.

ਚੰਗੇ ਸਮਾਜ ਦੀ ਸਿਰਜਨਾ … (10)

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

10. ਬੁਰੇ ਦਾ ਵੀ ਭਲਾ ਚਿਤਵਣਾ

ਫਰੀਦਾ, ਬੁਰੇ ਦਾ ਭਲਾ ਕਰਿ, ਗੁਸਾ ਮਨਿ ਨ ਹਢਾਇ॥ ਦੇਹੀ ਰੋਗੁ ਨ ਲਗਈ, ਪਲੈ ਸਭੁ ਕਿਛੁ ਪਾਇ॥ (ਫਰੀਦ ਜੀਉ, 1382)

ਭਾਵ: ਹੇ ਫਰੀਦ! ਬੁਰਾਈ ਕਰਨ ਵਾਲੇ ਨਾਲ ਭੀ ਭਲਾਈ ਕਰ, ਮਨਿ ਵਿੱਚ ਗੁੱਸਾ ਨਾਲ ਆਉਣ ਦੇਹ (ਗੁੱਸੇ ਦੀ ਵਰਤੋਂ ਨਾ ਕਰ)। (ਇਸ ਤਰ੍ਹਾਂ) ਸਰੀਰ ਨੂੰ (ਕੋਈ ਕਾਮ ਆਦਿਕ) ਰੋਗ ਨਹੀਂ ਲਗਦਾ ਅਤੇ ਹਰੇਕ ਚੰਗਾ ਪਦਾਰਥ (ਰੱਬੀ-ਗੁਣ) ਹਿਰਦੇ ਵਿੱਚ ਸਾਂਭਿਆ ਰਹਿੰਦਾ ਹੈ।

ਆਮਤੌਰ `ਤੇ, ਮਨੁੱਖ ਬੁਰਾ ਕਰਨ ਵਾਲੇ ਦਾ ਬੁਰਾ ਹੀ ਕਰਦੇ ਹਨ। ਕੁੱਝ ਕੁ (ਬੜੀ ਥੋੜ੍ਹੀ ਗਿਣਤੀ ਦੇ) ਮਨੁੱਖ ਉਨ੍ਹਾਂ ਨਾਲ ਬੁਰੇ ਕਰਨ ਵਾਲੇ ਦਾ ਬੁਰਾ ਤਾਂ ਭਾਵੇਂ ਨਹੀਂ ਕਰਦੇ (ਜਾਂ ਕਰ ਸਕਣ ਦੀ ਹਾਲਤ ਵਿੱਚ ਨਹੀਂ ਹੁੰਦੇ), ਪਰ ਜਦੋਂ ਉਨ੍ਹਾਂ ਨਾਲ ਬੁਰਾ ਕਰਨ ਵਾਲੇ ਦਾ, ਰੱਬ-ਸਬੱਬੀਂ, ਕਦੇ ਬੁਰਾ ਹੋ ਜਾਵੇ ਤਾਂ ਉਹ ਮਨ ਵਿੱਚ ਖੁਸ਼ ਜਰੂਰ ਹੁੰਦੇ ਹਨ ਕਿ, “ਚੰਗਾ ਹੋਇਆ ਮੇਰੇ ਨਾਲ ਬੁਰਾ ਕਰਨ ਵਾਲੇ ਨੂੰ ਉਸ ਦੀ ਕੀਤੀ ਦਾ ਫ਼ਲ ਮਿਲ ਗਿਆ ਪਰ, ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਨ ਵਾਲਾ ਮਨੁੱਖ ਉਸ ਨਾਲ ਬੁਰਾ ਕਰਨ ਵਾਲੇ ਦਾ ਵੀ (ਜਦੋਂ ਕਦੇ ਬੁਰਾ ਕਰਨ ਵਾਲਾ ਬਿਪਤਾ ਵਿੱਚ ਫਸ ਜਾਵੇ, ਤਾਂ) ਭਲਾ ਕਰਨ ਦੀ ਤਾਂਘ ਹੀ ਰਖਦਾ ਹੈ ਕਿਉਂਕਿ ਉਹ ਬੁਰਾ ਕਰਨ ਵਾਲੇ ਨੂੰ ਨਹੀਂ ਬਲਕਿ ਬੁਰਿਆਈ ਨੂੰ ਨਫਰਤ ਕਰਦਾ ਹੈ ਅਤੇ ਅਜਿਹੇ ਕਦਮ ਚੁਕਦਾ ਹੈ ਕਿ ਬੁਰਾ ਕਰਨ ਵਾਲਾ, ਬੁਰਿਆਈਆਂ ਛੱਡ ਕੇ, ਚੰਗਾ ਇਨਸਾਨ ਬਣ ਜਾਵੇ। ਅਸਲ ਵਿੱਚ, ਬੁਰੇ ਮਨੁੱਖ ਨੂੰ ਬੁਰਿਆਈ ਵੱਲੋਂ ਮੋੜ ਕੇ ਨੇਕੀ ਵੱਲ ਪ੍ਰੇਰਤ ਕਰਨਾ ਹੀ ਬੁਰੇ ਦਾ ਭਲਾ ਕਰਨਾ ਹੈ।

11. ਅਣਖ-ਇਜ਼ਤ ਵਾਲਾ ਭੈ-ਰਹਿਤ ਜੀਵਨ

ਜੇ ਜੀਵੈ, ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥ (ਮ: 1, 142)

ਭਾਵ: (ਅਸਲ ਵਿੱਚ) ਉਹ ਮਨੁੱਖ ਹੀ (ਆਤਮਿਕ ਪੱਖ ਤੋਂ) ਜੀਉਂਦਾ ਹੈ ਜਿਸ ਦੇ ਮਨ ਵਿੱਚ ਪਰਮਾਤਮਾ (ਦੀ ਯਾਦ) ਵਸ ਰਿਹਾ ਹੈ। ਹੇ ਨਾਨਕ! (ਬੰਦਗੀ ਕਰਨ ਵਾਲੇ ਤੋਂ ਬਿਨਾਂ) ਕੋਈ ਹੋਰ ਜੀਉਂਦਾ ਨਹੀਂ ਹੈ। ਜੇ ਨਾਮ-ਵਿਹੂਣਾ (ਵੇਖਣ ਨੂੰ) ਜੀਊਂਦਾ (ਭੀ) ਹੈ ਤਾਂ ਉਹ ਇਥੋਂ ਇੱਜ਼ਤ ਗਵਾ ਕੇ ਜਾਂਦਾ ਹੈ, ਜੋ ਕੁੱਝ (ਏਥੇ) ਖਾਂਦਾ-ਪੀਂਦਾ ਹੈ, ਹਰਾਮ ਹੀ ਹੈ।

ਜਿਨਾ ਚੰਗੇ ਭਾਗਾਂ ਵਾਲੇ ਮਨੁੱਖਾਂ ਦੀ ਜ਼ਮੀਰ (ਅਣਖ਼) ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰ ਕੇ ਜੀਊਂ ਪੈਂਦੀ ਹੈ, ਉਹ ਨਾਂ ਤਾਂ ਕਿਸੇ ਨਾਲ ਕੋਈ ਜ਼ੋਰ-ਜ਼ੁਲਮ ਜਾਂ ਧੱਕੇਸ਼ਾਹੀ ਕਰਦੇ ਹਨ ਅਤੇ ਨਾਂ ਹੀ ਕਿਸੇ ਵੱਲੋਂ ਕੀਤੇ ਜ਼ੁਲਮ ਨੂੰ, ਧੌਣ ਨੀਵੀਂ ਸੁੱਟ ਕੇ, ਬਰਦਾਸ਼ਤ ਹੀ ਕਰਦੇ ਹਨ। ਜੇਕਰ ਦੁਨਿਆਵੀ ਅਦਾਲਤਾਂ, ਜ਼ਾਲਮਾਂ ਨੂੰ (ਉਨ੍ਹਾਂ ਦੇ ਕੀਤੇ) ਜ਼ੁਲਮਾਂ ਦੀ, ਯੋਗ ਸਜ਼ਾ ਨਹੀਂ ਦੇਂਦੀਆਂ, ਤਾਂ ਅਜਿਹੇ ਅਣਖੀ ਅਤੇ ਜਿਊਂਦੀਆਂ ਜ਼ਮੀਰਾਂ ਵਾਲੇ ਮਨੁੱਖ ਖ਼ੁਦ ਇਨਸਾਫ਼ ਸਥਾਪਤ ਕਰਨ ਲਈ ਯੋਗ ਕਦਮ ਚੁਕਦੇ ਹਨ ਅਤੇ ਮਨੁੱਖਤਾ `ਤੇ ਹੋ ਰਹੇ ਜ਼ੁਲਮਾਂ ਨੂੰ ‘ਰੱਬ ਦਾ ਭਾਣਾ’ ਮੰਨ ਕੇ ਸਵੀਕਾਰ ਨਹੀਂ ਕਰਦੇ।

ਭੈ ਕਾਹੂ ਕਉ ਦੇਤ ਨਹਿ, ਨਹਿ ਭੈ ਮਾਨਤ ਆਨ॥ ਕਹੁ ਨਾਨਕ ਸੁਨਿ ਰੇ ਮਨਾ, ਗਿਆਨੀ ਤਾਹਿ ਬਖਾਨਿ॥ (ਮ: 9, 1427)

ਭਾਵ: ਹੇ ਨਾਨਕ! (ਆਖ-ਹੇ ਮਨ!) ਸੁਣ, ਜਿਹੜਾ ਮਨੁੱਖ ਕਿਸੇ ਨੂੰ (ਕੋਈ ਧੌਂਸ) ਡਰਾਵੇ ਨਹੀਂ ਦੇਂਦਾ ਅਤੇ ਨਾਂ ਹੀ ਕਿਸੇ ਦੇ ਡਰਾਵਿਆਂ ਤੋਂ ਘਬਰਾਉਂਦਾ ਹੈ, ਉਸੇ ਨੂੰ ਹੀ ਆਤਮਿਕ-ਜੀਵਨ ਦੀ ਸੂਝ ਵਾਲਾ ਸਮਝ।

ਪ੍ਰਭ ਕੀ ਸਰਣਿ ਸਗਲ ਭੈ ਲਾਥੇ, ਦੁਖ ਬਿਨਸੇ ਸੁਖੁ ਪਾਇਆ॥ ਦਇਆਲੁ ਹੋਆ ਪਾਰਬ੍ਰਹਮੁ ਸੁਆਮੀ, ਪੂਰਾ ਸਤਿਗੁਰੁ ਧਿਆਇਆ॥

(ਮ: 5, 615)

ਭਾਵ: (ਹੇ ਭਾਈ!) ਜਿਹੜਾ ਮਨੁੱਖ ਪੂਰੇ ਗੁਰੂ (ਪ੍ਰਭੂ-ਪਿਤਾ) ਦਾ ਧਿਆਨ ਧਰਦਾ ਹੈ, ਉਸ ਉੱਤੇ ਮਾਲਿਕ-ਪ੍ਰਭੂ ਦਇਆਵਾਨ ਹੁੰਦਾ ਹੈ (ਤੇ, ਉਹ ਮਨੁੱਖ ਪਰਮਾਤਮਾ ਦੀ ਸ਼ਰਨ ਪੈਂਦਾ ਹੈ), ਪਰਮਾਤਮਾ ਦੀ ਸ਼ਰਣ ਪਿਆਂ ਉਸ ਦੇ ਸਾਰੇ ਦੁਨਿਆਵੀ ਡਰ ਲਹਿ ਜਾਂਦੇ ਹਨ, ਸਾਰੇ (ਆਤਮਿਕ) ਦੁੱਖ ਦੂਰ ਹੋ ਜਾਂਦੇ ਹਨ, ਉਹ ਸਦਾ ਆਤਮਿਕ ਅਨੰਦ ਮਾਣਦਾ ਹੈ।

12. ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਨੇਮ ਨਾਲ ਵਿਚਾਰ ਕਰਨੀ

ਅਸਲ ਵਿੱਚ, ‘ਹੁਕਮਿ ਰਜਾਈ ਚਲਣ’ ਦੀ ਕਿਰਿਆ ਸ਼ਬਦ-ਗੁਰੂ ਦੇ ਉਪਦੇਸ਼ਾਂ ਨੂੰ ਸੁਨਣ, ਸਮਝਣ, ਸਵੀਕਾਰ ਕਰਨ ਅਤੇ ਅਮਲੀ ਤੌਰ `ਤੇ ਪਾਲਣਾ ਕਰਨ ਤੋਂ ਹੀ ਅਰੰਭ ਹੁੰਦੀ ਹੈ। ਇਸ ਲਈ ਸ਼ਬਦ-ਗੁਰੂ ਦੇ ਸਿਧਾਂਤਾਂ ਨੂੰ ਬਾਰੀਕੀ ਨਾਲ ਸਮਝ ਕੇ ਅਮਲ ਵਿੱਚ ਲਿਆਉਂਣ ਨਾਲ ਹੀ ਦੁਰਲੱਭ ਮਨੁੱਖਾ ਜਨਮ ਸਫ਼ਲਤਾ ਦੀ ਮੰਜਿਲ ਵੱਲ ਵਧ ਸਕਦਾ ਹੈ। ਬਿਨਾਂ ਗੁਰਮਤਿ ਸਿਧਾਂਤਾਂ ਨੂੰ ਸਮਝੇ, ਰਸਮੀ ਤੌਰ `ਤੇ ਹਰ ਰੋਜ਼ ਕੁੱਝ ਕੁ ਬਾਣੀਆਂ ਦਾ ਪਾਠ ਕਰਨ ਤੱਕ ਹੀ ਸੀਮਤ ਰਹਿਣਾ ਕਾਫ਼ੀ ਨਹੀਂ ਹੈ। ਰਸਮੀ ਤੌਰ `ਤੇ (ਅਤੇ ਉਹ ਵੀ ਕਾਹਲੀ-ਕਾਹਲੀ) ਪਾਠ ਕੀਤਿਆਂ ਗੁਰੂ-ਬਾਣੀ ਦੇ ਭਾਵ-ਅਰਥ (ਸਿਧਾਂਤ) ਬਿਲਕੁਲ ਸਮਝ ਵਿੱਚ ਨਹੀਂ ਆ ਸਕਦੇ, ਤਾਂ ਫਿਰ ਗੁਰਮਤਿ ਸਿਧਾਂਤਾਂ `ਤੇ ਅਮਲ ਕਿਵੇਂ ਕੀਤਾ ਜਾ ਸਕਦਾ ਹੈ? ਗੁਰਬਾਣੀ ਸਿਰਫ ਰਸਮੀ ਤੌਰ `ਤੇ (ਤੋਤਾ-ਰਟਨੀ) ਪਾਠ ਕਰਨ ਲਈ ਨਹੀਂ ਪਰਗਟ ਹੋਈ ਅਤੇ ਨਾਂ ਹੀ ਗਿਣਤੀਆਂ-ਮਿਣਤੀਆਂ ਦੇ ਪਾਠ (ਅਖੰਡ-ਪਾਠ, ਸਾਧਾਰਨ-ਪਾਠ, ਸਪਤਾਹਿਕ-ਪਾਠ, ਸੰਪਟ-ਪਾਠ ਅਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਪਾਠ) ਕਰ ਕੇ ਫਲ ਪ੍ਰਾਪਤ ਕਰਨ ਲਈ ਪਰਗਟ ਹੋਈ ਹੈ। ਇਹ ਤਾਂ ਧੁਰੋਂ ਪਰਮੇਸ਼ਰ ਦੇ ਹੁਕਮ ਅਨੁਸਾਰ ਹੀ, ਪ੍ਰਭੂ-ਪਿਤਾ ਨਾਲ ਅੰਤਰ-ਆਤਮੇ ਇੱਕਸੁਰ ਹੋਈਆਂ, ਮਹਾਂ-ਆਤਮਾਵਾਂ ਦੁਆਰਾ, ਸਮੁੱਚੀ ਮਨੁੱਖਤਾ ਦੇ ਕਲਿਆਣ ਹਿਤ, ‘ਗੁਰਮਤਿ ਜੀਵਨ-ਜੁਗਤਿ’ ਦੇ ਰੂਪ ਵਿੱਚ ਪਰਗਟ ਹੋਈ ਹੈ।

ਸਤਿਗੁਰੁ ਜਿਨੀ ਨ ਸੇਵਿਓ, ਸਬਦਿ ਨ ਕੀਤੋ ਵੀਚਾਰੁ॥ ਅੰਤਰਿ ਗਿਆਨੁ ਨ ਆਇਓ, ਮਿਰਤਕੁ ਹੈ ਸੰਸਾਰਿ॥ ਲਖ ਚਉਰਾਸੀ ਫੇਰੁ ਪਇਆ, ਮਰਿ ਜੰਮੈ ਹੋਇ ਖੁਆਰੁ॥ (ਮ: 3, 88)

ਭਾਵ: (ਮਨੁੱਖਾ ਜਨਮ ਪ੍ਰਾਪਤਿ ਕਰ ਕੇ) ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ (ਸ਼ਬਦ-ਗੁਰੂ) ਦੇ ਬਚਨਾਂ ਦੀ ਪਾਲਣਾ ਨਹੀਂ ਕੀਤੀ (ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਵਿਚਾਰ ਨਹੀਂ ਕੀਤੀ) ਜਿਨ੍ਹਾਂ ਦੇ ਹਿਰਦੇ `ਚ ਰੱਬੀ-ਗਿਆਨ ਦਾ ਪ੍ਰਕਾਸ਼ ਨਹੀਂ ਹੋਇਆ (ਚੰਗੇ-ਮੰਦੇ ਦਾ ਨਿਖੇੜਾ ਕਰਨ ਵਾਲੀ ਬਿਬੇਕ-ਬੁੱਧੀ ਨਹੀਂ ਪ੍ਰਾਪਤ ਹੋਈ), ਉਹ ਮਨੁੱਖ, ਸੰਸਾਰ ਵਿੱਚ ਸਰੀਰਕ ਤੌਰ `ਤੇ ਜਿਊਂਦਾ ਦਿਸਦਾ ਹੋਇਆ ਵੀ ਆਤਮਿਕ ਪੱਖ ਤੋਂ ਮਰਿਆ ਹੋਇਆ ਹੈ। ਉਹ ਅਭਾਗਾ ਮਨੁੱਖ, ਆਵਾਗਵਣ ਦੇ ਗੇੜ ਵਿੱਚ ਪਿਆ, ਹਰ ਵਕਤ ਖੁਆਰ ਹੁੰਦਾ ਰਹਿੰਦਾ ਹੈ।

ਭਨਤਿ ਨਾਨਕੁ ਕਰੇ ਵੀਚਾਰੁ॥ ਸਾਚੀ ਬਾਣੀ ਸਿਉ ਧਰੇ ਪਿਆਰੁ॥

ਤਾ ਕੋ ਪਾਵੈ ਮੋਖ ਦੁਆਰੁ॥ ਜਪੁ ਤਪੁ ਸਭੁ ਇਹੁ ਸਬਦੁ ਹੈ ਸਾਰੁ॥ (ਮ: 1, 661)

ਭਾਵ: ਨਾਨਕ ਆਖਦਾ ਹੈ - ਜਦੋਂ ਮਨੁੱਖ (ਗੁਰੂ ਦੇ ਸ਼ਬਦ ਦੀ) ਵਿਚਾਰ ਕਰਦਾ ਹੈ, ਸਦਾਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲੀ ਇਸ ਗੁਰਬਾਣੀ ਨਾਲ ਪਿਆਰ ਪਾਂਦਾ ਹੈ, ਤਦੋਂ ਉਹ (ਮਾਇਆ ਦੇ ਮੋਹ ਤੋਂ) ਖਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ। (ਪ੍ਰਭੂ ਦੀ ਸਿਫ਼ਤਿ-ਸਾਲਾਹ ਵਾਲਾ ਇਹ) ਸ੍ਰੇਸ਼ਟ ਗੁਰ-ਸ਼ਬਦ ਹੀ ਅਸਲ ਜਪੁ ਹੈ, ਅਸਲ ਤਪ ਹੈ।

13. ਨੇਮ ਨਾਲ ਸਤਿ ਸੰਗਤਿ ਕਰਨੀ

‘ਸਤਿ ਸੰਗਤਿ’ ਤੋਂ ਭਾਵ ਹੈ ‘ਸਤਿ’ (ਸੱਚੁ) ਦੀ ਸੰਗਤਿ। ਗੁਰਮਤਿ ਫ਼ਲਸਫ਼ਾ ਇਸ ਦੀ ਪ੍ਰੀਭਾਸ਼ਾ ਇੰਜ ਕਰਦਾ ਹੈ -

ਸਤਸੰਗਤਿ ਕੈਸੀ ਜਾਣੀਐਂ (?)॥ ਜਿਥੈ ਏਕੋ ਨਾਮੁ ਵਖਾਣੀਐਂ॥ ਏਕੋ ਨਾਮੁ ਹੁਕਮੁ ਹੈ, ਨਾਨਕ, ਸਤਿਗੁਰਿ ਦੀਆ ਬੁਝਾਇ ਜੀਉ॥ (ਮ: 2, 72)

