.

“ਸਫਲ ਸਫਲ ਭਈ ਸਫਲ ਜਾਤ੍ਰਾ”

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ 1956

ਗੁਰਬਾਣੀ ਅਨੁਸਾਰ ਮਨੁੱਖਾ ਜਨਮ, ਅਕਾਲਪੁਰਖ ਤੋਂ ਸ਼ੁਰੂ ਹੋ ਕੇ ਮੁੜ ਕਿਸੇ ਸਫ਼ਲ ਮਨੁੱਖਾ ਜਨਮ ਸਮੇਂ ਅਕਾਲਪੁਰਖ `ਚ ਅਭੇਦ ਹੋਣ ਤੱਕ ਦੀ ਹੀ ਯਾਤ੍ਰ ਹੈ। ਇਹ ਵੱਖਰੀ ਗੱਲ ਹੈ, ਬੇਸ਼ੱਕ ਅਰੰਭ ਭਾਵ ਪਹਿਲੇ ਮਨੁੱਖਾ ਜਨਮ ਸਮੇਂ ਹੀ, ਸ਼ਬਦ ਗੁਰੂ ਦੀ ਕਮਾਈ ਕਰਕੇ, ਮਨੁੱਖ ਦੀ ਇਹ ਯਾਤ੍ਰਾ ਸਫ਼ਲ ਹੋ ਜਾਵੇ ਜਾਂ ਹਊਮੈ ਵੱਸ ਕੀਤੇ ਕਰਮਾਂ ਦੇ ਨਤੀਜੇ `ਚ, ਮਨੁੱਖ ਲਈ ਇਹ ਵਿਛੋੜਾ ਲਖਾਂ ਜੂਨਾਂ-ਜਨਮਾ ਤੱਕ ਚਲਦਾ ਰਵੇ। ਜਦਕਿ ਇਸ ਸੰਬੰਧੀ ਗੁਰਬਾਣੀ ਦਾ ਇਹ ਵੀ ਫ਼ੈਸਲਾ ਹੈ ਇਕਿ ਹੋਏ ਅਸਵਾਰ ਇਕਨਾ ਸਾਖਤੀ॥ ਇਕਨੀ ਬਧੇ ਭਾਰ ਇਕਨਾ ਤਾਖਤੀ” (ਪੰ: ੧੪੨) ਭਾਵ ਦੇਰ ਜਾਂ ਜਲਦੀ, ਜੀਵ ਦੀ ਪ੍ਰਭੂ ਤੋਂ ਵਿਛੋੜੇ ਵਾਲੀ ਇਹ ਯਾਤ੍ਰਾ ਅਖ਼ੀਰ ਪ੍ਰਭੂ `ਚ ਅਭੇਦ ਹੋ ਕੇ ਹੀ ਸਮਾਪਤ ਹੁੰਦੀ ਹੈ। ਦੂਜੇ ਲਫ਼ਜ਼ਾਂ `ਚ ਮਨੁਖ ਅਥਵਾ ਜੀਵ ਦੀ ਆਖ਼ਰੀ ਮੰਜ਼ਿਲ ਪ੍ਰਭੂ ਆਪ ਹੀ ਹੈ।

ਇਹ ਵੀ ਕਿ ਮਨੁੱਖਾ ਜੀਵਨ ਦੀ ਇਸ ਯਾਤ੍ਰਾ ਦੌਰਾਨ, ਜੀਵ ਲਈ ਮਨੁੱਖਾ ਜਨਮ ਹੀ ਜ਼ਰੂਰੀ ਤੇ ਇਕੋ ਇੱਕ ਪੜਾਅ ਹੁੰਦਾ ਹੈ। ਇਸ ਤੋਂ ਬਾਅਦ ਇਹ ਵੀ ਸੰਭਵ ਹੈ ਕਿ ਮਨੁੱਖਾ ਜਨਮ ਸਮੇਂ ਪ੍ਰਭੂ ਵੱਲੋਂ ਮਨੁੱਖ ਨੂੰ ਬਖ਼ਸ਼ੇ ਹੋਏ ਮਨ, ਉਪ੍ਰੰਤ ਇਸ ਮਨ ਦੀ ਹਊਮੈ ਕਾਰਣ, ਜੀਵ ਦੀ ਪ੍ਰਭੂ ਤੋਂ ਬਣ ਚੁੱਕੀ ਵਿੱਥ ਨੂੰ ਖ਼ਤਮ ਕਰਣ `ਚ ਲੱਖਾਂ ਜੂਨਾਂ, ਜਨਮ ਤੇ ਗਰਭ ਵੀ ਭੋਗਣੇ ਪੈ ਜਾਣ। ਕਿਉਂਕਿ ਗੁਰਬਾਣੀ ਦਾ ਇਹ ਵੀ ਫ਼ੈਸਲਾ ਹੈ ਕਿ ਹਊਮੈ ਕਾਰਣ ਪ੍ਰਭੂ ਤੋਂ ਬਣ ਚੁੱਕਾ ਜੀਵ ਦੀ ਵਿਥ ਤੇ ਫ਼ਾਸਲਾ ਅਥਵਾ ਵਿਛੋੜਾ “ਅਨੇਕ ਜੂਨੀ ਭਰਮਿ ਆਵੈ, ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ ਸਤਿਗੁਰੂ ਸਬਦੁ ਸੁਣਾਏ॥॥ ਕਹੈ ਨਾਨਕੁ ਵੀਚਾਰਿ ਦੇਖਹੁ, ਵਿਣੁ ਸਤਿਗੁਰ ਮੁਕਤਿ ਨ ਪਾਏ” (ਪੰ: ੯੨੦) ਕੇਵਲ ਤੇ ਕੇਵਲ ਕਿਸੇ ਸਫ਼ਲ ਮਨੁੱਖਾ ਜਨਮ ਸਮੇਂ ਹੀ ਮੁੱਕਦਾ ਤੇ ਸਮਾਪਤ ਹੁੰਦਾ ਹੈ।

ਜਦਕਿ ਇਸ ਵਿਸ਼ੇ ਸੰਬੰਧੀ ਗੁਰਦੇਵ ਦਾ ਇਹ ਵੀ ਫ਼ੈਸਲਾ ਹੈ “ਸਤਿਗੁਰ ਕੀ ਪਰਤੀਤਿ ਨ ਆਈਆ, ਸਬਦਿ ਨ ਲਾਗੋ ਭਾਉ॥ ਓਸ ਨੋ ਸੁਖੁ ਨ ਉਪਜੈ, ਭਾਵੈ ਸਉ ਗੇੜਾ ਆਵਉ ਜਾਉ॥ ਨਾਨਕ ਗੁਰਮੁਖਿ ਸਹਜਿ ਮਿਲੈ, ਸਚੇ ਸਿਉ ਲਿਵ ਲਾਉ” (ਪੰ: ੫੯੧) ਭਾਵ ਸ਼ਬਦ ਗੁਰੂ ਦੀ ਕਮਾਈ ਤੇ ਸਾਧਸੰਗਤ ਦੇ ਮਿਲਾਪ ਵਿਹੂਣੇ, ਪ੍ਰਾਪਤ ਸੈਂਕੜੇ ਅਸਫ਼ਲ ਤੇ ਬਿਰਥਾ ਮਨੁੱਖਾ ਜਨਮ ਵੀ, ਜੀਵ ਦੀ ਪ੍ਰਭੂ ਤੋਂ ਬਣੀ ਹੋਈ ਵਿੱਥ ਨੂੰ ਖ਼ਤਮ ਨਹੀਂ ਕਰ ਸਕਦੇ। ਇਹ ਵੀ ਕਿ ਹਉਮੈ ਕਾਰਣ ਜੀਵ ਦਾ ਪ੍ਰਭੂ ਤੋਂ ਬਣ ਚੁੱਕਾ ਵਿਛੋੜਾ, ਮਨੁੱਖਾ ਜਨਮ ਤੋਂ ਇਲਾਵਾ ਬਾਕੀ ਅਨੰਤ ਜੂਨਾਂ `ਚੋਂ ਕਿਸੇ ਇੱਕ ਵੀ ਹੋਰ ਜੂਨ ਸਮੇਂ ਖ਼ਤਮ ਨਹੀਂ ਹੁੰਦਾ।

ਗੁਰਬਾਣੀ ਦਾ ਫ਼ੈਸਲਾ ਹੈ ਕਿ ਮਨੁੱਖਾ ਜੂਨ ਅਥਵਾ ਜਨਮ ਤੋਂ ਇਲਾਵਾ ਬਾਕੀ ਅਨੰਤ ਤੇ ਅਰਬਾਂ-ਖਰਬਾਂ ਜੂਨਾਂ “ਪੁੰਨੀ ਪਾਪੀ ਆਖਣੁ ਨਾਹਿ॥ ਕਰਿ ਕਰਿ ਕਰਣਾ ਲਿਖਿ ਲੈ ਜਾਹੁ॥ ਆਪੇ ਬੀਜਿ ਆਪੇ ਹੀ ਖਾਹੁ॥ ਨਾਨਕ ਹੁਕਮੀ ਆਵਹੁ ਜਾਹੁ” (ਬਾਣੀ ਜਪੁ), ਕਿਸੇ ਮਨੁੱਖਾ ਜਨਮ ਦੇ ਬਿਰਥਾ ਹੋਣ ਕਾਰਣ, ਉਸ ਜਨਮ `ਚ ਮਨੁੱਖ ਰਾਹੀਂ ਹਊਮੈ ਵੱਸ ਕੀਤੇ ਚੰਗੇ ਤੇ ਮਾੜੇ ਕਰਮਾਂ ਦਾ ਲੇਖਾ-ਜੋਖਾ, ਸਜ਼ਾਵਾਂ ਤੇ ਕੋਠੜੀਆਂ (Cells & Packages) ਹੀ ਹੁੰਦੀਆਂ ਹਨ, ਇਸ ਤੋਂ ਵਧ ਹੋਰ ਕੁੱਝ ਨਹੀਂ।

ਦਰਅਸਲ ਮਨੁੱਖ ਦੇ ਪ੍ਰਭੂ ਤੋਂ ਅਜਿਹੇ ਵਿਛੋੜੇ ਨੂੰ ਖ਼ਤਮ ਕਰਣ ਤੇ ਜਨਮ ਨੂੰ ਸਫ਼ਲ ਕਰਣ ਲਈ ਵੀ ਅਨੇਕਾਂ ਗੁਰ ਫ਼ੁਰਮਾਨ ਹਨ ਜਿਵੇਂ “ਜਿਨਿ ਤੁਮ ਭੇਜੇ ਤਿਨਹਿ ਬੁਲਾਏ, ਸੁਖ ਸਹਜ ਸੇਤੀ ਘਰਿ ਆਉ” (ਪੰ: ੬੭੮) “ਐ ਭਾਈ! ਜਿਸ ਕਰਤਾਰ ਨੇ ਤੈਨੂੰ ਇਸ ਸੰਸਾਰ ਯਾਤ੍ਰਾ `ਤੇ ਭੇਜਿਆ ਹੋਇਆ ਹੈ, ਤੂੰ ਆਪਣੇ ਕਰਤੇ ਅਕਾਲਪੁਰਖੀ ਸੁਭਾਅ `ਚ ਕਾਇਮ ਰਹਿਕੇ ਪ੍ਰਭੂ ਰੰਗ `ਚ ਰੰਗਿਆ ਹੋਇਆ ਉਸੇ ਦਾ ਰੂਪ ਹੋ ਜਾ ਜਿਸ ਤੋਂ ਤੂੰ ਸਹਿਜੇ ਹੀ ਵਾਪਿਸ ਆਪਣੇ ਪ੍ਰਭੂ `ਚ ਹੀ ਸਮਾਅ ਜਾਏਂਗਾ।

ਗੁਰਬਾਣੀ ਦੀ ਗਹਿਰਾਈ `ਚ ਜਾਵੋ ਤਾਂ “ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ” (ਪੰ: ੩੭੪) ਜੀਵ ਦੀ ਇਸ ਯਾਤ੍ਰਾ ਨੂੰ ਸਫ਼ਲ ਕਰਣ ਤੇ ਯਾਤ੍ਰਾ ਦੌਰਾਨ ਮਨੁੱਖ ਰਾਹੀਂ ਪ੍ਰਭੂ ਦੀਆਂ ਬੇਅੰਤ ਦਾਤਾਂ ਦਾ ਅਨੰਦ ਮਾਨਣ ਲਈ, ਕਰਤੇ ਨੇ ਮਨੁੱਖ ਨੂੰ ਮਨ ਵਾਲੀ ਦਾਤ ਬਖ਼ਸ਼ੀ ਹੁੰਦੀ ਹੈ। ਕੇਵਲ ਇਨਾਂ ਹੀ ਨਹੀਂ ਇਸ ‘ਮਨ’ ਦੀ ਵਰਤੋਂ ਦਾ ਢੰਗ ਤੇ ਇਸ ਦੀ ਅਸਲ਼ੀਅਤ ਪ੍ਰਤੀ ਵੀ “ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ॥ ਮੂਲੁ ਪਛਾਣਹਿ ਤਾਂ ਸਹੁ ਜਾਣਹਿ, ਮਰਣ ਜੀਵਣ ਕੀ ਸੋਝੀ ਹੋਈ॥ ਗੁਰ ਪਰਸਾਦੀ ਏਕੋ ਜਾਣਹਿ, ਤਾਂ ਦੂਜਾ ਭਾਉ ਨ ਹੋਈ” (ਪੰ: ੪੪੧) ਗੁਰਦੇਵ ਨੇ ਸਾਨੂੰ ਸਭਕੁਝ ਸਪਸ਼ਟ ਕਰਕੇ ਸਮਝਾਇਆ ਹੋਇਆ ਹੈ।

ਇਸ ਦੇ ਉਲਟ ਜਦੋਂ ਮਨੁੱਖ ਦਾ ਇਹੀ ਮਨ “ਗੁਰਮਤੀ ਰੰਗੁ ਮਾਣੁ” ਗੁਰਮੱਤੀਆ ਹੋਣ ਦੀ ਬਜਾਏ “ਮਨ ਤੂੰ ਗਾਰਬਿ ਅਟਿਆ ਗਾਰਬਿ ਲਦਿਆ ਜਾਹਿ” ਹਊਮੈ ਅਧੀਨ ਮਨਮਤੀਆ ਹੋ ਕੇ ਸੰਸਾਰ `ਚ ਵਿਚਰਦਾ ਹੈ ਤਾਂ “ਮਾਇਆ ਮੋਹਣੀ ਮੋਹਿਆ ਫਿਰਿ ਫਿਰਿ ਜੂਨੀ ਭਵਾਹਿ” ਜਾਂ “ਮਨਮੁਖ ਭਉਜਲਿ ਪਚਿ ਮੁਏ, ਗੁਰਮੁਖਿ ਤਰੇ ਅਥਾਹੁ” (ਪੰ: ੬੪) ਅਤੇ “ਗੁਰਮੁਖਿ ਲਾਹਾ ਲੈ ਗਏ ਮਨਮੁਖ ਚਲੇ ਮੂਲੁ ਗਵਾਇ ਜੀਉ” (ਪੰ: ੭੪) ਹੋਰ “ਕਹੁ ਨਾਨਕ ਭਗਤ ਸੋਹਹਿ ਦਰਵਾਰੇ, ਮਨਮੁਖ ਸਦਾ ਭਵਾਤਿ” (ਪੰ: ੭੮) ਪੁਨਾ “ਗੁਰਮੁਖਿ ਉਬਰੇ, ਮਨਮੁਖ ਪਤਿ ਖੋਈ” (ਪੰ: ੧੭੬) ਮਤਲਬ ਇਥੋਂ ਹੀ ਸ਼ੁਰੂ ਹੁੰਦਾ ਹੈ ਜੀਵ ਦਾ ਮਨ ਦੇ ਰੂਪ `ਚ ਪ੍ਰਭੂ ਤੋਂ ਵਿਛੋੜੇ ਵਾਲਾ ਤੇ ਜਨਮਾਂ-ਜੂਨਾਂ-ਗਰਭਾਂ ਵਾਲਾ ਗੇੜ, ਇਸ ਸੰਬੰਧ `ਚ ਵੀ ਹਜ਼ਾਰਾਂ ਫ਼ੁਰਮਾਨ ਪ੍ਰਾਪਤ ਹਨ। ਬਲਕਿ ਇਸਨੂੰ ਕੇਵਲ ਗੁਰਮੁਖ ਤੇ ਮਨਮੁਖ ਨਹੀਂ ਬਲਕਿ “ਖਰੇ ਖਜਾਨੈ ਪਾਈਅਹਿ ਖੋਟੇ ਸਟੀਅਹਿ ਬਾਹਰ ਵਾਰਿ” (ਪੰ: ੧੪੩) ਆਦਿ ਭਿੰਨ ਭਿੰਨ ਸ਼ਬਦਾਵਲੀ ਨਾਲ ਵੀ ਸਪਸ਼ਟ ਕੀਤਾ ਹੋਇਆ ਹੈ।

