.

ਇਕ ਕਹਿ ਜਾਣਨਿ ਕਹਿਆ ਬੁਝਨਿ……

ਆਦਿ ਕਾਲ ਤੋਂ ਹੀ ਅਗਿਆਨਤਾ ਦੇ ਅਨ੍ਹੇਰੇ ਵਿੱਚ ਭਟਕ ਰਹੀ ਮਨੁੱਖਤਾ ਨੂੰ ਪਾਖੰਡੀ ਪੁਜਾਰੀਆਂ ਨੇ, ਆਪਣੇ ਮਾਇਕ ਸੁਆਰਥ ਵਾਸਤੇ, ਮਿਥਿਹਾਸਕ ਕਹਾਣੀਆਂ ਘੜਿ, ਸੁਣਾ ਸੁਣਾ ਕੇ ਅੰਨ੍ਹੀ ਸ਼੍ਰਧਾ ਤੇ ਕਰਮਕਾਂਡਾਂ ਦੇ ਅੰਨ੍ਹੇਰੇ ਰਾਹ `ਤੇ ਪਾ ਦਿੱਤਾ ਹੋਇਆ ਸੀ। ਮੱਧਕਾਲ ਵਿੱਚ ਵਿਚਰੇ ਮਹਾਂਪੁਰਖਾਂ ਨੇ ਵਹਿਮਾਂ ਭਰਮਾਂ ਵਿੱਚ ਉਲਝਾਈ ਤੇ ਕਰਮਕਾਂਡਾਂ ਦੀ ਗ਼ੁਲਾਮ ਬਣਾ ਦਿੱਤੀ ਗਈ ਰੱਬ ਦੀ ਮਜ਼ਲੂਮ ਰਿਆਇਆ ਦੇ ਦੁਖੀ ਜੀਵਨ ਨੂੰ ਸੁਖੀ ਸੁਹੇਲਾ ਬਣਾਉਣ ਵਾਸਤੇ ਗਿਆਨ ਦਾ ਮਾਰਗ ਦਿਖਾਉਣ ਦਾ ਨਿਸ਼ਕਾਮ ਯਤਨ ਕੀਤਾ। ਇਹ ਪਰਮਾਰਥੀ ਯਤਨ ਕਰਦਿਆਂ ਉਨ੍ਹਾਂ ਨੂੰ ਦੋ ਚੁਣੌਤੀਆਂ ਦਾ ਸਾਹਮਨਾ ਕਰਨਾ ਪਿਆ: ਪਹਿਲਾ, ਅਗਿਆਨਮਤੀ ਅੰਧਵਿਸ਼ਵਾਸੀ ਲੋਕਾਈ ਨੂੰ ਗਿਆਨ ਦੀ ਰੌਸ਼ਨੀ ਦਿਖਾ ਕੇ ਅੰਧਵਿਸ਼ਵਾਸ ਦੀ ਦਲਦਲ ਵਿੱਚੋਂ ਕੱਢਣਾ। ਅਤੇ ਦੂਜਾ, ਹਾਕਿਮਾਂ ਦੀ ਸਰਪਰਸਤੀ ਹੇਠ, ਪਾਖੰਡੀ ਪੁਜਾਰੀਆਂ ਦੁਆਰਾ ਆਪਣੇ ਸੁਆਰਥ ਵਾਸਤੇ ਪ੍ਰਚੱਲਿਤ ਕੀਤੀਆਂ ਮਿਥਿਹਾਸਕ ਕਹਾਣੀਆਂ, ਅੰਧ ਵਿਸ਼ਵਾਸਾਂ, ਅਮਾਨਵੀ ਮਾਨਤਾਵਾਂ, ਪਿਰਤਾਂ ਤੇ ਕਰਮਕਾਂਡਾਂ ਆਦਿ ਨੂੰ ਨਕਾਰਨਾ। ਇਸ ਮੰਤਵ-ਪੂਰਤੀ ਲਈ ਉਨ੍ਹਾਂ ਨੇ ਆਪਣੀ ਬਾਣੀ ਵਿੱਚ ਪੁਜਾਰੀਆਂ ਦੀਆਂ ਲੋਟੂ ਤੇ ਕਪਟੀ ਕਰਤੂਤਾਂ ਦਾ ਖੰਡਨ (ਤਰਕ/ਦਲੀਲ ਨਾਲ ਰੱਦ) ਕਰਕੇ ਨਵੇਂ ਮਾਨਵਵਾਦੀ ਸਿੱਧਾਤਾਂ ਦਾ ਮੰਡਨ (ਆਪਣੇ ਵੱਲੋਂ ਸੁਝਾਏ ਕਲਿਆਣਕਾਰੀ ਨਿਯਮਾਂ ਦਾ ਤਰਕਸਿੱਧ ਸਮਰਥਨ) ਕੀਤਾ ਤੇ ਪ੍ਰਚਾਰਿਆ। ਵਕਤ ਦੇ ਜ਼ਾਲਿਮ ਹਾਕਿਮਾਂ ਅਤੇ ਉਨ੍ਹਾਂ ਦੇ ਖ਼ੁਸ਼ਾਮਦੀ ਮਾਇਆਧਾਰੀ ਕਾਮਚੋਰ ਪੁਜਾਰੀਆਂ ਨੂੰ ਇਹ ਉੱਕਾ ਹੀ ਗਵਾਰਾ ਨਹੀਂ ਸੀ। ਇਸ ਲਈ ਪੁਜਾਰੀ ਅਤੇ ਉਨ੍ਹਾਂ ਦੇ ਅੰਨ੍ਹੇ ਝੋਲੀਚੁਕ ਇਸ ਪਰਮਾਰਥੀ ਮਿਸ਼ਨ ਦੇ ਰਾਹ ਵਿੱਚ ਬਾਧਾ ਪਾਉਣ ਦਾ ਸਿਰਤੋੜ ਯਤਨ ਕਰਦੇ ਸਨ। ਇਸ ਸਥਿਤੀ ਨਾਲ ਸਿੱਝਣ ਵਾਸਤੇ ਬਾਣੀਕਾਰਾਂ ਨੂੰ ਵਿਪੱਖੀਆਂ ਨਾਲ ਗੋਸ਼ਟੀਆਂ ਤੇ ਵਿਚਾਰ-ਵਿਮਰਸ਼ ਕਰਨੇ ਪਏ। ਵਿਚਾਰ-ਵਿਮਰਸ਼ ਕਰਦਿਆਂ ਉਨ੍ਹਾਂ ਨੂੰ ਕਈ ਵਾਰ ਖੋਟੀ ਨੀਯਤ ਤੇ ਮੂੜ੍ਹ ਮਤਿ ਵਾਲੇ ਵਿਰੋਧੀਆਂ ਨਾਲ ਮੱਥਾ ਮਾਰਨਾ ਪਿਆ ਅਤੇ ਸੱਚ ਦੇ ਵੈਰੀ ਉਨ੍ਹਾਂ ਲੱਲੂਆਂ ਦੀਆਂ ਅਣਸੁਖਾਵੀਆਂ ਸੰਤਾਪੀ ਝੱਲਵਲੱਲੀਆਂ ਨਾਲ ਵੀ ਨਜਿੱਠਣਾ ਪਿਆ। ਬਾਣੀਕਾਰਾਂ ਦੇ ਇਸ ਕੌੜੇ ਕੁੜਾਂਘੇ ਤੇ ਅਣਸੁਖਾਵੇਂ ਤਜੁਰਬੇ ਦਾ ਜ਼ਿਕਰ ਬਾਣੀ ਦੀਆਂ ਕਈ ਤੁਕਾਂ/ਸ਼ਬਦਾਂ ਵਿੱਚ ਦੇਖਿਆ ਜਾ ਸਕਦਾ ਹੈ। ਇਸੇ ਪ੍ਰਸੰਗ ਵਿੱਚ ਗੁਰੂ ਨਾਨਕ ਦੇਵ ਜੀ ਦੇ, ਸਖ਼ਤ ਪਰ ਢੁੱਕਵੇਂ ਸ਼ਬਦਾਂ ਵਿੱਚ ਉਚਾਰੇ, ਨਿਮਨ ਲਿਖਤ ਸ਼ਬਦ ਉੱਤੇ ਵਿਚਾਰ ਕਰਦੇ ਹਾਂ:-
ਮਨਹੁ ਜਿ ਅੰਧੇ ਘੂਪ ਕਹਿਆ ਬਿਰਦੁ ਨ ਜਾਣਨੀ॥
