.

ਲਹੂ-ਭਿੱਜੀ ਚਮਕੌਰ- (ਕਿਸ਼ਤ ਨੰ. 5) -ਸੁਖਜੀਤ ਸਿੰਘ ਕਪੂਰਥਲਾ

ਲਹੂ-ਭਿੱਜੀ ਚਮਕੌਰ

ਚਮਕੌਰ ਦੀ ਕੱਚੀ ਗੜ੍ਹੀ ਵਿੱਚ ਉਤਾਰਾ (Chapter- 5/13)

ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 4 ਪੜੋ (ਸੁਖਜੀਤ ਸਿੰਘ ਕਪੂਰਥਲਾ)

ਚਮਕੌਰ ਵਿੱਚ ਇੱਕ ਕੱਚੀ ਹਵੇਲੀ ਸੀ ਜਿਸਦੇ ਮਾਲਕ ਦਾ ਨਾਮ ਚੌਧਰੀ ਬੁਧੀ ਚੰਦ ਲਿਖਿਆ ਮਿਲਦਾ ਹੈ। ਚੌਧਰੀ ਬੁਧੀ ਚੰਦ ਆਪ ਸਤਿਗੁਰੂ ਪਾਸ ਆਇਆ ਸੀ ਤੇ ਬਿਨਾਂ ਕਿਸੇ ਡਰ-ਭੈ ਤੋ ਆ ਕੇ ਬੇਨਤੀ ਕੀਤੀ, “ਸਤਿਗੁਰੂ ਜੀ ਮੈਨੂੰ ਪਤਾ ਹੈ ਕਿ ਤੁਸੀ ਮੁਸੀਬਤਾਂ ਕਿਸ ਲਈ ਝੱਲ ਰਹੇ ਹੋ ? ਸਤਿਗੁਰੂ ਜੀ ਆਪ ਮਾਨਵਤਾ ਦੇ ਭਲੇ ਲਈ ਇਹ ਸਭ ਝੱਲ ਰਹੇ ਹੋ ਤੇ ਮੈ ਵੀ ਇਸ ਸੇਵਾ ਵਿੱਚ ਕੁੱਝ ਨਾ ਕੁੱਝ ਜਰੂਰ ਹਿਸਾ ਪਾਉਣਾ ਚਾਹੁੰਦਾ ਹਾਂ। ਆਪ ਜੀ ਮੇਰੇ ਤੇ ਕ੍ਰਿਪਾ ਕਰੋ ਤੇ ਦਾਸ ਦੀ ਬੇਨਤੀ ਪਰਵਾਨ ਕਰਦੇ ਹੋਏ ਮੇਰੀ ਹਵੇਲੀ ਵਿੱਚ ਆ ਜਾਉ। “ਸਤਿਗੁਰੂ ਜੀ ਕਹਿਣ ਲਗੇ “ਬੁਧੀ ਚੰਦ! ਤੈਨੂੰ ਪਤਾ ਹੈ ਕਿ ਤੈਨੂੰ ਇਸ ਕੰਮ (ਸੇਵਾ) ਲਈ ਤੇਰੇ ਤੇ ਕਿੰਨੀਆ ਮੁਸੀਬਤਾਂ ਆ ਸਕਦੀਆਂ ਹਨ। “ਤਾਂ ਬੁਧੀ ਚੰਦ ਕਹਿਣ ਲਗਾ “ਸਤਿਗੁਰੂ ਜੀ! ਕੋਈ ਗੱਲ ਨਹੀ ਆਪ ਜੀ ਦੀ ਮਿਹਰ ਮੇਰੇ ਉਪਰ ਹੈ ਅਤੇ ਮੈ ਆਪ ਜੀ ਦੀ ਮਿਹਰ ਸਦਕਾ ਇਹ ਸਭ ਮੁਸੀਬਤਾ ਝੱਲ ਲਵਾਂਗਾ”। ਸਤਿਗੁਰੂ ਜੀ ਨੇ ਚੌਧਰੀ ਬੁਧੀ ਚੰਦ ਦੀ ਬੇਨਤੀ ਸਵੀਕਾਰ ਕਰ ਲਈ ਤੇ ਆਪਣੇ ਸਾਥੀਆਂ ਸਮੇਤ ਉਸਦੀ ਹਵੇਲੀ ਵਿੱਚ ਚਲੇ ਗਏ ਜਿਸਨੂੰ “ਕੱਚੀ ਗੜ੍ਹੀ” ਵੀ ਕਿਹਾ ਜਾਂਦਾ ਹੈ। ਉਸ ਚਮਕੌਰ ਦੀ ਕੱਚੀ ਗੜੀ ਪ੍ਰਤੀ ਕਿਸੇ ਵਿਦਵਾਨ ਨੇ ਆਪਣੇ ਸ਼ਰਧਾ ਦੇ ਫੁੱਲ ਭੇਟ ਕਰਦਿਆ ਲਿਖਿਆ ਹੈ:-

ਰਾਹੀ ਰੁਕ ਹੀ ਜਾਂਦੇ ਨੇ, ਕਿਧਰੇ ਖਲੋ ਹੀ ਜਾਂਦੇ ਨੇ,

ਧੁਰ ਮੰਜਿਲ ਤੇ, ਕਾਤਿਲ ਤੇ ਆਸ਼ਿਕ ਦੋ ਹੀ ਜਾਦੇ ਨੇ।

ਜਿਸ ਥਾਂ ਤੇ ਗੈਰਤ ਅੰਤ ਨੂੰ ਵਿਸ਼ਰਾਮ ਕਰਦੀ ਏ,

ਉਥੇ ਕਤਲਗਾਹਾ ਨੂੰ ਵੀ ਅੰਤ ਸਿਜਦੇ ਹੋ ਹੀ ਜਾਂਦੇ ਨੇ।

ਇਸ “ਕੱਚੀ ਗੜੀ” ਨੂੰ ਵੀ ਅੰਤ ਇਤਿਹਾਸ ਨੇ, ਕੌਮਾਂ ਨੇ, ਸਿਜਦੇ ਕਰਨੇ ਨੇ ਕਿਉ ਕਿ ਇਸ ਜਗ੍ਹਾ ਉਪਰ ਕਲਗੀਧਰ ਦੇ ਸੂਰਮਿਆਂ ਨੇ ਇੱਕ ਐਸਾ ਇਤਿਹਾਸ ਰਚ ਜਾਣਾ ਹੈ ਜਿਸ ਵਰਗਾ ਇਤਿਹਾਸ ਦੁਨੀਆਂ ਦੀ ਕਿਸੇ ਵੀ ਕੌਮ ਕੋਲ ਨਹੀ ਹੋਣਾ।

ਹੁਣ ਕਲਗੀਧਰ ਪਾਤਸ਼ਾਹ ਆਪਣੇ 40 ਸੂਰਮੇ ਅਤੇ ਦੋ ਸਾਹਿਬਜਾਦਿਆਂ ਸਮੇਤ ਕੱਚੀ ਗੜੀ ਵਿੱਚ ਪਹੁੰਚ ਜਾਂਦੇ ਨੇ। ਇਤਿਹਾਸਕਾਰਾਂ ਨੇ ਉਹਨਾ 40 ਸੂਰਮਿਆਂ ਦੇ ਨਾਮ ਵੀ ਲਿਖੇ ਹਨ। ਜੇਕਰ ਅਸੀ ਗਿਣਤੀ ਪੱਖੋ ਵੀ ਗਲ ਕਰੀਏ ਤਾਂ ਗੁਰੂ ਕਲਗੀਧਰ ਪਾਤਸ਼ਾਹ ਦੁਆਰਾ ਲਿਖਿਆ ਗਿਆ “ਜਫਰਨਾਮਾ” ਇੱਕ ਅਕੱਟ ਸਬੂਤ ਵਜੋ ਹੈ। ਸਿੱਖ ਕੌਮ ਦੇ ਪਾਸ ਇਸ ਤੋਂ ਵੱਡਾ ਹੋਰ ਕੋਈ ਵੀ ਸਬੂਤ ਹੋ ਹੀ ਨਹੀ ਸਕਦਾ। ਕਲਗੀਧਰ ਪਾਤਸ਼ਾਹ ਨੇ ਲਿਖਿਆ ਹੈ ਕਿ “ਐ ਔਰੰਗਜੇਬ! 40 ਭੁੱਖਣ ਭਾਣੇ ਸਿੰਘ ਕੀ ਕਰ ਸਕਦੇ ਸੀ ਜਦੋਂ ਕਿ ਦੁਸ਼ਮਣਾ ਦੀ ਲੱਖਾਂ ਦੀ ਗਿਣਤੀ ਉਹਨਾ 40 ਸਿੰਘਾ ਉਪਰ ਟੁੱਟ ਕੇ ਪੈ ਜਾਵੇ”। 40 ਸਿੰਘਾਂ ਦੀ ਗਿਣਤੀ ਦਸਮ ਪਾਤਸ਼ਾਹ ਨੇ ਜਫਰਨਾਮੇ ਵਿੱਚ ਲਿਖੀ ਹੈ। ਹੁਣ ਜਦ ਕਲਗੀਧਰ ਪਾਤਸ਼ਾਹ ਆਪਣੇ ਸਿੰਘਾਂ ਸਾਥੀਆਂ ਨਾਲ “ਕੱਚੀ ਗੜ੍ਹੀ” ਵਿੱਚ ਪਹੁੰਚ ਚੁੱਕੇ ਹਨ ਤੇ ਜੋਗੀ ਅੱਲ੍ਹਾ ਯਾਰ ਖ਼ਾਂ ਦੀ ਕਲਮ ਲਿਖ ਰਹੀ ਹੈ ਕਿ:-

