.
<

ਚੰਗੇ ਸਮਾਜ ਦੀ ਸਿਰਜਨਾ … (12)

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

6. ਮਨੁੱਖੀ ਸਮਾਜ ਦੇ ਵਿਕਾਸ `ਤੇ ਇੱਕ ਸੰਖੇਪ ਪੰਛੀ-ਝਾਤ

ਅੱਜ ਅਸੀਂ ਪ੍ਰਭੂ-ਪਿਤਾ ਦੀ ਸਾਜੀ ਕੁਦਰਤਿ ਦੇ ਜਿਸ ਹਿੱਸੇ ਨੂੰ ਸੰਸਾਰ (world) ਕਹਿੰਦੇ ਹਾਂ, ਇਹ, ਅਸਲ ਵਿੱਚ, ਬੇਅੰਤ ਪ੍ਰਭੂ ਦੀ ਸਾਜੀ ਬੇਅੰਤ ਕੁਦਰਤਿ (ਸ੍ਰਿਸ਼ਟੀ) ਦਾ ਇੱਕ ਨਿੱਕਾ ਜਿਹਾ ਭਾਗ ਹੀ ਹੈ। ਸਾਡਾ ਇਹ ਸੰਸਾਰ ਕਦੋਂ ਹੋਂਦ ਵਿੱਚ ਆਇਆ, ਇਸ ਬਾਰੇ ਵੀ ਅੱਜ ਤੱਕ ਦੀ ਹੋ ਚੁੱਕੀ ਵਿਗਿਆਨਕ ਖ਼ੋਜ ਨਿਸਚਿਤ ਰੂਪ ਵਿੱਚ ਕੋਈ ਤਸੱਲੀ-ਬਖਸ਼ ਉੱਤਰ ਨਹੀਂ ਦੇ ਸਕੀ। ਮਨੁੱਖਤਾ ਦਾ ਪਿਛਲੇ ਤਕਰੀਬਨ ਪੰਜ ਕੁ ਹਜ਼ਾਰ ਸਾਲ ਦਾ ਇਤਿਹਾਸ ਹੀ ਲਿਖਤੀ ਰੂਪ ਵਿੱਚ ਮਿਲਦਾ ਹੈ। ‘ਇਤਿਹਾਸ’ ਸ਼ਬਦ ਦਾ ਮਤਲਬ ਹੈ ਇੰਜ ਹੋਇਆ (ਭਾਵ, ਇਤਿ=ਇੰਜ, ਹਾਸ=ਹੋਇਆ)। ਇਹ ਇੱਕ ਹਕੀਕਤ ਹੈ ਕਿ ਇਤਿਹਾਸ ਨੂੰ ਨਿਰੋਲ ਸ਼ੁੱਧ ਰੂਪ ਵਿੱਚ ਕਲਮਬੰਦ ਕਰਨਾ ਬਹੁਤ ਹੀ ਕਠਨ ਕੰਮ ਹੁੰਦਾ ਹੈ, ਕਿਉਂਕਿ ਇਤਿਹਾਸਕਾਰ ਦੀਆਂ ਆਪਣੀਆਂ ਮਨੌਤਾਂ, ਆਪਣੇ ਜ਼ਜ਼ਬਾਤ, ਆਪਣੇ ਮੱਤ (ਮਜ਼੍ਹਬ) ਦੀ ਵਿਚਾਰਧਾਰਾ ਨੂੰ ਸਹੀ ਸਾਬਤ ਕਰਨ ਦੀ ਰੁਚੀ, ਖ਼ੁਦਗਰਜ਼ੀ ਆਦਿ, ਇੱਕ ਪ੍ਰਛਾਵੇਂ ਦੀ ਤਰ੍ਹਾਂ ਉਸ ਦਾ ਪਿੱਛਾ ਕਰਦੀਆਂ ਰਹਿੰਦੀਆਂ ਹਨ ਅਤੇ ਕਿਤੇ ਨਾ ਕਿਤੇ ਉਸ ਵੱਲੋਂ ਵਰਨਣ ਕੀਤੀਆਂ ਜਾ ਰਹੀਆਂ ਇਤਿਹਾਸਕ ਘਟਨਾਵਾਂ ਨੂੰ, ਆਪਣੇ ਹੀ ਰੰਗ ਵਿੱਚ, ਪੇਸ਼ ਕਰਵਾ ਜਾਂਦੀਆਂ ਹਨ।

ਸਾਡੀ ਇਸ ਧਰਤੀ (ਸੰਸਾਰ) `ਤੇ, ਇਸ ਦੇ ਹੋਂਦ ਵਿੱਚ ਆਉਂਣ ਦੇ ਸਮੇਂ ਤੋਂ ਹੀ, ਮਨੁੱਖੀ ਆਬਾਦੀ ਵਿੱਚ ਲਗਾਤਾਰ ਵਾਧਾ ਹੁੰਦਾ ਆ ਰਿਹਾ ਹੈ। ਮੌਜੂਦਾ ਮਨੁੱਖੀ ਸਮਾਜ ਦੀ ਰੂਪ-ਰੇਖਾ ਨੂੰ ਸਮਝਣ ਲਈ ਇਸ ਦੇ ਅਤੀਤ ਉੱਤੇ ਇੱਕ ਸੰਖੇਪ ਜਿਹੀ ਝਾਤੀ ਮਾਰਨੀ ਪਵੇਗੀ। ਮਨੁੱਖੀ ਸਭਿਆਚਾਰ ਦੇ ਵਿਕਾਸ ਦੇ ਕਹੇ ਜਾਂਦੇ ‘ਪੱਥਰ-ਯੁਗ’ ਤੋਂ ਹੀ ਗੱਲ ਸ਼ੁਰੂ ਕਰ ਲੈਂਦੇ ਹਾਂ।

ਪੱਥਰ ਯੁਗ ਦਾ ਮਨੁੱਖ

ਇੰਜ ਲਗਦਾ ਹੈ ਕਿ ਉਸ ਸਮੇਂ ਤੱਕ ਮਨੁੱਖੀ ਸਭਿਅਤਾ ਅਤੇ ਸੂਝ-ਬੂਝ ਦਾ ਬਹੁਤ ਹੀ ਘੱਟ ਵਿਕਾਸ ਹੋਇਆ ਹੋਵੇਗਾ। ਪਰ, ਫਿਰ ਵੀ ਮਨੁੱਖ ਜੰਗਲਾਂ-ਬੇਲਿਆਂ ਵਿੱਚ ਜੰਗਲੀ ਜਾਨਵਰਾਂ ਤੋਂ ਬਚਾਅ ਕਰਨ ਲਈ ਟੋਲਿਆਂ ਦੇ ਰੂਪ ਵਿੱਚ ਰਹਿੰਦਾ ਹੋਵੇਗਾ। ਮਨੁੱਖੀ ਟੋਲਿਆਂ ਜਾਂ ਫ਼ਿਰਕਿਆਂ ਦੇ ਆਪਸ ਵਿੱਚ, ਕਈ ਕਾਰਨਾਂ ਕਰ ਕੇ, ਲੜਾਈ-ਝਗੜੇ ਵੀ ਜ਼ਰੂਰ ਹੁੰਦੇ ਹੋਣਗੇ। ਮਨੁੱਖ ਨੇ ਆਪੋ-ਆਪਣੇ ਟੋਲੇ (ਫ਼ਿਰਕੇ) ਦੀ ਰੱਖਿਆ ਤੇ ਵਿਕਾਸ ਲਈ ਜਥੇਬੰਦਕ ਢਾਂਚੇ, ਰਹਿਣ-ਸਹਿਣ ਦੇ ਢੰਗ ਅਤੇ ਕੁੱਝ ਕੁ ਸਮਾਜਕ ਅਸੂਲ ਵੀ ਹੋਂਦ ਵਿੱਚ ਲਿਆਂਦੇ ਹੋਣਗੇ। ਹਰੇਕ ਮਨੁੱਖੀ ਟੋਲੇ ਨੇ, ਮੋਟੇ ਤੌਰ `ਤੇ, ਆਪੋ-ਆਪਣਾ ਇਲਾਕਾ ਵੀ ਨਿਰਧਾਰਤ ਕੀਤਾ ਹੋਵੇਗਾ ਜਿਸ ਅੰਦਰ, ਆਮਤੌਰ `ਤੇ, ਉਸ ਨੇ ਵਿਚਰਨਾ ਹੁੰਦਾ ਸੀ।

ਆਮ ਮਨੁੱਖੀ ਸੁਭਾਅ ਅਨੁਸਾਰ, ਜਿਆਦਾ ਤਾਕਤਵਰ ਟੋਲਿਆਂ ਨੇ ਘੱਟ ਤਾਕਤਵਰ ਟੋਲਿਆਂ ਨੂੰ, ਹਿੱਕ ਦੇ ਜ਼ੋਰ ਨਾਲ, ਆਪਣੇ ਅਧੀਨ ਕਰਨਾ ਵੀ ਅਰੰਭ ਕਰ ਦਿੱਤਾ ਹੋਵੇਗਾ। ਤਾਕਤਵਰ ਟੋਲਿਆਂ ਦੇ ਸਤਾਏ ਹੋਏ ਕਮਜ਼ੋਰ ਟੋਲੇ ਆਪਣਾ ਇਲਾਕਾ ਛੱਡ ਕੇ ਦੂਰ-ਦੂਰਾਡੇ ਦੇ ਇਲਾਕਿਆਂ ਵਿੱਚ ਰਹਿਣ ਲਈ ਚਲੇ ਜਾਇਆ ਕਰਦੇ ਹੋਣਗੇ। ਮਨੁੱਖ ਕੰਦ-ਮੂਲ, ਜੰਗਲੀ ਫ਼ਲ ਆਦਿ ਖਾ ਕੇ ਗੁਜ਼ਾਰਾ ਕਰਦਾ ਹੋਵੇਗਾ। ਮਨੁੱਖ ਜੰਗਲੀ ਜਾਨਵਰਾਂ ਵਾਂਗ ਨਿਰ-ਬਸਤਰ ਹੀ ਰਹਿੰਦਾ ਹੋਵੇਗਾ। ਪਰ, ਇੱਕ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਉਸ ‘ਪੱਥਰ-ਯੁਗ’ ਦੇ ਸਮੇਂ ਦੌਰਾਨ ਕੋਈ ਮਜ਼੍ਹਬ, ਜਾਤ-ਪਾਤੀ ਵਰਗੀ ਊਚ-ਨੀਚ ਦੀ ਭਾਵਨਾ ਬਿਲਕੁਲ ਹੀ ਨਹੀਂ ਹੋਵੇਗੀ। ਪੱਥਰ-ਯੁਗ ਦਾ ਸਮਾਂ ਕਿਤਨੀ ਦੇਰ ਤੱਕ ਰਿਹਾ, ਇਸ ਬਾਰੇ ਵੀ ਨਿਸ਼ਚਿਤ ਤੌਰ `ਤੇ ਕੁੱਝ ਕਹਿ ਸਕਣਾ ਔਖਾ ਹੈ ਕਿਉਂਕਿ ਇਤਿਹਾਸ ਨੂੰ ਲਿਖਤੀ ਰੂਪ ਵਿੱਚ ਸੰਭਾਲ ਕੇ ਰੱਖਣ ਦਾ ਰਿਵਾਜ਼ ਉਸ ਵਕਤ, ਸ਼ਾਇਦ ਨਹੀਂ ਸੀ ਕਿਉਂਕਿ ਮਨੁੱਖੀ ਬੋਲੀ (ਭਾਸ਼ਾ) ਅਤੇ ਬੋਲੀ ਦੀਆਂ ਲਿਪੀਆਂ ਅਜੇ ਹੋਂਦ ਵਿੱਚ ਹੀ ਨਹੀਂ ਆਈਆਂ ਸਨ। ਪਰ, ਮਨੁੱਖੀ ਸਭਿਅਤਾ ਕੁੱਝ ਕੁ ਵਿਕਾਸ ਵੱਲ ਜਰੂਰ ਵਧੀ ਹੋਵੇਗੀ।

ਮਨੁੱਖੀ ਕਬੀਲੇ ਹੋਂਦ ਵਿੱਚ ਆਏ-ਰਜਵਾੜਾਸ਼ਾਹੀ ਦਾ ਅਰੰਭ

ਛੋਟੇ-ਵੱਡੇ ਟੋਲਿਆਂ ਦੇ ਰੂਪ ਵਿੱਚ ਵਿਚਰਦਾ ਹੋਇਆ ਮਨੁੱਖ ਵਿਕਾਸ ਕਰਦਾ-ਕਰਦਾ ਕਬੀਲਿਆਂ ਦੇ ਰੂਪ ਵਿੱਚ ਆਇਆ। ਦੂਸਰਿਆਂ ਨਾਲੋਂ ਸਰੀਰਕ ਤੌਰ `ਤੇ ਜਿਆਦਾ ਤਾਕਤਵਰ ਮਨੁੱਖ, ਕਬੀਲਿਆਂ ਦੇ ਮੁਖੀ (ਸਿਰਦਾਰ) ਬਣ ਗਏ ਜਿਨ੍ਹਾਂ ਦੀ ਜ਼ਿੰਮੇਵਾਰੀ ਆਪਣੇ ਕਬੀਲੇ ਦੀ ਰੱਖਿਆ ਕਰਨੀ ਹੁੰਦੀ ਸੀ। ਸਾਰਾ ਕਬੀਲਾ ‘ਕਬੀਲਾ-ਮੁੱਖੀ’ ਦੇ ਹੁਕਮਾਂ ਦੀ ਪਾਲਣਾ ਕਰਦਾ ਸੀ। ਜਿਵੇਂ-ਜਿਵੇਂ ਕਬੀਲੇ ਵੱਡੇ ਹੁੰਦੇ ਗਏ, ਕਬੀਲਾ-ਮੁੱਖੀ ਕਬੀਲੇ ਦੇ ਸਰੀਰਕ ਤੌਰ `ਤੇ ਰਿਸ਼ਟ-ਪੁਸ਼ਟ ਹੋਰ ਮਨੁੱਖਾਂ ਨੂੰ ਆਪਣੀ ਮਦਦ ਲਈ, ਨਾਲ ਰਲਾ ਕੇ ਰੱਖਣ ਲੱਗ ਪਏ। ਇਹ ਇੱਕ ਕਿਸਮ ਦੀ ਫ਼ੌਜੀ ਜਥੇਬੰਦੀ ਦਾ ਅਰੰਭਕ ਦੌਰ ਹੀ ਸੀ। ਇੰਜ ਕਬੀਲਿਆਂ ਦੇ ਮੁੱਖੀ ਆਪੋ-ਆਪਣੇ ਕਬੀਲਿਆਂ `ਚ ਆਪੋ-ਆਪਣਾ ਸ਼ਾਸਨ (ਸਮਾਜ-ਪ੍ਰਬੰਧ) ਚਲਾਉਂਣ ਲੱਗ ਪਏ। ਇਥੋਂ ਹੀ, ਅਜੋਕੀ ਰਾਜਨੀਤੀ ਦਾ ਅਰੰਭ ਹੋਇਆ ਕਿਹਾ ਜਾ ਸਕਦਾ ਹੈ। ਸਮਾਂ ਬੀਤਣ ਨਾਲ, ਇਹ ਰਾਜਨੀਤਕ ਸ਼੍ਰੇਣੀ ਮਨੁੱਖਤਾ ਦਾ ਸ਼ੋਸ਼ਨ ਕਰ ਕੇ ਐਸ਼-ਪ੍ਰਸਤੀ ਵੀ ਕਰਨ ਲੱਗ ਪਈ ਹੋਵੇਗੀ, ਕਿਉਂਕਿ, ਸਿਆਸੀ ਸੱਤਾ ਅਤੇ ਐਸ਼-ਪ੍ਰਸਤੀ ਦਾ, ਅਕਸਰ, ਨੇੜੇ ਦਾ ਸਬੰਧ ਹੁੰਦਾ ਹੈ।

ਪੁਜਾਰੀ ਸ਼੍ਰੇਣੀ ਦਾ ਮੁੱਢ ਬੱਝਣ ਲੱਗਾ

ਜੰਗਲਾਂ ਅਤੇ ਪਹਾੜਾਂ ਵਿੱਚ ਰਹਿੰਦੇ ਮਨੁੱਖ ਨੂੰ ਜਿੱਥੇ ਜੰਗਲੀ ਜਾਨਵਰਾਂ ਅਤੇ ਦੂਜੇ ਮਨੁੱਖੀ ਟੋਲਿਆਂ ਦਾ ਭੈਅ ਹੁੰਦਾ ਸੀ, ਉੱਥੇ ਕੁਦਰਤੀ ਆਫ਼ਤਾਂ (ਮੀਂਹ, ਹਨੇਰੀ, ਤੂਫ਼ਾਨ, ਆਸਮਾਨੀ ਬਿਜਲੀ, ਭੁਚਾਲ, ਹੜ੍ਹ ਆਦਿ) ਦਾ ਵੀ ਡਰ ਰਹਿੰਦਾ ਸੀ। ਇਸੇ ਮਨੁੱਖ-ਭੈਅ ਦੀ ਕਮਜ਼ੋਰੀ ਦਾ ਨਾਜਾਇਜ਼ ਫਾਇਦਾ ਉਠਾ ਕੇ, ਮਨੁੱਖ ਦਾ ਸ਼ੋਸ਼ਨ ਕਰਨ ਲਈ, ਅਤੇ ਵਿਹਲੀਆਂ ਖਾ ਕੇ ਮਨੁੱਖਾਂ ਨੂੰ ਆਪਣੇ ਹੁਕਮਾਂ ਅਨੁਸਾਰ ਚਲਾਉਂਣ ਦੀ ਰੁਚੀ ਅਧੀਨ, ਪੁਜਾਰੀ ਸ਼੍ਰੇਣੀ ਹੋਂਦ ਵਿੱਚ ਆਉਂਣ ਲੱਗੀ। ਇਸ ਸ਼੍ਰੇਣੀ ਵਿੱਚ ਉਹ ਮਨੁੱਖ ਸ਼ਾਮਿਲ ਹੋਣ ਲੱਗ ਪਏ ਜਿਹੜੇ ਦਿਮਾਗੀ ਪੱਧਰ `ਤੇ ਸਾਧਾਰਨ ਮਨੁੱਖਾਂ ਨਾਲੋਂ ਵਧੇਰੇ ਚੁਸਤ-ਚਾਲਾਕ ਹੁੰਦੇ ਸਨ। ਇਨ੍ਹਾਂ ਨੇ ਮਨੁੱਖ ਨੂੰ ਕੁਦਰਤੀ ਆਫ਼ਤਾਂ ਦੇ ਭੈਅ ਤੋਂ ਛੁਟਕਾਰਾ ਦਿਵਾਉਂਣ, ਲਈ ਤਰ੍ਹਾਂ-ਤਰ੍ਹਾਂ ਦੇ, ਮਨਘੜਤ ਨੁਸਖ਼ੇ (ਫ਼ਾਰਮੂਲੇ) ਤਿਆਰ ਕਰਨੇ ਸ਼ੁਰੂ ਕਰ ਦਿੱਤੇ ਅਤੇ ਮਨੁੱਖੀ ਮਨਾਂ ਨੂੰ ਵਹਿਮਾਂ-ਭਰਮਾਂ ਦੇ ਜਾਲ ਵਿੱਚ ਫਸਾਉਂਣਾ ਸ਼ੁਰੂ ਕਰ ਦਿੱਤਾ-ਯਾਨੀ ਕਿ, ਕੁਦਰਤੀ ਆਫ਼ਤਾਂ ਦੇ ਪਿੱਛੇ ਗ਼ੈਬੀ ਸ਼ਕਤੀਆਂ ਦੀ ਹੋਂਦ ਦੱਸ ਕੇ ਉਨ੍ਹਾਂ ਤੋਂ ਬਚਾਅ ਦੇ ਨੁਸਖ਼ੇ ਕਰਮ-ਕਾਂਡਾਂ, ਮਰਿਯਾਦਾਵਾਂ, ਰਸਮਾਂ-ਰੀਤਾਂ ਆਦਿ ਦੇ ਰੂਪ ਵਿੱਚ ਪ੍ਰਚੱਲਤ ਕਰ ਦਿੱਤੇ। ਇਨ੍ਹਾਂ ਨੁਸਖਿਆਂ ਦੀ ਵਿਧੀ-ਪੂਰਬਕ ਵਰਤੋਂ ਦਾ ‘ਗਿਆਨ’ ਅਤੇ ਅਧਿਕਾਰ ਆਪਣੇ ਲਈ ਰਾਖਵਾਂ ਕਰ ਕੇ, ਇਹ ਸ਼ਾਤਰ ਪੁਜਾਰੀ ਸ਼੍ਰੇਣੀ ਵੀ, ਮਨੁੱਖਤਾ ਦਾ ਹਰ ਪੱਧਰ ਤੇ ਸ਼ੋਸ਼ਨ ਕਰਨ ਲੱਗ ਪਈ। ਇਥੇ ਹੀ ਬੱਸ ਨਹੀਂ, ਸਮਾਂ ਪਾ ਕੇ ਇਹ ਪ੍ਰਜੀਵੀ ਜਮਾਤ (Parasite Class) ਮਨੁੱਖ ਅਤੇ ਰੱਬ ਵਿਚਕਾਰ ਵਿਚੋਲੀ ਬਣ ਕੇ ‘ਫ਼ਤਵੇ/ਹੁਕਮਨਾਮੇ’ ਵੀ ਜਾਰੀ ਕਰਨ ਲੱਗ ਪਈ ਅਤੇ ਅੱਜ ਤੱਕ ਕਰਦੀ ਆ ਰਹੀ ਹੈ।

ਸਮਾਜਿਕ ਭਾਈਚਾਰੇ ਦਾ ਅਰੰਭ-ਸਮਾਜਿਕ ਵਰਗ ਹੋਂਦ ਵਿੱਚ ਆਏ

ਪੱਥਰ ਯੁੱਗ ਦੇ ਅਨਿਸਚਿਤ ਸਮੇਂ ਤੋਂ ਬਾਅਦ, ਸ਼ਾਇਦ ਈਸਵੀ ਸੰਨ ਦੇ ਅਰੰਭ ਤੋਂ ਦੋ ਕੁ ਹਜ਼ਾਰ ਸਾਲ ਪਹਿਲਾਂ (2000 ਪਰਾਣਾ ਸਮਾਂ), ਮਨੁੱਖ ਜੰਗਲਾਂ ਵਿੱਚੋਂ ਨਿਕਲ ਕੇ ਬਾਹਰ ਬਸਤੀਆਂ ਬਣਾ ਕੇ ਰਹਿਣ ਲੱਗ ਪਿਆ ਸੀ ਅਤੇ ਆਪਣੇ ਰੁਜ਼ਗਾਰ ਲਈ, ਜੰਗਲਾਂ `ਤੇ ਨਿਰਭਰ ਰਹਿਣ ਦੇ ਨਾਲ-ਨਾਲ, ਬਦਲਵੇਂ ਸਾਧਨਾਂ ਦੀ ਤਲਾਸ਼ ਵੀ ਕਰਨ ਲੱਗ ਪਿਆ ਸੀ। ਫ਼ਿਰਕਿਆਂ ਦੇ ਆਪਸੀ ਮੇਲ-ਜੋਲ ਤੇ ਸਹਿਯੋਗ ਨੇ ਕਿੱਤਿਆਂ (ਪੇਸ਼ਿਆਂ) ਨੂੰ ਜਨਮ ਦਿੱਤਾ - ਕੁੱਝ ਲੋਕ ਖੇਤੀ-ਬਾੜੀ ਕਰਨ ਲੱਗ ਪਏ, ਕੁੱਝ ਖੇਤੀ-ਬਾੜੀ ਨਾਲ ਸਬੰਧਤ ਸੰਦ ਬਣਾਉਂਣ ਲੱਗ ਪਏ, ਕੁੱਝ ਲੋਕ ਘਰੇਲੂ ਵਰਤੋਂ ਦੀਆਂ ਚੀਜਾਂ (ਬਰਤਣ ਆਦਿ) ਬਣਾਉਂਣ ਅਤੇ ਮੁਰੰਮਤ ਕਰਨ ਲੱਗ ਪਏ, ਕੁੱਝ ਕੁ ਰੱਖਿਆ ਦੇ ਰਵਾਇਤੀ ਸ਼ਸਤਰ (ਨੇਜੇ, ਭਾਲੇ, ਬਰਛੇ, ਗੰਡਾਸੇ, ਤੀਰ-ਕਮਾਣ ਆਦਿ) ਬਣਾਉਂਣ ਲੱਗ ਪਏ, ਕੁੱਝ ਕੱਪੜੇ ਬਣਾ ਕੇ ਤਿਆਰ ਕਰਨ ਦੇ ਕਿੱਤੇ ਵਿੱਚ ਲੱਗ ਗਏ, ਕੁੱਝ ਪਸ਼ੂ ਪਾਲਣ ਲੱਗ ਪਏ, ਇਤਿਆਦਿ। ਪੈਸੇ-ਧੇਲੇ (ਨਕਦੀ) ਦੀ ਅਣਹੋਂਦ ਕਾਰਨ ਆਪਸੀ ਲੈਣ-ਦੇਣ (ਖਰੀਦੋ-ਫ਼ਰੋਖ਼ਤ) ਵਸਤਾਂ ਜਾਂ ਸੇਵਾਵਾਂ ਦੇ ਵਟਾਂਦਰੇ (Bartar System of Trade) ਦੇ ਰੂਪ ਵਿੱਚ ਹੀ ਹੁੰਦਾ ਸੀ। ਇਸ ਤਰ੍ਹਾਂ, ਆਪਸੀ ਸਹਿਜੋਗ ਵਾਲੇ ਸਮਾਜਿਕ ਵਰਗ ਹੋਂਦ ਵਿੱਚ ਆਏ।

ਸਮਾਜਿਕ ਵਰਗਾਂ ਅੰਦਰ ਊਚ-ਨੀਚ ਦੀ ਭਾਵਨਾ ਦਾ ਅਰੰਭ

ਸਮੇਂ ਦੀ ਲੋੜ ਅਨੁਸਾਰ, ਕਿੱਤੇ ਜੱਦੀ-ਪੁਸ਼ਤੀ ਰੂਪ ਧਾਰਨ ਕਰ ਗਏ। ਸਮਾਂ ਪਾ ਕੇ, ਕਿੱਤਿਆਂ ਦੀ ਜੱਦੀ-ਪੁਸ਼ਤੀ ਵੰਡ ਨੇ, ਮਨੁੱਖੀ ਸਮਾਜਿਕ ਵਰਗਾਂ ਅੰਦਰ, ‘ਊਚ-ਨੀਚ’ ਦੀ ਭਾਵਨਾਂ ਦੇ ਬੀਜ ਬੋਅ ਦਿੱਤੇ।

“ਊਚ-ਨੀਚ ਦੀ ਭਾਵਨਾਂ ਦੀਆਂ ਕੁੱਝ ਉਦਾਹਰਣਾਂ, ਈਸਵੀ ਸੰਨ ਦੇ ਪੂਰਬ (ਪੁਰਾਣਾ ਸਮਾਂ) ਦੇ ਸਮਾਜਿਕ ਇਤਿਹਾਸ ਵਿੱਚੋਂ ਲੱਭੀਆਂ ਜਾ ਸਕਦੀਆਂ ਹਨ:-

1. ਈਰਾਨ ਦੇ ਪਹਿਲੇ ਸਮੇਂ (ਪੁਰਾਣਾ ਸਮਾਂ) ਦੀ ਵਸੋਂ ਭਾਰਤ ਦੇ ਚਾਰ ਵਰਣਾਂ ਨਾਲ ਮੇਲ ਖਾਂਦੇ ਚਾਰ ਪਿਸ਼ਤਰਾਸ (Pistras) ਵਿੱਚ ਵੰਡੀ ਹੋਈ ਸੀ (Senart, Emibe: Caste in India, P-152)।

2. ਪੁਰਾਣੇ ਅਸੀਰੀਆ ਤੇ ਮਿਸਰ ਵਿੱਚ, ਅੱਡਰੇ-ਅੱਡਰੇ ਪੇਸ਼ਿਆਂ ਵਾਲਿਆਂ ਨੂੰ ਆਪਸ ਵਿਚਕਾਰ ਸ਼ਾਦੀ ਕਰਨ ਦੀ ਮਨਾਹੀਂ ਸੀ। ਗੋਗਅਟ ਲਿਖਦਾ ਹੈ ਕਿ, ‘ਅਸੀਰੀਆ ਦੀ ਸਲਤਨਤ ਵਿੱਚ ਜਨਤਾ ਕਈ ਕਬੀਲਿਆਂ ਵਿੱਚ ਵੰਡੀ ਹੋਈ ਸੀ ਅਤੇ ਪੇਸ਼ੇ ਜੱਦੀ ਸਨ। ਇਹ ਪਤਾ ਨਹੀਂ ਕਿ ਇਹ ਪ੍ਰਬੰਧ ਕਿਸ ਨੇ ਬਣਾਇਆ ਅਤੇ ਕਦੋਂ, ਪਰ ਇਹ ਧੁਰ ਕਦੀਮਾਂ ਤੋਂ ਸਾਰੇ ਏਸ਼ੀਆ ਅਤੇ ਹੋਰ ਕਈ ਮੁਲਕਾਂ ਵਿੱਚ ਸੀ’ (cited by sykes, W.H.: J.R.A.S.,Vol 6, No. XII, P-410)।

3.’ਮਿਸਰ ਵਿੱਚ ਸੂਰਾਂ ਨੂੰ ਪਾਲਣ ਵਾਲੇ, ਕਿਸੇ ਮੰਦਰ ਅੰਦਰ ਨਹੀਂ ਸੀ ਵੜ ਸਕਦੇ ਅਤੇ ਉਨ੍ਹਾਂ ਨੂੰ ਆਪਣੇ ਭਾਈਚਾਰੇ ਦੇ ਅੰਦਰ ਹੀ ਸ਼ਾਦੀ ਕਰਨੀ ਪੈਂਦੀ’ (Hutton J.H.: Caste in India, P-140)।

