.

ਕੀ ਸਿੱਖ ਅਰਦਾਸ ਗੁਰਮਤਿ ਵਿਚਾਰਧਾਰਾ ਦੇ ਅਨੁਕੂਲ ਹੈ?
ਹਾਕਮ ਸਿੰਘ


ਅਜੋਕੇ ਸਿੱਖ ਧਾਰਮਕ ਜੀਵਨ ਵਿਚ ਅਰਦਾਸ ਦਾ ਬਹੁਤ ਮਹੱਤਵ ਹੈ। ਇਹ ਬਹੁਤੇ ਸਿੱਖਾਂ ਵੱਲੋਂ ਸਭ ਤੋਂ ਵੱਧ ਸੁਣੀ ਅਤੇ ਪੜ੍ਹੀ ਜਾਣ ਵਾਲੀ ਧਾਰਮਕ ਕਿਰਤ ਹੈ। ਗੁਰਮਤਿ ਵਿਚਾਰਧਾਰਾ ਤੋਂ ਅਣਜਾਣ ਸਿੱਖ ਵੀ ਅਰਦਾਸ ਤੋਂ ਜਾਣੂ ਹੁੰਦੇ ਹਨ। ਸ਼ਰਧਾਲੂ ਸਿੱਖਾਂ ਲਈ ਤੇ ਅਰਦਾਸ ਉਹਨਾਂ ਦੇ ਜੀਵਨ ਦਾ ਅਨਿਖੜਵਾਂ ਅੰਗ ਅਤੇ ਹਰ ਰੋਜ਼ ਬਹੁਤੀ ਵੇਰ ਕੀਤੀ ਜਾਣ ਵਾਲੀ ਜ਼ਰੂਰੀ ਧਾਰਮਕ ਕਿਰਿਆ ਹੈ। ਅਰਦਾਸ ਸਿੱਖ ਜੀਵਨ ਨੂੰ ਗੁਰਬਾਣੀ ਪਾਠ, ਕੀਰਤਨ, ਵਿਆਖਿਆ, ਸਾਹਿਤ ਅਤੇ ਦੂਜੇ ਧਾਰਮਕ ਪਰਚਾਰ ਸਾਧਨਾਂ ਨਾਲੋਂ ਵੱਧ ਪਰਭਾਵਿਤ ਕਰਦੀ ਆ ਰਹੀ ਹੈ। ਹੈਰਾਨੀ ਇਸ ਗੱਲ ਦੀ ਹੈ ਕਿ ਪਰਚਲਤ ਸਿੱਖ ਅਰਦਾਸ ਵਿਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸਿਧਾਂਤ ਅਤੇ ਉਪਦੇਸ਼ ਦੀ ਬਹੁਤ ਮਾਮੂਲੀ ਝਲਕ ਪੈਂਦੀ ਹੈ ਜਦੋਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਧਰਮ ਦਾ ਆਧਾਰ ਹੈ। ਸਿੱਖ ਦੀ ਅਰਦਾਸ ਤੇ ਗੁਰਬਾਣੀ ਉਪਦੇਸ਼ ਤੇ ਆਧਾਰਤ ਹੋਣੀ ਚਾਹੀਦੀ ਸੀ ਪਰ ਐਸਾ ਨਹੀਂ ਹੈ। ਸਿੱਖ ਧਰਮ ਦੀ ਪ੍ਰੇਅਰ
(Prayer) ਮੰਨੀ ਜਾਣ ਵਾਲੀ ਇਸ ਅਰਦਾਸ ਵਿਚ ਗੁਰਬਾਣੀ ਉਪਦੇਸ਼ ਅਤੇ ਗੁਰਮਤਿ ਵਿਚਾਰਧਾਰਾ ਦੀ ਅਣਹੋਂਦ ਡੂੰਘੀ ਚਿੰਤਾ ਦਾ ਵਿਸ਼ਾ ਹੈ।
ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਤਰ ਦ੍ਰਿਸ਼ਟੀ ਤੋਂ ਉਪਜਿਆ ਪਰਭੂ ਦਾ ਅਨੁਭਵੀ ਗਿਆਨ ਹੈ। ਇਹ ਪਰਭੂ ਪਰਮਾਤਮਾ ਦੀ ਵਾਹਦ ਹੋਂਦ, ਬੇਅੰਤਤਾ, ਉਸ ਦੀ ਸਾਜੀ ਸਰਿਸ਼ਟੀ ਅਤੇ ਕੁਦਰਤ, ਸਰਿਸ਼ਟੀ ਵਿਚ ਸਥਿਤ ਤ੍ਰੈ-ਗੁਣਾ ਸੰਸਾਰ ਅਤੇ ਸੰਸਾਰ ਵਿਚ ਵਿਚਰ ਰਹੀ ਮਨੁੱਖਤਾ, ਮਨੁੱਖਾਂ ਦੇ ਸਮਾਜਕ ਸੰਗਠਨ, ਉਹਨਾਂ ਵਿਚ ਵਰਤ ਰਹੀ ਮਾਇਆ, ਮਨੁੱਖਾ ਮਨ ਦੀ ਵਾਸਤਵਿਕਤਾ, ਮਨ ਨਾਲ ਸੁਰਤ ਸ਼ਬਦ ਅਤੇ ਧਿਆਨ ਦੇ ਸਬੰਧ, ਮਨੁੱਖਾ ਸਰੀਰ ਅਤੇ ਜੀਵਨ ਦੀ ਵਿਸ਼ੇਸ਼ਤਾ ਅਤੇ ਮਨੋਰਥ, ਗੁਰ-ਸ਼ਬਦ ਦੀ ਵਡਿਆਈ ਅਤੇ ਪਰਭੂ ਦੀ ਆਪਣੀ ਸਾਜੀ ਚਲਣ ਸੀਲ ਸਰਿਸ਼ਟੀ ਵਿਚ ਵਿਆਪਕਤਾ ਦੇ ਰਹੱਸ ਦੀ ਵਿਲੱਖਣ ਅਧਿਆਤਮਿਕ ਗਿਆਨ ਪਰਣਾਲੀ ਹੈ। ਇਹ ਗਿਆਨ ਪਰਣਾਲੀ ਸਿੱਖ ਧਰਮ ਦੀ ਬੁਨਿਆਦ ਹੈ। ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦੁਰਲਭ ਹੈ ਅਤੇ ਇਸ ਦਾ ਮਨੋਰਥ ਪਰਭੂ ਨਾਲ ਮਿਲਾਪ ਹੈ ਕਿਉਂਕਿ ਮਨੁੱਖ ਪਰਭੂ ਦੀ ਅੰਸ਼ ਹੈ: "ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂੰ ਜਗ ਮਹਿ ਆਇਆ॥" (ਪੰ:੯੨੧)। ਪਰ ਮਾਇਆ ਦੇ ਭਰਮਾਊ ਪਰਭਾਵ ਨੇ ਮਨੁੱਖ ਨੂੰ ਆਪਣਾ ਕਰਤਾ ਪਰਭੂ ਭੁਲਾ ਦਿੱਤਾ ਹੈ। ਹਉਮੈ ਮਨੁੱਖ ਅਤੇ ਪਰਭੂ ਵਿਚਕਾਰ ਦੀਵਾਰ ਬਣੀ ਖੜ੍ਹੀ ਹੈ। ਮਨੁੱਖ ਹਉਮੈ ਵੱਸ ਆਪਣੇ ਪਲ-ਪਲ ਬਦਲਦੇ ਸਰੀਰ ਨਾਲ ਜਨਮ ਮਰਨ ਦੇ ਗੇੜ ਵਿਚ ਪਿਆ ਹੋਇਆ ਹੈ। ਹਉਮੈ ਦੇ ਪਰਭਾਵ ਤੋਂ ਇਲਾਵਾ ਮਨੁੱਖ ਨੂੰ ਪਰਭੂ ਮਿਲਾਪ ਦੇ ਰਾਹ ਵਿਚ ਇਕ ਹੋਰ ਅੜਚਨ ਦਰਪੇਸ਼ ਹੈ। ਪਰਭੂ "ਰੂਪੁ ਨੇ ਰੇਖ ਨ ਰੰਗੁ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥" (ਪੰ:੨੮੩) ਹੈ। ਐਸੇ ਅਣਕਿਆਸੇ ਪਰਭੂ ਨਾਲ ਹਉਮੈ ਗ੍ਰਸੇ ਮਨੁੱਖੀ ਮਨ ਦੇ ਮਿਲਾਪ ਦੀ ਕਲਪਨਾ ਕਰਨੀ ਵੀ ਔਖੀ ਹੈ। ਜੇਕਰ ਗੁਰੂ ਦੀ ਬਖ਼ਸ਼ਿਸ਼ ਹੋ ਜਾਵੇ ਤਾਂ ਹੀ ਹਉਮੈ ਉਪਰ ਕਾਬੂ ਪੈ ਸਕਦਾ ਹੈ ਅਤੇ ਪਰਭੂ ਮਿਲਾਪ ਦੇ ਔਖੇ ਮਾਰਗ ਦੇ ਪਾਂਧੀ ਬਨਣ ਦੀ ਇੱਛਾ ਉਤੇਜਿਤ ਹੋ ਸਕਦੀ ਹੈ। ਗੁਰਮਤਿ ਮਾਰਗ ਦੇ ਪਾਂਧੀਆਂ ਦੀ ਸੰਗਤ ਵਿਚ ਸ਼ਾਮਲ ਹੋਣ ਲਈ ਮਨੁੱਖ ਨੂੰ ਚਾਰ ਪੜਾ ਪਾਰ ਕਰਨ ਦੀ ਲੋੜ ਹੁੰਦੀ ਹੈ। ਉਹ ਚਾਰ ਪੜਾ ਹਨ:

੧. ਗੁਰਬਾਣੀ ਉਪਦੇਸ਼ ਪ੍ਰਤੀ ਪੂਰਨ ਸ਼ਰਧਾ;
੨. ਗੁਰਬਾਣੀ ਵਿਚ ਅੰਕਿਤ ਗਿਆਨ ਦੀ ਸੂਝ;
੩. ਪਰਭੂ ਭਗਤੀ ਅਤੇ ਪਰਭੂ ਦੀ ਰਜ਼ਾ ਵਿਚ ਚਲਣ ਲਈ ਉਸ ਨੂੰ ਮਨ ਅਰਪਿਤ ਕਰਨ ਦੀ ਤਾਂਘ; ਅਤੇ
੪. ਸੰਸਾਰਕ ਜੀਵਨ ਵਿਚ ਹਲੀਮੀ, ਪਰੇਮ ਅਤੇ ਪਰਉਪਕਾਰ ਦੀ ਭਾਵਨਾ।

ਗੁਰਮਤਿ ਮਾਰਗ ਦੇ ਪਾਂਧੀ ਬਨਣ ਦੇ ਚਾਹਵਾਨਾਂ ਨੂੰ ਦੋ ਤੱਥ ਧਿਆਨ ਵਿਚ ਰੱਖਣ ਦੀ ਲੋੜ ਹੁੰਦੀ ਹੈ। ੧. ਸ਼ਰਧਾ ਗਿਆਨ ਵਿਹੂਣੀ ਨਹੀਂ ਹੋਣੀ ਚਾਹੀਦੀ। ੨. ਗੁਰਬਾਣੀ ਗਿਆਨ ਅਲੌਕਿਕ ਹੁੰਦਾ ਹੈ ਇਸ ਦੀ ਸੰਸਾਰਕ ਜਾਣਕਾਰੀ ਨਾਲ ਕਿਸੇ ਪਰਕਾਰ ਦੀ ਸਾਂਝ ਨਹੀਂ ਹੈ। ਸੰਸਾਰਕ ਜਾਣਕਾਰੀ ਬੌਧਿਕ ਕਿਰਿਆ ਦੀ ਉਪਜ ਹੁੰਦੀ ਹੈ ਜਦੋਂ ਕਿ ਗੁਰਬਾਣੀ ਗਿਆਨ ਪਰਭੂ ਨੂੰ ਸਮਰਪਿਤ ਜੀਵਨ ਵਾਲੇ ਮਨ ਵਿਚ ਉਪਜੇ ਪਰਕਾਸ਼ ਦਾ ਅਨੁਭਵ ਹੈ। ਬੌਧਿਕ ਕਿਰਿਆ ਰਾਹੀਂ ਫ਼ਿਲਾਸਫ਼ੀ, ਧਰਮ ਸ਼ਾਸਤਰ, ਗੁਰਬਾਣੀ ਦੇ ਭਾਵ ਅਰਥ, ਵਿਗਿਆਨ ਅਤੇ ਤ੍ਰੈ-ਗੁਣਾ ਸੰਸਾਰ ਦੀ ਹੋਰ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਪਰ ਅਦਿੱਖ ਪਰਭੂ ਦਾ ਅਧਿਆਤਮਿਕ ਗਿਆਨ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਸੰਸਾਰਕ ਜਾਣਕਾਰੀ ਪ੍ਰਾਪਤ ਕਰਨ ਲਈ ਬੁੱਧੀ ਨੂੰ ਸਰੀਰ, ਪਦਾਰਥ ਅਤੇ ਸਮਾਜ ਨੂੰ ਘੋਖਣਾ ਪੈਂਦਾ ਹੈ ਜਦੋਂ ਕਿ ਅਧਿਆਤਮਿਕ ਗਿਆਨ ਦਾ ਅਨੁਭਵ ਕਰਨ ਲਈ ਮਨ ਨੂੰ ਆਪਣੇ ਅੰਤਹਿਕਰਣ ਦੀ ਛਾਣਬੀਣ ਕਰਨ ਦੀ ਲੋੜ ਹੁੰਦੀ ਹੈ। "ਗ੍ਰਿਹੁ ਸਰੀਰੁ ਗੁਰਮਤੀ ਖੋਜੇ ਨਾਮੁ ਪਦਾਰਥੁ ਪਾਵੇ॥" (ਪੰ: ੧੦੧੩)। ਮਨੁੱਖ ਆਪਣੇ ਮਨ ਤੋਂ ਇਹ ਜਾਨਣ ਦਾ ਜਤਨ ਕਰਦਾ ਹੈ ਕਿ ਉਸ ਦਾ ਜੀਵਨ ਕਿਸ ਹੱਦ ਤੱਕ ਗੁਰਮਤਿ ਅਨੁਸਾਰੀ ਹੈ। ਅਧਿਆਤਮਿਕ ਗਿਆਨ ਅਨੁਭਵੀ ਗਿਆਨ ਹੈ ਅਤੇ ਗੁਰੂ ਦੀ ਕਿਰਪਾ ਦੁਆਰਾ ਸੰਗਤ ਵਿਚ ਪਰਭੂ ਭਗਤੀ, ਸਿਮਰਨ, ਮਨੁੱਖਤਾ ਦੀ ਸੇਵਾ, ਸ਼ਬਦ ਦੀ ਓਟ ਅਤੇ ਨਿਸ਼ਕਾਮ ਕਰਮ ("ਕਰਮ ਕਰਤ ਹੋਵੈ ਨਿਹਕਰਮ" (ਪੰ: ੨੭੪) ਰਾਹੀਂ ਮਨ ਸਾਧ ਕੇ ਕਮਾਉਣਾ ਪੈਂਦਾ ਹੈ। ਗੁਰਮਤਿ ਅਨੁਸਾਰੀ ਜੀਵਨ ਧਾਰਨ ਕਰ ਕੇ ਹੀ ਗੁਰੂ ਦੀ ਮੇਹਰ ਸਦਕਾ ਅਧਿਆਤਮਿਕ ਗਿਆਨ ਦਾ ਅਨੁਭਵ ਸੰਭਵ ਹੁੰਦਾ ਹੈ।
ਸਾਧਾਰਣ ਸਿਖਾਂ ਦੇ ਜੀਵਨ ਅਤੇ ਰਹਿਤ ਵਿਚ ਗੁਰਬਾਣੀ ਗਿਆਨ ਦੀ ਕੋਈ ਝਲਕ ਨਹੀਂ ਪੈਂਦੀ। ਅਜੋਕੀ ਸਿੱਖ ਜੀਵਨ ਸ਼ੈਲੀ ਵਿਚ ਗੁਰਮਤਿ ਵਿਚਾਰਧਾਰਾ ਦਾ ਪਰਭਾਵ ਨਾਂ ਮਾਤਰ ਹੀ ਨਜ਼ਰ ਆਉਂਦਾ ਹੈ। ਇਸ ਦੇ ਬਰ ਅਕਸ ਅਰਦਾਸ ਦੇ ਤੱਤ ਆਮ ਸਿੱਖ ਜੀਵਨ ਨੂੰ ਬਹੁਤ ਪਰਭਾਵਿਤ ਕਰਦੇ ਹਨ। ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤ ਸਮਾਉਣ ਉਪਰੰਤ ਸਿੱਖ ਵਿਹਾਰਕ ਜੀਵਨ ਗੁਰਮਤਿ ਨਾਲੋਂ ਦੂਰ ਹੋਣਾ ਸ਼ੁਰੂ ਹੋ ਗਿਆ ਸੀ ਅਤੇ ਇਹ ਦੂਰੀ ਦਿਨ ਪਰ ਦਿਨ ਵੱਧਦੀ ਗਈ ਹੈ। ਸਿੰਘ ਸਭਾ ਲਹਿਰ ਨੇ ਇਸ ਵੱਧ ਰਹੀ ਦੂਰੀ ਨੂੰ ਠਲ੍ਹ ਪਾਉਣ ਦਾ ਜਤਨ ਕੀਤਾ ਸੀ ਪਰ ਪ੍ਰਤਿਗਾਮੀ ਸ਼ਕਤੀਆਂ ਨੇ ਰਾਜਸੀ ਅਤੇ ਜੁਝਾਰੂ ਭਾਵਨਾਵਾਂ ਉਤੇਜਿਤ ਕਰ ਕੇ ਸਿੱਖ ਜਗਤ ਵਿਚ ਸ਼ਕਤੀ ਦੀ ਲਾਲਸਾ, ਅਭਿਮਾਨ, ਵੈਰ, ਅੱਡ ਭਾਵ, ਰਾਜਸੀ ਅਕਾਂਖਿਆਵਾਂ, ਕਟੜ ਪੰਥੀ ਅਤੇ ਹਿੰਸਾ ਜੈਸੀਆਂ ਗੁਰਮਤਿ ਵਿਰੋਧੀ ਬਿਰਤੀਆਂ ਉਜਾਗਰ ਕਰ ਦਿੱਤੀਆਂ। ਸਿੱਖ ਧਰਮ ਦਾ ਰਾਜਸੀ ਕਰਨ ਹੋਣ ਨਾਲ ਸਿੱਖ ਧਾਰਮਕ ਸੰਸਥਾਵਾਂ ਵਿਚ ਗੁਰਬਾਣੀ ਉਪਦੇਸ਼ ਦੇ ਸੰਚਾਰ ਦੀ ਥਾਂ ਭੇਖ, ਕਰਮ ਕਾਂਡ, ਮਨੋਰੰਜਕ ਗਤੀਵਿਧੀਆਂ, ਰਾਜਸੀ ਸਰਗਰਮੀਆਂ ਅਤੇ ਸ਼ਕਤੀ ਪਰਦਰਸ਼ਨੀ ਨੇ ਲੈ ਲਈ।
ਗੁਰਮਤਿ ਇਕ ਪਰਭੂ ਦੀ ਵਾਹਦ ਹੋਂਦ ਦੇ ਵਿਸ਼ਵਾਸ ਤੇ ਆਧਾਰਤ ਵਿਚਾਰਧਾਰਾ ਹੈ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮੰਗਲਾਚਰਨ ਵਿਚ "ੴ ਸਤਿਨਾਮੁ" ਰਾਹੀਂ ਅਭਿਵਿਅਕਤ ਕੀਤਾ ਗਿਆ ਹੈ। ਗੁਰਮਤਿ ਦਾ ਮੂਲ ਸਿਧਾਂਤ ਹੀ ਇਕ ਪਰਭੂ ਅਤੇ ਕੇਵਲ ਇਕ ਉਸੇ ਦੀ ਹੋਂਦ ਦਾ ਵਿਸ਼ਵਾਸ ਹੈ। ਗੁਰਬਾਣੀ ਦੇ ਕਥਨ ਹਨ: "ਆਪੇ ਪਟੀ ਕਲਮ ਆਪਿ ਉਪਰਿ ਲੇਖ ਭਿ ਤੂ॥ ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ।" (ਪੰ: ੧੨੯੧); " ਜੇਤਾ ਸਬਦੁ ਸੁਰਿਤ ਧੁਨਿ ਤੇਤੀ ਜੇਤਾ ਰੂਪ ਕਾਇਆ ਤੇਰੀ ਤੂੰ ਆਪੇ ਰਸਨਾ ਆਪੇ ਬਸਨਾ ਅਵਰੁ ਨ ਦੂਜਾ ਕਹਉ ਮਾਈ॥ ਸਾਹਿਬ ਮੇਰਾ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥" (ਪੰ: ੩੫੦); "ਤ੍ਰਿਭਵਣ ਜੋਤਿ ਧਰੀ ਪਰਮੇਸਰਿ ਅਵਰੂ ਨ ਦੂਜਾ ਭਾਈ ਹੇ॥" (ਪੰ: ੧੦੨੪); "ਤਿਸਹਿ ਸਰੀਕੁ ਨ ਦੀਸੈ ਕੋਈ ਆਪੇ ਅਪਰ ਅਪਾਰਾ ਹੇ॥" (ਪੰ: ੧੦੩੬); "ਏਕੰਕਾਰ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ॥" (ਪੰ: ੯੩੨)। ਗੁਰਬਾਣੀ ਦਾ "ੴਸਤਿਨਾਮੁ" ਦਾ ਸਿਧਾਂਤ ਪਰਭੂ ਤੋਂ ਇਲਾਵਾ ਹੋਰ ਕਿਸੇ ਦੀ ਹੋਂਦ ਨੂੰ ਸਵੀਕਾਰ ਨਹੀਂ ਕਰਦਾ। ਗੁਰਮਤਿ ਦੀ ਇਸ ਸਚਾਈ ਦੇ ਮਹੱਤਵ ਨੂੰ ਬਹੁਤ ਘੱਟ ਸਿੱਖ ਸ਼ਰਧਾਲੂ ਸਮਝਦੇ ਅਤੇ ਸਵੀਕਾਰਦੇ ਹਨ। ਸਿੱਖ ਬੁੱਧੀਜੀਵੀ ਅਤੇ ਪਰਚਾਰਕ ਅਕਸਰ ਇਸ ਸਚਾਈ ਨੂੰ ਅਣਡਿੱਠ ਕਰ ਛੱਡਦੇ ਹਨ। ਗੁਰਬਾਣੀ "ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ॥" (ਪੰ: ੧) ਅਤੇ "ਸਾਹਿਬੁ ਮੇਰੇ ਏਕੋ ਹੈ॥ ਏਕੋ ਹੈ ਭਾਈ ਏਕੋ ਹੈ॥" (ਪੰ:੩੫੦) ਦੇ ਸਿਧਾਂਤ ਨੂੰ ਬਾਰ-ਬਾਰ ਦ੍ਰਿੜ ਕਰਵਾਉਂਦੀ ਹੈ। ਗੁਰਬਾਣੀ ਅਨੁਸਾਰ ਦ੍ਰਿਸ਼ਟੀਮਾਨ ਸਰਿਸ਼ਟੀ, ਸੰਸਾਰ ਅਤੇ ਮਨੁੱਖਤਾ ਪਰਭੂ ਦੀ ਕਿਰਤ ਹੈ, ਦੂਜੀ ਹੈ ਜਿਸ ਵਿਚ ਉਹ ਆਪ ਵਿਆਪਕ ਹੈ। ਗੁਰਬਾਣੀ ਦਾ ਕਥਨ ਹੈ: "ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥" (ਪੰ: ੪੬੩)। ਸਰਿਸ਼ਟੀ ਪਰਭੂ ਦਾ ਆਪ ਸਿਰਜਿਆ ਸਰਗੁਣ ਸਰੂਪ ਹੈ। ਗੁਰਬਾਣੀ ਅਨੁਸਾਰ: "ਖੰਡ ਬ੍ਰਹਮੰਡ ਪਾਤਾਲ ਅਰੰਭੇ ਗੁਪਤਹੁ ਪਰਗਟੀ ਆਇਦਾ॥" (ਪੰ: ੧੦੩੬); "ਏਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ॥" (ਪੰ: ੯੨੨); "ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਨ ਸੁਨਨ ਕਉ ਦੂਜਾ॥ (ਪੰ: ੧੨੪੨) ਅਤੇ "ਆਪੇ ਮਾਛੀ ਮਛੁਲੀ ਆਪੇ ਪਾਣੀ ਜਾਲ॥ ਆਪੇ ਜਾਲ ਮਣਕੜਾ ਆਪੇ ਅੰਦਰਿ ਲਾਲੁ॥ ਆਪੇ ਬਹੁਬਿਧਿ ਰੰਗੁਲਾ ਸਖੀਏ ਮੇਰਾ ਲਾਲੁ॥" (ਪੰ: ੨੩)।
ਗੁਰਬਾਣੀ ਅਨੁਸਾਰ ਸਰਿਸ਼ਟੀ ਪਰਭੂ ਦੀ ਕਿਰਤ ਹੈ ਅਤੇ ਦੂਜੀ ਵਖਰੀ ਹੁੰਦੇ ਹੋਏ ਵੀ ਇਸ ਦੀ ਪਰਭੂ ਤੋਂ ਬਾਹਰ ਸੁਤੰਤਰ ਹੋਂਦ ਨਹੀਂ ਹੈ। ਗੁਰਬਾਣੀ ਦੇ ਇਸ ਨਿਰਨੇ ਦੇ ਬਾਵਜੂਦ ਮਨੁੱਖ ਨੂੰ ਜਨਮ ਤੋਂ ਹੀ ਆਪਣੀ ਅਤੇ ਸਰਿਸ਼ਟੀ ਦੀ ਪਰਭੂ ਤੋਂ ਵਾਂਝੀ ਵਖਰੀ ਸੁਤੰਤਰ ਹਸਤੀ ਹੋਣ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਸ ਸਿੱਖਿਆ ਦੇ ਫਲ ਸਰੂਪ ਆਮ ਲੋਕਾਂ ਦੀ ਇਹ ਧਾਰਨਾ ਬਣੀ ਹੋਈ ਹੈ ਕਿ ਮਨੁੱਖ ਅਤੇ ਸਰਿਸ਼ਟੀ ਦੀ ਸਵਾਧੀਨ ਹੋਂਦ ਹੈ। ਸਾਧਾਰਣ ਮਨੁੱਖ ਨੂੰ ਆਪਣੇ ਆਪ ਅਤੇ ਸੰਸਾਰ ਵਿਚ ਨਾ ਤੇ ਹਰਿ ਨਜ਼ਰ ਆਉਂਦਾ ਹੈ ਅਤੇ ਨਾ ਹੀ ਉਹ ਹਰਿ ਦੀ ਹੋਂਦ ਨੂੰ ਸਵੀਕਾਰ ਕਰ ਕੇ ਉਸ ਦੀ ਰਜ਼ਾ ਅਨੁਸਾਰ ਜੀਵਨ ਜੀਉਣ ਦਾ ਜਤਨ ਕਰਦਾ ਹੈ। ਮਨੁੱਖਤਾ ਦੀ ਬਹੁਗਿਣਤੀ ਦਾ ਤੇ ਸਦਾ ਤੋਂ ਹੀ ਇਹ ਵਿਸ਼ਵਾਸ ਅਤੇ ਰਵੱਈਆ ਰਿਹਾ ਹੈ ਕਿ ਸੰਸਾਰ ਵਿਚ ਪਰਭੂ ਨਹੀਂ ਹੈ ਅਤੇ ਮਨੁੱਖੀ ਸਮਾਜ ਸਵਾਰਥੀ ਲੋਕਾਂ ਦਾ ਸੰਗਠਨ ਹੈ। ਅਤੇ, ਜੇਕਰ ਸੰਸਾਰ ਤੋਂ ਬਾਹਰ ਪਰਭੂ ਜਾਂ ਕੋਈ ਹੋਰ ਅਦਿੱਖ ਸ਼ਕਤੀ ਹੈ ਤਾਂ ਉਸ ਦੀ ਸਹਾਇਤਾ ਲਈ ਉਸ ਦੀ ਢੁੱਕਵੀਂ ਪੂਜਾ ਜਾਂ ਸੇਵਾ ਕੀਤੀ ਜਾਣੀ ਚਾਹੀਦੀ ਹੈ। ਮਨੁੱਖ ਸੁਭਾਵਕ ਹੀ ਬਹੁਤੇ ਕਰਮ ਪਰਭੂ ਦੇ ਹੁਕਮ ਅਤੇ ਉਸ ਦੀ ਸਾਜੀ ਕੁਦਰਤ ਦੇ ਨਿਯਮਾਂ ਵਿਰੁਧ ਕਰਨ ਵਿਚ ਫਖ਼ਰ ਮਹਿਸੂਸ ਕਰਦਾ ਹੈ। ਇਸੇ ਲਈ ਗੁਰਬਾਣੀ ਮਨੁੱਖ ਨੂੰ ਤ੍ਰੈ-ਗੁਣੀ ਸੰਸਾਰ ਵਿਚ ਕੁਰਾਹੇ ਪਿਆ, ਸੁਤਾ ਹੋਇਆ ਅਤੇ ਸੁਪਨੇ ਲੈਂਦਾ ਆਖਦੀ ਹੈ ਅਤੇ ਜਿਸ ਭਰਮਾਊ ਸੰਸਾਰ ਵਿਚ ਉਹ ਸਮਝਦਾ ਹੈ ਕਿ ਉਹ ਆਪਣੀ ਮਰਜ਼ੀ ਨਾਲ ਜੀਵਨ ਬਤੀਤ ਕਰ ਰਿਹਾ ਹੈ ਉਸ ਨੂੰ ਝੂਠਾ ਅਤੇ ਮਿਥਿਆ ਆਖਦੀ ਹੈ। ਮਾਇਆ ਦੇ ਪਰਭਾਵ ਨੇ ਮਨੁੱਖ ਨੂੰ ਭਰਮਾ ਰਖਿਆ ਹੈ। ਗੁਰਬਾਣੀ ਦੇ ਕਥਨ ਹਨ: "ਇਹੁ ਮਾਇਆ ਜਿਤੁ ਹਰਿ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ॥" (ਪੰ:੯੨੧); "ਛਛੈ ਛਾਇਆ ਵਰਤੀ ਸਭ ਅੰਤਰਿ ਤੇਰਾ ਕੀਆ ਭਰਮੁ ਹੋਆ॥" (ਪੰ: ੪੩੩); "ਆਪੇ ਮਾਇਆ ਆਪੇ ਛਾਇਆ॥" (ਪੰ: ੧੨੫); "ਰਜ ਤਮ ਸਤ ਕਲ ਤੇਰੀ ਛਾਇਆ॥ ਜਨਮ ਮਰਣ ਹਉਮੈ ਦੁਖੁ ਪਾਇਆ॥" (ਪੰ: ੧੦੩੮)। ਜਿਥੇ ਪਰਭੂ ਨਹੀਂ ਓਥੇ ਮਾਇਆ ਹੈ। "ਆਪੇ ਚੋਜ ਕਰੇ ਰੰਗ ਮਹਲੀ ਹੋਰ ਮਾਇਆ ਮੋਹ ਪਸਾਰਾ ਹੇ॥" (ਪੰ: ੧੦੩੬)। ਅਤੇ ਕਿਉਂਕਿ ਹੋਂਦ ਕੇਵਲ ਪਰਭੂ ਦੀ ਹੀ ਹੈ ਇਸ ਲਈ ਮਾਇਆ ਦੀ ਸੁਤੰਤਰ ਹੋਂਦ ਦਾ ਵਿਸ਼ਵਾਸ ਕੇਵਲ ਭਰਮ ਅਤੇ ਭੁਲੇਖਾ ਹੈ। ਮਾਇਆ ਦੇ ਪਰਭਾਵ ਨੇ ਹੀ ਸੰਸਾਰ ਨੂੰ ਆਪਣੀ ਸੁਤੰਤਰ ਹੋਂਦ ਦਾ ਭਰਮ ਪਾ ਰਖਿਆ ਹੈ।
