.

(ਸੰਪਾਦਕੀ ਨੋਟ:- ਨਾਨਕ ਸ਼ਾਹੀ ਕੈਲੰਡਰ ਬਾਰੇ ਸ: ਜਸਵੰਤ ਸਿੰਘ ਅਜੀਤ ਦਾ ਇੱਕ ਲੇਖ ਪਿਛਲੇ ਕੁੱਝ ਦਿਨਾ ਵਿੱਚ ਕਈ ਥਾਵਾਂ ਤੇ ਮੀਡੀਏ ਵਿੱਚ ਛਪਿਆ ਹੈ। ਸਾਨੂੰ ਵੀ ਇਹ ਲੇਖ ਮਿਲਿਆ ਸੀ ਪਰ ਇਸ ਤਰ੍ਹਾਂ ਦਾ ਮਿਲਦਾ ਜੁਲਦਾ ਲੇਖ ਇਹਨਾ ਦਾ ਪਹਿਲਾਂ ਵੀ ਛਪ ਚੁੱਕਾ ਹੋਣ ਦੇ ਕਾਰਨ ਨਹੀਂ ਸੀ ਪਾਇਆ ਗਿਆ। ਸ: ਸਰਵਜੀਤ ਸਿੰਘ ਦਾ ਇਹ ਉਸ ਵਲੋਂ ਉਠਾਏ ਸਵਾਲਾਂ ਦੇ ਜਵਾਬ ਵਿੱਚ ਹੈ)

ਕੈਲੰਡਰ ਵਿਵਾਦ: ਆਓ ਸੁਹਿਰਦ ਹੋਈਏ!

ਪਿਛਲੇ ਦਿਨੀਂ (26-102013) ਉਤਰੀ ਅਮਰੀਕਾ ਦੀਆਂ ਸਮੂੰਹ ਸਿੱਖ ਜਥੇਬੰਦੀਆਂ ਵੱਲੋਂ, ਨਾਨਕਸ਼ਾਹੀ ਕੈਲੰਡਰ ਦੇ ਸਬੰਧ `ਚ ਕਰਵਾਏ ਗਏ ਅੰਤਰਰਾਸ਼ਟਰੀ ਸੈਮੀਨਾਰ ਦੀ ਚਰਚਾ ਦੇਸ਼ ਵਿਦੇਸ਼ ਦੀਆ ਅਖ਼ਬਾਰਾਂ `ਚ ਲਗਾਤਾਰ ਚਲ ਰਹੀ ਹੈ। ਇਸੇ ਸਬੰਧ `ਚ ਹੀ ਪ੍ਰਸਿੱਧ ਕਾਲਮ ਨਵੀਸ , ਸ. ਜਸਵੰਤ ਸਿੰਘ ਅਜੀਤ ਵੱਲੋਂ ਵੀ ਲਿਖਣਾ, ਇਸ ਗੱਲ ਦਾ ਸਬੂਤ ਹੈ ਕਿ ਹਰ ਪੰਥ ਦਰਦੀ ਇਸ ਆਪੂ ਸਹੇੜੀ ਸਮੱਸਿਆ ਤੋਂ ਪ੍ਰੇਸ਼ਾਨ ਹੈ। ਇਹ ਕੋਈ ਚੰਡੀਗੜ੍ਹ ਦਾ ਮਸਲਾ ਨਹੀ ਹੈ ਕਿ ਭਾਰਤ ਸਰਕਾਰ ਨੇ ਹੱਲ ਕਰਨਾ ਹੈ। ਇਹ ਸਾਡਾ ਆਪਣਾ ਮਸਲਾ ਹੈ ਅਤੇ ਸਾਨੂੰ ਆਪ ਹੀ ਹੱਲ ਕਰਨਾ ਪੈਣਾ ਹੈ। ਹੈਰਾਨੀ ਦੀ ਗੱਲ ਹੈ ਜਿਨ੍ਹਾਂ ਦੀ ਇਹ ਜਿੰਮੇਵਾਰੀ ਬਣਦੀ ਹੈ, ਉਹ ਇਸ ਪਾਸੇ ਧਿਆਨ ਹੀ ਨਹੀ ਦੇ ਰਹੇ। ਉਨ੍ਹਾਂ ਦੇ ਕੰਨਾ ਤਾਈ ਅਵਾਜ਼ ਪਹੁੰਚਾਉਣ ਲਈ ਹੀ ਪਿਛਲੇ ਚਾਰ ਸਾਲਾਂ ਤੋਂ ਪੰਥ ਦਰਦੀਆਂ ਵੱਲੋਂ ਆਧੁਨਿਕ ਸੰਚਾਰ ਸਾਧਨਾ ਰਾਹੀ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਸ. ਜਸਵੰਤ ਸਿੰਘ ਅਜੀਤ ਜੀ ਦਾ ਲੇਖ “ਨਾਨਕਸ਼ਾਹੀ ਕੈਲੰਡਰ ਬਾਰੇ ਵਿਵਾਦ ਦੇ ਹੱਲ ਲਈ ਸੁਹਿਰਦਤਾ ਦੀ ਲੋੜ” ਇਸੇ ਕੜੀ ਦਾ ਹੀ ਇਕ ਹਿੰਸਾ ਹੈ।
ਕੁਝ ਸੱਜਣਾ ਵੱਲੋਂ ਅਕਸਰ ਹੀ ਇਹ ਸਵਾਲ ਕੀਤਾ ਹੈ ਕਿ ਪਿਛਲੇ 500 ਸਾਲ ਤੋਂ ਕੈਲੰਡਰ ਚਲਦਾ ਆ ਰਿਹਾ ਸੀ, ਹੁਣ ਇਸ ਨਾਲ ਛੇੜ–ਛਾੜ ਕਰਨ ਦੀ ਕੀ ਲੋੜ ਸੀ? ਉਨ੍ਹਾਂ ਦੀ ਜਾਣਕਾਰੀ ਲਈ ਬੇਨਤੀ ਹੈ ਕਿ ਨਾਨਕ ਸ਼ਾਹੀ ਕੈਲੰਡਰ ਰਾਤੋਂ ਰਾਤ ਹੀ ਬਣਾ ਕੇ ਲਾਗੂ ਨਹੀਂ ਕੀਤਾ ਗਿਆ। ਵਿਦਵਾਨਾਂ ਵੱਲੋਂ ਕੀਤੇ ਗਏ ਲਗਾਤਾਰ ਵਿਚਾਰ ਵਟਾਂਦਰੇ ਦਾ (1992-2003) ਇਤਹਾਸ ਮੌਜੂਦ ਹੈ। ਨਾਨਕਸ਼ਾਹੀ ਕੈਲੰਡਰ ਦੇ ਵਿਰੋਧੀ ਵੀ ਇਸ ਗੱਲ ਤੋਂ ਮੁਨਕਰ ਨਹੀ ਹੋ ਸਕਦੇ । ਉਹ ਬਹੁਤ ਹੀ ਮਾਣ ਨਾਲ ਦੱਸਦੇ ਹਨ ਕਿ ਫਲਾਣੀ ਮੀਟਿੰਗ `ਚ ਮੈਂ ਆਹ ਕਿਹਾ ਸੀ, ਮੈਂ ਉਹ ਕਿਹਾ ਸੀ। ਇਸ ਕੈਲੰਡਰ `ਚ ਦਰਜ ਤਾਰੀਖਾਂ ਬਾਰੇ ਵੀ ਕਈ ਸੱਜਣਾ ਵੱਲੋਂ ਇਤਰਾਜ਼ ਕੀਤੇ ਜਾਂਦੇ ਹਨ ਕਿ ਇਤਿਹਾਸ ਬਦਲ ਦਿੱਤਾ ਗਿਆ ਹੈ। ਜੋ ਕਿ ਸੱਚ ਨਹੀ ਹੈ। ਜੋ ਇਤਿਹਾਸਿਕ ਵਸੀਲੇ ਅੱਜ ਉਪਲੱਬਧ ਹਨ ਉਨ੍ਹਾਂ ਦੀ ਪੂਰੀ ਖੋਜ-ਪੜਤਾਲ ਕਰਨ ਪਿਛੋਂ ਹੀ ਵਿਦਵਾਨਾਂ ਨੇ, ਸ਼੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ `ਚ, ਇਨ੍ਹਾਂ ਤਾਰੀਖਾਂ ਦਾ ਫੈਸਲਾ ਕੀਤਾ ਸੀ। 2009 ਦੇ ਅਖੀਰ `ਚ, ਜਦੋਂ ਕੈਲੰਡਰ `ਚ ਕੁਝ ਤਬਦੀਲੀ ਕੀਤੀ ਗਈ ਸੀ, ਉਸ ਵੇਲੇ ਕਿਸੇ ਵੀ ਕਿਸੇ ਤਾਰੀਖ `ਚ ਸੋਧ ਨਹੀ ਸੀ ਕੀਤੀ ਗਈ ਸਗੋਂ ਕੁਝ ਦਿਹਾੜੇ ਇਕ ਸਿਸਟਮ ਨੂੰ ਛੱਡ ਕੇ, ਦੂਜੇ ਸਿਸਟਮ ਮੁਤਾਬਕ ਕਰ ਦਿੱਤੇ ਗਏ। ਇਨ੍ਹਾਂ ਤਾਰੀਖਾਂ ਨੂੰ ਉਨ੍ਹਾਂ ਚਿਰ ਸਹੀ ਮੰਨੀਆਂ ਜਾਣਗੀਆਂ ਜਦੋਂ ਤਾਈ ਕੋਈ ਸੱਜਣ ਇਤਿਹਾਸਿਕ ਸਬੂਤਾਂ ਨਾਲ ਇਨ੍ਹਾਂ ਤਾਰੀਖਾਂ ਨੂੰ ਗਲਤ ਸਾਬਿਤ ਨਹੀ ਕਰਦਾ। ਨਾਨਕਸ਼ਾਹੀ ਕੈਲੰਡਰ ਕਿਸੇ ਧਿਰ ਦੇ ਵਿਕਾਰ ਦਾ ਮਸਲਾ ਵੀ ਨਹੀਂ ਹੈ। ਹਾਂ! ਸਿੱਖਾਂ `ਚ ਸਿਰ ਜੋੜ ਕੇ ਬੈਠਣ ਅਤੇ ਦਲੀਲ ਨਾਲ ਸੰਬਾਦ ਰਚਾਉਣ ਦੀ, ਘੱਟ ਰਹੀ ਰੁਚੀ ਕਾਰਨ ਇਹ ਮਸਲਾ ਦਿਨੋਂ ਦਿਨ ਗੰਭੀਰ ਜਰੂਰ ਹੋ ਰਿਹਾ ਹੈ।
ਸ. ਜਸਵੰਤ ਸਿੰਘ ਅਜੀਤ ਨੇ ਆਪਣੇ ਲੇਖ “ਨਾਨਕਸ਼ਾਹੀ ਕੈਲੰਡਰ ਬਾਰੇ ਵਿਵਾਦ ਦੇ ਹੱਲ ਲਈ ਸੁਹਿਰਦਤਾ ਦੀ ਲੋੜ” ਵਿੱਚ ਦਿਨੋਂ ਦਿਨ ਗੰਭੀਰ ਹੋ ਰਹੀ ਸਮੱਸਿਆ ਦੇ ਹੱਲ ਲਈ ਇਕ ਸੁਜਾਓ ਵੀ ਦਿੱਤਾ ਹੈ, ਉਹ ਲਿਖਦੇ ਹਨ, “ ਜਿਵੇਂ ਕਿ ਉਪਰ ਬਿਆਨ ਕੀਤਾ ਗਿਆ ਹੈ, ਜੇ ਈਮਾਨਦਾਰੀ ਹੋਵੇ ਤਾਂ ਇਸ ਵਿਵਾਦ ਨੂੰ ਹਲ ਕਰਨਾ ਅਸੰਭਵ ਨਹੀਂ। ਲੋੜ ਹੈ ਤਾਂ ਕੇਵਲ ਹਉਮੈ ਦਾ ਤਿਆਗ ਕਰਨ ਦੀ। ਦੋਵੇਂ ਧਿਰਾਂ ਜੇ ਇਸ ਵਿਵਾਦ ਨੂੰ ਹਲ ਕਰਨ ਪ੍ਰਤੀ ਈਮਾਨਦਾਰ ਹੋਣ ਤਾਂ ਆਪੋ-ਵਿੱਚ ਮਿਲ ਬੈਠਣ। ਸੰਨ-੨੦੦੩ ਦੇ ਮੂਲ ਕੈਲੰਡਰ ਅਨੁਸਾਰ ਗੁਰਪੁਰਬਾਂ ਦੀਆਂ ਮਿਤੀਆਂ ਅਤੇ ਸੰਨ-੨੦੦੯ ਦੇ ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੰਗਰਾਦਾਂ ਮਨਾਉਣ ਦੇ ਆਧਾਰ ਤੇ ਆਪਸ ਵਿੱਚ ਸਹਿਮਤੀ ਕਰ ਕੇ ਉਹ ਇਸ ਵਿਵਾਦ ਨੂੰ ਸਦਾ ਲਈ ਖ਼ਤਮ ਕਰ ਸਕਦੀਆਂ ਹਨ। ਇਸ ਤਰ੍ਹਾਂ ਦੋਹਾਂ ਧਿਰਾਂ ਦੀ ਵੀ ਰਹਿ ਆਵੇਗੀ ਅਤੇ ਵਿਵਾਦ ਵੀ ਹਲ ਹੋ ਜਾਏਗਾ। ਪਰ ਕੀ ਦੋਵੇਂ ਧਿਰਾਂ ਪੰਥ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦਿਆਂ ਉਸ (ਪੰਥ) ਨੂੰ ਵੰਡੀਆਂ ਦਾ ਸ਼ਿਕਾਰ ਹੋਣ ਬਚਾਉਣ ਲਈ, ਇਤਨੀ ਨਿਗੂਣੀ ਜਿਹੀ ਕੁਰਬਾਨੀ ਕਰਨ ਲਈ ਤਿਆਰ ਹੋ ਸਕਣਗੀਆਂ? ਇਹ ਸੁਆਲ ਤਦ ਤਕ ਬਣਿਆ ਰਹੇਗਾ, ਜਦੋਂ ਤਕ ਦੋਵੇਂ ਧਿਰਾਂ ਇਸ ਮੁੱਦੇ ਨੂੰ ਹਲ ਕਰਨ ਪ੍ਰਤੀ ਆਪਣੀ ਈਮਾਨਦਾਰੀ ਦਾ ਅਹਿਸਾਸ ਨਹੀਂ ਕਰਵਾਉਂਦੀਆਂ”।
ਆਓ ! ਇਕ ਪੰਥ ਦਰਦੀ ਵੱਲੋਂ ਦਿੱਤੇ ਗਏ ਸੁਝਾਓ ਦੀ ਵਿਵਹਾਰਕਤਾ ਬਾਰੇ ਵਿਚਾਰ ਸਾਂਝੇ ਕਰੀਏ।
ਸ. ਜਸਵੰਤ ਸਿੰਘ ਅਜੀਤ ਜੀ ਦੇ ਸੁਝਾਓ ਦਾ ਮੁਖ ਨੁਕਤਾ ਹੈ, “ਸੰਨ-੨੦੦੩ ਦੇ ਮੂਲ ਕੈਲੰਡਰ ਅਨੁਸਾਰ ਗੁਰਪੁਰਬਾਂ ਦੀਆਂ ਮਿਤੀਆਂ ਅਤੇ ਸੰਨ-੨੦੦੯ ਦੇ ਸੋਧੇ ਨਾਨਕਸ਼ਾਹੀ ਕੈਲੰਡਰ ਅਨੁਸਾਰ ਸੰਗਰਾਦਾਂ ਮਨਾਉਣ ਦੇ ਆਧਾਰ ਤੇ ਆਪਸ ਵਿੱਚ ਸਹਿਮਤੀ ਕਰ ਕੇ ਉਹ ਇਸ ਵਿਵਾਦ ਨੂੰ ਸਦਾ ਲਈ ਖ਼ਤਮ ਕਰ ਸਕਦੀਆਂ ਹਨ”। ਬਹੁਤ ਹੀ ਹੈਰਾਨੀ ਦੀ ਅਤੇ ਸੋਚਣ ਵਾਲੀ ਗੱਲ ਹੈ ਇਹ ਹੈ ਕਿ ਇਕ ਵਿਦਵਾਨ ਲੇਖਕ, ਸੀਨੀਅਰ ਪੱਤਰਕਾਰ ਵੀ ਜੇ ਕੈਲੰਡਰ ਬਾਰੇ ਮੁਢਲੀ ਜਾਣਕਾਰੀ ਤੋਂ ਅਣਜਾਣ ਹੈ ਤਾ ਆਮ ਸਿੱਖ ਦਾ ਕਿ ਹਾਲ ਹੋਵੇਗਾ? ਸ. ਜਸਵੰਤ ਸਿੰਘ ਅਜੀਤ ਜੀ, ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਨੇ ਜੋ ਸੁਜਾਓ ਅੱਜ ਦਿੱਤਾ ਹੈ, ਸ਼੍ਰੋਮਣੀ ਕਮੇਟੀ ਵੱਲੋਂ ਤਾ ਇਹ ਚਾਰ ਸਾਲ ਪਹਿਲਾ ਹੀ ਅਜੇਹਾ ਕੀਤਾ ਜਾ ਰਿਹਾ ਹੈ ਅਤੇ ਇਸ ਨੇ ਸਾਡੀ ਸਮੱਸਿਆ ਨੂੰ ਬਹੁਤ ਹੀ ਗੁੰਝਲਦਾਰ ਬਣਾ ਦਿੱਤਾ ਹੈ। ਸ਼੍ਰੋਮਣੀ ਕਮੇਟੀ ਵੱਲੋਂ 14 ਮਾਰਚ 2010 ਨੂੰ ਜਾਰੀ ਕੀਤੇ ਗਏ ਕੈਲੰਡਰ `ਚ ਅਜੇਹਾ ਹੀ ਕੀਤਾ ਗਿਆ ਹੈ। ਸਾਰੀਆਂ ਤਾਰੀਖਾਂ ਨਾਨਕਸ਼ਾਹੀ ਵਾਲੀਆ ਰੱਖ ਲਈਆਂ ਗਈਆਂ ਹਨ ਅਤੇ ਸੰਗਰਾਦਾਂ ਬਿਕ੍ਰਮੀ ਵਾਲੀਆਂ ਅਤੇ ਕੁਝ ਦਿਹਾੜੇ ਚੰਦ ਦੇ ਕੈਲੰਡਰ ਮੁਤਾਬਕ, ਜਿਸ ਦੇ ਸਾਲ ਦੇ 354 ਦਿਨ ਹੁੰਦੇ ਹਨ। ਇਸ ਕਾਰਨ ਹੀ ਤਾਂ ਸਾਡੀ ਸਮੱਸਿਆ ਗੰਭੀਰ ਹੋਈ ਹੈ ਅਤੇ ਜਿੰਮੇਵਾਰਾਂ ਦੀ ਇਮਾਨਦਾਰੀ ਸ਼ੱਕੀ!
