.

ਸਿੱਖ, ਜਾਤਿ-ਪਾਤਿ ਤੋਂ ਰਹਿਤ!

{ਦੂਜੀ ਕਿਸ਼ਤ}

ਜਾਤਿ-ਪਾਤਿ ਬਾਰੇ ਗੁਰੂ ਅੰਗਦ ਸਾਹਿਬ ਅਤੇ ਗੁਰੂ ਅਮਰਦਾਸ ਸਾਹਿਬ ਸੱਭ ਨੂੰ ਓਪਦੇਸ਼ ਕਰਦੇ ਹਨ:

ਗੁਰੂ ਗਰੰਥ ਸਾਹਿਬ ਪੰਨਾ ੧੫੦: ਵਾਰ ਮਾਝ ਕੀ ਮ: ੨॥ ਅਗੀ ਪਾਲਾ ਕਿ ਕਰੇ ਸੂਰਜ ਕੇਹੀ ਰਾਤਿ॥ ਚੰਦ ਅਨੇਰਾ ਕਿ ਕਰੇ ਪਉਣ ਪਾਣੀ ਕਿਆ ਜਾਤਿ॥ ਧਰਤੀ ਚੀਜੀ ਕਿ ਕਰੇ ਜਿਸੁ ਵਿਚਿ ਸਭੁ ਕਿਛੁ ਹੋਇ॥ ਨਾਨਕ ਤਾ ਪਤਿ ਜਾਣੀਐ ਜਾ ਪਤਿ ਰਖੈ ਸੋਇ॥ ੨॥

ਅਰਥ: ਜਿਵੇਂ ਸਰਦੀ ਅੱਗ ਦਾ ਕੁੱਝ ਨਹੀਂ ਵਿਗਾੜ ਸਕਦੀ, ਰਾਤ ਸੂਰਜ `ਤੇ ਕੋਈ ਅਸਰ ਨਹੀਂ ਕਰ ਸਕਦੀ ਅਤੇ ਅੰਧੇਰਾ ਚੰਦ ਦਾ ਕੋਈ ਨੁਕਸਾਨ ਨਹੀਂ ਕਰ ਸਕਦਾ, ਇਵੇਂ ਹੀ ਅਖੌਤੀ ਉੱਚੀ-ਨੀਵੀਂ ਜਾਤਿ ਦਾ ਵਿਤਕਰਾ ਕੁਦਰਤੀ ਹਵਾ ਅਤੇ ਪਾਣੀ `ਤੇ ਕੋਈ ਅਸਰ ਨਹੀਂ ਕਰ ਸਕਦਾ! ਜਿਸ ਧਰਤੀ ਵਿਚੋਂ ਬੇਅੰਤ ਪਦਾਰਥ ਪੈਦਾ ਹੁੰਦੇ ਹਨ, ਉਹ ਧਰਤੀ ਦਾ ਕੋਈ ਵਿਗਾੜ ਨਹੀਂ ਕਰ ਸਕਦੇ। ਗੁਰੂ ਅੰਗਦ ਸਾਹਿਬ ਬਿਆਨ ਕਰਦੇ ਹਨ ਕਿ ਉਸ ਪ੍ਰਾਣੀ ਨੂੰ ਹੀ ਪਤਵੰਤਾ ਸਮਝਿਆ ਜਾ ਸਕਦਾ ਹੈ, ਜਿਸ ਉੱਪਰ ਅਕਾਲ ਪੁਰਖ ਦੀ ਬਖਸ਼ਿਸ਼ ਹੋ ਗਈ ਹੋਵੇ ਕਿਉਂਕ ਆਪਣੇ ਆਪ ਬਣਾਈ ਇੱਜ਼ਤ ਦਾ ਕੀ ਮਾਣ? (੨)

ਪੰਨਾ ੧੨੩੭-੧੨੩੮: ਸਾਰੰਗ ਕੀ ਵਾਰ ਸਲੋਕ ਮਹਲਾ ੨॥ ਆਪਿ ਉਪਾਏ ਨਾਨਕਾ ਆਪੇ ਰਖੈ ਵੇਕ॥ ਮੰਦਾ ਕਿਸ ਨੋ ਆਖੀਐ ਜਾਂ ਸਭਨਾ ਸਾਹਿਬੁ ਏਕੁ॥ ਸਭਨਾ ਸਾਹਿਬੁ ਏਕੁ ਹੈ ਵੇਖੈ ਧੰਧੈ ਲਾਇ॥ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹਿ॥ ਆਵਹਿ ਨੰਗੇ ਜਾਹਿ ਨੰਗੇ ਵਿਚੇ ਕਰਹਿ ਵਿਥਾਰ॥ ਨਾਨਕ ਹੁਕਮੁ ਨ ਜਾਣੀਐ ਅਗੈ ਕਾਈ ਕਾਰ॥ ੧॥