ਜਿਸ ਦਮ ਹੂਏ ਚਮਕੌਰ ਮੇਂ ਸਿੰਘੋ ਕੇ ਉਤਾਰੇ।

ਝੁਲਾਏ ਹੂਏ ਸ਼ੇਰ ਥੇ ਸਭ ਗੈਜ਼ ਕੇ ਮਾਰੇ।

ਹੁਣ 7 ਪੋਹ ਦੀ ਸ਼ਾਮ ਦਾ ਸਮਾਂ ਹੋ ਚੁੱਕਾ ਹੈ। ਕਿਉਕਿ 6 ਪੋਹ ਨੂੰ ਸਤਿਗੁਰੂ ਜੀ ਨੇ ਅਨੰਦਪੁਰ ਸਾਹਿਬ ਨੂੰ ਛੱਡਿਆ ਸੀ। 6-7 ਪੋਹ ਦੀ ਰਾਤ ਨੂੰ ਸਰਸਾ ਨਦੀ ਤੇ ਉਤਾਰਾ ਕੀਤਾ ਤੇ 7 ਪੋਹ ਨੂੰ ਸਵੇਰੇ ਅੰਮ੍ਰਿਤ ਵੇਲੇ ਜੰਗ ਦਾ ਮੈਦਾਨ ਭਖਿਆ ਸੀ। ਅਜ 7 ਪੋਹ ਦੀ ਸ਼ਾਮ ਨੂੰ ਸਾਹਿਬ ਕਲਗੀਧਰ ਪਾਤਸ਼ਾਹ ਚਮਕੌਰ ਦੀ ਗੜੀ ਵਿੱਚ ਪਹੁੰਚੇ ਹਨ। ਜੋ ਸਿੰਘ ਸੂਰਮੇ ਹਨ ਉਹ ਵੀ ਰੋਹ (ਗੁਸੇ) ਨਾਲ ਭਰੇ ਹੋਏ ਨੇ ਕਿਉਕਿ ਵੈਰੀਆਂ ਨੇ ਸਭ ਝੂਠੀਆਂ ਕਸਮਾਂ ਤੋੜ ਦਿੱਤੀਆ ਤੇ ਗੁਰੂ ਸਾਹਿਬ ਅਤੇ ਸਿੰਘਾਂ ਨਾਲ ਵਿਸ਼ਵਾਸ ਘਾਤ ਕੀਤਾ ਜੋ ਕੁੱਝ ਵੀ ਦੁਸ਼ਮਨ ਦੀਆ ਫੌਜਾਂ ਕਰ ਸਕਦੀਆਂ ਹਨ, ਉਹ ਸਭ ਕੁੱਝ ਉਹਨਾ ਨੇ ਕੀਤਾ। ਗੁਰੂ ਗੋਬਿੰਦ ਸਿੰਘ ਜੋ ਸ਼ਾਂਤੀ ਦੀ ਮੂਰਤ ਸਨ ਉਹਨਾਂ ਤੋਂ ਇਲਾਵਾ ਬਾਕੀ ਸਾਰੇ ਸਿੰਘ, ਸੂਰਬੀਰਾਂ ਪੂਰੇ ਗੁੱਸੇ ਨਾਲ ਭਰੇ ਹੋਏ ਨੇ, ਕਿਵੇ?

ਆਖੋ ਸੇ ਨਿਕਲੇਤੇ ਥੇ ਦਿਲੇਰੋ ਕੇ ਸ਼ਰਾਰੇ।

ਸਤਿਗੁਰ ਕੇ ਸਿਵਾ ਔਰ ਗਜਬਨਾਕ ਥੇ ਸਾਰੇ।

ਗੁਸੇ ਸੇ ਨਜਰ ਜਾਤੀ ਥੀ ਅਫਵਾਜਿ ਅੱਦੂ ਪਰ।

ਤੇਗੇ ਸੇ ਨਿਗਾਹ ਪੜਤੀ ਥੀ ਦੁਸ਼ਮਨ ਕੇ ਗਲੂ ਪਰ।

ਸਿੰਘਾਂ ਤੋ ਇਲਾਵਾ ਸਿਰਫ ਸਤਿਗੁਰੂ ਜੀ ਸ਼ਾਂਤ ਹਨ। ਸਿੰਘ ਗੁਸੇ ਨਾਲ ਆਪਣੀਆ ਤਲਵਾਰਾਂ ਵਲ ਵੀ ਵੇਖਦੇ ਨੇ ਕਿ ਕਿਹੜਾ ਵੇਲਾ ਹੋਵੇ ਤੇ ਇਹ ਤਲਵਾਰਾਂ ਅਸੀ ਦੁਸ਼ਮਣ ਦੇ ਗਲੇ ਤੇ ਚਲਾਈਏ। ਦਸ਼ਮਣਾਂ ਦੇ ਗਲੇ ਕਟਣ ਲਈ ਇਹ ਤਲਵਾਰਾਂ ਬੇ-ਤਾਬ ਹੋ ਰਹੀਆ ਨੇ, ਇਹ ਵਿਚਾਰ ਸਿੰਘਾਂ, ਸੂਰਬੀਰਾਂ ਦੇ ਮਨ ਵਿੱਚ ਬਾਰ-ਬਾਰ ਆ ਰਹੇ ਨੇ।

ਜਬ ਦੂਰ ਸੇ ਦਰਯਾ ਕੇ ਕਿਨਾਰੇ ਨਜ਼ਰ ਆਏ।

ਡੂਬੇ ਹੂਏ ਸਰਸਾ ਮੇਂ ਪਿਆਰੇ ਨਜ਼ਰ ਆਏ।

ਕਲਗੀਧਰ ਦੇ ਜਿਹਨ ਵਿੱਚ ਸਰਸਾ ਨਦੀ ਦੀਆ ਘਟਨਾਵਾਂ, ਮਾਨੋ ਇੱਕ ਫਿਲਮ ਵਾਂਗ ਘੁੰਮ ਰਹੀਆ ਨੇ ਕਿ ਸਰਸਾ ਨਦੀ ਵਿੱਚ ਹੜ੍ਹ ਬਹੁਤ ਤੇਜ ਆਇਆ ਹੋਇਆ ਸੀ, ਇਸ ਲਈ ਪਾਰ ਉਹੀ ਲੰਘ ਸਕੇ ਜੋ ਚੰਗੇ ਘੋੜ ਸਵਾਰ ਸਨ। ਉਹ ਸਰਸਾ ਦਾ ਪਾਣੀ ਸਾਹਿਬਾਂ ਦਾ ਕੀਮਤੀ ਖਜਾਨਾ ਵੀ ਰੋੜ ਕੇ ਲੈ ਗਿਆ। ਸਾਹਿਬਾਂ ਦੇ ਪਰਿਵਾਰ ਦੇ ਇਸ ਪਾਣੀ ਨੇ ਤਿੰਨ ਹਿੱਸੇ ਵੀ ਕਰ ਦਿੱਤੇ।

ਕਲਗੀਧਰ ਪਾਤਸ਼ਾਹ ਇਕੱਲੇ-ਇਕੱਲੇ ਸੂਰਬੀਰ ਦੇ ਚਿਹਰੇ ਨੂੰ ਤਕਦੇ ਪਏ ਨੇ ਤਾਂ ਮਹਿਸੂਸ ਕਰ ਰਹੇ ਨੇ ਕਿ ਸਿੰਘ ਗੁੱਸੇ ਨਾਲ ਭਰੇ ਪੀਤੇ ਪਏ ਨੇ ਦੋ ਸਾਹਿਬਜਾਦੇ ਵੀ ਪੂਰੇ ਗੁਸੇ ਨਾਲ ਭਰੇ ਹੋਏ ਨੇ।

ਕਹਤੇ ਥੇ ਇਜਾਜਤ ਹੀ ਨਹੀ ਹੈ ਹਮੇ ਰਨ ਕੀ।

ਮੱਟੀ ਤਕ ਉੜਾ ਸਕਤੇ ਹੈ ਦੁਸ਼ਮਨ ਕੇ ਚਮਨ ਕੀ।

ਗੁਰੂ ਪਿਤਾ ਸਾਨੂੰ ਇਜਾਜਤ ਹੀ ਨਹੀ ਦਿੰਦੇ ਰਣ ਵਿੱਚ ਜਾਣ ਦੀ, ਅਸੀ ਤਾਂ ਦੁਸ਼ਮਣਾ ਦੀ ਮਿਟੀ ਵੀ ਉਡਾ ਕੇ ਰੱਖ ਦਿਆਂਗੇ। ਸਾਹਿਬਜਾਦਿਆਂ ਦੇ ਚਿਹਰੇ ਨੂੰ ਪੜਕੇ ਗੁਰੂ ਸਾਹਿਬ ਉਹਨਾਂ ਦੇ ਮਨ ਅੰਦਰ ਦੀ ਬਾਤ ਨੂੰ ਮਹਿਸੂਸ ਕਰ ਰਹੇ ਨੇ ਕਿ ਸਾਹਿਬਜਾਦੇ ਅੰਦਰੋ ਕੀ ਕਹਿ ਰਹੇ ਨੇ।

ਬਦ-ਅਹੱਦ ਸਿਤਮਗਾਰੋਂ ਸੇ ਪੈਕਾਰ ਕਰੇਂਗੇ।

ਹਮ ਦੋਨੋ ਹੀ ਦਸ ਲਾਖ ਕੋ ਫਿੱਨਾਰ ਕਰੇਂਗੇ।

ਜੇਕਰ ਪਿਤਾ ਗੁਰੂ ਸਾਨੂੰ ਆਗਿਆ ਦੇਵਣ ਤਾਂ ਅਸੀ ਸਾਰੇ ਦੇ ਸਾਰੇ (ਦਸ ਲਖ ਦੇ ਦਸ ਲਖ) ਦੁਸ਼ਮਣਾਂ ਨੂੰ ਨੇਸਤੋ ਨਬੂਤ ਕਰ ਕੇ ਰਖ ਦਿਆਂਗੇ। ਇਹ ਸਾਹਿਬਜਾਦਿਆਂ ਦੇ ਮਨ ਦੇ ਖਿਆਲ ਨੇ ਜੋ ਕਲਗੀਧਰ ਪਾਤਸ਼ਾਹ ਜਾਣ ਚੁੱਕੇ ਹਨ। ਹੁਣ ਸਾਹਿਬਜਾਦਿਆਂ ਦੇ ਹੋਰ ਗੁੱਸੇ ਦਾ ਕਾਰਣ ਜੋਗੀ ਅੱਲ੍ਹਾ ਯਾਰ ਖ਼ਾਂ ਬਿਆਨ ਕਰਦਾ ਲਿਖਦਾ ਹੈ ਹੈ:-

ਦਾਦੀ ਹੈ ਕਿਧਰ, ਮਾਈ ਕਿਧਰ, ਭਾਈ ਕਹਾਂ ਹੈਂ।

ਆਖੋਂ ਸੇ ਕਈ ਖਾਲਸੇ ਪਿਆਰੇ ਭੀ ਨਿਹਾਂ ਹੈ।

ਹੁਣ ਜਦੋ ਇਹ ਗਿਣਤੀ ਵਲ ਝਾਤੀ ਮਾਰਦੇ ਨੇ ਤਾਂ ਨਾ ਹੀ ਇਹਨਾਂ ਨੂੰ ਦਾਦੀ ਮਾਂ ਦਿਖਾਈ ਦਿੰਦੀ ਹੈ, ਨਾਂ ਹੀ ਇਹਨਾ ਨੂੰ ਛੋਟੇ ਵੀਰ ਦਿਖਾਈ ਦਿੰਦੇ ਨੇ ਤੇ ਨਾ ਹੀ ਜਾਨ ਤੋ ਪਿਆਰੇ ਸਿੰਘ ਸੂਰਬੀਰ ਹੀ ਦਿਖਾਈ ਦਿੰਦੇ ਨੇ।

ਖਿਆਲ ਕਰਿਉ! ਇਹ ਜੋ ਭਾਈ ਦਾ ਸ਼ਬਦ ਹੈ ਇਹ ਵੀ ਗੁਰੂ ਨਾਨਕ ਸਾਹਿਬ ਨੇ ਵਰਤਿਆ ਸੀ, ਕਿਉਕਿ ਬਾਬੇ ਨਾਨਕ ਨੂੰ ਬਾਰ-ਬਾਰ ਇਸ਼ਾਰੇ ਦੇ ਨਾਲ ਪੁਛਿਆ ਜਾਂਦਾ ਸੀ ਕਿ ਤੁਹਾਡੇ ਨਾਲ ਇਹ ਸਾਥੀ ਕੌਣ ਹੈ? ਉਹ ਪੁਛਣ ਵਾਲੇ ਲੋਕ ਵਰਨ-ਵੰਡ ਦੇ ਹਿਮਾਇਤੀ ਜਿਨ੍ਹਾਂ ਦਾ ਇਸ਼ਾਰਾ, ਜਿਨ੍ਹਾਂ ਦੇ ਪੁੱਛਣ ਦਾ ਕਾਰਣ ਮਰਾਸੀ ਜਾਤ ਵਲ ਹੀ ਹੁੰਦਾ ਸੀ ਕਿ ਇਹ ਤੁਹਾਡੇ ਨਾਲ ਕੌਣ ਹੈ? ਬਲਿਹਾਰ ਜਾਈਏ ਗੁਰੂ ਨਾਨਕ ਦੀ ਸੋਚ ਦੇ ਕਿ ਜਦੋਂ ਵੀ ਇਹ ਸਵਾਲ ਹੁੰਦਾ ਸੀ ਤਾਂ ਬਾਬੇ ਨਾਨਕ ਦਾ ਇਹੀ ਜਵਾਬ ਹੁੰਦਾ ਸੀ “ਇਹ ਮੇਰਾ ਭਾਈ ਹੈ। ਇਹ ਮੇਰਾ ਭਾਈ ਮਰਦਾਨਾ ਹੈ। “ਗੁਰੂ ਨਾਨਕ ਦੀ ਰਸਨਾ ਤੋ ਨਿਵਾਜੇ ਹੋਏ ਭਾਈ ਮਰਦਾਨਾ ਜੀ ਵੀ ਇੱਕ ਦਿਨ ਬਾਬੇ ਨਾਨਕ ਨੂੰ ਕਹਿਣ ਲਗੇ:-

ਬਾਬਾ! ਤੂੰ ਖੁਦਾਇ ਦਾ ਡੂਮ ਹਉਂ ਤੇਰਾ ਡੂਮ

ਤੇਰਾ ਮੇਰਾ ਅੰਤਰ ਨਾਹੀ।

(ਕਿਉਕਿ ਮਰਾਸੀ ਨੂੰ ਡੂਮ ਵੀ ਆਖਿਆ ਜਾਂਦਾ ਸੀ) ਹੁਣ ਇਹ ਵੀ ਖਿਆਲ ਕਰਿਉ ਕਿ ਭਾਈ ਮਰਦਾਨਾ ਇਹ ਸਭ ਐਵੇ ਨਹੀ ਬੋਲਦੇ ਇਹ ਤਾਂ ਅਕਾਲ ਪੁਰਖ ਵਲੋ ਬਖਸ਼ੀਆ ਹੋਈਆ, ਨਿਵਾਜੀਆਂ ਹੋਈਆਂ ਰੂਹਾਂ ਦਾ ਮਿਲਾਪ ਹੁੰਦਾ ਹੈ। ਜਿਵੇਂ ਭਗਤ ਰਵਿਦਾਸ ਜੀ ਦੇ ਵਿਚਾਰ ਵੀ ਇਹੀ ਹਨ:-

ਤੋਹੀ ਮੋਹੀ ਮੋਹੀ ਤੋਹੀ ਅੰਤਰੁ ਕੈਸਾ।।

ਕਨਕ ਕਟਿਕ ਜਲ ਤਰੰਗ ਜੈਸਾ।। (ਸ੍ਰੀ ਰਾਗ ਰਵਿਦਾਸ ਜੀਉ-੯੩)

ਭਾਵੇਂ ਕਿ ਭਗਤ ਰਵਿਦਾਸ ਜੀ ਦਾ ਭਾਈ ਮਰਦਾਨੇ ਦੇ ਨਾਲ ਮੇਲ ਵੀ ਨਹੀ ਹੋਇਆ, ਪਰ ਉਹਨਾਂ ਦੀ ਵਿਚਾਰਧਾਰਾ ਦੀ ਸਾਂਝ ਇੱਕ ਹੈ ਭਾਈ ਮਰਦਾਨਾ ਜੀ ਵੀ ਉਹੋ ਵਿਚਾਰ ਰੱਖ ਰਹੇ ਨੇ ਤੇ ਭਗਤ ਰਵਿਦਾਸ ਜੀ ਦੇ ਵਿਚਾਰ ਵੀ ਉਹੀ ਨੇ। ਭਾਈ ਮਰਦਾਨਾ ਜੀ ਕਹਿ ਰਹੇ ਨੇ।

ਬਾਬਾ! ਤੂੰ ਖੁਦਾਇ ਦਾ ਡੂਮ ਹਉਂ ਤੇਰਾ ਡੂਮ

ਤੇਰਾ ਮੇਰਾ ਅੰਤਰ ਨਾਹੀ,

ਬਾਬਾ! ਮੈਨੂੰ ਆਪਣੇ ਨਾਲੋ ਵਿਛੋੜਨਾ ਨਾਹੀਂ,

ਨਾਂ ਐਥੇ, ਨਾਂ ਉਥੈ।

ਤੇ ਬਾਬੇ ਨਾਨਕ ਆਖਿਆ ਸੀ ਕਿ

ਮਰਦਾਨਿਆ! ਤੈਂ ਭਲੀ ਵਸਤੂ ਮੰਗੀ

ਕਦੀ ਇਤਿਹਾਸ ਪੜ੍ਹ ਲੈਣਾ, ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਅੰਤਿਮ ਸਵਾਸ ਤਕ ਵੀ ਭਾਈ ਮਰਦਾਨੇ ਨੂੰ ਨਾਲ ਹੀ ਰਖਿਆ। 1534 ਈ: ਵਿੱਚ ਕਰਤਾਰਪੁਰ ਦੀ ਧਰਤੀ ਤੇ ਬਾਬਾ ਨਾਨਕ ਜੀ ਨੇ ਭਾਈ ਮਰਦਾਨੇ ਦਾ ਅੰਤਮ ਸੰਸਕਾਰ, ਕਿਰਿਆ ਕਰਮ ਆਪਣੇ ਹੱਥੀ ਕੀਤਾ, ਇਹ ਵੀ ਬਖਸ਼ਿਸ਼ਾ ਉਹਨਾਂ ਸੁਭਾਗਿਆਂ ਨੂੰ ਹੁੰਦੀਆਂ ਨੇ, ਜਿਨ੍ਹਾ ਉਪਰ ਸਤਿਗੁਰੂ ਦੀ ਮਿਹਰ ਭਰਪੂਰ ਨਿਗ੍ਹਾ ਹੋ ਜਾਂਦੀ ਹੈ।

ਜਿਨ ਕਉ ਨਦਰ ਕਰਮ ਤਿਨਕਾਰ।। ਨਾਨਕ ਨਦਰੀ ਨਦਰਿ ਨਿਹਾਲ।। (ਜਪੁਜੀ ਸਾਹਿਬ -੮)

ਇਧਰ ਚਮਕੌਰ ਦੀ ਕੱਚੀ ਗੜ੍ਹੀ ਦਾ ਕਿੱਸਾ ਜੋਗੀ ਅੱਲ੍ਹਾ ਯਾਰ ਖ਼ਾਂ ਅਗਾਂਹ ਨੂੰ ਤੋਰਦਾ ਹੋਇਆ ਲਿਖਦਾ ਹੈ।

ਇਤਨੇ ਮੇਂ ਮੁਖਾਤਿਬ ਹੂਏ ਸਤਿਗੁਰੂ ਗੁਰੂ ਗੋਬਿੰਦ।

ਵੁਹ ਸਾਬਰੁ ਸ਼ਾਕਰ ਵੁਹ ਬਹਾਦਰ ਗੁਰੂ ਗੋਬਿੰਦ।

ਹੁਣ ਸਤਿਗੁਰੂ ਜੀ ਦੇ ਸਿੰਘ, ਸੂਰਬੀਰਾਂ ਨੇ ਆਸਣ ਵਿਛਾਉਣੇ ਸ਼ੁਰੂ ਕੀਤੇ ਨੇ, ਪਰ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਸਿੰਘ ਸੂਰਬੀਰਾਂ ਦੇ ਅੰਦਰ ਦੇ ਗੁੱਸੇ ਨੂੰ ਪੜ੍ਹ ਲਿਆ ਹੋਇਆ ਸੀ। ਸਬਰ ਅਤੇ ਸ਼ੁਕਰ ਦੀ ਮੂਰਤਿ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਸਿੰਘਾਂ ਨੂੰ ਸ਼ਾਂਤ ਕਰਨ ਲਈ ਕਹਿੰਦੇ ਹਨ ਕਿ ਸਿੰਘੋ! ਅਜੇ ਗੁਸਾ ਕਰਨ ਦਾ ਮੌਕਾ ਨਹੀ ਆਇਆ ਤੇ ਅਜੇ ਜੋਸ਼ ਵਿਖਾਉਣ ਦਾ ਮੌਕਾ ਵੀ ਨਹੀ ਆਇਆ। ਸਿੰਘ ਪੁਛਦੇ ਨੇ ਕਿ ਸਤਿਗੁਰੂ ਜੀ! ਮੌਕਾ ਕਦੋਂ ਆਵੇਗਾ ? ਸਤਿਗੁਰੂ ਜੀ ਕਹਿੰਦੇ ਨੇ ਕਿ ਸਿੰਘੋ! ਥੋੜੀ ਉਡੀਕ ਕਰੋ ਮੌਕਾ ਆਉਣ ਵਾਲਾ ਹੈ।

