.

ਜਸਬੀਰ ਸਿੰਘ ਵੈਨਕੂਵਰ

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਨਾਲ ਸੰਬੰਧਤ ਕੁੱਝ ਮਨਘੜਤ ਸਾਖੀਆਂ

(ਕਿਸ਼ਤ ਸੱਤਵੀਂ)

ਭਾਈ ਸੰਤੋਖ ਸਿੰਘ ਜੀ ਨੇ ‘ਸ਼੍ਰੀ ਗੁਰ ਨਾਨਕ ਪ੍ਰਕਾਸ਼’ ਲਿਖਣ ਸਮੇਂ ਭਾਵੇਂ ਭਾਈ ਬਾਲੇ ਵਾਲੇ ਜਨਮ ਸਾਖੀ ਅਤੇ ਭਗਤਿ ਰਤਨਾਵਲੀ/ ਸਿੱਖਾਂ ਦੀ ਭਗਤ ਮਾਲ ਤੋਂ ਇਲਾਵਾ ਭਾਈ ਗੁਰਦਾਸ ਜੀ ਦੀਆਂ ਵਾਰਾਂ ਨੂੰ ਵੀ ਆਧਾਰ ਬਣਾਇਆ ਸੀ, ਪਰੰਤੂ ਮੁੱਖ ਰੂਪ ਵਿੱਚ ਆਪ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਹੀ ਆਧਾਰ ਬਣਾਇਆ ਹੈ। (ਅਜੋਕੇ ਵਿਦਵਾਨਾਂ ਵਾਂਗ ਭਾਈ ਸੰਤੋਖ ਸਿੰਘ ਜੀ ਦਾ ਵੀ ਇਹ ਮੰਨਣਾ ਸੀ ਕਿ ਗੁਰੂ ਅੰਗਦ ਸਾਹਿਬ ਵਲੋਂ ਲਿਖਵਾਈ ਜਨਮ ਸਾਖੀ ਵਿੱਚ ਹਿੰਦਾਲੀਆਂ ਨੇ ਮਿਲਾਵਟ ਕੀਤੀ ਹੈ। ਇਸ ਲਈ ਆਪ ਜੀ ਨੇ ਇਸ ਸਾਖੀ ਵਿਚਲੀਆਂ ਉਹਨਾਂ ਸਾਖੀਆਂ ਨੂੰ ਛੱਡ ਦਿੱਤਾ ਸੀ ਜਿਹਨਾਂ ਵਿੱਚ ਹਿੰਦਾਲ ਨੂੰ ਗੁਰੂ ਨਾਨਕ ਸਾਹਿਬ ਨਾਲੋਂ ਵਡਾ ਦਰਸਾਉਣ ਦੀ ਕੁਚੇਸ਼ਟਾ ਕੀਤੀ ਹੋਈ ਸੀ।)
ਗੁਰੂ ਨਾਨਕ ਸਾਹਿਬ ਦੇ ਮਿਰਤਕ ਸਰੀਰ ਨੂੰ ਲੈ ਕੇ ਹਿੰਦੂ ਅਤੇ ਮੁਸਲਮਾਨਾਂ ਵਿੱਚ ਹੋਏ ਤਕਰਾਰ ਅਤੇ ਫਿਰ ਗੁਰੂ ਸਾਹਿਬ ਦੇ ਸਰੀਰ ਦੇ ਅਲੋਪ ਹੋਣ ਸੰਬੰਧੀ ਵਰਣਿਤ ਘਟਨਾ ਨੂੰ, ਭਾਈ ਸਾਹਿਬ ਨੇ ਭਾਈ ਬਾਲੇ ਵਾਲੀ ਜਨਮ ਸਾਖੀ ਨੂੰ ਹੀ ਆਧਾਰ ਬਣਾਇਆ ਹੈ।
ਭਾਈ ਸੰਤੋਖ ਸਿੰਘ ਜੀ ਨੇ ਇਸ ਘਟਨਾ ਦਾ ਜ਼ਿਕਰ ਕਰਨ ਸਮੇਂ ਆਪਣੇ ਆਪ ਨੂੰ, ਇਸ ਜਨਮ ਸਾਖੀ ਤੀਕ ਹੀ ਸੀਮਤ ਨਹੀਂ ਰੱਖਿਆ ਹੈ। ਆਪ ਨੇ ਖ਼ੁਦ ਵੀ ਕਾਲਪਨਿਕ ਉਡਾਰੀ ਮਾਰਦਿਆਂ ਹੋਇਆਂ, ਇਸ ਕਲਪਿਤ ਸਾਖੀ ਵਿੱਚ ਹੋਰ ਵੀ ਕਈ ਗੱਲਾਂ `ਚ ਵਾਧੇ ਕੀਤੇ ਹਨ, ਜੋ ਇਸ ਤਰ੍ਹਾਂ ਹਨ।
ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਤਾਂ ਇਤਨਾ ਹੀ ਲਿਖਿਆ ਹੈ ਕਿ ਜਦੋਂ ਹਿੰਦੂ ਅਤੇ ਮੁਸਲਮਾਨ ਸਤਿਗੁਰੂ ਜੀ ਦੇ ਮਿਰਤਕ ਸਰੀਰ ਨੂੰ ਲੈ ਕੇ ਆਪਸ ਵਿੱਚ ਝਗੜ ਰਹੇ ਸਨ, ‘ਤਾਂ ਵਿਚੋਂ ਭਲੇ ਲੋਕਾਂ ਕਹਿਆ ਅੰਦਰ ਚਲਕੇ ਦੇਖੋ ਤਾਂ ਸਹੀ। ਜਾਂ ਦੇਖਿਆ ਚਾਦਰ ਹੀ ਹੈ ਬਾਬੇ ਦੇ ਦੇਹ ਨਹੀਂ।’ ਪਰ ਭਾਈ ਸੰਤੋਖ ਸਿੰਘ ਜੀ ਅਨੁਸਾਰ ਸ਼ੋਰ-ਸ਼ਰਾਬਾ ਸੁਣ ਕੇ ਗੁਰੂ ਸਾਹਿਬ ਦੇ ਮਿਰਤਕ ਸਰੀਰ ਕੋਲ ਬੈਠੇ ਹੋਏ ਸੇਵਕ ਜਦੋਂ ਬਾਹਰ ਆਏ ਤਾਂ ਪਿੱਛੋਂ ਗੁਰੂ ਸਾਹਿਬ ਦਾ ਸਰੀਰ ਅਲੋਪ ਹੋ ਗਿਆ। ‘ਸ਼੍ਰੀ ਗੁਰ ਤਨ ਕੇ ਪਾਸ ਜਿ ਦਾਸਾ। ਸ਼੍ਰੋਨ ਕੁਲਾਹਲ ਸੁਨਿ ਚਹੁ ਪਾਸਾ। ਨਿਕਸੇ ਤੁਰਤ ਬਿਲੋਕਨ ਤਾਈਂ। ਰਹੀ ਇਕਾਂਕੀ ਦੇਹਿ ਗੁਸਾਂਈ। ਅੰਤਰਧਯਾਨ ਭਈ ਤਿਹ ਕਾਲਾ। ਸਰਬ ਚੁਕਾਵਨ ਝਗਰ ਬਿਸਾਲਾ।’
