.

ਚੰਗੇ ਸਮਾਜ ਦੀ ਸਿਰਜਨਾ … (9)

ਇਨਸਾਨੀਅਤ (ਧਰਮ) ਹਾਸਿਲ ਕਰਨ ਲਈ ਕਰਨਯੋਗ ਕੰਮ

ਲੈਫ਼ ਕਰਨਲ (ਰਿਟਾ.) ਗੁਰਦੀਪ ਸਿੰਘ

1. ਇੱਕੋ-ਇੱਕ ਪ੍ਰਭੂ-ਪਿਤਾ ਦੀ ਓਟ ਤੇ ਉਪਾਸ਼ਨਾ

ਪਿੱਛੇ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਇੱਕੋ-ਇੱਕ ਪਰਮਾਤਮਾ ਹੀ ਸਮੁੱਚੀ ਸ੍ਰਿਸਟੀ (ਕੁਦਰਤਿ ਦਾ ਸਿਰਜਣਹਾਰ, ਪਾਲਣਹਾਰ ਅਤੇ ਵਿਨਾਸ਼ ਕਰਨ ਵਾਲਾ ਹੈ। ਇਨ੍ਹਾਂ ਕਾਰਜਾਂ ਲਈ ਰੱਬ ਨੇ ਨਾਂ ਤਾਂ ਆਪਣੇ ਕੋਈ ਸਲਾਹਕਾਰ ਅਤੇ ਨਾ ਹੀ ਕੋਈ ਕਰਮਚਾਰੀ ਰੱਖੇ ਹੋਏ ਹਨ। ਸਾਰਾ ਬ੍ਰਹਮੰਡੀ ਵਰਤਾਰਾ ਉਸ ਵਾਹਿਦ ਪ੍ਰਭੂ ਦੇ ਹੁਕਮ (ਅਟੱਲ ਕਾਇਦੇ-ਕਾਨੂੰਨ ਅਤੇ ਨਿਯਮਾਂ) ਅਨੁਸਾਰ ਸਵੈ-ਚਾਲਿਕ ਢੰਗ ਨਾਲ ਚੱਲ ਰਿਹਾ ਹੈ। ਜਿਵੇਂ ਅਲੱਗ-ਅਲੱਗ ਦੇਸ਼ਾਂ ਨੇ ਆਪੋ-ਆਪਣੇ ਦੇਸ਼ ਵਿੱਚ ਰਹਿਣ ਵਾਲਿਆਂ ਮਨੁੱਖਾਂ ਲਈ ਆਪੋ-ਆਪਣੇ ਸਮਾਜ-ਪ੍ਰਬੰਧ ਦੇ ਕਾਇਦੇ-ਕਾਨੂੰਨ, ਨਿਯਮ ਬਣਾ ਕੇ ਲਾਗੂ ਕੀਤੇ ਹੋਏ ਹਨ ਅਤੇ ਦੇਸ਼ ਦੇ ਕਾਇਦੇ-ਕਾਨੂੰਨਾਂ ਦੀ ਪਾਲਣਾ ਕਰਨ ਵਾਲਿਆਂ ਨੂੰ ਹੀ ਚੰਗੇ ਨਾਗਰਿਕ ਕਿਹਾ ਜਾ ਸਕਦਾ ਹੈ। ਠੀਕ ਇਸੇ ਤਰ੍ਹਾਂ ਹੀ, ਰੱਬ ਨੇ ਆਪਣੀ ਸਾਜੀ ਕੁਦਰਤਿ ਦੇ ਦਰੁੱਸਤ ਬ੍ਰਹਮੰਡੀ ਵਰਤਾਰੇ ਲਈ, ਕੁਦਰਤਿ ਸਾਜਨਾ ਦੇ ਵਕਤ ਤੋਂ ਹੀ, ਅਟੱਲ ਕਾਇਦੇ-ਕਾਨੂੰਨ ਤੇ ਨਿਯਮ ਸਾਜ ਕੇ ਲਾਗੂ ਕੀਤੇ ਹੋਏ ਹਨ। ਜਿਹੜੇ ਪ੍ਰਾਣੀ ਜਾਂ ਮਨੁੱਖੀ ਵਰਗ ਕਾਦਿਰੁ ਦੀ ਕੁਦਰਤਿ ਦੇ ਇਨ੍ਹਾਂ ਨਿਯਮਾਂ ਦੀ ਸੋਝੀ ਪ੍ਰਾਪਤ ਕਰ ਕੇ, ਇਨ੍ਹਾਂ ਦੀ ਈਮਾਨਦਾਰੀ ਨਾਲ ਪਾਲਣਾ ਕਰਦੇ ਹਨ, ਉਨ੍ਹਾਂ ਨੂੰ ਹੀ ਅੱਛੇ ਇਨਸਾਨ ਹੋਣ ਦੀ ਰੱਬੀ-ਦਰਬਾਰ ਵਿੱਚੋਂ ਪ੍ਰਵਾਨਗੀ ਮਿਲਦੀ ਹੈ। ਦਿਲਚਸਪ ਗੱਲ ਇਹ ਹੈ ਕਿ ਮਨੁੱਖ, ਕਿਉਂ ਕਿ ਭੁੱਲਣਹਾਰ ਹੈ, ਉਸ ਦੇ ਬਣਾਏ ਨਿਯਮ ਸਦਾ ਲਈ ਲਾਗੂ ਹੋਣ ਯੋਗ (ਅਟੱਲ) ਨਹੀਂ ਹੋ ਸਕਦੇ, ਸਮੇਂ ਅਤੇ ਸਥਿਤੀ ਅਨੁਸਾਰ, ਇਨ੍ਹਾਂ ਵਿੱਚ ਸੁਧਾਰ ਕਰਨੇ ਜਰੂਰੀ ਹੋ ਜਾਂਦੇ ਹਨ। ਇਸ ਦੇ ਵਿਪਰੀਤ, ਪਰਮੇਸ਼ਰ ਅਭੁੱਲ ਹੈ ਅਤੇ ਉਸ ਦੇ ਸਿਰਜੇ ਨਿਯਮ ਵੀ ਅਟੱਲ ਹਨ, ਇਨ੍ਹਾਂ ਵਿੱਚ ਕੋਈ ਸੁਧਾਰ ਹੋ ਸਕਣ ਦੀ ਉੱਕਾ ਹੀ ਕੋਈ ਗੁੰਜਾਇਸ਼ ਨਹੀਂ।

ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਸਮੁੱਚੇ ਗੁਰਮਤਿ ਫ਼ਲਸਫ਼ੇ ਦਾ ਕੇਂਦਰ-ਬਿੰਦੂ ਹੈ, “ਹੁਕਮਿ ਰਜਾਈ ਚੱਲਣਾ”। ਯਾਨੀ ਕਿ, ਰਜ਼ਾ ਦੇ ਮਾਲਿਕ ਪ੍ਰਭੂ-ਪਿਤਾ ਵੱਲੋਂ ਦਰੁੱਸਤ ਬ੍ਰਹਮੰਡੀ ਵਰਤਾਰੇ ਲਈ ਸਿਰਜ ਕੇ ਲਾਗੂ ਕੀਤੇ ਨਿਯਮਾਂ ਅਨੁਸਾਰ ਜੀਵਨ ਬਤੀਤ ਕਰਨਾ। ਸਮੁੱਚੀ ਮਨੁੱਖਤਾ ਪ੍ਰਭੂ-ਪਿਤਾ ਦੀ ਨਾਦੀ ਸੰਤਾਨ ਹੋਣ ਦੇ ਨਾਤੇ, ਅਧਿਆਤਮਿਕ ਪੱਖ ਤੋਂ, ਭੈਣ-ਭਰਾ ਦੇ ਰਿਸ਼ਤੇ ਵਿੱਚ ਹਨ, ਸਾਰੀ ਸ੍ਰਿਸ਼ਟੀ ਪ੍ਰਭੂ-ਪਿਤਾ ਦਾ ਇੱਕ ਵੱਡਾ ਪਰਿਵਾਰ ਹੈ। ਇਸ ਕੇਂਦਰੀ ਨੁਕਤੇ ਨੂੰ ਧਿਆਨ ਵਿੱਚ ਰੱਖ ਕੇ ਹੀ ਵਿਸ਼ਵ-ਪੱਧਰੀ ਆਦਰਸ਼ਕ ਸਮਾਜ ਦੀ ਸਿਰਜਨਾ ਕੀਤੀ ਜਾ ਸਕੇਗੀ।

ਠਾਕੁਰ ਜਾ ਸਿਮਰਾਂ ਤੂੰ ਤਾਹੀ।। ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ।। 1. । ਰਹਾਉ।

ਸਾਸਿ ਸਾਸਿ ਤੇਰਾ ਨਾਮੁ ਸਮਾਰਉਂ, ਤੁਮ ਹੀ ਕਉ ਪ੍ਰਭੁ ਆਹੀ।। ਨਾਨਕ, ਟੇਕ ਭਈ ਕਰਤੇ ਕੀ, ਹੋਰ ਆਸ ਬਿਡਾਣੀ ਲਾਹੀ।। 2. । (ਮ: 5, 500)

ਭਾਵ: ਹੇ ਪ੍ਰਭੂ! ਮੈਂ ਜਿੱਥੇ ਵੀ ਤੈਨੂੰ ਯਾਦ ਕਰਦਾ ਹਾਂ ਤੂੰ ਉਥੇ ਹੀ ਹਾਜ਼ਰ-ਨਾਜ਼ਰ ਹੁੰਦਾ ਹੈ। ਹੇ ਸਭਨਾਂ ਦੇ ਪਾਲਣਹਾਰ ਪ੍ਰਭੂ! (ਮੇਹਰ ਕਰ) ਮੈਂ ਸਦਾ ਹੀ ਤੇਰੀ ਸਿਫਤਿ-ਸਾਲਾਹ ਕਰਦਾ ਰਹਾਂ। ਰਹਾਉ।

ਤੇਰਾ ਨਾਮੁ ਕਰੀ ਚਨਣਾਠੀਆ, ਜੇ ਮਨੁ ਉਰਸਾ ਹੋਇ।। ਕਰਣੀ ਕੁੰਗੂ ਜੇ ਰਲੈ, ਘਟ ਅੰਤਰਿ ਪੂਜਾ ਹੋਇ।। 1. ।

ਪੂਜਾ ਕੀਚੈ, ਨਾਮੁ ਧਿਆਈਐ, ਬਿਨੁ ਨਾਵੈ, ਪੂਜ ਨ ਹੋਇ।। 2. । ਰਹਾਉ।।

ਬਾਹਰਿ ਦੇਵ ਪਖਾਲੀਅਹਿਂ, ਜੇ ਮਨੁ ਧੋਵੈ ਕੋਇ।। ਜੂਠਿ ਲਹੈ, ਜੀਉ ਮਾਂਜੀਐ, ਮੋਖ ਪਇਆਣਾ ਹੋਇ।। 2. । (ਮ: 1, 429)

ਭਾਵ: (ਹੇ ਭਾਈ!) ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ, ਇਹੀ ਪੂਜਾ ਕਰਨੀ ਚਾਹੀਦੀ ਹੈ। ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਹੋਰ ਕੋਈ ਪੂਜਾ (ਐਸੀ) ਨਹੀਂ (ਜੋ ਪਰਵਾਨ ਹੋ ਸਕੇ)। 1. ਰਹਾਉ।

(ਹੇ ਪ੍ਰਭ!) ਜੇ ਮੈਂ ਤੇਰੇ ਨਾਮ (ਦੀ ਯਾਦ ਨੂੰ) ਚੰਨਣ ਦੀ ਲੱਕੜੀ ਬਣਾ ਲਵਾਂ ਜੇ ਮੇਰਾ ਮਨ (ਉਸ ਚੰਦਨ ਦੀ ਲੱਕੜੀ ਨੂੰ ਘਸਾਣ ਵਾਸਤੇ) ਸਿਲ (ਪੱਥਰ ਦਾ ਟੁਕੜਾ) ਬਣ ਜਾਏ, ਜੇ ਮੇਰਾ ਉੱਚਾ ਆਚਰਣ (ਇਨ੍ਹਾਂ ਦੇ ਨਾਲ) ਕੇਸਰ (ਬਣ ਕੇ) ਰਲ ਜਾਏ, ਤਾਂ ਤੇਰੀ ਪੂਜਾ ਮੇਰੇ ਹਿਰਦੇ ਦੇ ਅੰਦਰ ਹੀ ਪਈ ਹੋਵੇਗੀ। 1.

ਜਿਵੇਂ ਬਾਹਰ ਦੇਵ-ਮੂਰਤੀਆਂ ਦੇ ਇਸ਼ਨਾਨ ਕਰਾਈਦੇ ਹਨ, ਤਿਵੇਂ ਜੇ ਕੋਈ ਮਨੁੱਖ ਆਪਣੇ ਮਨ ਨੂੰ (ਨਾਮ-ਸਿਮਰਨ ਨਾਲ) ਧੋਵੇ, ਤਾਂ ਉਸ ਦੇ ਮਨ ਦੀ ਵਿਕਾਰਾਂ ਦੀ ਮੈਲ ਲਹਿ ਜਾਂਦੀ ਹੈ, ਉਸ ਦੀ ਜਿੰਦ ਸ਼ੁੱਧ-ਪਵਿੱਤਰ ਹੋ ਜਾਂਦੀ ਹੈ, ਉਸ ਦਾ ਜੀਵਨ-ਸਫਰ ਵਿਕਾਰਾਂ ਤੋਂ ਆਜ਼ਾਦ ਹੋ ਜਾਂਦਾ ਹੈ। 2.

2. ਅਰਦਾਸਿ ਇੱਕੋ-ਇੱਕ ਪਰਮੇਸ਼ਰ ਦੇ ਚਰਨਾਂ ਵਿੱਚ

ਸਰਬੱਤ ਦੇ ਭਲੇ ਲਈ, ਵਿਸ਼ੇ-ਵਿਕਾਰਾਂ ਦਾ ਟਾਕਰਾ ਕਰਨ ਲਈ, ਅਤੇ ਰੱਬੀ-ਗੁਣਾਂ ਦੀ ਪ੍ਰਾਪਤੀ ਲਈ ਅਰਦਾਸਿ ਵੀ ਇੱਕੋ-ਇੱਕ ਪ੍ਰਭੂ-ਪਿਤਾ ਦੇ ਦਰ ਉੱਤੇ ਹੀ ਕਰਨੀ ਹੈ -

ਤੂ ਠਾਕੁਰੁ ਤੁਮ ਪਹਿ ਅਰਦਾਸਿ।। ਜੀਉ ਪਿੰਡੁ ਸਭੁ ਤੇਰੀ ਰਾਸਿ।। ਤੁਮ ਮਾਤ ਪਿਤਾ, ਹਮ ਬਾਰਿਕ ਤੇਰੇ।। ਤੁਮਰੀ ਕ੍ਰਿਪਾ ਮਹਿ ਸੂਖ ਘਨੇਰੇ।। (ਮ: 5, 26)

ਭਾਵ: (ਹੇ ਪ੍ਰਭੂ!) ਤੂੰ ਮਾਲਿਕ ਹੈਂ (ਸਾਡੀ ਜੀਵਾਂ ਦੀ) ਅਰਜ਼ ਤੇਰੇ ਅੱਗੇ ਹੀ ਹੈ, ਇਹ ਜਿੰਦ ਤੇ ਸਰੀਰ (ਜੋ ਤੂੰ ਸਾਨੂੰ ਦਿੱਤਾ ਹੈ) ਸਭ ਤੇਰੀ ਹੀ ਬਖ਼ਸ਼ੀਸ਼ ਹੈ।

ਤੂੰ ਸਾਡਾ ਮਾਂ-ਪਿਉ ਹੈਂ, ਅਸੀਂ ਤੇਰੇ ਬਾਲ ਹਾਂ, ਤੇਰੀ ਮੇਹਰ (ਦੀ ਨਜਰ) ਵਿੱਚ ਬੇ-ਅੰਤ ਸੁਖ ਹਨ।

3. ਸਮਾਜ ਦੇ ਗਰੀਬ ਵਰਗਾਂ ਨੂੰ ਉੱਚੇ ਚੁੱਕ ਕੇ ਬਰਾਬਰਤਾ ਦਾ ਅਧਿਕਾਰ ਤੇ ਸਤਿਕਾਰ ਦੇਣਾ

ਗੁਰਮਤਿ ਫ਼ਲਸਫ਼ਾ ਊਚ-ਨੀਚ ਦੇ ਅਤੇ ਜਾਤ-ਪਾਤ ਦੇ ਗ਼ੈਰ-ਕੁਦਰਤੀ ਅਤੇ ਮਾਨਵ-ਵਿਰੋਧੀ ਵਿਚਾਰਾਂ ਨੂੰ ਕਿਉਂਕਿ ਮੁੱਢੋਂ ਹੀ ਰੱਦ ਕਰਦਾ ਹੈ, ਇਸ ਲਈ ਪ੍ਰਭੂ-ਪਿਤਾ ਦੇ ਇੱਕ ਸਾਂਝੇ ਵੱਡੇ ਪਰਿਵਾਰ ਦੇ ਮੈਂਬਰ ਹੋਣ ਦੇ ਨਾਤੇ ਗਰੀਬ ਵਰਗਾਂ ਦੇ ਮਨੁੱਖਾਂ ਨਾਲ ਹਰ ਪੱਖ ਤੋਂ ਸਨਮਾਨ-ਭਰਪੂਰ ਅਤੇ ਬਰਾਬਰਤਾ ਦਾ ਸਲੂਕ ਕਰਨਾ ਇਨਸਾਨੀਅਤ ਦਾ ਮੁੱਢਲਾ ਫਰਜ਼ ਹੈ। ਇਸ ਪੱਖ ਤੋਂ ਗੁਰਮਤਿ ਫ਼ਲਸਫ਼ਾ ਇੰਜ ਸੇਧਾਂ ਬਖ਼ਸ਼ਿਸ਼ ਕਰਦਾ ਹੈ -

ਨੀਚਾਂ ਅੰਦਰਿ ਨੀਚ ਜਾਤਿ, ਨੀਚੀ ਹੂ ਅਤਿ ਨੀਚੁ।। ਨਾਨਕੁ ਤਿਨ ਕੈ ਸੰਗਿ ਸਾਥਿ, ਵਡਿਆਂ ਸਿਉ ਕਿਆ ਰੀਸ।।

ਜਿਥੈ ਨੀਚ ਸਮਾਲੀਅਨਿ, ਤਿਥੈ ਨਦਰਿ ਤੇਰੀ ਬਖਸੀਸ।। (ਮ: 1, 15)

ਭਾਵ: (ਹੇ ਪ੍ਰਭੂ! ਮੈਂ ਤੈਥੋਂ ਏਹੀ ਜਾਚਨਾ ਕਰਦਾ ਹਾਂ ਕਿ ਤੇਰਾ) ਨਾਨਕ ਉਨ੍ਹਾਂ ਮਨੁੱਖਾਂ ਨਾਲ ਸਾਥ ਬਣਾਏ ਜੋ (ਕਈ ਭੁੱਲੜ ਜੀਵਾਂ ਅਨੁਸਾਰ) ਨੀਵੀਂ ਤੋਂ ਨੀਵੀਂ ਜਾਤ ਦੇ ਹਨ, ਜੋ ਨੀਵਿਆਂ ਤੋਂ ਵੀ ਅਤਿ ਨੀਵੇਂ ਅਖਵਾਉਂਦੇ ਹਨ। ਮੈਨੂੰ ਮਾਇਆਧਾਰੀਆਂ (ਮਨਮੁੱਖਾਂ) ਦੇ ਰਾਹੇ ਤੁਰਨ ਦੀ ਕੋਈ ਤਾਂਘ ਨਹੀਂ। (ਕਿਉਂਕਿ ਮੈਂਨੂੰ ਪਤਾ ਹੈ ਕਿ) ਜਿਸ ਦੇਸ਼ ਵਿੱਚ ਨੀਵਿਆਂ ਦੀ ਸੰਭਾਲ ਹੁੰਦੀ ਹੈ, ਉਥੇ ਤੇਰੀ ਮਿਹਰ ਦੀ ਨਜ਼ਰ ਹੁੰਦੀ ਹੈ।

ਨੋਟ : ਉਪਰੋਕਤ ਰੱਬੀ ਨਿਯਮ ਦੀ ਅਮਲੀ ਤੌਰ `ਤੇ ਪਾਲਣਾ ਗੁਰੂ ਨਾਨਕ ਸਾਹਿਬ ਨੇ, ਅਖੌਤੀ ਨੀਵੀਂ ਜਾਤ ਦੇ ਅਖਵਾਉਣ ਵਾਲੇ, ਭਾਈ ਮਰਦਾਨਾ (ਅਖੌਤੀ ਮਿਰਾਸੀ ਜਾਤ) ਅਤੇ ਅਤਿ ਦੇ ਗਰੀਬ ਭਾਈ ਲਾਲੋ, ਨੂੰ ਸਾਰੀ ਉਮਰ ਆਪਣੇ ਭਰਾ ਬਣਾ ਕੇ ਕੀਤੀ।

4. ਜੀਵ-ਆਤਮਾ ਨੇ ਪਰਮਾਤਮਾ ਨੂੰ ਪ੍ਰਸੰਨ ਕਰਨ ਲਈ ਰੱਬੀ-ਗੁਣਾਂ ਦਾ ਹੀ ਸ਼ਿੰਗਾਰ ਕਰਨਾ ਹੈ

ਜੇਕਰ ਸੰਖੇਪ ਵਿੱਚ ਗੱਲ ਨਿਬੇੜਨੀ ਹੋਵੇ ਤਾਂ ਸਿਰਫ ਇਤਨਾ ਹੀ ਸਮਝ ਲੈਣਾ ਕਾਫ਼ੀ ਹੈ ਕਿ ਸਾਡੀ ਆਤਮਾ (ਜੀਵ-ਆਤਮਾ) ਨੇ ਰੱਬੀ-ਗੁਣਾਂ ਦਾ ਸਿੰਗਾਰ ਕਰ ਕੇ ਪਤੀ-ਪਰਮੇਸ਼ਰ ਨਾਲ ਮਿਲਾਪ ਪ੍ਰਾਪਤ ਕਰਨਾ ਹੈ। ਇਸ ਮਿਲਾਪ ਦੁਆਰਾ ਹੀ ਇਸ ਦਾ ਸੰਸਾਰ ਵਿੱਚ ਆਉਣਾ ਸਫ਼ਲ ਹੋਵੇਗਾ ਅਤੇ ਇਹ ਆਵਾਗਵਣ (ਮਰਨ-ਜਨਮ ਦਾ ਗੇੜ) ਦੇ ਦੁਖਦਾਈ ਤੇ ਲੰਮੇ ਚੱਕਰ ਵਿੱਚੋਂ ਮੁਕਤ ਹੋ ਸਕੇਗੀ। ਗੁਰਮਤਿ ਫ਼ਲਸਫ਼ੇ ਦਾ ਫ਼ੁਰਮਾਨ ਹੈ -

ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ।।

ਅਵਰ ਕਾਜ ਤੇਰੈ ਕਿਤੈ ਨ ਕਾਮ।। ਮਿਲੁ ਸਾਧਸੰਗਤਿ, ਭਜੁ ਕੇਵਲ ਨਾਮ।। 1. । ਸਰੰਜਾਮਿ ਲਾਗ ਭਵਜਲੁ ਤਰਣ ਕੈ।। ਜਨਮ ਬ੍ਰਿਥਾ ਜਾਤ ਰੰਗਿ ਮਾਇਆ ਕੈ।। (ਮ: 5, 12)

ਪਦ-ਅਰਥ : ਦੇਹੁਰੀਆ-ਦੇਹੀ, ਜਨਮ। ਬਰੀਆ-ਵਾਰੀ, ਮੌਕਾ, ਸਮਾਂ। ਸਰੰਜਾਮਿ-ਆਹਰ, ਇੰਤਜ਼ਾਮ। ਭਵਜਲੁ-ਸੰਸਾਰ ਸਮੁੰਦਰ। ਰੰਗਿ-ਪਿਆਰ ਵਿੱਚ।

ਭਾਵ: (ਹੇ ਭਾਈ!) ਤੈਨੂੰ ਸੋਹਣਾ ਮਨੁੱਖਾ ਸਰੀਰ ਮਿਲਿਆ ਹੈ। ਪਰਮਾਤਮਾ ਨੂੰ ਮਿਲਣ ਦਾ ਤੇਰੇ ਲਈ ਇਹੀ ਮੌਕਾ ਹੈ। (ਜੇ ਪ੍ਰਭੂ ਨੂੰ ਮਿਲਣ ਲਈ ਗੁਰਮਤਿ ਅਨੁਸਾਰ ਉੱਦਮ ਨਾ ਕੀਤਾ ਤਾਂ) ਹੋਰ ਸਾਰੇ ਕੰਮ (ਗੁਰਮਤਿ ਨੂੰ ਛੱਡ ਕੇ ਹੋਰ ਅਨਮਤੀ/ਮਨਮਤੀ ਉਕਤੀਆਂ-ਜੁਗਤੀਆਂ ਪ੍ਰਭੂ-ਮਿਲਾਪ ਹਾਸਿਲ ਕਰਨ ਲਈ ਸਫ਼ਲ ਨਹੀਂ ਹੋ ਸਕਣੇ) ਕਿਸੇ ਵੀ ਅਰਥ ਨਹੀਂ ਆਉਣਗੇ (ਤੇਰੀ ਜਿੰਦ ਨੂੰ ਕੋਈ ਲਾਭ ਨਹੀਂ ਅਪੜਾ ਸਕਣਗੇ)। (ਇਸ ਵਾਸਤੇ) ਸਾਧ ਸੰਗਤਿ ਵਿੱਚ (ਵੀ) ਮਿਲ ਬੈਠਿਆਂ ਕਰ (ਸਾਧ ਸੰਗਤਿ ਵਿੱਚ ਬੈਠ ਕੇ ਭੀ) ਸਿਰਫ਼ ਪਰਮਾਤਮਾ ਦਾ ਨਾਮ ਸਿਮਰਿਆ ਕਰ (ਭਾਵ ਕਿ, ‘ਹੁਕਮਿ ਰਜਾਈ ਚੱਲਣ’ ਦਾ ਸਬਕ ਸਿਖਿਆ ਕਰ, ਉਸ ਮਾਲਿਕ-ਪ੍ਰਭੂ ਨਾਲ ਪ੍ਰੇਮ ਦੀ ਸਾਂਝ ਪਾਉਂਣ ਦਾ ਯਤਨ ਕਰਿਆ ਕਰ, ਉਸ ਦੀ ਜੀਵਨ-ਦਾਤੀ ਯਾਦ ਨੂੰ ਆਪਣੀ ਸੁਰਤੀਂ ਰਾਹੀਂ ਹਿਰਦੇ ਵਿੱਚ ਸੰਭਾਲ ਕੇ ਰੱਖਣ ਦਾ ਉਪਰਾਲਾ ਕਰਿਆ ਕਰ) ਅਤੇ ਸਾਧਸੰਗਤਿ ਵਿੱਚ ਬੈਠਣ ਦਾ ਵੀ ਤਦੋਂ ਹੀ ਲਾਭ ਹੈ ਜੇ ਉਥੇ ਤੂੰ ਪ੍ਰਭੂ ਦੀ ਸਿਫ਼ਤਿ-ਸਾਲਾਹ ਵਿੱਚ ਜੁੜੇਂ। 1.

(ਹੇ ਭਾਈ!) ਸੰਸਾਰ ਸਮੁੰਦਰ ਤੋਂ ਪਾਰ ਲੰਘਣ ਦੇ (ਭੀ) ਆਹਰੇ ਲੱਗ। (ਨਿਰੇ) ਮਾਇਕ ਪਦਾਰਥਾਂ (ਬਿਨਸਣਹਾਰ ਚੀਜ਼ਾਂ) ਦੇ ਪਿਆਰ ਵਿੱਚ ਤੇਰਾ ਮਨੁੱਖਾ ਜਨਮ ਦਾ ਕੀਮਤੀ ਸਮਾਂ ਵਿਅਰਥ ਬਤੀਤ ਹੁੰਦਾ ਜਾ ਰਿਹਾ ਹੈ। 1. ਰਹਾਉ।

ਜਦੋਂ ਤੱਕ ਆਵਾਗਵਣ ਦੇ ਚੱਕਰ ਵਿੱਚ ਫਸੀ ਜੀਵ-ਇਸਤਰੀ (ਜੀਵ-ਆਤਮਾ) ਆਪਣੇ ਸੁਭਾਅ ਦਾ ਹਿੱਸਾ ਬਣ ਚੁੱਕੇ ਔਗੁਣਾਂ ਤੇ ਵਿਕਾਰਾਂ ਦਾ ਤਿਆਗ ਨਹੀਂ ਕਰੇਗੀ, ਇਸ ਨੂੰ ਰੱਬੀ-ਗੁਣ ਪ੍ਰਾਪਤਿ ਨਹੀਂ ਹੋ ਸਕਣੇ। ਮਨੁੱਖੀ ਸੁਭਾਅ ਦਾ ਹਿੱਸਾ ਬਣ ਚੁੱਕੇ ਬੁਨਿਆਦੀ ਔਗੁਣਾਂ ਤੇ ਵਿਕਾਰਾਂ ਬਾਰੇ ਪਿਛਲੇ ਚੈਪਟਰ ਵਿੱਚ ਸੰਖੇਪ ਵਿਚਾਰ ਕੀਤੀ ਜਾ ਚੁੱਕੀ ਹੈ।

ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਬਾਣੀ ਅੰਦਰ, ਜੀਵ-ਆਤਮਾ (ਮਨੁੱਖ, ਭਾਵ ਇਸਤਰੀ ਤੇ ਪੁਰਸ਼) ਲਈ, ‘ਸੁਹਾਗਣ’, ਵਨਜਾਰਾ, ਸੌਦਾਗੁਰ, ਮੁਸਾਫ਼ਿਰ ਆਦਿ ਸ਼ਬਦਾਂ ਦੀ ਸੰਕੇਤਕ ਵਰਤੋਂ ਕੀਤੀ ਮਿਲਦੀ ਹੈ। ਜਿਵੇਂ ਸੁਹਾਗਣ ਆਪਣੇ ਪਤੀ ਨੂੰ ਰੀਝਾਵਣ ਲਈ, ਅਕਸਰ, ਸ਼ਿੰਗਾਰ ਕਰਦੀ ਹੈ ਤਿਵੇਂ ਹੀ, ਗੁਰਮਤਿ ਫ਼ਲਸਫ਼ਾ ਜੀਵ-ਆਤਮਾ ਨੂੰ ਰੱਬੀ-ਗੁਣਾਂ ਦਾ ਸ਼ਿੰਗਾਰ ਕਰ ਕੇ ਪਤੀ-ਪਰਮੇਸ਼ਰ (ਮਾਲਿਕ-ਪ੍ਰਭੂ) ਨੂੰ ਰੀਝਾਵਣ ਲਈ (ਪ੍ਰਸੰਨ ਕਰਨ ਲਈ) ਪ੍ਰੇਰਨਾ ਕਰਦਾ ਹੈ -

ਮੈਂ ਬਉਰੀ, ਮੇਰਾ ਰਾਮ ਭਤਾਰ ।। ਰਚਿ ਰਚਿ ਤਾਕਉ ਕਰਉਂ ਸਿੰਗਾਰੁ।। (ਨਾਮਦੇਵ, ਪੰ. 1164)

ਮਨ ਮੋਤੀ ਜੇ ਗਹਿਣਾ ਹੋਵੈ, ਪਵਨੁ ਹੋਵੈ ਸੂਤਧਾਰੀ।। ਖਿਮਾ ਸਿੰਗਾਰ ਕਾਮਣਿ ਤਨਿ ਪਹਿਰੈ, ਰਾਵੈ ਲਾਲ ਪਿਆਰੀ।। ()

ਜਿਵੇਂ ਦੁਨਿਆਵੀ ਸੁਹਾਗਣ ਉਹ ਸ਼ਿੰਗਾਰ ਕਰਦੀ ਹੈ ਜਿਹੜਾ ਉਸ ਦੇ ਕੰਤ ਨੂੰ ਚੰਗਾ ਲਗਦਾ ਹੋਵੇ, ਤਿਵੇਂ ਹੀ ਜੀਵ-ਆਤਮਾ ਨੇ ਵੀ ਉਹੀ ਸ਼ਿੰਗਾਰ ਕਰਨਾ ਹੈ ਜਿਹੜਾ ਮਾਲਿਕ-ਪ੍ਰਭੂ ਨੂੰ ਪਿਆਰਾ ਲੱਗੇ। ਮਾਲਿਕ-ਪ੍ਰਭੂ ਨੂੰ ਗੁਣਾਂ ਦਾ ਸ਼ਿੰਗਾਰ ਹੀ ਚੰਗਾ ਲਗਦਾ ਹੈ ਅਤੇ ਦਿਲਚਸਪੀ ਦੀ ਗੱਲ ਇਹ ਹੈ ਕਿ ਅਜਿਹਾ ਸ਼ਿੰਗਾਰ ਕਰਨ ਲਈ ਗੁਣ ਵੀ ਜੀਵ-ਇਸਤਰੀ ਨੇ ਮਾਲਿਕ-ਪ੍ਰਭੂ ਤੋਂ ਹੀ ਪ੍ਰਾਪਤ ਕਰਨੇ ਹਨ, ਕਿਉਂਕਿ ਹੋਰ ਕਿਸੇ ਸਰੋਤ ਤੋਂ ਰੱਬੀ-ਗੁਣ ਮਿਲ ਹੀ ਨਹੀਂ ਸਕਦੇ।

ਲਾਲ ਬਹੁ ਗੁਣਿ ਕਾਮਣਿ ਮੋਹੀ।। ਤੇਰੇ ਗੁਣ ਹੋਹਿਂ ਨ ਅਵਰੀ। ਰਹਾਉ। (ਮ: 1, ਪੰ. 359)

ਭਾਵ : ਹੇ ਮਾਲਿਕ-ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਖਜ਼ਾਨਾ ਹੈਂ, ਤੇਰੇ ਇਨ੍ਹਾਂ ਗੁਣਾਂ ਨੇ ਮੈਨੂੰ ਮੋਹ ਲਿਆ ਹੈ। (ਮੈਨੂੰ ਨਿਮਾਣੀ ਨੂੰ ਭੀ ਆਪਣੇ ਗੁਣਾਂ ਦੀ ਬਖਸ਼ਿਸ਼ ਕਰ ਤਾਕਿ ਤੇਰੇ ਨਾਲ ਮੇਰੇ ਅੰਤਰ-ਆਤਮੇ ਸਦੀਵੀ ਮਿਲਾਪ ਹੋ ਜਾਵੇ!) (ਹੇ ਪ੍ਰਭੂ!) ਤੇਰੇ ਗੁਣ ਮੈਨੂੰ (ਤੈਥੋਂ ਬਿਨਾ) ਹੋਰ ਕਿਧਰੋਂ ਵੀ ਮਿਲ ਨਹੀਂ ਸਕਣੇ।

ਨਿਵਣੁ ਸੁ ਅਖਰੁ ਖਵਣੁ ਗੁਣੁ ਜਿਹਬਾ ਮਣੀਆ ਮੰਤੁ।। ਏ ਤ੍ਰੈ ਤੈਣੇ ਵੇਸ ਕਰਿ, ਤਾਂ ਵਸਿ ਆਵੀ ਕੰਤੁ।। (ਫ਼ਰੀਦ ਜੀਉ, 1384)

ਭਾਵ : ਹੇ ਭੈਣ! ਜੇਕਰ ਤੂੰ ਨਿਮਰਤਾ, ਸਹਿਣਸ਼ੀਲਤਾ (ਖਿਮਾ) ਅਤੇ ਮਿੱਠੀ ਬੋਲੀ-ਇਹ ਤਿੰਨ ਗੁਣ ਧਾਰਨ ਕਰ ਲਵੇਂ ਤਾਂ ਪਤੀ-ਪਰਮੇਸ਼ਰ ਨਾਲ ਤੇਰਾ ਸਦੀਵੀ (ਅਨੰਦਮਈ) ਮਿਲਾਪ ਹੋ ਜਾਵੇਗਾ।

ਰੱਬੀ ਗੁਣਾਂ ਦੀ ਪ੍ਰਾਪਤੀ ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਅਮਲੀ ਤੌਰ `ਤੇ ਪਾਲਣਾ ਕਰਨ ਨਾਲ ਹੀ ਹੋਵੇਗੀ, ਗੱਲੀ-ਬਾਤੀਂ (ਜ਼ਬਾਨੀ-ਕਲਾਮੀ) ਨਹੀਂ।

