.

ਕਾਚੇ ਗੁਰ ਤੇ ਮੁਕਤਿ ਨ ਹੂਆ

ਸੁਖਜੀਤ ਸਿੰਘ- ਕਪੂਰਥਲਾ

ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਹਾਂ। ਗੁਰਬਾਣੀ ਅਨੁਸਾਰ ਮਨੁੱਖਾ ਜੀਵਨ ਦੁਰਲਭ ਹੈ। 84 ਲੱਖ ਜੂਨਾਂ ਤੋ ਛੁਟਕਾਰਾ ਤਾਂ ਹੀ ਸੰਭਵ ਹੈ ਜੇਕਰ ਅਸੀ ਇਸ ਮਨੁੱਖਾ ਜੀਵਨ ਵਿੱਚ ਪ੍ਰਮੇਸ਼ਰ ਦੇ ਮਿਲਾਪ ਵਾਲੀ ਅਵਸਥਾ ਨੂੰ ਪ੍ਰਾਪਤ ਕਰ ਲਈਏ। ਪ੍ਰਮੇਸ਼ਰ ਦੀ ਪ੍ਰਾਪਤੀ ਮਨੁੱਖ ਦੇ ਆਪਣੇ ਯਤਨਾਂ ਨਾਲ ਨਹੀ ਸਗੋਂ ਗੁਰੂ ਦੀ ਕ੍ਰਿਪਾ ਦੁਆਰਾ ਹੀ ਹੁੰਦੀ ਹੈ। ਇਸ ਸਬੰਧ ਵਿੱਚ ਗੁਰਬਾਣੀ ਸਪਸ਼ਟ ਹੁਕਮ ਕਰਦੀ ਹੈ।
ਬਿਨ ਸਤਿਗੁਰ ਕਿਨੈ ਨ ਪਾਇਓ
ਬਿਨ ਸਤਿਗੁਰ ਕਿਨੈ ਨ ਪਾਇਆ।।
ਸਤਿਗੁਰ ਵਿੱਚ ਆਪੁ ਰਖਿਓਨੁ
ਕਰਿ ਪਰਗਟੁ ਆਖਿ ਸੁਣਾਇਆ।।
(ਮਹਲਾ ੧-੪੬੬)

ਮਨੁੱਖੀ ਮਨ ਅਗਿਆਨਤਾ ਦੇ ਹਨੇਰੇ ਵਿੱਚ ਭਟਕ ਰਿਹਾ ਹੈ, ਗਿਆਨ ਦੀ ਪ੍ਰਾਪਤੀ ਗੁਰੂ ਤੋਂ ਬਿਨਾਂ ਨਹੀ ਹੋ ਸਕਦੀ-
ਗਿਆਨ ਕਾ ਬਧਾ ਮਨੁ ਰਹੈ ਗੁਰ ਬਿਨੁ ਗਿਆਨ ਨ ਹੋਇ।।
(ਮਹਲਾ ੧-੪੬੯)
ਇਸੇ ਪ੍ਰਥਾਇ ਹੋਇ ਹੋਰ ਗੁਰਵਾਕ ਹਨ:
ਗੁਰ ਕੂੰਜੀ ਪਾਹੂ ਨਿਵਲੁ ਮਨੁ ਕੋਠਾ ਤਨੁ ਛਤਿ।।
ਨਾਨਕ ਗੁਰੁ ਬਿਨੁ ਮਨ ਕਾ ਤਾਕੁ ਨ ਉਘੜੈ ਅਵਰ ਨ ਕੁੰਜੀ ਹਥਿ।।
(ਸਲੋਕ ਮਹਲਾ ੨-੧੨੩੭)

ਗੁਰਬਾਣੀ ਵਿੱਚ ਜਿਥੇ ਪ੍ਰਭੂ ਮਿਲਾਪ ਲਈ ਗੁਰੂ ਮਿਲਾਪ ਤੇ ਜੋਰ ਦਿੱਤਾ ਹੈ। ਉੱਥੇ ਸਾਨੂੰ ਸਿੱਖ ਅਖਵਾਉਣ ਵਾਲਿਆ ਨੂੰ ਖਬਰਦਾਰ ਵੀ ਕੀਤਾ ਹੈ ਕਿ ਗੁਰੂ ਪੂਰਾ ਹੋਣਾ ਚਾਹੀਦਾ ਹੈ। ਪੂਰੇ ਗੁਰੂ ਦੇ ਉਪਦੇਸ਼ ਦੁਆਰਾ ਹੀ ਸ਼੍ਰਿਸ਼ਟੀ ਦੇ ਕਣ ਕਣ ਵਿੱਚ ਵਸੇ ਹੋਏ ਪ੍ਰਮੇਸ਼ਰ ਨਾਲ ਸਾਂਝ ਪੈ ਸਕਦੀ ਹੈ। ਆਪਾਂ ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਸਾਹਿਬ ਦੇ ਫੁਰਮਾਨ ਅਕਸਰ ਪੜ੍ਹਦੇ ਸੁਣਦੇ ਹਾਂ।
ਪੂਰੇ ਗੁਰ ਕਾ ਸੁਨਿ ਉਪਦੇਸ।।
ਪਾਰਬ੍ਰਹਮ ਨਿਕਟ ਕਰਿ ਪੇਖ।।
(ਗਉੜੀ ਸੁਖਮਨੀ ਮਹਲਾ ੫-੨੯੫)

ਪ੍ਰੰਤੂ ਜਿਵੇ ਦੁਨੀਆ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਹਰ ਚੰਗੀ ਚੀਜ ਦੀ ਡੁਪਲੀਕੇਟ ਤਿਆਰ ਹੋ ਜਾਂਦੀ ਹੈ ਇਸੇ ਤਰ੍ਹਾ ਸੰਸਾਰ ਤੇ ਪੂਰੇ ਗੁਰੂ ਦੇ ਮੁਕਾਬਲੇ ਨਕਲੀ ਕੱਚੇ ਗੁਰੂ ਵੀ ਪੈਦਾ ਹੋ ਗਏ, ਇਨ੍ਹਾਂ ਅਧੂਰੇ ਕੱਚੇ ਗੁਰੂਆਂ ਨੇ ਮਨੁੱਖਤਾ ਦਾ ਪਾਰ ਉਤਾਰਾ ਤਾਂ ਕੀ ਕਰਨਾ ਸੀ ਸਗੋਂ ਇਹ ਆਪ ਤਾਂ ਡੁੱਬੇ ਈ ਨੇ ਆਪਣੇ ਪਿੱਛੇ ਲਗੇ ਲੱਖਾ ਲੋਕਾਂ ਨੂੰ ਵੀ ਡੋਬ ਰਹੇ ਨੇ। ਕਬੀਰ ਸਾਹਿਬ ਆਪਣੇ ਸਲੋਕ ਵਿੱਚ ਸਾਨੂੰ ਗਿਆਨ ਬਖਸ਼ਿਸ਼ ਕਰਦੇ ਹਨ-
“ਕਬੀਰ ਸਿਖ ਸਾਖਾ ਬਹੁਤੇ ਕੀਏ ਕੇਸੋ ਕੀਓ ਨ ਮੀਤੁ।।
ਚਾਲੇ ਥੇ ਹਰਿ ਮਿਲਨ ਕਉ ਬੀਚੈ ਅਟਕਿਓ ਚੀਤੁ।।
(ਸਲੋਕ ਕਬੀਰ ਜੀ-੧੩੬੯)

ਇਸੇ ਸਬੰਧ ਵਿੱਚ ਕਬੀਰ ਜੀ ਹੋਰ ਫੁਰਮਾਣ ਕਰਦੇ ਹਨ-
ਕਬੀਰ ਮਾਇ ਮੂਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ।।
ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ।।
