.

ਲਹੂ-ਭਿੱਜੀ ਚਮਕੌਰ- (ਕਿਸ਼ਤ ਨੰ. 7)

ਸੁਖਜੀਤ ਸਿੰਘ ਕਪੂਰਥਲਾ

ਲਹੂ-ਭਿੱਜੀ ਚਮਕੌਰ

ਸੁੱਤੇ ਪਏ ਸਾਹਿਬਜਾਦਿਆਂ ਤੋਂ ਪਿਆਰ ਨਿਛਾਵਰ ਕਰਨਾ (Chapter- 7/13)

ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 6 ਪੜੋ (ਸੁਖਜੀਤ ਸਿੰਘ ਕਪੂਰਥਲਾ)

ਇਕ ਮੁਸਲਮਾਨ ਸੂਫੀ ਸ਼ਾਇਰ ਹੋਇਆ ਹੈ “ਕਿਬਰੀਆ ਖਾਂ”ਜੋ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਤੋ ਏਨਾ ਪ੍ਰਭਾਵਿਤ ਹੋਇਆ ਕਿ ਆਪਣੀ ਕਲਮ ਨਾਲ ਸਾਹਿਬਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਲਿਖਦਾ ਹੈ-

ਕਿਆ ਦਸਮੇਸ਼ ਪਿਤਾ ਤੇਰੀ ਬਾਤ ਕਹੂੰ,

ਜੋ ਤੁਮ ਨੇ ਪਰਉਪਕਾਰ ਕੀਏ।

ਇੱਕ ਖਾਲਸ ਖਾਲਸਾ ਪੰਥ ਸਜਾ,

ਜਾਤੋ ਕੇ ਭੇਦ ਨਿਕਾਲ ਦੀਏ।

ਉਸ ਤੇਗ ਕੇ ਬੇਟੇ, ਤੇਗ ਪਕੜ,

ਦੁਖੀਓ ਕੇ ਕਾਟ ਜੰਜਾਲ ਦੀਏ।

ਉਸ ਮੁਲਕੋ, ਵਤਨ ਦੀ ਖਿਦਮਤ ਮੇ,

ਕਹੀ ਬਾਪ ਦੀਆ, ਕਹੀ ਲਾਲ ਦੀਏ।

ਇਸੇ ਤਰ੍ਹਾਂ ਇੱਕ ਹੋਰ ਸ਼ਾਇਰ ਚਮਕੌਰ ਦੀ ਗੜ੍ਹੀ ਅਤੇ ਸਰਹੰਦ ਦੀਆਂ ਖੂਨੀ ਦੀਵਾਰਾਂ ਦੇ ਇਤਿਹਾਸ ਤੋਂ ਪ੍ਰਭਾਵਿਤ ਹੋ ਕੇ ਲਿਖਦਾ ਹੈ-

ਜਾਗੇ ਅਣਖ ਚਮਕੌਰ ਨੂੰ ਵੇਂਹਦਿਆ ਹੀ,

ਜਿਥੇ ਸੁਤਾ ਸੀ ਅਜੀਤ, ਜੁਝਾਰ ਤੇਰਾ।

ਢੱਠੇ ਹੋਏ ਦਿਲ ਵੀ ਸਭ ਖਲੋ ਜਾਂਦੇ,

ਵੇਖ ਕੰਧਾਂ ਚ ਚਿਣਿਆ ਪਰਿਵਾਰ ਤੇਰਾ।

ਇਸੇ ਤਰਾਂ ਕਲਗੀਧਰ ਪਾਤਸ਼ਾਹ ਨੂੰ ਅਨੇਕਾ ਵਿਦਵਾਨ ਸੱਜਣਾਂ ਨੇ ਆਪੋ ਆਪਣੇ ਤਰੀਕੇ ਨਾਲ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਪੂਰੇ ਸੰਸਾਰ ਵਿੱਚ ਤੇ ਸਿਰਫ ਇੱਕ ਹੀ ਗੁਰੂ ਕਲਗੀਧਰ ਪਾਤਸ਼ਾਹ ਐਸੀ ਸਖਸ਼ੀਅਤ ਹੈ ਜੋ ਇਹ ਕਹਿੰਦੇ ਨੇ ਕਿ ਮੈਂ ਤਾਂ ਇੱਕ ਦਾਸ ਹਾਂ, ਮੈ ਰੱਬ ਨਹੀ ਹਾਂ।

ਪਰ ਇਹ ਵੱਖਰੀ ਗਲ ਹੈ ਕਿ ਅਜ ਰੱਬ ਦਾ ਬੰਦਾ, ਰੱਬ ਦਾ ਦਾਸ ਤਾਂ ਕੋਈ ਵਿਰਲਾ ਹੀ ਬਣਦਾ ਹੈ ਪਰ ਗੁਰੂ ਬਨਣ ਲਗਿਆ ਦੇਰ ਨਹੀ ਕਰਦਾ। ਅਜ ਸਾਡੇ ਸਮਾਜ ਅੰਦਰ ਬੰਦਾ ਤਾਂ ਕੋਈ ਬਣ ਨਹੀ ਸਕਦਾ, ਪਰ ਸੰਤ ਪਹਿਲਾਂ ਬਣ ਜਾਂਦਾ ਹੈ। ਅਜ ਦੇ ਬੰਦੇ ਨੂੰ (ਭਾਵੇ ਉਸ ਦੇ ਕਰਮ ਕਿੰਨੇ ਵੀ ਮਾੜੇ ਹੋਣ) ਇੱਕ ਵਾਰ ਸੰਤ ਜੀ-ਬਾਬਾ ਜੀ ਕਹਿ ਕੇ ਦੇਖ ਲੈਣਾ ਉਸਦੀ ਖੁਸ਼ੀ ਦੀ ਕੋਈ ਹੱਦ ਨਹੀ ਰਹਿ ਜਾਵੇਗੀ। ਪਰ ਕਲਗੀਧਰ ਪਿਤਾ ਜੀ ਕਹਿੰਦੇ ਨੇ ਕਿ ਮੈਨੂੰ ਰੱਬ ਨਾ ਆਖਿਓ, ਮੈਂ ਰੱਬ ਨਹੀ ਹਾਂ, ਮੈਂ ਤਾਂ ਰੱਬ ਦਾ ਇੱਕ ਨਿਮਾਣਾ ਜਿਹਾ ਦਾਸ ਹਾਂ।

