੂੰ) ਬਣਾਇਆ ਸੁਆਰਿਆ ਹੈ, ਉਸ ਨੂੰ ਇਹ ਪਛਾਣਦਾ (ਭੀ) ਨਹੀਂ, ਅੰਨ੍ਹਾ ਮਨੁੱਖ (ਭਾਵ, ਆਤਮਕ ਜੀਵਨ ਵਲੋਂ ਬੇ-ਸਮਝ) ਅੰਨ੍ਹਿਆਂ ਵਾਲਾ ਕੰਮ ਕਰਦਾ ਹੈ (ਭਾਵ, ਔਝੜੇ ਪਿਆ ਭਟਕਦਾ ਹੈ)।

ਜਦੋਂ (ਇਹ ਸਰੀਰ-ਰੂਪ ਭਾਂਡਾ) ਟੁੱਟ ਜਾਂਦਾ ਹੈ, ਤਾਂ (ਇਹ ਤਾਂ) ਠੀਕਰਾ ਹੋ ਜਾਂਦਾ ਹੈ (ਭਾਵ, ਕਿਸੇ ਕੰਮ ਦਾ ਨਹੀਂ ਰਹਿ ਜਾਂਦਾ) ਤੇ ਮੁੜ ਇਹ (ਸਰੀਰਕ) ਬਣਤਰ ਬਣ ਭੀ ਨਹੀਂ ਸਕਦੀ। ਹੇ ਨਾਨਕ ! (ਅੰਨ੍ਹਾ ਮਨੁੱਖ) ਗੁਰੂ (ਦੀ ਸਰਨ) ਤੋਂ ਬਿਨਾ ਬਖ਼ਸ਼ਸ਼ ਤੋਂ ਵਾਂਜਿਆ ਰਹਿੰਦਾ ਹੈ, ਤੇ ਪ੍ਰਭੂ ਦੀ ਮਿਹਰ ਤੋਂ ਬਿਨਾ (ਇਸ ਔਝੜ ਵਿਚੋਂ) ਪਾਰ ਨਹੀਂ ਲੰਘ ਸਕਦਾ।

(ਸ) “ਸਾਕਤ ਹਰਿ ਰਸ ਸਾਦੁ ਨ ਜਾਣਿਆ, ਤਿਨ ਅੰਤਰਿ ਹਉਮੈ ਕੰਡਾ ਹੇ॥ ਜਿਉ ਜਿਉ ਚਲਹਿ, ਚੁਭੈ, ਦੁਖੁ ਪਾਵਹਿ, ਜਮਕਾਲੁ ਸਹਹਿ ਸਿਰਿ ਡੰਡਾ ਹੇ॥ ੨॥ ਹਰਿ ਜਨ ਹਰਿ ਹਰਿ ਨਾਮ ਸਮਾਣੇ, ਦੁਖੁ ਜਨਮ ਮਰਣ ਭਵ ਖੰਡਾ ਹੇ॥ ਅਬਿਨਾਸੀ ਪੁਰਖੁ ਪਾਇਆ ਪਰਮੇਸਰੁ, ਬਹੁ ਸੋਭ ਖੰਡ ਬ੍ਰਹਮੰਡਾ ਹੇ” (ਪੰ: ੧੩) ਅਰਥ- ਜੇਹੜੇ ਮਨੁੱਖ ਪਰਮਾਤਮਾ ਨਾਲੋਂ ਟੁੱਟੇ ਹੋਏ ਹਨ, ਉਹ ਉਸ ਦੇ ਨਾਮ ਦੇ ਰਸ ਦੇ ਸੁਆਦ ਨੂੰ ਸਮਝ ਨਹੀਂ ਸਕਦੇ। ਉਹਨਾਂ ਦੇ ਮਨ ਵਿੱਚ ਅਹੰਕਾਰ ਦਾ (ਮਾਨੋ) ਕੰਡਾ ਚੁੱਭਾ ਹੋਇਆ ਹੈ। ਜਿਉਂ ਜਿਉਂ ਉਹ ਤੁਰਦੇ ਹਨ (ਜਿਉਂ ਜਿਉਂ ਉਹ ਹਉਮੈ ਦੇ ਸੁਭਾਵ ਵਾਲੀ ਵਰਤੋਂ ਵਰਤਦੇ ਹਨ, ਹਉਮੈ ਦਾ ਉਹ ਕੰਡਾ ਉਹਨਾਂ ਨੂੰ) ਚੁੱਭਦਾ ਹੈ, ਉਹ ਦੁੱਖ ਪਾਂਦੇ ਹਨ, ਅਤੇ ਆਪਣੇ ਸਿਰ ਉੱਤੇ ਆਤਮਕ ਮੌਤ-ਰੂਪ ਡੰਡਾ ਸਹਾਰਦੇ ਹਨ (ਆਤਮਕ ਮੌਤ ਉਹਨਾਂ ਦੇ ਸਿਰ ਉਤੇ ਸਵਾਰ ਰਹਿੰਦੀ ਹੈ)। ੨।