ਫੁਰਮਾਏ ਵੁਹ ਸਭ ਸੇ: ਨਹੀ ਮੌਕਾ ਯਿਹ ਗਜ਼ਬ ਕਾ।

ਪੂਰਾ ਯਹੀ ਕਲ੍ਹ ਹੋਗਾ, ਇਰਾਦਾ ਮੇਰੇ ਰਬ ਕਾ।

ਕਲਗੀਧਰ ਪਾਤਸ਼ਾਹ ਕਹਿਣ ਲਗੇ ਕਿ ਸਿੰਘੋ! ਜੋ ਇਹ ਅਜ ਦੀ ਰਾਤ ਹੈ, ਇਸਨੂੰ ਕਟ ਲਓ ਤੇ ਕਲ੍ਹ ਜੋ ਦਿਨ ਚੜਣਾ ਹੈ, ਅਕਾਲ ਪੁਰਖ ਦੇ ਹੁਕਮ ਨਾਲ ਸਭ ਕੁੱਝ ਇਥੇ ਹੀ ਵਰਤ ਜਾਣਾ ਹੈ। ਜੋ ਮੇਰੇ ਮਾਲਕ ਨੂੰ ਭਾਉਂਦਾ ਹੈ ਉਸ ਇਤਿਹਾਸ ਦੀ ਸਿਰਜਣਾ ਅਕਾਲ ਪੁਰਖ ਨੇ ਆਪ ਤੁਹਾਡੇ ਕੋਲੋ ਕਲ ਕਰਵਾ ਲੈਣੀ ਹੈ। ਅਜੇ ਤੁਹਾਨੂੰ ਗੁੱਸੇ ਵਿੱਚ (ਜੋਸ਼ ਨਾਲ) ਆਉਣ ਦੀ ਜਰੂਰਤ ਨਹੀ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਕਿ ਜਦੋ ਮੈ ਸਰਸਾ ਨਦੀ ਦੇ ਕੰਢੇ ਤੋਂ ਤੁਰਿਆ ਸੀ ਤਾਂ ਤੁਸੀਂ ਪੁਛਦੇ ਸੀ ਕਿ ਕਿਥੇ ਜਾਣਾ ਹੈ? ਪਰ ਮੈਂ ਤੁਹਾਨੂੰ ਪਹਿਲਾ ਸਪਸ਼ਟ ਨਹੀ ਸੀ ਕੀਤਾ। ਪਰ ਹੁਣ ਮੈਂ ਤੁਹਾਨੂੰ ਦਸ ਦਿੰਦਾ ਹਾਂ ਕਿ ਤੁਹਾਨੂੰ ਨਾਲ ਲੈ ਕੇ ਮੈਂ ਜਿਸ ਮੰਜਿਲ ਵਲ ਨੂੰ ਤੁਰਿਆ ਸੀ, ਉਹ ਮੰਜਿਲ ਆ ਗਈ ਹੈ।

ਜਿਸ ਖਿੱਤੇ ਮੇਂ ਹਮ ਕਹਿਤੇ ਥੇ ਆਨਾ ਯਿਹ ਵੁਹੀ ਹੈ।

ਕਲ ਲੁਟ ਕੇ ਜਿਸ ਜਗਹ ਸੇ ਜਾਨਾ ਯਿਹ ਵੁਹੀ ਹੈ।

ਜਿਸ ਜਗ੍ਹਾ ਤੇ ਮੈ ਆਪਣੀ ਜਾਨ ਤੋਂ ਪਿਆਰੇ ਸਿੰਘ, ਸੂਰਬੀਰਾਂ ਅਤੇ ਦੋ ਸਾਹਿਬਜਾਦਿਆਂ ਅਜੀਤ ਸਿੰਘ ਅਤੇ ਜੁਝਾਰ ਸਿੰਘ ਦੀਆਂ ਕੁਰਬਾਨੀਆਂ ਦੇਣੀਆ ਨੇ ਇਹ ਜਗ੍ਹਾ ਉਹੀ ਹੈ। ਕਲਗੀਧਰ ਪਾਤਸ਼ਾਹ ਅੰਤਰਜਾਮੀ ਨੇ ਤੇ ਸਭ ਕੁੱਝ ਜਾਣਦੇ ਨੇ। ਕਲਗੀਧਰ ਪਾਤਸ਼ਾਹ 7 ਪੋਹ ਦੀ ਸ਼ਾਮ ਨੂੰ ਉਸ ਚਮਕੌਰ ਦੀ ਕੱਚੀ ਗੜ੍ਹੀ ਦੀ ਮਿੱਟੀ ਦਾ ਨਾਲ-ਨਾਲ ਨਿਰੀਖਣ ਵੀ ਕਰੀ ਜਾ ਰਹੇ ਹਨ ਕਿਉਕਿ ਇਸ ਮਿੱਟੀ ਨੇ ਕਲ੍ਹ ਨੂੰ ਇਤਿਹਾਸ ਦੀ ਸਿਰਜਣਾ ਕਰ ਦੇਣੀ ਹੈ।

ਇੱਕ ਮੋਰਚੇ ਮੇਂ ਫਿਰ ਵਹੀ ਸ੍ਰਕਾਰ ਦਰ ਆਏ।

ਜਾ ਪਹੁੰਚੇ ਅਕਾਲੀ ਵਹੀਂ ਸਤਿਗੁਰ ਜਿਧਰ ਆਏ।

ਸਤਿਗੁਰੂ ਜੀ ਜਿਧਰ ਜਿਧਰ ਵੀ ਤੁਰੀ ਜਾ ਰਹੇ ਨੇ, ਇਹ ਅਕਾਲ ਪੁਰਖ ਦੀ ਫੌਜ ਵੀ ਪਿਛੇ-ਪਿਛੇ ਤੁਰੀ ਜਾ ਰਹੀ ਹੈ। ਜਿਸਨੂੰ ਅਸੀਂ ਅਕਾਲੀ ਫੌਜ ਵੀ ਕਹਿੰਦੇ ਹਾਂ। ਇਹ ਵੱਖਰੀ ਗਲ ਹੈ ਕਿ ਸਾਡੇ ਅਜ ਦੇ ਅਕਾਲੀਆਂ ਨੂੰ ਸ਼ਾਇਦ ‘ਅਕਾਲੀ` ਸ਼ਬਦ ਦਾ ਅਰਥ ਵੀ ਹੀ ਪਤਾ ਨਾ ਹੋਵੇ ਤੇ ਮੈ ਬੇਨਤੀ ਕਰਾਂ ਕਿ ‘ਅਕਾਲੀ` ਸ਼ਬਦ ਦਾ ਮਤਲਬ ਹੈ “ਇਕ ਅਕਾਲ ਦਾ ਪੁਜਾਰੀ”ਮੱਤ ਕਿਧਰੇ ਭੁਲੇਖੇ ਵਿੱਚ ਰਹਿ ਜਾਣਾ ਕਿ ਜੇ ਕੋਈ ਸਿਆਸੀ ਪਾਰਟੀ ਦਾ ਮੈਂਬਰ ਬਣੇਗਾ ਉਹ ਅਕਾਲੀ ਹੈ। ਜਿਹੜੇ ਇੱਕ ਅਕਾਲ ਪੁਰਖ ਨੂੰ ਪੂਜਣ ਵਾਲੇ ਹਨ ਉਹੀ ਅਕਾਲੀ ਨੇ ਤੇ ਜਿਨ੍ਹਾ ਨੇ ਗੁਰੂ ਨਾਨਕ ਦੀ ਬਾਤ ਵੀ ਮੰਨੀ ਹੈ ਕਿ:-

ਸਾਹਿਬੁ ਮੇਰਾ ਏਕੋ ਹੈ।। ਏਕੋ ਹੈ ਭਾਈ ਏਕੋ ਹੈ।। (ਆਸਾ ਮਹਲਾ ੧-੩੫੦)

