.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧੪)

Gurmat and science in present scenario (Part-14)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਅਨੁਸਾਰ ਬੇਅੰਤ ਖਾਣੀਆਂ ਹਨ

Countless are the modes of reproduction according to Guru Granth Sahib

ਪੁਰਾਤਨ ਲਿਖਤਾਂ ਵਿੱਚ ਸ੍ਰਿਸ਼ਟੀ ਦੀ ਉਤਪੱਤੀ ਦੇ ਚਾਰ ਤਰੀਕੇ (੪ ਖਾਣੀਆਂ) ਮੰਨੀਆਂ ਗਈਆਂ ਹਨ, ਅੰਡਜ ਜੇਰਜ ਸੇਤਜ ਉਤਭੁਜ। ਅੰਡਜ: ਆਂਡਿਆਂ ਤੋਂ ਪੈਦਾ ਹੋਣ ਵਾਲੇ ਜੀਵ, ਪੰਛੀ ਆਦਿ; ਜੇਰਜ: ਜਿਓਰ ਤੋਂ ਪੈਦਾ ਹੋਏ ਜੀਵ, ਪਸੂ, ਮਨੁੱਖ ਆਦਿ; ਸੇਤਜ: ਪਸੀਨੇ ਤੋਂ ਪੈਦਾ ਹੋਏ ਜੀਵ, ਜੂਆਂ ਆਦਿ; ਉਤਭੁਜ: ਧਰਤੀ ਵਿਚੋਂ ਉੱਗਣ ਵਾਲੇ, ਬਨਸਪਤੀ। ਜਿਆਦਾਤਰ ਆਮ ਲੋਕਾਂ ਦੁਆਰਾ ਪ੍ਰਚਾਰ ਵਿੱਚ ਵੀ ੪ ਖਾਣੀਆਂ ਹੀ ਕਹੀਆਂ ਜਾਂਦੀਆਂ ਹਨ, ਪਰੰਤੂ ਗੁਰੂ ਸਾਹਿਬਾਂ ਨੇ ਆਪਣੇ ਆਪ ਨੂੰ ੪ ਖਾਣੀਆਂ ਤਕ ਸੀਮਿਤ ਨਹੀਂ ਰੱਖਿਆ, ਬਲਕਿ ਕਈ ਪ੍ਰਕਾਰ ਦੀਆਂ ਖਾਣੀਆਂ ਬਾਰੇ ਕਿਹਾ ਹੈ।

ਅਕਾਲ ਪੁਰਖੁ ਸਭ ਤਾਕਤਾਂ ਦਾ ਮਾਲਕ ਹੈ, ਉਸ ਦਾ ਸਰੂਪ ਸਹੀ ਤਰ੍ਹਾਂ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਗਿਆਨ ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਉਹ ਨੂਰ ਹੀ ਨੂਰ ਹੈ। ਅਕਾਲ ਪੁਰਖੁ ਦੀ ਰਚਨਾ ਬੇਅੰਤ ਹੈ, ਜਿਸ ਨੇ ਸਾਰੇ ਸੰਸਾਰ ਵਿੱਚ ਅਨੇਕਾਂ ਹੀ ਜੀਵ ਜੰਤੂ ਤੇ ਪਦਾਰਥ ਰਚੇ ਹਨ। ਸਾਰੇ ਜੀਵ ਜੰਤੂਆਂ ਨੂੰ ਅਕਾਲ ਪੁਰਖੁ ਆਪ ਹੀ ਪੈਦਾ ਕਰਨ ਵਾਲਾ ਹੈ ਤੇ ਆਪ ਹੀ ਸਭ ਨੂੰ ਰਿਜ਼ਕ ਦੇਣ ਵਾਲਾ ਹੈ। ਅਕਾਲ ਪੁਰਖੁ ਆਪ ਹੀ ਸਭ ਦੀ ਸੰਭਾਲ ਕਰਦਾ ਹੈ ਤੇ ਸਭ ਨੂੰ ਆਸਰਾ ਦੇਣ ਵਾਲਾ ਹੈ। ਅੰਡਜ ਜੇਰਜ ਸੇਤਜ ਉਤਭੁਜ ਇਨ੍ਹਾਂ ਚੌਹਾਂ ਖਾਣੀਆਂ ਦੇ ਜੀਵਾਂ ਦੀ ਉਹ ਕਈ ਤਰੀਕਿਆਂ ਨਾਲ ਪਾਲਣਾ ਕਰਦਾ ਹੈ।

ਸਮਰਥ ਅਕਥ ਅਗੋਚਰ ਦੇਵਾ॥ ਜੀਅ ਜੰਤ ਸਭਿ ਤਾ ਕੀ ਸੇਵਾ॥ ਅੰਡਜ ਜੇਰਜ ਸੇਤਜ ਉਤਭੁਜ ਬਹੁ ਪਰਕਾਰੀ ਪਾਲਕਾ॥ ੪॥ (੧੦੮੪, ੧੦੮੫)