4.’ਅਫ਼ਰੀਕਾ ਦੀ ਉੱਤਰ-ਪੂਰਬੀ ਨੁੱਕਰ ਵਿੱਚ ‘ਸਮਾਲੀ’ ਲੋਕ ਵਸਦੇ ਹਨ। ਉਨ੍ਹਾਂ ਵਿੱਚ ਜ਼ੱਦੀ ਲੁਹਾਰ ਅੱਡਰੀਆਂ ਬਸਤੀਆਂ ਵਿੱਚ ਰਹਿੰਦੇ ਸਨ। ਕੋਈ ਮਸਾਈ ਕਿਸੇ ਲੁਹਾਰ ਨੂੰ, ਬਗੈਰ ਦੰਡ ਦੇ ਭਾਗੀ ਹੋਣ ਦੇ, ਮਾਰ ਸਕਦਾ ਸੀ, ਪਰ ਲੁਹਾਰ ਮਸਾਈ ਨੂੰ ਨਹੀਂ ਸੀ ਮਾਰ ਸਕਦਾ। … ਲੁਹਾਰ ਜੋ ਚੀਜ਼ਾਂ ਘੜਦੇ, ਉਹ ਅਪਵਿੱਤਰ ਸਮਝੀਆਂ ਜਾਂਦੀਆਂ ਅਤੇ ਉਨ੍ਹਾਂ ਨੂੰ ਵਰਤਣ ਤੋਂ ਪਹਿਲਾਂ ਗਰੀਸ ਲਾ ਕੇ ਸ਼ੁੱਧ ਕੀਤਾ ਜਾਂਦਾ’ (ਉਪਰੋਕਤ, ਸਫ਼ਾਰ-142)।

5.’ਅਫ਼ਰੀਕਾ ਦੇ ਦੂਸਰੇ ਬੰਨੇ, ਇਬੂ ਸੁਸਾਇਟੀ ਵਿੱਚ, ‘ਓਸੂ’ ਵਸਦੇ ਹਨ। ਓਸੂ ‘ਆਜ਼ਾਦ ਇਬੂਆਂ’ ਨਾਲ ਮੇਲ-ਜੋਲ ਨਹੀਂ ਕਰ ਸਕਦੇ, ਉਨ੍ਹਾਂ ਨੂੰ ਅੱਡਰੀ ਬਸਤੀ ਵਿੱਚ ਰਹਿਣਾ ਪੈਂਦਾ ਹੈ, ਅਤੇ ਕਿਸੇ ਨੂੰ ਓਸੂ ਕਹਿ ਦੇਣਾ ਉਸ ਦੀ ਨਿਰਾਦਰੀ ਕਰਨਾ ਹੈ’ (ਉਪਰੋਕ, ਸਫ਼ਾ 143)।

6.’ਜਾਪਾਨ ਵਿੱਚ ‘ਏਟਾ’ ਨਾਮੀ ਫ਼ਿਰਕਾ ਅਛੂਤ ਹੈ …. ਉਹ ਪਸ਼ੂਆਂ ਬਰਾਬਰ ਸਮਝੇ ਜਾਂਦੇ …. ਪਿੰਡ ਤੋਂ ਬਾਹਰ ਅੱਡਰੀ ਬਸਤੀ ਵਿੱਚ ਵਸਦੇ। ਦੂਸਰਿਆਂ ਨਾਲੋਂ ਨਿਖੇੜਨ ਲਈ, ਉਨ੍ਹਾਂ ਨੂੰ ਵੱਖਰੀ ਕਿਸਮ ਦੀ ਪੁਸ਼ਾਕ ਪਹਿਨਣੀ ਪੈਂਦੀ। ਆਪਣੇ ਭਾਈਚਾਰੇ ਦੇ ਅੰਦਰ ਹੀ ਸ਼ਾਦੀ ਕਰ ਸਕਦੇ। ਹੋਰਨਾਂ ਜਮਾਤਾਂ ਨਾਲ ਭਾਈਚਾਰਕ ਮੇਲ-ਜੋਲ ਨਾ ਕਰਦੇ ਅਤੇ ਸਿਰਫ਼ ਹਨ੍ਹੇਰੇ ਸਮੇਂ ਘਰੋਂ ਬਾਹਰ ਨਿਕਲ ਸਕਦੇ’ (ਉਪਰੋਕਤ, ਸਫ਼ਾ 147)।

7.’ਭਾਰਤੀ ਅਛੂਤਾਂ ਨਾਲ ਸਭ ਤੋਂ ਨੇੜੇ ਦੀ ਮਿਲਦੀ ਮਿਸਾਲ ਬਰ੍ਹਮਾਂ ਦੇ ਮੰਦਰਾਂ ਦੇ ਗ਼ੁਲਾਮਾਂ ਦੀ ਹੈ। ‘ਪਗੋਡਾ’ (ਬਰ੍ਹਮੀ ਮੰਦਰ) ਦਾ ਗ਼ੁਲਾਮ, ਉਮਰ-ਭਰ ਲਈ ਗ਼ੁਲਾਮ ਹੁੰਦਾ ਹੈ, ਅਤੇ ਉਸ ਦੇ ਬੱਚੇ ਅਤੇ ਆਉਂਣ ਵਾਲੀਆਂ ਨਸਲਾਂ, ਹਮੇਸ਼ਾਂ ਲਈ, ਪਗੋਡਾ-ਗ਼ੁਲਾਮ ਹੁੰਦੀਆਂ ਹਨ। ਰਾਜਾ ਵੀ ਉਨ੍ਹਾਂ ਨੂੰ ਰਿਹਾਅ ਨਹੀਂ ਕਰਵਾ ਸਕਦਾ’ (ਉਪਰੋਕਤ, ਸਫ਼ਾ 144)।

‘ਪਹਿਲੀ ਗੱਲ ਇਹ, ਉਪਰ ਜੋ ਮਿਸਾਲਾਂ ਦਿੱਤੀਆਂ ਗਈਆਂ ਹਨ, ਉਨ੍ਹਾਂ ਦਾ ਸੰਬੰਧ ਸੁਸਾਇਟੀ ਦੇ ਇੱਕ-ਅੱਧੇ ਹਿੱਸੇ ਨਾਲ ਹੀ ਹੈ, ਸਾਰੀ ਸੁਸਾਇਟੀ ਉੱਤੇ ਲਾਗੂ ਨਹੀਂ ਹੁੰਦਾ। ਅਰਥਾਤ, ਉਹ ਸਮੁੱਚੀ ਸੁਸਾਇਟੀ ਦਾ ਅਸਲਾ ਜ਼ਾਹਿਰ ਨਹੀਂ ਕਰਦੀਆਂ। ਭਾਰਤ ਤੋਂ ਬਿਨਾਂ, ਬਾਕੀ ਮੁਲਕਾਂ ਵਿੱਚ, ਜਾਤ-ਪਾਤੀ ਨਾਲ ਮਿਲਦੇ ਇਹ ਵਿਤਕਰੇ, ਰਹਿੰਦ-ਖੂੰਦ ਦੀ ਸ਼ਕਲ ਵਿੱਚ ਹੀ ਰਹੇ। ਇਹ ਫੈਲ ਕੇ, ਸਮੁੱਚੇ ਸਮਾਜ ਨੂੰ ਆਪਣੇ ਕਾਬੂ ਵਿੱਚ ਲੈਣ ਵਾਲਾ ਜਾਤ-ਪਾਤੀ ਪ੍ਰਬੰਧ ਨਹੀਂ ਬਣੇ। ਰੈਵਿਲਊਟ ਇਸ ਸਿੱਟੇ `ਤੇ ਪੁਜਦਾ ਹੈ ਕਿ ਭਾਵੇਂ ਮਿਸਰ ਦੇ ਜਾਤ-ਪਾਤੀ ਵਰਗੇ ਵਿਤਕਰਿਆਂ ਦੀ ਕੋਈ ਵੀ ਸ਼ਕਲ ਸੀ, ਪਰ ਕੋਈ ਨਿਸ਼ਾਨੀ ਨਹੀਂ ਜੋ ਜ਼ਾਹਰ ਕਰੇ ਕਿ ਉਥੇ (ਮਿਸਰ ਵਿੱਚ) ਭਾਰਤ ਵਰਗਾ ਜਾਤ-ਪਾਤੀ ਪ੍ਰਬੰਧ ਸੀ’ (ਉਪਰੋਕਤ, ਸਫ਼ਾ 141)।

…. `ਚੀਨ ਵਿੱਚ ਵੀ ਜਾਤ-ਪਾਤ ਨਾਲ ਮਿਲਦੇ-ਜੁਲਦੇ ਭਾਈਚਾਰਕ ਵਿਤਕਰਿਆਂ ਦੇ ਨਿਸ਼ਾਨ ਸਨ। ਨਾਈਆਂ ਅਤੇ ਉਨ੍ਹਾਂ ਦੀ ਔਲਾਦ ਨੂੰ ਅਛੂਤ ਸਮਝਿਆ ਜਾਂਦਾ। ਉਹ ਸਰਕਾਰੀ ਨੌਕਰੀ ਨਹੀਂ ਸੀ ਲੈ ਸਕਦੇ। ਨਾਚੇ, ਨਾਚੀਆਂ, ਪੁਲਸੀਏ ਤੇ ਮਲਾਹ ਨੀਵੇਂ ਸਮਝੇ ਜਾਂਦੇ ਅਤੇ ਇਨ੍ਹਾਂ ਨੂੰ ਭਾਈਚਾਰਕ ਦਾਇਰੇ ਵਿੱਚ ਹੀ ਸ਼ਾਦੀ ਕਰਨੀ ਪੈਂਦੀ। ਕੋਈ ਗ਼ੁਲਾਮ, ਅਜ਼ਾਦ ਇਸਤਰੀ ਨਾਲ ਵਿਆਹ ਨਹੀਂ ਸੀ ਕਰਵਾ ਸਕਦਾ’ (Douglas, R.K.: Society in China, PP, 120-146)।

‘ਪਰ ਸਮੁੱਚੇ ਤੌਰ `ਤੇ ਵੇਖਿਆਂ, ਚੀਨੀ ਸੁਸਾਇਟੀ ਵਿੱਚ ਖ਼ਾਸ ਤੌਰ `ਤੇ, ਘੱਟ ਤੋਂ ਘੱਟ ਬੱਝਵੀਂ ਜਮਾਤ-ਵੰਡ ਰਹੀ ਹੈ’ (Litauratte, K.S.: The Chinese History and Culture, PP579-80)।

ਨੋਟ: ਉੱਪਰਲੇ ਸਾਰੇ ਹਵਾਲੇ ਜਗਜੀਤ ਸਿੰਘ ਦੀ ਪੁਸਤਕ ‘ਸਿੱਖ ਇਨਕਲਾਬ’ (ਸਫ਼ੇ 6-9) ਤੋਂ ਲਏ ਗਏ ਹਨ।

ਸਰਮਾਏਦਾਰ ਸ਼੍ਰੇਣੀ (ਮਾਇਆਧਾਰੀ) ਹੋਂਦ ਵਿੱਚ ਆਈ

ਸਮਾਂ ਬੀਤਦਾ ਗਿਆ। ਰਜਵਾੜਾਸ਼ਾਹੀ ਅਤੇ ਪੁਜਾਰੀ ਸ਼੍ਰੇਣੀ ਦੇ ਸ਼ੋਸ਼ਨ ਤੋਂ ਤੰਗ ਆ ਕੇ ਕੁੱਝ ਲੋਕ ਇਨ੍ਹਾਂ ਦੇ ਖਿਲਾਫ਼ ਖੜ੍ਹੇ ਹੋਣ ਲੱਗ ਪਏ, ਤਾਂ ਇਨ੍ਹਾਂ ਦੋਵਾਂ ਸ਼੍ਰੇਣੀਆਂ ਨੇ ਆਪਸ ਵਿੱਚ ਸਮਝੌਤਾ ਕਰ ਕੇ ਗੱਠਜੋੜ ਬਣਾ ਲਿਆ ਅਤੇ ਇਸ ਤਰ੍ਹਾਂ ਮਿਲ ਕੇ ਮਨੁੱਖਤਾ ਦਾ ਸ਼ੋਸ਼ਨ ਕਰਦੇ ਰਹੇ। ਇਤਿਹਾਸ ਦੇ ਇਸੇ ਦੌਰ ਦੌਰਾਨ, ਕੁੱਝ ਕੁ ਸਰੀਰਕ ਤੌਰ `ਤੇ ਤਕੜੇ ਅਤੇ ਦਿਮਾਗੀ ਤੌਰ `ਤੇ ਵਧੇਰੇ ਚੁਸਤ-ਚਾਲਾਕ ਲੋਕ ਆਪਣੀ ਵਰਤੋਂ ਲਈ ਵਧੇਰੇ ਸਾਧਨ ਇਕੱਤਰ ਕਰਨ ਵਿੱਚ ਸਫ਼ਲ ਹੋ ਗਏ। ਇਸ ਤਰ੍ਹਾਂ, ਆਪਣੀ ਆਰਥਕ ਸ਼ਕਤੀ ਦੇ ਸਹਾਰੇ ਮਨੁੱਖਤਾ ਦਾ ਸ਼ੋਸ਼ਨ ਕਰਨ ਲੱਗ ਪਏ। ਇਥੋਂ ਹੀ ਮੌਜੂਦਾ ਸਰਾਮਏਦਾਰ ਜਮਾਤ ਹੋਂਦ ਵਿੱਚ ਆਉਂਣ ਲੱਗ ਪਈ। ਇਸ ਤਰ੍ਹਾਂ ਮਨੁੱਖੀ ਸਮਾਜ, ‘ਰਾਜਨੀਤਕ-ਪੁਜਾਰੀ-ਸਰਮਾਏਦਾਰ’ ਦੀ ਤਿੱਕੜੀ ਦੇ ਸ਼ੋਸ਼ਨ ਦਾ ਸ਼ਿਕਾਰ ਹੋਣ ਲੱਗਾ ਅਤੇ ਇਹ ਦੁਖਦਾਈ ਰੁਝਾਨ ਅੱਜ ਦੀ ਕਹੀ ਜਾਂਦੀ ਵਿਕਸਤ ਸਦੀ (21ਵੀਂ ਸਦੀ) ਵਿੱਚ ਵੀ ਬਾ-ਦਸਤੂਰ ਜਾਰੀ ਹੈ। ਜਿਸ ਤਰ੍ਹਾਂ ਕਿ ਇਸ ਲਿਖਤ ਵਿੱਚ ਅੱਗੇ ਜਾ ਕੇ ਜ਼ਿਕਰ ਕੀਤਾ ਜਾਵੇਗਾ, ਧਰਮਾਂ ਦੀ ਸ਼ੁਰੂਆਤ ਹੀ ਇਸ ਤਿੱਕੜੀ ਦੇ ਮਾਨਵ-ਵਿਰੋਧੀ ਕਿਰਦਾਰ ‘ਤੋਂ ਮਨੁੱਖਤਾ ਨੂੰ ਛੁਟਕਾਰਾ ਦਿਵਾਉਂਣ ਲਈ ਹੋਈ ਸੀ। ਮਨੁੱਖਤਾ ਨੂੰ ਇਸ ਤਿਕੱੜੀ ਦੀ ਲੁੱਟ-ਖਸੁੱਟ ਅਤੇ ਸ਼ੋਸ਼ਨ ਤੋਂ ਨਿਜ਼ਾਤ ਦਿਵਾਉਂਣ ਲਈ ਹੀ ਧਰਮ (ਮਜ਼੍ਹਬ) ਹੋਂਦ ਵਿੱਚ ਆਉਂਦੇ ਰਹੇ ਹਨ। ਪਰ, ਇਹ ਖ਼ੁਦਗਰਜ਼ ਤੇ ਸ਼ਾਤਰ ਤਿੱਕੜੀ ਇਨ੍ਹਾਂ ਮਾਨਵਵਾਦੀ ਮੱਤਾਂ ਦੇ ਫ਼ਲਸਫ਼ਿਆਂ ਨੂੰ ਤੋੜ-ਮਰੋੜ ਕੇ ਨਵੇਂ ਰੂਪਾਂ ਵਿੱਚ ਪੇਸ਼ ਕਰਨ ਵਿੱਚ ਸਫ਼ਲ ਹੁੰਦੀ ਰਹੀ ਹੈ ਅਤੇ ਮਨੁੱਖਤਾ ਦਾ ਸਰਬ-ਪੱਖੀ ਸ਼ੋਸ਼ਨ ਕਰਦੀ ਰਹੀ ਹੈ।

