.

ਗੁਰਬਾਣੀ `ਚ ਕੇਸਾਂ ਵਾਲਾ ਸਰੂਪ? (ਕਿਸ਼ਤ ੨)

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ 1956

ਗੁਰਬਾਣੀ ਅਨੁਸਾਰ ‘ਸਿੱਖ ਧਰਮ’ ਦਾ ਸਰੂਪ?

ਗੁਰਬਾਣੀ `ਚ ਜਿੱਥੋਂ ਵੀ ਦਰਸ਼ਨ ਕਰੋ ‘ਸਿੱਖ ਧਰਮ’ ਅਥਵਾ ‘ਸਿੱਖ ਰਹਿਣੀ’ ਆਪਣੇ ਆਪ `ਚ ਜੀਵਨ ਦੇ ਦੋ ਪੱਖਾਂ ਨਾਲ ਸੰਬੰਧਤ ਹੈ। ਇਸ ਤਰ੍ਹਾਂ ਜੀਵਨ ਦੇ ਇਹ ਦੋ ਪੱਖ ਹਨ:-

(ੳ) ਪਹਿਲਾ, ਗੁਰਬਾਣੀ ਵਿਚਾਰਧਾਰਾ `ਤੇ ਆਧਾਰਿਤ ਜੀਵਨ ਜਾਚ ਅਥਵਾ ਮਨੁੱਖਾ ਮਨ ਅਤੇ ਸਰੀਰ ਦੀ ਗੁਰਬਾਣੀ ਆਦੇਸ਼ਾਂ ਅਨੁਸਾਰ ਸਾਧਨਾ, ਕਮਾਈ, ਪੱਕਿਆਈ ਅਤੇ ਘਾੜਤ।

(ਅ) ਗੁਰਬਾਣੀ ਆਧਾਰਿਤ ਕਰਤੇ ਦੇ ਰਜ਼ਾ ਵਾਲੇ ਨਿਯਮ `ਚ ਹੀ ਸਿੱਖ ਧਰਮ ਦਾ ਦੂਜਾ ਪੱਖ ਹੈ ਮਨੁੱਖ ਦੇ ਸੰਪੂਰਣ ਕੇਸਾਧਾਰੀ ਇਲਾਹੀ ਤੇ ਰੱਬੀ ਸਰੂਪ ਦੀ ਸੰਭਾਲ।

ਉਂਜ ਵੀ ਸਮੂਚੀ ਗੁਰਬਾਣੀ ਦਾ ਧੁਰਾ “ਹੁਕਮਿ ਰਜਾਈ ਚਲਣਾ” (ਬਾਣੀ ਜਪੁ) ਹੀ ਹੈ। ਇਸ ਤਰ੍ਹਾਂ ਸਿੱਖ ਧਰਮ ਦੇ ਇਹ ਦੋਵੇਂ ਪੱਖ, (੧) ਗੁਰਬਾਣੀ ਤੋਂ ਪ੍ਰਗਟ ਜੀਵਨ ਜਾਚ ਵਾਲਾ ਪੱਖ (੨) ਸੰਪੂਰਣ ਕੇਸਾਧਾਰੀ ਮਨੁੱਖਾ ਸਰੂਪ ਵਾਲਾ ਪੱਖ; “ਹੁਕਮਿ ਰਜਾਈ ਚਲਣਾ” ਤੋਂ ਹੀ ਪ੍ਰਗਟ ਹੋ ਜਾਂਦੇ ਹਨ।

ਇਸ ਤਰ੍ਹਾਂ ਮੂਲ਼ ਰੂਪ `ਚ ਸਿੱਖ ਧਰਮ, ਗੁਰਬਾਣੀ ਵਿਚਾਰਧਾਰਾ ਤੋਂ ਪ੍ਰਗਟ ਮਾਨਵੀ ਕੱਦਰਾਂ ਕੀਮਤਾਂ ਨਾਲ ਭਰਪੂਰ ਅਜਿਹਾ ਧਰਮ ਹੈ ਜੋ ਆਪਣੇ ਆਪ `ਚ ਕੁੱਝ ਲੋਕਾਂ ਦਾ ਹੀ ਧਰਮ ਨਹੀ ਬਲਕਿ ਸਮੂਚੀ ਮਾਨਵਤਾ ਦਾ ਮੂਲ, ਰੱਬੀ, ਇਲਾਹੀ, ਸੱਚ ਅਤੇ ਆਦਿ ਕਾਲ ਦਾ ਧਰਮ ਵੀ ਇਹੀ ਹੈ।

ਉਪ੍ਰੰਤ ਮਨੁੱਖਾ ਜੀਵਨ ਦੇ ਇਨ੍ਹਾਂ ਦੋਨਾਂ ਪੱਖਾਂ ਨਾਲ ਸੰਬੰਧਤ ਕੁੱਝ ਹੋਰ ਵੇਰਵਾ:-

(੧) ਮਨੁੱਖਾ ਮਨ ਦੀ ਗੁਰਬਾਣੀ ਆਦੇਸ਼ਾਂ ਅਨੁਸਾਰ ਬਿਨਾ ਕਿੰਤੂ-ਪ੍ਰੰਤੂ ਸਾਧਨਾ ਤੇ ਕਮਾਈ। ਉਪ੍ਰੰਤ ਅਜਿਹੀ ਸਾਧਨਾ ਦੀ ਜੀਵਨ ਦੇ ਨਿਜੀ, ਪ੍ਰਵਾਰਕ, ਸਮਾਜਕ, ਰਾਜਨੈਤਿਕ ਭਾਵ ਜੀਵਨ ਦੇ ਹਰੇਕ ਖੇਤ੍ਰ `ਚ ਵਰਤੋਂ। ਇਹ ਵੀ ਕਿ ਇਸ ਵਿਸ਼ੇ ਦੀ ਪ੍ਰੌੜਤਾ ਲਈ ਗੁਰਬਾਣੀ `ਚ ਵੀ ਬਹੁਤੇਰੇ ਫ਼ੁਰਮਾਨ ਆਏ ਹਨ ਜਦਕਿ ਵਿਸ਼ੇ ਨੂੰ ਸਪਸ਼ਟ ਕਰਣ ਲਈ ਇਥੇ ਅਸੀਂ ਕੇਵਲ ਇੱਕ ਗੁਰਬਾਣੀ ਫ਼ੁਰਮਾਨ ਹੀ ਲੈ ਰਹੇ ਹਾਂ। ਤਾਂ ਤੇ ਇਹ ਗੁਰਬਾਣੀ ਫ਼ੁਰਮਾਨ ਹੈ, “ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ” (ਪੰ: ੪੦੪) ਅਰਥ ਹਨ, ਗੁਰਬਾਣੀ ਜੀਵਨ ਵਾਲੇ ਅਨੰਦ ਨੂੰ ਗੁਰਬਾਣੀ ਆਦੇਸ਼ਾਂ ਦੀਆਂ ਨੰਬਰਵਾਰ “ਦਰਸਨ ਪਰਸਨ ਸਰਸਨ ਹਰਸਨ” ਚਾਰ ਪਉੜੀਆਂ `ਤੇ ਚੜ੍ਹ ਕੇ ਹੀ ਮਾਣਿਆ ਤੇ ਭੋਗਿਆ ਜਾ ਸਕਦਾ ਹੈ, ਉਸ ਤੋਂ ਬਿਨਾ ਅਜਿਹਾ ਹੋਣਾ ਹੀ ਸੰਭਵ ਨਹੀ।

ਇਸਤਰ੍ਹਾਂ ਇਨ੍ਹਾਂ ਚਾਰ ਪਉੜੀਆਂ ਚੋਂ ਪਹਿਲੀ ਪਉੜੀ ਹੈ ਗੁਰਬਾਣੀ ਦੇ ਦਰਸ਼ਨ ਭਾਵ ‘ਗੁਰਬਾਣੀ ਦਾ ਅਭਿਆਸ’। ਗੁਰਬਾਣੀ ਜੀਵਨ ਦੀ ਪ੍ਰਾਪਤੀ ਲਈ ‘ਗੁਰਬਾਣੀ ਅਭਿਆਸ’ ਤੋਂ ਅਗਲੀ ਤੇ ਦੂਜੀ ਪਉੜੀ ਹੈ ਗੁਰਬਾਣੀ ਦਾ ‘ਪਰਸਨ’। ਅਰਥ ਹਨ, ਗੁਰਬਾਣੀ ਦਾ ਮਨੁੱਖ ਦੇ ਮਨ ਅਤੇ ਜੀਵਨ ਨਾਲ ਸਪ੍ਰਸ਼’ (ਪਰਸਨ) ਅਥਵਾ ‘ਗੁਰਬਾਣੀ ਦੀ ਵਿਚਾਰ, ਸੋਝੀ ਤੇ ਕਮਾਈ

ਇਸ `ਤੇ ਇਹ ਵੀ ਧਿਆਣ ਦੇਣਾ ਹੈ ਕਿ ਗੁਰਬਾਣੀ ਨਾਲ ਜੀਵਨ ਦਾ ਅਜਿਹਾ ਪਰਸਨ (ਸਪ੍ਰਸ਼) ਤਾਂ ਹੀ ਸੰਭਵ ਹੈ ਜਦੋਂ ਗੁਰਬਾਣੀ ਦੇ ਦਰਸ਼ਨਾ ਦਾ ਮਤਲਬ ਹੀ ਗੁਰਬਾਣੀ ਦਾ ਅਭਿਆਸ ਹੋਵੇ ਉਸ ਤੋਂ ਬਿਨਾ ਕੇਵਲ ਰੁਮਾਲਾ ਆਦਿ ਚੁੱਕ ਕੇ ਅਜਿਹਾ ‘ਪਰਸਨ’ ਭਾਵ ਸਪ੍ਰਸ਼’ ਸੰਭਵ ਹੀ ਨਹੀਂ)

ਉਪ੍ਰੰਤ ਮਨੁੱਖਾ ਮਨ ਨਾਲ ਗੁਰਬਾਣੀ ਦਾ ਸਪ੍ਰਸ਼ ਹੋ ਜਾਣ ਦੀ ਪਛਾਣ ਹੈ ਸਰਸਨ। ਸਰਸਨ ਦੇ ਅਰਥ ਹਨ ਗੁਰਬਾਣੀ `ਚੋਂ ਪ੍ਰਗਟ ਹੋ ਰਹੀ ਵਿਚਾਰ-ਸੋਝੀ ਦਾ, ਮਨੁੱਖ ਦੀ ਰਗ ਰਗ `ਚ ਧੱਸਦੇ ਤੇ ਵੱਸਦੇ ਜਾਣਾ; ਮਨੁੱਖਾ ਜੀਵਨ ਦਾ ਗੁਰਬਾਣੀ ਦੀ ਆਗਿਆ ਤੇ ਆਦੇਸ਼ਾਂ ਅਨੁਸਾਰ ਘੜਿਆ ਜਾਣਾ।

