.

ਜਸਬੀਰ ਸਿੰਘ ਵੈਨਕੂਵਰ

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਨਾਲ ਸੰਬੰਧਤ ਕੁੱਝ ਮਨਘੜਤ ਸਾਖੀਆਂ

(ਕਿਸ਼ਤ ਨੌਵੀਂ)

ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਅਲੋਪ ਹੋਣ ਸੰਬੰਧੀ ਜਨਮ ਸਾਖੀਆਂ, ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ, ਸ੍ਰੀ ਗੁਰੂ ਨਾਨਕ ਪ੍ਰਕਾਸ਼ ਅਤੇ ਤਵਾਰੀਖ ਗੁਰੂ ਖਾਲਸਾ ਵਿੱਚ ਵਰਣਿਤ ਇਸ ਸਾਖੀ ਨੂੰ ਪੜ੍ਹਣ ਪਿੱਛੋਂ ਇਹ ਗੱਲ ਸਪਸ਼ਟ ਹੋ ਜਾਂਦੀ ਹੈ ਕਿ ਸਤਿਗੁਰੂ ਸੰਬੰਧੀ ਇਸ ਪ੍ਰਚਲਤ ਰਵਾਇਤ ਦੀ ਦੇਣ ਇਹਨਾਂ ਸਾਖੀਕਾਰਾਂ ਦੀ ਹੀ ਹੈ ਜਿਸ ਨੂੰ ਬਾਅਦ ਦੇ ਲੇਖਕਾਂ ਨੇ ਆਪੋ ਆਪਣੇ ਢੰਗ ਨਾਲ ਪੇਸ਼ ਕੀਤਾ ਹੈ।
ਗੁਰੂ ਨਾਨਕ ਸਾਹਿਬ ਸੰਬੰਧੀ ਪ੍ਰਚਲਤ ਰਵਾਇਤਾਂ ਨੂੰ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਲਿਖਤੀ ਰੂਪ ਦਿੱਤਾ ਗਿਆ। ਭਾਈ ਗੁਰਦਾਸ ਜੀ ਦੀਆਂ ਵਾਰਾਂ ਅਤੇ ਜਨਮ ਸਾਖੀਆਂ (ਪੁਰਾਤਨ ਜਨਮ ਸਾਖੀ ਅਤੇ ਮਿਹਰਬਾਨ ਰਚਿਤ ਜਨਮ ਸਾਖੀ) ਇਸ ਸਮੇਂ ਦੀਆਂ ਹੀ ਰਚਨਾਵਾਂ ਹਨ। ਭਾਈ ਬਾਲੇ ਵਾਲੀ ਜਨਮ ਸਾਖੀ ਇਹਨਾਂ ਸਾਖੀਆਂ ਤੋਂ ਬਾਅਦ ਦੀ ਰਚਨਾ ਹੈ। (ਨੋਟ:-ਇਸ ਜਨਮ ਸਾਖੀ ਦਾ ਅਸਲ ਕਰਤਾ ਬਿਧੀ ਚੰਦ ਹਿੰਦਾਲੀਆ ਹੈ। ਭਾਈ ਬਾਲਾ ਕੋਈ ਹੋਰ ਨਹੀਂ ਇਹ ਬਿਧੀ ਚੰਦ ਹਿੰਦਾਲੀਆ ਹੀ ਹੈ; ਜਿਸ ਨੇ ਹਿੰਦਾਲ ਨੂੰ ਗੁਰੂ ਨਾਨਕ ਸਾਹਿਬ ਨਾਲੋਂ ਵੱਡਾ ਦਰਸਾਉਣ ਲਈ ਕਈ ਮਨਘੜਤ ਕਹਾਣੀਆਂ ਇਸ ਵਿੱਚ ਲਿਖੀਆਂ ਹਨ। ਇਸ ਸੰਬੰਧੀ ਵਧੇਰੇ ਜਾਣਕਾਰੀ ਇਹਨਾਂ ਪੁਸਤਕਾਂ ਤੋਂ ਲਈ ਜਾ ਸਕਦੀ ਹੈ: ਕਰਮ ਸਿੰਘ ਹੋਸਟੋਰੀਅਨ ਦੀ ਪੁਸਤਕ ‘ਕਤਕ ਕਿ ਵੈਸਾਖ’ ਅਤੇ ‘ਜਨਮ ਸਾਖੀ ਪਰੰਪਰਾ-ਇਤਿਹਾਸਕ ਦ੍ਰਿਸ਼ਟੀਕੋਣ ਤੋਂ’ -ਲੇਖਕ ਕਿਰਪਾਲ ਸਿੰਘ)
ਇਹ ਸਾਰੇ ਸਾਖੀਕਾਰ ਇਸ ਗੱਲ ਨਾਲ ਸਹਿਮਤ ਹਨ ਕਿ ਜਿਸ ਸਮੇਂ ਗੁਰੂ ਨਾਨਕ ਸਾਹਿਬ ਜੋਤੀ ਜੋਤ ਸਮਾਉਂਦੇ ਹਨ, ਗੁਰੂ ਸਾਹਿਬ ਦੀ ਸੁਪਤਨੀ (ਮਾਤਾ) ਸੁਲੱਖਣੀ ਜੀ ਅਤੇ ਦੋਵੇਂ ਪੁੱਤਰ ਉੱਥੇ ਮੌਜੂਦ ਸਨ। ਗੁਰੂ ਸਾਹਿਬ ਦੇ ਮਿਰਤਕ ਸਰੀਰ ਦੇ ਸੰਸਕਾਰ ਦਾ ਹੱਕ ਗੁਰੂ ਪਰਵਾਰ ਦਾ ਹੀ ਸੀ। ਹਾਂ, ਗੁਰੂ ਪਰਵਾਰ ਵਲੋਂ ਇਹ ਜ਼ਿੰਮੇਵਾਰੀ ਨਿਭਾਉਣ ਤੋਂ ਇਨਕਾਰੀ ਹੋਣ ਦੀ ਸੂਰਤ ਵਿੱਚ ਇਹ ਸੰਭਾਵਨਾ ਹੋ ਸਕਦੀ ਸੀ ਕਿ ਹਿੰਦੂਆਂ ਤੋਂ ਸਿੱਖ ਬਣੇ ਸ਼ਰਧਾਲੂ ਗੁਰਦੇਵ ਦੀ ਦੇਹ ਦਾ ਸਸਕਾਰ ਕਰਨਾ ਚਾਹੁੰਦੇ ਹੋਣ ਅਤੇ ਮੁਸਲਮਾਨਾਂ ਤੋਂ ਸਿੱਖ ਬਣੇ ਹੋਏ ਸ਼ਰਧਾਲੂ ਦਫ਼ਨਾਉਂਣਾ ਚਾਹੁੰਦੇ ਹੋਣ। ਪਰ ਇੱਕ ਵੀ ਲੇਖਕ ਨੇ ਇਹ ਨਹੀਂ ਲਿਖਿਆ ਕਿ ਗੁਰੂ ਪਰਵਾਰ ਨੇ ਸਸਕਾਰ ਕਰਨ ਤੋਂ ਇਨਕਾਰ ਕੀਤਾ ਹੋਵੇ। ਭਾਈ ਕੇਸਰ ਸਿੰਘ ਛਿੱਬਰ ਅਨੁਸਾਰ ਜਦੋਂ ਮੁਸਲਮਾਨ ਸ਼ਰਧਾਲੂ ਗੁਰੂ ਸਾਹਿਬ ਦੇ ਮਿਰਤਕ ਸਰੀਰ ਨੂੰ ਦਫ਼ਨਾਉਣ ਬਜ਼ਿੱਦ ਸਨ ਤਾਂ ਗੁਰੂ ਪੁੱਤਰ ਆਪਣੇ ਪਿਤਾ ਗੁਰਦੇਵ ਦਾ ਸਸਕਾਰ ਕਰਨ ਉੱਤੇ ਹੀ ਜ਼ੋਰ ਦੇ ਰਹੇ ਸਨ। (ਸਾਹਿਬਜ਼ਾਦੇ ਆਖਣ, ਅਸਾਂ ਕਰਨਾ ਹੈ ਸਿਸਕਾਰ)। ਭਾਈ ਬਾਲੇ ਵਾਲੀ ਜਨਮ ਸਾਖੀ ਦਾ ਕਰਤਾ, ਇੱਕ ਪਾਸੇ ਇਹ ਲਿਖਦਾ ਹੈ ਕਿ ਗੁਰੂ ਸਾਹਿਬ ਨੇ ਭਾਈ ਸਾਧਾਰਨ ਨੂੰ ਆਪਣਾ ਅੱਠ ਵਿਘੇ ਵਾਲੇ ਖੇਤ ਦਿਖਾ ਕੇ ਕਿਹਾ ਕਿ ਉਹਨਾਂ ਦਾ ਸਸਕਾਰ ਇਸ ਜਗ੍ਹਾ `ਤੇ ਕੀਤਾ ਜਾਵੇ ਅਤੇ ਦੂਜੇ ਪਾਸੇ ਹਿੰਦੂਆਂ ਅਤੇ ਮੁਸਲਮਾਨਾਂ ਵਲੋਂ ਇਸ ਤਰ੍ਹਾਂ ਦੇ ਤਕਰਾਰ ਦਾ ਵੀ ਉਲੇਖ ਕਰਦਾ ਹੈ। ਇਸ ਤਕਰਾਰ ਵਿੱਚ ਨਾ ਤਾਂ ਸ੍ਰੀ ਚੰਦ ਜੀ ਅਤੇ ਨਾ ਹੀ ਭਾਈ ਸਾਧਾਰਨ ਜੀ ਨੂੰ ਇਹ ਕਹਿੰਦਾ ਦਰਸਾਇਆ ਹੈ ਕਿ ਦੋਹਾਂ ਧਿਰਾਂ ਨੂੰ ਝਗੜਦਿਆਂ ਦੇਖ ਕੇ ਇਹਨਾਂ ਨੇ ਗੁਰੂ ਸਾਹਿਬ ਦੀ ਆਪਣੀ ਇੱਛਾ ਬਾਰੇ ਦਸ ਕੇ ਸ਼ਾਂਤ ਕਰਨ ਦੀ ਕੋਸ਼ਸ਼ ਕੀਤੀ ਹੋਵੇ।
ਨੋਟ:-ਸ੍ਰੀ ਗੁਰ ਪੁਰ ਪ੍ਰਕਾਸ਼ ਗ੍ਰੰਥ ਦਾ ਕਰਤਾ ਗੁਰੂ ਨਾਨਕ ਸਾਹਿਬ ਵਲੋਂ ਆਪਣੇ ਪੁੱਤਰ ਸ੍ਰੀ ਚੰਦ ਹੁਰਾਂ ਨੂੰ ਇਹ ਖੇਤ ਦਿਖਾ ਕੇ, ਇਸ ਸਥਾਨ `ਤੇ ਸਸਕਾਰ ਕਰਨ ਦੀ ਆਗਿਆ ਕਰਨ ਦਾ ਵਰਨਣ ਕਰਦਾ ਹੈ: “ਅੱਸੂ ਵਦੀ ਵਸੂ ਦਿਨ ਆਯੋ। ਸ੍ਰੀ ਜਗ ਗੁਰ ਕੇ ਮਨ ਅਸ ਭਾਯੋ। ਸਿਰੀ ਚੰਦ ਕੋ ਲੇਕਰ ਸਾਥ। ਰਾਵੀ ਤਟ ਗਮਨੇ ਜਗ ਨਾਥ। ਅਸਟ ਬਿਘੇ ਕੋ ਏਕ ਕਿਦਾਰਾ। ਤਟ ਠਾਂਢ ਹੁਐ ਬਚਨ ਉਚਾਰਾ। ਸੁਨਹੁ ਤਾਤ ਇਹ ਸ਼ੁਭ ਅਸਥਾਨਾ। ਕਾਸਟ ਹਮਰੇ ਡਾਰਹੁ ਆਨਾ। ਨੀਕੀ ਬਿਧਹਿ ਤਾਤ ਸਮਝਾਹੀ। ਆਨ ਪ੍ਰਵੇਸੇ ਪੁਨ ਪੁਰ ਮਾਹੀ। ਚਲ ਤਰ ਤਰੇ ਬਿਰਾਜੇ ਆਈ। ਸਰਬ ਸਿੱਖ ਤਹ ਦਰਸ ਦਿਖਾਈ। ਸ੍ਰੀ ਅੰਗਦ ਪੁਨ ਸੁਤ ਤਿਹਕਾਲਾ। ਹਾਥ ਬੰਦ ਬੂਝਤ ਭੇ ਦਿਆਲਾ। ਅੰਤਮ ਸੰਸਕਾਰ ਕਸ ਠਾਨਹਿੰ। ਜਸ ਆਗਿਆ ਦਿਹੁ ਤਸ ਹਮ ਮਾਨਹਿੰ। ਭੇ ਪ੍ਰਸੰਨ ਤਬ ਬਚਨ ਅਲਾਯੋ। ਆਸਾ ਰਾਗ ਸ਼ਬਦ ਜੋ ਗਾਯੋ। ਪੁਨ ਜਨ ਕੀਨੀ ਹਮ ਪਿਤ ਕੇਰੀ। ਤੈਸੇ ਤੁਮ ਕਰਹੋ ਬਿਨ ਦੇਰੀ। ਸਿਖ ਭੀ ਹਮਰੇ ਕਰਹੈਂ ਐਸੇ। ਹਮ ਪੀਛੇ ਤੁਮ ਕਰਹੋ ਜੈਸੇ। ਸੱਤਿ ਬਚਨ ਸਭ ਨੇ ਤਬ ਕੀਨਾ। ਆਗਿਆ ਸਤਿਗੁਰ ਮੈਂ ਹਿਤ ਦੀਨਾ। ਦਿਵਸ ਬੀਤਿਯੋ ਨਿਸ ਪੁਨ ਆਈ। ਦੀਪ ਮਾਲ ਪੁਰ ਸਾਰੇ ਥਾਈ। (ਕਵਿ ਸੰਤ ਰੇਣ ਪ੍ਰੇਮ ਸਿੰਘ)
ਜਿੱਥੋਂ ਤੱਕ ਸਾਖੀਕਾਰਾਂ ਦਾ ਗੁਰੂ ਸਾਹਿਬ ਦਾ ਸਣਦੇਹੀ ਸੱਚਖੰਡ ਜਾਣ ਦੇ ਵਰਨਣ ਦਾ ਸਵਾਲ ਹੈ, ਇਸ ਸੰਬੰਧ ਵਿੱਚ ਇਤਨੀ ਕੁ ਹੀ ਬੇਨਤੀ ਹੈ ਕਿ ਗੁਰਮਤਿ ਦੀ ਜੀਵਨ-ਜੁਗਤ ਵਿੱਚ ਸੱਚਖੰਡ ਪ੍ਰਭੂ ਦਾ ਕੋਈ ਵਿਸ਼ੇਸ਼ ਸਥਾਨ ਨਹੀਂ ਸਗੋਂ ਮਾਨਸਕ ਅਵਸਥਾ ਹੈ। ਮੌਤ ਉਪਰੰਤ ਜਿਹਨਾਂ ਤਤਾਂ ਦਾ ਜੀਵ ਬਣਿਆ ਹੋਇਆ ਹੈ, ਇਹ ਤਤ ਆਪਣੇ ਮੂਲ ਤਤ ਵਿੱਚ ਸਮਾਅ ਜਾਂਦੇ ਹਨ। ਕਰਤੇ ਦੀ ਕੁਦਰਤ ਦਾ ਇਹ ਨਿਯਮ ਹਰੇਕ ਮਨੁੱਖ ਉੱਤੇ ਇੱਕੋ ਜਿਹਾ ਢੁੱਕਦਾ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਅਟੱਲ ਨਿਯਮ ਦਾ ਹੀ ਵਰਨਣ ਕੀਤਾ ਹੋਇਆ ਹੈ:-
(ੳ) ਦੇਹੀ ਜਾਤਿ ਨ ਆਗੈ ਜਾਏ॥ (ਪੰਨਾ ੧੧੧) ਅਰਥ:- ਪ੍ਰਭੂ ਦੀ ਹਜ਼ੂਰੀ ਵਿੱਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ)।
(ਅ) ਜਾਗ ਲੇਹੁ ਰੇ ਮਨਾ ਜਾਗ ਲੇਹੁ ਕਹਾ ਗਾਫਲ ਸੋਇਆ॥ ਜੋ ਤਨੁ ਉਪਜਿਆ ਸੰਗ ਹੀ ਸੋ ਭੀ ਸੰਗਿ ਨ ਹੋਇਆ॥ (ਪੰਨਾ ੭੨੬) ਅਰਥ:-ਹੇ ਮਨ! ਹੋਸ਼ ਕਰ, ਹੋਸ਼ ਕਰ! ਤੂੰ ਕਿਉਂ (ਮਾਇਆ ਦੇ ਮੋਹ ਵਿਚ) ਬੇ-ਪਰਵਾਹ ਹੋ ਕੇ ਸੌਂ ਰਿਹਾ ਹੈਂ? (ਵੇਖ,) ਜੇਹੜਾ (ਇਹ) ਸਰੀਰ (ਮਨੁੱਖ ਦੇ) ਨਾਲ ਹੀ ਪੈਦਾ ਹੁੰਦਾ ਹੈ; ਇਹ ਭੀ (ਆਖ਼ਰ) ਨਾਲ ਨਹੀਂ ਜਾਂਦਾ।
ਜਿੱਥੋਂ ਤੀਕ ਪੁਰਾਤਨ ਜਨਮ ਸਾਖੀ ਦੇ ਕਰਤੇ ਦੀ ਇਸ ਲਿਖਤ ਦਾ ਸਵਾਲ ਹੈ ਕਿ ਗੁਰੂ ਸਾਹਿਬ ਵਲੋਂ ਹੀ ਦੋਹਾਂ ਧਿਰਾਂ ਨੂੰ ਇਹ ਸੁਝਾ ਦਿੱਤਾ ਗਿਆ ਸੀ ਕਿ ਜਿਸ ਦੇ ਫੁੱਲ ਕੁਮਲਾਉਣਗੇ ਨਹੀਂ, ਉਹ ਉਹਨਾਂ ਦੇ ਸਰੀਰ ਨੂੰ ਆਪਣੇ ਅਕੀਦੇ ਅਨੁਸਾਰ ਸਸਕਾਰ ਕਰਨ ਜਾਂ ਦਫ਼ਨਾਉਣ; ਇਹ ਬਿਲਕੁਲ ਨਿਰਮੂਲ ਹੈ। ਜੇਕਰ ਇਸ ਤਰ੍ਹਾਂ ਦਾ ਝਗੜਾ ਗੁਰੂ ਸਾਹਿਬ ਦੀ ਮੌਜੂਦਗੀ ਵਿੱਚ ਹੁੰਦਾ ਤਾਂ ਗੁਰੂ ਸਾਹਿਬ ਦੋਹਾਂ ਧਿਰਾਂ ਨੂੰ ਅਜਿਹੀ ਮੂਰਖਤਾ ਕਾਰਨ ਫਿਟਕਾਰਦੇ ਨਾ ਕਿ ਉਹਨਾਂ ਦੀ ਮੂਰਖਤਾ ਨੂੰ ਇਸ ਰੂਪ ਵਿੱਚ ਬੜਾਵਾ ਦਿੰਦੇ। ਨਿਰਸੰਦੇਹ ਗੁਰੂ ਸਾਹਿਬ ਦੋਹਾਂ ਧਿਰਾਂ ਦੇ ਹਿਰਦਿਆਂ ਨੂੰ ਗਿਆਨ ਦੇ ਬਾਣਾਂ ਨਾਲ ਵਿਨ੍ਹ ਕੇ, ਉਹਨਾਂ ਦੇ ਅੰਧਕਾਰਮਈ ਮਨਾਂ ਨੂੰ ਰੋਸ਼ਨਾ ਦਿੰਦੇ। ਹੇਠ ਲਿਖਿਆ ਫ਼ਰਮਾਨ ਗੁਰੂ ਨਾਨਕ ਸਾਹਿਬ ਦਾ ਹੀ ਉਚਾਰਣ ਕੀਤਾ ਹੋਇਆ ਹੈ।
ਇਕ ਦਝਹਿ ਇੱਕ ਦਬੀਅਹਿ ਇਕਨਾ ਕੁਤੇ ਖਾਹਿ॥ ਇਕਿ ਪਾਣੀ ਵਿਚਿ ਉਸਟੀਅਹਿ ਇਕਿ ਭੀ ਫਿਰਿ ਹਸਣਿ ਪਾਹਿ ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥ (ਪੰਨਾ ੬੪੮) ਅਰਥ:- (ਮਰਨ ਤੇ) ਕੋਈ ਸਾੜੇ ਜਾਂਦੇ ਹਨ, ਕੋਈ ਦੱਬੇ ਜਾਂਦੇ ਹਨ, ਇਕਨਾਂ ਨੂੰ ਕੁੱਤੇ ਖਾਂਦੇ ਹਨ, ਕੋਈ ਜਲ-ਪ੍ਰਵਾਹ ਕੀਤੇ ਜਾਂਦੇ ਹਨ ਤੇ ਕੋਈ ਸੁੱਕੇ ਖੂਹ ਵਿੱਚ ਰੱਖੇ ਜਾਂਦੇ ਹਨ। ਪਰ, ਹੇ ਨਾਨਕ! (ਸਰੀਰ ਦੇ) ਇਸ ਸਾੜਨ ਦੱਬਣ ਆਦਿਕ ਨਾਲ ਇਹ ਨਹੀਂ ਪਤਾ ਲੱਗ ਸਕਦਾ ਕਿ ਰੂਹਾਂ ਕਿੱਥੇ ਜਾ ਵੱਸਦੀਆਂ ਹਨ।
ਗੁਰੂ ਸਾਹਿਬ ਦਾ ਸਰੀਰ ਅਲੋਪ ਹੋਣ ਮਗਰੋਂ ਹਿੰਦੂ ਅਤੇ ਮੁਸਲਮਾਨਾਂ ਵਲੋਂ ਗੁਰੂ ਸਾਹਿਬ ਦੀ ਚਾਦਰ ਨੂੰ ਜਲਾਉਣ ਅਤੇ ਦਫ਼ਨਾਉਣ ਦਾ ਵਰਨਣ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਕੀਤਾ ਹੋਇਆ ਹੈ। (“ਫੇਰ ਹਿੰਦੂਆਂ ਅੱਧੀ ਚਾਦਰ ਲੈ ਕੇ ਬਿਬਾਣ ਮੇਂ ਰਖਕੇ ਚਿਖਾ ਮੇਂ ਜਲਾਈ ਤੇ ਮੁਸਲਮਾਨ ਅੱਧੀ ਚਾਦਰ ਦਫਨ ਕੀਤੀ। ਦੋਹਾਂ ਆਪੋ ਆਪਣੇ ਧਰਮ ਕਰਮ ਕੀਤੇ ਤੇ ਬਾਬਾ ਜੀ ਬੈਕੁੰਠ ਕੋ ਸਣ ਦੇਹ ਗਏ ਹੈਨ।” ) ਮਿਹਰਬਾਨ ਰਚਿਤ ਜਨਮ ਸਾਖੀ ਵਿੱਚ ਗੁਰਦੇਵ ਦਾ ਸਰੀਰ ਅਲੋਪ ਹੋਣ ਮਗਰੋਂ ਇਤਨਾ ਹੀ ਲਿਖਿਆ ਹੈ ਕਿ, “ਤਾ ਜਿਤਨੇ ਲੋਕ ਥੇ ਸੇਵਕੁ ਪਰਵਾਰੁ ਗੁਰੂ ਬਾਬੇ ਨਾਨਕ ਜੀ ਕਾ ਥਾ॥ ਤਿਨਹੁ ਚਿਖਾ ਕਉ ਲੰਬੁ ਦੀਆ॥ ਲਾਗੇ ਕਰਮ ਧਰਮੁ ਕਰਣੇ॥” ਇਸ ਵਿੱਚ ਨਾ ਤਾਂ ਹਿੰਦੂਆਂ ਅਤੇ ਨਾ ਹੀ ਮੁਸਲਮਾਨਾਂ ਵਲੋਂ ਚਾਦਰ ਨੂੰ ਸਸਕਾਰਨ ਅਤੇ ਦਫ਼ਨਾਉਣ ਦਾ ਵਰਨਣ ਹੈ। ਚੂੰਕਿ ਇਸ ਜਨਮ ਸਾਖੀ ਅਨੁਸਾਰ ਜਦੋਂ ਸਤਿਗੁਰੂ ਜੀ ਦਾ ਸਰੀਰ ਅਲੋਪ ਹੋਇਆ ਉਸ ਸਮੇਂ ਹਜ਼ੂਰ ਦੀ ਮਿਰਤਕ ਦੇਹ ਨੂੰ ਸਸਕਾਰਨ ਲਈ ਚਿਖਾ ਉੱਤੇ ਰੱਖਿਆ ਹੋਇਆ ਸੀ। ਇਸੇ ਤਰ੍ਹਾਂ ਪੁਰਾਤਨ ਜਨਮ ਸਾਖੀ ਵਿੱਚ ਵੀ ਗੁਰੂ ਸਾਹਿਬ ਦੀ ਚਾਦਰ ਨੂੰ ਆਪਸ ਵਿੱਚ ਵੰਡ ਕੇ ਸਸਕਾਰਨ ਜਾਂ ਦਫ਼ਨਾਉਣ ਦਾ ਵਰਨਣ ਨਹੀਂ ਹੈ। ਇਸ ਸਾਖੀ ਵਿੱਚ ਕੇਵਲ ਇਤਨਾ ਹੀ ਲਿਖਿਆ ਹੈ ਕਿ, “ਤਦਹੁ ਫੁਲ ਦੁਹਾਂ ਕੇ ਹਰੇ ਰਹੇ। ਹਿੰਦੂ ਆਪਣੇ ਲੇ ਗਏ, ਅਤੇ ਮੁਸਲਮਾਨ ਆਪਣੇ ਲੈ ਗਏ। ਸਰਬਤਿ ਸੰਗਤਿ ਪੈਰੀ ਪਈ।”
ਭਾਵੇਂ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਹਿੰਦੂਆਂ ਜਾਂ ਮੁਸਲਮਾਨਾ ਵਲੋਂ ਸਮਾਧ ਜਾਂ ਕਬਰ ਬਣਾਉਣ ਦਾ ਵਰਨਣ ਨਹੀਂ ਹੈ ਪਰ ਇਸ ਜਨਮ ਸਾਖੀ ਨੂੰ ਆਧਾਰ ਬਣਾ ਕੇ ਇਸ ਸਾਖੀ ਨੂੰ ਲਿਖਣ ਵਾਲੇ ਪਿਛਲੇਰੇ ਲਿਖਾਰੀਆਂ ਨੇ ਆਪਣੀਆਂ ਲਿਖਤਾਂ ਵਿੱਚ ਹਿੰਦੂਆਂ ਵਲੋਂ ਸਮਾਧ ਅਤੇ ਮੁਸਲਮਾਨਾ ਵਲੋਂ ਕਬਰ ਬਣਾਉਣ ਦਾ ਜ਼ਿਕਰ ਕੀਤਾ ਹੈ। ਇਹਨਾਂ ਲੇਖਕਾਂ ਨੇ ਇਹ ਵੀ ਲਿਖਿਆ ਹੈ ਕਿ ਗੁਰੂ ਸਾਹਿਬ ਦੀ ਸਮਾਧ ਅਤੇ ਕਬਰ ਨੂੰ ਰਾਵੀ ਦਰਿਆ ਨੇ ਆਪਣੇ ਵਿੱਚ ਹੀ ਲੀਨ ਕਰ ਲਿਆ ਸੀ। ਜਿਵੇਂ ਮੈਕਸ ਆਰਥਰ ਮੈਕਾਲਿਫ ਲਿਖਦੇ ਹਨ, “ਦਰਿਆ ਰਾਵੀ ਦੇ ਕਿਨਾਰੇ ਮੁਸਲਮਾਨਾਂ ਨੇ ਗੁਰੂ ਜੀ ਦੀ ਯਾਦ `ਚ ਇੱਕ ਮਕਬਰਾ ਅਤੇ ਸਿੱਖਾਂ ਨੇ ਇੱਕ ਸਮਾਧ ਬਣਾਈ ਪਰ ਉਹਨਾਂ ਦੋਨਾਂ ਨੂੰ ਹੀ ਦਰਿਆ ਦਾ ਪਾਣੀ ਰੋੜ੍ਹਕੇ ਲੈ ਗਿਆ। ਇਹ ਤਾਂ ਸ਼ਾਇਦ ਪ੍ਰਮਾਤਮਾ ਵਲੋਂ ਹੀ ਹੋਇਆ ਸੀ ਕਿ ਗੁਰੂ ਜੀ ਦੇ ਪਿੱਛੋਂ ਉਹਨਾਂ ਦੀ ਯਾਦ `ਚ ਬੁਤ-ਪ੍ਰਸਤੀ ਸ਼ੁਰੂ ਨਾ ਹੋ ਜਾਵੇ।”
ਭਾਈ ਸੰਤੋਖ ਸਿੰਘ ਜੀ ਨੇ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਕਿ ਜਿਸ ਥਾਂ ਗੁਰੂ ਸਾਹਿਬ ਦਾ ਸਸਕਾਰ ਹੋਇਆ ਸੀ, ਉਸ ਜਗ੍ਹਾ `ਤੇ ਬਣੀ ਹੋਈ ਸਮਾਧ ਨੂੰ ਰਾਵੀ ਰੋੜ੍ਹ ਕੇ ਲੈ ਗਈ ਸੀ। ਗੁਰੂ ਹਰਿ ਗੋਬਿੰਦ ਜੀ ਜਦੋਂ ਇਸ ਸਥਾਨ `ਤੇ ਗਏ ਸਨ ਤਾਂ ਓਦੋਂ ਲਖਮੀ ਦਾਸ ਵਲੋਂ (ਗੁਰੂ ਸਾਹਿਬ ਦੀ ਆਗਿਆ ਦੇ ਵਿਰੁੱਧ) ਬਣਾਈ ਹੋਈ ਸਮਾਧ ਰਾਵੀ ਦੀ ਲਪੇਟ ਵਿੱਚ ਆ ਚੁਕੀ ਸੀ। ਭਾਈ ਸੰਤੋਖ ਸਿੰਘ ਲਿਖਦੇ ਹਨ ਕਿ ਗੁਰੂ ਹਰਿਗੋਬਿੰਦ ਜੀ ਦੇ ਪੁੱਛਣ `ਤੇ ਹਜ਼ੂਰ ਨੂੰ ਇਉਂ ਦਸਿਆ ਗਿਆ ਕਿ, “ਨਹੀਂ ਦੇਹੁਰਾ ਅਬਿ ਇਸ ਥਾਨ। ਸਕਲ ਭੇਵ ਤਬਿ ਕੀਨਿ ਬਖਾਨਿ। ਰਾਵੀ ਇਹਾਂ ਬੇਗ ਕਰਿ ਆਈ। ਸੋ ਅਵਿਨੀ ਜਲ ਬਿਖੈ ਵਹਾਈ।। ਪਾਰ ਸਥਾਨ ਜਾਇ ਅਬਿ ਕਰਯੋ। ਗੁਰੁ ਕੋ ਬੰਸ ਤਹਾਂ ਹੀ ਥਿਰਯੋ।” (ਸੂਰਜ ਪ੍ਰਕਾਸ਼-ਰਾਸਿ ੬; ਅੰਸੂ ੫੫) ਭਾਵ: ਹੁਣ ਇਸ ਥਾਂ ਦੇਹੁਰਾ ਨਹੀਂ। ਫਿਰ ਉਹਨਾਂ ਨੇ ਸਾਰਾ ਭੇਦ ਬਿਆਨ ਕੀਤਾ ਕਿ ਰਾਵੀ ਇੱਥੇ ਬਹੁਤ ਚੜ੍ਹ ਕੇ ਆਈ ਸੀ, ਉਹ ਧਰਤੀ ਫਿਰ ਜਲ ਵਿੱਚ ਵਹਿ ਗਈ ਸੀ। ਉਹ ਸਥਾਨ ਹੁਣ ਰਾਵੀ ਤੋਂ ਪਾਰ ਬਣਾਇਆ ਹੈ। ਸਤਿਗੁਰੂ ਜੀ ਦਾ ਸਾਰਾ ਵੰਸ਼ ਉੱਥੇ ਹੀ ਰਹਿੰਦਾ ਹੈ।
ਗੁਰੂ ਸਾਹਿਬ ਦੀ ਬਣਾਈ ਹੋਈ ਸਮਾਧ ਰਾਵੀ ਦੀ ਲਪੇਟ `ਚ ਆਉਣ ਮਗਰੋਂ ਗੁਰੂ-ਪੁੱਤਰਾਂ ਨੇ ਦੇਹਰਾ (ਡੇਰਾ) ਬਾਬਾ ਨਾਨਕ ਵਿਖੇ ਨਵੀਂ ਸਮਾਧ ਬਣਾ ਦਿੱਤੀ ਸੀ। ਭਾਸ਼ਾ ਵਿਭਾਗ ਪੰਜਾਬ ਵਲੋਂ ਪ੍ਰਕਾਸ਼ਤ ਪੰਜਾਬੀ ਵਿਸ਼ਵ ਕੋਸ਼ ਵਿੱਚ ਇਸ ਸੰਬੰਧ ਵਿੱਚ ਲਿਖਿਆ ਹੈ ਕਿ, “ਕਰਤਾਰਪੁਰ ਨੂੰ ਚਿਰੋਕਣਾ, ਰਾਵੀ ਨੇ ਆਪਣੇ ਵਿੱਚ ਲੀਨ ਕਰ ਲਿਆ ਹੈ। ਹੁਣ ਜੋ ਗ੍ਰਾਮ ਦੇਹਰਾ ਬਾਬਾ ਨਾਨਕ ਅਥਵਾ (ਡੇਰਾ ਨਾਨਕ) ਦੇਖਿਆ ਜਾਂਦਾ ਹੈ, ਇਹ ਬਾਬਾ ਸ੍ਰੀ ਚੰਦ ਅਤੇ ਲਖਮੀ ਦਾਸ ਜੀ ਨੇ ਵਸਾਇਆ ਹੈ। ਗੁਰੂ ਨਾਨਕ ਸਵਾਮੀ ਦੀ ਸਮਾਧਿ (ਦੇਹਰਾ) ਵੀ ਨਵੀਂ ਬਣਾਈ ਗਈ ਹੈ।”
ਕਰਤਾਰ ਪੁਰ ਨਗਰ ਅਤੇ ਗੁਰਦੁਆਰੇ ਦੇ ਸੰਬੰਧ ਵਿੱਚ ‘ਸਿੱਖ ਪੰਥ ਵਿਸ਼ਵਕੋਸ਼’ ਵਿੱਚ ਲਿਖਿਆ ਹੈ ਕਿ, “ਕੁਝ ਪ੍ਰੇਮੀ ਅਤੇ ਉੱਦਮੀ ਸਿੱਖਾਂ ਨੇ ਰਾਵੀ ਨਦੀ ਦੇ ਪਰਲੇ ਕੰਢੇ ਪੁਰਾਤਨ ਕਰਤਾਰਪੁਰ ਨਗਰ ਦੀ ਨਿਸ਼ਾਨਦੇਹੀ ਕਰਕੇ ਫਿਰ ਤੋਂ ਕਰਤਾਰਪੁਰ ਨਗਰ ਵਸਾਇਆ ਅਤੇ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਉੱਥੇ ਗੁਰੂ-ਧਾਮ ਉਸਾਰਿਆ।” (ਡ. ਰਤਨ ਸਿੰਘ ਜੱਗੀ)
ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਦੀਆਂ ਇਹਨਾਂ ਪ੍ਰਚਲਤ ਸਾਖੀਆਂ ਸੰਬੰਧੀ ਪੜ੍ਹ ਕੇ ਸੁਜਾਣ ਪਾਠਕ ਖ਼ੁਦ ਹੀ ਅੰਦਾਜ਼ਾ ਲਗਾ ਸਕਦੇ ਹਨ ਕਿ ਇਹਨਾਂ ਵਿੱਚ ਕਿਤਨੀ ਕੁ ਸਚਾਈ ਹੈ। ਇਹਨਾਂ ਕਹਾਣੀਆਂ ਦੇ ਮੂਲ ਸੋਮਿਆਂ (ਜਨਮ ਸਾਖੀਆਂ) ਵਿੱਚ ਗੁਰੂ ਸਾਹਿਬ ਸੰਬੰਧੀ ਪ੍ਰਚਲਤ ਰਵਾਇਤਾਂ ਅੰਕਤ ਹਨ। ਇਹ ਰਵਾਇਤਾਂ ਜਿੱਥੇ ਇੱਕ ਪਾਸੇ ਇਸਲਾਮੀ ਪਰੰਪਰਾ ਤੋਂ ਪ੍ਰਭਾਵਿਤ ਹਨ ਉੱਥੇ ਦੂਜੇ ਪਾਸੇ ਪੁਰਾਣਾਂ ਵਿਚਲੀਆਂ ਮਿਥਿਹਾਸਕ ਕਥਾਵਾਂ ਤੋਂ ਵੀ ਪ੍ਰਭਾਵਿਤ ਹਨ। ਇਸ ਲਈ ਇਹ ਸ਼ੁੱਧ ਇਤਿਹਾਸ ਨਹੀਂ ਹੈ।
