.

ਲਹੂ-ਭਿੱਜੀ ਚਮਕੌਰ- (ਕਿਸ਼ਤ ਨੰ. 4) -ਸੁਖਜੀਤ ਸਿੰਘ ਕਪੂਰਥਲਾ

ਲਹੂ-ਭਿੱਜੀ ਚਮਕੌਰ

ਪਰਿਵਾਰ ਵਿਛੋੜਾ (Chapter- 4/13)

ਨੋਟ- ਲੜੀ ਜੋੜਨ ਲਈ ਕਿਸ਼ਤ ਨੰ. 3 ਪੜੋ (ਸੁਖਜੀਤ ਸਿੰਘ ਕਪੂਰਥਲਾ)

ਹੁਣ ਸਤਿਗੁਰੂ ਜੀ ਸਰਸਾ ਨਦੀ ਨੂੰ ਪਾਰ ਕਰ ਗਏ ਨੇ ਤੇ ਵਜੀਰ ਖਾਂ ਦੀਆ ਫੌਜਾਂ ਬਹੁਤ ਪਿਛਾਂਹ ਰਹਿ ਗਈਆਂ ਨੇ। ਵਜੀਰ ਖਾਂ ਦੀਆ ਫੌਜਾਂ ਵਿੱਚ ਇੰਨੀ ਹਿੰਮਤ ਨਹੀ ਸੀ ਰਹੀ ਕਿ ਉਹ ਸਰਸਾ ਨਦੀ ਦੇ ਪਾਣੀ ਨੂੰ ਪਾਰ ਕਰ ਸਕਦੀਆਂ। ਹੁਣ ਕਲਗੀਧਰ ਪਾਤਸ਼ਾਹ ਦਾ ਪਰਿਵਾਰ ਤਿੰਨ ਹਿਸਿਆਂ ਵਿੱਚ ਵੰਡਿਆ ਜਾ ਚੁੱਕਾ ਹੈ। ਇੱਕ ਹਿਸੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦੇ ਨਾਲ ਦੋ ਵੱਡੇ ਸਾਹਿਬਜਾਦੇ ਤੇ ਨਾਲ ਕੁੱਝ ਸਿੰਘ ਸਨ। ਦੂਸਰੇ ਹਿੱਸੇ ਵਿੱਚ ਮਾਤਾ ਗੁਜਰੀ ਜੀ ਅਤੇ ਦੋ ਛੋਟੇ ਸਾਹਿਬਜਾਦੇ ਸਨ। ਤੀਸਰੇ ਹਿੱਸੇ ਵਿੱਚ ਗੁਰੂ ਕਲਗੀਧਰ ਦੇ ਮਹਿਲ ਭਾਈ ਮਨੀ ਸਿੰਘ ਜੀ ਦੀ ਅਗਵਾਈ ਵਿੱਚ ਦਿੱਲੀ ਵਲ ਨੂੰ ਚਲੇ ਗਏ। ਇਥੇ ਸਰਸਾ ਨਦੀ ਦੇ ਕੰਢੇ ਤੇ ਇਸ ਇਤਿਹਾਸ ਨੂੰ ਬਿਆਨ ਕਰਦਾ “ਗੁਰਦੁਆਰਾ ਪ੍ਰਵਾਰ ਵਿਛੋੜਾ” ਵੀ ਸੁਸ਼ੋਭਿਤ ਹੈ।

ਤਾਰੀਖ ਮੇਂ ਲਿਖਾ ਹੈ ਕਿ ਦਰ ਜੋਸ਼ਿ-ਕਾਰਜਾਰ।

ਸਤਗੁਰ ਬੜਾਤੇ ਹੀ ਗਏ ਆਗੇ ਕੋ ਰਾਹਵਾਰ।

ਹਮਰਾਹ ਰਹ ਗਏ ਥੇ ਗਰਜ ਚੰਦ ਜਾਂ-ਨਿਸਾਰ।

ਫਰਜੰਦੋ ਮੇਂ ਥੇ ਸਾਥ ਅਜੀਤ ਔਰ ਥੇ ਜੁਝਾਰ।

ਇਤਿਹਾਸ ਵਿੱਚ ਲਿਖਿਆ ਹੈ ਕਿ ਅਨੰਦਪੁਰ ਸਾਹਿਬ ਤੋ ਡੇਢ ਹਜਾਰ ਦੇ ਕਰੀਬ ਚਲੇ ਸੀ ਪਰ ਹੁਣ ਗਿਣਤੀ ਸਿਰਫ ਡੇਢ ਸੌ ਰਹਿ ਗਈ ਹੈ। ਪਰਿਵਾਰ ਵਿੱਚੋ ਕਲਗੀਧਰ ਦੇ ਨਾਲ ਦੋ ਬੱਚੇ ਹਨ, ਸਾਹਿਬਜਾਦਾ ਅਜੀਤ ਸਿੰਘ ਅਤੇ ਸਾਹਿਬਜਾਦਾ ਜੁਝਾਰ ਸਿੰਘ। ਦੋ ਛੋਟੇ ਸਾਹਿਬਜਾਦੇ, ਸਾਹਿਬਜਾਦਾ ਫ਼ਤਹਿ ਸਿੰਘ ਜੀ ਅਤੇ ਸਾਹਿਬਜਾਦਾ ਜੋਰਾਵਰ ਸਿੰਘ ਜੀ ਜੋ ਕਿ ਦਾਦੀ ਮਾਂ ਦੇ ਨਾਲ ਹਨ, ਬਾਕੀ ਪਰਿਵਾਰ ਤੋਂ ਅਲੱਗ ਹੋ ਗਏ। ਉਹਨਾ ਦੇ ਵਿਛੋੜੇ ਦਾ ਕਾਰਣ ਜੋਗੀ ਅਲ੍ਹਾ ਯਾਰ ਖ਼ਾਂ ਬਿਆਨ ਕਰਦਾ ਹੈ।

ਜੋਰਾਵਰ ਔਰ ਫਤਿਹ ਜੋ ਦਾਦੀ ਕੇ ਸਾਥ ਥੇ।

ਦਾਯੇ ਕੀ ਜਗਹ ਚਲ ਦਿਏ ਵੁਹ ਬਾਯੇ ਹਾਥ ਥੇ।

ਸਰਸਾ ਨਦੀ ਪਾਰ ਕਰਨ ਉਪਰੰਤ ਗੁਰੂ ਕਲਗੀਧਰ ਪਾਤਸ਼ਾਹ ਵੱਡੇ ਸਾਹਿਬਜਾਦਿਆਂ ਅਤੇ ਬਾਕੀ ਬਚੇ ਸਾਥੀ ਸਿੰਘਾਂ ਨੂੰ ਲੈ ਕੇ ਸੱਜੇ ਹੱਥ ਹੋ ਗਏ ਅਤੇ ਮਾਂ ਗੁਜਰੀ ਜੀ ਛੋਟੇ ਸਾਹਿਬਜਾਦਿਆਂ ਨੂੰ ਲੈ ਕੇ ਖੱਬੇ ਹੱਥ ਨੂੰ ਹੋ ਗਏ ਤੇ ਇਹੀ ਵਿਛੋੜੇ ਦਾ ਕਾਰਣ ਬਣ ਗਿਆ।

ਹਰਚੰਦ ਕੀ ਤਲਾਸ਼ ਨ: ਪਾਇਆ ਨਿਸ਼ਾ ਕਹੀ।

ਛੋੜਾ ਥਾ ਜਿਸ ਜਗਾਹ ਪ: ਨਹੀ ਥੇ ਵਹਾਂ ਕਹੀ।

ਗੁਰੂ ਕਲਗੀਧਰ ਪਾਤਸ਼ਾਹ ਨੇ ਜਿਥੇ ਛੋਟੇ ਸਾਹਬਜਾਦਿਆਂ ਅਤੇ ਮਾਤਾ ਜੀ ਨੂੰ ਛਡਿਆ ਸੀ ਉਥੇ ਸਿੰਘ-ਸੂਰਬੀਰਾਂ ਨੇ ਆ ਕੇ ਤਲਾਸ਼ ਕੀਤੀ ਪਰ ਉਹਨਾ ਦਾ ਕੋਈ ਵੀ ਨਿਸ਼ਾਨ ਨਾ ਮਿਲਿਆ।

ਪਾ ਜਾਏ ਫਿਕਰ ਥਾ ਨ: ਉਨੇ ਦੁਸ਼ਮਣਾ ਕਹੀ।

ਮਾਤਾ ਕੇ ਸਾਥ ਚਲ ਦਿਯੇ ਸ਼ਹਜਾਦਗਾ ਕਹੀ।

ਇੱਕ ਗੱਲ ਵੱਲੋ ਤਾਂ ਕਲਗੀਧਰ ਪਾਤਸ਼ਾਹ ਨੂੰ ਪੂਰਾ ਧਰਵਾਸ ਵੀ ਹੈ ਕਿਉਕਿ ਛੋਟੇ ਸਾਹਿਬਜਾਦਿਆਂ ਦੇ ਨਾਲ ਦਾਦੀ ਮਾਂ ਹੈ ਪਰ ਦੂਸਰੇ ਪਾਸੇ ਮਨ ਵਿੱਚ ਇਹ ਖਿਆਲ ਆ ਰਿਹਾ ਹੈ ਕਿ ਦੁਸ਼ਮਣਾ ਦੀਆ ਫੌਜਾਂ ਚਾਰੋਂ ਤਰਫ ਹਰਲ-ਹਰਲ ਕਰਦੀਆਂ ਫਿਰਦੀਆਂ ਹਨ, ਕਿਧਰੇ ਸਾਹਿਬਜਾਦੇ ਅਤੇ ਮਾਤਾ ਜੀ ਉਹਨਾ ਵੈਰੀਆਂ ਦੇ ਹੱਥ ਨਾਂ ਆ ਜਾਵਣ। ਕਲਗੀਧਰ ਦੇ ਮਨ ਵਿੱਚ ਇਹ ਤੌਖਲਾ ਜਰੂਰ ਆ ਰਿਹਾ ਹੈ ਪਰ ਅੱਗੇ ਕਰਤਾਰ ਦੀ ਮਰਜੀ।

ਲਖਤਿ-ਜਿਗਰ ਹਜੂਰ ਕੇ ਜਿਸ ਦਮ ਬਿਛੜ ਗਏ।

ਪਾਓ ਵਹੀ ਵਫੂਰਿ-ਮੁਹੱਬਤ ਸੇ ਗੜ ਗਏ।

ਕਲਗੀਧਰ ਪਾਤਸ਼ਾਹ ਨੂੰ ਪੂਰੀ ਤਰ੍ਹਾਂ ਪਤਾ ਚਲ ਗਿਆ ਕਿ ਹੁਣ ਇਹ ਪ੍ਰਵਾਰ ਵਿਛੋੜਾ ਹੋ ਗਿਆ ਹੈ ਤੇ ਇਹ ਵੀ ਪਰਪੱਕ ਹੈ ਕਿ ਉਨਾ ਦੇ ਮਿਲਣ ਦੀ ਵੀ ਕੋਈ ਸੰਭਾਵਨਾ ਦਿਖਾਈ ਨਹੀ ਦਿੰਦੀ।

ਇਥੇ ਇਹ ਗਲ ਦਸਣੀ ਜਰੂਰੀ ਹੈ ਕਿ ਕਲਗੀਧਰ ਪਾਤਸ਼ਾਹ ਇੱਕ ਪਿਤਾ ਵੀ ਹਨ ਅਤੇ ਉਹਨਾਂ ਦੇ ਮਨ ਅੰਦਰ ਵੀ ਬਾਪ ਵਾਲੀ ਮਮਤਾ ਹੈ। ਜਦੋ ਕਲਗੀਧਰ ਪਾਤਸ਼ਾਹ ਨੂੰ ਇਹ ਯਕੀਨ ਹੋ ਗਿਆ ਕਿ ਛੋਟੇ ਸਾਹਿਬਜਾਦੇ ਤੇ ਮਾਤਾ ਜੀ ਵਿਛੜ ਚੁਕੇ ਹਨ ਤਾਂ ਮਮਤਾ ਦੇ ਅਧੀਨ ਕਲਗੀਧਰ ਪਾਤਸ਼ਾਹ ਸਰਸਾ ਪਾਰ ਕਰਨ ਉਪੰਰਤ ਇੱਕ ਵਾਰ ਉਥੇ ਹੀ ਖਲੋ ਗਏ।

ਫੋਰਨ ਮਰਾਕਬੇ ਮੇਂ ਗਏ ਪੀਰਿ-ਖੁਸ਼-ਖ਼ਸਾਲ।

ਚੌਦਹ ਤਬਕ ਕਾ ਕਰ ਲਿਯਾ ਮਅਲੂਮ ਪਲ ਮੇ ਹਾਲ।

ਹਰ ਵੇਲੇ ਅਕਾਲ ਪੁਰਖ ਪਰਮੇਸ਼ਰ ਨਾਲ ਜੁੜੇ ਰਹਿਣ ਵਾਲੇ ਗੁਰੂ ਪਾਤਸ਼ਾਹ ਨੇ ਆਪਣੀ ਸੁਰਤ ਦੁਆਰਾ ਸਾਰੇ ਹਾਲਾਤ ਦਾ ਜਾਇਜਾ ਲੈ ਲਿਆ ਕਿ ਸਾਹਿਬਜਾਦੇ ਅਤੇ ਮਾਤਾ ਜੀ ਕਿਧਰ ਨੂੰ ਗਏ ਹਨ। ਚੌਦਾਂ ਲੋਕਾਂ ਦਾ ਹਾਲ ਕਲਗੀਧਰ ਪਾਤਸ਼ਾਹ ਨੇ ਇੱਕ ਪਲ ਵਿੱਚ ਹੀ ਮਾਲੂਮ ਕਰ ਲਿਆ। ਸੱਤ ਪਾਤਾਲ ਲੋਕ ਅਤੇ ਸਤ ਆਕਾਸ਼ ਲੋਕ ਨੂੰ ਚੌਦਾਂ ਲੋਕ ਕਿਹਾ ਜਾਂਦਾ ਹੈ।

ਫੁਰਮਾਏ ਜਾਂ-ਨਿਸਾਰੋ ਸੇ ਕਯੋ ਹੋਤੇ ਹੋ ਨਿਢਾਲ।

ਮਾਤਾ ਕੇ ਸਾਥ ਚਲ ਦਿਯੇ ਕੁਰਬਾਨ ਹੋਨੇ ਲਾਲ।

ਬੁਨਿਆਦ ਮੇ ਧਰਮ ਕੀ ਚੁਨੇਗੇ ਉਦੂ ਉਨ੍ਹੇ।

ਕਰਤਾਰ ਚਾਹਤਾ ਹੈ, ਕਰੇ ਸੁਰਖਰੂ ਉਨ੍ਹੇ।

ਕਿਉਕਿ ਕਿ ਅੰਤਰਜਾਮੀ ਪਿਤਾ ਨੂੰ ਸਭ ਪਤਾ ਹੈ ਕਿ ਉਹ ਬੱਚੇ ਤੇ ਮਾਂ ਕਿਧਰ ਨੂੰ ਗਏ ਹਨ। ਪਾਤਸ਼ਾਹ ਕਹਿਣ ਲਗੇ ਕਿ ਇਹ ਸਭ ਮੇਰੀ ਮਰਜੀ ਨਾਲ ਨਹੀ ਬਲਕਿ ਸਭ ਕਰਤਾਰ ਦੀ ਮਰਜੀ ਹੈ, ਮੇਰੇ ਆਪਣੇ ਹੱਥ ਵਿੱਚ ਕੁੱਝ ਨਹੀ ਹੈ।

ਖ਼ਿਆਲ ਕਰਿਉ ਕਿ ਕਲਗੀਧਰ ਪਾਤਸ਼ਾਹ ਕਰਤਾਰ ਦੀ ਗਲ ਇਸ ਲਈ ਕਰ ਰਹੇ ਹਨ ਕਿਉਕਿ ਗੁਰੂ ਨਾਨਕ ਸਾਹਿਬ ਦੇ ਪਾਏ ਹੋਏ ਪੂਰਨੇ ਹਨ। ਕਈ ਵਾਰ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਪੁੱਛਣਾ ਕਿ ਕਲ੍ਹ ਕਿਧਰ ਨੂੰ ਜਾਣਾ ਹੈ ? ਤਾਂ ਬਾਬੇ ਨਾਨਕ ਦਾ ਇੱਕ ਹੀ ਜਵਾਬ ਹੁੰਦਾ ਸੀ ਕਿ ਮਰਦਾਨਿਆਂ ਜਿਧਰ ਨੂੰ ਕਰਤਾਰ ਲੈ ਜਾਵੇ।

ਨਕਿ ਨਥ ਖਸਮ ਹਥ ਕਿਰਤੁ ਧਕੇ ਦੇ।। (ਮਹਲਾ ੨-੬੫੩)

ਜਿਹੜੀ ਗਲ ਗੁਰੂ ਅੰਗਦ ਦੇਵ ਜੀ ਨੇ ਬਾਣੀ ਵਿੱਚ ਕਹਿ ਕੇ ਸਾਨੂੰ ਉਪਦੇਸ਼ ਦਿੱਤਾ ਹੈ, ਉਸਨੂੰ ਗੁਰੂ ਨਾਨਕ ਸਾਹਿਬ ਨੇ ਪਹਿਲਾਂ ਹੀ ਕਮਾ ਕੇ ਵਿਖਾ ਦਿੱਤਾ ਕਿ “ਮਰਦਾਨਿਆ ਜਿਧਰ ਨੂੰ ਕਰਤਾਰ ਲੈ ਜਾਵੇ”।

