.

ਗੁਰੂ ਨਾਨਕ ਸਾਹਿਬ ਜੀ ਦਾ ਚਲਾਇਆ ਗੁਰੂ ਦਾ ਲੰਗਰ

ਰਾਮ ਸਿੰਘ, ਗ੍ਰੇਵਜ਼ੈਂਡ

ਗੁਰੂ ਨਾਨਕ ਸਾਹਿਬ ਜੀ ਵਲੋਂ ਚਲਾਇਆ ਲੰਗਰ ਸੰਸਾਰ ਪ੍ਰਸਿੱਧੀ ਪ੍ਰਾਪਤ ਕਰ ਚੁੱਕਾ ਹੈ। ਇਹ ਲੰਗਰ ਜਿੱਥੇ ਮੁਸਾਫਰਾਂ ਤੇ ਲੋੜਵੰਦਾਂ ਦੀ ਭੁੱਖ ਦੂਰ ਕਰਦਾ ਹੈ, ਉੱਥੇ ਊਚ ਨੀਚ ਦੇ ਵਿਤਕਰੇ ਮਿਟਾਉਂਦਾ ਹੋਇਆ ਛੋਟੇ ਵੱਡੇ ਨੂੰ ਇੱਕ ਕਤਾਰ ਵਿੱਚ ਲਿਆ ਖੜੇ ਕਰਕੇ ਰਾਓ ਰੰਕ ਦੀਆਂ ਗਲਵੱਕੜੀਆਂ ਪੁਆ ਦਿੰਦਾ ਹੈ। ਖਾਸ ਗੱਲ ਇਹ ਕਿ ਇਹ ਲੰਗਰ ਉਹ ਅਦੁੱਤੀ ਸੰਸਥਾ ਹੈ ਜਿੱਥੇ ਇੱਕ ਲੋੜਵੰਦ ਤੇ ਭੁੱਖਾ ਬੰਦਾ, ਭਰਾਤਰੀ-ਭਾਵ ਵਾਲੇ ਜਜ਼ਬੇ ਨਾਲ ਛਕਾਇਆ ਲੰਗਰ ਮਾਣ ਤੇ ਸ਼ਾਨ ਨਾਲ ਛਕ ਸਕਦਾ ਹੈ। ਪਰ ਅੱਜ ਤੱਕ ਇਸ ਲੰਗਰ ਪ੍ਰਥਾ ਦੀ ਸ਼ੁਰੂਆਤ ਸੱਚੇ ਸੌਦੇ ਦੇ ਸਾਧੂਆਂ ਨਾਲ ਜੋੜੀ ਜਾਂਦੀ ਹੈ। ਇਸ ਲੇਖ ਵਿੱਚ ਇਹ ਦੇਖਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਕੀ ਸੱਚ ਹੀ ਇਹ ਪ੍ਰਥਾ ਸੱਚੇ ਸੌਦੇ ਦੇ ਸਾਧੂਆਂ ਨਾਲ ਜੁੜਦੀ ਹੈ ਜਾਂ ਹੋਰ ਕਿਤੇ?
ਗੁਰੂ ਨਾਨਕ ਸਾਹਿਬ ਜੀ ਦੀ ਜੀਵਨ ਕਥਾ ਪੈਰ ਪੈਰ ਤੇ ਸੁਚੱਜੇ ਜੀਵਨ ਦੀ ਸਿੱਖਿਆ ਹੀ ਤਾਂ ਹੈ, ਇੱਕ ਹੀ ਵਾਕਿਆ ਨਿਰਮੂਲ ਨਹੀਂ ਕਿਹਾ ਜਾ ਸਕਦਾ। ਗੁਰੂ ਸਾਹਿਬ ਜੀ ਦੇ ਜਨਮ ਸਮੇਂ ਹੀ ਬੀਬੀ ਦੌਲਤਾਂ ਦੀਆਂ ਆਸਾਂ ਮੁਰਾਦਾਂ ਬਿਨ ਮੰਗੇ ਪੂਰੀਆਂ ਹੋਣਾਂ ਕੀ ਹੈ? ਪਾਂਧੇ ਤੇ ਮੌਲਵੀ ਪਾਸੋਂ ਪੜ੍ਹਨਾ ਪੜ੍ਹਾਉਣ ਵਿੱਚ, ਜਨੇਊ ਵਾਲੀ ਕਿਰਿਆ ਅਮਲੀ ਤੇ ਕਦੇ ਨਾ ਟੁੱਟਣ ਵਾਲੇ ਜਨੇਊ ਦੀ ਮੰਗ ਵਿੱਚ ਹੋ ਨਿਬੜਨਾ ਅਤੇ ਹੋਰ ਸੱਭ ਸਾਖੀਆਂ ਗੁਰੂ ਜੀ ਵਲੋਂ ਸਮੁੱਚੀ ਦੁਨੀਆਂ ਨੂੰ ਜੀਵਨ ਦੇ ਹਰ ਖੇਤਰ ਵਿੱਚ ਲੋੜੀਂਦੀ, ਢੁੱਕਵੀਂ ਤੇ ਸੁਚੱਜੀ ਸਿੱਖਿਆ ਪ੍ਰਦਾਨ ਕਰਦੀਆਂ ਹਨ। ਅਰਥਹੀਨ ਵਿੱਦਿਆ ਤੇ ਧਰਮ ਦੀ ਅਸਲੀਅਤ ਤੋਂ ਵਾਂਝੀਆਂ ਧਰਮ ਦੀਆਂ ਨਿਸ਼ਾਨੀਆਂ ਦੀ (ਜਿਵੇਂ ਦਇਆ, ਸਤ, ਸੰਤੋਖ ਆਦਿ ਤੋਂ ਕੋਰਾ ਜਨੇਊ) ਗੁਰੂ ਸਾਹਿਬ ਦੀ ਸਿੱਖਿਆ ਪ੍ਰਨਾਲੀ ਵਿੱਚ ਕੋਈ ਥਾਂ ਨਹੀਂ। ਇਨ੍ਹਾਂ ਬਚਪਨ ਦੀਆਂ ਘਟਨਾਵਾਂ ਤੋਂ ਬਾਅਦ ਦੀ ਹਰ ਇਤਿਹਾਸਕਿ ਸਾਖੀ ਜੀਵਨ ਜਾਚ ਦੀ ਸਿੱਖਿਆ ਪ੍ਰਦਾਨ ਕਰਦੀ ਆਉਂਦੀ ਹੈ। ਜੋ ਉਸ ਸਮੇਂ ਜਾਂ ਅੱਜ ਦੇ ਸੰਸਾਰੀ ਜੀਵਨ ਵਿੱਚ ਹੀ ਨਹੀਂ, ਸਦਾ ਲਈ ਸੁਚੱਜੀ ਸੇਧ ਬਖਸ਼ਦੀ ਰਹੇਗੀ। ਹਾਂ, ਪਰ ਜੇ ਕੋਈ ਠੀਕ ਹੀ ਆਪਣੇ ਜੀਵਨ ਨੂੰ ਠੀਕ, ਹਾਂ ਜੀ ਠੀਕ ਲੀਹਾਂ ਤੇ ਚਲਾਉਣ ਅਤੇ ਅੰਤ ਗੁਰੂ ਪ੍ਰਮਾਤਮਾ ਦੇ ਚਰਨਾਂ ਦਾ ਨਿੱਘ ਮਾਨਣਾ ਚਾਹੁੰਦਾ ਹੈ। ਚਿੱਤ ਲਾ ਕੇ ਮੋਦੀ ਵਜੋਂ ਕੀਤਾ ਕੰਮ ਈਮਾਨਦਾਰੀ ਨਾਲ ਕੀਤੇ ਕੰਮ ਵਿੱਚ ਵਰਕਤਾਂ ਪਾਉਣ ਦੀ ਸਿੱਖਿਆ, ਮਸਜਿਦ ਵਿੱਚ ਨਿਮਾਜ਼ ਨੂੰ ਮੁੱਖ ਰੱਖ ਕੇ ਧਰਮ ਦਾ ਕਰਮ, ਦਿਖਾਵੇ ਵਜੋਂ ਨਹੀਂ, ਕੁੱਝ ਪ੍ਰਾਪਤੀ ਕਰਨ ਲਈ ਇੱਕ ਮਨ ਹੋ ਕੇ ਤੇ ਧਿਆਨ ਨਾਲ ਨਿਭਾਉਣ ਦੀ ਸਿੱਖਿਆ ਸਦਾ ਲਈ ਹੈ। ਸੱਜਣ ਨੂੰ ਉਸ ਦੇ ਠਗੀ ਵਾਲੇ ਕੰਮਾਂ ਦਾ ਪੋਲ ਖੋਲਣ ਵਾਲੇ ਸ਼ਬਦ ਰਾਹੀਂ ਸੱਚਾ ਸੱਜਣ ਤੇ ਉੱਚ ਕੋਟੀ ਦਾ ਪ੍ਰਚਾਰਕ ਦੇਣ ਵਾਲੀ ਸਾਖੀ ਪ੍ਰਚਾਰਕਾਂ ਤੇ ਖਾਸ ਕਰਕੇ ਡੇਰੇਦਾਰਾਂ ਲਈ ਸਦੀਵ ਕਾਲ ਸਿੱਖਿਆ ਹੈ। ਅਖੌਤੀ ਸਵਰਨ ਜਾਤੀ ਧਰਮ ਦੇ ਠੇਕੇਦਾਰਾਂ ਤੇ ਹੁਕਮਰਾਨਾਂ ਵਲੋਂ ਭੀਲ ਕੌਡੇ ਦੀ ਬਣਾਈ ਰਾਕਸ਼ ਬਿਰਤੀ ਨੂੰ ਗੁਰੂ ਸਾਹਿਬ ਦੇ ਆਪਣੇ ਦੈਵੀ ਦਰਸ਼ਨਾਂ ਤੇ ਦਿਆਲੂ ਦ੍ਰਿਸ਼ਟੀ ਨੇ ਆਪਸੀ ਪ੍ਰੇਮ ਪਿਆਰ ਨਾਲ ਰਹਿਣ ਲਈ ਵੱਡਮੁੱਲੀ ਪ੍ਰੇਰਨਾ ਬਖਸ਼ ਦਿੱਤੀ।
ਉਦਾਸੀਆਂ ਦੌਰਾਨ ਜਿੱਥੇ ਭੀ ਗੁਰੂ ਸਾਹਿਬ ਜੀ ਗਏ, ਉੱਥੇ ਅਗਲਿਆਂ ਨੂੰ ਆਪਣੇ ਬੋਲਾਂ ਰਾਹੀਂ ਕੀਲ ਕੇ ਰੱਖ ਦਿੱਤਾ। ਬਹੁਤਿਆਂ ਨੇ ਤਾਂ ਉਨ੍ਹਾਂ ਦੀ ਸਰਬ-ਵਿਅਪਕ
(Universal) ਸਿੱਖਿਆ ਦਾ ਲਾਭ ਉਠਾਇਆ, ਪਰ ਕਈ ਅਭਾਗਿਆਂ ਨੇ ਲਾਭ ਉਠਾਉਣ ਦੀ ਥਾਂ ਗੁਰੂ ਸਾਹਿਬ ਨੂੰ ਬੇਤਾਲਾ, ਭੂਤਨਾ ਆਦਿ ਹੀ ਨਹੀਂ ਕਿਹਾ, ਪੱਥਰ ਤੱਕ ਵੀ ਮਾਰੇ (ਵਲੀ ਕੰਧਾਰੀ ਆਦਿ)। ਪਿਤਰਾਂ ਨੂੰ ਪਾਣੀ ਦੀ ਰਮਜ਼ ਨੂੰ ਠੀਕ ਸਮਝਣ ਦੀ ਥਾਂ ਅੱਜ ਉਹ ਪਵਿੱਤਰ ਤੇ ਸਿੱਖਿਆਦਾਇਕ ਸਥਾਨ (ਗੁਰਦੁਆਰਾ ਗਿਆਨ ਗੋਦੜੀ) ਮਲੀਆ ਮੇਟ ਕਰ ਕੇ ਰੱਖ ਦਿੱਤਾ ਹੈ। ਜਗਨ ਨਾਥ ਪੁਰੀ ਵਿਖੇ, ਸਦੈਵ ਕਾਲ ਤੋਂ ਹੋ ਰਹੀ ਆਰਤੀ ਸੰਬੰਧੀ ਸ਼ਾਇਦ ਉਥੋਂ ਦੇ ਪੁਜਾਰੀਆਂ ਨੇ ਕੁੱਝ ਸਿੱਖਿਆ ਗ੍ਰਹਿਣ ਕਰ ਲਈ ਹੋਵੇਗੀ, ਪਰ ਸਿੱਖੀ ਵਿੱਚ ਖੁੰਬਾਂ ਵਾਂਗ ਉਮਡ ਰਹੇ ਡੇਰੇਦਾਰਾਂ ਨੇ ਉਹ ਆਰਤੀ ਢੰਗ ਅਪਨਾ ਲਿਆ ਹੈ, ਜਿੱਸ ਤੋਂ ਗੁਰੂ ਸਾਹਿਬ ਜਗਨ ਨਾਥ ਪੁਰੀ ਦੇ ਪੁਜਾਰੀਆਂ ਨੂੰ ਹਟਾ ਕੇ ਠੀਕ ਆਰਤੀ ਕਰਨ ਦਾ ਇਸ਼ਾਰਾ ਕਰ ਰਹੇ ਸਨ। ਖੈਰ, ਇਨ੍ਹਾਂ ਤੇ ਹੋਰ ਬੇਅੰਤ ਸਾਰੀਆਂ ਸਾਖੀਆਂ ਦਾ ਜ਼ਿਕਰ ਕਰਨ ਦਾ ਅਸਲੀ ਮਕਸਦ ਹੈ ਕਿ ਹਰ ਸਾਖੀ ਕੋਈ ਮਹਾਨ ਸਿੱਖਿਆ ਲਈ ਬੈਠੀ ਹੈ। ਹੁਣ ਦੇਖਣਾ ਹੈ ਕਿ ਸੱਚੇ ਸੌਦੇ ਵਾਲੇ ਵੀਹ ਰੁਪਈਆਂ ਰਾਹੀਂ ਸਾਧੂਆਂ ਨੂੰ ਰੋਟੀ ਖਲਾਉਣਾ ਕੀ ਲੰਗਰ ਦੀ ਸ਼ੁਰੂਆਤ ਹੈ ਜਾਂ ਉਨ੍ਹਾਂ ਨੂੰ ਰੋਟੀ ਖਵਾ ਕੇ ਕੋਈ ਹੋਰ ਸਿੱਖਿਆ ਦਿੱਤੀ ਗਈ? ਵੈਸੇ ਤਾਂ ਗੁਰੂ ਜੀ ਦਾ ਹਰ ਬੋਲ ਹੀ ਸਿੱਖਿਆ ਰੂਪ ਹੈ ਅਤੇ ਉਪਰ ਦੇਖ ਹੀ ਚੁੱਕੇ ਹਾਂ ਕਿ ਗੁਰੂ ਸਾਹਿਬ ਵਲੋਂ ਹਰ ਘਟਨਾਈ ਘਟਨਾਂ ਵੱਡਮੁੱਲੀ ਤੇ ਸਦੈਵ ਕਾਲ ਸਿੱਖਿਆ ਆਪਣੇ ਵਿੱਚ ਸਮੋਈ ਬੈਠੀ ਹੈ।
ਆਉ ਦੇਖੀਏ ਕਿ ਉਹ ਸਾਧੂ ਕੌਣ ਸਨ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ਵੀਹ ਰੁਪਏ ਦਾ ਲੰਗਰ ਛਕਾਇਆ? ਉਹ ਕੋਈ ਮੁਸਾਫਰ ਕਿਸੇ ਲੰਬੇ ਸਫਰ ਤੋਂ ਨਹੀਂ ਆਏ ਸਨ ਕਿ ਉਨ੍ਹਾਂ ਨੂੰ ਲੰਗਰ ਦੀ ਲੋੜ ਸੀ। ਨਾ ਹੀ ਉਹ ਕੋਈ ਲੋੜਵੰਦ ਸਨ ਕਿ ਉਹ ਆਪ ਆਪਣੀ ਖੁਰਾਕ ਦਾ ਪ੍ਰਬੰਧ ਨਹੀਂ ਨਕਰ ਸਕਦੇ ਸਨ। ਉਹ ਘਰਾਂ ਤੋਂ ਦੌੜੇ ਆਪਣੇ ਟੱਬਰਾਂ, ਬੱਚਿਆਂ ਤੇ ਬਜ਼ੁਰਗਾਂ ਨੂੰ ਬੇਆਸਰੇ ਛੱਡ ਕੇ ਜੰਗਲਾਂ ਪਹਾੜਾਂ ਵਿੱਚ ਰੱਬ ਜੀ ਦੀ ਭਾਲ ਵਿੱਚ ਭਟਕ ਰਹੇ ਕਈ ਤਰ੍ਹਾਂ ਦੇ ਕਰਮਕਾਂਡ (ਉਨ੍ਹਾਂ ਹਠ ਦੁਆਰਾ ਕੀਤੇ ਜਾ ਰਹੇ ਧ੍ਰਮ ਕਰਮਾਂ ਦੇ ਵਿਸਥਾਰ ਦੀ ਲੋੜ ਨਹੀਂ) ਦੇ ਚੱਕਰ ਵਿੱਚ ਉਲਝੇ ਪਏ ਸਨ। ਘਰਾਂ ਨੂੰ ਛੱਡਣ ਵਾਲੇ ਜੋਗੀ ਸਨਿਆਸੀ ਹੁੰਦੇ ਹਨ। ਉਨ੍ਹਾਂ ਬਾਰੇ ਗੁਰੂ ਜੀ ਨੇ ਆਸਾ ਦੀ ਵਾਰ ਵਿੱਚ ਕਿਹਾ ਹੈ ਕਿ ਜੋਗੀ ਜੀਵਨ ਦੀ ਜੁਗਤਿ ਨਹੀਂ ਜਾਣਦਾ ਤੇ ਘਰ ਬਾਰ ਛੱਡ ਬਹਿੰਦੇ ਹਨ। ਇੱਕ ਹੋਰ ਥਾਂ ਜੋਗੀ ਨੂੰ ਬ੍ਰਾਹਮਣ ਤੇ ਕਾਜ਼ੀ ਨਾਲ ਰਲਾ ਕੇ ਉਜਾੜੇ ਦਾ ਬੰਧ ਦਿਖਾਇਆ ਹੈ। ਗੁਰੂ ਜੀ ਨੇ ਇਨ੍ਹਾਂ ਭੁੱਖੇ ਸਾਧੂਆਂ ਨੂੰ ਆਪਣੇ ਲਈ ਰਸਦ ਲਿਆ ਕੇ ਲੰਗਰ ਤਿਆਰ ਕਰਨ ਲਈ ਵੀਹ ਰੁਪਏ ਦੇਣੇ ਚਾਹੇ। ਪਰ ਉਨ੍ਹਾਂ ਨੇ ਇਹ ਕਹਿ ਕੇ ਕਿ “ਅਸੀਂ ਮਾਇਆ ਨਾਗਣੀ ਨੂੰ ਹੱਥ ਨਹੀਂ ਲਾਉਂਦੇ”, ਪੈਸੇ ਲੈਣੋਂ ਨਾਂਹ ਕਰ ਦਿੱਤੀ। ਗੁਰੂ ਜੀ ਇਸ ਪਰ ਕੁੱਛ ਮੁਸਕਰਾਏ ਪਰ ਆਪਣੇ ਸਾਥੀ ਰਾਹੀਂ ਰਸਦ ਲਿਆ ਕੇ ਉਨ੍ਹਾਂ ਨੂੰ ਦੇ ਦਿੱਤੀ। ਉਨ੍ਹਾਂ ਨੇ ਖਾਣਾ ਤਿਆਰ ਕਰਕੇ ਛਕਿਆ ਤੇ ਪ੍ਰਸੰਨਚਿੱਤ ਹੋ ਗਏ। ਪਰ ਕੀ ਉਨ੍ਹਾਂ ਨੂੰ ਫਿਰ ਭੁੱਖ ਨਾ ਸੀ ਲੱਗਣੀ? ਕੀ ਗੁਰੂ ਸਾਹਿਬ ਜੀ ਨੇ ਉੱਥੇ ਉਨ੍ਹਾਂ ਲਈ ਲੰਗਰ ਲਾ ਦਿੱਤਾ? ਭੁੱਖ ਤਾਂ ਲੱਗਣੀ ਹੀ ਸੀ, ਪਰ ਗੁਰੂ ਜੀ ਵਲੋਂ ਲੰਗਰ ਕੋਈ ਨਹੀਂ ਲਗਾਇਆ ਗਿਆ, ਜਿੱਸ ਬਾਰੇ ਕੋਈ ਸਬੂਤ ਹੋਵੇ।
ਸ਼ੋ ਗੁਰੂ ਜੀ ਨੇ ਉਨ੍ਹਾਂ ਨੂੰ ਪੁੱਛਿਆ ਕਿ ਜੰਗਲ ਵਿੱਚ ਉਨ੍ਹਾਂ ਦਾ ਰੋਟੀ ਰੋਜ਼ੀ ਦਾ ਕੀ ਪ੍ਰਬੰਧ ਸੀ? ਜਿੱਸ ਪਰ ਉਨ੍ਹਾਂ ਦਾ ਜਵਾਬ ਸੀ ਕਿ ਕੋਈ ਪ੍ਰਬੰਧ ਨਹੀਂ, ਜੋ ਮਿਲ ਜਾਵੇ ਖਾ ਪੀ ਲੈਂਦੇ ਹਨ, ਕਈ ਵਾਰ ਘਰਾਂ ਤੋਂ ਜਾ ਕੇ ਮੰਗ ਲਿਆਉਂਦੇ ਹਨ ਅਤੇ ਕਈ ਵਾਰ ਕਈ ਕਈ ਦਿਨ ਭੁੱਖੇ ਰਹਿੰਦੇ ਹਨ ਅਤੇ “ਅੱਜ ਪੰਜਾਂ ਦਿਨਾਂ ਤੋਂ ਭੁੱਖੇ ਹਾਂ”। ਕੀ ਗੁਰੂ ਜੀ ਨੇ ਉੱਥੇ ਲੰਗਰ ਲਾ ਦਿੱਤਾ? ਨਹੀਂ, ਇੱਥੇ ਜ਼ਰੂਰ ਕੋਈ ਖਾਸ ਘਟਨਾ ਘਟੀ ਹੋਵੇਗੀ। ਕਿਉਂਕਿ ਉੱਪਰ ਲਿਖੇ ਵਾਂਗ ਗੁਰੂ ਜੀ ਜਿੱਥੇ ਵੀ ਗਏ ਉੱਥੇ ਖਾਸ ਖਾਸ ਸਿੱਖਿਆ ਰਾਹੀਂ ਬੰਦਿਆਂ ਦੇ ਹਜ਼ਾਰਾਂ ਸਾਲਾਂ ਦੇ ਬਣੇ ਵਹਿਮਾਂ ਭਰਮਾਂ ਤੇ ਰੂੜੀਵਾਦੀ ਖਿਆਲ ਬਦਲ ਕੇ ਸੁਚੱਜੇ ਜੀਵਨ ਦੇ ਪਾਂਧੀ ਬਣਾ ਦਿੱਤਾ। ਤਾਂ ਫਿਰ ਇੱਥੇ ਕੀ ਵਾਪਰਿਆ, ਬੜਾ ਰਹਸਮਈ ਹੈ, ਜਿੱਸ ਨੂੰ ਜਾਨਣਾ ਬਹੁਤ ਜ਼ਰੂਰੀ ਹੈ।
ਦੁਨੀਆਂ ਨੂੰ ਮਹਾਤਮਾ ਬੁੱਧ ਜੀ ਵਾਂਗ ਦੁੱਖਾਂ ਦਾ ਘਰ ਕਹਿ ਕੇ ਗ੍ਰਹਿਸਤ ਤੇ ਮਾਇਆ (ਪੈਸੇ ਵਾਲੀ ਮਾਇਆ) ਦੋਹਾਂ ਨੂੰ ਤਿਆਗ ਕੇ ਇਕਾਂਤ ਵਿੱਚ ਰੱਬ ਜੀ ਦੀ ਭਾਲ ਵਿੱਚ ਨਿਕਲ ਕੇ ਇਹ ਸਾਧੂ ਜਨ ਜੰਗਲ ਵਿੱਚ ਭਟਕ ਰਹੇ ਸਨ। ਐਸੇ ਬੰਦੇ ਬੜੇ ਦਿਮਾਗੀ ਹੁੰਦੇ ਹਨ, ਪਰ ਕੁਰਾਹੇ ਪਏ, ਰੱਬ ਜੀ ਨੂੰ ਲੱਭਣ ਲਈ (ਜਿਵੇਂ ਕਿ ਰੱਬ ਕਿਤੇ ਜੰਗਲ ਵਿੱਚ ਲੁਕਿਆ ਬੈਠਾ ਹੋਵੇ) ਕਈ ਤਰ੍ਹਾਂ ਦੇ ਕਸ਼ਟ ਦੇ ਦੇ ਕੇ ਆਪਣੇ ਆਪ ਨੂੰ ਸਜ਼ਾ ਦੇ ਰਹੇ ਸਨ, ਇਹ ਸਮਝ ਕੇ ਕਿ ਇਸ ਤਰ੍ਹਾਂ ਰੱਬ ਜੀ ਮਿਲ ਜਾਣਗੇ। ਇਸ ਸੰਬੰਧੀ ਫਰੀਦ ਜੀ ਫਰਮਾਉਂਦੇ ਹਨ ਕਿ ਬੰਦਿਆ ਜੰਗਲ ਵਿੱਚ ਕਿਉਂ ਘੁੰਮਦਾ ਫਿਰਦਾ ਹੈਂ, ਰੱਬ ਤਾਂ ਹਿਰਦੇ ਵਿੱਚ ਵਸਦਾ ਹੈ। ਇਸ ਬਾਰੇ ਗੁਰੂ ਜੀ ਨੇ ਉਨ੍ਹਾਂ ਦੇ ਵਿਚਾਰ ਤੇ ਕਰਮ ਦੇਖ ਕੇ ਉਨ੍ਹਾਂ ਨੂੰ ਕਿਹਾ ਕਿ ਮਾਇਆ ਤੇ ਰੱਬ ਸੰਬੰਧੀ ਜੋ ਤੁਹਾਡੇ ਖਿਆਲ ਹਨ, ਬੜੀ ਡੂੰਘੀ ਵਿਚਾਰ ਮੰਗਦੇ ਹਨ ਤਾਂ ਕਿ ਅਸਲੀਅਤ ਤੱਕ ਪਹੁੰਚ ਹੋ ਸਕੇ। ਸੰਖੇਪ ਵਿੱਚ ਰਹਿੰਦੇ, ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਧਰਮ ਵਿੱਚ ਦੋਨੋਂ ਵਿਸ਼ੇ ਬੜੀ ਮਹੱਤਤਾ ਰੱਖਦੇ ਹਨ। ਰੱਬ ਜੀ ਤੋਂ ਬਿਨਾਂ ਧਰਮ ਦੀ ਹੋਂਦ ਨਹੀਂ ਰਹਿ ਸਕਦੀ ਤੇ ਮਾਇਆ ਭਾਵ ਪੈਸੇ ਤੋਂ ਬਿਨਾਂ ਮਨੁੱਖੀ ਜੀਵਨ, ਜਿੱਸ ਨੇ ਧਰਮ ਦੀ ਹੋਂਦ ਕਾਇਮ ਰੱਖਣੀ ਹੈ, ਪੰਜ ਭੂਤਕ ਸਰੀਰ ਦੀ ਹੋਂਦ ਨਹੀਂ ਰਹਿ ਸਕਦੀ। ਪੈਸਾ ਤਾਂ ਮਾਇਆ ਦਾ ਇੱਕ ਛੋਟਾ ਜਿਹਾ ਚਮਤਕਾਰ ਹੈ, ਪਰ ਸਰੀਰ ਨੂੰ ਠੀਕ ਰੱਖਣ ਲਈ ਜ਼ਰੂਰੀ ਹੈ, ਜਿਵੇਂ ਤੁਸੀਂ ਦੇਖ ਹੀ ਲਿਆ ਹੈ ਕਿ ਵੀਹ ਰੁਪਏ ਦੇ ਰਾਸ਼ਣ ਨਾਲ ਤੁਹਾਡਾ ਖਾਣਾ ਤਿਆਰ ਹੋਇਆ ਹੈ। ਅਸਲੀ ਮਾਇਆ ਤਾਂ ਕਾਮ, ਕਰੋਧ, ਲੋਭ ਮੋਹ, ਅਹੰਕਾਰ ਆਦਿ ਹੈ ਜੋ ਬੰਦੇ ਦੇ ਗਿਆਨ ਤੋਂ ਬਿਨਾਂ ਬੰਦੇ ਤੇ ਵਾਰ ਕਰ ਜਾਂਦੀ ਹੈ, ਜਿਸ ਤੋਂ ਕੋਈ ਹੀ ਬੰਦਾ ਬਚਦਾ ਹੈ। ਇਹ ਸਮਝਾਉਣ ਤੋਂ ਬਾਅਦ ਗੁਰੂ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਜਿਸ ਮਾਇਆ ਨੂੰ ਤੁਸੀਂ ਨਾਗਣੀ ਕਹਿੰਦੇ ਹੋ ਉਸ ਹੀ ਮਾਇਆ ਰਾਹੀਂ ਗ੍ਰਹਿਸਤੀਆਂ ਵਲੋਂ, ਜਿਸ ਨੂੰ ਤੁਸੀਂ ਛੱਡ ਕੇ ਆਏ ਹੋ, ਪੈਦਾ ਕੀਤੇ ਜਾਂ ਪ੍ਰਾਪਤ ਕੀਤੇ ਪਦਾਰਥ ਤੁਸੀਂ ਵਰਤਦੇ ਹੋ। ਕੀ ਤੁਸੀਂ ਕਦੇ ਉਨ੍ਹਾਂ ਪਦਾਰਥਾਂ ਨੂੰ ਲੈਣ ਤੋਂ ਨਾਂਹ ਕੀਤੀ ਹੈ? ਸ਼ਰਮਿੰਦੇ ਹੋਏ ਸਿਰ ਨੀਵਾਂ ਕਰਕੇ ਉਹ ਇਹ ਸੱਭ ਕੁੱਛ ਸੁਣ ਰਹੇ ਸਨ, ਜਿਵੇਂ ਬੱਚੇ ਰਾਤ ਨੂੰ ਸੌਣ ਸਮੇਂ ਮਾਪਿਆਂ ਪਾਸੋਂ ਕਹਾਣੀ ਸੁਣਿਆ ਕਰਦੇ ਹਨ। ਪਰ ਹਾਲੇ ਗੁਰੂ ਜੀ ਨੇ ਉਨ੍ਹਾਂ ਨੂੰ ਰੱਬ ਜੀ ਦੀ ਪ੍ਰਾਪਤੀ ਬਾਰੇ ਵੀ ਦੱਸਣਾ ਸੀ। ਗੁਰੂ ਜੀ ਨੇ ਉਨ੍ਹਾਂ ਨੂੰ ਰੱਬ ਬਾਰੇ ਪੁੱਛਿਆ ਕਿ ਰੱਬ ਕਿੱਥੇ ਰਹਿੰਦਾ ਹੈ? ਬੜੀ ਸੋਚ ਵਿਚਾਰ ਤੋਂ ਬਾਅਦ ਉਨ੍ਹਾਂ ਨੇ ਕਿਹਾ ਕਿ ਸ਼ਾਸਤਰਾਂ ਆਦਿ ਅਨੁਸਾਰ ਰੱਬ ਸਾਰੇ ਰਹਿੰਦਾ ਹੈ। ਇਸ ਪਰ ਗੁਰੂ ਜੀ ਨੇ ਕਿਹਾ ਕਿ ਜੇ ਉਹ ਸਾਰੇ ਰਹਿੰਦਾ ਹੈ ਤਾਂ ਕੀ ਉਹ ਇਸ ਜੰਗਲ ਵਿੱਚ ਹੀ ਲੱਭੇਗਾ ਤੇ ਕੀ ਉਹ ਘਰਾਂ, ਪਿੰਡਾਂ, ਸ਼ਹਿਰਾਂ ਆਦਿ ਵਿੱਚ ਨਹੀਂ ਰਹਿੰਦਾ? ਉਨ੍ਹਾਂ ਦਾ ਜਵਾਬ ਸੀ ਕਿ ਉਹ ਤਾਂ ਹਰ ਥਾਂ ਹੀ ਰਹਿੰਦਾ ਹੈ। ਤਦ ਗੁਰੂ ਜੀ ਨੇ ਪੁੱਛਿਆ, ਕੀ ਉਹ ਤੁਹਾਡੇ ਮਾਪਿਆਂ, ਪਤਨੀਆਂ ਤੇ ਬੱਚਿਆਂ ਵਿੱਚ ਨਹੀਂ ਰਹਿੰਦਾ? ਉਨ੍ਹਾਂ ਦਾ ਬੜੀ ਲਾਚਾਰਗੀ ਵਿੱਚ ਉੱਤਰ ਸੀ ਕਿ ਜਿਹੜਾ ਰੱਬ ਸਾਰੇ ਰਹਿੰਦਾ ਹੈ ਉਹ ਤਾਂ ਸੱਭ ਵਿੱਚ ਹੀ ਰਹਿੰਦਾ ਹੈ।