ਭਾਵ: ਕਿਹੋ ਜਿਹੀ (ਸੰਗਤ) ਸੱਚੀ ਸੰਗਤ ਸਮਝੀ ਜਾ ਸਕਦੀ ਹੈ? (ਸਤਸੰਗਤ ਉਹ ਹੁੰਦੀ ਹੈ ਕਿ) ਜਿੱਥੇ ਇੱਕੋ (ਇੱਕ ਪਰਮੇਸ਼ਰ ਦਾ) ਨਾਮ ਵਖਾਨਿਆ ਜਾਂਦਾ ਹੋਵੇ (ਭਾਵ, ਜਿੱਥੇ ਪਰਮੇਸ਼ਰ ਦੇ ਨਾਮ ਰੂਪੀ ਹੁਕਮ ਦੀ ਹੀ ਵਿਆਖਿਆ ਕੀਤੀ ਜਾਵੇ)। ਹੇ ਨਾਨਕ! ਸਤਿਗੁਰੂ (ਸ਼ਬਦ-ਗੁਰੂ) ਨੇ ਇਹ ਗੱਲ ਸਮਝਾ ਦਿੱਤੀ ਹੈ ਕਿ (ਸਤਸੰਗਿ ਵਿੱਚ) ਕੇਵਲ ਪ੍ਰਭੂ ਦੇ ਨਾਮ ਰੂਪੀ ਹੁਕਮ ਦੀ ਵਿਆਖਿਆ ਕਰਨੀ ਹੀ ਪ੍ਰਭੂ ਦਾ ਹੁਕਮ ਹੈ (ਪ੍ਰਭੂ ਦੇ ਕਿਸੇ ਇੱਕ ‘ਨਾਮ’ ਦਾ ਸੰਗਤ ਵਿੱਚ ਜੁੜ ਕੇ ਲਗਾਤਾਰ ਤੋਤਾ-ਰਟਨੀ ਜਾਪ ਕਰਨਾ ਪ੍ਰਭੂ ਦਾ ਹੁਕਮ ਨਹੀਂ ਹੋ ਸਕਦਾ ਕਿਉਂਕਿ ਅਜਿਹਾ ਕਰਨ ਨਾਲ ਗੁਰਮਤਿ ਸਿਧਾਂਤਾਂ ਬਾਰੇ ਕੋਈ ਸੋਝੀ ਪ੍ਰਾਪਤ ਨਹੀਂ ਹੋ ਸਕਦੀ ਅਤੇ ਨਾਂ ਹੀ ਅਜਿਹੀ ਕਾਰਵਾਈ ਨੂੰ ਸ਼ਬਦ ਦੀ ਵਿਚਾਰ ਕਿਹਾ ਜਾ ਸਕਦਾ ਹੈ)।

ਅਸਲ ਵਿੱਚ, ਗੁਰੂ ਨਾਨਕ ਸਾਹਿਬ ਨੇ ਸੰਨ 1507 ਤੋਂ 1522 ਤੱਕ, ਵਿਸ਼ਵ-ਪੱਧਰ ਦੀਆਂ ਪ੍ਰਚਾਰ ਫੇਰੀਆਂ ਦੌਰਾਨ, ਥਾਂ-ਪੁਰ-ਥਾਂ, ‘ਸੰਗਤਿ’ ਦੇ ਨਾਮ ਹੇਠ ਸਥਾਨਿਕ ਗੁਰਮਤਿ ਸੰਸਥਾਵਾਂ ਸਥਾਪਿਤ ਕੀਤੀਆਂ ਸਨ। ਬਾਅਦ ਵਿੱਚ, ਇਨ੍ਹਾਂ ਨੂੰ ‘ਧਰਮਸਾਲ’ ਦਾ ਨਾਮ ਦੇ ਦਿੱਤਾ ਗਿਆ ਅਤੇ ‘ਧਰਮਸਾਲ’ ਦੀ ਸੰਸਥਾ ਵਿਕਾਸ ਕਰ ਕੇ ਮੌਜੂਦਾ ‘ਗੁਰਦਵਾਰਾ’ ਅਖਵਾਈ। ਦਰਬਾਰ ਸਾਹਿਬ, ਅੰਮ੍ਰਿਤਸਰ ਸਿੱਖ ਇਤਿਹਾਸ ਦਾ ਸਭ ਤੋਂ ਪਹਿਲਾ ਗੁਰਦਵਾਰਾ ਹੈ ਜਿੱਥੇ ਪਹਿਲੀ ਸਤੰਬਰ 1604 ਨੂੰ ਪੰਚਮ-ਪਾਤਿਸ਼ਾਹ ਗੁਰੂ ਅਰਜੁਨ ਸਾਹਿਬ ਨੇ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਸਰੂਪ (ਪੋਥੀ ਸਾਹਿਬ) ਦਾ ਪ੍ਰਕਾਸ਼ ਕੀਤਾ। ਇਸ ਸਰੂਪ ਵਿੱਚ (ਨੌਵੇਂ ਪਾਤਿਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੁਆਰਾ ਪਰਗਟ ਹੋਈ ਗੁਰਬਾਣੀ ਤੋਂ ਇਲਾਵਾ) ਮੌਜੂਦਾ ਗੁਰੂ ਗ੍ਰੰਥ ਸਾਹਿਬ ਦੀ ਸਾਰੀ ਬਾਣੀ ( ‘ੴ’ ਤੋਂ ਲੈ ਕੇ ‘ਤਨੁ ਮਨੁ ਥੀਵੈ ਹਰਿਆ’ ਤੱਕ) ਦਰਜ਼ ਸੀ। ਇਹ ਮਨੁੱਖੀ ਸਮਾਜ ਦੀ ਸਾਂਝੀ ਗੁਰਮਤਿ ਸੰਸਥਾ ਹੈ ਜਿਥੇ ਗੁਰਮਤਿ ਫ਼ਲਸਫ਼ੇ ਦੀ ਪੜ੍ਹਾਈ ਤੇ ਸਿਖਲਾਈ ਤੋਂ ਇਲਾਵਾ, ਸਮਾਜ ਭਲਾਈ ਦੇ ਸਾਂਝੇ ਕਾਰਜ ਵੀ, ਪਲਾਨ ਬਣਾ ਕੇ, ਨੇਪਰੇ ਚਾੜ੍ਹੇ ਜਾਣੇ ਜਰੂਰੀ ਹਨ।

ਇਸ ਤਰ੍ਹਾਂ, ਜਦੋਂ ਮਨੁੱਖ ਨੂੰ ਸਤਸੰਗਤਿ ਕਰਨ ਦੀ ਜਾਚ ਆ ਜਾਵੇਗੀ, ਤਾਂ ਉਹ ‘ਹੁਕਮਿ ਰਜਾਈ ਚਲਣ’ ਲਈ ਤਿਆਰੀ ਕਰ ਚੁੱਕਾ ਹੋਵੇਗਾ।

ਬਿਨੁ ਸੰਗਤੀ ਸਭਿ ਐਸੇ ਰਹਹਿਂ, ਜੈਸੇ ਪਸੁ ਢੋਰ॥ ਜਿਨ੍ਹਿ ਕੀਤੇ ਤਿਸੈ ਨ ਜਾਣਨੀ, ਬਿਨੁ ਨਾਵੈ ਸਭਿ ਚੋਰ॥ (ਮ: 3, 427)

ਭਾਵ: ਸਤਸੰਗਤਿ ਤੋਂ ਬਿਨਾਂ ਸਾਰੇ ਮਨੁੱਖ ਪਸ਼ੂਆਂ ਡੰਗਰਾਂ ਵਾਂਗ ਤੁਰੇ ਫਿਰਦੇ ਹਨ (ਉਨ੍ਹਾਂ ਨੂੰ ਚੰਗੇ-ਮੰਦੇ ਦੀ ਸੋਝੀ ਨਹੀਂ) ਜਿਸ ਪ੍ਰਭੂ-ਪਿਤਾ ਨੇ ਉਨ੍ਹਾਂ ਨੂੰ ਸਿਰਜਿਆ ਹੈ, ਉਸ ਨਾਲ ਉਹ (ਗੁਣਾਂ ਦੀ) ਸਾਂਝ ਨਹੀਂ ਪਾਉਂਦੇ। ਹੁਕਮਿ ਰਜਾਈ ਨਾ ਚੱਲਣ ਕਰ ਕੇ ਉਹ ਸਾਰੇ, ਰੱਬੀ-ਦਰਗਾਹ ਅੰਦਰ, ਚੋਰਾਂ ਦੀ ਨਿਆਂਈ (ਸਮਝੇ ਜਾਂਦੇ) ਹਨ।

14. ਅੰਮ੍ਰਿਤ ਵੇਲੇ (ਪਹੁ-ਫੁਟਾਲੇ ਤੋਂ ਪਹਿਲਾਂ ਦਾ ਸਮਾਂ) ਦੀ ਸੰਭਾਲ

ਜਦੋਂ ਸੂਰਜ ਚੜ੍ਹਨ ਤੋਂ ਪਹਿਲਾਂ ਕੁੱਝ-ਕੁੱਝ ਰੌਸ਼ਨੀ ਹੋਣੀ ਸ਼ੁਰੂ ਹੋ ਜਾਂਦੀ ਹੈ, ਉਸ ਵਕਤ ਨੂੰ ‘ਪਹੁ-ਫੁੱਟਣੀ’ ਕਿਹਾ ਜਾਂਦਾ ਹੈ। ਜਿਹੜਾ ਮਨੁੱਖ ਉਸ ਵਕਤ ਤੋਂ ਪਹਿਲਾਂ ਜਾਗ ਕੇ, ਸੌਚ-ਇਸ਼ਨਾਨ ਕਰ ਕੇ, ਆਪਣੀ ਸੁਰਤਿ ਪ੍ਰਭੂ ਚਰਨਾਂ ਵਿੱਚ ਟਿਕਾਉਂਣ (ਭਾਵ, ਸ਼ਬਦ-ਗੁਰੂ ਦੇ ਉਪਦੇਸ਼ਾਂ ਨੂੰ ਦ੍ਰਿੜ ਕਰ ਕੇ ਪ੍ਰਭੂ-ਪਿਤਾ ਦੀ ਯਾਦ ਨੂੰ ਆਪਣੇ ਹਿਰਦੇ ਵਿੱਚ ਟਿਕਾ ਕੇ, ਮਾਲਿਕ-ਪ੍ਰਭੂ ਦੇ ਸ਼ੁਕਰਾਨੇ ਵਿੱਚ ਜੁੜਦਾ ਹੈ) ਲਈ ਪ੍ਰੇਮ ਨਾਲ ਯਤਨ ਕਰਦਾ ਹੈ, ਉਸ ਦਾ ਮਨ ਵੀ ਸਹਿਜੇ ਹੀ ਸੁਰਤਿ ਦੇ ਪਿੱਛੇ ਲੱਗ ਕੇ ਟਿਕਾਉ ਵਾਲੀ ਸੁਖਮਈ ਅਵੱਸਥਾ ਵੱਲ ਆਉਂਣ ਲਈ ਪ੍ਰੇਰਿਆ ਜਾਂਦਾ ਹੈ, ਕਿਉਂਕਿ, ਰਾਤ ਨੂੰ ਪੂਰੀ ਨੀਂਦ ਤੋਂ ਬਾਅਦ ਪ੍ਰਭੂ-ਪਿਤਾ ਵੱਲੋਂ, ਮਨੁੱਖ ਨੂੰ ‘ਪ੍ਰਾਣ ਸ਼ਕਤੀ’ ਦੇ ਭੰਡਾਰ `ਚੋਂ ‘ਜੀਵਨ-ਸ਼ਕਤੀ’ ਦੀ ਕਿਸ਼ਤ, ਮਿਲ ਜਾਂਦੀ ਹੈ ਜੋ ਅਗਲੇ 24 ਘੰਟਿਆਂ ਦੇ ਕਾਰ-ਵਿਹਾਰ ਕਰਨ ਲਈ ਕੰਮ ਆਉਂਦੀ ਹੈ। ਇਸ ਲਈ ਰਾਤ ਦੀ ਗੂੜ੍ਹੀ ਨੀਂਦ ਤੋਂ ਬਾਅਦ ਮਨੁੱਖੀ ਸਰੀਰ ਦੇ ਸਾਰੇ ਅੰਗ ਹੀ ਕੁਦਰਤੀ ਤੌਰ `ਤੇ (ਸੁਤੇ-ਸਿੱਧ ਹੀ) ਤਾਜ਼ਗੀ-ਭਰਪੂਰ ਸ਼ਕਤੀ ਮਹਿਸੂਸ ਕਰਦੇ ਹਨ। ਅੰਮ੍ਰਿਤ ਵੇਲੇ ਦਾ ਸਮਾਂ ਭਜਨ-ਬੰਦਗੀ ਲਈ ਬਹੁਤ ਲਾਭਦਾਇਕ ਹੁੰਦਾ ਹੈ। ਇਸ ਦੇ ਦੋ ਕਾਰਨ ਹਨ। ਪਹਿਲਾ, ਰਾਤ ਦੀ ਗੂੜ੍ਹੀ ਨੀਂਦ ਦੌਰਾਨ ‘ਜੀਵਨ-ਸ਼ਕਤੀ’ ਦੀ ਕਿਸ਼ਤ ਪ੍ਰਾਪਤ ਹੋਣ ਕਰ ਕੇ ਸਰੀਰ ਦੇ ਸਾਰੇ ਅੰਗ ਤਾਜ਼ਗੀ ਤੇ ਸ਼ਕਤੀ ਹਾਸਿਲ ਕਰ ਲੈਂਦੇ ਹਨ। ਦੂਜਾ, ਇਸ ਸਮੇਂ ਦੁਨਿਆਵੀ ਭੱਜ-ਦੌੜ ਦੀ ਅਣਹੋਂਦ ਦੇ ਕਾਰਨ ਵਾਤਾਵਰਣ ਕੁਦਰਤੀ ਤੌਰ `ਤੇ ਹੀ ਸ਼ਾਤ ਤੇ ਇਕਾਂਤ ਵਾਲਾ ਹੁੰਦਾ ਹੈ। ‘ਪ੍ਰਾਣ-ਸ਼ਕਤੀ’ ਤੇ ‘ਜੀਵਨ-ਸ਼ਕਤੀ’ ਦੀ ਪ੍ਰੀਭਾਸ਼ਾ ਬਾਰੇ ਵੀ ਥੋੜ੍ਹੀ ਜਿਹੀ ਵਿਚਾਰ ਕਰਨੀ ਲਾਹੇਵੰਦ ਹੋਵੇਗੀ ਤਾਕਿ ਇਸ ਸ਼ਬਦਾਵਲੀ ਬਾਰੇ ਕੋਈ ਭੁਲੇਖਾ ਨਾ ਰਹੇ।