(ਦੂਜੇ ਪਾਸੇ) ਪਰਮਾਤਮਾ ਦੇ ਪਿਆਰੇ ਬੰਦੇ ਪਰਮਾਤਮਾ ਦੇ ਨਾਮ ਵਿੱਚ ਜੁੜੇ ਰਹਿੰਦੇ ਹਨ। ਉਹਨਾਂ ਦਾ ਸੰਸਾਰ ਦਾ ਜੰਮਣ ਮਰਨ ਦਾ ਦੁੱਖ ਕੱਟਿਆ ਜਾਂਦਾ ਹੈ। ਉਹਨਾਂ ਨੂੰ ਕਦੇ ਨਾਸ਼ ਨਾਹ ਹੋਣ ਵਾਲਾ ਸਰਬ-ਵਿਆਪਕ ਪਰਮੇਸਰ ਮਿਲ ਪੈਂਦਾ ਹੈ। ਉਹਨਾਂ ਦੀ ਸੋਭਾ ਸਾਰੇ ਖੰਡਾਂ ਬ੍ਰਹਮੰਡਾਂ ਵਿੱਚ ਹੋ ਜਾਂਦੀ ਹੈ। ੩।

ਨੋਟ : —ਜੇ ਪੈਰ ਵਿੱਚ ਕੰਡਾ ਚੁੱਭ ਜਾਏ ਤਾਂ ਤੁਰਨਾ ਫਿਰਨਾ ਔਖਾ ਹੋ ਜਾਂਦਾ ਹੈ। ਉਸ ਕੰਡੇ ਨੂੰ ਕੱਢਣ ਦੇ ਥਾਂ ਜੇ ਪੈਰਾਂ ਵਿੱਚ ਮਖ਼ਮਲ ਦੀ ਜੁੱਤੀ ਪਾ ਲਈਏ, ਤਾਂ ਭੀ ਤੁਰਨ ਲੱਗਿਆਂ ਉਹ ਕੰਡਾ ਚੁੱਭਦਾ ਹੀ ਰਹੇਗਾ। ਸੁਖ ਤਦੋਂ ਹੀ ਹੋਵੇਗਾ, ਜਦੋਂ ਉਹ ਕੰਡਾ ਪੈਰ ਵਿਚੋਂ ਕੱਢ ਲਿਆ ਜਾਏ।

ਜਿਤਨਾ ਚਿਰ ਮਨੁੱਖ ਦੇ ਅੰਦਰ ਹਉਮੈ ਹੈ, ਇਹ ਦੁਖੀ ਹੀ ਕਰਦੀ ਰਹੇਗੀ। ਬਾਹਰਲੇ ਧਾਰਮਿਕ ਭੇਖ ਆਦਿਕ ਭੀ ਸੁਖ ਨਹੀਂ ਦੇ ਸਕਣਗੇ।

(ਹ) “ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ, ਸੰਤ ਟਹਲ ਕੀ ਬੇਲਾ॥ ਈਹਾ ਖਾਟਿ ਚਲਹੁ ਹਰਿ ਲਾਹਾ, ਆਗੈ ਬਸਨੁ ਸੁਹੇਲਾ॥ ੧॥ ਅਉਧ ਘਟੈ ਦਿਨਸੁ ਰੈਣਾ ਰੇ॥ ਮਨ, ਗੁਰ ਮਿਲਿ ਕਾਜ ਸਵਾਰੇ॥ ੧॥ ਰਹਾਉ॥ ਇਹੁ ਸੰਸਾਰੁ ਬਿਕਾਰੁ, ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ॥ ਜਿਸਹਿ ਜਗਾਇ ਪੀਆਵੈ ਇਹੁ ਰਸ, ਅਕਥ ਕਥਾ ਤਿਨਿ ਜਾਨੀ॥ ੨॥ ਜਾ ਕਉ ਆਏ ਸੋਈ ਬਿਹਾਝਹੁ, ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ ਬਹੁਰਿ ਨ ਹੋਇਗੋ ਫੇਰਾ” (ਪੰ: ੧੩) ਅਰਥ- ਹੇ ਮੇਰੇ ਮਿੱਤਰੋ ! ਸੁਣੋ ! ਮੈਂ ਬੇਨਤੀ ਕਰਦਾ ਹਾਂ— (ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ। (ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿੱਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿੱਚ ਰਹਿਣਾ ਸੌਖਾ ਹੋ ਜਾਇਗਾ। ੧।

ਹੇ ਮਨ ! ਦਿਨ ਰਾਤ (ਬੀਤ ਬੀਤ ਕੇ) ਉਮਰ ਘਟਦੀ ਜਾ ਰਹੀ ਹੈ। ਹੇ (ਮੇਰੇ) ਮਨ ! ਗੁਰੂ ਨੂੰ ਮਿਲ ਕੇ (ਮਨੁੱਖਾ ਜੀਵਨ ਦਾ) ਕੰਮ ਸਿਰੇ ਚਾੜ੍ਹ। ੧। ਰਹਾਉ।

ਇਹ ਜਗਤ ਵਿਕਾਰਾਂ ਨਾਲ ਭਰਪੂਰ ਹੈ। (ਜਗਤ ਦੇ ਜੀਵ) ਤੌਖ਼ਲਿਆਂ ਵਿੱਚ (ਡੁੱਬ ਰਹੇ ਹਨ। ਇਹਨਾਂ ਵਿਚੋਂ) ਉਹੀ ਮਨੁੱਖ ਨਿਕਲਦਾ ਹੈ ਜਿਸ ਨੇ ਪਰਮਾਤਮਾ ਨਾਲ ਜਾਣ-ਪਛਾਣ ਪਾ ਲਈ ਹੈ। (ਵਿਕਾਰਾਂ ਵਿੱਚ ਸੁੱਤੇ ਹੋਏ) ਜਿਸ ਮਨੁੱਖ ਨੂੰ ਪ੍ਰਭੂ ਆਪ ਜਗਾ ਕੇ ਇਹ ਨਾਮ-ਅੰਮ੍ਰਿਤ ਪਿਲਾਂਦਾ ਹੈ, ਉਸ ਮਨੁੱਖ ਨੇ ਅਕੱਥ ਪ੍ਰਭੂ ਦੀਆਂ ਗੱਲਾਂ (ਬੇਅੰਤ ਗੁਣਾਂ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ) ਕਰਨ ਦੀ ਜਾਚ ਸਿੱਖ ਲਈ ਹੈ। ੨।

(ਹੇ ਭਾਈ !) ਜਿਸ ਕੰਮ ਵਾਸਤੇ (ਇੱਥੇ) ਆਏ ਹੋ, ਉਸ ਦਾ ਵਣਜ ਕਰੋ। ਉਹ ਹਰਿ-ਨਾਮ ਗੁਰੂ ਦੀ ਰਾਹੀਂ (ਹੀ) ਮਨ ਵਿੱਚ ਵੱਸ ਸਕਦਾ ਹੈ। (ਜੇ ਗੁਰੂ ਦੀ ਸਰਨ ਪਵੋਗੇ, ਤਾਂ) ਆਤਮਕ ਆਨੰਦ ਅਤੇ ਅਡੋਲਤਾ ਵਿੱਚ ਟਿਕ ਕੇ ਆਪਣੇ ਅੰਦਰ ਹੀ ਪਰਮਾਤਮਾ ਦਾ ਟਿਕਾਣਾ ਲੱਭ ਲਵੋਗੇ। ਫਿਰ ਮੁੜ ਜਨਮ ਮਰਨ ਦਾ ਗੇੜ ਨਹੀਂ ਹੋਵੇਗਾ।

ਇਸ ਤਰ੍ਹਾਂ ਗੁਰਬਾਣੀ `ਚ ਇਸ ਮਨੁੱਖਾ ਸਰੀਰ ਅਤੇ ਮਨੁੱਖ ਦੇ ਅਜੋਕੇ ਜਨਮ ਨਾਲ ਸੰਬੰਧਤ ਬੇਅੰਤ ਸ਼ਬਦ ਮਿਲ ਜਾਣ ਗੇ। ਉਨ੍ਹਾਂ ਸਮੂਹ ਸ਼ਬਦਾਂ ਤੇ ਗੁਰਬਾਣੀ ਫ਼ੁਰਮਾਨਾਂ `ਚ ਹਰੇਕ ਮਨੁੱਖਾ ਸਰੀਰ ਦੀ ਚੱਲ ਰਹੀ ਜ਼ਿੰਦਗੀ ਸੰਬੰਧੀ ਚਾਰ ਪੱਖ ਬਿਲਕੁਲ ਸਪਸ਼ਟ ਹਨ। ਇਨ੍ਹਾਂ `ਚੋਂ ਦੋ ਪੱਖ ਚੱਲ ਰਹੀ ਜ਼ਿੰਦਗੀ ਨਾਲ ਤੇ ਦੋ ਸਰੀਰਕ ਮੌਤ ਤੋਂ ਬਾਅਦ ਕਰਤੇ ਦੇ ਸੱਚ ਨਿਆਂ ਨਾਲ ਸੰਬੰਧਤ।