ਅਸੀ ਉਸ ਕਲਗੀਧਰ ਪਾਤਸ਼ਾਹ ਦੀ ਗਲ ਕਰ ਰਹੇ ਹਾਂ ਜੋ ਆਪਣੇ ਸੁੱਤੇ ਹੋਏ ਸਿੰਘ, ਸੂਰਬੀਰਾਂ ਨੂੰ ਪਿਆਰ ਨਾਲ ਨਿਵਾਜ਼ ਰਹੇ ਹਨ। 7-8 ਪੋਹ ਦੀ ਰਾਤ ਹੈ। ਕਲਗੀਧਰ ਪਾਤਸ਼ਾਹ ਆਪਣੇ ਤੰਬੂ ਵਲ ਨੂੰ ਵਾਪਿਸ ਆ ਰਹੇ ਹਨ, ਜਿਥੇ ਉਹਨਾਂ ਨੇ ਆਪ ਵਿਸ਼ਰਾਮ ਕਰਨਾ ਸੀ। ਉਥੇ ਹੀ ਸਾਹਿਬਜਾਦਾ ਅਜੀਤ ਸਿੰਘ ਜੀ, ਜਿਨ੍ਹਾ ਦੀ ਸਰੀਰਕ ਆਰਜਾ ਉਸ ਸਮੇ ਲਗਭਗ 18 ਸਾਲ ਦੀ ਹੈ, ਤੇ ਸਾਹਿਬਜਾਦਾ ਜੁਝਾਰ ਸਿੰਘ ਜੀ ਜਿਨ੍ਹਾਂ ਦੀ ਉਮਰ ਲਗਭਗ 16 ਕੁ ਸਾਲ ਦੀ ਹੈ, ਉਹ ਵੀ ਇਥੇ ਹੀ ਸੁਤੇ ਪਏ ਨੇ। ਉਹਨਾ ਤੋਂ ਸਾਹਿਬ ਕਿਵੇ ਪਿਆਰ ਨਿਛਾਵਰ ਕਰ ਰਹੇ ਨੇ, ਜੋਗੀ ਅਲ੍ਹਾ ਯਾਰ ਖਾਂ ਬਿਆਨ ਕਰ ਰਿਹਾ ਹੈ

ਬਾਕੀ ਥੀ ਘੜੀ ਰਾਤ, ਗੁਰੂ ਖੈਮੇਂ ਮੇ ਆਏ।

ਸ਼ਾਹਜ਼ਾਦੇ ਯਹਾਂ ਦੋਨੋ ਹੀ ਸੋਤੇ ਹੂਏ ਪਾਏ।

ਦੋਨੋਂ ਕੇ ਰੁਖਿ-ਪਾਕ ਸੇ ਗੈਸੂ ਜੋ ਹਟਾਏ।

ਅਫ਼ਲਾਕ ਨੇ ਸ਼ਰਮਾ ਕੇ ਮਹੁ-ਮਿਹਰ ਛੁਪਾਏ।

ਸਾਹਿਬ ਕਲਗੀਧਰ ਪਾਤਸ਼ਾਹ ਨੇ ਆਪਣੇ ਦੋਨੋ ਸਾਹਿਬਜਾਦਿਆਂ ਨੂੰ ਤੰਬੂ ਦੇ ਅੰਦਰ ਸੁੱਤੇ ਹੋਏ ਦੇਖਿਆ ਕਿ ਸਾਹਿਬਜਾਦੇ ਗੂੜੀ ਨੀਂਦਰ ਵਿੱਚ ਸੁੱਤੇ ਹੋਏ ਹਨ ਤੇ ਉਹਨਾਂ ਦੇ ਸਿਰਾਂ ਦੇ ਸਾਫੇ ਵੀ ਖੁੱਲੇ ਪਏ ਹਨ, ਕੇਸ ਵੀ ਖਿਲਰੇ ਪਏ ਨੇ। ਖਿਲਰੇ ਹੋਏ ਕੇਸਾਂ ਨੇ ਸਾਹਿਬਜਾਦਿਆਂ ਦੇ ਮੁਖੜਿਆਂ ਨੂੰ ਢੱਕਿਆ ਹੋਇਆ ਹੈ, ਕਿਉਕਿ ਸਾਹਿਬਜਾਦਿਆਂ ਦੀ ਸਰੀਰਕ ਆਰਜਾ 18-16 ਸਾਲ ਦੀ ਹੈ ਤੇ ਇਸ ਉਮਰ ਵਿੱਚ ਸਾਹਿਬਜਾਦਿਆਂ ਦੇ ਕੇਸਾਂ ਦਾ ਰੰਗ ਵੀ ਪੂਰੀ ਤਰਾਂ ਕਾਲਾ ਹੈ। ਸਾਹਿਬ ਕਲਗੀਧਰ ਪਾਤਸ਼ਾਹ ਨੇ ਜਦੋਂ ਆਪਣੇ ਹੱਥਾਂ ਨਾਲ ਸਾਹਿਬਜਾਦਿਆਂ ਦੇ ਕੇਸਾਂ ਨੂੰ ਉਹਨਾ ਦੇ ਮੁਖੜਿਆਂ ਤੋਂ ਹਟਾਇਆ ਤਾਂ ਕੀ ਦਿਖਾਈ ਦਿੱਤਾ? ਮਾਨੋ ਚੰਨ ਵਰਗੇ ਚਿਹਰੇ ਇਸ ਤਰ੍ਹਾਂ ਖਿੜ ਰਹੇ ਨੇ ਕਿ ਜਿਸ ਤਰ੍ਹਾਂ ਅਸਮਾਨ ਵਿੱਚੋਂ ਕਾਲੇ ਬੱਦਲ ਹਟ ਜਾਣ ਤਾਂ ਹੇਠਾਂ ਤੋਂ ਚੰਦਰਮਾ ਦਿਖਾਈ ਦੇਵੇ।