ਗੁਰਬਾਣੀ ਵਿਚ ਮਾਇਆ ਦਾ ਸੰਕਲਪ ਮਾਇਆ ਬਾਰੇ ਪਰਚਲਤ ਰਾਏ ਨਾਲੋਂ ਬਹੁਤ ਭਿੰਨ ਹੈ। ਆਮ ਲੋਕ ਧਨ, ਦੌਲਤ ਅਤੇ ਸੰਪਤੀ ਨੂੰ ਹੀ ਮਾਇਆ ਸਮਝਦੇ ਹਨ। ਇਹ ਮਾਇਆ ਮਨੁੱਖੀ ਲੋੜਾਂ ਪੁਰੀਆਂ ਕਰਨ ਲਈ ਚਾਹੀਦੀ ਹੁੰਦੀ ਹੈ। ਗੁਰਬਾਣੀ ਅਨੁਸਾਰ ਮਾਇਆ ਦਾ ਸੰਕਲਪ ਧਨ, ਦੌਲਤ ਅਤੇ ਸੰਪਤੀ ਨਹੀਂ ਬਲਕਿ "ਮਾਇਆ ਮੋਹੁ ਅਗਿਆਨੁ ਹੈ ਬਿਖਮੁ ਅਤਿ ਭਾਰੀ॥" (ਪੰ: ੫੦੯); "ਮਾਇਅ ਮੋਹੁ ਸਭੁ ਦੁਖੁ ਹੈ ਖੋਟਾ ਇਹੁ ਵਾਪਾਰਾ ਰਾਮ॥" (ਪੰ: ੫੭੦); "ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ॥ ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ॥ (ਪੰ: ੯੩੭); "ਮਾਇਆ ਭੁਇਅੰਗਮੁ ਸਰਪੁ ਹੈ ਜਗੁ ਘੇਰਿਆ ਬਿਖੁ ਮਾਇ॥ ਬਿਖੁ ਕਾ ਮਾਰਣੁ ਹਰਿ ਨਾਮੁ ਹੈ ਗੁਰ ਗਰੁੜ ਸਬਦੁ ਸੁਖਿ ਪਾਇ॥" (ਪੰ: ੧੪੧੫); "ਬਾਬਾ ਮਾਇਆ ਸਾਥਿ ਨ ਹੋਇ॥ ਇਨਿ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ॥" (ਪੰ: ੫੯੫); "ਮਾਇਆ ਹੋਈ ਨਾਗਨੀ ਜਗਤਿ ਰਹੀ ਲਪਟਾਇ॥ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰਿ ਖਾਇ॥" (ਪੰ: ੫੧੦)। ਕਾਮ, ਕਰੋਧ, ਲੋਭ, ਮੋਹ ਅਤੇ ਅਹੰਕਾਰ ਮਾਇਆ ਦੇ ਸੇਵਕ ਹਨ। ਸੰਸਾਰ ਵਿਚ ਜੋ ਵੀ ਕੰਮ ਪਰਭੂ ਦੀ ਰਜ਼ਾ ਦੇ ਵਿਪਰੀਤ ਹੁੰਦਾ ਹੈ ਉਹ ਸਭ ਮਾਇਆ ਦੀ ਕਾਰਗੁਜ਼ਾਰੀ ਹੈ। ਮਨੁੱਖ ਦੇ ਸਾਰੇ ਭਰਮ, ਭੁਲੇਖੇ, ਚਤਰਾਈ, ਸ਼ੈਤਾਨੀ, ਅਨੈਤਕ ਅਤੇ ਅਣਮਨੁੱਖੀ ਵਿਹਾਰ ਮਾਇਆ ਦੇ ਪਰਭਾਵ ਦਾ ਹੀ ਸਿੱਟਾ ਹਨ ਅਤੇ "ਮਾਇਅ ਮਮਤਾ ਛੋਡੀ ਨ ਜਾਈ॥" (ਪੰ: ੧੦੨੪)।
ਸਰਿਸ਼ਟੀ ਦਾ ਇਕ ਹੋਰ ਤੱਤ ਹੈ ਜੋ ਸਰਿਸ਼ਟੀ ਨੂੰ ਨਿਰਗੁਣ ਪਰਭੂ ਨਾਲੋਂ ਵਖਰਾ ਕਰਦਾ ਹੈ ਪਰ ਉਸ ਦੀ ਕਿਰਤ ਹੋਣ ਦਾ ਸੱਚ ਵੀ ਦਰਿੜ੍ਹ ਕਰਵਾਉਂਦਾ ਹੈ। ਉਹ ਹੈ ਸਰਿਸ਼ਟੀ ਦੀ ਚਰਨਸ਼ੀਲਤਾ। ਸਾਰੀ ਸਰਿਸ਼ਟੀ ਨਿਰੰਤਰ ਬਦਲ ਰਹੀ ਹੈ, ਚਾਲੇ ਪਈ ਜੰਮਣ ਮਰਨ ਦੇ ਗੇੜ ਵਿਚ ਪਈ ਹੋਈ ਹੈ, ਕੇਵਲ ਇਕ ਸਰਿਸ਼ਟੀ ਦਾ ਕਰਤਾ ਪਰਭੂ ਹੀ ਅਜੂਨੀ ਅਤੇ ਨਿਹਚਲ ਹੈ। ਸੰਸਾਰ ਵਿਚ ਜੋ ਜਨਮਿਆ ਹੈ ਉਸ ਦਾ ਮਰਨਾ ਨਿਸ਼ਚਿਤ ਹੈ ਅਤੇ ਜਨਮ-ਮਰਨ ਤੇ ਕਿਸੇ ਦਾ ਕੋਈ ਵਸ ਨਹੀਂ ਹੈ ਕਿਉਂਕਿ ਜੀਵਨ ਪਰਭੂ ਦੀ ਦੇਣ ਹੈ ਅਤੇ ਇਸ ਦਾ ਹਰ ਪਲ ਪਰਭੂ ਦੀ ਰਜ਼ਾ, ਹੁਕਮ ਅਤੇ ਕਰਮ ਤੇ ਆਸ਼ਰਿਤ ਹੈ। ਮਨੁੱਖ ਦੀਆਂ ਨਿਜੀ ਪਰਾਪਤੀਆਂ ਦੀ ਵੀ ਬ੍ਰਹਿਮੰਡ ਵਿਚ ਕੋਈ ਮਹੱਤਤਾ ਨਹੀਂ ਹੈ ਫਿਰ ਵੀ ਮਨੁੱਖ ਦਾ ਅਹੰਕਾਰ ਸਿਰ ਚੜ੍ਹ ਕੇ ਬੋਲਦਾ ਰਹਿੰਦਾ ਹੈ। ਗੁਰਬਾਣੀ ਉਪਦੇਸ਼ ਦੀ ਪਾਲਣਾ ਹੀ ਮਨੁੱਖ ਨੂੰ ਜਨਮ-ਮਰਨ ਦੇ ਗੇੜ ਵਿਚੋਂ ਕੱਢ ਕੇ ਪਰਭੂ ਨਾਲ ਮਿਲਣ ਵਿਚ ਸਹਾਇਕ ਹੁੰਦੀ ਹੈ। ਇਸ ਲਈ ਗੁਰਬਾਣੀ ਮਨੁੱਖ ਨੂੰ ਆਪਣੇ ਜੀਵਨ ਵਿਚ ਦੋ ਕਰਤਵ ਨਿਭਾਉਣ ਦਾ ਉਪਦੇਸ਼ ਕਰਦੀ ਹੈ: (੧) ਪਰਭੂ ਦੇ ਭਾਣੇ ਵਿਚ ਰਹਿੰਦੇ ਹੋਏ ਆਪਣੀਆਂ ਸੰਸਾਰਕ ਜ਼ਿੰਮੇਵਾਰੀਆਂ ਦੀ ਸਭ ਦੇ ਭਲੇ ਨੂੰ ਮੁੱਖ ਰੱਖ ਕੇ ਪਾਲਣਾ ਕਰੋ, ਅਤੇ (੨) ਆਪਣੇ ਕਰਤੇ ਪਰਭੂ ਨੂੰ ਹਮੇਸ਼ਾ ਯਾਦ ਰੱਖੋ ਅਤੇ ਉਸ ਦੇ ਹੁਕਮ ਨੂੰ ਬੁਝ ਕੇ ਆਪਣਾ ਜੀਵਨ ਮਾਰਗ ਨਿਰਧਾਰਤ ਕਰੋ।