ਇਸੇ ਤਰ੍ਹਾਂ “ਜਾ ਕਉ ਆਏ ਸੋਈ ਬਿਹਾਝਹੁ ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ “ਬਹੁਰਿ ਨ ਹੋਇਗੋ ਫੇਰਾ” (ਪ: ੧੩) ਤਾਂ ਤੇ ਐ ਜੀਵ! ਪ੍ਰਭੂ ਨੇ ਜੀਵਨ ਜਿਸ ਸਫ਼ਲਤਾ ੜੇਜਿਆ ਹੈ “ਗੁਰ ਤੇ ਮਨਹਿ ਬਸੇਰਾ” ਤੂੰ ਆਪਣੇ ਮਨ ਦੀ ਵਰਤੋਂ ਗੁਰੂ ਨਾਲ ਸਾਂਝ ਪਾ ਕੇ ਕਰ। ਜੀਵਨ ਯਾਤ੍ਰਾ ਦੌਰਾਨ ਤੂੰ ਸ਼ਬਦ ਗੁਰੂ ਦੀ ਕਮਾਈ ਕਰ। ਇਸ ਤਰ੍ਹਾਂ “ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ” ਤੂੰ ਸਹਿਜੇ ਹੀ ਨਿਜ ਘਰ ਨੂੰ ਪ੍ਰਾਪਤ ਕਰ ਲਵੇਂਗਾ, ਪ੍ਰਭੂ `ਚ ਸਮਾਅ ਜਾਵੇਂਗਾ। ਇਸ ਸਫ਼ਲਤਾ ਕਾਰਣ ਤੈਨੂੰ “ਬਹੁਰਿ ਨ ਹੋਇਗੋ ਫੇਰਾ” ਫ਼ਿਰ ਤੋਂ ਜਨਮ-ਮਰਨ ਤੇ ਜੂਨਾਂ-ਗਰਭਾਂ ਵਾਲੇ ਗੇੜ `ਚ ਨਹੀਂ ਪੈਣਾ ਪਵੇਗਾ।

“ਮਿਲੁ ਜਗਦੀਸ ਮਿਲਨ ਕੀ ਬਰੀਆ” - ਗੁਰਬਾਣੀ ਅਨੁਸਾਰ ਧੁਰੋਂ ਸਥਾਪਤ ਵਿਰਲੀਆਂ ਰੂਹਾਂ ਨੂੰ ਛੱਡ ਕੇ, ਮਨੁੱਖ ਦੇ ਜਨਮ ਦਾ ਮੂਲ “ਹਉ ਵਿਚਿ ਜੰਮਿਆ, ਹਉ ਵਿਚਿ ਮੁਆ” (ਪੰ: ੪੬੬) ਭਾਵ ਇਸਦੇ ਮਨ ਦੀ ਹਊਮੈ ਹੁੰਦੀ ਹੈ। ਇਸ ਲਈ “ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ” (ਪੰ: ੧੭੬) ਜਾਂ “ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਦਿ ਫ਼ੁਰਮਾਨ ਸਪਸ਼ਟ ਕਰਦੇ ਹਨ ਕਿ ਵਾਪਿਸ ਪ੍ਰਭੂ ਮਿਲਾਪ ਲਈ ਹੀ ਸਾਨੂੰ ਮਨੁੱਖਾ ਜਨਮ ਵਾਲੀ ਵਾਰੀ, ਅਵਸਰ ਤੇ ਮੌਕਾ ਮਿਲਿਆ ਹੁੰਦਾ ਹੈ। ਵਾਰੀ ਦਾ ਆਪਣੇ ਆਪ `ਚ ਹੀ ਅਰਥ ਹੈ ਕਿ ਇਸ ਕੱਤਾਰ `ਚ ਦੂਜੇ ਵੀ ਖੜੇ ਸਨ।

ਬਾਕੀ ਤਾਂ ਕਰਤਾ ਹੀ ਜਾਣਦਾ ਹੈ ਕਿ ਸਾਡਾ ਪਿਛਲਾ ਮਨੁੱਖਾ ਜਨਮ ਬਿਰਥਾ ਹੋਣ ਤੋਂ ਬਾਅਦ, ਪ੍ਰਭੂ ਦੇ ਸੱਚ ਨਿਆਂ `ਚ ਅਸੀਂ ਇਸ ਮਨੁੱਖਾ ਜਨਮ ਤੇ ਇਸ ਸੰਸਾਰ `ਚ ਆਉਣ ਤੋਂ ਪਹਿਲਾਂ ਕਿਨੀਆਂ ਤੇ ਕਿਹੜੀਆਂ ਕਿਹੜੀਆਂ ਜੂਨਾਂ, ਜਨਮ ਤੇ ਸਰੀਰ ਭੋਗ ਕੇ ਆਏ ਹੁੰਦੇ ਹਾਂ। ਇਸੇ ਲਈ ਅਰਦਾਸ ਹੈ ਕਿ “ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰਿ ਬਹੁਰਿ ਦੁਖੁ ਪਾਇਆ॥ ਤੁਮਰੀ ਕ੍ਰਿਪਾ ਤੇ ਮਾਨੁਖ ਦੇਹ ਪਾਈ ਹੈ ਦੇਹੁ ਦਰਸੁ ਹਰਿ ਰਾਇਆ” (ਪੰ: ੨੦੭) ਭਾਵ ਤਾਂ ਤੇ ਹੇ ਪ੍ਰਭੂ ਬਖ਼ਸ਼ਿਸ਼ ਕਰੋ ਕਿ ਮੈਨੂੰ ਫ਼ਿਰ ਤੋਂ ਜਨਮ-ਮਰਨ ਵਾਲੇ ਇਸ ਗੇੜ `ਚ ਨਾ ਪੈਣਾ ਪਵੇ ਅਤੇ ਮੇਰਾ ਇਹ ਜਨਮ ਹੀ ਸਫ਼ਲ ਹੋ ਜਾਵੇ।

“ਵਿਰਲਾ ਕੋਈ ਹੋਇ” - ਗੁਰਬਾਣੀ ਨੂੰ ਵਿਚਾਰਣ ਵਾਲਾ ਹਰ ਕੋਈ ਜਾਣਦਾ ਹੈ ਕਿ “ੴ” ਤੋਂ “ਤਨੁ ਮਨੁ ਥੀਵੇ ਹਰਿਆ” ਤੱਕ ਸਮੁਚੀ ਗੁਰਬਾਣੀ ਇਸ ਦਾ ਸਬੂਤ ਹੈ ਕਿ ਗੁਰਦੇਵ ਵੱਲੋਂ ਅਰੰਭ ਤੋਂ ਸਮਾਪਤੀ ਤੱਕ ਮਨੁੱਖ ਨੂੰ ਪੱਕਾ ਕੀਤਾ ਹੋਇਆ ਹੈ ਕਿ “ਐ ਭਾਈ! ਤੂੰ ਇਸ ਜਨਮ ਨੂੰ ਗੁਰੂ-ਗੁਰਬਾਣੀ ਦੀ ਸਿਖਿਆ ਤੇ ਸਾਧਸ਼ੰਗਤ ਦੇ ਮਿਲਾਪ ਰਾਹੀਂ ਗੁਣਵਾਣ ਬਣਾ। ਇਸ ਨੂੰ ਪ੍ਰਭੂ ਦੇ ਰੰਗ `ਚ ਰੰਗ, ਇਸ ਤਰ੍ਹਾਂ ਤੂੰ ਇਸ ਜਨਮ ਨੂੰ ਸਫ਼ਲਾ ਕਰ ਤੇ ਵਾਪਿਸ ਆਪਣੇ ਅਸਲੇ ਪ੍ਰਭੂ `ਚ ਸਮਾਅ ਜਾ। ਇਹੀ ਨਹੀਂ ਗੁਰਬਾਣੀ `ਚ ਇਹ ਵੀ ਅਨੰਤ ਵਾਰ ਚੇਤਾਇਆ ਹੈ ਕਿ ਜੇ ਤੂੰ ਇਸ ਜਨਮ ਨੂੰ ਵੀ ਬਿਰਥਾ, ਅਜ਼ਾਈਂ ਤੇ ਅਸਫ਼ਲ ਕਰ ਦਿੱਤਾ ਤਾਂ ਤੈਨੂੰ ਵਾਪਿਸ ਉਨ੍ਹਾਂ ਹੀ ਜੂਨਾਂ `ਚ ਜਾਣਾ ਪਵੇਗਾ ਜਿੱਥੋਂ ਕੱਢ ਕੇ ਕਰਤੇ ਪ੍ਰਭੂ ਨੇ ਤੈਨੂੰ ਮਨੁੱਖਾ ਜਨਮ ਵਾਲਾ ਇਹ ਦੁਰਲਭ ਅਵਸਰ, ਵਾਰੀ ਤੇ ਵੇਲਾ ਬਖ਼ਸਿਆ ਹੋਇਆ ਹੈ।

ਇਤਨਾ ਹੀ ਨਹੀਂ, ਫ਼ਿਰ ਇਹ ਨਿਰਣਾ ਵੀ ਗੁਰਬਾਣੀ ਦਾ ਹੈ ਕਿ ਇਤਨੀਆਂ ਚੇਤਾਵਣੀਆਂ ਦੇ ਬਾਵਜੂਦ “ਗੁਰਮੁਖਿ ਕੋਈ ਉਤਰੈ ਪਾਰਿ” (ਪੰ: ੧੪੫) ਅਥਵਾ “ਲੋਕੁ ਅਵਗਣਾ ਕੀ ਬੰਨੈੑ ਗੰਠੜੀ ਗੁਣ ਨ ਵਿਹਾਝੈ ਕੋਇ॥ ਗੁਣ ਕਾ ਗਾਹਕੁ ਨਾਨਕਾ ਵਿਰਲਾ ਕੋਈ ਹੋਇ” (੧੦੯੨) ਭਾਵ ਤਾਂ ਵੀ ਵਿਰਲੇ ਹੀ ਸਫ਼ਲ ਹੁੰਦੇ ਹਨ। ਬਲਕਿ ਇਸ ਦੇ ਉਲਟ “ਬਿਨੁ ਸਬਦੈ ਭਰਮਾਈਐ ਦੁਬਿਧਾ ਡੋਬੇ ਪੂਰੁ” (ਪੰ: ੧੯) ਅਥਵਾ “ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰੁ” (ਪੰ: ੪੬੮) ਜਾਂ “ਭੈ ਵਿਚਿ ਜੋਧ ਮਹਾਬਲ ਸੂਰ॥ ਭੈ ਵਿਚਿ ਆਵਹਿ ਜਾਵਹਿ ਪੂਰ” (ਪੰ: ੪੬੪) ਹੋਰ “ਰਾਮ ਨਾਮ ਸਿਮਰਨ ਬਿਨੁ, ਬੂਡਤੇ ਅਧਿਕਾਈ” (ਪੰ: ੬੯੨) ਭਾਵ ਬਹੁਤੀ ਲੋਕਾਈ ਤਾਂ ਇਸ ਮਨੁੱਖਾ ਜਨਮ ਨੂੰ ਬਿਰਥਾ ਤੇ ਅਜ਼ਾਈ ਕਰ ਕੇ ਹੀ ਜਾਂਦੀ ਹੈ।

“ਮਰਿ ਜੰਮਹਿ ਵਾਰੋ ਵਾਰ” -ਉਪ੍ਰੰਤ ਬਿਰਥਾ ਜਨਮ ਗੁਆਉਣ ਦਾ ਨਤੀਜਾ “ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ” (ਪੰ: ੬੯) ਅਥਵਾ “ਮਨਮੁਖਿ ਸਬਦੁ ਨ ਭਾਵੈ, ਬੰਧਨਿ ਬੰਧਿ ਭਵਾਇਆ॥ ਲਖ ਚਉਰਾਸੀਹ ਫਿਰਿ ਫਿਰਿ ਆਵੈ, ਬਿਰਥਾ ਜਨਮੁ ਗਵਾਇਆ” (ਪੰ: ੬੯) ਹੋਰ “ਸਤਿਗੁਰੁ ਜਿਨੀ ਨ ਸੇਵਿਓ ਸੇ ਕਿਤੁ ਆਏ ਸੰਸਾਰਿ॥ ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ ਮਰਿ ਜੰਮਹਿ ਵਾਰੋ ਵਾਰ” (ਪੰ: ੬੯) ਇਹ ਵੀ ਕਿ ਗੁਰਬਾਣੀ ਅਨੁਸਾਰ “ਜਮ ਦਰਿ ਬਧੇ ਮਾਰੀਅਹਿ” ਦਾ ਮਤਲਬ ਹੀ ਜੀਊਂਦੇ ਜੀਅ ਵੀ ਵਿਕਾਰਾ ਦੀ ਮਾਰ ਤੇ ਮੌਤ ਤੋਂ ਬਾਅਦ ਵੀ ਮੁੜ ਜਨਮ-ਮਰਨ ਤੇ ਜੂਨਾਂ-ਗਰਭਾਂ ਵਾਲਾ ਗੇੜ ਹੀ ਹੁੰਦਾ ਹੈ।

“ਵਿਸ਼ੇਸ਼ ਧਿਆਨ ਯੋਗ-ਗੁਰਬਾਣੀ `ਚ ਜਨਮ-ਮਰਨ, ਆਵਾਗਉਣ, ਕਰਮਾਂ ਦੇ ਫਲ, ਭਿੰਨ ਭਿੰਨ ਜੂਨਾਂ, ਪਿਛਲੇ-ਅਗਲੇ ਜਨਮਾਂ ਆਦਿ ਵਿਸ਼ੇ ਤਾਂ ਹੈਣ ਪਰ ਇਹ ਨਿਰੋਲ ਗੁਰਬਾਣੀ ਆਧਾਰਤ ਹਨ। ਇਨ੍ਹਾਂ ਨੂੰ ਗੁਰਬਾਣੀ ਆਧਾਰ `ਤੇ ਸਮਝਣ ਲਈ, ਗੁਰਬਾਣੀ `ਚੋਂ ਅਨੰਤ ਜੂਨਾਂ ਦੇ ਮੁਕਾਬਲੇ ਕੇਵਲ “ਮਨੁੱਖਾ ਜਨਮ, ਮਨੁੱਖਾ ਜਨਮ ਸਮੇਂ ਇਸਨੂੰ ਪ੍ਰਭੂ ਰਾਹੀਂ ਬਖ਼ਸ਼ਿਆ ਹੋਇਆ ਮਨ ਤੇ ਮਨ ਦੀ ਹਊਮ ਆਦਿ ਵਿਸ਼ੇ ਗਹਿਰਾਈ ਤੋਂ ਸਮਝਣ ਦੀ ਲੋੜ ਹੈ। ਗੁਰਬਾਣੀ ਅਨੁਸਾਰ ਮਨੁੱਖ ਦੇ ਜਨਮ-ਮਰਨ ਵਾਲੇ ਵਿਸ਼ੇ ਦਾ ਧੁਰਾ ਹੀ “ਜੁਗ ਜੁਗ ਮੇਰ ਸਰੀਰ ਕਾ ਬਾਸ਼ਨਾ ਬੱਧਾ ਆਵੈ ਜਾਵੈ” (ਭਾ: ਗੁ: ੧/੧੫) ਮਨੁੱਖਾ ਮਨ ਵਿਚਲੀ ਹਊਮੈ ਹੀ ਹੁੰਦੀ ਹੈ। ਇਸ ਲਈ ‘ਮਨੁੱਖਾ ਜਨਮ ਦੀ ਵਿਸ਼ੇਸ਼ਤਾ’, ਇਸ ਵਿਚਲਾ ਮਨ ਤੇ ਇਸ ਮਨ ਨਾਲ ਸੰਬੰਧਤ ਹਊਮੈ ਵਾਲੇ ਵਿਸ਼ੇ ਦੀ ਸਮਝ ਵੀ ਗੁਰਬਾਣੀ `ਚੋਂ ਮਨ, ਹਉਮੈ, ਵਾਸ਼ਨਾ, ਮਨੁੱਖਾ ਜਨਮ ਆਦਿ ਵਿਸ਼ੇ ਸਮਝ ਕੇ ਆਵੇਗੀ, ਗੁਰਬਾਣੀ ਤੋਂ ਬਾਹਿਰ ਜਾ ਕੇ ਇਧਰੋਂ ਓਧਰੋਂ ਇਨ੍ਹਾਂ ਦੀ ਸਮਝ ਨਹੀਂ ਆਵੇਗੀ।