ਕਲਗੀਧਰ ਪਾਤਸ਼ਾਹ ਵੀ ਇਹੀ ਕਹਿ ਰਹੇ ਨੇ ਕਿ ਮੇਰੇ ਤੇ ਤੁਹਾਡੇ ਚਾਹੁਣ ਨਾਲ ਕੁੱਝ ਨਹੀ ਹੋਣਾ ਇਹ ਤਾਂ ਜੋ ਕਰਤਾਰ ਚਾਹੁੰਦਾ ਹੈ ਉਹੀ ਹੋਵੇਗਾ, “ਕਰਤਾਰ ਚਾਹਤਾ ਹੈ ਕਰੇ ਸੁਰਖਰੂ ਉਨੇ” ਉਸ ਕਰਤਾਰ ਨੇ ਸਾਹਿਬਜਾਦਿਆਂ ਤੋ ਐਸੀ ਕੋਈ ਸੇਵਾ ਲੈਣੀ ਹੈ ਅਤੇ ਉਹਨਾਂ ਨੂੰ ਸਦੀਵੀ ਤੌਰ ਤੇ ਸੁਰਖਰੂ ਕਰ ਦੇਣਾ ਹੈ।

ਹੁਣ ਇਹ ਖਿਆਲ ਕਰਨਾ ਕਿ ਜੇਕਰ ਸਰਸਾ ਨਦੀ ਤੇ ਵਿਛੋੜਾ ਨਾ ਹੁੰਦਾ ਤਾਂ ਅਜ ਉਹ ਸਰਹੰਦ ਵਿੱਚ “ਲਹੂ ਭਿਜੀਆ ਦੀਵਾਰਾਂ”ਨਾ ਹੁੰਦੀਆ, ਇਹ ਤਾਂ ਪਰਮੇਸ਼ਰ ਦੀ ਆਪਣੀ ਬਣਾਈ ਹੋਈ ਕੋਈ ਲੀਲਾ ਹੈ।

ਜਦੋ ਸਰਸਾ ਨਦੀ ਦੇ ਕੰਢੇ ਤੇ ਪਰਿਵਾਰ ਵਿਛੜਿਆ ਤਾਂ ਦੋ ਸਾਹਿਬਜਾਦੇ ਪਿਤਾ ਦੇ ਨਾਲ ਤੇ ਦੋ ਸਾਹਿਬਜਾਦੇ ਦਾਦੀ ਮਾਂ ਗੁਜਰੀ ਜੀ ਦੇ ਨਾਲ ਚਲੇ ਗਏ। ਇਸ ਸਮੇ ਦੇ ਦ੍ਰਿਸ਼, ਘਟਨਾ ਕ੍ਰਮ ਨੂੰ ਇੱਕ ਵਿਦਵਾਨ ਸ਼ਾਇਰ ਨੇ ਬੜੇ ਬਾ-ਕਮਾਲ ਢੰਗ ਨਾਲ ਕਲਮਬੱਧ ਕੀਤਾ ਹੈ। ਉਹ ਲਿਖਦਾ ਹੈ-

ਖੁਸੀ ਨਾਲ ਕੁਰਬਾਨੀਆ ਦੇਣ ਚੱਲੇ,

ਜੋੜੀ ਏਸ ਪਾਸੇ, ਜੋੜੀ ਓਸ ਪਾਸੇ।

ਉਸ ਵੇਲੇ ਸਰਕਾਰ ਨੂੰ ਖਿਚ ਹੈ ਸੀ,

ਥੋੜੀ ਏਸ ਪਾਸੇ, ਥੋੜੀ ਓਸ ਪਾਸੇ।

ਇਹ ਤਾਂ ਕੋਈ ਵੀ ਨਹੀ ਆਖ ਸਕਦਾ,

ਜੋੜੀ ਏਸ ਪਾਸੇ, ਤੋੜੀ ਓਸ ਪਾਸੇ।

ਚਾਰੇ ਲਾਲ ਦਸ਼ਮੇਸ਼ ਨੇ ਵਾਰ ਕੇ ਤੇ,

ਤੋੜੀ ਏਸ ਪਾਸੇ, ਜੋੜੀ ਓਸ ਪਾਸੇ।

ਇਥੇ ਸਰਕਾਰ ਦਾ ਅਰਥ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਨ। ਗੁਰੂ ਕਲਗੀਧਰ ਪਾਤਸ਼ਾਹ ਆਪਣੇ ਸੂਰਬੀਰਾਂ ਨੂੰ ਮੁਖਾਤਿਬ ਹੋ ਕੇ ਕਹਿ ਰਹੇ ਹਨ ਕਿ ਹੁਣ ਸਾਹਿਬਜਾਦੇ ਅਤੇ ਮਾਤਾ ਜੀ ਦਾ ਫਿਕਰ ਛੱਡ ਕੇ ਆਉ ਆਪਾਂ ਆਪਣੇ ਅਗਲੇ ਪੜਾਅ ਵਲ ਨੂੰ ਚਾਲੇ ਪਾਈਏ।

ਹਮ ਨੇ ਭੀ ਇਸੇ ਮੁਕਾਮ ਪ: ਜਾਨਾ ਹੈ ਜਲਦ ਤਰ।

ਜਿਸ ਜਗ੍ਹਾ ਤੁਮ ਕੋ ਅਪਨੇ ਕਟਾਨੇ ਪੜੇਗੇ ਸਰ।

ਹੋਂਗੇ ਸ਼ਹੀਦ ਲੜ ਕੇ ਯਿਹ ਬਾਕੀ ਕੇ ਦੋ ਪਿਸਰ।

ਰਹ ਜਾਊਗਾ ਅਕੇਲਾ ਮੈ ਕਲ ਤਕ ਲੁਟਾ ਕੇ ਘਰ।

ਕਹਿਣ ਲਗੇ ਕਿ ਚਲੋ ਆਪਾਂ ਵੀ ਉਧਰ ਨੂੰ ਚਲੀਏ, ਜਿਧਰ ਜਾ ਕੇ ਆਪਾਂ ਨੂੰ ਵੀ ਕੁਰਬਾਨੀਆਂ ਦੇਣੀਆਂ ਪੈਣੀਆਂ ਨੇ ਅਤੇ ਤੁਸੀ ਵੀ ਇਤਿਹਾਸ ਦੇ ਨਿਵੇਕਲੇ ਪੰਨਿਆਂ ਦੀ ਸਿਰਜਣਾ ਕਰਨੀ ਹੈ।

ਹੁਣ ਇਹ ਸਮਾਂ 7 ਪੋਹ ਦਾ ਦਿਨ ਹੈ ਅਤੇ 7-8 ਪੋਹ ਦੀ ਰਾਤ ਕਲਗੀਧਰ ਪਾਤਸ਼ਾਹ ਨੇ ਬਾਕੀ ਬਚੇ ਸਿੰਘਾਂ ਅਤੇ ਦੋ ਵੱਡੇ ਸਾਹਿਬਜਾਦਿਆਂ ਨਾਲ ਚਮਕੌਰ ਦੀ ਗੜੀ ਵਿੱਚ ਕੱਟੀ ਹੈ। 8 ਪੋਹ 1704 ਨੂੰ ਜੰਗ ਹੋਇਆ ਤੇ 8 ਪੋਹ ਦੇ ਦਿਨ ਦਾ ਸੂਰਜ ਡੁੱਬਣ ਤੋ ਪਹਿਲਾਂ ਹੀ ਕਲਗੀਧਰ ਪਾਤਸ਼ਾਹ ਦੇ ਦੋਵੇ ਸਾਹਿਬਜਾਦੇ ਅਤੇ ਕਈ ਸਿੰਘ-ਸੂਰਬੀਰ ਸ਼ਹੀਦੀਆਂ ਪਾ ਗਏ ਸਨ। ਇਹਨਾਂ ਦ੍ਰਿਸ਼ਾ ਨੂੰ ਜੋਗੀ ਅੱਲ੍ਹਾ ਯਾਰ ਖ਼ਾਂ ਬਹੁਤ ਹੀ ਬਾਰੀਕੀ ਅਤੇ ਕਾਮਯਾਬੀ ਨਾਲ ਆਪਣੀ ਕਲਮ ਰਾਹੀ ਹੂ-ਬਹੂ ਸਾਡੇ ਸਾਹਮਣੇ ਉਹੀ ਦ੍ਰਿਸ਼ ਪੇਸ਼ ਕਰਦਾ ਲਿਖਦਾ ਹੈ; -