5. ਧਰਮ ਦੀ ਸੁੱਚੀ ਕਿਰਤ ਕਰਨੀ, ਨਾਮ ਜਪਣਾ ਤੇ ਵੰਡ ਕੇ ਛਕਣਾ

ਘਾਲਿ ਖਾਇ, ਕਿਛੁ ਹਥਹੁ ਦੇਇ।। ਨਾਨਕ, ਰਾਹੁ ਪਛਾਣਹਿਂ ਸੇਇ।। (ਮ: 1, 1245)

ਭਾਵ: ਜੋ ਮਨੁੱਖ ਧਰਮ ਦੀ ਸੁੱਚੀ ਕਿਰਤ ਕਰ ਕੇ ਆਪਣੇ ਪਰਿਵਾਰ ਦੀ ਪਾਲਣਾ ਕਰਦਾ ਹੋਇਆ, ਆਪਣੀ ਦਿਆਨਤਦਾਰੀ ਨਾਲ ਕੀਤੀ ਕਮਾਈ ਵਿੱਚੋਂ (ਦਸਵੰਧ ਦੇ ਰੂਪ ਵਿੱਚ), ਦੁਖੀਆਂ, ਗ਼ਰੀਬਾਂ, ਲੋੜਵੰਦਾਂ ਦੀ ਸਹਾਇਤਾ ਕਰਦਾ ਹੈ, ਉਸੇ ਨੂੰ ਹੀ ਆਪਣਾ ਜੀਵਨ ਸਫ਼ਲ ਕਰ ਕੇ ਪਰਮਾਤਮਾ ਦੇ ਮਿਲਾਪ ਵਾਲੇ ਰਾਹ ਦੀ ਸੋਝੀ ਪ੍ਰਾਪਤ ਹੁੰਦੀ ਹੈ।

ਵਿਹਲੜਾਂ, ਲੁੱਗੜਾਂ ਅਤੇ ਠੱਗੀ-ਠੋਰੀ ਕਰ ਕੇ ਢਿੱਡ ਭਰਨ ਵਾਲਿਆਂ ਲਈ ਗੁਰਮਤਿ ਫ਼ਲਸਫ਼ੇ ਅੰਦਰ ਕੋਈ ਜਗ੍ਹਾ ਨਹੀਂ ਹੈ।

ਕਾਰ-ਵਿਹਾਰ ਕਰਦਿਆਂ (ਹਰ ਸਮੇਂ ਹੀ) ਪਰਮੇਸ਼ਰ ਦੇ ਨਿਰਮਲ ਭਉ ਅੰਦਰ ਰਹਿਣਾ ਅਤੀ ਜਰੂਰੀ ਹੈ।

ਮਨੁ ਤਨੁ ਧਨੁ ਜਿਨਿ ਪ੍ਰਭਿ ਦੀਆ, ਰਖਿਆ ਸਹਜਿ ਸਵਾਰਿ।। ਸਰਬ ਕਲਾ ਕਰਿ ਥਾਪਿਆ, ਅੰਤਰਿ ਜੋਤਿ ਅਪਾਰ।। ਸਦਾ ਸਦਾ ਪ੍ਰਭੁ ਸਿਮਰੀਐ, ਅੰਤਰਿ ਰਖੁ ਉਰ ਧਾਰਿ।। (ਮ: 5, 47)

ਭਾਵ: ਜਿਸ ਪ੍ਰਭੂ ਨੇ (ਤੈਨੂੰ) ਇਹ ਮਨ ਦਿੱਤਾ ਹੈ, (ਵਰਤਣ ਲਈ) ਧਨ ਦਿੱਤਾ ਹੈ, ਜਿਸ ਪ੍ਰਭੂ ਨੇ ਤੇਰੇ ਸਰੀਰ ਨੂੰ ਸਵਾਰ ਬਣਾ ਕੇ ਰੱਖਿਆ ਹੈ, ਜਿਸ ਨੇ (ਸਰੀਰ ਵਿੱਚ) ਸਾਰੀਆਂ (ਸਰੀਰਕ) ਤਾਕਤਾਂ ਪੈਦਾ ਕਰ ਕੇ ਸਰੀਰ ਰੱਖਿਆ ਹੈ, ਤੇ ਸਰੀਰ ਵਿੱਚ ਆਪਣੀ ਬੇਅੰਤ ਜੋਤਿ ਟਿਕਾ ਦਿੱਤੀ ਹੈ, (ਹੇ ਭਾਈ!) ਉਸ ਪ੍ਰਭੂ ਨੂੰ ਸਦਾ ਹੀ ਸਿਮਰਦੇ ਰਹਿਣਾ ਚਾਹੀਦਾ ਹੈ। (ਹੇ ਭਾਈ!) ਆਪਣੇ ਹਿਰਦੇ ਵਿੱਚ ਉਸ ਦੀ ਯਾਦ ਟਿਕਾ ਰੱਖ।

6. ਉੱਚਾ-ਸੁੱਚਾ ਆਚਰਨ- (ਗਿਆਨ ਤੇ ਕਰਮ ਇੰਦ੍ਰਿਆਂ ਦੀ ਸਹੀ ਵਰਤੋਂ)

ਮਨੁੱਖੀ ਸਰੀਰ ਦੇ ਪੰਜ ਗਿਆਨ ਇੰਦਰੇ ਹਨ ਨੇਤਰ, ਕੰਨ, ਜੀਭ, ਨੱਕ ਤੇ ਤੁਚਾ (ਚਮੜੀ)। ਇਨ੍ਹਾਂ ਦੀ ਯੋਗ ਵਰਤੋਂ ਲਈ ਗੁਰਮਤਿ ਫ਼ਲਸਫ਼ਾ ਇੰਜ ਸੇਧਾਂ ਬਖਸ਼ਿਸ ਕਰਦਾ ਹੈ -

ਏ ਨੇਤ੍ਰਹੁ ਮੇਰਿਹੋ, ਹਰਿ ਤੁਮ ਮਹਿ ਜੋਤਿ ਧਰੀ, ਹਰਿ ਬਿਨੁ ਅਵਰੁ ਨ ਦੇਖਹੁ ਕੋਈ।। ਹਰਿ ਬਿਨੁ ਅਵਰੁ ਨ ਦੇਖਹੁ ਕੋਈ, ਨਦਰੀ ਹਰਿ ਨਿਹਾਲਿਆ।। ਏਹ ਵਿਸੁ ਸੰਸਾਰੁ ਤੁਮ ਦੇਖਦੇ, ਏਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ।। ਗੁਰ ਪਰਸਾਦੀ ਬੁਝਿਆ, ਜਾ ਵੇਖਾ ਹਰਿ ਇਕੁ ਹੇ, ਹਰਿ ਬਿਨੁ ਅਵਰੁ ਨ ਕੋਈ।। ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ, ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ।। (ਮ: )

ਭਾਵ: ਹੇ ਮੇਰੇ ਨਤੇਰੋਂ। ਤੁਹਾਡੇ ਵਿੱਚ ਰੋਸ਼ਨੀ (ਦੇਖਣ ਦੀ ਤਾਕਤ) ਹਰੀ ਦੀ ਆਪਣੀ ਜੋਤਿ ਹੈ, ਇਸ ਲਈ ਜੋ ਕੁੱਝ ਦੇਖੋ ਉਸ ਵਿੱਚ ਹਰੀ ਵਰਤਦਾ ਦੇਖੋ। ਉਸ ਤੋਂ ਲਾਂਭੇ ਲਿਜਾਣ ਵਾਲੀ ਬਿਰਤੀ (ਰੁਚੀ) ਨਾਲ ਕੁੱਝ ਨਾ ਦੇਖੋ। ਇਹ ਅੱਖਾਂ ਅਗਿਆਨਤਾ ਦੇ ਕਾਰਨ ਅੰਨ੍ਹੀਆਂ ਸਨ, ਪਰ ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰ ਕੇ ਇਨ੍ਹਾਂ ਵਿੱਚ ਗਿਆਨ ਦੀ ਨਜ਼ਰ ਪੈਦਾ ਹੋ ਗਈ ਹੈ।