ਹੋਰ ਤਾਂ ਹੋਰ-ਅਜੋਕੇ ਸਮੇਂ ਸਿੱਖ ਧਰਮ ਅਨੁਸਾਰ ਜਨਮ-ਮਰਨ ਦੇ ਵਿਸ਼ੇ ਨਾਲ ਸੰਬੰਧਤ ਸਾਧਾਰਣ ਸੰਗਤਾਂ ਦੀ ਤਾਂ ਗੱਲ ਹੀ ਕੀ ਹੈ; ਕਈ ਵੱਡੇ ਵੱਡੇ ਨਾਮਵਰ ਸਿੱਖ ਪ੍ਰਚਾਰਕ ਵੀ ਗੁਮਰਾਹ ਹੋਏ ਪਏ ਹਨ। ਉਹ ਜਾਂ ਤਾਂ ਇਸ ਪੱਖੋਂ ਬ੍ਰਾਹਮਣੀ ਵਿਚਾਰਧਾਰਾ ਦਾ ਸ਼ਿਕਾਰ ਹੋਏ, ਗਰੁੜ ਪੁਰਾਨ ਦੇ ਖੰਡਣ-ਮੰਡਣ `ਚ ਹੀ ਪਏ ਰਹਿੰਦੇ ਹਨ ਜਿਸਦਾ ਗੁਰਮੱਤ ਨਾਲ ਕੋਈ ਸੰਬੰਧ ਤੇ ਲੈਣਾ ਦੇਣਾ ਹੀ ਨਹੀਂ। ਜੇਕਰ ਉਹ ਨਹੀਂ ਤਾਂ ਇਹ ਲੋਕ ਜਨਮ ਮਰਨ ਦੇ ਵਿਸ਼ੇ `ਤੇ ਕਾਮਰੇਡਾਂ (ਕਮਿਉਨਿਸਟਾਂ, ਸਾਮਵਾਦੀਆਂ) ਦੀ ਵਿਚਾਰਧਾਰਾ ਦਾ ਸ਼ਿਕਾਰ ਹੁੰਦੇ ਹਨ। ਇਸ ਤਰ੍ਹਾਂ ਉਹ ਇਸ ਪੱਖੋਂ ਖ਼ੁਦ ਵੀ ਗੁਮਰਾਹ ਹੁੰਦੇ ਹਨ ਤੇ ਸੰਗਤਾਂ ਦੇ ਜੀਵਨ ਨਾਲ ਵੀ ਖਿਲਵਾੜ ਕਰਣ ਦਾ ਕਾਰਣ ਬਣਦੇ ਹਨ। ਕਿਉਂਕਿ ਉਨ੍ਹਾਂ ਅਨੁਸਾਰ ਵੀ ਕਮਿਉਨਿਸਟਾਂ ਦੀ ਤਰ੍ਹਾਂ ਸਾਡੇ ਮਨੁੱਖਾ ਸਰੀਰ ਦਾ ਨਾ ਅੱਗਾ ਹੈ ਤੇ ਨਾ ਪਿਛਾ, ਬੱਸ ਇਹ ਸਰੀਰ ਹੀ ਸਭਕੁਝ ਹੈ।

ਉਨ੍ਹਾਂ ਅਨੁਸਾਰ ਸਿੱਖ ਧਰਮ `ਚ ਜਨਮ ਮਰਨ ਦਾ ਵਿਸ਼ਾ ਹੈ ਹੀ ਨਹੀਂ। ਉਨ੍ਹਾਂ ਦੀ ਹਾਲਤ ਤਾਂ ਇਸ ਪੱਖੋਂ “ਆਪ ਤਾਂ ਗਲਿਉਂ ਬਾਹਮਣਾ! ਜਜਮਾਨ ਵੀ ਗਾਲੇ’ ਵਾਲੇ ਪ੍ਰਚਲਣ ਵਾਲੀ ਬਣੀ ਹੁੰਦੀ ਹੈ। ਜਦਕਿ ਇਥੇ ਤਾਂ ਇਕੋ ਇੱਕ ‘ਕਰਣ-ਕਾਰਣ ਪ੍ਰਭੂ’, ਇਕੋ ਇੱਕ ‘ਸ਼ਬਦ-ਗੁਰੂ’ ਨਾਲ ਸਾਂਝ ਪਾਉਣ ਬਾਅਦ ਹੀ ਗੁਰਬਾਣੀ ਵਿਚਲੀ ‘ਲੋਕ-ਪ੍ਰਲੋਕ, ਹਲਤ-ਪਲਤ, ਇਥੇ-ਉਥੇ, ਅੱਗੇ-ਆਗੇ-ਦਰਗਾਹ, ਧੁਰ’ ਉਪ੍ਰੰਤ “ਸਭ ਮਹਿ ਜੋਤਿ ਜੋਤਿ ਹੈ ਸੋਇ” (ਪੰ: ੧੨) “ਵਡੀ ਵਡਿਆਈ ਜਾ ਸਚੁ ਨਿਆਉ” (ਪੰ: ੪੬੩) ਆਦਿ ਗੁਰਬਾਣੀ ਸਿਧਾਂਤਾਂ ਤੇ ਸ਼ਬਦਾਵਲੀ ਦੀ ਸਮਝ ਆਵੇਗੀ ਉਸ ਤੋਂ ਬਿਨਾ ਨਹੀਂ। ਸ਼ਾਇਦ ਉਨ੍ਹਾਂ ਦੀ ਉਸੇ ਘਾਟ ਕਾਰਣ ਅਜਿਹੇ ਪ੍ਰਚਾਰਕ ਇਸ ਪੱਖੋਂ ਗੁਰਬਾਣੀ ਅਰਥਾਂ ਦੇ ਅਨਰਥ ਵੀ ਕਰਦੇ ਰਹਿੰਦੇ ਹਨ ਜਿਵੇਂ ਕਿ ਬਹੁਤਾ ਕਰਕੇ ਅੱਜ ਉਹ ਲੋਕ ਕਰ ਵੀ ਰਹੇ ਹਨ।

ਗੁਰਮੱਤ ਬਨਾਮ ਬ੍ਰਾਹਮਣ ਮੱਤ- ਇਹ ਠੀਕ ਹੈ ਕਿ ਦੂਜੇ ਪਾਸੇ, ਸਾਡੇ ਪੜੌਸੀ ਬ੍ਰਾਹਮਣ ਮੱਤ `ਚ ਵੀ ਜਨਮ ਮਰਨ, ਆਵਾਗਉਣ, ਕਰਮਾਂ ਦੇ ਫਲ, ਭਿੰਨ ਭਿੰਨ ਜੂਨਾਂ, ਪਿਛਲੇ-ਅਗਲੇ ਜਨਮਾਂ ਅਦਿ ਵਿਸ਼ੇ ਹਨ। ਸ਼ਾਇਦ ਇਸੇ ਤੋਂ ਸਾਡੇ ਕੁੱਝ ਪ੍ਰਚਾਰਕ ਵੀ ਗੁਮਰਾਹ ਹੋਏ ਰਹਿੰਦੇ ਹਨ। ਜਦਕਿ ਉਥੇ ਉਨ੍ਹਾਂ ਦਾ ਆਧਾਰ ਗੁਰਬਾਣੀ ਰਾਹੀਂ ਪ੍ਰਗਟ ਮਨੁੱਖਾ ਜਨਮ ਦੀ ਵਿਸ਼ੇਸ਼ਤਾ, ਮਨੁੱਖੀ ਮਨ ਤੇ ਮਨ ਦੀ ਹਉੰਮੈ ਆਦਿ, ਉਪ੍ਰੰਤ “ਸਭ ਮਹਿ ਜੋਤਿ ਜੋਤਿ ਹੈ ਸੋਇ” ਆਦਿ ਵਿਸ਼ੇ ਹੈਣ ਹੀ ਨਹੀਂ। ਬਲਕਿ ਉਥੇ ਪ੍ਰਭੂ ਦੇ ਨੂਰ ਤੇ ਪ੍ਰਭੂ `ਚ ਅਭੇਦ ਹੋਣ ਵਾਲਾ ਵਿਸ਼ਾ ਹੀ ਨਹੀਂ। ਬ੍ਰਾਹਮਣ ਮੱਤ ਦਾ ਆਧਾਰ ਗਰੁੜ ਪੁਰਾਨ, ਸਾਂਖ ਸ਼ਾਸਤ੍ਰ ਆਦਿ ਬ੍ਰਾਹਮਣੀ ਰਚਨਾਵਾਂ ਜਿਨ੍ਹਾਂ ਨੂੰ ਗੁਰਮੱਤ ਨੇ ਪੂਰੀ ਤਰਾਂ ਨਕਾਰਿਆ ਹੈ ਤੇ ਪ੍ਰਵਾਣ ਹੀ ਨਹੀਂ ਕੀਤਾ।

ਤਾਂ ਤੇ ਕੁੱਝ ਵਿਸ਼ੇਸ਼ ਨੁੱਕਤੇ-ਨੁੱਕਤਾ-੧ ਸ਼ੱਕ ਨਹੀਂ, ਗੁਰੂ ਦਰ `ਤੇ ਵੀ ਮਨੁੱਖਾ ਜਨਮ ਦੇ ਪਿਛੌਕੜ, ਮਨੁੱਖ ਦੇ ਕਰਮਾਂ-ਸੰਸਕਾਰਾਂ ਦੇ ਲੇਖੈ-ਜੋਖੇ, ਉਪ੍ਰੰਤ ਭਿੰਨ ਭਿੰਨ ਜੂਨਾਂ `ਚ ਭਟਕਣਾ ਬਲਕਿ ਮਨੁੱਖਾ ਜਨਮ ਦਾ ਅੱਗਾ ਭਾਵ ਕਰਤੇ ਦੀ ਦਰਗਾਹ `ਚ ਉਸਦੇ ਨਿਆਂ ਵਾਲਾ ਵਿਸ਼ਾ ਹੈ। ਜਦਕਿ ਇਥੇ ਜੀਵ ਦਾ ਇਹ ਸਾਰਾ ਸਫ਼ਰ, ਅਸਫ਼ਲ ਅਥਵਾ ਬਿਰਥਾ ਹੋ ਚੁੱਕੇ ਮਨੁੱਖਾ ਜਨਮ ਤੋਂ ਸ਼ੁਰੂ ਹੋ ਕੇ ਮੁੜ ਸਫ਼ਲ ਜੀਵਨ `ਤੇ ਮੁੱਕਦਾ ਹੈ। ਮਨੁੱਖਾ ਜਨਮ ਦਾ ਇਹ ਸਫ਼ਰ ਕੂੜਿਆਰੇ ਜੀਵਨ ਵੱਲ ਥਿੜਕਣ ਤੋਂ ਬਾਅਦ ਫ਼ਿਰ ਕਿਸੇ ਮਨੁੱਖਾ ਜਨਮ ਸਮੇਂ, ਸ਼ਬਦ ਗੁਰੂ ਦੀ ਕਮਾਈ ਤੇ ਸਾਧਸੰਗਤ ਰਾਹੀ ਸਚਿਆਰੇ ਜੀਵਨ ਦੀ ਪ੍ਰਾਪਤੀ ਹੋਣ `ਤੇ ਮੁੱਕ ਵੀ ਜਾਂਦਾ ਹੈ।

ਤਾਂ ਵੀ ਅਜੋਕੇ ਸਮੇਂ ਗੁਰਮੱਤ ਦਾ ਪ੍ਰਚਾਰ-ਪ੍ਰਸਾਰ, ਬਹੁਤਾ ਕਰਕੇ ਅਯੋਗ ਹੱਥਾਂ `ਚ ਹੋਣ ਕਰਕੇ, ਗੁਰੂ ਕੀਆਂ ਸੰਗਤਾਂ ਨੂੰ ਵੀ ‘ਜਨਮ-ਮਰਨ’ ਦੇ ਵਿਸ਼ੇ `ਤੇ ਗੁਰਬਾਣੀ ਸਿਧਾਂਤ ਤੋਂ ਸਪਸ਼ਟ ਨਹੀਂ ਕੀਤਾ ਜਾ ਰਿਹਾ। ਉਸੇ ਦਾ ਨਤੀਜਾ, ਦੂਜਿਆਂ ਦੀ ਸੰਭਾਲ ਤਾਂ ਦੂਰ, ਸੱਚ ਧਰਮ ਦੀਆਂ ਵਾਰਿਸ; ਗੁਰੂ ਕੀਆਂ ਸੰਗਤਾਂ ਵੀ ਬਹੁਤਾ ਕਰਕੇ ਗੁਰਮੱਤ ਦੇ ‘ਜਨਮ ਮਰਨ’ ਵਾਲੇ ਸਿਧਾਂਤ ਤੋਂ ਅਨਜਾਣ ਹਨ। ਇਸ ਤਰ੍ਹਾਂ ਸੰਗਤਾਂ, ਕਰਤੇ ਵੱਲੋਂ ਦੁਰਲਭ ਮਨੁੱਖਾ ਜਨਮ ਪ੍ਰਾਪਤ ਹੋਣ ਤੋਂ ਬਾਅਦ ਵੀ “ਕੂੜੁ ਮਿਠਾ ਕੂੜੁ ਮਾਖਿਉ ਕੂੜੁ ਡੋਬੇ ਪੂਰ” (ਪੰ: ੪੬੮) ਅਨੁਸਾਰ ਆਪਣੇ ਅਮੁੱਲੇ ਮਨੁੱਖਾ ਜਨਮ ਨੂੰ ਮੁੜ ਬਿਰਥਾ ਕਰ ਕੇ ਸੰਸਾਰ ਤੋਂ ਜਾ ਰਹੀਆਂ ਹਨ।

ਨੁੱਕਤਾ-੨ ਸ਼ੱਕ ਨਹੀਂ ਕਿ ਸਾਡੇ ਪੜੋਸੀ ਬ੍ਰਹਾਮਣ (ਵੈਦਿਕ) ਮੱਤ `ਚ ਵੀ ਕਰਮਾਂ ਦੇ ਲੇਖੇ-ਜੋਖੇ, ਪਿਛਲੇ ਅਗਲੇ ਜਨਮਾਂ ਤੇ ਭਿੰਨ ਭਿੰਨ ਜੂਨੀਆਂ ਆਦਿ ਦੀਆਂ ਗੱਲਾਂ ਹਨ। ਜਦਕਿ ਗੁਰਮੱਤ ਦੀ ਨਿਆਈਂ ਉਥੇ ਇਸ ਸਾਰੇ ਦਾ ਮੂਲ, ਅਸਫ਼ਲ ਜੀਵਨ ਤੋਂ ਸਫ਼ਲ ਜੀਵਨ ਤੱਕ ਦੀ ਯਾਤ੍ਰਾ ਵਾਲਾ ਵਿਸ਼ਾ ਹੈ ਹੀ ਨਹੀਂ। ਉਥੇ ਕਰਮਾਂ ਤੇ ਜੂਨਾਂ ਆਦਿ ਦੇ ਵਿਸ਼ੇ ਵੀ ਗੁਰਮੱਤ ਤੋਂ ਬਿਲਕੁਲ ਭਿੰਨ ਤੇ ਅਜਿਹੇ ਹਨ ਜਿਨ੍ਹਾਂ ਨੂੰ ਗੁਰਮੱਤ ਮੂਲੋਂ ਹੀ ਪ੍ਰਵਾਣ ਨਹੀਂ ਕਰਦੀ। ਗੁਰਮੱਤ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਨਕਾਰਦੀ ਤੇ ਕੱਟਦੀ ਵੀ ਹੈ।

ਨੁੱਕਤਾ-੩ ਇਥੋਂ ਤੱਕ ਕਿ ਬ੍ਰਾਹਮਣ ਮੱਤ ਅਥਵਾ ਗਰੁੜ ਪੁਰਾਣ ਅਨੁਸਾਰ ਜੋ ਕਰਮ ਫ਼ਿਲਾਸਫ਼ੀ ਅਥਵਾ ਮਨੁੱਖਾ ਜਨਮ ਦੇ ਕਰਮਾਂ ਦਾ ਲੇਖਾ ਜੋਖਾ ਹੈ, ਉਸ ਸਾਰੇ ਦਾ ਫ਼ੈਲਾਅ ਹਨ, ਬ੍ਰਾਹਮਣੀ ਸੁਰਗ-ਨਰਕ, ਦੇਵ ਲੋਕ, ਇੰਦ੍ਰ ਲੋਕ, ਸ਼ਿਵ ਪੁਰੀ, ਬ੍ਰਹਮ ਪੁਰੀ, ਬਿਸ਼ਨ ਪੁਰੀ (ਬੈਕੁੰਠ), ਪਿੱਤ੍ਰ ਲੋਕ, ਜਮ ਲੋਕ, ਧਰਮ ਰਾਜ, ਜਮ ਰਾਜ, ਚਿਤ੍ਰ ਗੁਪਤ, ਰੂਹਾਂ-ਬਦਰੂਹਾਂ, ਭੂਤ-ਪ੍ਰੇਤ, ਕਾਲ ਚੱਕਰ, ਕਲਯੁਗ, ਦੁਆਪਰ, ਤ੍ਰੇਤਾ, ਸਤਿਯੁਗ, ਮਹਾਕਾਲ, ਤੇਤੀ ਕ੍ਰੋੜ ਦੇਵੀਆਂ-ਦੇਵਤੇ, ਅਵਤਾਰ ਵਾਦ, ਕਲਪ ਬ੍ਰਿਛ, ਕਾਮਧੇਨ ਗਊ, ਧਨਵੰਤ੍ਰੀ ਵੈਦ, ਜਖ, ਕਿੰਨਰ, ਗੰਧਰਵ, ਪਿਸਾਚ, ਅਪਸ੍ਰਾਵਾਂ ਤੇ ਹੋਰ ਬਹੁਤ ਕੁਝ। ਇਸ ਤਰ੍ਹਾਂ ਜਦੋਂ ਗੁਰਬਾਣੀ ਅਤੇ ਗੁਰਮੱਤ ਦੀ ਕਰਮ ਫ਼ਿਲਾਸਫ਼ੀ ਤੇ ਜੂਨਾਂ ਜਨਮਾਂ ਵਾਲੀ ਵਿਚਾਰਧਾਰਾ ਤੇ ਸਿਧਾਂਤ ਹੀ ਭਿੰਨ ਹਨ ਤਾਂ ਇਸ ਸਾਰੇ ਨਾਲ ਵੀ ਗੁਰਮੱਤ ਦਾ ਕੁੱਝ ਲੈਣਾ ਦੇਣਾ ਨਹੀਂ ਰਹਿ ਜਾਂਦਾ। ਇਸ ਤਰ੍ਹਾਂ ਜਦੋ ਗੁਰਬਾਣੀ ਦਾ ਰਸਤਾ ਹੀ ਨਿਤਾਂਤ ਭਿੰਨ ਤੇ ਵੱਖਰਾ ਹੈ ਤਾਂ ਗੁਰੂ ਕੀਆਂ ਸੰਗਤਾਂ ਦਾ ਇਸ ਸਾਰੇ ਨਾਲ ਵੀ ਕੀ ਵਾਸਤਾ?

ਨੁੱਕਤਾ-੪ ਉਪ੍ਰੋਕਤ ਬ੍ਰਾਹਮਣੀ ਕਰਮ ਕਾਂਡਾਂ, ਜੂਨਾਂ, ਆਵਾਗਉਣ ਤੇ ਕਰਮ ਫ਼ਲਾਸਫ਼ੀ ਦਾ ਹੀ ਵਿਸਤਾਰ ਹਨ ਵਰਣ ਵੰਡ, ਜਾਤਾਂ-ਗੋਤਾਂ, ਟੂਣੇ-ਪ੍ਰਛਾਵੇਂ, ਸੁੱਚਾਂ-ਭਿਟਾਂ, ਜਨਮ ਕੁੰਡਲਣੀਆਂ, ਟੇਵੇ-ਮਹੂਰਤ, ਰਾਸ਼ੀ ਫਲ (horoscope), ਸਗਨ-ਅਪਸਗਨ, ਯੱਗ-ਹਵਨ, ਗ੍ਰਿਹ-ਨਖਤ੍ਰ, ਸੁਖਣਾ-ਚਾਲੀਹੇ, ਥਿੱਤ-ਵਾਰ, ਸਰਾਧ-ਨੌਰਾਤੇ, ਸੰਗ੍ਰਾਂਦਾਂ, ਮਸਿਆਵਾਂ, ਪੂਰਨਮਾਸ਼ੀਆਂ ਆਦਿ ਵਾਲਾ ਲੰਮਾ ਚੜਾ ਸਿਲਸਿਲਾ। ਤਾਂ ਤੇ ਜਦੋਂ ਇਸ ਸਾਰੇ ਦਾ ਮੂਲ, ਬ੍ਰਾਹਮਣ ਰਾਹੀਂ ਪ੍ਰਗਟ ਜਨਮ-ਮਰਨ ਦੀ ਫ਼ਿਲਾਸਫ਼ੀ ਤੇ ਭਿੰਨ ਭਿੰਨ ਜੂਨਾਂ ਵਾਲੀ ਵਿਚਾਰਧਾਰਾ ਨੂੰ ਹੀ ਗੁਰਮੱਤ ਨੇ ਨਕਾਰ ਦਿੱਤਾ ਹੈ ਤਾਂ ਇਸ ਸਾਰੇ ਨਾਲ ਵੀ ਗੁਰੂ ਕੀਆਂ ਸੰਗਤਾਂ ਦਾ ਕੀ ਲੈਣਾ ਦੇਣਾ? ਇਸ ਦਾ ਸਿਧਾ ਮਤਲਬ ਇਹ ਵੀ ਹੇ ਕਿ ਅਜਿਹੇ ਵਿਸ਼ਵਾਸਾਂ `ਚ ਫ਼ਸੀਆਂ ਸੰਗਤਾਂ ਨੂੰ ਅੱਜ ‘ਜਨਮ-ਮਰਨ’ ਸੰਬੰਧੀ ਗੁਰਬਾਣੀ ਦਾ ਗਿਆਨ ਹੈ ਹੀ ਨਹੀਂ ਜਾਂ ਕਿਸੇ ਕਾਰਣ ਉਨ੍ਹਾਂ ਤੱਕ ‘ਜਨਮ-ਮਰਨ’ ਦੇ ਵਿਸ਼ੇ ਨਾਲ ਸੰਬੰਧਤ ਗੁਰਬਾਣੀ ਦਾ ਜੁਗੋ ਜੁਗ ਅਟੱਲ ਵਿਰਸਾ ਪੁੱਜ ਹੀ ਨਹੀਂ ਰਿਹਾ।

ਨੁੱਕਤਾ-੫ ਇਹ ਵੀ ਸਮਝਣਾ ਹੈ ਕਿ ਨੁਕਤਾ ਨੰ: ੩ ਵਾਲੀ ਲਗਭਗ ਸ਼ਮੂਚੀ ਸ਼ਬਦਾਵਲੀ ਜਿਵੇਂ ਸੁਰਗ-ਨਰਕ, ਜਮ ਲੋਕ, ਧਰਮ ਰਾਜ, ਜਮ ਰਾਜ, ਚਿਤ੍ਰ ਗੁਪਤ, ਰੂਹਾਂ-ਬਦਰੂਹਾਂ, ਭੂਤ-ਪ੍ਰੇਤ, ਕਲਪ ਬ੍ਰਿਛ, ਕਾਮਧੇਨ, ਪਾਰਜਾਤ ਆਦਿ ਗੁਰਬਾਣੀ `ਚ ਵੀ ਆਈ ਹੈ ਪਰ ਪ੍ਰਕਰਣ ਅਨੁਸਾਰ ਬਦਲਵੇਂ ਗੁਰਮੱਤ ਅਰਥਾਂ `ਚ ਉਪ੍ਰੰਤ ਪੁਰਾਤਨ ਅਰਥਾਂ ਦੇ ਖੰਡਣ ਜਾਂ ਮਿਸਾਲਾਂ ਵੱਜੋਂ। ਤਾਂ ਤੇ ਪ੍ਰਕਰਣ ਨੂੰ ਦੇਖਣਾ ਜ਼ਰੂਰੀ ਹੈ।

ਨੁੱਕਤਾ-੬ ਦੇਖਣ ਨੂੰ ਇਹ ਵੀ ਆ ਰਿਹਾ ਹੈ ਕਿ ਅੱਜ ਚਲਾਣੇ ਸਮੇਂ ਲਗਭਗ ੯੯% ਗੁਰੂ ਕੀਆਂ ਸੰਗਤਾਂ `ਚ ਵੀ ਜਦੋਂ ਕੋਈ ਅਜਿਹੀ ਘਟਣਾ ਵਾਪਰਦੀ ਹੈ ਤਾਂ ਪ੍ਰਕਾਸ਼ ਤਾਂ ਹੋਇਆ ਹੁੰਦਾ ਹੈ “ਸ੍ਰੀ ਗੁਰੂ ਗ੍ਰੰਥ ਸਾਹਿਬ” ਦਾ। ਉਪ੍ਰੰਤ ਸ਼ਬਦਾਵਲੀ ਵੀ ਵਰਤੀ ਜਾਂਦੀ ਹੈ ‘ਭੋਗ ਸਮਾਗਮ’ ਨਾ ਕਿ ‘ਉਠਾਲਾ’ ਤੇ ‘ਰਸਮ ਪਗੜੀ’ ਆਦਿ। ਫ਼ਿਰ ਵੀ ਸਾਰੇ ਕਰਮਕਾਂਡ ਬ੍ਰਾਹਮਣੀ ਤੇ ਗਰੁੜ ਪੁਰਾਣ ਦੇ ਹੀ ਹੋ ਰਹੇ ਹੁੰਦੇ ਹਨ। ਇਥੋਂ ਤੱਕ ਕਿ ਇਹ ਸਭ ਕਰਵਾ ਰਹੇ ਹੁੰਦੇ ਹਨ ਸਾਡੇ ਗੁਰਦੁਆਰਾ ਪ੍ਰਬੰਧਕ, ਗੁਰਮੱਤ ਪ੍ਰਚਾਰਕ, ਭਾਈ ਗ੍ਰੰਥੀ, ਰਾਗੀ ਆਦਿ, ਨਾ ਕਿ ਕਰਮਕਾਂਡੀ ਪੰਡਿਤ। ਫ਼ਿਰ ਜਦੋਂ ਗੁਰੂ ਸਾਹਿਬ ਦੀ ਹਜ਼ੂਰੀ `ਚ ਅਰਦਾਸਾ ਸੋਧਿਆ ਜਾਂਦਾ ਹੈ ਤਾਂ ਉਥੇ ਵੀ ਚਿੱਟਾ ਝੂਠ “ਹੇ ਸਚੇਪਾਤਸ਼ਾਹ! ਸਾਰਾ ਕਾਰਜ ਪੂਰਨ ਗੁਰਮੱਤ ਅਨੁਸਾਰ ਹੋਇਆ ਹੈ” ਇਸ ਤਰ੍ਹਾਂ ਇਹ ਰਹਿ ਗਈ ਹੈ ਇਸ ਪੱਖੋਂ ਸਾਡੀ ਅੱਜ ਦੀ ‘ਗੁਰਮੱਤ’ ਸੋਝੀ ਤੇ ਸਿੱਖੀ ਜੀਵਨ ਨਾਲ ਸਾਡੀ ਸਾਂਝ। ਫ਼ਿਰ ਸਸਕਾਰ ਤੋਂ ਲੈ ਕੇ ਪੁਸ਼ਤ –ਦਰ ਪੁਸ਼ਤ, ਇਹੀ ਸਭ ਕੁੱਝ ਵਿਰਾਸਤ `ਚ ਵੀ ਦੇ ਰਹੇਂ ਹਾਂ।

ਇਸ ਤਰ੍ਹਾਂ, ਜੇਕਰ ਨੁੱਕਤਾ ਨੰਬਰ ਇੱਕ ਤੇ ਅਰੰਭ ਕਰਕੇ ਪੂਰੇ ਵਿਸ਼ੇ `ਤੇ ਥੋੜੀ ਨਜ਼ਰ ਹੀ ਮਾਰ ਲਈ ਜਾਏ ਤਾਂ ਸਮਝਦੇ ਦੇਰ ਨਹੀਂ ਲਗੇਗੀ ਕਿ ਇਸ ਸੰਬੰਧੀ ਗੁਰਬਾਣੀ ਵਾਲੇ ਸੱਚ ਧਰਮ ਦਾ ਯੋਗ ਪ੍ਰਚਾਰ ਲਗਭਗ ਕਿਧਰੇ ਵੀ ਨਹੀਂ ਹੋ ਰਿਹਾ। ਇਹੀ ਕਾਰਣ ਹੈ ਕਿ ਸ਼ਾਇਦ ਗੁਰੂ ਕੀਆਂ ਸੰਗਤਾਂ ਨੂੰ ਇਹ ਸਮਝ ਵੀ ਆ ਸਕੇ ਕਿ ਗੁਰਮੱਤ ਅਨੁਸਾਰ “ਬਿਰਥਾ ਜਨਮ ਤੋਂ ਸਫ਼ਲ ਜੀਵਨ”, “ਕੂੜਿਆਰੇ ਤੋਂ ਸਚਿਆਰਜੀਵਨ” ਇਹ ਸਭ ਹੈਣ ਕੀ? ਉਪ੍ਰੰਤ ਗੁਰਮੱਤ ਅਨੁਸਾਰ “ਕਰਮ ਫ਼ਿਲਾਸਫ਼ੀ, ਭਿੰਨ ਭਿੰਨ ਜੂਨਾਂ ਦੀ ਵਿਚਾਰਧਾਰਾ, ਆਵਾਗਉਣ ਜਾਂ ਇਥੇ-ਉਥੇ ਆਦਿ ਦੇ ਸਿਧਾਂਤ ਦੂਜਿਆਂ ਤੋਂ ਭਿੰਨ ਕਿਵੇਂ ਤੇ ਕਿਉਂ ਹਨ?