ਪਹਲੇ ਪਿਤਾ ਕਟਾਯਾ ਅਬ ਬੇਟੇ ਕਟਾਊਗਾ।

ਨਾਨਕ ਕਾ ਬਾਗ ਖੂਨਿ-ਜਿਗਰ ਸੇ ਖਿਲਾਊਗਾ।

ਕਲਗੀਧਰ ਪਾਤਸ਼ਾਹ ਕਹਿ ਰਹੇ ਹਨ ਕਿ ਪਹਿਲਾਂ ਮੈਂ ਆਪਣੇ ਬਾਪ ਦੀ ਕੁਰਬਾਨੀ ਦਿੱਤੀ ਤੇ ਹੁਣ ਮੈਂ ਆਪਣੇ ਪੁਤਰਾਂ ਦੀ ਕੁਰਬਾਨੀ ਦੇਵਾਂਗਾ। ਇਤਿਹਾਸ ਵਿੱਚ ਲਿਖਿਆ ਹੈ ਕਿ ਕਲਗੀਧਰ ਪਾਤਸ਼ਾਹ ਨੇ ਜਦੋ ਚਮਕੌਰ ਦੇ ਜੰਗ-ਏ-ਮੈਦਾਨ ਵਿੱਚ ਸਾਹਿਬਜਾਦਿਆਂ ਨੂੰ ਇਹ ਕਹਿ ਕੇ ਤੋਰਿਆ ਸੀ “ਪੁਤਰੋ! ਬਚਪਨ ਵਿੱਚ ਮੈ ਆਪਣੇ ਪਿਤਾ ਨੂੰ ਦਿੱਲੀ ਦੇ ਚਾਂਦਨੀ ਚੌਂਕ ਵਲ ਸ਼ਹੀਦ ਹੋਣ ਲਈ ਤੋਰ ਕੇ ਧਰਮੀ ਪੁੱਤਰ ਬਣਿਆ ਸੀ ਤੇ ਅਜ ਤੁਹਾਨੂੰ ਜੰਗ-ਏ-ਮੈਦਾਨ ਵਿੱਚ ਸ਼ਹੀਦ ਹੋਣ ਲਈ ਤੋਰ ਕੇ ਮੈ ਧਰਮੀ ਬਾਪ ਬਣਾਗਾ”।

ਇੱਕ ਵਿਦਵਾਨ ਨੇ ਇਸ ਪ੍ਰਥਾਇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਸਬੰਧ ਵਿੱਚ ਦੋ ਸ਼ਬਦ ‘ਬਾਲਕ` (ਬੱਚਾ/ਬੇਟਾ) ਅਤੇ ‘ਪਾਲਕ` (ਪਿਤਾ/ਪਾਲਣ ਵਾਲਾ) ਵਰਤ ਕੇ ਸਤਿਗੁਰੂ ਦੀ ਸਖਸ਼ੀਅਤ ਦੇ ਦੋ ਪੱਖਾਂ ਨੂੰ ਬਾ-ਕਮਾਲ ਤਰੀਕੇ ਨਾਲ ਉਜਾਗਰ ਕੀਤਾ ਹੈ।

ਜਬ ਕਲਗੀਧਰ ‘ਬਾਲਕ`ਥੇ, ਸ਼ਹੀਦ ਹੋਨੇ ਕੇ ਲੀਏ ਅਪੁਨੇ ‘ਪਾਲਕ` ਕੋ ਭੇਜਾ।

ਜਬ ਕਲਗੀਧਰ ‘ਪਾਲਕ`ਥੇ ਸ਼ਹੀਦ ਹੋਨੇ ਕੇ ਲੀਏ ਏਕ-ਏਕ ‘ਬਾਲਕ` ਕੋ ਭੇਜਾ।

ਦੇਖੋ ਗੁਰੂ ਕਲਗੀਧਰ ਪਾਤਸ਼ਾਹ ਆਪਣੇ ਵਲੋ ਕੋਈ ਵੀ ਗੱਲ ਨਹੀ ਕਰ ਰਹੇ, ਅਰੰਭਤਾ ਤੋ ਹੀ ਸਾਰੀ ਦੀ ਸਾਰੀ ਗੱਲ ਗੁਰੂ ਨਾਨਕ ਦੇ ਪਾਏ ਹੋਏ ਪੂਰਨਿਆਂ ਤੇ ਹੀ ਚਲਦੀ ਹੈ ਕਿਉਕਿ ਅਸੀ ਨਾਨਕ ਪੰਥੀ ਹਾਂ।

ਮਾਰਿਆ ਸਿਕਾ ਜਗਤਿ ਵਿੱਚ ਨਾਨਕ ਨਿਰਮਲ ਪੰਥੁ ਚਲਾਇਆ।। (ਭਾਈ ਗੁਰਦਾਸ ਜੀ- ਵਾਰ ੧/੪੫)

ਕਿਧਰੇ ਵੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੀ ਵੱਖਰੀ ਬਾਤ ਨਹੀ ਕੀਤੀ, ਇਸ ਵਿਸ਼ੇ ਨੂੰ ਲੈ ਕੇ ਮੈ ਆਪ ਜੀ ਨਾਲ ਇੱਕ ਛੋਟੀ ਜਿਹੀ ਗੱਲ ਸਾਂਝੀ ਕਰਨੀ ਚਾਹਾਗਾਂ। ਦੂਸਰੇ ਧਰਮਾਂ ਦੇ ਮੁਕਾਬਲੇ ਗੁਰੂ ਨਾਨਕ ਦੇ ਘਰ ਦਾ ਇੱਕ ਨਿਵੇਕਲਾ ਪੱਖ ਹੈ। ਬਹੁਤ ਨਿਵੇਕਲੀਆਂ ਅਤੇ ਅਸਚਰਜ ਬਾਤਾਂ ਨੇ ਗੁਰੂ ਨਾਨਕ ਦੇ ਘਰ ਦੀਆਂ।

ਦੇਖੋ! ਈਸਾ ਮਸੀਹ ਜੀ ਨੂੰ ਮੰਨਣ ਵਾਲੇ ‘ਇਸਾਈ` ਅਖਵਾਉਂਦੇ ਨੇ।

ਹਜਰਤ ਮੁਹੰਮਦ ਸਾਹਿਬ ਨੂੰ ਮੰਨਣ ਵਾਲੇ ‘ਮੁਹੰਮਡਨ` (ਮੁਸਲਮਾਨ) ਅਖਵਾਉਂਦੇ ਨੇ।

ਮਹਾਵੀਰ ਜੈਨ ਜੀ ਨੂੰ ਮੰਨਣ ਵਾਲੇ ‘ਜੈਨੀ` ਅਖਵਾਉਂਦੇ ਹਨ।

ਮਹਾਤਮਾ ਬੁੱਧ ਜੀ ਨੂੰ ਮੰਨਣ ਵਾਲੇ ‘ਬੋਧੀ`ਅਖਵਾਉਂਦੇ ਹਨ।

ਪਰ ਗੁਰੂ ਗੋਬਿੰਦ ਸਿੰਘ ਜੀ ਖਾਲਸੇ ਦੀ ਸਿਰਜਨਾ ਕਰਦੇ ਨੇ ਤੇ ਇਹ ਕਦੀ ਵੀ ਨਹੀ ਆਖਦੇ ਕਿ ਬੋਲ “ਗੁਰੂ ਗੋਬਿੰਦ ਸਿੰਘ ਦਾ ਖਾਲਸਾ”ਸਗੋ ਉਹ ਕਹਿੰਦੇ ਨੇ ਬੋਲ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ।।

ਗੁਰੂ ਗੋਬਿੰਦ ਸਿੰਘ ਜੀ ਆਪਣੇ ਨਾਲ ਨਹੀ ਜੋੜਦੇ ਉਹ ਸਿੱਖ ਦਾ ਸਬੰਧ ਸਿੱਧਾ ਪਰਮੇਸ਼ਰ ਅਕਾਲ ਪੁਰਖ ਨਾਲ ਜੋੜਦੇ ਨੇ। ਜਰਾ ਅੱਜ ਦੇ ਧਰਮੀ ਠੇਕੇਦਾਰਾਂ ਨੂੰ ਕਲਗੀਧਰ ਪਾਤਸ਼ਾਹ ਦੀ ਕਸਵੱਟੀ ਤੇ ਪਰਖ ਕੇ ਵੇਖਣਾ, ਉਹ ਤਾਂ ਆਪਣੇ ਚੇਲਿਆਂ ਨੂੰ ਆਪਣੇ ਨਾਲ ਹੀ ਜੋੜੀ ਜਾਂਦੇ ਹਨ।

