.

ਸਿੱਖ ਧਰਮ ਨੂੰ ਸਮਰਪਤ ਗ਼ਦਰੀ ਬਾਬੇ

(ਗਦਰ ਦੀ ਗੂੰਜ ਦੀ ੧੦੦ਵੀਂ ਵਰ੍ਹੇ-ਗੰਢ ਤੇ ਗਦਰੀ ਬਾਬਿਆਂ ਨੂੰ ਸ਼ਰਧਾਜਲੀ)

ਲਿਖਾਰੀ: ਅਮਰੀਕ ਸਿੰਘ ਧੌਲ

ਗ਼ਦਰੀ ਬਾਬੇ ਕਿਰਤੀ ਸਿੱਖ ਸਨ, ਜਿਨ੍ਹਾਂ ਨੂੰ ਸ੍ਰੀ ਕਲਗੀਧਰ ਦੀ ਸਿੱਖੀ ਦੀ ਗੂੜ੍ਹੀ ਪਾਣ ਚੜ੍ਹੀ ਹੋਈ ਸੀ। ਉਹ ਅਸਲੀ ਗੁਰਸਿੱਖ ਅਤੇ ਬਾਕਾਇਦਾ ਅੰਮ੍ਰਿਤਧਾਰੀ, ਅਗੰਮੜੇ ਮਰਦ ਦੇ ਮਰਦ ਅਗੰਮੜੇ ਸਿੰਘ ਸਨ। ਉਹ ਸ੍ਰੀ ਦਸ਼ਮੇਸ਼ ਜੀ ਵਾਲੀ ਦ੍ਰਿੜ੍ਹਤਾ, ਸਿਰੜ, ਅਣਖ, ਜ਼ੱਬਤ, ਬਹਾਦਰੀ, ਕੁਰਬਾਨੀ ਅਤੇ ਦਲੇਰੀ ਆਦਿ ਦੀ ਇੰਤਹਾ (ਸਿਖਰ, ਸ਼ਿੱਦਤ) ਨਾਲ ਅੰਦਰੋਂ ਬਾਹਰੋਂ ਭੂਸ਼ਿਤ ਸਨ। ਉਹ ਗੁਰੂ ਨਾਨਕ ਦੇ ਘਰ ਦੀ ਬਖ਼ਸ਼ਿਸ਼, ਉਚੀ ਸੁਰਤਿ ਦੇ ਸਫਲ ਤੇ ਪਕੇਰੇ ਪਾਂਧੀ ਸਨ। ਅਤੇ ਸਿੱਖ ਕੌਮ ਲਈ ਮਰ ਮਿਟਣ ਦਾ ਚਾਉ ਤੇ ਜੋਸ਼ ਉਨ੍ਹਾਂ ਦੇ ਦਿਲਾਂ ਵਿੱਚ ਠਾਠਾਂ ਮਾਰਦਾ ਸੀ। ਇਹ ਚਾਉ ਕਿਜੇਹਾ ਸੀ? ਜਿਹੋ ਜਿਹਾ ਗੁਰੂ ਨਾਲ ਪ੍ਰੇਮ ਖੇਲ੍ਹਣ ਦਾ ਚਾਉ “ਸਿਰ ਧਰਿ ਤਲੀ ਗਲੀ ਮੇਰੀ ਆਉ” ਚੋਂ ਉਪਜਦਾ ਹੈ, ਜਿਹੜਾ ਖ਼ਾਲਸਾ ਪੰਥ ਦੇ ਸ਼ਿਰੋਮਣੀ ਸ਼ਹੀਦ ਜਾਂ ਸ਼ਹੀਦੇ-ਆਜ਼ਮ, ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ, ਹਿੰਦ ਦੀ ਚਾਦਰ ਅਤੇ ਚਾਰੋਂ ਸਾਹਿਬਜ਼ਾਦਿਆਂ ਨੂੰ ਸਦਾ ਕਿਸੇ ਨਿਆਰੇ ਵੱਜਦ ਦੇ ਆਲਮ ਵਿੱਚ ਰਖਦਾ ਸੀ। ਅਤੇ ਅਨੇਕਾਂ ਖ਼ਾਲਸਾ ਸ਼ਹੀਦਾਂ ਮੁਰੀਦਾਂ ਨੂੰ ਚੜ੍ਹਿਆ ਇਹ ‘ਨਾਨਕ ਨਾਮ` ਖ਼ੁਮਾਰੀ ਦਾ ਸਰੀਂਣ ਜ਼ਾਹਰਾ ਨਸ਼ਾ ਸੀ। ਆਪਣੇ ਉਪਰ ਵਾਰਦ ਹੋਈ ਇਹ ‘ਨਾਮ ਖ਼ੁਮਾਰੀ` ਉਨ੍ਹਾਂ ਨੂੰ ਤਨ ਬਦਨ ਉਤੇ ਸ਼ਹਾਦਤਾਂ ਹੰਢਾਉਣ ਲਈ ਅਕਸਰ ਮਖ਼ਮੂਰ ਰਖਿਆ ਕਰਦੀ ਹੈ। ਉਨ੍ਹਾ ਨੇ ਇਹ ਉੱਚੀ ਸੁੱਚੀ ਮਸਤੀ, ਇਹ ਸਦੀਵੀ ਨਸ਼ਾ ਕਿਥੋਂ ਪ੍ਰਾਪਤ ਕੀਤਾ? ਗੁਰੂ ਨਾਨਕ ਸਾਹਿਬ ਦੇ ਵੱਡੇ ਘਰੋਂ, ਬਾਬਾ ਵਿਸਾਖਾ ਸਿੰਘ ਜੀ ਆਪ ਦਸਦੇ ਹਨ ਕਿ ਗਦਰੀਆਂ ਨੇ ਜੋ ਕੁੱਝ ਲਿਆ ਹੈ, “ਇਹ ਗੁਰੂ ਘਰੋਂ ਲਿਆ ਹੈ। “ ਏਸੇ ਹੀ ਸੰਬੰਧ ਵਿੱਚ ਉਨ੍ਹਾਂ ਦਾ ਹੋਰ ਕਿਹਾ ਵੀ ਦਰਜ ਕੀਤਾ ਮਿਲਦਾ ਹੈ ਕਿ ਸਾਡੇ ਲਈ “ਸਿੱਖੀ ਬਹੁਤ ਵੱਡੀ ਚੀਜ਼ ਹੈ”, ਜਿਸਦਾ ਇਲਾਹੀ ਮੈਨੀਫੈਸਟੋ “ਪੈ ਕੋਇ ਕਿਸੈ ਰਞਾਣਦਾ” “ਸਭੇ ਸਾਂਝੀਵਾਲ ਸਦਾਇਨ” ਅਤੇ “ਸਰਬੱਤ ਦਾ ਭਲਾ ਹੈ। “ ਉਨ੍ਹਾਂ ਦੀ ਸਾਂਝੀਵਾਲਤਾ ਸਿੱਖ ਗੁਰੂਆਂ ਵਾਲੀ, ਅਤੇ ਨਿਸ਼ਾਨਾ ਸ਼੍ਰੀ ਕਲਗੀਧਰ ਦਸ਼ਮੇਸ਼ ਜੀ ਦੀ ਕਰਨੀ ਭਾਵ ਨਿਰਾਲੀ ਸਿੱਖ ਰੂਹਾਨੀਅਤ ਹੈ, ਜਿਹਦੀ ਕਰੂੰਬਲ ਗ੍ਰਿਹਸਤ ਵਿੱਚ ਰਹਿੰਦਿਆਂ ‘ਕ੍ਰਿਤ ਕਰੋ, ਨਾਮ ਜਪੋ, ਵੰਡ ਛਕੋ` ਦੀ ਤਿੱਕੜੀ ਵਿਚੋਂ ਫੁੱਟਦੀ ਹੈ, ਜਾਂ ਪੂਰਬ ਕਰਮਿ ਅੰਕੁਰ ਪ੍ਰਗਟ ਹੁੰਦਾ ਹੈ। ਗ਼ਦਰੀਆਂ ਦਾ ਨਿਤ ਦਾ ਜੀਵਨ ਅਜਿਹਾ ਸੀ ਕਿ ਉਹ ਅੰਮ੍ਰਿਤ ਵੇਲੇ ਉੱਠਣ ਵਾਲੇ ਨਿਤਨੇਮੀ, ਪ੍ਰੇਮੀ “ਕਿਰਤ ਵਿਰਤ ਕਰਿ ਧਰਮ ਦੀ ਖਟ ਖਵਾਲਣ ਕਾਰ ਕਰੇਹੀ” (ਭਾ: ਗੁ: ) ਵਾਲਾ ਉਚਕੋਟੀ ਦਾ ਜੀਵਨ ਜੀਣ ਵਾਲੇ ਸਿੱਖ ਜੋਧੇ ਪੁਰਸ਼ ਅਤੇ ਬਹਾਦਰ ਸਿੱਖ ਬੀਬੀਆਂ, ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਉਚੇ ਸੁਚੇ ਮਿਆਰਾਂ ਤੋਂ ਸੇਧ ਪ੍ਰਾਪਤ ਕਰਦੇ, ਹਰ ਵੇਲੇ ਸਿਰ ਤਲੀ ਉਤੇ ਧਰੀ ਪੰਥ ਲਈ ਜਾਨਾਂ ਕੁਰਬਾਨ ਕਰਨ ਲਈ ਤਿਆਰ ਬਰ ਤਿਆਰ ਰਹਿਣ ਵਾਲੇ ਗੁਰੂ ਕੇ ਲਾਲ, ਮਰਦ ਦੂਲੇ, ਸਿੰਘ ਅਤੇ ਸਿੰਘਣੀਆਂ ਸਨ। ਦੂਜੇ ਲਫਜ਼ਾਂ ਵਿਚ, ਉਹ ਦੈਵੀ ਪ੍ਰੇਰਨਾ ਵਿੱਚ ਜਾਗੀਆਂ ਰੂਹਾਂ ਸਨ। ਉਹ ਅਸਲੀ ਸਿੱਖ, ਸਵਾ ਲੱਖ ਨਾਲ ਲੜਨ ਭਿੜਨ ਵਾਲੇ ਖ਼ਾਲਸਾ ਲੋਹ ਪੁਰਸ਼ ਅਤੇ ਇਸਤਰੀਆਂ ਸਨ। ਅਜਿਹੀਆਂ ਗੁਰੂ-ਪਿਆਰ ਵਿੱਚ ਜਾਗੀਆਂ ਰੂਹਾਂ ਨੂੰ ਹੀ ਖ਼ਾਲਸਾ ਪੰਥ ਵਿਖੇ ਪੜ੍ਹੇ-ਲਿਖੇ ਕਿਹਾ ਜਾਂਦਾ ਹੈ। ਸਿਅਸੀ ਸੂਝ ਤੋਂ ਕੋਰੇ ਤੇ ਦਮੜੀ ਚਮੜੀ ਲਈ ਹਜ਼ਾਰ ਹਜ਼ਾਰ ਵਾਰ ਵਿਕਣ ਵਾਲੇ ਕਾਲਜੀ ਡਿਗਰੀਆਂ ਦੀ ਵਿਦਵਤਾ ਦਾ ਢੌਂਗ ਰਚਦੇ ਝੋਲ਼ੀਚੁਕਾਂ ਨੂੰ ਗੁਰੂ ਨਾਨਕ ਦੇ ਘਰ ਵਿੱਚ ਅਨਪੜ੍ਹ ਤੇ ਅਗਿਆਨੀ, ਪਸ਼ੂ, ਢੋਰ, ਗਾਵਾਰ ਕਿਹਾ ਜਾਂਦਾ ਹੈ। ਇਹ ਗ਼ਦਰੀ ਗੁਰਸਿੱਖ ਨਾਮ-ਰੱਤੇ ਜੀਊੜੇ, ਬਾਣੀ ਦੇ ਅਰੂੜ ਰਸੀਏ ਤੇ ਨਾਮ ਅਭਿਆਸੀ ਸਨ। ‘ਉਨ੍ਹਾਂ ਦੀ ਜ਼ਮੀਰ, ਬਿਬੇਕ ਤੇ ਅੰਦਾਜ਼ ਵਿੱਚ ਵੱਡਾ ਬਲ ਸੀ`। ਭਾਵ ਬੜਾ ਸਪਸ਼ਟ ਹੈ ਕਿ ਗ਼ਦਰੀ ਬਾਬੇ ਸਿੱਖੀ ਰੰਗ ਵਿੱਚ ਰੰਗੇ ਹੋਏ ਸਨ। ਉਨ੍ਹਾਂ ਸਾਰਾ ਜੀਵਨ ਸਿਖੀ ਕਮਾਉਂਦਿਆਂ ਬਤੀਤ ਕੀਤਾ।

