.

ਜਸਬੀਰ ਸਿੰਘ ਵੈਨਕੂਵਰ

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਨਾਲ ਸੰਬੰਧਤ ਕੁੱਝ ਮਨਘੜਤ ਸਾਖੀਆਂ

(ਕਿਸ਼ਤ ਅਠਵੀਂ)

ਭਾਈ ਬਾਲੇ ਵਾਲੀ, ਮਿਹਰਬਾਨ ਵਾਲੀ, ਪੁਰਾਤਨ ਅਤੇ ਭਾਈ ਮਨੀ ਸਿੰਘ ਜੀ ਦੀ ਜਨਮ ਸਾਖੀ ਤੋਂ ਇਲਾਵਾ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਿੱਚ ਵੀ ਗੁਰੂ ਸਾਹਿਬ ਦੇ ਸਰੀਰ ਅਲੋਪ ਹੋਣ ਦਾ ਵਰਨਣ ਕੀਤਾ ਹੋਇਆ ਹੈ। ਜਿਸ ਤਰ੍ਹਾਂ ਹਰੇਕ ਸਾਖੀਕਾਰ ਨੇ ਇਸ ਸਾਖੀ ਨੂੰ ਦੂਜੇ ਸਾਖੀਕਾਰ ਨਾਲੋਂ ਵੱਖਰੇ ਰੰਗ ਵਿੱਚ ਰੰਗ ਕੇ ਪੇਸ਼ ਕੀਤਾ ਹੈ, ਇਸੇ ਤਰ੍ਹਾਂ ਹੀ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ’ ਦੇ ਕਰਤੇ, ਭਾਈ ਕੇਸਰ ਸਿੰਘ ਛਿੱਬਰ ਨੇ ਵੀ ਇਸ ਨੂੰ ਆਪਣੇ ਰੰਗ ਵਿੱਚ ਰੰਗ ਕੇ ਪੇਸ਼ ਕੀਤਾ ਹੈ। ਭਾਈ ਕੇਸਰ ਸਿੰਘ ਛਿੱਬਰ ( ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਦੇ ਲੇਖਕ) ਇਸ ਪੁਸਤਕ ਦੇ ਪਹਿਲੇ ਚਰਣ (ਅਧਿਆਏ) ਵਿੱਚ ਲਿਖਦੇ ਹਨ ਕਿ ‘ਕਰਿ ਸਸਕਾਰ ਕ੍ਰਿਆ ਪਰ ਬੈਠੇ। ਦਿਨ ਤੇਰਾਂ ਸਭ ਰਹੇ ਇਕਠੇ. . ਵਿਚਿ ਚਿਖਾ ਫੁਲ ਰਹਿਆ ਨ ਕੋਈ। ਸਣਦੇਹੀ ਉਠਿ ਗਏ ਨੀ ਸੋਈ।’
ਪੁਸਤਕ ਕਰਤਾ ਗੁਰੂ ਨਾਨਕ ਸਾਹਿਬ ਦੇ ਮਿਰਤਕ ਸਰੀਰ ਦੇ ਸਸਕਾਰ ਦਾ ਵਰਨਣ ਕਰਨ ਮਗਰੋਂ ਇਹ ਲਿਖਦੇ ਹਨ ਕਿ ਜਦੋਂ ਫੁੱਲ ਚੁਣਨ ਲਈ ਗਏ ਤਾਂ ਉੱਥੋਂ ਕੁੱਝ ਵੀ ਨਹੀਂ ਮਿਲਿਆ। ਪੁਸਤਕ ਕਰਤਾ ਇਸ ਦਾ ਕਾਰਨ ਇਹ ਦਸਦਾ ਹੈ ਕਿ ਚੂੰਕਿ ਗੁਰੂ ਸਾਹਿਬ ਸਣਦੇਹੀ ਹੀ ਸੱਚਖੰਡ ਚਲੇ ਗਏ ਸਨ, ਇਸ ਲਈ ਚਿਖਾ ਵਿੱਚੋਂ ਕੁਛ ਵੀ ਨਹੀਂ ਲੱਭਾ। ਇਸ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਦੇ ਮਿਰਤਕ ਸਰੀਰ ਨੂੰ ਚਿਖਾ ਉੱਤੇ ਰੱਖ ਕੇ ਅਗਨ ਭੇਟ ਕੀਤਾ ਗਿਆ ਸੀ। ਇਸ ਲਈ ਗੁਰੂ-ਪੁੱਤਰ ਅਤੇ ਸਿੱਖ ਫੁੱਲ ਚੁਗਣ ਲਈ ਜਾਂਦੇ ਹਨ। ਜੇਕਰ ਸਰੀਰ ਦਾ ਸਸਕਾਰ ਹੀ ਨਾ ਕੀਤਾ ਹੁੰਦਾ ਤਾਂ ਫੁੱਲ ਚੁਗਣ ਦਾ ਤਾਂ ਸਵਾਲ ਪੈਦਾ ਨਹੀਂ ਸੀ ਹੁੰਦਾ।
ਪਰੰਤੂ ਪੁਸਤਕ ਦੇ ਦੂਜੇ ਚਰਣ ਵਿੱਚ ਲੇਖਕ ਹੁਰੀਂ ਲਿਖਦੇ ਹਨ ਕਿ, ‘ਤਤੇ (ਤੁਰਕ) ਭੀ ਜੋਰੁ ਬਹੁਤੁ ਕਰਿ ਸੇ ਆਏ। ਏਹੁ ਹੈਸੀ ਪੀਰ ਅਸਾਡਾ, ਅਸੀਂ ਦੱਬਾਂਗੇ ਜਾਏ। ਲਾਸ਼ ਸਾਹਿਬ ਦੀ ਅੰਦਰ ਸੀ ਪਈ। ਚਾਦਰ ਚਉਪਟੀ ਹੈਸੀ ਊਪਰਿ ਲਈ। ਤਤੇ ਆਖਣ: “ਅਸੀਂ ਦੱਬਾਂਗੇ ਵਿਚਿ ਕਬਰ। ਇਹ ਅਸਾਡਾ ਹੈ ਪੈਗ਼ਬਰ”। ਸਾਹਿਬਜ਼ਾਦੇ ਆਖਣ, ਅਸਾਂ ਕਰਨਾ ਹੈ ਸਿਸਕਾਰ। ਅੰਦਰ ਮੁਰਦਾ, ਝਗੜਾ ਬਾਹਰਵਾਰ।’