ਸਾਹਿਬਜਾਦਿਆਂ ਦੇ ਰੰਗ, ਰੂਪ ਅਤੇ ਜੋਬਨ ਦੀ ਸਿਫਤ ਕਰਦਿਆਂ ਜੋਗੀ ਅਲ੍ਹਾ ਯਾਰ ਖਾਂ ਅੱਗੇ ਲਿਖਦਾ ਹੈ ਕਿ ਸਤਿਗੁਰੂ ਜੀ ਨੇ ਆਪਣਾ ਮੁੱਖੜਾ ਉਹਨਾਂ ਸਾਹਿਬਜਾਦਿਆਂ ਦੇ ਮੁਖੜਿਆ ਤੇ ਪਿਆਰ ਨਾਲ ਰੱਖਿਆ ਤੇ ਸਾਹਿਬਜਾਦਿਆਂ ਨੂੰ ਇਸ ਤਰ੍ਹਾਂ ਪਿਆਰ ਕਰ ਰਹੇ ਨੇ। ਗੁਰੂ ਸਾਹਿਬ ਇੱਕ ਪਿਤਾ ਵੀ ਨੇ ਤੇ ਜਿਵੇ ਉਹ ਸਿੰਘ, ਸੂਰਬੀਰਾਂ ਤੋਂ ਪਿਆਰ ਲੁਟਾਉਂਦੇ ਨੇ ਉਸੇ ਤਰ੍ਹਾਂ ਪਾਤਸ਼ਾਹ ਪਿਤਾ ਦਾ ਹੱਕ ਵਰਤ ਕੇ ਆਪਣੇ ਪੁੱਤਰਾਂ ਨੂੰ ਅਥਾਹ ਪਿਆਰ ਵੀ ਕਰ ਰਹੇ ਨੇ। ਜਿਵੇ ਕਿ ਬਾਪ ਆਪਣੇ ਬੱਚਿਆਂ ਨੂੰ ਗਲਵਕੜੀ ਵਿੱਚ ਲੈ ਕੇ ਪਿਆਰ ਕਰਦਾ ਹੈ, ਇਸੇ ਤਰ੍ਹਾਂ ਕਲਗੀਧਰ ਪਾਤਸ਼ਾਹ ਵੀ ਆਪਣੇ ਬੇਟਿਆਂ ਦੇ ਮੁਖੜਿਆਂ ਨੁੰ ਚੁੰਮ ਰਹੇ ਹਨ।

ਸਤਿਗੁਰ ਨੇ ਦਹਨ ਜਬ ਦਹਨਿ-ਪਾਕ ਪਿ ਰੱਖਾ।

ਕੁਮਲਾ ਕੇ ਹਰ ਇੱਕ ਫੂਲ ਨੇ ਸਰ ਖ਼ਾਕ ਪਿ ਰੱਖਾ।

ਕਿਉਕਿ ਸਿੰਘ, ਸੂਰਬੀਰ ਵੀ ਕਲਗੀਧਰ ਦੇ ਪਿਆਰ ਅਤੇ ਦੁਲਾਰ ਦਾ ਉਨ੍ਹਾ ਹੀ ਹੱਕ ਰੱਖਦੇ ਹਨ ਜਿਨ੍ਹਾ ਹੱਕ ਸਾਹਿਬਜਾਦਿਆਂ ਦਾ ਹੈ, ਇਥੇ ਕੋਈ ਵੀ ਵਿਤਕਰਾ ਨਹੀ ਹੈ।

ਸੋਏ ਹੂਏ ਬੱਚੋ ਕੋ ਕਹਾ ਸਿਰ ਕੋ ਪਕੜ ਕਰ।

ਚਲਦੋਗੇ ਅਬ ਅੱਬਾ ਕੋ ਮੁਸੀਬਤ ਮੇਂ ਜਕੜ ਕਰ।

ਦੋਵੇ ਹੀ ਸਾਹਿਬਜਾਦੇ ਇਕੱਠੇ ਹੀ ਸੁਤੇ ਹੋਏ ਨੇ। ਕਲਗੀਧਰ ਪਾਤਸ਼ਾਹ ਆਪਣੇ ਹੱਥ ਉਹਨਾਂ ਦੇ ਸਿਰ ਤੇ ਰੱਖ ਕੇ ਕਹਿੰਦੇ ਨੇ ਕਿ ਐ ਮੇਰੇ ਸਾਹਿਬਜਾਦਿਉ! ਇਹ ਜੋ ਦਿਨ ਚੜ ਰਿਹਾ ਹੈ ਨਾ ਤੁਸੀ ਆਪਣੇ ਅੱਬਾ ਨੂੰ ਇੱਕਲਿਆਂ ਹੀ ਮੁਸੀਬਤਾਂ ਵਿੱਚ ਛੱਡ ਕੇ ਆਪ ਚਲੇ ਜਾਵੋਗੇ ਤੇ ਅੱਬਾ ਇਕੱਲਾ ਹੀ ਰਹਿ ਜਾਵੇਗਾ। ਪਰ ਮੈਨੂੰ ਕੋਈ ਸ਼ਿਕਵਾ ਵੀ ਨਹੀ ਹੈ ਕਿੳ਼ੁਕਿ ਇਹ ਤਾਂ ਕਿਸਮਤ ਦਾ ਖੇਲ ਹੈ ਅਤੇ ਸਭ ਅਕਾਲ ਪੁਰਖ ਦੇ ਹੁਕਮ ਅੰਦਰ ਹੀ ਹੋ ਰਿਹਾ ਹੈ।

ਥੀ ਜ਼ਿੰਦਗੀ ਲਿਖੀ ਹੂਈ ਕਿਸਮਤ ਨੇ ਉਜੜ ਕਰ।

ਫਿਰ ਮਿਲਨੇ ਕਾ ਵਾਦਾ ਤੋ ਕੀਏ ਜਾਓ ਬਿਛੜ ਕਰ।

ਪਰ ਮੇਰੇ ਸਾਹਿਬਜਾਦਿਉ, ਇੱਕ ਵਾਅਦਾ ਮੇਰੇ ਨਾਲ ਜਰੂਰ ਕਰ ਕੇ ਜਾਇਉ ਕਿ ਤੁਸੀ ਦੁਬਾਰਾ ਮੈਨੂੰ ਜਰੂਰ ਮਿਲੋਗੇ।