ਅਰਥ: ਗੁਰੂ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਆਪ ਹੀ ਸੱਭ ਜੀਆਂ ਨੂੰ ਪੈਦਾ ਕਰਦਾ ਹੈ ਅਤੇ ਆਪ ਹੀ ਉਨ੍ਹਾਂ ਨੂੰ ਅਲੱਗ ਅਲੱਗ ਰੱਖਦਾ ਹੈ। ਜਦੋਂ ਸਾਰਿਆਂ ਜੀਆਂ ਵਿੱਚ ਅਕਾਲ ਪੁਰਖ ਦੀ ਹੀ ਆਪਣੀ ਹੋਂਦ ਵਿਚਰ ਰਹੀ ਹੈ ਤਾਂ ਕਿਸੇ ਨੂੰ ਵੀ ਮੰਦਾ ਨਹੀਂ ਕਿਹਾ ਜਾ ਸਕਦਾ! ਅਕਾਲ ਪੁਰਖ ਆਪ ਹੀ ਸੱਭ ਦਾ ਮਾਲਕ ਹੈ ਅਤੇ ਹਰੇਕ ਨੂੰ ਕੰਮ `ਤੇ ਲਾ ਕੇ, ਉਨ੍ਹਾਂ ਦੀ ਦੇਖ-ਭਾਲ ਕਰ ਰਿਹਾ ਹੈ। ਅਕਾਲ ਪੁਰਖ ਆਪ ਹੀ ਕਈਆਂ ਉੱਪਰ ਜ਼ਿਆਦਾ ਬਖਸ਼ਿਸ਼ ਕਰ ਦਿੰਦਾ ਹੈ ਅਤੇ ਕਿਸੇ ਉੱਪਰ ਘਟ, ਪਰ ਕੋਈ ਵੀ ਮਾਇਆ ਦੇ ਪ੍ਰਭਾਵ ਤੋਂ ਬਚਿਆ ਹੋਇਆ ਨਹੀਂ। ਇਸ ਸੰਸਾਰ ਵਿਖੇ ਪ੍ਰਾਣੀ ਖ਼ਾਲੀ ਹੱਥ ਆਉਂਦਾ ਹੈ ਅਤੇ ਖ਼ਾਲੀ ਹੱਥ ਹੀ ਇਥੋਂ ਚਲੇ ਜਾਂਦਾ ਹੈ, ਪਰ ਫਿਰ ਵੀ ਪ੍ਰਾਣੀ ਆਪਣੀ ਜ਼ਿੰਦਗੀ ਬਤੀਤ ਕਰਦਾ ਹੋਇਆ, ਕਈ ਤਰ੍ਹਾਂ ਦੇ ਅਡੰਬਰ ਰੱਚਦਾ ਰਹਿੰਦਾ ਹੈ। ਗੁਰੂ ਅੰਗਦ ਸਾਹਿਬ ਬਿਆਨ ਕਰਦੇ ਹਨ ਕਿ ਪ੍ਰਾਣੀ ਅਕਾਲ ਪੁਰਖ ਦੇ ਹੁਕਮ ਨੂੰ ਨਹੀਂ ਜਾਣਦਾ ਕਿ ਮੌਤ ਤੋਂ ਬਾਅਦ ਕਿਹੜੀ ਕਾਰ-ਵਿਹਾਰ ਕਰਨੀ ਪਏਗੀ? (੧)

ਪੰਨਾ ੧੨੪੩: ਸਲੋਕ ਮ: ੨॥ ਕਥਾ ਕਹਾਣੀ ਬੇਦਂੀ ਆਣੀ ਪਾਪੁ ਪੁੰਨੁ ਬੀਚਾਰੁ॥ ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ॥ ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ॥ ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ॥ ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤਂੀ ਕਰਮਿ ਧਿਆਈ॥ ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ॥ ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ॥ ੧॥