ਪ੍ਰਾਣ-ਸ਼ਕਤੀ (Vital Force)

ਮਨੁੱਖ ਦੇ ਜਨਮ ਲੈਣ ਦੇ ਸਮੇਂ ਹੀ, ਪ੍ਰਭੂ-ਪਿਤਾ ਵਲੋਂ ਉਸ ਨੂੰ ਪੂਰੇ ਜੀਵਨ ਦੌਰਾਨ ਵਰਤੋਂ ਕਰਨ ਲਈ, ਪ੍ਰਾਣ-ਸ਼ਕਤੀ ਦਾ ਇੱਕ ਨਿਸਚਤ ਗੁਪਤ ਭੰਡਾਰ ਮਿਲ ਜਾਂਦਾ ਹੈ। ਇਸ ਗੁਪਤ ਭੰਡਾਰ ਦਾ ਟਿਕਾਣਾ ਕਿੱਥੇ ਹੁੰਦਾ ਹੈ, ਇਸ ਬਾਰੇ ਕੁੱਝ ਵੀ, ਸਪੱਸ਼ਟ ਰੂਪ ਵਿੱਚ ਦੱਸਿਆ ਨਹੀਂ ਜਾ ਸਕਦਾ। ਇਸ ਗੁਪਤ ਭੰਡਾਰ ਵਿੱਚੋਂ, ਆਰਾਮ ਕਰਨ ਦੌਰਾਨ, ਕੁੱਝ ਅੰਸ਼ ਮਨੁੱਖ ਨੂੰ ਮਿਲ ਜਾਂਦਾ ਹੈ ਤਾਕਿ ਉਹ ਆਪਣੀਆਂ ਦੁਨਿਆਵੀ ਜ਼ਿੰਮੇਵਾਰੀਆਂ ਕੁਸ਼ਲਤਾ-ਪੂਰਵਕ ਨਿਭਾਉਂਣ ਜੋਗਾ ਹੋ ਜਾਵੇ।

ਜੀਵਨ-ਸ਼ਕਤੀ (Vital Power)

ਦਿਨ-ਭਰ ਦੀ ਮਿਹਨਤ-ਮੁਸ਼ੱਕਤ ਤੋਂ ਬਾਅਦ ਮਨੁੱਖ ਥਕਾਵਟ ਮਹਿਸੂਸ ਕਰਦਾ ਹੈ ਕਿਉਂਕਿ ਰਾਤ ਦੀ ਗੂੜ੍ਹੀ ਨੀਂਦ ਤੋਂ ਬਾਅਦ ‘ਪ੍ਰਾਣ-ਸ਼ਕਤੀ’ ਵਿੱਚੋਂ ਜਿਹੜੀ ਕਿਸ਼ਤ ਉਸ ਨੂੰ ‘ਜੀਵਨ-ਸ਼ਕਤੀ’ ਦੇ ਰੂਪ ਵਿੱਚ ਪ੍ਰਾਪਤ ਹੋਈ ਸੀ, ਉਹ ਖਤਮ ਹੋਣ ਲਗਦੀ ਹੈ। ਇਸ ਥਕਾਵਟ ਤੋਂ ਬਾਅਦ ਜਦੋਂ ਮਨੁੱਖ ਆਰਾਮ ਕਰਦਾ ਹੈ ਤਾਂ ਉਸ ਨੂੰ ‘ਪ੍ਰਾਣ-ਸ਼ਕਤੀ’ `ਚੋਂ ਇੱਕ ਹੋਰ ਕਿਸ਼ਤ ਪ੍ਰਾਪਤ ਹੋ ਜਾਂਦੀ ਹੈ ਜਿਸ ਦੇ ਫਲਸਰੂਪ ਮਨੁੱਖ ਦੇ ਸਾਰੇ ਅੰਗ ਤਾਜ਼ਗੀ ਤੇ ਤਾਕਤ ਮਹਿਸੂਸ ਕਰਨ ਲੱਗ ਪੈਂਦੇ ਹਨ। ਰਾਤ ਦੀ ਗੂੜ੍ਹੀ ਨੀਂਦ ਤੋਂ ਬਾਅਦ ਮਿਲਣ ਵਾਲੀ ‘ਜੀਵਨ-ਸ਼ਕਤੀ’ ਦੀ ਕਿਸ਼ਤ ਆਮਤੌਰ `ਤੇ ਪੂਰੇ ਦਿਨ ਲਈ ਕੰਮ-ਕਾਰ ਕਰਨ ਲਈ ਕਾਫ਼ੀ ਹੁੰਦੀ ਹੈ। ਪਰ, ਜਿਹੜੇ ਅਭਾਗੇ ਮਨੁੱਖ ਕਾਦਿਰੁ ਦੀ ਕੁਦਰਤਿ ਦੇ ਅਟੱਲ ਰੱਬੀ-ਨਿਯਮਾਂ ਅਨੁਸਾਰ ਜੀਵਨ ਨਹੀਂ ਜਿਉਂਦੇ (ਰੱਬੀ ਯਾਦ ਨੂੰ ਭੁਲਾ ਕੇ ਵਿਸ਼ੇ-ਵਿਕਾਰ ਅਤੇ ਐਸ਼ੋ-ਇਸ਼ਰਤ ਵਾਲਾ ਜੀਵਨ ਜਿਊਂਦੇ ਹਨ) ਉਨ੍ਹਾਂ ਦੇ ਸਰੀਰਕ ਅੰਗਾਂ ਦੀ ਕੁਦਰਤੀ ਸਮਰੱਥਾ, ਸਧਾਰਨ ਮਨੁੱਖ ਦੇ ਅੰਗਾਂ ਦੀ ਸਮਰੱਥਾ ਨਾਲੋਂ, ਕਮਜ਼ੋਰ ਹੋਈ ਜਾਂਦੀ ਹੈ, ਉਨ੍ਹਾਂ ਦੀ ਖੁਰਾਕ ਚੰਗੀ ਤਰ੍ਹਾਂ ਹਜ਼ਮ ਨਾ ਹੋਣ ਕਰ ਕੇ, ਲੋੜੀਂਦੇ ਖੁਰਾਕੀ ਤੱਤ ਸਾਰੇ ਅੰਗਾਂ ਤੱਕ ਨਹੀਂ ਪਹੁੰਚ ਪਾਂਦੇ। ਇਸ ਦੇ ਦੋ ਨਤੀਜੇ ਨਿਕਲੇ ਹਨ। ਪਹਿਲਾ, ਸਰੀਰ ਦੇ ਸਾਰੇ ਅੰਗਾਂ ਨੂੰ ਲੋੜੀਂਦੀ ਮਾਤਰਾ ਵਿੱਚ ਖੁਰਾਕੀ ਤੱਤ (ਪੋਸ਼ਣ-ਸ਼ਕਤੀ) ਨਹੀਂ ਮਿਲਦੇ ਅਤੇ ਉਹ ਸਾਰੇ ਅੰਗ ਆਪਣੀ ਕੁਦਰਤੀ ਕਿਰਿਆ ਚੰਗੀ ਤਰ੍ਹਾਂ ਨਹੀਂ ਨਿਭਾ ਪਾਉਂਦੇ ਤੇ ਕਮਜ਼ੋਰ ਹੁੰਦੇ ਚਲੇ ਜਾਂਦੇ ਹਨ। ਦੂਜਾ, ਸਰੀਰ ਦੇ ਅੰਗਾਂ ਦੀ ਤਾਕਤ ਕਮਜ਼ੋਰ ਹੋਣ ਕਰ ਕੇ, ਸਰੀਰ ਵਿੱਚੋਂ ਜ਼ਹਿਰੀਲੇ ਤੱਤ ਮਲ-ਮੂਤ੍ਰ ਤੇ ਪਸੀਨੇ ਰਾਹੀਂ ਚੰਗੀ ਤਰ੍ਹਾਂ ਬਾਹਰ ਨਹੀਂ ਨਿਕਲਦੇ। ਇਹ ਜ਼ਹਿਰੀਲਾ ਮਾਦਾ ਮਨੁੱਖੀ ਖੂਨ ਵਿੱਚ ਮਿਲ ਜਾਂਦਾ ਹੈ ਅਤੇ ਇਸ ਤਰ੍ਹਾਂ ਅਨੇਕ ਬੀਮਾਰੀਆਂ ਦਾ ਮੁੱਢ ਬੱਝਣ ਲਗਦਾ ਹੈ।