ਜੇਕਰ ਅਜ ਕਿਤੇ ਇਮਾਨਦਾਰੀ ਨਾਲ ਸਰਵੇ ਕਰਵਾਇਆ ਜਾਵੇ, ਤੇ ਪੁਛਿਆ ਜਾਵੇ ਕਿ ਤੁਸੀ ਕਿਸ ਦੇ ਸਿੱਖ ਹੋ? ਤਾਂ ਬਹੁਗਿਣਤੀ ਦੇ ਜਵਾਬ ਪਤਾ ਕੀ ਆਉਣਗੇ ਕਿ ਅਸੀ ਫਲਾਣੇ ਬਾਬੇ ਦੇ ਸਿੱਖ ਹਾਂ, ਅਸੀ ਫਲਾਣੇ ਮਹਾਂਪੁਰਖ/ਡੇਰੇ/ਸੰਸਥਾ ਦੇ ਸਿਖ ਹਾਂ। ਮੈਂ ਬੇਨਤੀ ਕਰਾਂ ਕਿ ਕੋਈ ਵਿਰਲਾ ਹੀ ਸ਼ਾਇਦ ਨਿਤਰੇਗਾ ਜੋ ਕਹੇਗਾ ਕਿ ਮੈ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹਾਂ। ਜਦ ਕਿ ਹਰ ਸਿੱਖ ਦਾ ਜਵਾਬ ਇਹੀ ਹੋਣਾ ਚਾਹੀਦਾ ਹੈ ਕਿ ਮੈ ਤਾਂ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਹਿਬ ਦਾ ਸਿੱਖ ਹਾਂ। ਜਿਹੜੇ ਸਹੀ ਅਰਥਾਂ ਵਿੱਚ ਆਪ ਵੀ ਬਾਣੀ-ਬਾਣੇ ਨਾਲ ਜੁੜੇ ਹਨ, ਤੇ ਅਗਾਂਹ ਵੀ ਸਿੱਖਾਂ ਨੂੰ ਬਾਣੀ ਅਤੇ ਬਾਣੇ ਨਾਲ ਜੋੜਦੇ ਹਨ। ਉਹ ਉਹ ਪੂਰਨ ਤੌਰ ਤੇ ਸਤਿਕਾਰਯੋਗ ਹਨ। ਉਨ੍ਹਾ ਦਾ ਜਿਨ੍ਹਾਂ ਵੀ ਸਤਿਕਾਰ ਕੀਤਾ ਜਾਵੇ ਉਹ ਘੱਟ ਹੈ। ਪਰ ਅਜ ਹੋ ਕੀ ਰਿਹਾ ਹੈ ? ਨਿਮਨਲਿਖਤ ਘਟਨਾ ਦੇ ਅਧਾਰ ਤੇ ਪੜਚੌਲਣ ਦੀ ਲੋੜ ਹੈ।

ਮਹਾਰਾਜਾ ਰਣਜੀਤ ਸਿੰਘ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਰਾਜੇ ਨੇ, ਉਹਨਾਂ ਨੂੰ ਜਿੱਥੇ ਵੀ ਕਿਤੇ ਗੁਰੂ ਪਿਆਰ ਨਾਲ ਭਿੱਜੀ ਹੋਈ ਰੂਹ ਦੀ ਦਸ ਪੈਂਦੀ ਸੀ ਉਹ ਉਥੇ ਆਪ ਚਲ ਕੇ ਦਰਸ਼ਨ ਕਰਨ ਲਈ ਚਲੇ ਜਾਂਦੇ ਸਨ। ਉਸ ਸਮੇ ਇੱਕ ਪ੍ਰੇਮੀ ਜੋ ਗੁਰੂ ਪਿਆਰ ਨਾਲ ਭਿੱਜੀ ਹੋਈ ਪਵਿੱਤਰ ਆਤਮਾ ਸੀ, ਉਸਨੇ ਇੱਕ ਅਸਥਾਨ ਬਣਾਇਆ ਹੋਇਆ ਸੀ। ਪਰ ਉਹ ਕਦੀ ਵੀ ਆਪਣੇ ਆਪ ਨੂੰ ਵਡਿਆਉਂਦੇ ਨਹੀ ਸਨ ਅਤੇ ਆਪਣੇ ਆਪ ਨੂੰ ਉਹ ‘ਬੁੱਧੂ` ਅਖਵਾਉਂਦੇ ਸਨ। ਸਗੋ ਉਹ ਕਹਿੰਦੇ ਸਨ ਕਿ ਮੈ ਤਾਂ ਗੁਰੂ ਨਾਨਕ ਦੇ ਘਰ ਦਾ ਬੁੱਧੂ ਹਾਂ। ਜਦੋ ਰਣਜੀਤ ਸਿੰਘ ਨੂੰ ਉਸ ਪ੍ਰੇਮੀ ਬਾਰੇ ਪਤਾ ਲਗਾ ਤਾਂ ਉਸਨੂੰ ਮਿਲਣ ਗਏ। ਉਸ ਅਸਥਾਨ ਦੀ ਡਿਉੜੀ ਪਾਰ ਕੀਤੀ ਤਾਂ ਅੱਗੇ ਇੱਕ ਖੁੱਲੇ ਵਿਹੜੇ ਵਿੱਚ ਬਜੁਰਗ ਬਾਬਾ ਝਾੜੂ ਦੀ ਸੇਵਾ ਕਰ ਰਿਹਾ ਸੀ। ਮਹਾਰਾਜਾ ਰਣਜੀਤ ਸਿੰਘ ਨੇ ਉਸ ਬਜੁਰਗ ਬਾਬੇ ਨੂੰ ਫ਼ਤਹਿ ਬਲਾਉਣ ਉਪਰੰਤ ਪੁਛਿਆ “ਬਾਬਾ ਜੀ! ਮੈ ਭਾਈ ਬੁੱਧੂ ਸਾਹਿਬ ਦੇ ਦਰਸ਼ਨ ਕਰਨ ਲਈ ਆਇਆ ਹਾਂ ਉਹ ਕਿਥੇ ਨੇ?ਉਸ ਬਜੁਰਗ ਬਾਬੇ ਨੇ ਬਾ-ਕਮਾਲ ਜਵਾਬ ਦਿੱਤਾ। ਬਜੁਰਗ ਬਾਬੇ ਨੇ ਝਾੜੂ ਹੇਠਾਂ ਰਖ ਕੇ ਸਾਹਮਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਲ ਇਸ਼ਾਰਾ ਕਰ ਕੇ ਮਹਾਰਾਜਾ ਰਣਜੀਤ ਸਿੰਘ ਨੂੰ ਸੰਬੋਧਨ ਕਰਕੇ ਕਿਹਾ “ਜੀ ਸਾਹਿਬ ਉਹ ਤਾਂ ਸਾਹਮਣੇ ਪ੍ਰਕਾਸ਼ਮਾਨ ਹਨ ਤੇ ਆਹ ‘ਬੁੱਧੂ` ਤੁਹਾਡੇ ਚਰਨਾਂ ਵਿੱਚ ਖੜਾ ਹੈ। “

ਅਜ ਕਲ ਜਰਾ ਕਿਸੇ ਡੇਰੇ ਤੇ ਜਾ ਕੇ ਵੇਖਿਉ ਤੇ ਪੁਛਿਉ। ਉਥੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀ ਦੱਸਣਗੇ ਉਥੇ ਤਾਂ ਮਨੁੱਖੀ ਸਰੀਰਕ ਰੂਪ ਵਿੱਚ ਡੇਰੇਦਾਰ ਬਾਬਾ ਜੀ “ਸਾਹਿਬ” ਬਣ ਕੇ ਬੈਠੇ ਹਨ। ਉਹਨਾਂ ਦਾ ਵਸ ਚਲੇ ਤਾਂ ਡੇਰੇ ਵਿੱਚ ਇੱਕ ਵੀ ਦਿਨ ਸ੍ਰੀ ਗੁਰੂ ਗ੍ਰੰਥ ਸਾਹਿਬ ਨਾ ਰਹਿਣ ਦੇਣ, ਪਰ ਉਹਨਾ ਦਾ ਵਸ ਨਹੀ ਚਲਦਾ ਕਿਉਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਉਹਨਾਂ ਦੀ ਦੁਕਾਨਦਾਰੀ ਵੀ ਨਹੀ ਚਲ ਸਕਦੀ। ਪਰ ਜਿਸ ਦਿਨ ਵੀ ਉਹਨਾਂ ਨੂੰ ਲਗਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਉਹਨਾਂ ਦੀ ਦੁਕਾਨਦਾਰੀ ਚਲ ਸਕਦੀ ਹੈ, ਉਹ ਡੇਰਿਆਂ ਵਾਲੇ ਉਸੇ ਦਿਨ ਤੋ ਹੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਆਪਣੇ ਡੇਰਿਆਂ ਤੋ ਬਾਹਰ ਕਰ ਦੇਣਗੇ। ਇਹਨਾ ਡੇਰੇਦਾਰਾਂ ਦੇ ਕਿਰਦਾਰ ਵਲ ਵੇਖ ਕੇ ਭਾਈ ਗੁਰਦਾਸ ਜੀ ਦੇ ਬਚਨ ਚੇਤੇ ਆਉਦੇ ਹਨ:-

ਸਤਿਗੁਰੁ ਸਾਹਿਬ ਛਡ ਕੇ, ਮਨਮੁਖ ਹੋਏ ਬੰਦੇ ਕਾ ਬੰਦਾ”।।

ਭਾਈ ਸਾਹਿਬ ਕਹਿੰਦੇ ਹਨ ਕਿ ਜੋ ਸਚੇ ਸਤਿਗੁਰੂ ਨੂੰ ਛੱਡ ਕੇ ਬੰਦਿਆਂ ਦਾ ਬੰਦਾ ਬਣਦਾ ਹੈ ਉਹ ਮਨਮੁਖ ਹੈ। ਜਰਾ ਅਜ ਕਲ ਦੇ ਚੇਲਿਆਂ ਨੂੰ ਭਾਈ ਗੁਰਦਾਸ ਜੀ ਦੀ ਦੱਸੀ ਕਸਵੱਟੀ ਤੇ ਪਰਖ ਕੇ ਵੇਖਣਾ ਪਵੇਗਾ ਕਿ ਉਹ ਸਚੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਕਿਧਰੇ ਬੰਦਿਆਂ ਦੇ ਬੰਦੇ ਤੇ ਨਹੀ ਬਣ ਰਹੇ।

ਦਾਸ ਇੱਕ ਹੋਰ ਬੇਨਤੀ ਕਰਨਾ ਚਾਹੇਗਾ ਕਿ ਜੋ ਮਨੁੱਖ ਆਪਣੇ ਨਾਵਾਂ ਦੇ ਅੱਗੇ/ਪਿਛੇ 108 ਦੀ ਗਿਣਤੀ ਲਾ ਲੈਦੇ ਹਨ, ਕਦੀ ਉਨ੍ਹਾਂ ਨੂੰ ਪੁਛ ਕੇ ਦੇਖਣਾ ਕਿ 108 ਦਾ ਕੀ ਮਤਲਬ ਹੁੰਦਾ ਹੈ ਤੇ ਸ਼ਾਇਦ ਉਹਨਾ ਦੇ ਨਾਲ-ਨਾਲ ਸਾਡੇ ਵਿੱਚੋ ਵੀ 90% ਨੂੰੰ ਵੀ 108 ਦੇ ਮਤਲਬ ਦਾ ਨਹੀ ਪਤਾ। ਪਰ ਉਹਨਾ ਲੋਕਾਂ ਦੀ ਤਸਲੀ 108 ਦੇ ਨਾਲ ਨਹੀ ਹੁੰਦੀ ਤੇ ਉਹ ਆਪਣੇ ਨਾਵਾਂ ਦੇ ਨਾਲ 1008 (ਇਕ ਹਜਾਰ ਅੱਠ) ਲਗਾਉਣ ਲਗ ਪਏ ਹਨ। ਮੈਨੂੰ ਲਗਦਾ ਹੈ ਕਿ ਹੁਣ ਭਵਿੱਖ ਵਿੱਚ ਉਹ ਇਹ ਗਿਣਤੀ ਵਧਾ ਕੇ 100008 (ਇਕ ਲਖ ਅੱਠ) ਕਰ ਕੇ ਆਪਣੇ ਨਾਮ ਦੇ ਨਾਲ ਲਗਾਉਣਗੇ। ਪਰ ਇਹਨਾ ਨੂੰ ਮਤਲਬ 108 ਦੇ ਵੀ ਨਹੀ ਪਤਾ ਕਿ 108 ਦਾ ਮਤਲਬ ਕੀ ਹੈ?

ਮੈਂ ਆਪ ਜੀ ਨੂੰ ਸੰਖੇਪ ਵਿੱਚ 108 ਦਾ ਮਤਲਬ ਸਮਝਾਉਣ ਦੀ ਕੋਸ਼ਿਸ਼ ਕਰਾਂਗਾ ਤੇ ਆਸ ਵੀ ਕਰਦਾ ਹਾਂ ਕਿ ਆਪ ਜੀ ਇਹ 108 ਦਾ ਮਤਲਬ ਵਧੀਆ ਤਰੀਕੇ ਨਾਲ ਆਪਣੇ ਦਿਮਾਗ ਵਿੱਚ ਵੀ ਯਾਦ ਕਰ ਲਉਗੇ।

ਵੈਸੇ ਸਾਡੇ ਦੇਸ਼ ਵਿੱਚ ਕੁੱਝ ਜਾਤਾਂ, ਬਰਾਦਰੀਆਂ ਵੀ ਦਿਖਾਈ ਦਿੰਦੀਆਂ ਨੇ ਜਿਨ੍ਹਾ ਵਿੱਚ ਬੇਦੀ ਹੈ, ਦਵੇਦੀ ਹੈ, ਤ੍ਰਿਵੇਦੀ ਹੈ, ਚਤੁਰਵੇਦੀ ਹੈ। ਇਸ ਦਾ ਭਾਵ ਹੈ ਕਿ ਹਿੰਦੂ ਧਰਮ ਦੇ ਚਾਰ ਵੇਦ ਹਨ। ਜਿਹੜਾ ਵੀ ਕੋਈ ਗਿਆਨਵਾਨ ਇੱਕ ਵੇਦ ਦਾ ਗਿਆਤਾ ਹੈ ਉਹ ‘ਬੇਦੀ` ਹੈ, ਜਿਹੜਾ ਦੋ ਵੇਦਾਂ ਦਾ ਗਿਆਤਾ ਹੈ ਉਸਨੂੰ ‘ਦਵੇਦੀ` ਨਾਲ ਨਿਵਾਜਿਆ ਜਾਂਦਾ ਹੈ। ਜਿਸਨੂੰ ਤਿੰਨ ਵੇਦਾਂ ਦਾ ਗਿਆਨ ਹੈ ਉਹ ‘ਤ੍ਰਿਵੇਦੀ`ਹੈ, ਇਸੇ ਤਰ੍ਹਾਂ ਨਾਲ ਜਿਸਨੂੰ ਚਾਰੇ ਵੇਦਾਂ ਦਾ ਗਿਆਨ ਹੈ, ਉਸਨੂੰ `ਚਤੁਰਵੇਦੀ` (ਪੰਡਿਤ) ਦੀ ਪਦਵੀ ਨਾਲ ਨਿਵਾਜਿਆ ਜਾਂਦਾ ਹੈ ਤੇ ਇਹ ਪਦਵੀਆਂ ਗਿਆਨ ਦੀਆ ਪਦਵੀਆ ਹਨ। ਇਹ ਵੱਖਰੀ ਗਲ ਹੈ ਕਿ ਇਹਨਾ ਨੂੰ ਅਸੀ ਜਾਤਾਂ ਬਰਾਦਰੀਆਂ ਵਿੱਚ ਵੰਡ ਕੇ ਰੱਖੀ ਬੈਠੇ ਹਾਂ।

ਹੁਣ ਜੋ ਮੈ ਗਲ ਕਰ ਰਿਹਾ ਸੀ, 108 ਦੀ ਪਦਵੀ ਦਾ ਮਤਲਬ ਕੀ ਹੈ ? ਇਸ 108 ਦੀ ਪਦਵੀ ਦਾ ਸਿੱਖ ਧਰਮ/ਗੁਰਮਤਿ ਨਾਲ ਕਿਸੇ ਤਰ੍ਹਾਂ ਦਾ ਸਿੱਧਾ ਜਾ ਅਸਿੱਧਾ ਸਬੰਧ ਵੀ ਨਹੀ ਹੈ, ਇਹ ਹਿੰਦੂ ਧਰਮ ਨਾਲ ਸਬੰਧਤ ਗਿਆਨ ਦੀ ਗਲ ਹੈ, ਜੋ ਹਿੰਦੂ ਧਰਮ ਦੇ 108 ਗਿਆਨ ਦੇ ਗ੍ਰੰਥਾਂ ਦਾ ਗਿਆਤਾ ਹੈ, ਉਸਨੂੰ 108 ਦੀ ਪਦਵੀ ਦਿੱਤੀ ਜਾਂਦੀ ਹੈ। ਉਹ ਗਿਆਨ ਦੇ 108 ਗ੍ਰੰਥ ਕਿਹੜੇ ਹਨ?

ਚਾਰ -4-ਵੇਦ

ਛੇ-6-ਸ਼ਾਸਤਰ

ਅਠਾਰਾਂ-18-ਪੁਰਾਨ

ਸਤਾਈ-27-ਸਿਮ੍ਰਤੀਆ

ਬਵੰਜਾ-52- ਉਪਨਿਸ਼ਦ

ਇਕ-1-ਗਾਇਤਰੀ ਮੰਤ੍ਰ

ਇਹਨਾਂ ਦੀ ਕੁਲ ਗਿਣਤੀ 108 ਬਣਦੀ ਹੈ ਜੋ ਕਿ ਗਿਆਨ ਨਾਲ ਸਬੰਧਤ ਧਾਰਮਿਕ ਗ੍ਰੰਥ ਹਨ। ਸੋ ਜੋ ਇਹਨਾਂ 108 ਧਾਰਮਿਕ ਗ੍ਰੰਥਾਂ ਦਾ ਗਿਆਤਾ ਹੁੰਦਾ ਹੈ, ਉਸਨੂੰ ਹਿੰਦੂ ਧਰਮ ਵਿੱਚ 108 ਦੀ ਪਦਵੀ ਦਿੱਤੀ ਜਾਂਦੀ ਹੈ।