ਨੁੱਕਤਾ-੭ ਇਤਨਾ ਹੀ ਨਹੀਂ ‘ਜਨਮ-ਮਰਨ’ ਦੇ ਵਿਸ਼ੇ ਸੰਬੰਧੀ ਗੁਰਬਾਣੀ ਵਾਲੇ ਸੱਚ ਧਰਮ ਦੇ ਗਿਆਨ ਦੇ ਪ੍ਰਚਾਰ ਦੀ ਘਾਟ ਦਾ ਹੀ ਨਤੀਜਾ ਹੈ ਕਿ ਵਿਗੜੇ ਹੋੇਏ ਵਾਤਾਵਰਣ `ਚ ਇਸ ਪੱਖੋਂ ਸਾਡੇ ਹੀ ਕੁੱਝ ਸੁਲਝੇ ਹੋਏ ਪ੍ਰਚਾਰਕ ਵੀ ਥਿੜਕੇ ਨਜ਼ਰ ਆ ਰਹੇ ਹਨ। ਉਹ ਵੀ ਸ਼ਾਇਦ ਇਸ ਵੇਲੇ ਗੁਰੂ ਕੀਆ ਸੰਗਤਾਂ `ਤੇ ਭਾਰੂ ਹੋਏ ਗਰੁੜ ਪੁਰਾਣ ਤੇ ਬ੍ਰਹਾਮਣੀ ਕਰਮ ਕਾਂਡਾਂ ਤੋਂ ਘਬਰਾ ਕੇ ਸਾਮਵਦੀ ਕਾਮਰੇਡਾਂ, ਕਮਿਉਨਿਸਟ ਅਦਿ ਦੇ ਪ੍ਰਭਾਵ `ਚ ਫ਼ਸਦੇ ਜਾ ਰਹੇ ਹਨ। ਜਿਸ ਤੋਂ ਸੰਗਤਾਂ ਦਾ ਹੋਰ ਵੀ ਵੱਧ ਨੁਕਸਾਨ ਹੋ ਰਿਹਾ ਹੈ। ਇਸ ਪੱਖੋਂ ਅੱਜ ਉਨ੍ਹਾਂ ਰਾਹੀਂ ਕੀਤੇ ਜਾ ਰਹੇ ਗੁਰਬਾਣੀ ਪ੍ਰਚਾਰ ਦੀ ਸੀਮਾ ਵੀ ਇਥੋਂ ਤੱਕ ਥੱਲੇ ਚਲੀ ਗਈ ਹੈ ਕਿ ਉਨ੍ਹਾਂ ਅਨੁਸਾਰ ਵੀ, ਕਾਮਰੇਡਾਂ ਵਾਂਙ ਮਨੁੱਖਾ ਜਨਮ ਦਾ ਨਾ ਅੱਗਾ ਹੈ ਤੇ ਨਾ ਪਿਛੋਕੜ। ਬੱਸ ਮਨੁੱਖਾ ਜਨਮ ਇਥੋਂ ਤੱਕ ਹੀ ਹੈ ਕਿ ਸੰਸਾਰ `ਚ ਪੈਦਾ ਹੋਏ ਤੇ ਚਲੇ ਗਏ।

ਇਸ ਤਰ੍ਹਾਂ ਅਜੋਕੇ ਸਮੇਂ ਇਸ ਪੱਖੋਂ ਗੁਰੂ ਕੀਆਂ ਸੰਗਤਾਂ ਦਾ ਕਿਤਨਾ ਭਾਰੀ ਨੁਕਸਾਨ ਹੋ ਰਿਹਾ ਹੈ, ਅੰਦਾਜ਼ਾ ਲਗਾਉਣਾ ਵੀ ਸੌਖਾ ਨਹੀਂ। ਕਿਉਂਕਿ ਅਜਿਹਾ ਹੋ ਵੀ ਰਿਹਾ ਹੈ ਤਾਂ ਕੁੱਝ ਨਾਮਵਰ ਗੁਰਮੱਤ ਪ੍ਰਚਾਰਕਾਂ ਰਾਹੀਂ ਤੇ ਉਹ ਵੀ ਵੱਡੀਆਂ ਸਟੇਜਾਂ ਤੇ ਸੰਸਾਰ ਤਲ `ਤੇ ਪ੍ਰਾਪਤ ਮੀਡੀਏ ਦਾ ਲਾਭ ਲੈ ਕੇ। ਇਹੀ ਨਹੀਂ ਆਪਣੀਆਂ ਦਲੀਲਾਂ ਨੂੰ ਠੀਕ ਸਾਬਤ ਕਰਣ ਲਈ ਉਹ ਸੱਜਨ, ਗੁਰਬਾਣੀ ਵਿਚਲੀ ਸੰਬੰਧਤ ਸ਼ਬਦਾਵਲੀ ਜਿਵੇਂ ‘ਲੋਕ-ਪ੍ਰਲੋਕ, ਹਲਤ-ਪਲਤ, ਇਥੇ-ਉਥੇ, ਅੱਗੇ-ਆਗੇ-ਦਰਗਾਹ, ਧੁਰ’ ਅਦਿ ਦੇ ਅਰਥਾਂ ਤੇ ਵਿਚਾਰਧਾਰਾ ਨੂੰ ਵੀ ਉਲਟਾ-ਪਲਟਾ ਕੇ ਸੰਗਤਾਂ `ਚ ਪੇਸ਼ ਕਰਣ ਵਾਲਾ ਗੁਣਾਹ ਕਰ ਰਹੇ ਹਨ।

ਨੁੱਕਤਾ-੮ ਗੁਰਮੱਤ ਬਨਾਮ ਕਮਿਉਨਿਜ਼ਮ - ਸਾਡੇ ਅਜੋਕੇ ਤੇ ਅਜਿਹੇ ਗੁਰਮੱਤ ਦੇ ਪ੍ਰਚਾਰਕ ਜਿਹੜੇ ਇੱਕ ਪਾਸੇ ਤਾਂ ਬਾਹਵਾਂ ਉਲਾਰ-ਉਲਾਰ ਕੇ ਕਹਿੰਦੇ ਹਨ “ਪਿਪਲਾਂ, ਕੱਬਰਾਂ, ਗੁਗਿਆਂ ਨੂੰ ਨਹੀ ਪੂਜਣਾ; ਬਾਬਿਆਂ ਤੇ ਦੰਭੀ ਗੁਰੂਆਂ ਦੇ ਜਾ ਕੇ ਮੱਥੇ ਨਹੀਂ ਟੇਕਣੇ; ਧਾਗੇ-ਤਬੀਤ, ਮੌਲੀਆਂ ਨਹੀਂ, ਦੇਵੀਆਂ-ਦੇਵਤੇ ਨਹੀਂ ਪੂਜਣੇ; ਜੋਤਸ਼ੀਆਂ ਨੂੰ ਹੱਥ ਨਹੀਂ ਦਿਖਾਣੇ, ਅੰਗੂਠੀਆਂ-ਨਗਾਂ ਦੇ ਵਿਸ਼ਵਾਸ `ਚ ਨਹੀਂ ਪੈਣਾ, ਥਿਤ ਵਾਰ ਸ਼ੰਗ੍ਰਾਂਦਾ ਮਸਿਆਵਾਂ ਆਦਿ ਚੰਗੇ-ਮਾੜੇ ਦਿਨਾਂ ਦੇ ਵਹਿਮ-ਭਰਮ ਨਹੀਂ ਕਰਣੇ, ਸਗਨ-ਅਪਸਗਨ ਕੁੱਝ ਨਹੀਂ ਹੁੰਦੇ, ਜਨਮ ਪਤ੍ਰੀਆਂ ਨਹੀਂ ਵਾਚਣੀਆਂ, ਮੁਹੂਰਤ ਨਹੀਂ ਘਡਵਾਉਣੇ, ਊਚ ਨੀਚ ਵਰਣਵਾਦ ਤੇ ਸੁੱਚ-ਭਿੱਟ ਆਦਿ ਗੁਰਮੱਤ ਅਨੁਸਾਰ ਨਹੀਂ, ਜਾਤਾ-ਪਾਤਾ `ਚ ਵਿਸ਼ਵਾਸ ਨਹੀਂ ਕਰਣਾ ਆਦਿ, ਫ਼ਿਰ ਇਸ ਤੋਂ ਬਾਅਦ:-

ਨੁੱਕਤਾ-੯ (ੳ) ਜਦੋਂ ਗੁਰਮੱਤ ਦੇ ਨਾਮ `ਤੇ ਅਜਿਹੇ ਕੀਤੇ ਜਾ ਰਹੇ ਪ੍ਰਚਾਰ ੳਪ੍ਰੰਤੋਂ ਇਹੀ ਕਹਿ ਦੇਣਾ ਹੈ ਕਿ ਗੁਰਬਾਣੀ `ਚ ਕਰਮ ਫ਼ਿਲਾਸਫ਼ੀ ਨਹੀ, ਜਨਮ-ਮਰਨ ਦਾ ਵਿਸ਼ਾ ਨਹੀਂ। ਤਾਂ ਅਜਿਹੇ ਸੱਜਣ ਆਪ ਦਸਣ, ਜੇਕਰ ਤੁਹਾਡੇ ਕੀਤੇ ਜਾ ਰਹੇ ਉਪ੍ਰੋਕਤ ਪ੍ਰਚਾਰ ਦਾ ਸਿੱਟਾ ਸੰਗਤਾਂ, ਉਨ੍ਹਾਂ ਕਰਮ-ਕਾਂਡਾਂ ਤੇ ਵਹਿਮਾ-ਭਰਮਾ ਨੂੰ ਤਿਆਗ ਵੀ ਦੇਣ ਤਾਂ ਦੂਜੇ ਪਾਸੇ ਕਾਮਰੇਡ ਤਾਂ ਪਹਿਲਾਂ ਤੋਂ ਹੀ ਇਨ੍ਹਾਂ `ਚੋਂ ਇੱਕ ਵੀ ਕਰਮਕਾਂਡ ਤੇ ਵਹਿਮ-ਭਰਮ ਨਹੀਂ ਕਰਦੇ। ਇਸ ਲਈ ਕਿ ਉਹ ਰਬ ਦੀ ਹੋਂਦ ਨੂੰ ਹੀ ਨਹੀਂ ਮਣਦੇ। ਉਨ੍ਹਾਂ ਅਨੁਸਾਰ ਵੀ ਇਸ ਸਰੀਰ ਦਾ ਅੱਗਾ-ਪਿਛਾ ਨਹੀਂ ਤੇ ਨਾ ਜਨਮ-ਮਰਨ ਦਾ ਵਿਸ਼ਾ ਤਾਂ ਫ਼ਰਕ ਕਿੱਥੇ ਹੈ?

(ਅ) ਇਸ ਤਰ੍ਹਾਂ ਜੇਕਰ ਮੰਨ ਲੌ, ਗੁਰੂ ਕੀਆਂ ਸੰਗਤਾਂ ਨੇ ਵੀ ਤੁਹਾਡੇ ਰਾਹੀਂ ਕੀਤੇ ਜਾ ਰਹੇ ਅਜਿਹੇ ਪ੍ਰਚਾਰ ਦਾ ਸਿੱਟਾ ਅਜਿਹੇ ਕਰਮ ਕਰਣੇ ਤਾਂ ਛੱਡ ਦਿੱਤੇ ਤੇ ਨਾਲ ਹੀ ਤੁਹਾਡੇ ਕਹੇ ਅਨੁਸਾਰ ਇਹ ਵਿਸ਼ਵਾਸ ਕਰ ਲਿਆ ਕਿ ਗੁਰਬਾਣੀ ਅਨੁਸਾਰ ਨਾ ਜਨਮ ਮਰਨ ਦਾ ਵਿਸ਼ਾ ਹੈ ਨਾ ਕਰਮਾਂ ਦਾ ਲੇਖਾ ਜੋਖਾ, ਤੇ ਨਾ ਇਸ ਸਰੀਰ ਦਾ ਅੱਗਾ ਪਿਛਾ; ਤਾਂ ਤੁਸੀਂ ਆਂਪ ਦੱਸੋ! ਕਿ ਤੁਸੀਂ ਇਸ ਤਰ੍ਹਾਂ ਉਨ੍ਹਾਂ ਸੰਗਤਾਂ ਦੇ ਜੀਵਨ `ਚ ਗੁਰੂ ਦੀ ਸਿੱਖੀ ਪ੍ਰਪੱਕ ਕਰ ਰਹੇ ਹੋ ਜਾਂ ਪਰੋਖ `ਚ ਕਾਮਰੇਡਾਂ ਦੀ ਗਿਣਤੀ `ਚ ਵਾਧਾ ਕਰ ਰਹੇ ਹੋ ਅਤੇ ਉਨ੍ਹਾਂ ਦੀ ਵਿਚਾਰਧਾਰਾ ਦਾ ਖੁਲੱਮ ਖੁੱਲਾ ਪ੍ਰਚਾਰ ਕਰਣ ਦੇ ਭਾਗੀ ਬਣ ਰਹੇ ਹੋ?

ਨੁੱਕਤਾ-੧੦ ਇਹ ਵੀ ਸੱਚ ਹੈ ਕਿ “ੴ ‘ਤੋਂ “ਤਨੁ ਮਨੁ ਥੀਵੈ ਹਰਿਆ” ਤੱਕ ਸਮੂਚੀ ਗੁਰਬਾਣੀ `ਚ ਮਨੁੱਖ ਦੇ ਜੀਵਨ ਤੇ ਕਰਮਾਂ ਨੂੰ ਸੁਧਾਰਨ ਦਾ ਵਿਸ਼ਾ ਹੀ ਪ੍ਰਮੁੱਖ ਹੈ। ਇਸ ਲਈ ਗੁਰਬਾਣੀ ਅਨੁਸਾਰ ਉਸ ਦਾ ਢੰਗ ਹੈ ਸ਼ਬਦ-ਗੁਰੂ ਦੀ ਕਮਾਈ ਰਾਹੀਂ ਹਉੰਮੈ ਦਾ ਤਿਆਗ। ਪ੍ਰਾਪਤ ਮਨੁੱਖਾ ਜਨਮ ਸਮੇਂ “ਸਭਿ ਗੁਣ ਤੇਰੇ ਮੈ ਨਾਹੀ ਕੋਇ॥ ਵਿਣੁ ਗੁਣ ਕੀਤੇ ਭਗਤਿ ਨ ਹੋਇ” (ਬਾਣੀ ਜਪੁ) ਸੁਆਸ-ਸੁਆਸ ਪ੍ਰਭੂ ਦੇ ਰੰਗ `ਚ ਰੰਗੇ ਜਾਣ ਤੇ ਜੀਵਨ `ਚ ਇਲਾਹੀ ਗੁਣਾਂ ਨੂੰ ਵਸਾਉਣ ਲਈ ਪ੍ਰਭੂ ਦੇ ਚਰਨਾਂ `ਚ ਅਰਦਾਸਾਂ ਤੇ ਅਰਜ਼ੋਈਆਂ। ਇਸਤਰ੍ਰਾਂ ਗੁਰੂ ਦੀ ਮਿਹਰ ਹਾਸਲ ਕਰਣੀ ਤੇ ਕਰਤੇ ਦੀ ਬਖ਼ਸ਼ਿਸ਼ ਦਾ ਪਾਤ੍ਰ ਬਨਣਾ।

ਨੁੱਕਤਾ-੧੧ ਗੁਰਬਾਣੀ `ਚ ਜਿਥੋਂ ਵੀ ਦਰਸ਼ਨ ਕਰੋ! ਕਰਤੇ ਦੀ ਨਦਰਿ ਕਰਮ ਤੇ ਜੀਵਨ `ਚ ਇਲਾਹੀ ਗੁਣਾਂ ਦੀ ਪ੍ਰਾਪਤੀ ਲਈ ਉਸ ਦੇ ਚਰਨਾਂ `ਚ ਜੋਦੜੀਆਂ ਤੇ ਅਰਦਾਸਾਂ ਹੀ ਹਨ। ਇਸਦੇ ਨਾਲ ਮਨੁੱਖ ਨੂੰ ਆਪਣੇ ਆਪ `ਚ ਅਜਿਹੀ ਸ਼ਫ਼ਲਤਾ ਲਈ ਨਿਮਾਣਾ ਤੇ ਅਸਮ੍ਰਥ ਹੀ ਦੱਸਿਆ ਗਿਆ ਹੈ, ਇਸ ਸੰਬੰਧੀ ਵੀ ਗੁਰਬਾਣੀ `ਚ ਬੇਅੰਤ ਸ਼ਬਦ ਹਨ। ਇਸ ਤੋਂ ਬਾਅਦ ਸਮੂਚੀ ਗੁਰਬਾਣੀ `ਚ ਇੱਕ ਵੀ ਸ਼ਬਦ ਅਜਿਹਾ ਨਹੀਂ ਮਿਲੇਗਾ ਜਿੱਥੇ ਮਨੁੱਖ ਰਾਹੀਂ ਆਪਣਾ ਆਪ ਤਿਆਗਣ ਤੇ ਇਲਾਹੀ ਗੁਣਾ ਨਾਲ ਜੀਵਨ ਨੂੰ ਭਰਪੂਰ ਕਰਣ ਦੀ ਗੱਲ ਨਾ ਕੀਤੀ ਗਈ ਹੋਵੇ। ਇਤਨਾ ਹੋਣ ਦੇ ਬਾਵਜੂਦ ਇਹ ਵੀ ਗੁਰਬਾਣੀ ਦਾ ਫ਼ੈਸਲਾ ਹੈ ਕਿ ਤਾਂ ਵੀ ਵਿਰਲੇ ਹੀ ਇਸ ਭਵਸਾਗਰ ਤੋਂ ਪਾਰ ਹੁੰਦੇ ਹਨ ਜਦਕਿ ਪੂਰਾਂ ਦੇ ਪੂਰ ਡੁੱਬਦੇ ਹਨ