ਗੁਰਬਾਣੀ ਸਿਧਾਂਤ ਅਤੇ ਉਪਦੇਸ਼ ਦੇ ਇਸ ਸੰਖੇਪ ਵਰਨਣ ਉਪਰੰਤ ਪਰਚਲਤ ਅਰਦਾਸ ਵਿਚ ਗੁਰਬਾਣੀ ਦੇ ਉਲੇਖ ਲੱਭਣ ਦਾ ਜਤਨ ਕਰਦੇ ਹਾਂ। ਅਰਦਾਸ ੧੧ ਪੈਰਿਆਂ ਵਿਚ ਸਿੱਖ ਰਹਿਤ ਮਰਯਾਦਾ ਦੇ ਪੰਨਾ ੯-੧੦ ਤੇ ਅੰਕਿਤ ਹੈ। ਇਸ ਅਰਦਾਸ ਵਿਚ ਪ੍ਰਭੂ ਦੀ ਵਾਹਦ ਹੋਂਦ ਜਾਂ "ਸਤਿਨਾਮ" ਦਾ ਉਪਦੇਸ਼ ਨਹੀਂ ਹੈ। ਅਰਦਾਸ " ੴ ਵਾਹਿਗੁਰੂ ਜੀ ਕੀ ਫਤਹਿ॥" ਨਾਲ ਅਰੰਭ ਹੁੰਦੀ ਹੈ। "ੴ ਵਾਹਿਗੁਰੂ ਜੀ ਕੀ ਫਤਹਿ" ਦਾ ਅਰਥ ਹੈ: ਪਰਭੂ ਇਕ ਹੈ ਅਤੇ ਜਿੱਤ ਵਾਹਿਗੁਰੂ ਜੀ ਦੀ ਹੈ। ਜਿੱਤ ਹਮੇਸ਼ਾ ਦੋ ਧਿਰਾਂ ਦੇ ਆਪਸੀ ਮੁਕਾਬਲੇ ਦਾ ਪਰਿਣਾਮ ਹੁੰਦੀ ਹੈ ਇਸ ਲਈ ਵਾਹਿਗੁਰੂ ਜੀ ਕੀ ਫਤਹਿ ਦਾ ਸੰਕਲਪ ਗੁਰਬਾਣੀ ਦੇ "ਏਕੰਕਾਰ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ॥" (ਪੰ: ੯੩੨) ਅਤੇ "ੴ ਸਤਿਨਾਮੁ" ਦੇ ਸਿਧਾਂਤ ਦੇ ਅਨੁਕੂਲ ਨਹੀਂ ਹੈ। ਵਾਹਿਗੁਰੂ ਨੇ ਫਤਹਿ ਕਿਸ ਤੇ ਪਾਉਣੀ ਹੋਈ ਜਦੋਂ ਦੂਜਾ ਹੋਰ ਕੋਈ ਹੈ ਹੀ ਨਹੀਂ? ਸਰਿਸ਼ਟੀ ਦੇ ਸਿਰਜਣਹਾਰ ਪਰਭੂ ਦੀ ਕਿਰਤ ਦਾ ਆਪਣੇ ਹੀ ਕਰਤੇ ਦੀ ਵਿਰੋਧਤਾ ਕਰਨਾ ਇਕ ਤਰਕ ਹੀਣ ਵਿਚਾਰ ਹੈ। ਹਾਂ, ਜੋ ਸਨਾਤਨੀ ਵਿਚਾਰਧਾਰਾ ਅਨੁਸਾਰ ਪੁਰਸ਼ ਅਤੇ ਪਰਕਿਰਤੀ ਤੋਂ ਸਰਿਸ਼ਟੀ ਦੀ ਉਤਪਤੀ ਹੋਈ ਮੰਨਦੇ ਹਨ ਅਤੇ ਇਕ ਪਰਭੂ ਦੇ ਸਿਧਾਂਤ ਤੋਂ ਮੁਨਕਰ ਹਨ ਉਹਨਾਂ ਲਈ ਗੁਰੂ ਦੀ ਫਤਹਿ ਅਰਥ ਪੂਰਨ ਹੋ ਸਕਦੀ ਹੈ ਪਰ ਗੁਰਮਤਿ ਤੇ ਵਿਸ਼ਵਾਸ ਰੱਖਣ ਵਾਲਿਆਂ ਲਈ ਨਹੀਂ।
ਅਰਦਾਸ ਦਾ ਪਹਿਲਾ ਪੈਰਾ ਚੰਡੀ ਦੀ ਵਾਰ ਵਿਚੋਂ ਲਿਆ ਗਿਆ ਹੈ। ਬਚਿਤ੍ਰ ਨਾਟਕ ਦੀ ਵਿਚਾਰਧਾਰਾ ਗੁਰਬਾਣੀ ਦੇ ਅਧਿਆਤਮਿਕ ਉਪਦੇਸ ਨਾਲ ਮੇਲ ਨਹੀਂ ਖਾਂਦੀ। ਇਸ ਪੈਰੇ ਦੇ ਅਰੰਭ ਵਿਚ "ਸ੍ਰੀ ਭਗੌਤੀ ਜੀ ਸਹਾਇ" ਦਾ ਕਥਨ ਇਕ ਕਲਪਿਤ ਦੇਵੀ ਦੀ ਸਹਾਇਤਾ ਲਈ ਬੇਨਤੀ ਹੈ। ਇਸ ਪਰਥਾਏ ਗੁਰਬਾਣੀ ਦਾ ਨਜ਼ਰੀਆ ਬਿਲਕੁਲ ਵਖਰਾ ਹੈ: "ਦੇਵੀ ਦੇਵਾ ਪੂਜੀਐ ਭਾਈ ਕਿਆ ਮਾਗਉ ਕਿਆ ਦੇਹਿ॥ ਪਾਹਨ ਨੀਰਿ ਪਖਾਲੀਐ ਭਾਈ ਜਲ ਮਹਿ ਬੂਡਹਿ ਤੇਹਿ॥" (ਪੰ: ੬੩੭); "ਪਵਣੁ ਪਾਣੀ ਅਗਨਿ ਤਿਨਿ ਕੀਆ ਬ੍ਰਹਮਾ ਬਿਸਨੁ ਮਹੇਸ ਅਕਾਰ॥ ਸਰਬੇ ਜਾਚਿਕ ਤੂੰ ਪ੍ਰਭੁ ਦਾਤਾ ਦਾਤਿ ਕਰੇ ਅਪੁਨੈ ਬੀਚਾਰ॥ ਕੋਟਿ ਤੇਤੀਸ ਜਾਚਿਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ॥" (ਪੰ: ੫੦੪)। ਸ੍ਰੀ ਭਗੌਤੀ ਦੀ ਸਹਾਇਤਾ ਲਈ ਬੇਨਤੀ ਗੁਰਬਾਣੀ ਦੇ "ਹੁਕਮਿ ਰਜਾਈ ਚਲਣਾ" ਦੇ ਉਪਦੇਸ਼ ਦੇ ਵਿਪਰੀਤ ਹੈ। ਗੁਰਬਾਣੀ ਸ਼ਰਧਾਲੂਆਂ ਨੂੰ ਗੁਰੂ ਵਿਅਕਤੀਆਂ ਸਾਹਵੇਂ ਸੰਸਾਰਕ ਮੰਗਾਂ ਰਖਣ ਨੂੰ ਵੀ ਉਚੱਤ ਨਹੀਂ ਸਮਝਦੀ। ਉਸ ਦਾ ਤੇ ਫਰਮਾਨ ਹੈ: "ਮਾਗਨਾ ਮਾਗਨੁ ਨੀਕਾ ਹਰਿ ਜਸੁ ਗੁਰੁ ਤੇ ਮਾਗਨਾ॥" (ਪੰ: ੧੦੧੮)। ਅਰਦਾਸ ਦੇ ਇਸ ਪੈਰੇ ਵਿਚ ਹੀ "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ" ਦਾ ਆਦੇਸ਼ ਹੈ ਜੋ ਗੁਰਬਾਣੀ ਉਪਦੇਸ਼ ਦੇ ਉਲਟ ਹੈ ਕਿਉਂਕਿ ਗ੍ਰੰਥ ਸਾਹਿਬ ਜੀ ਦੇ ਦੀਦਾਰ ਦਾ ਧਿਆਨ ਧਰਨਾ ਕਿਸੇ ਦੇਵੀ ਦੇਵਤੇ ਦੀ ਮੂਰਤੀ ਦੇ ਧਿਆਨ ਧਰਨ ਨਾਲੋਂ ਵਖਰੀ ਕਰਮ ਕਾਂਡੀ ਕਿਰਿਆ ਨਹੀਂ ਹੈ।
ਦੂਜੇ ਪੈਰੇ ਵਿਚ ਜਿਨ੍ਹਾਂ 'ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ "ਵਾਹਿਗੁਰੂ” ਬੋਲਣ ਦਾ ਆਦੇਸ਼ ਹੈ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਕੋਈ ਜ਼ਿਕਰ ਨਹੀਂ ਹੈ। ਇਸੇ ਤਰ੍ਹਾਂ ਤੀਜੇ ਅਤੇ ਚੌਥੇ ਪੈਰੇ ਵਿਚ ਜਿਨ੍ਹਾਂ ਸਿੰਘਾਂ ਸਿੰਘਣੀਆਂ, ਤਖ਼ਤਾਂ ਅਤੇ ਗੁਰਦੁਆਰਿਆਂ ਦਾ ਧਿਆਨ ਧਰਨ ਦਾ ਆਦੇਸ਼ ਹੈ ਉਹਨਾਂ ਦਾ ਵਰਨਣ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿਚ ਨਹੀਂ ਕੀਤਾ ਗਿਆ ਹੈ। ਇਹਨਾਂ ਪਹਿਲੇ ਚਾਰ ਪੈਰਿਆਂ ਵਿਚ ਕੋਈ ਬੇਨਤੀ ਨਹੀਂ ਕੀਤੀ ਗਈ ਹੈ ਕੇਵਲ ਸਿੱਖ ਇਤਹਾਸ ਅਤੇ ਖਾਸ ਤੌਰ ਤੇ ਇਸ ਦੇ ਦੁਖਦਾਈ ਪੱਖ ਦੀ ਰੂਪ ਰੇਖਾ ਚਿਤਰਣ ਦਾ ਜਤਨ ਕੀਤਾ ਗਿਆ ਹੈ। ਅਰਦਾਸ ਵਿਚ ਇਤਹਾਸ ਦੀ ਕੋਈ ਪ੍ਰਸੰਗਕਤਾ ਨਹੀਂ ਹੁੰਦੀ। ਵੈਸੇ ਵੀ ਇਤਹਾਸ ਤੇ ਗਿਆਨ ਜਾਂ ਵਿਗਿਆਨ ਵੀ ਨਹੀਂ ਹੁੰਦਾ। ਵਿਦਵਾਨ ਤੇ ਇਤਹਾਸ ਨੂੰ ਕਹਾਣੀ