ਇਸ ਤਰ੍ਹਾਂ ਮਨੁੱਖ ਦੀ ਚੱਲ ਰਹੀ ਜ਼ਿੰਦਗੀ ਨਾਲ ਸੰਬੰਧਤ ਦੋ ਪੱਖ ਹਨ (੧) ਕੋਈ ਵਡਭਾਗੀ ਜੀਵਨ ਸਤਿਗੁਰੂ ਦੇ ਮਿਲਾਪ ਕਾਰਣ ਜੀਉਂਦੇ ਜੀਅ ਆਤਮਕ ਜੀਵਨ ਦਾ ਅਨੰਦ ਮਾਨ ਰਹੇ ਹਨ। (੨) ਦੂਜੇ ਮਨਮੁਖ ਵਿਕਾਰਾਂ, ਚਿੰਤਾਂਵਾਂ ਆਦਿ ਦਾ ਸ਼ਿਕਾਰ ਮਨੁੱਖ ਆਤਮਕ ਤੌਰ `ਤੇ ਮੁਰਦਾ ਜੀਵਨ ਬਤੀਤ ਕਰਣ ਨੂੰ ਮਜਬੂਰ ਹਨ।

ਉਪ੍ਰੰਤ ਗੁਰਬਾਣੀ ਆਧਾਰ `ਤੇ ਅਸਾਂ ਸਮਝਣਾ ਹੈ ਕਿ ਸਰੀਰਕ ਮੌਤ ਤੋਂ ਬਾਅਦ ਵੀ ਪ੍ਰਭੂ ਦੇ ਸੱਚ ਨਿਆਂ `ਚ, ਆਤਮਕ ਜੀਵਨ ਜੀਉਣ ਵਾਲੇ ਪ੍ਰਭੂ ਦਰ `ਤੇ ਕਬੂਲ਼ ਹੋ ਜਾਂਦੇ ਹਨ। ਉਹ ਕਰਤੇ ਪ੍ਰਭੂ `ਚ ਹੀ ਅਭੇਦ ਹੋ ਜਾਂਦੇ ਹਨ, ਮੁੜ ਜਨਮ ਮਰਨ ਦੇ ਗੇੜ `ਚ ਨਹੀਂ ਆਉਂਦੇ।

ਦੂਜੇ ਜਿਹੜੇ ਸਰੀਰਕ ਤੌਰ `ਤੇ ਜ਼ਿੰਦਾ ਹੁੰਦੇ ਹੋਏ, ਸਤਿਗੁਰ ਮਿਲਾਪ ਤੋਂ ਵਿਹੂਣੇ ਰਹਿਣ ਕਾਰਣ, ਅਗਿਆਨਤਾ ਦੇ ਘੁਪ ਹਨੇਰੇ `ਚ ਠੋਕਰਾਂ ਖਾਂਦੇ ਹਨ। ਦਰਅਸਲ ਉਹ ਜੀਉਂਦੇ ਜੀਅ ਵੀ ਮੁਰਦਾ ਆਤਮਕ ਜੀਵਨ ਬਿਤਾ ਰਹੇ ਹੁੰਦੇ ਹਨ। ਗੁਰਬਾਣੀ ਅਨੁਸਾਰ ਹੀ ਅਜਿਹੇ ਲੋਕ ਸਰੀਰਕ ਮੌਤ ਤੋਂ ਬਾਅਦ, ਫ਼ਿਰ ਤੋਂ ਜਨਮ ਮਰਨ ਦੇ ਗੇੜ `ਚ ਪਾ ਦਿੱਤੇ ਜਾਂਦੇ ਹਨ। ਜਨਮ-ਮਰਨ ਦਾ ਉਹੀ ਗੇੜ, ਜਿਸ `ਚੋਂ ਕੱਢ ਕੇ ਕਰਤੇ ਪ੍ਰਭੂ ਨੇ ਸਾਨੂੰ ਮਨੁੱਖਾ ਸਰੀਰ ਵਾਲਾ ਇਹ ਅਵਸਰ ਤੇ ਬਰੀਆ ਬਖ਼ਸ਼ੀ ਹੁੰਦੀ ਹੈ।