ਏ ਸ੍ਰਵਣਹੁ ਮੇਰਿਹੋ, ਸਾਚੈ ਸੁਨਣੈ ਨੋ ਪਠਾਏ।। ਸਾਚੈ ਸੁਨਣੈ ਨੋ ਪਠਾਏ, ਸਰੀਰਿ ਲਾਏ, ਸੁਣਹੁ ਸਤਿ ਬਾਣੀ।। ਜਿਤੁ ਸੁਣੀ ਮਨੁ ਤਨੁ ਹਰਿਆ ਹੋਆ, ਰਸਨਾ ਰਸਿ ਸਮਾਣੀ।। ਸਚੁ ਅਲਖ ਵਿਡਾਣੀ, ਤਾ ਕੀ ਗਤਿ ਕਹੀ ਨ ਜਾਏ।। ਕਹੈ ਨਾਨਕੁ ਅੰਮ੍ਰਿਤ ਨਾਮ ਸੁਣਹੁ, ਪਵਿਤ੍ਰ ਹੋਵਹੁ, ਸਾਚੈ ਸੁਨਣੈ ਨੋ ਪਠਾਏ।। (ਮ: )

ਭਾਵ: ਹੇ ਮੇਰੇ ਕੰਨੋ! ਤੁਸੀਂ ਵੀ ਹਰੀ ਦੀਆਂ ਗੱਲਾਂ ਸੁਨਣ ਲਈ ਸਰੀਰ ਨਾਲ ਲਾਏ ਗਏ ਹੋ, ਤਾਕਿ ਤੁਹਾਡੇ ਰਾਹੀਂ ਗੁਰਬਾਣੀ ਸੁਣੀ ਜਾਵੇ ਤੇ ਤਨ ਮਨ ਅੰਦਰ ਹਰੀ-ਰਸ (ਨਾਮ-ਰਸ) ਸਮਾ ਜਾਵੇ ਅਤੇ ਸਾਰਾ ਜੀਵਨ ਪਵਿਤ੍ਰ ਤੇ ਰਸੀਲਾ ਹੋ ਜਾਵੇ।

ਇਸੇ ਤਰ੍ਹਾਂ ਹੀ ਜੀਭ ਨੂੰ ਕੌੜੇ, ਰੁੱਖੇ, ਨਿੰਦਿਆ ਅਤੇ ਚਾ-ਪਲੂਸੀ ਦੇ ਬੋਲਾਂ ਤੋਂ ਵਰਜਿਆ ਗਿਆ ਹੈ, ਤਰ੍ਹਾਂ-ਤਰ੍ਹਾਂ ਦੇ ਪਕਵਾਨਾਂ ਦੇ ਚਸਕਿਆਂ ਤੋਂ ਰੋਕਿਆ ਗਿਆ ਹੈ। ਇਨ੍ਹਾਂ ਦੀ ਬਜਾਏ ਮਿੱਠੇ ਬੋਲ ਅਤੇ ਸਬਰ-ਸੰਤੋਖ ਦਾ ਵਰਤਾਰਾ ਅਪਣਾਉਣ ਦੀ ਪ੍ਰੇਰਨਾ ਦਿੱਤੀ ਗਈ ਹੈ। ਨੱਕ ਅਤੇ ਚਮੜੀ (ਤੁਚਾ) ਨੂੰ ਵੀ ਦੁਨਿਆਵੀ ਵਾਸ਼ਨਾਵਾਂ (ਵਿਕਾਰਾਂ) ਤੋਂ ਵਰਜ ਕੇ ਸਾਦਗੀ ਤੇ ਦਿਆਨਤਦਾਰੀ ਵਾਲੀ ਵਰਤੋਂ ਵੱਲ ਪ੍ਰੇਰਿਆ ਗਿਆ ਹੈ।

ਇਸੇ ਤਰ੍ਹਾਂ ਹੀ ਸਰੀਰ ਦੇ ਪੰਜ ਕਰਮ ਇੰਦ੍ਰਿਆਂ (ਹੱਥ, ਪੈਰ, ਜੀਭ, ਮਿਹਦਾ ਤੇ ਜਨਨ ਅੰਗ) ਦੀ ਦਰੁੱਸਤ ਵਰਤੋਂ ਕਰਨ ਲਈ ਉਪਦੇਸ਼ ਹਨ। ਇਨ੍ਹਾਂ ਦੀ ਵਰਤੋਂ ਕਿਸੇ ਦਾ ਜਾਂ ਆਪਣਾ ਨੁਕਸਾਨ ਕਰਨ ਲਈ ਨਹੀਂ ਕਰਨੀ।

ਸਚਹੁੰ ਓਰੈ ਸਭੁ ਕੋ ਉਪਰਿ ਸਚੁ ਆਚਾਰੁ।। (ਮ: 1, 62)

ਭਾਵ: ਸੱਚ ਤੋਂ ਸਭ ਨੀਵਾਂ ਹੈ, ਪਰ ਸੱਚ ਤੋਂ ਵੀ ਸੱਚਾ ਆਚਰਣ ਉੱਚਾ ਹੈ।

ਸੰਖੇਪ ਵਿੱਚ, ਸਮੁੱਚੇ ਸਰੀਰ ਦੀ ਵਰਤੋਂ ਪਰਉਪਕਾਰ ਅਤੇ ਸਰਬੱਤ ਦੇ ਭਲੇ ਲਈ ਹੀ ਕਰਨੀ ਹੈ। ਪਰ ਇਸ ਉੱਚੀ ਆਤਮਿਕ ਅਵੱਸਥਾ ਦੀ ਪ੍ਰਾਪਤੀ ਗੱਲੀਂ-ਬਾਤੀ ਨਹੀਂ ਹੋ ਸਕਦੀ, ਕੇਵਲ ਅਤੇ ਕੇਵਲ ਸ਼ਬਦ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰ ਕੇ ਹੀ ਹੋ ਸਕਦੀ ਹੈ।

7. ਦਇਆ ਕਰਨ ਵਾਲਾ ਸੁਭਾਅ

ਦਇਆ ਜਣੈ ਜੀਅ ਕੀ, ਕਿਛੁ ਪੁੰਨੁ ਦਾਨੁ ਕਰੇਇ।। (ਮ: 1, 468)

ਭਾਵ: (ਸੱਚ ਦੀ ਪ੍ਰਾਪਤੀ ਜਾਂ ਪਰਖ ਤਦੋਂ ਹੀ ਹੁੰਦੀ ਹੈ ਜਦੋਂ ਮਨੁੱਖ ਸ਼ਬਦ-ਗੁਰੂ ਤੋਂ ਉਪਦੇਸ਼ ਪ੍ਰਾਪਤ ਕਰ ਕੇ) ਸਭ ਜੀਵਾਂ ਉੱਤੇ ਤਰਸ ਕਰਨ ਦੀ ਜਾਚ ਸਿੱਖ ਲਵੇ ਅਤੇ ਲੋੜਵੰਦਾਂ ਨੂੰ ਆਪਣੀ ਧਰਮ ਦੀ ਸੁੱਚੀ ਕਮਾਈ ਵਿੱਚੋਂ (ਦਸਵੰਧ ਦੇ ਰੂਪ ਵਿੱਚ) ਕੁੱਝ ਸਹਾਇਤਾ ਵਜੋਂ ਦੇਵੇ। ਇਹ ਕੰਮ ਦਾਨੀ ਬਣ ਕੇ ਨਹੀਂ ਬਲਕਿ ਆਪਣਾ ਫਰਜ਼ ਸਮਝ ਕੇ ਕਰੇ ਕਿਉਂਕਿ ਦਾਨੀ ਹੋਣ ਦੀ ਭਾਵਨਾ ਮਨ ਵਿੱਚ ਹੰਕਾਰ ਪੈਦਾ ਕਰਦੀ ਹੈ ਅਤੇ ਫਰਜ਼ ਪਾਲਣਾ ਕਰਨ ਦੀ ਬਿਰਤੀ ਨਿਮਰਤਾ।

