.

ਜਸਬੀਰ ਸਿੰਘ ਵੈਨਕੂਵਰ

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਨਾਲ ਸੰਬੰਧਤ ਕੁੱਝ ਮਨਘੜਤ ਸਾਖੀਆਂ

(ਕਿਸ਼ਤ ਪੰਜਵੀਂ)

ਗੁਰੂ-ਪੁੱਤਰ ਹੋਣ ਕਾਰਨ ਹੀ ਗੁਰੂ ਪਰਵਾਰ ਨਾਲ ਸੰਬੰਧ ਰੱਖਣ ਵਾਲਿਆਂ ਦੀ ਪੂਜਾ ਪ੍ਰਤਿਸ਼ਠਾ ਦਾ ਗੁਰਦੇਵ ਦਾ ਫ਼ਰਮਾਨ ਹੁੰਦਾ ਤਾਂ ਸਿੱਖ ਪੰਥ ਵਿੱਚ ਮੀਣੇ, ਧੀਰਮਲੀਏ ਅਤੇ ਰਾਮਰਾਈਆਂ ਨਾਲ ਮੇਲ-ਜੋਲ਼ ਦੀ ਮਨ੍ਹਾਹੀ ਦੀ ਪਰੰਪਰਾ ਨਾ ਹੁੰਦੀ। ਇਹ ਸਾਰੇ ਗੁਰ ਬੰਸੀ ਹੀ ਹਨ, ਜਿਹਨਾਂ ਦੇ ਪਿਛਲੱਗਾਂ ਨਾਲ ਰੋਟੀ-ਬੇਟੀ ਦੀ ਸਾਂਝ ਦੀ ਮਨ੍ਹਾਹੀ ਹੈ। ਸਿੱਖ ਪੰਥ ਵਿੱਚ ਜੇਕਰ ਗੁਰੂ ਪੁੱਤਰ ਹੋਣ ਕਾਰਨ ਹੀ ਇਹਨਾਂ ਦੇ ਆਦਰ-ਮਾਣ ਦੀ ਪਰੰਪਰਾ ਹੁੰਦੀ ਤਾਂ ਸਿੱਖ ਸੰਗਤਾਂ ਨੂੰ ਮੀਣਿਆਂ, ਰਾਮਰਾਈਆਂ ਆਦਿ ਨਾਲ ਮੇਲ-ਜੋਲ਼ ਤੋਂ ਕਦਾਚਿਤ ਵੀ ਵਰਜਿਆ ਨਾ ਗਿਆ ਹੁੰਦਾ। ਗੁਰਮਤਿ ਦੀ ਜੀਵਨ-ਜੁਗਤ ਵਿੱਚ ਗੁਣਵਾਣਾਂ ਦੇ ਆਦਰ-ਮਾਣ ਦੀ ਪਰੰਪਰਾ ਜ਼ਰੂਰ ਹੈ ਪਰ ਗੁਣਹੀਣਾਂ ਦੀ ਨਹੀਂ। ਗੁਣਹੀਣ ਭਾਵੇਂ ਗੁਰੂ-ਪੁੱਤਰ ਹੈ ਜਾਂ ਕੋਈ ਹੋਰ, ਉਸ ਨੂੰ ਕਿਸੇ ਤਰ੍ਹਾਂ ਦੀ ਇੱਜ਼ਤ-ਮਾਣ ਦੀ ਪਰੰਪਰਾ ਨਹੀਂ ਹੈ। ਜੇਕਰ ਅਜਿਹਾ ਹੁੰਦਾ ਤਾਂ ਘੱਟੋ-ਘੱਟ ਗੁਰੂ-ਪਿਤਾ ਤੋਂ ਆਕੀ ਗੁਰੂ-ਸੰਤਾਨ, ਇਹਨਾਂ ਦੇ ਪਿਛਲੱਗਾਂ ਜਾਂ ਇਹਨਾਂ ਨੂੰ ਵਿਸ਼ੇਸ਼ ਆਦਰ-ਮਾਣ ਦੇਣ ਵਾਲਿਆਂ ਨਾਲ ਮੇਲ-ਮਿਲਾਪ ਦੀ ਮਨ੍ਹਾਹੀ ਦਾ ਅਜਿਹਾ ਆਦੇਸ ਪੜ੍ਹਣ-ਸੁਣਨ ਵਿੱਚ ਨਾ ਆਉਂਦਾ।
ਇਹ ਗੱਲ ਵੀ ਧਿਆਨ ਜੋਗ ਹੈ ਕਿ ਵੇਦੀ, ਤ੍ਰੇਹਣ ਅਤੇ ਭੱਲੇ ਬੰਸ ਨਾਲ ਸੰਬੰਧਤ ਗੁਰ-ਪੁੱਤਰਾਂ ਨੇ ਆਪਣੇ ਪਿਤਾ ਗੁਰਦੇਵ ਵਲੋਂ ਟਿੱਕੇ ਗੁਰੂ ਨੂੰ, ਗੁਰੂ ਦੇ ਰੂਪ ਵਿੱਚ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ। ਪਰ ਇਹਨਾਂ ਨੇ ਆਪਣੇ ਜੀਵਨ ਵਿੱਚ ਹੀ ਆਪਣੀ ਭੁੱਲ ਨੂੰ ਸੁਧਾਰ ਕੇ ਆਪਣੇ ਪਿਤਾ ਗੁਰਦੇਵ ਵਲੋਂ ਟਿੱਕੀ ਗੁਰੂ ਸ਼ਖ਼ਸ਼ੀਅਤ ਨੂੰ ਗੁਰੂ ਦੇ ਰੂਪ ਵਿੱਚ ਸਵੀਕਾਰ ਕਰ ਲਿਆ ਸੀ। ਆਪਣੀ ਭੁੱਲ ਨੂੰ ਸੁਧਾਰਨ ਮਗਰੋਂ ਇਹਨਾਂ ਨੇ ਫਿਰ ਗੁਰੂ ਸਾਹਿਬਾਨ ਦਾ ਵਿਰੋਧ ਨਹੀਂ ਸੀ ਕੀਤਾ। ਸਿਰੀ ਚੰਦ ਜੀ ਨੇ ਇਹਨਾਂ ਸਾਰਿਆਂ ਨਾਲੋਂ ਬਾਅਦ ਵਿੱਚ ਗੁਰੂ ਦੀ ਅਜ਼ਮਤ ਨੂੰ ਸਮਝ ਕੇ ਗੁਰ ਗੱਦੀ `ਤੇ ਬਿਰਾਜਮਾਨ ਗੁਰ ਵਿਅਕਤੀਆਂ ਨੂੰ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਦੇਖ ਕੇ ਆਪਣਾ ਸੀਸ ਝੁਕਾਇਆ ਸੀ।