ਜਨਮ ਸਾਖੀ ਵਿੱਚ ਕੇਵਲ ਇਤਨਾ ਹੀ ਲਿਖਿਆ ਹੈ ਕਿ, ‘ਹਿੰਦੂ ਮੁਸਲਮਾਨਾਂ ਦਾ ਝਗੜਾ ਵਧ ਗਿਆ। ਹਿੰਦੂ ਕਹਿਣ ਨਹੀਂ ਦੇਖਣ ਦੇਣਾ ਤੇ ਮੁਸਲਮਾਨ ਕਹਿਣ ਅਸਾਂ ਦੀਦਾਰ ਕਰਨਾ ਹੈ। ਬਹੁਤ ਵਾਦ ਹੂਆ; ਪਠਾਣ ਕਹਿਣ ਗੋਰ ਮੰਜ਼ਲ ਕਰਾਂਗੇ।’ ਪਰ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ, ‘ਸਨੱਧਬੱਧ ਹਿੰਦੂ ਹੁਇ ਤਹਿਂ ਆਏ। ਬਲ ਕਰਿ ਤਿਨਕੋ ਚਹਤਿ ਹਟਾਏ।’
ਹਿੰਦੂਆਂ ਨੇ ਵੀ ਜਦੋਂ ਹਥਿਆਰਾਂ ਨਾਲ ਲੈੱਸ ਹੋ ਕੇ ਪਠਾਨਾਂ ਨੂੰ ਰੋਕਣਾ ਚਾਹਿਆ, ਤਾਂ ਸਿਆਣੇ ਸਿੱਖਾਂ ਨੇ ਆਪਸ ਵਿੱਚ ਵਿਚਾਰ-ਵਟਾਂਦਰਾ ਕੀਤਾ ਕਿ, ‘ਤੁਰਕਨ ਕੋ ਅਬਿ ਹੈ ਬਲ ਭਾਰੇ। ਬਹੁਰ ਰੀਤਿ ਸੋਂ ਬਚਨ ਉਚਾਰੇ। ‘ਤਾਂਤੇ ਔਰ ਨ ਕਰੀਏ ਕਾਜਾ। ਸ਼੍ਰੀ ਸਤਿਗੁਰ ਕੋ ਲੇਹੁ ਅਵਾਜਾ। ਤਿਨ ਮਰਜੀ ਕੇ ਹੁਐ ਅਨੁਸਾਰੀ। ਕਰਿਯੈ ਕ੍ਰਿੱਤ ਮਿਟਾਵਹੁ ਰਾਰੀ।’ ਸਿਆਣੇ ਸਿੱਖਾਂ ਨੇ ਆਪਸ ਵਿੱਚ ਇਹ ਸਲਾਹ-ਮਸ਼ਕਰਾ ਕਰਕੇ ਪਠਾਨਾਂ ਨੂੰ ਕਿਹਾ ਕਿ ਆਪਸ ਵਿੱਚ ਝਗੜਨ ਦੀ ਥਾਂ ਗੁਰੂ ਸਾਹਿਬ ਤੋਂ ਹੀ ਪੁੱਛ ਲਿਆ ਜਾਵੇ। ਦੋਵੇਂ ਧਿਰਾਂ ਭਾਵ, ਹਿੰਦੂ ਅਤੇ ਪਠਾਨ ਇਸ ਗੱਲ ਨਾਲ ਸਹਿਮਤ ਹੋ ਗਏ। ਜਿਹੜੇ ਦੋ ਸਿੱਖ ਗੁਰੂ ਸਾਹਿਬ ਦੇ ਸਰੀਰ ਪਾਸ ਬੈਠੇ ਹੋਏ ਸਨ, ਉਹ ਸਤਿਗੁਰੂ ਜੀ ਦੀ ਮਰਜ਼ੀ ਜਾਣਨ ਲਈ ਕਨਾਤ ਦੇ ਅੰਦਰ ਗਏ। ਇਹਨਾਂ ਸਿੱਖਾਂ ਨੇ ਅੰਦਰ ਜਾ ਕੇ ਦੇਖਿਆ ਕਿ, ‘ਬਸਤ੍ਰ ਸੰਯੁਕਤ ਸੇਜ ਤਹਿਂ ਦੇਖੀ। ਦੇਹ ਨ ਭਏ ਅਚਰਜ ਬਿਸ਼ੇਖ਼ੀ।’
ਕਵਿ ਸੰਤ ਰੇਣ ਪ੍ਰੇਮ ਸਿੰਘ ਜੀ (ਜਿਹਨਾਂ ਨੇ ‘ਸ੍ਰੀ ਗੁਰ ਪੁਰ ਪ੍ਰਕਾਸ਼ ਗ੍ਰੰਥ’ ਮੁੱਖ ਰੂਪ ਵਿੱਚ ਸੂਰਜ ਪ੍ਰਕਾਸ਼ ਦੇ ਆਧਾਰਤ ਹੀ ਲਿਖਿਆ ਹੋਇਆ ਹੈ) ਇਸ ਸੰਬੰਧ ਇਉ ਲਿਖਦੇ ਹਨ:
‘ਸਨਧ ਬੱਧ ਸਿਖ ਹੁਐ ਕਰ ਆਏ। ਬਲ ਕਰ ਤਿਨ ਕੋ ਚਹਿਤ ਹਟਾਏ। ਸਿਰੀ ਚੰਦ ਗੁਰੂ ਅੰਗਦ ਆਨ। ਕੀਨ ਗੁਰਮਤਾ ਜਾਨੀ ਜਾਨ। ਪੁਨਾ ਸਭਨ ਸੋਂ ਊਚ ਉਚਾਰੇ। ਕਿਉਂ ਤੁਮ ਕਰਤੇ ਰਾਰ ਅਪਾਰੇ। ਗੁਰ ਪੂਰੇ ਕੀ ਲੇਹੁ ਅਵਾਜਾ। ਜਸ ਨਿਦੇਸ ਹੁਐ ਕਰਹੁ ਕਾਜਾ। ਭਲੀ ਭਲੀ ਸਭ ਨੇ ਤਬ ਮਾਨੀ। ਕਰ ਅਰਦਾਸ ਕਨਾਤ ਉਠਾਨੀ। ਬਸਤਰ ਯੁਕਤ ਸੇਜ ਤਹਿ ਦੇਖੀ। ਦੇਹ ਨਾਂ ਭਏ ਅਚਰਜ ਵਿਸੇਖੀ। ਕਿਉਂ ਤੁਮ ਕੀਨੋ ਇਤਨੋ ਝਗਰਾ। ਸਤਿਗੁਰ ਆਪ ਨਿਬਾਹਿਯੋ ਸਗਰਾ। ਅੰਤ੍ਰ ਧਿਆਨ ਭੇ ਰਹੀ ਨ ਦੇਹੀ। ਆਇ ਪਿਖੋ ਮਿਟ ਜਾਇ ਸੰਦੇਹੀ।’ (ਸ੍ਰੀ ਗੁਰ ਪੁਰ ਪ੍ਰਕਾਸ਼ ਗ੍ਰੰਥ)
ਇਹ ਅਦਭੁੱਤ ਕੌਤਕ ਦੇਖ ਕੇ ਇਹ ਦੋਵੇਂ ਬਾਹਰ ਆਏ ਅਤੇ ਹਿੰਦੂ ਅਤੇ ਮੁਸਲਮਾਨਾਂ ਨੂੰ ਸੰਬੋਧਨ ਕਰਕੇ ਕਹਿਣ ਲੱਗੇ, ‘ਕਿਉਂ ਤੁਮ ਕੀਨੋ ਇਤਨਾ ਝਗਰਾ। ਸਤਿਗੁਰ ਆਪ ਨਿਬੇਰਯੋ ਸਗਰਾ। ਅੰਤ੍ਰ ਧਯਾਨ ਭੀ ਰਹੀ ਨ ਦੇਹੀ। ਕੁਸ਼ਾ ਸੇਜ ਪਰ ਬਸਤ੍ਰ ਪਰੇਹੀ।’
ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਇਸ ਗੱਲ ਦਾ ਉਲੇਖ ਕੀਤਾ ਹੋਇਆ ਹੈ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਸਾਧਾਰਣ ਨੂੰ ਆਪਣਾ ਅੱਠ ਵਿਘੇ ਵਾਲਾ ਖੇਤ ਦਿਖਾ ਕੇ ਪੁੱਛਿਆ ‘ਸਧਾਰਣਾ ਏਹ ਜਾਹਗਾ ਕਹੀਕ ਹੈ ਤਾਂ ਸਧਾਰਣ ਨੇ ਕਹਾ ਜੀ ਜਗਹ ਸੁੰਦਰ ਹੈ ਤਾਂ ਫੇਰ ਬਾਬਾ ਜੀ ਕਹਾ ਸਧਾਰਣਾ ਸਾਡੀਆਂ ਲਕੜੀਆਂ ਏਥੇ ਪੌਣੀਆਂ ਪਰ ਕੈਹਣਾ ਕਿਸੇ ਨੂੰ ਨਹੀਂ।’
ਭਾਈ ਸੰਤੋਖ ਸਿੰਘ ਹੁਰਾਂ ਨੇ ਇਸ ਨੂੰ ਇਸ ਤਰ੍ਹਾਂ ਬਿਆਨ ਕੀਤਾ ਹੈ, ‘ਸੁਨਹੁ ਸਧਾਰਣ! ਇਹ ਅਸਥਾਨਾ। ਕਾਸ਼ਟ ਹਮਰੇ ਡਾਰਹੁ ਆਨਾ। ਜੇ ਕੋ ਬਰਜਹਿ ਕਹਿ ਥਲ ਔਰੀ। ਨਹਿਂ ਮਾਨਹੁਂ ਆਨਹੁਂ ਇਸ ਠੌਰੀ।
ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਇਸ ਗੱਲ ਦਾ ਵਰਨਣ ਨਹੀਂ ਹੈ ਕਿ ਹਿੰਦੂਆਂ ਨੇ ਗੁਰੂ ਸਾਹਿਬ ਦੀ ਦੱਸੀ ਹੋਈ ਥਾਂ `ਤੇ ਹੀ ਆਪਣੇ ਹਿੱਸੇ ਵਿੱਚ ਆਈ ਚਾਦਰ ਦਾ ਸਸਕਾਰ ਕੀਤਾ ਸੀ। ਪਰ ਭਾਈ ਸੰਤੋਖ ਸਿੰਘ ਜੀ ਲਿਖਦੇ ਹਨ ਕਿ ਗੁਰੂ ਸਾਹਿਬ ਦੀ ਅੱਧੀ ਚਾਦਰ ਦਾ ਸਸਕਾਰ ਉਸ ਜਗ੍ਹਾ `ਤੇ ਹੀ ਕੀਤਾ ਗਿਆ ਜਿੱਥੇ ਹਜ਼ੂਰ ਨੇ ਆਪਣੇ ਸਰੀਰ ਨੂੰ ਸਸਕਾਰ ਦੀ ਗੱਲ ਆਖੀ ਸੀ। ‘ਨਿਜ ਮੁਖ ਜਹਿਂ ਗੁਰ ਕਹਯੋ ਤਹਾਂ ਦਿਯ ਦਾਹ ਭਲੇ ਧਰਿ’
ਇਸ ਤੋਂ ਇਲਾਵਾ ਜਿੱਥੇ ਇਸ ਜਨਮ ਸਾਖੀ ਵਿੱਚ ਇਹ ਲਿਖਿਆ ਹੈ ਕਿ, ‘ਤੁਰਕਨ ਅੰਬਰ ਅਰਧ, ਅਰਧ ਹਿੰਦੁਨ ਤਬਿ ਲੀਯਾ’ ਸ਼ਬਦ ਵਰਤਿਆ ਹੈ ਉੱਥੇ ਭਾਈ ਸੰਤੋਖ ਸਿੰਘ ਜੀ ਨੇ ‘ਹਿੰਦੁਨ’ ਦੀ ਥਾਂ ‘ਸਿੱਖਨ’ ਸ਼ਬਦ ਵਰਤਿਆ ਹੈ: ‘ਸਿੱਖਨ ਲੇ ਕਰਿ ਚੀਰ ਚਿਤਾ ਚੰਦਨ ਕੀ ਰਚਿ ਕਰਿ।’