ਇਹ ਪਰਵਾਸੀ ਪੰਜਾਬੀ ਸਿੱਖ ਕੋਈ ਸੱਤ (੭) ਤੋਂ ਅੱਠ (੮) ਹਜ਼ਾਰ ਦੇ ਲੱਗ ਭੱਗ ਅਮਰੀਕਾ, ਕਨੇਡਾ, ਹੌਂਗ ਕੌਂਗ, ਸਿੰਘਾਪੁਰ, ਮਲਾਇਆ, ਬਰਮਾ, ਚੀਨ, ਸਿਆਮ (ਥਾਈਲੈਂਡ) ਆਦਿ ਮੁਲਕਾਂ ਚੋਂ ਪਹਿਲੀ ਸੰਸਾਰ ਜੰਗ ਦੇ ਸ਼ੁਰੂ (੧੯੧੪ ਈ: ) ਵਿੱਚ ਭਾਰਤੀ ਅੰਗਰੇਜ਼ੀ ਸਰਕਾਰ ਨੂੰ ਸਿੱਖ ਫੌਜੀ ਬੱਲ ਦੁਆਰਾ ਉਲਟਾਉਣ ਦੇ ਮੰਤਵ ਨਾਲ ਭਾਰਤ ਵਾਪਿਸ ਪਰਤੇ ਸਨ। ਚੇਤਾ ਰਹੇ, ਗ਼ਦਰੀ ਸਿੱਖਾਂ ਦੀ ਏਡੀ ਭਾਰੀ ਗਿਣਤੀ ਵਿੱਚ ਮਸਾਂ ੨੫ ਜਾਂ ਹੱਦ ੩੦ ਕੁ ਦੇ ਕਰੀਬ ਮੁਸਲਮਾਨ ਤੇ ਹਿੰਦੂ ਰਲਾ ਕੇ ਆਟੇ ਵਿੱਚ ਲੂਣ ਦੀ ਮਿਕਦਾਰ ਤੋਂ ਵੀ ਘੱਟ ਸ਼ੁਮਾਰ ਰਖਦੇ ਸਨ। ਇਸ ਲਈ ਸ੍ਰੀ ਕਲਗੀਧਰ ਦੇ ਸ਼ੇਰਾਂ ਅਤੇ ਉਚੇ ਅਕਾਸ਼ੀਂ ਉਡਦੇ ਬਾਜ਼ਾਂ ਨੂੰ ਬਿੱਪਰ ਸੰਸਕਾਰ ਦੁਆਰਾ ਸਿਥਲ (Suffering from Religious-Dogmatic inertia) ਹੋਏ ‘ਹਿੰਦੁਸਤਾਨੀ` ਕਹਿ ਕੇ ਛੁਟਿਆਉਣਾ ਸੋਨੇ ਨੂੰ ਮਿੱਟੀ ਘੱਟੇ ਤੇ ਕੂੜੇ ਕਰਕਟ ਵਿੱਚ ਰੋਲਣਾ ਹੈ। ਉਨ੍ਹਾਂ ਦੀ ਵਿਰਾਸਤ ਨਿਰੋਲ ਸਿੱਖੀ ਸਿਦਕ ਅਤੇ ਉੱਚਾ ਸੁੱਚਾ ਸਿੱਖੀ ਜੀਵਨ ਸੀ। ਉਨ੍ਹਾਂ ਦੀ ਫਲਸਫਾਨਾ ਜਾਂ ਦਾਰਸ਼ਨਿਕ ਵਿਚਾਰਧਾਰਾ ਕੀ ਸੀ? ਗੁਰਸਿੱਖਾਂ ਵਾਲੀ। ਜਿਵੇਂ, ਉਹ ਹਰ ਕੰਮ ਕਰਨ ਤੋਂ ਪਹਿਲਾਂ ਅਰਦਾਸ ਕਰਿਆ ਕਰਦੇ ਸਨ। ਉਨ੍ਹਾਂ ਦੀ ਕੋਈ ਕਾਰਵਾਈ ਅਜਿਹੀ ਨਹੀਂ ਸੀ ਜਿਹੜੀ ਗੁਰੂ ਦਾ ਮੁਖਵਾਕ ਲੈਣ ਤੋਂ ਬਿਨਾਂ ਅਰੰਭ ਹੁੰਦੀ ਸੀ। ਸਿੱਖੀ ਦੀ ਉਨ੍ਹਾਂ ਅੰਦਰਲੀ ਸ਼ਰਧਾ ਅਤੇ ਦ੍ਰਿੜਤਾ ਬਰਮਾ ਵਿਖੇ ਜੰਗਲ ਵਿੱਚ ਸ੍ਰੀ ਅਖੰਡ ਪਾਠ ਕਰਨ ਦੀ ਮਿਸਾਲ ਤੋਂ ਬਜ਼ਾਤੇ ਖ਼ੁਦ ਜ਼ਾਹਰ ਹੁੰਦੀ ਹੈ ਜਦੋਂ ਉਥੇ ਗੁਰਦੁਆਰਾ ਸਾਹਿਬ ਨੂੰ ਪੁਲੀਸ ਵਲੋਂ ਬੰਦ ਕੀਤਾ ਹੋਇਆ ਸੀ। ਬਹੁਤਿਆਂ ਦੀ ਇੱਛਾ ਸੀ ਕਿ ਪੰਜਾਬ ਵਿੱਚ ਮੁੜ ਖ਼ਾਲਸਾ ਰਾਜ ਸਥਾਪਿਤ ਕੀਤਾ ਜਾਵੇ। ਬਾਬਾ ਗੁਰਮੁਖ ਸਿੰਘ ਲਲਤੋਂ ਅਤੇ ਭਾਈ ਸੰਤੋਖ ਸਿੰਘ ਦਾ ਮਾਰਕਸੀ ਰਾਹ ਇੱਕ ਵੱਖਰੀ ਕਿਸਮ ਦਾ ਮਾਰਕਸਵਾਦ ਸੀ ਭਾਵ ਉਹ ਦਾਰਸ਼ਨਿਕ ਪਖੋਂ ਪਦਾਰਥਵਾਦ ਵੱਲ ਨਹੀਂ ਝੁਕੇ, ਨਾਸਤਕ ਨਹੀਂ ਹੋਏ, ਮੁਤਵਾਤਰ ਗੁਰੂ ਨਾਨਕ ਘਰ ਦੇ ਅਧਿਆਤਮਵਾਦੀ ਹੀ ਬਣੇ ਰਹੇ। ਸਿੱਖ ਸਰੋਕਾਰਾਂ ਤੋਂ ਉਨ੍ਹਾਂ ਆਪਣੇ ਮਨ ਲਾਂਭੇ ਨਹੀਂ ਸੀ ਕੀਤੇ। ਉਨ੍ਹਾਂ ਅੰਦਰ ਸਿੱਖੀ ਸਪਿਰਟ spirit of universalism ਜਾਂ ਸਰਬੱਤ ਦੇ ਭਲੇ ਵਾਲੀ ਸੀ। ਏਸੇ ਹੀ ਖ਼ਾਲਸਈ ਸਿਧਾਂਤ ਤੋਂ ਨਿਛਾਵਰ ਹੁੰਦਿਆਂ ਜਿਥੇ ਉਹ, ‘ਸਿੱਖ ਆਜ਼ਾਦੀ` ਲਈ ਲੜੇ ਉਥੇ ਨਾਲ ਹੀ ‘ਹਿੰਦੁਸਤਾਨ ਦੀ ਆਜ਼ਾਦੀ` ਲਈ ਵੀ ਜੂਝ ਕੇ ਲੜੇ ਮਰੇ, ਕਾਲੇ ਪਾਣੀ ਜੇਲ੍ਹਾਂ ਕੱਟੀਆਂ ਆਦਿ ਦੁਖੜੇ ਝੱਲੇ ਕਿ ਸਾਰਾ ਮੁਲਕ ਆਜ਼ਾਦ ਹੋਵੇ। ਉਹ ਕਮਿਊਨਿਸਟ ਪਾਰਟੀ ਵਿੱਚ ਸ਼ਾਮਿਲ ਨਹੀਂ ਸਨ ਹੋਏ। ਜਿਹੜੇ ਸਿੱਖੀ ਚ ਕੱਚੇ ਜਾਂ ਅਖੌਤੀ ਛੋਟੀ ਉਮਰ ਦੇ ਸਿੱਖ ਸਨ ਉਹੋ ਹੀ ਕੌਮਨਿਸਟ ਪਾਰਟੀ ਵਿੱਚ ਜਾ ਰਲੇ ਸਨ, ਮਸਲਨ ਸੋਹਣ ਸਿੰਘ ਜੋਸ਼ ਵਰਗੇ; ਉਹ ਵੀ ਉਦੋਂ ਜਦੋਂ ਅਸਲੀ ਗ਼ਦਰੀ, ਜੇਲ੍ਹੀਂ ਬੰਦ ਸਨ ਜਾਂ ਸ਼ਹੀਦ ਹੋ ਚੁਕੇ ਸਨ। ਜਦ ਝੰਡੇ ਦੇ ਰੰਗਾਂ ਦੀ ਚੋਣ ਦੀ ਗੱਲ ਚੱਲੀ ਤਾਂ ਉਂਨ੍ਹਾਂ ਬੜੀ ਦ੍ਰਿੜਤਾ ਨਾਲ ਖ਼ਾਲਸਈ ਕੇਸਰੀ ਰੰਗ ਆਜ਼ਾਦੀ ਦੇ ਝੰਡੇ ਵਿੱਚ ਸ਼ਾਮਿਲ ਕਰਨ ਦੀ ਵਕਾਲਤ ਕੀਤੀ। ਫੇਰ ਨਿਰਾ ਬਾਹਰੋਂ ਆਏ ਪਰਵਾਸੀ ਗ਼ਦਰੀਆਂ ਨੇ ਹੀ ਗ਼ਦਰ ਵਿੱਚ `ਕੱਲਾ ਭਾਗ ਨਹੀਂ ਲਿਆ ਸਗੋਂ ਪੰਜਾਬ ਵਿੱਚ ਲੋਕਾਂ ਵਲੋਂ ਬੜਾ ਉਤਸ਼ਾਹ ਮਿਲਿਆ ਅਤੇ ਉਹ ਵੀ ਗ਼ਦਰ ਲਹਿਰ ਵਿੱਚ ਸ਼ਾਮਿਲ ਹੋਏ ਸਨ। ਇਥੇ ਤੱਕ ਕਿ ਗੁਰਦੁਆਰਿਆਂ ਨੇ ਕੇਂਦਰੀ ਭੁਮਿਕਾ ਨਿਭਾਈ, ਜਿਵੇਂ ਝਾੜ ਸਾਹਿਬ ਅੰਮ੍ਰਿਤਸਰ ਆਦਿ। ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਗ਼ਦਰ ਵਿੱਚ ਬੜਾ ਮੁਸਵਤ (ਇਕਰਾਰੀ, ਨਿੱਗਰ, Proven) ਰੋਲ ਅਦਾ ਕੀਤਾ। ਇਹ ਸੀ ਗ਼ਦਰੀਆਂ ਦੀ ਸਹੀ ਪਛਾਣ ਅਤੇ ਉਨ੍ਹਾਂ ਦੇ ਅੰਦਰਲੇ ਅਜਿੱਤ ਉਤਸ਼ਾਹ ਦੀ ਨਿਸਚਲ ਖਾਨ ਸੀ ਉਨ੍ਹਾਂ ਦਾ ਸਿੱਖੀ ਸਿਦਕ।