ਹੁਣ ਮੂਲ ਵਿਸ਼ੇ ਵੱਲ ਪਰਤਦੇ ਹਾਂ। ਅੰਮ੍ਰਿਤ ਵੇਲੇ, ਸਾਵਧਾਨ ਹੋ ਕੇ, ਕੁੱਝ ਸਮਾਂ ਜੀਭ ਨਾਲ, ਇਕਾਗਰ ਹੋ ਕੇ ਪਰਮਾਤਮਾ ਦੇ ਕਿਸੇ ਨਾਮ ਨੂੰ ਪ੍ਰੇਮ-ਪੂਰਬਕ (ਰੱਬ ਦੀ ਹਿਰਦੇ ਵਿੱਚ ਹਜ਼ੂਰੀ ਮਹਿਸੂਸ ਕਰਦਿਆਂ ਹੋਇਆਂ) ਜਪਿਆ ਜਾ ਸਕਦਾ ਹੈ ਅਤੇ ਕੰਨਾਂ ਨਾਲ ਧਿਆਨ-ਪੂਰਬਕ ਸੁਣਿਆ ਜਾ ਸਕਦਾ ਹੈ। ਉਸ ਤੋਂ ਉੱਪਰੰਤ ਰੱਬੀ-ਗਿਆਨ ਨਾਲ ਭਰਪੂਰ, ਰੱਬੀ ਸਿਫ਼ਤਿ-ਸਾਲਾਹ ਦੀ ਬਾਣੀ ਦਾ, ਸਹਿਜੇ-ਸਹਿਜੇ (ਅਰਥ-ਭਾਵ ਨੂੰ ਧਿਆਨ `ਚ ਰੱਖ ਕੇ), ਪਾਠ ਕਰਨਾ ਲਾਹੇਵੰਦ ਹੈ। ਅੰਮ੍ਰਿਤ ਵੇਲੇ ਦੀ ਸੁਚੱਜੀ ਸੰਭਾਲ ਦੀ ਇਹ ਇੱਕ ਉਦਾਹਰਣ ਹੈ।

ਕਾਦਿਰੁ ਦੀ ਕੁਦਰਤਿ ਦੀਆਂ ਅਣਗਿਣਤ ਜੂਨਾਂ ਵਿੱਚੋਂ ਸਮੁੱਚਾ ਮਨੁੱਖਾ ਜਨਮ (ਜੀਵਨ) ਹੀ ਇੱਕੋ-ਇੱਕ ਅੰਮ੍ਰਿਤ ਵੇਲਾ ਹੈ ਕਿਉਂਕਿ ਕੇਵਲ ਅਤੇ ਕੇਵਲ ਇਸੇ ਜੀਵਨ ਵਿੱਚ ਹੀ ਹੁਕਮਿ ਰਜ਼ਾਈ ਚੱਲ ਕੇ ਆਵਾਗਵਣ ਦਾ ਲੰਮਾ ਤੇ ਦੁਖਦਾਈ ਚੱਕਰ ਖ਼ਤਮ ਹੋ ਸਕਦਾ ਹੈ ਅਤੇ ਮਾਲਿਕ-ਪ੍ਰਭੂ ਨਾਲ ਸਦੀਵੀ-ਅਨੰਦ-ਪੂਰਵਕ ਮਿਲਾਪ ਹਾਸਿਲ ਹੋ ਸਕਦਾ ਹੈ।

ਸਾਚਾ ਸਾਹਿਬੁ ਸਾਚੁ ਨਾਇ, ਭਾਖਿਆ ਭਾਉ ਅਪਾਰੁ॥ ਆਖਹਿਂ, ਮੰਗਹਿਂ ਦੇਹਿ ਦੇਹਿ, ਦਾਤਿ ਕਰੇ ਦਾਤਾਰੁ॥ ਫੇਰਿ ਕਿ ਅਗੈ ਰਖੀਐ, ਜਿਤੁ ਦਿਸੈ ਦਰਬਾਰੁ॥ ਮੁਹੌਂ ਕਿ ਬੋਲਣੁ ਬੋਲੀਐ, ਜਿਤੁ ਸੁਣਿ ਧਰੇ ਪਿਆਰੁ॥ ਅੰਮ੍ਰਿਤ ਵੇਲਾ ਸਚ ਨਾਉ, ਵਡਿਆਈ ਵੀਚਾਰੁ॥ ਕਰਮੀ ਆਵੈ ਕਪੜਾ, ਨਦਰੀਂ ਮੋਖੁ ਦੁਆਰੁ॥ ਨਾਨਕ ਏਵੈ ਜਾਣੀਐ, ਸਭੁ ਆਪੇ ਸਚਿਆਰੁ॥ (ਮ: 1, 2)

ਭਾਵ: ਸੱਚੇ ਨਾਮ ਕਰ ਕੇ (ਪਰਮਾਤਮਾ) ਸੱਚਾ ਸਾਹਿਬ ਹੈ (ਅਤੇ ਉਸ ਦਾ ਨਾਮ) ਬੇਅੰਤ ਪ੍ਰੇਮ ਅਤੇ ਪਿਆਰ ਨਾਲ ਆਖਿਆ ਜਾਂਦਾ ਹੈ। (ਸਾਰੇ ਜੀਵ ਉਸ ਦੇ ਗੁਣਾਂ ਨੂੰ) ਆਖਦੇ ਹਨ (ਅਤੇ ਉਸ ਦਾਤੇ ਪਾਸੋਂ ਦਾਨ) ਮੰਗਦੇ ਹਨ (ਉਹ ਇਉਂ ਜਾਚਨਾ ਕਰਦੇ ਹਨ ਕਿ ਹੇ ਸੱਚੇ ਸਾਹਿਬ ਜੀਉ! ਸਾਨੂੰ ਆਹ ਚੀਜ਼) ਦਿਉ (ਔਹ ਵਸਤੂ) ਦਿਉ, (ਫਿਰ) ਦਾਤਾ ਜੀ (ਮੰਗਤਿਆਂ ਦੀ ਬੇਨਤੀ ਸੁਣ ਕੇ ਆਪਣੀ ਰਜ਼ਾ ਅਨੁਸਾਰ) ਦਾਤ (ਦੀ ਬਖਸ਼ਿਸ਼) ਕਰਦੇ ਹਨ।

(ਦਾਤਾਂ ਦੀ ਪ੍ਰਾਪਤੀ ਮਗਰੋਂ ਜੀਵ-ਰੂਪ ਜਗਿਆਸੂ ਅੰਦਰ ਸੱਚੇ ਸਾਹਿਬ ਦੇ ਦਰਬਾਰ ਦਾ ਦਰਸ਼ਨ ਕਰਨ ਲਈ ਪ੍ਰਬਲ ਇੱਛਾ ਉਠਦੀ ਹੈ ਅਤੇ ਉਹ ਗੁਰਦੇਵ ਜੀ ਪਾਸੋਂ ਇਉਂ ਦਰਸ਼ਨ ਜੁਗਤੀ ਪੁਛਦਾ ਹੈ-)

ਪ੍ਰਸ਼ਨ-

1 (ਦੱਸੋ?) ਫਿਰ ਕਿਹੜੀ (ਵਸਤੂ ਭੇਟਾ ਵਜੋਂ ਅਕਾਲ ਪੁਰਖੁ ਜੀ ਦੇ ਸਾਹਮਣੇ ਰੱਖੀ ਜਾਵੇ, ਜਿਸ ਨਾਲ (ਉਸ ਸਾਹਿਬ ਦਾ) ਦਰਬਾਰ ਦਿਸ ਪਵੇ?

2. ਮੂੰਹ ਤੋਂ ਕਿਹੋ ਜਿਹਾ ਬੋਲ ਬੋਲੀਏ ਜਿਸ ਨੂੰ ਸੁਣ ਕੇ (ਉਹ ਪ੍ਰਭੂ ਸਾਡੇ ਨਾਲ ਪਿਆਰ ਕਰਨ ਲੱਗ ਪਵੇ?

ਉੱਤਰ: (ਨਿਹੰਕਾਰੀ ਦਰਬਾਰ ਦੇ ਦਰਸ਼ਨਾਂ ਲਈ) ਅੰਮ੍ਰਿਤ ਵੇਲਾ ਹੋਵੇ ਸਦੀਵੀ-ਹੋਂਦ ਵਾਲੇ (ਸਦਾਥਿਰ) ਪ੍ਰਭੂ ਦਾ ਨਾਮ ਜਪਿਆ ਜਾਵੇ, ਕੀਰਤਨ ਤੇ ਕਥਾ ਦੁਆਰਾ ਉਸ ਦੀਆਂ ਵਡਿਆਈਆਂ ਦਾ ਵਿਚਾਰ ਕੀਤਾ ਜਾਵੇ (ਭਾਵ, ਉਸ ਮਾਲਿਕ ਪ੍ਰਭੂ ਦੀ ਸਿਫਤਿ-ਸਾਲਾਹ ਦੀ ਬਾਣੀ ਦਾ ਪਾਠ ਜਾਂ ਕੀਰਤਨ ਵਿਚਾਰ ਸਹਿਤ ਕੀਤਾ ਜਾਵੇ, ਯਾਨੀ ਕਿ ਇਹ ਪ੍ਰਭੂ-ਪ੍ਰੀਤੀ ਵਾਲੇ ਸਿਫਤੀ-ਭਰੇ ਮਿੱਠੇ ਬੋਲ ਮੂੰਹ ਤੋਂ ਬੋਲੇ ਜਾਣ ਤਾਂ ਸਾਂਈਂ ਨਾਲ ਗੰਢ (ਸਾਂਝ ਪੈਂਦੀ ਹੈ)। ਵੱਡੇ ਭਾਗਾਂ ਨਾਲ (ਮਨੁੱਖਾ ਸਰੀਰ ਰੂਪੀ) ਕੱਪੜਾ (ਭਾਵ, ਮਨੁੱਖਾ ਜਨਮ) ਪ੍ਰਾਪਤ ਹੁੰਦਾ ਹੈ (ਅਤੇ ਉਸ ਮਾਲਿਕ-ਪ੍ਰਭੂ ਦੀ ਸਵੱਲੀ) ਨਜ਼ਰ ਨਾਲ ਮੁਕਤੀ ਦਾ ਦੁਆਰਾ (ਲਭਦਾ ਹੈ)।

ਹੇ ਨਾਨਕ! ਇਸ ਤਰ੍ਹਾਂ ਕਰਨ ਨਾਲ, ਜੀਵ ਨੂੰ ਇਹ ਸੋਝੀ ਪ੍ਰਾਪਤ ਹੋ ਜਾਂਦੀ ਹੈ ਕਿ (ਉਹ) ਸਚਿਆਰ (ਸੱਚਾ ਸਾਈਂ ਸਭ ਕੁੱਝ) ਆਪ ਹੀ (ਆਪਿ) ਹੈ।