(ਸਲੋਕ ਕਬੀਰ ਜੀ-੧੩੬੯)
ਜਦੋਂ ਦਾ ਸੰਸਾਰ ਬਣਿਆ ਹੈ ਪਤਾ ਨਹੀ ਕਿੰਨੇ ਕੱਚੇ ਗੁਰੂ ਅਤੇ ਉਨ੍ਹਾ ਦੇ ਚੇਲੇ ਇਸ ਸੰਸਾਰ ਵਿੱਚ ਸਮੇ-ਸਮੇ ਤੇ ਪੈਦਾ ਹੋਏ, ਪ੍ਰੰਤੂ ਕੋਈ ਵੀ ਕੱਚਾ ਗੁਰੂ ਨਾ ਆਪ ਮੁਕਤ ਹੋ ਸਕਿਆ ਅਤੇ ਨਾ ਹੀ ਆਪਣੇ ਚੇਲਿਆ ਨੂੰ ਮੁਕਤ ਕਰ ਸਕਿਆ। ਇਸੇ ਲਈ ਗੁਰਬਾਣੀ ਵਿੱਚ ਹੁਕਮ ਕੀਤਾ ਗਿਆ ਹੈ।
ਕੇਤੇ ਗੁਰ ਚੇਲੇ ਫੁਨਿ ਹੂਆ।।
ਕਾਚੇ ਗੁਰ ਤੇ ਮੁਕਤਿ ਨ ਹੂਆ।।
(… … …. . ਕਬੀਰ ਜੀ-੯੩੨)

ਅਸੀ ਅਕਸਰ ਦੇਖਦੇ ਹਾਂ ਕਿ ਮਨੁੱਖ ਕਚੇ ਮਕਾਨ ਵਿੱਚ ਨਿਵਾਸ ਕਰਨ ਤੋ ਡਰਦਾ ਹੈ ਕਿਤੇ ਡਿਗ ਨਾ ਪਵੇ, ਕੱਚੀ ਰੋਟੀ, ਕੱਚੇ ਫਲ ਖਾਣ ਤੋ ਡਰਦਾ ਹੈ ਤਾਂ ਜੋ ਪੇਟ ਖਰਾਬ ਨਾ ਕਰ ਦੇਵੇ। ਇਸ ਤਰ੍ਹਾ ਕੱਚਾ ਗੁਰੂ ਕਦੀ ਵੀ ਮਨੁੱਖ ਨੂੰ ਅਗਿਆਨਤਾ ਦੇ ਹਨੇਰੇ ਵਿੱਚੋ ਕਢ ਕੇ ਗਿਆਨ ਦੇ ਸੱਚੇ ਪ੍ਰਕਾਸ਼ ਵਿੱਚ ਨਹੀ ਲਿਜਾ ਸਕਦਾ।
ਭਗਤ ਕਬੀਰ ਜੀ ਨੇ ਇੱਕ ਦਿਨ ਬਜਾਰ ਵਿੱਚ ਲੰਘਦਿਆ ਦੇਖਿਆ ਇੱਕ ਤੇਲੀ ਜੋ ਕੋਹਲੂ ਚਲਾਉਦਿਆਂ ਕਦੀ ਆਪਣੇ ਬਲਦ ਨੂੰ ਕੁੱਟ ਰਿਹਾ ਸੀ ਕਦੀ ਕੋਹਲੂ ਵਿੱਚ ਪਈ ਸਰੋਂ ਨੂੰ ਹਿਲਾ ਰਿਹਾ ਸੀ, ਪਰੇਸ਼ਾਨੀ ਉਸ ਦੇ ਚਿਹਰੇ ਤੋ ਸਾਫ ਝਲਕ ਰਹੀ ਸੀ। ਕਬੀਰ ਜੀ ਵਲੋ ਪਰੇਸ਼ਾਨੀ ਦਾ ਕਾਰਨ ਪੁੱਛਣ ਤੇ ਤੇਲੀ ਨੇ ਦੱਸਿਆ “ਬਾਬਾ ਜੀ, ਮੈਂ ਸਰੋਂ ਅਜ ਕੁੱਝ ਕੱਚੀ ਪਾ ਬੈਠਾ ਹਾਂ ਮੇਰਾ ਬਲਦ ਵੀ ਥੱਕ ਗਿਆ, ਪਰ ਤੇਲ ਦੀ ਬੂੰਦ ਵੀ ਨਹੀ ਨਿਕਲ ਰਹੀ। “ ਕਬੀਰ ਜੀ ਨੇ ਇਸ ਘਟਨਾ ਨੂੰ ਮੁੱਖ ਰਖਦਿਆ ਕੱਚੇ ਗੁਰੂਆ ਤੋ ਬਚਣ ਦਾ ਉਪਦੇਸ਼ ਕਰਦੇ ਹੋਏ ਇਹ ਸਲੋਕ ਉਚਾਰਨ ਕੀਤਾ-
ਕਬੀਰ ਜਉ ਤੁਹਿ ਸਾਧ ਪਿਰੰਮ ਕੀ ਪਾਕੇ ਸੇਤੀ ਖੇਲੁ।।
ਕਾਚੀ ਸਰਸਉ ਪੇਲਿ ਕੈ ਨਾ ਖਲਿ ਭਈ ਨ ਤੇਲੁ।।
(ਸਲੋਕ ਕਬੀਰ ਜੀ-੧੩੭੭)
ਸਿੱਖ ਇਤਿਹਾਸ ਦੇ ਪੰਨਿਆ ਵਿੱਚ ਜਦੋਂ ਅਸੀ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਬਹੁਤ ਹੀ ਸਪਸ਼ਟ ਉਦਾਹਰਨਾਂ ਮਿਲਦੀਆ ਹਨ ਕਿ ਪੂਰੇ ਗੁਰੂ ਦਾ ਸਾਥ ਕਰਨ ਵਾਲਿਆਂ ਨੂੰ ਗੁਰੂ ਨੇ ਆਪਣੇ ਵਾਂਗ ਹੀ ਪੂਰਾ ਕਰ ਦਿਤਾ। ਜਿਵੇ ਭਾਈ ਲਹਿਣਾ ਜੀ ਪੂਰੇ ਗੁਰੂ ਨਾਨਕ ਦੇਵ ਜੀ ਦੀ ਸੰਗਤ ਕਰਕੇ ਗੁਰੂ ਅੰਗਦ ਸਾਹਿਬ ਬਣ ਗਏ ਅਤੇ ਭਾਈ ਜੇਠਾ ਜੀ ਪੂਰੇ ਗੁਰੂ ਅਮਰਦਾਸ ਜੀ ਦੀ ਬਖਸ਼ਿਸ਼ ਨਾਲ “ਧੰਨ ਧੰਨ ਰਾਮਦਾਸ ਗੁਰ” ਬਣ ਕੇ ਗੁਰੂ ਨਾਨਕ ਸਾਹਿਬ ਦੀ ਗੱਦੀ ਤੇ ਬਿਰਾਜਮਾਨ ਹੋ ਗਏ।
ਅਠਵੇਂ ਪਾਤਸ਼ਾਹ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਦਿਲੀ ਵਿਖੇ ਜੋਤੀ ਜੋਤ ਸਮਾਉਣ ਤੋ ਪਹਿਲਾ ਆਪਣੇ ਤੋ ਬਾਅਦ ਨੌਵੇ ਗੁਰੂ ਸਾਹਿਬ ਦੇ ਬਾਰੇ ਬੜੀ ਗੁਹਜ਼ ਭਰਪੂਰ ਰਮਜ਼ ਨਾਲ “ਬਾਬਾ ਬਸੇ ਗ੍ਰਾਮ ਬਕਾਲੇ” ਦਾ ਇਸ਼ਾਰਾ ਕਰ ਜਾਦੇ ਹਨ। ਬਾਲਾ ਪ੍ਰੀਤਮ ਸਿੱਧਾ ਗੁਰੂ ਤੇਗ ਬਹਾਦਰ ਜੀ ਦਾ ਨਾਮ ਵੀ ਲੈ ਸਕਦੇ ਸਨ। ਪ੍ਰੰਤੂ ਉਨ੍ਹਾ ਵਲੋਂ ਐਸਾ ਕਿਉ ਕੀਤਾ ਗਿਆ? ਕਿਉਕਿ ਸਤਿਗੁਰ ਜਾਣਦੇ ਸਨ ਕਿ ਗੁਰੂ ਘਰ ਵਿੱਚ ਕੱਚੇ ਨਕਲੀ ਗੁਰੂ ਬਣ ਬੈਠਿਆਂ ਦਾ ਭਾਂਡਾ ਚੌਰਾਹੇ ਵਿੱਚ ਭੰਨਣ ਦਾ ਸਮਾਂ ਹੁਣ ਆ ਗਿਆ ਹੈ। ਗੁਰੂ ਸਾਹਿਬ ਦੇ “ਬਾਬਾ ਬਸੇ ਗ੍ਰਾਮ ਬਕਾਲੇ” ਵਾਲੇ ਵਾਕ ਦਾ ਆਸਰਾ ਲੈ ਕੇ 22 ਪਖੰਡੀ ਗੁਰੂ, ਕੱਚੇ ਗੁਰੂ ਆਪਣੀਆ ਆਪਣੀਆ ਝੂਠ ਦੀਆ ਦੁਕਾਨਾਂ ਖੋਲ ਕੇ, ਮੰਜੀਆ ਵਿਛਾ ਕੇ ‘ਬਨਾਰਸ ਦੇ ਠਗ` ਬਣ ਕੇ ਬੈਠ ਗਏ। ਹਜਾਰਾਂ ਅਗਿਆਨੀ ਲੋਕ ਜਿਨ੍ਹਾ ਨੂੰ ਪੱਕੇ ਤੇ ਕੱਚੇ ਪਹਿਚਾਣ ਨਹੀ ਸੀ ਭੁਲੇਖਾ ਖਾ ਕੇ ਉਨ੍ਹਾ ਨੂੰ ਮੱਥੇ ਟੇਕਣ ਲੱਗੇ। ਪਰ ਇਹਨਾ ਪਖੰਡੀਆ ਵਿੱਚੋ ਕੋਈ ਵੀ ਸਿਮਰਨ ਤੇ ਕਮਾਈ ਵਾਲਾ ਮਨੁੱਖ ਨਹੀ ਸੀ। ਕਈ ਭੋਲੇ ਭਾਲੇ ਸਿੱਖ ਵੀ ਇਨ੍ਹਾ ਦੇ ਜਾਲ ਵਿੱਚ ਫਸਣ ਲੱਗੇ। ਅਜ ਲੋੜ ਸੀ ਇਨ੍ਹਾ ਪਾਖੰਡੀਆ ਦੀ ਪਹਿਚਾਣ ਕਰਨ ਲਈ ਗੁਰਬਾਣੀ ਤੋ ਅਗਵਾਈ ਲੈਣ ਦੀ।
ਰਹਿਓ ਸੰਤ ਹਉ ਟੋਲਿ ਸਾਧ ਬਹੁ ਤੇਰੇ ਡਿਠੇ।।
ਸੰਨਿਆਸੀ ਤਪਸੀਅਹੁ ਮੁਖਹੁ ਏ ਪੰਡਿਤ ਮਿਠੇ।।
ਬਰਸ ਏਕੁ ਹਉ ਫਿਰਿਓ ਕਿਨੈ ਨਹੁ ਪਰਚਉ ਲਾਯਉ।।
ਕਹਤਿਅਹ ਕਹਤੀ ਸੁਣੀ ਰਹਤ ਕੋ ਖੁਸੀ ਨ ਆਯਊ।।
(ਸਵਈਏ ਮਹਲੇ ਤੀਜੇ ਕੇ-੧੩੯੫)

ਐਸੇ ਕੱਚੇ ਗੁਰੂਆਂ ਦੀ ਕਹਿਣੀ ਤੇ ਕਥਨੀ ਵਿੱਚ ਜਮੀਨ ਤੇ ਅਸਮਾਨ ਦਾ ਅੰਤਰ ਹੁੰਦਾ ਹੈ। ਬਾਬੇ ਬਕਾਲੇ ਦੀ ਧਰਤੀ ਤੇ ਐਸੇ 22 ਕੱਚੇ ਗੁਰੂਆਂ ਦਾ ਪਾਜ ਉਘੇੜਣ ਲਈ ਭਾਈ ਮੱਖਣ ਸ਼ਾਹ ਨੇ ਆਪਣੀ ਦਸਵੰਧ ਭੇਟਾ ਵਿੱਚੋ 2-2 ਮੋਹਰਾਂ ਭੇਟਾ ਕਰਕੇ ਪਰਖ ਕਰ ਲਈ। ਅਖੀਰ ਸੱਚੇ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਪਹਿਚਾਣ ਕਰਕੇ ਉੱਚੇ ਕੋਠੇ ਤੇ ਚੜ੍ਹ ਕੇ ਉਚੀ ਅਵਾਜ ਵਿੱਚ ਹੋਕਾ ਦਿੱਤਾ “ਭੁਲੀਏ ਸੰਗਤੇ ਸਾਚਾ ਗੁਰ ਲਾਧੋ ਰੇ।। ਭੁਲੀਏ ਸੰਗਤੇ ਸਾਚਾ ਗੁਰ ਲਾਧੋ ਰੇ।। “ 22 ਕੱਚੇ, ਪਾਖੰਡੀ ਗੁਰੂ ਸਚ ਪ੍ਰਗਟ ਹੋਣ ਤੇ ਬਕਾਲੇ ਦੀ ਧਰਤੀ ਛਡ ਕੇ ਦੌੜ ਗਏ ਜਿਵੇ ਸੂਰਜ ਦੇ ਨਿਕਲਣ ਤੇ ਹਨੇਰਾ ਦੌੜ ਜਾਦਾ ਹੈ। ਇਹ ਇਤਿਹਾਸਕ ਘਟਨਾ ਸਿੱਖ ਸੰਗਤਾਂ ਨੂੰ ਹਮੇਸ਼ਾ ਲਈ ਕੱਚੇ ਗੁਰੂਆਂ ਤੋ ਬਚ ਕੇ ਰਹਿਣ ਦੀ ਪ੍ਰੇਰਨਾ ਦਿੰਦੀ ਹੈ ਅਤੇ ਦਿੰਦੀ ਰਹੇਗੀ।
ਪਰ ਅਜ ਅਸੀ ਜਦੋ ਪੰਜਾਬ ਦੀ ਧਰਤੀ ਵਲ ਝਾਤੀ ਮਾਰ ਕੇ ਦੇਖਦੇ ਹਾਂ ਤਾਂ ਹੈਰਾਨੀ ਹੁੰਦੀ ਹੈ ਕਿ ਉਸ ਸਮੇ ਤਾਂ ਕੇਵਲ 22 ਸਨ। ਪਰ ਅੱਜ 2200 ਪਾਖੰਡੀ ਕੱਚੇ ਗੁਰੂ ਬੈਠੇ ਹਨ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਰਤਦੇ ਹੋਏ ਆਪ ਗੁਰੂ ਦੇ ਸ਼ਰੀਕ ਬਣੇ ਬੈਠੇ ਹਨ। ਅਜ ਲੋੜ ਹੈ ਕਿ ਇਹਨਾ ਕੱਚੇ ਗੁਰੂਆ ਦੇ ਪਖੰਡ ਦਾ ਭਾਂਡਾ ਚੌਰਾਹੇ ਵਿੱਚ ਭੰਨਣ ਲਈ ਭਾਈ ਮੱਖਣ ਸ਼ਾਹ ਵਾਂਗ ਹਰ ਸਿੱਖ ਉੱਚੇ ਚੜ੍ਹ ਕੇ ਹੋਕਾ ਦੇਵੇ “ਭਲੀਏ ਸੰਗਤੇ ਸਾਚਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਲਾਧੋ ਰੇ, “ਭਲੀਏ ਸੰਗਤੇ ਸਾਚਾ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਲਾਧੋ ਰੇ, ।। “
