.

ਅਗੈ ਸਾਹੁ ਸੁਜਾਣੁ ਹੈ

ਲੈਸੀ ਵਸਤੁ ਸਮਾਲਿ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ 1956

“ਅਗੈ, ਆਗੈ, ਅਗੇ” - ਗੁਰਬਾਣੀ `ਚ “ਅਗੈ, ਆਗੈ, ਅਗੇ” ਇਹ ਤਿੰਨ ਲਫ਼ਜ਼ ਬਹੁਤ ਵਾਰ ਆਏ ਹਨ। ਬਲਕਿ ਇਨ੍ਹਾਂ ਲਫ਼ਜ਼ਾਂ ਦੇ ਕੁੱਝ ਹੋਰ ਸਮਅਰਥੀ ਰੂਪ ਵੀ ਆਏ ਹਨ ਜਿਵੇਂ “ਧੁਰੋਂ, ਦਰਗਿਹ, ਕਰਤੇ ਕਾ ਮਹਲ” ਆਦਿ। ਤਾਂ ਵੀ ਸਾਡੇ ਹੱਥਲੇ ਗੁਰਮੱਤ ਪਾਠ ਦਾ ਮੋਟੇ ਤੌਰ `ਤੇ ਸੰਬੰਧ “ਅਗੈ, ਆਗੈ, ਅਗੇ” ਇਨ੍ਹਾਂ ਤਿੰਨ ਲਫ਼ਜ਼ਾਂ ਨਾਲ ਹੀ ਹੈ। ਇਸ ਤੋਂ ਬਾਅਦ ਸੁਆਲ ਪੈਦਾ ਹੁੰਦਾ ਹੈ ਕਿ ਸਾਨੂੰ ਇਸ ਵਿਸ਼ੇ `ਤੇ ਲਿਖਣ ਦੀ ਖ਼ਾਸ ਤੌਰ `ਤੇ ਲੋੜ ਪਈ ਤਾਂ ਕਿਉਂ? ਇਸ ਦੇ ਵੀ ਕੁੱਝ ਕਾਰਣ ਹਨ।

(੧) ਪਹਿਲਾ ਇਹ ਕਿ ਇਹ ਲਫ਼ਜ਼ ਬ੍ਰਾਹਮਣ ਮੱਤ ਰਾਹੀਂ ਹਜ਼ਾਰਾਂ ਸਾਲਾਂ ਤੋਂ ਪ੍ਰਚਾਰੀ ਜਾ ਰਹੀ ਜਨਮ-ਮਰਨ ਸੰਬੰਧੀ ਵਿਚਾਰਧਾਰਾ ਨਾਲ ਵੀ ਸੰਬੰਧਤ ਹਨ। ਉਥੇ ਇਨ੍ਹਾਂ ਦਾ ਆਧਾਰ ਗਰੁੜ ਪੁਰਾਨ, ਸਾਂਖ ਸ਼ਾਸਤ੍ਰ ਆਦਿ ਬ੍ਰਾਹਮਣੀ ਰਚਨਾਵਾਂ ਹੀ ਹਨ। ਜਦਕਿ ਗੁਰਬਾਣੀ `ਚ ਇਨ੍ਹਾਂ ਲਫ਼ਜ਼ਾਂ ਦਾ ਉਨ੍ਹਾਂ ਬ੍ਰਾਹਮਣੀ ਅਰਥਾਂ ਨਾਲ ਕੁੱਝ ਵੀ ਲੈਣਾ ਦੇਣਾ ਨਹੀਂ।

(੨) ਦੂਜਾ ਇਹ ਕਿ ਬਹੁਤ ਵਾਰੀ, ਸਾਡੇ ਕੁੱਝ ਨਾਮਵਰ ਗੁਰਮੱਤ ਪ੍ਰਚਾਰਕ ਵੀ ਜਾਣੇ-ਅਣਜਾਣੇ ਇਨ੍ਹਾਂ ਲਫ਼ਜ਼ਾਂ ਦੇ ਗੁਰਮੱਤ ਅਰਥਾਂ ਤੋਂ ਲਾਂਬੇ ਰਹਿ ਕੇ ਇਨ੍ਹਾਂ ਦੇ ਬ੍ਰਾਹਮਣੀ ਤੇ ਗਰੁੜ ਪੁਰਾਨ ਆਦਿ ਦੇ ਅਰਥਾਂ `ਚ ਹੀ ਉਲਝੇ ਤੇ ਖੰਡਣ ਮੰਡਣ `ਚ ਫ਼ਸੇ ਹੁੰਦੇ ਹਨ। ਇਸੇ ਤੋਂ ਇਸ ਪੱਖੋਂ ਉਹ ਆਪ ਵੀ ਗੁਮਰਾਹ ਹੁੰਦੇ ਹਨ ਤੇ ਸੰਗਤਾਂ ਨੂੰ ਵੀ ਗੁਮਰਾਹ ਕਰਣ ਦਾ ਕਾਰਣ ਬਣਦੇ ਹਨ।

(੩) ਤੀਜਾ, ਸ਼ੱਕ ਨਹੀਂ ਗੁਰੂ ਦਰ `ਤੇ ਵੀ ਮਨੁੱਖਾ ਜਨਮ ਸੰਬੰਧੀ ਜਨਮ-–ਮਰਨ ਵਾਲਾ ਵਿਸ਼ਾ ਪ੍ਰ੍ਰਮੁੱਖ ਵਿਸ਼ਾ ਹੈ। ਜਦਕਿ ਇਥੇ ਉਸਦਾ ਆਧਾਰ ਨਿਰੋਲ ਗੁਰਬਾਣੀ ਵਿਚਾਰਧਾਰਾ ਹੈ, ਨਾ ਕਿ ਗਰੁੜ ਪੁਰਾਨ, ਸਾਂਖ ਸ਼ਾਸਤ੍ਰ ਆਦਿ ਬ੍ਰਾਹਮਣੀ ਰਚਨਾਂਵਾਂ ਜਾਂ ਸੰਸਾਰ ਭਰ ਦੀ ਕੋਈ ਵੀ ਹੋਰ।

(੪) ਚੌਥਾ, ਇਹ ਵੱਖਰੀ ਗੱਲ ਹੈ ਕਿ ਗੁਰਬਾਣੀ `ਚ ਜਨਮ ਮਰਨ ਦੇ ਵਿਸ਼ੇ ਨੂੰ ਨਿਭਾਉਣ ਲਈ ਬਹੁਤ ਵਾਰੀ ਸੰਬੰਧਤ ਬ੍ਰਾਹਮਣੀ ਸ਼ਬਦਾਵਲੀ ਵੀ ਵਰਤੀ ਗਈ ਹੈ ਪਰ ਮੂਲੋਂ ਹੀ ਬਦਲਵੇਂ ਗੁਰਬਾਣੀ ਅਰਥਾਂ `ਚ ਜਾਂ ਰੂਪਕ ਅਲੰਕਾਰ ਵੱਜੋਂ। ਲੋੜ ਹੈ ਤਾਂ ਪ੍ਰਕਰਣ ਅਨੁਸਾਰ, ਉਨ੍ਹਾਂ ਨੂੰ ਪਛਾਨਣ ਤੇ ਗੁਰਬਾਣੀ ਆਧਾਰ `ਤੇ ਸਮਝਣ ਦੀ। ਇਸੇ ਤਰ੍ਹਾਂ ਗੁਰਬਾਣੀ `ਚੋਂ “ਅਗੈ, ਆਗੈ, ਅਗੇ” ਲਫ਼ਜ਼ਾਂ ਨੂੰ ਸਮਝਣ ਲਈ ਵੀ ਇਸ ਪੱਖੋਂ ਗੁਰਬਾਣੀ ਵਿਚਾਰਧਾਰਾ ਸੰਬੰਧੀ ਸੂਝ ਦੀ ਵੱਡੀ ਲੋੜ ਹੈ। ਕਿਉਂਕਿ ਇਹੀ ਚੇਤਣਤਾ “ਅਗੈ, ਆਗੈ, ਅਗੇ” ਅਤੇ ਇਨ੍ਹਾਂ ਨਾਲ ਸੰਬੰਧਤ ਸਮਅਰਥੀ ਲਫ਼ਜ਼ਾਂ ਲਈ ਵੀ ਜ਼ਰੂਰੀ ਹੈ।