ਨੋਟ: ਨਸ਼ਿਆਂ-ਪੱਤਿਆਂ ਅਤੇ ਵਿਸ਼ੇ-ਵਿਕਾਰਾਂ ਵਿੱਚ ਫਸੀਆਂ ਹੋਈਆਂ ਰੂਹਾਂ ਚਲਦੀਆਂ ਫਿਰਦੀਆਂ ਲਾਸ਼ਾਂ ਦੇ ਬਰਾਬਰ ਹਨ, ਅੱਧੀ-ਅੱਧੀ ਰਾਤ ਤੱਕ ਉੱਲੂਆਂ ਦੀ ਤਰ੍ਹਾਂ ਜਾਗਦੀਆਂ ਰਹਿੰਦੀਆਂ ਹਨ। ਫਿਰ ਭਲਾ ਅਜਿਹੀਆਂ ਮੰਦ-ਕਰਮੀ ਰੂਹਾਂ ਨੂੰ ਅੰਮ੍ਰਿਤ ਵੇਲੇ ਦੀ ਸੰਭਾਲ ਦੀ ਸੋਝੀ ਕਿਵੇਂ ਹੋ ਸਕਦੀ ਹੈ? ਉਹ ਤਾਂ ਪਿਛਲੀ-ਰਾਤ ਜਾਗ ਕੇ, ਸੁਚੇਤ ਹੋ ਕੇ, ਭਜਨ-ਬੰਦਗੀ ਕਰਨ ਦੀ ਬਜਾਏ ਵਿਸ਼ੇ-ਵਿਕਾਰਾਂ ਦੇ ਭੋਗਾਂ ਵਿੱਚ ਹੀ ਖੱਚਤ ਹੋਣ ਜੋਗੀਆਂ ਜਾਂ ਚੋਰੀ-ਚਪਟੀ ਕਰਨ ਜੋਗੀਆਂ ਹੀ ਰਹਿ ਜਾਂਦੀਆਂ ਹਨ। ਉਹ ਸਰੀਰਕ ਤੌਰ `ਤੇ ਜਿਉਂਦੀਆਂ ਦਿਸਦੀਆਂ ਵੀ, ਅਸਲ ਵਿੱਚ, ਆਤਮਿਕ-ਮੌਤ ਮਰ ਚੁੱਕੀਆਂ ਹੁੰਦੀਆਂ ਹਨ।

ਫਰੀਦਾ, ਪਿਛਲਿ ਰਾਤਿ ਨ ਜਾਗਿਓਹਿ, ਜੀਵਦੜੋ ਮੁਇਓਹਿ॥ ਜੇ ਤੈ ਰਬੁ ਵਿਸਾਰਿਆ, ਤਾ ਰਬਿ ਨ ਵਿਸਰਿਓਹਿ॥ 107॥ (ਫਰੀਦ ਜੀਉ, 1383)

ਭਾਵ: ਹੇ ਫਰੀਦ! ਜੇ ਤੂੰ ਅੰਮ੍ਰਿਤ ਵੇਲੇ ਜਾਗ ਕੇ ਅੱਲ੍ਹਾ ਦੀ ਬੰਦਗੀ ਵਿੱਚ ਨਹੀਂ ਜੁੜਿਆ ਤਾਂ (ਇਹ ਕੋਝਾ ਜੀਵਨ) ਜੀਉਂਦਾ ਹੀ ਤੂੰ ਮਰਿਆ ਹੋਇਆ ਹੈਂ। ਜੇ ਤੂੰ ਰੱਬ ਨੂੰ ਭੁਲਾ ਦਿੱਤਾ ਹੈ, ਤਾਂ (ਭੀ) ਰੱਬ ਨੇ ਤੈਨੂੰ ਨਹੀਂ ਭੁਲਾਇਆ (ਭਾਵ, ਪਰਮਾਤਮਾ ਹਰ ਵੇਲੇ ਤੇਰੇ ਅਮਲਾਂ ਨੂੰ ਵੇਖ ਰਿਹਾ ਹੈ)।

ਨੋਟ: ਸ਼ੇਖ ਫਰੀਦ ਜੀਉ ਦੇ ਇਸ ਸ਼ਲੋਕ ਵਿਚਲੇ ਭਾਵ ਨੂੰ ਗੁਰੂ ਅਰਜਨ ਸਾਹਿਬ ਨੇ, ਇਸ ਤੋਂ ਅਗਲੇ ਸ਼ਲੋਕਾਂ ਵਿੱਚ, ਇੰਜ ਖੋਲ੍ਹ ਕੇ ਬਿਆਨ ਕੀਤਾ ਹੈ -

ਫਰੀਦਾ, ਕੰਤੁ ਰੰਗਾਵਲਾ, ਵਡਾ ਵੇਮੁਹਤਾਜੁ॥ ਅਲਹ ਸੇਤੀ ਰਤਿਆਂ, ਏਹੁ ਸਚਾਵਾਂ ਸਾਜ॥ 108॥ (ਮ: 5, 1383)

ਭਾਵ: ਹੇ ਫਰੀਦ! ਪਤੀ-ਪਰਮੇਸ਼ਰ ਬਹੁਤ ਸੋਹਣਾ ਹੈ ਤੇ ਬੜਾ ਬੇ-ਮੁਥਾਜ ਹੈ। (ਅੰਮ੍ਰਿਤ ਵੇਲੇ ਉੱਠ ਕੇ) ਜੇ ਰੱਬ ਦੇ ਪ੍ਰੇਮ ਵਿੱਚ ਰੰਗੇ ਜਾਈਏ (ਰੱਬ ਦੀ ਯਾਦ ਵਿੱਚ ਪ੍ਰੇਮ ਨਾਲ ਸੁਰਤਿ ਕਰ ਕੇ ਜੁੜੀਏ) ਤਾਂ (ਮਨੁੱਖ ਨੂੰ ਭੀ) ਰੱਬ ਵਾਲਾ ਇਹ (ਸੋਹਣਾ ਤੇ ਬੇ-ਮੁਥਾਜੀ ਵਾਲਾ) ਰੂਪ ਮਿਲ ਜਾਂਦਾ ਹੈ (ਭਾਵ, ਮਨੁੱਖ ਦੇ ਮਨ ਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ ਤੇ ਸੁੰਦਰ ਹੋ ਜਾਂਦਾ ਹੈ, ਫਿਰ ਇਸ ਨੂੰ ਕਿਸੇ ਦੀ ਮੁਥਾਜੀ ਨਹੀਂ ਰਹਿੰਦੀ)।

ਫਰੀਦਾ, ਦਿਲੁ ਰਤਾ ਦੁਨੀ ਸਿਉ, ਦੁਨੀ ਨ ਕਿਤੈ ਕੰਮਿ॥ ਮਿਸਲ ਫ਼ਕੀਰਾਂ ਗਾਖੜੀ, ਸੁ ਪਾਈਐ ਪੂਰ ਕਰੰਮਿ॥ 111॥ (ਮ: 5, 1384)

ਭਾਵ: ਹੇ ਫ਼ਰੀਦ! (ਅੰਮ੍ਰਿਤ ਵੇਲੇ ਉੱਠਣਾ ਹੀ ਕਾਫ਼ੀ ਨਹੀਂ; ਉਸ ਉੱਠਣ ਦਾ ਕੀ ਲਾਭ ਜੇ ਉਸ ਵੇਲੇ ਭੀ) ਦਿਲ ਦੁਨੀਆਂ (ਦੇ ਪਦਾਰਥਾਂ) ਦੇ ਝਮੇਲਿਆਂ ਵਿੱਚ ਹੀ ਖੱਚਤ ਰਿਹਾ? ਦੁਨੀਆਂ (ਅੰਤ ਵੇਲੇ) ਕਿਸੇ ਕੰਮ ਨਹੀਂ ਆਉਂਦੀ। (ਉੱਠ ਕੇ ਰੱਬ ਨੂੰ ਯਾਦ ਕਰ, ਇਹ) ਫ਼ਕੀਰਾਂ ਵਾਲੀ ਰਹਿਣੀ ਬੜੀ ਔਖੀ ਹੈ, ਤੇ ਮਿਲਦੀ ਹੈ ਵੱਡੇ ਭਾਗਾਂ ਨਾਲ।

15. ਕੁਦਰਤਿ ਦੇ ਵਾਤਾਵਰਣ ਦੀ ਸੰਭਾਲ

ਮਨੁੱਖ ਕਰਤੇ ਦੀ ਸਾਜੀ ਕੁਦਰਤਿ ਦਾ ਸਭ ਤੋਂ ਸ੍ਰੇਸ਼ਟ ਅੰਗ ਹੈ। ਜਿੱਥੇ ਮਾਲਿਕ-ਪ੍ਰਭੂ ਸਭ ਦਾ ਸਾਂਝਾ ਮਾਪਾ ਹੈ, ਉੱਥੇ ਉਸ ਪ੍ਰਭੂ ਦੇ ਸਿਰਜ ਕੇ ਲਾਗੂ ਕੀਤੇ ਹੋਏ ਬ੍ਰਾਹਮੰਡੀ-ਵਰਤਾਰੇ (ਕੁਦਰਤੀ ਵਰਤਾਰੇ) ਦੇ ਅਟੱਲ ਨਿਯਮਾਂ ਦੇ ਅਧੀਨ ਹੀ ਕੁਦਰਤਿ ਦੇ ਹਰ ਅੰਸ਼ ਨੇ ਪ੍ਰਫੁੱਲਤ ਹੋ ਕੇ ਸੰਪੂਰਨਤਾਈ ਵੱਲ ਨੂੰ ਵਿਕਾਸ ਕਰਨਾ ਹੈ। ਇਸ ਲਈ ਕੁਦਰਤਿ ਵਿੱਚ ਸਾਫ਼-ਸੁਥਰੇ ਜੀਵਨ ਨੂੰ ਆਸਰਾ ਦੇਣ ਵਾਲੇ ਕੁਦਰਤੀ ਸੋਮਿਆਂ ਦੀ ਸੰਭਾਲ ਅਤੇ ਵਰਤੋਂ ਬਹੁਤ ਹੀ ਸੂਝ-ਬੂਝ ਨਾਲ ਕੀਤੀ ਜਾਣੀ ਚਾਹੀਦੀ ਹੈ। ਕੁਦਰਤਿ ਦੇ ਰੱਬੀ-ਨਿਯਮਾਂ ਦੀ ਉਲੰਘਣਾ ਕਰਨ ਨਾਲ ਕੁਦਰਤੀ ਵਾਤਾਵਰਣ ਦਾ ਸੰਤੁਲਨ ਵਿਗੜ ਜਾਂਦਾ ਹੈ ਜੋ ਕਿ ਵਿਨਾਸ਼ ਦਾ ਕਾਰਨ ਬਣ ਸਕਦਾ ਹੈ। ਗੁਰਮਤਿ ਫ਼ਲਸਫ਼ਾ ਮਨੁੱਖ ਨੂੰ ਕੁਦਰਤਿ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਬਾਰ-ਬਾਰ ਪ੍ਰੇਰਨਾ ਦੇਂਦਾ ਹੈ। ਰੱਬ ਵੱਲੋਂ ਕੁਦਰਤਿ ਦੀ ਸੰਭਾਲ ਲਈ ਬਖਸ਼ਿਸ਼ ਕੀਤੀਆਂ ਅਮੋਲਕ ਦਾਤਾਂ/ਸਹੂਲਤਾਂ ਦੀ ਸੁਚੱਜੀ ਵਰਤੋਂ ਲਈ ਫ਼ੁਰਮਾਣ ਗੁਰਮਤਿ ਫ਼ਲਸਫ਼ੇ ਵਿੱਚ ਮੌਜੂਦ ਹਨ।

ਸਲੋਕ॥ ਪਵਣੁ ਗੁਰੂ, ਪਾਣੀ ਪਿਤਾ, ਮਾਤਾ ਧਰਤਿ ਮਹਤੁ॥ ਦਿਵਸੁ ਰਾਤਿ ਦੁਇ ਦਾਈ ਦਾਇਆ, ਖੇਲੈ ਸਗਲ ਜਗਤੁ॥ (ਮ: 1, 8)

ਭਾਵ: ਜੀਵਾਂ ਨੂੰ ਜੀਵਤ ਰੱਖਣ ਲਈ ਹਵਾ ‘ਗੁਰੂ’ ਦੀ ਨਿਆਈ ਹੈ (ਜਿਵੇਂ ਕਿ ਸ਼ਬਦ-ਗੁਰੂ ਦੇ ਉਪਦੇਸ ਦੀ ਪਾਲਣਾ ਕਰਨ ਨਾਲ ਮਨੁੱਖ ਆਤਮਿਕ ਪੱਖ ਤੋਂ ਜੀਵਤ ਹੋ ਜਾਂਦਾ ਹੈ), ਪਾਣੀ ਤੋਂ ਸਮੁੱਚੀ ਕੁਦਰਤਿ ਦੀ ਸਾਜਨਾ ਹੁੰਦੀ ਹੈ (ਇਸ ਕਰ ਕੇ ਪਾਣੀ ਪਿਤਾ ਦੀ ਨਿਆਈਂ ਹੈ) ਅਤੇ ਧਰਤੀ ਤੋਂ ਕੁਦਰਤਿ ਦੇ ਜੀਵਾਂ ਦੀ ਖੁਰਾਕ ਮਿਲਦੀ ਹੈ (ਇਸ ਲਈ ਧਰਤੀ ਮਾਤਾ ਦੀ ਨਿਆਈਂ ਹੈ ਜੋ ਖੁਰਾਕ ਦੇ ਕੇ ਜੀਵਾਂ ਦੀ ਪਾਲਣਾ ਪੋਸਣਾ ਕਰਦੀ ਹੈ)।

ਦਿਨ ਅਤੇ ਰਾਤ ਦੋਵੇਂ ਦਾਈ ਅਤੇ ਦਾਇਆ ਦੀ ਨਿਆਈਂ ਹਨ (ਕਿਉਂਕਿ ਜਿਵੇਂ ਦਾਇਆ ਦਿਨ ਵੇਲੇ ਬੱਚੇ ਨੂੰ ਖੁਸ਼ ਰੱਖਣ ਦਾ ਕੰਮ ਕਰਦਾ ਹੈ, ਤਿਵੇਂ ਦਿਨ ਵੇਲੇ ਲੋਕੀ ਹਸਦੇ-ਖੇਡਦੇ ਤੇ ਮੌਜਾਂ ਕਰਦੇ ਹਨ। ਰਾਤ ਇਸ ਲਈ ਦਾਈ ਹੈ ਕਿਉਂਕਿ ਸਭ ਜੀਵਾਂ ਨੂੰ ਮਿੱਠੀ ਲੋਰੀ ਦੇ ਕੇ ਸੁਆ ਦੇਂਦੀ ਹੈ, ਇਸ ਤਰ੍ਹਾਂ) ਸਾਰਾ ਸੰਸਾਰ ਹੀ (ਇਨ੍ਹਾਂ ਦੋਹਾਂ ਦੀ ਗੋਦ ਵਿੱਚ) ਖੇਡਦਾ ਹੈ।

ਸਪੱਸ਼ਟ ਹੈ, ਕਿ ਕੁਦਰਤੀ ਸੰਤੁਲਨ ਨੂੰ ਬਰਕਰਾਰ ਰੱਖਣ ਲਈ ਜਰੂਰੀ ਹੈ ਕਿ ਹਵਾ, ਪਾਣੀ ਅਤੇ ਧਰਤੀ ਨੂੰ ਦੂਸ਼ਤ ਕਰਨ ਵਾਲੀ ਕੋਈ ਵੀ ਕਾਰਵਾਈ ਨਾ ਕੀਤੀ ਜਾਵੇ।

ਹਵਾ (ਪਵਣ)

ਹਵਾ ਵਿੱਚ ਬਹੁਤ ਸਾਰੀਆਂ ਗੈਸਾਂ (ਆਕਸੀਜਨ, ਹਾਈਡਰੋਜਨ, ਨਾਈਟਰੋਜਨ, ਕਾਰਬਨ-ਡਾਈ-ਔਕਸਾਈਡ, ਕਾਰਬਨ-ਮੌਨੋਔਕਸਾਈਡ, ਹੀਲੀਅਮ ਆਦਿ) ਹੁੰਦੀਆਂ ਹਨ। ਇਨ੍ਹਾਂ ਦਾ ਕੁਦਰਤੀ ਸੰਤੁਲਨ ਬਣਾ ਕੇ ਰੱਖਣ ਲਈ ਜਰੂਰੀ ਹੈ ਕਿ ਪੈਟਰੋਲੀਅਮ ਪਦਾਰਥਾਂ (ਪੈਟਰੋਲ ਡੀਜ਼ਲ ਆਦਿ) ਦੀ ਘੱਟ ਤੋਂ ਘੱਟ ਵਰਤੋਂ ਕੀਤੀ ਜਾਵੇ ਅਤੇ ਵਾਹਨਾਂ ਦੀ ਸੁਚੱਜੀ ਦੇਖ-ਭਾਲ ਦੁਆਰਾ ਹਵਾ ਦੇ ਪਰਦੂਸ਼ਨ ਨੂੰ ਘਟਾਇਆ ਜਾਵੇ। ਧਰਤੀ ਦੇ ਘੱਟ ਤੋਂ ਘੱਟ ਤੀਜੇ ਹਿੱਸੇ ਉੱਤੇ ਦਰੱਖਤ ਲਗਾਏ ਜਾਣੇ ਲਾਜ਼ਮੀ ਕੀਤੇ ਜਾਣ। ਬਿਜਲੀ ਪੈਦਾ ਕਰਨ ਲਈ ਕੋਲੇ ਨਾਲ ਚੱਲਣ ਵਾਲੇ ਥਰਮਲ ਪਲਾਂਟਾਂ `ਤੇ ਮੁਕੰਮਲ ਪਾਬੰਦੀ ਲਗਾਈ ਜਾਵੇ ਕਿਉਂਕਿ ਇਹ ਵਾਤਾਵਰਣ ਨੂੰ ਅਪਰਾਧਕ ਸੀਮਾ ਤੱਕ ਦੂਸ਼ਤ ਕਰਦੇ ਹਨ।

ਪਾਣੀ

ਪਾਣੀ ਨੂੰ ਸ਼ੁੱਧ ਰੱਖਣ ਲਈ ਜਿੱਥੇ ਨਦੀਆਂ-ਨਾਲਿਆਂ ਦੇ ਪਾਣੀ ਵਿੱਚ ਗੰਦੀਆਂ-ਮੰਦੀਆਂ ਚੀਜ਼ਾਂ ਨਾ ਸੁੱਟੀਆਂ ਜਾਣ ਉੱਥੇ ਧਰਤੀ ਹੇਠਲੇ ਪਾਣੀ ਨੂੰ ਸਾਫ-ਸੁੱਥਰਾ ਰੱਖਣ ਲਈ ਜ਼ਮੀਨ ਵਿੱਚ ਰਸਾਇਣਕ ਖਾਦਾਂ, ਕੀੜੇ-ਮਾਰ ਦਵਾਈਆਂ ਅਤੇ ਨਦੀਨ-ਨਾਸ਼ਕ ਦਵਾਈਆਂ ਦੀ ਵਰਤੋਂ `ਤੇ ਮੁਕੰਮਲ ਪਾਬੰਦੀ ਲਾਗੂ ਕਰਨੀ ਚੰਗੀ ਗੱਲ ਹੋਵੇਗੀ। ਛੋਟੀਆਂ-ਵੱਡੀਆਂ ਸਨਅਤਾਂ (ਫੈਕਟਰੀਆਂ/ਦਸਤਕਾਰੀ ਜੂਨਿਟਾਂ), ਦਾ ਕੈਮੀਕਲਜ਼ ਵਾਲਾ ਪਾਣੀ ਸ਼ੁੱਧ ਕਰ ਕੇ ਹੀ ਇਨ੍ਹਾਂ ਜੁਨਿਟਾਂ ਤੋਂ ਬਾਹਰ ਕੱਢਿਆ ਜਾਵੇ।

ਧਰਤੀ

ਧਰਤੀ ਦੀ ਸਿਹਤ ਨੂੰ ਵਧੀਆ ਬਣਾਈ ਰੱਖਣ ਲਈ ਧਰਤੀ ਦੇ ਘੱਟ ਤੋਂ ਘੱਟ ਤੀਜੇ ਹਿੱਸੇ ਉੱਤੇ ਰੁੱਖਾਂ ਦਾ ਲਗਾਇਆ ਜਾਣਾ ਜਰੂਰੀ ਹੈ। ਰੁੱਖ, ਜ਼ਮੀਨ ਨੁੰ ਖੁਰਨ ਤੋਂ ਬਚਾ ਕੇ ਰਖਦੇ ਹਨ (ਹੜ੍ਹਾਂ ਦੀ ਰੋਕਥਾਮ ਲਈ ਜ਼ਮੀਨੀ ਖੋਰੇ ਨੂੰ ਰੋਕਣਾ ਜਰੂਰੀ ਹੈ), ਵਾਤਾਵਰਣ ਨੂੰ ਸਾਫ-ਸੁੱਥਰਾ ਤੇ ਸੁਹਾਵਣਾ ਬਣਾ ਕੇ ਰੱਖਣ ਵਿੱਚ ਮਦਦ ਕਰਦੇ ਹਨ, ਮਨੁੱਖ ਦੀ ਵਰਤੋਂ ਦੀਆਂ ਵਸਤਾਂ ਬਣਾਣ ਦੇ ਕੰਮ ਆਉਂਦੇ ਹਨ, ਵਾਤਾਵਰਣ ਵਿੱਚ ਠੰਢਕ ਪੈਦਾ ਕਰ ਕੇ ਵਾਰਸ਼ਾਂ ਲਈ ਸਹਾਈ ਹੁੰਦੇ ਹਨ, ਪਸ਼ੂ-ਪੰਛੀਆਂ ਦੇ ਜੀਵਨ ਲਈ ਵੀ ਸਹਾਰਾ ਬਣਦੇ ਹਨ। ਕਣਕ, ਚਾਵਲ ਆਦਿ ਫ਼ਸਲਾਂ ਦੇ ਨਾੜ, ਰੁੱਖਾਂ ਦੇ ਪੱਤੇ ਅਤੇ ਘਾਹ-ਫੂਸ ਨੂੰ ਅੱਗ ਲਗਾ ਕੇ ਧਰਤੀ ਉੱਤੇ ਸਾੜਨ ਦੀ ਮੁਕੰਮਲ ਪਾਬੰਦੀ ਹੋਵੇ। ਇਨ੍ਹਾਂ ਚੀਜ਼ਾਂ ਨੂੰ ਯੋਗ ਢੰਗ ਨਾਲ ਧਰਤੀ ਅੰਦਰ ਦਬਾ ਕੇ ਖਾਦ ਵਿੱਚ ਤਬਦੀਲ ਕਰਨ ਲਈ ਸਰਕਾਰਾਂ ਸਹਾਇਤਾ ਕਰਨ।