ਥੇ ਚਾਰ, ਹੋ ਅਬ ਦੋ ਹੀ, ਸਹਰਿ ਯਿਹ ਭੀ ਨ ਹੋਗੇ।

ਹਮ ਸਬਰ ਕਰੇਂਗੇ ਜੁ ਅਗਰ ਯਿਹ ਭੀ ਨ ਹੋਗੇ।

ਇਹ ਜੋ ਦਿਨ ਚੜ੍ਹਨ ਵਾਲਾ ਹੈ 8 ਪੋਹ ਦਾ, ਇਸਦਾ ਸੂਰਜ ਡੁੱਬਣ ਤੋਂ ਪਹਿਲਾਂ ਇਹ ਦੋ ਸਾਹਿਬਜਾਦੇ ਵੀ ਮੇਰੇ ਕੋਲ ਨਹੀ ਹੋਣਗੇ। ਪਰ ਮੈਂ ਫਿਰ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕਰਾਂਗਾ ਕਿ ਜੇਕਰ ਪਹਿਲਾਂ ਚਾਰ ਸਨ, ਜਿਨ੍ਹਾਂ ਵਿਚੋ ਦੋ ਛੋਟੇ ਸਾਹਿਬਜਾਦਿਆਂ ਜੋਰਾਵਰ ਸਿੰਘ ਅਤੇ ਫ਼ਤਹਿ ਸਿੰਘ ਜੋ ਕਿ ਸਰਸਾ ਨੂੰ ਪਾਰ ਕਰਦਿਆਂ ਮੇਰੇ ਤੋਂ ਵਿਛੜ ਗਏ ਨੇ ਤੇ ਹੁਣ ਇਹ ਦੋ ਸਾਹਿਬਜਾਦੇ ਅਜੀਤ ਸਿੰਘ ਅਤੇ ਜੁਝਾਰ ਸਿੰਘ ਹਨ, ਇਹਨਾਂ ਦੋਵਾਂ ਤੋਂ ਵੀ ਮੈਂ ਵਿਛੜ ਕੇ ਇਕੱਲਾ ਹੋ ਜਾਵਾਂਗਾ ਪਰ ਮੇਰੇ ਮਨ ਵਿੱਚ ਕੋਈ ਰੋਸ, ਕੋਈ ਉਲਾਂਭਾ ਨਹੀ ਹੋਵੇਗਾ।

ਹੁਣ ਖਿਆਲ ਕਰਿਉ ਕਿ ਕਲਗੀਧਰ ਪਾਤਸ਼ਾਹ ਇਹ ਸੇਧ ਕਿਥੋਂ ਲੈ ਰਹੇ ਨੇ। ਇਹ ਸੇਧ ਪਾਤਸ਼ਾਹ ਆਪਣੇ ਦਾਦਾ ਜੀ ਮੀਰੀ- ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਰਹੇ ਨੇ।

ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਪੁੱਤਰ ਬਾਬਾ ਅਟਲ ਰਾਇ ਜੀ ਦਾ ਚਲਾਣਾ ਹੋਇਆ ਸੀ ਤਾਂ ਭਾਈ ਸਾਂਈ ਦਾਸ ਜੋ ਕਿ ਡਰੋਲੀ (ਨਜਦੀਕ ਮੋਗਾ) ਦਾ ਰਹਿਣ ਵਾਲਾ ਸੀ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸਾਂਢੂ ਸੀ। ਭਾਈ ਸਾਂਈ ਦਾਸ ਸਮਾਜਿਕ ਰਿਸ਼ਤਾ ਨਿਭਾਉਣ ਲਈ ਸ੍ਰੀ ਅੰਮ੍ਰਿਤਸਰ ਆਏ ਤਾਂ ਭਾਈ ਸਾਂਈ ਦਾਸ ਨੇ ਕੀ ਤੱਕਿਆ? ਕਿ ਮੈ ਤਾਂ ਸਮਾਜਿਕ ਰਿਸ਼ਤੇ ਨਿਭਾਉਣ ਲਈ ਆਇਆ ਹਾਂ ਪਰ ਇਥੇ ਤਾਂ ਅਕਾਲ ਤਖ਼ਤ ਸਾਹਿਬ ਤੇ ਦੀਵਾਨ ਲਗਾ ਹੋਇਆ ਹੈ ਤੇ ਜੋ ਰੋਜ਼ ਮਰਿਆਦਾ ਦੀ ਕਿਰਿਆ ਹੈ ਉਹ ਉਸੇ ਤਰ੍ਹਾਂ ਹੀ ਚਲ ਰਹੀ ਹੈ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅਕਾਲ ਪੁਰਖ ਨਾਲ ਜੁੜੇ ਬੈਠੇ ਹਨ। ਚਿਹਰੇ ਉਪਰ ਕੋਈ ਚਿੰਤਾ, ਕੋਈ ਉਲਾਂਭਾ, ਕੋਈ ਸ਼ਿਕਵਾ ਸ਼ਿਕਾਇਤ, ਕੋਈ ਗਮ ਨਹੀ ਹੈ। ਜਵਾਨ ਪੁੱਤਰ ਬਾਬਾ ਅਟਲ ਰਾਇ ਜੀ ਨੇ ਚੜਾਈ ਕੀਤੀ ਹੈ ਪਰ ਰੱਤਾ ਭਰ ਵੀ ਝੋਰਾ ਨਹੀ ਹੈ। ਜਦੋਂ ਦੀਵਾਨ ਦੀ ਸਮਾਪਤੀ ਹੋਈ ਤਾਂ ਭਾਈ ਸਾਂਈ ਦਾਸ ਨੇ ਆਪਣੇ ਮਨ ਦੀ ਬਾਤ ਮੀਰੀ-ਪੀਰੀ ਦੇ ਮਾਲਿਕ ਅੱਗੇ ਰੱਖ ਦਿੱਤੀ। ਕਹਿਣ ਲਗਾ “ਹੇ ਸਤਿਗੁਰੂ ਜੀ! ਇਹ ਮੈ ਕੀ ਵੇਖ ਰਿਹਾ ਹਾਂ, ਆਪ ਜੀ ਦੇ ਜਵਾਨ ਪੁੱਤਰ ਬਾਬਾ ਅਟਲ ਰਾਇ ਜੀ ਚੜਾਈ ਕਰ ਗਏ ਹਨ ਤੇ ਆਪ ਜੀ ਦੇ ਚਿਹਰੇ ਉਪਰ ਕੋਈ ਸ਼ਿਕਵਾ, ਸ਼ਿਕਾਇਤ ਨਹੀ ਹੈ ਤੁਸੀ ਕੈਸੇ ਬਾਪ ਹੋ? ਕਿਥੇ ਹੈ ਤੁਹਾਡੀ ਮਮਤਾ? “ਇਹ ਸੁਣ ਕੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਭਾਈ ਸਾਂਈ ਦਾਸ ਨੂੰ ਬਾ-ਕਮਾਲ ਜਵਾਬ ਦਿੱਤਾ। ਪਾਤਸ਼ਾਹ ਕਹਿਣ ਲਗੇ” ਸਾਂਈ ਦਾਸ! ਜਿਥੇ ਤੂੰ ਬੈਠਾ ਹੈ, ਇਸ ਜਗ੍ਹਾ ਉਪਰ ਆਪਣੀ ਉਂਗਲ ਨਾਲ ਲਕੀਰ ਲਗਾ ਦੇ” (ਕਿਉਕਿ ਉਸ ਸਮੇ ਅਕਾਲ ਤਖ਼ਤ ਦੇ ਸਨਮੁੱਖ ਵਾਲੀ ਜਗ੍ਹਾ ਕੱਚੀ ਹੁੰਦੀ ਸੀ) ਭਾਈ ਸਾਂਈ ਦਾਸ ਨੇ ਆਪਣੀ ਉਂਗਲ ਨਾਲ ਲਕੀਰ ਵਾਹ ਦਿੱਤੀ। ਹੁਣ ਪਾਤਸ਼ਾਹ ਨੇ ਕਿਹਾ” ਸਾਂਈ ਦਾਸ! ਹੁਣ ਆਪਣੇ ਹੱਥ ਨਾਲ ਲਕੀਰ ਮਿਟਾ ਦੇ” ਸਾਂਈ ਦਾਸ ਨੇ ਇਸ ਲਕੀਰ ਨੂੰ ਆਪਣੇ ਹੱਥ ਨਾਲ ਮਿਟਾ ਦਿੱਤਾ। ਸਤਿਗੁਰੂ ਜੀ ਨੇ ਸਾਂਈ ਦਾਸ ਨੂੰ ਸਵਾਲ ਕੀਤਾ “ਸਾਂਈਦਾਸ! ਤੈਨੂੰ ਇਹ ਲਕੀਰ ਪਾਉਣ ਦੀ ਕੋਈ ਖੁਸ਼ੀ ਹੋਈ ਸੀ? ਜਾਂ ਤੈਨੂੰ ਇਹ ਲਕੀਰ ਮਿਟਾਉਣ ਦਾ ਕੋਈ ਦੁੱਖ ਹੋਇਆ ਹੈ? “ਸਾਂਈ ਦਾਸ ਕਹਿਣ ਲਗਾ “ਸਤਿਗੁਰੂ ਜੀ! ਇਸ ਵਿੱਚ ਦੁਖ-ਸੁਖ ਦਾ ਕੀ ਸਵਾਲ ਹੋਇਆ, ਤੁਸੀ ਹੁਕਮ ਕੀਤਾ ਮੈ ਲਕੀਰ ਵਾਹ ਦਿਤੀ, ਅਤੇ ਮਿਟਾ ਦਿੱਤੀ, ਇਸਦੇ ਵਿੱਚ ਖੁਸ਼ੀ ਤੇ ਗਮੀ ਵਾਲੀ ਕੋਈ ਗਲ ਨਾ ਹੋਈ। “ਸਤਿਗੁਰੂ ਜੀ ਕਹਿਣ ਲਗੇ “ਸਾਂਈ ਦਾਸ! ਤੇਰੇ ਸਵਾਲ ਦਾ ਜਵਾਬ ਵੀ ਇਹੀ ਹੈ। ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਨਾਲ ਇਹ ਬਾਬਾ ਅਟਲ ਰਾਇ ਦੇ ਸਰੀਰ ਰੂਪੀ ਲਕੀਰ ਪਈ ਸੀ ਤੇ ਅਕਾਲ ਪੁਰਖ ਦੇ ਹੁਕਮ ਅਨੁਸਾਰ ਇਹ ਬਾਬਾ ਅਟਲ ਰਾਇ ਦੇ ਸਰੀਰ ਰੂਪੀ ਲਕੀਰ ਮਿਟ ਗਈ। ਇਸਦੇ ਵਿੱਚ ਖੁਸ਼ੀ ਗਮੀ ਦੀ ਕਿਹੜੀ ਗਲ ਹੈ। “ਇਹਨਾਂ ਹੀ ਪੂਰਨਿਆਂ ਤੇ ਚਲਦੇ ਹੋਏ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤਰੇ ਕਲਗੀਧਰ ਪਾਤਸ਼ਾਹ ਵੀ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕਰ ਰਹੇ ਨੇ।