ਅਰਥ: ਹਿੰਦੂਆਂ ਦੇ ਵੇਦਾਂ ਤੋਂ ਠੀਕ ਅਗਵਾਈ ਨਹੀੰ ਮਿਲਦੀ ਕਿਉਂਕਿ ਉਹ ਤਾਂ ਪਾਪ-ਪੁੰਨ ਦੇ ਕਰਮ-ਕਾਂਡ ਵਿੱਚ ਹੀ ਪਏ ਰਹਿੰਦੇ ਹਨ ਅਤੇ ਇਨ੍ਹਾਂ ਅਨੁਸਾਰ ਜੋ ਪ੍ਰਾਣੀ ਦਿੰਦਾ ਹੈ, ਉਹੀ ਉਸ ਨੂੰ ਫਿਰ ਪ੍ਰਾਪਤ ਹੁੰਦਾ ਹੈ ਅਤੇ ਉਸ ਮੁਤਾਬਿਕ ਹੀ ਨਰਕ-ਸੁਰਗ ਦਾ ਡਰ ਪਿਆ ਰਹਿੰਦਾ ਹੈ। ਇਵੇਂ ਹੀ ਵੇਦਾਂ ਅਨੁਸਾਰ ਪ੍ਰਾਣੀ ਉੱਚੀ-ਨੀਵੀਂ ਜਾਤ ਦੇ ਭਰਮ ਵਿੱਚ ਪਿਆ ਰਹਿੰਦਾ ਹੈ। ਪਰ, ਅਕਾਲ ਪੁਰਖ ਵਲੋਂ ਬਖਸ਼ਿਸ਼ ਹੋਈ ਅੰਮ੍ਰਿਤ ਗੁਰਬਾਣੀ ਨੇਕੀ ਦਾ ਮਾਰਗ ਸਮਝਾਉਂਦੀ ਹੈ। ਗੁਰਮੁੱਖ ਪਿਆਰੇ ਅਕਾਲ ਪੁਰਖ ਦੇ ਗੁਣਾਂ ਦੀ ਵਿਚਾਰ ਕਰਕੇ, ਆਪਣੀ ਸੁਰਤ ਜੋੜੀ ਰੱਖਦੇ ਹਨ। ਇੰਜ, ਗੁਰਮੁੱਖ ਪਿਆਰੇ ਅਕਾਲ ਪੁਰਖ ਦੇ ਹੁਕਮ ਵਿੱਚ ਲੀਨ ਰਹਿੰਦ ਹਨ। ਗੁਰੂ ਅੰਗਦ ਸਾਹਿਬ ਫੁਰਮਾਉਂਦੇ ਹਨ ਕਿ ਅਕਾਲ ਪੁਰਖ ਦੀ ਮਿਹਰ ਸਦਕਾ, ਗੁਰਮੁੱਖ ਪ੍ਰਾਣੀ ਹਉਮੈ ਤੋਂ ਛੁੱਟਕਾਰਾ ਪਾ ਲੈਂਦੇ ਹਨ। (੧)

ਪੰਨਾ ੬੭: ਸਿਰੀਰਾਗੁ ਮਹਲਾ ੩॥ ਨਾਮਾ ਛੀਬਾ ਕਬੀਰੁ ਜ+ਲਾਹਾ ਪੂਰੇ ਗੁਰ ਤੇ ਗਤਿ ਪਾਈ॥ ਬ੍ਰਹਮ ਕੇ ਬੇਤੇ ਸਬਦੁ ਪਛਾਣਹਿ ਹਉਮੈ ਜਾਤਿ ਗਵਾਈ॥ ਸੁਰਿ ਨਰ ਤਿਨ ਕੀ ਬਾਣੀ ਗਾਵਹਿ ਕੋਇ ਨ ਮੇਟੈ ਭਾਈ॥ ੩॥