ਉਪ੍ਰੰਤ ਗੁਰਬਾਣੀ ਸੋਝੀ ਨਾਲ ਭਰਪੂਰ, ਜੀਵਨ ਦੀ ਅਜਿਹੀ ਉੱਚਤੱਮ ਅਵਸਥਾ ਸਮੇਂ ਜੀਵਨ `ਚ ਹਰ ਪਾਸਿਓਂ ਨਿਖਾਰ ਤੇ ਖੇੜਾ ਆ ਜਾਂਦਾ ਹੈ। ਕਿਉਂਕਿ ‘ਹਰਸਨ’ ਦੇ ਅਰਥ ਹੀ ਖੁਸ਼ੀ ਤੇ ਖੇੜਾ ਹਨ। ਜੀਵਨ ਦੀ ਅਜਿਹੀ ਚੌਥੀ ਤੇ ਆਖ਼ਰੀ ਅਵਸਥਾ `ਚ ਪੁਜਿਆ ਮਨੁੱਖ ਹਰ ਸਮੇਂ “ਰੰਗਿ ਰੰਗੀ ਕਰਤਾਰੀ ਰੇ” ਮਨੁੱਖ ਦਾ ਸੁਆਸ ਸੁਆਸ ਪ੍ਰਭੂ ਦੇ ਨਾਮ ਰੰਗ `ਚ ਰੰਗਿਆ ਜਾਂਦਾ ਹੈ। ਬਾਣੀ ਜਪੁ `ਚ ਮਨੁੱਖਾ ਜੀਵਨ ਦੀ ਇਸੇ ਅਵਸਥਾ ਲਈ ਹੀ “ਤਿਥੈ ਸੀਤੋ ਸੀਤਾ ਮਹਿਮਾ ਮਾਹਿ॥ ਤਾ ਕੇ ਰੂਪ ਨ ਕਥਨੇ ਜਾਹਿ. .” ਵਾਲੀ ਸ਼ਬਦਾਵਲੀ ਆਈ ਹੈ ਅਤੇ ਹੌਰ ਵੀ ਅਨੇਕਾਂ ਥਾਵੇਂ ਅਤੇ ਅਨੇਕਾਂ ਰੂਪਾਂ `ਚ।

(੨) ਦੂਜਾ-ਮਨੁੱਖਾ ਜੀਵਨ ਦੇ ਸੱਚ ਦਾ ਹੀ ਅਣਿਖੜਵਾਂ ਅੰਗ ਹੈ ਮਨੁੱਖ ਦਾ ਕੇਸਾਧਾਰੀ ਸਰੂਪ ਮਨੁੱਖ ਦਾ ਉਹ ਸਰੂਪ ਜਿਹੜਾ ਕਰਤੇ ਅਕਾਲਪੁਰਖ ਨੇ ਮਨੁੱਖ ਲਈ ਘੜਿਆ ਤੇ ਮਨੁੱਖ ਨੂੰ ਦਿੱਤਾ ਹੋਇਆ ਹੈ। ਇਸ ਸੰਬੰਧੀ ਗੁਰਬਾਣੀ ਪ੍ਰਮਾਣਾ ਸਹਿਤ ਖੁੱਲਾ ਡੁੱਲਾ ਤੇ ਭਰਵਾਂ ਜ਼ਿਕਰ ਆ ਚੁੱਕਾ ਹੈ।

“ਕੇਸੋ ਕੇਸੋ ਕੂਕੀਐ” - ਗੁਰਬਾਣੀ `ਚ ਅਕਾਲਪੁਰਖ ਦੇ ਬੇਅੰਤ ਗੁਣਵਾਚਕ ਨਾਮ ਆਏ ਹਨ। ਕਰਤੇ ਲਈ ਉਨ੍ਹਾਂ ਬੇਅੰਤ ਨਾਵਾਂ `ਚੋਂ ਹੀ ਇੱਕ ਨਾਮ ਆਇਆ ਹੈ ਕੇਸਵ; ਉਹ ਵੀ ਕਈ ਰੂਪਾਂ `ਚ ਜਿਵੇਂ “ਕੇਸਵ, ਕੇਸਵਾ, ਕੇਸਵਹ, ਕੇਸਵਹ, ਕੇਸੋ” ਆਦਿ। ਜਦਕਿ ਲਫ਼ਜ਼ ਕੇਸ਼ਵ ਦੇ ਅੱਖਰੀਂ ਅਰਥ ਹਨ, ਉਹ ਪ੍ਰਭੂ ਜਿਸਦਾ ਸ਼ਯਣ ਅਥਵਾ ਹੋਂਦ, ਮਨੁੱਖ ਦੇ ਇੱਕ ਇੱਕ ਕੇਸ ਤੇ ਰੋਮ `ਚ ਹੈ ਜਿਵੇਂ:

“ਲੋਭ ਲਹਰਿ ਅਤਿ ਨੀਝਰ ਬਾਜੈ॥ ਕਾਇਆ ਡੂਬੈ ਕੇਸਵਾ” (ਪੰ: ੧੧੯੬) ਹੋਰ

“ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ” (ਪੰ: ੩੮੮) ਪੁਨ:

“ਕਬੀਰ ਕੇਸੋ ਕੇਸੋ ਕੂਕੀਐ ਨ ਸੋਈਐ ਅਸਾਰ” (ਪੰ: ੧੩੭੭) ਅਥਵਾ

ਕੇਸਵ ਕਲੇਸ ਨਾਸ ਅਘ ਖੰਡਨ ਨਾਨਕ ਜੀਵਤ ਦਰਸ ਦਿਸੇ” (ਪੰ: ੮੨੯)

ਜਦਕਿ ਇਸ ਤੋਂ ਪਹਿਲਾਂ, ਗੁਰਬਾਣੀ `ਚੋਂ ਬਹੁਤੇਰੇ ਪ੍ਰਮਾਣਾ ਨਾਲ ਇਹ ਵੀ ਸਪਸ਼ਟ ਕੀਤਾ ਜਾ ਚੁੱਕਾ ਹੈ ਕਿ ਗੁਰਬਾਣੀ `ਚ ਮਨੁੱਖ ਲਈ ਸੰਪੂਰਣ ਕੇਸਾਧਾਰੀ ਸਰੂਪ ਦੀ ਹੀ ਪ੍ਰੌੜਤਾ ਕੀਤੀ ਗਈ ਹੈ ਨਾ ਕਿ ਸਰੀਰ ਅੰਦਰ ਕਿਸੇ ਤਰ੍ਹਾਂ ਦੀ ਕੱਟ ਵੱਡ ਦੀ।

ਬਲਕਿ ਮਨੁੱਖਾ ਸਰੂਪ ਦੀ ਸੁੱਨਤ ਤੌਂ ਅਰੰਭ ਕਰਕੇ ਕੇਸਾਂ-ਦਾੜ੍ਹੀ ਸਮੇਤ ਕਿਸੇ ਵੀ ਤਰ੍ਹਾਂ ਦੀ ਕੱਟ-ਵੱਢ, ਇਸੇ ਤਰ੍ਹਾਂ ਧਰਮ ਦੇ ਨਾਮ `ਤੇ ਮਨੁੱਖ ਦੇ ਜੋਗੀ, ਜਤੀ, ਸੰਨਿਆਸੀ, ਬ੍ਰ੍ਹਮਗਿਆਨੀ, ਸੰਤ, ਸਾਧ, ਮਹਾਤਮਾ ਆਦਿ ਵਾਲੇ ਅਨੇਕਾਂ ਭੇਖਾਂ ਸਮੇਤ ਮਨੁੱਖ ਨੂੰ ਕਿਸੇ ਵੀ ਅਜਿਹੇ ਕਿਰਦਾਰ ਦੀ ਪ੍ਰੌੜਤਾ ਨਹੀਂ ਕੀਤੀ ਗਈ। ਉਸ ਸਾਰੇ ਨੂੰ ਇਲਾਹੀ, ਰੱਬੀ ਤੇ ਸੱਚ ਧਰਮ ਦੀ ਕਸੌਟੀ `ਤੇ ਮੂਲੋਂ ਹੀ ਪ੍ਰਵਾਣ ਨਹੀਂ ਕੀਤਾ ਗਿਆ। ਚੂੰਕਿ ਇਸ ਵਿਸ਼ੇ `ਤੇ ਭਰਵਾਂ ਜ਼ਿਕਰ ਪਹਿਲਾਂ ਆ ਚੁੱਕਾ ਹੈ, ਇਸ ਲਈ ਉਸਨੂੰ ਇਥੇ ਦੌਰਾਨ ਦੀ ਲੋੜ ਨਹੀਂ।

ਜਦਕਿ ਉਪਰ ਆ ਚੁੱਕੇ ਅਕਾਲਪੁਰਖ ਨਾਲ ਸੰਬੰਧਤ, ਗੁਰਬਾਣੀ `ਚ ਲਫ਼ਜ਼ ਕੇਸ਼ਵ ਵਾਲੇ ਆਏ ਅਨੇਕਾਂ ਪ੍ਰਮਾਣਾਂ ਤੋਂ ਇਹ ਵੀ ਸਪਸ਼ਟ ਹੋ ਜਾਂਦਾ ਹੈ ਕਿ ਗੁਰਦੇਵ ਅਥਵਾ ਭਗਤ ਸਾਹਿਬਾਨ ਜਦੋਂ ਕਰਤੇ ਅਕਾਲਪੁਰਖ ਲਈ “ਕੇਸਵ, ਕੇਸਵਾ, ਕੇਸਵਹ, ਕੇਸਵਹ, ਕੇਸੋ” ਆਦਿ ਵਿਸ਼ੇਸ਼ਣ ਵਰਤਦੇ ਹਨ ਤਾਂ ਕਰਤੇ ਦਾ ਇਹ ਗੁਣ, ਮੁੱਖ ਤੌਰ `ਤੇ ਉਸਦੀ ਰਚਨਾ ਦੇ ਕਿਹੜੇ ਅੰਗ ਤੋਂ ਪ੍ਰਗਟ ਹੁੰਦਾ ਹੈ? ਤਾਂ ਤੇ ਉਸ ਦੀ ਰਚਨਾ ਦਾ ਉਹ ਅੰਗ ਵੀ ਮਨੁੱਖਾ ਜਨਮ ਅਥਵਾ ਮਨੁੱਖਾ ਸਰੀਰ ਹੀ ਹੈ। ਉਪ੍ਰੰਤ ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦੀ ਸਫ਼ਲਤਾ ਲਈ ਵੀ:-

“ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ” (ਪੰ: ੬੦੧) ਅਥਵਾ

“ਗੁਰ ਕੀ ਮਤਿ ਤੂੰ ਲੇਹਿ ਇਆਨੇ” ੇ (ਪੰ: ੨੮੮) ਜਾਂ

“ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ” (ਪੰ: ੨੮੬)

ਆਦਿ ਗੁਰ ਫ਼ੁਰਮਨਾਂ `ਤੇ ਅਮਲ ਦੀ ਲੋੜ ਹੁੰਦੀ ਹੈ। ਤਾ ਕਿ ਮਨੁੱਖੀ ਮਨ ਨੂੰ ਗੁਰੂ ਨਾਲ ਜੋੜ ਕੇ ਮਨੁੱਖਾ ਜੀਵਨ ਨੂੰ ਗੁਰਮੱਤੀਆ ਬਣਾਇਆ ਜਾ ਸਕੇ। ਇਸ ਦੇ ਉਲਟ ਮਨੁੱਖ ਆਪਣੇ ਸਰੂਪ ਦੀ ਕੱਟ ਵੱਢ, ਭੇਖਾਂ, ਕਰਮਕਾਂਡਾ ਤੇ ਸੰਸਾਰਕ ਰਸਾਂ ਕਸਾਂ `ਚ ਉਲਝਿਆ ਰਹਿ ਕੇ ਪ੍ਰਾਪਤ ਆਂਪਣੇ ਦੁਰਲਭ ਮਨੁੱਖਾ ਜਨਮ ਨੂੰ ਵੀ ਬਿਰਥਾ ਕਰ ਦਿੰਦਾ ਹੈ। ਗੁਰਬਾਣੀ ਅਨੁਸਾਰ ਬਿਰਥਾ ਜਨਮ ਦਾ ਹੀ ਅਗਲਾ ਪੜਾਅ ਹੁੰਦਾ ਹੈ ਮੌਤ ਤੋਂ ਬਾਅਦ ਵੀ ਜੀਵ ਦਾ ਮੁੜ ਜਨਮ-ਮਰਨ ਤੇ ਜੂਨਾਂ-ਗਰਭਾਂ ਦੇ ਗੇੜ. ਚ ਪੈਣਾ। ਅਜਿਹੇ ਜੀਵਨ ਨੂੰ ਹੀ ਗੁਰਬਾਣੀ `ਚ ਮਨਮਤੀਆ ਜੀਵਨ ਅਥਵਾ ਮਨਮੁਖ ਵੀ ਕਿਹਾ ਹੈ।

“ਕਰ ਪਲਵ ਸਾਖਾ ਬੀਚਾਰੇ” - ਗੁਰਬਾਣੀ `ਚ ਭਗਤ ਬੇਣੀ ਜੀ ਵੀ ਇਕੋ ਇੱਕ ਇਲਾਹੀ ਸੱਚ ਧਰਮ ਅਥਵਾ ਸਮਚੇ ਮਨੁੱਖ ਮਾਤ੍ਰ ਦੇ ਇਕੋ ਇੱਕ ਮਾਨਵੀ ਧਰਮ ਦੀ ਵਿਆਖਿਆ ਇਸੇ ਤਰ੍ਹਾਂ ਕਰਦੇ ਹਨ। ਫ਼ੁਰਮਾਨ ਹੈ “ਕਰ ਪਲਵ ਸਾਖਾ ਬੀਚਾਰੇ॥ ਅਪਨਾ ਜਨਮੁ ਨ ਜੂਐ ਹਾਰੇ” (ਪੰ: ੪੬੬) ਉਪ੍ਰੰਤ ਫ਼ੁਰਮਾਨ ਦੇ ਅਰਥ ਹਨ:-

“ਐ ਮਨੁੱਖ! ਤੂੰ ਬਿਰਖ ਵੱਲ ਦੇਖ, ਇਸ ਦੀਆਂ ਟਾਹਣੀਆਂ ਨਾਲ (ਬੇਅੰਤ) ਪੱਤੇ ਲੱਗੇ ਹੋਏ ਹਨ। ਜ਼ਰਾ ਵਿਚਾਰ ਤਾਂ ਸਹੀ, ਆਖ਼ਿਰ ਇਸ ਬਿਰਖ ਦੇ ਅਜੋਕੇ ਵਿਸਤਾਰ ਤੇ ਇਨ੍ਹਾਂ ਬੇਅੰਤ ਟਾਹਣੀਆਂ ਤੇ ਪੱਤਿਆਂ ਦਾ ਮੂਲ ਕਿਥੇ ਹੈ? ਅਸਲ `ਚ ਉਸ ਬਿਰਖ ਦੀਆਂ ਟਾਹਣੀਆਂ ਤੇ ਪੱਤਿਆਂ ਦਾ ਮੂਲ, ਉਸ ਬਿਰਖ ਦੀ ਜੜ੍ਹ `ਚ ਹੈ। ਇਹੀ ਕਾਰਣ ਹੈ ਕਿ ਜਦੋਂ ਤੱਕ ਇਹ ਬਿਰਖ ਆਪਣੇ ਮੂਲ ਅਥਵਾ ਆਪਣੀ ਜੜ੍ਹ ਨਾਲ ਜੁੜਿਆ ਰਹਿੰਦਾ ਹੈ। ਇਸੇ ਤੋਂ ਇਸ ਨੂੰ ਹਰ ਸਮੇਂ ਆਪਣੇ ਮੂਲ ਅਥਵਾ ਆਪਣੀ ਜੜ੍ਹ ਤੋਂ ਆਪਣੀਆਂ ਟਹਿਣੀਆਂ ਤੇ ਪੱਤਿਆਂ ਆਦਿ ਲਈ ਖ਼ੁਰਾਕ ਵੀ ਮਿਲਦੀ ਰਹਿੰਦੀ ਹੈ। ਇਸੇ ਤੋਂ ਇਸਦੇ ਪੱਤੇ ਤੇ ਟਹਿਣੀਆਂ ਆਦਿ ਦੀ ਹਰਿਆਵਲ ਕਾਇਮ ਰਹਿੰਦੀ ਹੈ।

ਇਸੇ ਤਰ੍ਹਾਂ ਜਿਹੜੇ ਮਨੁੱਖ ਆਪਣੇ ਮੂਲ ਪ੍ਰਭੂ ਨਾਲ ਜੁੜੇ ਰਹਿ ਕੇ “ਅਗੈ ਕਰਣੀ ਕੀਰਤਿ ਵਾਚੀਐ (ਪੰ: ੪੬੪) ਅਤੇ “ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ” (ਪੰ: ੫੫੩) ਅਥਵਾ ਕਰਿ ਕਰਣੀ ਕਸੁ ਪਾਈਐ” (ਪੰ: ੩੬੦) ਵਾਲੀਆਂ ਗੁਰਬਾਣੀ ਵਿਚਲੀਆਂ ਚੇਤਾਵਣੀਆਂ ਦੇ ਆਧਾਰ `ਤੇ ਆਪਣੇ ‘ਕਰ’ ਭਾਵ ਆਪਣੇ ਹੱਥਾਂ ਨੂੰ “ਸੁਕ੍ਰਿਤ ਕਰਣੀ” ਬਣਾ ਕੇ ਰਖਦੇ ਹਨ।

ਅਜਿਹੇ ਗੁਰਮੁਖ “ਅਪਨਾ ਜਨਮੁ ਨ ਜੂਐ ਹਾਰੇ” ਅਨੁਸਾਰ ਪ੍ਰਾਪਤ ਮਨੁੱਖਾ ਜਨਮ ਦੀ ਬਾਜ਼ੀ ਨੂੰ ਹਾਰ ਕੇ ਨਹੀਂ, ਬਲਕਿ ਇਸ ਸੰਸਾਰ ਤੋਂ ਜਿੱਤ ਕੇ ਜਾਂਦੇ ਹਨ; ਜੀਵਨ ਨੂੰ ਸਫ਼ਲ ਕਰਕੇ ਜਾਂਦੇ ਹਨ। ਇਸ ਤਰ੍ਹਾਂ ਸਰੀਰਕ ਮੌਤ ਤੋਂ ਬਾਅਦ ਵੀ ਕਰਤੇ `ਚ ਹੀ ਸਮਾਅ ਜਾਂਦੇ ਹਨ ਤੇ ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਂਦੇ।

ਇਸ ਤਰ੍ਹਾਂ ਸੰਬੰਧਤ ਸ਼ਬਦ `ਚ “ਕਰ ਪਲਵ ਸਾਖਾ ਬੀਚਾਰੇ॥ ਅਪਨਾ ਜਨਮੁ ਨ ਜੂਐ ਹਾਰੇ” ਵਾਲੀ ਪੰਕਤੀ ਵਿਚਲੇ ਵਿਸ਼ੇ ਦੀ ਸੀਮਾਂ ਕੇਵਲ ਇਤਨੀ ਹੀ ਨਹੀਂ, ਜਿਤਨੀ ਕਿ ਅਸਾਂ ਇਥੇ ਪ੍ਰਮਾਣ ਵੱਜੋਂ ਲਈ ਹੈ। ਬਲਕਿ ਇਹ ਸੀਮਾਂ ਤਾਂ “ਕਰ ਪਲਵ ਸਾਖਾ ਬੀਚਾਰੇ॥ ਅਪਨਾ ਜਨਮੁ ਨ ਜੂਐ ਹਾਰੇ॥ ਅਸੁਰ ਨਦੀ ਕਾ ਬੰਧੈ ਮੂਲੁ॥ ਪਛਿਮ ਫੇਰਿ ਚੜਾਵੈ ਸੂਰੁ॥ ਅਜਰੁ ਜਰੈ ਸੁ ਨਿਝਰੁ ਝਰੈ॥ ਜਗੰਨਾਥ ਸਿਉ ਗੋਸਟਿ ਕਰੈ…” ਅਤੇ ਇਸਤੋਂ ਵੀ ਅੱਗੇ ਚੱਲ ਰਹੀ ਹੈ ਜਦਕਿ ਸਾਰੇ ਸ਼ਬਦ `ਚ ਮੂਲ ਵਿਸ਼ਾ ਉਹੀ ਤੇ ਇਕੋ ਹੀ ਚੱਲ ਰਿਹਾ ਹੈ ਕਿ ਐ ਮਨੁੱਖ! ਇਸ ਜਨਮ ਨੂੰ ਸਫ਼ਲ਼ ਕਰਣ ਲਈ ਤੂੰ ਵੀ ਜੀਵਨ ਭਰ, ਗੁਰੂ ਗੁਰਬਾਣੀ ਦੀ ਕਮਾਈ ਕਰ ਅਤੇ ਅਪਣੇ ਮੂਲ ਪ੍ਰਭੂ ਨਾਲ ਜੁੜਿਆ ਰਹਿ।