ਜਿਨ੍ਹਾ ਨੇ ਗੁਰੂ ਨਾਨਕ ਦੇਵ ਜੀ ਦੇ ਇਸ ਬਚਨ ਨੂੰ ਮੰਨਿਆ ਹੈ ਤੇ ਮੰਨ ਕੇ ਪੱਲੇ ਬੰਨਿਆ ਹੈ ਉਹੀ ਅਕਾਲੀ ਹੈ, ਬਾਕੀ ਤਾਂ ਸਭ … … …. । ਕਿਧਰੇ ਇਹੀ ਵੀ ਨਾ ਸੋਚ ਲਿਉ ਕਿ ਜੋ ਸਿਖ ਹੈ ਉਹੀ ਅਕਾਲੀ ਹੁੰਦਾ ਹੈ, ਨਹੀ ਜੇਕਰ ਕੋਈ ਦੂਸਰੇ ਧਰਮ ਵਾਲਾ ਵੀ ਇੱਕ ਅਕਾਲ ਨੂੰ ਹੀ ਮੰਨਦਾ ਹੈ ਉਹ ਵੀ ਅਕਾਲੀ ਹੈ, ਉਹ ਵੀ ਅਕਾਲੀ ਕਹਾਉਣ ਦਾ ਹੱਕ ਰੱਖਦਾ ਹੈ। ਇਹ ਵੱਖਰੀ ਗਲ ਹੈ ਕਿ ਅਜ ਦੇ ਬਹੁਗਿਣਤੀ ਅਕਾਲੀ ਸਿਰਫ ਡੇਰੇਦਾਰਾ ਦੇ ਪੁਜਾਰੀ ਹੋ ਕੇ ਰਹਿ ਗਏ ਨੇ, ਅਜ ਦੇ ਅਕਾਲੀ ਵੋਟਾਂ ਦੇ ਪੁਜਾਰੀ ਹੀ ਹੋ ਗਏ ਨੇ। ਸੋਚਣਾ ਪਵੇਗਾ ਕੌਮ ਨੂੰ ਕਿ ਅਕਾਲੀ ਸ਼ਬਦ ਦੀ ਪਰਿਭਾਸ਼ਾ ਕੀ ਹੈ ? ਤੇ ਅਸੀ ਕੀ ਬਣ ਗਏ ਹਾਂ? ਮੈਂ ਬੇਨਤੀ ਕਰਦਾ ਜਾਵਾ ਕਿ ਕਿ ਸ੍ਰੋਮਣੀ ਅਕਾਲੀ ਦਲ ਦਾ ਇਤਿਹਾਸ ਪੜਿਓ, ਤੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇਤਿਹਾਸ ਵੀ ਪੜਿਓ। ਤੁਸੀ ਕੀ ਦੇਖੋਗੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪਹਿਲਾਂ ਬਣੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਤਾਂ ਬਾਅਦ ਵਿੱਚ ਬਣਿਆ ਹੈ। ਕਾਰਣ ਇਹ ਸੀ ਕਿ ਜਦੋਂ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਈ ਧਾਰਮਿਕ ਫੈਸਲੇ ਕਰਦੀ ਸੀ ਤਾਂ ਉਹ ਲਾਗੂ ਨਹੀ ਸਨ ਹੁੰਦੇ, ਇਸ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋ ਕੀਤੇ ਫੈਸਲਿਆਂ ਨੂੰ ਲਾਗੂ ਕਰਾਉਣ ਲਈ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ, ਇਹ ਹੋਂਦ ਵਿੱਚ ਆਇਆ। ਭਾਵ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਂ ਹੈ ਅਤੇ ਸ਼੍ਰੋਮਣੀ ਅਕਾਲੀ ਦਲ ਪੁੱਤਰ ਹੈ। ਪਰ ਅਜ ਗਲ ਸਾਰੀ ਉਲਟ ਹੋ ਚੁੱਕੀ ਹੈ, ਜਰਾ ਇਹ ਸੋਚਣ ਵਾਲੀ ਗਲ ਹੈ, ਸੋਚ ਕੇ ਫੈਸਲਾ ਕਰ ਲਿਉ।

ਇੱਕ ਬੇਨਤੀ ਮੈ ਹੋਰ ਕਰਦਾ ਜਾਵਾਂ ਕਿ ਪੁਰਾਤਨ ਗੁਰਸਿੱਖਾਂ ਅਤੇ ਅਜੋਕੇ ਗੁਰਸਿੱਖਾਂ (ਕੁੱਝ ਕੁ ਨੂੰ ਛੱਡ ਕੇ) ਦੇ ਕਿਰਦਾਰ ਵਿੱਚ ਕਿੰਨਾ ਕੁ ਫਰਕ ਆ ਚੁੱਕਾ ਹੈ। ਪੁਰਾਤਨ ਸਮਿਆਂ ਵਿੱਚ ਗੁਰਸਿੱਖਾਂ ਦਾ ਕਿਰਦਾਰ ਕੈਸਾ ਹੁੰਦਾ ਸੀ ? ਜੰਗ ਦੇ ਮੈਦਾਨ ਵਿੱਚ ਲੜਦਿਆਂ ਕਦੀ ਵੈਰੀ ਵੀ ਪੱਗ ਵੀ ਉਤਰ ਜਾਣੀ ਤਾਂ ਗੁਰਸਿੱਖਾਂ ਨੇ ਆਪਣੀ ਤਲਵਾਰ ਮਿਆਨ ਵਿੱਚ ਪਾ ਲੈਣੀ ਤੇ ਕਹਿਣਾ ‘ਭਲਿਆ`! ਪਹਿਲਾਂ ਆਪਣੀ ਪਗੜੀ ਸੰਭਾਲ, ਮੈ ਤੇਰੇ ਨਾਲ ਯੁੱਧ ਕਰਨ ਲਈ ਜਰੂਰ ਆਇਆ ਹਾਂ ਤੇਰੀ ਪੱਗ ਉਤਾਰਨ ਨਹੀ ਆਇਆ। `ਪਰ ਅਜ ਦੋਖੋ ਕਿ ਗੁਰਸਿੱਖ ਵੀਰ ਵਿਧਾਨ ਸਭਾ ਵਿੱਚ ਵੀ ਇੱਕ ਦੂਜੇ ਦੀਆ ਪੱਗਾਂ ਲਾਹੀ ਜਾਂਦੇ ਨੇ। ਅਜ ਗੁਰਦਆਰਿਆਂ ਦੀਆ ਚਾਰਦੀਵਾਰੀਆਂ ਵਿੱਚ ਵੀ ਸਿੱਖ-ਸਿੱਖਾ ਦੀਆ ਪੱਗਾਂ ਲਾਹੀ ਜਾਂਦੇ ਨੇ, ਤੇ ਫਿਰ ਵੀ ਆਪਣੇ ਆਪ ਨੂੰ ਅਕਾਲ ਪੁਰਖ ਦੀ ਫੌਜ ਕਹਾਈ ਜਾਂਦੇ ਨੇ।

ਅਸੀਂ ਕਿਵੇਂ ਮੰਨ ਲਈਏ ਕਿ ਇਹ ਅਕਾਲੀ ਕਿਰਦਾਰ ਹੈ। ਮੁਆਫ ਕਰਨਾ ਇਹ ਗੁਰੂ ਨਾਨਕ ਦੇ ਘਰ ਦਾ ਬਖਸ਼ਿਆ ਹੋਇਆ ਕਿਰਦਾਰ ਨਹੀ ਹੈ। ਗੁਰੂ ਨਾਨਕ ਦਾ ਸਿੱਖ ਤਾਂ ਵੈਰੀ ਦੀ ਵੀ ਪੱਗ ਨੂੰ ਹੱਥ ਨਹੀ ਪਾਉਂਦਾ, ਕੀ ਅਸੀਂ ਅਕਾਲ ਪੁਰਖ ਦੀ ਫੌਜ ਹਾਂ? ਜਰਾ ਸੋਚਣਾ।

ਇਸ ਪ੍ਰਥਾਇ ਇੱਕ ਵਿਦਵਾਨ ਸ਼ਾਇਰ ਨੇ ਦੋ ਲਾਈਨਾ ਵਿੱਚ ਬੜੀ ਕਮਾਲ ਦੀ ਬਾਤ ਲਿਖੀ ਹੈ, ਉਹ ਕਹਿੰਦਾ ਹੈ:-

ਜਿਨ ਕੌਮ ਕੋ ਅਪਨੀ ਵਿਰਾਸਤ ਕਾ ਅਹਿਸਾਸ ਲਹੀ ਹੋਤਾ। ਉਨ ਕੌਮੋ ਕਾ ਅਪਨਾ ਕੋਈ ਭੀ ਇਤਿਹਾਸ ਨਹੀ ਹੋਤਾ।