ਅਸੀ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਤੋ ਕੋਈ ਸਿਖਿਆ ਲੈ ਲਈਏ ਕਿ ਜੇ ਚਾਰ ਤੋਂ ਦੋ ਰਹਿ ਗਏ ਤਾਂ ਵੀ ਕੋਈ ਫਿਕਰ ਨਹੀ, ਜੇਕਰ ਇਹ ਦੋ ਵੀ ਨਾਂ ਰਹੇ ਤਾਂ ਵੀ ਕੋਈ ਫਿਕਰ ਨਹੀ ਹੋਵੇਗਾ। ਅਕਾਲ ਪੁਰਖ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ ਤਾਂ ਹੋ ਰਿਹਾ ਹੈ। ਅਗੇ ਵੀ ਸਭ ਕੁੱਝ ਹੁਕਮ ਵਿੱਚ ਹੀ ਹੋਣਾ ਹੈ।

ਕਲਗੀਧਰ ਪਾਤਸ਼ਾਹ ਆਪਣੇ ਸੁੱਤੇ ਹੋਏ ਬੱਚਿਆਂ ਦੇ ਨਾਲ ਪਿਆਰ ਤੇ ਮਮਤਾ ਭਰੀਆ ਬਾਤਾਂ ਕਿਸ ਤਰਾਂ ਕਰ ਰਹੇ ਨੇ।

ਫਰਮਾਤੇ ਥੇ: “ਕਲ ਦੋਨੋ ਹੀ ਪਰਵਾਨ ਚੜੋਗੇ।

ਦੁਖ ਭੋਗੇਗੇ ਹਮ, ਖੁਲਦ ਮੇਂ ਤੁਮ ਚੈਨ ਕਰੋਗੇ।

ਕਲ੍ਹ ਜੋ ਦਿਨ ਚੜੇਗਾ, ਤੁਸੀ ਆਪਣੀਆ ਮੰਜਿਲਾਂ ਤੇ ਪਹੁੰਚ ਜਾਣਾ ਹੈ। ਜੀਵਨ ਦੇ ਮਕਸਦ ਨੂੰ ਤੁਸੀ ਕਲ੍ਹ ਪੂਰਨ ਕਰ ਲੈਣਾ ਹੈ, ਉਹ ਮੰਜਿਲ ਕਿਹੜੀ ਹੈ? ਮਰਨਾ ਤਾਂ ਸਾਰਿਆ ਨੇ ਹੀ ਹੈ, ਪਰ ਮਰ ਕੇ ਅਕਾਲ ਪੁਰਖ ਦੇ ਘਰ ਵਿੱਚ ਕਿਸ ਤਰਾਂ ਪ੍ਰਵਾਨਗੀ ਲੈਣੀ ਹੈ।

ਹੋਤੇ ਹੀ ਸਹਰ ਦਾਗਿ ਜੁਦਾਈ ਹਮੇਂ ਦੋਗੇ।

ਸੁਪਨੇ ਮੇਂ ਖਬਰ ਆ ਕੇ ਕਭੀ ਬਾਪ ਕੀ ਲੋਗੇ?