ਉਪ੍ਰੰਤ ਇਸੇ ਸ਼ਬਦ `ਚ ਬੇਣੀ ਜੀ ਇੱਕ ਫੁਲ ਦੀ ਮਿਸਾਲ ਨੂੰ ਵਰਤ ਕੇ ਵੀ ਇਸ ਵਿਸ਼ੇ ਨੂੰ ਬਿਆਣਦੇ ਹਨ, ਫ਼ੁਰਮਾਨ ਹੈ “ਪਲੂ ਅਨਤ ਮੂਲੁ ਬਿਚਕਾਰਿ” (ਪੰ: ੯੭੪) ਅਰਥ ਹਨ ਜਿਵੇਂ ਇੱਕ ਫੁਲ ਦਾ ਮੁਕਰੰਦ (ਮੂਲ) ਤਾਂ ਉਸ ਫੁਲ ਦੇ ਵਿਚਕਾਰ ਹੁੰਦਾ ਹੈ ਜਦਕਿ ਫੁਲ ਦੀ ਸੁੰਦਰਤਾ ਤੇ ਖੁਸ਼ਬੂ ਉਸ ਦੀਆਂ ਸਮੂਹ ਪੱਤੀਆਂ `ਚੋਂ ਆ ਰਹੀ ਹੁੰਦੀ ਹੈ। ਇਸ ਤਰ੍ਹਾਂ ਮਨੁੱਖ ਵੀ ਜਦੋਂ ਆਪਣੇ ਮੂਲ, ਕਰਤੇ ਨਾਲ ਜੁੜ ਕੇ ਜੀਵਨ ਬਿਤਾਉਂਦਾ ਹੈ ਤਾਂ ਉਸ ਦੇ ਜੀਵਨ ਅੰਦਰੋਂ ਵੀ ਪ੍ਰਭੂ ਵਾਲੇ ਉੱਚ ਗੁਣਾਂ ਦੀ ਖ਼ੁਸ਼ਬੂ ਆਉਂਦੀ ਹੈ। ਚੇਤੇ ਰਹੇ! ਆਪਣੇ ਮੂਲ, ਪ੍ਰਭੂ ਨਾਲ ਜੁੜੇ ਹੋਣ ਦਾ ਮਤਲਬ ਹੀ “ਹੁਕਮਿ ਰਜਾਈ ਚਲਣਾ” ਅਥਵਾ ਕਰਤੇ ਪ੍ਰਭੂ ਦੀ ਰਜ਼ਾ `ਚ ਚੱਲਦੇ ਹੋਏ ਸੁਭਾਅ ਤੇ ਸਰੂਪ ਦੋਨਾਂ ਦੀ ਸੰਭਾਲ ਕਰਣੀ ਹੈ।

ਸਿਖੀ ਸਿਖਿਆ ਗੁਰ ਵੀਚਾਰਿ” -ਹੁਣ ਇਸ ਵਿਸ਼ੇ ਨੂੰ ਅਸੀਂ ਇੱਕ ਹੋਰ ਗੁਰ ਫ਼ੁਰਮਾਨ ਰਾਹੀਂ ਵੀ ਸਮਝਣ ਦਾ ਯਤਣ ਕਰਾਂਗੇ। ਬਾਣੀ ਆਸਾ ਕੀ ਵਾਰ `ਚ ਗੁਰਦੇਵ ਫ਼ੁਰਮਾਉਂਦੇ ਹਨ ਸਿਖੀ ਸਿਖਿਆ ਗੁਰ ਵੀਚਾਰਿ”॥ ਨਦਰੀ ਕਰਮਿ ਲਘਾਏ ਪਾਰਿ” (ਪੰ: ੪੬੫)। ਅਰਥ ਹਨ, ਐ ਮਨੁੱਖ! ਤੂੰ ਤਾਂ ਹੀ ਗੁਰੂ ਕਾ ਸਿੱਖ ਹੈਂ ਜੇਕਰ ਤੂੰ ਆਪਣੇ ਜੀਵਨ ਨੂੰ ਗੁਰੂ ਦੀ ਸਿਖਿਆ ਦਾ ਅਨੁਸਾਰੀ ਹੋ ਕੇ ਤਿਆਰ ਕਰੇਂ। ਉਸੇ ਦਾ ਨਤੀਜਾ ਹੋਵੇਗਾ ਕਿ ਅਕਾਲਪੁਰਖ ਆਪ, ਆਪਣੀ ਬਖ਼ਸ਼ਿਸ਼ ਕਰਕੇ ਤੈਨੂੰ ਵਿਕਾਰਾਂ ਅਉਗੁਣਾ ਨਾਲ ਭਰੇ ਹੋਏ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।

ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਅਰਥ ਹੈ, ਤੂੰ ਜੀਉਂਦੇ ਜੀਅ ਵੀ ਵਿਕਾਰਾਂ, ਚਿੰਤਾਂਵਾਂ, ਭਟਕਣਾ ਆਦਿ ਤੋਂ ਰਹਿਤ, ਇਲਾਹੀ ਗੁਣਾਂ ਨਾਲ ਭਰਪੂਰ ਸੰਤੋਖੀ ਤੇ ਮਾਨਸਿਕ ਟਿਕਾਅ ਵਾਲਾ ਜੀਵਨ ਬਤੀਤ ਕਰੇਂਗਾ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਤੈਨੂੰ ਮੁੜ ਜਨਮ-ਮਰਨ ਦੇ ਗੇੜ ਤੇ ਜੂਨਾਂ-ਗਰਭਾਂ ਦੇ ਗੇੜ `ਚ ਨਹੀਂ ਪੈਣਾ ਪਵੇਗਾ। ਇਸ ਤਰ੍ਹਾਂ ਤੂੰ ਜੀਉਂਦੇ ਜੀਅ ਵੀ ਇਲਾਹੀ ਗੁਣਾਂ ਨਾਲ ਭਰਪੂਰ ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਆਪਣੇ ਅਸਲੇ, ਕਰਤੇ ਪ੍ਰਭੂ `ਚ ਹੀ ਅਭੇਦ ਹੋ ਜਾਵੇਂਗਾ।

ਇਸੇ ਤਰ੍ਹਾਂ ਇਸ ਸੰਬੰਧ `ਚ ਹੋਰ ਵੀ ਬੇਅੰਤ ਗੁਰਬਾਣੀ ਫ਼ੁਰਮਾਨ ਹਨ ਜਿਵੇਂ “ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ (ਪੰ: ੬੦੧) ਬਲਕਿ ਇਸ ਗੁਰ ਫ਼ੁਰਮਾਨ ਰਾਹੀਂ ਤਾਂ ਗੁਰਦੇਵ ਨੇ ਇਹ ਵੀ ਸਪਸ਼ਟ ਕਰ ਦਿੱਤਾ ਹੈ ਕਿ ਜਿਹੜੇ ਮਨੁੱਖ ਗੁਰੂ ਦੇ ਅਨੁਸਾਰੀ ਹੋ ਕੇ ਨਹੀਂ ਚਲਦੇ, ਮਨਮੱਤੀਆ ਜੀਵਨ ਬਤੀਤ ਕਰਦੇ ਹਨ; “ਫਿਰਿ ਫਿਰਿ ਪਛੋਤਾਵੈ” ਗੁਰਬਾਣੀ ਅਨੁਸਾਰ ਇਸਦੇ ਅਰਥ ਹਨ ਕਿ ਅਜਿਹੇ ਮਨੁੱਖ, ਸਰੀਰਕ ਮੌਤ ਤੋਂ ਬਾਅਦ ਵੀ ਬਾਰ ਬਾਰ ਦੀਆਂ ਜੂਨਾਂ-ਗਰਭਾਂ ਦੇ ਗੇੜ `ਚ ਹੀ ਪੈਂਦੇ ਤੇ ਪਛਤਾਂਦੇ ਹਨ।

“ਫਿਰਿ ਫਿਰਿ ਪਛੋਤਾਵੈ” -ਧਿਆਨ ਰਹੇ, ਕਿ ਇਥੇ ਉਨ੍ਹਾਂ ਅਨੰਤ ਜੂਨਾਂ `ਚ ਵਿਚਰਦੇ ਸਮੇਂ ਵੀ “ਪਛੋਤਾਵੈ” ਦੀ ਗੱਲ਼ ਹੋ ਰਹੀ ਹੈ ਤਾਂ ਕਿਉਂ? ਕਿਉਂਕਿ ਗੁਰਬਾਣੀ ਅਨੁਸਾਰ, ਮੌਤ ਤੋਂ ਬਾਅਦ “ਪਛੋਤਾਵੈ” ਅਥਵਾ ਸਰੀਰਕ ਮੌਤ ਤੋਂ ਬਾਅਦ ਵੀ “ਕਰਿ ਅਉਗਣ ਪਛੋਤਾਵਣਾ” (ਪੰ: ੪੭੦) ਦਾ ਅਰਥ ਹੀ ਇਹ ਹੈ ਕਿ ਉਸ ਸਮੇਂ ਜੀਵ ਨੂੰ ਇਹ ਸੋਝੀ ਤਾਂ ਹੁੰਦੀ ਹੈ ਕਿ ਮਨੁੱਖਾ ਜਨਮ ਸਮੇਂ ਕੀਤੇ ਕਿਹੜੇ-ਕਿਹੜੇ ਕਰਮਾਂ ਦੀ ਸਜ਼ਾ ਕਾਰਣ, ਉਸ ਨੂੰ ਅਮੁੱਕੀ ਜੂਨ (ਕੋਠੜੀ, Cell ਅਥਵਾ Package) ਭੋਗਣੀ ਪੈ ਰਹੀ ਹੈ। ਜਦਕਿ ਉਦੋਂ ਉਸਦਾ ਕੁੱਝ ਵੀ ਵੱਸ ਨਹੀਂ ਚਲਦਾ ਤੇ ਉਸਨੂੰ ਉਸੇ ਤਰ੍ਹਾਂ ਉਹ ਜੂਨ ਭੋਗਣੀ ਵੀ ਪੈਂਦੀ ਹੈ। ਬਲਕਿ ਉਨ੍ਹਾਂ ਬੇਅੰਤ ਜੂਨਾ ਸਮੇਂ ਤਾਂ ਉਸਨੂੰ ਜ਼ਬਾਨ ਵੀ ਗੁੰਗੀ ਹੀ ਮਿਲਦੀ ਹੈ ਜਿਸ ਕਾਰਣ ਜੀਵ ਉਸ ਸਮੇਂ ਕਿਸੇ ਦੀ ਹਮਦਰਦੀ ਤੇ ਮਦਦ ਆਦਿ ਲੈਣ ਦੇ ਯੋਗ ਵੀ ਨਹੀਂ ਹੁੰਦਾ।

