.

ਜਸਬੀਰ ਸਿੰਘ ਵੈਨਕੂਵਰ

ਭਾਈ ਮੂਲਾ ਜੀ

ਗੁਰੂ ਨਾਨਕ ਸਾਹਿਬ ਦੇ ਸਮੇਂ ਮੂਲਾ ਨਾਮ ਦੇ ਤਿੰਨ ਵਿਅਕਤੀ ਹੋਏ ਹਨ; ਇੱਕ ਗੁਰੂ ਨਾਨਕ ਸਾਹਿਬ ਦੇ ਸਹੁਰਾ ਮੂਲ ਚੰਦ, ਦੂਜੇ ਕੀੜ ਗੋਤ੍ਰ ਦੇ ਭਾਈ ਮੂਲਾ ਜੀ ਅਤੇ ਤੀਜੇ ਭਾਈ ਮੂਲ ਚੰਦ (ਕਿਰਾੜ)। ਇਸ ਲੇਖ ਵਿੱਚ ਅਸੀਂ ਸਿਆਲਕੋਟ ਨਿਵਾਸੀ ਭਾਈ ਮੂਲਾ ਜੀ ਦੇ ਸੰਬੰਧ ਵਿੱਚ ਹੀ ਚਰਚਾ ਕਰ ਰਹੇ ਹਾਂ। ਭਾਈ ਮੂਲਾ ਜੀ ਸੰਬੰਧੀ ਕੇਵਲ ਉਸ ਸਾਖੀ ਦਾ ਹੀ ਵਰਨਣ ਕਰ ਰਹੇ ਹਾਂ ਜਿਸ ਵਿੱਚ ਦਸ਼ਮੇਸ਼ ਪਾਤਸ਼ਾਹ ਵਲੋਂ ਇਹਨਾਂ ਨੂੰ ਸਹੇ ਦੀ ਜੂਨ ਵਿੱਚੋਂ ਛੁਟਕਾਰਾ ਦਿਵਾ ਕੇ ਮੁਕਤ ਕੀਤਾ ਸੀ। ਜਿਸ ਥਾਂ `ਤੇ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮੂਲਾ ਜੀ ਨੂੰ ਸਹੇ ਦੀ ਜੂਨ ਤੋਂ ਛੁਟਕਾਰਾ ਦਿਵਾ ਕੇ ਮੁਕਤ ਕੀਤਾ ਸੀ, ਉਸ ਥਾਂ `ਤੇ ਗੁਰਦੁਆਰਾ ‘ਸ਼ਿਕਾਰ ਘਾਟ’ (ਹਜ਼ੂਰ ਸਾਹਿਬ ਵਿਖੇ) ਬਣਿਆ ਹੋਇਆ ਹੈ। ਭਾਈ ਮੂਲਾ ਜੀ ਸੰਬੰਧੀ ਪ੍ਰਚਲਤ ਇਸ ਸਾਖੀ ਦੀ ਸਚਾਈ ਨੂੰ, ਇਤਿਹਾਸ ਦੇ ਪੰਨਿਆਂ ਨੂੰ ਹੀ ਫਰੋਲ ਕੇ ਜਾਣਨ ਦੀ ਕੋਸ਼ਸ਼ ਕਰਦੇ ਹਾਂ।
ਮਹਾਨ ਕੋਸ਼ ਵਿੱਚ ਭਾਈ ਮੂਲਾ ਜੀ ਬਾਰੇ ਇਤਨਾ ਕੁ ਹੀ ਲਿਖਿਆ ਹੈ ਕਿ, “ਸਿਆਲਕੋਟ ਦਾ ਵਸਨੀਕ ਕਿਰਾੜ, ਜਿਸ ਨੇ ਮਰਦਾਨੇ ਨੂੰ ਟਕੇ ਦਾ ਸੌਦਾ ਦਿੱਤਾ ਸੀ ਕਿ “ਮਰਣਾ ਸੱਚ ਅਤੇ ਜੀਊਣਾ ਝੂਠ ਹੈ।” ਇਹ ਸਤਿਗੁਰੂ ਨਾਲ ਕੁੱਝ ਸਮਾਂ ਸਫਰ ਵਿੱਚ ਰਹਿਕੇ ਸਤਸੰਗ ਕਰਦਾ ਰਿਹਾ। ਇੱਕ ਵਾਰ ਇਹ ਆਪਣੀ ਇਸਤ੍ਰੀ ਦੇ ਆਖੇ ਲਗਕੇ ਸ਼੍ਰੀ ਗੁਰੂ ਨਾਨਕ ਦੇਵ ਤੋਂ ਮੁਖ ਮੋੜਕੇ ਹਨੇਰੇ ਵਿੱਚ ਜਾ ਲੁਕਿਆ ਅਰ ਸੱਪ ਦੇ ਡੰਗਣ ਤੋਂ ਮਰ ਗਿਆ।” (ਭਾਈ ਕਾਨ੍ਹ ਸਿੰਘ ਨਾਭਾ)
ਸੰਪਰਦਾਈ ਟੀਕੇ ਵਿੱਚ ਇਹ ਸਾਖੀ ਇਸ ਤਰ੍ਹਾਂ ਬਿਆਨ ਕੀਤੀ ਹੋਈ ਹੈ ਕਿ ਗੁਰੂ ਨਾਨਕ ਸਾਹਿਬ ਬਾਲ ਗੁੰਦਾਈ ਤੋਂ ਹੋਕੇ ਜਦੋਂ ਸਿਆਲਕੋਟ ਆਏ ਤਾਂ ਆਪ ਜੀ ਭਾਈ ਬਾਲੇ ਨੂੰ ਕਹਿੰਦੇ ਹਨ ਕਿ, “ਹੇ ਬਾਲਾ! ਇਸ ਨਗਰ ਮਝਾਰਾ। ਸੰਸਾਰੀ ਇੱਕ ਮੀਤ ਹਮਾਰਾ। ਪੂਰਬ ਗਮਨਯੋ ਜੋ ਸੰਗਾਰਾ। ਮੂਲਾ ਨਾਮ ਸੁ ਇਹਾਂ ਅਗਾਰਾ। ਤਿਹ ਸੋਂ ਮਿਲਿਨ ਚਹੈ ਮਨ ਮੇਰਾ। ਚਲਹੁ ਅਬੈ ਜਿਤ ਦਿਸ਼ਿ ਹੁਐ ਡੇਰਾ। ਅਸ ਕਹਿ ਚਲ ਮੂਲੇ ਕੇ ਪੌਰ। ਆਇ ਖਰੇ ਬੇਦੀ ਸਿਰਮੌਰ। ਘਰਨੀ ਸਨਮੁਖ ਜਬਹਿ ਨਿਰਾਰੇ। ਨਿਜ ਪਤਿ ਸੋਂ ਅਸ ਬਚਨ ਉਚਾਰੇ।” {ਜਦ ਗੁਰੂ ਜੀ ਭਾਈ ਮੂਲੇ ਨੂੰ ਮਿਲਣ ਗਏ ਤਾਂ ਭਾਈ ਮੂਲੇ ਦੀ ਪਤਨੀ ਨੇ ਗੁਰੂ ਜੀ ਨੂੰ ਘਰ ਦੇ ਸਾਹਮਣੇ ਦੇਖ ਲਿਆ ਅਤੇ ਭਾਈ ਮੂਲੇ ਨੂੰ ਕਹਿਣ ਲੱਗੀ} ਹੇ ਪਤੀ ਦੇਵ! ਜਿਹਨਾਂ ਫਕੀਰਾਂ ਦੇ ਨਾਲ ਤੂੰ ਗਿਆ ਸੀ ਅਜ ਉਹੀ ਫਕੀਰ ਹੇਠਾਂ ਆ ਕੇ ਖੜੇ ਹਨ। ਤੂੰ ਹੁਣ ਅੰਦਰ ਜਾ ਕੇ ਛਿਪ ਜਾਹ ਨਹੀਂ ਤਾਂ ਤੈਨੂੰ ਫਿਰ ਬੁਲਾ ਕੇ ਲੈ ਜਾਣਗੇ। ਭਾਵੇਂ ਮੂਲ ਚੰਦ ਗੁਰੂ ਜੀ ਦੀ ਮਹਿਮਾ ਨੂੰ ਜਾਣਦਾ ਸੀ ਤਾਂ ਭੀ ਇਸਤਰੀ ਨੇ ਉਸ ਦੀ ਮਤ ਚਲ ਵਿਚੱਲ ਕਰ ਦਿੱਤੀ ਤੇ ਮੂਲਾ ਜਲਦੀ ਨਾਲ ਸੁੱਕੇ ਗੋਹਿਆਂ ਵਾਲੀ ਕੋਠੀ ਵਿਖੇ ਜਾ ਲੁਕਿਆ। ਇਧਰੋਂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ – “ਮੂਲੇ ਮੂਲੇ ਊਚ ਅਲਾਈ।” ਤਾਂ ਇਹ ਆਵਾਜ਼ ਕੰਨੀ ਸੁਣ ਕੇ ਔਰਤ ਨੇ ਬਾਰੀ ਥਾਣੀ ਤਕ ਕੇ ਕਿਹਾ ਕਿ ਜਿਸ ਨੂੰ ਆਪ ਸਦਦੇ ਹੋ ਉਹ ਘਰ ਨਹੀਂ ਹੈ, ਕਿਧਰੇ ਕੰਮ ਗਿਆ ਹੋਇਆ ਹੈ।
“ਸੁਨਕੇ ਸ੍ਰੀ ਗੁਰ ਬਚ ਕਹਯੋ ਬੇਮੁਖ ਕਰਮ ਬਿਹੀਨ। ਹਮ ਆਏ ਤੁਮ ਮਿਲਨ ਕੋ ਛਪਨ ਸਦਨ ਮਹਿ ਕੀਨ। ਜੀਵਣ ਝੂਠ ਮਰਣ ਸਚ ਕਹਈ। ਮੂਢ ਮਤੀ ਪਰ ਭੇਦ ਨਾ ਲਹਈ। ਕਹਯੋ ਨਾਰਿ ਕੋ ਦੁਰਯੋ ਅਗਾਰਾ। ਅਸ ਕਹਿ ਬਹੁਰ ਸਲੋਕ ਉਚਾਰਾ।
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ॥ (ਅਰਥ: ) ਹਿੰਦੂ ਕਿਰਾੜਾਂ ਨਾਲ ਜੋ ਦੋਸਤੀ ਕਰਨੀ ਹੈ ਇਹ ਸਭ ਨਿਸਫਲ ਹੈ, ਇਹ ਕੂੜੇ ਪੁਰਸ਼ ਹਨ, ਕਿਰਾੜਾਂ ਦੀ ਪਾਇ=ਪੱਤ ਅਬਰੋ ਵੀ ਕੂੜੀ ਹੈ।
ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥ (ਅਰਥ):- ਹੇ ਮੂਲਿਆ! ਤੂੰ ਮਰਨਾ ਸੱਚ ਕਹਿੰਦਾ ਸੈਂ ਪਰ ਤੈਨੇ ਮਰਨਾ=ਜਾਣਿਆਂ ਨਹੀਂ ਕਿ ਮੇਰਾ ਮਰਨਾ ਕਿਸ ਜਗ੍ਹਾ ਪਰ ਆਉਣਾ ਹੈ।” (ਸੰਪ੍ਰਦਾਈ ਸਟੀਕ-ਸੰਤ ਕ੍ਰਿਪਾਲ ਸਿੰਘ ਜੀ)
(ਨੋਟ: ਟੀਕਾਕਾਰ ਨੇ ਇਸ ਸਲੋਕ ਦਾ ਦੂਜਾ ਅਰਥ ਇਉਂ ਕੀਤਾ ਹੋਇਆ ਹੈ: ਕਿਰਾੜਾ= ਕਰੜੇ ਮਨ ਵਾਲਿਆਂ ਨਾਲ ਦੋਸਤੀ ਕਰਨੀ ਚੰਗੀ ਨਹੀਂ। ਝੂਠਿਆਂ ਪੁਰਸ਼ਾਂ ਦੀ ਝੂਠੀ ਹੀ ਪਾਇ= ਪਤ ਅਬਰੋ ਹੈ।
ਮਰਣੁ ਅਰਥ: ਮੂਲਿਆ= ਕਦਾਚਿਤ ਜੀਵਤ ਭਾ ਤੋਂ ਮਰਨਾ ਨਾ ਜਾਪੈ= ਨਾ ਜਾਣਿਆ ਇਸ ਕਰਕੇ ਜੀਵ ਨੂੰ ਪਤਾ ਨਹੀਂ ਹੈ ਮਰ ਕੇ ਮੈਨੇ ਪਹਿਲੇ ਕਿਸ ਥਾਂ ਤੇ ਆਉਣਾ ਹੈ ਨਰਕਾਂ ਵਿਖੇ ਆਉਣਾ ਹੈ ਜਾਂ ਜੂਨੀਆਂ ਵਿਖੇ।)
ਇਸ ਰੀਤੀ ਦੇ ਬਚਨ ਕਹਿ ਕੇ ਗੁਰੂ ਸਾਹਿਬ ਜੀ ਚਲ ਕੇ ਬਾਹਰ ਆ ਬੈਠੇ। ਉਸੀ ਵੇਲੇ ਅੰਦਰੋਂ ਕਾਲਾ ਸੱਪ ਨਿਕਲਿਆ ਉਸ ਨੇ ਮੂਲੇ ਨੂੰ ਡੰਗ ਮਾਰ ਦਿੱਤਾ ਤਦ ਮੂਲ ਚੰਦ- ਹਾਇ ਹਾਇ ਕਰ ਬਾਹਰ ਆਯੋ। ਨਿਜ ਨਾਰੀ ਸੋਂ ਬੈਨ ਅਲਾਯੋ। ਕਰਮਹੀਨ ਤੈਂ ਮੋਕੋ ਮਾਰਯੋ। ਚਢੀ ਸੀਸ ਮਮ ਜੀਵ ਬਿਦਾਰਯੋ। ਕਿਸ ਦਿਸ ਗਮਨੇ ਦੇਹੁ ਬਤਾਈ। ਅਪੁਨੇ ਗੁਨਹਿ ਲੇਉਂ ਬਖਸਾਈ। ਤਿਹ ਛਿਨ ਭਈ ਮੂਰਛਾ ਦੇਹੀ। ਬੋਲਨ ਕੀ ਸੁਧਿ ਰਹੀ ਨ ਕੇਹੀ।
ਇਹ ਗੱਲ ਸਾਰੇ ਸ਼ਹਿਰ ਵਿੱਚ ਫੈਲ ਗਈ ਕਿ ਪੂਰਨ ਮਹਾਤਮਾਂ ਮੂਲ ਚੰਦ ਦੇ ਘਰ ਵਿਖੇ ਮੂਲ ਚੰਦ ਨੂੰ ਮਿਲਣ ਆਏ ਤੇ ਉਹ ਔਰਤ ਦੇ ਕਹਿਣ ਨਾਲ ਗੋਹਿਆਂ ਵਾਲੀ ਕੋਠੀ ਵਿੱਚ ਛਿਪ ਗਿਆ ਤੇ ਸੱਪ ਨੇ ਡੰਗ ਮਾਰ ਕੇ ਉਸ ਨੂੰ ਮਾਰ ਦਿੱਤਾ। ਬਹੁਤ ਲੋਕ ਆ ਕੇ ਇਕੱਠੇ ਹੋ ਗਏ ਤੇ ਆਖਦੇ ਹਨ ਇਸ ਨੂੰ ਗੁਰੂ ਜੀ ਪਾਸ ਲੈ ਚਲੋ, ਉਹ ਪੂਰਨ ਪੁਰਖ ਹਨ ਇਸ ਦੇ ਕੀਤੇ ਔਗੁਣ ਨੂੰ ਬਖਸ਼ ਦੇਣਗੇ। “ਅਸ ਕਹਿ ਤਾਂਹਿ ਮੰਚ ਪਰ ਪਾਇ। ਚਤੁਰ ਲੋਕ ਸਿਰ ਲੀਨ ਉਚਾਇ। ਗਮਨ ਕੀਨ ਤਿਤ ਦਿਸ਼ ਨਰ ਬ੍ਰਿੰਦਾ। ਜਿਤ ਦਿਸ਼ ਸੁਨੇ ਸ਼੍ਰੋਨ ਸੁਖਕੰਦਾ। … ਮੰਚ ਪਰ ਤੇ ਉਤਾਰ ਤਿਹ ਤਾਂਈ। ਗੁਰ ਆਗੇ ਸੋ ਦਿਯ ਪੌਢਾਈ। ਹਾਥ ਬੰਦਿ ਠਾਂਢੇ ਹੁਐ ਸਭਿਹੀ। ਬਿਨਤੀ ਕਹੈਂ ਭਾਉ ਉਰ ਧਰਿਹੀਂ। ਗੁਨਹਿਂਵੰਦ ਲਖਿ ਤੁਮਨੈ ਮਾਰਾ। ਕ੍ਰਿਪਾ ਧਾਰਿ ਅਬ ਦੇਹੁ ਜਿਵਾਰਾ। ਜਾਨਿ ਬੂਝ ਇਹ ਭਯੋ ਅਜਾਨਾ। ਪ੍ਰੇਰਯੋ ਤੀਯ ਕੁਮਤਿ ਉਰਝਾਨਾ। ਇਸ ਪ੍ਰਕਾਰ ਸੁਨਿਕੈ ਜਗਨਾਥਾ। ਬੋਲੇ ਬਚਨ ਸਭਿਨਿ ਕੇ ਸਾਥਾ। ਰਹਯੋ ਜੀਵਨਾ ਇਸ ਮ੍ਰਿਤੁ ਆਈ। ਨਂਿਹ. . ਨਹੀਂ ਉਬਾਰਿ ਸਕੈ ਅਬ ਕੋਈ। ਅੰਤ ਸਮੈਂ ਜੋ ਦਰਸ਼ਨ ਪਾਵਾ। ਯਾਂਕੋ ਫਲ ਇਸ ਹੋਇ ਸੁਹਾਵਾ। ਦਸਵਾਂ ਜਾਮਾ ਪਹਿਰਹਿਂ ਜਬਿਹੀ। ਜਨਮ ਮਰਨ ਤੇ ਗਤਿ ਦੇ ਤਬਿਹੀ। ਤਬ ਲੌ ਜਨਮ ਧਰਹਿਗੋ ਏਹੀ। ਸੂਕਰ ਸ਼ਸ਼ਾ ਮ੍ਰਿਗ ਕੋ ਦੇਹੀ। (ਨਾਨਕ ਪ੍ਰਕਾਸ਼ ਉਤ੍ਰਾਹਧ ਧਿਆ 38)
ਐਸੇ ਕਹਿ ਕੇ ਗੁਰੂ ਜੀ ਚੁਪ ਹੋ ਗਏ ਅਤੇ ਲੋਕ ਜਿਸ ਵੇਲੇ ਮੂਲੇ ਨੂੰ ਘਰ ਲੈ ਕੇ ਗਏ, ਓਸ ਵੇਲੇ ਮਿਰਤੂ ਹੋ ਗਿਆ ਫਿਰ ਕੋਈ ਸਾਹ ਨਾ ਆਇਆ। ਫਿਰ ਜਿਸ ਵੇਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਦਸਵਾਂ ਜਾਮਾ ਪਹਿਰਿਆ ਹੈ ਤੇ ਸਚਖੰਡ ਸ੍ਰੀ ਹਜੂਰ ਗਏ ਹਨ, ਓਥੇ ਸ਼ਿਕਾਰ ਘਾਟ’ ਬੜਾ ਸੋਹਣਾ ਅਸਥਾਨ ਬਣਿਆ ਹੋਇਆ ਹੈ। ਗੁਰੂ ਜੀ ਸ਼ਿਕਾਰ ਖੇਡਣ ਗਏ ਹਨ ਤਿਸ ਵੇਲੇ ਸਹੇ ਨੂੰ ਬਾਜ ਪਾਸੋਂ ਮਰਵਾਇਆ।
ਇਤਨੇ ਨੂੰ ਇੱਕ ਕਰਮ ਕਾਂਡੀ ਦਰਸ਼ਨਾਂ ਨੂੰ ਆਇਆ ਸੀ, ਉਸ ਨੇ ਕੀ ਦੇਖਿਆ ਕਿ ਤੜਫਦੇ ਸਹੇ ਨੂੰ ਵੇਖ ਕੇ ਗੁਰੂ ਜੀ ਹੱਸ ਰਹੇ ਹਨ, ਇਹ ਤਾਂ ਬਹੁਤ ਨਿਰਦਈ ਹਨ। ਮੈਂ ਇਹਨਾਂ ਦੇ ਦਰਸ਼ਨਾਂ ਨੂੰ ਕਿਉਂ ਆਇਆ ਹਾਂ। ਇਸ ਤਰ੍ਹਾਂ ਦੀਆਂ ਵਿਚਾਰਾਂ ਕਰ ਰਿਹਾ ਸੀ ਪਰ ਇਤਨੇ ਨੂੰ ਓਹ ਸਹਿਆ ਬਿਮਾਨ ਪਰ ਚੜ੍ਹ ਕੇ ਸਚਖੰਡ ਨੂੰ ਚਲਾ ਗਿਆ।
ਇਸ ਕੌਤਕ ਨੂੰ ਦੇਖ ਕੇ ਉਹ ਕਰਮ ਕਾਂਡੀ ਬੜਾ ਅਸਚਰਜ ਹੋਇਆ ਤੇ ਗੁਰੂ ਜੀ ਦੇ ਚਰਨਾਂ ਪਰ ਨਮਸ਼ਕਾਰ ਕਰਕੇ ਪੁਛਦਾ ਹੈ ਦੀਨ ਦਯਾਲ ਜੀ! ਇਹ ਕੌਣ ਹੈ ਜੋ ਬੰਧਨਾ ਨੂੰ ਤੋੜ ਕੇ ਮੁਕਤ ਹੋਇਆ ਹੈ? ਉਸ ਵੇਲੇ ਹਜ਼ੂਰ ਨੇ ਸਾਰਾ ਪ੍ਰਸੰਗ ਮੂਲ ਚੰਦ ਦਾ ਸੁਣਾ ਕੇ ਦਸਿਆ।” (ਸੰਪਰਦਾਈ ਟੀਕਾ –ਸੰਤ ਕ੍ਰਿਪਾਲ ਸਿੰਘ ਜੀ)
ਟੀਕਾਕਾਰ ਨੇ ਇਹ ਸਾਖੀ ਸ਼੍ਰੀ ਗੁਰ ਨਾਨਕ ਪ੍ਰਕਾਸ਼ ਵਿੱਚੋਂ ਲਈ ਹੈ ਪਰ ਭਾਈ ਸੰਤੋਖ ਸਿੰਘ ਜੀ ਨੇ ਇਹ ਨਹੀਂ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮੂਲਾ ਜੀ ਨੂੰ ਹਜ਼ੂਰ ਸਾਹਿਬ ਵਿਖੇ ਸਹੇ ਦੀ ਜੂਨ ਤੋਂ ਮੁਕਤ ਕੀਤਾ ਸੀ। ਭਾਈ ਸੰਤੋਖ ਸਿੰਘ ਜੀ ਨੇ ਇਹ ਤਾਂ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮੂਲਾ ਜੀ ਨੂੰ ਸਹੇ ਦੀ ਜੂਨ ਤੋਂ ਮੁਕਤ ਕੀਤਾ ਸੀ ਪਰੰਤੂ ਕਿਸ ਥਾਂ `ਤੇ ਗੁਰਦੇਵ ਨੇ ਭਾਈ ਮੂਲਾ ਜੀ ਨੂੰ ਸਹੇ ਦੀ ਜੂਨ ਤੋਂ ਮੁਕਤ ਕੀਤਾ ਸੀ, ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਹੈ। ਭਾਈ ਸੰਤੋਖ ਸਿੰਘ ਜੀ ਨੇ ਇਤਨਾ ਹੀ ਲਿਖਿਆ ਹੈ ਕਿ, “ਸ਼੍ਰੀ ਗੋਬਿੰਦ ਸਿੰਘ ਰੁਚਿਰ ਬਿਸ਼ਾਲਾ। ਜਬਹੀ ਬੈਠੇ ਤਖ਼ਤ ਕ੍ਰਿਪਾਲਾ। ਸੰਗਤਿ ਕੋ ਉਧਾਰ ਬਹੁ ਕਰਿਹੀਂ। ਪ੍ਰਬਲ ਤੇਜ ਦੁਸ਼ਟਨ ਕੋ ਹਰਿਹੀਂ। ਏਕ ਬੈਸ਼ਨੋ ਸੁਨੀ ਪ੍ਰਸੰਸਾ। ਗੁਰੂ ਬਡੋ ਸੋਢਿਨ ਅਵਤੰਸ਼ਾ। ਸ਼੍ਰੀ ਨਾਨਕ ਸਥਾਨ ਸੋ ਬੈਸਾ। ਕਰਤਿ ਉਧਾਰ ਦੇਤਿ ਉਪਦੇਸ਼ਾ।”
ਭਾਈ ਸੰਤੋਖ ਸਿੰਘ ਜੀ ਦੀ ਲਿਖਤ ਤੋਂ ਇੰਜ ਹੀ ਪ੍ਰਤੀਤ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਨਾਨਕ ਸਾਹਿਬ ਦੇ ਸਿੰਘਾਸਣ ਉੱਤੇ ਬੈਠਿਆਂ ਅਜੇ ਬਹੁਤਾ ਸਮਾਂ ਨਹੀਂ ਸੀ ਹੋਇਆ ਜਦੋਂ ਇਹ ਘਟਨਾ ਵਾਪਰੀ ਹੈ। ਪਰ ਟੀਕਾਕਾਰ ਹੁਰਾਂ ਨੇ ਇਸ ਘਟਨਾ ਨੂੰ ‘ਸ਼ਿਕਾਰ ਘਾਟ’ ਵਾਲੇ ਸਥਾਨ `ਤੇ ਵਾਪਰਨਾ ਲਿਖਿਆ ਹੈ।
ਭਾਂਵੇ ਭਾਈ ਸੰਤੋਖ ਸਿੰਘ ਜੀ ਨੇ ਵੀ ਇਹ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ `ਚੋਂ ਲਈ ਹੈ ਪਰ ਆਪ ਜੀ ਨੇ ਵੀ ਇਸ ਸਾਖੀ ਨੂੰ ਉਸੇ ਤਰ੍ਹਾਂ ਬਿਆਨ ਨਹੀਂ ਕੀਤਾ ਹੈ ਜਿਸ ਤਰ੍ਹਾਂ ਇਸ ਜਨਮ ਸਾਖੀ ਵਿੱਚ ਦਰਜ ਹੈ। ਭਾਈ ਬਾਲੇ ਵਾਲੇ ਜਨਮ ਸਾਖੀ ਵਿੱਚ ਇਹ ਸਾਖੀ ਇਸ ਤਰ੍ਹਾਂ ਲਿਖੀ ਹੋਈ ਹੈ:
“ਤਾਂ ਇੱਕ ਦਿਨ ਸ੍ਰੀ ਨਾਨਕ ਜੀ ਮੇਰੇ ਤਾਈਂ ਕਹਿਣ ਲਗੇ ਸੁਣ ਭਾਈ ਬਾਲਾ ਇੱਕ ਮੇਰਾ ਸੰਸਾਰੀ ਮੇਲੀ ਹੈ। ਬਾਲਾ ਜਦ ਮੈਂ ਕਿਰਤ ਕਰਦਾ ਸਾਂ ਤਦੋਂ ਦਾ ਮੂਲਾ ਮੇਰਾ ਅਸ਼ਨਾਇ ਹੈ, ਚਲੋ ਤਾਂ ਉਸ ਨੂੰ ਮਿਲ ਆਵੀਏ ਮੇਰਾ ਦਿਲ ਬਹੁਤ ਮਿਲਨ ਨੂੰ ਲੋਚਦਾ ਹੈ। ਤਾਂ ਮੈਂ ਕਿਹਾ ਜੀ ਚਲੀਏ। ਤਾਂ ਸ੍ਰੀ ਗੁਰੂ ਨਾਨਕ ਜੀ ਫਕੀਰਾਂ ਦਾ ਰੂਪ ਧਾਰਨ ਕਰ ਚਲਤੇ ਚਲਤੇ ਮੂਲੇ ਖਤਰੀ ਦਾ ਦਲੀਜ ਉਪਰ ਜਾਇ ਖੜੇ ਹੋਏ। ਤਾਂ ਮੂਲੇ ਦੀ ਜੋਰੂ ਸ੍ਰੀ ਗੁਰੂ ਨਾਨਕ ਜੀ ਨੂੰ ਦੇਖ ਕਰ ਭੀਤਰ ਵੜ ਗਈ ਅਤੇ ਜਾਇ ਕਰ ਮੂਲੇ ਨੂੰ ਕਹਿਣ ਲਗੀ ਕਿ ਤੇਰਾ ਯਾਰ ਆਯਾ ਹੈ। ਪਰ ਬੁਰੇ ਹਾਲ ਹੈ, ਲੁਟਿਆ ਪੁਟਿਆ ਹੋਆ ਹੈ। ਅਗੇ ਤਾਂ ਬੜੇ ਸੁੰਦਰ ਹਾਲ ਨਾਲ ਆਂਵਦਾ ਹੁੰਦਾ ਹੈ ਸੀ ਕਦੀ ਘੋੜੀ ਪਰ ਕਦੇ ਪਾਲਕੀ ਵਿੱਚ ਆਂਵਦਾ ਹੁੰਦਾ ਸੀ ਤੇ ਹੁਣ ਤੇਰੇ ਪਾਸੋਂ ਕੁਛ ਮੰਗਨ ਆਯਾ ਹਈ ਅਤੇ ਹੁਣ ਤੂ ਛਪ ਜਾਹ। ਇਤਨੇ ਮੇਂ ਗੁਰੂ ਜੀ ਮੂਲੇ ਨੂੰ ਅਵਾਜ਼ ਮਾਰੀ ਤਾਂ ਅਗੋਂ ਮੂਲਾ ਕੋਠੜੀ ਵਿੱਚ ਜਾਏ ਵੜਿਆ। ਤਾਂ ਗੁਰੂ ਜੀ ਮੂਲੇ ਦੀ ਜੋਰੂ ਨੂੰ ਪੁਛਿਆ ਜੋ ਮੂਲਾ ਕਿਥੇ ਹੈ। ਤਾਂ ਉਹ ਕਹਿਣ ਲੱਗੀ ਘਰ ਨਹੀਂ। ਸ੍ਰੀ ਗੁਰੂ ਨਾਨਕ ਜੀ ਸਰਬ ਘਟਾਂ ਕੇ ਜਾਨਣ ਵਾਲੇ ਕਹਿਣ ਲਗੇ, ‘ਆਵੋ ਮੂਲਾ ਅਸੀਂ ਤੇਰੇ ਮਿਲਨ ਨੂੰ ਆਏ ਤੇ ਤੂ ਅਗੋਂ ਛਪ ਬੈਠੋਂ’ ਤਾਂ ਸ੍ਰੀ ਗੁਰੂ ਜੀ ਨੇ ਮੂਲੇ ਪਰਥਾਇ ਸ਼ਲੋਕ ਉਚਾਰਿਆ॥ ਨਾਲ ਕਿਰਾੜਾਂ ਦੋਸਤੀ ਏਥੇ ਕਰੋ ਗੁਆਉ ਮਰਨ ਨਾ ਜਾਪੀ ਮੂਲਿਆ ਆਵੈ ਕਿਤੈ ਥਾਉ॥ 1॥ ਏਹ ਸਲੋਕ ਆਖਕੇ, ਸ੍ਰੀ ਗੁਰੂ ਨਾਨਕ ਜੀ ਓਥੋਂ ਚਲਦੇ ਰਹੇ ਤੇ ਬਾਹਰ ਆਇ ਬੈਠੇ। ਤਾਂ ਉਹ ਕਿਰਾੜ ਜਿਉਂ ਕੋਠੀ ਵਿੱਚ ਵੜਿਆ ਸੀ ਤਿਉਂ ਹੀ ਉਸ ਨੂੰ ਸਰਪ ਲੜ ਗਿਆ। ਜਾਂ ਉਹ ਕਿਰਾੜ ਕੋਠੀ ਵਿਚੋਂ ਬਾਹਰ ਆਯਾ, ਤੇ ਜੋਰੂ ਨੂੰ ਕਹਿਣ ਲਗਾ, ‘ਕਹੁ ਓਹ ਫਕੀਰ ਕਿਧਰ ਨੂੰ ਗਿਆ ਹੈ ਅਤੇ ਓਸ ਤੋਂ ਮੈਨੂੰ ਬੇਮੁਖ ਕਰਕੇ ਤੂਹੀਂ ਮੈਨੂੰ ਮਾਰਿਆ ਹੈ। ਤੂੰ ਹੀ ਮੇਰੇ ਸਿਰ ਚੜੀ ਹੈਂ ਹੁਣ ਤੂੰ ਮੈਨੂੰ ਛੇਤੀ ਦਸ ਫਕੀਰ ਕਿਥੇ ਗਿਆ ਹੈ’। ਮੂਲੇ ਦੀ ਜੋਰੂ ਬੋਲੀ ਕਿ ਫਕੀਰ ਤਾਂ ਬਾਹਰ ਨੂੰ ਗਿਆ ਹੈ। ਇਤਨੇ ਚਿਰ ਮੇਂ ਮੂਲੇ ਨੂੰ ਜੈਹਰ ਚੜ੍ਹ ਗਈ। ਤਾਂ ਮੂਲੇ ਨੂੰ ਮੰਜੀ ਉਪਰ ਪਾਇਕੈ ਬਾਹਰ ਸ੍ਰੀ ਗੁਰੂ ਜੀ ਦੇ ਪਾਸ ਲੈ ਗਏ। ਪਰ ਇਹ ਗਲ ਸਾਰੇ ਜਾਹਰ ਹੋ ਗਈ ਕਿ ਗੁਰੂ ਨਾਨਕ ਜੀ ਮੂਲੇ ਨੂੰ ਮਿਲਣ ਆਏ ਤੇ ਮੂਲਾ ਕੋਠੀ ਵਿੱਚ ਲੁਕ ਬੈਠਾ ਤੇ ਬੋਲੇ ਨਾਹੀ ਤਾਂ ਓਥੇ ਸਰਪ ਲੜਕੇ ਮਰ ਗਿਆ ਹੈ। ਅਤੇ ਮੰਜੀ ਮੂਲੇ ਦੀ ਸ੍ਰੀ ਗੁਰੂ ਨਾਨਕ ਜੀ ਅਗੇ ਰੱਖ ਕਰ ਸਭਨਾਂ ਹਥ ਜੋੜ ਕਰ ਕਿਹਾ, ‘ਹੇ ਸੱਚੇ ਪਾਤਸ਼ਾਹ ਜੀ! ਮੂਲਾ ਤਾਂ ਹੁਣ ਮਰਦਾ ਹੈ। ਹੇ ਦੀਨ ਦਇਆਲ ਜੀ! ਏਹ ਹੁਣ ਭੁਲ ਗਿਆ ਹੈ ਅਤੇ ਆਪਦੇ ਮੂੰਹੋਂ ਨਿਕਲਨ ਦੀ ਦੇਰ ਹੋਈ ਹੈ ਏਸਦੇ ਮਰਿਆਂ ਦੇਰ ਨਹੀਂ ਹੋਈ। ਤਾਂ ਤੇ ਮਹਾਰਾਜ ਜੀ! ਆਪ ਪ੍ਰਮੇਸਰ ਦਾ ਰੂਪ ਹੋ, ਹੁਣ ਬਖਸ਼ੋ ਜੀ।’ ਤਾਂ ਸ੍ਰੀ ਗੁਰੂ ਨਾਨਕ ਜੀ ਕਿਹਾ, ‘ਹੇ ਭਾਈ ਸਿਖੋ, ਮੂਲਾ ਤਾਂ ਹੁਣ ਜੀਵਨ ਤੇ ਰਹਿ ਚੁਕਾ ਹੈ, ਕਿਉਂ ਜੋ ਇਸ ਨੂੰ ਸਖਤ ਮਾਰ ਹੋਈ ਹੈ ਅਰ ਇਸ ਦੀ ਮੁਕਤੀ ਹੋ ਜਾਵੇਗੀ ਜੇ ਇਸ ਨੂੰ ਸਾਡਾ ਦਰਸ਼ਨ ਅਖੀਰ ਦੇ ਸਮੇਂ ਹੋਇ ਗਿਆ ਹੈ। ਏਸ ਕਰਕੇ ਅਸੀਂ ਇਸਦੀ ਗਤੀ ਕਰਾਂਗੇ ਪਰ ਹੁਣ ਤੁਸੀਂ ਇਸ ਨੂੰ ਘਰ ਮੇਂ ਮੋੜ ਕਰ ਲੈ ਜਾਵੋ ਕਿਉਂ ਜੋ ਇਸਦਾ ਮਰਨਾ ਨਜੀਕ ਆਇ ਗਿਆ ਹੈ।’ ਤਾਂ ਵਹੁ ਲੋਕ ਸ੍ਰੀ ਗੁਰੂ ਜੀ ਕਾ ਹੁਕਮ ਮੰਨ ਕਰ, ਮੂਲੇ ਕਉ ਘਰ ਲੈ ਗਏ। ਅਰ ਮੂਲਾ ਘਰ ਜਾਂਦਾ ਹੀ ਮਰ ਗਿਆ। ਪਰ ਸ੍ਰੀ ਗੁਰੂ ਨਾਨਕ ਜੀ ਕੇ ਬਚਨ ਕਰਨ ਸੇ ਮੂਲੇ ਕੀ ਮੁਕਤੀ ਹੋ ਗਈ। ਅਤੇ ਲੋਕ ਵੀ ਸ੍ਰੀ ਗੁਰੂ ਨਾਨਕ ਜੀ ਕਾ ਜਸ ਕਰਨ ਲਗੇ। ਤਾਂ ਓਥੋਂ ਸ੍ਰੀ ਗੁਰੂ ਨਾਨਕ ਜੀ ਉਸ ਦਾ ਸਸਕਾਰ ਕਰਵਾਇ ਕਰ, ਉਸਦੇ ਘਰ ਦੇ ਸਰਬੰਧੀਆਂ ਕੋ ਉਪਦੇਸ਼ ਦੀਆ।” (ਸਭ ਤੋਂ ਵੱਡੀ ਭਾਈ ਬਾਲੇ ਵਾਲੀ ਜਨਮ ਸਾਖੀ-ਪ੍ਰਕਾਸ਼ਕ ਭਾ: ਜਵਾਹਰ ਸਿੰਘ ਕ੍ਰਿਪਾਲ ਸਿੰਘ ਐਂਡ ਕੰ: )
ਭਾਈ ਸੰਤੋਖ ਸਿੰਘ ਜੀ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਵਿਚਲੇ ਭਾਈ ਮੂਲਾ ਜੀ ਦੀ ਘਰਵਾਲੀ ਦੇ ਨਿਮਨ ਲਿਖਤ ਸ਼ਬਦਾਂ ਦਾ ਆਪਣੀ ਲੇਖਣੀ ਵਿੱਚ ਜ਼ਿਕਰ ਨਹੀਂ ਕੀਤਾ ਹੈ: ‘ਪਰ ਬੁਰੇ ਹਾਲ ਹੈ, ਲੁਟਿਆ ਪੁਟਿਆ ਹੋਆ ਹੈ। ਅਗੇ ਤਾਂ ਬੜੇ ਸੁੰਦਰ ਹਾਲ ਨਾਲ ਆਂਵਦਾ ਹੁੰਦਾ ਹੈ ਸੀ ਕਦੀ ਘੋੜੀ ਪਰ ਕਦੇ ਪਾਲਕੀ ਵਿੱਚ ਆਂਵਦਾ ਹੁੰਦਾ ਸੀ ਤੇ ਹੁਣ ਤੇਰੇ ਪਾਸੋਂ ਕੁਛ ਮੰਗਨ ਆਯਾ ਹਈ ਅਤੇ ਹੁਣ ਤੂ ਛਪ ਜਾਹ।’ ਭਾਈ ਸੰਤੋਖ ਸਿੰਘ ਜੀ ਨੇ ਕੇਵਲ ਇਤਨਾ ਹੀ ਲਿਖਿਆ ਹੈ ਕਿ, “ਪੂਰਬ ਗਮਨਯੋ ਜਾਂਹਿ ਸੰਗਾਰੇ। ਸੋ ਅਬਿ ਸਾਧੁ ਆਇ ਤਵ ਦੁਆਰੇ। ਘਰ ਮਹਿਂ ਤੂਰਨ ਦੁਰਿਯੇ ਜਾਈ। ਨਾਂਹਿ ਤ ਤੁਝ ਕੋ ਲੇਹਿਂ ਬੁਲਾਈ।”
ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਨਾ ਤਾਂ ਇਸ ਗੱਲ ਦਾ ਜ਼ਿਕਰ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਉਹ ਮੂਲੇ ਨੂੰ ਦਸਮੇਂ ਜਾਮੇ ਵਿੱਚ ਮੁਕਤ ਕਰਨਗੇ ਅਤੇ ਨਾ ਹੀ ਇਸ ਗੱਲ ਦਾ ਕਿ ਗੁਰੂ ਸਾਹਿਬ ਨੇ ਕਿਹਾ ਕਿ ਉਤਨਾ ਚਿਰ ਭਾਈ ਮੂਲਾ ਸੂਰ, ਸਹੇ ਅਤੇ ਹਿਰਨ ਆਦਿ ਦੀ ਜੂਨਾਂ ਵਿੱਚ ਭਟਕਦਾ ਰਹੇਗਾ। ਇਸ ਸਾਖੀ ਵਿੱਚ ਤਾਂ ਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ, “ਇਸ ਦੀ ਮੁਕਤੀ ਹੋ ਜਾਵੇਗੀ ਜੇ ਇਸ ਨੂੰ ਸਾਡਾ ਦਰਸ਼ਨ ਅਖੀਰ ਦੇ ਸਮੇਂ ਹੋਇ ਗਿਆ ਹੈ। ਏਸ ਕਰਕੇ ਅਸੀਂ ਇਸਦੀ ਗਤੀ ਕਰਾਂਗੇ ਪਰ ਹੁਣ ਤੁਸੀਂ ਇਸ ਨੂੰ ਘਰ ਮੇਂ ਮੋੜ ਕਰ ਲੈ ਜਾਵੋ ਕਿਉਂ ਜੋ ਇਸਦਾ ਮਰਨਾ ਨਜੀਕ ਆਇ ਗਿਆ ਹੈ।’ ਤਾਂ ਵਹੁ ਲੋਕ ਸ੍ਰੀ ਗੁਰੂ ਜੀ ਕਾ ਹੁਕਮ ਮੰਨ ਕਰ, ਮੂਲੇ ਕਉ ਘਰ ਲੈ ਗਏ। ਅਰ ਮੂਲਾ ਘਰ ਜਾਂਦਾ ਹੀ ਮਰ ਗਿਆ। ਪਰ ਸ੍ਰੀ ਗੁਰੂ ਨਾਨਕ ਜੀ ਕੇ ਬਚਨ ਕਰਨ ਸੇ ਮੂਲੇ ਕੀ ਮੁਕਤੀ ਹੋ ਗਈ।”