ਭਾਈ ਬਾਲੇ ਵਾਲੀ ਜਨਮ ਸਾਖੀ ਤੋਂ ਇਲਾਵਾ ਮਿਹਰਬਾਨ ਵਾਲੀ ਜਨਮ ਸਾਖੀ ਵਿੱਚ ਵੀ ਗੁਰੂ ਸਾਹਿਬ ਦੇ ਮਿਰਤਕ ਸਰੀਰ ਨੂੰ ਲੈ ਕੇ ਹਿੰਦੂ ਅਤੇ ਮੁਸਲਮਾਨਾਂ ਵਿਚਕਾਰ ਤਕਰਾਰ ਹੋਣ ਦਾ ਵਰਨਣ ਹੈ। ਪਰ ਇਸ ਸਾਖੀ ਅਨੁਸਾਰ ਇਹ ਤਕਰਾਰ ਤਦੋਂ ਸ਼ੁਰੂ ਹੁੰਦਾ ਹੈ ਜਦੋਂ ਹਜ਼ੂਰ ਦੇ ਮਿਰਤਕ ਸਰੀਰ ਨੂੰ ਚਿਖਾ ਉਪਰ ਰੱਖਿਆ ਹੋਇਆ ਸੀ। ਸਾਖੀਕਾਰ ਲਿਖਦਾ ਹੈ ਕਿ, “ਜਦਿ ਗੁਰੂ ਬਾਬੇ ਨਾਨਕ ਜੀ ਚਿਖਾ ਉਪਰਿ ਉਠਾਇ ਰਖਿਆ। ਤਬ ਗੁਰੂ ਬਾਬੇ ਨਾਨਕ ਜੀ ਕੇ ਮੁਰੀਦ ਪਠਾਣੁ ਲੋਕੁ ਸੇ। ਤਿਨਹੁ ਗਲਿ ਚਲਾਈ। ਜਿ ਟੁਕ ਅਸੀ ਭੀ ਦੀਦਾਰ ਦੇਖਹਿਗੇ। ਤਬ ਮਹਾਜਨ ਲੋਕਹੁ ਕਹਿਆ। ਜਿ ਖਾਨ ਜੀ ਹੁਣ ਤੁਮਾਰਾ ਸਮਾ ਨਾਹੀ। ਤਬ ਉਨਹੁ ਕਹਿਆ ਜੇ ਬਾਬਾ ਨਾਨਕ ਹਮਾਰਾ ਪੀਰ ਹੈ ਪੀਰ ਦਾ ਪੀਰ ਹੈ। ਹਮ ਟਲਹਿਗੇ ਨਾਹੀ। ਬਾਬੇ ਜੀ ਕਾ ਦੀਦਾਰ ਹਮ ਦੇਖਹਿਗੇ। ਤਬ ਮਹਾਜਨ ਲੋਕਹੁ ਕਹਿਆ ਜੋ ਆਜ ਦੀਦਾਰ ਦੇਖਣੇ ਕਾ ਸਮਾ ਨਾਹੀ। ਤੁਮ ਹਟਹੁ। ਤਬ ਓਇ ਪਾਠਾਣੁ ਸਿਦਿਤ ਉਪਰਿ ਆਏ ਗਏ। ਕਹਣੈ ਲਾਗੈ ਜੋ ਬਾਬਾ ਨਾਨਕ ਹਮਾਰਾ ਪੀਰੁ ਹੈ। ਪੀਰਾ ਕਾ ਰਾਹੁ ਹੈ ਸੋ ਹਮ ਕਰਹਗੇ। ਹਮ ਬਾਬੇ ਕਉ ਗੋਰ ਮਹਿ ਜਲਿ ਪਹੁਚਾਹੇਗੇ। ਤਬ ਮਹਾਜਨੁ ਲੋਕੁ ਜੋ ਬਾਬੇ ਕੇ ਊਪਰਿ ਜੋ ਥੇ॥ ਤਿਨੈ ਆਗੇ ਚਉਗਿਰਦ ਚਾਦਰਾ ਤਾਣੀਆ ਸਨ॥ ਤੁਰਕਾ ਦੇ ਵਾਸਤੇ॥ ਤਬ ਸੇਵਕ ਉਪਰਿ ਜੁ ਥੇ ਤਿਨਹੁ ਕਹਿਆ॥ ਜੇ ਭਾਈ ਤੁਮ ਹਿੰਦੂ ਅਰੁ ਮੁਸਲਮਾਨ ਤੁਮ ਝਗੜਾ ਕਿਸ ਬਾਤ ਉਪਰਿ ਕਰਤੈ ਹੋ॥ ਗੁਰੂ ਬਾਬਾ ਈਹਾ ਹੈ ਨਾਹੀ॥ ਗੁਰੂ ਬਾਬਾ ਨਾਨਕ ਜੀ ਸਚਖੰਡ ਕਉ ਸਿਧਾਰੇ ਹੈ॥ ਜਬ ਜਾਇ ਦੇਖਹਿ ਚਿਖਾ ਊਪਰਿ ਕਿਛੁ ਨਾਹੀ॥ ਦੇਹਾ ਥੋਕੇ ਕਾ ਝਗੜਾ ਚੁਕ ਗਇਆ॥ ਬੋਲੋ ਭਾਈ ਵਾਹਗੁਰੂ॥ ਪ੍ਰੀਤ ਪ੍ਰੇਮ ਸਿਉ ਵਾਹਗੁਰੂ॥ ਜਿਤਨਾ ਪਰਵਾਰ ਸੇਵਕ ਥੇ, ਮਹਾਜਨੁ ਥਾ ਗੋਬਿੰਦ ਲੋਕ ਭਗਤ ਥੇ ਸੇ ਸਭ ਰਾਮ ਰਾਮ ਕਹਿ ਉਠੈ॥ ਲਾਗੇ ਸਿਫਤਿ ਸਲਾਹਿ ਗੁਰੂ ਬਾਬੇ ਨਾਨਕ ਜੀ ਕੀ ਕਰਨਿ॥ ਜਿ ਵਾਹੁ ਵਾਹੁ ਗੁਰੂ ਬਾਬਾ ਨਾਨਕ ਜੀ॥ ਪਰਤਖਿ ਪਰਮੇਸਰੁ ਕੀ ਮੂਰਤਿ ਥਾ॥ ਪਰ ਹਮਾਰੇ ਭਾਗ ਹਮੋ ਸੇਵਾ ਕਛੁ ਨ ਕਰਿ ਸਕੀਆ। ਲਾਗੇ ਪਛੋਤਾਵਣੇ॥ ਦੇਖ ਦੇਖ ਗੁਰੂ ਬਾਬੇ ਜੀ ਕਾ ਖੇਲੁ ਭੈ ਚਕਰਿਤ ਹੋਇ ਰਹੈ॥ ਜਿਤਨੈ ਮੁਸਲਮਾਨ ਥੇ ਲਾਗੇ ਖੁਦਾਇ ਕਾ ਨਾਮੁ ਲੈਣੈ॥ ਜੇ ਵਾਹੁ ਖੁਦਾਇ ਵਾਹ ਖੁਦਾਇ॥ ਬਾਬਾ ਨਾਨਕ ਜੀ ਵਡਾ ਪੁਰਖ ਪੁਰਾਣਾ ਥਾ॥ ਐਨ ਖੁਦਾਇ ਦੀ ਮੂਰਤਿ ਥਾ॥ ਲਗੈ ਸਿਫਤਿ ਖੁਦਾਇ ਕੀ ਕਰਣੇ। ਜੋ ਹਿੰਦੂ ਮੁਸਲਮਾਨ ਥਾ ਸੈ ਦੇਖਿ ਕਰਿ ਹੈਰਾਨ ਹੋਇ ਰਹੇ॥ ਤਾ ਜਿਤਨੈ ਲੋਕ ਥੇ ਸੇਵਕ ਪਰਵਾਰੁ ਗੁਰੂ ਬਾਬੇ ਨਾਨਕ ਜੀ ਕਾ ਥਾ॥ ਤਿਨਹੁ ਚਿਖਾ ਕਉ ਲੰਬੁ ਦੀਆ॥ ਲਾਗੇ ਕਰਮ ਧਰਮੁ ਕਰਣੇ॥ ਗੁਰੂ ਬਾਬਾ ਨਾਨਕ ਜੀ ਸਣਿ ਦੇਹੀ ਬੈਕੁੰਠ ਕਉ ਸਚਿ ਖੰਡਿ ਸਿਧਾਰੇ॥ (ਮਿਹਰਬਾਨ ਰਚਿਤ ਜਨਮਸਾਖੀ)
ਇਸ ਸਾਖੀ ਦੇ ਕਰਤੇ ਨੇ ਇਹ ਵੀ ਨਹੀਂ ਲਿਖਿਆ ਕਿ ਗੁਰੂ ਨਾਨਕ ਸਾਹਿਬ ਨੇ ਭਾਈ ਸਧਾਰਣ ਨੂੰ ਆਪਣਾ ਖੇਤ ਦਿਖਾ ਕੇ ਆਖਿਆ ਸੀ ਕਿ ਉਹਨਾਂ ਦੇ ਸਰੀਰ ਦਾ ਇਸ ਥਾਂ ਹੀ ਸਸਕਾਰ ਕੀਤਾ ਜਾਵੇ। ਨਿਮਨ ਲਿਖਤ ਸ਼ਬਦ ਵੀ ਕੇਵਲ ਇਸ ਸਾਖੀ ਵਿੱਚ ਹੀ ਲਿਖੇ ਹੋਏ ਹਨ ਕਿਸੇ ਹੋਰ ਸਾਖੀ ਵਿੱਚ ਨਹੀਂ:
‘ਤਬ ਮਹਾਜਨੁ ਲੋਕੁ ਜੋ ਬਾਬੇ ਕੇ ਊਪਰਿ ਜੋ ਥੇ॥ ਤਿਨੈ ਆਗੇ ਚਉਗਿਰਦ ਚਾਦਰਾ ਤਾਣੀਆ ਸਨ॥ ਤੁਰਕਾ ਦੇ ਵਾਸਤੇ॥’
ਇਸ ਸਾਖੀ ਅਨੁਸਾਰ ਗੁਰੂ ਸਾਹਿਬ ਦਾ ਸਰੀਰ ਅਲੋਪ ਹੋਣ ਦੀ ਖ਼ਬਰ ਗੁਰੂ ਸਾਹਿਬ ਦੇ ਸਰੀਰ ਪਾਸ ਬੈਠੇ ਹੋਏ ਸੇਵਕਾਂ ਦੁਆਰਾ ਹੀ ਮਿਲਦੀ ਹੈ। ਤਬ ਸੇਵਕ ਉਪਰਿ ਜੁ ਥੇ ਤਿਨਹੁ ਕਹਿਆ॥ ਜੇ ਭਾਈ ਤੁਮ ਹਿੰਦੂ ਅਰੁ ਮੁਸਲਮਾਨ ਤੁਮ ਝਗੜਾ ਕਿਸ ਬਾਤ ਉਪਰਿ ਕਰਤੈ ਹੋ॥ ਗੁਰੂ ਬਾਬਾ ਈਹਾ ਹੈ ਨਾਹੀ॥ ਗੁਰੂ ਬਾਬਾ ਨਾਨਕ ਜੀ ਸਚਖੰਡ ਕਉ ਸਿਧਾਰੇ ਹੈ॥ ਜਬ ਜਾਇ ਦੇਖਹਿ ਚਿਖਾ ਊਪਰਿ ਕਿਛੁ ਨਾਹੀ॥ ਦੇਹਾ ਥੋਕੇ ਕਾ ਝਗੜਾ ਚੁਕ ਗਇਆ॥’ ਪਰ ਭਾਈ ਬਾਲੇ ਵਾਲੀ ਜਨਮ ਸਾਖੀ ਅਨੁਸਾਰ ‘ਵਿੱਚੋਂ ਹੀ ਭਲੇ ਲੋਕਾਂ ਕਹਿਆ ਅੰਦਰ ਚਲਕੇ ਦੇਖੋ ਤਾਂ ਸਹੀ ਜਾਂ ਦੇਖਿਆ ਤਾਂ ਚਾਦਰ ਹੀ ਹੈ ਬਾਬੇ ਦੀ ਦੇਹ ਹੈ ਨਹੀਂ।’
ਇਸ ਜਨਮ ਸਾਖੀ ਦਾ ਕਰਤਾ ਗੁਰੂ ਨਾਨਕ ਸਾਹਿਬ ਦੇ ਮਿਰਤਕ ਸਰੀਰ ਦੀ ਅੰਤਮ ਕ੍ਰਿਆ ਨੂੰ ਲੈ ਕੇ ਹਿੰਦੂ ਮੁਸਲਮਾਨਾਂ ਤਕਰਾਰ ਹੋਣ ਦੀ ਗੱਲ ਤਾਂ ਕਰਦਾ ਹੈ ਪਰੰਤੂ ਗੁਰਦੇਵ ਦਾ ਸਰੀਰ ਅਲੋਪ ਹੋਣ ਮਗਰੋਂ ਗੁਰੂ ਸਾਹਿਬ ਦੀ ਚਾਦਰ ਨੂੰ ਆਪਸ ਵਿੱਚ ਵੰਡ ਕੇ ਸਸਕਾਰਨ ਜਾਂ ਦਫਨਾਉਣ ਦਾ ਵਰਨਣ ਨਹੀਂ ਕਰਦਾ ਹੈ। ਇਤਨਾ ਹੀ ਨਹੀਂ ਇਸ ਸਾਖੀ ਦਾ ਕਰਤਾ ਚਿਖਾ ਨੂੰ ਅਗਨ ਲਾਉਣ ਸਮੇਂ ਸਤਿਗੁਰੂ ਦੇ ਪਰਵਾਰ ਅਤੇ ਸੇਵਕਾਂ ਦਾ ਹੀ ਵਰਨਣ ਕਰਦਾ ਹੈ: ‘ਤਾ ਜਿਤਨੈ ਲੋਕ ਥੇ ਸੇਵਕ ਪਰਵਾਰੁ ਗੁਰੂ ਬਾਬੇ ਨਾਨਕ ਜੀ ਕਾ ਥਾ॥ ਤਿਨਹੁ ਚਿਖਾ ਕਉ ਲੰਬੁ ਦੀਆ॥’