ਇੱਥੇ ਪੁਸਤਕ ਕਰਤਾ ਗੁਰੂ ਸਾਹਿਬ ਦੇ ਸਰੀਰ ਨੂੰ ਲੈ ਕੇ ਦੋਹਾਂ ਧਿਰਾਂ ਵਿੱਚ ਤਕਰਾਰ ਹੋਣ ਦੀ ਗੱਲ ਲਿਖਦੇ ਹਨ। ਪਹਿਲੇ ਲੇਖਕਾਂ ਨਾਲੋਂ ਇਸ ਵਿੱਚ ਅੰਤਰ ਇਹ ਹੈ ਕਿ ਜਿੱਥੇ ਪਹਿਲੇ ਸਾਖੀਕਾਰਾਂ ਨੇ ਇਹ ਤਕਰਾਰ ਹਿੰਦੂ ਅਤੇ ਮੁਸਲਮਾਨਾਂ ਵਿੱਚ ਹੁੰਦਾ ਦਿਖਾਇਆ ਹੈ ਉੱਥੇ ਭਾਈ ਕੇਸਰ ਸਿੰਘ ਹੁਰਾਂ ਨੇ ਹਿੰਦੂਆਂ ਦੀ ਥਾਂ ਗੁਰ-ਪੁੱਤਰਾਂ ਦਾ ਵਰਨਣ ਕੀਤਾ ਹੈ। ਭਾਈ ਕੇਸਰ ਸਿੰਘ ਜੀ ਅਨੁਸਾਰ ਮੁਸਲਮਾਨ ਸਤਿਗੁਰੂ ਜੀ ਦੇ ਮਿਰਤਕ ਸਰੀਰ ਨੂੰ ਦਫ਼ਨਾਉਣ ਦੀ ਗੱਲ ਕਰ ਰਹੇ ਸਨ ਪਰ ਸਿਰੀ ਚੰਦ ਅਤੇ ਲਖਮੀ ਦਾਸ ਜੀ ਆਪਣੇ ਪਿਤਾ ਗੁਰਦੇਵ ਦੇ ਸਰੀਰ ਦਾ ਸਸਕਾਰ ਕਰਨਾ ਚਾਹੁੰਦੇ ਸਨ। ਲੇਖਕ ਜੀ ਫਿਰ ਲਿਖਦੇ ਹਨ:
“ਝਗੜਾ ਕਰਦੇ ਆਹੇ ਜੋ ਕੋਈ ਰਾਹੀ ਆਇਆ। ਉਸ ਕਿਹਾ: “ਤੁਸਾਂ ਝਗੜਾ ਕੇਹਾ ਪਾਇਆ”। ਲੋਕਾਂ ਕਹਿਆ ਬਾਬਾ ਨਾਨਕ ਸਾਹਿਬ ਹੈ ਚੜ੍ਹਿ ਗਇਆ। ਉਸ ਕਹਿਆ, “ਸਾਹਿਬ ਮੈਨੂੰ ਹੁਣ ਮਿਲਿਆ ਹੈ ਰਾਹ ਜਾਂਦਾ ਸੀ ਟੁਰਿਆ”। ਸਭ ਲੁਕਾਈ ਅੰਦਰਿ ਵੇਖਣ ਗਈ। ਕਿਆ ਦੇਖਣ ਖਾਲੀ ਚਾਦਰ ਹੈ ਪਈ।”
ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਦਾ ਕਰਤਾ ਕੇਵਲ ਇਤਨਾ ਹੀ ਲਿਖਦੇ ਹਨ ਕਿ ਗੁਰੂ ਜੀ ਦੇ ਸਰੀਰ ਨੂੰ ਲੈ ਕੇ ਝਗੜ ਰਹੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਕਿਸੇ ਰਾਹੀ ਦੁਆਰਾ ਗੁਰੂ ਜੀ ਦਾ ਇਹ ਸੁਨੇਹਾ ਮਿਲਦਾ ਹੈ ਕਿ, ‘ਮੇਰੇ ਆਸਣ ਤੇ ਦੋਂਹ ਪਟਾਂ ਦੀ ਚਾਦਰ ਪਈ ਹੈ ਸੋ ਇੱਕ ਪਟ ਹਿੰਦੂ ਸਿਸਕਾਰ ਕਰਨ ਅਰ ਇੱਕ ਪਟ ਮੁਸਲਮਾਨ ਦਬ ਕੇ ਕਬਰ ਕਰਨ।’ ਪਰ ਬੰਸਾਵਲੀਨਾਮਾ ਦੇ ਕਰਤੇ ਅਨੁਸਾਰ ਇਸ ਰਾਹੀ ਦੁਆਰਾ ਗੁਰੂ ਸਾਹਿਬ ਨੇ ਸਿੱਖਾਂ ਅਤੇ ਮੁਸਲਮਾਨਾਂ ਨੂੰ ਇਸ ਤਰ੍ਹਾਂ ਕੋਈ ਸੁਨੇਹਾ ਨਹੀਂ ਘਲਿਆ। ਇਹ ਰਾਹੀ ਦੋਹਾਂ ਧਿਰਾਂ ਨੂੰ ਝਗੜਦਿਆਂ ਦੇਖ ਕੇ ਆਪ ਹੀ ਇਸ ਝਗੜੇ ਦਾ ਕਾਰਨ ਪੁੱਛਦਾ ਹੈ। ਜਦੋਂ ਇਸ ਰਾਹੀ ਨੂੰ ਝਗੜੇ ਦਾ ਕਾਰਨ ਦਸਿਆ ਜਾਂਦਾ ਹੈ ਤਾਂ ਇਹ ਕਹਿੰਦਾ ਹੈ ਕਿ ਗੁਰੂ ਨਾਨਕ ਸਾਹਿਬ ਤਾਂ ਉਸ ਨੂੰ ਹੁਣੇ ਤੁਰੇ ਜਾਂਦੇ ਮਿਲੇ ਹਨ। ਇਸ ਰਾਹੀ ਦੀ ਇਹ ਗੱਲ ਸੁਣ ਕੇ ਜਦੋਂ ਦੋਵੇਂ ਧਿਰਾਂ ਅੰਦਰ ਦੇਖਣ ਜਾਂਦੀਆਂ ਹਨ ਤਾਂ ਇਹਨਾਂ ਨੂੰ ਪਤਾ ਚਲਦਾ ਹੈ ਕਿ ਗੁਰੂ ਸਾਹਿਬ ਦਾ ਸਰੀਰ ਤਾਂ ਗਾਇਬ ਹੈ। ਦੋਵੇਂ ਧਿਰਾਂ ਨੇ ਗੁਰੂ ਸਾਹਿਬ ਦੀਆਂ ਚਾਦਰਾਂ ਨੂੰ ਹੀ ਆਪਸ ਵਿੱਚ ਵੰਡ ਲਿਆ; ਇੱਕ ਧਿਰ ਨੇ ਸਸਕਾਰ ਕਰ ਦਿੱਤਾ ਅਤੇ ਦੂਜੀ ਧਿਰ ਨੇ ਦਫ਼ਨਾ ਦਿੱਤਾ। ਭਾਈ ਕੇਸਰ ਸਿੰਘ ਲਿਖਦੇ ਹਨ:
ਦੋ ਪੱਟ ਲਈ ਤੱਤਿਆਂ ਦੁਇ ਪੱਟ ਲਈ ਇਨ੍ਹੀਂ। ਤੱਤਿਆਂ ਦੱਬ ਮਸੀਤ ਕਰਿ ਲੀਨੀ। ਏਨ੍ਹਾਂ ਸਾੜ ਕੇ ਚਿਖਾ ਬਣਾਈ। ਰਾਖ ਮੇਲਿ ਹਰਿਸਰ ਦਈ ਪਠਾਈ। ਏਨ੍ਹਾਂ ਜਾਗ੍ਹਾ ਖੋਦ ਤਹਾਂ ਕੂਆਂ ਕੀਆ। ਉਨ੍ਹਾਂ ਪਾਸ ਬਣਾਇ ਮਕਤਬ ਲੀਆ। ਦੋਨੋ ਇਕਠੇ ਏਕ ਦਰਵਾਜ਼ਾ। ਖੱਬੇ ਮਸੀਤ ਸੱਜੇ ਕੂਪ ਬਿਰਾਜਾ। ਵਹੁ ਪੜ੍ਹਨਿ ਕਲਮਾ ਅਤੇ ਨਿਵਾਜ਼ਾਂ। ਇਧਰ ਸਬਦ ਸਾਖੀ ਦੀਆਂ ਅਵਾਜ਼ਾਂ।’
ਪੁਸਤਕ ਕਰਤਾ ਵਲੋਂ ਗੁਰੂ ਪਰਵਾਰ ਵਲੋਂ ਸਸਕਾਰ ਵਾਲੀ ਥਾਂ `ਤੇ ਖੂਹ ਬਣਾਉਣ ਅਤੇ ਮੁਸਲਮਾਨਾਂ ਵਲੋਂ ਮਸੀਤ ਬਣਾਉਣ ਦਾ ਪਹਿਲੀ ਵਾਰ ਵਰਨਣ ਕੀਤਾ ਗਿਆ ਹੈ। ਇਸ ਤੋਂ ਪਹਿਲੇ ਸਾਖੀਕਾਰਾਂ ਨੇ ਚਾਦਰ ਨੂੰ ਸਸਕਾਰਨ ਅਤੇ ਦਫ਼ਨਾਉਣ ਦੀ ਗੱਲ ਤਾਂ ਲਿਖੀ ਹੈ ਪਰੰਤੂ ਹਿੰਦੂਆਂ ਵਲੋਂ ਖੂਹ ਅਤੇ ਮੁਸਲਮਾਨਾਂ ਵਲੋਂ ਮਸੀਤ ਬਣਾਉਣ ਦੀ ਗੱਲ ਨਹੀਂ ਲਿਖੀ ਹੈ। ਇਤਨਾ ਹੀ ਨਹੀਂ ਲੇਖਕ ਹੁਰੀਂ ਖੂਹ ਅਤੇ ਮਸੀਤ ਨੂੰ ਆਪਣੀ ਅੱਖੀਂ ਦੇਖਣ ਦੀ ਗਵਾਹੀ ਭਰਦੇ ਹੋਏ ਲਿਖਦੇ ਹਨ, ‘ਉਹ ਮਸੀਤ ਅਤੇ ਕੂਆ ਦੋਨੋਂ ਇਕੱਠੇ, ਅਸੀਂ ਅੱਖੀਂ ਡਿਠੇ ਜਾਈ। ਉਸ ਕੂਏ ਤੇ ਇਸਨਾਨ ਅਸਾਂ ਭੀ ਹੈ ਕੀਤਾ। ਉਸ ਕੂਏ ਦਾ ਜਲੁ ਅਸਾਂ ਭੀ ਹੈ ਪੀਤਾ। ‘ਸਿੰਘ ਕੇਸਰ’ ਇਹ ਕਥਾ ਬਨਾਈ। ਉਹ ਮਸੀਤ ਅਤੇ ਕੂਆ ਦੋਨੋਂ, ਅਸਾਂ ਅੱਖੀਂ ਡਿਠੇ ਜਾਈ। ਉਸ ਕੂਏ ਤੇ ਇਸਨਾਨ ਅਸਾਂ ਭੀ ਹੈ ਕੀਤਾ। ਉਸ ਕੂਏ ਦਾ ਜਲੁ ਅਸਾਂ ਭੀ ਹੈ ਪੀਤਾ। (ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ। ਦੂਜਾ ਚਰਣ)
(ਨੋਟ:- ਲੇਖਕ ਹੁਰਾਂ ਦੀਆਂ ਅੱਖੀਂ ਦੇਖ ਕੇ ਲਿਖੀਆਂ ਗੱਲਾਂ ਵਿੱਚ ਵੀ ਕਿੰਨੀ ਕੁ ਸਚਾਈ ਹੈ, ਇਸ ਦੇ ਪੁਸਤਕ ਵਿੱਚ ਕਈ ਥਾਂਈਂ ਇਸ ਦੇ ਪ੍ਰਮਾਣ ਮਿਲ ਜਾਂਦੇ ਹਨ। ਇੱਥੇ ਅਸੀਂ ਕੇਵਲ ਇਸ ਘਟਨਾ ਨਾਲ ਸੰਬੰਧਤ ਗਵਾਹੀ ਵਲ ਹੀ ਪਾਠਕਾਂ ਦਾ ਧਿਆਨ ਦਿਵਾ ਰਹੇ ਹਾਂ। ਲੇਖਕ ਜੀ ਲਿਖਦੇ ਹਨ ਕਿ, “ਇਕ ਸਿੱਖ ਆਇਓ ਪਰਦੇਸ ਤੇ, ਬੈਠਾ ਕੂਪ ਅਸਥਾਨਿ। ਤੂੰ ਗੁਰ ਪੂਰਾ ਸੱਚੁ ਹੈਂ, ਦੇਹੁ ਦਰਸ ਮੁਹਿ ਆਨਿ। ਸੰਮਤ ਸਤਾਰਾਂ ਸੈ ਬਾਨਵੇ ਜਬ ਬੀਤੇ; ਤਬ ਦਰਸਨੁ ਪਰਤਖ ਗੁਰੂ ਨਾਨਕ ਜੀ ਦੀਤੇ। ਪ੍ਰਾਤੇ ਪਲੰਘੁ ਜਲ ਊਪਰਿ ਆਇ ਸੀ ਪਇਆ। ਦਰਸਨ ਲਗੀ ਆਇ ਸਭ ਲੁਕਾਈ। ਚਾਰ ਘੜੀਆਂ ਸਾਹਿਬ ਤਹ ਬੈਠੇ ਦਰਸ ਦਿਖਾਈ। ਪੁਨਿ ਅੰਤਰਿ ਧਿਆਨ ਸਾਹਿਬ ਹੋਇ ਗਏ। ਹਜ਼ਾਰਾ ਜੀਅ ਨੂੰ ਤਹਿ ਦਰਸਨ ਭਏ। ਕਿਆ ਕਹੀਐ ਸਤਿਗੁਰੂ ਦੀ ਵਡਿਆਈ। ਉਹ ਸਦਾ ਹੀ ਪ੍ਰਤਖ ਹਾਜ਼ਰ ਜਾਨੋ ਭਾਈ।” (ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ-ਦੂਜਾ ਚਰਣ)