ਅਕਾਲ ਪੁਰਖੁ ਆਪ ਸਦਾ ਥਿਰ ਰਹਿਣ ਵਾਲਾ ਹੈ, ਜਗਤ ਨੂੰ ਪੈਦਾ ਕਰਨ ਵਾਲਾ ਤੇ ਜੀਵਾਂ ਦੀ ਪਾਲਣਾ ਕਰਨ ਵਾਲਾ ਉਹ ਅਕਾਲ ਪੁਰਖੁ ਆਪ ਹੀ ਹੈ। ਜਿਸ ਅਕਾਲ ਪੁਰਖੁ ਨੇ ਆਪ ਹੀ ਆਪਣੇ ਆਪ ਨੂੰ ਜਗਤ ਦੇ ਰੂਪ ਵਿੱਚ ਪਰਗਟ ਕੀਤਾ ਹੋਇਆ ਹੈ, ਉਹ ਅਦ੍ਰਿਸ਼ਟ ਹੈ ਤੇ ਬੇਅੰਤ ਹੈ। ਧਰਤੀ ਤੇ ਆਕਾਸ਼ ਜਗਤ ਦੇ ਦੋਵੇਂ ਪੁੜ ਜੋੜ ਕੇ ਭਾਵ, ਸ੍ਰਿਸ਼ਟੀ ਦੀ ਰਚਨਾ ਕਰ ਕੇ, ਅਕਾਲ ਪੁਰਖੁ ਨੇ ਜੀਵਾਂ ਨੂੰ ਮਾਇਆ ਦੇ ਮੋਹ ਵਿੱਚ ਫਸਾ ਕੇ ਆਪਣੇ ਨਾਲੋਂ ਵਿਛੋੜ ਦਿੱਤਾ ਹੈ, ਭਾਵ, ਇਹ ਅਕਾਲ ਪੁਰਖੁ ਦੀ ਰਜ਼ਾ ਹੈ ਕਿ ਜੀਵ ਮਾਇਆ ਦੇ ਮੋਹ ਵਿੱਚ ਫਸ ਕੇ ਅਕਾਲ ਪੁਰਖੁ ਨੂੰ ਭੁਲਾ ਬੈਠੇ ਹਨ। ਗੁਰੂ ਦੇ ਗਿਆਨ ਤੋਂ ਬਿਨਾ, ਮਨੁੱਖ ਮਾਇਆ ਦੇ ਮੋਹ ਵਿੱਚ ਫਸਿਆ ਪਿਆ ਹੈ, ਆਪਣੇ ਅੰਦਰਲੇ ਹਉਮੈ ਕਰਕੇ ਸਬਦ ਗੁਰੂ ਕੋਲੋਂ ਸੋਝੀ ਲੈਣ ਲਈ ਤਿਆਰ ਨਹੀਂ, ਇਹੀ ਕਾਰਨ ਹੈ ਕਿ ਇਤਨੀ ਤਕਨੀਕੀ ਤਰੱਕੀ ਕਰਨ ਦੇ ਬਾਵਜੂਦ ਵੀ ਮਨੁੱਖ ਦੇ ਮਨ ਅੰਦਰ ਘੁੱਪ ਹਨੇਰਾ ਹੈ। ਉਸ ਅਕਾਲ ਪੁਰਖੁ ਨੇ ਹੀ ਸੂਰਜ ਤੇ ਚੰਦ੍ਰਮਾ ਬਣਾਏ ਹਨ, ਸੂਰਜ ਦਿਨ ਵੇਲੇ ਤੇ ਚੰਦ੍ਰਮਾ ਰਾਤ ਵੇਲੇ ਚਾਨਣ ਦੇਂਦਾ ਹੈ। ਸੂਰਜ ਤੇ ਚੰਦ੍ਰਮਾ ਦੋਵੇਂ ਬਾਹਰੀ ਚਾਨਣ ਤਾਂ ਦੇ ਸਕਦੇ ਹਨ, ਪਰੰਤੂ ਮਨ ਵਿੱਚ ਚਾਨਣ ਪੈਦਾ ਕਰਨ ਲਈ ਸਬਦ ਗੁਰੂ ਕੋਲ ਜਾਣਾ ਪਵੇਗਾ। ਇਹ ਹਮੇਸ਼ਾਂ ਚੇਤੇ ਰੱਖਣਾਂ ਚਾਹੀਦਾ ਹੈ, ਕਿ ਇਹ ਜਗਤ ਇੱਕ ਖੇਲ ਤਮਾਸ਼ਾ ਹੈ, ਜਿਸ ਨੂੰ ਅਕਾਲ ਪੁਰਖੁ ਨੇ ਆਪ ਬਣਾਇਆ ਹੈ, ਤੇ ਸਦਾ ਲਈ ਥਿਰ ਰਹਿਣ ਵਾਲਾ ਮਾਲਕ, ਸਿਰਫ ਉਹ ਆਪ ਹੀ ਹੈ। ਅਕਾਲ ਪੁਰਖੁ ਆਪ ਹੀ ਸਭ ਜੀਵਾਂ ਨੂੰ ਸਦਾ ਥਿਰ ਰਹਿਣ ਵਾਲੇ ਪਿਆਰ ਦੀ ਦਾਤ ਦੇਂਦਾ ਹੈ। ਅਕਾਲ ਪੁਰਖੁ ਨੇ ਆਪ ਸ੍ਰਿਸ਼ਟੀ ਪੈਦਾ ਕੀਤੀ ਹੈ, ਤੇ ਜੀਵਾਂ ਨੂੰ ਦੁੱਖ ਤੇ ਸੁਖ ਦੇਣ ਵਾਲਾ ਵੀ ਉਹ ਆਪ ਹੀ ਹੈ। ਜਗਤ ਵਿੱਚ ਇਸਤ੍ਰੀਆਂ ਤੇ ਮਰਦ ਵੀ ਅਕਾਲ ਪੁਰਖੁ ਨੇ ਹੀ ਪੈਦਾ ਕੀਤੇ ਹਨ। ਮਾਇਆ ਦਾ ਮੋਹ ਤੇ ਪਿਆਰ ਜੋ ਕਿ ਮਨੁੱਖ ਦੀ ਆਤਮਿਕ ਬਰਬਾਦੀ ਲਈ ਇੱਕ ਜ਼ਹਿਰ ਦਾ ਕੰਮ ਕਰਦਾ ਹੈ, ਉਹ ਵੀ ਉਸ ਅਕਾਲ ਪੁਰਖੁ ਨੇ ਹੀ ਬਣਾਇਆ ਹੈ। ਜੀਵ ਉਤਪੱਤੀ ਦੀਆਂ ਅਨੇਕਾਂ ਖਾਣੀਆਂ ਤੇ ਜੀਵਾਂ ਦੀਆਂ ਅਣਗਿਣਤ ਬੋਲੀਆਂ ਵੀ ਅਕਾਲ ਪੁਰਖੁ ਦੀਆਂ ਹੀ ਰਚੀਆਂ ਹੋਈਆਂ ਹਨ ਤੇ ਸਭ ਜੀਵਾਂ ਨੂੰ ਅਕਾਲ ਪੁਰਖੁ ਆਪ ਹੀ ਆਸਰਾ ਦੇਂਦਾ ਹੈ। ਕੁਦਰਤ ਦੀ ਇਹ ਸਾਰੀ ਰਚਨਾ ਕਰਨ ਅਤੇ ਕਰਮਾਂ ਅਨੁਸਾਰ ਫੈਸਲੇ ਕਰਨ ਲਈ ਸਦਾ ਥਿਰ ਰਹਿਣ ਵਾਲਾ ਤਖ਼ਤ, ਅਕਾਲ ਪੁਰਖੁ ਨੇ ਆਪ ਹੀ ਬਣਾਇਆ ਹੈ। ਅਕਾਲ ਪੁਰਖੁ ਆਪ ਹੀ ਸਦਾ ਥਿਰ ਰਹਿਣ ਵਾਲੇ ਨਾਮੁ ਤੇ ਹੁਕਮੁ ਅਨੁਸਾਰ ਜੀਵਾਂ ਦੇ ਕਰਮਾਂ ਦਾ ਲੇਖਾ ਕਰਨ ਵਾਲਾ ਹੈ।