ਗ਼ਦਰੀ, ਕਿਉਂਕਿ ਗ਼ਰੀਬ ਕਿਸਾਨ ਲੋਕ ਪਿੰਡਾਂ ਤੋਂ ਉੱਠ ਕੇ ਪਰਦੇਸੀਂ ਰੋਟੀ ਕਮਾਉਣ ਗਏ ਸਨ। ਮੁੱਢਲੀ ਸਕੂਲੀ ਵਿਦਿਆ ਅਤੇ ਸਿੱਖੀ ਸਿਦਕ ਦੀ ਪੜ੍ਹਾਈ ਵਿੱਚ ਤਾਂ ਉਹ ਅਕਸਰ ਤਾਕ ਸਨ ਪਰ ਗ਼ਦਰ ਪਰਚੇ ਦੀ ਸੰਪਾਦਨਾ ਕਰਨ ਵਾਲੀ ਅੰਗਰੇਜ਼ੀ ਜ਼ੁਬਾਂ ਦੀ ਉਚਪਾਏ ਦੀ ਮੁਹਾਰਤ ਤੋਂ ਊਣੇ ਜ਼ਰੂਰ ਸਨ। ਫੇਰ ਪਰਦੇਸੀਂ ਪਹੁੰਚਦਿਆਂ ਸਾਰ ਹੀ ਝੱਟ ਗੋਰਿਆਂ ਦੇ ਨਸਲਵਾਦ (Racialism And Racism) ਵਿਰੁੱਧ ਉਨ੍ਹਾਂ ਨੂੰ ਲੜਾਈ ਦੇ ਮੋਰਚੇ ਮੱਲਣੇ ਪੈ ਗਏ। ਗ਼ਦਰ ਪਾਰਟੀ ਦੀ ਜਥੇਬੰਦੀ ਨੂੰ ਮਜ਼ਬੂਤ ਕਰਨ ਖ਼ਾਤਰ ਪੜ੍ਹੇ-ਲਿਖੇ ਲੋਕਾਂ ਦੀ ਮਦਦ ਭਾਲਦਿਆਂ ਉਹ ਹਿੰਦੂ ਬੁਧੀਮਾਨਾਂ ਦੀ ਮੁਥਾਜੀ ਸਹੇੜ ਬੈਠੇ। ਨਾ ਆਪ ਨੂੰ ਜਥੇਬੰਦੀ ਦਾ ਕੋਈ ਪਹਿਲਾਂ ਦਾ ਤਜਰਬਾ ਸੀ। ਉਸ ਵਕਤ ਭਾਰਤ ਦਾ ਕੁਲੀਨ ਅਤੇ ਅਖੌਤੀ ਸਵਰਨ ਜਾਤੀ ਹਿੰਦੂ ਨਵ ਬ੍ਰਾਹਮਣਵਾਦ ਅਤੇ ਹਿੰਦੂ ਰਾਸ਼ਟਰਵਾਦ ਨੂੰ ਬੜ੍ਹਾਵਾ ਦੇ ਰਿਹਾ ਸੀ, ਜਿਸ ਕਿਰਦਾਰ ਦੀ ਗੋਰੇ ਹਾਕਮ ਵਲੋਂ ਵੀ ਉਸ ਦੀ ਪਿੱਠ ਠੋਕੀ ਜਾ ਰਹੀ ਸੀ। ਕਿਉਂਕਿ ਦੋਹਾਂ ਧਿਰਾਂ (ਹਾਕਮ ਤੇ ਮਹਿਕੂਮ) ਦੇ ਹਿੱਤ ਸਾਂਝੇ ਸਨ। ਹਿੰਦੂ ਜਿਥੇ ਮੁੰਜਮਦ (Static, ਸਦਾ ਸਥਿਰ) ਸਮਾਜ ਘੜਦਾ ਹੈ ਉਥੇ ਫਰਕ ਤਫਰਕਾ ਕਰਦਾ, ਉਚੀ ਨੀਵੀਂ ਜਾਤ ਪਰਧਾਨ ਵੰਡੀਆਂ ਪਾ ਕੇ ਬ੍ਰਾਹਮਣ ਦੀ ਸਦੀਵੀ ਚੜ੍ਹਤਲ ਕਾਇਮ ਰਖਦਾ ਹੈ। ਬਸਤੀ ਵਾਦੀ ਹਾਕਮ ਨੂੰ ਇਹ ਬੜਾ ਰਾਸ ਬਹਿੰਦਾ ਸੀ, ਕਿਉਂਕਿ ਉਹ, ਗ਼ਲਤੀ ਨਾਲ ਹਿੰਦੂ ਧਰਮ ਨੂੰ, ਇਸਲਾਮ ਸਮੇਤ ਬਾਕੀ ਸਾਰੇ ਭਾਰਤੀ ਧਰਮਾਂ ਦੇ ਮਣਕਿਆਂ ਵਿੱਚ ਪਰੋਇਆ ਸਾਂਝਾ ਧਾਗਾ ਸਮਝਦਾ ਸੀ। ਖਰੀ ਅਸਲੀਅਤ ਨੂੰ ਸਮਝਣ ਤੋਂ ਭਾਵੇਂ ਉਹ ਉਦੋਂ ਅਜੇ ਕੋਹਾਂ ਦੂਰ ਸੀ। ਏਸੇ ਭੁਲੇਖੇ ਤਹਿਤ ਬਸਤੀਵਾਦੀ ਹਾਕਮ ਨੂੰ ਹਿੰਦੂ ਰਾਸ਼ਟਰਵਾਦੀ ਸੰਕਲਪ ਸਾਰੇ ਵੱਖਰੇ ਵੱਖਰੇ ਭਾਰਤੀ ਲੋਕਾਂ ਦਾ ਸਾਂਝਾ ਅਤੇ ਇਕੋ ਇੱਕ, ਵਾਹਦ ਰਾਸ਼ਟਰਵਾਦ ਨਜ਼ਰ ਆਇਆ। ਖੇਤਰੀ ਰਾਸ਼ਟਰਵਾਦ ਵੀ ਗਿਣਤੀ ਵਿੱਚ ਕਾਫੀ ਸਨ ਪਰ ਉਨ੍ਹਾਂ ਨੂੰ ਬਸਤੀਵਾਦੀ ਹਾਕਮ ਦੀ ਹਮਾਇਤ ਹਾਸਿਲ ਨਾ ਹੋਈ। ਇਵੇਂ ਹੀ, ਭਾਰਤ ਦੀ ਸਭਿਆਚਾਰਕ ਵੰਨ ਸੁਵੰਨਤਾ ਨੂੰ ਵੀ ਦੋਵੇਂ ਹਾਕਮ ਤੇ ਸੁਦੇਸ਼ੀ ਕੁਲੀਨ ਵਰਗ ਸਦਾ ਹੀ ਟਾਲਦੇ ਰਹੇ। ਫਲਸਰੂਪ, ਗ਼ਦਰੀਆਂ ਦੀਆਂ ਸਾਦਾ ਦਿਲ ਦੇਸ਼ ਭਗਤਾਂ, ਖ਼ਾਲਸਾ ਕਿਸਾਨੀ ਅਤੇ ਸਿੱਖ ਫੌਜਾਂ ਅਤੇ ਆਮ ਸਿੱਖ ਲੋਕਾਂ ਨੁੰ ਭਾਰਤੀ ਰਾਸ਼ਟਰਵਾਦ ਦੇ ਉਪਰੋਂ ਉਪਰੋਂ ਮਿੱਠੇ ਕੈਪਸੂਲ ਵਿੱਚ ਗਲੇਫੀ ਹਿੰਦੂ ਫਿਰਕਾਪ੍ਰਸਤੀ ਨਜ਼ਰ ਨਾ ਆਈ। ਉਹ ਹਿੰਦੂ ਮਹਾਂ ਜਾਲ ਵਿੱਚ ਐਸੇ ਫਸੇ ਕਿ ਨਿਕਲਣ ਜੋਗੇ ਨਾ ਰਹੇ, ਐਉਂ ਜਿਵੇਂ ਕਾਲਾ ਹਿਰਨ (ਬਾਰਾਂਸਿੰਗਾ) ਜੰਗਲਾਂ ਦੀਆਂ ਕਰੜੀਆਂ ਟਾਹਣੀਆਂ ਚ ਫਸ ਕੇ ਮੌਤ ਸਹੇੜ ਬਹਿੰਦਾ ਹੈ (ਦੇਖੋ ਪੰਨਾ ੪੩੮, ਗੁ. ਗ੍ਰ.)। ਪਹਿਲਾਂ ੨੯ ਦਸੰਬਰ ੧੯੦੮ ਈ: ਕੈਕਸਟਨ ਹਾਲ ਵਿੱਚ ਉਨ੍ਹਾਂ ਨੂੰ ਹਿੰਦੂ ਰਾਸ਼ਟਰਵਾਦ ਦੇ ਹੱਕ ਚ ਭੁਗਤਣ ਲਈ ਇਹਤਿਆਤ ਅਤੇ ਜੁਗਤਿ ਨਾਲ ਉਕਸਾਇਆ ਗਿਆ। ਫੇਰ ੧੯੦੯ ਈ: ਵਿੱਚ ਸਿੱਖ ਪਲਟਨਾਂ ਨੂੰ ਗੋਰੇ ਹਾਕਮ ਦੇ ਹੱਕ ਦੀ ਬਜਾਇ ਹਿੰਦੂ ਰਾਸ਼ਟਰਵਾਦੀਆਂ ਦੇ ਹੱਕ ਚ ਲੜਨ ਦੀ ਚਿੱਠੀ ਭੇਜੀ ਗਈ। ਚੇਤਾ ਰਹੇ, ਹਿੰਦੂ ਰਾਸ਼ਟਰਵਾਦੀ ਮੁਸਲਮਾਨਾਂ ਦੇ ਵਿਰੁੱਧ ਨਫਰਤ ਨਾਲ ਭਰੇ ਪੀਤੇ ਸਨ। ਦੂਜੇ ਪਾਸੇ ਮੁਸਲਮਾਨ, ਹਿੰਦੂ ਰਾਸ਼ਟਰਵਾਦੀ ਸਿਧਾਂਤਕ ਪੱਖ ਨਹੀਂ ਸਨ ਪੂਰਦੇ। ਪਰ ਸਿੱਖਾਂ ਨੇ ਆਪਣੀ ਪਛਾਣ ਵਾਲੇ ਸਿੱਖ ਬੋਲਿਆਂ ਨੂੰ, ਜੇ ਆਮ ਗ਼ਦਰ ਦੇ ਅਮਲੀ ਕੌਮੀ ਕਾਰਜਾਂ ਵਿੱਚ ਨਹੀਂ ਵੀ ਤਿਲਾਜਲੀ ਦਿੱਤੀ ਪਰ ਪਰ ਬੰਗਾਲੀ ਹਿੰਦੂ ਪ੍ਰਭਾਵ ਹੇਠ, ਆਪਣੀਆਂ ਲਿਖਤਾਂ ਵਿੱਚ ਹਿੰਦੂ ਬੋਲੇ ਅਪਣਾ ਲਏ ਸਨ। ਇਸ ਪੱਖੋਂ, ਮੁਸਲਮਾਨ ਉਦਾਸੀਨਤਾ ਦੀ ਸਮਝ ਭਲੀ ਭਾਂਤ ਪੈ ਜਾਂਦੀ ਹੈ। ਫੇਰ ਵੀ, ਗੱਲ ਏਥੇ ਹੀ ਮੁਕਦੀ ਹੈ ਕਿ ਗ਼ਦਰੀਆਂ ਦੀ ਵੀਚਾਰਧਾਰਾ ਵਿਲੱਖਣ ਸਿੱਖ ਸਿਧਾਂਤ ਅਤੇ ਠੋਸ ਸਿੱਖ ਇਤਿਹਾਸ ਵਿਚੋਂ ਉਗਮੀ ਸੀ।