ਗਿਆਨੀ ਗਿਆਨ ਸਿੰਘ ਜੀ ਨੇ ਇਸ ਘਟਨਾ ਦਾ ਵਰਨਣ ਕਰਦਿਆਂ ਆਪਣੇ ਤੋਂ ਪਹਿਲੇ ਸਮੂਹ ਸਾਖੀਕਾਰਾਂ ਤੋਂ ਚਾਰ ਕਦਮ ਅੱਗੇ ਪੁੱਟੇ ਹਨ। ਆਪ ਲਿਖਦੇ ਹਨ ਕਿ, ‘ਜਾਂ ਦਸਮੀ ਵਾਲੇ ਦਿਨ ਚਾਰ ਘੜੀ ਦਿਨ ਚੜ੍ਹਿਆ ਤਾਂ ਪਦਮਾਸਨ ਬੈਠ ਗਏ ਅਰ ਸ੍ਰੀਰ ਤਿਆਗ ਦਿੱਤਾ। ਓਸੇ ਵੇਲੇ ਹਿੰਦੂ ਮੁਸਲਮਾਨਾਂ ਦਾ ਝਗੜਾ ਹੋਣ ਲੱਗ ਪਿਆ, ਹਿੰਦੂ ਕਹਿਣ ਗੁਰੂ ਸਾਡੇ ਸਨ ਤੇ ਮੁਸਲਮਾਨ ਆਪਣਾ ਪੀਰ ਬਨਾਉਣ। ਓਹ ਕਹਿਣ ਅਸੀਂ ਸਾੜਾਂਗੇ, ਓਹ ਦੱਬਣ ਲਈ ਜਿਦ ਕਰਨ। ਓਸੇ ਵੇਲੇ ਦੇਵਨੇਤ ਪੰਜ ਕੰਨ ਪਾਟੇ ਸਾਧ ਓਥੇ ਆ ਗਏ, ਓਹਨਾਂ ਨੇ ਝਗੜੇ ਦਾ ਕਾਰਨ ਪੁਛਕੇ ਕਿਹਾ ਤੁਸੀਂ ਤਾਂ ਐਵੇਂ ਝਗੜਦੇ ਹੋ, ਗੁਰੂ ਨਾਨਕ ਜੀ ਤਾਂ ਹੁਣ ਪੰਜਾਂ ਸਿੱਖਾਂ ਸਮੇਤ ਏਥੋਂ ੪-੫ ਕੋਹ ਦੀ ਵਿੱਥ ਤੇ ਸਾਨੂੰ ਜਾਂਦੇ ਮਿਲੇ ਹਨ। ਸਿੱਖਾਂ ਨੇ ਕਿਹਾ ਤੁਹਾਨੂੰ ਭਰਮ ਹੋਯਾ ਹੈ, ਆਹ ਦੇਖੋ ਓਨ੍ਹਾਂ ਦੀ ਦੇਹ ਪਈ ਹੈ, ਜੋਗੀਆਂ ਕਿਹਾ ਕਿਥੇ ਹੈ? ਜਾਂ ਚਾਦਰ ਚੁਕੀ ਤਾਂ ਪੁਸ਼ਪਾਂ ਦਾ ਢੇਰ ਅਰ ਬਿਸਤ੍ਰਾ ਹੀ ਨਜਰ ਆਯਾ। ਸਭ ਝਗੜਾ ਆਪੇ ਨਿੱਬੜ ਗਿਆ। ਦੋਹਾਂ ਧੜਿਆਂ ਨੇ ਚਾਦਰ ਅੱਧੋ ਅੱਧ ਵੰਡ ਲਈ। ਓਨ੍ਹਾਂ ਸੰਸਕਾਰ ਕਰਕੇ ਸਮਾਧ ਬਨਵਾ ਦਿੱਤੀ, ਮੁਸਲਮਾਨਾਂ ਨੇ ਦੱਬ ਕੇ ਕਬਰ ਬਨਾ ਦਿੱਤੀ। ਦਰਯਾ ਦਾ ਹੜ੍ਹ ਆਯਾ ਦੋਵੇਂ ਰੋੜ੍ਹਕੇ ਲੈ ਗਿਆ, ਪਰ ਪ੍ਰੇਮੀ ਸਿੱਖ ਸਰਦਾਰ ਸੁੱਧ ਸਿੰਘ ਦੂਦੇ ਵਾਲੇ ਨੇ ਫੇਰ ਪੱਕੀ ਸਮਾਧ ਕਰਤਾਰਪੁਰ ਵਿੱਚ ਬਨਾ ਦਿੱਤੀ ਜੋ ਹੁਣ ਤੱਕ ਹੈ ਅਰ ਉਦਾਸੀ ਸਾਧੂ ਸੇਵਾਦਾਰ ਹੈ। ਫੇਰ ਗੁਰੂ ਜੀ ਦੇ ਪੜ੍ਹੋਤੇ ਧਰਮ ਚੰਦ ਮੇਹਰਚੰਦ ਨੇ ਰਾਵੀਓ ਉਰਾਰ ਇੱਕ ਨਗਰ ਵਸਾਕੇ ਗੁਰੂ ਜੀ ਦੀ ਸਮਾਧ ਬਨਾਈ, ਜਿਸਦਾ ਨਾਉਂ ਡੇਹਰਾ ਬਾਬਾ ਨਾਨਕ ਰੱਖਿਆ, ਹੁਣ ਤੱਕ ਓਸ ਨਗਰ ਦਾ ਨਾਉਂ ਡੇਹਰਾ ਬਾਬਾ ਨਾਨਕ ਹੈ। (ਗਿਆਨੀ ਗਿਆਨ ਸਿੰਘ ਜੀ)