ਵਡਹੰਸੁ ਮਹਲਾ ੧ ਦਖਣੀ॥ ਸਚੁ ਸਿਰੰਦਾ ਸਚਾ ਜਾਣੀਐ ਸਚੜਾ ਪਰਵਦਗਾਰੋ॥ ਜਿਨਿ ਆਪੀਨੈ ਆਪੁ ਸਾਜਿਆ ਸਚੜਾ ਅਲਖ ਅਪਾਰੋ॥ ਦੁਇ ਪੁੜ ਜੋੜਿ ਵਿਛੋੜਿਅਨੁ ਗੁਰ ਬਿਨੁ ਘੋਰੁ ਅੰਧਾਰੋ॥ ਸੂਰਜ ਚੰਦੁ ਸਿਰਜਿਅਨੁ ਅਹਿਨਿਸਿ ਚਲਤੁ ਵੀਚਾਰੋ॥ ॥ ਸਚੜਾ ਸਾਹਿਬੁ ਸਚੁ ਤੂ ਸਚੜਾ ਦੇਹਿ ਪਿਆਰੋ॥ ਰਹਾਉ॥ ਤੁਧੁ ਸਿਰਜੀ ਮੇਦਨੀ ਦੁਖੁ ਸੁਖੁ ਦੇਵਣਹਾਰੋ॥ ਨਾਰੀ ਪੁਰਖ ਸਿਰਜਿਐ ਬਿਖੁ ਮਾਇਆ ਮੋਹੁ ਪਿਆਰੋ॥ ਖਾਣੀ ਬਾਣੀ ਤੇਰੀਆ ਦੇਹਿ ਜੀਆ ਆਧਾਰੋ॥ ਕੁਦਰਤਿ ਤਖਤੁ ਰਚਾਇਆ ਸਚਿ ਨਿਬੇੜਣਹਾਰੋ॥ ੨॥ (੫੮੦)

ਮਨੁੱਖਾਂ, ਰੁੱਖਾਂ, ਤੀਰਥਾਂ, ਤਟਾਂ (ਨਦੀਆਂ ਦੇ ਕਿਨਾਰਿਆਂ), ਬੱਦਲਾਂ, ਖੇਤਾਂ, ਦੀਪਾਂ (ਸਮੁੰਦਰ ਦੇ ਪਾਣੀ ਨਾਲ ਘਿਰੇ ਹੋਏ ਧਰਤੀ ਦੇ ਹਿਸੇ), ਲੋਕਾਂ (ਸੁਰਗ, ਪ੍ਰਿਥਵੀ ਅਤੇ ਪਤਾਲ, ਸੱਤ ਲੋਕ ਧਰਤੀ ਤੋਂ ਉੱਤੇ ਤੇ ਸੱਤ ਲੋਕ ਧਰਤੀ ਦੇ ਹੇਠਾਂ), ਮੰਡਲਾਂ (ਚੰਦ, ਸੂਰਜ, ਧਰਤੀ, ਗ੍ਰੈਹਾਂ), ਖੰਡਾਂ (ਧਰਤੀ ਦੇ ਹਿੱਸੇ), ਵਰਭੰਡਾਂਹ (ਬ੍ਰਹਿਮੰਡਾਂ, ਸ੍ਰਿਸ਼ਟੀ), ਸਰਾਂ (ਸਰੋਵਰਾਂ), ਮੇਰਾਂ (ਮੇਰੂ ਵਰਗੇ ਪਰਬਤਾਂ), ਚਾਰੇ ਖਾਣੀਆਂ (ਅੰਡਜ, ਜੇਰਜ, ਉਤਭੁਜ, ਸੇਤਜ) ਦੇ ਸਾਰੇ ਜੀਵ ਜੰਤਾਂ, ਇਨ੍ਹਾਂ ਸਭਨਾਂ ਦੀ ਗਿਣਤੀ ਦਾ ਅੰਦਾਜ਼ਾ, ਉਹ ਅਕਾਲ ਪੁਰਖੁ ਆਪ ਹੀ ਜਾਣਦਾ ਹੈ, ਜਿਸ ਨੇ ਇਹ ਸਭ ਕੁੱਝ ਪੈਦਾ ਕੀਤੇ ਹਨ। ਸਾਰੇ ਜੀਅ ਜੰਤ ਪੈਦਾ ਕਰ ਕੇ, ਅਕਾਲ ਪੁਰਖੁ ਉਨ੍ਹਾਂ ਸਭਨਾਂ ਦੀ ਸੰਭਾਲ ਤੇ ਪਾਲਨਾ ਵੀ ਆਪ ਹੀ ਕਰਦਾ ਹੈ। ਜਿਸ ਕਰਤਾਰ ਨੇ ਇਹ ਸਾਰੀ ਸ੍ਰਿਸ਼ਟੀ ਰਚੀ ਹੈ, ਇਸ ਦੀ ਪਾਲਨਾ ਦਾ ਫ਼ਿਕਰ ਵੀ ਉਸੇ ਨੂੰ ਹੀ ਹੈ। ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਮੈਂ ਉਸ ਅਕਾਲ ਪੁਰਖੁ ਤੋਂ ਸਦਕੇ ਜਾਂਦਾ ਹਾਂ, ਉਸ ਦੀ ਜੈ ਜੈਕਾਰ ਆਖਦਾ ਹਾਂ, ਭਾਵ, ਉਸ ਦੀ ਸਿਫ਼ਤਿ-ਸਾਲਾਹ ਕਰਦਾ ਹਾਂ, ਜਿਸ ਕਰਤਾਰ ਨੇ ਇਹ ਜਗਤ ਪੈਦਾ ਕੀਤਾ ਹੈ, ਇਨ੍ਹਾਂ ਸਭ ਦਾ ਖ਼ਿਆਲ ਵੀ ਉਹ ਆਪ ਹੀ ਰੱਖਦਾ ਹੈ, ਤੇ ਅਕਾਲ ਪੁਰਖੁ ਦਾ ਆਸਰਾ ਜੀਵਾਂ ਵਾਸਤੇ ਸਦਾ ਲਈ ਅਟੱਲ ਹੈ। ਉਸ ਅਕਾਲ ਪੁਰਖੁ ਦੇ ਸੱਚੇ ਨਾਮੁ ਦੀ ਯਾਦ ਤੋਂ ਬਿਨਾ, ਟਿੱਕਾ, ਜਨੇਊ ਆਦਿਕ ਧਾਰਮਕ ਭੇਖ ਜਾਂ ਤਰ੍ਹਾਂ ਤਰ੍ਹਾਂ ਦੇ ਕਰਮ ਕਾਂਡ ਕਰਨ ਦਾ ਕੋਈ ਫਾਇਦਾ ਨਹੀਂ ਹੈ।

ਸਲੋਕ ਮਃ ੧॥ ਪੁਰਖਾਂ ਬਿਰਖਾਂ ਤੀਰਥਾਂ ਤਟਾਂ ਮੇਘਾਂ ਖੇਤਾਂਹ॥ ਦੀਪਾਂ ਲੋਆਂ ਮੰਡਲਾਂ ਖੰਡਾਂ ਵਰਭੰਡਾਂਹ॥ ਅੰਡਜ ਜੇਰਜ ਉਤਭੁਜਾਂ ਖਾਣੀ ਸੇਤਜਾਂਹ॥ ਸੋ ਮਿਤਿ ਜਾਣੈ ਨਾਨਕਾ ਸਰਾਂ ਮੇਰਾਂ ਜੰਤਾਹ॥ ਨਾਨਕ ਜੰਤ ਉਪਾਇ ਕੈ ਸੰਮਾਲੇ ਸਭਨਾਹ॥ ਜਿਨਿ ਕਰਤੈ ਕਰਣਾ ਕੀਆ ਚਿੰਤਾ ਭਿ ਕਰਣੀ ਤਾਹ॥ ਸੋ ਕਰਤਾ ਚਿੰਤਾ ਕਰੇ ਜਿਨਿ ਉਪਾਇਆ ਜਗੁ॥ ਤਿਸੁ ਜੋਹਾਰੀ ਸੁਅਸਤਿ ਤਿਸੁ ਤਿਸੁ ਦੀਬਾਣੁ ਅਭਗੁ॥ ਨਾਨਕ ਸਚੇ ਨਾਮ ਬਿਨੁ ਕਿਆ ਟਿਕਾ ਕਿਆ ਤਗੁ॥ ੧॥ (੪੬੭)

ਸਰਬ-ਵਿਆਪਕ ਅਕਾਲ ਪੁਰਖੁ ਨੇ ਜਗਤ ਦੀ ਉਤਪੱਤੀ ਕੀਤੀ ਹੈ, ਦਿਨ ਤੇ ਰਾਤ ਵੀ ਉਸੇ ਨੇ ਹੀ ਬਣਾਏ ਹਨ। ਜੰਗਲ, ਜੰਗਲ ਦਾ ਘਾਹ, ਦਰੱਖਤ, ਬੂਟੇ, ਤਿੰਨੇ ਭਵਨ, ਪਾਣੀ ਤੇ ਹੋਰ ਸਾਰੇ ਤੱਤ, ਚਾਰੇ ਵੇਦ, ਚਾਰੇ ਖਾਣੀਆਂ, ਸ੍ਰਿਸ਼ਟੀ ਦੇ ਵਖ ਵਖ ਹਿੱਸੇ, ਟਾਪੂ, ਸਾਰੇ ਲੋਕ, ਆਦਿ ਸੱਭ ਅਕਾਲ ਪੁਰਖੁ ਦੇ ਇੱਕ ਹੁਕਮੁ ਨਾਲ ਹੀ ਬਣੇ ਹਨ। ਇਸ ਲਈ ਸਿਰਜਣਹਾਰ ਅਕਾਲ ਪੁਰਖੁ ਬਾਰੇ ਜਾਨਣਾ ਚਾਹੀਦਾ ਹੈ ਤੇ ਉਸ ਨਾਲ ਡੂੰਘੀ ਸਾਂਝ ਪਾਉਣੀ ਚਾਹੀਦੀ ਹੈ। ਪਰ, ਇਹ ਸੂਝ ਉਦੋਂ ਮਿਲਦੀ ਹੈ, ਜਦੋਂ ਗੁਰੂ ਮਿਲ ਪਏ। ਸਬਦ ਗੁਰੂ ਨੂੰ ਮਿਲ ਕੇ ਆਤਮਕ ਜੀਵਨ ਦਾ ਸੱਚਾ ਗਿਆਨ ਹਾਸਲ ਕਰ ਸਕਦੇ ਹਾਂ ਤੇ ਆਪਣੇ ਅੰਦਰੋਂ ਅਗਿਆਨਤਾ ਦਾ ਹਨੇਰਾ ਬਾਹਰ ਕੱਢ ਸਕਦੇ ਹਾਂ। ਅਕਾਲ ਪੁਰਖੁ ਆਪਣੇ ਹੁਕਮੁ ਅਨੁਸਾਰ ਜੋ ਕੁੱਝ ਜੀਵ ਪਾਸੋਂ ਕਰਵਾਉਂਦਾ ਹੈ, ਉਸ ਦੇ ਅਨੁਸਾਰ ਉਸ ਦਾ ਨਾਂ ਮੂਰਖ ਜਾਂ ਗਿਆਨੀ ਪੈ ਜਾਂਦਾ ਹੈ। ਇਹ ਮਨੁੱਖਾ ਜਨਮ ਜੀਵਨ ਸਫਲ ਕਰਨ ਲਈ ਮਿਲਿਆ ਹੈ, ਤੇ ਇਹ ਸਾਡੇ ਤੇ ਨਿਰਭਰ ਕਰਦਾ ਹੈ, ਕਿ ਅਸੀਂ ਕੀ ਚੁਣਦੇ ਹਾਂ।