ਅਰਥ: ਗੁਰੂ ਅਮਰਦਾਸ ਸਾਹਿਬ ਕਿਰਤੀ ਭਗਤਾਂ ਦੀ ਮਿਸਾਲ ਦੇ ਕੇ ਸਾਨੂੰ ਸਮਝਾਉਂਦੇ ਹਨ ਕਿ ਕਿਵੇਂ ਛੀਂਬਾ ਨਾਮਾ ਜੀ ਅਤੇ ਜੁਲਾਹਾ ਕਬੀਰ ਜੀ ਨੇ ਅਕਾਲ ਪੁਰਖ ਦੀ ਭਗਤੀ ਕਰਕੇ, ਉੱਤਮ ਅਵਸਥਾ ਪ੍ਰਾਪਤ ਕਰ ਲਈ। ਇਵੇਂ ਹੀ, ਪ੍ਰਭੂ ਦੀ ਸਿਖਿਆ ਗ੍ਰਹਿਣ ਕਰਕੇ, ਆਪਣੇ ਅੰਦਰੋਂ ਹਉਮੈ ਵਾਲੀ ਬ੍ਰਿਤੀ ਹੀ ਖ਼ੱਤਮ ਕਰ ਦਿੱਤੀ। ਇੰਜ, ਐਸੇ ਭਗਤਾਂ ਦੀ ਉਚਾਰਣ ਕੀਤੀ ਹੋਈ ਬਾਣੀ ਦਾ ਗਾਇਨ ਕੀਤਾ ਜਾਂਦਾ ਹੈ, ਜਿਸ ਨੂੰ ਕੋਈ ਪ੍ਰਾਣੀ ਭੁਲਾਅ ਨਹੀਂ ਸਕਦਾ। (੩)

ਪੰਨਾ ੧੧੨: ਮਾਝ ਮਹਲਾ ੩॥ ਦੇਹੀ ਜਾਤਿ ਨਾ ਆਗੈ ਜਾਏ॥ ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥ ਸਤਿਗੁਰੁ ਸੇਵਨਿ ਸੇ ਧੰਨਵੰਤੇ ਐਥੈ ਓਥੈ ਨਾਮਿ ਸਮਾਵਣਿਆ॥ ੩॥ ੪॥ ੫॥

ਅਰਥ: ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਦੀ ਹਜ਼ੂਰੀ ਵਿੱਚ ਪ੍ਰਾਣੀ ਦਾ ਨਾਹ ਸਰੀਰ ਅਤੇ ਨਾਹ ਹੀ ਉਸ ਦੀ ਉੱਚੀ ਜਾਤਿ ਜਾਂਦੀ ਹੈ। ਅਕਾਲ ਪੁਰਖ ਦੇ ਦਰਬਾਰ ਵਿਖੇ ਤਾਂ ਸਚਿਆਰ ਕਮਾਈ ਦੇ ਅਨੁਸਾਰ ਹੀ ਨਿਵੇੜਾ ਹੁੰਦਾ ਹੈ। ਜਿਹੜੇ ਪ੍ਰਾਣੀ ਅਕਾਲ ਪੁਰਖ ਦੇ ਹੁਕਮ ਅਨੁਸਾਰ ਵਿਚਰਦੇ ਹਨ, ਉਨ੍ਹਾਂ ਦਾ ਹੀ ਜੀਵਨ ਸਫਲ ਸਮਝਿਆ ਜਾਂਦਾ ਹੈ।

ਪੰਨਾ ੩੬੩: ਆਸਾ ਮਹਲਾ ੩॥ ਆਗੈ ਜਾਤਿ ਰੂਪੁ ਨ ਜਾਇ॥ ਤੇਹਾ ਹੋਵੈ ਜੇਹੇ ਕਰਮ ਕਮਾਇ॥ ਸਬਦੇ ਊਚੋ ਊਚਾ ਹੋਇ॥ ਨਾਨਕ ਸਾਚਿ ਸਮਾਵੈ ਸੋਇ॥ ੪॥ ੮॥ ੪੭॥

ਅਰਥ: ਗੁਰੂ ਅਮਰਦਾਸ ਸਾਹਿਬ ਫੁਰਮਾਉਂਦੇ ਹਨ ਕਿ ਐ ਪ੍ਰਾਣੀ, ਉੱਚੀ ਜਾਤਿ ਅਤੇ ਸੋਹਣੇ ਰੂਪ ਦਾ ਕਿਉਂ ਘਮੰਡ ਕਰਦਾ ਹੈਂ ਕਿਉਂਕਿ ਇਹ ਤੇਰੇ ਨਾਲ ਨਹੀਂ ਜਾਣੇ! ਇਨਸਾਨ ਦੀ ਪਹਿਚਾਨ ਤਾਂ ਕੀਤੇ ਕੰਮਾਂ ਕਰਕੇ ਹੁੰਦੀ ਹੈ, ਜਿਵੇਂ ਇਲਾਹੀ ਸਿੱਖਿਆ ਮੁਤਾਬਿਕ ਹੀ ਸਚੁੱਜਾ ਗਿਣਿਆ ਜਾਂਦਾ ਹੈ। ਐਸਾ ਸਚਿਆਰ ਪ੍ਰਾਣੀ ਹੀ ਅਕਾਲ ਪੁਰਖ ਨਾਲ ਲੀਨ ਹੋ ਸਕਦਾ ਹੈ।