ਧੌਲੁ ਧਰਮ ਦਇਆ ਕਾ ਪੂਤੁ।। ਸੰਤੋਖੁ ਥਾਪਿ ਰਖਿਆ ਜਿਨਿ ਸੂਤਿ।। (ਮ: 1,)

ਭਾਵ: (ਅਸਲ ਵਿੱਚ ਇੱਕ) ਧਰਮ ਰੂਪੀ ਬੈਲ (ਬਲਦ) ਹੈ (ਜਿਹੜਾ ਕਿ) ਦਇਆ ਦਾ ਪੁੱਤਰ ਹੈ। (ਉਸ ਧਰਮ ਨੇ) ਸੰਤੋਖ ਨੂੰ ਟਿਕਾ ਕੇ ਰੱਖਿਆ ਹੋਇਆ ਹੈ (ਭਾਵ, ਸੰਤੋਖ ਦੀ ਸੱਤਾ ਕਰ ਕੇ ਧਰਤੀ ਨੇ ਭਾਰ ਚੁੱਕਿਆ ਹੋਇਆ ਹੈ)।

8. ਖਿਮਾ ਕਰਨ ਵਾਲਾ ਸੁਭਾਅ

ਖਿਮਾ ਗਹੀ, ਬ੍ਰਤੁ ਸੀਲ ਸੰਤੋਖੰ।। ਰੋਗੁ ਨ ਬਿਆਪੈ, ਨ ਜਮ ਦੋਖੰ।। ਮੁਕਤ ਭਏ, ਪ੍ਰਭ ਰੂਪ ਨ ਰੇਖੰ।। (ਮ: 1, 223)

ਭਾਵ: ਜਿਹੜਾ ਜਗਿਆਸੂ (ਗ੍ਰਿਹਸਥ ਵਿੱਚ ਰਹਿ ਕੇ ਹੀ) ਦੂਜਿਆਂ ਦੀ ਵਧੀਕੀ ਸਹਾਰਨ ਦਾ ਸੁਭਾਅ ਬਣਾਂਦਾ ਹੈ (ਭਾਵ, ਵਧੀਕੀ ਕਰ ਕੇ ਖਿਮਾ ਮੰਗਣ ਵਾਲਿਆਂ ਨੂੰ ਖਿਮਾ ਕਰਨ ਲੱਗਿਆਂ ਦੇਰ ਨਹੀਂ ਕਰਦਾ ਅਤੇ ਜੇਕਰ ਉਸ ਪਾਸੋਂ ਕਿਸੇ ਨਾਲ, ਜਾਣੇ ਜਾਂ ਅਣਜਾਣੇ, ਵਧੀਕੀ ਹੋ ਜਾਵੇ ਤਾਂ ਖਿਮਾ ਮੰਗਣ ਲੱਗਿਆਂ ਵੀ ਦੇਰ ਨਹੀਂ ਕਰਦਾ), ਮਿੱਠਾ ਸੁਭਾਅ ਤੇ ਸਬਰ-ਸੰਤੋਖ ਦੇ ਗੁਣ ਉਸ ਦੇ ਕਿਰਦਾਰ ਦਾ ਹਿੱਸਾ ਬਣ ਜਾਂਦੇ ਹਨ (ਅਜਿਹੇ ਅਸਲ ‘ਜੋਗੀ’ ਉੱਤੇ ਕੋਈ ਕਾਮ ਆਦਿਕ) ਰੋਗ ਜ਼ੋਰ ਨਹੀਂ ਪਾ ਸਕਦਾ। ਅਜਿਹੇ ਜੋਗੀ ਵਿਕਾਰਾਂ ਦੀ ਪਕੜ ਤੋਂ ਆਜ਼ਾਦ ਹੋ ਜਾਂਦੇ ਹਨ ਕਿਉਂਕਿ ਉਹ ਨਿਰੰਕਾਰ ਪ੍ਰਭੂ ਦਾ ਹੀ ਰੂਪ ਹੋ ਜਾਂਦੇ ਹਨ।

9. ਮਨੁੱਖਤਾ ਦੀ ਨਿਸ਼ਕਾਮ ਸੇਵਾ

ਮਨੁੱਖਤਾ ਦੀ ਸੇਵਾ, ਬਿਨਾ ਕਿਸੇ ਲਾਲਚ ਜਾਂ ਫਲ-ਪ੍ਰਾਪਤੀ ਦੀ ਇੱਛਾ ਤੋਂ, ਕਰਨੀ ਜਰੂਰੀ ਹੈ।

ਵਿਚਿ ਦੁਨੀਆਂ ਸੇਵ ਕਮਾਈਐ।। ਤਾ ਦਰਗਹ ਬੈਸਣੁ ਪਾਈਐ।। (ਮ: 1, 26)

ਭਾਵ : (ਹੇ ਭਾਈ!) ਮਨੁੱਖਤਾ ਦੀ (ਨਿਸ਼ਕਾਮਤਾ ਸਹਿਤ) ਸੇਵਾ ਕਰਨ ਨਾਲ ਪ੍ਰਭੂ-ਪਿਤਾ ਦੀ ਹਜੂਰੀ ਵਿੱਚ ਆਦਰ ਵਾਲਾ ਸਥਾਨ ਪ੍ਰਾਪਤ ਹੁੰਦਾ ਹੈ।

ਸੇਵਾ ਕਰਤ ਹੋਇ ਨਿਹਕਾਮੀ।। ਤਿਸ ਕਉ ਹੋਤ ਪਰਾਪਤਿ ਸੁਆਮੀ।। (ਮ: 5, 287)

ਭਾਵ: (ਹੇ ਭਾਈ!) ਜਿਹੜਾ ਪ੍ਰਾਣੀ ਨਿਸ਼ਕਾਮਤਾ ਸਹਿਤ ਮਨੁੱਖਤਾ ਦੀ ਸੇਵਾ, ਆਪਣਾ ਫਰਜ਼ ਸਮਝ ਕੇ, ਕਰਦਾ ਹੈ, ਉਸ ਨੂੰ ਮਾਲਿਕ-ਪ੍ਰਭੂ ਦਾ ਮਿਲਾਪ ਹਾਸਿਲ ਹੋ ਜਾਂਦਾ ਹੈ।

ਮਿਥਿਆ ਤਨ, ਨਹੀਂ ਪਰ ਉਪਕਾਰਾ।। (ਮ: 5, 269)

ਭਾਵ: ਉਹ ਪ੍ਰਾਣੀ ਆਪਣਾ ਮਨੁਖਾ ਜੀਵਨ ਵਿਅਰਥ ਗੁਆ ਕੇ ਚਲੇ ਜਾਂਦੇ ਹਨ ਜਿਹੜੇ ਲੁਕਾਈ ਦਾ ਭਲਾ ਨਹੀਂ ਕਰਦੇ।
.