ਇਸ ਸੰਬੰਧੀ ਗੁਰਬਾਣੀ ਦਾ ਇਹ ਵੀ ਫ਼ੈਸਲਾ ਹੈ ਕਿ “ਮਾਣਸ ਜਨਮੁ ਦੁਲੰਭੁ ਹੈ, ਨਾਮ ਬਿਨਾ ਬਿਰਥਾ ਸਭੁ ਜਾਏ॥ ਹੁਣਿ ਵਤੈ ਹਰਿ ਨਾਮੁ ਨ ਬੀਜਿਓ, ਅਗੈ ਭੁਖਾ ਕਿਆ ਖਾਏ॥ ਮਨਮੁਖਾ ਨੋ ਫਿਰਿ ਜਨਮੁ ਹੈ, ਨਾਨਕ ਹਰਿ ਭਾਏ(ਪੰ: ੪੫੦) ਭਾਵ ਜੀਵਨ ਦੇ ਸਫ਼ਲ ਹੋਣ ਦਾ ਸਮਾਂ ਵੀ ਕੇਵਲ ਤੇ ਕੇਵਲ ਮਨੁੱਖਾ ਜੂਨ ਅਥਵਾ ਜਨਮ ਹੀ ਹੁੰਦਾ ਹੈ। ਜਦਕਿ ਬਾਕੀ ਅਨੰਤ ਜੂਨਾਂ `ਚੋਂ ਕਿਸੇ ਇੱਕ ਵੀ ਜੂਨ ਸਮੇਂ ਅਜਿਹਾ ਹੋ ਜਾਣਾ ਸੰਭਵ ਹੀ ਨਹੀਂ। ਇਸ ਬਾਰੇ ਵੀ ਗੁਰਬਾਣੀ `ਚ ਬਹੁਤੇਰੇ ਫ਼ੁਰਮਾਨ ਹਨ ਜਿਵੇਂ “ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥ ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ” (ਪੰ: ੧੦੭੫) ਭਾਵ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਇਸ ਨੂੰ ਬਿਰਥਾ ਕਰ ਦਿੰਦੇ ਹਨ ਉਹ ਮੁੜ ਉਸੇ ਜੂਨਾਂ-ਜਨਮਾਂ ਤੇ ਗਰਭਾਂ ਦੇ ਗੇੜ `ਚ ਹੀ ਪਾ ਦਿੱਤੇ ਜਾਂਦੇ ਹਨ।

ਇਸ ਦੇ ਨਾਲ ਗੁਰਬਾਣੀ ਪ੍ਰਮਾਣਾਂ ਦੀ ਰੋਸ਼ਨੀ `ਚ ਇਹ ਵੀ ਦੇਖ ਆਏ ਹਾਂ ਕਿ ਸਿੱਖ ਧਰਮ ਅਥਵਾ ਜੀਵਨ ਜਾਚ ਹੀ ਸਮੂਚੇ ਮਨੁੱਖ ਮਾਤ੍ਰ ਲਈ ਰੱਬੀ, ਇਲਾਹੀ ਧਰਮ ਤੇ ਸੱਚ ਧਰਮ ਵੀ ਹੈ। ਇਹ ਵੀ ਕਿ ਸਿੱਖ ਧਰਮ, ਗੁਰਬਾਣੀ ਤੋਂ ਪ੍ਰਗਟ ਜੀਵਨ ਜਾਚ ਅਤੇ ਸਰੂਪ ਦੇ ਸੁਮੇਲ ਦਾ ਨਾਮ ਹੈ। ਸਮਝਣਾ ਹੈ ਜਦੋਂ ਮਨੁੱਖ ਦਾ ਸੁਭਾਅ ਹੀ ਗੁਰਬਾਣੀ ਆਦੇਸ਼ਾਂ ਅਨੁਸਾਰ ਤਿਆਰ ਹੋਵੇਗਾ ਤਾਂ ਉਸ ਦਾ ਸਰਬਉੱਤਮ ਪੱਖ ਹੀ “ਹੁਕਮਿ ਰਜਾਈ ਚਲਣਾ” (ਬਾਣੀ ਜਪੁ) ਭਾਵ ਸੁਭਾਅ ਅਥਵਾ ਜੀਵਨਜਾਚ ਤੇ ਸਰੂਪ ਇਹ ਦੋਵੇਂ ਪੱਖ ਉਸ ਦੇ ਜੀਵਨ `ਚ ਇਕੱਠੇ ਮਿਲਣਗੇ; ਇਕੱਲਾ, ਇਕੱਲ਼ਾ ਨਹੀਂ।

ਇਸ ਸੰਬੰਧੀ ਗੁਰਬਾਣੀ ਦਾ ਇਹ ਫ਼ੈਸਲਾ ਵੀ ਹੈ “ਜਹ ਕਰਣੀ ਤਹ ਪੂਰੀ ਮਤਿ॥ ਕਰਣੀ ਬਾਝਹੁ ਘਟੇ ਘਟਿ” (ਪੰ: ੨੫) ਅਥਵਾ “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ” (ਪੰ: ੪੭੪) ਭਾਵ ਸਿੱਖ ਨੇ ਬਿਨਾ ਕਿਸੇ ਕਿਉ ਕਿੰਤੂ ਦੇ “ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ” (ਪੰ: ੪੮੮) ਅਨੁਸਾਰ ਹੀ ਜੀਵਨ ਨੂੰ ਤਿਆਰ ਤੇ ਬਤੀਤ ਕਰਣਾ ਹੈ।

ਕਿਉਂਕਿ ਸ਼ਿੱਖ ਦਾ ਸਮੂਚਾ ਜੀਵਨ ਹੀ “ਰਤਨੁ ਪਦਾਰਥੁ ਪਲਰਿ ਤਿਆਗੈ॥ ਮਨਮੁਖੁ ਅੰਧਾ ਦੂਜੈ ਭਾਇ ਲਾਗੈ॥ ਜੋ ਬੀਜੈ ਸੋਈ ਫਲੁ ਪਾਏ ਸੁਪਨੇ ਸੁਖੁ ਨ ਪਾਵਣਿਆ” (ਪੰ: ੧੧੩) ਅਥਵਾ “ਇਤੁ ਮਾਰਗਿ ਚਲੇ ਭਾਈਅੜੇ ਗੁਰੁ ਕਹੈ ਸੁ ਕਾਰ ਕਮਾਇ ਜੀਉ॥ ਤਿਆਗੇਂ ਮਨ ਕੀ ਮਤੜੀ ਵਿਸਾਰੇਂ ਦੂਜਾ ਭਾਉ ਜੀਉ॥ ਇਉ ਪਾਵਹਿ ਹਰਿ ਦਰਸਾਵੜਾ ਨਹ ਲਗੈ ਤਤੀ ਵਾਉ ਜੀਉ” (ਪੰ: ੭੬੩) ਆਦਿ ਗੁਰ ਫ਼ੁਰਮਾਣਾ ਦੇ ਅਧਾਰ `ਤੇ ਹੀ ਸਿੱਖੀ ਜੀਵਨ ਨੂੰ ਤਿਆਰ ਕਰਣਾ ਅਤੇ ਬਿਤਾਉਣਾ ਹੈ।

“ਸਰਬ ਸਬਦੰ ਏਕ ਸਬਦੰ” -ਸਬਦੰ ਦੇ ਅਰਥ ਹਨ ‘ਧਰਮ’। ਗੁਰਬਾਣੀ ਰਾਹੀਂ ਪਾਤਸ਼ਾਹ ਨੇ ਅਨੇਕਾਂ ਵਾਰ ਸਪਸ਼ਟ ਕੀਤਾ ਹੈ ਕਿ ਪ੍ਰਭੂ ਵਲੋਂ ਸਾਰੇ ਮਨੁੱਖ ਮਾਤ੍ਰ ਦਾ ਰੱਬ ਵੀ ਇੱਕ ਹੈ, ਉਸ ਦਾ ਗੁਰੂ ਵੀ ਇੱਕ ਹੈ ਤੇ ਉਸ ਲਈ ਨੀਯਤ ਕੀਤਾ ਹੋਇਆ ਮਾਨਵੀ ਵੀ ਧਰਮ ਇਕੋ ਹੀ ਹੈ, ਇਸ ਤਰ੍ਹਾਂ ਮਨੁੱਖ ਲਈ ਰੱਬ ਜੀ ਵੱਲੋਂ ਮਾਨਵੀ ਧਰਮ ਵੀ ਇੱਕ ਤੋਂ ਵਧ ਨਹੀਂ ਹਨ।

ਫ਼ੁਰਮਾਣ ਹੈ “ਜੋਗ ਸਬਦੰ ਗਿਆਨ ਸਬਦੰ, ਬੇਦ ਸਬਦੰ ਬ੍ਰਾਹਮਣਹ॥ ਖਤ੍ਰੀ ਸਬਦੰ ਸੂਰ ਸਬਦੰ, ਸੂਦ੍ਰ ਸਬਦੰ ਪਰਾਕ੍ਰਿਤਹ॥ ਸਰਬ ਸਬਦੰ ਏਕ ਸਬਦੰ, ਜੇ ਕੋ ਜਾਣੈ ਭੇਉ॥ ਨਾਨਕੁ ਤਾ ਕਾ ਦਾਸੁ ਹੈ, ਸੋਈ ਨਿਰੰਜਨ ਦੇਉ” (ਪੰ: 469) ਭਾਵ- ਜੋਗੀਆਂ ਨੇ ਆਪਣਾ ਧਰਮ ਮਿਥ ਲਿਆ ਹੈ ਗਿਆਨ ਚਰਚਾ, ਬ੍ਰਾਹਮਣਾਂ ਨੇ ਵੇਦ ਪੜ੍ਹਣੇ-ਪੜ੍ਹਾਣੇ, ਖੱਤ੍ਰੀਆਂ ਨੇ ਜੁੱਧ ਭੂਮੀ `ਚ ਜੂਝਣਾ ਜਦਕਿ ਅਖੌਤੀ ਸ਼ੂਦਰਾਂ `ਤੇ ਧਰਮ ਥੋਪਿਆ ਗਿਆ ਹੈ, ਦੂਜਿਆਂ ਦੀ ਕਿਰਤ ਕਰਣੀ। ਅੰਤ ਫੈਸਲਾ ਹੈ “ਸਰਬ ਸਬਦੰ ਏਕ ਸਬਦੰ” ਭਾਵ ਸਾਰੇ ਮਨੁੱਖ ਮਾਤ੍ਰ ਦਾ ਅਕਾਲਪੁਰਖ ਵੱਲੋਂ ਇਕੋ ਹੀ ਧਰਮ ਹੈ। ਤਾਂ ਫ਼ਿਰ ਸੁਆਲ ਹੈ ਕਿ ਇਹ ਧਰਮ ਹੈ ਕੀ?