ਓਅੰਕਾਰਿ ਉਤਪਾਤੀ॥ ਕੀਆ ਦਿਨਸੁ ਸਭ ਰਾਤੀ॥ ਵਣੁ ਤ੍ਰਿਣੁ ਤ੍ਰਿਭਵਣ ਪਾਣੀ॥ ਚਾਰਿ ਬੇਦ ਚਾਰੇ ਖਾਣੀ॥ ਖੰਡ ਦੀਪ ਸਭਿ ਲੋਆ॥ ਏਕ ਕਵਾਵੈ ਤੇ ਸਭਿ ਹੋਆ॥ ੧॥ ਕਰਣੈਹਾਰਾ ਬੂਝਹੁ ਰੇ॥ ਸਤਿਗੁਰੁ ਮਿਲੈ ਤ ਸੂਝੈ ਰੇ॥ ੧॥ ਰਹਾਉ॥ (੧੦੦੩, ੧੦੦੪)

ਮਨੁੱਖ ਦਾ ਗਿਆਨ ਪਹਿਲਾਂ ਬਹੁਤ ਸੀਮਿਤ ਸੀ, ਆਪਣੇ ਪਰਿਵਾਰ ਨੂੰ ਤੇ ਕੁੱਝ ਆਸੇ ਪਾਸੇ ਤਕ ਜਾਣਦਾ ਸੀ। ਪਰੰਤੂ ਮਨੁੱਖ ਦਾ ਸੁਭਾਅ ਰਿਹਾ ਹੈ ਕਿ ਉਹ ਆਪਣੀ ਬੁਧੀ ਨਾਲ ਸਮਝਣ ਤੇ ਆਪਣੀ ਵਾਕਫ਼ੀਅਤ ਨੂੰ ਵਧਾਣ ਦਾ ਜਤਨ ਕਰਦਾ ਰਿਹਾ ਹੈ। ਵਿੱਦਿਆ ਤੇ ਵਿਚਾਰ ਦੇ ਬਲ ਨਾਲ ਅਕਾਲ ਪੁਰਖ ਦੀ ਬੇਅੰਤ ਕੁਦਰਤ ਦਾ ਨਕਸ਼ਾ ਅੱਖਾਂ ਅੱਗੇ ਲਿਆਉਣ ਲੱਗ ਪਿਆ, ਸਾਇੰਸ ਦੀ ਜਾਣਕਾਰੀ ਨਾਲ ਭਰਮ ਵਹਿਮ ਘਟਨ ਲੱਗੇ। ਮਨੁੱਖ ਦਾ ਤਰ੍ਹਾਂ ਤਰ੍ਹਾਂ ਦੇ ਜੀਵਾਂ ਬਾਰੇ ਗਿਆਨ ਵਿੱਚ ਵਾਧਾ ਹੋਣ ਲੱਗਾ, ਪਰੰਤੂ ਮਨੁੱਖ ਦਾ ਗਿਆਨ, ਇਸ ਧਰਤੀ ਤੇ ਮਿਲਣ ਵਾਲੇ ਜੀਵਾਂ ਤਕ ਹੀ ਸੀਮਿਤ ਹੈ। ਇਹ ਵੀ ਹੋ ਸਕਦਾ ਹੈ ਕਿ ਹੋਰ ਅਨੇਕਾਂ ਧਰਤੀਆਂ ਹੋਣ ਜਿਥੇ ਹੋਰ ਕਈ ਤਰ੍ਹਾਂ ਦੇ ਜੀਵ ਵੀ ਹੋ ਸਕਦੇ ਹਨ, ਤੇ ਕਈ ਹੋਰ ਕਈ ਤਰ੍ਹਾਂ ਦੀਆਂ ਖਾਣੀਆਂ ਵੀ ਹੋਣ।

ਅੱਜ ਦੀ ਸਾਇੰਸ ਇਨ੍ਹਾਂ ਚਾਰ ਖਾਣੀਆਂ ਵਾਂਗੂ ਜੀਵਾਂ ਦੀ ਉਤਪਤੀ ਦਾ ਵਰਗੀਕਰਨ ਨਹੀਂ ਕਰਦੀ ਹੈ। ਸਾਇੰਸ ਅਨੁਸਾਰ ਮੁਢਲੇ ਤੌਰ ਤੇ ੨ ਤਰੀਕਿਆਂ ਨਾਲ ਉਤਪਤੀ ਹੁੰਦੀ ਹੈ, ਸੈਕਸੂਅਲ (Sexual) ਤੇ ਏਸੈਕਸੂਅਲ (Asexual)। ਸੈਕਸੂਅਲ ਉਤਪਤੀ ਲਈ ਨਰ ਤੇ ਮਾਦਾ ਦੋਵਾਂ ਦੀ ਜਰੂਰਤ ਹੈ। ਏਸੈਕਸੂਅਲ ਉਤਪਤੀ ਲਈ ਦੋ ਜਾਣਿਆਂ ਦੀ ਜਰੂਰਤ ਨਹੀਂ ਹੈ। ਜਿਸ ਤਰ੍ਹਾਂ ਕਿ ਬੈਕਟੀਰੀਆਂ ਦੇ ਸੈਲ ਇੱਕ ਤੋਂ ਦੋ ਬਣ ਜਾਂਦੇ ਹਨ। ਕਈ ਕੀੜੀਆਂ (Mycocepurus smith) ਵੀ ਏਸੈਕਸੂਅਲ ਤਰੀਕੇ ਨਾਲ ਪੈਦਾ ਹੁੰਦੀਆਂ ਹਨ ਅਤੇ ਕਈ ਪੌਦੇ ਵੀ ਹਨ ਜੋ ਕਿ ਸੈਕਸੂਅਲ ਤਰੀਕੇ ਨਾਲ ਪੈਦਾ ਹੁੰਦੇ ਹਨ। ਉਤਪਤੀ ਦੇ ਇਨ੍ਹਾਂ ਦੋਵੇ ਤਰੀਕਿਆਂ ਦੀਆਂ ਕਈ ਹੋਰ ਕਿਸਮਾਂ ਹਨ। ਇਸ ਲਈ ਸਾਇੰਸ ਅਨੁਸਾਰ ਵੀ ਉਤਪਤੀ ਦੀਆਂ ਅਨੇਕ ਪ੍ਰਕਾਰ ਦੀਆਂ ਕਿਸਮਾਂ ਹਨ।