ਧਿਆਨ ਰਹੇ ਭਾਈ ਬਾਲੇ ਵਾਲੀ ਜਨਮ ਸਾਖੀ, ਜੋ ਅਸਲ ਵਿੱਚ ਬਿਧੀ ਚੰਦ ਹਿੰਦਾਲੀਏ ਦੀ ਲਿਖਵਾਈ ਹੋਈ ਸਾਖੀ ਹੈ, ਪੁਰਾਤਨ ਜਨਮ ਸਾਖੀ ਅਤੇ ਮਿਹਰਬਾਨ ਰਚਿਤ ਜਨਮ ਸਾਖੀ ਤੋਂ ਬਾਅਦ ਦੀ ਰਚਨਾ ਹੈ। ਭਾਈ ਮੂਲੇ ਸੰਬੰਧੀ ਇਸ ਘਟਨਾ ਦਾ ਵਰਨਣ ਸਭ ਤੋਂ ਪਹਿਲਾਂ ‘ਮਿਹਰਬਾਨ ਰਚਿਤ ਜਨਮ ਸਾਖੀ’ ਵਿੱਚ ਮਿਲਦਾ ਹੈ। ‘ਮਿਹਰਬਾਨ ਰਚਿਤ ਜਨਮ ਸਾਖੀ’ ਵਿੱਚ ਇਸ ਘਟਨਾ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੋਇਆ ਹੈ:-
“ਤਬ ਗੁਰੂ ਬਾਬੇ ਨਾਨਕ ਕਹਿਆ ਜਿ, “ਪੁਰਖਾ ਅੰਗਦਾ ਇਕੁ ਮੇਰਾ ਮੇਲੀ ਹੈ ਸੰਸਾਰੀ ਜਦਿ ਹੰਉ ਸੰਸਾਰੀ ਦੀ ਕਿਰਤਿ ਕਰਦਾ, ਤਬ ਇੱਕ ਏਹੁ ਮੂਲਾ ਖਤ੍ਰੀ ਮੇਰਾ ਦੋਸਤੁ ਸਾ ਹੋਇਆ, ਜਿ ਕਿਵੈ ਮਿਲਹ ਤਾਂ। ਮੇਰਾ ਜੀਉਹ, ਜਿ ਇਕੇਰਾਂ ਮਿਲਿਐ”। ਤਬ ਗੁਰੂ ਅੰਗਦ ਕਹਿਆ, “ਭਲਾ ਹੋਇ ਜੀ, ਮਿਲੀਐ”। ਤਬ ਗੁਰੂ ਬਾਬਾ ਨਾਨਕੁ ਜੀ, ਫਕੀਰਾਂ ਕੇ ਰੂਪਿ, ਲੰਗੋਟ ਬੰਦਾਂ ਕੇ ਸਾਥਿ ਥੇ, ਗੁਰੂ ਬਾਬੇ ਜੀ ਕੇ। ਤਬ ਮੂਲੇ ਖਤ੍ਰੀ ਕੀ ਦਹਲੀਜ ਊਪਰਿ ਆਇ ਖੜੇ ਹੂਏ। ਤਬ ਪਹਿਲਾਂ ਹੀ ਬਾਬਾ ਨਜਰਿ ਆਇਆ ਮੂਲੇ ਕੀ ਜੋਰੂ ਕਉ। ਤਬ ਓਨਿ ਗੁਰੂ ਬਾਬੇ ਨਾਨਕ ਜੀ ਕਉ ਸਿਞਾਤਾ। ਸਿਞਾਣਿ, ਅੰਦਰਿ ਵੜਿ ਗਈ। ਅਗੈ ਮੂਲਾ ਬੈਠਾ ਥਾ। ਤਬ ਓਨਿ ਆਖਿਆ, “ਅਖੈ ਸੁਣਿਦਾ ਹੈ ਤੂ? ਉਹੁ ਜਿ ਤੇਰਾ ਦੋਸਤੁ ਕਿ ਨਹੀਂ? ਮਾਰਿ ਮੁਹਿ ਲਿਆ ਹੈਸੁ ਬੁਰੇ ਜੇਹੇ ਢਵਿ ਆਵਦਾ ਹੈ। ਏਹੁ ਆਗੇ ਬਹੁਤਿਆਂ ਅਸਵਾਰਾਂ ਨਾਲਿ ਆਂਵਦਾ। ਸੁਖਪਾਲੀ ਚੜਿਆ ਆਵਦਾ। ਏਹੁ ਤਰੁਟਾ ਖੁਥਾ ਜੇਹਾ ਜੁ ਆਇਆ ਹੈ, ਸੋ ਕਿਛੁ ਤੈ ਥੀ ਮੰਗਣ ਆਇਆ ਹੈ। ਪਰੁ ਤੂ ਅੰਦਰਿ ਵੜਿ ਕਰਿ ਛਪਿ ਰਹੁ ਤਾਂ। ਤਾਂ ਤੋੜੀ ਬਾਬਾ ਦਰਿ ਆਇ ਖੜਾ ਹੋਇਆ। ਮੂਲਾ ਕੋਠੜੀ ਵਿੱਚ ਜਾਇ ਛਪਿਆ। ਤਬ ਗੁਰੂ ਬਾਬੇ ਨਾਨਕ ਜੀ ਮੂਲੇ ਦੀ ਜੋਰੂ ਪੁਛੀ, ਜਿ ਮੂਲਾ ਕਿਥੇ ਹੈ? ਅਖੈ ਜੀ, “ਘਰਿ ਨਾਹੀ” ਅਖੈ ਜੀ “ਘਰ ਨਾਹੀ?” ਤਬ ਗੁਰੂ ਬਾਬੇ ਆਖਿਆ ਜਿ “ਹਾਇ! ਹਾਇ! ! ਸਈਆਦਾ ਕਿਰਾੜਾ! ਅਸੀ ਆਏ ਤੇਰੇ ਮਿਲਣੇ ਦੇ ਵਾਸਤੇ, ਅਤੈ ਤੂ ਅਗਿਅਹੁ ਛਪਿ ਪੈਆ।” ਤਾਂ ਓਥੈ ਗੁਰੂ ਬਾਬੇ ਜੀ ਸਲੋਕੁ ਕੀਆ:- ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ॥ ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥
ਏਹੁ ਸਲੋਕੁ ਆਖਦੇ, ਗੁਰੂ ਬਾਬਾ ਨਾਨਕੁ ਚਲਦੇ ਰਹਿਆ। ਜਦ ਗੁਰੂ ਬਾਬਾ ਨਾਨਕੁ ਬਾਹਿਰ ਗੈਆ, ਤਾਂ ਓਹੁ ਕਿਰਾੜ ਬਾਹਰਿ ਨਿਕਲਿ ਆਇਆ। ਤਾਂ ਓਨਿ ਕਿਰਾੜਿ ਆਖਿਆ, “ਅਖੈ ਗੈਆ, ਕਿ ਨਾ? ਅਖੈ “ਗੈਆ। ਅਖੈ, ਹੇ ਵੈ ਸਯਾਦਣੀਏ “ਮੇਰੇ ਸਿਰਿ ਚੜੀਅਹਿ। ਹੰਉ ਲਵਾਇਓ” ਅਖੈ ਕਿਤੁ ਵਲਿ ਗੈਆ? ਏਵੈ ਨਿਕਲਿਆ ਹੀ। ਸਾਥਿ ਫਕੀਰ ਸਸੁ ਲਗੋਟ ਬੰਦ। ਤਾਂ ਮੂਲਾ ਓਤੇ ਹੀ ਥਾਇ ਢਠਾ। ਮੰਜੇ ਘਤਿਆ। ਲੋਕ ਸਭਿ ਮਿਲਿ ਆਏ, ਜਿ ਨਾਨਕੁ ਏਥੇ ਆਇਆ ਸੀ। ਏਹੁ ਮਿਲਿਓ ਨਾਹੀ, ਛਪਿ ਪੈਆ। ਹੁਣੁ ਏਹੁ ਮੁਰਦਾ ਹੈ। ਮਹਾਂ ਪੁਰਖ ਦੇ ਖਿਆਲ ਹੇਠਿ ਆਇਆ। ਤਬ ਮੰਜੇ ਘਤਿ ਕਰਿ ਗੁਰੂ ਬਾਬੇ ਨਾਨਕ ਪਾਸਿ ਲੈ ਗਏ। ਤਾਂ ਲੋਕ ਹਥ ਬੰਨਿ ਖਲੋਤੇ ਬਾਬੇ ਨਾਨਕ ਪਾਸਿ। “ਜੀ, ਜੀ ਏਹੁ ਭੁਲਾ ਹੈ। ਤੁਧ ਮਾਰਿਆ ਹੈ। ਤੂ ਏਸ ਨੂੰ ਬਕਸਿ” ਤਬ ਗੁਰੂ ਬਾਬੇ ਨਾਨਕ ਆਖਿਆ, “ਜਿ ਹੁਣ ਏਹੁ ਜੀਵਣਹੁ ਚੁਕਾ ਹੈ। ਸਕਤੀ ਸਟ ਹੇਠਿ ਆਇਆ ਹੈ। ਪਰੁ ਏਨਿ ਅੰਤਿ ਵੇਲੇ ਮੇਰਾ ਦਰਸਨੁ ਕੀਤਾ ਹੈ। ਏਹੁ ਮੈ ਮੁਕਤਾ ਕੀਤਾ ਹੈ। ਏਸ ਦੀ ਗਤਿ ਹੋਈ। ਲੈ ਜਾਹੁ ਉਚਕਿ ਏਹੁ। ਘਰਿ ਜਾਇ ਚਲੈ। ਤਬ ਉਦੂ ਥਾਵਹੁ ਚੁਕਿ ਕੈ ਲੈ ਗਏ, ਘਰਿ ਜਾਇ ਚਲਿਆ।”