ਇਹ ਧਰਮ ਹੈ, ਉਹ ਕਰਤਾ ਜੋ ਸਾਰੀ ਰਚਨਾ `ਚ ਵਿਆਪਕ ਹੁੰਦਾ ਹੋਇਆ ਵੀ “ਸਭਿ ਘਟ ਭੋਗਵੈ, ਅਲਿਪਤੁ ਰਹੈ ਅਲਖੁ ਨ ਲਖਣਾ ਜਾਈ” (ਪੰ: ੫੯੧) ਮਾਇਆ ਤੋਂ ਨਿਰਲੇਪ (ਨਿਰੰਜਨ) ਹੈ, ਜੋ ਸਦਾ ਥਿਰ ਅਤੇ ਹਰ ਸਮੇਂ ਪ੍ਰਕਾਸ਼ਮਾਣ ਹੈ (ਦੇਉ)। ਉਸ ਦੀ ਪਛਾਣ ਆਪਣੇ ਅੰਦਰੋਂ ਤੇ ਉਸੇ ਤਰ੍ਹਾਂ ਉਸ ਦੀ ਪਛਾਣ ਸਮੂਚੀ ਰਚਨਾ `ਚੋਂ ਹੀ ਕਰਣੀ ਹੈ। ਇਸ ਤਰ੍ਹਾਂ ਜੀਉਂਦੇ ਜੀਅ ਪ੍ਰਭੂ `ਚ ਇੱਕ ਮਿਕ ਹੋ ਕੇ ਜੀਊਣਾ ਹੈ। ਪਾਤਸ਼ਾਹ ਫ਼ੁਰਮਾਉਂਦੇ ਹਨ ਮੈਂ ਵੀ ਉਸੇ “ਨਿਰੰਜਨ ਦੇਉ” (ਪ੍ਰਭੂ) ਦਾ ਹੀ ਦਾਸ ਹਾਂ।

“ਸਰਬ ਧਰਮ ਮਹਿ ਸ੍ਰੇਸਟ ਧਰਮੁ” - ਇਸੇ ਤਰ੍ਹਾਂ ਪੰਜਵੇਂ ਪਾਤਸ਼ਾਹ ਫੁਰਮਾਉਂਦੇ ਹਨ, “ਸਰਬ ਧਰਮ ਮਹਿ ਸ੍ਰੇਸਟ ਧਰਮੁ॥ ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ” (ਪੰਨਾ ੨੬੬)। ਇਥੇ ਵੀ ਗੁਰਦੇਵ ਨੇ ਸਮੂਚੇ ਮਨੁੱਖ ਮਾਤ੍ਰ ਲਈ ਇਕੋ ਇੱਕ ‘ਸੱਚ ਧਰਮ’ ਦੀ ਗੱਲ ਕੀਤੀ ਹੈ। ਤਾਂ ਤੇ ਸੱਚ ਧਰਮ ਹੈ ਗੁਰਬਾਣੀ ਰਾਹੀਂ ਪ੍ਰਗਟ ਰੱਬੀ ਗੁਣਾਂ ਨਾਲ ਜੀਵਨ ਦੀ ਕਰਣੀ ਨੂੰ ਘੜਣਾ। ਸਮਝਣ ਦਾ ਵਿਸ਼ਾ ਹੈ ਕਿ ਗੁਰਦੇਵ ਜਦੋਂ “ਹਰਿ ਕੋ ਨਾਮੁ ਜਪਿ, ਨਿਰਮਲ ਕਰਮੁ” ਫ਼ੁਰਮਾਅ ਰਹੇ ਹਨ ਤਾਂ ਉਹ ਨਿਰਮਲ ਕਰਮ ਅਥਵਾ ਨਿਰਮਲ ਕਰਣੀ ਕਿਥੋਂ ਤਿਆਰ ਹੋਣੀ ਹੈ? ਉਹ ਤਿਆਰ ਹੋਣੀ ਹੈ ਜਦੋਂ ਸਾਡਾ ਜੀਵਨ “ਹਰਿ ਕੋ ਨਾਮੁ ਜਪਿ” ਭਾਵ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਭਰਪੂਰ ਹੋਇਆ ਹੋਵੇਗਾ।

ਇਸ ਤਰ੍ਹਾਂ ਜਦੋਂ ਅਸੀਂ ਮਨ ਕਰਕੇ ਕਰਤੇ ਪ੍ਰਭੂ ਦੇ ਰੰਗ `ਚ ਰੰਗੇ ਹੋਵਾਂਗੇ। ਸਾਡਾ ਕਰਤੇ ਦੇ ਰੰਗ `ਚ ਰੰਗੇ ਹੋਣ ਦਾ ਨਤੀਜਾ ਹੀ “ਹੁਕਮਿ ਰਜਾਈ ਚਲਣਾ” ਹੁੰਦਾ ਹੈ। ਉਪ੍ਰੰਤ ਇਹ ਵੀ ਕਿ ਜੀਵਨ ਦੀ ਅਜਿਹੀ ਘਾੜਤ `ਚ ਹੀ ਮਨੁੱਖਾ ਜੀਵਨ ਦੇ ਦੋਵੇਂ ਪੱਖ ਪ੍ਰਗਟ ਹੋ ਜਾਂਦੇ ਹਨ। ਇੱਕ ਸੰਪੂਰਨ ਕੇਸਾਧਾਰੀ ਸਰੂਪ `ਚ ਵਿਚਰਣਾ ਅਤੇ ਦੂਜਾ ਗੁਰਬਾਣੀ ਜੀਵਨ ਜਾਚ ਦਾ ਮਨੁੱਖ ਦੇ ਜੀਵਨ ਅੰਦਰੋਂ ਪ੍ਰਗਟਾਵਾ। ਇਸ ਤੋਂ ਇਹ ਵੀ ਸਮਝਣਾ ਹੈ ਕਿ ਗੁਰਦੇਵ ਨੇ ਸੰਸਾਰ ਸਾਹਮਣੇ ਸਿੱਖ ਧਰਮ ਨੂੰ ਜੋ ਪੂਰਣ ਕੇਸਾਧਾਰੀ ਸਰੂਪ `ਚ ਪ੍ਰਗਟ ਕੀਤਾ ਹੈ ਤਾਂ ਉਹ ਸਭ “ਹੁਕਮਿ ਰਜਾਈ ਚਲਣਾ” ਵਾਲੇ ਗੁਰਬਾਣੀ ਜੀਵਨ ਦਾ ਹੀ ਪ੍ਰਗਟਾਵਾ ਹੈ, ਉਸ ਤੋਂ ਭਿੰਨ ਨਹੀਂ।

“ਏਕੋ ਧਰਮੁ ਦ੍ਰਿੜੈ ਸਚੁ ਕੋਈ” - ਵਿਸ਼ੇ ਨੂੰ ਸਮਾਪਤ ਕਰਣ ਤੋਂ ਪਹਿਲਾਂ ਅਸੀਂ ਵਿਸ਼ੇ ਨਾਲ ਸੰਬੰਧਤ ਇੱਕ ਹੋਰ ਗੁਰ ਫ਼ੁਰਮਾਨ ਲੈਣਾ ਚਾਹਾਂਗੇ। ਇਸ ਤਰ੍ਹਾਂ ਇਹ ਫ਼ੁਰਮਾਣ ਹੈ “ਏਕੋ ਧਰਮੁ ਦ੍ਰਿੜੈ ਸਚੁ ਕੋਈ॥ ਗੁਰਮਤਿ ਪੂਰਾ ਜੁਗਿ ਜੁਗਿ ਸੋਈ॥ ਅਨਹਦਿ ਰਾਤਾ ਏਕ ਲਿਵ ਤਾਰ॥ ਓਹੁ ਗੁਰਮੁਖਿ ਪਾਵੈ ਅਲਖ ਅਪਾਰ” (ਪੰ: ੧੧੮੮) ਇਥੇ ਵੀ ਕੇਵਲ ਸ਼ਬਦਾਵਲੀ ਦਾ ਫ਼ਰਕ ਹੈ ਨਹੀਂ ਤਾਂ ਇਸਦੇ ਅਰਥ ਵੀ ਉਹੀ ਹਨ। ਅਰਥ ਹਨ- “ਜਿਹੜਾ ਕੋਈ ਮਨੁੱਖ ਆਪਣੇ ਆਪ `ਚ ਨਿਸ਼ਚਾ ਬਣਾ ਲੈਂਦਾ ਹੈ ਕਿ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਨਾ ਹੀ ਮਨੁੱਖ ਦਾ ਇਕੋ ਇੱਕ ਧਰਮ ਹੈ।

ਅਜਿਹਾ ਮਨੁੱਖ ਗੁਰੂ ਦੀ ਮਤਿ ਦਾ ਆਸਰਾ ਲੈ ਕੇ ਸਦਾ ਲਈ ਸੱਚ ਧਰਮ ਦਾ ਰਾਹੀ ਬਣ ਜਾਂਦਾ ਹੈ। ਭਾਵ ਸੰਸਾਰਕ ਮੋਹ ਮਾਇਆ ਤੇ ਵਿਕਾਰ ਆਦਿ ਉਸ ਦੇ ਜੀਵਨ `ਤੇ ਭਾਰੂ ਨਹੀਂ ਹੋ ਸਕਦੇ। ਉਹ ਸੁਆਸ ਸੁਆਸ ਸੁਰਤਿ ਜੋੜ ਕੇ ਅਬਿਨਾਸੀ ਪ੍ਰਭੂ ਦੇ ਰੰਗ `ਚ ਰੰਗਿਆ ਰਹਿੰਦਾ ਹੈ। ਇਸ ਤਰ੍ਹਾਂ ਗੁਰੂ ਦੀ ਸ਼ਰਨ `ਚ ਪੈ ਕੇ ਉਹ ਅਦ੍ਰਿਸ਼ਟ ਤੇ ਬੇਅੰਤ ਪ੍ਰਭੂ ਦਾ ਦਰਸ਼ਨ ਕਰ ਲੈਂਦਾ ਹੈ”।

ਸਪਸ਼ਟ ਹੈ ਅਜਿਹੀ ਜੀਵਨ ਰਹਿਣੀ ਹੀ ਆਪਣੇ ਆਪ `ਚ “ਹੁਕਮਿ ਰਜਾਈ ਚਲਣਾ” “ਸਰਬ ਧਰਮ ਮਹਿ ਸ੍ਰੇਸਟ ਧਰਮੁ ਹੈ ਅਤੇ ਅਜਿਹੀ ਜੀਵਨ ਰਹਿਣੀ `ਚ ਮਨੁੱਖਾ ਜੀਵਨ ਦੇ ਦੋਵੇਂ ਪੱਖ (੧) ਮਨੁੱਖ ਨੂੰ ਪ੍ਰਭੂ ਬਖ਼ਸ਼ਿਆ ਸੰਪੂਰਣ ਕੇਸਾਧਾਰੀ ਸਰੂਪ ਅਤੇ (੨) ਗੁਰਬਾਣੀ ਵਿਚਾਰਧਾਰਾ ਅਧਾਰਿਤ ਉਸਦਾ ਸੁਭਾਅ, ਦੋਵੇਂ ਨਾਲ ਨਾਲ ਚਲਦੇ ਹਨ, ਇਕੱਲੇ ਇਕੱਲੇ ਨਹੀਂ।