ਗੁਰੂ ਸਾਹਿਬਾਨ ਨੇ ਮਨੁੱਖ ਨੂੰ ਉਸ ਜੀਵਨ-ਜੁਗਤ ਤੋਂ ਉਪਰ ਉਠਾਇਆ ਹੈ ਜਿਸ ਵਿੱਚ ਇਹ ਦ੍ਰਿੜ ਕਰਵਾਇਆ ਜਾ ਰਿਹਾ ਸੀ ਕਿ, ‘ਸੇਵੀਐ ਵਿਪ੍ਰ ਗਯਾਨ ਗੁਣ ਹੀਨਾ। ਸ਼ੂਦ੍ਰ ਨ ਸੇਵੀਐ ਗਯਾਨ ਪ੍ਰਬੀਨਾ’। ਗੁਰਮਤਿ ਦੀ ਜੀਵਨ-ਜੁਗਤ ਦੀ ਵਿਲੱਖਣਤਾ ਦਾ ਇੱਕ ਵਿਸ਼ੇਸ਼ ਪਹਿਲੂ ਇਹ ਹੈ ਕਿ ਇਸ ਵਿੱਚ ਰੰਗ, ਨਸਲ, ਲਿੰਗ, ਜਾਤ, ਧਰਮ, ਕਥਿਤ ਊਚ-ਨੀਚ ਆਦਿ ਦੀ ਸੇਵਾ ਦਾ ਸੰਕਲਪ ਤਾਂ ਹੈ ਪਰੰਤੂ ‘ਗਯਾਨ ਗੁਣ ਹੀਨਾ’ ਦੀ ਪੂਜਾ ਦਾ ਨਹੀਂ। ‘ਗਯਾਨ ਗੁਣ ਹੀਨਾ’ ਭਾਵੇਂ ਕਿਸੇ ਵੀ ਧਰਮ, ਜਾਤ, ਪਰਵਾਰ, ਅਹੁਦੇ ਆਦਿ ਨਾਲ ਸੰਬੰਧਤ ਹੈ, ਉਸ ਦੀ ਪੂਜਾ ਅਥਵਾ ਸਤਿਕਾਰ ਦਾ ਸੰਕਲਪ ਨਹੀਂ ਹੈ।
ਗੁਰੂ ਸਾਹਿਬਾਨ ਦੇ ਮੁੱਖੋਂ ਨਿਕਲਿਆ ਹੋਇਆ ਹਰੇਕ ਬਚਨ ਤ੍ਰੈਕਾਲ ਸੱਚ ਹੈ। ਗੁਰੂ ਸਾਹਿਬ ਦੇ ਮੂੰਹੋਂ ਨਿਕਲੇ ਹੋਏ ਬਚਨਾਂ ਦਾ ਸੰਗ੍ਰਹਿ ਗੁਰਬਾਣੀ ਦੇ ਰੂਪ ਵਿੱਚ ਮੌਜੂਦ ਹੈ। ਇਤਿਹਾਸ ਵਿੱਚੋਂ ਉਹਨਾਂ ਬਚਨਾਂ ਨੂੰ ਹੀ ਗੁਰਬਚਨਾਂ (ਫ਼ਰਮਾਨਾਂ) ਦੇ ਰੂਪ ਵਿੱਚ ਮੰਨਿਆ ਜਾ ਸਕਦਾ ਹੈ ਜਿਹੜੇ ਗੁਰਬਾਣੀ ਦੀ ਕਸਵੱਟੀ ਪੂਰੇ ਉਤਰਦੇ ਹਨ। ਇਤਿਹਾਸਕਾਰਾਂ ਨੇ ਜ਼ਿਆਦਾਤਰ ਗਲਪ ਸਾਹਿਤਕਾਰਾਂ ਵਾਂਗ ਗੁਰੂ ਸਾਹਿਬਾਨ ਦੇ ਮੂੰਹੋਂ ਆਪੋ-ਆਪਣੀ ਬੁੱਧੀ ਅਨੁਸਾਰ ਕਈ ਫ਼ਰਮਾਨ ਕਢਵਾਏ ਹਨ। ਇਸ ਲਈ ਸਾਨੂੰ ਗੁਰੂ ਸਾਹਿਬਾਨ ਤੋਂ ਮੂੰਹੋਂ ਕਢਵਾਏ ਗਏ ਸ਼ਬਦਾਂ ਨਾਲੋਂ, ਗੁਰਬਾਣੀ ਦੇ ਫ਼ਰਮਾਨਾਂ ਨੂੰ ਹੀ ਗੁਰੂ ਸਾਹਿਬਾਨ ਦੇ ਫ਼ਰਮਾਨ ਮੰਨਣ ਦੀ ਲੋੜ ਹੈ। ਇਤਿਹਾਸਕ ਪੁਸਤਕਾਂ ਵਿੱਚੋਂ ਉਹਨਾਂ ਬੋਲਾਂ ਨੂੰ ਹੀ ਗੁਰੂ ਸਾਹਿਬਾਨ ਦੇ ਬੋਲਾਂ ਦੇ ਰੂਪ ਵਿੱਚ ਸਵੀਕਾਰ ਕੀਤਾ ਜਾਵੇ ਜਿਹੜੇ ਇਸ ਬਾਣੀ ਦੇ ਆਸ਼ੇ ਦੇ ਅਨੁਕੂਲ ਹਨ। ਸਾਨੂੰ ਇਹ ਦ੍ਰਿੜ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਗੁਰੂ ਸਾਹਿਬਾਨ ਕਰਣੀ ਅਤੇ ਕਥਨੀ ਦੇ ਪੂਰੇ ਸਨ। ਇਸ ਲਈ ਕਿਸੇ ਵੀ ਗੁਰੂ ਸਾਹਿਬ ਨੇ ਕਦੀ ਵੀ ਗੁਰਬਾਣੀ ਦੇ ਆਸ਼ੇ ਤੋਂ ਵਿਪਰੀਤ ਕੋਈ ਫ਼ਰਮਾਨ ਜਾਰੀ ਨਹੀਂ ਕੀਤਾ ਹੈ। ਜੇਕਰ ਇਹ ਬੋਲ (ਸਿੱਖ ਹਮਾਰੇ ਸਰਬ ਪੁਜਾਹੀਂ) ਗੁਰੂ ਨਾਨਕ ਸਾਹਿਬ ਦੇ ਮੁਖੋਂ ਨਿਕਲੇ ਹੁੰਦੇ ਤਾਂ ਸਿੱਖ ਸੰਗਤਾਂ ਸਾਰੇ ਹੀ ਗੁਰੂ-ਪੁੱਤਰਾਂ ਨੂੰ ਆਦਰ-ਮਾਣ ਦੇਂਦੇ।
ਜਿੱਥੋਂ ਤੀਕ ਇਹਨਾਂ ਲੇਖਕਾਂ ਵਲੋਂ ਗੁਰੂ ਨਾਨਕ ਸਾਹਿਬ ਦੇ ਪਾਵਨ ਮੁੱਖ `ਚੋਂ ਸਿਰੀ ਚੰਦ ਅਤੇ ਲਖਮੀ ਦਾਸ ਨੂੰ ਧਰਵਾਸ ਦਿੰਦੇ ਹੋਏ ਇਹਨਾਂ ਸ਼ਬਦਾਂ ਨੂੰ ਕਢਵਾਉਂਣ ਦਾ ਸੰਬੰਧ ਹੈ ਕਿ, “ਕਰਾਮਾਤ ਹੁਐ ਹੈ ਤੁਮ ਮਾਂਹੀ। ਸਿੱਖ ਹਮਾਰੇ ਸਰਬ ਪੁਜਾਹੀਂ। (ਸ਼੍ਰੀ ਗੁਰ ਨਾਨਕ ਪ੍ਰਕਾਸ਼; ਉਤਰਾਰਧ ਅਧਯਾਯ ੫੭), ਇਹ ਸ਼ਬਦ ਵੀ ਇਹਨਾਂ ਲੇਖਕਾਂ ਦੀ ਆਪਣੀ ਕਲਪਨਾ ਦੇ ਹੀ ਲਖਾਇਕ ਹਨ; ਚੂੰਕਿ ਕਰਾਮਾਤ ਸੰਬੰਧੀ ਪ੍ਰਚਲਤ ਧਾਰਨਾ ਨੂੰ ਗੁਰੂ ਸਾਹਿਬਾਨ ਨੇ ਸਵੀਕਾਰ ਨਹੀਂ ਕੀਤਾ ਹੈ।