ਪੰਨਾ ੪੨੬: ਆਸਾ ਮਹਲਾ ੩॥ ਭਗਤਿ ਰਤੇ ਸੇ ਊਤਮਾ ਜਤਿ ਪਤਿ ਸਬਦੇ ਹੋਇ॥ ਬਿਨੁ ਨਾਵੈ ਸਭ ਨੀਚ ਜਾਤਿ ਹੈ ਬਿਸਟਾ ਕਾ ਕੀੜਾ ਹੋਇ॥ ੭॥ ੩੦॥

ਅਰਥ: ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਜਿਹੜੇ ਪ੍ਰਾਣੀ ਅਕਾਲ ਪੁਰਖ ਦੀ ਭਗਤੀ ਵਿੱਚ ਲੀਨ ਹੋਏ ਰਹਿੰਦੇ ਹਨ, ਉਨ੍ਹਾਂ ਨੂੰ ਹੀ ਉੱਚੀ ਜਾਤਿ ਵਾਲਾ ਕਿਹਾ ਜਾ ਸਕਦਾ ਹੈ। ਅਕਾਲ ਪੁਰਖ ਦੇ ਸੱਚੇ ਨਾਮ ਤੋਂ ਬਿਨਾ, ਸਾਰੀ ਲੋਕਾਈ ਨੀਵੀਂ ਜਾਤਿ ਵਾਲੀ ਹੈ ਕਿਉਂਕਿ ਉਨ੍ਹਾਂ ਦਾ ਜੀਵਨ ਵਿਸ਼ਟਾ ਦੇ ਕੀੜੇ ਵਾਂਗ ਹੀ ਵਿਚਰਦਾ ਹੈ।

ਪੰਨਾ ੪੨੯: ਆਸਾ ਮਹਲਾ ੩॥ ਹਉਮੈ ਮੇਰਾ ਜਾਤਿ ਹੈ ਅਤਿ ਕ੍ਰੋਧੁ ਅਭਿਮਾਨ॥ ਸਬਦਿ ਮਰੈ ਤਾ ਜਾਤਿ ਜਾਇ ਜੋਤੀ ਜੋਤਿ ਮਿਲੈ ਭਗਵਾਨੁ॥ ੨॥

ਅਰਥ: ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਇਨਸਾਨ ਦਾ ਅਹੰਕਾਰ, ਅਕਾਲ ਪੁਰਖ ਤੋਂ ਅਲੱਗ ਕਰ ਦਿੰਦਾ, ਜਿਸ ਕਰਕੇ ਪ੍ਰਾਣੀ ਕ੍ਰੋਧ ਅਤੇ ਹੳੇੁਮੈ ਵਿੱਚ ਹੀ ਗ੍ਰਸਿਆ ਰਹਿੰਦਾ ਹੈ। ਜੇ ਪ੍ਰਾਣੀ ਗੁਰ-ਸਿਖਿਆ ਨੂੰ ਗ੍ਰਹਿਣ ਕਰ ਲਏ ਤਾਂ ਉਹ ਆਪਣੀ ਜਾਤਿ ਦੇ ਘਮੰਡ ਤੋਂ ਛੁੱਟਕਾਰਾ ਪਾ ਕੇ, ਅਕਾਲ ਪੁਰਖ ਨਾਲ ਇਕ-ਮਿਕ ਹੋ ਜਾਂਦਾ ਹੈ।

ਪੰਨਾ ੪੨੯-੩੦: ਆਸਾ ਮਹਲਾ ੩॥ ਭਗਤਾ ਕੀ ਜਤਿ ਪਤਿ ਏਕ+ ਨਾਮੁ ਹੈ ਆਪੇ ਲਏ ਸਵਾਰਿ॥ ਸਦਾ ਸਰਣਾਈ ਤਿਸ ਕੀ ਜਿਉ ਭਾਵੈ ਤਿਉ ਕਾਰਜੁ ਸਾਰਿ॥ ੮॥