ਹੁਣ ਫੈਸਲਾ ਤੁਸੀ ਆਪ ਕਰ ਲਉ ਕਿ ਗੁਰਮਤਿ/ਸਿੱਖ ਧਰਮ ਨਾਲ 108 ਦਾ ਕੀ ਸਬੰਧ ਹੈ। ਬਸ ਅਸੀ ਕਦੀ ਇਹ ਵਿਚਾਰਨਾ ਹੀ ਨਹੀ ਹੈ ਤੇ ਨਾ ਕਦੀ ਵਿਚਾਰਨ ਦੀ ਜਰੂਰਤ ਸਮਝੀ ਹੈ, ਬਸ! ਲੋਕ ਬਾਬਾ ਜੀ 108, ਬਾਬਾ ਜੀ 108 ਦੀ ਰਟ ਲਾਈ ਜਾਂਦੇ ਨੇ ਤੇ ਬਾਬਾ ਜੀ ਆਪਣੇ ਨਾਮ ਦੇ ਪਿਛੇ 108 ਲਾ ਕੇ ਨਾਲ ਹੀ ਭੋਲੇ ਭਾਲੇ ਸਿੱਖਾਂ ਨੂੰ ਆਪਣੇ ਪਿਛੇ ਲਾਈ ਫਿਰਦੇ ਨੇ।

ਮੁਆਫ ਕਰਨਾ ਅਜ ਕਲ੍ਹ ਇੱਕ ਹੋਰ ਰਿਵਾਜ ਵੀ ਚਲ ਪਿਆ ਹੈ ਕਿ ਸਾਡੇ ਬਾਬਾ ਜੀ ਜਤੀ-ਸਤੀ ਨੇ, ਬਾਬਾ ਜੀ ਨੇ ਵਿਆਹ ਨਹੀ ਕਰਵਾਇਆ। ਪਰ ਉਹ ਇਹ ਗਲ ਕਿਉ ਭੁਲ ਜਾਂਦੇ ਨੇ ਕਿ ਭਗਤ ਕਬੀਰ ਜੀ ਸਾਨੂੰ ਬੜੇ ਵਧੀਆ ਢੰਗ ਨਾਲ ਸਮਝਾ ਰਹੇ ਨੇ- ਬਿੰਦੁ ਰਾਖਿ ਜੋ ਤਰੀਐ ਭਾਈ।।

ਖੁਸਰੈ ਕਿਉ ਨ ਪਰਮ ਗਤਿ ਪਾਈ।। (ਗਉੜੀ ਕਬੀਰ ਜੀ-੩੨੪)

ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਕਿ ਭਾਈ! ਜੇਕਰ ਜਤੀ ਸਤੀ ਹੋਣ ਨਾਲ ਹੀ ਰਬ ਮਿਲਦਾ ਹੈ ਤਾਂ ਖੁਸਰੇ ਨੂੰ ਅਕਾਲ ਪੁਰਖ ਨੇ ਜਤੀ-ਸਤੀ ਹੀ ਪੈਦਾ ਕੀਤਾ ਹੈ। ਫਿਰ ਉਹ ਤਾਂ ਵੱਡਾ ਸੰਤ ਹੋਣਾ ਚਾਹੀਦਾ ਹੈ ਤੇ ਉਸਨੂੰ ਪਰਮਗਤੀ ਦੀ ਪ੍ਰਾਪਤੀ ਵੀ ਅੱਵਸ਼ ਹੋ ਜਾਣੀ ਚਾਹੀਦੀ ਹੈ।

ਕਈ ਹੋਰ ਵੀਰ ਇਹ ਗਲ ਵੀ ਕਹਿੰਦੇ ਨੇ ਕਿ ਸਾਡੇ ਬਾਬਾ ਜੀ ਰੂੰਡ-ਮੂੰਡ ਸਾਧੂ ਨੇ। ਪਰ ਭਗਤ ਕਬੀਰ ਜੀ ਨੇ ਲਿਹਾਜ ਇਥੇ ਵੀ ਨਹੀ ਕੀਤਾ, ਉਹ ਕਹਿੰਦੇ ਨੇ ਕਿ:-

ਮੂੰਡ ਮੁੰਡਾਏ ਜੋ ਸਿਧ ਪਾਈ।।

ਮੁਕਤੀ ਭੇਡ ਨ ਗਈਆ ਕਾਈ।। (ਗਉੜੀ ਕਬੀਰ ਜੀ-੩੨੪)

ਭਗਤ ਜੀ ਸਮਝਾਉਂਦੇ ਨੇ ਕਿ ਭਾਈ! ਭੇਡ ਤਾਂ ਜਿੰਦਗੀ ਵਿੱਚ ਪਤਾ ਨਹੀ ਕਿੰਨੀ ਵਾਰ ਮੁੰਨੀ ਜਾਂਦੀ ਹੈ ਤਾਂ ਤੇ ਭੇਡ ਨੂੰ ਰਬ ਪਹਿਲਾ ਮਿਲ ਜਾਣਾ ਚਾਹੀਦਾ ਹੈ।

ਇਨ੍ਹਾ ਗੁਰਬਾਣੀ ਦੀਆ ਗੱਲਾਂ ਅਨੁਸਾਰ ਪੂਰੀ ਤਰ੍ਹਾ ਕਸਵੱਟੀ ਤੇ ਲਾ ਕੇ ਪਰਖ ਕੇ ਵਿਚਾਰਣ ਦੀ ਜਰੂਰਤ ਹੈ ਪਰ ਅਫਸੋਸ ਕਿ ਅਸੀ ਨਾਸਮਝ ਬਣ ਕੇ ਹੀ ਰਹਿਣਾ ਚੰਗਾ ਸਮਝਦੇ ਹਾਂ ਤੇ ਵਿਚਾਰਣ ਦਾ ਯਤਨ ਹੀ ਨਹੀ ਕਰਦੇ।

ਗੁਰੂ ਕਲਗੀਧਰ ਪਾਤਸ਼ਾਹ ਖਾਲਸਾ ਸਾਜਨ ਵੇਲੇ ਇਹ ਕਹਿ ਸਕਦੇ ਸੀ ਕਿ ਬੋਲ “ਗੁਰੂ ਗੋਬਿੰਦ ਸਿੰਘ ਦਾ ਖਾਲਸਾ”ਪਰ ਨਹੀ ਕਲਗੀਧਰ ਪਾਤਸ਼ਾਹ ਕਹਿ ਰਹੇ ਨੇ ਕਿ ਖਾਲਸਾ ਮੇਰਾ ਨਹੀ, ਖਾਲਸੇ ਦਾ ਸਬੰਧ ਸਿੱਧਾ ਅਕਾਲ ਪੁਰਖ ਦੇ ਨਾਲ ਹੈ ਤੇ ਕਿਹਾ ਕਿ ਬੋਲ ਸਿੱਖਾ:-

ਵਾਹਿਗੁਰੂ ਜੀ ਕਾ ਖਾਲਸਾ।।

ਵਾਹਿਗੁਰ ਜੀ ਕੀ ਫ਼ਤਹਿ।।

ਇਹ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਰਿਹਾ ਹੈ ਕਿ ਕੁਰਬਾਨੀਆਂ ਦੇ ਕੇ ਵਡਿਆਈ ਅਤੇ ਸਲਾਹੁਣਾ ਆਪਣੀ ਨਹੀ, ਗੁਰੂ ਨਾਨਕ ਸਾਹਿਬ ਦੀ ਹੈ। ਕੁਰਬਾਨੀਆਂ ਪਿਤਾ ਅਤੇ ਪੁਤਰਾਂ ਦੀਆ ਅਤੇ ਵਡਿਆਈ ਗੁਰੂ ਨਾਨਕ ਦੇ ਘਰ ਦੀ। ਜਦੋਂ ਪੰਚਮ ਪਿਤਾ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਗਿਆ, ਸੀਸ ਤੇ ਤੱਤੀ ਰੇਤ ਪਾਈ ਗਈ ਤੇ ਜਦੋਂ ਰਾਵੀ ਦਰਿਆ ਦੇ ਠੰਡੇ ਪਾਣੀ ਵਿੱਚ (ਹੋਰ ਖੌਫਨਾਕ ਤਸੀਹੇ ਦੇਣ ਲਈ) ਲੈ ਕੇ ਗਏ ਤਾਂ ਗੁਰੂ ਅਰਜਨ ਦੇਵ ਜੀ ਦੇ ਮੁਖਾਰਬਿੰਦ ਤੇ ਅੰਤਿਮ ਬਚਨ ਪਤਾ ਕੀ ਸਨ?