ਮਨਿ ਅੰਧੈ ਊਂਧੈ ਕਵਲਿ ਦਿਸਨਿ ਖਰੇ ਕਰੂਪ॥
ਇਕ ਕਹਿ ਜਾਣਨਿ ਕਹਿਆ ਬੁਝਨਿ ਤੇ ਨਰ ਸੁਘੜ ਸਰੂਪ॥
ਇਕਨਾ ਨਾਦੁ ਨ ਬੇਦੁ ਨ ਗੀਅ ਰਸੁ ਰਸੁ ਕਸੁ ਨ ਜਾਣੰਤਿ॥
ਇਕਨਾ ਸਿਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤਿ॥
ਨਾਨਕ ਤੇ ਨਰ ਅਸਲਿ ਖਰ ਜਿ ਬਿਨੁ ਗੁਣ ਗਰੁਬ ਕਰੰਤ॥ ਸਲੋਕ ਮ: ੧

ਸ਼ਬਦ-ਅਰਥ:- ਜਿ: ਜੋ, ਜਿਹੜੇ। ਅੰਧੇ: ਗਿਆਨ ਪਖੋਂ ਅੰਨ੍ਹੇ, ਅਹਮਕ, ਮੂਰਖ। ਘੂਪ: ਘੁਪ, ਸੰਘਣਾ, ਪੂਰਾ। ਅੰਧੇ ਘੂਪ: (ਗਿਆਨ ਪੱਖੋਂ) ਘੁੱਪ/ਪੂਰੇ ਅੰਨ੍ਹੇ; ਇਹ ਸ਼ਬਦ ਉੱਲੂ ਵਾਸਤੇ ਵੀ ਵਰਤਿਆ ਜਾਂਦਾ ਹੈ ਜੋ ਸੂਰਜ ਦੀ ਰੌਸ਼ਨੀ ਵਿੱਚ ਵੀ ਵੇਖ ਨਹੀਂ ਸਕਦਾ। ਬਿਰਦੁ: ਫ਼ਰਜ਼ ਨਿਭਾਉਣ ਵਾਸਤੇ ਕੀਤੇ ਜਣ ਵਾਲੇ ਕਰਮ। ਊਂਧੈ: ਪੁੱਠਾ, ਉਲਟਾ। ਕਵਲਿ: ਮਨ, ਹਿਰਦਾ, ਸੋਚ। ਖਰੇ: ਬਹੁਤ ਜ਼ਿਆਦਾ। ਕਰੂਪ: (ਮਨ/ਸੋਚ ਪੱਖੋਂ) ਭੱਦੇ, ਕੋਝੇ, ਕੁਲਹਿਣੇ, ਕੁਲੱਛਣੇ। ਬੁਝਨਿ: ਸਮਝਣਾ, ਗਿਆਨ ਹੋਣਾ। ਸੁਘੜ: ਜਿਸ ਦੀ (ਮਾਨਸਿਕ) ਘਾੜਤ ਸੁਚੱਜੀ ਹੈ। ਸਰੂਪ: ਸੁੰਦਰ ਸੋਚਣੀ ਵਾਲੇ। ਨਾਦੁ: ਧੁਨੀ, ਸੰਗੀਤ, ਸ਼ਬਦ, ਸ਼ਬਦ-ਗਿਆਨ। ਬੇਦੁ: ਬੋਧ, ਇਲਮ, ਗਿਆਨ। ਗੀਆ ਰਸੁ: (ਕਿਸੇ ਦੇ ਸਮਝਾਏ ਨੂੰ) ਸਮਝਣ ਵਿੱਚੋਂ ਪ੍ਰਾਪਤ ਹੋਣ ਵਾਲਾ ਆਨੰਦ, ਗਿਆਨ-ਰਸ। ਰਸੁ ਕਸੁ: ਕੁਸੈਲਾ ਸੁਆਦ; ਜਿਵੇਂ ਗੰਦਗੀ ਦੇ ਕੀੜੇ ਵਾਸਤੇ ਗੰਦਗੀ ਦੇ ਗੰਦੇ ਸਵਾਦ ਤੋਂ ਉੱਪਰ ਹੋਰ ਕੋਈ ਸਵਾਦ ਨਹੀਂ ਤਿਵੇਂ ਖੋਟੇ ਤੇ ਨੀਚ ਵਿਅਕਤੀ ਅਗਿਆਨਤਾ ਦੀ ਜ਼ਲਾਲਤ ਦੇ ਚਿੱਕੜ ਵਿੱਚ ਵਿਚਰਨ ਦੇ ਗੰਦੇ ਸਵਾਦ ਨੂੰ ਸਰਵ-ਸ੍ਰੇਸ਼ਟ ਸਵਾਦ ਸਮਝਦਿਆਂ ਇਸੇ ਦਾ ਹੀ ਲੁਤਫ਼ ਲੈਂਦੇ ਹਨ ਅਤੇ ਇਸ ਦਾ ਫ਼ਖ਼ਰ ਵੀ ਕਰਦੇ ਹਨ। ਸਿਧਿ: (ਮਨੋਰਥ ਦੀ ਪ੍ਰਾਪਤੀ ਦੇ ਯਤਨ ਵਿੱਚ) ਸਫ਼ਲਤਾ। ਅਕਲਿ: ਅੱਛੇ-ਬੁਰੇ/ਨੇਕ-ਬਦ/ਸਹੀ-ਗ਼ਲਤ ਦੀ ਤਮੀਜ਼। ਸਰ: ਸਿਰ, ਦਿਮਾਗ਼। ਅਖਰ: ਉਪਦੇਸ਼, ਹਰਫ਼, ਕਹੇ/ਲਿਖੇ ਸ਼ਬਦ। ਭੇਉ: ਮਕਸਦ, ਮੰਤਵ। ਖਰ: ਖੋਤਾ, ਗਧਾ; ਵੱਡੇ ਬੂਥੇ ਵਾਲਾ; ਖੋਤੇ ਦਾ ਮੂੰਹ ਵੱਡਾ ਹੁੰਦਾ ਹੈ ਪਰ ਅਕਲ ਪੱਖੋਂ ਛੂਛਾ ਹੋਣ ਕਾਰਣ ਉਸ ਦਾ ਬੇਹੂਦਾ ਹੀਂਗਣਾ ਸਮਝਿਆ ਨਹੀਂ ਜਾ ਸਕਦਾ; ਖੋਤੇ ਵਾਂਗ ਵੱਡੀ ਬੂਥੀ ਵਾਲਾ ਅਕਲ ਦਾ ਵੈਰੀ ਵਿਅਕਤੀ ਜਿਸ ਦੀ ਬਕਬਕ ਸਮਝੀ ਨਹੀਂ ਜਾ ਸਕਦੀ। ਗਰੁਬ: ਹੰਕਾਰ, ਗ਼ਰੂਰ, ਘੁਮੰਡ।
ਭਾਵ-ਅਰਥ:- ਜਿਨ੍ਹਾਂ ਮਨੁੱਖਾਂ ਦੇ ਮਨਾਂ ਅੰਦਰ ਅਗਿਆਨਤਾ ਦਾ ਘੁਪ ਅਨ੍ਹੇਰਾ ਪਸਰਿਆ ਹੋਇਆ ਹੁੰਦਾ ਹੈ, ਉਹ ਸਮਝਾਇਆਂ ਵੀ ਆਪਣੇ ਜੀਵਨ-ਕਰਤੱਵ ਨੂੰ ਨਹੀਂ ਸਮਝਦੇ।
ਮਨੋਂ ਅੰਨ੍ਹੇ ਅਗਿਆਨੀ ਹੋਣ ਕਾਰਣ, ਉਨ੍ਹਾਂ ਦੀ ਸੋਚ ਵੀ ਪੁੱਠੀ ਹੀ ਹੁੰਦੀ ਹੈ। ਅਜਿਹੇ ਮੂੜ੍ਹ ਮਤਿ ਵਾਲੇ ਮਨੁੱਖ, ਗਿਆਨ-ਹੀਣ ਹਿਰਦੇ ਅਤੇ ਪੁੱਠੀ ਸੋਚ ਦੇ ਮਾਲਿਕ ਹੋਣ ਕਾਰਣ, (ਗਿਆਨ ਦੇ ਦ੍ਰਿਸ਼ਟੀਕੋਣ ਤੋਂ) ਭੱਦੇ ਤੇ ਕੋਝੇ ਨਜ਼ਰ ਆਉਂਦੇ ਹਨ।