ਕੌਮੀ ਜ਼ਜ਼ਬੇ ਦੀ ਉਤਪਤੀ ਅਤੇ ਵਿਕਾਸ

“ਸਮਾਜਿਕ ਵਿਗਿਆਨ ਦੇ ਦ੍ਰਿਸ਼ਟੀਕੋਨ ਤੋਂ ਦੇਖਿਆਂ, ਕੌਮੀ ਜ਼ਜ਼ਬੇ ਦੀ ਉਤਪਤੀ ਤੇ ਵਿਕਾਸ ਦਾ ਅਮਲ ਇੱਕ ਇਤਿਹਾਸਕ ਵਰਤਾਰਾ ਹੈ ਜੋ ਇਤਿਹਾਸ ਦੇ ਇੱਕ ਖਾਸ ਪੜਾਅ `ਤੇ ਜਾ ਕੇ ਪੈਦਾ ਹੋਇਆ। ਮੱਧਯੁਗ ਦੇ ਮੁੱਢਲੇ ਦੌਰ ਤੱਕ ‘ਕੌਮ’ ਅਤੇ ‘ਕੌਮਪ੍ਰਸਤੀ’ ਦਾ ਕੋਈ ਸੰਕਲਪ ਪੈਦਾ ਨਹੀਂ ਸੀ ਹੋਇਆ। ਲੋਕਾਂ ਦੀ ਬੁਨਿਆਦੀ ਵਫ਼ਾਦਾਰੀ ਆਪਣੇ ਰਾਜੇ ਤੇ ਰਾਜਾਸ਼ਾਹੀ ਨਾਲ ਹੁੰਦੀ ਸੀ। ਪਰਜਾ ਅੰਦਰ ਆਪਣੇ ਰਾਜੇ ਤੇ ਉਸ ਦੇ ਰਾਜ ਦੀ ਰੱਖਿਆ ਨੂੰ ਆਪਣਾ ਧਰਮ ਸਮਝਣ ਦੀ ਸੋਚ ਤੇ ਭਾਵਨਾ ਵਿਕੱਸਤ ਕਰਨ ਦੇ ਯਤਨ ਕੀਤੇ ਜਾਂਦੇ ਸਨ। ਇਸ ਕਾਰਜ ਵਿੱਚ ਧਾਰਮਿਕ ਮੁੱਖੀਆਂ ਦਾ ਉਚੇਚਾ ਸਹਿਯੋਗ ਲਿਆ ਜਾਂਦਾ ਸੀ। … ਰਾਜ ਦੀਆਂ ਫ਼ੌਜਾਂ ‘ਮਾਂਗਵੀਂ ਧਾੜ’ ਦੇ ਦਸਤੂਰ ਅਨੁਸਾਰ ਖੜ੍ਹੀਆਂ ਕੀਤੀਆਂ ਜਾਂਦੀਆਂ ਸਨ। …. ਇਤਿਹਾਸ ਅੰਦਰ ਮੱਧਯੁਗ ਦੀਆਂ ਸਾਰੀਆਂ ਜੰਗਾਂ ਦੌਰਾਨ ‘ਧਰਮ’ ਅਤੇ ‘ਰਾਜ-ਭਗਤੀ’ ਦੇ ਜ਼ਜ਼ਬੇ ਨੇ ਨਿਰਣਾਇਕ ਭੂਮਿਕਾ ਨਿਭਾਈ ਹੈ।

ਮੱਧਯੁਗ ਦੇ ਮਗਰਲੇ ਦੌਰ ਅੰਦਰ ਹਾਲਾਤ ਵਿੱਚ ਇੱਕ ਵੱਡੀਹ ਤੇ ਸਿਫ਼ਤੀ ਤਬਦੀਲੀ ਵਾਪਰਨੀ ਸ਼ੁਰੂ ਹੋਈ। ਲੋਕਾਂ ਅੰਦਰ ਆਪਣੀ ਜ਼ੁਬਾਨ, ਧਰਤੀ, ਵਿਰਾਸਤ, ਭਾਈਚਾਰੇ ਤੇ ਸਭਿਆਚਾਰ ਨਾਲ ਮੋਹ ਦੀਆਂ ਭਾਵਨਾਵਾਂ ਪ੍ਰਫੁੱਲਤ ਹੋਣ ਲੱਗੀਆਂ। ਆਰਥਿਕ, ਸਮਾਜਿਕ ਤੇ ਸਭਿਆਚਾਰਕ ਜ਼ਿੰਦਗੀ ਅੰਦਰ ਵੱਡੀਆਂ ਵਿਕਾਸਮੁੱਖੀ ਤਬਦੀਲੀਆਂ ਦੇ ਸਿਲਸਿਲੇ ਨਾਲ, ਲੰਮੇ ਚਿਰਾਂ ਤੋਂ ਇੱਕ ਸਾਂਝੇ ਖੇਤਰ ਅੰਦਰ ਰਹਿੰਦੇ ਆ ਰਹੇ ਅਤੇ ਸਾਂਝੀ ਜ਼ੁਬਾਨ, ਸਭਿਆਚਾਰ, ਇਤਿਹਾਸ ਤੇ ਵਿਰਸੇ ਦੀਆਂ ਸਾਂਝੀਆਂ ਤੰਦਾਂ ਨਾਲ ਜੁੜੇ ਲੋਕਾਂ ਦੇ ਅਲੱਗ-ਅਲੱਗ ਕੌਮੀ ਭਾਈਚਾਰਿਆਂ ਦੇ ਰੂਪ ਵਿੱਚ ਜਥੇਬੰਦ ਹੋਣ ਦਾ ਅਮਲ ਅੱਗੇ ਵਧਿਆ। ਸਹਿਜੇ-ਸਹਿਜੇ ਉਨ੍ਹਾਂ ਦੀਆਂ ਕੌਮੀ ਹਸਤੀਆਂ ਉੱਭਰ ਆਈਆਂ। …

ਰਾਜ-ਭਗਤੀ ਦੇ ਜ਼ਜ਼ਬੇ ਦੀ ਥਾਂ ਕੌਮੀ ਸੋਝੀ ਤੇ ਭਾਵਨਾ ਪ੍ਰਫ਼ੁੱਲਤ ਹੋਣ ਲੱਗੀ। …. ਲੋਕ ਹਰ ਮਸਲੇ ਨੂੰ ਆਪਣੇ ਕੌਮੀ ਹਿੱਤਾਂ ਦੇ ਨੁਕਤਾ-ਨਜ਼ਰ ਤੋਂ ਦੇਖਣ ਲੱਗੇ। …. ਇਸ ਆਧਾਰ `ਤੇ ‘ਜ਼ਾਇਜ਼’ ਅਤੇ ‘ਨਾ-ਜ਼ਾਇਜ਼’ ਅਮਲਾਂ ਦਾ ਨਿਖੇੜਾ ਹੋਣ ਲੱਗਾ। …. ਕੌਮੀ ਰਾਜਾਂ ਦੀਆਂ ਹੱਦਾਂ ਇੱਕ ਨਿਸ਼ਚਿਤ ਅਸੂਲ ਤੇ ਮਰਯਾਦਾ ਅਨੁਸਾਰ ਤੈਅ ਹੋਣ ਲੱਗ ਪਈਆਂ। ਕੌਮੀ ਰਾਜਾਂ ਦੀਆਂ ਹਥਿਆਰਬੰਦ ਫ਼ੌਜਾਂ ਅੰਦਰ ‘ਮਾਂਗਵੀਂ-ਧਾੜ’ ਵਾਲੀ ਬਿਰਤੀ ਦੀ ਥਾਂ ਕੌਮੀ ਸੋਚ ਤੇ ਭਾਵਨਾ ਨੇ ਲੈਣੀ ਸ਼ੁਰੂ ਕਰ ਦਿੱਤੀ। ਯੂਰਪ ਅੰਦਰ ਅਤੇ ਖ਼ਾਸ ਕਰ ਕੇ ਇਸ ਦੇ ਪੱਛਮੀ ਭਾਗ ਅੰਦਰ, ਕਿਉਂਕਿ ਹਰ ਕੌਮ ਨੇ ਆਪੋ-ਆਪਣੇ ਆਜ਼ਾਦ ਕੌਮੀ-ਰਾਜ ਸਥਾਪਤ ਕਰ ਲਏ ਸਨ, ਇਸ ਕਰ ਕੇ ਇੱਕੋ ਇਕਹਿਰੀ ਕੌਮ `ਤੇ ਆਧਾਰਤ ਇਨ੍ਹਾਂ ਰਾਜਾਂ ਅੰਦਰ ‘ਦੇਸ਼-ਭਗਤੀ’ ਅਤੇ ‘ਕੌਮ-ਪ੍ਰਸਤੀ’ ਦੀਆਂ ਟਰਮਾਂ ਸਮ-ਅਰਥੀ ਹੋ ਨਿੱਬੜੀਆਂ। ਪਰ, ਪੂਰਬ ਦੇ ਬਹੁਤ ਦੇਸ਼ਾਂ ਅੰਦਰ, ਜਿਥੇ ਇੱਕ ਤੋਂ ਵੱਧ ਲੋਕਾਂ ਨੂੰ ਇੱਕੋ ਸਾਂਝੇ ਰਾਜ ਅੰਦਰ ਨਰੜ ਕੇ ਰੱਖਿਆ ਹੋਇਆ ਸੀ, ‘ਦੇਸ਼-ਭਗਤੀ’ ਤੇ ‘ਕੌਮ-ਪ੍ਰਸਤੀ’ ਦੋ ਅਲੱਗ-ਅਲੱਗ ਗੱਲਾਂ ਸਨ। ਇੱਕ ਬਹੁ-ਕੌਮੀ ਰਾਜ ਅੰਦਰ ‘ਗ਼ਾਲਬ-ਕੌਮ’ ਅਤੇ ‘ਮਹਿਕੂਮ-ਕੌਮ’ (ਜਾਂ ਕੌਮਾਂ) ਦੇ ਹਿੱਤ ਇੱਕ-ਸਮਾਨ ਨਹੀਂ ਹੋ ਸਕਦੇ। ਦੋਨਾਂ ਦੇ ਹਿੱਤਾਂ ਤੇ ਨਜ਼ਰੀਏ ਵਿੱਚ ਬੁਨਿਆਦੀ ਪਾੜਾ ਹੁੰਦਾ ਹੈ। ਗ਼ਾਲਬ-ਕੌਮ ਦੀ ਰੁਚੀ ਦੇਸ਼ ਦੇ ਕਾਇਮ-ਮੁਕਾਮ ਢਾਂਚੇ ਤੇ ਸਰੂਪ ਨੂੰ ਬਰਕਰਾਰ ਰੱਖਣ ਵਿੱਚ ਹੁੰਦੀ ਹੈ ਕਿਉਂ ਜੁ ਇਹ ਢਾਂਚਾ ਉਸ ਨੂੰ ਦੇਸ਼ ਅੰਦਰਲੀਆਂ ਮਜ਼ਲੂਮ-ਕੌਮਾਂ ਉੱਤੇ ਕਾਠੀ ਪਾ ਕੇ ਰੱਖਣ ਵਿੱਚ ਸਹਾਈ ਹੁੰਦਾ ਹੈ। ਇਸ ਦੇ ਉਲਟ ਮਹਿਕੂਮ ਕੌਮਾਂ ਦੇ ਹਿੱਤ ਇਸ ਢਾਂਚੇ ਨੂੰ ਜਾਂ ਤਾਂ ਪੂਰੀ ਤਰ੍ਹਾਂ ਤਹਿਸ-ਨਹਿਸ ਕਰ ਸੁੱਟਣ ਜਾਂ ਫਿਰ ਇਸ ਵਿੱਚ ਭਾਰੀ ਰੱਦੋ-ਬਦਲ ਲਿਆਉਂਣ ਦੀ ਮੰਗ ਕਰਦੇ ਹਨ, ਜਿਸ ਨਾਲ ਉਹ ਗ਼ਾਲਬ ਕੌਮ ਦੀ ਗ਼ੁਲਾਮੀ ਤੋਂ ਨਿਜ਼ਾਤ ਹਾਸਿਲ ਕਰ ਸਕਣ। … ਮਹਿਕੂਮ ਕੌਮਾਂ ਦੀ ਜੰਤਾ, ਜੇਕਰ ਉਸ ਦੀ ਆਪਣੀ ਹੀ ਗ਼ੁਲਾਮੀ ਦੇ ਇਸ ਸੰਦ ਦੀ ਰੱਖਿਆ ਕਰ ਕੇ ਇਸ ਨੂੰ ਮਜ਼ਬੂਤੀ ਬਖਸ਼ਦੀ ਹੈ, ਤਾਂ ਉਹ ਆਪਣੀ ਹੀ ਗਰਦਨ ਦੁਆਲੇ ਫ਼ਾਸੀ ਦਾ ਰੱਸਾ ਕਸਣ ਦਾ ਸਵੈ-ਵਿਨਾਸ਼ਕਾਰੀ ਕਰਮ ਕਰ ਰਹੀ ਹੁੰਦੀ ਹੈ। ਜਿਵੇਂ ਗ਼ਾਲਬ ਕੌਮ ਅਤੇ ਮਹਿਕੂਮ ਕੌਮ ਦੇ ਹਿੱਤ ਇੱਕ-ਸਮਾਨ ਨਹੀਂ ਹੁੰਦੇ, ਉਸੇ ਤਰ੍ਹਾਂ ਉਨ੍ਹਾਂ ਦੇ ਫ਼ਰਜ਼ ਵੀ ਇੱਕ-ਸਮਾਨ ਨਹੀਂ ਹੋ ਸਕਦੇ। ਇੱਕ ਲਈ ਜੋ ‘ਪੁੰਨ’ ਹੈ, ਦੂਜੇ ਲਈ ਉਹ ‘ਪਾਪ’ ਹੈ। … ਜਿੱਥੇ ਮਹਿਕੂਮ ਕੌਮ ਵੱਲੋਂ ਆਪਣੀ ਆਜ਼ਾਦੀ ਲਈ ਲੜਨਾ ਉਸ ਦਾ ਕੌਮੀ ਫ਼ਰਜ਼ ਤੇ ਪਵਿੱਤਰ ਕਰਮ ਹੈ, ਉਥੇ ਗ਼ਾਲਬ ਕੌਮ ਦੀਆਂ ਨਜ਼ਰਾਂ ਵਿੱਚ ਇਹ ਘੋਰ ਅਪਰਾਧ ਹੈ। ਗ਼ਾਲਬ ਧਿਰ ਦੀ ਕੌਮ-ਪ੍ਰਸਤੀ ਤੇ ਮਜ਼ਲੂਮ ਧਿਰ ਦੀ ਕੌਮ-ਪ੍ਰਸਤੀ ਵਿਚਕਾਰ ਵੱਡਾ ਵਖਰੇਵਾਂ ਹੁੰਦਾ ਹੈ। ਗ਼ਾਲਬ ਕੌਮ ਦਾ ਇਹ ਯਤਨ ਹੁੰਦਾ ਹੈ ਕਿ ਦੇਸ਼ ਦੀ ਸਮੁੱਚੀ ਜੰਤਾ ਅੰਦਰ ਦੇਸ਼ ਦੀ ਰੱਖਿਆ ਦਾ ਜ਼ਜ਼ਬਾ ਪ੍ਰਫੁੱਲਤ ਕੀਤਾ ਜਾਵੇ। ਇਸ ਉਦੇਸ਼ ਲਈ, ਉਸ ਵੱਲੋਂ ਇਸ ਨੂੰ ‘ਪਵਿੱਤਰ ਫ਼ਰਜ਼’, ‘ਪਵਿੱਤਰ ਜ਼ਜ਼ਬਾ’ ਤੇ ‘ਪਵਿੱਤਰ ਕਰਮ’ ਕਹਿ ਕੇ ਦੱਸਿਆ ਜਾਂਦਾ ਹੈ। ਆਮ ਜੰਤਾ ਅੰਦਰ ਦੇਸ਼ ਪ੍ਰਤੀ ਵਫ਼ਾਦਾਰੀ ਬਾਰੇ ਗ਼ਲਤ ਵਿਚਾਰ ਤੇ ਭਾਵਨਾਵਾਂ ਦਾ ਪ੍ਰਸਾਰ ਕੀਤਾ ਜਾਂਦਾ ਹੈ। ਗ਼ਾਲਬ ਕੌਮ ਅੰਦਰਲੇ ਹੁਕਮਰਾਨ ਵਰਗ ਦਾ ਸਾਰਾ ਯਤਨ ਹੁੰਦਾ ਹੈ ਕਿ ਮਹਿਕੂਮ ਕੌਮ ਦੇ ਅੰਦਰ ‘ਕੌਮੀ ਚੇਤਨਾ’ ਦੇ ਵਿਕਾਸ ਨੂੰ ਮੋਂਦਾ ਲਾ ਦਿੱਤਾ ਜਾਵੇ। ਇਸ ਮੰਤਵ ਲਈ, ਉਸ ਵੱਲੋਂ ਮਹਿਕੂਮ ਕੌਮ ਦੀ ਜੰਤਾ ਅੰਦਰ ਗੁਮਰਾਹਕੁਨ ਵਿਚਾਰਾਂ ਤੇ ਧਾਰਨਾਵਾਂ ਦੇ ਪ੍ਰਚਾਰ-ਪ੍ਰਸਾਰ ਦੇ ਉਚੇਚੇ ਯਤਨ ਕੀਤੇ ਜਾਂਦੇ ਹਨ। ਮਹਿਕੂਮ ਕੌਮਾਂ ਦੇ ਇਤਿਹਾਸ ਨੂੰ ਵਿਗਾੜ ਕੇ ਪੇਸ਼ ਕਰਨਾ ਇਸ ਰਣਨੀਤੀ ਦਾ ਅਹਿਮ ਹਿੱਸਾ ਹੁੰਦਾ ਹੈ। ਮਹਿਕੂਮ ਕੌਮਾਂ ਦੇ ਲੋਕਾਂ ਦੀ ਬੁੱਧੀ ਭ੍ਰਿਸ਼ਟ ਕਰਨ ਲਈ, ਇਸ ਕਾਰਜ ਵਿੱਚ ਕਾਬਲ ਵਿਦਵਾਨਾਂ ਦੀਆਂ ਸੇਵਾਵਾਂ ਹਾਸਿਲ ਕੀਤੀਆਂ ਜਾਂਦੀਆਂ ਹਨ। ਖ਼ੁਦ ਮਹਿਕੂਮ ਕੌਮਾਂ ਦੇ ਵਿਦਵਾਨਾਂ ਅਤੇ ਲਿਖਾਰੀਆਂ ਨੂੰ ਇਸ ਬਦਕਾਰ ਧੰਦੇ ਲਈ ਉਤਸ਼ਾਹਿਤ ਕੀਤਾ ਜਾਂਦਾ ਹੈ। ਚੈਕੋਸਲੋਵਾਕੀਆ (ਜੋ ਹੁਣ ਦੋ ਅਲੱਗ-ਅਲੱਗ ਅਤੇ ਆਜ਼ਾਦ ਕੌਮੀ ਰਾਜਾਂ ਵਿੱਚ ਤਬਦੀਲ ਹੋ ਚੁੱਕਾ ਹੈ) ਦਾ ਇੱਕ ਪ੍ਰਤਿਭਾਵਾਨ Milan Kundera ਲੇਖਕ ਗ਼ਾਲਬ ਕੌਮਾਂ ਦੇ ਇਸ ਘਿਨਾਉਣੇ ਕਰਮ ਨੂੰ ਇਸ ਤਰ੍ਹਾਂ ਬਿਆਨ ਕਰਦਾ ਹੈ -