ਚੜ੍ਹਦੀ ਕਲਾ ਵਿੱਚ ਦੇਸ਼ ਅਤੇ ਕੌਮ ਦੀ ਆਜ਼ਾਦੀ ਦੀ ਰਾਜਸੀ ਲੜਾਈ ਲੜਨ ਵਾਲੇ ਇਨ੍ਹਾਂ ਗ਼ਦਰੀ ਸਿਖਾਂ ਦੀ ਸਿਧਾਂਤਕ ਵੀਚਾਰਧਾਰਾ ਕੀ ਸੀ, ਜਿਥੋਂ ਇਹ ਏਡਾ ਮਜ਼ਬੂਤ ਉਤਸ਼ਾਹ ਤੇ ਡੂੰਘੀ ਲਾਮਿਸਾਲ ਪ੍ਰੇਰਨਾਂ ਹਾਸਿਲ ਕਰਦੇ ਸਨ? ਜਿਵੇਂ ਕਿ ਉਪਰ ਸੰਖੇਪ ਵਿੱਚ ਕਿਹਾ ਹੈ ਕਿ ਖ਼ਾਲਸਿਆਂ ਦੀ ਇਹ ਵੱਡੀ ਢਾਣੀ ਜ਼ਿੰਦਗੀ ਦੇ ਹਰ ਮੋੜ ਤੇ ਆਪਣਾ ਹਰ ਪੈਂਤੜਾ ਤੇ ਰਣਨੀਤੀ ਆਪਣੇ ਧਰਮ ਅਤੇ ਆਪਣੇ ਗੌਰਵਮਈ ਖ਼ਾਲਸਈ ਇਤਿਹਾਸ ਵਿਚੋਂ ਮੁਹੱਈਆ ਕਰਦੀ ਸੀ। ਪਹਿਲਾਂ, ਅਮਰੀਕਾ-ਕਨੇਡਾ ਦੀ ਪਰਾਈ ਧਰਤੀ ਉਪਰ ਰੋਜ਼ੀ ਕਮਾਉਂਦਿਆਂ ਗੋਰਿਆਂ ਦੀ ਨਸਲਪ੍ਰਸਤੀ ਦਾ ਸਫਲ ਮੁਕਾਬਲਾ ਕੀਤਾ। ਫੇਰ ਗ਼ਦਰ ਦਾ ਕੁਰਬਾਨੀ ਭਰਪੂਰ ਰਾਜਸੀ ਕਿਰਦਾਰ ਸਿਰ ਉਪਰ ਖਿੜੇ ਮੱਥੇ ਹੰਢਾਇਆ, ਜੇਲ੍ਹਾਂ ਚ ਕਾਲੇ ਪਾਣੀ ਅਤੇ ਭਾਰਤ ਵਿਖੇ ਅਨੇਕਾਂ ਜ਼ੁਲਮੋ-ਸਿਤਮ ਦੇ ਜੱਫਰ ਜਾਲੇ। ਇਹ ਸਾਰੀ ਪ੍ਰੇਰਨਾਂ ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਦੀ ਅਦੁੱਤੀ ਅਤੇ ਅਮਲੀ ਦੇਣ ਚੋਂ ਇਨ੍ਹਾਂ ਨੂੰ ਉਪਲਭਦ ਹੋਈ ਸੀ। ਇਹ ਕਿਸੇ ਯੁਰਪੀ ਧਰਮ-ਨਿਰਪੱਖ ਲੋਕਤੰਤਰੀ (Secularistic Democratic) ਸਿਧਾਂਤ ਦੀ ਦੇਣ ਹਰਗਿਜ਼ ਨਹੀਂ ਸੀ। ਕਿਊਂਕਿ ਸਿੱਖ ਗੁਰੂਆਂ ਨੇ ਮਨੁੱਖ ਨੂੰ ਆਜ਼ਾਦੀ ਅਤੇ ਖ਼ਾਲਸਈ ਲੋਕਤੰਤਰ ਦਾ ਸੰਕਲਪ ਤੇ ਸੁਪਨਾ ਦਿੱਤਾ ਸੀ। ਇਹ ਕੋਈ ਅਜਿਹੀ ਪੱਛਮੀ ਤਰਜ਼ ਦੀ ਜਾਂ ਰੂਸੋ ਵਾਲੀ ਆਜ਼ਾਦੀ ਵੀ ਨਹੀਂ ਸੀ, ਇਹ ਖ਼ਾਲਸਈ ਆਜ਼ਾਦੀ ਜਿਹੜੀ ਸ੍ਰਿਸ਼ਟੀ ਦੇ ਖ਼ੁਦ ਮਾਲਿਕ “ਸੱਚੇ ਪਾਤਸ਼ਾਹ” ਦੇ ਧੁਰ ਵੱਡੇ ਘਰ ਦੇ ਅਜ਼ਲੀ ਨਿਯਮਾਂ ਅਤੇ ਉਹਦੀ ਆਪਣੀ ਰੱਬੀ ਸੁੰਦਰਤਾ ਚੋਂ ਸਾਰੇ ਬ੍ਰਹਿਮੰਡਾਂ ਵਿੱਚ ਪਸਰਦੀ ਸੱਚ ਨਾਲ ਓਤਪੋਤ, ਸੱਚ ਦੇ ਸੱਚੇ ਅਸੂਲਾਂ ਉਪਰ ਆਧਾਰਿਤ ਆਜ਼ਾਦੀ ਹੈ। ਇਸ ਲਈ ਗ਼ਦਰੀਆਂ ਦੀ ਹਰ ਅਦਾ ਅਤੇ ਹਰਕਤ ਜਿਥੇ ਅਫਿਰਕੂ, ਸਰਬੱਤ ਦੇ ਭਲੇ ਵਾਲੀ ਤੇ ਆਪਣੀ ਜਾਨ ਜੋਖਮ ਵਿੱਚ ਪਾਉਣ ਵਾਲੀ ਹੁੰਦੀ ਸੀ ਉਥੇ ਉਹ ਦੂਸਰੇ ਧਰਮਾਂ ਨੂੰ ਤ੍ਰਿਸਕਾਰ ਅਤੇ ਹਕਾਰਤ ਨਾਲ ਨਹੀਂ ਸਨ ਦੇਖਦੇ, ਸਗੋਂ ਉਨ੍ਹਾ ਦੇ ਅਨੁਆਈਆਂ ਨਾਲ ਮਿਲ ਕੇ ਜੰਗਿ-ਆਜ਼ਾਦੀ ਦਾ ਹਰ ਔਖੇ ਤੋਂ ਔਖਾਂ ਕੰਮ ਕਰਨ ਲਈ ਹਰ ਵਕਤ ਤਤਪਰ ਰਹਿੰਦੇ ਸਨ। ਹਿੰਦੂ ਰਾਸ਼ਟਰਵਾਦੀਏ ਇਨ੍ਹਾਂ ਦੇ ਮੁਕਾਬਲੇ ਛੋਟੀ ਵੱਡੀ ਜਾਤ ਪਾਤ ਦਾ ਫਰਕ ਤਫਰਕਾ ਖੁਲ੍ਹਮ-ਖੁਲ੍ਹਾ ਕਰਦੇ ਸਨ। ਇਵੇਂ ਹੀ, ਸਿੱਖ ਗ਼ਦਰੀ ਹਿੰਦੂ ਰਾਸ਼ਟਰਵਾਦੀਆਂ ਦੀ ‘ਇਕ ਦੇਸ਼ – ਇੱਕ ਕੌਮ –ਇਕ ਭਾਸ਼ਾ` ਦੀ ਅਤੇ ਮੁਸਲਮਾਨਾਂ ਦੀ ਦਾਰੁਲ-ਇਸਲਾਮ ਦੀ (Totalitarian or Absolutist category) ਇਸਲਾਮੀ ਤੇ ਬ੍ਰਾਹਮਣਵਾਦੀ ਕੁਟਲ ਜਾਂ ਚਾਣਕੀਆ ਨੀਤੀ ਅਤੇ ਜ਼ਬਰਦਸਤੀ ਧਰਮ ਬਦਲਣ ਵਾਲੀ ਏਕਤਾ ਦੇ ਹਾਮੀ ਨਹੀਂ ਸਨ। ਉਹ ਮਾਰਕਸੀ ਵੀਚਾਰਧਾਰਾ ਨੂੰ ਸਿੱਖੀ ਨਾਲ ਮੇਲ ਕੇ ਸਿੱਟੇ ਵਜੋਂ ਉਪਲਭਦ ਹੋਈ ਖ਼ਾਲਸਾਤੰਤਰ ਵੀਚਾਰਧਾਰਾ ਨੂੰ ਲਾਗੂ ਕਰਨ ਦੇ ਹਾਮੀ ਸਨ। ਉਨ੍ਹਾਂ ਲਈ ਰਾਜਸੀ ਲੜਾਈ ਦੇ ਪਿੜ ਵਿੱਚ ਇਹ ਇੱਕ ਰਾਹ ਸੀ। ਦੂਜਾ ਰਾਹ, ਭਾਰਤੀ ਰਾਸ਼ਟਰਵਾਦ ਦਾ ਸੀ, ਜਿਹੜਾ ਬਾਰੀਕ ਜਿਹੇ ਓਹਲੇ ਵਿੱਚ ਹਿੰਦੂਤਵ ਰਾਸ਼ਟਰਵਾਦ ਹੀ ਸੀ (ਜੋ ਅੱਜ ਅਸੀਂ ਭਾਰਤ ਵਿੱਚ ਸਦੀਵ ਗ਼ੁਲਾਮ ਹੋ ਕੇ ਭੋਗ ਰਹੇ ਹਾਂ)। ਭਾਈ ਸੰਤੋਖ ਸਿੰਘ ਅਤੇ ਬਾਬਾ ਊਧਮ ਸਿੰਘ ਕਸੇਲ ਦੀ ਮੌਤ ਪਿਛੋਂ ੧੯੨੮ ਈ: ਤੱਕ ਮਾਰਕਸੀ ਲਹਿਰ ਵਿਚੋਂ ਸਿੱਖੀ ਭਾਵਨਾ ਵਾਲੇ ਚਿੰਨ੍ਹ ਨਵੀਂ ਪਨੀਰੀ ਦੇ ਬਿੱਪਰ ਸੰਸਕਾਰੀ ਤਾਪ ਦੇ ਝੁਲ਼ਸਿਆਂ ਅਖੌਤੀ ਸਿੱਖਾਂ ਨੇ ਖਤਮ ਕਰ ਦਿੱਤੇ ਸਨ। ਚੇਤਾ ਰਹੇ, ਇਹ ਅਖੌਤੀ ਸਿੱਖ, ਝੂਠੇ ਧਰਮ-ਨਿਰਪੱਖਤਾ ਦੇ ਮਖੌਟੇ ਦੇ ਅਣਹੋਏ ਭਾਰ ਹੇਠ ਦੱਬੇ, ਹਿੰਦੂ ਰਾਸ਼ਟਰਵਾਦ ਦਾ ਝੰਡਾ, ਬੁਲੰਦ ਕਰਨ ਦੇ ਚਾਹਵਾਨ ਸਨ। ਇਨ੍ਹਾਂ ਨੇ ਸਿੱਖੀ ਪ੍ਰਤੀ ਨਾਂਹਮੁਖੀ ਰਵੱਈਆ ਦੋਂਹ ਕਾਰਨਾਂ ਕਰਕੇ ਧਾਰਨ ਕੀਤਾ ਹੋਇਆ ਸੀ। ਇੱਕ ਕਾਰਨ ਉਪਰ ਅੰਕਿਤ ਹੋ ਚੁਕਾ ਹੈ, ਦੂਜਾ ਇਹ ਆਪ ਨੂੰ ਪੱਛਮੀ ਵਿਦਿਆ ਦੇ ਪੜ੍ਹੇ ਲਿਖੇ ਸਮਝਦੇ ਸਨ, ਅਤੇ ਪਹਿਲੇ ਹੋ ਚੁਕੇ ਸੱਚੇ ਸੁੱਚੇ ਅਸਲੀ ਗ਼ਦਰੀਆਂ ਨੂੰ ਅਨਪੜ੍ਹਾਂ ਦੇ ਬਰਾਬਰ ਸਮਝਦੇ ਸਨ। ਇਹ ਇਨ੍ਹਾਂ ਨਵੇਂ ਉੱਠੇ ਅਖੌਤੀ ਤੇ ਨਕਲੀ ਗ਼ਦਰੀ ਸਿੱਖਾਂ ਦੇ ਅਨੇਕਾਂ ਔਗੁਣਾਂ ਚੋਂ ਦੋ ਔਗੁਣ ਨਜ਼ਰਸਾਨੀ ਹੋਏ ਹਨ।