(੫) ਪੰਜਵਾਂ, “ਅਗੈ, ਆਗੈ, ਅਗੇ” ਗੁਰਬਾਣੀ ਸ਼ਬਦਾਵਲੀ ਨਾਲ ਇੱਕ ਹੋਰ ਅਨਰਥ ਵੀ ਹੋ ਰਿਹਾ ਹੈ। ਇੱਕ ਸੱਜਨ ਇਨ੍ਹਾਂ ਲਫ਼ਜ਼ਾਂ ਦੇ ਅਰਥ ਕਰਦੇ ਸੁਨੇ ਸਨ “ਹੁਣ ਤੋਂ ਬਾਅਦ ਬੇਸ਼ੱਕ ਅਗਲੇ ਛਿਣ `ਚ ਹੀ”। ਖ਼ੂਬੀ ਇਹ, ਕਿ ਅਜਿਹੇ ਅਰਥ ਕੀਤੇ ਵੀ ਜਾ ਰਹੇ ਸਨ ਤਾਂ ਇੱਕ ਨਾਮਵਰ ਸਟੇਜ ‘ਤੋਂ ਅਤੇ ਉਹ ਵੀ ਸੰਸਾਰ ਤਲ `ਤੇ ਹੋ ਰਹੇ ਮੀਡੀਏ ਦੀ ਵਰਤੋਂ ਸਹਿਤ। ਦੂਜਾ ਇਹ ਕਿ ਅਰਥ ਕੀਤੇ ਵੀ ਜਾ ਰਹੇ ਸਨ ਤਾਂ ਜਨਮ ਮਰਨ ਦੇ ਵਿਸ਼ੇ ਨਾਲ ਸੰਬੰਧਤ, ਗੁਰਬਾਣੀ ਦੀ ਵਿਚਾਰ ਸਮੇਂ।

ਜਦਕਿ ਇਸ ਤੋਂ ਵੱਡੀ ਗੱਲ ਇਹ ਕਿ ਜਨਮ ਮਰਨ ਦੇ ਵਿਸ਼ੇ ਨਾਲ ਸੰਬੰਧਤ ਕਰਕੇ, ਸੰਪੂਰਣ ਗੁਰਬਾਣੀ `ਚ, ਇਹ ਲਫ਼ਜ਼, ਇਨ੍ਹਾਂ ਅਰਥਾਂ `ਚ ਕਿਧਰੇ ਵੀ ਨਹੀਂ ਮਿਲਦੇ।

ਉਪ੍ਰੰਤ ਮੂਲ ਵਿਸ਼ੇ ਵੱਲ ਵਧਣ ਅਤੇ ਇਸਦੀ ਸਚਾਈ ਤੱਕ ਪਹੁੰਚਣ ਤੋਂ ਪਹਿਲਾਂ ਵਿਸ਼ੇ ਸੰਬੰਧੀ ਸਾਨੂੰ ਤਿੰਨ ਹੋਰ ਗੱਲਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

(ੳ) ਜਿਥੋਂ ਤੱਕ ਜਨਮ-ਮਰਨ ਦੇ ਵਿਸ਼ੇ ਦਾ ਸੰਬੰਧ ਹੈ ਉਸ ਨਾਲ ਸੰਬੰਧਤ ਗਰੁੜ ਪੁਰਾਨ ਜਾਂ ਸਾਂਖ ਸ਼ਾਸਤ੍ਰ ਆਦਿ ਬ੍ਰਾਹਮਣੀ ਰਚਨਾਵਾਂ ਨੂੰ ਗੁਰਦੇਵ ਨੇ ਮੂਲੋਂ ਹੀ ਪ੍ਰਵਾਣ ਨਹੀਂ ਕੀਤਾ, ਬਲਕਿ ਉਨ੍ਹਾਂ ਦਾ ਖੰਡਣ ਵੀ ਕੀਤਾ ਹੈ। ਇਸ ਲਈ “ਅਗੈ, ਆਗੈ, ਅਗੇ” ਆਦਿ ਸ਼ਬਦਾਵਲੀ ਨੂੰ ਗੁਰਬਾਣੀ ਦੀ ਕਥਾ ਵਿਚਾਰ ਸਮੇਂ, ਬਦੋਬਦੀ ਉਨ੍ਹਾਂ ਰਚਨਾਵਾਂ ਨਾਲ ਜੋੜ ਕੇ ਅਰਥ ਵਿਚਾਰ ਦੀ ਲੋੜ ਹੀ ਨਹੀਂ ਰਹਿ ਜਾਂਦੀ।

ਉਪ੍ਰੰਤ ਗੁਰਬਾਣੀ `ਚੋਂ ਸੰਬੰਧਤ ਸ਼ਬਦਾਵਲੀ ਨੂੰ ਸਮਝਣ ਜਾਂ ਪ੍ਰਚਾਰਣ ਲਈ, ਇਸ ਪੱਖੋਂ ਅਸਾਂ ਬਹੁਤ ਸੁਚੇਤ ਹੋ ਕੇ ਚਲਣਾ ਹੈ। ਉਂਜ ਗੁਰਬਾਣੀ ਅਨੁਸਾਰ ਵੀ ਮਨੁੱਖਾ ਜਨਮ ਨਾਲ ਸੰਬੰਧਤ, ਜਨਮ-ਮਰਨ ਦਾ ਵਿਸ਼ਾ ਪ੍ਰਮੁੱਖ ਹੈ ਪਰ ਉਹ ਨਿਰੋਲ ਗੁਰਬਾਣੀ ਵਿਚਾਰਧਾਰਾ ਆਧਾਰਿਤ ਹੈ। ਬ੍ਰਾਹਮਣੀ ਵਿਚਾਰਧਾਰਾ ਸਮੇਤ ਉਸਦਾ ਸੰਸਾਰ ਤਲ ਦੀ ਕਿਸੇ ਵੀ ਵਿਚਾਰਧਾਰਾ ਨਾਲ ਦੂਰ ਦਾ ਵੀ ਸੰਬੰਧ ਨਹੀਂ।

(ਅ) ਗੁਰਬਾਣੀ `ਚ ਲਫ਼ਜ਼ “ਅਗੈ, ਆਗੈ, ਅਗੇ” ਆਦਿ ਸਤਿਗੁਰਾਂ ਦੇ ਚਰਨਾਂ `ਚ ਸੰਪੂਰਣ ਸਮਰਪਣ ਦੇ ਅਰਥਾਂ `ਚ ਵੀ ਆਏ ਹਨ ਪਰ ਉਹ ਵੀ ਕੇਵਲ ਕੁੱਝ ਵਾਰ ਹੀ।

ਇਸੇ ਤਰ੍ਹਾਂ ਗੁਰਬਾਣੀ `ਚ ਇਨ੍ਹਾਂ ਲਫ਼ਜ਼ਾਂ ਦੀ ਵਰਤੋਂ ਉਸ਼ਟ-ਲਸ਼ਟਿਕਾ ਪ੍ਰਮਾਣ ਤੇ ਰੂਪਕ ਅਲੰਕਾਰ ਵੱਜੋਂ ਵੀ ਹੋਈ ਹੈ। ਜਦਕਿ ਉਹ ਵੀ ਸੰਪੂਰਨ ਗੁਰਬਾਣੀ `ਚ ਕੇਵਲ ਸੀਮਤ ਗੁਰਪ੍ਰਮਾਣਾਂ `ਚ। ਅਤੇ ਉਹ ਵੀ ਸਰੀਰਕ ਮੌਤ ਤੋਂ ਬਾਅਦ ਦੇ ਵਿਸ਼ੇ ਨਾਲ ਹੀ ਸੰਬੰਧਤ ਹਨ, ਚਲਦੇ ਜਨਮ ਨਾਲ ਨਹੀਂ।

(ੲ) ਗੁਰਬਾਣੀ `ਚ ਲਫ਼ਜ਼ “ਅਗੈ, ਆਗੈ, ਅਗੇ” ਆਦਿ ਵੱਡੀ ਗਿਣਤੀ `ਚ ਆਏ ਹਨ, ਪਰ ਉਹ ਨਿਰੋਲ ਮਨੁੱਖ ਦੀ ਸਰੀਰਕ ਮੌਤ ਤੋਂ ਬਾਅਦ ਦੇ ਵਿਸ਼ੇ ਨਾਲ ਹੀ ਸੰਬੰਧਤ ਹਨ। ਉਹ ਜਾਂ ਤਾਂ ਕਰਤੇ ਪ੍ਰਭੂ ਦੇ ਸੱਚ ਨਿਆਂ, ਕਰਤੇ ਦੀ ਦਰਗਾਹ, ਉਸਦੀ ਹਜ਼ੂਰੀ ਨਾਲ ਸੰਬੰਧਤ ਹਨ। ਜਾਂ ਅਸਫ਼ਲ ਤੇ ਬਿਰਥਾ ਜਨਮ ਦੀ ਸੂਰਤ `ਚ ਜੀਵ ਦੇ ਮੁੜ ਜਨਮ-ਮਰਨ ਦੇ ਗੇੜ `ਚ ਪੈਣ ਨਾਲ ਸੰਬੰਧਤ ਹਨ। ਤਾਂ ਤੇ:-

ਸਮਰਪਣ ਆਦਿ ਦੇ ਅਰਥਾਂ `ਚ-ਗੁਰਬਾਣੀ `ਚ “ਅਗੈ, ਆਗੈ, ਅਗੇ” ਆਦਿ ਸ਼ਬਦਾਵਲੀ ਸਮਰਪਣ ਆਦਿ ਦੇ ਅਰਥਾਂ `ਚ ਕੇਵਲ ਕੁੱਝ ਵਾਰੀ ਹੀ ਆਈ ਹੈ ਜਿਵੇਂ:-

ਪ੍ਰਮਾਣ ੧- “ਸੋ ਸੇਵਕੁ ਹਰਿ ਆਖੀਐ ਜੋ ਹਰਿ ਰਾਖੈ ਉਰਿ ਧਾਰਿ॥ ਮਨੁ ਤਨੁ ਸਉਪੇ ਆਗੈ ਧਰੇ ਹਉਮੈ ਵਿਚਹੁ ਮਾਰਿ॥ ਧਨੁ ਗੁਰਮੁਖਿ ਸੋ ਪਰਵਾਣੁ ਹੈ ਜਿ ਕਦੇ ਨ ਆਵੈ ਹਾਰਿ” (ਪੰ: ੨੮)

ਅਰਥ- ਉਹੀ ਮਨੁੱਖ ਪਰਮਾਤਮਾ ਦਾ ਸੇਵਕ ਆਖਿਆ ਜਾ ਸਕਦਾ ਹੈ, ਜੇਹੜਾ ਪਰਮਾਤਮਾ (ਦੀ ਯਾਦ) ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ, ਜੇਹੜਾ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਆਪਣਾ ਮਨ ਆਪਣਾ ਸਰੀਰ ਪਰਮਾਤਮਾ ਦੇ ਹਵਾਲੇ ਕਰ ਦੇਂਦਾ ਹੈ ਪਰਮਾਤਮਾ ਦੇ ਅੱਗੇ ਰੱਖ ਦੇਂਦਾ ਹ। ਜੇਹੜਾ ਮਨੁੱਖ (ਵਿਕਾਰਾਂ ਦੇ ਟਾਕਰੇ ਤੇ ਮਨੁੱਖ ਜਨਮ ਦੀ ਬਾਜ਼ੀ) ਕਦੇ ਹਾਰ ਕੇ ਨਹੀਂ ਆਉਂਦਾ, ਗੁਰੂ ਦੇ ਸਨਮੁਖ ਹੋਇਆ ਉਹ ਮਨੁੱਖ ਭਾਗਾਂ ਵਾਲਾ ਹੈ, ਉਹ (ਪ੍ਰਭੂ ਦੀ ਹਜ਼ੂਰੀ ਵਿਚ) ਕਬੂਲ ਪੈਂਦਾ ਹੈ।

ਪ੍ਰਮਾਣ ੨- “ਸਾਕਤ ਬਧਿਕ ਮਾਇਆਧਾਰੀ ਤਿਨ ਜਮ ਜੋਹਨਿ ਲਾਗੇ॥ ਉਨ ਸਤਿਗੁਰ ਆਗੈ ਸੀਸੁ ਨ ਬੇਚਿਆ ਓਇ ਆਵਹਿ ਜਾਹਿ ਅਭਾਗੇ” (ਪੰ: ੧੭੨)

ਅਰਥ- ਮਾਇਆ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਣ ਵਾਲੇ ਮਨੁੱਖ ਰੱਬ ਨਾਲੋਂ ਟੁੱਟ ਜਾਂਦੇ ਹਨ, ਨਿਰਦਈ ਹੋ ਜਾਂਦੇ ਹਨ, ਆਤਮਕ ਮੌਤ ਉਹਨਾਂ ਨੂੰ ਆਪਣੀ ਤੱਕ ਵਿੱਚ ਰੱਖਦੀ ਹੈ। ਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿੱਚ ਪਏ ਰਹਿੰਦੇ ਹਨ।

ਪ੍ਰਮਾਣ ੩- “ਘੂੰਘਟੁ ਕਾਢਿ ਗਈ ਤੇਰੀ ਆਗੈ ਉਨ ਕੀ ਗੈਲਿ, ਤੋਹਿ ਜਿਨਿ ਲਾਗੈ. .” (ਪੰ: ੪੮੪)

ਅਰਥ- ਤੈਥੋਂ ਪਹਿਲਾਂ (ਇਸ ਜਗਤ ਵਿੱਚ ਕਈ ਜਿੰਦ-ਵਹੁਟੀਆਂ ਪ੍ਰਭੂ ਵਲੋਂ) ਘੁੰਡ ਕੱਢ ਕੇ ਤੁਰ ਗਈਆਂ, (ਵੇਖੀਂ!) ਕਿਤੇ ਉਹਨਾਂ ਵਾਲੀ ਵਾਦੀ ਤੈਨੂੰ ਵੀ ਨਾਹ ਪੈ ਜਾਏ। (ਅਰਥ-ਪ੍ਰੋ: ਸਾਹਿਬ ਸਿੰਘ ਜੀ)

ਉਸ਼ਟ ਲਸ਼ਟਿਕਾ ਤੇ ਰੂਪਕ ਅਲੰਕਾਰ ਵੱਜੋ-ਗੁਰਬਾਣੀ `ਚ “ਅਗੈ, ਆਗੈ, ਅਗੇ” ਆਦਿ ਸ਼ਬਦਾਵਲੀ ‘ਉਸ਼ਟ ਲਸ਼ਟਿਕਾ ਪ੍ਰਮਾਣ’ ਅਤੇ ਰੂਪਕ ਅਲੰਕਾਰ ਵੱਜੋਂ ਵੀ ਆਈ ਹੈ, ਜਿਵੇਂ:-

ਆਗੈ ਬਿਮਲ ਨਦੀ ਅਗਨਿ ਬਿਖੁ ਝੇਲਾ॥ ਤਿਥੈ ਅਵਰੁ ਨ ਕੋਈ, ਜੀਉ ਇਕੇਲਾ॥ ਭੜ ਭੜ ਅਗਨਿ ਸਾਗਰੁ ਦੇ ਲਹਰੀ ਪੜਿ ਦਝਹਿ ਮਨਮੁਖ ਤਾਈ ਹੇ” (ਪੰ: ੧੦੨੬)

ਅਰਥ- ਨਿੰਦਾ ਤਾਤਿ ਪਰਾਈ ਕਾਮ ਕ੍ਰੋਧ ਬੁਰਿਆਈ ਵਾਲੇ ਜੀਵਨ ਵਿੱਚ ਪਿਆਂ ਨਿਰੋਲ ਅੱਗ ਦੀ ਨਦੀ ਵਿਚੋਂ ਦੀ ਜੀਵਨ-ਪੰਧ ਬਣ ਜਾਂਦਾ ਹੈ ਜਿਥੇ ਉਹ ਲਾਟਾਂ ਨਿਕਲਦੀਆਂ ਹਨ ਜੋ ਆਤਮਕ ਜੀਵਨ ਨੂੰ ਮਾਰ ਮੁਕਾਂਦੀਆਂ ਹਨ। ਉਸ ਆਤਮਕ ਬਿਪਤਾ ਵਿੱਚ ਕੋਈ ਹੋਰ ਸਾਥੀ ਨਹੀਂ ਬਣਦਾ, ਇਕੱਲੀ ਆਪਣੀ ਜਿੰਦ ਹੀ ਦੁੱਖ ਸਹਾਰਦੀ ਹੈ। ਨਿੰਦਿਆ ਈਰਖਾ ਕਾਮ ਕ੍ਰੋਧ ਆਦਿਕ ਦੀ) ਅੱਗ ਦਾ ਸਮੁੰਦਰ ਇਤਨਾ ਭਾਂਬੜ ਬਾਲਦਾ ਹੈ ਤੇ ਇਤਨੀਆਂ ਲਾਟਾਂ ਛੱਡਦਾ ਹੈ ਕਿ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦੇ ਉਸ ਵਿੱਚ ਪੈ ਕੇ ਸੜਦੇ ਹਨ (ਆਤਮਕ ਜੀਵਨ ਤਬਾਹ ਕਰ ਲੈਂਦੇ ਹਨ ਤੇ ਦੁਖੀ ਹੁੰਦੇ ਹਨ)

ਵਿਸ਼ੇਸ਼ ਨੋਟ- ਖਾਸ ਧਿਆਨ ਦੇਣਾ ਹੈ ਕਿ ਸੰਬੰਧਤ ਗੁਰਬਾਣੀ ਪ੍ਰਮਾਣ `ਚ ਗੁਰਦੇਵ ਨੇ ਗਰੁੜ ਪੁਰਾਨ ਦੇ ਵੇਤਰਨੀ ਨਦੀ ਵਾਲੇ ਵਿਸ਼ਵਾਸ ਤੇ ਪ੍ਰਚਲਣ ਨੂੰ ਪੂਰੀ ਤਰ੍ਹਾਂ ਕੱਟਿਆ ਹੈ। ਖ਼ੂਬੀ ਇਹ ਕਿ ਉਸ ਵਿਸ਼ਵਾਸ ਨੂੰ ਸਿਧਾ ਕੱਟਣ ਦੀ ਬਜਾਏ, ਗੁਰਦੇਵ ਨੇ ਬਦਲੇ `ਚ ਉਸੇ ਵੇਤਰਨੀ ਨਦੀ ਵਾਲੀ ਸ਼ਬਦਾਵਲੀ ਦੇ ਆਧਾਰ `ਤੇ ਗੁਰਮੱਤ ਦਾ ਸਿਧਾਂਤ ਦਿੱਤਾ ਹੋਇਆ ਹੈ। ਉਪ੍ਰੰਤ ਉਹ ਵੀ ‘ਉਸ਼ਟ ਲਸ਼ਟਿਕਾ ਪ੍ਰਮਾਣ’ ਅਤੇ ਰੂਪਕ ਅਲੰਕਾਰ ਨੂੰ ਵਰਤ ਕੇ।