“ਇੱਕ ਕੌਮ ਨੂੰ ਨੇਸਤੋ-ਨਾਬੂਦ ਕਰਨ ਦਾ ਪਹਿਲਾ ਕਦਮ ਉਸ ਦੀ ਯਾਦਦਾਸ਼ਤ ਨੂੰ ਮੇਟ ਸੁੱਟਣਾ ਹੁੰਦਾ ਹੈ। ਉਸ ਦੀਆਂ ਕਿਤਾਬਾਂ, ਉਸ ਦੇ ਸਭਿਆਚਾਰ, ਉਸ ਦੇ ਇਤਿਹਾਸ ਨੂੰ ਉਜਾੜ ਦਿਓ, ਫਿਰ ਕਿਸੇ ਕੋਲੋਂ ਨਵੀਆਂ ਕਿਤਾਬਾਂ ਲਿਖਵਾ ਲਓ, ਨਵਾਂ ਸਭਿਆਚਾਰ ਘੜ ਲਓ, ਇੱਕ ਨਵਾਂ ਇਤਿਹਾਸ ਈਜਾਦ ਕਰ ਲਵੋ। ਕੁੱਝ ਚਿਰ ਬਾਅਦ, ਉਹ ਕੌਮ ਆਪੇ ਇਹ ਗੱਲ ਭੁੱਲ ਜਾਵੇਗੀ ਕਿ ਉਹ ਕੀ ਹੈ ਤੇ ਕੀ ਸੀ …. ਮਨੁੱਖ ਦੀ ਸੱਤਾ ਦੇ ਵਿਰੁੱਧ ਜਦੋਜਹਿਦ ਯਾਦਦਾਸ਼ਤ ਦੀ ਭੁੱਲ-ਭੁਲਾਅ ਜਾਣ ਦੇ ਵਿਰੁੱਧ ਜਦੋਜਹਿਦ ਹੈ” (ਮਿਲਾਨ ਕੁੰਦਰਾ: ਦ ਬੁੱਕ ਆਫ਼ ਲਾਫ਼ਟਰ ਐਂਡ ਫ਼ਾਰਗੈਟਿੰਗ)।

ਯੂਰਪ ਅੰਦਰ ਚਲੇ ਵਿਸ਼ੇਸ਼ ਇਤਿਹਾਸਕ ਅਮਲ ਨੇ, ਸਦੀਆਂ ਤੋਂ ਵੱਖੋ-ਵੱਖਰੇ ਨਿਸ਼ਚਿਤ ਭੂਗੋਲਕ ਖਿੱਤਿਆਂ `ਚ ਕੱਠੇ ਰਹਿੰਦੇ ਆ ਰਹੇ ਲੋਕਾਂ ਨੂੰ, ਨਾ ਸਿਰਫ ਇਤਿਹਾਸ, ਵਿਰਸੇ, ਭਾਸ਼ਾ, ਸਭਿਆਚਾਰ ਤੇ ਮਾਨਸਿਕ ਮੁਹਾਂਦਰੇ ਦੀ ਸਮੂਹਿਕ ਸਾਂਝ ਵਰਗੇ ਨਿੱਖਰਵੇਂ ਕੌਮੀ ਲੱਛਣ ਪ੍ਰਦਾਨ ਕਰ ਦਿੱਤੇ ਸਨ, ਸਗੋਂ ਮੱਧ-ਯੁੱਗ ਦੇ ਖਾਤਮੇ ਨਾਲ ਇਨ੍ਹਾਂ ਨੂੰ ਆਪੋ-ਆਪਣੇ ਖ਼ੁਦ-ਮੁਖਤਿਆਰ ਕੌਮੀ ਰਾਜਾਂ ਦੀ ਦਾਤ ਵੀ ਨਸੀਬ ਹੋ ਗਈ ਸੀ। ਇਉਂ, ਆਪਣੇ ਕੌਮੀ ਰਾਜ ਪ੍ਰਤੀ ਸ਼ਰਧਾ ਤੇ ਵਫ਼ਾਦਾਰੀ ਦਾ ਪ੍ਰਬਲ ਜਜ਼ਬਾ, ਇਨ੍ਹਾਂ ਯੂਰਪੀ ਕੌਮਾਂ ਦੀ ਭਾਰੂ ਪਛਾਣ ਹੋ ਨਿਬੜੀ ਸੀ।

ਪੱਛਮ ਦੀ ਇਹ ਹਕੀਕਤ, ਪੂਰਬ ਦਾ ਸੁਪਨਾ ਸੀ। ਇਸ ਸੁਪਨੇ ਨੇ ਪੂਰਬ ਦੇ ਅੱਡ-ਅੱਡ ਖਿੱਤਿਆਂ ਅੰਦਰ, ਅੱਡ-ਅੱਡ ਸਰੂਪ ਧਾਰਨ ਕੀਤਾ। ਭਾਰਤ ਅੰਦਰ ‘ਹਿੰਦੂ’ ਵਰਗ ਦੇ ਪੜ੍ਹੇ-ਲਿਖੇ ਤੱਤਾਂ ਨੂੰ, ਇਸ ਸੁਪਨੇ ਨੇ ਖ਼ਾਸ ਤੌਰ `ਤੇ ਮੋਹਿਆ। ਵਜ੍ਹਾ ਇਹ ਕਿ ਇਹ ਸੁਪਨਾ ਉਨ੍ਹਾਂ ਨੂੰ ਭਾਰਤ ਦੇ ਰਾਜਭਾਗ `ਤੇ ਕਾਬਜ਼ ਹੋਣ ਦੇ ਸਿੱਧੇ ਤੇ ਸਪੱਸ਼ਟ ਰਾਹ ਦੀ ਦੱਸ ਪਾਉਂਦਾ ਸੀ। ਜੇਕਰ ਸਮੁੱਚਾ ਭਾਰਤ, ਯੂਰਪੀ ਕੌਮੀ ਰਾਜਾਂ ਦੀ ਤਰਜ਼ `ਤੇ ਇੱਕ-ਜੁੱਟ ਰਾਜ ਦਾ ਸਰੂਪ ਅਖਤਿਆਰ ਕਰਦਾ ਸੀ, ਤਾਂ ਪੱਛਮੀ ਲੋਕਤੰਤਰ ਦੇ ਕਾਇਦੇ-ਕਾਨੂੰਨਾਂ ਅਨੁਸਾਰ, ਹਿੰਦੂ ਬਹੁ-ਗਿਣਤੀ ਵਰਗ ਹੀ ਭਾਰਤੀ ਰਾਜਭਾਗ ਦਾ ਕੁਦਰਤੀ ਦਾਅਵੇਦਾਰ ਬਣਦਾ ਸੀ। ਸੋ ਇਸ ਸੋਚ ਦੀ ਪ੍ਰੇਰਨਾ ਤਹਿਤ, ਹਿੰਦੂ ਵਰਗ ‘ਭਾਰਤੀ ਕੌਮਵਾਦ’ ਦਾ ਦ੍ਰਿੜ ਝੰਡਾਬਰਦਾਰ ਬਣ ਕੇ ਅੱਗੇ ਆਇਆ ਤੇ ਨਾਲ ਹੀ ਪੱਛਮ ਦੀ ਨਵੀਨ ਜਮਹੂਰੀ ਵਿਚਾਰਧਾਰਾ ਦਾ ਵੀ, ਕਿਉਂਕਿ “ਕੌਮਵਾਦ” ਵਾਂਗ ਹੀ, ਸਿਰਾਂ ਦੀ ਗਿਣਤੀ `ਤੇ ਅਧਾਰਤ ਲੋਕਤੰਤ੍ਰੀ ਰਾਜ-ਪ੍ਰਣਾਲੀ ਵੀ ਇਸ ਦੇ ਵਰਗ-ਹਿੱਤ ਨੂੰ ਘਿਓ ਵਾਂਗ ਲਗਦੀ ਸੀ।

ਹਿੰਦੂ ਆਗੂਆਂ ਵੱਲੋਂ ਜ਼ੋਸ਼ੋਖ਼ਰੋਸ਼ ਨਾਲ ਅਪਣਾਈ ਗਈ ਇਸ ਕੌਮ-ਪ੍ਰਸਤੀ ਦੀ ਅਸਲੀ ਤਾਸੀਰ ਕੀ ਸੀ? ਇਹ ਉਨ੍ਹਾਂ ਦੇ ਕਥਨਾਂ ਤੇ ਕਰਮਾਂ ਤੋਂ ਭਲੀਭਾਂਤ ਸਪੱਸ਼ਟ ਹੋ ਜਾਂਦੀ ਹੈ। ਲਾਲਾ ਲਾਜਪਤ ਰਾਏ ਦੀ ਇਹ ਦ੍ਰਿੜ ਧਾਰਨਾ ਸੀ ਕਿ, ਪ੍ਰਾਚੀਨ ਭਾਰਤ ਦੇ ਗੌਰਵ ਦੀ ਗਾਥਾ `ਚੋਂ ਹੀ ਭਾਰਤੀ ਲੋਕਾਂ ਅੰਦਰ ਆਪਣੇ-ਆਪਣੇ ਧਰਮ ਅਤੇ ਸੰਸਕ੍ਰਿਤੀ ਪ੍ਰਤੀ ਗੌਰਵ ਦੀਆਂ ਭਾਵਨਾਵਾਂ ਪੈਦਾ ਹੋ ਸਕਦੀਆਂ ਹਨ ਅਤੇ ਉਨ੍ਹਾਂ ਅੰਦਰ ਦੇਸ਼-ਪ੍ਰੇਮ ਅਤੇ ਕੌਮ-ਪ੍ਰਸਤੀ ਦਾ ਜਜ਼ਬਾ ਉੱਭਰ ਸਕਦਾ ਹੈ। ਲਾਲਾ ਜੀ ਦਾ ਇਹ ਕਥਨ ਉਨ੍ਹਾਂ ਦੀ ਸਵੈ-ਜੀਵਨੀ (ਸਟੋਰੀ ਆਫ਼ ਮਾਈ ਲਾਈਫ਼) `ਚੋਂ ਲਿਆ ਗਿਆ ਹੈ, ਜਿਸ ਵਿੱਚ ਉਹ ਇਹ ਗੱਲ ਵੀ ਕਹਿੰਦੇ ਹਨ ਕਿ ਬ੍ਰਹਮੋਂ ਸਮਾਜ ਦਾ ਆਗੂ ਬਾਬੂ ਨਵੀਨ ਚੰਦਰ ਰਾਏ, “ਹਿੰਦੀ ਨੂੰ ਭਾਰਤ ਦੀ ਕੌਮੀ ਭਾਸ਼ਾ ਵਜੋਂ ਦੇਖਦਾ ਸੀ ਅਤੇ ਚਾਹੁੰਦਾ ਸੀ ਕਿ ਇਹ ਭਾਰਤੀ ਕੌਮੀਅਤ ਦੇ ਚਬੂਤਰੇ ਦੀ ਆਧਾਰਸ਼ਿਲਾ ਬਣੇ। ਇਨ੍ਹਾਂ ਵਿਚਾਰਾਂ ਨੇ ਮੈਨੂੰ ਗੂੜ੍ਹੀ ਤਰ੍ਹਾਂ ਪ੍ਰਭਾਵਤ ਕੀਤਾ”।