ਅਰਥ: ਗੁਰੂ ਅਮਰਦਾਸ ਸਾਹਿਬ ਫੁਰਮਾਉਂਦੇ ਹਨ ਕਿ ਅਕਾਲ ਪੁਰਖ ਦਾ ਸੱਚਾ ਨਾਮ ਹੀ ਭਗਤਾਂ ਲਈ ਉੱਚੀ ਜਾਤਿ-ਪਾਤਿ ਹੈ ਅਤੇ ਪ੍ਰਭੂ ਹੀ ਉਨ੍ਹਾਂ ਦੀ ਰਹਿਨਮਾਈ ਕਰਦਾ ਹੈ। ਇੰਜ, ਭਗਤ ਸਦਾ ਅਕਾਲ ਪੁਰਖ ਦੀ ਸ਼ਰਣ ਗ੍ਰਹਿਣ ਕਰ ਲੈਂਦੇ ਹਨ ਅਤੇ ਉਨ੍ਹਾਂ ਦੇ ਸਾਰੇ ਕੰਮ ਅਕਾਲ ਪੁਰਖ ਦੇ ਹੁਕਮ ਅਨੁਸਾਰ ਸਫਲੇ ਹੁੰਦੇ ਰਹਿੰਦੇ ਹਨ।

ਪੰਨਾ ੫੧੪: ਗੂਜਰੀ ਕੀ ਵਾਰ ਮਹਲਾ ੩॥ ਪਉੜੀ॥ ਅਗੈ ਨਾਉ ਜਾਤਿ ਨਾ ਜਾਇਸੀ ਮਨਮੁਖਿ ਦੁਖੁ ਖਾਤਾ॥ ਰਸਨਾ ਹਰਿ ਰਸੁ ਨ ਚਖਿਓ ਫੀਕਾ ਬੋਲਾਤਾ॥ ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ ਸੇ ਜਨ ਤ੍ਰਿਪਤਾਤਾ॥ ੧੫॥

ਅਰਥ: ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਅਕਾਲ ਪੁਰਖ ਦੀ ਦਰਗਾਹ ਵਿਖੇ ਤੇਰੇ ਵੱਡੇ ਨਾਂ ਤੇ ਜਾਤਿ ਦੀ ਕਿਸੇ ਨੇ ਕੋਈ ਪ੍ਰਵਾਹ ਨਹੀਂ ਕਰਨੀ, ਅਤੇ ਫਿਰ ਇਨ੍ਹਾਂ ਦੇ ਦੁਖਾਂਤ ਵਿੱਚ ਕਿਉਂ ਪਿਆ ਹੋਇਆ ਹੈਂ। ਅਕਾਲ ਪੁਰਖ ਦੇ ਨਾਮ ਦਾ ਸਿਮਰਨ ਕਰਨ ਦੀ ਬਜਾਏ, ਤੂੰ ਐਵੇਂ ਹੀ ਫਿੱਕਾ ਬੋਲਦਾ ਰਹਿੰਦਾ ਹੈਂ। ਜਿਨ੍ਹਾਂ ਗੁਰਮੁੱਖ ਪ੍ਰਾਣੀਆਂ ਨੇ ਅਕਾਲ ਪੁਰਖ ਦੀ ਇਲਾਹੀ ਸਿਖਿਆ ਨੂੰ ਆਪਣੇ ਹਿਰਦੇ ਵਿੱਚ ਵਸਾਅ ਲਿਆ ਹੈ, ਉਹੀ ਸੰਤੁਸ਼ਟ ਰਹਿੰਦੇ ਹਨ।

ਪੰਨਾ ੧੦੯੪: ਮਾਰੂ ਵਾਰ ਮ: ੩॥ ਆਇਆ ਓਹੁ ਪਰਵਾਣੁ ਹੈ ਜਿ ਕੁਲ ਕਾ ਕਰੇ ਉਧਾਰੁ॥ ਅਗੈ ਜਾਤਿ ਨ ਪੁਛੀਐ ਕਰਣੀ ਸਬਦੁ ਹੈ ਸਾਰੁ॥