ਇਥੇ ਇਹ ਵੀ ਦੇਖਣਾ ਹੈ ਕਿ ਇਸ ਗੁਰ ਪ੍ਰਮਾਣ ਵਿਚਲਾ ਲਫ਼ਜ਼ “ਆਗੈ ਬਿਮਲ ਨਦੀ” ਭਾਵ ਇਥੇ ਲਫ਼ਜ਼ ਆਗੈ ਵੀ ਮੌਤ ਤੋਂ ਬਾਅਦ ਨਾਲ ਹੀ ਸੰਬੰਧਤ ਹੈ। ਉਂਜ ਅਜਿਹੀ ਸ਼ਬਦਾਵਲੀ ਸਿੱਧੇ ਲਫ਼ਜ਼ਾਂ `ਚ ਮਨੁੱਖਾ ਜਨਮ ਨੂੰ ਸਫ਼ਲ ਕਰਣ ਦੀ ਪ੍ਰੇਰਣਾ ਵੱਜੋਂ ਵੀ ਗੁਰਬਾਣੀ `ਚ ਅਨੰਤ ਵਾਰ ਆਈ ਹੈ।

“ਅਗੈ, ਆਗੈ, ਅਗੇ” ਆਦਿ ਸ਼ਬਦਾਵਲੀ, ਪ੍ਰਭੂ ਦੇ ਦਰ ਨਾਲ ਸੰਬੰਧਤ:-

ਇਸ ਤੋਂ ਅੱਗੇ ਕੁੱਝ ਗੁਰਪ੍ਰਮਾਣ ਉਹ ਲੈ ਰਹੇ ਹਾਂ ਜਿਨ੍ਹਾਂ ਦਾ ਸਿਧਾ ਸ਼ੰਬੰਧ ਹੀ ਮਨੁੱਖ ਦੀ ਸਰੀਰਕ ਮੌਤ ਤੋਂ ਬਾਅਦ ਅਕਾਲਪੁਰਖ ਦੇ ਦਰ ਅਥਵਾ ਦਰਗਾਹ ਨਾਲ ਹੈ। ਗੁਰਬਾਣੀ `ਚ ਇਸ ਵਿਸ਼ੇ ਨਾਲ ਸੰਬੰਧਤ ਸ਼ਬਦਾਵਲੀ “ਅਕਾਲਪੁਰਖ ਦੀ ਦਰਗਾਹ, ਦਰ, ਪਰਲੋਕ, ਉਥੇ, ਉਹਾਂ, ਮਹਲ” ਆਦਿ ਵੀ ਕਈ ਰੂਪਾਂ `ਚ ਆਈ ਹੈ। (ਸਮੂਹ ਅਰਥ ਲੜੀ- ਦੰਨਵਾਦਿ ਸਹਿਤ ਪ੍ਰੋ: ਸਾਹਿਬ ਸਿੰਘ ਜੀੋ)।

ਪ੍ਰਮਾਣ (੧) “ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ॥ ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ(ਜਪੁ) ਅਰਥ:- ਅਕਾਲ ਪੁਰਖ (ਸਭ ਤੋਂ) ਵੱਡਾ ਹੈ, ਉਸ ਦੀ ਵਡਿਆਈ ਉੱਚੀ ਹੈ। ਜੋ ਕੁੱਝ ਜਗਤ ਵਿੱਚ ਹੋ ਰਿਹਾ ਹੈ, ਉਸੇ ਦਾ ਕੀਤਾ ਹੋ ਰਿਹਾ ਹੈ। ਹੇ ਨਾਨਕ! ਜੇ ਕੋਈ ਮਨੁੱਖ ਆਪਣੀ ਅਕਲ ਦੇ ਆਸਰੇ (ਪ੍ਰØਭੂ ਦੀ ਵਡਿਆਈ ਦਾ ਅੰਤ ਪਾਣ ਦਾ) ਜਤਨ ਕਰੇ, ਉਹ ਅਕਾਲ ਪੁਰਖ ਦੇ ਦਰ `ਤੇ ਜਾ ਕੇ ਆਦਰ ਨਹੀਂ ਪਾਂਦਾ॥ ੨੧॥

ਪ੍ਰਮਾਣ (੨) - “ਕਰਉ ਬੇਨੰਤੀ ਸੁਣਹੁ ਮੇਰੇ ਮੀਤਾ ਸੰਤ ਟਹਲ ਕੀ ਬੇਲਾ॥ ਈਹਾ ਖਾਟਿ ਚਲਹੁ ਹਰਿ ਲਾਹਾ ਆਗੈ ਬਸਨੁ ਸੁਹੇਲਾ(ਪੰ: ੧੩) ਅਰਥ : —ਹੇ ਮੇਰੇ ਮਿੱਤਰੋ ! ਸੁਣੋ ! ਮੈਂ ਬੇਨਤੀ ਕਰਦਾ ਹਾਂ— (ਹੁਣ) ਗੁਰਮੁਖਾਂ ਦੀ ਸੇਵਾ ਕਰਨ ਦਾ ਵੇਲਾ ਹੈ। (ਜੇ ਸੇਵਾ ਕਰੋਗੇ, ਤਾਂ) ਇਸ ਜਨਮ ਵਿੱਚ ਪ੍ਰਭੂ ਦੇ ਨਾਮ ਦੀ ਖੱਟੀ ਖੱਟ ਕੇ ਜਾਵੋਗੇ, ਅਤੇ ਪਰਲੋਕ ਵਿੱਚ ਰਹਿਣਾ ਸੌਖਾ ਹੋ ਜਾਇਗਾ।

ਪ੍ਰਮਾਣ (੩) -ਦੇਹੀ ਜਾਤਿ ਆਗੈ ਜਾਏ॥ ਜਿਥੈ ਲੇਖਾ ਮੰਗੀਐ ਤਿਥੈ ਛੁਟੈ ਸਚੁ ਕਮਾਏ॥ ਸਤਿਗੁਰੁ ਸੇਵਨਿ ਸੇ ਧਨਵੰਤੈ ਐਥੈ ਓਥੈ ਨਾਮਿ ਸਮਾਵਣਿਆ” (ਪੰ: ੧੧੨) ਅਰਥ : —ਪ੍ਰਭੂ ਦੀ ਹਜ਼ੂਰੀ ਵਿੱਚ (ਮਨੁੱਖ ਦਾ) ਸਰੀਰ ਨਹੀਂ ਜਾ ਸਕਦਾ, ਉੱਚੀ ਜਾਤਿ ਭੀ ਨਹੀਂ ਪਹੁੰਚ ਸਕਦੀ (ਜਿਸ ਦਾ ਮਨੁੱਖ ਇਤਨਾ ਮਾਣ ਕਰਦਾ ਹੈ)। ਜਿਥੇ (ਪਰਲੋਕ ਵਿੱਚ ਹਰੇਕ ਮਨੁੱਖ ਪਾਸੋਂ ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ, ਉਥੇ ਤਾਂ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨ ਦੀ ਕਮਾਈ ਕਰਕੇ ਹੀ ਸੁਰਖ਼ਰੂ ਹੋਈਦਾ ਹੈ। ਜੇਹੜੇ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦੇ ਹਨ, ਉਹ (ਪ੍ਰਭੂ ਦੇ ਨਾਮ-ਧਨ ਨਾਲ) ਧਨਾਢ ਬਣ ਜਾਂਦੇ ਹਨ, ਉਹ ਇਸ ਲੋਕ ਵਿੱਚ ਭੀ ਤੇ ਪਰਲੋਕ ਵਿੱਚ ਸਦਾ ਪ੍ਰਭੂ ਦੇ ਨਾਮ ਵਿੱਚ ਹੀ ਲੀਨ ਰਹਿੰਦੇ ਹਨ।