ਜਰਾ ਸੋਚ ਕੇ ਫੈਸਲਾ ਕਰਿਉ ਕਿ ਆਉਣ ਵਾਲੇ ਸਮੇ ਵਿੱਚ ਜਦੋ ਅਜ ਦੇ ਸਮੇ ਦਾ ਇਤਿਹਾਸ ਲਿਖਿਆ ਜਾਵੇਗਾ ਤਾਂ ਕਿਵੇਂ ਅਸੀ ਕਹਿ ਸਕਾਂਗੇ ਕਿ ਅਸੀ ਅਕਾਲੀ ਕਿਰਦਾਰ ਹਾਂ, ਉਨ੍ਹਾ ਸਿੰਘ ਸੂਰਬੀਰਾਂ ਦੇ ਕਿਰਦਾਰ ਦੇ ਵਾਰਸ ਹਾਂ ਜੋ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਬਖਸ਼ਿਆ ਹੈ। ਕਿਥੇ ਹੋਵੇਗੀ ਉਹ ਵਿਰਾਸਤ ਤੇ ਕਿਥੇ ਹੋਣਗੇ ਅਜੋਕੇ ਹਾਲਾਤ। ਜਰਾ ਇਹ ਵਿਸ਼ਾ ਗੰਭੀਰਤਾ ਨਾਲ ਵਿਚਾਰਨ ਦਾ ਹੈ, ਮੈਨੂੰ ਪਤਾ ਹੈ ਕਿ ਪੰਥ ਦਰਦੀ ਇਸ ਵਿਸ਼ੇ ਨੂੰ ਗੰਭੀਰਤਾ ਨਾਲ ਲੈਣਗੇ। ਆਉ ਅਸੀਂ ਆਪਣੇ ਵਿਸ਼ੇ ਵਲ ਨੂੰ ਆਈਏ ਤੇ ਇਸ ਕਿੱਸੇ ਨੂੰ ਅਗਾਂਹ ਤੋਰੀਏ।

ਜੋਗੀ ਅੱਲ੍ਹਾ ਯਾਰ ਖ਼ਾ ਇਸ ਕਿੱਸੇ ਨੂੰ ਅਗਾਂਹ ਤੋਰਦਾ ਲਿਖਦਾ ਹੈ ਕਿ:-

ਜਬ ਕਿਲਾ ਮੇ ਉਤਰੀ ਥੀ ਸਤਿਗੁਰ ਕੀ ਸਵਾਰੀ।

ਵਾਹਿਗੁਰੂ ਕੀ ਫਤਿਹ ਦਲੇਰੋਂ ਨੇ ਪੁਕਾਰੀ।

ਜਦੋ ਸੂਰਬੀਰਾਂ ਸਿੰਘਾਂ ਨੇ ਕਲਗੀਧਰ ਪਾਤਸ਼ਾਹ ਦੀ ਅਗਵਾਈ ਵਿੱਚ ਕੱਚੀ ਗੜੀ ਵਿੱਚ ਉਤਾਰਾ ਕੀਤਾ ਸੀ ਤਾਂ ਸਿੰਘਾਂ ਨੇ ਬੁਲੰਦ ਅਵਾਜ ਵਿੱਚ ਕਲਗੀਧਰ ਪਾਤਸ਼ਾਹ ਦਾ ਬਖਸ਼ਿਸ਼ ਹੋਇਆ ਨਾਹਰਾ ਗਜਾਇਆ ਸੀ।

ਵਾਹਿਗੁਰੂ ਜੀ ਕਾ ਖਾਲਸਾ।।

ਵਾਹਿਗੁਰੂ ਜੀ ਕੀ ਫ਼ਤਹਿ।।

ਇੰਨੀ ਜੋਰ ਨਾਲ, ਇੰਨੀ ਬੁਲੰਦ ਅਵਾਜ ਵਿੱਚ ਸਿੰਘ ਸੂਰਬੀਰਾਂ ਨੇ ਫ਼ਤਹਿ ਦਾ ਨਾਹਰਾ ਗੁੰਜਾਇਆ ਕਿ ਮਾਨੋ ਚਮਕੌਰ ਦੀ ਧਰਤੀ ਕੰਬਣ ਲਗ ਪਈ ਹੋਵੇ।

ਵੁਹ ਹੁਮ ਹੁਮਾ ਸ਼ੇਰੋਂ ਕਾ ਵੁਹ ਅਵਾਜ ਥੀ ਭਾਰੀ।

ਥਰਰਾ ਗਿਆ ਚਮਕੌਰ ਹੂਆ ਜ਼ਲਜ਼ਲਾ ਤਾਰੀ।

ਸਕਤੇ ਮੇ ਖੁਦਾਈ ਥੀ ਤੋ ਹੈਰਤ ਮੇਂ ਜਹਾਂ ਥਾ।

ਨਾਹਰਾ ਸੇ ਹੂਆ ਚਰਖੁ ਭੀ ਸਾਕਨ ਯਿਹ ਗੁਮਾਂ ਥਾ।

ਮਾਨੋ ਚਮਕੌਰ ਦੀ ਧਰਤੀ ਤੇ ਭੁਚਾਲ ਆ ਗਿਆ ਹੋਵੇ ਕਿਉਕਿ ਇਸ ਇਲਾਕੇ ਵਿੱਚ ਪਹਿਲਾਂ ਕਦੀ ਕਿਸੇ ਨੇ ਵੀ ਇੰਨੀ ਬੁਲੰਦੀ ਨਾਲ ਗੂੰਜਦਾ ਹੋਇਆ ਜੈਕਾਰਾ ਨਹੀ ਸੀ ਸੁਣਿਆ। ਹੁਣ ਸ਼ਾਮ ਦਾ ਸਮਾਂ ਹੋ ਚੁੱਕਾ ਹੈ ਤੇ ਲਗਭਗ ਚਾਰੇ ਪਾਸੇ ਸਨਾਟੇ ਦਾ ਮਾਹੌਲ ਹੈ।

ਖੈਮੇ ਕੀਏ ਇਸਤਾਦਹ ਵਹੀਂ ਉਠ ਕੇ ਕਿਸੀ ਨੇ।

ਖੋਲੀ ਕਮਰ ਆਰਾਮ ਕੋ ਹਰ ਏਕ ਜਰੀ ਨੇ।

ਰਹਰਾਸਿ ਕਾ ਦੀਵਾਨ ਸਜਾਇਆ ਗੁਰੂ ਜੀ ਨੇ।

ਮਿਲ-ਜੁਲ ਕੇ ਸਰਿ-ਸ਼ਾਮ ਭਜਨ ਗਾਏ ਸਭੀ ਨੇ।

ਹੁਣ ਸਿੰਘ, ਸੂਰਬੀਰਾਂ ਕੋਲ ਜਿੰਨਾ ਕੁ ਸਮਾਨ ਸੀ, ਘੋੜਿਆਂ ਤੋ ਕਾਠੀਆਂ ਉਤਾਰੀਆਂ ਤੇ ਆਪਣੇ ਬਸਤਰਾਂ ਨੂੰ ਵੀ ਢਿੱਲੇ ਕਰਨਾ ਸ਼ੁਰੂ ਕਰ ਦਿੱਤਾ। 7 ਪੋਹ ਦੀ ਸ਼ਾਮ ਦਾ ਸਮਾਂ ਹੈ ਤੇ ਕਲਗੀਧਰ ਪਾਤਸ਼ਾਹ ਦੀ ਅਗਵਾਈ ਵਿੱਚ ਸੋ-ਦਰ ਰਹਰਾਸਿ ਦਾ ਦੀਵਾਨ ਵੀ ਸਜ ਗਿਆ।

ਦੇਖੋ! ਕਲਗੀਧਰ ਪਾਤਸ਼ਾਹ ਨੇ ਸਰਸਾ ਨਦੀ ਦੇ ਕੰਢੇ ਤੇ ਲਖ ਪਰੇਸ਼ਾਨੀਆਂ ਦੇ ਬਾਵਜੂਦ ਅੰਮ੍ਰਿਤ ਵੇਲਾ ਵੀ ਨਹੀ ਖੁੰਝਾਇਆ ਤੇ ਚਮਕੌਰ ਦੀ ਕਚੀ ਗੜੀ ਵਿੱਚ ਆ ਕੇ ਰਹਰਾਸਿ ਦਾ ਸਮਾਂ ਸਾਂਭ ਲਿਆ ਹੈ। ਆਉਣ ਵਾਲੇ ਸਮੇ ਲਈ ਗੁਰੂ ਪਾਤਸ਼ਾਹ ਤੋ ਸਾਨੂੰ ਕੁੱਝ ਅਗਵਾਈ ਵੀ ਮਿਲ ਰਹੀ ਹੈ। ਸਾਨੂੰ ਕਲਗੀਧਰ ਪਾਤਸ਼ਾਹ ਸਮਝਾ ਰਹੇ ਨੇ ਕਿ ਸਿਖੋ ਕੁੱਝ ਸਮਝੋ। ਪਾਤਸ਼ਾਹ ਨੇ ਇੰਨੀਆ ਔਕੜਾ ਦੇ ਬਾਵਜੂਦ ਵੀ ਨਿਤਨੇਮ ਦਾ ਪੱਲਾ ਨਹੀ ਛੱਡਿਆ।