ਐ ਪਿਆਰੇ ਅਜੀਤ! ਐ ਮੇਰੇ ਜਝਾਰ ਪਯਾਰੇ।

ਹਮ ਕਹਤੇ ਹੈ ਕੁਛ, ਸੁਨਤੇ ਹੋ ਦਿਲਦਾਰ ਪਯਾਰੇ।

ਐ ਮੇਰੇ ਪਿਆਰੇ ਪੁਤੱਰੋ, ਜੀਉਂਦੇ ਜੀ ਤਾਂ ਹੁਣ ਤੁਸੀ ਮੇਰੇ ਕੋਲ ਦੁਬਾਰਾ ਨਹੀ ਆਉਂਗੇ, ਪਰ ਇਹ ਵਾਅਦਾ ਵੀ ਕਰ ਜਾਵੋ ਕਿ ਆਪਣੇ ਬਾਪ ਦੇ ਸੁਪਨੇ ਵਿੱਚ ਵੀ ਆ ਕੇ ਕਦੀ ਮਿਲ ਜਾਣਾ।

ਸਾਹਿਬਜਾਦੇ ਅਜੀਤ ਸਿੰਘ ਜੀ ਦਾ ਜਨਮ ਹੋਇਆ ਪਾਉਂਟਾ ਸਾਹਿਬ ਵਿਖੇ 1687 ਈ. ਨੂੰ ਅਤੇ ਸਾਹਿਬਜਾਦਾ ਜੁਝਾਰ ਸਿੰਘ ਜੀ ਦਾ ਜਨਮ ਹੋਇਆ ਸੀ ਅਨੰਦਪੁਰ ਸਾਹਿਬ ਦੀ ਧਰਤੀ ਉਪਰ 1689 ਈ. ਨੂੰ। ਸਾਹਿਬਜਾਦਾ ਅਜੀਤ ਸਿੰਘ ਦਾ ਜਦੋਂ ਜਨਮ ਹੋਇਆ ਸੀ ਤਾਂ ਗੁਰੂ ਕਲਗੀਧਰ ਪਾਤਸ਼ਾਹ ਨੇ ਭੰਗਾਣੀ ਦਾ ਯੁੱਧ ਜਿੱਤਿਆ ਸੀ।

ਜੰਗ ਜਿੱਤਣ ਤੋਂ ਬਾਅਦ ਕਲਗੀਧਰ ਪਾਤਸ਼ਾਹ ਪਾਉਂਟੇ ਦੀ ਧਰਤੀ ਤੇ ਵਾਪਸ ਆਏ ਤਾਂ ਵਾਪਸ ਆਉਦਿਆਂ ਹੀ ਇਹ ਖਬਰ ਮਿਲੀ ਸੀ ਕਿ ਆਪ ਦੇ ਗ੍ਰਹਿ ਵਿਖੇ ਪੁੱਤਰ ਨੇ ਜਨਮ ਲਿਆ ਹੈ ਤਾਂ ਵੀ ਕਲਗੀਧਰ ਪਾਤਸ਼ਾਹ ਨੇ ਅਕਾਲ ਪੁਰਖ ਦਾ ਸ਼ੁਕਰਾਨਾ ਹੀ ਕੀਤਾ ਸੀ ਕਿ ਹੇ! ਅਕਾਲ ਪੁਰਖ ਪਰਮੇਸ਼ਰ ਤੇਰੀ ਕ੍ਰਿਪਾ ਦੇ ਨਾਲ, ਤੇਰੀ ਰਹਿਮਤ ਦੇ ਨਾਲ ਤੇਰੇ ਦਾਸ ਨੂੰ ਜੰਗ ਵਿੱਚ ਜਿੱਤ ਪ੍ਰਾਪਤ ਹੋਈ। ਇਸੇ ਖੁਸ਼ੀ ਵਿੱਚ ਕਲਗੀਧਰ ਪਾਤਸ਼ਾਹ ਨੇ ਬੇਟੇ ਦਾ ਨਾਮ ਸਾਹਿਬਜਾਦਾ ਅਜੀਤ ਸਿੰਘ ਰੱਖਿਆ ਸੀ।

ਐ ਪਿਆਰੇ ਅਜੀਤ! ਐ ਮੇਰੇ ਜੁਝਾਰ ਪਯਾਰੇ।

ਹਮ ਕਹਿਤੇ ਹੈ ਕੁਛ ਸੁਨਤੇ ਹੋ ਦਿਲਦਾਰ ਪਯਾਰੇ।

ਐ ਮੇਰੇ ਅਜੀਤ, ਐ ਮੇਰੇ ਜੁਝਾਰ ਕੀ ਤੁਸੀ ਮੇਰੀਆਂ ਬਾਤਾਂ ਸੁਣ ਰਹੇ ਹੋ?

ਮਾਸੂਮ ਹੋ, ਮਜ਼ਲੂਮ ਹੋ, ਦੁਨੀਆ ਸੇ ਭਲੇ ਹੋ।

ਲਖ਼ਤਿ ਦਿਲਿ ਗੋਬਿੰਦ ਹੋ ਨਾਜ਼ੋ ਸੇ ਪਲੇ ਹੋ।

ਦੁਨੀਆ ਹੂਈ ਅੰਧੇਰ, ਜਬ ਆਖੋਂ ਸੇ ਟਲੇ ਹੋ।

ਘਰ ਬਾਹਰ ਲੁਟਾ, ਬਾਪ ਕਟਾ, ਤੁਮ ਭੀ ਚਲੇ ਹੋ।

ਤੁਸੀ ਗੋਬਿੰਦ ਸਿੰਘ ਦੇ ਲਖਤੇ-ਜਿਗਰ ਹੋ, ਬੜੇ ਨਾਜ਼ਾਂ ਦੇ ਨਾਲ ਮੈ ਤੁਹਾਨੂੰ ਪਾਲਿਆ ਪੋਸਿਆ ਹੈ ਤੇ ਇਸ ਅਵਸਥਾ ਤੱਕ ਲੈ ਕੇ ਆਇਆ ਹਾਂ।