ਪ੍ਰਸਿੱਧ ਲੋਕ ਗਾਇਕ, ਬੱਬੂ ਮਾਨ ਦਾ ਗੀਤ ਏਸੇ ਸੰਦਰਭ ਵਿੱਚ ਸਿੱਖੀ ਨੂੰ ਸਮਰਪਤ ਗਦਰੀ ਬਾਬਿਆਂ ਦੇ ਸੱਚੇ ਸੁੱਚੇ ਇਤਿਹਾਸ ਦੀ ਤਰਜਮਾਨੀ ਇਉਂ ਕਰਦਾ ਹੈ:-

ਦਾਅਵਿਆਂ ਦੀ ਦੌੜ ਚ ਪੰਜਾਬ ਪਿੱਛੇ ਰਹਿ ਗਿਆ

ਭਗਤ ਸਿੰਘ ਆ ਗਿਆ ਸਰਾਭਾ ਕਿਥੇ ਰਹਿ ਗਿਆ?

ਸਾਰੀ ਆਜ਼ਾਦੀ ਕੱਲਾ ਗਾਂਧੀ ਤਾਂ ਨ੍ਹੀਂ ਲੈ ਗਿਆ?

ਗ਼ਦਰੀ ਬਾਬਿਆਂ ਦਾ ਕਿਵੇਂ ਗ਼ਦਰ ਭੁਲਾਵਾਂ ਮੈਂ?

ਝੂਠੇ ਇਤਿਹਾਸ ਉਤੇ ਮੋਹਰ ਕਿਵੇਂ ਲਾਵਾਂ ਮੈਂ?

– ਪ੍ਰਸਿੱਧ ਲੋਕ ਗਾਇਕ, ਬੱਬੂ ਮਾਨ।

ਅਮਰੀਕ ਸਿੰਘ ਧੌਲ

ਗ਼ਦਰ ਲਹਿਰ ਦਾ ਸਿੱਖ ਖਾਸਾ ਕਿਉਂ ਪ੍ਰਗਟ ਨਹੀਂ ਹੋ ਸਕਿਆ? ਕਾਰਨ ਬੜੇ ਸਪਸ਼ਟ ਹਨ। (ਇਹ ਅਗਲੇ ਲੇਖ ਵਿਚ)




.