ਕਾਸ਼ ਸਾਡੇ ਅਜੋਕੇ ਅਜਿਹੇ ਗੁਰਮੱਤ ਪ੍ਰਚਾਰਕ, ਜਿਹੜੇ ਇੱਕ ਪਾਸੇ ਜਨਮ ਮਰਨ ਸੰਬੰਧੀ ਗਰੁੜ ਪੁਰਾਨ, ਸ਼ਾਖ ਸ਼ਾਸਤ੍ਰ ਆਦਿ ਬ੍ਰਾਹਮਣੀ ਰਚਨਾਵਾਂ ਦੇ ਖੰਡਣ ਮੰਡਣ `ਚ ਫ਼ਸੇ ਹੁੰਦੇ ਹਨ ਜਾਂ ਜਿਹੜੇ ਵਿਚਾਰ ਦਿੰਦੇ ਹਨ ਕਿ ਸਿੱਖ ਧਰਮ ਅਨੁਸਾਰ ਜਨਮ ਮਰਨ ਦਾ ਵਿਸ਼ਾ ਹੈ ਹੀ ਨਹੀਂ। ਉਨ੍ਹਾਂ ਦੇ ਚਰਨਾਂ `ਚ ਸਨਿਮ੍ਰ ਬੇਨਤੀ ਹੈ ਕਿ ਉਹ ਇਸ ਪੱਖੋਂ ਇਧਰ ਉਧਰ ਦੀਆਂ ਦੌੜਾਂ ਤਿਆਗ ਕੇ, ਸੰਬੰਧਤ ਵਿਸ਼ੇ ਦੀ ਪਛਾਣ ਨਿਰੋਲ ਗੁਰਬਾਣੀ ਦੇ ਚਰਨਾਂ `ਚ ਆ ਕੇ ਕਰਣ, ਵਿਸ਼ਾ ਆਪਣੇ ਆਪ ਸਾਫ਼ ਹੋ ਜਾਵੇਗਾ।

ਗੁਰਬਾਣੀ ਅਨੁਸਾਰ ਜਨਮ ਮਰਨ ਦਾ ਵਿਸ਼ਾ ਤਾਂ ਹੈ ਪਰ ਇਥੇ ਇਹ ਬਿਲਕੁਲ ਨਿਵੇਕਲਾ, ਦਲ਼ੀਲ ਭਰਪੂਰ ਤੇ ਇਕੋ ਇੱਕ ਹੈ। ਉਸਦੀ ਗੁਰਬਾਣੀ ਦਾਇਰੇ `ਚੋਂ ਬਾਹਿਰ ਜਾ ਕੇ ਇਧਰੋਂ ਉਧਰੋਂ ਉੱਕਾ ਹੀ ਸਮਝ ਨਹੀਂ ਆ ਸਕਦੀ।

ਨੋਟ-ਗੁਰੂ ਕੀਆਂ ਸੰਗਤਾਂ ਤੇ ਗੁਰਮੱਤ ਦੇ ਪਾਠਕਾਂ ਦੇ ਚਰਨਾਂ `ਚ ਸਨਿਮ੍ਰ ਬੇਨਤੀ ਹੈ ਕਿ ਦਾਸ ਦੀ ਜਨਮ-ਮਰਨ ਦੇ ਵਿਸ਼ੇ ਨਾਲ ਸੰਬੰਧਤ ਪੁਸਤਕ “ਵਿਸ਼ਾ-ਜਨਮ ਮਰਨ ਅਤੇ ਸਿੱਖ ਧਰਮ” ਵੀ ਜ਼ਰੂਰ ਮੰਗਵਾਉਣ ਤੇ ਪੜ੍ਹਣ। ਇਹ ਪੁਸਤਕ ਆਪ ਜੀ ਸਿਧੀ ਸੈਂਟਰ ਪਾਸੋਂ ਜਾਂ ਸਿੰਘ ਬ੍ਰਦਰਜ਼, ਅਮ੍ਰਿਤਸਰ (ਪੰਜਾਬ) ਜਿਨ੍ਹਾਂ ਦਾ ਪੂਰਾ ਪਤਾ ਤੇ ਫ਼ੋਨ ਨੰਬਰ ਹੈ M/s Singh Bros. S.C.O 223-24, City Centre, Near Guru Nanak Bhawan, Amritsar (Pb)-143001. Ph Nos. 099150-48001,183-2550739,2543965 ਤੋਂ ਵੀ ਮੰਗਵਾਈ ਜਾ ਸਕਦੀ ਹੈ ਜੀ।

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 229

“ਗੁਰਿ ਰਾਖੇ ਸੇ ਉਬਰੇ

ਹੋਰੁ ਮਰਿ ਜੰਮੈ ਆਵੈ ਜਾਏ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org  
.