ਸ਼ਕਲ ਤੇ ਸੁਭਾਅ `ਚ ਸਾਂਝ? - ਪ੍ਰਭੂ ਦੀ ਬੇਅੰਤ ਰਚਨਾ `ਚ ਸ਼ਕਲ ਤੇ ਸੁਭਾਅ ਅਥਵਾ ਸੂਰਤ ਤੇ ਸੀਰਤ ਵਾਲੇ ਨਿਯਮ ਦਾ ਵੀ ਵਿਸ਼ੇਸ਼ ਸਥਾਨ ਹੈ। ਜਿਵੇਂ ਰਚਨਾ ਦੇ ਹਰੇਕ ਅੰਗ ਦੀ ਸੂਰਤ ਪੱਕੀ ਹੈ, ਇਸੇ ਤਰ੍ਹਾਂ ਹਰੇਕ ਅੰਗ ਦੀ ਸੀਰਤ (ਸੁਭਾਅ) ਵੀ ਸਦੀਵੀ ਹੈ। ਸੂਰਜ ਦਾ ਸੁਭਾਅ ਗਰਮੀ ਦੇਣਾ ਹੈ ਤੇ ਚੰਦ੍ਰਮਾਂ ਨੇ ਠੰਢਕ। ਗੁੜ ਤੋਂ ਮਿਠਾਸ ਹੀ ਮਿਲੇਗੀ ਤੇ ਨਮਕ ਤੋਂ ਮਿਰਚਾਂ ਦਾ ਭੁਲੇਖਾ ਨਹੀਂ ਪੈਂਦਾ। ਬਿੱਲੀ ਦਾ ਚੂਹੇ ਖਾਣ ਵਾਲਾ ਸੁਭਾਅ, ਨਸਲ ਦਰ ਨਸਲ ਚਲਦਾ ਆ ਰਿਹਾ ਹੈ। ਘੋੜੇ ਦੀ ਦੁਲੱਤੀ ਤੇ ਗਊ ਦੇ ਸਿੰਗ ਮਾਰਣ ਵਾਲੀ ਆਦਤ ਅੱਜ ਤੋਂ ਨਹੀਂ। ਗਿੱਦੜ ਡਰਪੋਕ ਤੇ ਸ਼ੇਰ ਦਾ ਸੁਭਾਅ ਕਰ ਕੇ ਖੂੰਖਾਰ ਹੋਣਾ, ਆਦਿ ਕਾਲ ਤੋਂ ਹੈ। ਚੂਹਾ ਕੁਤਰਦਾ ਹੈ, ਦੀਮਕ-ਲੱਕੜੀ ਤੇ ਕਾਗਜ਼ ਨੂੰ ਮਿੱਟੀ `ਚ ਬਦਲ ਦਿੰਦੀ ਹੈ, ਕੱਕੀ ਕੀੜੀ ਲੜਦੀ ਹੈ ਤੇ ਬਿੱਛੂ ਦਾ ਡੰਗ ਜ਼ਹਿਰੀਲਾ ਹੁੰਦਾ ਹੈ। ਕੈਮੀਕਲਾਂ ਦੀਆਂ ਵੱਖ-ਵੱਖ ਸ਼ਕਲਾਂ ਤੇ ਸੁਭਾਅ ਹੀ ਹਨ ਜੋ ਮਨੁੱਖ ਦੀਆਂ ਲੱਖਾਂ ਲੋੜਾਂ ਨੂੰ ਪੂਰਾ ਕਰਦੇ ਹਨ। ਇਥੋਂ ਤੀਕ ਕਿ ਮੈਡੀਕਲ, ਵਿਗਿਆਨਕ-ਖੇਤੀਬਾੜੀ ਆਦਿ ਦੀਆਂ ਬੇਅੰਤ ਖੋਜਾਂ ਵੀ ਇਸੇ ਰੱਬੀ ਸੱਚ `ਤੇ ਖੜੀਆਂ ਹਨ। ਇਸੇ ਤਰ੍ਹਾਂ ਕੋਈ ਮਿਸ਼ਰਨ (compound) ਜਦੋਂ ਪ੍ਰਯੋਗਸ਼ਾਲਾ (Labortary) `ਚ ਭੇਜਿਆ ਜਾਂਦਾ ਹੈ ਤਾਂ ਉਥੇ ਕੇਵਲ ਉਸ ਦੇ ਤਤਵਾਂ ਦੇ ਸੁਭਾਅ ਤੇ ਗੁਣ-ਦੋਸ਼ਾਂ (properties) ਤੋਂ ਪਤਾ ਲਗ ਜਾਂਦਾ ਹੈ ਕਿ ਮਿਸ਼੍ਰਨ `ਚ ਕਿਹੜੀ ਚੀਜ਼ ਕਿੰਨੇ ਪ੍ਰਤੀਸ਼ਤ ਹੈ। ਜਦਕਿ ਉਥੇ ਕਿਸੇ ਵਸਤ (constituent) ਦੀ ਵੀ ਸ਼ਕਲ ਮੌਜੂਦ ਨਹੀਂ ਹੁੰਦੀ।

ਪੱਥਰ-ਅੱਗ ਨਹੀਂ ਪਕੜਦਾ ਪਰ ਲੱਕੜੀ, ਉਸੇ ਅੱਗ ਨਾਲ ਸੜ ਕੇ ਸੁਆਹ ਹੋ ਜਾਂਦੀ ਹੈ, ਜਦਕਿ ਅੱਗ ਦੋਨਾਂ `ਚ ਹੈ। ਹੋਰ ਤਾਂ ਹੋਰ ਅੱਜ ਦਾ ਡਾਕਟਰੀ ਵਿਗਿਆਨ, ਕਰਤੇ ਦੇ ਇਸੇ ਨਿਯਮ `ਤੇ ਖੜਾ ਹੈ। ਇਸੇ ਨਿਯਮ `ਚ ਖੂਨ, ਪੇਸ਼ਾਬ, ਥੁੱਕ ਆਦਿ ਦੇ ਟੈਸਟ ਸਾਡੇ ਅੰਦਰਲੇ ਰੋਗਾਂ ਦਾ ਪਤਾ ਦੇ ਦਿੰਦੇ ਹਨ। ਪ੍ਰਭੂ ਬਖ਼ਸ਼ੀ ਸੂਰਤ ਤੇ ਸੀਰਤ, ਸ਼ਕਲ ਤੇ ਸੁਭਾਅ ਦੀ ਸਾਂਝ ‘ਤੋਂ ਉਸ ਦੀ ਰਚਨਾ `ਚੋਂ ਇਸ ਹੁਕਮ ਵਾਲੀ ਖੇਡ ਨੂੰ ਸਮਝਣ ਲਈ, ਇਹ ਕੇਵਲ ਇਸ਼ਾਰੇ ਹਨ। ਰਚਨਾ `ਚ ਜਿੱਥੇ ਹਰੇਕ ਸ਼੍ਰੇਣੀ ਦੀ ਸੂਰਤ ਪੱਕੀ ਹੈ, ਉਸੇ ਤਰ੍ਹਾਂ ਸੁਭਾਅ ਵੀ ਪੱਕਾ ਹੈ। ਜਿੱਥੇ ਸੂਰਤ `ਚ ਨਸਲ ਦਰ ਨਸਲ ਫਰਕ ਨਹੀਂ ਆਉਂਦਾ ਉਸੇ ਤਰ੍ਹਾਂ ਸੁਭਾਅ `ਚ ਵੀ ਫਰਕ ਨਹੀਂ ਆਉਂਦਾ। ਸ਼ਕਲ ਤੋਂ ਹੀ ਕਿਸੇ ਦੇ ਸੁਭਾਅ ਦਾ ਪਤਾ ਲਗ ਜਾਂਦਾ ਹੈ। ਗਿੱਦੜ ਦੇਖਦੇ ਸਾਰ ਡਰ ਕੇ ਦੌੜਦਾ ਹੈ, ਸ਼ੇਰ ਦੀ ਗਰਜ ਸੁਣਦੇ, ਆਪਣੇ ਬਚਾਅ ਦੀ ਫ਼ਿਕਰ ਹੁੰਦੀ ਹੈ। ਘੋੜਾ ਦੁਲੱਤੀ ਨਾ ਮਾਰ ਦੇਵੇ, ਇਸ ਦੇ ਪਿੱਛੋਂ ਨਹੀਂ ਲੰਙਣਾ। ਗਊ-ਮੱਝ ਸਿੰਗ ਨਾ ਮਾਰ ਦੇਣ, ਇਨ੍ਹਾਂ ਅਗੋਂ ਸੰਭਲ ਕੇ ਨਿਕਲਣਾ ਹੁੰਦਾ ਹੈ। ਕਰਤੇ ਦੀ ਬੇਅੰਤ ਰਚਨਾ `ਚੋਂ ਉਸ ਦੇ ਹੁਕਮ ਵਾਲੀ ਇਸ ਸਦੀਵੀ ਖੇਡ ਨੂੰ ਪ੍ਰਤੱਖ ਦੇਖਿਆ ਜਾ ਸਕਦਾ ਹੈ।