ਪ੍ਰਮਾਣ (੪) - “ਸੰਤ ਜਨਹੁ ਸੁਣਿ ਭਾਈਹੋ ਛੂਟਨੁ ਸਾਚੈ ਨਾਇ॥ ਗੁਰ ਕੇ ਚਰਣ ਸਰੇਵਣੇ ਤੀਰਥ ਹਰਿ ਕਾ ਨਾਉ॥ ਆਗੈ ਦਰਗਹਿ ਮੰਨੀਅਹਿ ਮਿਲੈ ਨਿਥਾਵੇ ਥਾਉ” (ਪੰ: ੫੨) ਅਰਥ : —– ਹੇ ਭਰਾਵੋ ! ਹੇ ਸੰਤ ਜਨੋ ! (ਧਿਆਨ ਨਾਲ) ਸੁਣੋ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਵਿੱਚ ਜੁੜਿਆਂ ਹੀ (ਵਿਕਾਰਾਂ ਤੋਂ) ਖ਼ਲਾਸੀ ਹੁੰਦੀ ਹੈ (ਪਰ ਇਹ ਨਾਮ ਗੁਰੂ ਪਾਸੋਂ ਹੀ ਮਿਲ ਸਕਦਾ ਹੈ) ਗੁਰੂ ਦੇ ਚਰਨ ਪੂਜਣੇ (ਭਾਵ, ਹਉਮੈ ਤਿਆਗ ਕੇ ਗੁਰੂ ਦੀ ਸਰਨ ਮਿਲ ਪੈਣਾ, ਤੇ ਗੁਰੂ ਦੇ ਸਨਮੁਖ ਰਹਿ ਕੇ) ਪਰਮਾਤਮਾ ਦਾ ਨਾਮ (ਜਪਣਾ) ਹੀ (ਸਾਰੇ) ਤੀਰਥਾਂ (ਦਾ ਤੀਰਥ) ਹੈ (ਇਸ ਦੀ ਬਰਕਤਿ ਨਾਲ) ਪਰਲੋਕ ਵਿੱਚ ਪਰਮਾਤਮਾ ਦੀ ਦਰਗਾਹ ਵਿੱਚ (ਭਾਗਾਂ ਵਾਲੇ ਜੀਵ) ਆਦਰ ਪਾਂਦੇ ਹਨ। ਜਿਸ ਮਨੁੱਖ ਨੂੰ ਹੋਰ ਕਿਤੇ ਭੀ ਆਸਰਾ ਨਹੀਂ ਮਿਲਦਾ, ਉਸ ਨੂੰ (ਪ੍ਰਭੂ ਦੀ ਦਰਗਾਹ ਵਿਚ) ਆਸਰਾ ਮਿਲ ਜਾਂਦਾ ਹੈ।

ਪ੍ਰਮਾਣ (੫) - “ਤਿਸੈ ਸਰੇਵਹੁ ਪ੍ਰਾਣੀਹੋ ਜਿਸ ਦੈ ਨਾਉ ਪਲੈ॥ ਐਥੈ ਰਹਹੁ ਸੁਹੇਲਿਆ ਅਗੈ ਨਾਲਿ ਚਲੈ” (ਪੰ: ੩੨੦) ਅਰਥ : — ਉਸ (ਗੁਰੂ) ਨੂੰ, ਹੇ ਬੰਦਿਓ! ਸੇਵਹੁ ਜਿਸ ਦੇ ਪੱਲੇ ਪ੍ਰਭੂ ਦਾ ਨਾਮ ਹੈ (ਭਾਵ, ਜਿਸ ਤੋਂ ਨਾਮ ਮਿਲ ਸਕਦਾ ਹੈ)। (ਇਸ ਤਰ੍ਹਾਂ) ਇਥੇ ਸੁਖੀ ਰਹੋ ਗੇ ਤੇ ਪਰਲੋਕ ਵਿੱਚ (ਇਹ ਨਾਮ) ਤੁਹਾਡੇ ਨਾਲ ਜਾਏਗਾ।

ਪ੍ਰਮਾਣ (੬) - “ਈਹਾ ਸੁਖੁ ਆਗੈ ਮੁਖ ਊਜਲ ਮਿਟਿ ਗਏ ਆਵਣ ਜਾਣੇ॥ ਨਿਰਭਉ ਭਏ ਹਿਰਦੈ ਨਾਮੁ ਵਸਿਆ ਅਪੁਨੇ ਸਤਿਗੁਰ ਕੈ ਮਨਿ ਭਾਣੇ” (ਪੰ: ੬੧੪) ਅਰਥ : — ਹੇ ਭਾਈ! ਜੇਹੜੇ ਮਨੁੱਖ ਆਪਣੇ ਗੁਰੂ ਦੇ ਮਨ ਵਿੱਚ ਭਾ ਜਾਂਦੇ ਹਨ, ਉਹਨਾਂ ਨੂੰ ਇਸ ਲੋਕ ਵਿੱਚ ਸੁਖ ਪ੍ਰਾਪਤ ਰਹਿੰਦਾ ਹੈ, ਪਰਲੋਕ ਵਿੱਚ ਭੀ ਉਹ ਸੁਰਖ਼ਰੂ ਹੋ ਜਾਂਦੇ ਹਨ, ਉਹਨਾਂ ਦੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ, ਉਹਨਾਂ ਨੂੰ ਕੋਈ ਡਰ ਪੋਹ ਨਹੀਂ ਸਕਦਾ (ਕਿਉਂਕਿ ਗੁਰੂ ਦੀ ਕਿਰਪਾ ਨਾਲ) ਉਹਨਾਂ ਦੇ ਹਿਰਦੇ ਵਿੱਚ ਪਰਮਾਤਮਾ ਦਾ ਨਾਮ ਆ ਵੱਸਦਾ ਹੈ।

ਪ੍ਰਮਾਣ (੭) - “ਏਥੈ ਧੰਧਾ ਕੂੜਾ ਚਾਰਿ ਦਿਹਾ ਆਗੈ ਸਰਪਰ ਜਾਣਾਆਗੈ ਸਰਪਰ ਜਾਣਾ ਜਿਉ ਮਿਹਮਾਣਾ ਕਾਹੇ ਗਾਰਬੁ ਕੀਜੈ॥ ਆਗੈ ਹੁਕਮੁ ਨ ਚਲੈ ਮੂਲੇ ਸਿਰਿ ਸਿਰਿ ਕਿਆ ਵਿਹਾਣਾ॥ ਸਾਹਿਬੁ ਸਿਮਰਿਹੁ ਮੇਰੇ ਭਾਈਹੋ ਸਭਨਾ ਇਹੁ ਪਇਆਣਾ (ਪੰ: ੫੭੯) “

ਅਰਥ : — ਇਥੋਂ ਅਗਾਂਹ ਜ਼ਰੂਰ (ਹਰੇਕ ਨੇ) ਚਲੇ ਜਾਣਾ ਹੈ, (ਇਥੇ ਜਗਤ ਵਿਚ) ਅਸੀ ਪਰਾਹੁਣਿਆਂ ਵਾਂਗ ਹੀ ਹਾਂ, (ਕਿਸੇ ਵੀ ਧਨ ਪਦਾਰਥ ਆਦਿਕ ਦਾ) ਮਾਣ ਕਰਨਾ ਵਿਅਰਥ ਹੈ। ਉਸ ਪਰਮਾਤਮਾ ਦਾ ਹੀ ਨਾਮ ਸਿਮਰਨਾ ਚਾਹੀਦਾ ਹੈ ਜਿਸ ਦੇ ਸਿਮਰਨ ਨਾਲ ਪਰਮਾਤਮਾ ਦੀ ਹਜ਼ੂਰੀ ਵਿੱਚ ਆਤਮਕ ਆਨੰਦ ਮਿਲਦਾ ਹੈ। (ਜਗਤ ਵਿੱਚ ਤਾਂ ਧਨ ਪਦਾਰਥ ਵਾਲੇ ਦਾ ਹੁਕਮ ਚੱਲ ਸਕਦਾ ਹੈ, ਪਰ) ਪਰਲੋਕ ਵਿੱਚ ਕਿਸੇ ਦਾ ਭੀ ਹੁਕਮ ਉੱਕਾ ਹੀ ਨਹੀਂ ਚੱਲ ਸਕਦਾ, ਉਥੇ ਤਾਂ ਹਰੇਕ ਦੇ ਸਿਰ ਉਤੇ (ਆਪੋ ਆਪਣੇ) ਕੀਤੇ ਕਰਮਾਂ ਅਨੁਸਾਰ ਹੀ ਬੀਤਦੀ ਹੈ।

ਪ੍ਰਮਾਣ (੮) - “ਹਉਮੈ ਵਿਚਿ ਜਗਤੁ ਮੁਆ ਮਰਦੋ ਮਰਦਾ ਜਾਇ।। ਜਿਚਰੁ ਵਿਚਿ ਦੰਮੁ ਹੈ ਤਿਚਰੁ ਨ ਚੇਤਈ ਕਿ ਕਰੇਗੁ ਅਗੈ ਜਾਇ।। ਗਿਆਨੀ ਹੋਇ ਸੁ ਚੇਤੰਨੁ ਹੋਇ ਅਗਿਆਨੀ ਅੰਧੁ ਕਮਾਇ।। ਨਾਨਕ ਏਥੈ ਕਮਾਵੈ ਸੋ ਮਿਲੈ ਅਗੈ ਪਾਏ ਜਾਇ” (ਪੰ: ੫੫੬)

ਅਰਥ : —ਸੰਸਾਰ ਹਉਮੈ ਵਿੱਚ ਮੁਇਆ ਪਿਆ ਹੈ, ਨਿੱਤ (ਹਿਠਾਂ ਹਿਠਾਂ) ਪਿਆ ਗਰਕਦਾ ਹੀ ਹੈ; ਜਦ ਤਾਈਂ ਸਰੀਰ ਵਿੱਚ ਦਮ ਹੈ, ਪ੍ਰਭੂ ਨੂੰ ਯਾਦ ਨਹੀਂ ਕਰਦਾ; (ਸੰਸਾਰੀ ਜੀਵ ਹਉਮੈ ਵਿੱਚ ਰਹਿ ਕੇ ਕਦੇ ਨਹੀਂ ਸੋਚਦਾ ਕਿ) ਅਗਾਂਹ ਦਰਗਾਹ ਵਿੱਚ ਜਾ ਕੇ ਕੀਹ ਹਾਲ ਹੋਵੇਗਾ। ਜੋ ਮਨੁੱਖ ਗਿਆਨਵਾਨ ਹੁੰਦਾ ਹੈ, ਉਹ ਸੁਚੇਤ ਰਹਿੰਦਾ ਹੈ ਤੇ ਅਗਿਆਨੀ ਮਨੁੱਖ ਅਗਿਆਨਤਾ ਦਾ ਕੰਮ ਹੀ ਕਰਦਾ ਹੈ; ਹੇ ਨਾਨਕ! ਮਨੁੱਖਾ ਜਨਮ ਵਿੱਚ ਜੋ ਕੁੱਝ ਮਨੁੱਖ ਕਮਾਈ ਕਰਦਾ ਹੈ, ਉਹੋ ਮਿਲਦੀ ਹੈ, ਪਰਲੋਕ ਵਿੱਚ ਭੀ ਜਾ ਕੇ ਉਹੋ ਮਿਲਦੀ ਹੈ। (ਜਦਕਿ ਇਸ ਵਿਸ਼ੇ ਨਾਲ ਸੰਬੰਧਤ ਹੋਰ ਵੀ ਅਨੇਕਾਂ ਗੁਰ ਪ੍ਰਮਾਣ ਦਿੱਤੇ ਜਾ ਸਕਦੇ ਹਨ)

“ਅਗੈ, ਆਗੈ, ਅਗੇ” ਆਦਿ ਸ਼ਬਦਾਵਲੀ, ਪ੍ਰਭੂ ਦੇ ਦਰ ਨਾਲ ਹੀ ਸੰਬੰਧਤ ਪਰ:-

ਇਸ ਤੋਂ ਅੱਗੇ ਕੁੱਝ ਗੁਰਬਾਣੀ ਫ਼ੁਰਮਾਣ ਉਹ ਲੈ ਰਹੇ ਹਾਂ ਜਿਨ੍ਹਾਂ ਦਾ ਸਿਧਾ ਸ਼ੰਬੰਧ ਹੀ ਮਨੁੱਖ ਦੀ ਸਰੀਰਕ ਮੌਤ ਤੋਂ ਬਾਅਦ ਅਕਾਲਪੁਰਖ ਦੇ ਦਰ ਅਥਵਾ ਦਰਗਾਹ ਨਾਲ ਤਾਂ ਹੈ ਹੀ। ਜਦਕਿ ਨਾਲ ਨਾਲ ਗੁਰਦੇਵ ਬਿਰਥਾ ਮਨੁੱਖਾ ਜਨਮ ਦੇ ਨਤੀਜੇ ਸੰਬੰਧੀ ਵੀ ਦਰਸਾਅ ਰਹੇ ਹਨ ਜਿਵੇਂ:-

ਪ੍ਰਮਾਣ (੧) - “ਇਕਿ ਆਵਹਿ ਇਕਿ ਜਾਹਿ ਉਠਿ ਰਖੀਅਹਿ ਨਾਵ ਸਲਾਰ॥ ਇਕਿ ਉਪਾਏ ਮੰਗਤੇ ਇਕਨਾ ਵਡੇ ਦਰਵਾਰ॥ ਅਗੈ ਗਇਆ ਜਾਣੀਐ ਵਿਣੁ ਨਾਵੈ ਵੇਕਾਰ(ਪੰ: ੧੬)

ਅਰਥ : — (ਸੰਸਾਰ ਵਿਚ) ਬੇਅੰਤ ਜੀਵ ਆਉਂਦੇ ਹਨ (ਤੇ ਜੀਵਨ-ਸਫ਼ਰ ਮੁਕਾ ਕੇ ਇਥੋਂ) ਕੂਚ ਕਰ ਜਾਂਦੇ ਹਨ, (ਕਈਆਂ ਦੇ) ਸਰਦਾਰ (ਆਦਿਕ ਵੱਡੇ ਵੱਡੇ) ਨਾਮ ਰੱਖੀਦੇ ਹਨ, ਕਈ (ਜਗਤ ਵਿਚ) ਮੰਗਤੇ ਹੀ ਜੰਮੇ, ਕਈਆਂ ਦੇ ਵੱਡੇ ਵੱਡੇ ਦਰਬਾਰ ਲੱਗਦੇ ਹਨ। (ਪਰ ਦਰਬਾਰਾਂ ਵਾਲੇ ਸਰਦਾਰ ਹੋਣ ਚਾਹੇ ਕੰਗਾਲ ਹੋਣ) ਜੀਵਨ-ਸਫ਼ਰ ਮੁਕਾਇਆਂ ਸਮਝ ਆਉਂਦੀ ਹੈ ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਇਹ ਸਭ) ਜੀਵਨ ਵਿਅਰਥ (ਗੰਵਾ ਜਾਂਦੇ ਹਨ)। (ਗੁਰਬਾਣੀ ਅਨੁਸਾਰ ਜੀਵਨ ਵਿਅਰਥਾਂਦਾ ਅਰਥ ਹੀ ਜੀਵ ਲਈ ਮੁੜ ਜਨਮ ਮਰਨ ਵਾਲਾ ਗੇੜ ਹੈ)

ਪ੍ਰਮਾਣ (੨) -” ਦੋਹਾਗਣੀ ਖਰੀਆ ਬਿਲਲਾਦੀਆ ਤਿਨਾ ਮਹਲੁ ਨ ਪਾਇ।। ਦੂਜੈ ਭਾਇ ਕਰੂਪੀ ਦੂਖੁ ਪਾਵਹਿ ਆਗੈ ਜਾਇ” (ਪੰ: ੫੫੯) ਅਰਥ : ਛੁੱਟੜ ਜੀਵ-ਇਸਤ੍ਰੀਆਂ ਬਹੁਤ ਦੁਖੀ ਰਹਿੰਦੀਆਂ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ। ਮਾਇਆ ਦੇ ਮੋਹ ਵਿੱਚ ਗ਼ਲਤਾਨ ਰਹਿਣ ਕਰ ਕੇ ਉਹ ਕੋਝੇ ਆਤਮਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ, ਪਰਲੋਕ ਵਿੱਚ ਜਾ ਕੇ ਭੀ ਉਹ ਦੁੱਖ ਹੀ ਸਹਾਰਦੀਆਂ ਹਨ।

(ਚੇਤੇ ਰਹੇ! ਗੁਰਬਾਣੀ ਅਨੁਸਾਰ ਪਰਲੋਕ ਵਿੱਚ ਜਾ ਕੇ ਭੀ ਦੁੱਖ ਹੀ ਸਹਾਰਦੀਆਂ ਦਾ ਅਰਥ ਹੀ ਮੁੜ ਜਨਮ ਮਰਨ ਦੇ ਗੇੜ `ਚ ਪੈਂਦੀਆਂ ਹਨ)

ਪ੍ਰਮਾਣ (੩) -” ਫਰੀਦਾ ਇਕਨਾ ਆਟਾ ਅਗਲਾ ਇਕਨਾ ਨਾਹੀ ਲੋਣੁ॥ ਅਗੈ ਗਏ ਸਿੰਞਾਪਸਨਿ ਚੋਟਾਂ ਖਾਸੀ ਕਉਣੁ” (ਪੰ: ੧੩੮੦)

ਅਰਥ: — ਹੇ ਫਰੀਦ! ਕਈ ਬੰਦਿਆਂ ਪਾਸ ਆਟਾ ਬਹੁਤ ਹੈ ( ‘ਵਿਸੁ ਗੰਦਲਾਂ’ ਬਹੁਤ ਹਨ, ਦੁਨੀਆ ਦੇ ਪਦਾਰਥ ਬਹੁਤ ਹਨ), ਇਕਨਾਂ ਪਾਸ (ਇਤਨਾ ਭੀ) ਨਹੀਂ ਜਿਤਨਾ (ਆਟੇ ਵਿਚ) ਲੂਣ (ਪਾਈਦਾ) ਹੈ। (ਮਨੁੱਖੀ ਜੀਵਨ ਦੀ ਸਫਲਤਾ ਦਾ ਮਾਪ ਇਹ ‘ਵਿਸੁ ਗੰਦਲਾਂ’ ਨਹੀਂ), ਅੱਗੇ ਜਾ ਕੇ (ਅਮਲਾਂ ਉੱਤੇ) ਪਛਾਣ ਹੋਵੇਗੀ ਕਿ ਮਾਰ ਕਿਸ ਨੂੰ ਪੈਂਦੀ ਹੈ।

(ਇਥੇ ‘ਮਾਰ ਪੈਂਦੀ’ ਦਾ ਗੁਰਬਾਣੀ ਅਨੁਸਾਰ ਅਰਥ ਵੀ ਜੀਵ ਲਈ ਮੁੜ ਜਨਮ ਮਰਨ ਦਾ ਗੇੜ ਹੀਹੈ)