ਇੱਥੇ ਸੱਚੇ ਸੌਦੇ ਦਾ ਸਿਖਰ ਹੈ। ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਤਦ ਤਾਂ ਫਿਰ ਗੱਲ ਬਣ ਗਈ, ਜਿੱਸ ਬੁੱਢੇ ਮਾਂ ਪਿਓ, ਨੌਜਵਾਨ ਲੜਕੀ, ਬੱਚਿਆਂ ਨੂੰ ਤੁਸੀਂ ਬੇਸਹਾਰਾ ਤੇ ਮਾਸੂਮੀਅਤ ਦੀ ਹਾਲਤ ਵਿੱਚ ਛੱਡ ਆਏ ਹੋ, ਕੀ ਉਹ ਤੁਹਾਡੇ ਵਾਸਤੇ ਅਰਦਾਸ ਕਰਨਗੇ ਕਿ ਤੁਹਾਨੂੰ ਰੱਬ ਮਿਲ ਜਾਵੇ? ਇਹ ਕੀ ਬੋਲ ਸਨ, ਭਾਈ ਗੁਰਦਾਸ ਜੀ ਅਨੁਸਾਰ ਅਗਿਆਨਤਾ ਦੀ ਧੁੰਦ ਮਿਟਾ ਕੇ ਅਸਲੀ ਚਾਨਣ ਕਰ ਗਏ। ਗੁਰੂ ਜੀ ਦੇ ਚਰਨਾਂ ਤੇ ਢਹਿ ਕੇ ਬੇਵਸੀ ਵਿੱਚ ਪੁੱਛਣ ਲੱਗੇ ਕਿ ਹੁਣ ਅਸੀਂ ਕੀ ਕਰੀਏ, ਕਿੱਥੇ ਜਾਈਏ? ਗੁਰੂ ਜੀ ਨੇ ਕਿਹਾ ਕਿ ਤੁਹਾਡੀ ਹਾਲਤ ਉਸ ਵਿਚਾਰੀ ਬੁੱਢੀ ਵਰਗੀ ਹੈ ਜੋ ਘਰ ਵਿੱਚ ਗੁਆਚੀ ਸੂਈ ਬਾਹਰ ਬਜ਼ਾਰ ਦੀ ਰੌਸ਼ਨੀ ਵਿੱਚ ਲੱਭ ਰਹੀ ਸੀ ਅਤੇ ਇੱਕ ਹੋਰ ਮਿਸਾਲ ਰਾਹੀਂ ਸਮਝਾਇਆ ਕਿ ਅੰਮ੍ਰਿਤ ਤਾਂ ਸਾਡੇ ਅੰਦਰ ਭਰਿਆ ਪਿਆ ਹੈ, ਪਰ ਮਿਰਗ ਵਾਂਗ, ਜੋ ਕਸਤੂਰੀ ਉਸ ਦੇ ਅੰਦਰ ਹੁੰਦੀ ਹੈ, ਉਹ ਸਾਰੀ ਰਾਤ ਪੌਦਿਆਂ ਬੂਟਿਆਂ ਨੂੰ ਸੁੰਘਦਾ ਫਿਰਦਾ ਹੈ, ਬੰਦਾ ਜੰਗਲਾਂ ਵਿੱਚ ਰੱਬ ਜੀ ਨੂੰ ਲੱਭਦਾ ਫਿਰਦਾ ਹੈ। ਮੁੱਕਦੀ ਗੱਲ ਗੁਰੂ ਜੀ ਨੇ ਉਨ੍ਹਾਂ ਨੂੰ ਕਿਹਾ ਕਿ ਕਿੰਨਾਂ ਚੰਗਾ ਹੋਵੇ ਕਿ ਤੁਸੀਂ ਆਪ ਉਨ੍ਹਾਂ ਘਰਾਂ ਵਿੱਚ ਰਹਿੰਦੇ ਹੋਵੋ, ਜਿੱਥੋਂ ਤੁਸੀਂ ਮੰਗ ਕੇ ਲਿਆਉਂਦੇ ਹੋ ਅਤੇ ਇਸ ਅਵਸਥਾ ਵਿੱਚ ਹੋਵੋ ਕਿ ਤੁਸੀਂ ਆਪਣੀ ਕਿਰਤ ਵਿੱਚੋਂ, ਤੁਹਾਗੇ ਵਰਗੇ ਵਿਹਲੜਾਂ ਨੂੰ ਨਹੀਂ, ਅਪਾਹਜ, ਗਰੀਬ ਤੇ ਲੋੜਵੰਦਾਂ ਨੂੰ ਦੇਣ ਵਾਲੇ ਬਣੋ। ਇਸ ਤਰ੍ਹਾਂ ਲੋੜਵੰਦਾਂ ਦੀ ਸੇਵਾ ਅਤੇ ਹੋਰਨਾਂ ਦੇ ਦੁੱਖ ਸੁੱਖ ਦੀ ਸਾਂਝ ਰਾਹੀਂ, ਤੁਹਾਡੇ ਵਿਹਲੇ ਜੰਗਲਾਂ ਵਿੱਚ ਰਹਿ ਕੇ ਸਮਾਜ ਦੇ ਸਿਰ ਭਾਰ ਬਣਕੇ ਅਤੇ ਕਈ ਤਰ੍ਹਾਂ ਦੇ ਵਿਅਰਥ ਕਰਮ ਕਾਂਡ ਰਾਹੀਂ ਰੱਬ ਜੀ ਨੂੰ ਲੱਭਣ ਨਾਲੋਂ, ਕਈ ਗੁਣਾਂ ਵੱਧ ਰੱਬ ਜੀ ਦੇ ਨੇੜੇ ਹੋਣ ਬਰਾਬਰ ਹੈ। ਤੁਸੀਂ ਆਪਣਾ ਹਾਲ ਉਸ ਬਿਰਧ ਮਾਈ ਤੇ ਹਿਰਨ ਵਾਂਗ ਬਣਾ ਕੇ ਰੱਬ ਜੀ ਨੂੰ ਜੰਗਲਾਂ, ਪਹਾੜਾਂ ਆਦਿ ਵਿੱਚ ਲੱਭ ਰਹੇ ਹੋ, ਜਦਕਿ ਘਰ ਦੇ ਨਿੱਕੇ ਤੋਂ ਵੱਡੇ ਤੱਕ ਨੂੰ ਖੱਜਲ ਖੁਆਰ ਕਰਕੇ ਅਤੇ ਉਨ੍ਹਾਂ ਦੇ ਜੀਵਨ ਨੂੰ ਰੋਲ ਕੇ ਜਿੱਥੇ ਤੁਹਾਡੇ ਲਈ ਰੱਬ ਦੇ ਦਰਵਾਜ਼ੇ ਬੰਦ ਹਨ ਉੱਥੇ ਤੁਸੀਂ ਆਪਣੇ ਦੁਰਲੱਭ ਜੀਵਨ ਨੂੰ ਅਜਾਈਂ ਗਵਾ ਰਹੇ ਹੋ। ਇਸ ਪਰ ਉਨ੍ਹਾਂ ਦੀ ਨਿਸ਼ਾ ਹੋ ਗਈ। ਹੋ ਸਕਦਾ ਹੈ ਕਿ ਸਾਰੇ ਹੀ, ਘਰਾਂ ਨੂੰ ਮੁੜ ਗਏ ਹੋਣ, ਨਹੀਂ ਤਾਂ ਕੁੱਝ ਕੁ ਵਿਹਲੜ ਰਹਿ ਕੇ, ਬਿੱਪਰ ਵਾਂਗ, ਮੁਫਤ ਦਾ ਖਾਣਾ ਖਾਣ ਦੇ ਆਦੀ, ਉਸੇ ਘੁੱਮਣਘੇਰੀ ਵਿੱਚ ਫਸੇ ਰਹੇ ਹੋਣਗੇ। ਇਹ ਹੈ “ਸੱਚਾ ਸੌਦਾ” ਦੀ ਅਸਲੀ ਕਹਾਣੀ, ਕਿਉਂਕਿ ਜੀਵਨ ਦੀ ਅਸਲੀ ਜਾਂਚ ਹੀ ਤਾਂ ਸੱਚਾ ਸੌਦਾ ਹੈ ਪਰ ਲੰਗਰ ਜੇ ਇੱਥੇ ਸ਼ੁਰੂ ਹੁੰਦਾ ਪ੍ਰਤੀਤ ਹੋਵੇ ਤਾਂ ਗੁਰੂ ਸਾਬਿ ਨੇ ਉਨ੍ਹਾਂ ਨਾਲ ਹੋਰ ਕੋਈ ਗੱਲ ਨਹੀਂ ਸੀ ਕਰਨੀ ਤੇ ਇਸ ਤਰ੍ਹਾਂ ਵਿਹਲੜਾਂ ਲਈ ਲੰਗਰ ਚੱਲ ਪੈਂਦਾ। ਅਸਲੀ ਲੰਗਰ ਨੇ ਹਾਲੇ ਹੋਰ ਸਮਾਂ ਲੈਣਾ ਸੀ, ਜਦ ਇਸ ਲੰਗਰ ਵਾਸਤੇ ਸਮਾਂ, ਅਸਥਾਨ ਅਤੇ ਸਾਧਨ ਭਾਵ ਅਸਲੀ ਰੂਪ ਵਿੱਚ ਲੰਗਰ ਲਈ ਰਸਦ ਪ੍ਰਾਪਤ ਹੋਣੀ ਸੀ।