ਕੁਝ ਮਨੁੱਖ ਅਜਿਹੇ ਵੀ ਹਨ ਜਿਹੜੇ (ਬਿਬੇਕ, ਤੇ ਵਿਚਾਰ ਨਾਲ) ਆਪਣੀ ਗੱਲ ਕਹਿਣੀ/ਸਮਝਾਉਣੀ ਜਾਣਦੇ ਹਨ; ਅਤੇ ਦੂਸਰੇ ਦੇ ਵਿਚਾਰ ਨੂੰ ਸਮਝਣ ਵਾਸਤੇ ਨੇਕ ਨੀਯਤ, ਮਾਨਸਿਕ ਸਮਰੱਥਾ ਤੇ ਠਰ੍ਹਮਾ ਵੀ ਰੱਖਦੇ ਹਨ। ਅਜਿਹੇ (ਬਿਬੇਕ-ਬੁੱਧਿ) ਮਨੁੱਖ ਸੁੰਦਰ ਮਾਨਸਿਕ ਘਾੜਤ ਤੇ ਸੋਹਣੀ ਸੋਚਨੀ ਵਾਲੇ ਹੁੰਦੇ ਹਨ।
ਕਈ ਮਨੁੱਖਾਂ ਨੂੰ ਸੰਗੀਤ-ਰਸ ਦੀ ਸੋਝੀ ਨਹੀਂ, ਗਿਆਨ ਤੋਂ ਪ੍ਰਾਪਤ ਹੋਣ ਵਾਲੇ ਆਨੰਦ ਦਾ ਚਸਕਾ ਨਹੀਂ ਅਤੇ ਕਿਸੇ ਦੀ ਸਮਝਾਈ ਹੋਈ (ਗਿਆਨ ਦੀ) ਗੱਲ ਨੂੰ ਸਮਝਣ ਨਾਲ ਪ੍ਰਾਪਤ ਹੋਣ ਵਾਲੀ ਹਾਰਦਿਕ ਖ਼ੁਸ਼ੀ ਨਾਲ ਕੋਈ ਵਾਸਤਾ ਨਹੀਂ ਹੁੰਦਾ। (ਜਿਵੇਂ ਗੰਦਗੀ ਦੇ ਕੀੜੇ ਨੂੰ ਗੰਦਗੀ ਦੇ ਗੰਦ-ਰਸ ਦੀ ਸੋਝੀ ਨਹੀਂ ਹੁੰਦੀ ਤੇ ਉਹ ਗੰਦਗੀ ਵਿੱਚ ਹੀ ਖ਼ੁਸ਼ ਰਹਿੰਦਾ ਹੈ, ਤਿਵੇਂ) ਗਿਆਨ-ਹੀਣ ਮਨੁੱਖ ਅਗਿਆਨਤਾ ਵਿੱਚ ਵਿਚਰਨ ਦੇ ਕੁਸੈਲੇ ਰਸ ਦੀ ਸਮਝ/ਤਮੀਜ਼ ਨਹੀਂ ਰੱਖਦੇ।
ਕਈ ਅਜਿਹੇ ਮਨੁੱਖ ਵੀ ਹਨ ਜਿਨ੍ਹਾਂ ਨੂੰ ਜੀਵਨ-ਮਨੋਰਥ ਦੀ ਪੂਰਤੀ ਵਿੱਚ ਸਫ਼ਲਤਾ ਪ੍ਰਾਪਤ ਨਹੀਂ, ਸੱਚ ਝੂਠ ਦਾ ਨਿਤਾਰਾ ਕਰਨ ਦੀ ਮਾਨਸਿਕ ਸ਼ਕਤੀ ਵੀ ਨਹੀਂ ਅਤੇ ਉਨ੍ਹਾਂ ਦੇ ਸਿਰ ਵਿੱਚ ਅਕਲ ਵਾਲਾ ਖ਼ਾਨਾ ਵੀ ਖ਼ਾਲੀ ਹੁੰਦਾ ਹੈ; (ਇਸੇ ਕਾਰਣ) ਉਨ੍ਹਾਂ ਨੂੰ ਅੱਛੇ-ਬੁਰੇ/ਨੇਕ-ਬਦ/ਸਹੀ-ਗ਼ਲਤ ਦੀ ਤਮੀਜ਼ ਵੀ ਨਹੀਂ ਹੁੰਦੀ। (ਨਤੀਜਤਨ) ਉਹ ਸਿਆਣਿਆਂ ਦੇ ਕਹੇ/ਲਿਖੇ ਗਿਆਨ-ਵਰਧਕ ਉਪਦੇਸ਼ਾਤਮਕ ਸ਼ਬਦਾਂ ਦਾ ਮੰਤਵ/ਮਕਸਦ ਨਹੀਂ ਸਮਝਦੇ।
(ਉਕਤ ਤੱਥਾਂ ਦੇ ਆਧਾਰ `ਤੇ) ਨਾਨਕ ਵਿਚਾਰ ਕਰਦਾ ਹੈ ਕਿ ਜਿਹੜੇ ਮੂਰਖ ਮਨੁੱਖ ਗਿਆਨ ਦੇ ਗੁਣਾਂ ਤੋਂ ਹੀਣੇ ਹੋਣ ਦੇ ਬਾਵਜੂਦ ਵੀ ਹੰਕਾਰ ਕਰਦੇ ਹਨ, (ਸਹੀ ਅਰਥਾਂ ਵਿੱਚ) ਉਹ ਹੀ ਅਸਲੀ ਖੋਤੇ ਹਨ। (ਖੋਤੇ ਦੇ ਲੱਛਣਾਂ `ਤੇ ਕੋਈ ਕਿੰਤੂ ਨਹੀਂ ਕੀਤਾ ਜਾ ਸਕਦਾ, ਕਿਉਂਕਿ ਕਾਦਰ ਦੀ ਕੁਦਰਤ ਨੇ ਉਸ ਦੀ ਘਾੜਤ ਹੀ ਅਜਿਹੀ ਕੀਤੀ ਹੈ! ਪਰੰਤੂ ਜਦ ਕੋਈ ਮਨੁੱਖ ਖੋਤੇ ਵਾਲੇ ਲੱਛਣ ਅਪਣਾ ਲਵੇ ਤਾਂ ਉਹ ਖੋਤਾ ਅਖਵਾਉਣ ਦਾ ਅਸਲੀ ਹੱਕਦਾਰ ਬਣ ਜਾਂਦਾ ਹੈ! !)
ਪਾਠਕ ਸੱਜਨੋਂ! ਗੁਰਬਾਣੀ ਉੱਤੇ ਆਧਾਰਤ ਕਹੇ/ਲਿਖੇ ਸੱਚ ਦਾ ਤਰਕ-ਰਹਿਤ ਵਿਰੋਧ ਅੱਜ ਵੀ ਵਿਆਪਕ ਹੈ। ਫ਼ਰਕ ਇਹ ਹੈ ਕਿ ਪਹਿਲਾਂ ਇਹ ਵਿਰੋਧ ਗੁਰਮਤਿ ਵਿਚਾਰਧਾਰਾ ਦੇ ਵਿਰੋਧੀਆਂ (ਭੇਖਧਾਰੀ ਪੰਡਤਾਂ, ਮੁੱਲਾਣਿਆਂ ਅਤੇ ਨਾਥਾਂ ਜੋਗੀਆਂ ਆਦਿ) ਵੱਲੋਂ ਕੀਤਾ ਜਾਂਦਾ ਸੀ, ਪਰੰਤੂ ਅੱਜ ਇਹ ਵਿਰੋਧ ਜ਼ਿਆਦਾਤਰ ਉਹ ਭੇਖਧਾਰੀ ਅਖਾਉਤੀ ਸਿੱਖ ਹੀ ਕਰ ਰਹੇ ਹਨ ਜੋ ਆਪਣੇ ਆਪ ਨੂੰ ਗੁਰਸਿੱਖ, ਪੰਥ-ਸੇਵਕ, ਗੁਰਬਾਣੀ ਦੇ ਗਿਆਤਾ ਤੇ ਗੁਰਮਤਿ ਦੇ ਠੇਕੇਦਾਰ ਹੋਣ ਦਾ ਦਾਅਵਾ ਕਰਦੇ ਹਨ। ਦਰਅਸਲ, ਇਹੋ ਮਨਮੁੱਖ ਠੇਕੇਦਾਰ ਹੀ ਹਨ ਜੋ ਗੁਰਮਤਿ ਦੇ ਉਲਟ ਕਰਮਕਾਂਡਾਂ, ਮਿੱਥਿਆ ਕਹਾਣੀਆਂ ਤੇ ਸੰਸਾਰਕ ਮਰਯਾਦਾਵਾਂ ਆਦਿ ਨੂੰ ਫੈਲਾਉਣ ਦਾ ਪਾਪ ਕਮਾ ਰਹੇ ਹਨ! ਜਦੋਂ ਵੀ ਕੋਈ ਲੇਖਕ ਗੁਰਬਾਣੀ ਦੀ ਵਿਚਾਰ ਕਰਕੇ ਗੁਰਮਤਿ ਦੇ ਸਿੱਧਾਂਤਾਂ ਨੂੰ ਸਮਝਣ ਦਾ ਨਿਮਾਣਾ ਜਿਹਾ ਯਤਨ ਕਰਦਾ ਹੈ ਤਾਂ ਗੁਰਮਤਿ ਦੇ ਇਹ ਦੋਖੀ, ਗੁਰਮਤਿ ਦੇ ਸੱਚ ਨੂੰ ਨਾ ਬਰਦਾਸ਼ਤ ਕਰਦੇ ਹੋਏ, ਢੁੱਚਰਾਂ ਦੇ ਤੀਰਾਂ ਦੀ ਬੁਛਾੜ ਕਰਨ ਲੱਗ ਜਾਂਦੇ ਹਨ। ਅਤਿਅੰਤ ਦੁੱਖ ਦੀ ਗੱਲ ਤਾਂ ਇਹ ਹੈ ਕਿ ਇਹ ਢੁੱਚਰਬਾਜ਼ ਕੋਈ ਬਾਹਰਲੇ ਨਹੀਂ ਸਗੋਂ ਜ਼ਮੀਰ ਮਰੇ ਉਹ ਅਖਾਉਤੀ ਸਿੱਖ ਹੀ ਹਨ ਜਿਨ੍ਹਾਂ ਦੀ ਸੋਚ ਮਾਇਆਧਾਰੀ ਪੁਜਾਰੀਆਂ ਦੁਆਰਾ ਪ੍ਰਚੱਲਿਤ ਕੀਤੀਆਂ ਗਈਆਂ ਅਤੇ ਮਾਇਆ-ਮੂਠੇ ਤੇ ਹਉਮੈ-ਮਾਰੇ ਨੇਤਾਵਾਂ ਵੱਲੋਂ ਪ੍ਰਵਾਣਿਤ ਗੁਰਮਤਿ-ਵਿਰੋਧੀ ਮਿਥਿਹਾਸਕ ਕਹਾਣੀਆਂ, ਕਰਮਕਾਂਡਾਂ, ਕੂੜ-ਕਿਤਾਬਾਂ ਅਤੇ ਉਨ੍ਹਾਂ ਕੂੜ-ਕਿਤਾਬਾਂ ਉੱਤੇ ਆਧਾਰਤ ਮਰਯਾਦਾਵਾਂ ਆਦਿ ਦੀ ਗ਼ੁਲਾਮ ਹੈ। ਗੁਰੂ ਨਾਨਕ ਦੇਵ ਜੀ ਦੇ ਫ਼ਲਸਫ਼ੇ ਅਨੁਸਾਰ ਮਨੁੱਖੀ ਜਾਮੇ ਵਿੱਚ ਵਿਚਰਦੇ ਅਕਲ ਦੇ ਅੰਨ੍ਹੇ ਤੇ ਮਨ ਦੇ ਖੋਟੇ ਇਹ ਦੋਖੀ ਹੀ ‘ਅਸਲਿ ਖਰ’ ਹਨ!
ਗੁਰਇੰਦਰ ਸਿੰਘ ਪਾਲ
ਨਵੰਬਰ 17, 2013.




.