ਸੀਵਰੇਜ਼ ਸਿਸਟਮ ਨੂੰ ਪ੍ਰਦੂਸ਼ਨ-ਰਹਿਤ ਬਣਾਈ ਰੱਖਣ ਲਈ ਯੋਗ ਕਦਮ ਚੁੱਕੇ ਜਾਣ। ਪਿੰਡਾਂ ਤੇ ਸ਼ਹਿਰਾਂ ਦੇ ਕੂੜਾ-ਕਰਕਟ ਦੀ ਯੋਗ ਸੰਭਾਲ ਕਰ ਕੇ ਇਨ੍ਹਾਂ ਨੂੰ ਖਾਦਾਂ ਵਿੱਚ ਤਬਦੀਲ ਕੀਤਾ ਜਾਵੇ ਜਾਂ ਕਿਸੇ ਹੋਰ ਲਾਭਕਾਰੀ ਵਸਤਾਂ ਵਿੱਚ (ਭੱਠਿਆਂ ਦੀਆਂ ਇੱਟਾਂ ਆਦਿ ਤਿਆਰ ਕਰਨ ਲਈ) ਤਬਦੀਲ ਕੀਤਾ ਜਾਵੇ।

ਸ਼ੋਰ-ਪ੍ਰਦੂਸ਼ਨ (Noise Pollution)

ਇੱਕ ਖਾਸ ਮਿਕਦਾਰ ਤੋਂ ਉੱਚੀ ਆਵਾਜ਼ ਮਨੁੱਖਾਂ ਅਤੇ ਪਸ਼ੂ-ਪੰਛੀਆਂ ਦੀ ਸਿਹਤ `ਤੇ ਬਹੁਤ ਹੀ ਮਾੜਾ ਅਸਰ ਕਰਦੀ ਹੈ। ਅਜਿਹੀ ਉੱਚੀ ਆਵਾਜ਼ ਪੈਦਾ ਕਰਨ ਵਾਲੇ ਸੋਮਿਆਂ (ਧਾਰਮਿਕ ਅਸਥਾਨਾਂ, ਮੈਰਿਜ-ਪੈਲੇਸਾਂ, ਹੂਟਰ ਵਾਲੇ ਵਾਹਨਾਂ, ਜੰਞ-ਘਰਾਂ, ਡਾਂਸ-ਕਲੱਬਾਂ, ਕਲਚਰਲ ਪ੍ਰੋਗਰਾਮਾਂ, ਸਭਿਆਚਾਰਕ ਮੇਲਿਆਂ, ਸਿਆਸੀ ਰੈਲੀਆਂ, ਲਾਲ-ਬੱਤੀਆਂ ਵਾਲੇ ਵਾਹਨਾਂ ਦੇ ਕਾਫ਼ਲਿਆਂ, ਜਗਰਾਤਿਆਂ, ਪਟਾਕੇ ਚਲਾਉਂਣ ਵਾਲੇ ਤਿਉਹਾਰਾਂ, ਨਗਰ-ਕੀਰਤਨਾਂ, ਰਿਸੈਪਸ਼ਨ ਪਾਰਟੀਆਂ ਆਦਿ) ਲਈ ਯੋਗ ਕਾਨੂੰਨ ਬਣਾ ਕੇ ਸਖਤੀ ਨਾਲ ਲਾਗੂ ਕੀਤੇ ਜਾਣ।

ਮੋਬਾਈਲ ਟੈਲੀਫ਼ੋਨ ਟਾਵਰਜ਼ ਆਦਿ

ਇਨ੍ਹਾਂ ਨੂੰ ਆਬਾਦੀਆਂ ਤੋਂ ਕਾਫ਼ੀ ਦੂਰ ਰੱਖਿਆ ਜਾਵੇ ਅਤੇ ਇਨ੍ਹਾਂ ਵੱਲੋਂ ਹਵਾ-ਵਿੱਚ ਛੱਡੀਆਂ ਜਾ ਰਹੀਆਂ ਇਲੈਕਟਰੋ-ਮੈਗਨੇਟਿਕ ਤਰੰਗਾਂ ਦੀ ਤੀਬਰਤਾ (density & intensity) ਨੂੰ ਮਨੁੱਖੀ ਅਤੇ ਪਸ਼ੂ-ਪੰਛੀਆਂ ਦੀ ਸਿਹਤ ਦਾ ਧਿਆਨ ਰੱਖ ਕੇ, ਸੀਮਾਂ-ਬੱਧ ਕੀਤਾ ਜਾਵੇ। ਭਵਿੱਖ ਵਿੱਚ ਵਰਤੋਂ `ਚ ਆਉਂਣ ਵਾਲੇ ਅਜਿਹੇ ਸਿਸਟਮਜ਼ ਨੂੰ ਵੀ ਕੰਟਰੋਲ ਕਰਨ ਦੀ ਵਿਵਸਥਾ ਬਣਾ ਕੇ ਅਮਲ ਵਿੱਚ ਲਿਆਂਦੀ ਜਾਵੇ।

ਉਪਰੋਕਤ ਵਰਗੇ, ਵਾਤਾਵਰਣ ਨੂੰ ਸ਼ੁੱਧ ਅਤੇ ਸੰਤੁਲਤ ਬਣਾ ਕੇ ਰੱਖਣ ਵਾਲੇ, ਪਰਾਜੈਕਟਸ ਨੂੰ ਪਾਰਦਰਸ਼ਕ ਢੰਗ ਨਾਲ ਵਰਤੋਂ ਵਿੱਚ ਲਿਆਉਣ ਲਈ ਇਨ੍ਹਾਂ ਵਿੱਚ, ਗ਼ੈਰ-ਸਰਕਾਰੀ ਜਥੇਬੰਦੀਆਂ (NGOs) ਰਾਹੀਂ ਆਮ ਪਬਲਿਕ ਦੀ ਸ਼ਮੂਲੀਅਤ ਨੂੰ ਲਾਜ਼ਮੀ ਬਣਾਇਆ ਜਾਣਾ ਸਮੇਂ ਦੀ ਲੋੜ ਹੈ।

16. ਸਿਹਤ-ਸੰਭਾਲ

ਸਿਹਤ-ਸੰਭਾਲ ਦਾ ਵਿਸ਼ਾ ਜੀਵਨ ਦਾ ਸਭ ਤੋਂ ਮਹੱਤਵਪੂਰਨ ਵਿਸ਼ਾ ਹੈ। ਮਨੁੱਖੀ ਜੀਵਨ ਦੀਆਂ ਸਮੁੱਚੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਨਾਲ ਪੂਰਾ ਕਰਨ ਲਈ, ਮਨੁੱਖ ਦਾ ਸਰੀਰਕ ਅਤੇ ਮਾਨਸਿਕ ਪੱਖ ਤੋਂ ਤੰਦਰੁਸਤ ਹੋਣਾ ਅਤੀ ਅਵੱਸ਼ਕ ਹੈ। ਸਰੀਰਕ ਅਤੇ ਮਾਨਸਿਕ ਪੱਖ ਤੋਂ ਰੋਗੀ ਮਨੁੱਖ ਮਨੁੱਖੀ ਸਮਾਜ ਉੱਤੇ ਬੋਝ ਬਣ ਜਾਂਦਾ ਹੈ। ਮਾਨਸਿਕ ਰੋਗੀ ਸਮਾਜ ਅੰਦਰ ਗ਼ੈਰ-ਮਨੁੱਖੀ ਹਰਕਤਾਂ ਕਰ ਕੇ, ਬੇ-ਲੋੜੇ ਕਲੇਸ਼ ਖੜ੍ਹੇ ਕਰ ਕੇ, ਸਮਾਜਿਕ-ਵਿਨਾਸ਼ ਦਾ ਕਾਰਨ ਵੀ ਬਣ ਜਾਂਦਾ ਹੈ। ਸੰਸਾਰ ਦਾ ਇਤਿਹਾਸ ਅਜਿਹੀਆਂ ਵਿਨਾਸ਼ਕਾਰੀ ਘਟਨਾਵਾਂ ਨਾਲ ਭਰਿਆ ਪਿਆ ਹੈ। ਆਪਣੇ ਆਪ ਨੂੰ ਸਭਿਅਕ ਅਖਵਾਉਂਣ ਵਾਲੇ ਵਰਤਮਾਨ ਮਨੁੱਖੀ ਸਮਾਜ ਵਿੱਚ ਵੀ, ਮਨੁੱਖ ਵੱਲੋਂ, ਮਨੁੱਖੀ ਕਿਰਦਾਰ ਤੋਂ ਡਿੱਗ ਕੇ, ਹੈਵਾਨ ਹੀ ਨਹੀਂ ਬਲਕਿ ਸ਼ੈਤਾਨ ਦੀ ਸ਼੍ਰੇਣੀ ਵਿੱਚ ਸ਼ਾਮਿਲ ਹੋ ਕੇ, ਅਜਿਹੀਆਂ ਕਾਲੀਆਂ ਕਰਤੂਤਾਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਨੂੰ ਵੇਖ ਕੇ, ਸ਼ਾਇਦ, ਸ਼ੈਤਾਨ ਵੀ ਸ਼ਰਮ ਨਾਲ ਪਾਣੀ-ਪਾਣੀ ਹੋ ਜਾਵੇਗਾ।

ਗੁਰਮਤਿ ਫ਼ਲਸਫ਼ਾ ਮਨੁੱਖ ਨੂੰ ਸਰੀਰਕ ਅਤੇ ਮਾਨਸਿਕ ਪੱਧਰ `ਤੇ ਤੰਦਰੁਸਤ ਬਣਾਉਂਣ ਲਈ ਭਰਪੂਰ ਅਗਵਾਈ ਕਰਦਾ ਹੈ -

ਘਟਿ ਵਸਹਿਂ ਚਰਣਾਰਬਿੰਦ, ਰਸਨਾ ਜਪੈ ਗੁਪਾਲ॥ ਨਾਨਕ, ਸੋ ਪ੍ਰਭੁ ਸਿਮਰੀਐ, ਤਿਸੁ ਦੇਹੀ ਕਉ ਪਾਲਿ॥ (ਮ: 5, 554)

ਭਾਵ: ਹੇ ਨਾਨਕ! (ਜਿਸ ਮਨੁੱਖ ਦੇ) ਹਿਰਦੇ ਵਿੱਚ ਪ੍ਰਭੂ ਦੇ ਚਰਨ-ਕਮਲ (ਭਾਵ, ਸ਼ਬਦ-ਗੁਰੂ ਦਾ ਸਰਵ-ਕਲਿਆਣਕਾਰੀ ਉਪਦੇਸ਼) ਵਸਦੇ ਹਨ ਤੇ ਜੀਭ ਹਰੀ ਨੂੰ ਜਪਦੀ ਹੈ (ਭਾਵ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਬਾਣੀ ਪ੍ਰੇਮ ਨਾਲ ਉਚਾਰਦੀ ਹੈ), ਉਸ ਦੇਹੀ ਦੀ ਪਾਲਣਾ ਕਰ ਕੇ ਪ੍ਰਭੂ ਸਿਮਰਨ ਕਰਨਾ ਚਾਹੀਦਾ ਹੈ।
.