ਜੋਗੀ ਅਲ੍ਹਾ ਯਾਰ ਖਾਂ ਦਾ ਇਹ ਆਪਣਾ ਅੰਦਾਜ ਹੈ ਬਿਆਨ ਕਰਨ ਦਾ ਕਿ ਉਹ ਇਹਨਾ ਦ੍ਰਿਸ਼ਾਂ ਨੂੰ ਕਿੰਨੀ ਭਾਵਨਾ ਨਾਲ ਬਿਆਨ ਕਰ ਰਿਹਾ ਹੈ ਕਿ “ਘਰ ਬਾਰ ਲੁਟਾ” ਅਨੰਦਪੁਰ ਸਾਹਿਬ ਛੱਡਿਆ, “ਬਾਪ ਕਟਾ” ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹੀਦੀ ਤੇ ਹੁਣ ਤੁਸੀ ਵੀ ਵਿਛੜ ਜਾਣਾ ਹੈ। ਭਾਵੇਂ ਕਿ ਇਹ ਦੁਨੀਆਂ ਦੇ ਅਨੁਕੂਲ ਨਾ ਹੋਵੇ ਪਰ ਫਿਰ ਵੀ ਕਵੀ ਆਪਣੇ ਅੰਦਾਜ ਵਿੱਚ ਇਸ ਤਰਾਂ ਇਹ ਬਿਆਨ ਕਰ ਜਾਂਦਾ ਹੈ ਜਿਵੇਂ ਉਹ ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਹੀ ਖੜਾ ਹੋਵੇ ਤੇ ਇਹਨਾਂ ਦ੍ਰਿਸ਼ਾਂ ਨੂੰ ਨਾਲ ਦੇ ਨਾਲ ਹੀ ਕਲਮਬੱਧ ਕਰ ਰਿਹਾ ਹੋਵੇ।

ਬੱਚੇ ਇਸੀ ਹਾਲਤ ਮੇਂ ਅਭੀ ਸੋਏ ਪੜੇ ਥੇ।

ਬਾ ਦੀਦਾਇ ਤਰ ਸਤਿਗੁਰੂ, ਬਾਲੀਂ ਪਿ ਖੜੇ ਥੇ।

ਕਵੀ ਲਿਖਦਾ ਹੈ ਕਿ ਹੁਣ ਮੈਂ ਤੱਕ ਰਿਹਾ ਹਾਂ ਕਿ ਬੱਚੇ ਸੁੱਤੇ ਪਏ ਨੇ ਤੇ ਕਲਗੀਧਰ ਪਾਤਸ਼ਾਹ ਉਹਨਾਂ ਦੇ ਸਿਰ੍ਹਾਣੇ ਵਾਲੇ ਪਾਸੇ ਖੜੇ ਹੋ ਕੇ ਉਹਨਾਂ ਨੂੰ ਸੇਜਲ ਅੱਖਾਂ ਨਾਲ ਤਕ ਰਹੇ ਨੇ। ਇਸ ਵਕਤ 7-8 ਪੋਹ ਦੀ ਰਾਤ ਦਾ ਸਮਾਂ ਲਗਭਗ ਖਤਮ ਹੋ ਰਿਹਾ ਹੈ ਤੇ ਕਵੀ 8 ਪੋਹ ਦੇ ਅੰਮ੍ਰਿਤ ਵੇਲੇ ਦੀ ਬਾਤ ਨੂੰ ਕਰਨ ਦੀ ਤਿਆਰੀ ਵਿੱਚ ਹੈ।

ਹੁਣ ਕਲਗੀਧਰ ਪਾਤਸ਼ਾਹ ਦੇ ਸਮੇ ਵੀ ਜਬਰ ਅਤੇ ਸਬਰ ਦਾ ਮੁਕਾਬਲਾ ਹੈ। ਇਸਤੋਂ ਪਹਿਲਾਂ ਵੀ ਪੰਜਵੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇ ਵੀ ਜਬਰ ਅਤੇ ਸਬਰ ਦਾ ਮੁਕਾਬਲਾ ਹੋਇਆ ਸੀ। ਉਸੇ ਪੜਦਾਦੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਖੂਨ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਰਗਾਂ ਵਿੱਚ ਦੌੜ ਰਿਹਾ ਹੈ, ਉਹੀ “ਜਬਰ ਅਤੇ ਸਬਰ” ਦਾ ਮੁਕਾਬਲਾ ਜੋ ਲਾਹੌਰ ਵਿੱਚ ਤੱਤੀ ਤਵੀ ਤੇ ਗੁਰੂ ਅਰਜਨ ਸਾਹਿਬ ਦੇ ਰੂਪ ਅੰਦਰ ਸਬਰ ਦਾ ਪ੍ਰਤੀਕ ਹੈ ਤੇ ਸਾਹਮਣੇ ਚੰਦੂ ਜਾਲਮ ਜਬਰ ਦਾ ਪ੍ਰਤੀਕ ਹੈ। ਉਸ ਸਾਕੇ ਸਬੰਧੀ ਇੱਕ ਕਵੀ ਦੋ ਲਾਈਨਾਂ ਵਿੱਚ ਜਬਰ ਦੀ ਗੱਲ ਬਿਆਨ ਕਰਦਾ ਲਿਖਦਾ ਹੈ

ਚੰਦੂ ਚੰਦਰਾ ਚੰਦ ਚੜਾਉਣ ਲਗਾ,

ਲਗਾ ਕਹਿਣ ਕਿ ਲੋਹ ਤਪਾਓ ਛੇਤੀ।

ਸੂਰਜ ਲਾਹ ਕੇ, ਪੀਹ ਕੇ ਰੇਤ ਉਸਦੀ,

ਅਰਜਨ ਗੁਰੂ ਦੇ ਸੀਸ ਤੇ ਪਾਓ ਛੇਤੀ।

ਇਸਦੇ ਮੁਕਾਬਲੇ ਵਿੱਚ ਸਬਰ ਦੀ ਮੂਰਤ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਪ੍ਰਤੀ ਕਵੀ ਦੀ ਕਲਮ ਲਿਖਦੀ ਹੈ-