ਇਹ ਗੱਲ ਵੀ ਨੋਟ ਕਰਨ ਵਾਲੀ ਹੈ ਕਿ ਭਾਈ ਬਾਲੇ ਵਾਲੇ, ਮਿਹਰਬਾਨ ਵਾਲੀ ਜਨਮ ਸਾਖੀ ਅਤੇ ਸ਼੍ਰੀ ਗੁਰ ਨਾਨਕ ਪ੍ਰਕਾਸ਼ ਵਿੱਚ ਗੁਰੂ ਨਾਨਕ ਸਾਹਿਬ ਨੂੰ ਲੈਣ ਆਉਣ ਵਾਲਿਆਂ ਵਿੱਚ ਹਿੰਦੂ ਧਰਮ ਨਾਲ ਸੰਬੰਧਤ ਹੀ ਇਤਿਹਾਸਕ ਅਤੇ ਮਿਥਹਾਸਕ ਪਾਤਰਾਂ ਦਾ ਜ਼ਿਕਰ ਹੈ, ਕਿਸੇ ਮੁਸਲਮਾਨ ਜਾਂ ਕਿਸੇ ਹੋਰ ਧਰਮ ਦੇ ਰਹਿਬਰ ਜਾਂ ਧਾਰਮਿਕ ਆਗੂ ਦਾ ਨਹੀਂ। ਇਸਲਾਮਿਕ ਪਿਛੋਕੜ ਰੱਖਣ ਵਾਲੇ ਉਹਨਾਂ ਭਗਤਾਂ ਦਾ ਜ਼ਰੂਰ ਵਰਨਣ ਕੀਤਾ ਹੈ ਜਿਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ।
ਭਾਈ ਬਾਲੇ ਵਾਲੇ ਵਾਲੀ ਅਤੇ ਮਿਹਰਬਾਨ ਰਚਿਤ ਜਨਮ ਸਾਖੀ ਤੋਂ ਇਲਾਵਾ ਪੁਰਾਤਨ ਜਨਮ ਸਾਖੀ ਵਿੱਚ ਵੀ ਹਿੰਦੂ ਅਤੇ ਮੁਸਲਮਾਨਾਂ ਵਿੱਚ ਹੋਏ ਤਕਰਾਰ ਦਾ ਵਰਨਣ ਅਤੇ ਗੁਰਦੇਵ ਦੇ ਸਣਦੇਹੀ ਸੱਚਖੰਡ ਜਾਣ ਦੀ ਗੱਲ ਲਿਖੀ ਹੋਈ ਹੈ। (ਨੋਟ: ਇਸ ਸਾਖੀ ਨੂੰ ਹੀ ਵਲਾਇਤ ਵਾਲੀ, ਹਾਫ਼ਜ਼ਾਬਾਦ ਵਾਲੀ ਅਤੇ ਮੈਕਾਲਿਫ ਵਾਲੀ ਜਨਮ ਸਾਖੀ ਕਿਹਾ ਜਾਂਦਾ ਹੈ) ਪਰ ਇਸ ਸਾਖੀ ਅਨੁਸਾਰ ਗੁਰੂ ਸਾਹਿਬ ਦੇ ਸਰੀਰ ਨੂੰ ਸਸਕਾਰਨ ਅਤੇ ਦਫ਼ਨਾਉਣ ਦਾ ਇਹ ਝਗੜਾ ਗੁਰੂ ਸਾਹਿਬ ਦੇ ਜੋਤੀ ਜੋਤ ਸਮਾਉਣ ਪਿੱਛੋਂ ਨਹੀਂ ਸਗੋਂ ਗੁਰੂ ਸਾਹਿਬ ਦੇ ਸਾਹਮਣੇ ਹੀ ਸ਼ੁਰੂ ਹੋ ਜਾਂਦਾ ਹੈ। ਸਤਿਗੁਰੂ ਜੀ ਦੇ ਸਾਹਮਣੇ ਹੀ ਜਦੋਂ ਇਹ ਦੋਵੇਂ ਧਿਰਾਂ ਇਸ ਗੱਲ ਨੂੰ ਲੈ ਕੇ ਆਪਸ ਵਿੱਚ ਤਕਰਾਰ ਕਰਨ ਲੱਗ ਪੈਂਦੀਆਂ ਹਨ ਤਾਂ ਗੁਰੂ ਜੀ ਨੇ ਹਿੰਦੂਆਂ ਨੂੰ ਕਿਹਾ ਕਿ ਤੁਸੀਂ ਮੇਰੇ ਸੱਜੇ ਪਾਸੇ ਅਤੇ ਮੁਸਲਮਾਨਾਂ ਨੂੰ ਕਿਹਾ ਕਿ ਤੁਸੀਂ ਮੇਰੇ ਖੱਬੇ ਪਾਸੇ ਫੁਲ ਰੱਖ ਦੇਵੋ, ਭਲਕੇ ਜਿਹਨਾਂ ਦੇ ਫੁਲ ਹਰੇ ਰਹਿਣਗੇ, ਉਹ ਆਪਣੇ ਢੰਗ ਨਾਲ ਸਾਡੇ ਸਰੀਰ ਨੂੰ ਸਸਕਾਰਣ ਜਾਂ ਦਫ਼ਨਾਉਣਗੇ। ਸਾਖੀਕਾਰ ਦੇ ਸ਼ਬਦ ਹਨ, ‘ਤਬ ਹਿੰਦੂ ਮੁਸਲਮਾਨ ਨਾਉ ਧਰੀਕ ਲਗੇ ਆਖਣਿ। ਮੁਸਲਮਾਨ ਲਗੇ ਆਖਣਿ: ‘ਅਸੀਂ ਦਬਹਿਂਗੇ’। ਅਤੇ ਹਿੰਦੂ ਲਾਗੇ ਆਖਣਿ: ਜੋ ‘ਅਸੀਂ ਜਲਾਹਾਂਗੇ’। ਤਬ ਬਾਬੇ ਆਖਿਆ: ‘ਜੋ ਤੁਸੀਂ ਦੁਹਾਂ ਵਲੀ, ਫੁਲ ਰਖਹੁ, ਦਾਹਣੀ ਵਲਿ ਹਿੰਦੂਆਂ ਕੈ ਰਖਹੁ, ਅਤੇ ਬਾਵੀ ਵਲਿ ਮੁਸਲਮਾਨਾਂ ਕੇ ਰਖਹੁ, ਜਿਸ ਦੇ ਭਲਕੇ ਹਰੇ ਰਹਿਨਿਗੇ, ਜੇ ਹਿੰਦੂਆਂ ਕੇ ਹਰੇ ਰਹਨਿ ਤਾਂ ਜਾਲਹਿਂਗੇ ਅਤੇ ਮੁਸਲਮਾਨਾਂ ਕੇ ਹਰੇ ਰਹਿਨਗੇ ਤਾਂ ਦਬਹਿਂਗੇ। ਤਬ ਬਾਬੈ ਸੰਗਤਿ ਨੂੰ ਹੁਕਮ ਕੀਤਾ, ‘ਕੀਰਤਨੁ ਪੜਹੁ’। ਤਬ ਸੰਗਤਿ ਲਗੀ ਕੀਰਤਨੁ ਪੜਣਿ॥ ੧॥ ਰਾਗ ਗਉੜੀ ਪੂਰਬੀ ਮਹਲਾ ੧॥ … ਜੈ ਘਰਿ ਕੀਰਤਿ ਆਖੀਐ ਕਰਤੇ ਕਾ ਹੋਇ ਬੀਚਾਰੋ॥ ਅਤੇ ਛਿਅ ਘਰ ਛਿਅ ਗੁਰ ਛਿਅ ਉਪਦੇਸ॥ ਧਨਾਸਰੀ ਰਾਗ ਹੋਯਾ ਆਰਤੀ ਗਾਵੀ। ਤਿਤ ਮਹਲਿ ਕੀਰਤਨੁ ਹੋਆ ਸਬਦ, ਤਬ ਸਲੋਕ ਪੜਿਆ:- ਪਵਣੁ ਗੁਰੂ ਪਾਣੀ ਪਿਤਾ. .॥
ਜਬ ਸਲੋਕ ਪੜਿਆ, ਤਬਿ ਬਾਬੈ ਚਾਦਰ ਉਪਰਿ ਲੈ ਕਰਿ ਸੁਤਾ। ਸੰਗਤਿ ਮਥਾ ਟੇਕਿਆ। ਜਬ ਚਾਦਰ ਉਠਾਵਨਿ ਤਾਂ ਕੁਛੁ ਨਾਹੀ। ਤਦਹੁ ਫੁਲ ਦੁਹਾਂ ਕੇ ਹਰੇ ਰਹੇ। ਹਿੰਦੂ ਆਪਣੇ ਲੇ ਗਏ, ਅਤੇ ਮੁਸਲਮਾਨ ਆਪਣੇ ਲੈ ਗਏ। ਸਰਬਤਿ ਸੰਗਤਿ ਪੈਰੀ ਪਈ।”
ਇਸ ਸਾਖੀ ਦਾ ਕਰਤਾ ਗੁਰੂ ਸਾਹਿਬ ਵਲੋਂ ਸੋਹਿਲੇ ਦੀ ਬਾਣੀ ਦੇ ਪਾਠ ਦਾ ਆਦੇਸ਼ ਦਿੰਦੇ ਹਨ ਪਰ ਮਿਹਰਬਾਨ ਰਚਿਤ ਜਨਮ ਸਾਖੀ ਅਨੁਸਾਰ ‘ਤਬ ਕੀਰਤਨੀਆ ਕਉ ਗੁਰੂ ਬਾਬੇ ਜੀ ਆਗਿਆ ਕਰੀ ਜੇ ਕੀਰਤਨ ਕਰਹੁ ਅਰੁ ਪੰਡਿਤਾ ਕੋ ਹੁਕਮੁ ਹੋਆ ਜੇ ਵੇਦ ਪੜਹੁ। ਕੀਰਤਨੀਏ ਕੀਰਤਨ ਲਾਗੇ ਕਰਣ। ਪੰਡਿਤ ਵੇਦ ਲਾਗੇ ਪੜਨਿ। ਸਾਸਤ੍ਰ ਭਗਵੰਤਿ ਗੀਤਾ ਪੜੇ। ਬੈਸਨੌ ਅਰੁ ਸੇਵਕ ਜੋ ਥੇ। ਸੋ ਲਾਗੇ ਠਾਕੁਰ ਜੀ ਕਾ ਜਸੁ ਕਰਣਿ।’ ਭਾਈ ਬਾਲੇ ਵਾਲੀ ਜਨਮ ਸਾਖੀ ਦੇ ਕਰਤੇ ਅਨੁਸਾਰ, ‘ਬਾਬੇ ਜੀ ਪੜਦਾ ਤਨਾਇ ਦਿਤਾ ਤੇ ਸਭ ਸਮਿੱਗ੍ਰੀ ਪਾਸ ਰਖਾ ਲਈ। ਪ੍ਰਿਥਵੀ ਤੇ ਆਸਣ ਕਰਾਕੇ ਦੋਇ ਚਾਦਰਾਂ ਲੈ ਕੇ ਪਦਮ ਆਸਣ ਪਰ ਬਿਰਾਜੇ; ਹੁਕਮ ਦੀਆ ਅੰਦਰ ਕੋਈ ਆਵੈ ਨਾਹੀਂ। ਸਭ ਸਿਖ ਸੰਗਤ ਪ੍ਰਵਾਰ ਬਾਹਰ ਬੈਠੇ।’
ਸ੍ਰੀ ਗੁਰ ਪੁਰ ਪ੍ਰਕਾਸ਼ ਗ੍ਰੰਥ ਦੇ ਕਰਤੇ ਨੇ ਗੁਰੂ ਨਾਨਕ ਸਾਹਿਬ ਦੇ ਮੁੱਖੋਂ ਨਿਮਨ ਲਿਖਤ ਸ਼ਬਦ ਕਢਵਾਏ ਹਨ: ‘ਪੁਨ ਗੁਰ ਕਹਿਯੋ ਕਨਾਤ ਤਨੀਜੈ। ਚਹੁਦਿਸ ਮਾਹਿੰ ਘੇਰ ਕਰ ਲੀਜੈ। ਸਭ ਕਨਾਤ ਕੇ ਪਾਸ ਬਠੀਜੈ। ਰਟਨ ਵਾਹਿਗੁਰੂ ਮੁਖ ਤੇ ਕੀਜੈ। ਸਿਰੀ ਚੰਦ ਪੁਨ ਲਖਮੀ ਦਾਸ। ਸ੍ਰੀ ਅੰਗਦ ਬ੍ਰਿਧ ਬੈਠੇ ਪਾਸ। ਤਾਨ ਕਨਾਤ ਭਲੀ ਬਿਧ ਦੀਨੀ। ਸ੍ਰੀ ਅੰਗਦ ਕੋ ਆਗਿਆ ਕੀਨੀ। ਜਪੁਜੀ ਪਠਿਯੋ ਭੋਗ ਜਬ ਪਾਯੋ। ਸੱਤਿਨਾਮ ਸ੍ਰੀ ਵਾਹਿਗੁਰੂ ਗਾਯੋ। ਸ੍ਰੀ ਗੁਰ ਅੰਬਰ ਮੁਖ ਪਰ ਆਇ। ਪੌਢ ਰਹੇ ਸਿੱਖਨ ਸੁਖਦਾਇ। ਸ੍ਰੀ ਅੰਗਦ ਪੁਨ ਸਬਦ ਉਚਾਰਾ। ਹੋਤ ਭਯੋ ਤਬ ਜੈ ਜੈ ਕਾਰਾ।’ (ਕਵਿ ਸੰਤ ਰੇਣ ਪ੍ਰੇਮ ਸਿੰਘ)