ਸਾਇੰਸ ਦੀਆਂ ਖੋਜਾਂ ਪਦਾਰਥਾਂ ਤੇ ਆਧਾਰਤ ਹਨ। ਸਾਇੰਸਦਾਨ ਕੋਸ਼ਿਸ ਕਰ ਰਹੇ ਹਨ ਕਿ ਪ੍ਰਯੋਗਸ਼ਾਲਾ ਵਿੱਚ ਪਦਾਰਥ ਤੋਂ ਜੀਵਨ ਪੈਦਾ ਕੀਤਾ ਜਾ ਸਕੇ, ਪਰ ਅਜੇ ਤਕ ਕੋਈ ਸਫਲਤਾ ਨਹੀਂ ਮਿਲੀ ਹੈ। ਸਾਇੰਸਦਾਨ ਪਦਾਰਥ ਤੋਂ ਵਾਇਰਸ ਤਾਂ ਬਣਾ ਸਕੇ ਹਨ, ਜਿਹੜਾ ਕਿ ਕਈ ਵਾਰੀ ਜੀਵ ਨਹੀਂ ਗਿਣਿਆ ਜਾਂਦਾ ਹੈ। ਬੈਕਟੀਰੀਅਮ ਨਾਲ ਮਿਲਾ ਕੇ ਕੁੱਝ ਨਵਾਂ ਔਰਗੇਨਿਯਮ ਭਾਵੇ ਬਣਾ ਸਕੀਏ, ਪਰ ਪੂਰਨ ਤੌਰ ਤੇ ਪਦਾਰਥ ਤੋਂ ਨਵਾਂ ਜੀਵ ਬਣਾਉਣਾ ਬਹੁਤ ਦੂਰ ਹੈ।

ਅਕਾਲ ਪੁਰਖ ਦੀ ਰਚਨਾ ਵਿੱਚ ਕਈ ਪ੍ਰਕਾਰ ਦੇ ਪਉਣ, ਪਾਣੀ ਤੇ ਅਗਨੀਆਂ ਹਨ, ਕਈ ਕ੍ਰਿਸ਼ਨ ਹਨ ਤੇ ਕਈ ਸ਼ਿਵ ਹਨ। ਕਈ ਬ੍ਰਹਮਾ ਪੈਦਾ ਕੀਤੇ ਜਾ ਰਹੇ ਹਨ, ਜਿਨ੍ਹਾਂ ਦੇ ਕਈ ਰੂਪ, ਕਈ ਰੰਗ ਤੇ ਕਈ ਵੇਸ ਹਨ। ਅਕਾਲ ਪੁਰਖ ਦੀ ਕੁਦਰਤ ਵਿੱਚ ਬੇਅੰਤ ਧਰਤੀਆਂ ਹਨ, ਬੇਅੰਤ ਮੇਰੂ ਪਰਬਤ, ਬੇਅੰਤ ਧ੍ਰੂ ਭਗਤ ਤੇ ਉਨ੍ਹਾਂ ਦੇ ਉਪਦੇਸ਼ ਹਨ। ਬੇਅੰਤ ਇੰਦਰ ਦੇਵਤੇ, ਚੰਦ੍ਰਮਾ, ਬੇਅੰਤ ਸੂਰਜ ਅਤੇ ਬੇਅੰਤ ਭਵਨ ਹਨ। ਬੇਅੰਤ ਸਿੱਧ ਹਨ, ਬੇਅੰਤ ਬੁਧ ਅਵਤਾਰ ਹਨ, ਬੇਅੰਤ ਨਾਥ ਹਨ ਅਤੇ ਬੇਅੰਤ ਦੇਵੀਆਂ ਦੇ ਪਹਿਰਾਵੇ ਹਨ। ਬੇਅੰਤ ਦੇਵਤੇ ਅਤੇ ਦੈਂਤ ਹਨ, ਬੇਅੰਤ ਮੁਨੀ ਹਨ, ਬੇਅੰਤ ਪਰਕਾਰ ਦੇ ਰਤਨ ਤੇ ਰਤਨਾਂ ਦੇ ਸਮੁੰਦਰ ਹਨ। ਆਮ ਰਵਾਇਤਾ ਅਨੁਸਾਰ ਭਾਂਵੇਂ ੪ ਖਾਣੀਆਂ ਹਨ, ਪਰ ਗੁਰਬਾਣੀ ਅਨੁਸਾਰ ਬੇਅੰਤ ਖਾਣੀਆਂ ਹਨ, ਜੀਵਾਂ ਦੀਆਂ ਬੇਅੰਤ ਬੋਲੀਆਂ ਹਨ, ਬੇਅੰਤ ਪਾਤਸ਼ਾਹ ਤੇ ਰਾਜੇ ਹਨ, ਬੇਅੰਤ ਪਰਕਾਰ ਦੇ ਧਿਆਨ ਹਨ, ਜੋ ਜੀਵ ਆਪਣੇ ਮਨ ਦੁਆਰਾ ਲਾਉਂਦੇ ਹਨ, ਬੇਅੰਤ ਸੇਵਕ ਹਨ। ਅਕਾਲ ਪੁਰਖ ਦੀ ਇਸ ਕੁਦਰਤ ਦੀ ਰਚਨਾ ਦਾ ਕੋਈ ਅੰਤ ਨਹੀਂ ਹੈ।

ਧਰਮ ਖੰਡ ਕਾ ਏਹੋ ਧਰਮੁ॥ ਗਿਆਨ ਖੰਡ ਕਾ ਆਖਹੁ ਕਰਮੁ॥ ਕੇਤੇ ਪਵਣ ਪਾਣੀ ਵੈਸੰਤਰ ਕੇਤੇ ਕਾਨ ਮਹੇਸ॥ ਕੇਤੇ ਬਰਮੇ ਘਾੜਤਿ ਘੜੀਅਹਿ ਰੂਪ ਰੰਗ ਕੇ ਵੇਸ॥ ਕੇਤੀਆ ਕਰਮ ਭੂਮੀ ਮੇਰ ਕੇਤੇ ਕੇਤੇ ਧੂ ਉਪਦੇਸ॥ ਕੇਤੇ ਇੰਦ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ॥ ਕੇਤੇ ਸਿਧ ਬੁਧ ਨਾਥ ਕੇਤੇ ਕੇਤੇ ਦੇਵੀ ਵੇਸ॥ ਕੇਤੇ ਦੇਵ ਦਾਨਵ ਮੁਨਿ ਕੇਤੇ ਕੇਤੇ ਰਤਨ ਸਮੁੰਦ॥ ਕੇਤੀਆ ਖਾਣੀ ਕੇਤੀਆ ਬਾਣੀ ਕੇਤੇ ਪਾਤ ਨਰਿੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤੁ ਨ ਅੰਤੁ॥ ੩੫॥ (੭)

ਧਰਤੀ ਦੇ ਨੌ ਖੰਡ ਤੇ ਚਾਰ ਖਾਣੀਆਂ ਕਹੀਆਂ ਜਾਂਦੀਆਂ ਹਨ, ਪਰ ਕੁਦਰਤ ਵਿੱਚ ਕਰੋੜਾਂ ਹੀ ਖੰਡ ਤੇ ਖਾਣੀਆਂ ਹਨ, ਜਿਨ੍ਹਾਂ ਰਾਹੀਂ ਕਰੋੜਾਂ ਹੀ ਜੀਵ ਪੈਦਾ ਹੁੰਦੇ ਹਨ। ਕਰੋੜਾਂ ਹੀ ਆਕਾਸ਼ ਤੇ ਬ੍ਰਹਮੰਡ ਹਨ, ਜਿਨ੍ਹਾਂ ਵਿੱਚ ਕਰੋੜਾਂ ਹੀ ਜੀਵ ਹਨ ਤੇ ਕਰੋੜਾਂ ਹੀ ਪ੍ਰਾਣੀ ਪੈਦਾ ਹੋ ਰਹੇ ਹਨ। ਅਕਾਲ ਪੁਰਖੁ ਨੇ ਕਈ ਤਰੀਕਿਆਂ ਨਾਲ ਜਗਤ ਦੀ ਰਚਨਾ ਕੀਤੀ ਹੈ ਤੇ ਕਈ ਵਾਰੀ ਜਗਤ ਦੀ ਰਚਨਾ ਕੀਤੀ ਹੈ। ਫਿਰ ਇਸ ਨੂੰ ਸਮੇਟ ਕੇ ਸਦਾ ਇੱਕ ਆਪ ਹੀ ਆਪ ਹੋ ਜਾਂਦਾ ਹੈ। ਅਕਾਲ ਪੁਰਖੁ ਨੇ ਕਈ ਕਿਸਮਾਂ ਦੇ ਕਰੋੜਾਂ ਹੀ ਜੀਵ ਪੈਦਾ ਕੀਤੇ ਹੋਏ ਹਨ, ਜੋ ਅਕਾਲ ਪੁਰਖੁ ਤੋਂ ਪੈਦਾ ਹੋ ਕੇ ਫਿਰ ਉਸ ਵਿੱਚ ਲੀਨ ਹੋ ਜਾਂਦੇ ਹਨ। ਉਸ ਅਕਾਲ ਪੁਰਖੁ ਦਾ ਅੰਤ ਕੋਈ ਮਨੁੱਖ ਨਹੀਂ ਜਾਣਦਾ ਹੈ, ਕਿਉਂਕਿ ਉਸ ਅਕਾਲ ਪੁਰਖੁ ਵਰਗਾ ਉਹ ਆਪ ਹੀ ਆਪ ਹੈ।

ਕਈ ਕੋਟਿ ਖਾਣੀ ਅਰੁ ਖੰਡ॥ ਕਈ ਕੋਟਿ ਅਕਾਸ ਬ੍ਰਹਮੰਡ॥ ਕਈ ਕੋਟਿ ਹੋਏ ਅਵਤਾਰ॥ ਕਈ ਜੁਗਤਿ ਕੀਨੋ ਬਿਸਥਾਰ॥ ਕਈ ਬਾਰ ਪਸਰਿਓ ਪਾਸਾਰ॥ ਸਦਾ ਸਦਾ ਇਕੁ ਏਕੰਕਾਰ॥ ਕਈ ਕੋਟਿ ਕੀਨੇ ਬਹੁ ਭਾਤਿ॥ ਪ੍ਰਭ ਤੇ ਹੋਏ ਪ੍ਰਭ ਮਾਹਿ ਸਮਾਤਿ॥ ਤਾ ਕਾ ਅੰਤੁ ਨ ਜਾਨੈ ਕੋਇ॥ ਆਪੇ ਆਪਿ ਨਾਨਕ ਪ੍ਰਭੁ ਸੋਇ॥ ੭॥ (੨੭੫, ੨੭੬)