ਪ੍ਰਮਾਣ (੪) - ਅਗੈ ਜਾਤਿ ਨ ਜੋਰੁ ਹੈ ਅਗੈ ਜੀਉ ਨਵੇ॥ ਜਿਨ ਕੀ ਲੇਖੈ ਪਤਿ ਪਵੈ ਚੰਗੇ ਸੇਈ ਕੇਇ” (ਪੰ: ੪੬੮) ਅਰਥ: — ਰੱਬ ਦੀ ਦਰਗਾਹ ਵਿੱਚ ਨਾ (ਕਿਸੇ ਉੱਚੀ ਨੀਵੀਂ) ਜਾਤ (ਦਾ ਵਿਤਕਰਾ) ਹੈ, ਨਾ ਹੀ (ਕਿਸੇ ਦਾ) ਧੱਕਾ (ਚੱਲ ਸਕਦਾ) ਹੈ, ਕਿਉਂਕਿ ਓਥੇ ਉਹਨਾਂ ਜੀਵਾਂ ਨਾਲ ਵਾਹ ਪੈਂਦਾ ਹੈ ਜੋ ਓਪਰੇ ਹਨ (ਭਾਵ, ਉਹ ਕਿਸੇ ਦੀ ਉੱਚੀ ਜਾਤ ਜਾਂ ਜ਼ੋਰ ਜਾਣਦੇ ਹੀ ਨਹੀਂ, ਇਸ ਵਾਸਤੇ ਕਿਸੇ ਦਬਾਉ ਵਿੱਚ ਨਹੀਂ ਆਉਂਦੇ)। ਓਥੇ ਉਹੋ ਕੋਈ ਮਨੁੱਖ ਭਲੇ ਗਿਣੇ ਜਾਂਦੇ ਹਨ, ਜਿਨ੍ਹਾਂ ਨੂੰ ਕਰਮਾਂ ਦਾ ਲੇਖਾ ਹੋਣ ਵੇਲੇ ਆਦਰ ਮਿਲਦਾ ਹੈ (ਭਾਵ ਜਿਨ੍ਹਾਂ ਨੇ ਜਗਤ ਵਿੱਚ ਭਲੇ ਕੰਮ ਕੀਤੇ ਹੋਏ ਸਨ, ਤੇ ਇਸ ਕਰਕੇ ਉਹਨਾਂ ਨੂੰ ਰੱਬ ਦੇ ਦਰ ਤੇ ਆਦਰ ਮਿਲਦਾ ਹੈ)

(ਰਬ ਦੇ ਦਰ ਤੇ ਆਦਰ ਮਿਲਣ ਦਾ ਗੁਰਬਾਣੀ ਅਨੁਸਾਰ ਅਰਥ ਹੈ ਕਰਤੇ ਪ੍ਰਭੂ `ਚ ਅਭੇਦ ਹੋ ਜਾਣਾ ਤੇ ਮੁੜ ਜਨਮ-ਮਰਨ ਦੇ ਗੇੜ `ਚ ਨਾ ਆਉਣਾ ਹੈ ਅਥਵਾ ‘ਸਫ਼ਲ ਜਨਮ’ )

ਪ੍ਰਮਾਣ (੫) - “ਐਸੀ ਕਲਾ ਨ ਖੇਡੀਐ ਜਿਤੁ ਦਰਗਹ ਗਇਆ ਹਾਰੀਐ॥ ਪੜਿਆ ਅਤੈ ਓਮੀਆ ਵੀਚਾਰੁ ਅਗੈ ਵੀਚਾਰੀਐ॥ ਮੁਹਿ ਚਲੈ ਸੁ ਅਗੈ ਮਾਰੀਐ” (ਪੰ: ੪੬੯)

ਅਰਥ: — ਮਨੁੱਖ ਜਿਹੋ ਜਿਹੀ ਕਰਤੂਤ ਕਰਦਾ ਹੈ, ਉਸ ਦਾ ਉਹੋ ਜਿਹਾ ਹੀ ਨਾਮ ਉੱਘਾ ਹੋ ਜਾਂਦਾ ਹੈ; (ਤਾਂ ਤੇ) ਇਹੋ ਜਿਹੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਕਰਕੇ ਦਰਗਾਹ ਵਿੱਚ ਜਾ ਕੇ (ਮਨੁੱਖਾ ਜਨਮ ਦੀ) ਬਾਜ਼ੀ ਹਾਰ ਬੈਠੀਏ।

ਮਨੁੱਖ ਭਾਵੇਂ ਪੜ੍ਹਿਆ ਹੋਇਆ ਹੋਵੇ ਭਾਵੇਂ ਅਨਪੜ੍ਹ ਪ੍ਰਭੂ ਦੀ ਦਰਗਾਹ ਵਿੱਚ ਕੇਵਲ ਪ੍ਰਭੂ ਦੇ ਗੁਣਾਂ ਦੀ ਵਿਚਾਰ ਹੀ ਕਬੂਲ ਪੈਂਦੀ ਹੈ। ਜੋ ਮਨੁੱਖ (ਇਸ ਜਗਤ ਵਿਚ) ਆਪਣੀ ਮਰਜ਼ੀ ਅਨੁਸਾਰ ਹੀ ਤੁਰਦਾ ਹੈ, ਉਹ ਅੱਗੇ ਜਾ ਕੇ ਮਾਰ ਖਾਂਦਾ ਹੈ।

ਨੋਟ-ਗੁਰਬਾਣੀ ਅਨੁਸਾਰ ਅੱਗੇ ਜਾ ਕੇ ਮਾਰ ਖਾਂਦਾਦਾ ਅਰਥ ਹੀ ਕਰਤੇ ਦੀ ਦਰਗਾਹ ਤੋਂ ਧੱਕਿਆਂ ਜਾਣਾ ਤੇ ਕਰਤੇ ਦੇ ਨਿਆਂ `ਚ ਮੁੜ ਜਨਮ ਮਰਨ ਦੇ ਗੇੜ `ਚ ਪੈਣਾ ਹੈ। ਗੁਰਬਾਣੀ ਅਨੁਸਾਰ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਣ ਦਾ ਅਰਥ ਵੀ ਜੀਵ ਲਈ ਮੁੜ ਜਨਮ ਮਰਨ ਵਾਲਾ ਗੇੜ ਹੀ ਹੈ ਅਤੇ ਇਸੇ ਨੂੰ ਗੁਰਬਾਣੀ `ਚ ‘ਬਿਰਥਾ ਜਨਮ’ ਵੀ ਕਿਹਾ ਹੈ)

“ਲੈਸੀ ਵਸਤੁ ਸਮਾਲਿ” -ਵਿਸ਼ੇ ਨੂੰ ਕੁੱਝ ਹੋਰ ਸਪਸ਼ਟ ਕਰਣ ਲਈ ਅੰਤ `ਚ ਅਸੀਂ ਪਹਿਲੇ ਪਾਤਸ਼ਾਹ ਦਾ ਸਿਰੀ ਰਾਗ `ਚੋਂ ਪੰਨਾ ੨੨ ਦਾ ਇੱਕ ਸ਼ਬਦ ਲੈਣਾ ਚਾਹਾਂਗੇ, ਸ਼ਬਦ ਹੈ:-

ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ॥ ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ॥ ੧ 

ਭਾਈ ਰੇ ਰਾਮੁ ਕਹਹੁ ਚਿਤੁ ਲਾਇ॥ ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ॥ ੧ ॥ ਰਹਾਉ॥

ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ॥ ਖੋਟੇ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ॥ ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ॥ ੨ 

ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ॥ ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ॥ ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ॥  

ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ॥ ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ॥ ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ॥ ੪ ॥”

ਅਰਥ : —ਹੇ (ਰਾਮ ਨਾਮ ਦਾ) ਵਣਜ ਕਰਨ ਆਏ ਜੀਵੋ ! (ਨਾਮ ਦਾ) ਵਪਾਰ ਕਰੋ, ਨਾਮ-ਸੌਦਾ ਸੰਭਾਲ ਲਵੋ। ਉਹੋ ਜਿਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜੇਹੜਾ ਸਦਾ ਲਈ ਸਾਥ ਨਿਬਾਹੇ। ਪਰਲੋਕ ਵਿੱਚ ਬੈਠਾ ਸ਼ਾਹ ਸਿਆਣਾ ਹੈ ਉਹ (ਸਾਡੇ ਖ਼ਰੀਦੇ ਹੋਏ) ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ। ੧।

ਹੇ ਭਾਈ ! ਚਿੱਤ ਲਾ ਕੇ (ਪ੍ਰੇਮ ਨਾਲ) ਪਰਮਾਤਮਾ ਦਾ ਨਾਮ ਜਪੋ। (ਇਥੋਂ ਆਪਣੇ ਨਾਲ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਸੌਦਾ ਲੈ ਕੇ ਤੁਰੋ, ਖਸਮ-ਪ੍ਰਭੂ ਖ਼ੁਸ਼ ਹੋ ਕੇ ਵੇਖੇਗਾ। ੧। ਰਹਾਉ।