ਅਰਬਿੰਦੋ ਘੋਸ਼ ਭਾਰਤ ਦੀ ਮੁੜ-ਸਿਰਜਨਾ ਲਈ ਵੇਦਾਂ ਅਤੇ ਭਗਵਤ ਗੀਤਾ ਦੀਆਂ ਸਿਖਿਆਵਾਂ ਨੂੰ ਆਧਾਰ ਬਣਾਉਂਣ ਦੇ ਵਿਚਾਰ ਦੀ ਖੁਲ੍ਹਮ-ਖੁੱਲ੍ਹੀ ਵਕਾਲਤ ਕਰਦਾ ਸੀ। ਪ੍ਰਸਿੱਧ ਇਤਿਹਾਸਕਾਰ ਆਰ. ਸੀ. ਮਜੂਮਦਾਰ ਅਨੁਸਾਰ, ਬੰਗਾਲ ਅੰਦਰ ਹੀ ਨੈਸ਼ਨਲ ਸੁਸਾਇਟੀ ਨਾਂ ਦੀ ਇੱਕ ਕੌਮ-ਪ੍ਰਸਤ ਸਭਾ ਦੇ ਬਾਨੀ ਗੋਪਾਲ ਮਿਤਰ ਦਾ ਮੰਨਣਾ ਸੀ ਕਿ, “ਭਾਰਤ ਅੰਦਰ ਕੌਮੀ ਏਕਤਾ ਦੀ ਬੁਨਿਆਦ ਹਿੰਦੂ ਧਰਮ ਹੈ” (ਆਰ. ਸੀ. ਮਜੂਮਦਾਰ: ਥਰੀ ਫੇਜ਼ਿਜ ਆਫ਼ ਇੰਡੀਅਨ ਸਟਰੱਗਲ ਫ਼ਾਰ ਫ਼ਰੀਡਮ, ਸਫ਼ਾ 8)। ਬਾਲ ਗੰਗਾਧਰ ਤਿਲਕ ਨੇ ਖੁੱਲ੍ਹੇਆਮ ਇਹ ਮੰਗ ਕੀਤੀ ਕਿ ਹਿੰਦੀ ਨੂੰ ਭਾਰਤ ਦੀ ਕੌਮੀ ਜ਼ੁਬਾਨ ਦਾ ਦਰਜਾ ਦਿੱਤਾ ਜਾਵੇ ਕਿਉਂ ਜੁ, “ਇਹ ਹਿੰਦੂ ਕੌਮਵਾਦ ਲਈ ਜ਼ਰੂਰੀ ਸੰਜੋਗ-ਕੜੀ ਹੈ” (ਅਜੀਤ ਸਿੰਘ ਸਰਹੱਦੀ: ਨੈਸ਼ਨੇਲਿਜ਼ਮ ਇੰਨ ਇੰਡੀਆ-ਦ ਪਰੌਬਲਮ, ਸਫ਼ਾ 13)। ਹੋਰ ਤਾਂ ਹੋਰ, ਸੈਕਲੇਰਿਜ਼ਮ ਦੇ ਦੂਤ ਸਮਝੇ ਜਾਂਦੇ ਜਵਾਹਰ ਲਾਲ ਨਹਿਰੂ ਵਰਗੇ ਨਵੀਨ ਦਿੱਖ ਵਾਲੇ ਆਗੂ ਵੀ ਆਪਣੇ ਹਿੰਦੂਵਾਦੀ ਝੁਕਾਵਾਂ ਤੋਂ ਮੁਕਤ ਨਹੀਂ ਸਨ। ਨਹਿਰੂ ਆਪਣੀ ਸਵੈ-ਜੀਵਨੀ ਅੰਦਰ ਇਸ ਦਾ ਇਕਬਾਲ ਇਉਂ ਕਰਦਾ ਹੈ: “ਮੇਰੇ ਪਿੱਛੇ, ਕਿਤੇ ਨੀਮ-ਚੇਤਨਾਂ ਅੰਦਰ ਬ੍ਰਾਹਮਣਾਂ ਦੀਆਂ ਸੈਂਕੜੇ ਪੁਸ਼ਤਾਂ ਦੀਆਂ ਨਸਲੀ ਯਾਦਾਂ ਪਈਆਂ ਹਨ। ਮੈਂ ਜਾਤਪੁਣੇ ਦੀ ਇਸ ਵਿਰਾਸਤ ਤੋਂ ਜਾਂ ਅਜਿਹੀ ਕਿਸੇ ਸੱਜਰੀ ਸਹੇੜ ਤੋਂ ਸੁਰਖੁਰੂ ਨਹੀਂ ਹੋ ਸਕਦਾ। ਇਹ ਦੋਵੇਂ ਮੇਰੇ ਵਜੂਦ ਦਾ ਹਿੱਸਾ ਹਨ” (ਜਵਾਹਰ ਲਾਲ ਨਹਿਰੂ: ਆਟੋਬਾਇਉਗਰਾਫ਼ੀ, ਸਫ਼ਾ 353)।

ਹਿੰਦੂ ਕਾਂਗਰਸੀ ਆਗੂਆਂ ਵੱਲੋਂ ਜੋ ਭਾਰਤੀ ਕੌਮ ਦਾ ਸੰਕਲਪ ਉਭਾਰਿਆ ਜਾ ਰਿਹਾ ਸੀ, ਉਸ ਦਾ ਹਕੀਕੀ ਤੇ ਤਰਕ-ਯੁਕਤ ਆਧਾਰ ਕੋਈ ਨਹੀਂ ਸੀ। ਪੱਛਮ ਅੰਦਰ ਜੋ ਕੌਮਾਂ ਇੱਕ ਇਕੱਹਿਰੇ ਰੂਪ ਵਿੱਚ ਸੰਗਠਿਤ ਹੋਈਆਂ, ਉਹ ਮਹਿਜ਼ ਆਗੂਆਂ ਦੀ ਨੇਕ ਇਛਾਵਾਂ ਕਰ ਕੇ ਹੀ ਨਹੀਂ ਸਨ ਹੋ ਗਈਆਂ। ਇੱਕ ਲੰਮੇ ਇਤਿਹਾਸਕ ਅਮਲ `ਚੋਂ ਉਨ੍ਹਾਂ ਦੀ ਸੱਚਮੁੱਚ ਦੀ ਸੰਯੁਕਤ ਕੌਮੀ ਹਸਤੀ ਵਿਕੱਸਤ ਹੋ ਚੁੱਕੀ ਸੀ। ਇਸ ਕਰ ਕੇ ਉਥੇ ਕੌਮੀ ਜਜ਼ਬੇ ਨੇ ਹੋਰਨਾਂ ਸਭਨਾਂ ਜਜ਼ਬਿਆਂ (ਧਾਰਮਿਕ, ਨਸਲੀ ਆਦਿ) ਉੱਤੇ ਫ਼ਤਹਿ ਹਾਸਿਲ ਕਰ ਲਈ ਸੀ। ਪਰ, ਇਥੇ ਹਿੰਦੁਸਤਾਨ ਅੰਦਰ ਅਜਿਹੀ ਕੋਈ ਗੱਲ ਨਹੀਂ ਸੀ ਵਾਪਰੀ। ਪਹਿਲੀ ਗੱਲ, ਜੇਕਰ ਮੂਲ ਭਾਰਤੀ ਸਭਿਆਚਾਰ ਤੇ ਪਰੰਪਰਾ ਨੂੰ ਹੀ ਲਈਏ ਤਾਂ ਇਸ ਅੰਦਰ ਨਸਲੀ, ਧਾਰਮਿਕ, ਭਾਸ਼ਾਈ ਤੇ ਸਭਿਆਚਾਰਕ ਪੱਖ ਤੋਂ ਏਨੇ ਵਿਰੋਧ ਵਖਰੇਵੇਂ ਸਨ ਕਿ Ainslie T. Embree ਨਾਂ ਦੇ ਪ੍ਰੱਸਿੱਧ ਬਰਤਾਨਵੀ ਚਿੰਤਕ (ਜਿਸ ਨੇ ਭਾਰਤੀ ਧਾਰਮਿਕ ਤੇ ਸਭਿਆਚਾਰਕ ਪ੍ਰੰਪਰਾ ਦੇ ਵਿਸ਼ੇ `ਤੇ ਗੂੜ੍ਹਾ ਤੇ ਗਹਿਰ-ਗੰਭੀਰ ਅਧਿਐਨ ਕੀਤਾ ਹੈ) ਦਾ ਇਹ ਮੰਨਣਾ ਹੈ ਕਿ, “ਕਿਸੇ ਹੋਰ ਥਾਂ ਇਹ ਅਲੱਗ-ਅਲੱਗ ਕੌਮੀਅਤਾਂ ਹੋਣੀਆਂ ਸਨ, ਜਿਵੇਂ ਕਿ ਯੂਰਪ ਅੰਦਰ ਹੋਇਆ” (Ainslie T. Embree: ਜੁਟੋਪੀਆ ਇੰਨ ਕਨਫਲਿਕਟ - ਰੀਲੀਜਨ ਐਂਡ ਨੈਸ਼ਨਲਿਜ਼ਮ ਇੰਨ ਇੰਡੀਆ)। ਭਾਰਤ ਦੀ ਸਮਾਜੀ ਸਭਿਆਚਾਰਕ ਹਕੀਕਤ ਬਾਰੇ Ainslie T. Embree ਦੇ ਇਹ ਵਿਚਾਰ ਵੀ ਕਾਫ਼ੀ ਭਾਵਪੂਰਤ ਹਨ ਕਿ, “ਜੇਕਰ ਉਨ੍ਹੀਵੀਂ ਸਦੀ ਦੇ ਬਰਤਾਨਵੀ ਤੇ ਫ਼ਰਾਂਸੀਸੀ ਟਕਸਾਲੀ ਮਾਡਲਾਂ ਦੇ ਮਾਪਦੰਢ ਅਪਣਾਏ ਜਾਣ ਤਾਂ ਭਾਰਤ ਕੌਮਪੁਣੇ ਦੀ ਕੋਈ ਵੀ ਸ਼ਰਤ ਪੂਰੀ ਨਹੀਂ ਕਰਦਾ, ਕਿਉਂਕਿ, ਇੱਕ ਸਾਂਝੀ ਭਾਸ਼ਾ, ਸਾਂਝਾ ਗੌਰਵਮਈ ਇਤਿਹਾਸਕ ਅਨੁਭਵ, ਇੱਕ ਸਾਂਝੀ ਧਾਰਮਿਕ ਪਰੰਪਰਾ, ਨਸਲੀ ਇੱਕਰੂਪਤਾ ਵਰਗੀਆਂ ਸਾਰੀਆਂ ਚੀਜ਼ਾਂ ਦੀ ਭਾਰਤ ਅੰਦਰ ਰੜਕਵੀਂ ਅਣਹੋਂਦ ਹੈ, ਫਿਰ ਇਹ ਹਿੰਦੂ ਬਹੁਗਿਣਤੀ ਦੇ ਦਰਮਿਆਨ ਇੱਕ ਵੱਡੀ ਮੁਸਲਿਮ ਘੱਟ-ਗਿਣਤੀ ਦੀ ਹੋਂਦ ਗਹਿਰੇ ਪਾੜਿਆਂ ਦਾ ਸਬੱਬ ਬਣੀ ਹੋਈ ਹੈ। ਇਨ੍ਹਾਂ ਦੋਨਾਂ ਧਰਮਾਂ ਦੀ ‘ਪਰਮ-ਸੱਚ’ ਦੀ ਕਲਪਨਾ ਏਨੀ ਅਲੱਗ-ਅਲੱਗ ਹੈ ਕਿ ਕੋਈ ਅਸਾਧ ਆਸ਼ਾਵਾਦੀ ਹੀ, ਇਨ੍ਹਾਂ ਦੀ ਸਵੈ-ਚੇਤਨ ਭਾਈਚਾਰਿਆਂ ਵਜੋਂ ਸਹਿਭਾਵ ਦੀ ਕਲਪਨਾ ਕਰ ਸਕਦਾ ਹੈ” (ਐਂਸਲੀ ਟੀ. ਐਮਬਰੀ: ਉਪਰੋਕਤ ਸਫ਼ਾ-61)।

ਨੋਟ: ਉਪਰੋਕਤ ਸਾਰੇ ਹਵਾਲੇ ਸ. ਅਜਮੇਰ ਸਿੰਘ ਦੀ ਪੁਸਤਕ “ਵੀਹਵੀਂ ਸਦੀ ਦੀ ਸਿੱਖ ਰਾਜਨੀਤੀ-ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਤੱਕ”, ਸਫ਼ੇ 32-37, 111-113 ਤੋਂ ਲਏ ਗਏ ਹਨ।

“ਜਿੱਥੋਂ ਤੱਕ ਮੌਜੂਦਾ ਭਾਰਤ ਦਾ ਸੰਬੰਧ ਹੈ, ਇਤਿਹਾਸ ਅੰਦਰ ਕਦੇ ਵੀ ਇਹ ਉੱਪ-ਮਹਾਂਦੀਪ ਇੱਕ ਦੇਸ਼ ਨਹੀਂ ਰਿਹਾ। ਸੱਚ ਪੁੱਛੋਂ ਤਾਂ 1947 ਤੱਕ ਕੋਈ ਭਾਰਤ ਵੀ ਨਹੀਂ ਸੀ। ਇਹ ਸਾਰੇ ਤਾਂ 20-25 ਦੇਸ਼ ਸਨ ਜਿਹੜੇ ਅੰਗਰੇਜ਼ਾਂ ਨੇ, ਇੱਕ-ਇੱਕ ਕਰ ਕੇ, ਜਿੱਤ ਲਏ ਅਤੇ ਇਨ੍ਹਾਂ ਦੇਸ਼ਾਂ ਨੂੰ ਸਾਂਝੇ ਨਿਜ਼ਾਮ ਵਿੱਚ ਕਾਬੂ ਕਰੀ ਰੱਖਿਆ। ਅੰਗਰੇਜ਼ਾਂ ਦਾ ਇਹ ਨਿਜ਼ਾਮ ਫ਼ੌਜੀ ਤੇ ਸਿਆਸੀ ਇੰਤਜਾਮ ਪੱਖੋਂ ਇੱਕ ਯੂਨਿਟ ਸੀ ਨਾ ਕਿ ਇੱਕ ਦੇਸ਼। ਜਿਵੇਂ ਅੱਜ ਵੀ ਯੂਰਪ ਵਿੱਚ 20 ਤੋਂ ਵੱਧ ਦੇਸ਼ ਹਨ, ਉਵੇਂ ਹੀ ਦੱਖਣੀ ਏਸ਼ੀਆ ਦੇ ਇਸ ਵੱਡੇ ਜ਼ਜ਼ੀਰੇ ਵਿੱਚ, ਹਮੇਸ਼ਾਂ ਹੀ, ਕਈ ਦੇਸ਼ ਰਹੇ ਹਨ। ਦੱਖਣੀ ਏਸ਼ੀਆ ਦੀ ਸਿਆਸੀ ਤਵਾਰੀਖ਼ ਵਿੱਚ ਇਨ੍ਹਾਂ ਪੁਰਾਣੇ ਦੇਸ਼ਾਂ ਦੇ ਨਾਂ ਵੀ ਮਿਲ ਜਾਂਦੇ ਹਨ। ‘ਪੁਰਾਣਾ ਕਾਲ’ 1000 ਵਿੱਚ (ਯਾਨੀ ਅੱਜ ਤੋਂ 3000 ਸਾਲ ਪਹਿਲਾਂ) 23 ਦੇਸ਼ ਇਸ ਭੂਗੋਲਿਕ ਖਿੱਤੇ ਅੰਦਰ ਯਕੀਨਨ ਤੌਰ `ਤੇ ਮੌਜੂਦ ਸਨ” (ਡਾ. ਹਰਜਿੰਦਰ ਸਿੰਘ ਦਿਲਗੀਰ: ਸਿੱਖ ਤਵਾਰੀਖ਼, ਸਫ਼ੇ 27-28)।