ਭਾਵੇਂ ਕਈ ਵਿਦਵਾਨ ਜਨਮ ਸਾਖੀ ਸਾਹਿਤ ਨੂੰ “ਇਤਿਹਾਸਕ ਪੱਖ ਤੋਂ ਗੁਰੂ ਨਾਨਕ ਸਾਹਿਬ ਦੇ ਜੀਵਨ ਦੀਆਂ ਰਵਾਇਤਾਂ ਦਾ, ਧਾਰਮਕ ਪੱਖ ਤੋਂ ਬਾਣੀ ਦੇ ਪਰਮਾਰਥ ਦਾ, ਸਾਹਿਤਕ ਰੂਪ ਵਿੱਚ ਬੋਲੀ ਦਾ ਅਤੇ ਅਧਿਆਤਮਕ ਪੱਖ ਤੋਂ ਗੁਰੁਮਤ, ਵੇਦਾਂਤ ਅਤੇ ਸੂਫ਼ੀ ਮੱਤ ਦੇ ਸੰਕੇਤਾਂ ਦਾ ਬਹੁਮੁੱਲਾ ਖ਼ਜ਼ਾਨਾ” ਮੰਨਦੇ ਹਨ (ਨੋਟ:-ਹੋਰ ਵਿਸਤਾਰ ਲਈ ਦੇਖੋ ‘ਜਨਮ ਸਾਖੀ ਪਰੰਪਰਾ-ਇਤਿਹਾਸਕ ਦ੍ਰਿਸ਼ਟੀਕੋਣ ਤੋਂ- ਕਿਰਪਾਲ ਸਿੰਘ) ਪਰ ਜਨਮ ਸਾਖੀ ਸਾਹਿਤ ਇਹ ਵਿਸ਼ੇਸ਼ਤਾ ਰੱਖਦਾ ਹੋਇਆ ਵੀ, ਗੁਰੂ ਨਾਨਕ ਸਾਹਿਬ ਦੇ ਅਸਲ ਦਰਸ਼ਨ ਕਰਾਉਣੋ ਅਸਮਰਥ ਹੈ। ਗੁਰੂ ਨਾਨਕ ਸਾਹਿਬ ਦੇ ਅਸਲ ਦੀਦਾਰ ਜਨਮ ਸਾਖੀਆਂ ਵਿੱਚੋਂ ਨਹੀਂ ਸਗੋਂ ਗੁਰਬਾਣੀ ਵਿੱਚੋਂ ਹੀ ਹੁੰਦੇ ਹਨ। ਇਸ ਲਈ ਗੁਰੂ ਸਾਹਿਬ ਦੀ ਅਜ਼ਮਤ ਦਾ ਆਧਾਰ ਜਨਮ ਸਾਖੀਆਂ ਵਿਚਲੀਆਂ ਸਾਖੀਆਂ ਨਹੀਂ ਬਲਕਿ ਗੁਰਬਾਣੀ ਹੀ ਹੈ। ਗੁਰੂ ਨਾਨਕ ਸਾਹਿਬ ਦੀ ਮਹਾਨਤਾ ਇਹਨਾਂ ਸਾਖੀਆਂ `ਤੇ ਆਧਾਰਤ ਨਹੀਂ ਬਲਕਿ ਗੁਰਬਾਣੀ ਦੇ ਰੂਪ ਗੁਰੂ ਗ੍ਰੰਥ ਸਾਹਿਬ `ਤੇ ਆਧਾਰਤ ਹੈ।
ਇਸ ਕਹਾਣੀ ਦੀ ਰੋਸ਼ਨੀ ਵਿੱਚ ਜਨ-ਸਾਧਾਰਨ ਹੀ ਨਹੀਂ ਸਗੋਂ ਵਿਦਵਾਨ ਵੀ ਗੁਰੂ ਨਾਨਕ ਸਾਹਿਬ ਨੂੰ ਹਰਦਿਲ-ਅਜ਼ੀਜ਼ੀ ਦੇ ਰੂਪ ਵਿੱਚ ਦੇਖ ਰਹੇ ਹਨ। (ਜਿਵੇਂ ‘ਕਰਾਂਤੀਕਾਰੀ ਗੁਰੂ ਨਾਨਕ’ ਪੁਸਤਕ ਕਰਤਾ ਲਿਖਦੇ ਹਨ ਕਿ, “ਜੋਤੀ ਜੋਤ ਸਮਾਉਣ ਦੀ ਘਟਨਾ ਗੁਰੂ ਸਾਹਿਬ ਦੇ ਹਿੰਦੂ-ਮੁਸਲਿਮ ਪਿਆਰ ਤੇ ਪਿਆਰ ਵਜੋਂ ਸਤਕਾਰ ਨੂੰ ਸਪਸ਼ਟ ਕਰਦੀ ਹੈ। …ਹਿੰਦੂਆਂ ਅਤੇ ਮੁਸਲਮਾਨਾਂ, ਦੁਹਾਂ ਵਲੋਂ ਏਨਾਂ ਪਿਆਰ ਅਤੇ ਸਤਕਾਰ ਅਤੇ ਇਸ ਗਲ ਦੇ ਬਾਵਜੂਦ ਕਿ ਉਨ੍ਹਾਂ ਦੋਹਾਂ ਧਰਮਾਂ ਦੇ ਭੇਖਾਂ ਦੀ ਵਿਰੋਧਤਾ ਕੀਤੀ, ਹਿੰਦੂ-ਮੁਸਲਿਮ ਪਿਆਰ ਅਤੇ ਏਕਤਾ ਨੂੰ ਸਪੱਸ਼ਟ ਕਰਦਾ ਹੈ। (ਵਿਸ਼ਵਾਨਾਥ ਤਿਵਾੜੀ) ਪਰ ਇਹ ਸਾਖੀ ਸਤਿਗੁਰੂ ਜੀ ਹਿੰਦੂ ਮੁਸਲਿਮ ਦੇ ਪਿਆਰ ਨੂੰ ਨਹੀਂ ਬਲਕਿ ਮਨੁੱਖ ਦੀ ਮੂੜ੍ਹਤਾ ਵਲ ਹੀ ਇਸ਼ਾਰਾ ਕਰਦੀ ਹੈ।