ਸਤਿਗੁਰੂ ਆਏ ਤੇ ਵੇਖ ਕੇ ਕਹਿਣ ਲਗੇ,

ਲੋਹ ਤਪਾਉਣ ਦਾ ਤੁਸਾ ਨੂੰ ਢੰਗ ਕੋਈ ਨਹੀ।

ਜਿਹੜਾ ਰੰਗ ਸ਼ਹੀਦੀ ਅਜ ਮੰਗਦੀ ਐ,

ਇਸ ਲੋਹ ਤੇ ਤਾਂ ਅਜੇ ਰੰਗ ਕੋਈ ਨਹੀ।

ਅਜ ਉਸੇ ਗੁਰੂ ਅਰਜਨ ਦੇਵ ਜੀ ਦੇ ਪੜਪੋਤਰੇ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੀ ਚਮਕੌਰ ਦੇ ਮੈਦਾਨ ਵਿੱਚ ਉਨ੍ਹਾ ਹੀ ਪੂਰਨਿਆਂ ਤੇ ਚਲਣ ਲਗੇ ਨੇ। ਕਲਗੀਧਰ ਪਾਤਸ਼ਾਹ ਜੀ ਦੇ ਦਾਦਾ ਜੀ ਮੀਰੀ-ਪੀਰੀ ਦੇ ਮਾਲਿਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਤਖ਼ਤ ਤੇ ਬੈਠ ਕੇ ਹੁਕਮ ਕੀਤਾ ਸੀ ਕਿ ਜਿਥੇ ਗੁਰੂ ਦੀ ਭੇਟਾ ਚੜ੍ਹਦੀ ਜਵਾਨੀ ਹੋਵੇਗੀ, ਉਥੇ ਗੁਰੂ ਦੀ ਭੇਟਾ ਵਧੀਆ ਸ਼ਸਤਰ ਹੋਣਗੇ, ਗੁਰੂ ਦੀ ਭੇਟਾ ਵਧੀਆ ਘੋੜੇ ਹੋਣਗੇ। ਨਾਲ ਦੇ ਨਾਲ ਮੀਰੀ ਪੀਰੀ ਦੇ ਮਾਲਿਕ ਨੇ ਸਿੱਖਾਂ ਨੂੰ ਇੱਕ ਹੁਕਮ ਵੀ ਸੁਣਾ ਦਿੱਤਾ ਸੀ ਕਿ ਮੇਰੇ ਹਰ ਸਿੱਖ ਦੇ ਘਰ ਵਿੱਚ ਦੋ ਚੀਜਾਂ ਹਰ ਸਮੇ ਤਿਆਰ ਰਹਿਣੀਆਂ ਚਾਹੀਦੀਆਂ ਹਨ ਨੇ, ਉਹ ਦੋ ਚੀਜਾਂ ਪਤਾ ਕੀ ਸਨ? ਕਿ ਮੇਰੇ ਸਿੱਖ ਦੇ ਘਰ ਵਿੱਚ ਹਰ ਸਮੇ ਦੇਗ ਅਤੇ ਤੇਗ ਤਿਆਰ ਹੋਣੀ ਚਾਹੀਦੀ ਹੈ। ਸਿੱਖਾਂ ਨੇ ਸਵਾਲ ਕੀਤਾ “ਪਾਤਸ਼ਾਹ ਇਹ ਦੋ ਚੀਜਾਂ ਹਰ ਸਮੇ ਤਿਆਰ ਕਿਉਂ ਰਹਿਣੀਆਂ ਚਾਹੀਦੀਆਂ ਨੇ? “ਪਾਤਸ਼ਾਹ ਨੇ ਜਵਾਬ ਦਿੱਤਾ “ਜੇਕਰ ਕੋਈ ਲੋੜਵੰਦ ਭੁੱਖਾ ਪਿਆਸਾ ਕਿਸੇ ਸਿੱਖ ਦੇ ਘਰ ਆ ਜਾਵੇ ਤਾਂ ਦੇਗ ਹਰ ਸਮੇ ਤਿਆਰ ਰਹਿਣੀ ਚਾਹੀਦੀ ਹੈ। ਜੇਕਰ ਕੋਈ ਸਿਰ ਫਿਰਿਆ ਆਕੀ ਆ ਜਾਵੇ ਤਾਂ ਉਸ ਲਈ ਤੇਗ ਵੀ ਹਰ ਸਮੇ ਤਿਆਰ ਰਹਿਣੀ ਚਾਹੀਦੀ ਹੈ। “ਭਾਵੇ ਕਿ ਅਸੀ ਰੋਜ਼ਾਨਾ ਅਰਦਾਸ ਵਿੱਚ ਇਹੀ ਕਹਿੰਦੇ ਹਾਂ “ਦੇਗ-ਤੇਗ ਫ਼ਤਹਿ” ਪਰ ਗੁਰੂ ਸਾਹਿਬ ਦਾ ਇਹ ਹੁਕਮ ਘਰਾਂ ਵਿਚੋ ਤਾਂ ਕੀ ਅਜ ਕਲ੍ਹ ਬਹੁਗਿਣਤੀ ਗੁਰਦੁਆਰਿਆਂ ਵਿਚੋਂ ਵੀ ਗੁਆਚ ਕੇ ਰਹਿ ਗਿਆ ਹੈ।

ਅਸੀ ਬਾਤ ਕਰ ਰਹੇ ਸੀ 7-8 ਪੋਹ ਦੀ ਰਾਤ ਦੀ ਕਿ ਇਸ ਰਾਤ ਨੂੰ ਕਲਗੀਧਰ ਪਾਤਸ਼ਾਹ ਨੂੰ ਨੀਂਦਰ ਨਹੀ ਆਈ, ਕਿਉਂਕਿ ਇਸ ਰਾਤ ਨੂੰ ਸਿੰਘ, ਸੂਰਬੀਰਾਂ ਅਤੇ ਸਾਹਿਬਜਾਦਿਆਂ ਤੋਂ ਆਪਣਾ ਪਿਆਰ ਨਿਛਾਵਰ ਕਰਦੇ ਰਹੇ ਸਨ।

********* (ਚਲਦਾ … ….)

ਨੋਟ:- ਪਾਠਕਾ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਪੁਸਤਕ ‘ਸਾਕਾ ਚਮਕੌਰ`ਅਤੇ ਅਜੋਕੇ ਹਾਲਾਤ  ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋ ਪੇਸ਼ ਕਰਦੀ ਹੈ, ਜੋ ਛਪਾਈ ਅਧੀਨ ਹੈ। ਛਾਪਣ ਤੋ ਪਹਿਲਾ ਭਾਈ ਕਾਮਰੇਟ ਸਿੰਘ ਵਲੋ ਸੰਪਾਦਿਤ ਇਹ ਪੁਸਤਕ ਸੂਝਵਾਨ ਪਾਠਕਾਂ ਦੇ ਸਾਹਮਣੇ 13 ਕਿਸ਼ਤਾ ਵਿੱਚ ਲੜੀਵਾਰ ਪੇਸ਼ ਕੀਤੀ ਜਾ ਰਹੀ ਹੈ। ਜੇ ਕਿਸੇ ਪਾਠਕ ਦਾ ਇਸ ਬਾਰੇ ਕੋਈ ਹੋਰ ਉਸਾਰੂ ਸੁਝਾਅ ਹੋਵੇ ਤਾਂ ਦਾਸ ਉਸਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ।

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201/6 ਮੁਹੱਲਾ ਸੰਤਪੁਰਾ, ਕਪੂਰਥਲਾ

98720-76876

ਈ. ਮੇਲ-sukhjit.singh69@yahoo.com




.