ਸਾਡੇ ਕੋਲ ਗੁਰੂ ਤਾਂ ਅੱਜ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿੱਚ ਪੂਰੇ ਹਨ, ਪ੍ਰੰਤੂ ਅਜ ਪੂਰੇ ਗੁਰੂ ਦੇ ਸਪਸ਼ਟ ਉਪਦੇਸ਼ “ਬਾਣੀ ਗੁਰੂ ਗੁਰੂ ਹੈ ਬਾਣੀ” ਦੇ ਹੁੰਦਿਆ ਹੋਇਆ ਵੀ ਅਤੇ ਸਿੱਖਾ ਵਲੋ ਵੀ ਇਸ ਉਪਦੇਸ਼ ਨੂੰ ਪੜ੍ਹਦਿਆ ਸੁਣਦਿਆ ਤੇ ਗਾਉਦਿਆ ਹੋਇਆ ਵੀ ਕੱਚੇ ਗੁਰੂ ਕਦੀ ਭਨਿਆਰੇ ਵਾਲਾ, ਕਦੀ ਨੂਰਮਹਿਲ ਵਾਲਾ, ਕਦੀ ਝੂਠੇ ਸੌਦੇ ਵਾਲਾ, ਕਦੀ ਨਕਲੀ ਨਿਰੰਕਾਰੀਆ ਵਾਲਾ ਆਦਿ ਬਾਰ-ਬਾਰ ਕਿਉ ਪ੍ਰਗਟ ਹੋ ਰਹੇ ਹਨ? ਇਸ ਵਿੱਚ ਕਸੂਰ ਕਿਸ ਦਾ ਹੈ? ਜਦੋ ਇਸ ਗਿਰਾਵਟ ਦੇ ਕਾਰਨਾ ਵਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਭਗਤ ਕਬੀਰ ਜੀ ਇੱਕ ਸਲੋਕ ਰਾਹੀਂ ਸਾਡੀ ਅਗਵਾਈ ਕਰਦੇ ਹਨ-
ਕਬੀਰ ਸਾਚਾ ਸਤਿਗੁਰ ਕਿਆ ਕਰੈ ਜਉ ਸਿਖਾ ਕਹਿ ਚੂਕ।।
ਅੰਧੈ ਏਕੁ ਨ ਲਗਾਈ ਜਿਉ ਬਾਂਸੁ ਬਜਾਈਐ ਫੂਕ।।
(ਸਲੋਕ ਕਬੀਰ ਜੀ-੧੩੭੨)

ਸਾਡਾ ਸਾਰਿਆ ਦਾ ਫਰਜ਼ ਬਣਦਾ ਹੈ ਕਿ ਕੱਚੇ ਗੁਰੂਆਂ ਨਾਲੋ “ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ” (੧੧੦੨) ਦੇ ਗੁਰੂ ਹੁਕਮਾਂ ਦੀ ਰੋਸ਼ਨੀ ਵਿੱਚ ਪੱਕੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ “ਸੋ ਗੁਰ ਕਰੋ ਜਿ ਬਹੁਰਿ ਨ ਕਰਨਾ” ਵਾਲਾ ਸਦੀਵੀ ਨਾਤਾ ਜੋੜ ਲਈਏ ਅਤੇ ਗੁਰੂ ਪਾਤਸ਼ਾਹ ਦੀਆ ਖੁਸ਼ੀਆ ਦੇ ਪਾਤਰ ਬਣੀਏ।
ਸੁਖਜੀਤ ਸਿੰਘ ਕਪੂਰਥਲਾ
ਗੁਰਮਤਿ ਪ੍ਰਚਾਰਕ/ ਕਥਾਵਾਚਕ
201/6 ਮੁਹੱਲਾ ਸੰਤਪੁਰਾ, ਕਪੂਰਥਲਾ
98720-76876




.