ਕੌਮ ਦੀ ਪ੍ਰੀਭਾਸ਼ਾ

“ਇਤਿਹਾਸ ਅੰਦਰ ਕੌਮਾਂ ਦੇ ਉਗਮਣ ਤੇ ਵਿਗਸਣ ਦੇ ਅਮਲ ਬਾਰੇ, ਪਿਛਲੀਆਂ ਲੱਗਪਗ ਦੋ ਸਦੀਆਂ ਤੋਂ, ਅਲੱਗ-ਅਲੱਗ ਵਿਦਵਾਨਾਂ ਦੇ ਅਲੱਗ-ਅਲੱਗ ਸਿਧਾਂਤ ਰਹੇ ਹਨ। ਜ਼ਿੰਦਗੀ ਦੇ ਠੋਸ ਤਜ਼ਰਬੇ ਨੇ ਇਨ੍ਹਾਂ `ਚੋਂ ਕੁੱਝ ਸਿਧਾਂਤਾਂ ਨੂੰ ਪੂਰੀ ਤਰ੍ਹਾਂ ਨਿਕਾਰ ਦਿੱਤਾ ਹੈ, ਕਈਆਂ ਦੀ ਅੰਸ਼ਕ ਤੇ ਕਈਆਂ ਦੀ ਭਾਰੂ ਰੂਪ ਵਿੱਚ ਪੁਸ਼ਟੀ ਕੀਤੀ ਹੈ। ਮਨੁੱਖੀ ਇਤਿਹਾਸ ਦੇ ਇਸ ਅਤੀ ਅਹਿਮ ਵਰਤਾਰੇ ਬਾਰੇ ਪਿਛਲੀਆਂ ਦੋ ਸਦੀਆਂ ਦੌਰਾਨ ਪੈਦਾ ਹੋਏ ਸਮੁੱਚੇ ਗਿਆਨ ਅਤੇ ਜ਼ਿੰਦਗੀ ਦੇ ਠੋਸ ਤਜ਼ਰਬੇ ਦਾ ਨਿਚੋੜ ਕੱਢਿਆ ਜਾਵੇ ਤਾਂ ਇਹ ਸੱਚਾਈ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਕਿਸੇ ਕੌਮੀ-ਭਾਈਚਾਰੇ ਦੇ ਵਜੂਦ ਦੇ ਘੜ੍ਹਨ, ਤਰਾਸ਼ਣ ਤੇ ਸੰਭਾਲਣ ਵਿੱਚ ਕਿਸੇ ਇੱਕ ਗਲ ਦਾ ਨਹੀਂ ਬਲਕਿ ਕਈ ਅੰਸ਼ਾਂ ਦਾ ਰਲਵਾਂ-ਮਿਲਵਾਂ ਰੋਲ ਹੁੰਦਾ ਹੈ। ਉਨੀਵੀਂ ਸਦੀ ਦੇ ਉੱਘੇ ਫ਼ਰਾਂਸੀਸੀ ਚਿੰਤਕ ਅਰਨੇਸਟ ਰੇਨਨ ਨੇ ਕੌਮ ਨੂੰ ਇੱਕ ‘ਜਿਉਂਦੀ ਜਾਗਦੀ ਆਤਮਾ’ ਅਤੇ ਇੱਕ ‘ਰੂਹਾਨੀ ਸੰਗਤ’ ਦੀ ਸੰਗਿਆ ਦਿੱਤੀ ਹੈ। ਉਸ ਦੇ ਵਿਚਾਰ ਵਿੱਚ ਇੱਕ ਕੌਮੀ-ਭਾਈਚਾਰੇ ਦੇ ਮੈਂਬਰਾਂ ਅੰਦਰ ਦੋ ਗੱਲਾਂ ਜਰੂਰੀ ਹਨ। ਇਕ, “ਯਾਦਾਂ ਦੇ ਇੱਕ ਅਮੀਰ ਵਿਰਸੇ ਦਾ ਸਾਂਝਾ ਖ਼ਜ਼ਾਨਾ”। ਦੂਜਾ, “ਹਕੀਕੀ ਰਜ਼ਾ, ਭਾਵ ਇਕੱਠਿਆਂ ਰਹਿਣ ਦੀ ਚਾਹ ਅਤੇ ਸਾਂਝੇ ਵਿਰਸੇ ਨੂੰ ਸੰਭਾਲ ਕੇ ਰੱਖਣ ਦਾ ਦ੍ਰਿੜ ਇਰਾਦਾ”। ਇਸ ਦੇ ਨਾਲ ਹੀ, ਰੇਨਨ ਭਵਿੱਖ ਦੇ ਆਦਰਸ਼ਾਂ ਦੀ ਸਾਂਝ ਨੂੰ ਵੱਡੀ ਅਹਿਮੀਅਤ ਦਿੰਦਾ ਹੈ। ਉਹ ਇੱਕ ਕੌਮੀ-ਭਾਈਚਾਰੇ ਅੰਦਰ ਅਤੀਤ ਵਿੱਚ ਰਲ ਕੇ ਝੱਲੀਆਂ ਮੁਸੀਬਤਾਂ ਦੇ ਸਾਂਝੇ ਅਹਿਸਾਸ, ਹਾਰਾਂ ਦੇ ਸਾਂਝੇ ਦਰਦ, ਜਿੱਤਾਂ ਦੇ ਸਾਂਝੇ ਸਰੂਰ, ਸਾਂਝੀਆਂ ਖ਼ੁਸ਼ੀਆਂ ਅਤੇ ਭਵਿੱਖ ਦੇ ਸਾਂਝੇ ਸੁਪਨਿਆਂ ਨੂੰ ਇੱਕ ਕੌਮ ਦੇ ਅਤਿ ਅਹਿਮ ਅਤੇ ਜਰੂਰੀ ਲੱਛਣ ਗਿਣਦਾ ਹੈ” (ਅਜਮੇਰ ਸਿੰਘ: ਵੀਹਵੀਂ ਸਦੀ ਦੀ ਸਿੱਖ ਰਾਜਨੀਤੀ-ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮ ਤੱਕ, ਸਫ਼ਾ 125)।

ਕੀ ਸਿੱਖ ਇੱਕ ‘ਕੌਮੀ ਭਾਈਚਾਰਾ’ ਹਨ?

ਸਿੱਖ ਕੌਮ ਅੰਦਰ, ਉੱਪਰ ਵਰਣਨ ਕੀਤੇ ਸਾਰੇ ਲੱਛਣ ਮੌਜੂਦ ਹਨ, ਬਲਕਿ ਇਨ੍ਹਾਂ ਤੋਂ ਵੀ ਅੱਗੇ ਵਧ ਕੇ ‘ਇੱਕ ਇਸ਼ਟ’, ‘ਇੱਕ ਜੀਵਨ-ਜੁਗਤਿ’ (ਗੁਰੂ ਗ੍ਰੰਥ ਸਾਹਿਬ ਦੇ ਉਪਦੇਸ਼), ‘ਇੱਕ ਮਿਸ਼ਨ’ (ਗੁਰਮਤਿ ਫ਼ਲਸਫ਼ੇ ਅਨੁਸਾਰ, ਸਮੁੱਚੇ ਸੰਸਾਰ ਅੰਦਰ, ਮਨੁੱਖਤਾ ਦੀ ਬਰਾਬਰਤਾ ਦੇ ਅਧਾਰ `ਤੇ, ਸਰਬੱਤ ਦੇ ਭਲੇ ਦਾ ਜ਼ਾਮਨ, ਸਦੀਵਕਾਲੀ ਰੱਬੀ-ਰਾਜ ਸਥਾਪਤ ਕਰਨਾ), ‘ਇੱਕ ਨਿਸ਼ਾਨ’ (ਪ੍ਰਭੂ-ਸੱਤਾ-ਸੰਪਨ ਹਲੇਮੀ-ਰਾਜ ਦਾ ਖ਼ਾਲਸਾਈ ਪਰਚਮ, ਝੰਡਾ) ਅਤੇ ‘ਇੱਕ-ਵਿਧਾਨ’ (ਕਾਦਿਰੁ ਦੀ ਕੁਦਰਤਿ ਦੇ ਅਟੱਲ ਨਿਯਮਾਂ ਦੀ ਪਾਲਣਾ ਕਰਨ ਵਾਲੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਗੁਰਮਤਿ-ਕਾਨੂੰਨ ਪ੍ਰਣਾਲੀ)। ਸਿੱਖ ਕੌਮ ਅੰਦਰ, ਜਿੱਥੇ ਬਾਹਰੀ ਸਰੂਪ ਦੀ ਇਕਸਾਰਤਾ (ਸਾਬਤ-ਸੂਰਤਿ) ਹੈ, ਉੱਥੇ ਰੂਹਾਨੀਅਤ ਵਿਚਾਰਧਾਰਾ (ਗੁਰਮਤਿ ਫ਼ਲਸਫ਼ਾ) ਦੀ ਵੀ ਇੱਕਸਾਰਤਾ ਹੈ ਜਿਸ ਦਾ ਉਦੇਸ਼ ਹੈ ‘ਸਰਬੱਤ ਦਾ ਭਲਾ’। ਸਿੱਖ ਕੌਮ ਦੇ ਸਰਬੱਤ ਦੇ ਭਲੇ ਦੇ ਇਸ ਸਿਧਾਂਤ ਦਾ ਆਧਾਰ ਹੈ "Oneness and Parenthood of God, Equality and Brotherhood of humankind". ਇਹ ਇੱਕ ਅਟੱਲ ਸਚਾਈ ਹੈ ਕਿ ਸਿੱਖ ਕੌਮ ਦੇ ਇਸ ਆਦਰਸ਼ ਦੇ ਹਾਣ ਦਾ ਹੋਰ ਕੋਈ ਵੀ ਆਦਰਸ਼ ਸੰਸਾਰ ਦੀ ਹੋਰ ਕਿਸੇ ਕੌਮ ਦੀ ਵਿਰਾਸਤ ਵਿੱਚ ਸ਼ਾਮਿਲ ਨਹੀਂ।

“ਸਿੱਖ ਕੌਮ ਦੀ ਹਕੀਕੀ ਸੱਚਾਈ ਨੂੰ ਝੁਠਲਾਉਂਣ ਦੇ ਯਤਨ, ਮੋਟੇ ਤੌਰ `ਤੇ, ਦੋ ਧਿਰਾਂ ਵੱਲੋਂ ਕੀਤੇ ਜਾ ਰਹੇ ਹਨ। ਇੱਕ, ਬ੍ਰਾਹਮਣ-ਬਾਣੀਆਵਾਦੀ ਵਿਚਾਰਧਾਰਾ ਦੇ ਹਮਾਇਤੀਆਂ ਵੱਲੋਂ ਜੋ ਕਿ ਸਿੱਖ ਕੌਮ ਨੂੰ ਹਿੰਦੂ (ਬ੍ਰਾਹਮਣਵਾਦ) ਭਾਈਚਾਰੇ ਦਾ ਹੀ ਇੱਕ ਅੰਗ ਦਰਸਾਉਂਣ ਦੀ ਮੂਰਖਤਾ ਕਰ ਰਹੇ ਹਨ। ਦੂਜਾ, ਉਨ੍ਹਾਂ ਤਾਕਤਾਂ ਵੱਲੋਂ ਜੋ ਇਸ ਅਸੂਲ ਉੱਤੇ ਹੀ ਕੱਟੜਪੁਣੇ ਨਾਲ ਅੜੀਆਂ ਹੋਈਆਂ ਹਨ ਕਿ ਮਜ਼੍ਹਬ ਕਿਸੇ ਕੌਮ ਦਾ ਅਧਾਰ ਨਹੀਂ ਹੋ ਸਕਦਾ। ਖੱਬੇ-ਪੱਖੀ ਤਾਕਤਾਂ ਇਸ ਅਸੂਲ ਦੀ ਪੈਰਵਾਈ ਕਰਨ ਵਿੱਚ ਸਭ ਤੋਂ ਮੂਹਰੇ ਹਨ। ਇਸ ਤੋਂ ਇਲਾਵਾ, ‘ਪੱਛਮ ਦੀ ਆਧੁਨਿਕ ਸੋਚ’ ਤੋਂ ਪ੍ਰਭਾਵਤ ਹੋਰ ਵੀ ਲੋਕ ਸਨ ਜਿਨ੍ਹਾਂ ਨੂੰ ‘ਸਿੱਖ ਕੌਮ’ ਦੀ ਧਾਰਨਾ `ਚੋਂ ਫ਼ਿਰਕੂ ਤੰਗ-ਨਜ਼ਰੀ ਦਾ ਮੁਸ਼ਕ ਆਉਂਦਾ ਸੀ। ਉਹ ਧਰਮ ਨੂੰ ਮਨੁੱਖ ਦਾ ਇੱਕ ਨਿੱਜੀ ਮਾਮਲਾ ਕਰਾਰ ਦੇਣ ਦੀ ਪੱਛਮ ਦੀ ਸੈਕੂਲਰ ਵਿਚਾਰਧਾਰਾ ਦੇ ਕਾਇਲ ਸਨ” (ਅਜਮੇਰ ਸਿੰਘ: ਵੀਹਵੀਂ ਸਦੀ ਦੀ ਸਿੱਖ ਰਾਜਨੀਤੀ-ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਤੱਕ, ਸਫ਼ਾ 126)।

ਇੱਕ ਦੇਸ਼-ਇੱਕ ਕੌਮ?