ਇਸ ਘਟਨਾਂ ਤੋਂ ਬਾਅਦ ਕੁੱਝ ਹੋਰ ਕੌਤਕ ਵਰਤਾ ਕੇ ਗੁਰੂ ਜੀ ਜਲਦੀ ਬਲਦੀ ਦੁਨੀਆਂ ਨੂੰ ਤਾਰਨ ਚਲੇ ਜਾਂਦੇ ਹਨ। ਉਸ ਨੂੰ ਉਦਾਸੀਆਂ ਦੇ ਰੂਪ ਵਿੱਚ ਯਾਦ ਕੀਤਾ ਜਾਂਦਾ ਹੈ, ਜਿਸ ਦਾ ਇੱਥੇ ਵਿਸਥਾਰ ਦੇਣ ਦੀ ਲੋੜ ਨਹੀਂ। ਆਖਰ ਗੁਰੂ ਸਾਹਿਬ ਰਾਵੀ ਦੇ ਕੰਢੇ ਕਰਤਾਰਪੁਰ (ਅੱਜਕੱਲ ਪਾਕਿਸਤਾਨ ਵਿੱਚ) ਡੇਰਾ ਲਾ ਲੈਂਦੇ ਹਨ। ਬੜਾ ਲੰਬਾ (ਚਾਲੀ ਹਜ਼ਾਰ ਮੀਲ) ਪੈਦਲ ਪੈਂਡਾ ਤੈ ਕਰਨ ਤੋਂ ਬਾਅਦ ਬੁਢੇਪੇ ਦੇ ਨੇੜੇ ਹੁੰਦੇ ਹੋਇਆਂ, ਉਨ੍ਹਾਂ ਨੇ ਜਿਨ੍ਹਾਂ ਅਸੂਲਾਂ (ਧਰਮ ਦੀ ਕਿਰਤ, ਵੰਡ ਛਕਣਾ ਤੇ ਨਾਮ ਜਪਣਾ) ਤੇ ਆਪਣਾ ਸਿਧਾਂਤ ਪੇਸ਼ ਕੀਤਾ ਸੀ, ਉਸ ਨੂੰ ਆਪ ਖੇਤੀ ਕਰਕੇ ਅਮਲੀ ਜਾਮਾ ਪਹਿਨਾਇਆ। ਨਾਲ ਕੌਣ ਲਏ? ਜੋ ਸਦੀਆਂ ਤੋਂ ਦੁਰਕਾਰੇ ਗਏ, ਪੈਰ ਦੀ ਜੁੱਤੀ ਸਮਝੇ ਜਾਂਦੇ, ਮਿੱਟੀ ਵਿੱਚ ਮਿਲਾਏ ਗਏ ਸਨ ਤੇ ਜਿਨ੍ਹਾਂ ਦੇ ਸਾਏ ਭਾਵ ਪਰਛਾਵੇ ਨੂੰ ਭੀ ਨੇੜੇ ਸੀ ਲੱਗਣ ਦਿੱਤਾ ਜਾਂਦਾ। ਗੁਰੂ ਜੀ ਨੇ ਆਪਣੇ ਆਪ ਨੂੰ ਉਨ੍ਹਾਂ ਦੁਰਕਾਰੇ ਪਰ ਮਨੁੱਖੀ ਜੀਵਨ ਦੇ ਥੰਮ੍ਹ, ਕਿਰਤੀਆਂ ਦੇ ਦਾਸਾਂ ਦੇ ਦਾਸ ਬਣ ਕੇ ਖੇਤੀ ਦਾ ਕੰਮ ਅਰੰਭਿਆ (ਕਿਰਤੀ ਮਨੁੱਖੀ ਜੀਵਨ ਦੇ ਥੰਮ੍ਹ ਇਸ ਕਰਕੇ ਹਨ ਕਿ ਉਨ੍ਹਾਂ ਦੀ ਕਿਰਤ ਤੋਂ ਬਿਨਾਂ ਦੁਨੀਆਂ ਦਾ ਕੋਈ ਕੰਮ ਨਹੀਂ ਚੱਲ ਸਕਦਾ, ਭਾਵੇਂ ਉਨ੍ਹਾਂ ਦੀ ਕਦਰ ਠੀਕ ਠੀਕ ਕਦੇ ਨਹੀਂ ਪਈ ਜੋ ਗੁਰੂ ਸਾਹਿਬ ਜੀ ਚਾਹੁੰਦੇ ਸਨ)। ਖੇਤੀ ਦੇ ਕੰਮ ਤੋਂ ਮਿਲੀਆਂ ਵਸਤੂਆਂ ਤੋਂ ਬਿਨਾਂ ਜੀਵਨ ਕਿਸੇ ਕੰਮ ਦਾ ਨਹੀਂ ਭਾਵ ਬੰਦਾ ਜੀ ਹੀ ਨਹੀਂ ਸਕਦਾ।
ਇੱਥੇ ਫਿਰ ਉਹ ਕੁੱਛ ਵਾਪਰਿਆ ਜਿੱਸ ਲਈ ਲੋਕ ਬੜੀ ਦੇਰ ਤੋਂ ਤਰਸ ਰਹੇ ਸਨ। ਆਮ ਲੋਕੀਂ ਜਿਨ੍ਹਾਂ ਵਿੱਚ ਸਫਾਈ ਦਾ ਕੰਮ ਕਰਨ ਵਾਲੇ ਤੋਂ ਲੈ ਕੇ ਖੇਤੀ ਦਾ ਕੰਮ ਕਰਨ ਵਾਲੇ ਆ ਜਾਂਦੇ ਹਨ ਅਤੇ ਜਿਨ੍ਹਾਂ ਲਈ ਮੰਦਰਾਂ ਦੇ ਦਰਵਾਜ਼ੇ ਬੰਦ ਸਨ (ਹਾਲੇ ਵੀ ਬੰਦ ਹੀ ਹਨ), ਪੜ੍ਹਾਈ ਲਈ ਉਨ੍ਹਾਂ ਤੇ ਪਾਬੰਦੀ ਸੀ ਤੇ ਜੋ ਇੱਕ ਕਿਸਮ ਦਾ ਦੋਹਰੀ ਗੁਲਾਮੀ ਦਾ ਜੀਵਨ ਜੀ ਰਹੇ ਸਨ। ਗੁਰੂ ਜੀ ਇਸ ਸਾਹ ਘੁੱਟਵੇਂ ਜੀਵਨ ਨੂੰ ਖੁਸ਼ੀਆਂ ਖੇੜੇ ਦੇ ਜੀਵਨ ਵਿੱਚ ਬਦਲਿਆ ਦੇਖਣਾ ਚਾਹੁੰਦੇ ਸਨ। ਉਨ੍ਹਾਂ ਦੀ ਸਾਂਝ ਤਾਂ ਪਹਿਲਾਂ ਹੀ ਕਿਰਤੀਆਂ ਨਾਲ ਸੀ, ਜਿਨ੍ਹਾਂ ਵਿੱਚ ਭਾਈ ਮਰਦਾਨਾ, ਭਾਈ ਲਾਲੋ, ਬਾਬਾ ਬੁੱਢਾ ਜੀ ਆਦਿ ਵਰਗੇ ਮਹਾਨ ਗੁਰਮੁਖ ਬੰਦੇ ਮਿਲਦੇ ਹਨ। ਹੁਣ ਇੱਥੇ ਉਸ ਲੰਗਰ ਦੇ ਅਰੰਭ ਹੋਣ ਦਾ ਸਮਾਂ ਆਇਆ ਜਿੱਸ ਨੇ “ਗੁਰੂ ਕਾ ਲੰਗਰ” ਦੇ ਨਾਮ ਨਾਲ ਸਦਾ ਲਈ ਚਲਦਾ ਰਹਿਣ ਦਾ ਅਨੁਭਵੀ ਪ੍ਰਣ ਕਰਨਾ ਸੀ। ਲੰਗਰ ਭੀ ਉਹ ਜਿੱਥੇ “ਏਕ ਪਿਤਾ ਏਕਸ ਕੇ ਹਮ ਬਾਰਕ” ਅਤੇ ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਵੋ” ਅਨੁਸਾਰ ਹਰ ਜਾਤ, ਧਰਮ, ਕੌਮ ਆਦਿ ਦਾ ਬੰਦਾ ਕਿਸੇ ਊਚ ਨੀਚ ਜਾਂ ਵਿਤਕਰੇ ਤੋਂ ਬਿਨਾਂ ਇਕੋ ਹੀ ਪੰਗਤ ਵਿੱਚ ਬੈਠ ਕੇ ਲੰਗਰ ਛਕ ਸਕੇ। ਇੱਥੇ ਹੀ ਬੱਸ ਨਹੀਂ ਪਹਿਲਾਂ ਰੋਟੀ ਦਾ ਲੰਗਰ ਤੇ ਫਿਰ ਸ਼ਬਦ ਦਾ ਲੰਗਰ ਭਾਵ ਸੰਗਤ ਵਿੱਚ ਬੈਠ ਕੇ, ਹਜ਼ਾਰਾਂ ਸਾਲਾਂ ਤੋਂ ਮਨ੍ਹਾਂ, ਰੱਬ ਜੀ ਦੀ ਕੀਰਤੀ ਵਿੱਚ ਸ਼ਾਮਲ ਹੋ ਸਕੇ। ਇਹ ਦੋਨੋਂ ਲੰਗਰ, ਸੱਭ ਤੋਂ ਵੱਡਾ ਸਤਿਗੁਰ ਨਾਨਕ, ਮਹਾਨ ਗੁਰੂ ਸਾਹਿਬ ਵਲੋਂ ਐਸੇ ਚਾਲੂ ਕੀਤੇ ਗਏ ਕਿ ਕਿਸੇ ਤਰ੍ਹਾਂ ਦੀ ਤੋਟ ਆਉਣ ਦੀ ਥਾਂ “ਵਧਦੋ ਜਾਈ” ਵਾਲੀ ਅਵਸਥਾ ਦੇ ਸੂਚਕ ਹਨ।
ਉਹ ਵੀਹ ਰੁਪਏ, ਜੋ ਸੱਚੇ ਸੌਦੇ ਲਈ ਸਨ, ਗੁਰੂ ਜੀ ਦੀ ਕਿਰਤ ਦੇ ਪੈਸੇ ਨਹੀਂ ਸਨ, ਉਹ ਪੈਸੇ ਤਾਂ ਉਨ੍ਹਾਂ ਦੇ ਪਿਤਾ ਜੀ ਵਲੋਂ ਹੋਰ ਵੱਧ ਪੈਸੇ ਕਮਾਉਣ ਖਾਤਰ ਸਨ। ਪਰ ਜੋ ਸੱਚਾ ਸੌਦਾ ਉਨ੍ਹਾਂ ਰਾਹੀਂ ਕੀਤਾ ਗਿਆ, ਉਸ ਦਾ ਵਰਨਣ ਤਾਂ ਉਪਰ ਹੋ ਚੁੱਕਾ ਹੈ, ਅਤੇ ਦਾਸ ਨੇ ਆਪਣੇ ਇੱਕ ਲੇਖ “ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ-ਰਹੱਸ” ਵਿੱਚ ਵਿਸਥਾਰ ਨਾਲ ਜ਼ਿਕਰ ਕੀਤਾ ਹੈ। ਇਹ “ਗੁਰੂ ਕਾ ਲੰਗਰ” ਜੋ ਕਿਰਤੀਆਂ ਦੀ ਕਿਰਤ ਭਾਵ ਉਨ੍ਹਾਂ ਦੀ ਕਿਰਤ ਦੇ ਦਸਵੰਧ ਨਾਲ ਸਦਾ ਲਈ ਚੱਲਣਾ ਸੀ, ਗੁਰੂ ਜੀ ਨੇ ਆਪਣੇ ਸਾਥੀਆਂ ਦੀ ਕਿਰਤ ਨਾਲ ਚਾਲੂ ਕੀਤਾ। ਕਰਤਾਰਪੁਰ ਵਿਖੇ ਦਸਾਂ ਨੌਹਾਂ ਦੀ ਕਿਰਤ ਦੀ ਨਦੀਣ ਨੇ ਤਾਂ ਕੇਸਰ ਬਣ ਕੇ, ਸੇਵਕ ਰੂਪ ਵਿੱਚ ਆਏ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਘਰ ਦੀ ਗੱਦੀ ਦਾ ਵਾਰਸ ਬਣਾ ਦਿੱਤਾ। ਉਨ੍ਹਾਂ ਨੇ ਅੱਗੇ ਚੱਲ ਕੇ ਲੰਗਰ ਨੂੰ ਉਸ ਅਵਸਥਾ ਤੇ ਉਚਾਈ ਤੇ ਪੁਜਾ ਦਿੱਤਾ ਕਿ ਉਸ ਲੰਗਰ ਦੀ ਮਿਸਾਲ ਸਦਾ ਲਈ ਬਾਣੀ ਰੂਪ ਧਾਰ ਗਈ। ਇਸ ਲੰਗਰ ਨੇ ਫਿਰ ਗੁਰੂ ਅਮਰਦਾਸ ਜੀ ਦੇ ਸਮੇਂ ਗੋਇੰਦਵਾਲ ਵਿਖੇ ਇਸ ਵਾਸਤੇ ਪੱਕੀ ਮੋਹਰ ਲਾ ਦਿੱਤੀ ਕਿ ਇੱਕ ਤਾਂ ਲੰਗਰ ਛਕੇ ਬਿਨਾਂ ਕੋਈ ਗੁਰੂ ਜੀ ਦੇ ਦਰਸ਼ਨ ਨਹੀਂ ਕਰ ਸਕਦਾ, ਜਿਹੜੀ ਸ਼ਰਤ ਕਿ ਹਰੀਪੁਰ ਦੇ ਰਾਜੇ ਤੇ ਮੁਗਲ ਸਮਰਾਟ ਅਕਬਰ ਨੂੰ ਪੰਗਤ ਵਿੱਚ ਬੈਠ ਕੇ ਲੰਗਰ ਛਕ ਕੇ ਪੂਰੀ ਕਰਨੀ ਪਈ। ਦੂਸਰੇ ਇਹ ਲੰਗਰ ਕਿਸੇ ਧਨਾਢ, ਬਾਦਸ਼ਾਹ ਜਾਂ ਕਿਸੇ ਇੱਕ ਦੀ ਜਗੀਰ ਜਾਂ ਪੈਸੇ ਨਾਲ ਨਹੀਂ, ਸੰਗਤ ਦੇ ਦਸਵੰਧ ਨਾਲ ਹੀ ਚੱਲੇਗਾ, ਜੋ ਗੁਰੂ ਅਮਰਦਾਸ ਜੀ ਨੇ ਸਮਰਾਟ ਅਕਬਰ ਵਲੋਂ ਲੰਗਰ ਲਈ ਪੇਸ਼ ਕੀਤੀ ਜਗੀਰ ਨੂੰ ਠੁਕਰਾ ਕੇ ਕੀਤਾ। ਉਹ ਜਗੀਰ ਭਾਵੇਂ ਫਿਰ ਸਮਰਾਟ ਅਕਬਰ ਵਲੋਂ ਬੀਬੀ ਭਾਨੀ ਜੀ ਦੇ ਨਾਮ ਕੀਤੀ ਗਈ, ਜਿੱਥੇ ਫਿਰ ਸਿੱਖੀ ਦਾ ਕੇਂਦਰ ਬਣ ਕੇ ਇਸ ਸੰਗਤਾਂ ਦੇ ਦਸਵੰਧ ਨਾਲ ਚੱਲਣ ਵਾਲੇ ਲੰਗਰ ਨੇ ਉਹ ਰੂਪ ਧਾਰਨ ਕਰਨਾ ਸੀ, ਜਿੱਥੇ ਸਾਰੀ ਦੁਨੀਆਂ ਦੇ ਬਾਦਸ਼ਾਹਾਂ, ਪ੍ਰਧਾਨਾਂ, ਪ੍ਰਧਾਨ ਮੰਤਰੀਆਂ ਆਦਿ ਨੇ ਲੰਗਰ ਛਕ ਕੇ “ਗੁਰੂ ਕਾ ਲੰਗਰ” ਦੀ ਸਦਾ ਹੋ ਰਹੀ ਪ੍ਰਸੰਸਾ ਦੀਆਂ ਮੁਹਰਾਂ ਲਾਉਣੀਆਂ ਸਨ। ਕਿਸੇ ਵੇਲੇ ਇਸ “ਗੁਰੂ ਕਾ ਲੰਗਰ” ਨੇ ਕਿਰਤੀ ਸਿੰਘਾਂ ਦੇ ਘਰਾਂ ਵਿੱਚ ਚੱਲ ਕੇ ਸਿੱਖ ਪੰਥ ਦੀ ਹੋਂਦ ਨੂੰ ਕਾਇਮ ਰੱਖਣ ਵਾਲੇ, ਅਖੌਤੀ ਸਵਰਨ ਜਾਤੀ ਵਲੋਂ ਦੁਰਕਾਰੇ ਗਏ ਬਹੁ ਜਾਤੀ ਸੰਤ-ਸਿਪਾਹੀ ਦੂਲਿਆਂ, ਜੋ ਜੰਗਲ ਬੇਲਿਆਂ ਵਿੱਚ ਰਹਿ ਰਹੇ ਸਨ, ਦੇ ਹੱਥਾਂ ਵਿੱਚ ਜਾ ਕੇ, ਗੁਰੂ ਜੀ ਵਲੋਂ ਬਖਸ਼ੀ ਭਰਾਤਰੀ-ਭਾਵ ਵਾਲੀ ਉਹ ਨਿਧੜਕ ਅਵਸਥਾ ਪੇਸ਼ ਕੀਤੀ ਕਿ ਜਿਸ ਦੀ ਕਿਤੇ ਕੋਈ ਮਿਸਾਲ ਨਹੀਂ ਮਿਲ ਸਕਦੀ। ਉਹ ਇਹ ਕਿ “ਗਰੂ ਕਾ ਲੰਗਰ” ਛਕਣ ਵੇਲੇ ਉੱਚੀ ਦੇਣੀ ਅਵਾਜ਼ਾ ਦਿੰਦੇ ਸਨ ਕਿ “ਗੁਰੂ ਕਾ ਲੰਗਰ” ਤਿਆਰ ਹੈ, ਆਓ ਛਕੀਏ”। ਉਸ ਵੇਲੇ ਦੁਸ਼ਮਣ ਨੂੰ ਵੀ ਲੰਗਰ ਵਿੱਚ ਸ਼ਾਮਲ ਹੋਏ ਨੂੰ ਭਰਤਰੀ-ਭਾਵ ਨਾਲ ਲੰਗਰ ਛਕਾਇਆ ਜਾਂਦਾ ਸੀ। ਇਸ ਮਹਾਨ ਲੰਗਰ ਦੀ ਪੈਦਾਇਸ਼, ਅਖੌਤੀ ਜਾਤਾਂ ਦੇ ਚੁੰਗਲ ਵਿੱਚੋਂ ਨਿਕਲੇ ਇਨ੍ਹਾਂ ਸੰਤ-ਸਿਪਾਹੀਆਂ ਨੇ ਆਖਰ ਦੇਸ਼ ਦੀ ਇੱਜ਼ਤ ਦੀ ਰਾਖੀ ਹੀ ਨਹੀਂ, ਦੇਸ਼ ਦੀ ਰਾਖੀ ਕਰਨ ਦੇ ਨਾਇਕ ਬਣ ਕੇ ਜੋ ਕੀਤਾ ਉਹ ਇਤਿਹਾਸ ਦੇ ਪੰਨਿਆਂ ਦੀ ਸਜਾਵਟ ਬਣ ਚੁੱਕਿਆ ਹੈ।
ਪਰ ਬੜੇ ਦੁੱਖ ਨਾਲ ਲਿਖਣਾ ਪੈਂਦਾ ਹੈ ਕਿ ਜਿਸ ਜਾਤਾਂ ਦੇ ਚੁੰਗਲ ਵਿੱਚੋਂ ਨਿਕਲ ਕੇ ਏਕਤਾ ਦੇ ਸੰਗਲ ਵਿੱਚ ਬੱਝ ਕੇ ਵਿਨਾਸ਼-ਵਾਦੀ ਬਿੱਪਰ ਸੋਚ ਦੇ ਟਾਕਰੇ ਦੇ ਮਨੋਰਥ ਨਾਲ ਗੁਰੂ ਸਾਹਿਬ ਨੇ ਲੰਗਰ ਹੀ ਨਹੀਂ ਹੋਰ ਜੋ ਕੁੱਛ ਕੀਤਾ ਤੇ ਖਾਸ ਕਰਕੇ ਦੁਰਕਾਰੇ ਗਏ, ਪਰ ਮਹਾਨ, ਭਗਤ ਜਨਾਂ ਦੀ ਦੁਰਲੱਭ ਬਾਣੀ ਨੂੰ ਇਕੱਠੀ ਕਰਕੇ ਜਿੱਥੇ ਗੁਮਨਾਮ ਰਹਿਣ ਦੀ ਥਾਂ ਸਦਾ ਲਈ ਪੋਥੀ ਰੂਪ ਵਿੱਚ ਗੁਰੂ ਪਦ ਦੇ ਅਧਿਕਾਰੀ ਬਣਾ ਦਿੱਤਾ, ਉੱਥੇ ਅੱਜ ਬਿਪਰਵਾਦ ਇਸ ਏਕਤਾ ਵਿੱਚ ਫੁੱਟ ਪਾਉਣ ਵਿੱਚ ਕਾਮਯਾਬ ਹੁੰਦਾ ਦਿੱਸ ਰਿਹਾ ਹੈ। ਉਸ ਨੇ ਇਸ ਏਕਤਾ ਦੀ ਲਹਿਰ ਵਿੱਚ ਆਪਣੀ ਸੋਚ ਦੇ ਚਮਚੇ ਕੁੱਛ ਕੁ ਸਹੂਲਤਾਂ ਦੇ ਕੇ ਐਸੇ ਪੈਦਾ ਕੀਤੇ ਹੋਏ ਹਨ ਕਿ ਆਮ ਲੋਕੀਂ ਉਸ ਨੂੰ ਸਮਝ ਨਹੀਂ ਸਕਦੇ। ਬਹੁਤ ਵਿਸਥਾਰ ਨਾਲ ਲਿਖਣ ਦੀ ਥਾਂ ਦਾਸ ਇਤਨਾ ਹੀ ਲਿਖਣਾ ਚਾਹੇਗਾ ਕਿ ਜੇ ਸਤਿਕਾਰਯੋਗ ਰਵਿਦਾਸ ਭਾਈਚਾਰਾ ਤੇ ਸਿੱਖ, (ਕਿਉਂਕਿ ਸਤਿਕਾਰਯੋਗ ਭਗਤ ਰਵਿਦਾਸ ਜੀ ਅਤੇ ਗੁਰੂ ਸਾਹਿਬਾਨ ਦੀ ਸੋਚ ਇੱਕ ਹੀ ਹੈ ਜੋ ਉਨ੍ਹਾਂ ਦੀ ਬਾਣੀ ਤੋਂ ਜ਼ਾਹਰ ਹੈ) ਗੰਭੀਰ ਹੋ ਕੇ ਇਕਮੁੱਠ ਹੋ ਕੇ ਚੱਲਣ ਤਾਂ ਬਿਨਾਸ਼-ਵਾਦੀ ਬਿੱਪਰ ਸੋਚ ਨੂੰ ਜੜ੍ਹੋਂ ਪੁੱਟਿਆ ਜਾ ਸਕਦਾ ਹੈ ਤੇ ਮਨੁੱਖਤਾ ਬੜੀ ਚੈਨ ਨਾਲ ਕਿਸੇ ਤਰ੍ਹਾਂ ਦੇ ਲੜਾਈ ਝਗੜੇ ਤੋਂ ਬਿਨਾਂ ਆਪਣਾ ਜੀਵਨ ਜੀ ਸਕਦੀ ਹੈ। ਗੁਰੂ ਭਲੀ ਕਰੇ।
.