ਭਾਈ ਬਾਲੇ ਵਾਲੀ ਜਨਮ ਸਾਖੀ ਦੀ ਨਿਮਨ ਲਿਖਤ ਵਿੱਚੋਂ ਇਹ ਗੱਲ ਸਪਸ਼ਟ ਹੁੰਦੀ ਹੈ ਕਿ ਇਸ ਸਾਖੀ ਦੇ ਕਰਤੇ ਨੇ ਮਿਹਰਬਾਨ ਦੀ ਜਨਮ ਸਾਖੀ ਵਿੱਚੋਂ ਹੀ ਇਹ ਸਾਖੀ ਲਈ ਸੀ: “ਤਾਂ ਇੱਕ ਦਿਨ ਸ੍ਰੀ ਨਾਨਕ ਜੀ ਮੇਰੇ ਤਾਈਂ ਕਹਿਣ ਲਗੇ ਸੁਣ ਭਾਈ ਬਾਲਾ ਇੱਕ ਮੇਰਾ ਸੰਸਾਰੀ ਮੇਲੀ ਹੈ। ਬਾਲਾ ਜਦ ਮੈਂ ਕਿਰਤ ਕਰਦਾ ਸਾਂ ਤਦੋਂ ਦਾ ਮੂਲਾ ਮੇਰਾ ਅਸ਼ਨਾਇ ਹੈ, ਚਲੋ ਤਾਂ ਉਸ ਨੂੰ ਮਿਲ ਆਵੀਏ ਮੇਰਾ ਦਿਲ ਬਹੁਤ ਮਿਲਨ ਨੂੰ ਲੋਚਦਾ ਹੈ। ਤਾਂ ਮੈਂ ਕਿਹਾ ਜੀ ਚਲੀਏ।” ਪਰ ਭਾਈ ਮੂਲਾ ਜੀ ਦੀ ਸੱਪ ਦੇ ਡਸਣ ਕਾਰਨ ਹੋਈ ਮ੍ਰਿਤੂ ਦਾ ਵਰਨਣ, ਭਾਈ ਬਾਲੇ ਵਾਲੀ ਜਨਮ ਸਾਖੀ ਦੇ ਕਰਤੇ ਦੀ ਆਪਣੀ ਕਲਪਨਾ ਦਾ ਸਿੱਟਾ ਹੈ। ਚੂੰਕਿ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਭਾਈ ਮੂਲੇ ਨੂੰ ਸੱਪ ਵਲੋਂ ਡੰਗ ਮਾਰਨ ਦਾ ਵਰਨਣ ਨਹੀਂ ਹੈ। ਇਸ ਸਾਖੀ ਅਨੁਸਾਰ ਭਾਈ ਮੂਲੇ ਦੀ ਮੌਤ, ਸੱਪ ਦੇ ਡਸਣ ਕਾਰਨ ਨਹੀਂ ਬਲਕਿ ਗੁਰੂ ਸਾਹਿਬ ਦੇ ਇਹਨਾਂ ਦੇ ਘਰੋਂ ਵਾਪਸ ਮੁੜ ਜਾਣ ਮਗਰੋਂ ਇਹਨਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋਣ `ਤੇ ਗ਼ਮ ਕਾਰਨ ਹੋਈ ਸੀ। ਇਸ ਸਾਖੀ ਵਿੱਚ ਵੀ ਨਾ ਤਾਂ ਇਸ ਗੱਲ ਦਾ ਵਰਨਣ ਹੈ ਕਿ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਉਹ ਭਾਈ ਮੂਲੇ ਦੀ ਮੁਕਤੀ ਦਸਵੇਂ ਜਾਮੇ ਵਿੱਚ ਕਰਨਗੇ ਅਤੇ ਨਾ ਹੀ ਇਸ ਗੱਲ ਦਾ ਜ਼ਿਕਰ ਹੈ ਕਿ ਉਤਨਾ ਚਿਰ ਭਾਈ ਮੂਲਾ ਸੂਰ, ਸਹੇ ਅਤੇ ਹਿਰਨ ਆਦਿ ਦੀ ਜੂਨ ਵਿੱਚ ਭਟਕਦੇ ਰਹਿਣਗੇ। ਇਸ ਸਾਖੀ ਵਿੱਚ ਕੇਵਲ ਇਤਨਾ ਹੀ ਲਿਖਿਆ ਹੈ ਕਿ, “ਪਰੁ ਏਨਿ ਅੰਤਿ ਵੇਲੇ ਮੇਰਾ ਦਰਸਨੁ ਕੀਤਾ ਹੈ। ਏਹੁ ਮੈ ਮੁਕਤਾ ਕੀਤਾ ਹੈ। ਏਸ ਦੀ ਗਤਿ ਹੋਈ।”
ਗਿਆਨੀ ਗਿਆਨ ਸਿੰਘ ਜੀ ਨੇ ਇਸ ਘਟਨਾ ਨੂੰ ਆਪਣੇ ਤੋਂ ਪਹਿਲੇ ਸਾਰੇ ਲੇਖਕਾਂ ਨਾਲੋਂ ਵੱਖਰੇ ਢੰਗ ਨਾਲ ਬਿਆਨ ਕੀਤਾ ਹੈ। ਆਪ ਲਿਖਦੇ ਹਨ ਕਿ, “ਇਕ ਸਿੱਖ ਨੇ ਸਤਿਗੁਰਾਂ (ਗੁਰੂ ਗੋਬਿੰਦ ਸਿੰਘ ਜੀ) ਪਾਸ ਅਰਜ਼ ਕੀਤੀ ਸੱਚੇ ਪਾਤਸ਼ਾਹ! ਸ਼ਾਸਤ੍ਰਾਂ ਵਿੱਚ ਸੁਣਿਆ ਹੈ ਜੋ ਸੱਪ ਦੇ ਡੰਗ ਨਾਲ ਮਰਿਆ ਪੁਰਸ਼ ਅਧੋਗਤੀ ਨੂੰ ਜਾਂਦਾ ਹੈ ਸੋ ਮੂਲੇ ਖਤ੍ਰੀ ਨੇ ਤਾਂ ਗੁਰੂ ਨਾਨਕ ਜੀ ਦੇ ਸੇਵਾ ਟੈਹਲ ਕੀਤੀ ਸੀ, ਓਹ ਸੱਪ ਦੇ ਡੰਗ ਨਾਲ ਕਯੋਂ ਮਰਿਆ? ਗੁਰੂ ਜੀ ਨੇ ਆਖਯਾ ਓਹ ਬੇਮੁਖ ਹੋ ਗਿਆ ਸੀ ਹੁਣ ਓਹ ਬਠਿੰਡੇ ਵਿੱਚ ਸਧੀਏ ਨਾਮ ਦੁਗਲ ਖਤ੍ਰੀ ਦੇ ਘਰ ਮੂਲਾ ਨਾਮ ਚਿਟੀ ਬੋਦੀ ਵਾਲਾ ਹੋ ਕੇ ਜੰਮੇਗਾ ਤੇ ਪੂਰਬਲੀ ਸੇਵਾ ਦੇ ਪ੍ਰਤਾਪ ਕਰਕੇ ਉੱਤਮ ਪਦਵੀ ਪਾਵੇਗਾ। ਸੋਈਓ ਸੱਚ ਹੋਯਾ ਓਹੀ ਭਾਈ ਮੂਲਾ ਬੜਾ ਔਲੀਆ ਉਘਾ ਹੋ ਗਿਆ। (ਤਵਾਰੀਖ਼ ਗੁਰੂ ਖ਼ਾਲਸਾ)
