.

ਧਰਮ ਦੀ ਸਮੱਸਿਆ-16

ਮਰਿਯਾਦਾ ਅਧਾਰਿਤ ਨਕਲੀ ਧਰਮ

ਹਰਚਰਨ ਸਿੰਘ ਪਰਹਾਰ (ਐਡੀਟਰ-ਸਿੱਖ ਵਿਰਸਾ)

Tel.: 403-681-8689 www.sikhvirsa.com

ਨੋਟ: ਅੱਜ ਦੇ ਪ੍ਰਚਲਤ 10-15 ਜਥੇਬੰਦਕ ਧਰਮਾਂ (ਧਾਰਮਿਕ ਫਿਰਕਿਆਂ) ਵਿੱਚ ਅਨੇਕਾਂ ਤਰ੍ਹਾਂ ਦੇ ਨਕਲੀ ਧਰਮ ਪ੍ਰਚਲਤ ਹੋ ਚੁੱਕੇ ਹਨ। ਜਿਨ੍ਹਾਂ ਤੇ ਪੁਜਾਰੀਆਂ, ਸਿਆਸਤਦਾਨਾਂ ਤੇ ਸਰਮਾਏਦਾਰਾਂ ਦੀ ਤਿੱਕੜੀ ਦਾ ਪੂਰਾ ਕਬਜ਼ਾ ਹੋ ਚੁੱਕਾ ਹੈ। ਧਰਮਾਂ ਦਾ ਤਕਰੀਬਨ 5 ਹਜ਼ਾਰ ਸਾਲ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹ ਤਿੱਕੜੀ ਰਲ਼ ਕੇ ਮਨੁੱਖਤਾ ਨੂੰ ਧਰਮ ਦੇ ਨਾਮ ਤੇ ਲੁੱਟਦੀ ਆ ਰਹੀ ਹੈ। ਧਰਮ ਇਨ੍ਹਾਂ ਲਈ ਪੈਸਾ ਕਮਾਉਣ ਦਾ ਧੰਦਾ ਤੇ ਸ਼ਰਧਾਲੂਆਂ ਦੀ ਤਾਕਤ ਨੂੰ ਆਪਣੇ ਸਿਆਸੀ ਮੁਫਾਦਾਂ ਲਈ ਵਰਤਣ ਦਾ ਜ਼ਰੀਆ ਹੈ। ਇਨ੍ਹਾਂ ਦਾ ਇਹ ਧੰਦਾ ਸਦੀਆਂ ਤੋਂ ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਕਰਮਕਾਂਡਾਂ ਦੇ ਅਧਾਰ ਤੇ ਚੱਲ ਰਿਹਾ ਹੈ। ਇਤਿਹਾਸ ਵਿੱਚ ਸਮੇਂ-ਸਮੇਂ ਅਨੇਕਾਂ ਸੱਚੇ ਮਨੁੱਖਤਾਵਾਦੀ ਧਰਮ ਗੁਰੂ, ਰਹਿਬਰ, ਪੀਰ-ਪੈਗੰਬਰ, ਮਹਾਂਪੁਰਸ਼ ਪੈਦਾ ਹੁੰਦੇ ਰਹੇ, ਜੋ ਮਨੁੱਖ ਨੂੰ ਅਸਲੀ ਧਰਮ ਨਾਲ ਜੋੜਦੇ ਰਹੇ, ਅਗਿਆਨਤਾ ਤੇ ਅੰਧ ਵਿਸ਼ਵਾਸ਼ ਦੀ ਬੇਹੋਸ਼ੀ ਵਿਚੋਂ ਜਗਾ ਕੇ ਸੱਚ ਦੇ ਰਾਹ ਪਾਉਂਦੇ ਰਹੇ। ਪਰ ਇਸ ਤਿਕੜੀ ਨੇ ਅਜਿਹੇ ਮਹਾਨ ਪੁਰਸ਼ਾਂ ਨੂੰ ਕਦੇ ਬਰਦਾਸ਼ਤ ਨਹੀਂ ਕੀਤਾ। ਉਨ੍ਹਾਂ ਨੂੰ ਸੂਲ਼ੀਆਂ, ਫਾਂਸੀਆਂ ਤੇ ਚੜ੍ਹਾਉਣ ਦੇ ਨਾਲ-ਨਾਲ ਉਨ੍ਹਾਂ ਦੀ ਵਿਚਾਰਧਾਰਾ ਨੂੰ ਖਤਮ ਕਰਨ ਦੀਆਂ ਸਾਜ਼ਿਸ਼ਾਂ ਰਚਦੇ ਰਹੇ ਤੇ ਅਨੇਕਾਂ ਤਰ੍ਹਾਂ ਦੀਆਂ ਮੁਸੀਬਤਾਂ ਉਨ੍ਹਾਂ ਦੇ ਰਾਹਾਂ ਵਿੱਚ ਖੜੀਆਂ ਕਰਦੇ ਰਹੇ। ਪਰ ਫਿਰ ਵੀ ਜਦੋਂ ਅਜਿਹੇ ਮਹਾਂਪੁਰਸ਼ ਆਪਣੀ ਨਵੀਂ ਤੇ ਵੱਖਰੀ ਵਿਚਾਰਧਾਰਾ ਮਨੁੱਖਤਾ ਨੂੰ ਦੇਣ ਵਿੱਚ ਸਫਲ ਹੋ ਜਾਂਦੇ ਤਾਂ ਉਨ੍ਹਾਂ ਦੇ ਸੰਸਾਰ ਤੋਂ ਚਲੇ ਜਾਣ ਤੋਂ ਬਾਅਦ ਸਮਾਂ ਪਾ ਕੇ ਇਹ ਤਿਕੜੀ ਨਵੇਂ ਰੂਪ ਵਿੱਚ ਉਸੇ ਮਹਾਂਪੁਰਸ਼ ਦੇ ਨਾਮ ਤੇ ਨਵੀਆਂ ਮਰਿਯਾਦਾਵਾਂ, ਕਰਮਕਾਂਡਾਂ ਤੇ ਚਿੰਨ੍ਹਾਂ ਨਾਲ ਲੈਸ ਹੋ ਕੇ ਨਵਾਂ ਧਾਰਮਿਕ ਫਿਰਕਾ ਖੜਾ ਕਰਕੇ ਉਨ੍ਹਾਂ ਦੇ ਅਨੁਆਈਆਂ ਨੂੰ ਆਪਣੇ ਨਕਲੀ ਧਰਮ ਦੇ ਮਾਇਆ ਜਾਲ ਵਿੱਚ ਫਸਾ ਲੈਂਦੇ। ਅੱਜ ਦੇ ਪ੍ਰਚਲਤ ਹਰ ਜਥੇਬੰਦਕ ਛੋਟੇ ਵੱਡੇ ਧਾਰਮਿਕ ਫਿਰਕੇ ਵਿੱਚ ਨਕਲੀ ਧਰਮਾਂ ਦਾ ਪੂਰਾ ਬੋਲਬਾਲਾ ਹੈ ਤੇ ਅਸਲੀ ਧਰਮ ਇਨ੍ਹਾਂ ਵਿਚੋਂ ਪੂਰੀ ਤਰ੍ਹਾਂ ਅਲੋਪ ਹੋ ਚੁੱਕਾ ਹੈ। ਹਰ ਧਾਰਮਿਕ ਫਿਰਕਾ ਝੂਠੀਆਂ, ਅੰਧ ਵਿਸ਼ਵਾਸ਼ੀ, ਅਗਿਆਨਤਾ ਭਰਪੂਰ ਰੀਤਾਂ-ਰਸਮਾਂ, ਕਰਾਮਾਤਾਂ, ਕਰਮਕਾਂਡਾਂ, ਮਰਿਯਾਦਾਵਾਂ, ਪ੍ਰੰਪਰਾਵਾਂ, ਧਾਰਮਿਕ ਚਿੰਨ੍ਹਾਂ ਦਾ ਮਿਲਗੋਭਾ ਜਿਹਾ ਨਕਲੀ ਧਰਮ ਬਣ ਚੁੱਕਾ ਹੈ। ਇਸ ਲੇਖ ਲੜੀ ਦਾ ਮਕਸਦ ਆਮ ਵਿਅਕਤੀ ਨੂੰ ਜਿਥੇ ਧਰਮ ਦੇ ਨਾਮ ਤੇ ਬਣੇ ਹੋਏ ਇਨ੍ਹਾਂ ਧਾਰਮਿਕ ਫਿਰਕਿਆਂ ਵਿਚਲੇ ਨਕਲੀ ਧਰਮਾਂ ਤੋਂ ਜਾਣੂ ਕਰਾਉਣਾ ਹੈ, ਉਥੇ ਅਸਲੀ ਧਰਮ ਦੀ ਜਾਣ ਪਛਾਣ ਕਰਾਉਣਾ ਵੀ ਹੈ ਤਾਂ ਕਿ ਲੋਕ ਸੱਚੇ ਤੇ ਅਸਲੀ ਧਰਮ ਨਾਲ ਜੁੜ ਸਕਣ। ਕੋਸ਼ਿਸ਼ ਇਹੀ ਹੈ ਕਿ ਲੋਕ ਬੇਹੋਸ਼ੀ ਤੋਂ ਜਾਗ ਪੈਣ ਤੇ ਪਛਾਣ ਕਰਨ ਦੇ ਸਮਰੱਥ ਹੋ ਸਕਣ ਕਿ ਜਿਸਨੂੰ ਉਹ ਤਨੋ, ਮਨੋ, ਧਨੋ ਧਰਮ ਸਮਝ ਕੇ ਆਪਾ ਨਿਛਾਵਰ ਕਰ ਰਹੇ ਹਨ, ਕੀ ਉਸ ਵਿੱਚ ਕੁੱਝ ਧਰਮ ਦਾ ਅੰਸ਼ ਹੈ ਵੀ ਜਾਂ ਉਹ ਸਿਰਫ ਪੁਜਾਰੀਆਂ ਦੀਆਂ ਬਣਾਈਆਂ ਅਗਿਆਨਤਾ ਤੇ ਅੰਧ ਵਿਸ਼ਵਾਸ਼ ਅਧਾਰਿਤ ਮਰਿਯਾਦਾਵਾਂ, ਰੀਤਾਂ-ਰਸਮਾਂ, ਕਰਮਕਾਂਡਾਂ ਦਾ ਭਾਰ ਹੀ ਢੋਹ ਰਹੇ ਹਨ। ਇਹ ਤਿਕੜੀ ਧਰਮ ਨੂੰ ਵਧਾਉਣ, ਧਰਮ ਦਾ ਰਾਜ ਸਥਾਪਿਤ ਕਰਨ ਅਤੇ ਧਰਮ ਨੂੰ ਖਤਰੇ ਦੇ ਨਾਂ ਤੇ ਪਿਛਲੇ 5 ਹਜ਼ਾਰ ਸਾਲਾਂ ਵਿੱਚ 15 ਹਜ਼ਾਰ ਤੋਂ ਵੱਧ ਯੁੱਧਾਂ ਰਾਹੀਂ ਮਨੁੱਖਤਾ ਦਾ ਵੱਡੇ ਪੱਧਰ ਤੇ ਘਾਣ ਕਰ ਚੁੱਕੀ ਹੈ। ਅੱਜ ਵੀ ਦੁਨੀਆਂ ਦੇ ਵੱਖ-ਵੱਖ ਖਿੱਤਿਆਂ ਵਿੱਚ ਧਰਮ ਅਧਾਰਿਤ ਹਥਿਆਰਬੰਦ ਸੰਗਠਨ ਧਰਮ ਨੂੰ ਖਤਰਾ, ਧਰਮ ਦਾ ਰਾਜ ਜਾਂ ਧਰਮ ਦਾ ਪ੍ਰਸਾਰ ਦੇ ਨਾਮ ਹੇਠ ਮਾਨਵਤਾ ਦਾ ਖੂਨ ਵਹਾ ਰਹੇ ਹਨ। ਅੱਜ ਕਿਸੇ ਵੀ ਅਖੌਤੀ ਧਰਮ ਨੂੰ ਖਤਰਾ ਨਾਸਤਿਕਾਂ, ਸਾਇੰਸਦਾਨਾਂ, ਅਧੁਨਿਕਵਾਦੀਆਂ ਜਾਂ ਧਰਮ ਵਿਰੋਧੀਆਂ ਤੋਂ ਨਹੀਂ, ਇਨ੍ਹਾਂ ਨਕਲੀ ਧਰਮਾਂ ਤੇ ਕਾਬਿਜ਼ ਇਸ ਤਿੱਕੜੀ ਤੋਂ ਹੈ। ਇਨ੍ਹਾਂ ਤੇ ਕਾਬਿਜ਼ ਕੱਟੜਪੰਥੀ ਤਾਕਤਾਂ ਤੋਂ ਹੈ, ਜੋ ਆਪਣੇ ਫਿਰਕੇ ਦੀਆਂ ਧਾਰਮਿਕ ਰਸਮਾਂ ਜਾਂ ਧਾਰਮਿਕ ਚਿੰਨ੍ਹਾਂ ਨੂੰ ਹੀ ਧਰਮ ਸਮਝਦੀਆਂ ਹਨ ਹੈ ਤੇ ਇਨ੍ਹਾਂ ਨੂੰ ਲੋਕਾਂ ਤੇ ਤਾਕਤ ਦੇ ਜ਼ੋਰ ਨਾਲ ਥੋਪਣਾ ਚਾਹੁੰਦੀਆਂ ਹਨ। ਤੁਸੀਂ ਇਸ ਲੇਖ ਲੜੀ ਬਾਰੇ ਆਪਣੇ ਵਿਚਾਰ ਭੇਜ ਸਕਦੇ ਹੋ ਤਾਂ ਕਿ ਗੱਲ ਅੱਗੇ ਤੁਰ ਸਕੇ। ਤੁਹਾਡੇ ਸੁਝਾਵਾਂ ਤੇ ਵਿਚਾਰਾਂ ਬਾਰੇ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇਗੀ।