ਇਹਨਾਂ ਲੇਖਕਾਂ ਤੋਂ ਇਲਾਵਾ ਹੋਰ ਲੇਖਕਾਂ ਵਲੋਂ ਇਸ ਘਟਨਾ ਸੰਬੰਧੀ ਲਿਖੀਆਂ ਲਿਖਤਾਂ ਤੋਂ ਜ਼ਿਕਰ ਕਰਨ ਤੋਂ ਸੰਕੋਚ ਕਰਦੇ ਹੋਏ ਕੇਵਲ ਸੰਤ ਭੇਖ ਵਿੱਚ ਵਿਚਰ ਰਹੇ ਇੱਕ ਸੱਜਣ ਵਲੋਂ ਇਸ ਸੰਬੰਧੀ ਮਾਰੀ ਗੱਪ (ਗਪੌੜ) ਦਾ ਜ਼ਿਕਰ ਕਰ ਰਹੇ ਹਾਂ। (ਨੋਟ:- ਕੋਈ ਪਾਠਕ ‘ਸੰਤ ਭੇਖ’ ਤੋਂ ਇਹ ਭਾਵ ਨਾ ਲਵੇ ਕਿ ਗੁਰਮਤਿ ਦੀ ਜੀਵਨ-ਜੁਗਤ ਵਿੱਚ ਕੋਈ ਵਿਸ਼ੇਸ਼ ਭੇਖ ‘ਸੰਤ ਭੇਖ’ ਹੈ। ਗੁਰਮਤਿ ਦੀ ਜੀਵਨ-ਜੁਗਤ ਵਿੱਚ ਸੰਤ ਦਾ ਕੋਈ ਵਿਸ਼ੇਸ਼ ਭੇਖ ਨਹੀਂ ਹੁੰਦਾ। ਪਰ ਚੂੰਕਿ ਜਨ-ਸਾਧਾਰਨ ਨੇ ਅਗਿਆਨਤਾਵਸ ਵਿਸ਼ੇਸ਼ ਭੇਖ, ਭਾਵ, ਲੰਮਾ ਚੋਲਾ, ਗੋਲ ਦਸਤਾਰ ਆਦਿ, ਨੂੰ ਸੰਤਗੀਰੀ ਨਾਲ ਸੰਬੰਧਤ ਕਰ ਦਿੱਤਾ ਹੋਇਆ ਹੈ, ਇਸ ਲਈ ‘ਸੰਤ ਭੇਖ’ ਸ਼ਬਦ ਵਰਤਿਆ ਹੈ।) ‘ਜਦ ਗੁਰੂ ਜੀ ਜੋਤੀ ਜੋਤਿ ਸਮਾਏ ਤਾਂ ਲੋਕਾਂ ਸਮਝ ਲਿਆ ਕਿ ਗੁਰੂ ਨਾਨਕ ਦੇਵ ਜੀ ਸੱਚ ਖੰਡ ਚਲੇ ਗਏ ਹਨ। ਅਸਲ ਵਿੱਚ ਉਹ ਹੇਮਕੁੰਡ ਤੇ ਚਲੇ ਗਏ ਸਨ। ਏਸੇ ਕਰਕੇ ਉਨ੍ਹਾਂ ਦਾ ਸਰੀਰ ਕਿਸੇ ਨੂੰ ਨਹੀਂ ਸੀ ਮਿਲਿਆ। ਉਨ੍ਹਾਂ ਨੇ ਆਪਣੇ ਖ਼ਾਲਸੇ ਨੂੰ ਆਪਣੇ ਹੱਥੀਂ ਅੰਮ੍ਰਿਤ ਛਕਾ ਕੇ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਪੂਰਾ ਰੂਪ ਦੇ ਕੇ ਅਤੇ ਗੁਰਤਾ-ਗੱਦੀ ਦਾ ਤਿਲਕ ਲਾ ਕੇ ਹੀ ਅਕਾਲ ਪੁਰਖ ਕੋਲ ਸੱਚ ਖੰਡ ਪੁਜਣਾ ਸੀ। ਹੇਮ ਕੁੰਡ ਤੇ ਜਾ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਤੱਪ ਕਰਨ ਵਿੱਚ ਮਗਨ ਹੋ ਗਏ। ਸਮਾਂ ਆਉਣ ਤੇ ਗੋਬਿੰਦ ਰੂਪ ਹੋ ਕੇ ਫਿਰ ਆਪ ਹੀ ਪ੍ਰਗਟ ਹੋਏ ਸਨ। ਪਹਿਲੇ ਸਰੂਪ ਸਮੇਂ ਜਦੋਂ ਉਹ ਸੁਲਤਾਨ ਪੁਰ ਲੋਧੀ ਸਨ, ੳਦੋਂ ਇੱਕ ਦਿਨ ਜਦ ਉਹ ਵੇਈਂ ਨਦੀ ਵਿੱਚ ਇਸ਼ਨਾਨ ਕਰਨ ਵੜੇ ਸਨ ਤਾਂ ਈਸ਼ਵਰ ਦੇ ਦੂਤ ਉਨ੍ਹਾਂ ਨੂੰ ਪ੍ਰਭੂ ਦੀ ਹਜ਼ੂਰੀ ਵਿੱਚ ਲੇ ਗਏ ਸਨ। ਉਥੇ ਜੋ ਵਾਰਤਾਲਾਪ ਹੋਈ ਸੀ ਉਸੇ ਦਾ ਦਾ ਹੀ ਵਿਸਥਾਰ ਪੂਰਬਕ ਵਰਣਨ ਬਚਿੱਤ੍ਰ ਨਾਟਕ ਵਿੱਚ ਕੀਤਾ ਹੈ। ਇਸ ਕਾਰਨ ਗੋਬਿੰਦ ਰੂਪ ਵਾਲੇ ਗੁਰੂ ਨਾਨਕ ਜੀ ਧੁਰੋਂ ਹੀ ਥਾਪੇ ਹੋਏ ਅਵਤਾਰ ਸਨ।’ (ਬਚਿੱਤਰ ਨਾਟਕ ਗੁਰਬਾਣੀ ਦੀ ਕਸਵੱਟੀ ਤੇ-ਗੁਰਬਖਸ਼ ਸਿੰਘ ਅਫ਼ਗ਼ਾਨਾ)
ਗੁਰੂ ਨਾਨਕ ਸਾਹਿਬ ਦੇ ਸਰੀਰ ਦੇ ਅਲੋਪ ਹੋਣ ਬਾਰੇ ਲਿਖਣ ਵਾਲੇ ਵਿਦਵਾਨਾਂ ਵਿੱਚੋਂ ਬਹੁਤਿਆਂ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ਸ਼੍ਰੀ ਗੁਰ ਨਾਨਕ ਪ੍ਰਕਾਸ਼ ਨੂੰ ਆਧਾਰ ਬਣਾਇਆ ਹੈ ਅਤੇ ਕੁੱਝ ਕੁ ਨੇ ਪੁਰਾਤਨ ਜਨਮ ਸਾਖੀ ਨੂੰ। ਜਿਸ ਤਰ੍ਹਾਂ ਹੋਰ ਕਈ ਗੱਲਾਂ ਵਿੱਚ ਬਹੁਤੇ ਲੇਖਕਾਂ ਨੇ ਮੱਖੀ ਉੱਤੇ ਮੱਖੀ ਹੀ ਮਾਰੀ ਹੈ, ਉਸੇ ਤਰ੍ਹਾਂ ਇਸ ਘਟਨਾ ਦਾ ਵਰਨਣ ਕਰਨ ਸਮੇਂ ਵੀ (ਜ਼ਿਆਦਾਤਰ) ਵਿਦਵਾਨਾਂ ਨੇ ਮੱਖੀ ਉੱਤੇ ਮੱਖੀ ਹੀ ਮਾਰੀ ਹੈ। ਭਾਵੇਂ ਮਹਿਮਾ ਪ੍ਰਕਾਸ਼ (ਵਾਰਤਕ ਅਤੇ ਕਵਿਤਾ) ਵਿੱਚ ਗੁਰੂ ਸਾਹਿਬ ਦੇ ਸਰੀਰ ਦਾ ਸਸਕਾਰ ਦਾ ਵਰਨਣ ਕੀਤਾ ਹੋਇਆ ਹੈ ਪਰ ਫਿਰ ਵੀ ਸਾਡੇ ਵਿਦਵਾਨਾਂ ਨੇ ਇਹਨਾਂ ਲਿਖਤਾਂ (ਮਹਿਮਾ ਪ੍ਰਕਾਸ਼-ਵਾਰਤਕ ਅਤੇ ਕਵਿਤਾ) ਨੂੰ ਆਧਾਰ ਬਣਾ ਕੇ ਲਿਖਣਾ ਮੁਨਾਸਬ ਨਹੀਂ ਸਮਝਿਆ ਹੈ।
ਮਹਿਮਾ ਪ੍ਰਕਾਸ਼ (ਵਾਰਤਕ) ਇਸ ਸੰਬੰਧ ਵਿੱਚ ਲਿਖਿਆ ਹੈ ‘ਤਬ ਬਿਬਾਣ ਕੀਰਤਨ ਕਰਤੇ ਨਦੀ ਰਾਵੀ ਦੇ ਕਿਨਾਰੇ ਸਿਸਕਾਰਿਆ। ਬਡੇ ਭਜਨ ਅਨੰਦ ਹੋਏ। ਫਿਰ ਜਬ ਗੰਗਾ ਪਰਵਾਹ ਕੇ ਵਾਸਤੇ ਚਿਖਾ ਖੋਲਿਆ ਅਸਤਿ ਲੈਣੇ ਲਗੇ ਤਬ ਕੋਈ ਸਰੀਰ ਕਾ ਅਕਾਰ ਨਜਰ ਨਾ ਆਇਆ। ਸਬ ਬਿਸਮਾਦ ਹੋਇ ਗਏ। ਧੰਨ ਬਾਬਾ ਨਾਨਕ ਸਤਿਗੁਰੂ ਪੂਰਾ ਜਾਪ ਜਪਦੇ ਸਭ ਘਰ ਕੋ ਆਏ।’
ਮਹਿਮਾ ਪ੍ਰਕਾਸ਼ (ਵਾਰਤਕ) ਦਾ ਕਰਤਾ ਭਾਵੇਂ ਇਹ ਲਿਖਦਾ ਹੈ ਕਿ ਸਸਕਾਰ ਮਗਰੋਂ ਜਦੋਂ ਫੁੱਲ (ਅਸਤੀਆਂ) ਚੁਗਣ ਲਈ ਗਏ ਤਾਂ ਕੁਛ ਵੀ ਨਹੀਂ ਮਿਲਿਆ, ਪਰ ‘ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ’ ਵਾਂਗ ਇਹ ਨਹੀਂ ਲਿਖਦਾ ਕਿ ਗੁਰੂ ਸਾਹਿਬ ਸਣਦੇਹੀ ਸੱਚਖੰਡ ਚਲੇ ਗਏ ਸਨ। ਭਾਈ ਕੇਸਰ ਸਿੰਘ ਛਿੱਬਰ ਵਾਂਗ ਮਹਿਮਾ ਪ੍ਰਕਾਸ਼ (ਵਾਰਤਕ) ਦਾ ਕਰਤੇ ਦਾ ਵੀ ਇਹ ਮੰਨਣਾ ਹੈ ਕਿ ਗੁਰੂ ਪਰਵਾਰ ਗੁਰੂ ਸਾਹਿਬ ਦੀ ਅਸਤੀਆਂ ਗੰਗਾ `ਚ ਪ੍ਰਵਾਹ ਕਰਨ ਦਾ ਚਾਹਵਾਨ ਸੀ।
ਮਹਿਮਾ ਪ੍ਰਕਾਸ਼ (ਕਵਿਤਾ) ਦਾ ਕਰਤਾ ਲਿਖਦਾ ਹੈ ਕਿ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਗੁਰੂ-ਪੁੱਤਰਾਂ ਅਤੇ ਸਿੱਖਾਂ ਨੇ ਗੁਰੂ ਸਾਹਿਬ ਪਾਸੋਂ ਪੁੱਛਿਆ ਕਿ, “ਤਬ ਸਬਹਨ ਮਿਲ ਬਿਨਤੀ ਕੀਨਾ। ਹੇ ਪ੍ਰਭ ਦਿਆਲ ਪੁਰਖ ਪ੍ਰਬੀਨਾ। ਕਰਮ ਧਰਮ ਜਗ ਕਾ ਆਚਰਨ। ਜਿਉ ਬਚਨ ਹੋਇ ਤੈਸੋ ਹੀ ਕਰਨ।” ਸਤਿਗੁਰੂ ਜੀ ਇਸ ਪ੍ਰਸ਼ਨ ਦੇ ਉੱਤਰ ਵਿੱਚ ਕਹਿੰਦੇ ਹਨ, “ਹੋਇ ਪ੍ਰਸੰਨ ਸਤਗੁਰ ਕਹਿਓ ਸੁਨੋ ਪੁਤ੍ਰ ਸਿਖ ਮਮ ਸੋਇ। ਕਰਮ ਧਰਮ ਬਿਰਹਾਰ ਜਗ ਹਰਿ ਭਗਤ ਸਮਾਨ ਨ ਕੋਇ। ਇਸ ਪਰਥਾਇ ਬਾਬੇ ਜੀ ਸਬਦ ਉਚਾਰ ਕੀਆ:-