ਇਹਨਾਂ ਲੇਖਕਾਂ ਵਲੋਂ ‘ਕਰਾਮਾਤ’ ਸ਼ਬਦ ਨੂੰ ਪ੍ਰਚਲਤ ਅਰਥ ਵਿੱਚ ਹੀ ਵਰਤਿਆ ਗਿਆ ਹੈ, ਜਿਸ ਅਨੁਸਾਰ ਕਿਸੇ ਅਲੌਕਿਕ ਸ਼ਕਤੀ ਦੁਆਰਾ ਕਿਸੇ ਅਸੰਭਵ ਗੱਲ ਨੂੰ ਸੰਭਵ ਹੋਣਾ ਮੰਨਿਆ ਹੈ। ਭਾਵੇਂ ਜਨਮ ਸਾਖੀਆਂ, ਗੁਰ ਬਿਲਾਸ ਪਾਤਸ਼ਾਹੀ ੬, ਮਹਿਮਾ ਪ੍ਰਕਾਸ਼, ਅਤੇ ਸੂਰਜ ਪ੍ਰਕਾਸ਼ ਆਦਿ ਵਿੱਚ ਗੁਰੂ ਸਾਹਿਬਾਨ ਦੇ ਜੀਵਨ ਚਰਿਤ੍ਰ ਦਾ ਵਰਨਣ ਕਰਦਿਆਂ ਕਈ ਤਰ੍ਹਾਂ ਕਰਾਮਾਤਾਂ ਦਾ ਵਰਨਣ ਕੀਤਾ ਹੋਇਆ ਹੈ, ਪਰ ਅਸੀਂ ਗੁਰੂ ਸਾਹਿਬ ਦੇ ਜੀਵਨ ਚਰਿਤ੍ਰਾਂ ਨੂੰ ਇਹਨਾਂ ਪੁਸਤਕਾਂ ਵਿੱਚੋਂ ਨਹੀਂ ਬਲਕਿ ਗੁਰਬਾਣੀ ਵਿੱਚੋਂ ਲੱਭਣਾ ਹੈ। ਗੁਰਬਾਣੀ ਵਿੱਚ ਉਘੜਦੀ ਗੁਰੂ ਸ਼ਖ਼ਸ਼ੀਅਤ ਜਨਮ ਸਾਖੀਆਂ ਆਦਿ ਨਾਲੋਂ ਬਿਲਕੁਲ ਹੀ ਭਿੰਨ ਹੈ। ਗੁਰਬਾਣੀ ਵਿੱਚ ਕਰਾਮਾਤਾਂ ਦੀ ਪ੍ਰਚਲਤ ਧਾਰਨਾਂ ਤੋਂ ਹੀ ਮਨੁੱਖ ਨੂੰ ਸੁਚੇਤ ਕਰਦਿਆਂ ਹੋਇਆਂ ਕਿਹਾ ਹੈ ਕਿ, ‘ਰਿਧਿ ਸਿਧਿ ਸਭੁ ਮੋਹੁ ਹੈ ਨਾਮੁ ਨ ਵਸੈ ਮਨਿ ਆਇ’ (ਪੰਨਾ ੫੯੩) ਅਰਥ:-ਰਿੱਧੀਆਂ ਤੇ ਸਿੱਧੀਆਂ (ਭੀ) ਨਿਰੋਲ ਮੋਹ (ਰੂਪ) ਹਨ, (ਇਹਨਾਂ ਨਾਲ) ਹਰੀ ਦਾ ਨਾਮ ਹਿਰਦੇ ਵਿੱਚ ਨਹੀਂ ਵੱਸ ਸਕਦਾ।
ਜਾਂ ‘ਆਸਣ ਸਿਧ ਸਿਖਹਿ ਬਹੁਤੇਰੇ ਮਨਿ ਮਾਗਹਿ ਰਿਧਿ ਸਿਧਿ ਚੇਟਕ ਚੇਟਕਈਆ॥ ਤ੍ਰਿਪਤਿ ਸੰਤੋਖੁ ਮਨਿ ਸਾਂਤਿ ਨ ਆਵੈ ਮਿਲਿ ਸਾਧੂ ਤ੍ਰਿਪਤਿ ਹਰਿ ਨਾਮਿ ਸਿਧਿ ਪਈਆ॥’ (ਪੰਨਾ ੮੩੫) ਅਰਥ:-ਹੇ ਭਾਈ! (ਜੋਗ-ਸਾਧਨਾ ਵਿਚ) ਪੁੱਗੇ ਹੋਏ ਜੋਗੀ ਅਨੇਕਾਂ ਆਸਣ ਸਿੱਖਦੇ ਹਨ (ਸੀਰਸ਼-ਆਸਣ, ਪਦਮ-ਆਸਣ ਆਦਿਕ), ਪਰ ਉਹ ਭੀ ਆਪਣੇ ਮਨ ਵਿੱਚ ਕਰਾਮਾਤੀ ਤਾਕਤਾਂ ਤੇ ਨਾਟਕ-ਚੇਟਕ ਹੀ ਮੰਗਦੇ ਰਹਿੰਦੇ ਹਨ (ਜਿਨ੍ਹਾਂ ਨਾਲ ਉਹ ਆਮ ਜਨਤਾ ਉੱਤੇ ਆਪਣਾ ਪ੍ਰਭਾਵ ਪਾ ਸਕਣ)। (ਉਹਨਾਂ ਦੇ) ਮਨ ਵਿੱਚ ਮਾਇਆ ਵਲੋਂ ਤ੍ਰਿਪਤੀ ਨਹੀਂ ਹੁੰਦੀ, ਉਹਨਾਂ ਨੂੰ ਸੰਤੋਖ ਨਹੀਂ ਪ੍ਰਾਪਤ ਹੁੰਦਾ, ਮਨ ਵਿੱਚ ਸ਼ਾਂਤੀ ਨਹੀਂ ਆਉਂਦੀ। ਹਾਂ, ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਨਾਮ ਦੀ ਰਾਹੀਂ ਮਨੁੱਖ ਤ੍ਰਿਪਤੀ ਹਾਸਲ ਕਰ ਲੈਂਦਾ ਹੈ, ਆਤਮਕ ਜੀਵਨ ਦੀ ਸਫਲਤਾ ਪ੍ਰਾਪਤ ਕਰ ਲੈਂਦਾ ਹੈ।
ਗੁਰੂ ਸਾਹਿਬਾਨ ਨੇ ਕਰਾਮਾਤ ਦੀ ਪ੍ਰਚਲਤ ਪ੍ਰੀਭਾਸ਼ਾ ਨੂੰ ਨਵੇਂ ਸਿਰਿਓਂ ਪ੍ਰੀਭਾਸ਼ਤ ਕਰਦਿਆਂ ਹੋਇਆਂ ਫ਼ਰਮਾਇਆ ਹੈ:-
ਸਿਧ ਸਾਧਿਕ ਨਾਵੈ ਨੋ ਸਭਿ ਖੋਜਦੇ ਥਕਿ ਰਹੇ ਲਿਵ ਲਾਇ॥ ਬਿਨੁ ਸਤਿਗੁਰ ਕਿਨੈ ਨ ਪਾਇਓ ਗੁਰਮੁਖਿ ਮਿਲੈ ਮਿਲਾਇ॥ ਬਿਨੁ ਨਾਵੈ ਪੈਨਣੁ ਖਾਣੁ ਸਭੁ ਬਾਦਿ ਹੈ ਧਿਗੁ ਸਿਧੀ ਧਿਗੁ ਕਰਮਾਤਿ॥ ਸਾ ਸਿਧਿ ਸਾ ਕਰਮਾਤਿ ਹੈ ਅਚਿੰਤੁ ਕਰੇ ਜਿਸੁ ਦਾਤਿ॥ ਨਾਨਕ ਗੁਰਮੁਖਿ ਹਰਿ ਨਾਮੁ ਮਨਿ ਵਸੈ ਏਹਾ ਸਿਧਿ ਏਹਾ ਕਰਮਾਤਿ॥ (ਪੰਨਾ ੬੫੦) ਅਰਥ:- ਸਾਰੇ ਸਿੱਧ ਤੇ ਸਾਧਿਕ ਨਾਮ ਨੂੰ ਹੀ ਖੋਜਦੇ ਬ੍ਰਿਤੀ ਜੋੜ ਜੋੜ ਕੇ ਥੱਕ ਗਏ ਹਨ; ਸਤਿਗੁਰੂ ਤੋਂ ਬਿਨਾਂ ਕਿਸੇ ਨੂੰ ਨਹੀਂ ਲੱਭਾ। ਸਤਿਗੁਰੂ ਦੇ ਸਨਮੁਖ ਹੋਇਆ ਮਨੁੱਖ ਹੀ ਮਿਲਾਇਆ ਹੋਇਆ (ਪ੍ਰਭੂ ਨੂੰ) ਮਿਲਦਾ ਹੈ। ਨਾਮ ਤੋਂ ਬਿਨਾਂ ਖਾਣਾ ਤੇ ਪਹਿਨਣਾ ਸਭ ਵਿਅਰਥ ਹੈ, (ਜੇ ਨਾਮ ਨਹੀਂ ਤਾਂ) ਉਸ ਸਿੱਧੀ ਤੇ ਕਰਾਮਾਤਿ ਫਿਟਕਾਰ-ਜੋਗ ਹੈ; ਇਹੀ (ਉਸ ਦੀ) ਸਿੱਧੀ ਹੈ ਤੇ ਇਹੀ ਕਰਾਮਾਤ ਹੈ ਕਿ ਚਿੰਤਾ ਤੋਂ ਰਹਿਤ ਹਰੀ ਉਸ ਨੂੰ (ਨਾਮ ਦੀ) ਦਾਤਿ ਬਖ਼ਸ਼ੇ। ਹੇ ਨਾਨਕ! “ਗੁਰੂ ਦੇ ਸਨਮੁਖ ਹੋ ਕੇ ਹਰੀ ਦਾ ਨਾਮ ਮਨ ਵਿੱਚ ਵੱਸਦਾ ਹੈ” - ਇਹੀ ਸਿੱਧੀ ਤੇ ਕਰਾਮਾਤ ਹੁੰਦੀ ਹੈ।