ਇਸ ਜਨਮ ਸਾਖੀ ਦਾ ਕਰਤਾ ਭਾਈ ਬਾਲੇ ਵਾਲੀ ਅਤੇ ਮਿਹਰਬਾਨ ਵਾਲੀ ਜਨਮ ਸਾਖੀ ਵਾਂਗ ਇਹ ਨਹੀਂ ਲਿਖਦਾ ਕਿ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਗੁਰੂ ਸਾਹਿਬ ਦੇ ਸੇਵਕਾਂ ਨੇ ਦਸਿਆ ਕਿ ਗੁਰੂ ਸਾਹਿਬ ਸਣਦੇਹੀ ਹੀ ਸੱਚ-ਖੰਡ ਚਲੇਗ ਗਏ ਹਨ। ਇਸ ਸਾਖੀ ਵਿੱਚ ਹਿੰਦੂਆਂ ਅਤੇ ਮੁਸਲਮਾਨਾਂ ਵਲੋਂ ਇਹਨਾਂ ਫੁਲਾਂ ਨੂੰ ਸਸਕਾਰਨ ਜਾਂ ਦਫ਼ਨਾਉਣ ਦਾ ਜ਼ਿਕਰ ਵੀ ਨਹੀਂ ਹੈ। ਸਾਖੀਕਾਰ ਕੇਵਲ ਇਤਨਾ ਹੀ ਲਿਖ ਰਿਹਾ ਹੈ ਕਿ, ‘ਹਿੰਦੂ ਆਪਣੇ ਲੇ ਗਏ, ਅਤੇ ਮੁਸਲਮਾਨ ਆਪਣੇ ਲੈ ਗਏ’। ਇਸ ਗੱਲ ਦਾ ਵੀ ਕੋਈ ਵਰਨਣ ਨਹੀਂ ਕਰਦਾ ਕਿ ਹਿੰਦੂਆਂ ਨੇ ਸਸਕਾਰ ਵਾਲੀ ਥਾਂ `ਤੇ ਸਮਾਧ ਬਣਾ ਲਈ ਅਤੇ ਮੁਸਲਮਾਨਾਂ ਨੇ ਕਬਰ ਜਾਂ ਮਸੀਤ ਬਣਾ ਲਈ।
ਸਿੱਖ ਇਤਿਹਾਸ ਵਿੱਚ ਮੈਕਸ ਆਰਥਰ ਮੈਕਾਲਿਫ ਹੁਰਾਂ ਨੇ ਇਸ ਜਨਮ ਸਾਖੀ ਵਿਚਲੀ ਸਾਖੀ ਨੂੰ ਹੀ ਆਧਾਰ ਬਣਾਇਆ ਹੋਇਆ ਹੈ।
ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਵਿੱਚ ਵੀ ਗੁਰੂ ਨਾਨਕ ਸਾਹਿਬ ਜੀ ਦੇ ਸਣ ਦੇਹੀ ਸੱਚ-ਖੰਡ ਜਾਣ ਦਾ ਵਰਨਣ ਕੀਤਾ ਹੋਇਆ ਹੈ। ਪਰ ਇਸ ਸਾਖੀ ਵਿੱਚ ਪਹਿਲੀਆਂ ਜਨਮ ਸਾਖੀਆਂ ਨਾਲੋਂ ਬਿਲਕੁਲ ਹੀ ਭਿੰਨ ਕਹਾਣੀ ਦਰਜ ਹੈ। ਇਸ ਜਨਮ ਸਾਖੀ ਅਨੁਸਾਰ, ‘ਮੁਸਲਮਾਨ ਇਕਠੇ ਹੋ ਆਏ ਜੋ ਏਹ ਖੁਦਾ ਦਾ ਵਲੀ ਸੀ ਅਸੀਂ ਇਸ ਨੂੰ ਦਬਾਂਗੇ ਤੇ ਹਿੰਦੂ ਕਹਿਣ ਸਾੜਾਂਗੇ। ਸੋ, ਬਡਾ ਰੌਲਾ ਪਿਆ। ਤਾਂ ਬਾਬਾ ਜੀ ਬਾਹਰ ਦੋਹਾਂ ਕੋਹਾਂ ਤੇ ਮਿਲੇ ਕਿਸੇ ਨੂੰ ਕਹਿਆ ਕਿ ਤੂੰ ਮੁਸਲਮਾਨ ਤੇ ਹਿੰਦੂ ਦੀਆਂ ਪੰਕਤਾਂ ਵਖੋ ਵਖ ਬਠਾ ਕਰ ਮੇਰਾ ਸਨੇਹਾ ਦੇਵਣਾ ਕਿ ਤੁਸੀਂ ਜੋ ਮੇਰਾ ਪੰਜਾਂ ਭੂਤਾਂ ਦਾ ਸਰੀਰ ਦੇਖਦੇ ਸੇ, ਸੋ ਤੁਸਾਡੀ ਭਾਵਨੀ ਕਰ ਦ੍ਰਿਸਟ ਆਂਵਦਾ ਸੀ, ਪਰ ਮੈਂ ਸਰੀਰ ਨਹੀਂ ਸੀ ਧਾਰਿਆ। ਸੋ, ਮੇਰੇ ਆਸਣ ਤੇ ਦੋਂਹ ਪਟਾਂ ਦੀ ਚਾਦਰ ਪਈ ਹੈ ਸੋ ਇੱਕ ਪਟ ਹਿੰਦੂ ਸਿਸਕਾਰ ਕਰਨ ਅਰ ਇੱਕ ਪਟ ਮੁਸਲਮਾਨ ਦਬ ਕੇ ਕਬਰ ਕਰਨ। ਤਾਂ ਉਸ ਆਣ ਕੇ ਆਖਿਆ ਅਰ ਉਨਾਂ ਉਸੇ ਤਰਾਂ ਕੀਤਾ।’ (ਨੋਟ: ਇਸ ਸਾਖੀ ਦੇ ਪ੍ਰਚਲਤ ਨਾਮ ਕਰਣ ਕਰਕੇ ਹੀ ਭਾਈ ਮਨੀ ਸਿੰਘ ਜੀ ਵਾਲੀ ਜਨਮ ਸਾਖੀ ਲਿਖ ਰਹੇ ਹਾਂ।) (ਚੱਲਦਾ)
.