ਜਿੱਥੋਂ ਤੀਕ ਗੁਰਦੁਆਰਾ ‘ਸ਼ਿਕਾਰ ਘਾਟ’ ਦੇ ਇਤਿਹਾਸ ਦਾ ਸੰਬੰਧ ਹੈ, ਇਸ ਸੰਬੰਧ ਵਿੱਚ ਇਤਨੀ ਕੁ ਹੀ ਬੇਨਤੀ ਹੈ ਕਿ ਇਸ ਗੁਰਦੁਆਰੇ ਸੰਬੰਧੀ ਭਾਈ ਕਾਨ੍ਹ ਸਿੰਘ ਜੀ ਨੇ ਇਤਨਾ ਹੀ ਲਿਖਿਆ ਹੈ ਕਿ, “ਨਾਦੇੜ ਤੋਂ ਦੱਖਣ ਪਾਸੇ ਗੋਦਾਵਰੀ ਦੇ ਕਿਨਾਰੇ, ਜਿਸ ਥਾਂ ਸ਼ਿਕਾਰ ਖੇਡਕੇ ਸਤਿਗੁਰੂ ਵਿਸ਼੍ਰਾਮ ਕਰਦੇ ਸਨ।” ਮਹਾਨ ਕੋਸ਼ ਵਿੱਚ ਹੀ ਨਹੀਂ ਸਗੋਂ ਸ਼੍ਰੀ ਗੁਰ ਪ੍ਰਤਾਪ ਸੂਰਜ ਵਿੱਚ ਵੀ ਇਸ ਗੁਰਦੁਆਰਾ ਸਾਹਿਬ ਬਾਰੇ ਇਹੀ ਲਿਖਿਆ ਹੈ: “ਚਢਹਿਂ ਅਖੇਰ ਪ੍ਰਭੂ ਬਹੁ ਬਾਰੀ। ਜਾਂਹਿ ਗੁਦਾਵਰਿ ਸਰਿਤਾ ਪਾਰੀ। ਨਾਮ ਸ਼ਿਕਾਰ ਘਾਟ ਤਹਿਂ ਭਯੋ। ਐਬੇ ਜੈਬੇ ਕੋ ਮਗ ਥਯੋ।”
ਇਤਨਾ ਹੀ ਨਹੀਂ ਭਾਈ ਕਾਨ੍ਹ ਸਿੰਘ ਨਾਭਾ ਨੇ ਟਾਲ੍ਹੀ ਸਾਹਿਬ ਦੇ ਇਤਿਹਾਸ ਦੇ ਸੰਬੰਧ ਵਿੱਚ ਇਉਂ ਲਿਖਿਆ ਹੈ ਕਿ, “ਜਿਲਾ ਗੁਰਦਾਸਪੁਰ, ਤਸੀਲ ਸ਼ਕਰਗੜ੍ਹ, ਥਾਣਾ ਸ਼ਾਹਗਰੀ ਵਿੱਚ ਇੱਕ ਪਿੰਡ ਘੱਕਾਕੋਟਲੀ ਹੈ, ਉਸ ਤੋਂ ਅਗਨਿ ਕੌਣ ਆਬਾਦੀ ਦੇ ਪਾਸ ਹੀ ਗੁਰੂ ਹਰਿਰਾਇ ਸਾਹਿਬ ਟਾਲ੍ਹੀ ਬਿਰਛ ਹੇਠ ਵਿਰਾਜੇ ਹਨ, ਜੋ ਹੁਣ ਸੁੱਕ ਗਿਆ ਹੈ, ਪਰ ਉਸ ਦੀ ਥਾਂ ਹੋਰ ਪੈਦਾ ਹੋ ਗਿਆ ਹੈ। ਇਥੇ ਗੁਰੂ ਸਾਹਿਬ ਨੇ ਮੂਲੇ ਨੂੰ ਖ਼ਰਗੋਸ਼ ਦੀ ਯੋਨਿ ਤੋਂ ਮੁਕਤ ਕੀਤਾ, ਜਿਸ ਦੀ ਸਮਾਧ ਪਿੰਡ ਕਲ੍ਹਾਬੂਹਾ ਦੇ ਪਾਸ ਸੜਕ ਦੇ ਕਿਨਾਰੇ ਹੈ।” (ਮਹਾਨ ਕੋਸ਼)
ਇਕੋ ਵਿਅਕਤੀ ਨੂੰ ਹੀ ਗੁਰੂ ਹਰਿ ਰਾਏ ਜੀ ਅਤੇ ਗੁਰੂ ਗੋਬਿੰਦ ਸਿੰਘ ਜੀ ਵਲੋਂ ਆਪੋ ਆਪਣੇ ਸਮੇਂ `ਚ ਸਹੇ ਦੀ ਜੂਨ ਵਿੱਚੋਂ ਮੁਕਤ ਕਰਨ ਦੀ ਕਹਾਣੀ ਘੜੀ ਹੋਈ ਹੈ। ਇਸ ਤਰ੍ਹਾਂ ਦੇ ਹੋਰ ਕਈ ਸਥਾਨ ਬਣੇ ਹੋਏ ਹਨ ਜਿਹਨਾਂ ਬਾਰੇ ਇਸ ਤਰ੍ਹਾਂ ਦੀਆਂ ਮਨਘੜਤ ਕਹਾਣੀਆਂ ਪ੍ਰਚਲਤ ਹਨ। ਉਦਾਹਰਣ ਵਜੋਂ ਭਾਈ ਬੋਤਾ ਸਿੰਘ ਦੀਆਂ ਦੋ ਸਮਾਧਾਂ ਬਣੀਆਂ ਹੋਈਆਂ ਹਨ; ਇੱਕ ਅੰਮ੍ਰਿਤਸਰ ਵਿਖੇ ਅਤੇ ਦੂਜੀ ਨੂਰ ਦੀ ਸਰ੍ਹਾਂ ਵਿਖੇ। ਇਹ ਵੀ ਹੈਰਾਨਗੀ ਦੀ ਗੱਲ ਹੈ ਕਿ ਭਾਈ ਬੋਤਾ ਸਿੰਘ ਦੀਆਂ ਦੋਵੇਂ ਥਾਂ `ਤੇ ਸਮਾਧ ਬਣਾਉਣ ਵਾਲਾ ਇੱਕ ਹੀ ਵਿਅਕਤੀ ਸੀ।
ਸੋ, ਗੱਲ ਕੀ, ਭਾਈ ਮੂਲੇ ਸੰਬੰਧੀ ਪ੍ਰਚਲਤ ਇਹ ਸਾਖੀ ਨਿਰਾਧਾਰ ਹੈ, ਇਸ ਵਿੱਚ ਰੰਚ-ਮਾਤਰ ਵੀ ਸਚਾਈ ਨਹੀਂ ਹੈ। ਭਾਈ ਮੂਲਾ ਜੀ ਗੁਰੂ ਘਰ ਦੇ ਸੱਚੇ ਸੁੱਚੇ ਸੇਵਕ ਸਨ। ਇੰਜ ਪ੍ਰਤੀਤ ਹੁੰਦਾ ਹੈ ਕਿ ਗੁਰੂ ਸਾਹਿਬ ਵਲੋਂ, ਇਹਨਾਂ ਪਰਥਾਇ ਉਚਾਰਣ ਸਲੋਕ ਦੇ ਕਾਰਨ ਹੀ ਇਹ ਕਹਾਣੀ ਪ੍ਰਚਲਤ ਹੋਈ ਹੈ:
ਨਾਲਿ ਕਿਰਾੜਾ ਦੋਸਤੀ ਕੂੜੈ ਕੂੜੀ ਪਾਇ॥ ਮਰਣੁ ਨ ਜਾਪੈ ਮੂਲਿਆ ਆਵੈ ਕਿਤੈ ਥਾਇ॥ (ਪੰਨਾ 1412) ਅਰਥ:-ਹੇ ਭਾਈ! ਜੇ ਹਰ ਵੇਲੇ ਮਾਇਆ ਦੀਆਂ ਗਿਣਤੀਆਂ ਗਿਣਨ ਵਾਲੇ ਮਨੁੱਖ ਨਾਲ ਦੋਸਤੀ ਬਣਾਈ ਜਾਏ, (ਤਾਂ ਉਸ ਕਿਰਾੜ ਦੇ ਅੰਦਰਲੇ) ਮਾਇਆ ਦੇ ਮੋਹ ਦੇ ਕਾਰਨ (ਉਸ ਦੀ ਦੋਸਤੀ ਦੀ) ਪਾਂਇਆਂ ਭੀ ਇਤਬਾਰ-ਜੋਗ ਨਹੀਂ ਹੁੰਦੀ। ਹੇ ਮੂਲਿਆ! (ਮਾਇਆ ਦੇ ਮੋਹ ਵਿੱਚ ਫਸਿਆ ਹੋਇਆ ਮਨੁੱਖ ਸਦਾ ਮੌਤ ਤੋਂ ਬਚੇ ਰਹਿਣ ਦੇ ਉਪਰਾਲੇ ਕਰਦਾ ਰਹਿੰਦਾ ਹੈ, ਪਰ ਉਸ ਨੂੰ ਇਹ ਗੱਲ) ਸੁੱਝਦੀ ਹੀ ਨਹੀਂ ਕਿ ਮੌਤ ਕਿਸੇ ਭੀ ਥਾਂ ਤੇ (ਕਿਸੇ ਭੀ ਵੇਲੇ) ਆ ਸਕਦੀ ਹੈ।
.