ਗੁਰਬਾਣੀ ਵਿੱਚ ਇਸ ਕਰਾਮਾਤ ਬਾਰੇ ਸਪਸ਼ਟ ਕੀਤਾ ਹੈ ਕਿ ਇਸ ਨੂੰ ਨਾ ਤਾਂ ਕਿਸੇ ਦੇ ਅਸ਼ੀਰਵਾਦ ਨਾਲ ਅਤੇ ਨਾ ਹੀ ਕਿਸੇ ਕੁਲ ਅਥਵਾ ਪਰਵਾਰ ਵਿੱਚ ਜਨਮ ਲੈਣ ਨਾਲ ਹੀ ਹਾਸਲ ਕਰ ਸਕੀਦਾ ਹੈ। ਇਸ ਨੂੰ ਪ੍ਰਾਪਤ ਕਰਨ ਦਾ ਇਕੋ ਹੀ ਤਰੀਕਾ ਹੈ, ਉਹ ਇਹ ਕਿ ਆਪਣੀ ਮੱਤ ਤਿਆਗ ਕੇ ਗੁਰੂ ਦੀ ਮੱਤ ਧਾਰਨ ਨੂੰ ਧਾਰਨ ਕਰਨਾ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨਾਂ ਵਿੱਚ ਇਸ ਭਾਵ ਨੂੰ ਦੇਖਿਆ ਜਾ ਸਕਦਾ ਹੈ:-
(ੳ) ਸੁਖ ਸਾਗਰ ਹਰਿ ਭਗਤਿ ਹੈ ਗੁਰਮਤਿ ਕਉਲਾ ਰਿਧਿ ਸਿਧਿ ਲਾਗੈ ਪਗਿ ਓਹੈ॥ ਜਨ ਕਉ ਰਾਮ ਨਾਮੁ ਆਧਾਰਾ ਹਰਿ ਨਾਮੁ ਜਪਤ ਹਰਿ ਨਾਮੇ ਸੋਹੈ॥ (ਪੰਨਾ ੪੯੨) ਅਰਥ:- ਹੇ ਭਰਾਵੋ! ਜਿਸ ਮਨੁੱਖ ਨੂੰ ਗੁਰੂ ਦੀ ਮਤਿ ਦੀ ਬਰਕਤਿ ਨਾਲ ਸੁਖਾਂ ਦੇ ਸਮੁੰਦਰ ਪਰਮਾਤਮਾ ਦੀ ਭਗਤੀ ਪ੍ਰਾਪਤ ਹੋ ਜਾਂਦੀ ਹੈ, ਲੱਛਮੀ ਉਸ ਦੇ ਚਰਨੀਂ ਆ ਲੱਗਦੀ ਹੈ, ਹਰੇਕ ਰਿਧੀ ਹਰੇਕ ਸਿਧੀ ਉਸ ਦੇ ਪੈਰੀਂ ਆ ਪੈਂਦੀ ਹੈ। ਹੇ ਭਾਈ! ਹਰੀ ਦੇ ਭਗਤ ਨੂੰ ਹਰੀ ਦੇ ਨਾਮ ਦਾ ਸਹਾਰਾ ਬਣਿਆ ਰਹਿੰਦਾ ਹੈ। ਪਰਮਾਤਮਾ ਦਾ ਨਾਮ ਜਪਦਿਆਂ, ਪਰਮਾਤਮਾ ਦੇ ਨਾਮ ਵਿੱਚ ਜੁੜ ਕੇ ਉਸ ਦਾ ਆਤਮਕ ਜੀਵਨ ਸੋਹਣਾ ਬਣ ਜਾਂਦਾ ਹੈ।
(ਅ) ਰਿਧਿ ਸਿਧਿ ਨਵ ਨਿਧਿ ਹਰਿ ਜਪਿ ਜਿਨੀ ਆਤਮੁ ਜੀਤਾ॥ (ਪੰਨਾ ੫੪੩) ਅਰਥ:-ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਜਪ ਕੇ ਆਪਣੇ ਮਨ ਨੂੰ ਵੱਸ ਵਿੱਚ ਕਰ ਲਿਆ, ਸਭ ਕਰਾਮਾਤੀ ਤਾਕਤਾਂ ਤੇ ਦੁਨੀਆਂ ਦੇ ਨੌਂ ਹੀ ਖ਼ਜ਼ਾਨੇ ਉਹਨਾਂ ਨੂੰ ਮਿਲ ਜਾਂਦੇ ਹਨ।
(ੲ) ਜਉ ਹਰਿ ਬੁਧਿ ਰਿਧਿ ਸਿਧਿ ਚਾਹਤ ਗੁਰੂ ਗੁਰੂ ਗੁਰੁ ਕਰੁ ਮਨ ਮੇਰੇ॥ (ਪੰਨਾ ੧੪੦੦) ਅਰਥ:- ਹੇ ਮੇਰੇ ਮਨ! ਜੇ ਤੂੰ ਰੱਬੀ ਅਕਲ, ਰਿੱਧੀ ਤੇ ਸਿੱਧੀ ਚਾਹੁੰਦਾ ਹੈਂ, ਤਾਂ ‘ਗੁਰੂ’ ‘ਗੁਰੂ’ ਜਪ।
(ਨੋਟ:- ‘ਅਰਬੀ ਮੂਲ ਦੇ ‘ਕਰਾਮਾਤ’ ਸ਼ਬਦ ਨੂੰ ਭਾਰਤੀ ਸਾਹਿਤ ਵਿੱਚ ‘ਸਿੱਧੀ’ ਕਿਹਾ ਜਾਂਦਾ ਹੈ)
ਇਹ ਗੱਲ ਵੀ ਵਿਚਾਰਨ ਵਾਲੀ ਹੈ ਗੁਰੂ ਨਾਨਕ ਸਾਹਿਬ ਆਪ ਜੋਗੀਆਂ ਵਲੋਂ ਕਰਾਮਾਤ ਦੇ ਸੰਬੰਧ ਵਿੱਚ ਪੁੱਛੇ ਪ੍ਰਸ਼ਨ ਦੇ ਉੱਤਰ ਵਿੱਚ ਇਹ ਕਹਿੰਦੇ ਹਨ ਕਿ, “ਬਾਬਾ ਬੋਲੇ ਨਾਥ ਜੀ! ਅਸਾਂ ਤੇ ਵੇਖੇ ਜੋਗੀ ਵਸਤੁ ਨ ਕਾਈ॥ ਗੁਰ ਸੰਗਤਿ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ॥ (ਭਾਈ ਗੁਰਦਾਸ ਜੀ, ਵਾਰ ੧, ਪਉੜੀ ੪੨)