ਜਿਸ ਸ਼ਖ਼ਸੀਅਤ ਨੇ ਜਾਤ-ਪਾਤ, ਇਲਾਕਾ ਅਤੇ ਧਰਮ ਆਦਿ ਦੀਆਂ ਦੀਵਾਰਾਂ ਨੂੰ ਢਾਹ ਕੇ, ਮਨੁੱਖਤਾ ਨੂੰ ਇੱਕ ਪਲੈਟ ਫ਼ਾਰਮ `ਤੇ ਇਕੱਠਿਆਂ ਕੀਤਾ ਹੋਵੇ; ਕਰਮ ਕਾਂਡ, ਰਸਮੀ ਧਰਮ-ਕਰਮ ਦਾ ਖੰਡਨ ਕਰਕੇ ਮਨੁੱਖਤਾ ਨੂੰ ਇਸ ਦਲਦਲ ਵਿੱਚੋਂ ਬਾਹਰ ਕਢਿਆ ਹੋਵੇ, ਉਸੇ ਦੇ ਸਰੀਰ ਦੇ ਸਸਕਾਰ ਨੂੰ ਲੈ ਕੇ ਉਹਨਾਂ ਦੇ ਪੈਰੋਕਾਰਾਂ ਵਿੱਚ ਤਕਰਾਰ ਹੋ ਜਾਵੇ, ਇਸ ਨਾਲੋਂ ਮਨੁੱਖ ਦੀ ਬੇਸਮਝੀ ਦਾ ਹੋਰ ਪ੍ਰਮਾਣ ਕੀ ਹੋ ਸਕਦਾ ਹੈ। ਇਹ ਝਗੜੇ ਦੀ ਰਵਾਇਤ ਇਸ ਗੱਲ ਦਾ ਲਖਾਇਕ ਹੈ ਕਿ ਕਿਵੇਂ ਇਹੋ-ਜਿਹੀਆਂ ਸ਼ਖ਼ਸ਼ੀਅਤਾਂ ਦੇ ਪੈਰੋਕਾਰ ਇਹਨਾਂ ਦੀਆਂ ਅਸਲ ਸਿਖਿਆਵਾਂ ਨੂੰ ਭੁਲਾ ਕੇ ਇਹੋ-ਜਿਹੇ ਕਰਮ ਕਾਡਾਂ ਵਿੱਚ ਉਲਝ ਕੇ ਰਹਿ ਜਾਂਦੇ ਹਨ। ਇਹ ਰਵਾਇਤ ਇਸ ਸੱਚ ਵਲ ਹੀ ਇਸ਼ਾਰਾ ਕਰ ਰਹੀ ਹੈ ਕਿ ਆਮ ਮਨੁੱਖ ਨੇ ਉਹਨਾਂ ਤੋਂ ਕੁੱਝ ਵੀ ਨਹੀਂ ਸਿੱਖਿਆ; ਮਨੁੱਖ ਦੀ ਮੂੜ੍ਹਤਾ ਜਿਉਂ ਦੀ ਤਿਉਂ ਕਾਇਮ ਰਹੀ। ਇਸ ਲਈ ਇਹ ਘਟਨਾ ‘ਹਿੰਦੂ-ਮੁਸਲਮਾਨ ਪਿਆਰ ਅਤੇ ਏਕਤਾ ਨੂੰ ਸਪੱਸ਼ਟ’ ਨਹੀਂ ਕਰਦੀ ਸਗੋਂ ਮਨੁੱਖ ਦੀ ਅਗਿਆਨਤਾ, ਬੇਸਮਝੀ ਅਤੇ ਮੂਰਖਤਾ ਨੂੰ ਹੀ ਸਪੱਸ਼ਟ ਕਰਦੀ ਹੈ।
ਸੋ, ਗੱਲ ਕੀ, ਗੁਰੂ ਨਾਨਕ ਸਾਹਿਬ ਦੇ ਪੰਚ-ਭੂਤਕ ਸਰੀਰ ਦਾ ਉਸੇ ਤਰ੍ਹਾਂ ਸਸਕਾਰ ਹੋਇਆ, ਜਿਸ ਤਰ੍ਹਾਂ ਬਾਕੀ ਗੁਰੂ ਸਾਹਿਬਾਨ ਦਾ। ਸਤਿਗੁਰੂ ਸੰਬੰਧੀ ਇਸ ਰਵਾਇਤ ਕਾਰਨ ਹੀ ਗੁਰਦੁਆਰਾ ਸਾਹਿਬ ਵਿੱਖੇ ਕਬਰ ਬਣਾ ਦਿੱਤੀ ਗਈ ਹੈ। ਗੁਰੂ ਸਾਹਿਬ ਦੇ ਦਾਹ ਸੰਸਕਾਰ ਨੂੰ ਲੈ ਕੇ ਹਿੰਦੂ ਅਤੇ ਮੁਸਲਮਾਨਾਂ ਵਲੋਂ ਕਿਸੇ ਤਰ੍ਹਾਂ ਕੋਈ ਝਗੜਾ ਨਹੀਂ ਹੋਇਆ। ਗੁਰੂ ਪਰਵਾਰ, ਗੁਰਸਿੱਖਾਂ ਨੇ ਗੁਰੂ ਸਾਹਿਬ ਦੇ ਸਰੀਰ ਦਾ ਸਸਕਾਰ ਕੀਤਾ ਹੈ। ਗੁਰ-ਪੁੱਤਰਾਂ ਨੇ ਗੁਰੂ ਸਾਹਿਬ ਦੇ ਆਸ਼ੇ ਦੇ ਵਿਪਰੀਤ ਉਸ ਥਾਂ `ਤੇ ਸਮਾਧ ਬਣਾ ਦਿੱਤੀ ਸੀ, ਜਿਸ ਨੇ ਰਾਵੀ ਨੇ ਆਪਣੇ ਵਿੱਚ ਹੀ ਲੀਨ ਕਰ ਲਿਆ ਸੀ। ਗੁਰੂ ਜੀ ਪੁੱਤਰਾਂ ਨੇ ਅਸਤੀਆਂ ਵਾਲਾ ਕਲਸ ਲੱਭ ਕੇ ਅਜਿੱਤੇ ਦੇ ਖੂਹ ਦੇ ਕੋਲ ਫਿਰ ਦਬ ਦਿੱਤਾ ਅਤੇ ਉਸ ਤੇ ਕਚੀਆਂ ਇੱਟਾਂ ਅਤੇ ਗਾਰੇ ਦੀ ਇੱਕ ਝੌਂਪੜੀ ਬਣਾ ਦਿੱਤੀ ਜੋ ਬਾਅਦ ਵਿੱਚ ਗੁਰੂ ਨਾਨਕ ਸਾਹਿਬ ਦਾ ਡੇਰਾ ਜਾਂ ਸਮਾਧੀ ਕਰਕੇ ਜਾਣੀ ਜਾਣ ਲਗੀ। ਕੁੱਝ ਸਮੇਂ ਬਾਅਦ ਲਖਮੀ ਦਾਸ ਜੀ ਦੇ ਪੁੱਤਰ ਬਾਬਾ ਧਰਮ ਦਾਸ ਜੀ ਨੇ ਇਸ ਸਮਾਧੀ ਦੇ ਦੁਆਲੇ ਇੱਕ ਨਵੀਂ ਬਸਤੀ ਵਸਾਈ ਅਤੇ ਇਸ ਦਾ ਨਾਮ ਡੇਰਾ ਬਾਬਾ ਨਾਨਕ ਰੱਖਿਆ।
ਸਮਾਪਤ
.