ਅਰਥ: ਗੁਰੂ ਅਮਰਦਾਸ ਸਾਹਿਬ ਫੁਰਮਾਉਂਦੇ ਹਨ ਕਿ ਇਸ ਸੰਸਾਰ ਵਿਖੇ ਉਸ ਪ੍ਰਾਣੀ ਦਾ ਆਉਂਣਾ ਸਫਲ ਹੈ, ਜਿਹੜਾ ਲੋਕਾਈ ਦੇ ਭਲੇ ਲਈ ਕੰਮ ਕਰਦਾ ਹੈ। ਅਕਾਲ ਪੁਰਖ ਦੇ ਦਰਬਾਰ ਵਿਖੇ, ਕਿਸੇ ਨੇ ਪ੍ਰਾਣੀ ਦੀ ਜਾਤਿ ਨਹੀਂ ਪੁੱਛਣੀ ਕਿਉਂਕਿ ਉੱਥੇ ਤਾਂ ਗੁਰ-ਓਪਦੇਸ਼ਾਂ ਅਨਸੁਾਰ ਕੀਤੇ ਕੰਮਾਂ ਦੀ ਹੀ ਸਾਰ ਲਈ ਜਾਂਦੀ ਹੈ।

ਪੰਨਾ ੧੧੨੮: ਰਾਗੁ ਭੈਰਉ ਮਹਲਾ ੩॥ ਜਾਤਿ ਕਾ ਗਰਬੁ ਨ ਕਰੀਅਹੁ ਕੋਈ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ॥ ੧॥

ਅਰਥ: ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਕਿਸੇ ਵੀ ਪ੍ਰਾਣੀ ਨੂੰ ਆਪਣੀ ਉੱਚੀ ਜਾਤਿ ਦਾ ਅਹੰਕਾਰ ਨਹੀਂ ਕਰਨਾ ਚਾਹੀਦਾ। ਜਾਤਿ ਦਾ ਲੇਬਲ ਚਪਕਾਅ ਕੇ ਕੋਈ ਬ੍ਰਾਹਮਣ ਨਹੀਂ ਬਣ ਜਾਂਦਾ ਕਿਉਂਕਿ ਉਸ ਪ੍ਰਾਣੀ ਨੂੰ ਹੀ ਬ੍ਰਹਾਮਣ ਕਿਹਾ ਜਾ ਸਕਦਾ ਹੈ, ਜਿਹੜਾ ਅਕਾਲ ਪੁਰਖ ਦੀ ਰਜ਼ਾਅ ਅਨੁਸਾਰ ਉਸ ਦਾ ਸਿਮਰਨ ਕਰਦਾ ਹੈ। (੧)

ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ॥ ੧॥ ਰਹਾਉ॥

ਅਰਥ: ਐ ਮੂਰਖ ਪ੍ਰਾਣੀ, ਤੂੰ ਆਪਣੀ ਉੱਚੀ ਜਾਤਿ ਦਾ ਅਹੰਕਾਰ ਨਾ ਕਰ ਕਿਉਂਕਿ ਜਾਤਿ ਦੇ ਘਮੰਡ ਕਰਕੇ, ਆਪਣੇ ਹੀ ਭਾਈਚਾਰੇ ਵਿਚ, ਕਈ ਤਰ੍ਹਾਂ ਦੇ ਵਿਕਾਰ ਪੈਦਾ ਕਰ ਦਿੱਤੇ ਹੋਏ ਹਨ! (੧-ਰਹਾਉ)

ਚਾਰੇ ਵਰਨ ਆਖੈ ਸਭੁ ਕੋਈ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ॥ ੨॥

ਅਰਥ: ਆਮ-ਤੌਰ ਤੇ ਇਹੀ ਕਿਹਾ ਜਾਂਦਾ ਹੈ ਕਿ ਸਾਰਾ ਸਮਾਜ ਚਾਰ ਜਾਤਾਂ ਵਿੱਚ ਵੰਡਿਆ ਹੋਇਆ ਹੈ, ਜਿਵੇਂ ਬ੍ਰਾਹਮਣ, ਖੱਤ੍ਰੀ, ਵੈਸ਼ ਅਤੇ ਸ਼ੂਦਰ ਵੱਖ ਵੱਖ ਜਾਤਾਂ ਹਨ। ਪਰ, ਲੋਕਾਈ ਨੂੰ ਇਹ ਸਮਝ ਨਹੀਂ ਆ ਰਹੀ ਕਿ ਅਸੀਂ ਸਾਰੇ ਪ੍ਰਾਣੀ ਅਕਾਲ ਪੁਰਖ ਦੇ ਇਲਾਹੀ ਅਸਲੇ ਤੋਂ ਹੀ ਪੈਦਾ ਹੁੰਦੇ ਹਾਂ। (੨)