ਬੰਦਿਆ ਤੂੰ ਬੰਦਾ ਬਣ, ਤੂੰ ਇਨਸਾਨ ਬਣ! - ਸਚਾਈ ਵੀ ਇਹ ਹੈ ਕਿ “ਬੰਦਿਆ ਤੂੰ ਬੰਦਾ ਬਣ, ਤੂੰ ਇਨਸਾਨ ਬਣ” ਅਜਿਹੇ ਲਫ਼ਜ਼ ਕੇਵਲ ਮਨੁੱਖ ਲਈ ਵਰਤੇ ਜਾਂਦੇ ਹਨ; ਰਚਨਾ ਦੀ ਕਿਸੇ ਵੀ ਹੋਰ ਸ਼੍ਰੇਣੀ `ਤੇ ਲਾਗੂ ਨਹੀਂ ਹੁੰਦੇ। ਕਦੇ ਕਿਸੇ ਨਹੀਂ ਕਿਹਾ-ਘੋੜਿਆ ਤੂੰ ਘੋੜਾ ਬਣ, ਬਿੱਲੀਏ ਤੂੰ ਬਿੱਲੀ ਬਣ, ਕਿਉਂ? ਕਿਉਂਕਿ ਮਨੁੱਖ ਤੋਂ ਛੂੱਟ ਪ੍ਰਭੂ ਬਖਸ਼ਿਆ ਸਰੂਪ ਤੇ ਸੁਭਾਅ, ਹਰੇਕ ਸ਼੍ਰੇਣੀ `ਚ ਦੋਵੇਂ ਉਸੇ ਤਰ੍ਹਾਂ ਕਾਇਮ ਰਹਿੰਦੇ ਹਨ; ਜੋ ਕਰਤੇ ਨੇ ਕਿਸੇ ਸ਼੍ਰੇਣੀ `ਚ ਪਾਏ ਹੁੰਦੇ ਹਨ, ਉਨ੍ਹਾਂ `ਚ ਕਦੇ ਵਾਧਾ ਘਾਟਾ ਨਹੀਂ ਆਉਂਦਾ। ਸੰਪੂਰਣ ਰਚਨਾ `ਚ ਸਿਵਾਇ ਮਨੁੱਖ ਦੇ, ਹਰੇਕ ਸ਼੍ਰੇਣੀ ਆਪਣੀ ਪ੍ਰਭੂ ਬਖਸ਼ੀ ਸ਼ਕਲ ਤੇ ਸੁਭਾਅ, ਸੂਰਤ ਤੇ ਸੀਰਤ `ਚ ਕਾਇਮ ਰੰਿਹੰਦੀ ਹੈ।

ਦਰਅਸਲ ਕਰਤੇ ਵੱਲੋਂ ਮਨੁੱਖ ਲਈ ਵੀ ਆਦਿ ਕਾਲ ਤੋਂ ਇਹੀ ਸੱਚ ਤੇ ਰੱਬੀ ਧਰਮ ਨੀਯਤ ਹੈ। ਜਦਕਿ ਮਨੁੱਖ ਇਸ ਨੂੰ ਵਿਸਾਰ ਚੁੱਕਾ ਸੀ ਤੇ ਗੁਰਦੇਵ ਨੇ ਦਸ ਜਾਮੇ ਧਾਰਨ ਕਰਕੇ ਅਤੇ ਬੇਅੰਤ ਘਾਲਣਾਵਾਂ ਘਾਲ ਕੇ ਉਸ ਨੂੰ ਮੁੜ ਉਜਾਗਰ ਕੀਤਾ। ਗੁਰਦੇਵ ਨੇ ਅਜਿਹੇ ਮਨੁੱਖ ਅਥਵਾ ਗੁਰਬਾਣੀ ਦੇ ਸਿੱਖ ਲਈ ਸ਼ਬਦਾਵਲੀ ਵੀ ਸਿਖੀ ਸਿਖਿਆ ਗੁਰ ਵੀਚਾਰਿ” ਵਰਤੀ ਹੈ। ਅਰਥ ਹਨ ‘ਗੁਰਬਾਣੀ ਦੀ ਸਿੱਖਿਆ ਨੂੰ ਸਮ੍ਰਪਤ’ (dedicated) ਮਨੁੱਖ। ਫ਼ਿਰ ਗੁਰਦੇਵ ਦੀ ਇਹ ਸ਼ਬਦਾਵਲੀ ਵੀ ਕੇਵਲ ਤੇ ਕੇਵਲ ਗੁਰਬਾਣੀ ਦੀ ਸਿਖਿਆ `ਤੇ ਚਲਣ ਵਾਲਿਆਂ ਲਈ ਹੈ। ਅਰੰਭ `ਚ ਵੀ ਇਸ ਬਾਰੇ ਵੇਰਵਾ ਆ ਵੀ ਚੁੱਕਾ ਹੈ ਕਿ ਸਿੱਖ ਲ਼ਈ ਗੁਰਬਾਣੀ ਅਧਾਰਿਤ ਸੁਭਾਅ ਅਤੇ ਸੰਪੂਰਣ ਕੇਸਾਧਾਰੀ ਸਰੂਪ, ਦੋਵੇਂ ਜੁੜਵੇਂ ਹਨ, ਭਿੰਨ ਭਿੰਨ ਨਹੀਂ ਹਨ। ਇਸੇ ਨੂੰ “ਹੁਕਮਿ ਰਜਾਈ ਚਲਣਾ” ਆਦਿ ਅਨੇਕਾਂ ਹੋਰ ਗੁਰਬਾਣੀ ਫ਼ੁਰਮਾਨਾਂ ਨਾਲ ਵੀ ਸਪਸ਼ਟ ਕੀਤਾ ਹੋਇਆ ਹੈ। ਜੇ ਕਰ ਇਸ ਤੋਂ ਬਾਅਦ ਵੀ ਪੁਛੀਏ ਕਿ ਗੁਰਬਾਣੀ `ਚ ਕਿੱਥੇ ਲਿਖਿਆ ਹੈ “ਸਿੱਖ ਨੇ ਜ਼ਰੂਰ ਕੇਸਾਧਾਰੀ ਹੋਣਾ ਹੈ ਹੈ?” ਤਾਂ ਉਹ ਫ਼ਰਕ ਸਾਡੀ ਸਮਝ `ਚ ਹੈ। ਦੂਜਾ ਇਸ ਸੰਪੂਰਨ ਵੇਰਵੇ ਤੋਂ ਇਹ ਵੀ ਸਾਫ਼ ਹੋ ਜਾਂਦਾ ਹੈ ਕਿ ਸਿੱਖ ਧਰਮ ਦੇ ਨਾਮ `ਤੇ ਗੁਰਦੇਵ ਨੇ ਕਿਸੇ ਨਵੇਂ ਧਰਮ ਨੂੰ ਜਨਮ ਨਹੀ ਦਿੱਤਾ; ਬਲਕਿ ਗੁਰਬਾਣੀ ਦੀ ਕਸਵੱਟੀ `ਤੇ ਸਿਖ ਕੇਵਲ ਉਹੀ ਹੈ ਜਿਸਦੀ ਰਹਿਣੀ ਕੇਵਲ ਤੇ ਕੇਵਲ ਗੁਰਬਾਣੀ ਵਿਚਾਰਧਾਰਾ ਆਧਾਰਿਤ ਹੋਵੇ ਅਤੇ ਸਰੂਪ ਵੀ ਸੰਪੂਰਣ ਕੇਸਾਧਾਰੀ, ਉਹ ਸਰੂਪ ਜਿਹੜਾ ਕਿ ਅਕਾਲਪੁਰਖ ਨੇ ਮਨੁੱਖ ਨੂੰ ਮੁੱਢ ਤੋਂ ਬਖ਼ਸ਼ਿਆ ਹੁੰਦਾ ਹੈ।

ਅਜੋਕੇ ਸਿੱਖ ਦਾ ਕਿਰਦਾਰ? - ਅਸਲ `ਚ ਜੋ ਪਾਤਸ਼ਾਹ ਨੇ ਬਖਸ਼ਿਆ, ਗੁਰਬਾਣੀ ਆਧਾਰ `ਤੇ ਦੇਖ ਚੁੱਕੇ ਹਾਂ ਕਿ ਪਾਤਸ਼ਾਹ ਦੀ ਦੇਣ `ਚ ਮਨੁੱਖਾ ਜੀਵਨ ਲਈ ਇਹ ਦੋਵੇਂ ਪੱਖ ਸਰੂਪ ਤੇ ਸੁਭਾਅ ਵੱਖ ਵੱਖ ਨਹੀਂ ਹਨ। ਅੱਜ ਸਿੱਖ ਦੇ ਜੀਵਨ ਜਾਂ ਸੋਚ `ਚ ਬਹੁਤਾ ਕਰਕੇ ਇਨ੍ਹਾਂ ਦਾ ਭਿੰਨ-ਭਿੰਨ ਹੋਣਾ, ਸਾਡੇ ਕਿਰਦਾਰ ਦਾ ਗੁਰਬਾਣੀ ਸੇਧ ਤੇ ਵਿਚਾਰਧਾਰਾ ਵਿਰੁਧ ਹੋਣਾ ਹੈ। ‘ਅਸੀਂ ਅਖਵਾਉਂਦੇ ਤਾਂ ਗੁਰੂ ਕੇ ‘ਸਿੱਖ’ ਹਾਂ ਪਰ ਪਾਤਸ਼ਾਹ ਨੇ ਗੁਰਬਾਣੀ ਰਾਹੀਂ ਜਿਹੜੀ ‘ਸਿੱਖੀ’, ਸਾਨੂੰ ਬਖਸ਼ੀ ਹੈ, ਉਹ ‘ਸਿੱਖੀ’ ਅੱਜ ਸਾਡੇ ਬਹੁਤਿਆਂ ਦੇ ਕਿਰਦਾਰ `ਚ ਨਜ਼ਰ ਹੀ ਨਹੀਂ ਆ ਰਹੀ। ਅੱਜ ਜਿਹੜੀ ‘ਸਿੱਖੀ’ ਸਾਡੇ ਕਿਰਦਾਰ `ਚੋਂ ਸੰਸਾਰ ਸਾਹਮਣੇ ਆ ਰਹੀ ਹੈ, ਉਹ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਤੇ ਗੁਰੂ ਗ੍ਰੰਥ ਸਾਹਿਬ ਜੀ ਰਾਹੀਂ ਬਖਸ਼ੇ ਹੋਏ ਇਲਾਹੀ ਤੇ ਸੱਚ ਧਰਮ ਵਾਲੀ ‘ਸਿੱਖੀ’ ਨਹੀਂ। ਬਲਕਿ ਸਾਡੀ ਅਜੋਕੀ ਸਿੱਖੀ ਤਾਂ ਸਾਡੀਆਂ ਮਨਮੱਤਾਂ, ਹੂੜਮੱਤਾਂ, ਦੁਰਮੱਤਾਂ ਦੀ ਪੈਦਾਵਾਰ ਬਨਾਵਟੀ, ਅਣਮੱਤੀ, ਹੂੜਮੱਤੀ, ਦੁਰਮੱਤੀ ਤੇ ਬਹੁਤਾ ਕਰਕੇ ਦਿਖਾਵੇ ਦੀ ਸਿੱਖੀ ਹੀ ਬਾਕੀ ਹੈ, ਇਸ ਲਈ ਲੋੜ ਹੈ ਤਾਂ ਪੰਥਕ ਤਲ `ਤੇ ਸਾਨੂੰ ਸੰਭਲਣ ਦੀ। #2. 225s012,05.013#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 225

ਗੁਰਬਾਣੀ `ਚ ਕੇਸਾਂ ਵਾਲਾ ਸਰੂਪ? (ਕਿਸ਼ਤ ੨)

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.