ਗੁਰੂ ਨਾਨਕ ਸਾਹਿਬ (ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ) ਜੋਗੀਆਂ ਨੂੰ ਤਾਂ ਇਹ ਆਖ ਰਹੇ ਹੋਣ ਕਿ ‘ਸਤਿਨਾਮ ਬਿਨੁ ਬਾਦਰਿ ਛਾਈ’, ਉਹ ਆਪਣੇ ਪੁੱਤਰਾਂ ਨੂੰ (ਪੁੱਤਰ ਵੀ ਉਹ, ਜਿਹੜੇ ਆਕੀ ਹਨ) ਇਹ ਆਖਣ ਕਿ, “ਕਰਾਮਾਤ ਹੁਐ ਹੈ ਤੁਮ ਮਾਂਹੀ। ਸਿੱਖ ਹਮਾਰੇ ਸਰਬ ਪੁਜਾਹੀਂ।” ਇਸ ਫ਼ਰਮਾਨ ਨੂੰ ਗੁਰੂ ਫ਼ਰਮਾਨ ਕਹਿਣਾ ਕਰਣੀ ਅਤੇ ਕਥਨੀ ਦੇ ਸੂਰਮੇ ਨਾਲ ਭਾਰੀ ਅਨਿਆਂ ਹੋਵੇਗਾ। ਇਸ ਲਈ ‘ਕਰਾਮਾਤ ਹੁਐ ਹੈ ਤੁਮ ਮਾਂਹੀ’ ਵਾਲੇ ਸ਼ਬਦ ਗੁਰੂ ਨਾਨਕ ਸਾਹਿਬ ਦੇ ਪਾਵਨ ਮੁੱਖ `ਚੋਂ ਨਿਕਲੇ ਹੋਏ ਨਹੀਂ ਬਲਕਿ ਲੇਖਕਾਂ ਦੀ ਆਪਣੀ ਹੀ ਕਲਪਨਾ ਦਾ ਸਿੱਟਾ ਹੀ ਸਮਝਣੇ ਚਾਹੀਦੇ ਹਨ।
ਜਿੱਥੋਂ ਤੱਕ ਗੁਰੂ ਸਾਹਿਬ ਦੇ ਮੂੰਹੋਂ ਇਹ ਸ਼ਬਦ ਕਢਵਾਉਣ ਦਾ ਸੰਬੰਧ ਹੈ ਕਿ “ਜਗਤ ਬਿਰਾਜਹੁ ਸਭਿ ਤੇ ਊਚੇ। ਤੁਮਰੀ ਸਮਤਾ ਕੋ ਨ ਪਹੁੰਚੇ।” ਇਹ ਵੀ ਗੁਰੂ ਸ਼ਖ਼ਸ਼ੀਅਤ ਦੇ ਅਨੁਕੂਲ ਨਹੀਂ ਹਨ। ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਗੁਰੂ ਸਾਹਿਬ ਨੂੰ ਆਪਣੇ ਪੁੱਤਰ ਉਸੇ ਤਰ੍ਹਾਂ ਪਿਆਰੇ ਸਨ ਜਿਸ ਤਰ੍ਹਾਂ ਆਮ ਮਨੁੱਖ ਨੂੰ ਆਪਣੀ ਸੰਤਾਨ ਪਿਆਰੀ ਹੁੰਦੀ ਹੈ। ਪਰ ਹਜ਼ੂਰ ਨੇ ਇਸ ਪਿਆਰ ਨੂੰ ਮੋਹ ਵਿੱਚ ਤਬਦੀਲ ਨਹੀਂ ਹੋਣ ਦਿੱਤਾ। ਇਸ ਲਈ ਹੀ ਗੁਰਦੇਵ ਨੇ ਗੁਰ ਗੱਦੀ ਦੀ ਜ਼ਿੰਮੇਵਾਰੀ ਆਪਣੇ (ਗੁਰ ਗੱਦੀ ਦੀ ਜ਼ਿੰਮੇਵਾਰੀ ਦੇ ਅਯੋਗ) ਪੁੱਤਰਾਂ ਵਿੱਚ ਕਿਸੇ ਇੱਕ ਨੂੰ ਦੇਣ ਦੀ ਥਾਂ ਭਾਈ ਲਹਿਣਾ ਜੀ ਨੂੰ ਸੋਂਪੀ। ਭਾਈ ਲਹਿਣਾ ਜੀ ਸਿੱਖ ਦੀ ਹੈਸੀਅਤ ਵਿੱਚ ਹੀ ਗੁਰੂ ਨਾਨਕ ਸਾਹਿਬ ਪਾਸ ਆਏ ਸਨ। ਗੁਰੂ ਅੰਗਦ ਸਾਹਿਬ ਜੀ ਨੇ ਸੱਤ ਕੁ ਸਾਲਾਂ ਵਿੱਚ ਹੀ ਗੁਰੂ ਨਾਨਕ ਸਾਹਿਬ ਦੇ ਫ਼ਲਸਫੇ ਨੂੰ ਜਿਸ ਤਰ੍ਹਾਂ ਨਾਲ ਸਮਝ ਕੇ, ਇਸ ਨੂੰ ਅਮਲੀ ਰੂਪ ਵਿੱਚ ਅਪਣਾਇਆ ਲਿਆ, ਉਹ ਗੁਰੂ-ਪੁੱਤਰਾਂ ਦੇ ਹਿੱਸੇ ਨਹੀਂ ਸੀ ਆਇਆ। ਗੁਰੂ ਅੰਗਦ ਸਾਹਿਬ ਦੀ ਇਸ ਘਾਲਣਾ ਦੀ ਬਦੌਲਤ ਹੀ ਗੁਰੂ ਨਾਨਕ ਸਾਹਿਬ ਜੀ ਨੇ ਇਹਨਾਂ ਨੂੰ ਇਹ ਜ਼ਿੰਮੇਵਾਰੀ ਪ੍ਰਦਾਨ ਕਰਨ ਦੇ ਨਾਲ ਆਪਣੀ ਬਾਣੀ ਦਾ ਅਨਮੋਲ ਖ਼ਜ਼ਾਨਾ ਵੀ ਇਹਨਾਂ ਦੇ ਹਵਾਲੇ ਕੀਤਾ ਸੀ। ਇਤਨਾ ਹੀ ਨਹੀਂ, ਗੁਰੂ ਅੰਗਦ ਸਾਹਿਬ ਨੂੰ ਆਪਣੇ ਸਿੰਘਾਸਨ `ਤੇ ਬੈਠਾ ਕੇ ਪਹਿਲਾਂ ਖ਼ੁਦ ਨਮਸਕਾਰ ਕਰਕੇ ਫਿਰ ਸਿੱਖ ਸੰਗਤਾਂ ਨੂੰ ਗੁਰੂ ਅੰਗਦ ਸਾਹਿਬ ਦੇ ਚਰਨਾਂ `ਤੇ ਨਮਸਕਾਰ ਕਰਨ ਲਈ ਆਖਿਆ ਸੀ। ਇਹ ਮਾਣ-ਸਤਿਕਾਰ ਗੁਰਦੇਵ ਨੇ ਆਪਣੇ ਪੁੱਤਰਾਂ ਨੂੰ ਨਹੀਂ ਸੀ ਦਿੱਤਾ। ਜੇਕਰ ਸਿਰੀ ਚੰਦ ਅਤੇ ਲਖਮੀ ਦਾਸ ਇਸ ਪਦਵੀ ਦੇ ਯੋਗ ਹੁੰਦੇ ਤਾਂ ਹਜ਼ੂਰ ਅਵੱਸ਼ ਇਹ ਜ਼ਿੰਮੇਵਾਰੀ ਇਹਨਾਂ ਵਿੱਚੋਂ ਕਿਸੇ ਇੱਕ ਨੂੰ ਸੋਂਪਦੇ। ਇਸ ਲਈ “ਜਗਤ ਬਿਰਾਜਹੁ ਸਭਿ ਤੇ ਊਚੇ। ਤੁਮਰੀ ਸਮਤਾ ਕੋ ਨ ਪਹੁੰਚੇ” ਵਰਗੇ ਸ਼ਬਦ ਇਹਨਾਂ ਲੇਖਕਾਂ ਵਲੋਂ ਹੀ ਗੁਰੂ ਸਾਹਿਬ ਦੇ ਪਾਵਨ ਮੁੱਖ `ਚੋਂ ਕਢਵਾਏ ਮੰਨਣੇ ਚਾਹੀਦੇ ਹਨ। ਕਿਸੇ ਵੀ ਗੁਰੂ ਸਾਹਿਬ ਨੇ ਕਿਸੇ ਵੀ ਗੁਰ-ਪੁੱਤਰ ਨੂੰ ਗੁਰ-ਪੁੱਤਰ ਹੋਣ ਕਾਰਨ ਹੀ ਕਿਸੇ ਤਰ੍ਹਾਂ ਦਾ ਵਿਸ਼ੇਸ਼ ਆਦਰ-ਮਾਣ ਨਹੀਂ ਦਿੱਤਾ ਸੀ। ਇਹਨਾਂ ਪੁਸਤਕਾਂ ਦੇ ਲੇਖਕਾਂ ਨੇ ਖ਼ੁਦ ਵੀ ਇਸ ਗੱਲ ਦਾ ਵਰਨਣ ਕੀਤਾ ਹੋਇਆ ਹੈ।
ਉਦਾਹਰਣ ਵਜੋਂ ਦਾਤੂ ਜੀ ਵਲੋਂ ਆਪਣੀ ਕਰਣੀ ਦੇ ਪਛਤਾਵਾ ਕਰਦਿਆਂ ਹੋਇਆਂ ਸਤਿਗੁਰੂ ਜੀ ਨੇ ਕਹੇ ਹੋਏ ਇਹ ਸ਼ਬਦ:-ਗੁਣ ਬਿਹੀਨ ਪੂਜਾ ਕਹਾਂ? ਵਿਦਯਾ ਬਿਨ ਮਾਨਾ। (ਸੂਰਜ ਪ੍ਰਕਾਸ਼) ਇਸੇ ਤਰ੍ਹਾਂ ਜਦੋਂ ਗੁਰੂ ਅਰਜਨ ਸਾਹਿਬ ਨੇ ਗ੍ਰੰਥ ਸਾਹਿਬ ਦੀ ਸੰਪਾਦਨ ਦਾ ਕੰਮ ਮੁਕਮੰਲ ਕਰਨ ਉਪਰੰਤ, ਇਸ ਦੇ ਟਹਿਲੂਆ ਬਾਰੇ ਵਿਚਾਰ ਕੀਤੀ ਤਾਂ ਹਜ਼ੂਰ ਨੇ ਭਾਈ ਬੁੱਢਾ ਜੀ ਨੂੰ ਹੀ ਇਸ ਸੇਵਾ ਦੇ ਯੋਗ ਸਮਝਿਆ। ਭਾਈ ਸੰਤੋਖ ਸਿੰਘ ਜੀ ਇਸ ਸੰਬੰਧ ਵਿੱਚ ਲਿਖਦੇ ਹਨ:
“ਰਿਦੈ ਬਿਚਾਰਨਿ ਸ਼੍ਰੀ ਗੁਰ ਕਰੈਂ। ਟਹਿਲ ਗ੍ਰੰਥ ਕੀ ਕੌਣ ਸੁ ਧਰੈਂ। ਬੇਦੀ ਤੇਹਣ ਭੱਲੇ ਬੰਸ। ਸੋਢੀ ਜੇ ਕੁਲ ਕੇ ਅਵਤੰਸ਼। ਨਿਜ ਕੁਲ ਕੋ ਇਨ ਕੋ ਹੰਕਾਰਾ। ਕਰਿ ਨ ਸਕਹਿਂਗੇ ਸੇਵ ਉਦਾਰਾ। ਇਹ ਸੇਵਕ ਕੀ ਵਸਤੁ ਸਦੀਵਾ। ਨਿਰਹੰਕਾਰ ਜਿਨਹੁ ਮਨ ਨੀਵਾ। ਸੇਵਾ ਬਿਖੈ ਨਿਪੁਨ ਜੋ ਹੋਇ। ਕਰੀਅਹਿ ਇਹਾਂ ਸਥਾਪਨਿ ਸੋਇ। ਸ਼੍ਰੀ ਨਾਨਕ ਕੋ ਦਰਸ਼ਨ ਕੀਨਿ। ਅਸ ਬੁੱਢਾ ਬਿਚ ਸੇਵ ਪ੍ਰਬੀਨ। (ਸ੍ਰੀ ਗੁਰ ਪ੍ਰਤਾਪ ਸੂਰਜ; ਰਾਸਿ ੩; ਅੰਸੂ ੫੦)
ਜਿੱਥੋਂ ਤੀਕ ਇਹਨਾਂ ਲੇਖਕਾਂ ਵਲੋਂ ਗੁਰੂ ਨਾਨਕ ਸਾਹਿਬ ਦੇ ਮੂੰਹੋਂ ਕਢਵਾਏ ਹੋਏ ਇਹਨਾਂ ਸ਼ਬਦਾਂ ਦਾ ਸੰਬੰਧ ਹੈ ਕਿ, ‘ਗੁਰਾਂ ਦੇ ਕੁੱਤੇ ਹੈਨਿ ਮੰਨੀਦੇ, ਤੁਸੀਂ ਅੰਸੁ ਹੋ ਮੀਤਾ’, ਇਹ ਵੀ ਗੁਰੂ ਸ਼ਖ਼ਸ਼ੀਅਤ ਦੇ ਅਨੁਕੂਲ ਨਹੀਂ ਹਨ।
ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਹੈ ਕਿ ਦੂਜਿਆਂ ਵਾਂਗ ਕਈ ਸਿੱਖ ਵੀ ਧਰਮ ਗੁਰੂਆਂ ਦੇ ਹੀ ਨਹੀਂ ਸਗੋਂ ਰਾਜਨੀਤਕ ਆਗੂਆਂ ਅਤੇ ਉੱਚ ਅਹੁਦਿਆਂ `ਤੇ ਬਿਰਾਜਮਾਨ ਹੋਏ ਵਿਅਕਤੀਆਂ ਦੇ ਪਸ਼ੂ-ਪੰਛੀਆਂ ਨੂੰ ਵੀ ਸਾਧਾਰਨ ਮਨੁੱਖ ਨਾਲੋਂ ਵਧੇਰੇ ਆਦਰ-ਮਾਣ ਦਿੰਦੇ ਹਨ; ਪਰ ਅਸੀਂ ਗੁਰੂ ਸਾਹਿਬਾਨ ਵਲੋਂ ਦ੍ਰਿੜ ਕਰਵਾਈ ਹੋਈ ਗੁਰਮਤਿ ਦੀ ਜੀਵਨ-ਜੁਗਤ ਦੀ ਗੱਲ ਕਰ ਰਹੇ ਹਾਂ ਨਾ ਕਿ ਨਾਮ-ਧਰੀਕ ਸਿੱਖਾਂ ਦੀ।