ਨਕਲੀ ਧਰਮਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਚਰਚਾ ਵਿੱਚ ਅੱਜ ਅਸੀਂ ਮਰਿਯਾਦਾ ਅਧਾਰਿਤ ਨਕਲੀ ਧਰਮ ਤੇ ਵਿਚਾਰ ਕਰਾਂਗੇ। ਅਸਲ ਵਿੱਚ ਜੇ ਧਿਆਨ ਨਾਲ ਦੇਖਿਆ ਜਾਵੇ ਤਾਂ ਨਕਲੀ ਧਰਮਾਂ ਦਾ ਬਹੁਤਾ ਦਾਰੋ-ਮਦਾਰ ਨਕਲੀ ਮਰਿਯਾਦਾਵਾਂ ਅਧਾਰਿਤ ਹੀ ਚੱਲ ਰਿਹਾ ਹੈ। ਸ਼ਰਧਾਲੂ ਲੋਕ, ਪੁਜਾਰੀਆਂ ਵਲੋਂ ਆਪਣਾ ਧਰਮ ਅਧਾਰਿਤ ਧੰਦਾ ਪੀੜ੍ਹੀ-ਦਰ-ਪੀੜ੍ਹੀ ਚਲਦਾ ਰੱਖਣ ਲਈ ਬਣਾਈਆਂ ਨਕਲੀ ਮਰਿਯਾਦਾਵਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਨੇਮ ਨਾਲ ਨਿਭਾਉਣ ਨੂੰ ਹੀ ਧਰਮ ਸਮਝਦੇ ਹਨ। ਪੁਜਾਰੀ ਆਪਣਾ ਧਰਮ ਪ੍ਰਚਾਰ ਅਜਿਹੇ ਢੰਗ ਨਾਲ ਕਰਦੇ ਹਨ ਕਿ ਆਮ ਮਨੁੱਖ ਨੂੰ ਅਸਲੀ ਧਰਮ ਤੇ ਨਕਲੀ ਧਰਮ ਦੀ ਮਰਿਯਾਦਾ ਦੀ ਪਛਾਣ ਹੀ ਭੁੱਲ ਜਾਂਦੀ ਹੈ। ਉਸਨੂੰ ਬਚਪਨ ਤੋਂ ਹੀ ਅਜਿਹੀ ਗੁੜ੍ਹਤੀ ਦੇ ਦਿੱਤੀ ਜਾਂਦੀ ਹੈ ਕਿ ਉਹ ਸਾਰੀ ਉਮਰ ਨਕਲੀ ਮਰਿਯਾਦਾਵਾਂ ਦੇ ਕਰਮਕਾਂਡੀ ਜਾਲ ਵਿੱਚ ਹੀ ਉਲਝਿਆ, ਇਸ ਸੰਸਾਰ ਨੂੰ ਅਲਵਿਦਾ ਆਖ ਜਾਂਦਾ ਹੈ ਤੇ ਉਸਨੂੰ ਅਸਲੀ ਧਰਮ ਦੇ ਦਰਸ਼ਨ ਹੀ ਨਹੀਂ ਹੁੰਦੇ। ਵਿਚਾਰ ਚਰਚਾ ਨੂੰ ਅੱਗੇ ਤੋਰਨ ਤੋਂ ਪਹਿਲਾਂ ਇਹ ਜਾਣ ਲੈਣਾ ਬੜਾ ਜਰੂਰੀ ਹੈ ਕਿ ਮਰਿਯਾਦਾ ਕਹਿੰਦੇ ਕਿਸਨੂੰ ਹਨ? ਵੈਸੇ ਅੱਖਰੀ ਅਰਥ ਦੇਖੇ ਜਾਣ ਤਾਂ ਮਰਿਯਾਦਾ ਦਾ ਭਾਵ ਹੈ ਕਿਸੇ ਅਨੁਸ਼ਾਸਨ (ਡਿਸਿਪਲਨ) ਵਿੱਚ ਰਹਿਣਾ, ਕਿਸੇ ਕਾਇਦੇ ਕਨੂੰਨ ਦੇ ਦਾਇਰੇ ਵਿੱਚ ਰਹਿਣਾ, ਕਿਸੇ ਕੰਮ ਨੂੰ ਨੇਮ ਦੇ ਨਾਲ ਬਿਨਾਂ ਕਿਸੇ ਹੀਲ-ਹੁੱਜਤ ਜਾਂ ਕਿੰਤੂ ਪ੍ਰੰਤੂ ਦੇ ਸਿਰ ਸੁੱਟ ਕੇ ਜਾਂ ਅੱਖਾਂ ਮੀਟ ਕੇ ਨਿਭਾਉਂਦੇ ਜਾਣਾ। ਕਈ ਵਾਰ ਪੁਜਾਰੀਆਂ ਦੀਆਂ ਬਣਾਈਆਂ ਧਾਰਮਿਕ ਮਰਿਯਾਦਾਵਾਂ ਦੀ ਦੇਸ਼ਾਂ ਦੇ ਕਨੂੰਨਾਂ ਜਾਂ ਸੰਵਿਧਾਨਾਂ ਨਾਲ ਵੀ ਤੁਲਨਾ ਕੀਤੀ ਜਾਂਦੀ ਹੈ। ਜਦੋਂ ਕੋਈ ਤਰਕਵਾਦੀ ਜਾਂ ਪੜ੍ਹਿਆ ਲਿਖਿਆ ਇਨਸਾਨ ਜਾਂ ਕੋਈ ਵਿਦਵਾਨ, ਪੁਜਾਰੀਆਂ ਦੀਆਂ ਫੋਕਟ ਮਰਿਯਾਦਾਵਾਂ ਜਾਂ ਮਾਨਤਾਵਾਂ ਦਾ ਵਿਰੋਧ ਕਰਦਾ ਹੈ ਤਾਂ ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਦੇਸ਼ ਜਾਂ ਸਮਾਜ ਨੂੰ ਚਲਾਉਣ ਲਈ ਸੰਵਿਧਾਨ ਜਾਂ ਕਨੂੰਨ ਦੀ ਲੋੜ ਹੈ, ਇਸੇ ਤਰ੍ਹਾਂ ਧਰਮ ਨੂੰ ਚਲਾਉਣ ਲਈ ਮਰਿਯਾਦਾ ਦਾ ਹੋਣਾ ਬੜਾ ਜਰੂਰੀ ਹੈ, ਇਸ ਲਈ ਧਰਮ ਦੀ ਮਰਿਯਾਦਾ ਤੇ ਨੁਕਤਾਚੀਨੀ ਕਰਨ ਦਾ ਕਿਸੇ ਨੂੰ ਕੋਈ ਹੱਕ ਨਹੀਂ, ਜਿਸ ਤਰ੍ਹਾਂ ਕਿ ਦੇਸ਼ ਦੇ ਕਨੂੰਨ ਤੇ ਕਿੰਤੂ ਕਰਨ ਦਾ ਆਮ ਵਿਅਕਤੀ ਨੂੰ ਹੱਕ ਨਹੀਂ ਹੁੰਦਾ, ਉਸਦਾ ਕੰਮ ਕਨੂੰਨ ਦੀ ਪਾਲਣਾ ਕਰਨਾ ਹੀ ਹੁੰਦਾ ਹੈ। ਧਰਮ ਦੀਆਂ ਫੋਕਟ ਮਰਿਯਾਦਾਵਾਂ ਦਾ ਵਿਰੋਧ ਕਰਨ ਨੂੰ ਧਰਮ ਦਾ ਵਿਰੋਧ ਕਰਨਾ ਕਿਹਾ ਜਾਂਦਾ ਹੈ। ਇਸ ਵਿਰੋਧ ਕਾਰਨ ਸ਼ਰਧਾਲੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦਾ ਦੋਸ਼ ਲਗਾ ਕੇ ਵਿਦਵਾਨਾਂ ਨੂੰ ਧਰਮ ਵਿਚੋਂ ਛੇਕਿਆ ਜਾਂਦਾ ਹੈ, ਉਨ੍ਹਾਂ ਤੇ ਨਾਸਤਿਕ ਤੇ ਧਰਮ ਵਿਰੋਧੀ ਹੋਣ ਦੇ ਇਲਜ਼ਾਮ ਲਗਾ ਕੇ ਬਦਨਾਮ ਕੀਤਾ ਜਾਂਦਾ ਹੈ। ਕਈ ਵਾਰ ਵਿਦਵਾਨਾਂ ਨੂੰ ਸਰੀਰਕ ਨੁਕਸਾਨ ਪਹੁੰਚਾਣ ਦੇ ਯਤਨ ਵੀ ਕੀਤੇ ਜਾਂਦੇ ਹਨ। ਦੂਜਿਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਣ ਦੇ ਨਾਮ ਤੇ ਕਨੂੰਨੀ ਕਾਰਵਾਈ ਕੀਤੀ ਜਾਂਦੀ ਹੈ। ਧਰਮ ਅਸਥਾਨਾਂ ਵਿੱਚ ਸਹਿਣਸ਼ੀਲਤਾ ਦਾ ਪ੍ਰਚਾਰ ਕਰਨ ਜਾਂ ਸੁਣਨ ਵਾਲੇ ਧਰਮੀ ਅਸਹਿਣਸ਼ੀਲ ਹੋਣ ਲੱਗੇ ਮਿੰਟ ਨਹੀਂ ਲਗਾਉਂਦੇ ਹਨ। ਕਿਹਾ ਤੇ ਇਹ ਜਾਂਦਾ ਹੈ ਕਿ ‘ਮਜ਼ਹਬ ਨਹੀਂ ਸਿਖਾਤਾ, ਆਪਸ ਮੇਂ ਵੈਰ ਰੱਖਨਾ’ ਪਰ ਤੁਸੀਂ ਪੁਜਾਰੀਆਂ ਦੀਆਂ ਫੋਕਟ ਤੇ ਕਰਮਕਾਂਡੀ ਮਰਿਯਾਦਾਵਾਂ ਦਾ ਵਿਰੋਧ ਕਰਕੇ ਦੇਖੋ ਕਿ ਕਿਵੇਂ ਤੁਹਾਨੂੰ ਉਨ੍ਹਾਂ ਦੀ ਨਫਰਤ ਦਾ ਸ਼ਿਕਾਰ ਹੋਣਾ ਪੈਂਦਾ ਹੈ, ਕਿਵੇਂ ਉਹ ਵੈਰ ਭਾਵਨਾ ਤਹਿਤ ਤੁਹਾਡੇ ਤੇ ਸਿੱਧੇ ਤੇ ਅਸਿੱਧੇ ਹਮਲੇ ਕਰਨਗੇ, ਤੁਹਾਨੂੰ ਬਦਨਾਮ ਕਰਨ, ਤੁਹਾਨੂੰ ਧਰਮ ਵਿਰੋਧੀ ਸਾਬਿਤ ਕਰਨ ਲਈ ਕੋਈ ਪਲੈਟਫਾਰਮ ਨਹੀਂ ਛੱਡਣਗੇ। ਜੇ ਉਨ੍ਹਾਂ ਨੂੰ ਦੇਸ਼ਾਂ ਦੇ ਕਨੂੰਨ, ਪੁਲਿਸ ਜਾਂ ਅਦਾਲਤਾਂ ਦਾ ਡਰ ਨਾ ਹੋਵੇ ਤਾਂ ਉਹ ਵੈਰ ਭਾਵਨਾ ਤੇ ਨਫਰਤ ਵਿੱਚ ਆਪਣੇ ਵਿਰੋਧੀ ਦਾ ਕਤਲ ਕਰਨ ਜਾਂ ਸਰੀਰਕ ਨੁਕਸਾਨ ਪਹੁੰਚਾਣ ਨੂੰ ਮਿੰਟ ਨਾ ਲਾਉਣ। ਇਸ ਵਿੱਚ ਬਹੁਤਾ ਕਸੂਰ ਸ਼ਰਧਾਲੂਆਂ ਦਾ ਨਹੀਂ ਹੁੰਦਾ, ਪੁਜਾਰੀਆਂ ਨੇ ਉਨ੍ਹਾਂ ਦੀ ਬਚਪਨ ਤੋਂ ਕੰਡੀਸ਼ਨਿੰਗ ਹੀ ਅਜਿਹੀ ਕੀਤੀ ਹੁੰਦੀ ਹੈ ਕਿ ਉਨ੍ਹਾਂ ਦੇ ਦਿਮਾਗ ਦਾ ਤਰਕ (ਲੌਜਿਕ) ਨਾਲ ਸੋਚਣ ਵਾਲਾ ਹਿੱਸਾ ਕੰਮ ਕਰਨੋਂ ਬੰਦ ਹੋ ਚੁੱਕਾ ਹੁੰਦਾ ਹੈ। ਬਹੁਤ ਵਾਰ ਪੁਜਾਰੀ ਵੱਖ-ਵੱਖ ਫਿਰਕਿਆਂ ਵਿੱਚ ਛੋਟੇ ਛੋਟੇ ਮੱਤਭੇਦਾਂ ਕਾਰਨ ਦੰਗੇ ਵੀ ਕਰਵਾ ਦਿੰਦੇ ਹਨ। ਇਸ ਲਈ ਸਾਨੂੰ ਮਰਿਯਾਦਾ ਦੇ ਨਾਲ-ਨਾਲ ਦੇਸ਼ਾਂ ਦੇ ਸੰਵਿਧਾਨਾਂ ਤੇ ਕਨੂੰਨਾਂ ਬਾਰੇ ਜਾਣ ਲੈਣਾ ਚਾਹੀਦਾ ਹੈ। ਅਸਲ ਵਿੱਚ ਕਨੂੰਨ ਜਾਂ ਸੰਵਿਧਾਨ ਅਤੇ ਧਾਰਮਿਕ ਮਰਿਯਾਦਾ ਵਿੱਚ ਫਰਕ ਇਹ ਹੈ ਕਿ ਕਨੂੰਨ ਉਸ ਵੇਲੇ ਸ਼ੁਰੂ ਹੁੰਦਾ ਹੈ, ਜਦੋਂ ਤੁਸੀਂ ਆਪਣੇ ਦਾਇਰੇ ਤੋਂ ਬਾਹਰ ਨਿਕਲ ਕੇ ਦੂਜੇ ਦਾ ਨੁਕਸਾਨ ਕਰਨ ਤੁਰਦੇ ਹੋ ਜਾਂ ਨੁਕਸਾਨ ਕਰਨ ਦਾ ਇਰਾਦਾ ਰੱਖਦੇ ਹੋ। ਦੂਜੇ ਦਾ ਨੁਕਸਾਨ ਸਰੀਰਕ ਵੀ ਹੋ ਸਕਦਾ ਹੈ, ਮਾਨਸਿਕ ਵੀ ਹੋ ਸਕਦਾ ਹੈ, ਜਾਇਦਾਦ (ਪ੍ਰੌਪਰਟੀ) ਜਾਂ ਪੈਸੇ ਦਾ ਵੀ ਹੋ ਸਕਦਾ ਹੈ। ਤੁਸੀਂ ਆਪਣਾ ਸਰੀਰਕ ਜਾਂ ਮਾਨਸਿਕ, ਕੋਈ ਵੀ ਨੁਕਸਾਨ ਕਰ ਲਵੋ ਜਾਂ ਆਪਣੀ ਜਾਇਦਾਦ ਜਾਂ ਪੈਸੇ ਦਾ ਨੁਕਸਾਨ ਕਰ ਲਵੋ, ਆਮ ਤੌਰ ਤੇ ਕਨੂੰਨ ਕੋਈ ਦਖਲ ਨਹੀਂ ਦਿੰਦਾ, ਉਤਨਾ ਚਿਰ ਜਦ ਤੱਕ ਤੁਹਾਡੇ ਆਪਣੇ ਨੁਕਸਾਨ ਦੇ ਨਾਲ ਦੂਜੇ ਦਾ ਨੁਕਸਾਨ ਨਾ ਜੁਿੜਆ ਹੋਵੇ। ਤੁਸੀਂ ਆਪਣਾ ਨੁਕਸਾਨ ਜਾਣ ਬੁੱਝ ਕੇ ਕੀਤਾ ਹੈ ਜਾਂ ਅਨਜਾਣੇ ਵਿੱਚ ਹੋਇਆ ਹੈ, ਕਨੂੰਨ ਉਤਨਾ ਚਿਰ ਦਖਲ ਨਹੀਂ ਦਿੰਦਾ, ਜਿਤਨਾ ਚਿਰ ਤੁਹਾਡੇ ਨੁਕਸਾਨ ਦਾ ਅਸਰ ਦੂਜੇ ਤੇ ਨਹੀਂ ਹੁੰਦਾ ਜਾਂ ਦੂਜੇ ਦਾ ਹਿੱਤ ਨਹਾ ਜੁੜਿਆ ਹੋਵੇ। ਦੂਜੇ ਪਾਸੇ ਧਰਮ ਦੀ ਮਰਿਯਾਦਾ ਦਾ ਸਿੱਧਾ ਸਬੰਧ ਤੁਹਾਡੇ ਨਿੱਜ ਨਾਲ ਜੁੜਿਆ ਹੁੰਦਾ ਹੈ। ਧਰਮ ਦੀ ਮਰਿਯਾਦਾ ਨੂੰ ਜੇ ਗਹੁ ਨਾਲ ਵਿਚਾਰਿਆ ਜਾਵੇ ਤਾਂ ਪਤਾ ਚੱਲੇਗਾ ਕਿ ਧਰਮ ਦੀ ਕੋਈ ਮਰਿਯਾਦਾ ਅਜਿਹੀ ਨਹੀਂ ਹੁੰਦੀ, ਜਿਸਦੇ ਕਰਨ ਨਾਲ ਜਾਂ ਨਾ ਕਰਨ ਨਾਲ ਤੁਹਾਡਾ ਆਪਣਾ ਕੋਈ ਫਾਇਦਾ ਜਾਂ ਨੁਕਸਾਨ ਹੋਵੇ। ਇਸੇ ਤਰ੍ਹਾਂ ਪੁਜਾਰੀਆਂ ਦੀ ਮਰਿਯਾਦਾ ਦਾ ਵਿਰੋਧ ਕਰਨ ਨਾਲ ਵੀ ਕਿਸੇ ਦਾ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ ਜੇ ਮਨੁੱਖ ਸੁਚੇਤ ਹੋ ਜਾਵੇ ਤਾਂ ਪੁਜਾਰੀ ਦੀ ਲੁੱਟ ਤੋਂ ਬਚ ਸਕਦਾ ਹੈ। ਇਸ ਲਈ ਪੁਜਾਰੀਆਂ ਦੀ ਧਾਰਮਿਕ ਮਰਿਯਾਦਾ ਦੀ ਦੇਸ਼ ਦੇ ਕਨੂੰਨ ਜਾਂ ਸੰਵਿਧਾਨ ਨਾਲ ਤੁਲਨਾ ਨਹੀਂ ਹੋ ਸਕਦੀ। ਪਰ ਸ਼ਰਧਾਲੂ ਪੁਜਾਰੀਆਂ ਦੀਆਂ ਮਰਿਯਾਦਾਵਾਂ ਅਗਿਆਨਤਾ ਵਸ ਜਾਂ ਦੂਜਿਆਂ ਦੇ ਦੇਖੋ-ਦੇਖੀ ਨਿਭਾਉਂਦੇ ਹਨ ਜਾਂ ਇਸ ਲਈ ਨਿਭਾਉਂਦੇ ਹਨ ਕਿ ਉਨ੍ਹਾਂ ਨੂੰ ਨਾਸਤਿਕ ਜਾਂ ਧਰਮ ਵਿਰੋਧੀ ਨਾ ਸਮਝ ਲਿਆ ਜਾਵੇ ਜਾਂ ਉਹ ਪਰਿਵਾਰ ਤੇ ਸਮਾਜ ਦੇ ਪ੍ਰਭਾਵ ਜਾਂ ਦਬਾਅ ਅਧੀਨ ਨਿਭਾਉਂਦੇ ਹਨ, ਜਾਂ ਉਹ ਇਨ੍ਹਾਂ ਨੂੰ ਥੋੜਾ ਬਹੁਤ ਗਲਤ ਤੇ ਸਮਝਦੇ ਹਨ, ਪਰ ਉਨ੍ਹਾਂ ਵਿੱਚ ਇਨ੍ਹਾਂ ਦੇ ਖਿਲਾਫ ਲੜਨ ਜਾਂ ਖੜਨ ਦੀ ਜ਼ੁਰਅਤ ਨਹੀਂ ਹੁੰਦੀ, ਇਸ ਲਈ ਇਹ ਮਰਿਯਾਦਾਵਾਂ ਨਿਭਾਉਂਦੇ ਰਹਿੰਦੇ ਹਨ। ਪੁਜਾਰੀਆਂ ਵਲੋਂ ਬਣਾਈਆਂ ਧਾਰਮਿਕ ਮਰਿਯਾਦਾਵਾਂ ਨੂੰ ਸੂਝਵਾਨਾਂ ਵਲੋਂ ਅਕਸਰ ਵੇਲਾ ਵਿਹਾ ਚੁੱਕੀਆਂ ਫੋਕਟ ਰੀਤਾਂ-ਰਸਮਾਂ ਵੀ ਕਿਹਾ ਜਾਂਦਾ ਹੈ। ਬੇਸ਼ਕ ਇਨ੍ਹਾਂ ਮਰਿਯਾਦਾਵਾਂ ਜਾਂ ਰੀਤਾਂ-ਰਸਮਾਂ ਨੂੰ ਵੇਲਾ ਵਿਹਾ ਚੁੱਕੀਆਂ ਕਹਿ ਕਿ ਨਿਕਾਰਿਆ ਜਾਂਦਾ ਹੈ, ਪਰ ਅਸਲ ਵਿੱਚ ਇਹ ਕਿਸੇ ਵੇਲੇ ਵੀ ਸਾਰਥਿਕ ਨਹੀਂ ਹੁੰਦੀਆਂ, ਇਸ ਲਈ ਇਨ੍ਹਾਂ ਨੂੰ ਵੇਲਾ ਵਿਹਾ ਚੁੱਕੀਆਂ ਕਹਿਣਾ ਵੀ ਗਲਤ ਹੈ। ਇਨ੍ਹਾਂ ਦਾ ਕਦੇ ਕਿਸੇ ਨੂੰ ਕੋਈ ਲਾਭ ਨਹੀਂ ਹੋਇਆ, ਸਿਵਾਏ ਪੁਜਾਰੀਆਂ ਜਾਂ ਧਰਮ ਦਾ ਪਹਿਰਾਵਾ ਪਾਈ ਫਿਰਦੇ ਸਾਧਾਂ-ਸੰਤਾਂ ਦੇ। ਇਹ ਸਿਰਫ ਨਿਭਾਉਣ ਮਾਤਰ ਹੀ ਨਿਭਾਈਆਂ ਜਾਦੀਆਂ ਹਨ ਜਾਂ ਇਨ੍ਹਾਂ ਰੀਤਾਂ-ਰਸਮਾਂ ਨੂੰ ਸਮਾਜ ਵਿੱਚ ਆਪਣਾ ਨੱਕ ਰੱਖਣ ਲਈ ਖਾਨਾ ਪੂਰਤੀ ਲਈ ਕੀਤਾ ਜਾਦਾ ਹੈ। ਇਸੇ ਤਰ੍ਹਾਂ ਧਰਮ ਵਿਚਲੀਆਂ ਮਰਿਯਾਦਾਵਾਂ ਨੂੰ ਅਕਸਰ ਸਿਰਫ ਦਿਖਾਵੇ ਦੇ ਧਰਮੀ ਬਣੇ ਰਹਿਣ ਜਾਂ ਦੂਜਿਆਂ ਤੇ ਧਰਮੀ ਹੋਣ ਦਾ ਪ੍ਰਭਾਵ ਪਾਉਣ ਲਈ ਹੀ ਕੀਤਾ ਜਾਂਦਾ ਹੈ। ਜਦੋਂ ਅੰਧ-ਵਿਸ਼ਵਾਸ਼ੀ ਸ਼ਰਧਾਲੂਆਂ ਵਲੋਂ ਧਾਰਮਿਕ ਮਰਿਯਾਦਾਵਾਂ ਨੂੰ ਅਗਿਆਨਤਾ ਵਸ ਨਿਭਾਇਆ ਜਾਂਦਾ ਹੈ। ਇਸ ਨਾਲ ਉਹ ਅਕਸਰ ਕੱਟੜਵਾਦ ਦਾ ਸ਼ਿਕਾਰ ਹੋ ਜਾਂਦੇ ਹਨ। ਤੁਸੀਂ ਦੁਨੀਆਂ ਦੇ ਇਤਿਹਾਸ ਵਿੱਚ ਧਰਮ ਦੇ ਨਾਮ ਤੇ ਲੜੇ ਗਏ ਯੁੱਧਾਂ ਜਾਂ ਧਰਮ ਦੇ ਨਾਮ ਤੇ ਹੋਏ ਫਿਰਕੂ ਦੰਗਿਆਂ ਦਾ ਇਤਿਹਾਸ ਪੜ੍ਹ ਕੇ ਦੇਖ ਲਵੋ, ਕਦੇ ਵੀ ਧਰਮ ਯੁੱਧ ਜਾਂ ਦੰਗੇ, ਅਸਲੀ ਧਰਮ ਦੇ ਅਸੂਲਾਂ ਲਈ ਨਹੀਂ ਹੁੰਦੇ, ਸਗੋਂ ਪੁਜਾਰੀਆਂ ਦੀਆਂ ਨਕਲੀ ਮਰਿਯਾਦਾਵਾਂ ਤੇ ਨਕਲੀ ਧਰਮਾਂ ਦੇ ਪ੍ਰਚਾਰ ਪ੍ਰਸਾਰ ਜਾਂ ਨਕਲੀ ਮਰਿਯਾਦਾਵਾਂ ਦੇ ਨਾਮ ਤੇ ਬਣੀ ਝੂਠੀ ਸ਼ਰਧਾ ਨੂੰ ਪਹੁੰਚੀ ਠੇਸ ਜਾਂ ਧਾਰਮਿਕ ਭਾਵਨਾਵਾਂ ਭੜਕਣ ਕਾਰਨ ਹੀ ਵਾਪਰਦੇ ਹਨ।

ਇਹ ਜਾਣ ਲੈਣਾ ਵੀ ਬੜਾ ਜਰੂਰੀ ਹੈ ਕਿ ਪੁਜਾਰੀ ਇਹ ਮਰਿਯਾਦਾਵਾਂ ਕਿਉਂ ਬਣਾਉਂਦੇ ਹਨ? ਸਾਰੇ ਧਾਰਮਿਕ ਫਿਰਕਿਆਂ (ਯਹੂਦੀ, ਇਸਾਈ, ਇਸਲਾਮ, ਬੁੱਧ, ਜੈਨ, ਸਿੱਖ ਆਦਿ) ਦਾ ਇਤਿਹਾਸ ਪੜ੍ਹ ਕੇ ਦੇਖੋ, ਪਤਾ ਲੱਗੇਗਾ ਕਿ ਇਨ੍ਹਾਂ ਸਾਰੇ ਧਾਰਮਿਕ ਫਿਰਕਿਆਂ ਦੇ ਧਰਮ ਗੁਰੂ ਆਪਣੇ ਤੋਂ ਪਹਿਲੇ ਧਾਰਮਿਕ ਫਿਰਕਿਆਂ ਦੇ ਪੁਜਾਰੀਆਂ ਦੀਆਂ ਮਰਿਯਾਦਾਵਾਂ ਦੇ ਵਿਰੋਧ ਵਿੱਚ ਖੜੇ ਹਨ, ਕਿਸੇ ਧਰਮ ਗੁਰੂ ਨੇ ਕਦੇ ਕੋਈ ਧਰਮ ਨਹੀਂ ਸ਼ੁਰੂ ਕੀਤਾ ਹੁੰਦਾ, ਪਰ ਜਦੋਂ ਉਨ੍ਹਾਂ ਦੀ ਵਿਚਾਰਧਾਰਾ ਨੂੰ ਪਿਆਰ ਕਰਨ ਵਾਲੇ ਜਾਂ ਦਿਲੋਂ ਅਪਨਾਉਣ ਵਾਲੇ ਲੋਕ ਆਪਣਾ ਇੱਕ ਨਵਾਂ ਧਰਮ (ਫਿਰਕਾ) ਬਣਾ ਲੈਂਦੇ ਹਨ ਤਾਂ ਸ਼ੁਰੂ ਵਿੱਚ ਪੁਰਾਣੇ ਧਰਮ ਵਿਚੋਂ (ਜਿਸ ਵਿਚੋਂ ਨਿਕਲ ਕੇ ਨਵਾਂ ਫਿਰਕਾ ਬਣਿਆ ਹੁੰਦਾ ਹੈ) ਪੁਜਾਰੀ ਨਵੇਂ ਧਰਮ ਦੇ ਉਪਾਸ਼ਕ ਬਣ ਕੇ ਘੁਸਪੈਠ ਕਰ ਲੈਂਦੇ ਹਨ ਤੇ ਫਿਰ ਹੌਲੀ-ਹੌਲੀ ਉਸ ਨਵੇਂ ਫਿਰਕੇ ਵਿੱਚ ਨਵੇਂ ਢੰਗ ਦੀਆਂ ਧਾਰਮਿਕ ਮਰਿਯਾਦਾਵਾਂ, ਧਾਰਮਿਕ ਚਿੰਨ੍ਹ, ਧਾਰਮਿਕ ਪਹਿਰਾਵੇ ਜਾਂ ਹੋਰ ਕਈ ਕੁੱਝ ਅਜਿਹਾ ਸ਼ੁਰੂ ਕਰ ਦਿੰਦੇ ਹਨ, ਜਿਸ ਨਾਲ ਨਵਾਂ ਫਿਰਕਾ ਆਪਣੇ ਆਪ ਨੂੰ ਦੂਜਿਆਂ ਤੋਂ ਵੱਖਰਾ ਮਹਿਸੂਸ ਕਰੇ। {ਪਾਠਕਾਂ ਨੇ ਜੇ ਨੋਟ ਕੀਤਾ ਹੋਵੇ, ਉਪਰ ਦਿੱਤੇ ਧਾਰਮਿਕ ਫਿਰਕਿਆਂ ਦੀ ਲਿਸਟ ਵਿੱਚ ਅਸੀਂ ਹਿੰਦੂ ਧਾਰਮਿਕ ਫਿਰਕੇ ਦਾ ਨਾਮ ਨਹੀਂ ਲਿਖਿਆ ਸੀ ਕਿਉਂਕਿ ਹਿੰਦੂ ਧਰਮ, ਦੁਨੀਆਂ ਦਾ ਇਕੋ ਇੱਕ ਅਜਿਹਾ ਧਾਰਮਿਕ ਫਿਰਕਾ ਹੈ, ਜਿਸਨੂੰ ਪੁਜਾਰੀਆਂ ਨੇ ਹੀ ਸ਼ੁਰੂ ਕੀਤਾ ਸੀ ਤੇ ਅੱਜ ਤੱਕ ਪੁਜਾਰੀਆਂ ਦੇ ਹੀ ਕੰਟਰੋਲ ਵਿੱਚ ਹੈ। ਇਨ੍ਹਾਂ ਦਾ ਹੋਰ ਧਾਰਮਿਕ ਫਿਰਕਿਆਂ ਵਾਂਗ ਕੋਈ ਸਾਂਝਾ ਪੈਗੰਬਰ ਜਾਂ ਧਰਮ ਗ੍ਰੰਥ ਨਹੀਂ ਹੈ। ਪੁਜਾਰੀਆਂ ਨੇ ਵੱਖ-ਵੱਖ ਨਾਵਾਂ ਹੇਠ ਹਿੰਦੂ ਧਰਮ ਦੇ ਸਾਰੇ ਧਰਮ ਗ੍ਰੰਥ ਆਪਣੇ ਹਿੱਤਾਂ ਨੂੰ ਨਸਲ-ਦਰ-ਨਸਲ ਸੁਰੱਖਿਅਤ ਰੱਖਣ ਦੇ ਮਕਸਦ ਨਾਲ ਲਿਖੇ ਹੋਏ ਹਨ।} ਧਰਮਾਂ ਦੇ ਪੁਜਾਰੀ ਆਪਣੀ ਖੇਡ ਇਤਨੀ ਸ਼ੈਤਾਨੀਅਤ ਨਾਲ ਖੇਡਦੇ ਹਨ ਕਿ ਹੌਲੀ-ਹੌਲੀ ਨਵੇਂ ਧਰਮ ਦੇ ਅਨੁਆਈ ਸਮਾਂ ਪਾ ਕੇ ਇਹ ਭੁੱਲ ਹੀ ਜਾਂਦੇ ਹਨ ਕਿ ਉਨ੍ਹਾਂ ਦੇ ਰਹਿਬਰ ਦੀ ਅਸਲੀ ਵਿਚਾਰਧਾਰਾ ਕੀ ਸੀ? ਉਹ ਪੁਜਾਰੀਆਂ ਵਲੋਂ ਬਣਾਈਆਂ ਨਵੀਆਂ ਰੀਤਾਂ-ਰਸਮਾਂ, ਕਰਮਕਾਂਡਾਂ, ਪੂਜਾ-ਪਾਠਾਂ, ਮਰਿਯਾਦਾਵਾਂ ਨੂੰ ਹੀ ਧਰਮ ਸਮਝਣ ਲਗਦੇ ਹਨ। ਸਿੱਖਾਂ ਨੂੰ ਛੱਡ ਕੇ ਬਾਕੀ ਸਾਰੇ ਧਾਰਮਿਕ ਫਿਰਕਿਆਂ ਦੇ ਧਰਮ ਗ੍ਰੰਥ ਉਨ੍ਹਾਂ ਦੇ ਪੈਗੰਬਰਾਂ ਜਾਂ ਗੁਰੂਆਂ ਨੇ ਨਹੀਂ ਲਿਖੇ ਸਨ, ਬਹੁਤ ਸਮਾਂ ਬਾਅਦ ਵਿੱਚ ਇਨ੍ਹਾਂ ਦੇ ਪੁਜਾਰੀਆਂ, ਸਰਮਾਏਦਾਰਾਂ ਤੇ ਸਿਆਸਤਦਾਨਾਂ ਨੇ ਆਪਣੇ ਸਾਂਝੇ ਹਿੱਤਾਂ ਨੂੰ ਮੁੱਖ ਰੱਖ ਕੇ ਨਵੇਂ ਬਣੇ ਧਾਰਮਿਕ ਫਿਰਕੇ ਤੇ ਆਪਣੀ ਪਕੜ ਮਜਬੂਤ ਕਰਨ ਤੇ ਉਨ੍ਹਾਂ ਤੇ ਆਪਣਾ ਸਦੀਵੀ ਗਲਬਾ ਪਾਈ ਰੱਖਣ ਦੇ ਮਕਸਦ ਨਾਲ ਲਿਖੇ ਹੋਏ ਹਨ। ਉਨ੍ਹਾਂ ਗ੍ਰੰਥਾਂ ਵਿੱਚ ਪੈਗੰਬਰਾਂ ਜਾਂ ਰਹਿਬਰਾਂ ਦੀ ਕ੍ਰਾਂਤੀਕਾਰੀ ਅਸਲੀ ਫਿਲਾਸਫੀ ਅਤੇ ਧਰਮ ਦੇ ਅੰਸ਼ ਬਹੁਤ ਘੱਟ ਮਿਲਦੇ ਹਨ। ਸਿਰਫ ਸਿੱਖ ਗੁਰੂਆਂ ਨੇ ਧਰਮਾਂ ਦੇ ਪਿਛਲੇ ਤਜ਼ਰਬਿਆਂ ਤੇ ਪੁਜਾਰੀਆਂ ਦੀ ਸ਼ੈਤਾਨੀਅਤ ਨੂੰ ਮੁੱਖ ਰੱਖ ਆਪਣੀ ਵਿਚਾਰਧਾਰਾ ਨੂੰ ਆਪਣੇ ਹੱਥੀਂ ਕਲਮਬੱਧ ਕਰਕੇ, ਗ੍ਰੰਥ ਰੂਪ ਵਿੱਚ ਸੰਪਾਦਿਤ ਕਰਕੇ, ਮਨੁੱਖਤਾ ਨੂੰ ਅਰਪਿਤ ਕਰ ਦਿੱਤਾ। ਇਸੇ ਲਈ ਗੁਰੂ ਗ੍ਰੰਥ ਸਾਹਿਬ ਤੋਂ ਪੁਜਾਰੀ ਡਰਦੇ ਹਨ। ਪਰ ਉਨ੍ਹਾਂ ਨੇ ਇਸਦਾ ਹੱਲ ਵੀ ਲੱਭ ਲਿਆ ਹੋਇਆ ਹੈ, ਇੱਕ ਪਾਸੇ ਉਨ੍ਹਾਂ ਇਸ ਗ੍ਰੰਥ ਦੇ ਮੁਕਾਬਲੇ ਕਈ ਹੋਰ ਗ੍ਰੰਥ ਖੜੇ ਕਰ ਲਏ ਹਨ, ਦੂਜੇ ਪਾਸੇ ਇਸ ਗ੍ਰੰਥ ਤੋਂ ਤੋੜਨ ਲਈ, ਇਸਨੂੰ ਪੜ੍ਹਨ, ਵਿਚਾਰਨ ਤੇ ਅਪਨਾਉਣ ਤੋਂ ਰੋਕਣ ਲਈ ਇਸਦੇ ਮੰਤਰ ਪਾਠ, ਮੂਰਤੀਆਂ ਵਾਂਗ ਪੂਜਾ ਆਦਿ ਸ਼ੁਰੂ ਕਰ ਦਿੱਤੇ ਹਨ। ਇਸ ਨਾਲ ਉਨ੍ਹਾਂ ਨੂੰ ਦੂਹਰਾ ਲਾਭ ਹੈ, ਇੱਕ ਪਾਸੇ ਇਸ ਨਾਲ ਲੋਕ ਗੁਰੂ ਗ੍ਰੰਥ ਸਾਹਿਬ ਦੇ ਗਿਆਨ ਤੋਂ ਟੁੱਟ ਗਏ ਹਨ, ਦੂਜੇ ਪਾਸੇ ਬਾਣੀ ਦੇ ਪੂਜਾ ਪਾਠ ਦੇ ਨਾਮ ਤੇ ਇਨਕਮ ਦਾ ਸਾਧਨ ਬਣਾ ਲਿਆ ਗਿਆ। ਜੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਸਹੀ ਸੰਦਰਭ ਵਿੱਚ ਵਿਚਾਰਿਆ ਜਾਵੇ ਅਤੇ ਅੱਜ ਦੇ ਸਿੱਖ ਸਮਾਜ, ਸਿੱਖ ਸੰਸਥਾਵਾਂ, ਸਿੱਖ ਗੁਰਦੁਆਰਿਆਂ ਨੂੰ ਦੇਖਿਆ ਜਾਵੇ ਤਾਂ ਤੁਹਾਨੂੰ ਦੋਨੋ ਇੱਕ ਦੂਜੇ ਦੇ ਐਨ ਉਲਟ ਖੜੇ ਦਿਖਾਈ ਦੇਣਗੇ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਥਾਂ-ਥਾਂ ਹਿੰਦੂਆਂ, ਬੋਧੀਆਂ, ਜੈਨੀਆਂ, ਯੋਗੀਆਂ, ਸੰਨਿਆਸੀਆਂ, ਮੁਸਲਾਮਾਨਾਂ ਦੇ ਪੁਜਾਰੀਆਂ ਦੇ ਕਰਮਕਾਂਡਾਂ, ਧਾਰਮਿਕ ਪਹਿਰਾਵਿਆਂ, ਧਾਰਮਿਕ ਚਿੰਨ੍ਹਾਂ ਦਾ ਖੰਡਨ ਕੀਤਾ ਗਿਆ ਹੈ, ਪਰ ਅੱਜ ਦੇ ਪ੍ਰਚਲਤ ਜਥੇਬੰਦਕ ਸਿੱਖ ਧਰਮ ਵਿੱਚ ਉਨ੍ਹਾਂ ਧਰਮਾਂ ਨਾਲੋਂ ਵੀ ਵੱਧ ਕਰਮਕਾਂਡ ਕੀਤੇ ਜਾਂਦੇ ਹਨ, ਫੋਕਟ ਰੀਤਾਂ ਰਸਮਾਂ ਨੂੰ ਕੱਟੜਤਾ ਨਾਲ ਪਾਲਿਆ ਜਾਂਦਾ ਹੈ, ਧਾਰਮਿਕ ਪਹਿਰਾਵੇ ਤੇ ਚਿੰਨ੍ਹਾਂ ਤੇ ਸਭ ਤੋਂ ਵੱਧ ਜ਼ੋਰ ਹੀ ਨਹੀਂ ਦਿੱਤਾ ਜਾਂਦਾ, ਸਗੋਂ ਹੁਣ ਤੇ ਪੁਜਾਰੀਆਂ ਨੇ ਸਿੱਖ ਧਰਮ ਨੂੰ ਇਥੇ ਲਿਆ ਖੜਾ ਕੀਤਾ ਹੈ ਕਿ ਕੋਈ ਵਿਅਕਤੀ ਜਿਤਨਾ ਮਰਜੀ ਗੁਰਬਾਣੀ ਨੂੰ ਪੜ੍ਹਦਾ ਵਿਚਾਰਦਾ ਹੋਵੇ, ਉਸ ਅਨੁਸਾਰ ਜੀਵਨ ਬਤੀਤ ਕਰਦਾ ਹੋਵੇ, ਉਸਨੂੰ ਸਿੱਖ ਮੰਨਣ ਤੋਂ ਹੀ ਇਨਕਾਰ ਕਰ ਦਿੱਤਾ ਗਿਆ ਹੈ, ਉਹ ਕਿਸੇ ਸਿੱਖ ਸੰਸਥਾ ਵਿੱਚ ਕੋਈ ਸੇਵਾਦਾਰ ਨਹੀਂ ਬਣ ਸਕਦਾ, ਜਿਤਨਾ ਚਿਰ ਉਹ ਵਿਅਕਤੀ ਧਰਮ ਦੇ ਫੋਕਟ ਕਰਮਾਕਾਂਡਾਂ, ਪੂਜਾਂ-ਪਾਠਾਂ, ਧਾਰਮਿਕ ਪਹਿਰਾਵਿਆਂ ਤੇ ਚਿੰਨ੍ਹਾਂ ਨੂੰ ਧਾਰਨ ਨਹੀਂ ਕਰਦਾ, ਅਜਿਹੇ ਦਿਖਾਵੇ ਵਾਲੇ ਕਰਮਕਾਂਡ ਤੇ ਪਹਿਰਾਵੇ ਵਾਲੇ ਵਿਅਕਤੀਆਂ ਨੂੰ ਅਸਲੀ ਬਾਣੀ-ਬਾਣੇ ਵਾਲੇ ਗੁਰਮੁੱਖ (ਗੁਰਸਿੱਖ) ਬਣਾ ਕੇ ਪੇਸ਼ ਕੀਤਾ ਜਾਂਦਾ ਹੈ, ਭਾਵੇਂ ਉਨ੍ਹਾਂ ਦਾ ਜੀਵਨ ਗੁਰਬਾਣੀ ਤੋਂ ਕਿਤਨਾ ਵੀ ਉਲਟ ਕਿਉਂ ਨਾ ਹੋਵੇ? ਪੁਜਾਰੀ (ਸਰਮਾਏਦਾਰਾਂ ਤੇ ਸਿਆਸਤਦਾਨਾਂ ਨਾਲ ਰਲ ਕੇ) ਧਰਮ ਵਿੱਚ ਮਰਿਯਾਦਾ (ਫੋਕਟ ਧਾਰਮਿਕ ਕਰਮਕਾਂਡ, ਦਿਖਾਵੇ ਦੇ ਪੂਜਾ ਪਾਠ, ਬਾਹਰੀ ਧਾਰਮਿਕ ਪਹਿਰਾਵੇ ਤੇ ਚਿੰਨ੍ਹ ਆਦਿ) ਇਸ ਲਈ ਬਣਾਉਂਦੇ ਹਨ ਤਾਂ ਕਿ ਲੋਕ ਰਹਿਬਰਾਂ, ਪੈਗੰਬਰਾਂ, ਗੁਰੂਆਂ (ਜਿਨ੍ਹਾਂ ਦੇ ਨਾਮ ਤੇ ਫਿਰਕਾ ਸ਼ੁਰੂ ਕੀਤਾ ਹੁੰਦਾ ਹੈ) ਦੀ ਇਨਕਲਾਬੀ ਵਿਚਾਰਧਾਰਾ (ਜੋ ਕਿ ਹਮੇਸ਼ਾਂ ਪੁਜਾਰੀ, ਸਰਮਾਏਦਾਰ ਤੇ ਹਾਕਮ ਦੇ ਖਿਲਾਫ ਹੁੰਦੀ ਹੈ) ਤੋਂ ਸੇਧ ਲੈ ਕੇ ਇਸ ਤਿੱਕੜੀ ਵਲੋਂ ਪੈਦਾਵਾਰ ਦੇ ਸਾਧਨਾਂ ਤੇ ਕਬਜ਼ਾ ਕਰਕੇ, ਲੋਕਾਂ ਦੇ ਕੀਤੇ ਜਾ ਰਹੇ ਸੋਸ਼ਣ ਖਿਲਾਫ ਖੜੇ ਨਾ ਹੋ ਸਕਣ। ਪੁਜਾਰੀਆਂ ਨੂੰ ਇਹ ਵੀ ਸਪੱਸ਼ਟ ਹੁੰਦਾ ਹੈ ਕਿ ਪੈਗੰਬਰਾਂ ਦੀ ਇਨਕਲਾਬੀ ਵਿਚਾਰਧਾਰਾ ਸਭ ਤੋਂ ਵੱਧ ਪੁਜਾਰੀਵਾਦ ਖਿਲਾਫ ਹੀ ਭੁਗਤਦੀ ਹੈ, ਇਸ ਲਈ ਉਹ ਹਰ ਯਤਨ ਨਾਲ ਇਸਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਮਰਿਯਾਦਾ ਘੜਦੇ ਹਨ ਤੇ ਧਰਮ ਦੇ ਬਾਹਰੀ ਫੋਕਟ ਕਰਮਕਾਂਡਾਂ ਤੇ ਚਿੰਨ੍ਹਾਂ ਤੇ ਜ਼ੋਰ ਦੇ ਕੇ ਇਸਨੂੰ ਹੀ ਧਰਮ ਬਣਾ ਕੇ ਪੇਸ਼ ਕਰਦੇ ਹਨ।