ਮਿਸਾਲ ਵੱਜੋਂ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ 11 ਮੱਘਰ ਨੂੰ ਹੋਈ ਸੀ। ਅੱਜ ਵੀ ਨਾਨਕਸ਼ਾਹੀ ਕੈਲੰਡਰ `ਚ ਇਹ ਤਾਰੀਖ 11 ਮੱਘਰ ਹੀ ਦਰਜ ਹੈ ਜੋ ਹਰ ਸਾਲ 24 ਨਵੰਬਰ ਨੂੰ ਆਵੇਗੀ। ਸ਼੍ਰੋਮਣੀ ਕਮੇਟੀ ਵੱਲੋਂ ਸੋਧ ਕੇ (ਅਸਲ `ਚ ਵਿਗਾੜ ਕੇ) ਜਾਰੀ ਕੀਤੇ ਗਏ ਕੈਲੰਡਰ `ਚ 2010 ਵਿੱਚ ਇਹ ਤਾਰੀਖ 24 ਨਵੰਬਰ ਹੀ ਦਰਜ ਹੈ। ਪਰ ਸੰਗਰਾਦ ਬਿਕ੍ਰਮੀ (ਦ੍ਰਿਕਗਿਣਤ ਸਿਧਾਂਤ ਮੁਤਾਬਕ) ਵਾਲੀ ਹੋਣ ਕਾਰਨ ਇਹ ਦਿਹਾੜਾ 9 ਮੱਘਰ ਨੂੰ ਮਨਾਇਆ ਗਿਆ ਸੀ। ਨਾਨਕਸ਼ਾਹੀ ਕੈਲੰਡਰ ਮੁਤਾਬਕ ਮੱਘਰ ਮਹੀਨੇ ਦਾ ਆਰੰਭ (ਸੰਗਰਾਦ) ਹਰ ਸਾਲ 14 ਨਵੰਬਰ ਨੂੰ ਹੁੰਦਾ ਹੈ ਤਾਂ ਹੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ (11 ਮੱਘਰ) ਹਰ ਸਾਲ 24 ਨਵੰਬਰ ਨੂੰ ਆਉਂਦਾ ਹੈ। ਸ਼੍ਰੋਮਣੀ ਕਮੇਟੀ ਵੱਲੋਂ ਸੰਗਰਾਂਦ, ਸੂਰਜ ਦੇ ਨਵੀ ਰਾਸ਼ੀ `ਚ ਪ੍ਰਵੇਸ਼ `ਚ ਨਾਲ ਨੱਥੀ ਕਰਨ ਕਰਕੇ, 2010 `ਚ ਮੱਘਰ ਦੀ ਸੰਗਰਾਂਦ 16 ਨਵੰਬਰ ਨੂੰ ਸੀ, ਇਸ ਕਾਰਨ 24 ਨਵੰਬਰ 9 ਮੱਘਰ ਨੂੰ ਸੀ ਤੇ ਅਸੀਂ ਇਹ ਦਿਹਾੜਾ 11 ਮੱਘਰ ਦੀ ਬਿਜਾਏ 9 ਮੱਘਰ ਨੂੰ ਹੀ ਮਨਾਇਆ ਸੀ। 2011 ਵਿੱਚ ਵੀ ਮੱਘਰ ਦੀ ਸੰਗਰਾਦ 16 ਨਵੰਬਰ ਨੂੰ ਹੋਣ ਕਾਰਨ ਇਹ ਦਿਹਾੜਾ 9 ਮੱਘਰ ਨੂੰ ਹੀ ਮਨਾਇਆ ਗਿਆ ਸੀ। 2012 ਵਿੱਚ ਮੱਘਰ ਦੀ ਸੰਗਰਾਦ 15 ਨਵੰਬਰ ਨੂੰ ਹੋਣ ਕਾਰਨ ਇਹ ਦਿਹਾੜਾ 10 ਮੱਘਰ ਨੂੰ ਮਨਾਇਆ ਗਿਆ ਸੀ ਅਤੇ ਇਸ ਸਾਲ ਭਾਵ 2013 ਵਿੱਚ ਸੂਰਜ ਨੇ 16 ਨਵੰਬਰ ਨੂੰ ਨਵੀ ਰਾਸ਼ੀ `ਚ ਪ੍ਰਵੇਸ਼ ਕੀਤਾ ਸੀ ਜਿਸ ਕਾਰਨ ਇਹ ਦਿਹਾੜਾ 9 ਮੱਘਰ ਨੂੰ ਮਨਾਇਆ ਗਿਆ ਸੀ। ਇਸੇ ਤਰ੍ਹਾਂ ਹੀ ਇਹ ਦਿਹਾੜਾ 2015 ਵਿੱਚ 9 ਮੱਘਰ ਅਤੇ 2016 ਵਿੱਚ 10 ਮੱਘਰ ਮਨਾਇਆ ਜਾਵੇਗਾ ਜਦੋਂ ਕਿ ਇਤਿਹਾਸਕ ਤੌਰ ਤੇ ਇਹ ਦਿਹਾੜਾ 11 ਮੱਘਰ ਦਾ ਹੈ। ਇਸੇ ਤਰ੍ਹਾਂ ਹੀ ਬਾਕੀ ਤਰੀਖਾਂ ਦੀ ਪੜਤਾਲ ਵੀ ਕੀਤੀ ਜਾ ਸਕਦੀ ਹੈ।

ਉਪ੍ਰੋਕਤ ਉਦਾਹਰਣ ਤੋਂ ਇਹ ਤਾ ਸਪੱਸ਼ਟ ਹੋ ਗਿਆ ਹੈ ਕਿ ਸ. ਜਸਵੰਤ ਸਿੰਘ ਅਜੀਤ ਜੀ ਵੱਲੋਂ ਦਿੱਤਾ ਗਿਆ ਸੁਝਾਓ ਕਿ ਤਾਰੀਖਾਂ 2003 ਵਾਲੀਆਂ ਅਤੇ ਸੰਗਰਾਦਾਂ 2010 ਵਾਲੀਆ ਰੱਖ ਲਈਆਂ ਜਾਣ, ਵਿਵਹਾਰਕ ਨਹੀਂ ਹੈ। ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਅਜੇਹਾ ਹੀ ਕੀਤਾ ਗਿਆ ਸੀ। ਸ਼੍ਰੋਮਣੀ ਕਮੇਟੀ ਵੱਲੋਂ 2010 ਵਿਚ ਜਾਰੀ ਕੀਤੇ ਗਏ ਕੈਲੰਡਰ ਮੁਤਾਬਕ ਅਸੀਂ ਕੁਝ ਦਿਹਾੜੇ ਚੰਦਰ-ਸੂਰਜੀ ਬਿਕ੍ਰਮੀ, ਕੁਝ ਸੂਰਜੀ ਬਿਕ੍ਰਮੀ ਅਤੇ ਕੁਝ ਦਿਹਾੜੇ ਸੀ. ਈ ਕੈਲੰਡਰ ਮੁਤਾਬਕ ਮਨਾਉਂਦੇ ਹਾਂ। ਇਸ ਕੈਲੰਡਰ ਦੇ ਸਾਲ ਦੀ ਲੰਬਾਈ 365.2563 ਦਿਨ ਹੈ ਜੋ ਮੌਸਮੀ ਸਾਲ(365.2422) ਤੋਂ ਲੱਗ ਭੱਗ 20 ਵੱਧ ਹੈ ਜਿਸ ਕਾਰਨ 72 ਸਾਲ ਪਿਛੋਂ ਇਕ ਦਿਨ ਦਾ ਫਰਕ ਪੈ ਜਾਂਦਾ ਹੈ। ਫਰਜ਼ ਕਰੋ ਕਿ 3000 ਸੰਨ ਤਾਂਈ ਅੱਜ ਵਾਲਾ ਕੈਲੰਡਰ ਹੀ ਲਾਗੂ ਰਹਿੰਦਾ ਹੈ ਤਾਂ 24 ਨਵੰਬਰ ਮੁਤਾਬਕ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ 25 ਕੱਤਕ ਨੂੰ ਹੋਵੇਗਾ। ਜਦੋਂ ਕਿ ਨਾਨਕਸ਼ਾਹੀ ਕੈਲੰਡਰ ਮੁਤਾਬਲ 3000 ਸੰਨ ਨੂੰ ਵੀ 11 ਮੱਘਰ 24 ਨਵੰਬਰ ਨੂੰ ਹੀ ਹੋਵੇਗੀ। ਸੋ ਸਪੱਸ਼ਟ ਹੈ ਕਿ ਸਾਨੂੰ ਅੱਜ ਵਾਲੇ ਕੈਲੰਡਰ ਛੱਡਣੇ ਹੀ ਪੈਣੇ ਹਨ। ਤਾਂ ਸਵਾਲ ਪੈਂਦਾ ਹੁੰਦਾ ਹੈ ਕਿ ਇਸ ਮਸਲੇ ਦਾ ਹੱਲ ਕੀ ਹੈ?
ਇਸ ਸਵਾਲ ਦਾ ਜਵਾਬ ਹੈ, ਨਾਨਕਸ਼ਾਹੀ ਕੈਲੰਡਰ। ਨਾਨਕਸ਼ਾਹੀ ਕੈਲੰਡਰ ਦੇ ਸਾਲ ਦੀ ਲੰਬਾਈ 365.2425 ਦਿਨ ਹੈ ਜੋ ਕਿ ਮੌਸਮੀ ਦੀ ਲੰਬਾਈ ਦੇ ਬਹੁਤ ਹੀ ਨੇੜੇ ਹੈ। ਸਿਰਫ 26 ਸੈਕਿੰਡ ਦਾ ਫਰਕ ਹੋਣ ਕਰਕੇ ਇਹ 3300 ਸਾਲ ਪਿਛੋਂ ਇਕ ਦਿਨ ਦਾ ਫਰਕ ਪਾਵੇਗਾ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ 2010 ਵਿੱਚ ਜਾਰੀ ਕੀਤੇ ਗਏ ਕੈਲੰਡਰ ਦਾ ਇੰਨੇ ਸਾਲਾ `ਚ ਲੱਗ ਭੱਗ 45 ਦਿਨ ਦਾ ਫਰਕ ਪੈ ਜਾਵੇਗਾ। ਨਾਨਕ ਸ਼ਾਹੀ ਕੈਲੰਡਰ ਮੁਤਾਬਕ 3000 ਈਸਵੀ ਸੰਨ `ਚ ਵੀ ਵੈਸਾਖੀ (1 ਵੈਸਾਖ) 14 ਅਪ੍ਰੈਲ ਨੂੰ ਹੀ ਹੋਵੇਗੀ ਜਦੋਂ ਕਿ ਸ. ਜਸਵੰਤ ਸਿੰਘ ਅਜੀਤ ਜੀ ਵੱਲੋਂ ਦਿੱਤੇ ਗਏ ਸੁਝਾਓ ਮੁਤਾਬਕ 27 ਅਪ੍ਰੈਲ ਨੂੰ। ਸ. ਜਸਵੰਤ ਸਿੰਘ ਅਜੀਤ ਜੀ, ਆਪ ਜੀ ਦੀਆਂ ਸੇਵਾਵਾਂ ਅਤੇ ਪੰਥਕ ਦਰਦ ਦਾ ਸਤਿਕਾਰ ਕਰਦੇ ਹੋਏ, ਨਿਮਰਤਾ ਸਹਿਤ ਬੇਨਤੀ ਹੈ ਕਿ ਆਪ ਨੇ ਜੋ ਸੁਜਾਓ ਅੱਜ ਦਿੱਤਾ ਹੈ, ਸ਼੍ਰੋਮਣੀ ਕਮੇਟੀ ਵੱਲੋਂ ਤਾ ਇਹ ਚਾਰ ਸਾਲ ਪਹਿਲਾ ਹੀ ਅਜੇਹਾ ਕੀਤਾ ਜਾ ਰਿਹਾ ਹੈ ਜਿਸ ਨੇ ਸਾਡੀ ਸਮੱਸਿਆ ਨੂੰ ਹੋਰ ਵੀ ਗੁੰਝਲਦਾਰ ਬਣਾ ਦਿੱਤਾ ਹੈ। ਸਾਨੂੰ ਦੋ-ਤਿੰਨ ਸਿਧਾਂਤਾਂ ਨਾਲ ਬਣਾਏ ਗਏ ਕੈਲੰਡਰ ਨੂੰ ਛੱਡ ਕੇ ਇਕ ਸਿਧਾਂਤ ਮੁਤਾਬਕ ਹੀ ਕੈਲੰਡਰ ਬਣਾਉਣਾ ਪੈਣਾ ਹੈ। ਅੱਜ ਦੀ ਤਾਰੀਖ `ਚ ਸਭ ਤੋਂ ਢੁੱਕਵਾਂ ਕੈਲੰਡਰ ਹੈ ਨਾਨਕਸ਼ਾਹੀ ਕੈਲੰਡਰ।




.