ਜਿਵੇਂ ਇੱਕ ਕੌਮ ਸੰਸਾਰ ਦੇ ਇੱਕ ਤੋਂ ਵੱਧ ਭੂਗੋਲਿਕ ਖੇਤਰਾਂ ਵਿੱਚ ਵਸੀ ਹੋਈ ਹੋ ਸਕਦੀ ਹੈ, ਤਿਵੇਂ ਹੀ ਇੱਕ ਤੋਂ ਵੱਧ ਕੌਮਾਂ ਦੁਨੀਆਂ ਦੇ ਇੱਕ ਸਾਂਝੇ ਭੂਗੋਲਿਕ ਖੇਤਰ ਅੰਦਰ ਵਸੀਆਂ ਵੇਖੀਆਂ ਜਾ ਸਕਦੀਆਂ ਹਨ। ਇਸ ਲਈ, ‘ਇੱਕ ਦੇਸ਼-ਇੱਕ ਕੌਮ’ ਦੀ ਦਲੀਲ ਕੋਰਾ ਝੂਠ ਹੈ।

ਬਹੁ-ਕੌਮੀ ਦੇਸ਼

“ਇੱਕ ਬਹੁ-ਕੌਮੀ (ਮਲਟੀ ਨੈਸ਼ਨਲ) ਦੇਸ਼ ਅੰਦਰ ਕੌਮਾਂ ਦੇ ਆਪਸੀ ਸਬੰਧਾਂ ਵਿੱਚ ਬਹੁ-ਗਿਣਤੀ/ਘੱਟ-ਗਿਣਤੀ ਦੀ ਧਾਰਨਾ ਕੋਈ ਮਾਇਨੇ ਨਹੀਂ ਰਖਦੀ। ਕੌਮ ਵੱਡੀ ਹੋਵੇ ਜਾਂ ਛੋਟੀ, ਦੌਲਤਮੰਦ ਹੋਵੇ ਜਾਂ ਥੁੜ-ਮਾਰੀ, ਉੱਨਤ ਹੋਵੇ ਜਾਂ ਪਿਛੜੀ, ਉਹ ਬਰਾਬਰ ਦੇ ਸਲੂਕ ਅਤੇ ਮਾਣ-ਸਤਿਕਾਰ ਦੀ ਹੱਕਦਾਰ ਹੁੰਦੀ ਹੈ। ਇਹ ਦਸਤੂਰ, ਕੌਮਾਂਤਰੀ ਪੱਧਰ `ਤੇ ਚਿਰੋਕਣਾ ਪ੍ਰਵਾਨ ਹੋ ਚੁੱਕਾ ਹੈ।

ਕੌਮੀ ਚੇਤਨਾ ਜਦੋਂ ਜੋਬਨ `ਤੇ ਆ ਜਾਵੇ ਤਾਂ ਸਬੰਧਤ ਕੌਮੀ-ਭਾਈਚਾਰਾ ਸ਼ਰੀਕ-ਕੌਮ ਦੇ ਦਾਬੇ ਨੂੰ, ਕਿਸੇ ਵੀ ਸੂਰਤ ਤੇ ਕਿਸੇ ਵੀ ਸ਼ਕਲ ਵਿੱਚ, ਸਹਿਣ ਕਰਨ ਤੋਂ ਇਨਕਾਰੀ ਹੋ ਜਾਂਦਾ ਹੈ। ਇੱਕ ਘੱਟ-ਗਿਣਤੀ ਵਰਗ ਦੀ ਚੇਤਨਾ ਤੇ ਕੌਮੀ-ਭਾਈਚਾਰੇ ਦੀ ਚੇਤਨਾ ਵਿੱਚ ਇਹ ਅਹਿਮ ਫ਼ਰਕ ਹੁੰਦਾ ਹੈ” (ਅਜਮੇਰ ਸਿੰਘ: ਵੀਹਵੀਂ ਸਦੀ ਦੀ ਸਿੱਖ ਰਾਜਨੀਤੀ-ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਤੱਕ, ਸਫ਼ੇ 68-77)।

ਘੱਟ-ਗਿਣਤੀ ਵਰਗ

“ਬਹੁ ਗਿਣਤੀ/ਘੱਟ ਗਿਣਤੀ ਦਾ ਅਸੂਲ ਜਾਂ ਤਾਂ ਇੱਕ-ਜਾਤੀ ਸਮਾਜਾਂ `ਤੇ ਲਾਗੂ ਹੁੰਦਾ ਹੈ ਅਤੇ ਜਾਂ ਅਜਿਹੇ ਬਹੁ-ਭਾਂਤੀ ਸਮਾਜਾਂ `ਤੇ ਜਿੱਥੇ ਇੱਕ ਭਾਰੂ ਕੌਮ ਦੇ ਨਾਲੋ-ਨਾਲ ਕੁੱਝ ਭਾਸ਼ਾਈ ਜਾਂ ਧਾਰਮਿਕ ਘੱਟ ਗਿਣਤੀਆਂ ਵੀ ਵਸ ਰਹੀਆਂ ਹੋਣ। ਅਜਿਹੇ ਬਹੁ-ਭਾਂਤੀ ਸਮਾਜਾਂ `ਤੇ ਭਾਰੂ ਕੌਮ ਦੇ ਨਾਲੋ-ਨਾਲ ਕੁੱਝ ਨਸਲੀ, ਭਾਸ਼ਾਈ ਜਾਂ ਧਾਰਮਿਕ ਘੱਟ ਗਿਣਤੀਆਂ ਦੇ ਹੱਕਾਂ ਦੀ ਸੰਵਿਧਾਨਕ ਸੁਰੱਖਿਆ ਦੇ ਮਾਮਲੇ ਉਠਦੇ ਹਨ। ਬਹੁ-ਭਾਂਤੀ ਰਾਜ ਅੰਦਰ, ਕਿਉਂਕਿ, ਘੱਟ ਗਿਣਤੀ ਵਰਗ ਦੀ ਹੋਣੀ ਹੀ ਕੁੱਝ ਇਸ ਤਰ੍ਹਾਂ, ਦੀ ਨਿਸਚਿਤ ਹੋਈ ਹੁੰਦੀ ਹੈ ਕਿ ਉਸ ਨੂੰ ਭਾਰੂ ਵਰਗ ਦੇ ਰਾਜਸੀ ਗ਼ਲਬੇ ਦੀ ਲਾਹਨਤ ਤੋਂ ਅੰਸ਼ਕ ਰੂਪ ਵਿੱਚ ਹੀ ਰਾਹਤ ਮਿਲ ਸਕਦੀ ਹੈ (ਸੰਵਿਧਾਨਕ ਸੁਰੱਖਿਆਵਾਂ ਰਾਹੀਂ)। ਉਹ ਉਸ ਤੋਂ ਮੁਕੰਮਲ ਰੂਪ ਵਿੱਚ ਸੁਰਖ਼ਰੂ ਨਹੀਂ ਹੋ ਸਕਦਾ। ਇਸ ਕਰ ਕੇ, ਆਮ ਤੌਰ `ਤੇ, ਘੱਟ ਗਿਣਤੀ ਵਰਗ ਰਾਜਸੀ ਦਾਬੇ ਨੂੰ ਕਿਸੇ ਵੀ ਸੂਰਤ `ਤੇ ਕਿਸੇ ਵੀ ਸ਼ਕਲ ਵਿੱਚ ਨਾ ਸਹਿਣ ਕਰਨ ਵਰਗੀਆਂ ਸਿਰੇ ਦੀਆਂ ਰਾਜਸੀ ਪੁਜ਼ੀਸ਼ਨਾਂ ਨਹੀਂ ਲੈਂਦੇ। ਉਨ੍ਹਾਂ ਦੇ ਸਰੋਕਾਰ ਦੇ ਯਤਨ ਇਸ ਦਾਬੇ ਦੇ ਬੋਝ ਤੇ ਇਸ ਦੀ ਚੋਭ ਨੂੰ ਵੱਧ ਤੋਂ ਵੱਧ ਹੱਦ ਤੱਕ ਘੱਟ ਕਰਨ ਦੀ ਦਿਸ਼ਾ ਵੱਲ ਸੇਧਤ ਹੁੰਦੇ ਹਨ। ਰਾਜਸੀ ਦਾਬੇ ਦੇ ਜੂਲੇ ਨੂੰ ਪੂਰੀ ਤਰ੍ਹਾਂ ਵਗਾਹ ਮਾਰਨਾ ਉਨ੍ਹਾਂ ਦੇ ਭਾਗਾਂ ਵਿੱਚ ਨਹੀਂ ਹੁੰਦਾ। ਹਾਂ, ਉਸ ਜੂਲੇ ਦੀ ਅਰਲੀ ਨੂੰ ਗਲ ਤੋਂ ਵਧੇਰੇ ਦੂਰ ਰਿਸਕਾਉਂਣ ਲਈ ਯਤਨਸ਼ੀਲ ਜ਼ਰੂਰ ਹੁੰਦੇ ਹਨ” (ਅਜਮੇਰ ਸਿੰਘ: ਵੀਹਵੀਂ ਸਦੀ ਦੀ ਸਿੱਖ ਰਾਜਨੀਤੀ-ਇੱਕ ਗ਼ੁਲਾਮੀ ਤੋਂ ਦੂਜੀ ਗ਼ੁਲਾਮੀ ਤੱਕ, ਸਫ਼ੇ 68-77)।

ਨੋਟ: ਘੱਟ ਗਿਣਤੀ ਵਰਗਾਂ ਲਈ ਸੰਵਿਧਾਨਕ ਸੁਰੱਖਿਆਵਾਂ ਵੀ ਤਦ ਹੀ ਕੋਈ ਅਹਿਮੀਅਤ ਰਖਦੀਆਂ ਹਨ ਜੇਕਰ ਸਬੰਧਤ ਦੇਸ਼ ਦੀ ਰਾਜ-ਸੱਤਾ `ਤੇ ਕਾਬਜ਼ ਭਾਰੂ ਕੌਮ ਦੇ ਲੀਡਰਾਂ ਦੇ ਕਿਰਦਾਰ ਵਿੱਚ ਇਨਸਾਨੀਅਤ ਦੀ ਹੋਂਦ ਵੀ ਹੋਵੇ, ਯਾਨੀ ਕਿ, ਉਹ ਕਾਦਿਰੁ ਦੀ ਕੁਦਰਤਿ ਦੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਵੀ ਹੋਣ। ਨਹੀਂ ਤਾਂ, ਸੰਵਿਧਾਨਕ ਮੱਦਾਂ ਨੂੰ ਬਦਲਣ ਲੱਗਿਆਂ ਦੇਰ ਨਹੀਂ ਲਗਦੀ ਅਤੇ, ਜੇਕਰ ਵਿਧਾਨ-ਪਾਲਿਕਾ ਵਿੱਚ ਭਾਰੀ ਬਹੁ ਗਿਣਤੀ ਨਾਲ ਹੋਵੇ ਤਾਂ, ਬਹੁਤਾ ਜ਼ੋਰ ਵੀ ਨਹੀਂ ਲਗਦਾ। ਭਾਰਤ ਦੀ ਆਜ਼ਾਦੀ ਦੀ ਜਦੋਜਹਿਦ ਦੌਰਾਨ, ਹਿੰਦੂ ਬਹੁ-ਗਿਣਤੀ ਲੀਡਰਾਂ ਵੱਲੋਂ ਸਿੱਖ ਕੌਮ ਨਾਲ ਕੀਤੇ ਲਿਖਤੀ (ਮਤਿਆਂ ਦੇ ਰੂਪ ਵਿੱਚ) ਅਤੇ ਜ਼ੁਬਾਨੀ ਕੌਲਾਂ-ਇਕਰਾਰਾਂ, ਜਿਨ੍ਹਾਂ ਨੂੰ ਕਿ ਉਹ (ਹਿੰਦੂ ਲੀਡਰ) ਰੱਬ ਅਤੇ ਸਮੁੱਚੀ ਮਨੁੱਖਤਾ ਦੇ ਰੂਬਰੂ ਚੁੱਕੀਆਂ ਗਈਆਂ ਪਵਿੱਤਰ ਸੌਗੰਧਾਂ (ਸੌਹਾਂ) ਦਾ ਦਰਜ਼ਾ ਦੇਂਦੇ ਰਹੇ ਸਨ, ਤੋਂ, ਅਜ਼ਾਦੀ ਮਿਲਦਿਆਂ ਸਾਰ ਹੀ, ਪੂਰੀ ਬੇ-ਸ਼ਰਮੀ ਅਤੇ ਢੀਠਤਾਈ ਨਾਲ ਮੁੱਕਰ ਜਾਣਾ, ਇਸ ਹਕੀਕਤ ਦੀ ਜਿਉਂਦੀ-ਜਾਗਦੀ ਮਿਸਾਲ ਹੈ।

ਮਜ਼੍ਹਬ ਅਤੇ ਮਨੁੱਖੀ ਸਮਾਜ

‘ਯਹੂਦੀ-ਮੱਤ ਸੰਸਾਰ ਦਾ ਸਭ ਤੋਂ ਪੁਰਾਣਾ ਮਜ਼੍ਹਬ ਹੈ। ਇਸ ਮੱਤ ਦੇ ਬਾਨੀ (ਮੋਢੀ) ਹਜ਼ਰਤ ਮੂਸਾ ਜੀ, ਮਿਸਰ ਵਿੱਚ, ਹਜ਼ਰਤ ਈਸਾ ਜੀ ਤੋਂ ਤਕਰੀਬਨ 1570 ਸਾਲ ਪਹਿਲਾਂ, ਪੈਦਾ ਹੋਏ ਸਨ। ਯਹੂਦੀ-ਮੱਤ ਵਿੱਚੋਂ ਹੀ ‘ਈਸਾਈ-ਮੱਤ’ (ਈਸਵੀ ਸੰਨ ਦੇ ਅਰੰਭ ਵਿੱਚ) ਅਤੇ ‘ਇਸਲਾਮ-ਮੱਤ’ (622 ਈਸਵੀ ਵਿੱਚ) ਹੋਂਦ ਵਿੱਚ ਆਏ ਸਨ। 567 ਬੀ. ਸੀ. (ਪੁਰਾਣਾ ਕਾਲ) ਵਿੱਚ ਭਾਰਤ ਵਿੱਚ, ਗੌਤਮ ਬੁੱਧ (ਪਹਿਲਾ ਨਾਮ ‘ਸਿਧਾਰਥ’ ) ਦਾ ਜਨਮ ਹੋਇਆ ਜਿਨ੍ਹਾਂ ਨੇ 36 ਕੁ ਸਾਲ ਦੀ ਉਮਰ ਵਿੱਚ ਬੁਧ-ਮੱਤ ਦਾ ਪ੍ਰਚਾਰ ਅਰੰਭ ਕੀਤਾ। ਤਕਰੀਬਨ ਉਸੇ ਸਮੇਂ ਦੇ ਆਸ-ਪਾਸ ਹੀ ਹਜ਼ਰਤ ਰਿਸ਼ਭ ਨਾਥ ਨੇ ਭਾਰਤ ਵਿੱਚ ‘ਜੈਨ-ਮੱਤ’ ਦਾ ਪ੍ਰਚਾਰ ਅਰੰਭ ਕੀਤਾ ਸੀ। ਵਿਸ਼ਵਾਸ ਕੀਤਾ ਜਾਂਦਾ ਹੈ ਕਿ ‘ਆਦਿ ਨਾਥ’ ਨੇਪਾਲ ਦਾ ਇੱਕ ਮਹਾਂ-ਪੁਰਖ ਸੀ ਜਿਸ ਨੇ ‘ਜੋਗ-ਮਤ’ ਚਲਾਇਆ, ਪਰ, ਨਿਸਚਿਤ ਤੌਰ `ਤੇ ਇਹ ਗੱਲ ਕਹਿਣੀ ਕਿ ‘ਜੋਗ-ਮਤ’ ਦਾ ਬਾਨੀ ਕੌਣ ਸੀ ਅਤੇ ਇਹ ਮੱਤ ਕਿਸ ਸਮੇਂ ਹੋਂਦ ਵਿੱਚ ਆਇਆ, ਬੜੀ ਮੁਸ਼ਕਲ ਹੈ। ਕਪਲਮੁਨੀ ਦੇ ਸ਼ਾਂਖ-ਸ਼ਾਸਤਰ ਵਿੱਚ ਵੀ ਜੋਗ-ਮੱਤ ਦੇ ਅਸੂਲਾਂ ਦਾ ਜ਼ਿਕਰ ਮਿਲਦਾ ਹੈ, ਪਤੰਜਲੀ ਦੇ ਜੋਗ-ਮੱਤ ਦਾ ਵੇਰਵਾ ਵੀ ਗ੍ਰੰਥ ਰੂਪ ਵਿੱਚ ਮਿਲਦਾ ਹੈ ਅਤੇ ਗੋਰਖ ਨਾਥ ਦੇ ਜੋਗ-ਮੱਤ ਦਾ ਵੀ।
.