ਖਿਆਲ ਕਰਿਓ, ਸਾਡੇ ਵਿੱਚ ਬਹੁਤਿਆਂ ਦੀ ਗਿਣਤੀ ਇਹੋ ਜਿਹੀ ਹੈ, ਜਿਨ੍ਹਾ ਦੀ ਸੋਚ ਹੈ ਕਿ ਜੇਕਰ ਮੈ ਇਹ ਪਾਠ ਕਰ ਲਵਾ ਤਾਂ ਕੀ ਗ੍ਰੰਟੀ ਹੈ ਕਿ ਮੈਨੂੰ ਇਸ ਤੋਂ ਲਾਭ ਹੋਵੇਗਾ। ਜੇਕਰ ਕਿਸੇ ਨੂੰ ਕਹਿ ਦੇਈਏ ਕਿ ਭਾਈ ਅੰਮ੍ਰਿਤ ਵੇਲਾ ਸਾਂਭ ਲੈ ਜਾਂ ਆਹ ਕੰਮ ਕਰ ਲੈ ਤਾਂ ਉਹ ਸਵਾਲ ਕਰੇਗਾ ਕਿ ਕੀ ਗ੍ਰੰਟੀ ਹੈ ਕਿ ਮੈਨੂੰ ਇਸ ਨਾਲ ਲਾਭ ਹੋਵੇਗਾ। ਪਰ ਦੇਖੋ ਭਗਤ ਕਬੀਰ ਜੀ ਗ੍ਰੰਟੀ ਦੀ ਮੋਹਰ ਲਾ ਕੇ ਗਉੜੀ ਰਾਗ ਵਿੱਚ ਸਾਨੂੰ ਸਮਝਾਉਣਾ ਕਰਦੇ ਹਨ।

ਕੋਈ ਗਾਵੈ ਕੋ ਸੁਣੈ ਹਰਿ ਨਾਮਾ ਚਿਤੁ ਲਾਇ।।

ਕਹੁ ਕਬੀਰ ਸੰਸਾ ਨਹੀ ਅੰਤਿ ਪਰਮ ਗਤਿ ਪਾਇ।। (ਗਉੜੀ ਕਬੀਰ ਜੀ-੩੩੫)

ਭਗਤ ਜੀ ਆਪਣੇ ਪਾਵਨ ਬਚਨਾ ਰਾਹੀਂ ਗਰੰਟੀ ਦੇ ਰਹੇ ਨੇ ਕਿ ਐ ਜੀਵ ਤੂੰ ਪਰਮੇਸ਼ਰ ਦਾ ਹੋ ਜਾ ਤੂੰ ਨਾਮ ਜਪ, ਸੁਣ। ਕੋਈ ਸ਼ੱਕ ਨਹੀ ਕਿ ਤੈਨੂੰ ਪਰਮੇਸ਼ਰ ਦੀ ਪ੍ਰਾਪਤੀ ਨਾ ਹੋਵੇ। ਕੋਈ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੜ ਕੇ, ਵਿਚਾਰ ਕੇ ਦੇਖ ਲਵੇ, ਕਮਾ ਕੇ ਦੇਖ ਲਵੇ।

ਇਹ ਜੋ ਸਿੰਘ ਸੂਰਬੀਰ ਚਮਕੌਰ ਦੀ ਕੱਚੀ ਗੜ੍ਹੀ ਵਿੱਚ ਲੜਨ ਲਈ ਤਿਆਰ ਬਰ ਤਿਆਰ, ਪਰਮਗਤੀ ਨੂੰ ਪ੍ਰਾਪਤ ਹੋਣ ਜਾ ਰਹੇ ਨੇ ਇਹਨਾਂ ਦਾ ਰਾਜ ਵੀ ਬਾਣੀ ਨਾਲ ਜੁੜੇ ਹੋਣਾ ਹੈ। ਐਵੇ ਨਹੀ ਇਹ ਬੀਰ ਐਨੇ ਸਿਰੇ ਦੇ ਇਤਿਹਾਸ ਦੇ ਪੰਨਿਆ ਨੂੰ ਸ਼ਿੰਗਾਰ ਕੇ ਚਲੇ ਗਏ ਤੇ ਪਰਮਗਤੀ ਦੀ ਪ੍ਰਾਪਤੀ ਕੀਤੀ। ਇਹ ਸਭ ਬਾਣੀ ਅਤੇ ਗੁਰੂ ਸਾਹਿਬ ਦੇ ਬਖਸ਼ੇ ਹੋਏ ਬਾਣੇ ਨਾਲ ਜੁੜੇ ਹੋਏ ਹਨ।

ਰਹਰਾਸਿ ਕਾ ਦੀਵਾਨ ਸਜਾਇਆ ਗੁਰੂ ਜੀ ਨੇ।

ਮਿਲ-ਜੁਲ ਕੇ ਸਰਿ-ਸ਼ਾਮ ਭਜਨ ਗਾਏ ਸਭੀ ਨੇ।

ਖਾਨਾ ਕਈ ਵਕਤੋ ਸੇ ਮੁਯਸਰ ਨ ਥਾ ਆਯਾ।

ਇਸ ਸ਼ਾਮ ਭੀ ਸ਼ੇਰੋ ਨੇ ਕੜਾਕਾ ਹੀ ਉਠਾਯਾ।

ਕਿੰਨਾ ਹੀ ਲੰਮਾ ਸਮਾਂ ਲੰਘ ਗਿਆ ਸੀ, ਪਰ ਸਿੰਘ, ਸੂਰਬੀਰਾਂ ਅਤੇ ਸਤਿਗੁਰੂ ਜੀ ਨੂੰ ਭੋਜਨ ਵੀ ਨਸੀਬ ਨਹੀ ਹੋਇਆ। ਉਹ ਜਦੋ ਅਨੰਦਪੁਰ ਸਾਹਿਬ ਤੋ ਚਲੇ ਹਨ, ਲੰਮੇ ਘੇਰਿਆਂ ਅਤੇ ਮੁਸੀਬਤਾਂ ਦਾ ਸਾਹਮਣਾ ਕਰਦੇ ਹੀ ਇਥੇ ਪਹੁੰਚੇ ਸਨ। ਚਮਕੌਰ ਦੀ ਕੱਚੀ ਗੜ੍ਹੀ ਵਿੱਚ ਵੀ ਭੋਜਨ ਦਾ ਕੋਈ ਪ੍ਰਬੰਧ ਨਹੀ ਸੀ ਤੇ ਹੁਣ ਰਾਤ ਦਾ ਸਮਾਂ ਵੀ ਹੋ ਚੁੱਕਾ ਹੈ ਤੇ ਸੌਣ ਦੀ ਤਿਆਰੀ ਵਿੱਚ ਨੇ।

********** (ਚਲਦਾ … ….)

ਨੋਟ:- ਪਾਠਕਾ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਪੁਸਤਕ ‘ਸਾਕਾ ਚਮਕੌਰ`ਅਤੇ ਅਜੋਕੇ ਹਾਲਾਤ ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋ ਪੇਸ਼ ਕਰਦੀ ਹੈ, ਜੋ ਛਪਾਈ ਅਧੀਨ ਹੈ। ਛਾਪਣ ਤੋ ਪਹਿਲਾ ਭਾਈ ਕਾਮਰੇਟ ਸਿੰਘ ਵਲੋ ਸੰਪਾਦਿਤ ਇਹ ਪੁਸਤਕ ਸੂਝਵਾਨ ਪਾਠਕਾਂ ਦੇ ਸਾਹਮਣੇ 13 ਕਿਸ਼ਤਾ ਵਿੱਚ ਲੜੀਵਾਰ ਪੇਸ਼ ਕੀਤੀ ਜਾ ਰਹੀ ਹੈ। ਜੇ ਕਿਸੇ ਪਾਠਕ ਦਾ ਇਸ ਬਾਰੇ ਕੋਈ ਹੋਰ ਉਸਾਰੂ ਸੁਝਾਅ ਹੋਵੇ ਤਾਂ ਦਾਸ ਉਸਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ।

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201/6 ਮੁਹੱਲਾ ਸੰਤਪੁਰਾ, ਕਪੂਰਥਲਾ

98720-76876




.