ਸੁਣੀ ਅਰਦਾਸਿ ਸੁਆਮੀ ਮੇਰੈ ਸਰਬ ਕਲਾ ਬਣਿ ਆਈ।।

ਪ੍ਰਗਟ ਪਈ ਸਗਲੇ ਜੁਗ ਅੰਤਰਿ ਗੁਰ ਨਾਨਕ ਕੀ ਵਡਿਆਈ।। (ਸੋਰਠਿ ਮਹਲਾ ੫-੬੧੧)

ਪੰਜਵੇ ਪਾਤਸ਼ਾਹ ਨੇ ਵੀ ਆਪਣੀ ਸ਼ਹਾਦਤ ਦੀ ਵਡਿਆਈ ਆਪਣੇ ਖਾਤੇ ਵਿੱਚ ਨਹੀ, ਬਲਕਿ ਗੁਰੂ ਨਾਨਕ ਦੇ ਖਾਤੇ ਵਿੱਚ ਪਾਈ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਵੀ ਆਪਣੇ ਸਰਬੰਸ ਦੀਆ ਕੁਰਬਾਨੀਆਂ ਦੀ ਵਡਿਆਈ ਆਪਣੇ ਖਾਤੇ ਵਿੱਚ ਨਹੀ ਬਲਕਿ ਗੁਰੂ ਨਾਨਕ ਦੇ ਖਾਤੇ ਵਿੱਚ ਪਾਈ ਹੈ।

ਹੁਣ ਸਰਸਾ ਨਦੀ ਨੂੰ ਪਾਰ ਕਰਕੇ ਗੁਰੂ ਸਾਹਿਬ ਆਪਣੇ 150 ਦੇ ਕਰੀਬ ਸਿੰਘ-ਸੂਰਬੀਰਾਂ ਨੂੰ ਲੈ ਕੇ ਅਗਾਂਹ ਨੂੰ ਚਲ ਪਏ ਅਤੇ ਰੋਪੜ ਦੀ ਧਰਤੀ ਤੇ ਪਹੁੰਚ ਗਏ ਨੇ, ਪਰ ਪਿਛੇ ਪਠਾਨ ਇਹਨਾਂ ਤੇ ਹਮਲੇ ਦੀ ਮਨਸ਼ਾ ਨਾਲ ਆ ਰਹੇ ਨੇ।

ਪਾਤਸ਼ਾਹ ਨੇ ਇਸ ਇਲਾਕੇ ਮੁਖੀ ਤੋਂ ਕਿਸੇ ਟਿਕਾਣੇ ਦੀ ਮੰਗ ਕੀਤੀ ਤਾਂ ਉਸ ਮੂਰਖ ਨੇ ਗੁਰੂ ਸਾਹਿਬ ਦੀ ਅਜਮਤ ਨੂੰ ਨਾ ਪਹਿਚਾਣਿਆ ਤੇ ਬਲਦੇ ਹੋਏ ਭੱਠੇ ਵਲ ਇਸ਼ਾਰਾ ਕਰ ਦਿੱਤਾ, ਪਰ ਉਸਨੂੰ ਕੀ ਪਤਾ ਕਿ ਗੁਰੂ ਕਲਗੀਧਰ ਪਾਤਸ਼ਾਹ ਕਿੰਨੀਆਂ ਅਜਮਤਾਂ ਦੇ ਮਾਲਕ ਨੇ। ਕਲਗੀਧਰ ਪਾਤਸ਼ਾਹ ਉਸਦੇ ਇਸ਼ਾਰੇ ਤੇ ਆਪਣੇ ਨੀਲੇ ਘੋੜੇ ਤੇ ਸਵਾਰ ਹੀ ਉਸ ਬਲਦੇ ਹੋਏ ਭੱਠੇ ਤੇ ਚੜ ਗਏ। ਜਦੋ ਘੋੜੇ ਨੇ ਬਲਦੇ ਹੋਏ ਭੱਠੇ ਤੇ ਪੈਰ ਪਾਏ ਤਾਂ ਉਹ ਬਲਦਾ ਹੋਇਆ ਭੱਠਾ ਠੰਡਾ ਪੈ ਗਿਆ ਜਿਥੇ ਕਿ ਅਜ ਇਸ ਇਤਿਹਾਸ ਦੀ ਗਵਾਹੀ ਦਿੰਦਾ ਹੋਇਆ ਅਸਥਾਨ “ਗੁਰਦੁਆਰਾ ਭੱਠਾ ਸਾਹਿਬ” ਰੋਪੜ ਸੁਸ਼ੋਭਿਤ ਹੈ। ਰੋਪੜ ਦੀ ਧਰਤੀ ਉਪਰ ਰੰਘੜਾ ਨੇ ਗੁਰੂ ਸਾਹਿਬ ਤੇ ਹਮਲਾ ਕੀਤਾ ਅਤੇ ਉਥੇ ਜੰਗ ਦਾ ਮੈਦਾਨ ਵੀ ਭਖਿਆ।

ਜਦੋਂ ਸਰਸਾ ਨਦੀ ਨੂੰ ਪਾਰ ਕਰਕੇ ਚਾਲੇ ਪਾਏ ਸਨ ਤਾਂ ਸਾਥੀ ਸਿੰਘਾਂ-ਸੂਰਬੀਰਾਂ ਦੇ ਨਾਲ ਕੁਲ 150 ਦੀ ਗਿਣਤੀ ਸੀ ਪਰ ਹੁਣ ਰੋਪੜ ਤੋਂ ਅੱਗੇ ਚਲਦੇ ਹੋਏ ਜਦੋ ਗੁਰੂ ਸਾਹਿਬ ਆਪਣੇ ਸਾਥੀ ਸੂਰਬੀਰਾਂ ਨਾਲ ਚਮਕੌਰ ਦੀ ਧਰਤੀ ਤੇ ਪਹੁੰਚੇ ਤਾਂ ਹੁਣ ਕੁਲ ਗਿਣਤੀ 43 ਰਹਿ ਗਈ ਹੈ।

ਯਿਹ ਕਹ ਕੇ ਫਿਰ ਹਜੂਰ ਤੋ ਚਮਕੌਰ ਚਲ ਦਿਏ।

ਹਾਲਤ ਪ: ਅਪਨੀ ਕੁਛ ਨ: ਕਿਯਾ ਗੌਰ ਚਲ ਦਿਏ।

ਕਰਤਾਰ ਕੇ ਧਿਆਨ ਮੇ ਫਿਲਫੌਰ ਚਲ ਦਿਏ।

ਰਾਜੀ ਹੁਏ ਰਜਾ ਪ: ਬਹਰ-ਤੌਰ ਚਲ ਦਿਏ।

ਕਲਗੀਧਰ ਪਾਤਸ਼ਾਹ ਉਸ ਅਕਾਲ ਪੁਰਖ ਪਰਮੇਸ਼ਰ ਦੇ ਧਿਆਨ ਵਿੱਚ ਜੁੜੇ ਹੋਏ ਨੇ। ਸਾਥੀਆਂ ਨਾਲ ਚਮਕੌਰ ਦੀ ਧਰਤੀ ਤੇ ਪਹੁੰਚੇ ਹਨ ਅਤੇ ਧਿਆਨ ਆਪਣੀ ਮੰਜਿਲ ਵਲ ਵੀ ਹੈ। ਕਲਗੀਧਰ ਪਾਤਸ਼ਾਹ 7 ਪੋਹ ਦੇ ਦਿਨ ਸਾਰਾ ਦਿਨ ਚੱਲੇ ਅਤੇ ਬ੍ਰਾਹਮਣ ਮਾਜਰਾ, ਬੂੜ ਮਾਜਰਾ ਆਦਿ ਪਿੰਡਾਂ ਤੋਂ ਗੁਜਰਦਿਆਂ ਹੋਇਆਂ ਚਮਕੌਰ ਦੀ ਧਰਤੀ ਤੇ ਪਹੁੰਚੇ ਸਨ।

**********

ਨੋਟ:- ਪਾਠਕਾ ਪ੍ਰਤੀ ਸਨਿਮਰ ਬੇਨਤੀ ਹੈ ਕਿ ਇਹ ਪੁਸਤਕ ‘ਸਾਕਾ ਚਮਕੌਰ`ਅਤੇ ਅਜੋਕੇ ਹਾਲਾਤ ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋ ਪੇਸ਼ ਕਰਦੀ ਹੈ, ਜੋ ਛਪਾਈ ਅਧੀਨ ਹੈ। ਛਾਪਣ ਤੋ ਪਹਿਲਾ ਭਾਈ ਕਾਮਰੇਟ ਸਿੰਘ ਵਲੋ ਸੰਪਾਦਿਤ ਇਹ ਪੁਸਤਕ ਸੂਝਵਾਨ ਪਾਠਕਾਂ ਦੇ ਸਾਹਮਣੇ 13 ਕਿਸ਼ਤਾ ਵਿੱਚ ਲੜੀਵਾਰ ਪੇਸ਼ ਕੀਤੀ ਜਾ ਰਹੀ ਹੈ। ਜੇ ਕਿਸੇ ਪਾਠਕ ਦਾ ਇਸ ਬਾਰੇ ਕੋਈ ਹੋਰ ਉਸਾਰੂ ਸੁਝਾਅ ਹੋਵੇ ਤਾਂ ਦਾਸ ਉਸਨੂੰ ਧੰਨਵਾਦ ਸਹਿਤ ਪ੍ਰਵਾਨ ਕਰੇਗਾ।

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201/6 ਮੁਹੱਲਾ ਸੰਤਪੁਰਾ, ਕਪੂਰਥਲਾ

98720-76876




.