ਮਾਟੀ ਏਕ ਸਗਲ ਸੰਸਾਰਾ॥ ਬਹੁ ਬਿਧਿ ਭਾਂਡੇ ਘੜੈ ਕੁਮ੍ਹਾਰਾ॥ ੩॥

ਅਰਥ: ਜਿਵੇਂ ਘੁਮਿਆਰ ਇੱਕੋ-ਜਿਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, ਤਿਵੇਂ ਹੀ ਇਹ ਸਾਰੀ ਲੋਕਾਈ ਅਕਾਲ ਪੁਰਖ ਦੀ ਜੋਤਿ ਤੋਂ ਬਣਾਈ ਹੋਈ ਹੈ। (੩)

ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥ ਘਟਿ ਵਧਿ ਕੋ ਕਰੈ ਬੀਚਾਰਾ॥ ੪॥

ਅਰਥ: ਪੰਜਾਂ ਤੱਤਾਂ ਦੁਆਰਾ ਹੀ ਹਰੇਕ ਸਰੀਰ ਦੀ ਬਣਤਰ ਬਣਦੀ ਹੈ। ਪਰ, ਕੋਈ ਇਹ ਨਹੀਂ ਕਹਿ ਸਕਦਾ ਕਿ ਕਿਸੇ ਪ੍ਰਾਣੀ ਵਿੱਚ ਤੱਤ ਘੱਟ ਹਨ ਅਤੇ ਕਿਸੇ ਹੋਰ ਪ੍ਰਾਣੀ ਵਿੱਚ ਤੱਤ ਵੱਧ ਹਨ। (੪)

ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ॥ ਬਿਨੁ ਸਤਿਗੁਰ ਭੇਟੇ ਮੁਕਿਤ ਨ ਹੋਈ॥ ੫॥ ੧॥

ਅਰਥ: ਗੁਰੂ ਅਮਰਦਾਸ ਸਾਹਿਬ ਫੁਰਮਾਉਂਦੇ ਹਨ ਕਿ ਭਾਵੇਂ ਕੋਈ ਬ੍ਰਾਹਮਣ ਹੈ ਜਾਂ ਸ਼ੂਦਰ, ਹਰੇਕ ਜੀਵ ਆਪੋ-ਆਪਣੇ ਕੀਤੇ ਕਰਮਾਂ ਦਾ ਬੱਧਾ ਹੋਇਆ ਹੈ। ਅਕਾਲ ਪੁਰਖ ਦੀ ਰਹਿਮਤ ਤੋਂ ਬਿਨਾਂ ਕਿਸੇ ਪ੍ਰਾਣੀ ਨੂੰ ਦੁਨਿਆਵੀਂ ਬੰਧਨਾਂ ਤੋਂ ਮੁਕਤੀ ਨਹੀਂ ਮਿਲ ਸਕਦੀ। (੫/੧)

ਪੰਨਾ ੧੧੨੮: ਰਾਗ ਭੈਰਉ ਮਹਲਾ ੩॥ ਚਹੁ ਵਰਨਾ ਵਿਚਿ ਜਾਗੈ ਕੋਇ॥ ਜਮੈ ਕਾਲੈ ਤੇ ਛੂਟੈ ਸੋਇ॥ ੫/੨॥

ਅਰਥ: ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਚੌਹਾਂ ਵਰਨਾਂ (ਬ੍ਰਾਹਮਣ, ਖੱਤ੍ਰੀ, ਵੈਸ਼ ਅਤੇ ਸ਼ੂਦਰ) ਵਿਚੋਂ ਕੋਈ ਵਿਰਲਾ ਪ੍ਰਾਣੀ ਮਾਇਆ ਦੇ ਮੋਹ ਤੋਂ ਸੁਚੇਤ ਰਹਿੰਦਾ ਹੈ, ਪਰ ਜਿਹੜਾ ਇਨਸਾਨ ਅਕਾਲ ਪੁਰਖ ਨਾਲ ਜੁੜਿਆ ਰਹਿੰਦਾ ਹੈ, ਉਹ ਮੌਤ ਦੇ ਡਰ ਤੋਂ ਬਚਿਆ ਰਹਿੰਦਾ ਹੈ।

{…ਚਲਦਾ}

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ): ੧੫ ਦਸੰਬਰ ੨੦੧੩
.