(His story) ਦੀ ਸ਼੍ਰੇਣੀ ਵਿਚ ਗਿਣਦੇ ਹਨ: "ਬਾਬਣੀਆ ਕਹਾਣੀਆ ਪੁਤ ਸਪੁਤ ਕਰੇਨਿ॥ ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੋਈ ਕਰਮ ਕਰੇਨ॥" (ਪੰ: ੯੫੧)। ਵਾਸਤਵ ਵਿਚ ਬਹੁਤਾ ਰਾਜਸੀ ਇਤਹਾਸ ਆਪਣਾ ਪੱਖ ਪੂਰਦੇ ਚੋਣਵੇਂ ਤੱਥਾਂ ਤੇ ਆਧਾਰਤ ਆਪਣੇ ਬਜ਼ੁਰਗਾਂ ਦੀ ਵਡਿਆਈ ਅਤੇ ਉਹਨਾਂ ਦੇ ਵਿਰੋਧੀਆਂ ਦੀ ਨਿਖੇਧੀ ਕਰਨ ਵਾਲੀ ਵਿਆਖਿਆ ਹੁੰਦੀ ਹੈ। ਸੂਝਵਾਨ ਵਿਅਕਤੀ ਇਤਹਾਸ ਤੋਂ ਸਿੱਖਿਆ ਲੈਂਦੇ ਹਨ ਉਸ ਨੂੰ ਪਰੇਰਨਾ ਸਰੋਤ ਨਹੀਂ ਮੰਨਦੇ। ਮਨੁੱਖ ਦਾ ਪਰੇਰਨਾ ਸਰੋਤ ਤੇ ਕੇਵਲ ਗੁਰਬਾਣੀ ਗਿਆਨ ਹੀ ਹੈ। ਸਿਆਣੇ ਅਤੀਤ ਤੋਂ ਸਬਕ ਸਿੱਖਦੇ ਹਨ ਉਸ ਵਿਚ ਵਾਸਾ ਕਰਨ ਦੀ ਕਾਮਨਾ ਨਹੀਂ ਕਰਦੇ। ਗੁਰਬਾਣੀ ਮਨੁੱਖ ਨੂੰ ਆਪਣਾ ਅੱਜ ਸੰਭਾਲਣ ਅਤੇ ਗੁਰਮਤਿ ਦੇ ਰਾਹ ਤੇ ਟੁਰਦੇ ਹੋਏ ਅੱਗੇ ਵੱਧਣ ਦਾ ਉਪਦੇਸ਼ ਕਰਦੀ ਹੈ।
ਅਰਦਾਸ ਦੇ ਪੰਜਵੇਂ ਪੈਰੇ ਵਿਚ ਖਾਲਸਾ ਜੀ ਦੀ ਰਛਿਆ ਰਿਆਇਤ, ਪੰਥ ਕੀ ਜੀਤ ਅਤੇ ਖਾਲਸਾ ਜੀ ਦੇ ਬੋਲ ਬਾਲੇ ਦੀ ਕਾਮਨਾ ਕੀਤੀ ਗਈ ਹੈ ਜੋ ਗੁਰਬਾਣੀ ਦੇ "ਸਭੇ ਸਾਝੀਵਾਲ ਸਦਾਇਨਿ ਤੂੰ ਕਿਸੈ ਨ ਦਿਸਹਿ ਬਾਹਰਾ ਜੀਉ॥ (ਪੰ:੯੭) ਅਤੇ "ਅਵਲਿ ਅਲਹੁ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ॥ ਏਕ ਨੂਰ ਤੇ ਸਭ ਜਗ ਉਪਜਿਆ ਕਉਣ ਭਲੇ ਕਉਣ ਮੰਦੇ॥" (ਪੰ: ੧੩੪੯) ਦੇ ਉਪਦੇਸ਼ ਦੇ ਵਿਪਰੀਤ ਹੈ। ਅਰਦਾਸ ਦੇ ਛੇਵੇਂ ਪੈਰੇ ਵਿਚ, "ਸਿੱਖਾਂ ਨੂੰ ਸਿੱਖੀ ਦਾਨ, ਰਹਿਤ ਦਾਨ, ਬਿਬੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ ਨਾਮ ਦਾਨ" ਦੀ ਅਭਿਲਾਸ਼ਾ ਕੀਤੀ ਗਈ ਹੈ ਅਤੇ ਇਸ ਦੇ ਨਾਲ "ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਬੁੰਗੇ ਜੁਗੋਂ ਜੁਗ ਅਟੱਲ ਧਰਮ ਦਾ ਜੈਕਾਰ" ਦੀ ਮੰਗ ਵੀ ਕੀਤੀ ਗਈ ਹੈ। ਗੁਰਬਾਣੀ ਕੇਵਲ ਸਿੱਖਾਂ ਨੂੰ ਹੀ ਨਹੀਂ ਬਲਕਿ ਸਾਰੀ ਮਾਨਵਤਾ ਨੂੰ ਨਾਮ ਨਾਲ ਜੁੜਨ ਦਾ ਉਪਦੇਸ਼ ਕਰਦੀ ਹੈ ਅਤੇ ਸਾਰੀ ਮਨੁੱਖਤਾ ਨੂੰ ਪਰਭੂ ਬਾਰੇ ਸਿੱਖਿਆ ਪ੍ਰਾਪਤ ਕਰਨ, ਗੁਰਮਤਿ ਜੀਵਨ ਧਾਰਨ ਕਰਨ, ਬਿਬੇਕ ਬੁੱਧ ਗ੍ਰਹਿਣ ਕਰਨ, ਗੁਰੂ ਤੇ ਵਿਸਾਹ ਅਤੇ ਭਰੋਸਾ ਰੱਖਣ ਦਾ ਉਪਦੇਸ਼ ਕਰਦੀ ਹੈ। ਕੁੱਝ ਵਿਸ਼ੇਸ਼ ਵਿਅਕਤੀਆਂ ਲਈ ਪਰਭੂ ਅੱਗੇ ਧਾਰਮਕ ਜੀਵਨ ਲਈ ਉਪਯੋਗੀ ਗੁਣਾਂ ਦੀ ਬਖ਼ਸ਼ਿਸ਼ ਦੀ ਅਰਦਾਸ ਕਰਨਾ ਗੁਰਬਾਣੀ ਉਪਦੇਸ਼ ਦੇ ਅਨੁਕੂਲ ਨਹੀਂ ਹੈ, ਅਤੇ ਇਸ ਬੇਨਤੀ ਨਾਲ ਚੌਂਕੀਆਂ, ਝੰਡਿਆਂ, ਬੁੰਗਿਆਂ ਦੇ ਅਟਲ ਰੱਖੇ ਜਾਣ ਲਈ ਪਰਾਰਥਨਾ ਕਰਨਾ ਵੀ ਉਚਿਤ ਨਹੀਂ ਹੈ।