ਸਾਡੇ ਇਹਨਾਂ ਸਾਖੀਕਾਰਾਂ ਵਲੋਂ ਗੁਰੂ ਨਾਨਕ ਸਾਹਿਬ ਦੇ ਪਾਵਨ ਮੂੰਹੋਂ ਕਢਵਾਏ ਇਹ ਸ਼ਬਦ ‘ਗੁਰਾਂ ਪੀਰਾਂ ਦੇ ਕੁਤੇ ਮੰਨੀਦੇ ਹੈਨਿ’ ਉਸ ਮਾਨਸਿਕਤਾ ਦਾ ਪ੍ਰਤੀਕ ਹਨ ਜਿਸ ਅਨੁਸਾਰ ਜਨ-ਸਾਧਾਰਨ ਕਿਸੇ ਸਤਪੁਰਸ਼ ਨਾਲ ਸੰਬੰਧਤ ਵਸਤੂਆਂ ਜਾਂ ਉਸ ਨਾਲ ਸੰਬੰਧਤ ਪ੍ਰਾਣੀਆਂ ਦੀ ਪੂਜਾ-ਪ੍ਰਤਿਸ਼ਠਾ ਕਰਨ ਲੱਗ ਪੈਂਦੇ ਹਨ। ਇਹੋ-ਜਿਹੀਆਂ ਕਥਾ ਕਹਾਣੀਆਂ ਦੀ ਹੀ ਬਦੌਲਤ ਕਈ ਢੌਂਗੀਆਂ ਵਲੋਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾਂਦਾ ਹੈ। ਕੁੱਝ ਕੁ ਸਾਲ ਪਹਿਲਾਂ, ਦਿੱਲੀ ਦੇ ਕੁੱਝ ਕੁ ਇਲਾਕਿਆਂ ਵਿੱਚ ਨਿਹੰਗ ਬਾਣੇ ਵਿੱਚ ਵਿਚਰ ਰਹੇ ਇੱਕ ਢੌਂਗੀ ਨੇ ਆਪਣੇ ਘੋੜੇ ਬਾਰੇ ਇਹ ਗੱਪ ਮਾਰੀ ਕਿ ਇਹ ਘੋੜਾ ਗੁਰੂ ਗੋਬਿੰਦ ਸਿੰਘ ਜੀ ਦੇ ਘੋੜੇ ਦੀ ਨਸਲ ਦਾ ਘੋੜਾ ਹੈ। ਬਸ! ਫਿਰ ਕੀ ਸੀ, ਸਿੱਖ ਸੰਗਤਾਂ ਨੇ ਸ਼ਰਧਾ ਨਾਲ ਇਸ ਘੋੜੇ ਦੀ ਲਿੱਦ ਨੂੰ ਪ੍ਰਸ਼ਾਦ ਰੂਪ ਵਿੱਚ ਲੈਣ ਵਿੱਚ ਆਪਣੇ ਧੰਨਭਾਗ ਸਮਝਣੇ ਸ਼ੁਰੂ ਕਰ ਦਿੱਤੇ ਸਨ।
‘ਗੁਰਾਂ ਦੇ ਕੁੱਤੇ ਹੈਨਿ ਮੰਨੀਦੇ’ ਵਰਗੀ ਧਾਰਨਾ ਕਾਰਨ ਹੀ, ਗੁਰੂ ਸੰਤਾਨ ਗੁਰੂ ਨਾਨਕ ਸਾਹਿਬ ਵਾਂਗ ਹੀ ਦਰਬਾਰ ਲਗਾਉਂਦੇ ਰਹੇ ਹਨ। ਭਾਈ ਕੇਸਰ ਸਿੰਘ ਜੀ ਛਿੱਬਰ ਇਸ ਸੰਬੰਧ ਵਿੱਚ ਲਿਖਦੇ ਹਨ ਕਿ, “ਸੰਗਤਿ, ਸਾਹਿਬ ਸ੍ਰੀ ਚੰਦ ਜੀ ਪਾਸ ਭੀ ਜਾਇ। ਸਾਹਿਬ ਧਰਮ ਚੰਦ, ਮਿਹਰ ਚੰਦ, ਮਾਣਕ ਚੰਦ, ਬੈਠਣ ਦਰਬਾਰੁ ਲਾਏ। ਬਚਨ ਗੁਰੂ ਨਾਨਕ ਜੀ ਸੀ ਏਹੁ ਕੀਤਾ: ‘ਗੁਰਾਂ ਦੇ ਕੁੱਤੇ ਹੈਨਿ ਮੰਨੀਦੇ, ਤੁਸੀਂ ਅੰਸੁ ਹੋ ਮੀਤਾ’ (ਬੰਸਾਵਲੀਨਾਮਾ ਦਸਾਂ ਪਾਤਸ਼ਾਹੀਆਂ ਕਾ- ਚਰਣ ਦੂਜਾ)
(ਮਾਣਕ ਚੰਦ ਅਤੇ ਮਿਹਰ ਚੰਦ, ਧਰਮ ਚੰਦ ਜੀ ਦੇ ਸਪੁੱਤਰ ਸਨ) ਇਸ ਲੇਖਕ ਜੀ ਅਨੁਸਾਰ ਗੁਰੂ ਨਾਨਕ ਸਾਹਿਬ ਦੇ ਪੋਤਰੇ ਅਤੇ ਪੜਪੋਤਰੇ ਵੀ ਗੱਦੀ ਲਾ ਕੇ ਬੈਠਦੇ ਸਨ। ਇਹਨਾਂ ਦਾ ਗੱਦੀ ਲਾ ਕੇ ਬੈਠਣ ਦਾ ਕਾਰਨ ਲੇਖਕ ਜੀ ਇਹ ਦਸ ਰਹੇ ਹਨ ਕਿ ਗੁਰੂ ਨਾਨਕ ਸਾਹਿਬ ਨੇ ਸਿਰੀ ਚੰਦ ਅਤੇ ਲਖਮੀ ਦਾਸ ਨੂੰ ਕਿਹਾ ਸੀ ਕਿ ‘ਗੁਰਾਂ ਦੇ ਕੁੱਤੇ ਹੈਨਿ ਮੰਨੀਦੇ’। ਗੁਰੂ ਨਾਨਕ ਸਾਹਿਬ ਨੇ ਮਨੁੱਖਤਾ ਨੂੰ ਕੇਵਲ ਸੱਚ ਦੀ ਹੀ ਜੀਵਨ-ਜੁਗਤ ਦ੍ਰਿੜ ਕਰਵਾਈ ਹੈ। ਸੱਚ ਦੀਆਂ ਹੀ ਕਦਰਾਂ-ਕੀਮਤਾਂ ਦ੍ਰਿੜ ਕਰਵਾ ਕੇ ਇਹਨਾਂ ਨੂੰ ਧਾਰਨ ਕਰਨ ਲਈ ਉਤਸ਼ਾਹਤ ਕੀਤਾ ਹੈ। ਗੁਰਬਾਣੀ ਵਿੱਚ ਇਹ ਪੱਖ ਸਪਸ਼ਟ ਅਤੇ ਨਿਰਣਾਇਕ ਰੂਪ ਵਿੱਚ ਵਰਨਣ ਕੀਤਾ ਹੋਇਆ ਹੈ ਕਿ ਗੁਰੂ ਨਾਲ ਕੇਵਲ ਉਸ ਦਾ ਸਹੀ ਮਾਅਨਿਆਂ ਵਿੱਚ ਰਿਸ਼ਤਾ ਜਾਂ ਸੰਬੰਧ ਹੈ, ਜੋ ਗੁਰੂ ਵਲੋਂ ਦਰਸਾਈ ਜੀਵਨ-ਜੁਗਤ ਵਿੱਚ ਵਿਸ਼ਵਾਸ ਰੱਖਦਾ ਹੈ। ਜਿਸ ਦਾ ਇਸ ਵਿੱਚ ਵਿਸ਼ਵਾਸ ਨਹੀਂ, ਭਾਵ, ਇਸ ਨੂੰ ਅਮਲੀ ਰੂਪ ਵਿੱਚ ਨਹੀਂ ਅਪਣਾਉਂਦਾ, ਉਸ ਦਾ ਗੁਰੂ ਨਾਲ ਕੋਈ ਸੰਬੰਧ ਨਹੀਂ ਹੈ:- ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ॥ (ਪੰਨਾ ੬੦੧)
ਭਾਈ ਗੁਰਦਾਸ ਜੀ ਨੇ ਗੁਰੂ ਨਾਨਕ ਸਾਹਿਬ ਦੇ ਸਿੰਘਾਸਨ ਉੱਤੇ ਬਿਰਾਜਮਾਨ ਗੁਰੂਆਂ ਵਾਂਗ ਹੀ ਆਸਣ ਲਾ ਕੇ ਬੈਠਣ ਬਾਲੇ ਗੁਰ-ਪੁੱਤਰਾਂ ਵਲੋਂ ਰਚੇ ਅਡੰਬਰਾਂ ਤੋਂ ਹੀ ਸਿੱਖ ਸੰਗਤਾਂ ਨੂੰ ਸੁਚੇਤ ਕਰਦਿਆਂ ਹੋਇਆਂ ਲਿਖਿਆ ਸੀ:-