ਨੁੱਕਤਾ-੧੨ ਦੂਜੇ ਪਾਸੇ, ਗੁਰਬਾਣੀ ਦੇ ਆਧਾਰ `ਤੇ ਕਰਮ ਫ਼ਿਲਸਫ਼ੀ ਤੇ ਜਨਮ-ਮਰਨ ਆਦਿ ਦਾ ਵਿਰੋਧ ਕਰਣ ਵਾਲੇ, ਜਿਵੇਂ ਕਿ ਹਰੇਕ ਸੱਜਨਾਂ ਦੇ ਜੀਵਨ ਨੂੰ ਸਫ਼ਲ ਹੋਣ ਦਾ ਠੇਕਾ ਹੀ ਲੈ ਲਿਆ ਹੋਵੇ। ਉਨ੍ਹਾਂ ਦੀਆਂ ਕਥਾਵਾਂ `ਚ ਨਾ ਕਰਤੇ ਦੇ ਚਰਨਾਂ `ਚ ਅਰਦਾਸਾਂ ਹਨ ਨਾ ਜੋਦੜੀਆਂ, ਨਾ ਅਰਜ਼ੋਈਆਂ। ਉਥੇ ਤਾਂ ਕਰਤੇ ਦੀ ਨਦਰ-ਕਰਮ ਤੇ ਬਖ਼ਸ਼ਿਸ਼ ਦਾ ਵਿਸ਼ਾ ਵੀ ਮੁੱਕ ਚੁੱਕਾ ਹੈ। ਇਸ ਤਰ੍ਹਾਂ ਉਨ੍ਹਾਂ ਦੀਆਂ ਕਥਾਵਾਂ `ਚ ਪ੍ਰਭੂ ਚਰਨਾਂ `ਚ ਅਰਦਾਸਾਂ ਤੇ ਪ੍ਰਭੂ ਦੀ ਬਖ਼ਸ਼ਿਸ਼ ਵਾਲੇ ਗੁਰਬਾਣੀ ਦੇ ਮੁਖ ਵਿਸ਼ੇ ਹੀ ਨਦਾਰਦ ਹਨ। ਜਦੋਂ ਇਹੀ ਨਹੀਂ ਤਾਂ ਗੁਰਬਾਣੀ ਅਨੁਸਾਰ ਪ੍ਰਗਟ ਮਨੁੱਖਾ ਜਨਮ ਦੀ ਵਿਸ਼ੇਸ਼ਤਾ, ਇਸ ਸਰੀਰ ਵਿਚਲੇ ਮਨ ਤੇ ਮਨ ਦੀ ਹਊਮੈ ਆਦਿ ਵਾਲੇ ਵਿਸ਼ੇ ਮਿਲਣਗੇ ਹੀ ਕਿਵੇਂ? ਉਨ੍ਹਾਂ ਦੀਆਂ ਕਥਾਵਾਂ `ਚ ਮੁੱਖ ਵਿਸ਼ਾ ਹੀ ਇਹ ਹੁੰਦਾ ਹੈ ਕਿ ਗੁਰਬਾਣੀ ਰਾਹੀਂ ਪ੍ਰਗਟ ਪ੍ਰਭੂ ਦੇ ਗੁਣ ਅਸਾਂ ਆਪ, ਆਪਣੇ ਅੰਦਰ ਪੈਦਾ ਕਰਣੇ ਹਨ।

ਇਸ ਤਰ੍ਹਾਂ ਇਹ ਸਾਰੀ ਗੱਲ ਤੇ ਕਰਣੀ, ਮੈਂ `ਤੇ ਖੜੀ ਹੈ ਨਾ ਕਿ ‘ਗੁਰੂ ਦੀ ਮਿਹਰ `ਤੇ’ ਅਤੇ ਨਾ ‘ਕਰਤੇ ਦੀ ਬਖ਼ਸ਼ਿਸ਼ `ਤੇ’। ਇਸ ਤਰ੍ਹਾਂ ਗਹਿਰਾਈ ਤੋਂ ਵਾਚਿਆਂ ਵਿਸ਼ਾ ਆਪਣੇ ਆਪ ਸਪਸ਼ਟ ਹੋ ਜਾਵੇਗਾ ਕਿ ਅਜਿਹੇ ਸੱਜਨਾਂ ਰਾਹੀਂ ਗੁਰਮੱਤ ਦੇ ਨਾਮ `ਤੇ ਹੋ ਰਿਹਾ ਅਜੋਕਾ ਪ੍ਰਚਾਰ, ਗੁਰਮੱਤ ਦਾ ਪ੍ਰਚਾਰ ਹੈ ਜਾਂ ਕਮਿਉਨਿਜ਼ਮ ਦਾ? ਇਸ ਤਰੀਕੇ ਗੁਰਦੁਆਰਿਆਂ ਦੀਆਂ ਸਟੇਜਾਂ ਨੂੰ ਵਰਤ ਕੇ, ਸਾਡੇ ਜੀਵਨ ਅੰਦਰ ਗੁਰਮੱਤ ਦੇ ਪਰਦੇ `ਚ ਗੁਰਸਿੱਖੀ ਦੀ ਪ੍ਰਪਕਤਾ ਕੀਤੀ ਜਾ ਰਹੀ ਜਾਂ ਕਿਸੇ ਵਿਰੋਧੀ ਵਿਚਾਰਧਾਰਾ ਦੀ?

ਗੁਰਬਾਣੀ `ਚ ਜੂਨਾਂ ਵਾਲਾ ਸਿਲਸਿਲਾ? - ਗੁਰਬਾਣੀ `ਚ ਜਿੱਥੋ ਤੱਕ ਭਿੰਨ ਭਿੰਨ ਗਰਭਾਂ ਦਾ ਵਰਨਣ ਹੈ, ਗਰਭ ਹਰੇਕ ਜਨਮ ਸਮੇਂ ਬਦਲਦਾ ਹੈ, ਉਹੀ ਨਹੀਂ ਹੁੰਦਾ। ਇਸ ਤੋਂ ਬਾਅਦ ਗੁਰਬਾਣੀ `ਚ ਜੂਨਾਂ ਵਾਲਾ ਵਿਸ਼ਾ ਮੁੱਖ ਤੌਰ `ਤੇ ਤਿੰਨ ਰੂਪਾ `ਚ ਆਇਆ ਹੈ, ਇਹ ਤਿੰਨ ਰੂਪ ਹਨ:-

(੧) ਗੁਰਬਾਣੀ `ਚ ਮਨੁੱਖ ਦੇ ਚਲਦੇ ਜਨਮ `ਚ ਸੁਭਾਅ ਦੇ ਅਰਥਾਂ `ਚ ਵੀ ਜੂਨਾਂ-ਜਨਮਾਂ ਵਾਲਾ ਵਿਸ਼ਾ ਬਹੁਤ ਵਾਰ ਆਇਆ ਹੈ ਬਲਕਿ ਕਈ ਵਾਰੀ ਤਾਂ ਪਲ ਪਲ `ਚ ਜੂਨ ਤੇ ਜਨਮ ਦਾ ਤਬਦੀਲ ਹੋ ਜਾਣਾ ਜਾਂ ਇਕੋ ਮਨੁੱਖ ਦਾ ਇਕੋ ਸਮੇਂ ਭਿੰਨ ਭਿੰਨ ਜੂਨਾਂ `ਚ ਵਿਚਰਨਾ, ਇਹ ਵੀ ਗੁਰਬਾਣੀ `ਚ ਆਮ ਹੈ।

(੨) ਪਿਛਲੇ ਮਨੁੱਖਾ ਜਨਮ ਦੇ ਬਿਰਥਾ ਹੋਣ ਦੀ ਸੂਰਤ `ਚ ਜਨਮ ਤੋਂ ਪਹਿਲਾਂ ਕਰਤੇ ਦੇ ਨਿਆਂ `ਚ ਕੀਤੇ ਹੋਏ ਕਰਮਾਂ ਅਨੁਸਾਰ ਭੁਗਤਾਈਆਂ ਜਾ ਚੁੱਕੀਆਂ ਭਿੰਨ ਭਿੰਨ ਜੂਨਾਂ ਲਈ।

(੩) ਪ੍ਰਾਪਤ ਮਨੁੱਖਾ ਜਨਮ ਦੇ ਮੁੜ ਬਿਰਥਾ ਹੋਣ ਦੀ ਸੂਰਤ `ਚ ਫ਼ਿਰ ਤੋਂ ਉਨ੍ਹਾਂ ਹੀ ਜੂਨਾਂ, ਜਨਮਾਂ ਤੇ ਗਰਭਾਂ ਤੋਂ ਬਚਣ ਲਈ ਅਤੇ ਪ੍ਰਾਪਤ ਮਨੁੱਖਾ ਜਨਮ ਨੂੰ ਸ਼ਫ਼ਲ ਕਰਣ ਲਈ, ਚੇਤਾਵਣੀ ਵੱਜੋਂ।

ਇਸ ਤਰ੍ਹਾਂ ਵਰਤਮਾਨ, ਭੂਤ ਤੇ ਭਵਿਖਤ ਕਾਲ ਨਾਲ ਸੰਬੰਧਤ ਨੰਬਰ ਵਾਰ ਤਿੰਨ ਗੁਰ ਫ਼ਰਮਾਣ:-

੧. ਬਹੁਤ ਵਾਰੀ ਗੁਰਬਾਣੀ `ਚ ਦੂਜੀਆਂ ਜੂਨਾਂ ਦਾ ਜ਼ਿਕਰ ਮਨੁੱਖ ਦੀਆਂ ਇਸ ਜਨਮ ਦੀਆਂ ਖੋਟਾਂ ਤੇ ਅਉਗੁਣਾਂ ਨੂੰ ਪ੍ਰਗਟ ਕਰਣ ਲਈ ਆਇਆ ਹੈ ਜਿਵੇਂ: “ਗੁਰ ਮੰਤ੍ਰ ਹੀਣਸ੍ਯ੍ਯ ਜੋ ਪ੍ਰਾਣੀ, ਧ੍ਰਿਗੰਤ ਜਨਮ ਭ੍ਰਸਟਣਹ॥ ਕੂਕਰਹ ਸੂਕਰਹ ਗਰਧਭਹ ਕਾਕਹ ਸਰਪਨਹ ਤੁਲਿ ਖਲਹ” (ਪੰ: ੧੩੫੬) (ਵਰਤਮਾਨ)

੨. ਗੁਰਬਾਣੀ `ਚ ਲਗਭਗ ਇਹੀ ਸ਼ਬਦਾਵਲੀ, ਪਰ ਪਿਛਲੇ ਜਨਮਾਂ `ਚ ਭੋਗੀਆਂ ਜਾ ਚੁੱਕੀਆਂ ਜੂਨਾਂ ਨਾਲ ਸੰਬੰਧਤ ਕਰ ਕੇ ਜਿਵੇਂ:- “ਰਾਮ ਨਾਮ ਸਿਮਰਨ ਬਿਨੁ, ਬੂਡਤੇ ਅਧਿਕਾਈ …. ਸੂਕਰ ਕੂਕਰ ਜੋਨਿ ਭ੍ਰਮੇ, ਤਊ ਲਾਜ ਨ ਆਈ॥ ਰਾਮ ਨਾਮ ਛਾਡਿ ਅੰਮ੍ਰਿਤ, ਕਾਹੇ ਬਿਖੁ ਖਾਈ” (ਪੰ: ੬੯੨) (ਭੂਤ ਕਾਲ)

੩. ਜੂਨਾਂ ਉਹੀ ਹਨ ਪਰ ਮੌਤ ਤੋਂ ਬਾਅਦ ਲਈ ਚੇਤਾਵਣੀ ਵਜੋਂ ਜਿਵੇਂ “ਐ ਮਨੁੱਖ! ਜੇ ਤੂੰ ਇਸ ਜਨਮ ਦੀ ਵੀ ਸੰਭਾਲ ਨਾ ਕੀਤੀ ਤਾਂ:- “ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ, ਤੇ ਭਾਗਹੀਣ ਜਮਿ ਮਾਰੇ॥ ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ, ਦਯਿ ਮਾਰੇ ਮਹਾ ਹਤਿਆਰੇ” (ਪੰ: ੪੯੩) (ਭਵਿਖਤ ਕਾਲ)

ਭਾਵ ਜਿਹੜੇ ਮਨੁੱਖਾ ਜਨਮ ਪਾ ਕੇ ਵੀ ਕਰਤੇ ਦੀ ਸਿਫ਼ਿਤ ਸਲਾਹ ਨਾਲ ਨਹੀਂ ਜੁੜਦੇ, ਇਸ ਦੁਰਲਭ ਜਨਮ ਦੀ ਸੰਭਾਲ ਨਹੀਂ ਕਰਦੇ। ਉਹ ਕਰਤੇ ਦੀ ਬਖ਼ਸ਼ਿਸ਼ ਦੇ ਪਾਤ੍ਰ ਨਹੀਂ ਬਣ ਸਕਦੇ (ਭਾਗਹੀਨ ਹੀ ਰਹਿੰਦੇ ਹਨ)। ਅਜਿਹੇ ਮਨੁੱਖ ਜਨਮ ਵਿਹਾਜਣ ਬਾਅਦ ਫ਼ਿਰ ਤੋਂ ‘ਜਮਿ ਮਾਰੇ’ ਫ਼ਿਰ ਤੋਂ ਜਨਮਾਂ ਦੇ ਗੇੜ `ਚ ਪੈਂਦੇ ਹਨ। ਉਨ੍ਹਾਂ ਨੂੰ ਫ਼ਿਰ ਤੋਂ ਕੁਤਿਆਂ, ਸੂਰਾਂ, ਗਧਿਆਂ ਆਦਿ ਵਾਲੇ ਗਰਭ ਹੀ ਭੋਗਣੇ ਪੈਂਦੇ ਹਨ।

ਨੋਟ- ੧. ਇਥੇ ਲਫ਼ਜ਼ ‘ਜਮਿ ਮਾਰੇ’ ਦੇ ਅਰਥ ਖਾਸ ਧਿਆਨ ਮੰਗਦੇ ਹਨ। (੧) ਇਥੇ ਬ੍ਰਾਹਮਣੀ ਵਿਸ਼ਵਾਸਾਂ ਤੇ ਗਰੁੜ ਪੁਰਾਨ ਰਾਹੀਂ ਪ੍ਰਗਟ ਜਮ ਵਾਲੇ ਅਰਥਾਂ `ਚ ਲਫ਼ਜ਼ ‘ਜਮਿ ਮਾਰੇ’ ਨਹੀਂ ਆਇਆ।

੨. ਗੁਰਬਾਣੀ `ਚ ਲਫ਼ਜ਼ ‘ਜਮ’, ‘ਜਨਮ ਮਰਨ’ ਦਾ ਸੰਖੇਪ ਅਤੇ ਬੇਅੰਤ ਵਾਰ ਮੌਤ ਦੇ ਅਰਥਾਂ `ਚ ਵੀ ਆਇਆ ਹੈ।

੩. ਗੁਰਬਾਣੀ `ਚ ਲਫ਼ਜ਼ ‘ਜਮ’ ਦਾ ਅਰਥ ਮਨਮੁਖ ਦੇ ਅਜੋਕੇ ਜਨਮ ਸਮੇਂ ਵਿਕਾਰੀ ਜੀਵਨ ਨਾਲ ਵੀ ਸੰਬੰਧਤ ਹੈ। ਉਪ੍ਰੰਤ ਅਜਿਹੇ ਮਨਮਤੀ ਜੀਵਨ ਦਾ ਹੀ ਨਤੀਜਾ, ਮੌਤ ਤੋਂ ਬਾਅਦ ਮਨੁੱਖਾ ਜਨਮ ਦਾ ਬਿਰਥਾ ਹੋਣਾ ਤੇ ਮੁੜ ਜਨਮ ਮਰਨ, ਜੂਨਾਂ, ਗਰਭਾਂ ਵਾਲੇ ਗੇੜ `ਚ ਪੈਣਾ ਹੀ ‘ਜਮਿ ਮਾਰੇ’ ਹੈ

੪. ਮਨਮੁਖ ਦੇ ਅਜੋਕੇ ਜਨਮ ਲਈ, ਜਮ ਦਾ ਅਰਥ ਹੈ ਜੀਊਂਦੇ ਜੀਅ ਵਿਕਾਰਾਂ ਦੀ ਮਾਰ ਹੇਠ ਚਿੰਤਾ, ਝੋਰੇ, ਆਸ਼ਾ-ਤ੍ਰਿਸ਼ਨਾ, ਭਟਕਣਾ, ਖੁਆਰੀਆਂ, ਗੁਣਾਹਾਂ, ਜੁਰਮਾਂ ਆਦਿ ਵਾਲਾ ਜਨਮਬਤੀਤ ਕਰਣਾ।

੫. ਗੁਰਬਾਣੀ ਅਨੁਸਾਰ ਮਨਮੁਖ ਦੀ ਸਰੀਰਕ ਮੌਤ ਬਾਅਦ ਲਈ, ਜਮ ਦੇ ਅਰਥ ਹੁੰਦੇ ਹਨ ਫ਼ਿਰ ਤੋਂ ਜਨਮਾਂ, ਜੂਨਾਂ, ਗਰਭਾਂ ਦੇ ਗੇੜ `ਚ ਪੈਣਾ।

ਗੁਰਦੇਵ ਨੇ ਇਥੇ ਗਧੇ ਸੂਰ ਆਦਿ ਜੂਨਾਂ ਦੀਆਂ ਮਿਸਾਲਾਂ ਵਰਤੀਆਂ ਹਨ। ਕਮਾਲ ਇਹ ਕਿ ਇਹ ਸਾਰੇ ਪ੍ਰਮਾਣ ਗੁਰਬਾਣੀ `ਚੋਂ ਹੀ ਹਨ। ਜਦਕਿ ਗਧੇ ਸੂਰ ਆਦਿ ਦੀਆਂ ਜੂਨਾਂ, ਜਿਨ੍ਹਾਂ ਨੂੰ ਗੁਰਦੇਵ ਨੇ ਇਨ੍ਹਾਂ ਪ੍ਰਮਾਣਾਂ `ਚ ਮਿਸਾਲ ਵੱਜੋਂ ਵਰਤਿਆ ਹੈ। ਹਰੇਕ ਪ੍ਰਮਾਣ `ਚ ਮਿਸਾਲਾਂ ਉਨ੍ਹਾਂ ਹੀ ਜੂਨੀਆਂ ਦੀਆਂ ਹਨ, ਪਰ ਤਿੰਨਾਂ ਪ੍ਰਮਾਣਾਂ `ਚ ਵਰਤਮਾਨ, ਭੂਤ ਤੇ ਭਵਿਖ ਭਾਵ ਕਾਲ ਭਿੰਨ ਭਿੰਨ ਹਨ ਤਾਂ ਤੇ ਨੰਬਰਵਾਰ ਅਰਥ:-

ਮਿਸਾਲ ਨੰ: ੧-ਗੁਰਦੇਵ ਨੇ ਇਥੇ ਉਨ੍ਹਾਂ ਹੀ ਗਧੇ ਸੂਰ ਆਦਿ ਦੀਆਂ ਜੂਨਾਂ ਨੂੰ ਮਨੁੱਖ ਦੇ ਭਿੰਨ ਭਿੰਨ ਸੁਭਾਵਾਂ ਲਈ ਵਰਤਮਾਨ ਕਾਲ `ਚ ਤੇ ਉਸ ਦੇ ਚੱਲ ਰਹੇ ਜਨਮ ਲਈ ਵਰਤਿਆ ਹੈ। (ਵਰਤਮਾਨ)

ਮਿਸਾਲ ਨੰ: ੨-ਜੂਨਾਂ ਉਹੀ ਪਰ ਮਨੁੱਖ ਨੂੰ ਸਮਝਾਉਣ ਲਈ, “ਐ ਮਨੁੱਖ! ਤੈਨੂੰ ਸ਼ਰਮ ਨਹੀਂ ਆਉਂਦੀ, ਅਜਿਹੀਆਂ ਜੂੰਨਾਂ ਤਾਂ ਤੂੰ ਹੁਣੇ ਭੁਗਤਾਅ ਕੇ ਮਨੁੱਖਾ ਜੂਨ `ਚ ਆਇਆ ਹੈਂ। ਤਾਂ ਕੀ ਪ੍ਰਭੂ ਨੂੰ ਵਿਸਾਰ ਕੇ ਤੂੰ ਇਸ ਜਨਮ ਨੂੰ ਵੀ ਬਿਰਥਾ ਕਰ ਕੇ ਮੁੜ ਉਨ੍ਹਾਂ ਹੀ ਜੂਨਾਂ `ਚ ਪੈਣਾ ਚਾਹੁੰਦਾਂ ਹੈ? (ਭੂਤ ਕਾਲ)

ਮਿਸਾਲ ਨੰ: ੩-ਇਥੇ ਵੀ ਗੁਰਦੇਵ ਨ ਲਗਭਗ ਉਨ੍ਹਾਂ ਹੀ ਗਧੇ, ਸੂਰ ਆਦਿ ਜੂਨਾਂ ਦੀ ਵਰਤੋਂ ਕਰ ਕੇ ਸੁਚੇਤ ਕੀਤਾ ਹੈ ਕਿ “ਐ ਮਨੁੱਖ! ਚੇਤੇ ਰੱਖ! ਜੇ ਤੂੰ ਹੁਣ ਭਾਵ ਇਸ ਵਾਰ ਵੀ ਅਪਣੇ ਆਪ ਨੂੰ ਨਾ ਸੰਭਾਲਿਆਂ ਤਾਂ ਤੈਨੂੰ ਫ਼ਿਰ ਤੋਂ ਗਧੇ ਸੂਰ ਆਦਿ ਦੀਆਂ ਜੂਨਾਂ `ਚ ਹੀ ਪੈਣਾ ਪਵੇਗਾ। (ਭਵਿਖਤ ਕਾਲ)।

(ਧਿਆਨ ਦੇਣਾ ਹੈ ਕਿ ਨੰਬਰਵਾਰ ਤਿੰਨਾਂ ਗੁਰਬਾਣੀ ਫ਼ੁਰਮਾਨਾਂ `ਚ ਜੂਨੀਆਂ ਸੰਬੰਧੀ ਸ਼ਬਦਾਵਲੀ ਲਗਭਗ ਇਕੋ ਹੈ ਪਰ ਵਰਤਮਾਨ, ਭੂਤ ਤੇ ਤੀਜੀ ਵਾਰ ਭਵਿਖਤ ਕਾਲ ਨਾਲ ਸੰਬੰਧਤ ਹੈ।)

“ਕਾਹੇ ਕਲਰਾ ਸਿੰਚਹ” -ਗੁਰਬਾਣੀ ਅਨੁਸਾਰ “ਮਨੁੱਖਾ ਜਨਮ ਸਮੇਂ ‘ਮਨ’ ਤੇ ਮਨ ਰਾਹੀਂ ਹਉਮੈ ਵੱਸ ਕੀਤੇ ‘ਕਰਮਾਂ’ ਦਾ ਵਿਸ਼ਾ” ਵਿਸ਼ੇਸ਼ ਧਿਆਨ ਮੰਗਦੇ ਹਨ।

ਦੂਜੇ ਪਾਸੇ ਬੇਸ਼ੱਕ ਗਰੁੜ ਪੁਰਾਣ. ਸਾਂਖ ਸ਼ਾਸਤ੍ਰ ਆਦਿ ਬ੍ਰਾਹਮਣੀ ਪੁਸਤਕਾਂ ਅਨੁਸਾਰ ਵੀ ਕਰਮ ਸਿਧਾਂਤ ਹੈ। ਇਹੀ ਨਹੀਂ ਉਥੇ ਉਸ ਦੇ ਉਸੇ ਕਰਮ ਸਿਧਾਂਤ `ਤੇ ਆਧਾਰਤ ਪਿਛਲੇ ਅਗਲੇ ਜਨਮਾਂ ਦੇ ਗੇੜ, ਭਿੰਨ ਭਿੰਨ ਜੂਨਾਂ ਵਾਲਾ ਵਿਸ਼ਾ, ਜਨਮ ਮਰਨ ਤੇ ਆਵਾਗਉਣ ਦੇ ਵਿਸ਼ੇ ਵੀ ਹਨ।

ਜਦਕਿ ਇਹ ਵੀ ਸੱਚ ਹੈ ਕਿ ਬ੍ਰਾਹਮਣ ਦੀ ਅਜਿਹੀ ਸਾਰੀ ਵਿਚਾਰਧਾਰਾ ਤੇ ਇਨ੍ਹਾਂ ਸਾਰੇ ਵਿਸ਼ਿਆਂ ਨਾਲ ਗੁਰਮੱਤ, ਗੁਰਬਾਣੀ ਤੇ ਗੁਰੂ ਕੀਆਂ ਸੰਗਤਾਂ ਦਾ ਕੁੱਝ ਵੀ ਲੈਣਾ ਦੇਣਾ ਨਹੀਂ। ਗੁਰਬਾਣੀ ਉਸ ਦੇ ਇਨ੍ਹਾਂ ਵਿਸ਼ਵਾਸਾਂ ਨੂੰ ਮੂਲੋਂ ਹੀ ਪ੍ਰਵਾਣ ਨਹੀਂ ਕਰਦੀ ਬਲਕਿ ਨਕਾਰਦੀ ਵੀ ਹੈ। ਇਹੀ ਨਹੀਂ, ਬ੍ਰਾਹਮਣ ਮੱਤ ਦੇ ਅਜਿਹੇ ਸੰਪੂਰਨ ਕਰਮ ਕਾਂਡਾਂ ਤੇ ਵਿਸ਼ਵਾਸਾਂ ਪ੍ਰਤੀ ਗੁਰਬਾਣੀ ਦੇ ਫ਼ੈਸਲੇ ਹਨ ਜਿਵੇਂ:-

“ਕਾਹੇ ਕਲਰਾ ਸਿੰਚਹ ਜਨਮੁ ਗਵਾਵਹੁ॥ ਕਾਚੀ ਢਹਗਿ ਦਿਵਾਲ ਕਾਹੇ ਗਚੁ ਲਾਵਹੁ” (ਪੰ: ੧੧੭੧) ਅਥਵਾ

“ਬੇਦ ਕੀ ਪੁਤ੍ਰੀ ਸਿੰਮ੍ਰਿਤਿ ਭਾਈ॥ ਸਾਂਕਲ ਜੇਵਰੀ ਲੈ ਹੈ ਆਈ॥ ੧॥ ਆਪਨ ਨਗਰੁ ਆਪ ਤੇ ਬਾਧਿਆ॥ ਮੋਹ ਕੈ ਫਾਧਿ ਕਾਲ ਸਰੁ ਸਾਂਧਿਆ॥ ੧॥ ਰਹਾਉ॥ ਕਟੀ ਨ ਕਟੈ ਤੂਟਿ ਨਹ ਜਾਈ॥ ਸਾ ਸਾਪਨਿ ਹੋਇ ਜਗ ਕਉ ਖਾਈ” (ਪੰ: ੩੨੯) ਇਸੇ ਤਰ੍ਹਾਂ

“ਕਬੀਰ ਬਾਮਨੁ ਗੁਰੂ ਹੈ ਜਗਤ ਕਾ, ਭਗਤਨ ਕਾ ਗੁਰੁ ਨਾਹਿ॥ ਅਰਝਿ ਉਰਝਿ ਕੈ ਪਚਿ ਮੂਆ ਚਾਰਉ ਬੇਦਹੁ ਮਾਹਿ” (ਪੰ: ੧੩੭੭) ਇਹੀ ਨਹੀਂ, ਹੱਥਲੇ ਵਿਸ਼ੇ ਨਾਲ ਸੰਬੰਧਤ ਹੋਰ ਵੀ ਬੇਅੰਤੇ ਗੁਰਬਾਣੀ ਫ਼ੁਰਮਾਨ ਪ੍ਰਾਪਤ ਹਨ।

ਦੂਜਾ ਬ੍ਰਾਹਮਣ ਦੇ ਘਰ `ਚ ਤਾਂ “ਸਭ ਮਹਿ ਜੋਤਿ ਜੋਤਿ ਹੈ ਸੋਇ॥ ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ॥ ਗੁਰ ਸਾਖੀ ਜੋਤਿ ਪਰਗਟੁ ਹੋਇ” (ਪੰ: ੧੩) ਉਪ੍ਰੰਤ ਮਨੁੱਖਾ ਜਨਮ ਦੀ ਉਤੱਮਤਾ, ਗੁਰਬਾਣੀ ਰਾਹੀਂ ਪ੍ਰਗਟ ਮਨੁੱਖੀ ਮਨ, ਹਊਮੈ ਤੇ ਪਭੂ `ਚ ਅਭੇਦ ਹੋਣ ਵਾਲੇ ਸਿਧਾਂਤ ਮੂਲੋਂ ਹੀ ਨਹੀਂ ਹਨ।

ਕਰਮ ਸਿਧਾਂਤ, ਗੁਰਬਾਣੀ ਤੇ ਗੁਰਮੱਤ ਦਾ ਪ੍ਰਮੁੱਖ ਵਿਸ਼ਾ ਹੈ ਪਰ ਇਥੇ ਇਹ ਵਿਸ਼ਾ ਹੈ “ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ” (ਪੰ: ੬੮੭) ਅਨੁਸਾਰ ‘ਅਸਫ਼ਲ’ ਜੀਵਨ ਤੋਂ ‘ਸਫ਼ਲ’ ਜੀਵਨ ਤੱਕ ਦੀ ਯਾਤ੍ਰਾ ਦਾ। ਇਥੇ ਇਹ ਵਿਸ਼ਾ ਮਨੁੱਖਾ ਮਨ, ਹਊਮੈ ਅਤੇ ਮਨੁੱਖਾ ਜਨਮ ਤੱਕ ਹੀ ਸੀਮਤ ਹੈ। ਇਥੇ ਵੀ ਕਰਮ ਸਿਧਾਂਤ, ਆਵਾਗਉਣ, ਜੂਨਾਂ ਦੇ ਗੇੜ, ਜਨਮ ਮਰਨ ਆਦਿ ਦੇ ਵਿਸ਼ੇ ਤਾਂ ਹਨ, ਪਰ ਇਥੇ ਇਨ੍ਹਾਂ ਦਾ ਸੰਬੰਧ ਕੇਵਲ ਤੇ ਕੇਵਲ ਮਨੁੱਖਾ ਜੂਨ ਨਾਲ ਹੈ। ਜਦਕਿ ਗੁਰਮੱਤ ਅਨੁਸਾਰ ਬਾਕੀ ਅਰਬਾਂ, ਖਰਬਾਂ ਜੂਨਾਂ, ਬਿਰਥਾ ਮਨੁੱਖਾ ਜਨਮ ਸਮੇਂ ਕੀਤੇ ਕਰਮਾਂ ਦਾ ਲੇਖਾ ਜੋਖਾ ਹੀ ਹੁੰਦੀਆਂ ਹਨ। ਹੋਰ ਤਾਂ ਹੋਰ, ਇਥੇ, ਫ਼ਿਰ ਕਿਸੇ ਸਫ਼ਲ ਮਨੁੱਖਾ ਜਨਮ ਸਮੇਂ ਇਹ ਜੂਨਾਂ ਵਾਲਾ ਗੇੜ ਤੇ ਸਿਲਸਿਲਾ ਮੁੱਕ ਵੀ ਸਕਦਾ ਹੈ। ਇਥੇ ਇਸ ਸਾਰੇ ਦਾ ਆਧਾਰ ਕੇਵਲ ਉਹ ਮਨ ਹੈ ਜਿਸ ਬਾਰੇ ਫ਼ੁਰਮਾਨ ਹਨ:-

“ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ?” (ਪੰ: ੩੩੦) ਜਾਂ

“ਇਸੁ ਤਨ ਮਹਿ ਮਨੁ, ਕੋ ਗੁਰਮੁਖਿ ਦੇਖੈ” (ਪੰ: ੬੮੬) ਹੋਰ

“ਇਸੁ ਮਨ ਕਉ ਨਹੀ ਆਵਨ ਜਾਨਾ॥ ਜਿਸ ਕਾ ਭਰਮੁ ਗਇਆ, ਤਿਨਿ ਸਾਚੁ ਪਛਾਨਾ॥ ੬॥ ਇਸੁ ਮਨ ਕਉ ਰੂਪੁ ਨ ਰੇਖਿਆ ਕਾਈ॥ ਹੁਕਮੇ ਹੋਇਆ, ਹੁਕਮੁ ਬੂਝਿ ਸਮਾਈ॥ ੭॥ ਇਸ ਮਨ ਕਾ ਕੋਈ ਜਾਨੈ ਭੇਉ॥ ਇਹ ਮਨਿ ਲੀਣ ਭਏ ਸੁਖਦੇਉ” (ਪੰ: ੩੩੦) ਜਾਂ

“ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ” (ਪੰ: ੪੪੧) ਇਸ ਤਰ੍ਹਾਂ ਇਥੇ ਕੁਰਾਹੇ ਪੈ ਚੁੱਕਾ ਹਉਮੈ ਤੇ ਵਾਸ਼ਨਾ ਬਧਾ ਮਨ ਹੀ ਹੁੰਦਾ ਹੈ ਜੋ ਕਰਮਾਂ ਨੂੰ ਭੁਗਤਾਉਣ ਲਈ ਆਵਾਗਉਣ, ਜਨਮ ਮਰਨ ਤੇ ਜੂਨਾਂ ਦੇ ਗੇੜ ਦਾ ਮੂਲ ਕਾਰਣ ਬਣਦਾ ਹੈ।

ਜਦਕਿ ਪਤਾ ਨਹੀਂ ਕਿਵੇਂ ਤੇ ਕਿਉਂ ਸਾਡੇ ਹੀ ਕੁੱਝ ਪ੍ਰਚਾਰਕ ਇਸ ਵਿਸ਼ੇ ਨੂੰ ਲੈਣ ਸਮੇਂ “ਪਵਨੈ ਮਹਿ ਪਵਨੁ ਸਮਾਇਆ॥ ਜੋਤੀ ਮਹਿ ਜੋਤਿ ਰਲਿ ਜਾਇਆ॥ ਮਾਟੀ ਮਾਟੀ ਹੋਈ ਏਕ॥ ਰੋਵਨਹਾਰੇ ਕੀ ਕਵਨ ਟੇਕ” (ਪੰ: ੮੮੫) ਅਤੇ “ਜਲ ਤਰੰਗ ਅਰੁ ਫੇਨ ਬੁਦਬੁਦਾ ਜਲ ਤੇ ਭਿੰਨ ਨ ਹੋਈ॥ ਇਹੁ ਪਰਪੰਚੁ ਪਾਰਬ੍ਰਹਮ ਕੀ ਲੀਲਾ ਬਿਚਰਤ ਆਨ ਨ ਹੋਈ” (ਪੰ: ੪੮੫) ਆਦਿ ਗੁਰਬਾਣੀ ਫ਼ੁਰਮਾਨਾਂ ਨੂੰ ਉਨ੍ਹਾਂ ਦੇ ਅਧੂਰੇ ਤੇ ਇੱਕ ਪਾਸੜ ਅਰਥਾਂ ਲੈ ਕੇ ਆਪ ਵੀ ਗੁਮਰਾਹ ਹੁੰਦੇ ਹਨ ਅਤੇ ਸੰਗਤਾਂ ਨੂੰ ਵੀ ਗੁਮਰਾਹ ਕਰਣ ਦਾ ਕਾਰਣ ਬਣਦੇ ਹਨ। ਜਿਵੇਂ ਕਿ ਅੱਜ ਬਹੁਤਾ ਕਰਕੇ ਇਹੀ ਕੁੱਝ ਹੋ ਵੀ ਰਿਹਾ ਹੈ।

ਵਿਸ਼ੇ ਸੰਬੰਧੀ ਕੁੱਝ ਚੇਤਾਵਣੀਆਂ-ਸਮੂਹ ਗੁਰਮੱਤ ਪ੍ਰੇਮੀਆਂ ਦੀ ਸੇਵਾ `ਚ ਸਨਿਮ੍ਰ ਬੇਨਤੀ ਹੈ ਕਿ ਉਹ ‘ਜਨਮ-ਮਰਨ’ ਦੇ ਵਿਸ਼ੇ ਨਾਲ ਘਟੋਘਟ ਤਿੰਨ ਚੀਜ਼ਾਂ ਵੱਲੋਂ ਜ਼ਰੂਰ ਸੁਚੇਤ ਰਹਿਣ; -

(੧) ਪਹਿਲਾ-ਆਪਣੇ ਆਪ ਨੂੰ ਘੌਖਣ ਕਿ ਅਜਿਹੇ ਸਮੇਂ ਨਾਲ ਸੰਬੰਧਤ ਉਹ ਕਿਹੜੇ ਬ੍ਰਾਹਮਣੀ ਵਿਸ਼ਵਾਸ ਤੇ ਕਰਮਕਾਂਡ ਹਨ ਜਿਨ੍ਹਾਂ ਦਾ ਗੁਰਦੇਵ ਨੇ ਗੁਰਬਾਣੀ `ਚ ਵਿਰੋਧ ਕੀਤਾ ਹੈ, ਜਿਨ੍ਹਾਂ ਨੂੰ ਪਾਖੰਡ ਕਰਮ ਤੱਕ ਵੀ ਕਿਹਾ ਤੇ ਨਕਾਰਿਆ ਹੈ ਪਰ ਅਨਜਾਣੇ `ਚ ਅਨਭੋਲਤਾ ਵੱਸ, ਅੱਜ ਅਸੀਂ ਨਿਸ਼ਚਿੰਤ ਹੋ ਕੇ ਉਹੀ ਕਰਮ ਕਰਦੇ ਜਾ ਰਹੇ ਹਾਂ; ਇਸ ਲਈ ਸਾਨੂੰ ਉਨ੍ਹਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ।

(੨) ਇਸ ਸੰਬੰਧ `ਚ ਕਿਹੜੇ ਸਾਮਵਾਦੀ-ਕਾਮਰੇਡੀ ਪ੍ਰਭਾਵ ਹਨ ਜਿਹੜੇ ਅਗਿਆਨਤਾ ਵੱਸ ਅੱਜ ਸਾਡੀ ਗੁਰਮੱਤ ਸੋਚ ਅੰਦਰ ਧਸਦੇ ਜਾ ਰਹੇ ਹਨ। ਉਪ੍ਰੰਤ ਜਿਸ ਦਾ ਨਤੀਜਾ, ਅੱਜ ਅਸੀਂ ਕਈ ਪੱਖਾਂ ਤੇ ਤਾਂ ਗੁਰਬਾਣੀ ਸ਼ਬਦਾਵਲੀ ਦੇ ਅਰਥਾਂ ਤੇ ਵਿਚਾਰਧਾਰਾ ਤੱਕ ਨੂੰ ਵੀ ਬਦਲਣ ਵਾਲਾ ਗੁਣਾਹ ਕਰ ਰਹੇ ਹਾਂ। ਜਦਕਿ ਇਹ ਗੁਰੂ-ਗੁਰਬਾਣੀ ਨਾਲ ਸਾਡੀ ਅਜਿਹੀ ਗੁਸਤਾਖੀ ਤੇ ਅਜਿਹਾ ਬਜਰ ਗੁਣਾਹ ਹੈ, ਜੋ ਇੱਕ ਪਾਸੇ ਗੁਰਬਾਣੀ `ਚ ਕੇਵਲ ਇੱਕ ਲਫ਼ਜ਼ ‘ਮੁਸਲਮਾਨ ਤੋਂ ਬੇਈਮਾਨ’ ਕਹਿਣ ਦਾ ਨਤੀਜਾ, ਗੁਰਦੇਵ ਨੇ ਲਖ਼ਤੇ ਜਿਗਰ ਨੂੰ ਵੀ ਜੀਵਨ ਭਰ ਮੂੰਹ ਨਹੀਂ ਲਗਾਇਆ। ਜਦਕਿ ਅਸੀਂ ਕਿਸ ਪਾਸੇ ਟੁਰ ਪਏ ਹਾਂ? ਕੌਣ ਸੋਚੇਗਾ?

(੩) ਅਸਾਂ ਇਸ ਤੋਂ ਵੀ ਸੁਚੇਤ ਰਹਿਣਾ ਹੈ ਕਿ ਗੁਰਮੱਤ ਅਨੁਸਾਰ ‘ਜਨਮ-ਮਰਨ’ ਵਾਲੇ ਵਿਸ਼ੇ ਨਾਲ ਸੰਬੰਧਤ ਕਰਮ ਫ਼ਿਲਾਸਫ਼ੀ, ਕਰਮ ਸਿਧਾਂਤ, ਭਿੰਨ ਭਿੰਨ ਜੂਨਾਂ, ਆਵਾਗਉਣ ਤੇ ਮਨੁੱਖਾ ਜਨਮ ਦਾ ਸਫ਼ਲ ਹੋਣਾ ਕੀ ਹੈ? ਇਹ ਵੀ ਕਿ ਗੁਰਬਾਣੀ ਅਨੁਸਾਰ ‘ਮਨੁੱਖਾ ਜਨਮ ਦੀ ਵਿਸ਼ੇਸ਼ਤਾ’, ਮਨੁੱਖੀ ਮਨ ਲਈ ਵਾਸ਼ਨਾ ਹਊਮੈ ਆਦਿ ਵਿਸ਼ੇ ਕੀ ਹਨ? ਜਿਨ੍ਹਾਂ ਤੋਂ ਲਾਪਰਵਾਹ ਰਹਿ ਕੇ ਅੱਜ ਅਸੀਂ ਕਿਧਰੇ ਖ਼ੁਦ ਹੀ ਆਪਣੇ ਦੁਰਲਭ ਜਨਮ ਵਾਲੇ ਅਉਸਰ, ਵਾਰੀ ਤੇ ਵੇਲੇ ਨੂੰ ਵੀ ਬਿਰਥਾ ਕਰਣ ਦਾ ਕਾਰਣ ਤਾਂ ਨਹੀਂ ਬਣ ਰਹੇ?

ਇਸ ਤਰ੍ਹਾਂ ਘਟੋਘਟ “ਮਿਲੁ ਜਗਦੀਸ ਮਿਲਨ ਕੀ ਬਰੀਆ॥ ਚਿਰੰਕਾਲ ਇਹ ਦੇਹ ਸੰਜਰੀਆ(ਪੰ: ੧੭੬) ਅਨੁਸਾਰ ਗੁਰਦੇਵ ਵੱਲੋਂ ਚੇਤਾਵਣੀ ਦ ਲਾਭ ਲੈ ਕੇ ਅਜਿਹੀ ਲਾਪਰਵਾਹੀ ਤੋਂ ਬੱਚ ਸਕੀਏ ਤੇ ਦੁਰਲਭ ਮਨੁੱਖਾ ਜਨਮ ਦੀ ਸੰਭਾਲ ਦੇ ਯੋਗ ਹੋ ਸਕੀਏ। ਨਹੀਂ ਤਾਂ ਸਾਡੀ ਹਾਲਤ ਵੀ ਫ਼ਿਰ ਤੋਂ “ਲਖ ਚਉਰਾਸੀਹ, ਜੋਨਿ ਭ੍ਰਮਾਇਆ. .” (ਪੰ: ੧੭੬) ਵਾਲੀ ਹੀ ਨਾ ਬਣੇਗੀ। ਤਾਂ ਤੇ ਲੋੜ ਹੈ ਕਿ ਸ਼ਬਦ ਗੁਰੂ ਦੀ ਕਮਾਈ ਅਤੇ ਸਾਧਸੰਗਤ ਦੇ ਮਿਲਾਪ ਰਾਹੀਂ ਅਸੀਂ ਇਸ ਪ੍ਰਾਪਤ ਮਨੁੱਖਾ ਜਨਮ ਦਾ ਯੋਗ ਲਾਭ ਲਵੀਏ।

ਨੋਟ-ਗੁਰੂ ਕੀਆਂ ਸੰਗਤਾਂ ਤੇ ਗੁਰਮੱਤ ਦੇ ਪਾਠਕਾਂ ਦੇ ਚਰਨਾਂ `ਚ ਸਨਿਮ੍ਰ ਬੇਨਤੀ ਹੈ ਕਿ ਵਿਸ਼ੇ ਨਾਲ ਸੰਬੰਧਤ ਦਾਸ ਦੀ ਜਨਮ-ਮਰਨ ਦੇ ਵਿਸ਼ੇ ਨਾਲ ਸੰਬੰਧਤ ਪੁਸਤਕ “ਵਿਸ਼ਾ-ਜਨਮ ਮਰਨ ਅਤੇ ਸਿੱਖ ਧਰਮ” ਜ਼ਰੂਰ ਮੰਗਵਾਉਣ ਤੇ ਪੜ੍ਹਣ। ਇਹ ਪੁਸਤਕ ਆਪ ਜੀ ਸਿਧੀ ਸੈਂਟਰ ਪਾਸੋਂ ਜਾਂ ਸਿੰਘ ਬ੍ਰਦਰਜ਼, ਅਮ੍ਰਿਤਸਰ (ਪੰਜਾਬ) ਜਿਨ੍ਹਾਂ ਦਾ ਪੂਰਾ ਪਤਾ ਤੇ ਫ਼ੋਨ ਨੰਬਰ ਹੈ M/s Singh Bros. S.C.O 223-24, City Centre, Near Guru Nanak Bhawan, Amritsar (Pb)-143001. Ph Nos. 099150-48001,183-2550739,2543965 ਉਨ੍ਹਾਂ ਤੋਂ ਵੀ ਮੰਗਵਾਈ ਜਾ ਸਕਦੀ ਹੈ ਜੀ।

ਅੰਤ `ਚ, ਚੇਤਾਵਣੀ ਹੈ ਕਿ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਅੱਜ ਸਾਡੀ ਹੋਂਦ `ਤੇ ਇੱਕ ਹੋਰ ਪਾਸਿਓਂ ਵੀ ਹਮਲਾ ਹੋ ਚੁੱਕਾ ਹੈ ਅਤੇ ਉਸ ਹਮਲੇ ਦਾ ਓਪਰਾ ਜਿਹਾ ਰੂਪ ਹੈ ਕਿ ਉਨ੍ਹਾਂ ਲੋਕਾਂ ਅਨੁਸਾਰ ਸਾਡੇ ਦਾੜ੍ਹੀ ਕੇਸ ਵੀ ਭੇਖ ਮਾਤ੍ਰ ਹੀ ਹਨ ਅਤੇ ਇਹ ਗੁਰਬਾਣੀ ਆਦੇਸ਼ਾਂ ਦਾ ਹਿੱਸਾ ਨਹੀਂ ਹਨ।

ਵਿਚਾਰਣ ਦਾ ਵਿਸ਼ਾ ਹੈ ਕਿ ਅਜਿਹੇ ਹਮਲਿਆਂ ਤੋਂ ਅਸੀਂ ਕਦੋਂ ਤੱਕ ਸੁਚੇਤ ਨਹੀਂ ਹੋਵਾਂਗੇ, ਕੀ ਅਸੀਂ ਉਦੋਂ ਸੁਚੇਤ ਹੋਵਾਂਗੇ ਜਦੋਂ ਸਾਡੀ ਪੂਰੀ ਤਬਾਹੀ ਹੋ ਚੁੱਕੀ ਹੋਵੇਗੀ। ਇਸ ਲਈ ਸੰਗਤਾਂ ਦੇ ਚਰਨਾਂ `ਚ ਜੋਦੜੀ ਹੈ ਕਿ ਅਜੇ ਵੀ ਸਾਡੇ ਕੋਲ ਸੰਭਲਣ ਦਾ ਸਮਾਂ ਹੈ, ਲੋੜ ਹੈ ਗੁਰਬਾਣੀ ਦੀ ਰੋਸ਼ਨੀ `ਚ ਸੁਚੇਤ ਹੋਣ ਦੀ #224s13.02.13#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No 224

“ਸਫਲ ਸਫਲ ਭਈ ਸਫਲ ਜਾਤ੍ਰਾ”

For all the Gurmat Lessons written upon Self Learning base by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org




.