ਜਿਨ੍ਹਾਂ ਮਨੁੱਖਾਂ ਦੇ ਕੋਲ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਨਾਮ ਦੀ ਪੂੰਜੀ ਨਹੀਂ, ਉਹਨਾਂ ਨੂੰ ਕਦੇ ਆਤਮਕ ਆਨੰਦ ਨਹੀਂ ਹੋ ਸਕਦਾ। ਜੇ ਨਿੱਤ ਖੋਟਾ ਵਪਾਰ ਹੀ ਕਰਦੇ ਰਹੀਏ, ਤਾਂ ਮਨ ਭੀ ਖੋਟਾ ਹੋ ਜਾਂਦਾ ਹੈ ਤੇ ਸਰੀਰ ਭੀ ਖੋਟਾ (ਭਾਵ, ਖੋਟ ਮਨੁੱਖ ਦੇ ਅੰਦਰ ਰਚ ਜਾਂਦਾ ਹੈ)। ਜਿਵੇਂ ਫਾਹੀ ਵਿੱਚ ਫਸਿਆ ਹੋਇਆ ਹਰਨ ਦੁਖੀ ਹੁੰਦਾ ਹੈ, ਤਿਵੇਂ (ਖੋਟ ਦੀ ਫਾਹੀ ਵਿੱਚ ਫਸ ਕੇ) ਜੀਵ ਨੂੰ ਬਹੁਤ ਦੁਖ ਹੁੰਦਾ ਹੈ, ਉਹ ਨਿੱਤ ਦੁਖੀ ਹੁੰਦਾ ਹੈ। ੨।

ਖੋਟੇ ਸਿੱਕੇ (ਸਰਕਾਰੀ) ਖ਼ਜ਼ਾਨੇ ਵਿੱਚ ਨਹੀਂ ਲਏ ਜਾਂਦੇ (ਤਿਵੇਂ ਹੀ ਖੋਟੇ ਬੰਦੇ ਦਰਗਾਹ ਵਿੱਚ ਆਦਰ ਨਹੀਂ ਪਾਂਦੇ) ਉਹਨਾਂ ਨੂੰ ਹਰੀ ਦਾ ਗੁਰੂ ਦਾ ਦੀਦਾਰ ਨਹੀਂ ਹੁੰਦਾ। ਖੋਟੇ ਮਨੁੱਖ ਦਾ ਅਸਲਾ ਚੰਗਾ ਨਹੀਂ ਹੁੰਦਾ, ਖੋਟੇ ਨੂੰ ਇੱਜ਼ਤ ਨਹੀਂ ਮਿਲਦੀ। ਖੋਟ ਕਰਨ ਨਾਲ ਕੋਈ ਜੀਵ (ਆਤਮਕ ਜੀਵਨ ਵਿਚ) ਕਾਮਯਾਬ ਨਹੀਂ ਹੋ ਸਕਦਾ। ਖੋਟੇ ਮਨੁੱਖ ਨੇ ਸਦਾ ਖੋਟ ਹੀ ਕਮਾਣਾ ਹੈ (ਉਸ ਨੂੰ ਖੋਟ ਕਮਾਣ ਦੀ ਆਦਤ ਪੈ ਜਾਂਦੀ ਹੈ) ਉਹ ਆਪਣੀ ਇੱਜ਼ਤ ਗਵਾ ਕੇ ਸਦਾ ਜੰਮਦਾ ਮਰਦਾ ਰਹਿੰਦਾ ਹੈ। ੩।

ਹੇ ਨਾਨਕ ! ਪਰਮਾਤਮਾ ਦੀ ਸਿਫ਼ਤਿ-ਸਾਲਾਹ ਵਾਲੇ ਗੁਰ-ਸ਼ਬਦ ਦੀ ਰਾਹੀਂ ਆਪਣੇ ਮਨ ਨੂੰ ਸਮਝਾਣਾ ਚਾਹੀਦਾ ਹੈ। ਜੇਹੜੇ ਬੰਦੇ ਪਰਮਾਤਮਾ ਦੇ ਨਾਮ ਦੇ ਪਿਆਰ ਵਿੱਚ ਰੰਗੇ ਰਹਿੰਦੇ ਹਨ, ਉਹਨਾਂ ਨੂੰ ਖੋਟੇ ਕੰਮਾਂ ਦਾ ਭਾਰ ਸਹਾਰਨਾ ਨਹੀਂ ਪੈਂਦਾ, ਉਹਨਾਂ ਦਾ ਮਨ ਖੋਟੇ ਕੰਮਾਂ ਵੱਲ ਨਹੀਂ ਦੌੜਦਾ। ਪਰਮਾਤਮਾ ਦਾ ਨਾਮ ਜਪ ਕੇ ਬਹੁਤ ਆਤਮਕ ਲਾਭ ਖੱਟ ਲਈਦਾ ਹੈ, ਅਤੇ ਉਹ ਪ੍ਰਭੂ ਜੋ ਕਿਸੇ ਡਰ ਦੇ ਅਧੀਨ ਨਹੀਂ ਮਨ ਵਿੱਚ ਆ ਵੱਸਦਾ ਹੈ। ੪। (ਧੰਨਵਾਦਿ ਸਹਿਤ ਅਰਥ ਪ੍ਰੋ: ਸਾਹਿਬ ਸਿੰਘ ਜੀ)

ਵਿਸ਼ੇਸ਼ ਨੋਟ- ਗੁਰਬਾਣੀ ਅਨੁਸਾਰ ਜਨਮ-ਮਰਨ ਦਾ ਵਿਸ਼ਾ ਹੀ ਜੀਵ ਦਾ ਸਫ਼ਰ ਅਕਾਲ ਪੁਰਖ ਤੋਂ ਅਰੰਭ ਹੋ ਕੇ ਅੰਤ ਵਾਪਿਸ ਅਕਾਲ ਪੁਰਖ `ਚ ਅਭੇਦ ਹੋਣ ਤੱਕ ਦਾ ਹੀ ਹੈ।

ਫ਼ਿਰ ਭਾਵੇਂ ਸ਼ਬਦ ਗੁਰੂ ਦੀ ਕਮਾਈ ਸਦਕਾ ਅਜਿਹੀ ਸਫ਼ਲਤਾ ਭਾਵੇਂ ਪਹਿਲੇ ਹੀ ਮਨੁੱਖਾ ਜਨਮ ਸਮੇਂ ਪ੍ਰਾਪਤ ਹੋ ਜਾਵੇ ਜਾਂ ਕਰੋੜਾਂ ਜੂਨਾਂ-ਜਨਮਾਂ-ਗਰਭਾਂ ਦੇ ਭੋਗਣ ਤੋਂ ਬਾਅਦ। ਜਦਕਿ ਇਹ ਵੀ ਗੁਰਬਾਣੀ ਦਾ ਫ਼ੈਸਲਾ ਹੈ ਕਿ ਅਜਿਹੀ ਸਫ਼ਲਤਾ ਦਾ ਸਮਾਂ, ਕੇਵਲ ਕੋਈ ਮਨੁੱਖਾ ਜਨਮ ਹੀ ਹੁੰਦਾ ਹੈ ਅਤੇ ਬਾਕੀ ਅਨੰਤ ਜੂਨਾਂ ਚੋਂ ਕਿਸੇ ਇੱਕ ਵੀ ਜੂਨ ਸਮੇਂ ਅਜਿਹੀ ਸਫ਼ਲਤਾ ਦਾ ਹੋਣਾ ਸੰਭਵ ਹੀ ਨਹੀਂ।

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

ਨੋਟ-ਗੁਰੂ ਕੀਆਂ ਸੰਗਤਾਂ ਤੇ ਗੁਰਮੱਤ ਦੇ ਪਾਠਕਾਂ ਦੇ ਚਰਨਾਂ `ਚ ਸਨਿਮ੍ਰ ਬੇਨਤੀ ਹੈ ਕਿ ਦਾਸ ਦੀ ਜਨਮ-ਮਰਨ ਦੇ ਵਿਸ਼ੇ ਨਾਲ ਸੰਬੰਧਤ ਪੁਸਤਕ “ਵਿਸ਼ਾ-ਜਨਮ ਮਰਨ ਅਤੇ ਸਿੱਖ ਧਰਮ” ਵੀ ਜ਼ਰੂਰ ਮੰਗਵਾਉਣ ਤੇ ਪੜ੍ਹਣ। ਇਹ ਪੁਸਤਕ ਆਪ ਜੀ ਸਿਧੀ ਸੈਂਟਰ ਪਾਸੋਂ ਜਾਂ ਸਿੰਘ ਬ੍ਰਦਰਜ਼, ਅਮ੍ਰਿਤਸਰ (ਪੰਜਾਬ) ਜਿਨ੍ਹਾਂ ਦਾ ਪੂਰਾ ਪਤਾ ਤੇ ਫ਼ੋਨ ਨੰਬਰ ਹੈ M/s Singh Bros. S.C.O 223-24, City Centre, Near Guru Nanak Bhawan, Amritsar (Pb)-143001. Ph Nos. 099150-48001,183-2550739,2543965 ਤੋਂ ਵੀ ਮੰਗਵਾਈ ਜਾ ਸਕਦੀ ਹੈ ਜੀ।

Including this Self Learning Gurmat Lesson No 226

ਅਗੈ ਸਾਹੁ ਸੁਜਾਣੁ ਹੈ

ਲੈਸੀ ਵਸਤੁ ਸਮਾਲਿ

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.