ਜਿਸ ਤਰ੍ਹਾਂ ਕਿ ਅਸੀਂ ਇਸ ਲੜੀ ਵਿੱਚ ਹਰੇਕ ਵਾਰੀ ਵਿਚਾਰਦੇ ਹਾਂ ਕਿ ਜੇ ਪੁਜਾਰੀ ਹੀ ਅਸਲੀ ਸ਼ੈਤਾਨ ਹੈ ਤੇ ਇਸਦੀ ਬਣਾਈ ਮਰਿਯਾਦਾ, ਸ਼ਰਧਾਲੂ ਦਾ ਸਰੀਰਕ, ਮਾਨਸਿਕ ਤੇ ਆਰਥਿਕ ਸੋਸ਼ਣ ਕਰਨ ਦਾ ਸੰਦ ਹੁੰਦੀ ਹੈ, ਫਿਰ ਵੀ ਲੋਕ ਗੁਰੂਆਂ ਪੈਗੰਬਰਾਂ ਦੀ ਅਸਲੀ ਧਰਮ ਦੀ ਵਿਚਾਰਧਾਰਾ ਨਾਲ ਜੁੜਨ ਦੀ ਥਾਂ ਪੁਜਾਰੀਆਂ ਦੇ ਮਾਇਆ ਜਾਲ ਵਿੱਚ ਕਿਉਂ ਫਸਦੇ ਹਨ? ਜਿਸ ਤਰ੍ਹਾਂ ਪਹਿਲਾਂ ਵੀ ਵਿਚਾਰਿਆ ਗਿਆ ਸੀ ਕਿ ਡਰ ਤੇ ਲਾਲਚ, ਮਨੁੱਖ ਦੀਆਂ ਬੁਨਿਆਦੀ ਕਮਜ਼ੋਰੀਆਂ ਹਨ, ਪੁਜਾਰੀ ਇਨ੍ਹਾਂ ਨੂੰ ਵਰਤਣਾ ਖੂਬ ਜਾਣਦਾ ਹੈ। ਮਨੁੱਖ ਕੁਦਰਤੀ ਤੌਰ ਤੇ ਸੁਭਾਅ ਪੱਖੋਂ ਲਾਲਚੀ ਹੋਣ ਕਾਰਨ ਸਬਰ, ਸੰਤੋਖ, ਸੰਜਮ ਆਦਿ ਸਦਗੁਣ ਗੁਆ ਬੈਠਦਾ ਹੈ ਤੇ ਹੋਰ ਵੱਧ ਇਕੱਠਾ ਕਰਨ ਦੇ ਲਾਲਚ ਜਾਂ ਜੋ ਕੁੱਝ ਹੈ ਉਸਦੇ ਖੁਸ ਜਾਣ ਦੇ ਡਰ ਕਰਕੇ ਪੁਜਾਰੀ ਕੋਲ ਜਾਂਦਾ ਹੈ। ਪੁਜਾਰੀ ਵਲੋਂ ਬਚਪਨ ਤੋਂ ਸ਼ਰਧਾਲੂ ਦੀ ਅਜਿਹੀ ਬਰੇਨ ਵਾਸ਼ਿੰਗ ਕੀਤੀ ਹੁੰਦੀ ਹੈ ਕਿ ਉਹ ਸੋਚਦਾ ਹੈ ਕਿ ਪੁਜਾਰੀ ਰੂਪੀ ਵਿਚੋਲੇ ਰਾਹੀਂ ਪੂਜਾ-ਪਾਠ ਤੇ ਦਾਨ-ਦੱਸ਼ਣਾ ਦੀ ਰਿਸ਼ਵਤ ਦੇ ਕੇ ਰੱਬ ਜਾਂ ਦੇਵੀ-ਦੇਵਤੇ ਜਾਂ ਪੀਰ-ਗੁਰੂ ਆਦਿ ਨੂੰ ਖੁਸ਼ ਕੀਤਾ ਜਾ ਸਕਦਾ ਹੈ? ਉਸ ਤੋਂ ਮੂੰਹੋਂ ਮੰਗੀਆਂ ਮੁਰਾਦਾਂ ਮਿਲ ਸਕਦੀਆਂ ਹਨ? ਉਸਦੇ ਸਾਰੇ ਦੁੱਖ ਕਲੇਸ਼ ਕੱਟੇ ਜਾਣਗੇ? ਅਜਿਹੀ ਕਰਾਮਾਤ ਵਾਪਰੇਗੀ ਕਿ ਸਭ ਪਾਸੇ ਖੁਸ਼ੀਆਂ ਖੇੜੇ ਹੋ ਜਾਣਗੇ? ਇਥੋਂ ਤੱਕ ਕਿ ਅਗਲੇ ਕਲਪਿਤ ਜਨਮਾਂ ਜਾਂ ਕਲਪਿਤ ਸਵਰਗਾਂ ਵਿੱਚ ਵੀ ਸਭ ਸੁੱਖ ਸਹੂਲਤਾਂ ਮਿਲ ਜਾਣਗੀਆਂ? ਨਰਕਾਂ ਦੇ ਕਸ਼ਟ ਕੱਟੇ ਜਾਣਗੇ? ਵਸ ਇਸ ਲਾਲਚ ਵੱਸ ਹੀ ਉਹ ਸਾਰੀ ਉਮਰ ਜਿਥੇ ਪੁਜਾਰੀ ਦੀ ਚਾਕਰੀ ਕਰਦਾ ਹੈ, ਉਥੇ ਸਰਮਾਏਦਾਰਾਂ ਤੇ ਹਾਕਮਾਂ ਦੇ ਸੋਸ਼ਣ ਦਾ ਸ਼ਿਕਾਰ ਹੁੰਦਾ, ਇਸ ਸੰਸਾਰ ਤੋਂ ਚਲਦਾ ਬਣਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਫਿਰ ਇਸਦਾ ਹੱਲ ਕੀ ਹੈ? ਸਭ ਤੋਂ ਪਹਿਲਾਂ ਇਹ ਸਮਝਣ ਦੀ ਲੋੜ ਹੈ ਕਿ ਧਰਮ ਸਾਡੇ ਅੰਦਰ ਦੀ ਗੱਲ ਹੈ, ਕਿਉਂਕਿ ਡਰ, ਲਾਲਚ ਸਮੇਤ ਹੋਰ ਸਾਰੇ ਵਿਕਾਰ ਕਾਮ, ਕ੍ਰੋਧ, ਮੋਹ, ਈਰਖਾ, ਨਫਰਤ, ਸਾੜਾ ਆਦਿ ਸਾਡੇ ਅੰਦਰੋਂ ਪੈਦਾ ਹੁੰਦੇ ਹਨ ਤੇ ਇਨ੍ਹਾਂ ਦਾ ਇਲਾਜ ਵੀ ਅੰਦਰੋਂ ਹੀ ਹੋਵੇਗਾ। ਜਦੋਂ ਤੱਕ ਅਸੀਂ ਆਪਣੇ ਆਪੇ ਨੂੰ ਸੰਬੋਧਿਤ ਨਹੀਂ ਹੁੰਦੇ, ਆਪਾ ਚੀਨਣ ਨਹੀਂ ਕਰਦੇ, ਆਪਣੇ ਅੰਦਰ ਝਾਤੀ ਨਹੀਂ ਮਾਰਦੇ, ਇਨ੍ਹਾਂ ਦਾ ਹੱਲ ਨਹੀਂ ਲੱਭੇਗਾ? ਤੁਸੀਂ ਭਰਮਾਂ ਤੋਂ ਮੁਕਤ ਨਹੀਂ ਹੋ ਸਕਦੇ? ਇਹ ਖੋਜ ਤੁਹਾਨੂੰ ਨਿਰੰਤਰ ਹਰ ਰੋਜ਼ ਕਰਨੀ ਪਵੇਗੀ। ਇਸ ਵਿੱਚ ਸਾਰੇ ਧਰਮ ਗੁਰੂਆਂ ਦਾ ਅਸਲੀ ਇਨਕਲਾਬੀ ਗਿਆਨ ਤੁਹਾਡੀ ਮੱਦਦ ਕਰ ਸਕਦਾ ਹੈ। ਉਸ ਗਿਆਨ ਦਾ ਚਿੰਤਨ ਕਰਨਾ ਪਵੇਗਾ। ਉਸਨੂੰ ਖੁੱਲੇ ਮਨ ਨਾਲ ਵਿਚਾਰਨਾ ਪਵੇਗਾ। ਧਾਰਮਿਕ ਫਿਰਕਿਆਂ ਦੀ ਫਿਰਕੂ ਤੇ ਤੰਗ ਨਜ਼ਰੀ ਵਾਲੀ ਸੋਚ ਤੋਂ ਆਜ਼ਾਦ ਹੋ ਕੇ ਧਰਮਾਂ ਦੇ ਸਰਬ ਸਾਂਝੇ ਗਿਆਨ ਦਾ ਆਤਮ ਚੀਨਣ ਕਰਨਾ ਪਵੇਗਾ। ਫਿਰ ਅਸਲੀ ਧਰਮ ਦੀ ਸਮਝ ਆਵੇਗੀ। ਫਿਰ ਤੁਸੀਂ ਸੱਚੇ ਧਰਮ ਨਾਲ ਜੁੜ ਸਕੋਗੇ। ਇਸ ਲਈ ਸਭ ਤੋਂ ਪਹਿਲਾਂ ਪੁਜਾਰੀਆਂ ਦੇ ਫੋਕਟ ਕਰਮਕਾਂਡਾਂ ਨੂੰ ਛੱਡਣ ਦਾ ਹੌਸਲਾ ਕਰਨਾ ਪਵੇਗਾ? ਬਾਹਰੀ ਦਿਖਾਵੇ ਵਾਲੇ ਧਾਰਮਿਕ ਪਹਿਰਾਵਿਆਂ ਤੇ ਚਿੰਨ੍ਹਾਂ ਤੇ ਪ੍ਰਸ਼ਨ ਚਿੰਨ੍ਹ ਲਾਉਣੇ ਪੈਣਗੇ? ਨਕਲੀ ਪੂਜਾ ਪਾਠਾਂ ਖਿਲਾਫ ਖੜਨਾ ਪਵੇਗਾ? ਸਾਰੇ ਧਾਰਮਿਕ ਗੁਰੂਆਂ ਦਾ ਜੀਵਨ ਪੜ੍ਹ ਕੇ ਦੇਖ ਲਵੋ, ਉਨ੍ਹਾਂ ਨੇ ਸਮੇਂ ਦੇ ਪ੍ਰਚਲਤ ਸਾਰੇ ਫੋਕਟ ਕਰਮਕਾਂਡਾਂ, ਰੀਤਾਂ ਰਸਮਾਂ, ਮਰਿਯਾਦਾਵਾਂ ਦਾ ਵਿਰੋਧ ਕਰਕੇ ਆਪਣਾ ਰਸਤਾ ਚੁਣਿਆ। ਸਾਨੂੰ ਵੀ ਆਪਣਾ ਰਸਤਾ ਆਪ ਚੁਣਨ ਦਾ ਸਾਹਸ ਕਰਨਾ ਪਵੇਗਾ? ਜੇ ਅਸੀਂ ਆਪਣਾ ਰਸਤਾ ਆਪ ਚੁਣਨ ਦੇ ਸਮਰੱਥ ਨਹੀਂ ਤਾਂ ਅਸਲੀ ਧਰਮ ਗੁਰੂਆਂ ਦੇ ਅਸਲੀ ਗਿਆਨ ਨੂੰ ਪਹਿਚਾਨਣ ਦੇ ਯਤਨ ਜਰੂਰ ਆਰੰਭੀਏ। ਅਸਲੀ ਧਰਮ ਦਾ ਬਾਹਰੀ ਮਰਿਯਾਦਾਵਾਂ ਜਾਂ ਪੂਜਾ ਪਾਠਾਂ ਨਾਲ ਕੋਈ ਸਬੰਧ ਨਹੀਂ, ਅਸਲੀ ਧਰਮ ਦਾ ਤੁਹਾਡੇ ਆਪਣੇ ਮਨ ਨਾਲ ਸਿੱਧਾ ਸਬੰਧ ਹੈ, ਉਸ ਆਤਮਾ ਨਾਲ ਹੈ, ਜੋ ਤੁਹਾਡੇ ਅੰਦਰ ਵਸਦੀ ਹੈ, ਉਹ ਰੱਬੀ ਜੋਤ ਜੋ ਤੁਹਾਡੇ ਅੰਦਰ ਜਗਦੀ ਹੈ, ਉਹ ਮਨ ਜੋ ਸਾਰੀ ਖੇਲ ਰਚਾ ਕੇ ਬੈਠਾ ਹੈ, ਧਰਮ ਦਾ ਉਸ ਨਾਲ ਸਬੰਧ ਹੈ, ਇਸ ਲਈ ਧਰਮ ਦਾ ਰਸਤਾ ਸਾਰਿਆਂ ਦਾ ਇੱਕ ਨਹੀਂ ਹੋ ਸਕਦਾ ਕਿਉਂਕਿ ਸਾਰਿਆਂ ਦਾ ਮਨ ਇੱਕ ਨਹੀਂ? ਇਸ ਲਈ ਧਰਮ ਗੁਰੂਆਂ ਦੇ ਗਿਆਨ ਤੋਂ ਅਸੀਂ ਸਿਰਫ ਸੇਧ ਹੀ ਲੈ ਸਕਦੇ ਹਾਂ, ਉਸਨੂੰ ਉਸੇ ਤਰ੍ਹਾਂ ਅੱਖਾਂ ਮੀਟ ਕੇ ਨਹੀਂ ਮੰਨ ਸਕਦੇ, ਜਿਸ ਤਰ੍ਹਾਂ ਪੁਜਾਰੀ ਸਾਨੂੰ ਮੰਨਣ ਲਈ ਕਹਿੰਦੇ ਹਨ। ਜਿਹੜਾ ਮਨ ਜਾਂ ਆਤਮਾ ਦੇ ਅੰਦਰਲੇ ਭੇਦਾਂ ਦਾ ਸੱਚ ਗੁਰੂਆਂ ਨੇ ਸਾਡੇ ਨਾਲ ਸਾਂਝਾ ਕੀਤਾ ਹੈ, ਇਹ ਉਨ੍ਹਾਂ ਦਾ ਸੱਚ ਹੈ, ਸਾਡੇ ਨਾਲ ਉਸਦਾ ਕੋਈ ਸਬੰਧ ਨਹੀਂ, ਇਹ ਸਿਰਫ ਇੱਕ ਗਵਾਹੀ ਹੈ, ਜਿਹੜੀ ਸਾਡਾ ਮਾਰਗ ਦਰਸ਼ਨ ਕਰ ਸਕਦੀ ਹੈ, ਪਰ ਸਾਨੂੰ ਆਪਣੀ ਖੋਜ ਆਪ ਕਰਨੀ ਪੈਣੀ ਹੈ। ਆਪਣਾ ਮਾਰਗ ਆਪ ਬਣਾਉਣਾ ਪੈਣਾ ਹੈ। ਉਨ੍ਹਾਂ ਵਲੋਂ ਦਿੱਤਾ ਗਿਆਨ ਸਾਡੇ ਸਿਰਫ ਪੜ੍ਹਨ, ਵਿਚਾਰਨ ਜਾਂ ਪੂਜਾ ਪਾਠ ਲਈ ਨਹੀਂ ਹੈ। ਜੇ ਸਿਰਫ ਪੜ੍ਹਨ, ਵਿਚਾਰਨ ਤੇ ਪੂਜਾ ਪਾਠ ਤੱਕ ਸੀਮਤ ਰਹਾਂਗੇ ਤਾਂ ਕਦੇ ਸੱਚ ਦੀ ਥਾਹ ਨਹੀਂ ਪਾ ਸਕਾਂਗੇ। ਦੂਜਿਆਂ ਦੇ ਗਿਆਨ ਨੂੰ ਪੜ੍ਹਨ ਵਿਚਾਰਨ ਨਾਲ ਤੁਹਾਡੇ ਅੰਦਰ ਆਪਣੇ ਗਿਆਨ ਦਾ ਦੀਵਾ ਕਦੇ ਨਹੀਂ ਜਗੇਗਾ, ਜੇ ਕਿਸੇ ਨੂੰ ਲਗਦਾ ਹੋਵੇ ਤਾਂ ਉਹ ਗਲਤ ਸੋਚ ਰਿਹਾ ਹੈ। ਦੂਜਿਆਂ ਦਾ ਉਧਾਰਾ ਗਿਆਨ ਤੁਹਾਨੂੰ ਤਰਕਵਾਦੀ ਵਿਦਵਾਨ ਤਾਂ ਜਰੂਰ ਬਣਾ ਸਕਦਾ ਹੈ, ਪਰ ਸੱਚਾ ਧਰਮੀ ਨਹੀਂ ਬਣਾ ਸਕਦਾ। ਗੁਰੂਆਂ ਜਾਂ ਪੈਗੰਬਰਾਂ ਵਲੋਂ ਦਿੱਤੇ ਧਰਮ ਦੇ ਸੱਚੇ ਗਿਆਨ ਵਿਚੋਂ ਆਪਣਾ ਰਸਤਾ ਖੋਜਣ ਦਾ ਭੇਦ ਅਸੀਂ ਆਪ ਲੱਭਣਾ ਹੈ, ਉਹ ਤਾਂ ਹੀ ਮਿਲੇਗਾ ਜੇ ਅਸੀਂ ਉਸ ਰਸਤੇ ਤੁਰਾਂਗੇ, ਪਰ ਜੇ ਪੜ੍ਹਨ, ਵਿਚਾਰਨ, ਸਮਝਣ ਤੇ ਪੂਜਾ ਪਾਠ ਵਿੱਚ ਉਲਝੇ ਰਹਾਂਗੇ ਤਾਂ ਪੁਜਾਰੀਆਂ ਮਗਰ ਹੀ ਭਟਕਦੇ ਰਹਾਂਗੇ। ਇਸ ਨਾਲੋਂ ਤਾਂ ਚੰਗਾ ਹੈ ਕਿ ਅਸੀਂ ਆਪਣਾ ਸਮਾਂ ਦੁਨਿਆਵੀ ਕੰਮ ਧੰਦੇ ਵਿੱਚ ਲਗਾ ਕੇ ਪੈਸਾ ਬਣਾਈਏ ਤੇ ਇਸ ਨਾਲ ਘੱਟ ਤੋਂ ਘੱਟ ਦੁਨਿਆਵੀ ਸਹੂਲਤਾਂ ਤਾਂ ਮਾਣ ਸਕਦੇ ਹਾਂ। ਬਹੁਤੀ ਵਾਰੀ ਪੁਜਾਰੀਆਂ ਮਗਰ ਲੱਗ ਕੇ ਦੀਨ ਤਾਂ ਗਵਾਉਂਦੇ ਹੀ ਹਾਂ, ਸਗੋਂ ਭਰਮਾਂ ਵਿੱਚ ਪੈ ਕੇ ਦੁਨੀਆਂ ਦੀਆਂ ਸੁੱਖ ਸਹੂਲਤਾਂ ਦਾ ਆਨੰਦ ਵੀ ਨਹੀਂ ਮਾਣਦੇ। ਜਿਸ ਤਰ੍ਹਾਂ ਜੇ ਕੋਈ ਵਿਅਕਤੀ ਸਾਇੰਸਦਾਨਾਂ ਵਲੋਂ ਮੈਟਰ ਤੇ ਕੀਤੀਆਂ ਖੋਜਾਂ ਨੂੰ ਸਿਰਫ ਪੜ੍ਹਦਾ, ਵਿਚਾਰਦਾ ਜਾਂ ਪੂਜਾ ਪਾਠ ਕਰਦਾ ਰਹੇ ਤਾਂ ਕੁੱਝ ਪ੍ਰਾਪਤ ਨਹੀਂ ਕਰ ਸਕੇਗਾ, ਪਰ ਜੇ ਉਨ੍ਹਾਂ ਖੋਜਾਂ ਤੋਂ ਸੇਧ ਲੈ ਕੇ ਜਾਂ ਉਨ੍ਹਾਂ ਖੋਜਾਂ ਨੂੰ ਆਪਣੇ ਲਈ ਨਵੀਂ ਖੋਜ ਵਾਸਤੇ ਇਸ਼ਾਰਾ ਸਮਝ ਕੇ ਆਪਣੀ ਖੋਜ ਕਰਨ ਤੁਰੇਗਾ ਤਾਂ ਜਰੂਰ ਕੁੱਝ ਨਵਾਂ ਖੋਜ ਲਵੇਗਾ। ਅਸੀਂ ਦੇਖਦੇ ਹਾਂ ਕਿ ਦੁਨੀਆਂ ਵਿੱਚ ਲੱਖਾਂ-ਕ੍ਰੋੜਾਂ ਲੋਕ ਸਾਇੰਸਦਾਨਾਂ ਦੀਆਂ ਕਿਤਾਬਾਂ ਜਾਂ ਖੋਜਾਂ ਨੂੰ ਪੜ੍ਹ ਵਿਚਾਰ ਕੇ ਸਾਇੰਸ ਦੀਆਂ ਬੀ ਐਸ ਸੀ, ਐਮ ਐਸ ਸੀ, ਐਮ ਫਿਲ, ਪੀ ਐਚ ਡੀ, ਡਾਕਟਰ ਆਦਿ ਦੀਆਂ ਡਿਗਰੀਆਂ ਲਈ ਫਿਰਦੇ ਹਨ, ਪਰ ਉਨ੍ਹਾਂ ਵਿਚੋਂ ਕੋਈ ਵਿਰਲਾ ਹੀ ਸਾਇੰਦਾਨ ਬਣਦਾ ਹੈ, ਬਣਦਾ ਉਹੀ ਹੈ, ਜਿਹੜਾ ਆਪਣੀ ਖੋਜ ਆਪ ਕਰਦਾ ਹੈ।

ਕੁਦਰਤ ਵਲੋਂ ਇਹ ਸੰਸਾਰ ਦੋ ਤਰ੍ਹਾਂ ਦਾ ਬਣਾਇਆ ਹੋਇਆ ਹੈ, ਇੱਕ ਉਹ ਸੰਸਾਰ (ਮਾਦਾ, ਮੈਟਰ) ਜੋ ਸਾਨੂੰ ਅੱਖਾਂ ਨਾਲ ਦਿਸਦਾ ਹੈ ਤੇ ਦੂਸਰਾ ਉਹ ਸੰਸਾਰ (ਮਾਦੇ ਵਿਚਲੀ ਚੇਤੰਨਤਾ, ਊਰਜਾ ਜੋ ਉਸਨੂੰ ਗਤੀ ਦਿੰਦੀ ਹੈ, ਆਤਮਾ, ਮਨ ਆਦਿ) ਜੋ ਸਾਨੂੰ ਦਿਸਦਾ ਨਹੀਂ। ਸਾਇੰਸਦਾਨ ਦਿਸਦੇ ਸੰਸਾਰ (ਮੈਟਰ) ਦੀ ਖੋਜ ਕਰਕੇ ਨਿੱਤ ਕੁੱਝ ਨਾ ਕੁੱਝ ਨਵਾਂ ਲੱਭ ਰਹੇ ਹਨ, ਕੁਦਰਤ ਨੇ ਮੈਟਰ ਦੇ ਨਿਯਮਾਂ ਦਾ ਭੇਦ ਕਦੇ ਕਿਸੇ ਨੂੰ ਨਹੀਂ ਦਿੱਤਾ ਸੀ, ਇਹ ਭੇਦ ਉਨ੍ਹਾਂ ਨੂੰ ਹੀ ਲੱਭਾ, ਜਿਨ੍ਹਾਂ ਸਾਇੰਸਦਾਨਾਂ ਨੇ ਸਾਲਾਂ ਬੱਧੀ ਇਨ੍ਹਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ। ਹੁਣ ਨਵੇਂ ਸਾਇੰਸਦਾਨ ਪੁਰਾਣੀਆਂ ਖੋਜਾਂ ਤੋਂ ਸੇਧ ਲੈ ਕੇ ਅੱਗੇ ਤੋਂ ਅੱਗੇ ਮੈਟਰ ਦੀ ਖੋਜ ਕਰਦੇ ਜਾ ਰਹੇ ਹਨ ਤੇ ਕੁਦਰਤ ਦੇ ਨਵੇਂ ਨਵੇਂ ਗੁਝੇ ਭੇਦ ਲੱਭ ਰਹੇ ਹਨ। ਧਰਮ ਦਾ ਖੇਤਰ ਬਾਹਰੀ ਮੈਟਰ ਨਹੀਂ, ਉਸ ਮੈਟਰ ਵਿੱਚ ਛੁਪੀ ਚੇਤੰਨਤਾ ਨਾਲ ਹੈ, ਉਸ ਮਨ (ਆਤਮਾ, ਦਿਮਾਗ, ਚੇਤੰਨਤਾ ਆਦਿ) ਨਾਲ ਹੈ, ਜੋ ਇਸ ਮੈਟਰ ਰੂਪੀ ਸਰੀਰ ਨੂੰ ਚਲਾਉਂਦਾ ਹੈ, ਇਸ ਲਈ ਧਰਮ ਦਾ ਖੇਤਰ ਉਸ ਮਨ ਦੀ ਖੋਜ ਨਾਲ ਹੈ, ਜਿਸਨੂੰ ਅਸੀਂ ਰੋਜ਼ ਖੋਜਣਾ ਹੈ। ਜਿਸ ਤਰ੍ਹਾਂ ਮੈਟਰ ਦੇ ਕੁੱਝ ਲਾਅ ਹਨ, ਜੋ ਸਭ ਜਗ੍ਹਾ ਇਕੋ ਜਿਹੇ ਲਾਗੂ ਹੁੰਦੇ ਹਨ, ਪਰ ਮਨ ਤੇ ਇਸ ਤਰ੍ਹਾਂ ਸਾਰੇ ਲਾਅ ਇਕੋ ਜਿਹੇ ਲਾਗੂ ਨਹੀਂ ਹੋ ਸਕਦੇ ਕਿਉਂਕਿ ਹਰ ਇੱਕ ਦਾ ਮਨ ਵੱਖਰਾ ਹੈ ਤੇ ਜੀਵਤ ਹੈ (ਜੋ ਸੋਚਣ ਸਮਝਣ ਦੀ ਸਮਰਥਾ ਰੱਖਦਾ ਹੈ, ਮੈਟਰ ਵਿੱਚ ਇਹ ਸਮਰਥਾ ਨਹੀਂ ਹੈ, ਇਸ ਲਈ ਮਨ ਜਾਂ ਚੇਤੰਨਤਾ ਦੀ ਖੋਜ ਦੂਜੇ ਬੰਦੇ ਤੇ ਮੈਟਰ ਵਾਂਗ ਲਾਗੂ ਨਹੀਂ ਹੋ ਸਕਦੀ। ਧਰਮ ਦੇ ਖੇਤਰ ਵਿੱਚ ਹਰ ਇੱਕ ਨੂੰ ਆਪਣੀ ਖੋਜ ਆਪ ਕਰਨੀ ਪੈਂਦੀ ਹੈ। ਤੁਸੀਂ ਦੂਜੇ ਦੀ ਖੋਜ ਤੋਂ ਅੱਗੇ ਵਧਣ ਲਈ ਸੇਧ ਤਾਂ ਲੈ ਸਕਦੇ ਹੋ, ਪਰ ਉਸਨੂੰ ਸਿਰਫ ਪੜ੍ਹ, ਵਿਚਾਰ ਜਾਂ ਪੂਜਾ ਪਾਠ ਨਾਲ ਲਾਭ ਨਹੀਂ ਉਠਾ ਸਕਦੇ। ਅਸਲੀ ਧਰਮ ਅਤੇ ਪੁਜਾਰੀਆਂ ਦੇ ਨਕਲੀ ਧਰਮ ਵਿੱਚ ਇਹੀ ਫਰਕ ਹੈ ਕਿ ਉਹ ਸ਼ਰਧਾਲੂਆਂ ਨੂੰ ਗੁੰਮਰਾਹ ਕਰਦੇ ਹਨ ਕਿ ਤੁਸੀਂ ਮੂਰਤੀ, ਵਿਅਕਤੀ, ਗੁਰੂ, ਪੀਰ, ਰਹਿਬਰ, ਰੱਬ (ਜਿਹੜਾ ਉਨ੍ਹਾਂ ਨੇ ਆਪ ਹੀ ਬਣਾਇਆ ਹੁੰਦਾ ਹੈ), ਦੇਵੀ-ਦੇਵਤੇ, ਗ੍ਰੰਥ, ਕਿਸੇ ਸਥਾਨ ਆਦਿ ਤੇ ਨਿਸ਼ਚਾ ਰੱਖੋ, ਤੁਹਾਨੂੰ ਸਭ ਕੁੱਝ ਮਿਲ ਜਾਵੇਗਾ, ਸੱਚ ਜਾਣ ਲਉ ਇਸ ਤਰ੍ਹਾਂ ਕਦੇ ਕਿਸੇ ਨੂੰ ਕੁੱਝ ਨਹੀਂ ਮਿਲਿਆ ਤੇ ਨਾ ਹੀ ਮਿਲੇਗਾ। ਇਥੋਂ ਤੱਕ ਕਿ ਜਿਹੜੇ ਦੁਨਿਆਵੀ ਲਾਭ ਪੂਜਾ ਪਾਠ ਰਾਹੀਂ ਦੇਣ ਦੇ ਪੁਜਾਰੀ ਦਾਅਵੇ ਕਰਦੇ ਹਨ, ਉਹ ਵੀ ਝੂਠੇ ਹੁੰਦੇ ਹਨ। ਇੱਕ ਸਾਇੰਸਦਾਨ ਦੀ ਖੋਜ ਦਾ ਦੁਨਿਆਵੀ ਲਾਭ ਤੇ ਤੁਹਾਨੂੰ ਜਰੂਰ ਮਿਲ ਸਕਦਾ ਹੈ, ਪਰ ਮਨ ਦੇ ਖੋਜੀ ਜਾਂ ਸੱਚੇ ਧਰਮੀ ਦੀ ਅੰਦਰਲੀ ਖੋਜ ਦਾ ਤੁਹਾਨੂੰ ਕੋਈ ਲਾਭ ਕਦੇ ਨਹੀਂ ਮਿਲ ਸਕਦਾ। ਹਾਂ ਉਸ ਤੋਂ ਕੋਈ ਸੇਧ ਤਾਂ ਜਰੂਰ ਮਿਲ ਸਕਦੀ ਹੈ ਜਾਂ ਉਸ ਰਸਤੇ ਤੇ ਤੁਰਨ ਲਈ ਕੋਈ ਇਸ਼ਾਰਾ ਮਿਲ ਸਕਦਾ ਹੈ, ਪਰ ਪ੍ਰਾਪਤੀ ਕੋਈ ਨਹੀਂ ਹੋ ਸਕਦੀ, ਜਿਤਨਾ ਮਰਜ਼ੀ ਪੁਜਾਰੀਆਂ ਮਗਰ ਲੱਗ ਕੇ ਪੂਜਾ ਪਾਠ ਕਰੀ ਜਾਉ, ਪੁਜਾਰੀਆਂ ਵਲੋਂ ਬਣਾਈ ਮਰਿਯਾਦਾ ਨੂੰ ਪੂਰੀ ਸ਼ਰਧਾ ਨਾਲ ਨਿਭਾਈ ਜਾਉ, ਪੁਜਾਰੀਆਂ ਵਲੋਂ ਦੱਸੇ ਧਰਮ ਦੇ ਕਰਮ ਕਰੀ ਜਾਉ, ਪਹਿਰਾਵੇ ਪਾਈ ਜਾਉ, ਧਰਮ ਦੇ ਚਿੰਨ੍ਹ ਧਾਰਨ ਕਰੀ ਜਾਉ, ਇਸ ਵਿਚੋਂ ਕੁੱਝ ਨਹੀਂ ਮਿਲੇਗਾ। ਸਿਵਾਏ ਇਸਦੇ ਕਿ ਤੁਸੀਂ ਦਿਖਾਵੇ ਲਈ ਬਾਹਰੋਂ ਧਰਮੀ ਬਣ ਜਾਵੋਗੇ, ਅੰਦਰ ਖਾਲੀ ਦਾ ਖਾਲੀ ਰਹੇਗਾ, ਕਿਉਂਕਿ ਧਰਮ, ਸਰੀਰ (ਮੈਟਰ) ਦਾ ਵਿਸ਼ਾ ਹੀ ਨਹੀਂ ਹੈ, ਸਰੀਰ (ਮਾਦਾ) ਸਾਇੰਸ ਦਾ ਵਿਸ਼ਾ ਹੈ। ਪਰ ਤੁਸੀਂ ਪੁਜਾਰੀ ਦੇ ਪੂਜਾ-ਪਾਠਾਂ, ਰੀਤਾਂ ਰਸਮਾਂ, ਧਾਰਮਿਕ ਚਿੰਨ੍ਹਾਂ, ਧਾਰਮਿਕ ਪਹਿਰਾਵਿਆਂ ਨੂੰ ਧਿਆਨ ਨਾਲ ਵਿਚਾਰੋ ਤਾਂ ਪਤਾ ਚਲਦਾ ਹੈ ਕਿ ਇਨ੍ਹਾਂ ਸਭ ਦਾ ਸਬੰਧ ਸਰੀਰ ਨਾਲ ਹੈ। ਮਨ ਨਾਲ ਇਨ੍ਹਾਂ ਬਾਹਰੀ ਕਰਮਕਾਂਡਾਂ ਦਾ ਸਬੰਧ ਕੋਈ ਨਹੀਂ। ਜਦਕਿ ਧਰਮ ਸੰਬੋਧਨ ਹੀ ਮਨ (ਆਤਮਾ, ਦਿਮਾਗ, ਚੇਤੰਨਤਾ ਆਦਿ) ਨੂੰ ਹੁੰਦਾ ਹੈ, ਸਰੀਰ ਕਿਹੋ ਜਿਹਾ ਹੈ ਜਾਂ ਕਿਸ ਤਰ੍ਹਾਂ ਦਾ ਦਿਸਦਾ ਹੈ, ਧਰਮ ਦਾ ਇਸ ਨਾਲ ਕੋਈ ਸਬੰਧ ਨਹੀਂ। ਇਸੇ ਲਈ ਪੁਜਾਰੀਆਂ ਦੇ ਨਕਲੀ ਧਰਮਾਂ ਵਿੱਚ ਫਸੇ ਲੋਕ ਸਾਰੀ ਉਮਰ ਪੂਜਾ ਪਾਠ ਰੂਪੀ ਪਾਣੀ ਹੀ ਰਿੜਕਦੇ ਹਨ, ਜਿਸ ਵਿਚੋਂ ਧਰਮ ਰੂਪੀ ਮੱਖਣ ਕਦੇ ਨਹੀਂ ਨਿਕਲਦਾ ਤੇ ਪੁਜਾਰੀਆਂ ਹੱਥੋਂ ਸਰੀਰਕ, ਮਾਨਸਿਕ, ਆਰਥਿਕ ਸੋਸ਼ਣ ਕਰਵਾਉਂਦੇ ਜੁਆਰੀਆਂ ਵਾਂਗ ਜੀਵਨ ਦੀ ਬਾਜੀ ਹਾਰ ਕੇ ਸੰਸਾਰ ਤੋਂ ਤੁਰਦੇ ਬਣਦੇ ਹਨ। ਅਖੀਰ ਦੇ ਵਿੱਚ ਇਸ ਚਰਚਾ ਤੋਂ ਇਹੀ ਸਿੱਟਾ ਕੱਢ ਸਕਦੇ ਹਾਂ ਕਿ ਧਰਮ ਦੇ ਮਾਰਗ ਤੇ ਤੁਰਨ ਦਾ ਪਹਿਲਾ ਕਦਮ ਪੁਜਾਰੀਆਂ ਵਲੋਂ ਬਣਾਈਆਂ ਬਾਹਰੀ ਰੀਤਾਂ-ਰਸਮਾਂ, ਕਰਮਕਾਂਡਾਂ, ਪੂਜਾ-ਪਾਠਾਂ, ਮਰਿਯਾਦਾਵਾਂ, ਬਾਹਰੀ ਪਹਿਰਾਵਿਆਂ, ਧਾਰਮਿਕ ਚਿੰਨ੍ਹਾਂ ਆਦਿ ਨੂੰ ਤਿਆਗਣਾ ਹੈ। ਸਰੀਰ ਵਿੱਚ ਸਾਰੀ ਖੇਡ ਮਨ (ਦਿਮਾਗ) ਖੇਡ ਰਿਹਾ ਹੈ, ਪਰ ਜਦੋਂ ਤੁਸੀਂ ਪੁਜਾਰੀ ਦੇ ਪੂਜਾ ਪਾਠ, ਪਹਿਰਾਵੇ ਤੇ ਚਿੰਨ੍ਹ ਦੇਖੋਗੇ ਤਾਂ ਇਨ੍ਹਾਂ ਦਾ ਸਬੰਧ ਸਿਰਫ ਸਰੀਰ ਨਾਲ ਮਿਲੇਗਾ। ਇਸ ਲਈ ਜਦ ਤੱਕ ਅਸੀਂ ਬਾਹਰਲੇ ਧਰਮ ਕਰਮਾਂ ਨੂੰ ਛੱਡ ਕੇ ਆਪਣੇ ਅੰਦਰਲੇ ਨੂੰ ਸੰਬੋਧਨ ਨਹੀਂ ਹੁੰਦੇ, ਉਤਨਾ ਚਿਰ ਕੁੱਝ ਨਹੀਂ ਵਾਪਰੇਗਾ। ਧਰਮ ਜਿਨ੍ਹਾਂ ਵਿਕਾਰਾਂ ਦੀ ਵਾਰ-ਵਾਰ ਗੱਲ ਕਰਦਾ ਹੈ, ਉਹ ਅੰਦਰ ਹਨ, ਬਾਹਰੋਂ ਨਿਭਾਈਆਂ ਜਾਂਦੀਆਂ ਰੀਤਾਂ-ਰਸਮਾਂ ਨਾਲ ਜਾਂ ਦਿਖਾਵੇ ਦੇ ਧਾਰਮਿਕ ਕਰਮਕਾਂਡਾਂ ਨਾਲ ਉਨ੍ਹਾਂ ਨੂੰ ਸੰਬੋਧਨ ਨਹੀਂ ਹੋਇਆ ਜਾ ਸਕਦਾ। ਇਸ ਲਈ ਪੁਜਾਰੀ ਸਾਨੂੰ ਜੋ ਵੀ ਦੱਸਦੇ ਹਨ, ਜੋ ਵੀ ਰਸਤਾ ਦਿਖਾਉਂਦੇ ਹਨ, ਉਸਨੂੰ ਛੱਡਣਾ ਹੀ ਅਸਲੀ ਧਰਮ ਹੈ। ਫਿਰ ਉਸ ਤੋਂ ਅੱਗੇ ਧਰਮ ਰਸਤੇ ਤੇ ਤੁਰਨ ਬਾਰੇ ਆਉ ਧਰਮ ਗੁਰੂਆਂ ਦੀ ਵਿਚਾਰਧਾਰਾ ਵਿੱਚ ਦਿੱਤੇ ਇਸ਼ਾਰਿਆਂ ਨੂੰ ਸਮਝੀਏ ਤੇ ਆਪਣਾ ਰਸਤਾ ਆਪ ਚੁਣੀਏ ਤੇ ਪੁਜਾਰੀਆਂ ਦੀ ਮਰਿਯਾਦਾ ਦੇ ਬੰਧਨਾਂ ਤੋਂ ਆਜ਼ਾਦ ਹੋ ਕੇ ਫਿਰਕਿਆਂ ਦੀ ਸੋਚ ਵਿਚੋਂ ਨਿਕਲੀਏ ਤੇ ਸਾਰੀ ਕਾਇਨਾਤ ਵਿੱਚ ਵਸਦੀ ਉਸ ਰੱਬੀ ਜੋਤ ਨੂੰ ਪਛਾਣੀਏ। (ਚਲਦਾ)




.