ਇਸੇ ਤਰ੍ਹਾਂ ਅਰਦਾਸ ਦੇ ਸਤਵੇਂ ਪੈਰੇ ਵਿਚ ਵੀ ਕੇਵਲ ਸਿੱਖਾਂ ਨੂੰ ਹੀ ਮਨ ਨੀਵਾਂ ਅਤੇ ਮਤ ਊਚੀ ਰੱਖਣ ਦਾ ਆਦੇਸ਼ ਦਿੱਤਾ ਗਿਆ ਹੈ ਜਦੋਂ ਕਿ ਗੁਰਬਾਣੀ ਦਾ ਉਪਦੇਸ਼ ਸਾਰੀ ਮਾਨਵਤਾ ਲਈ ਸਾਂਝਾ ਹੈ। ਗੁਰਦੁਆਰਿਆਂ ਦੀ ਸੰਭਾਲ ਦੀ ਸਿਆਸੀ ਮੰਗ ਨੂੰ ਵੀ ਅਰਦਾਸ ਵਿਚ ਸ਼ਾਮਲ ਕਰਨਾ ਅਣ ਉਚਿਤ ਹੈ। ਅਰਦਾਸ ਦੇ ਅੰਤ ਵਿਚ ਕਿਸੇ ਅਜਨਬੀ ਦੀ ਇਹ ਕੱਚੀ ਰਚਨਾ "ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤਿ ਦਾ ਭਲਾ" ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਜੁੜੀ ਹੋਣ ਕਰ ਕੇ ਅਣਜਾਣ ਸ਼ਰਧਾਲੂਆਂ ਨੂੰ ਇਹ ਭੁਲੇਖਾ ਪਾ ਦਿੰਦਾ ਹੈ ਕਿ ਇਹ ਰਚਨਾ ਗੁਰਬਾਣੀ ਹੈ। ਐਸੀ ਕੱਚੀ ਬਾਣੀ ਬਾਰੇ ਗੁਰਬਾਣੀ ਦਾ ਨਿਰਨਾ ਸਪਸ਼ਟ ਹੈ: "ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥ ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ॥" (ਪੰ: ੯੨੦)। ਸਿੱਖ ਦੀ ਅਰਦਾਸ ਵਿਚ ਐਸੀ ਕੱਚੀ ਰਚਨਾ ਦਾ ਹੋਣਾ ਇਤਰਾਜ਼ ਯੋਗ ਹੈ। ਅਰਦਾਸ ਦੀ ਸਾਰੀ ਵਾਰਤਾ ਵਿਚ ਗੁਰਬਾਣੀ ਸਿਧਾਂਤ ਜਾਂ ਉਪਦੇਸ਼ ਦੀ ਕੋਈ ਝਲਕ ਨਹੀਂ ਪੈਂਦੀ।
ਗੁਰੂ ਅਰਜਨ ਸਾਹਿਬ ਨੇ ਸਿੱਖ ਸੇਵਕਾਂ ਦੇ ਕਲਯਾਨ ਹਿੱਤ ਗਉੜੀ ਸੁਖਮਨੀ ਬਾਣੀ ਵਿਚ ਅਰਦਾਸ ਦਾ ਸ਼ਬਦ ਅੰਕਿਤ ਕੀਤਾ ਹੈ: "ਤੂ ਠਾਕੁਰੁ ਤੁਮ ਪਹਿ ਅਰਦਾਸ॥ ਜੀਉ ਪਿੰਡੁ ਸਭੁ ਤੇਰੀ ਰਾਸਿ॥ ਤੁਮ ਮਾਤ ਪਿਤਾ ਹਮ ਬਾਰਿਕ ਤੇਰੇ॥ ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ॥ ਕੋਇ ਨ ਜਾਨੈ ਤੁਮਰਾ ਅੰਤੁ॥ ਊਚੇ ਤੇ ਊਚਾ ਭਗਵੰਤ॥ ਸਗਲ ਸਮਗ੍ਰੀ ਤੁਮਰੈ ਸੂਤ੍ਰਿ ਧਾਰੀ॥ ਤੁਮ ਤੇ ਹੋਇ ਸੁ ਆਗਿਆਕਾਰੀ॥ ਤੁਮਰੀ ਗਤਿ ਮਿਤਿ ਤੁਮ ਹੀ ਜਾਨੀ॥ ਨਾਨਕ ਦਾਸ ਸਦਾ ਕੁਰਬਾਨੀ॥" (ਪੰ: ੨੬੮)। ਇਹ ਸ਼ਬਦ ਸੰਪੂਰਨ ਅਰਦਾਸ ਹੈ। ਦਰ ਅਸਲ ਅਰਦਾਸ ਬੇਨਤੀ ਦਾ ਇਕ ਪਰਮਾਣਿਕ ਢਾਂਚਾ
(Standard structure) ਹੁੰਦਾ ਹੈ। ਜਿਸ ਅਨੁਸਾਰ ਅਰਦਾਸ ਦੇ ਦੋ ਭਾਗ ਹੁੰਦੇ ਹਨ: ਇਕ, ਆਪਣੇ ਇਸ਼ਟ ਜਾਂ ਸੁਆਮੀ ਦੀ ਸਿਫਤ ਸਲਾਹ ਅਤੇ ਨਿਆਂਕਾਰੀ ਹੋਣ ਦੀ ਪਰਸੰਸਾ. ਅਤੇ ਦੂਜਾ, ਬੇਨਤੀ ਜਾਂ ਮੰਗ ਦਾ ਸੰਖੇਪ ਵਰਨਣ। ਅਰਦਾਸ ਵਿਚ ਇਤਿਹਾਸਕ ਵਰਨਣ ਓਪਰਾ ਅਤੇ ਅਸੰਗਤ ਲਗਦਾ ਹੈ। ਜਿਹੜੀ ਸੰਸਾਰਕ ਮੰਗ ਲਈ ਅਰਦਾਸ ਵਿਚ ਬੇਨਤੀ ਕਰਨ ਦਾ ਗੁਰਬਾਣੀ ਉਪਦੇਸ਼ ਕਰਦੀ ਹੈ ਉਹ ਗੁਰਦੁਆਰਿਆਂ ਵਿਚ ਮੰਗੀਆਂ ਜਾਣ ਵਾਲੀਆਂ ਮੰਗਾਂ ਤੋਂ ਭਿੰਨ ਹੈ। ਉਹ ਹੈ: "ਨਾਨਕੁ ਨੀਚੁ ਭਿਖਿਆ ਦਰਿ ਜਾਚੈ ਮੈ ਦੀਜੈ ਨਾਮੁ ਵਡਾਈ ਹੇ॥" (ਪੰ: ੧੦੨੧); "ਹਰਿ ਜਸੁ ਨਾਮੁ ਪਦਾਰਥੁ ਮੰਗਾ॥" (ਪੰ: ੧੦੪੨) ਅਤੇ "ਵਿਣੁ ਤੁਧੁ ਹੁਰ ਜਿ ਮੰਗਣਾ ਸਿਰਿ ਦੁਖਾ ਕੈ ਦੁਖ॥ ਦੇਹਿ ਨਾਮੁ ਸੰਤੋਖੀਆ ਉਤਰੈ ਮਨ ਕੀ ਭੁਖ॥ ਗੁਰਿ ਵਣੁ ਤਿਣੁ ਹਰਿਆ ਕੀਤਿਆ ਨਾਨਕ ਕਿਆ ਮਨੁੱਖ॥" (ਪੰ: ੯੫੮)। ਗੁਰਬਾਣੀ ਦੀ ਉਪੇਖਿਆ ਕਰ ਕੇ ਗੁਰਮਤਿ ਵਿਰੋਧੀ ਪਰੰਪਰਾ ਤੇ ਆਧਾਰਤ ਬਚਿਤ੍ਰ ਨਾਟਕ ਵਿਚੋਂ ਕਵਿਤਾ ਅਤੇ ਸਿੱਖ ਇਤਹਾਸ ਦੀ ਦੁਖਦਾਈ ਰੂਪ ਰੇਖਾ ਚਿਤਰ ਕੇ ਅਰਦਾਸ ਲਿਖਣ ਦਾ ਮਨੋਰਥ ਸੰਦੇਹ ਪੂਰਨ ਹੈ। ਅਰਦਾਸ ਪਰਭੂ ਨੂੰ ਯਾਦ ਕਰਨ ਦੀ ਪਰਕਿਰਿਆ ਹੈ। ਇਸ ਨੂੰ ਸਮਾਜਕ ਪਰਸੰਗ ਨਾਲੋਂ ਵਖਰਾ ਕਰ ਕੇ ਪਰਭੂ ਦੇ ਭਾਣੇ ਦੀ ਸੂਝ ਪ੍ਰਾਪਤ ਕਰਨ ਲਈ ਵਰਤਣਾ ਹੀ ਉਚਿਤ ਹੈ।




.