ਆਸਾ ਮਹਲਾ ੧॥ ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥ ੧॥ ਲੋਕਾ ਮਤ ਕੋ ਫਕੜਿ ਪਾਇ॥ ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ॥ ੧॥ ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥ ੨॥ ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ॥ ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ॥ ੩॥ ਇੱਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥ ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ॥ ੪॥ ੨॥ ੩੨॥
ਤਿਸ ਕਾ ਪਰਮਾਰਥ: ਬਾਬੇ ਜੀ ਬਚਨੁ ਕੀਆ ਹੇ ਭਾਈ, ਦੀਵਾ ਧਾਰਨਾ ਮੇਰਾ ਇੱਕ ਨਾਮੁ ਹੈ, ਸਭ ਦੁਖ ਉਸ ਮੋ ਤੇਲੁ ਹੈ। ਦੁਖ ਤੇਲ ਕੋ ਸੋਖ ਕਰ ਸਦਾ ੳਜਿਆਰਾ ਹੈ। ਐਸੇ ਚਾਂਦਨ ਮੋ ਜਮ ਸੋ ਮੇਲੁ ਨਾਹੀ। ਹੇ ਭਾਈ ਤੁਸਾ ਫਕੜੁ ਨਾਹੀ ਪਾਵਨਾ। ਜੈਸੇ ਲਖ ਮੜੈ ਤਨਕ ਆਗ ਸੌ ਭਸਮ ਹੋਤੇ ਹੈ, ਮੇਰੇ ਸਰਬ ਕਰਮ ਨਾਮ ਕਰ ਨਾਸ ਭਏ ਹੈ। ਪਿੰਡ ਅਰੁ ਪਤਲ ਮੇਰਾ ਕੇਸਵ ਹੈ। ਅਰੁ ਕਿਰਿਆ ਮੇਰੀ ਸਚੁ ਨਾਮੁ ਕਰਤਾਰ ਹੈ। ਇਸ ਲੋਕ ਪਰਲੋਕ ਆਗੇ ਪਾਛੇ ਮੇਰਾ ਅਧਾਰੁ ਹੈ। ਗੰਗਾ ਅਰੁ ਬਨਾਰਸ ਮੇਰੀ ਉਸਤਤ ਪ੍ਰਭ ਕੀ ਹੈ। ਸਚ ਇਸਨਾਨੁ ਤਬ ਹੋਤਾ ਹੈ, ਜੋ ਸਦਾ ਪਰਮੇਸਰ ਸੌ ਪ੍ਰੇਮ ਲਗੇ। ਇੱਕ ਲੌਕੀ ਕਹੀਐ ਮਿਟੀ ਕਾ ਕੁਜਾ ਅਰੁ ਛਮਛਰੀ ਕਹੀ ਪਿੰਡ ਕੇ ਆਟੇ ਕਾ ਠਿਕਰਾ ਤਿਸ ਮੇ। ਸੋਂ ਬ੍ਰਾਹਮਣ ਪਿੰਡ ਕਹਾਵਤੇ ਹੈ ਜੋ ਪਰਮੇਸਰ ਕੀ ਕਿਰਪਾ ਕਾ ਪਿੰਡ ਪਰਾਪਤ ਹੋਇ ਕਦੇ ਨਿਖੂਟੇ ਨਾਹੀ। ਸਦਾ ਹੀ ਤ੍ਰਿਪਤ ਹੋਇ। ਹੇ ਮੇਰੇ ਪੁਤ੍ਰ ਮਿਤ੍ਰ ਸਖਾ ਮੇਰਾ ਪਿਡ ਪਤਲ ਇਸ ਜੁਗਤ ਕਰ ਸੁਧ ਭਇਆ। ਤੁਮ ਕਛੂ ਫਕੜੁ ਨਾਹੀ ਕਰਨਾ।
ਜਬ ਇਹ ਬਚਨ ਬਾਬੇ ਜੀ ਕਹੇ। ਸਗਲ ਸੁਨ ਬਿਸਮਾਦ ਹੋਇ ਰਹੇ। ਪੁਨਿ ਜੋੜਿ ਹਾਥ ਚਰਨਨ ਪਰ ਗਿਰੇ। ਸਤਿਗੁਰ ਮਹਿਮਾ ਲਖੀ ਨ ਪਰੇ।”
ਇਸ ਮਹਿਮਾ ਪ੍ਰਕਾਸ਼ ਦਾ ਕਰਤਾ ਇਹ ਤਾਂ ਲਿਖਦਾ ਹੈ ਕਿ ‘ਨਿਜ ਪਦ ਨਿਰਬਾਨ ਲੀਨ ਪ੍ਰਭ ਭਏ। ਨਹੀ ਕਹੂੰ ਆਏ ਨਹੀਂ ਕਹੂੰ ਗਏ।’ ਪਰ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਦੇ ਲੇਖਕ ਵਾਂਗ ਗੁਰੂ ਨਾਨਕ ਸਾਹਿਬ ਨੂੰ ਕਿਸੇ ਰਾਹੀ ਦੁਆਰਾ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਇਹ ਸੁਨੇਹਾ ਦਿੰਦਾ ਹੋਇਆ ਨਹੀਂ ਦਿਖਾਉਂਦਾ ਹੈ ਕਿ ‘ਤੁਸੀਂ ਜੋ ਮੇਰਾ ਪੰਜਾਂ ਭੂਤਾਂ ਦਾ ਸਰੀਰ ਦੇਖਦੇ ਸੇ, ਸੋ ਤੁਸਾਡੀ ਭਾਵਨੀ ਕਰ ਦ੍ਰਿਸਟ ਆਂਵਦਾ ਸੀ, ਪਰ ਮੈਂ ਸਰੀਰ ਨਹੀਂ ਸੀ ਧਾਰਿਆ।’
ਮਹਿਮਾ ਪ੍ਰਕਾਸ਼ ਦਾ ਕਰਤਾ ਇਸ ਦੀ ਯਥਾਰਥ ਵਿਆਖਿਆ ਕਰਦੇ ਹੋਏ ਲਿਖਦੇ ਹਨ:
“ਤਬ ਦਿਆਲ ਆਸਨ ਦਿੜ ਕੀਆ। ਚਾਦਰ ਓਢ ਸਰੀਰ ਪਰ ਲੀਆ। ਨਿਜ ਪਦ ਨਿਰਬਾਨ ਲੀਨ ਪ੍ਰਭ ਭਏ। ਨਹੀ ਕਹੂੰ ਆਏ ਨਹੀਂ ਕਹੂੰ ਗਏ। (ਦੋਹਰਾ) ਸਤਿਗੁਰ ਨਰ ਕੋ ਰੂਪ ਤਜਿ ਭਏ ਦਿਆਲ ਨਿਰਬਾਨ। ਨਾਮ ਰੂਪ ਗੁਣ ਤਨ ਤਜਾ ਪੂਰਨ ਬ੍ਰਹਮ ਮਹਾਨ। (ਚੌਪਈ) ਜਿਉ ਧਰਤੀ ਜਲ ਮਿਲ ਹੋਇ ਇੱਕ ਰੂਪ। ਜਲ ਮਿਲ ਅਗਨਿ ਹੋਤ ਹੈ ਗੂਪ। ਅਗਨ ਪਵਨ ਮਿਲ ਹੋਤ ਨਿਰਬਾਨ। ਪਵਨ ਅਕਾਸ ਮਿਲ ਏਕ ਸਮਾਨ। (ਦੋਹਰਾ) ਅਕਾਸ ਲੀਨ ਹੋਇ ਸਬਦੁ ਮੋ ਸਬਦੁ ਬ੍ਰਹਮ ਮਿਲ ਏਕ। ਤੈਸੇ ਲੀਲਾ ਪ੍ਰਭ ਕਰੀ ਬੂਝੇ ਸਤ ਬਿਬੇਕ। ਸਭ ਲੋਗਨ ਯਹ ਚਰਿਤ੍ਰ ਜਬ ਦੇਖਾ। ਪ੍ਰਮਾਤਮ ਬਾਬਾ ਕਰ ਲੇਖਾ।”
ਇਸ ਮਹਿਮਾ ਪ੍ਰਕਾਸ਼ ਅਨੁਸਾਰ ਗੁਰੂ ਨਾਨਕ ਸਾਹਿਬ ਜਦੋਂ ਜੋਤੀ ਜੋਤ ਸਮਾ ਜਾਂਦੇ ਹਨ ਤਾਂ, ‘ਸੁਚ ਪਵਿਤ੍ਰ ਬਿਬਾਨ ਤਬ ਕਰਾ। ਨਿਰਮਲ ਸਰੀਰ ਤਾ ਊਪਰਿ ਧਰਾ। ਉਜਲ ਬਸਤ੍ਰ ਊਪਰ ਓਢਾਏ। ਕਰਤੇ ਭਜਨ ਨਦੀ ਪਰ ਆਏ। ਚੰਦਨ ਚਿਤਾ ਪੁਨ ਬਨੀ ਸਵਾਰ। ਪਾਵਨ ਸਰੀਰ ਧਰ ਕੀਓ ਸਿਸਕਾਰ।’
ਮਹਿਮਾ ਪ੍ਰਕਾਸ਼ (ਕਵਿਤਾ) ਦੇ ਕਰਤੇ ਨੇ ਤਾਂ ਗੁਰੂ ਸਾਹਿਬ ਦਾ ਸਰੀਰ ਅਲੋਪ ਹੋਣ ਅਤੇ ਨਾ ਜੀ ਗੰਗਾ ਵਿੱਚ ਫੁੱਲ ਪ੍ਰਵਾਹ ਕਰਨ ਲਈ ਚਿਖਾ ਨੂੰ ਫਰੋਲਣ ਦਾ ਜ਼ਿਕਰ ਕੀਤਾ ਹੈ।
ਇਹਨਾਂ ਦੋਹਾਂ (ਵਾਰਤਕ ਅਤੇ ਕਵਿਤਾ) ਮਹਿਮਾ ਪ੍ਰਕਾਸ਼ਾਂ ਵਿੱਚ ਗੁਰੂ ਸਾਹਿਬ ਦੇ ਸਰੀਰ ਨੂੰ ਲੈ ਕੇ ਹਿੰਦੂ ਜਾਂ ਸਿੱਖ ਵਿੱਚ ਕਿਸੇ ਤਰ੍ਹਾਂ ਦੇ ਤਕਰਾਰ ਦਾ ਵਰਨਣ ਨਹੀਂ ਹੈ।
ਧਿਆਨ ਰਹੇ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਗੁਰੂ ਸਾਹਿਬ ਦਾ ਸਰੀਰ ਅਲੋਪ ਹੋਣ ਪਿੱਛੋਂ ਹਿੰਦੂ ਅਤੇ ਮੁਸਲਮਾਨਾਂ ਵਲੋਂ ਅੱਧੀ ਅੱਧੀ ਚਾਦਰ ਨੂੰ ਜਲਾਉਣ ਅਤੇ ਦਫ਼ਨਾਉਣ ਦਾ ਵਰਨਣ ਹੈ। ਪਰ ਇਸ ਸਾਖੀ ਵਿੱਚ ਇਹਨਾਂ ਦੋਹਾਂ ਵਲੋਂ ਸਮਾਧ ਜਾਂ ਕਬਰ ਬਣਾਉਣ ਦਾ ਜ਼ਿਕਰ ਨਹੀਂ ਹੈ। ਪੁਰਾਤਨ ਜਨਮ ਸਾਖੀ ਵਿੱਚ ਵੀ ਹਿੰਦੂ ਜਾਂ ਮੁਸਲਮਾਨਾਂ ਵਲੋਂ ਸਮਾਧ ਜਾਂ ਕਬਰ ਬਣਾਉਣ ਦਾ ਵਰਨਣ ਨਹੀਂ ਹੈ। ਮਿਹਰਬਾਨ ਰਚਿਤ ਜਨਮ ਸਾਖੀ ਵਿੱਚ ਵੀ ਕਿਸੇ ਤਰ੍ਹਾਂ ਦੀ ਕੋਈ ਸਮਾਧ ਬਣਾਉਣ ਦਾ ਵਰਨਣ ਨਹੀਂ ਹੈ। ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਵਿੱਚ ਮੁਸਲਮਾਨਾਂ ਵਲੋਂ ਚਾਦਰ ਦਬ ਕੇ ਕਬਰ ਬਣਾਉਣ ਦਾ ਜ਼ਰੂਰ ਵਰਨਣ ਹੈ ਪਰ ਹਿੰਦੂਆਂ ਵਲੋਂ ਸਸਕਾਰ ਕਰਕੇ ਉੱਤੇ ਕਿਸੇ ਤਰ੍ਹਾਂ ਦੀ ਸਮਾਧ ਬਣਾਉਣ ਦਾ ਜ਼ਿਕਰ ਨਹੀਂ ਹੈ।
(ਚੱਲਦਾ)
.