ਅਕਾਲ ਪੁਰਖੁ ਦਾ ਦਰਬਾਰ ਹੈਰਾਨ ਕਰਨ ਵਾਲਾ ਹੈ, ਉਸ ਦੇ ਪੈਦਾ ਕੀਤੇ ਹੋਏ, ਅਨੇਕਾਂ ਰੂਪਾਂ ਰੰਗਾਂ ਦੇ ਖੰਡ ਬ੍ਰਹਮੰਡ ਹਨ, ਅਨੇਕਾਂ ਪੁਰੀਆਂ ਹਨ। ਉਸਦੇ ਪੈਦਾ ਕੀਤੇ ਹੋਏ ਅਨੇਕਾਂ ਜੰਗਲ ਤੇ ਉਨ੍ਹਾਂ ਵਿੱਚ ਉੱਗਣ ਵਾਲੇ ਅਨੇਕਾਂ ਕਿਸਮਾਂ ਦੇ ਫਲ ਅਤੇ ਕੰਦ ਮੂਲ ਹਨ। ਉਹ ਅਕਾਲ ਪੁਰਖੁ ਆਪ ਹੀ ਅਦ੍ਰਿਸ਼ਟ ਰੂਪ ਵਾਲਾ ਹੈ, ਤੇ ਉਹ ਆਪ ਹੀ ਇਸ ਜਗਤ-ਤਮਾਸ਼ੇ ਦੇ ਰੂਪ ਵਿੱਚ ਦਿਖਾਈ ਦੇ ਰਿਹਾ ਹੈ।

ਅਨਿਕ ਪੁਰੀਆ ਅਨਿਕ ਤਹ ਖੰਡ॥ ਅਨਿਕ ਰੂਪ ਰੰਗ ਬ੍ਰਹਮੰਡ॥ ਅਨਿਕ ਬਨਾ ਅਨਿਕ ਫਲ ਮੂਲ॥ ਆਪਹਿ ਸੂਖਮ ਆਪਹਿ ਅਸਥੂਲ॥ ੮॥ (੧੨੩੬)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਧਿਆਨ ਨਾਲ ਵਿਚਾਰਿਆ ਜਾਵੇ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਭਾਵੇ ਕਿਤੇ ਕਿਤੇ ੪ ਖਾਣੀਆਂ (ਅੰਡਜ ਜੇਰਜ ਸੇਤਜ ਉਤਭੁਜ) ਦਾ ਜਿਕਰ ਆਇਆ ਹੈ, ਪਰ ਨਾਲ ਦੀ ਨਾਲ ਇਹ ਵੀ ਸਮਝਾਂ ਦਿਤਾ ਹੈ ਕਿ ਅਨੇਕਾਂ ਪ੍ਰਕਾਰ ਦੀਆਂ ਖਾਣੀਆਂ ਹਨ, ਜਿਨ੍ਹਾਂ ਦਾ ਕੋਈ ਅੰਤ ਨਹੀਂ ਹੈ। ਆਮ ਲੋਕਾਂ ਨੂੰ ਸਮਝਾਂਉਣ ਲਈ ਪਰਚਲਤ ਮੁਹਾਵਰੇ ਦੀ ਤਰ੍ਹਾਂ ੪ ਖਾਣੀਆਂ ਵਾਲੇ ਸਬਦ ਦੀ ਵਰਤੋਂ ਕੀਤੀ ਗਈ ਹੈ। ਕਿਤੇ ੪ ਖਾਣੀਆਂ ਦੇ ਭੁਲੇਖੇ ਵਿੱਚ ਹੀ ਨਾ ਪਏ ਰਹੀਏ ਇਸ ਲਈ ਗੁਰੂ ਸਾਹਿਬ ਨੇ ਬਾਣੀ ਵਿੱਚ ਅਨੇਕਾਂ ਖਾਣੀਆਂ ਦਾ ਵੀ ਜਿਕਰ ਕੀਤਾ ਹੈ ਤਾਂ ਜੋ ਅਕਾਲ ਪੁਰਖੁ ਦੀ ਬਣਾਈ ਹੋਈ ਕੁਦਰਤ ਬਾਰੇ ਅਸਲੀਅਤ ਸਮਝ ਆ ਸਕੇ। ਜੇ ਕਰ ਅਕਾਲ ਪੁਰਖੁ ਦੀ ਬਣਾਈ ਹੋਈ ਕੁਦਰਤ ਬੇਅੰਤ ਹੈ ਤਾਂ ਸਮਝ ਲੈਣਾਂ ਚਾਹੀਦਾ ਹੈ ਕਿ ਖਾਣੀਆਂ ਵੀ ਬੇਅੰਤ ਹੋਣਗੀਆਂ। ਜਿਸ ਤਰ੍ਹਾਂ ਗੁਰਬਾਣੀ ਅਨੁਸਾਰ ਕੁਦਰਤ ਵਿੱਚ ਕਰੋੜਾਂ ਹੀ ਖਾਣੀਆਂ ਹਨ, ਇਸੇ ਤਰ੍ਹਾਂ ਸਾਇੰਸ ਅਨੁਸਾਰ ਵੀ ਕਈ ਪ੍ਰਕਾਰ ਦੀਆਂ ਖਾਣੀਆਂ ਮੰਨੀਆਂ ਜਾਂਦੀਆਂ ਹਨ। ਇਸ ਲਈ ਗੁਰਬਾਣੀ ਦਾ ਇਹ ਗਿਆਨ, ਅੱਜ ਦੀ ਸਾਇੰਸ ਨਾਲ ਬਿਲਕੁਲ ਪੂਰੀ ਤਰ੍ਹਾਂ ਮੇਲ ਖਾਂਦਾ ਹੈ, ਕਿ ਅਕਾਲ ਪੁਰਖੁ ਦੀ ਬਣਾਈ ਹੋਈ ਕੁਦਰਤ ਵਿੱਚ ਅਨੇਕਾਂ ਪ੍ਰਕਾਰ ਦੀਆਂ ਖਾਣੀਆਂ ਹਨ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ) (Dr. Sarbjit Singh)

ਆਰ ਐਚ ੧/ਈ - ੮, ਸੈਕਟਰ - ੮, RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩. Vashi, Navi Mumbai - 400703.

Email = sarbjitsingh@yahoo.com

http://www.sikhmarg.com/article-dr-sarbjit.html
.