(੧) ਕੋਇਲ ਕਾਂਉ ਰਲਾਈਅਨਿ ਕਿਉ ਹੋਵਨਿ ਇਕੈ॥ ਤਿਉ ਨਿੰਦਕ ਜਗ ਜਾਣੀਅਨਿ ਬੋਲਿ ਬੋਲਨਿ ਫਿਕੈ॥ ਬਗੁਲੇ ਹੰਸੁ ਬਰਾਬਰੀ ਕਿਉ ਮਿਕਨਿ ਮਿਕੈ॥ ਤਿਉ ਬੇਮੁਖੁ ਚੁਣਿ ਕਢੀਅਨਿ ਮੁਹਿ ਕਾਲੇ ਟਿਕੈ॥ ਕਿਆ ਨੀਸਾਣੀ ਮੀਣਿਆ ਖੋਟੁ ਸਾਲੀ ਸਿਕੈ॥ ਸਿਰਿ ਸਿਰਿ ਪਾਹਣੀ ਮਾਰੀਅਨਿ ਓਇ ਪੀਰ ਫਿਟਿਕੈ॥ (ਵਾਰ ੩੬, ਪਉੜੀ ੮)
(੨) ਰਾਤੀ ਨੀਂਗਰ ਖੇਲਦੇ ਸਭ ਹੋਇ ਇਕਠੇ॥ ਰਾਜਾ ਪਰਜਾ ਹੋਵਦੇ ਕਰਿ ਸਾਂਗ ਉਪਠੇ॥ ਇਕਿ ਲਸਕਰ ਲੈ ਧਾਵਦੇ ਇਕਿ ਫਿਰਦੇ ਨਠੇ॥ ਠੀਕਰੀਆਂ ਹਾਲੇ ਭਰਨਿ ਉਇ ਖਰੇ ਅਸਠੇ॥ ਖਿਨ ਵਿਚਿ ਖੇਡ ਉਜਾੜਿਦੇ ਘਰੁ ਘਰੁ ਤ੍ਰਠੇ॥ ਵਿਣੁ ਗੁਣੁ ਗੁਰੂ ਸਦਾਇਦੇ ਓਇ ਖੋਟੇ ਮਠੇ॥ (ਵਾਰ ੩੬, ਪਉੜੀ ੯)
ਗੁਰੂ ਨਾਨਕ ਸਾਹਿਬ ਆਪਣੀ ਮੌਜੂਦਗੀ ਵਿੱਚ ਹੀ ਗੁਰੂ ਅੰਗਦ ਸਾਹਿਬ ਨੂੰ ਕੇਵਲ ਆਪਣੇ ਸਿੰਘਾਸਣ `ਤੇ ਹੀ ਨਹੀਂ ਬੈਠਾਉਂਦੇ ਸਗੋਂ ਉਹਨਾਂ ਅੱਗੇ ਆਪਣਾ ਸੀਸ ਵੀ ਝੁਕਾ ਕੇ ਸੰਗਤਾਂ ਨੂੰ ਗੁਰੂ ਅੰਗਦ ਸਾਹਿਬ ਦੇ ਚਰਨੀ ਲਾਉਂਦੇ ਹਨ। ਗੁਰੂ ਸਾਹਿਬ ਆਪਣੀ ਅਸਲ ਸੰਪਤੀ (ਗੁਰਬਾਣੀ ਦਾ ਸੰਗ੍ਰਹਿ) ਵੀ ਗੁਰੂ ਅੰਗਦ ਸਾਹਿਬ ਦੇ ਹਵਾਲੇ ਕਰਦੇ ਹਨ। ਜੇਕਰ ਸਿਰੀ ਚੰਦ, ਲਖਮੀ ਦਾਸ ਅਤੇ ਇਹਨਾਂ ਦੀ ਸੰਤਾਨ ਗੁਰੂ ਸਾਹਿਬ ਵਾਂਗ ਵਿਚਰਦੇ ਹਨ ਤਾਂ ਗੁਰੂ ਨਾਨਕ ਸਾਹਿਬ ਦੀ ਆਗਿਆ ਅਨੁਸਾਰ ਨਹੀਂ ਬਲਕਿ ਗੁਰਦੇਵ ਦੀ ਆਗਿਆ ਦੀ ਉਲੰਘਣਾ ਕਰਦਿਆਂ ਹੀ ਅਜਿਹਾ ਕਰ ਰਹੇ ਸਨ। ਗੁਰੂ ਸਾਹਿਬ ਨੇ ਇਹਨਾਂ ਨੂੰ ਇਹ ਅਧਿਕਾਰ ਨਹੀਂ ਦਿੱਤਾ ਕਿ ਉਹ ਗੁਰੂ ਅੰਗਦ ਸਾਹਿਬ ਵਾਂਗ ਗੱਦੀ ਲਾ ਕੇ ਬੈਠਣ ਜਾਂ ਸੰਗਤਾਂ ਨੂੰ ਉਹਨਾਂ ਨੂੰ ਗੁਰੂ ਵਾਂਗ ਪੂਜਨ।
ਇਸ ਤਰ੍ਹਾਂ ਦੀਆਂ ਲਿਖਤਾਂ ਆਮ ਲੋਕਾਈ ਨੂੰ ਗੁਮਰਾਹ ਕਰਨ ਵਿੱਚ ਸਹਾਇਕ ਹੁੰਦੀਆਂ ਹਨ। ਇਸ ਤਰ੍ਹਾਂ ਦੀਆਂ ਲਿਖਤਾਂ ਨੂੰ ਪੜ੍ਹ ਸੁਣ ਕੇ ਆਮ ਮਨੁੱਖ ਇਹ ਸਮਝਣ ਲੱਗ ਪੈਂਦਾ ਹੈ ਕਿ ਸੱਚ-ਮੁੱਚ ਇਹ ਬੋਲ ਗੁਰੂ ਸਾਹਿਬਾਨ ਦੇ ਮੂੰਹੋਂ ਨਿਕਲੇ ਹੋਏ ਹਨ। ਆਮ ਸਿੱਖ ਸੰਗਤ ਇਸ ਹਕੀਕਤ ਤੋਂ ਅਣਜਾਣ ਹਨ ਕਿ ਗੁਰੂ ਸਾਹਿਬਾਨ ਦੇ ਮੁਖੋਂ ਨਿਕਲੇ ਹੋਏ ਬੋਲ ਗੁਰਬਾਣੀ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਹਨ। ਗੁਰੂ ਗ੍ਰੰਥ ਸਾਹਿਬ ਤੋਂ ਇਲਾਵਾ ਜੇਕਰ ਕਿਸੇ ਹੋਰ ਲਿਖਤ ਵਿੱਚ ਕਿਸੇ ਲੇਖਕ ਨੇ ਗੁਰੂ ਸਾਹਿਬਾਨ ਦੇ ਮੂੰਹੋਂ ਕੁੱਝ ਅਜਿਹਾ ਕਢਵਾਇਆ ਹੈ ਜੋ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਨਹੀਂ ਹੈ, ਤਾਂ ਉਸ ਨੂੰ ਗੁਰੂ ਸਾਹਿਬ ਦਾ ਫ਼ਰਮਾਨ ਨਹੀਂ ਮੰਨਿਆ ਜਾ ਸਕਦਾ। ਇਸ ਲਈ ਸਾਨੂੰ ਗੁਰਬਾਣੀ ਅਤੇ ਗੁਰਬਾਣੀ ਦੇ ਆਸ਼ੇ ਦੇ ਅਨੁਕੂਲ ਬੋਲਾਂ ਨੂੰ ਹੀ ਗੁਰੂਆਂ ਦੇ ਬਚਨ ਮੰਨਣਾ ਚਾਹੀਦਾ ਹੈ। (ਚੱਲਦਾ)
.