.

ਗੁਰਮਤਿ ਅਤੇ ਸਾਇੰਸ ਦੇ ਇਸ ਅਜੋਕੇ ਯੁਗ ਵਿੱਚ (ਭਾਗ-੧੩)

Gurmat and science in present scenario (Part-13)

ਮਨੁੱਖ ਕੋਲ ਬੁਧੀ ਹੈ ਪਰ ਆਮ ਜੀਵਾਂ ਕੋਲ ਨਹੀਂ

Man has got thinking power but not other living beings

ਆਮ ਜੀਵਾਂ ਅਤੇ ਮਨੁੱਖ ਵਿੱਚ ਇਹੀ ਫਰਕ ਹੈ ਕਿ ਮਨੁੱਖ ਕੋਲ ਬੁਧੀ ਹੈ ਜੋ ਕਿ ਹੋਰ ਜੀਵਾਂ ਕੋਲ ਨਹੀਂ ਹੈ। ਮਨੁੱਖ ਸੋਚ ਸਕਦਾ ਹੈ, ਹੋਰ ਗਿਆਨ ਹਾਸਲ ਕਰ ਸਕਦਾ ਹੈ, ਨਵੀਆਂ ਕਾਢਾਂ ਕੱਢ ਸਕਦਾ ਹੈ, ਦੂਸਰਿਆਂ ਜੀਵਾਂ ਨੂੰ ਆਪਣੇ ਕਾਬੂ ਵਿੱਚ ਰੱਖ ਸਕਦਾ ਹੈ ਤੇ ਆਪਣੇ ਮਤਲਬ ਲਈ ਵਰਤ ਸਕਦਾ ਹੈ। ਮਨੁੱਖ ਨਵੀਆਂ ਚੀਜ਼ਾਂ ਬਣਾ ਸਕਦਾ ਹੈ, ਉਨ੍ਹਾਂ ਤੇ ਆਪਣਾ ਕਬਜਾ ਕਰ ਸਕਦਾ ਹੈ, ਅਦਲਾ ਬਦਲੀ ਤੇ ਹੇਰਾਫੇਰੀ ਕਰ ਸਕਦਾ ਹੈ। ਸੱਚ ਜਾਂ ਝੂਠ ਜਾਣ ਸਕਦਾ ਹੈ ਤੇ ਬੋਲ ਸਕਦਾ ਹੈ।

ਬਾਕੀ ਜੀਵ ਜੰਤੂਆਂ ਦੇ ਮੁਕਾਬਲੇ ਮਨੁੱਖਾ ਜਨਮ ਵਾਲੀ ਜੀਵ ਇਸਤ੍ਰੀ ਵੇਖਣ ਨੂੰ ਤਾਂ ਬਹੁਤ ਸੋਹਣੀ ਜਾਤ ਵਾਲੀ ਹੈ, ਮੰਨੇ ਹੋਏ ਖਾਨਦਾਨ ਵਾਲੀ ਹੈ, ਸੁੰਦਰ ਰੂਪ ਵਾਲੀ ਹੈ, ਬੜੀ ਸਿਆਣੀ ਤੇ ਚਤੁਰ ਜਾਣੀ ਜਾਂਦੀ ਹੈ, ਪਰ ਹੰਕਾਰ ਅਤੇ ਮੋਹ ਵਿੱਚ ਫਸੀ ਹੋਣ ਕਰਕੇ ਆਪਣੀ ਇਹ ਸਾਰੀ ਸੁੰਦਰਤਾ ਗਵਾ ਲੈਂਦੀ ਹੈ। ਮਨੁੱਖ ਕੋਲ ਬੜੀ ਸੁੱਚੀ ਰਸੋਈ ਹੈ, ਜਿਸ ਵਿੱਚ ਉਹ ਆਪਣਾ ਭੋਜਨ ਤਿਆਰ ਕਰਦਾ ਹੈ, ਪਰ ਬਾਕੀ ਪਸ਼ੂ ਪੰਛੀ ਤਾਂ ਵਿਚਾਰੇ ਗੰਦੇ ਮੰਦੇ ਥਾਵਾਂ ਤੋਂ ਹੀ ਢਿੱਡ ਭਰ ਕੇ ਗੁਜਾਰਾ ਕਰਦੇ ਹਨ। ਮਨੁੱਖ ਸੋਚ ਸਕਦਾ ਹੈ ਤੇ ਮੂੰਹ ਨਾਲ ਗਿਆਨ ਦੀਆਂ ਗੱਲਾਂ ਕਰ ਸਕਦਾ ਹੈ, ਪਰ ਅੰਦਰ ਹੰਕਾਰ ਨਾਲ ਭਰਿਆ ਹੋਇਆ ਹੈ। ਮਨੁੱਖ ਕਈ ਤਰ੍ਹਾਂ ਦੀਆਂ ਨਵੀਆਂ ਚੀਜ਼ਾਂ ਤੇ ਪਦਾਰਥ ਬਣਾ ਸਕਦਾ ਹੈ ਤੇ ਮਾਣ ਸਕਦਾ ਹੈ, ਪਰੰਤੂ ਲੋਭ ਕਰਕੇ ਆਪਣੀ ਸਾਰੀ ਵਡਿਆਈ ਗਵਾ ਲਈ ਹੈ। ਮਨੁੱਖ ਸੋਹਣੇ ਕੱਪੜੇ ਪਹਿਨ ਸਕਦਾ ਹੈ ਤੇ ਅਨੇਕਾਂ ਸੁਗੰਧੀਆਂ ਵਰਤ ਸਕਦਾ ਹੈ, ਚੰਗੇ ਆਚਾਰ ਨਾਲ ਲੋਕਾਂ ਵਿੱਚ ਮਾਣ ਪ੍ਰਾਪਤ ਕਰ ਸਕਦਾ ਹੈ, ਪਰ ਚੰਡਾਲ ਕ੍ਰੋਧ ਉਸ ਦਾ ਭੈੜਾ ਸਾਥੀ ਹੈ, ਜਿਸ ਨਾਲ ਉਹ ਆਪਣਾ ਸਰੀਰਕ ਤੇ ਮਾਨਸਿਕ ਜੀਵਨ ਬਰਬਾਦ ਕਰ ਲੈਂਦਾ ਹੈ। ਇਸ ਧਰਤੀ ਦੀਆਂ ਹੋਰ ਸਾਰੀਆਂ ਜੂਨਾਂ ਉੱਪਰ ਮਨੁੱਖ ਆਪਣਾ ਹੁਕਮ ਚਲਾ ਸਕਦਾ ਹੈ, ਉਨ੍ਹਾਂ ਨੂੰ ਆਪਣਾ ਸੇਵਕ ਬਣਾ ਸਕਦਾ ਹੈ, ਇਸ ਧਰਤੀ ਤੇ ਮਨੁੱਖ ਦੀ ਹੀ ਸਰਦਾਰੀ ਹੈ। ਮਨੁੱਖ ਕੋਲ ਸੋਨਾ, ਚਾਂਦੀ ਤੇ ਅਨੇਕਾਂ ਧਨ ਪਦਾਰਥ ਹਨ, ਪਰੰਤੂ ਹੋਰ ਜੂਨਾਂ ਕੋਲ ਇਹ ਚੀਜ਼ਾਂ ਨਹੀਂ ਹਨ। ਲੇਕਿਨ ਮਨੁੱਖ ਦੇ ਕਾਮ ਵਾਸਨਾ ਵਾਲੇ ਸੁਭਾਉ ਕਰਕੇ ਦੁਨੀਆਂ ਵਿੱਚ ਕਈ ਤਰ੍ਹਾਂ ਦੇ ਵਿਕਾਰ ਹੋ ਰਹੇ ਹਨ, ਜਿਨ੍ਹਾਂ ਨੇ ਸੰਸਾਰ ਵਿੱਚ ਅਸ਼ਾਂਤੀ ਤੇ ਬਰਬਾਦੀ ਫੈਲਾ ਰੱਖੀ ਹੈ। ਅਜੇਹਾ ਕਾਮ ਵਾਸਨਾ ਵਾਲਾ ਸੁਭਾਉ, ਸਭ ਤੋਂ ਉੱਚੀ ਸ਼੍ਰੇਣੀ ਵਾਲਿਆਂ ਨੂੰ ਫਬਦਾ ਨਹੀਂ। ਜਿਸ ਮਨੁੱਖ ਉਪਰ ਅਕਾਲ ਪੁਰਖੁ ਦੀ ਮਿਹਰ ਦੀ ਨਜ਼ਰ ਪੈਂਦੀ ਹੈ, ਉਸ ਨੂੰ ਉਹ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਦੀ ਕੈਦ ਤੋਂ ਛਡਾ ਲੈਂਦਾ ਹੈ। ਜਿਹੜਾ ਮਨੁੱਖ ਸਾਧ ਸੰਗਤਿ ਵਿੱਚ ਮਿਲ ਬੈਠ ਕੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਦਾ ਸਵਾਦ ਮਾਣ ਲੈਂਦਾ ਹੈ, ਉਹ ਮਨੁੱਖ ਆਪਣੇ ਜੀਵਨ ਵਿੱਚ ਕਾਮਯਾਬ ਹੋ ਜਾਂਦਾ ਹੈ। ਜਿਹੜਾ ਮਨੁੱਖ ਆਪਣੇ ਅੰਦਰ ਅਕਾਲ ਪੁਰਖੁ ਵਾਲੇ ਗੁਣ ਪੈਦਾ ਕਰ ਲੈਂਦਾ ਹੈ, ਉਸ ਨੂੰ ਇਹ ਸਾਰੇ ਮਿਲੇ ਹੋਏ ਸੁਖ ਬਹੁਤ ਫਬਦੇ ਹਨ ਤੇ ਅਜੇਹੀ ਜੀਵ ਇਸਤ੍ਰੀ ਸਚ-ਮੁਚ ਬੜੀ ਸੋਹਣੀ ਤੇ ਸਿਆਣੀ ਬਣ ਜਾਂਦੀ ਹੈ।

ਅਵਰ ਜੋਨਿ ਤੇਰੀ ਪਨਿਹਾਰੀ॥ ਇਸੁ ਧਰਤੀ ਮਹਿ ਤੇਰੀ ਸਿਕਦਾਰੀ॥॥ ਸੁਇਨਾ ਰੂਪਾ ਤੁਝ ਪਹਿ ਦਾਮ॥ ਸੀਲੁ ਬਿਗਾਰਿਓ ਤੇਰਾ ਕਾਮ॥ ੪॥ ਜਾ ਕਉ ਦ੍ਰਿਸਟਿ ਮਇਆ ਹਰਿ ਰਾਇ॥ ਸਾ ਬੰਦੀ ਤੇ ਲਈ ਛਡਾਇ॥ ਸਾਧਸੰਗਿ ਮਿਲਿ ਹਰਿ ਰਸੁ ਪਾਇਆ॥ ਕਹੁ ਨਾਨਕ ਸਫਲ ਓਹ ਕਾਇਆ॥ ੫॥ ਸਭਿ ਰੂਪ ਸਭਿ ਸੁਖ ਬਨੇ ਸੁਹਾਗਨਿ॥ ਅਤਿ ਸੁੰਦਰਿ ਬਿਚਖਨਿ ਤੂੰ॥ ੧॥ ਰਹਾਉ ਦੂਜਾ॥ ੧੨॥ (੩੭੪)

ਗੁਰੁ ਸਾਹਿਬ ਸਮਝਾਂਉਂਦੇ ਹਨ ਕਿ ਜੀਵਨ ਸੁਖੀ ਕਰਨ ਲਈ ਸਭ ਕੁੱਝ ਦੇਣ ਵਾਲੇ ਤੇ ਸਦਾ ਰੱਖਿਆ ਕਰਨ ਵਾਲੇ ਅਕਾਲ ਪੁਰਖੁ ਨੂੰ ਹਮੇਸ਼ਾਂ ਯਾਦ ਕਰਨਾ ਚਾਹੀਦਾ ਹੈ। ਜਿਸ ਅਕਾਲ ਪੁਰਖੁ ਨੇ ਪਿਤਾ ਦੀ ਬੂੰਦ ਤੋਂ ਤੈਨੂੰ ਬਣਾਇਆ, ਤੇਰਾ ਇਹ ਮਿੱਟੀ ਦਾ ਪੁਤਲਾ ਘੜਿਆ, ਵਿਕਾਸ ਕਰਨ ਲਈ ਬੁੱਧੀ ਦਿੱਤੀ, ਮਾਂ ਦੇ ਪੇਟ ਵਿੱਚ ਸਹੀ ਸਲਾਮਤ ਤੇ ਜਿੰਦਾ ਰੱਖਿਆ, ਤੈਨੂੰ ਠੀਕ ਤੇ ਗਲਤ ਪਰਖਣ ਦੀ ਸੋਝੀ ਦਿਤੀ, ਤੇਰੇ ਅੰਦਰ ਤਾਕਤ ਪਾ ਕੇ ਦੁਨੀਆਂ ਦੀ ਸਰਦਾਰੀ ਬਖਸ਼ੀ, ਉਸ ਅਕਾਲ ਪੁਰਖੁ ਨੂੰ ਹਮੇਸ਼ਾ ਯਾਦ ਰੱਖਿਆ ਕਰ। ਜਿਸ ਅਕਾਲ ਪੁਰਖੁ ਨੇ ਤੈਨੂੰ ਮਾਪੇ ਦਿੱਤੇ, ਭਰਾ ਪੁੱਤਰ ਤੇ ਨੌਕਰ ਦਿੱਤੇ, ਇਸਤ੍ਰੀ ਅਤੇ ਸੱਜਣ-ਮਿੱਤਰ ਦਿੱਤੇ, ਉਸ ਮਾਲਕ ਨੂੰ ਸਦਾ ਆਪਣੇ ਚਿੱਤ ਵਿੱਚ ਟਿਕਾਈ ਰੱਖ। ਜਿਸ ਅਕਾਲ ਪੁਰਖੁ ਨੇ ਤੈਨੂੰ ਕਿਸੇ ਵੀ ਮੁੱਲ ਨਾਲ ਨਾ ਮਿਲ ਸਕਣ ਵਾਲੀ ਹਵਾ ਦਿੱਤੀ ਤਾਂ ਜੋ ਤੂੰ ਜਿਊਂਦਾ ਰਹਿ ਸਕੇਂ, ਸਰੀਰ ਦੀਆਂ ਸਾਰੀਆਂ ਕਿਰਿਆਵਾਂ ਲਈ ਨਿਰਮੋਲਕ ਪਾਣੀ ਦਿੱਤਾ, ਭੋਜਨ ਤਿਆਰ ਕਰਨ ਲਈ ਅੱਗ ਤੇ ਬਾਲਣ ਦਿੱਤਾ, ਤੂੰ ਉਸ ਮਾਲਕ-ਅਕਾਲ ਪੁਰਖੁ ਦੀ ਸਰਨ ਵਿੱਚ ਸਦਾ ਟਿਕਿਆ ਰਹਿ। ਜਿਸ ਅਕਾਲ ਪੁਰਖੁ ਨੇ ਤੈਨੂੰ ਅਨੇਕਾਂ ਕਿਸਮਾਂ ਦੇ ਸੁਆਦਲੇ ਖਾਣੇ ਦਿਤੇ, ਇਨ੍ਹਾਂ ਖਾਣਿਆਂ ਨੂੰ ਹਜ਼ਮ ਕਰਨ ਲਈ ਤੇਰੇ ਅੰਦਰ ਮਿਹਦਾ ਆਦਿਕ ਅੰਗ ਬਣਾਏ, ਤੈਨੂੰ ਚਲਣ, ਰਹਿਣ ਤੇ ਆਪਸ ਵਿੱਚ ਸਾਂਝ ਕਰਨ ਲਈ ਧਰਤੀ ਦਿੱਤੀ, ਉਸ ਮਾਲਕ-ਅਕਾਲ ਪੁਰਖੁ ਦੇ ਚਰਨ ਆਪਣੇ ਚਿੱਤ ਵਿੱਚ ਸਦਾ ਟਿਕਾ ਕੇ ਰੱਖ। ਜਿਸ ਅਕਾਲ ਪੁਰਖੁ ਨੇ ਤੈਨੂੰ ਦੁਨੀਆ ਦੇ ਰੰਗ-ਤਮਾਸ਼ੇ ਵੇਖਣ ਵਾਸਤੇ ਅੱਖਾਂ ਦਿੱਤੀਆਂ, ਸੁਣਨ ਵਾਸਤੇ ਕੰਨ ਦਿੱਤੇ ਹਨ, ਕੰਮ ਕਾਰ ਕਰਨ ਲਈ ਹੱਥ ਦਿੱਤੇ, ਸੁੰਘਣ ਲਈ ਨੱਕ ਤੇ ਸਵਾਦ ਪਰਖਣ ਲਈ ਜੀਭ ਦਿੱਤੀ, ਤੁਰਨ ਲਈ ਤੈਨੂੰ ਪੈਰ ਦਿੱਤੇ, ਸੋਚਣ ਤੇ ਵਿਚਾਰਨ ਲਈ ਸਾਰੇ ਅੰਗਾਂ ਵਿਚੋਂ ਸ਼ਿਰੋਮਣੀ ਅੰਗ ਦਿਮਾਗ ਬਣਾਇਆ ਹੈ, ਉਸ ਅਕਾਲ ਪੁਰਖੁ ਦੇ ਚਰਨਾਂ ਨੂੰ ਹਮੇਸ਼ਾਂ ਪੂਜਿਆ ਕਰ। ਉਸ ਅਕਾਲ ਪੁਰਖੁ ਨੂੰ ਸਿਮਰਿਆ ਕਰ, ਜਿਸ ਨੇ ਤੈਨੂੰ ਅਪਵਿੱਤਰ ਤੋਂ ਪਵਿੱਤਰ ਬਣਾ ਦਿੱਤਾ, ਤੇ ਤੈਨੂੰ ਸਾਰੀਆਂ ਜੂਨੀਆਂ ਦਾ ਸਰਦਾਰ ਬਣਾ ਦਿੱਤਾ। ਹੁਣ ਤੇਰੀ ਮਰਜ਼ੀ ਹੈ, ਕਿ ਤੂੰ ਉਸ ਨੂੰ ਯਾਦ ਕਰ ਕੇ ਜ਼ਿੰਦਗੀ ਵਿੱਚ ਕਾਮਯਾਬ ਹੋਣਾ ਹੈ ਜਾਂ ਅਕਿਰਤਘਣ ਬਣ ਕੇ ਆਪਣਾ ਮਨੁੱਖਾ ਜਨਮ ਵਿਅਰਥ ਗਵਾਉਣਾਂ ਹੈ। ਇਸ ਲਈ ਅਕਾਲ ਪੁਰਖੁ ਨੂੰ ਹਮੇਸ਼ਾਂ ਆਪਣੇ ਮਨ ਵਿੱਚ ਯਾਦ ਰੱਖਣਾਂ ਚਾਹੀਦਾ ਹੈ, ਕਿਉਂਕਿ ਉਸ ਨੂੰ ਚਿਤ ਵਿੱਚ ਰੱਖਣ ਨਾਲ ਹੀ ਮਨੁੱਖਾ ਜੀਵਨ ਦਾ ਮਨੋਰਥ ਸਫਲ ਹੁੰਦਾ ਹੈ। ਇਸ ਲੋਕ ਵਿੱਚ ਤੇ ਪਰਲੋਕ ਵਿੱਚ ਸਿਰਫ ਉਹ ਅਕਾਲ ਪੁਰਖੁ ਹੀ ਹੈ ਜੋ ਸਹਾਈ ਹੋ ਸਕਦਾ ਹੈ, ਜਿਸ ਪਾਸੇ ਵੀ ਝਾਤੀ ਮਾਰੀ ਜਾਏ, ਉਸੇ ਪਾਸੇ ਅਕਾਲ ਪੁਰਖੁ ਹੀ ਤੇਰੇ ਨਾਲ ਹੈ। ਪਰ ਵੇਖੋ ਮਨੁੱਖ ਦੇ ਮੰਦੇ ਭਾਗ, ਕਿ ਜਿਸ ਅਕਾਲ ਪੁਰਖੁ ਨੂੰ ਵਿਸਾਰਿਆਂ ਇੱਕ ਪਲ ਭਰ ਦਾ ਸਮਾ ਵੀ ਸੌਖਾ ਨਹੀਂ ਲੰਘ ਸਕਦਾ, ਉਸੇ ਅਕਾਲ ਪੁਰਖੁ ਨੂੰ ਯਾਦ ਲਈ ਮਨੁੱਖ ਆਪਣੇ ਮਨ ਵਿੱਚ ਆਲਸ ਕਰਦਾ ਹੈ। ਮਾਇਆ ਦੇ ਮੋਹ ਵਿੱਚ ਫਸ ਕੇ ਸੰਸਾਰੀ ਜੀਵ ਪਾਪੀ ਬਣ ਜਾਂਦੇ ਹਨ, ਬੁਧੀ ਹੋਣ ਦੇ ਬਾਵਜੂਦ ਗੁਣ-ਹੀਣ ਹੋ ਜਾਂਦੇ ਹਨ। ਅਸੀਂ ਨਾ ਤਾਂ ਕੋਈ ਸੇਵਾ-ਭਗਤੀ ਕਰਦੇ ਹਾਂ, ਤੇ ਨਾ ਹੀ ਸਾਡੇ ਕੰਮ ਚੰਗੇ ਹੁੰਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਵੱਡੇ ਭਾਗਾਂ ਨਾਲ ਗੁਰੂ ਰੂਪੀ ਜਹਾਜ਼ ਮਿਲ ਗਿਆ, ਗੁਰਬਾਣੀ ਦੁਆਰਾ ਜੀਵਨ ਦੀ ਸਹੀ ਦਿਸ਼ਾ ਮਿਲ ਗਈ, ਉਹ ਗੁਰੂ ਦੀ ਸੰਗਤਿ ਵਿੱਚ ਵਿੱਚ ਮਿਲ ਬੈਠ ਕੇ ਆਪਣੇ ਅੰਦਰ ਅਕਾਲ ਪੁਰਖੁ ਵਰਗੇ ਗੁਣ ਪੈਦਾ ਕਰ ਲੈਂਦੇ ਹਨ। ਅਜੇਹਾ ਕਰਨ ਨਾਲ ਪੱਥਰ ਦਿਲ ਮਨੁੱਖ ਵੀ ਗੁਰੂ ਦੇ ਜਹਾਜ਼ ਵਿੱਚ ਬੈਠ ਕੇ ਇਸ ਸੰਸਾਰ-ਸਮੁੰਦਰ ਵਿਚੋਂ ਪਾਰ ਲੰਘ ਜਾਂਦੇ ਹਨ।

ਅਪਵਿਤ੍ਰ ਪਵਿਤ੍ਰੁ ਜਿਨਿ ਤੂ ਕਰਿਆ॥ ਸਗਲ ਜੋਨਿ ਮਹਿ ਤੂ ਸਿਰਿ ਧਰਿਆ॥ ਅਬ ਤੂ ਸੀਝੁ ਭਾਵੈ ਨਹੀ ਸੀਝੈ॥ ਕਾਰਜੁ ਸਵਰੈ ਮਨ ਪ੍ਰਭੁ ਧਿਆਈਜੈ॥ ੬॥ (੯੧੩)

ਅਕਾਲ ਪੁਰਖੁ, ਸਭ ਦਾ ਮੂਲ ਹੈ, ਤੇ ਉਹ ਆਪਣੇ ਹੁਕਮੁ ਅਨੁਸਾਰ ਸਾਰੀ ਸ੍ਰਿਸ਼ਟੀ ਪੈਦਾ ਕਰਦਾ ਹੈ। ਸਾਰੀਆਂ ਚੌਰਾਸੀ ਲੱਖ ਜੂਨਾਂ ਵਿਚੋਂ ਅਕਾਲ ਪੁਰਖੁ ਨੇ ਮਨੁੱਖਾ ਜਨਮ ਨੂੰ ਵਡਿਆਈ ਦਿੱਤੀ ਹੈ। ਪਰ ਜਿਹੜਾ ਮਨੁੱਖ ਇਸ ਪੌੜੀ ਤੋਂ ਖੁੰਝ ਜਾਂਦਾ ਹੈ, ਮਨੁੱਖਾ ਜਨਮ ਦਾ ਮੰਤਵ ਤੇ ਫਰਜ਼ ਨਹੀਂ ਸਮਝਦਾ, ਉਹ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਹੈ ਤੇ ਦੁੱਖ ਭੋਗਦਾ ਹੈ। ਗੁਰੂ ਦੀ ਸਰਨ ਪੈ ਕੇ ਅਕਾਲ ਪੁਰਖੁ ਦਾ ਕੀਮਤੀ ਨਾਮੁ ਪ੍ਰਾਪਤ ਕਰਨਾ ਚਾਹੀਦਾ ਹੈ, ਤੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ-ਸਾਲਾਹ ਕਰਨੀ ਚਾਹੀਦੀ ਹੈ, ਪਰੰਤੂ ਅਕਾਲ ਪੁਰਖੁ ਦੇ ਪੈਦਾ ਕੀਤੇ ਹੋਏ ਵਿਅਕਤੀ ਜਾਂ ਪਦਾਰਥਾਂ ਦੀ ਵਡਿਆਈ ਕਰਦੇ ਰਹਿਣਾ ਵਿਅਰਥ ਹੈ। ਪਰ ਜੀਵ ਦੇ ਵੱਸ ਦੀ ਗੱਲ ਨਹੀਂ ਹੈ, ਜਿਸ ਮਨੁੱਖ ਨੂੰ ਅਕਾਲ ਪੁਰਖੁ ਆਪ ਕੁਰਾਹੇ ਪਾ ਦੇਂਦਾ ਹੈ, ਉਹ ਮਨੁੱਖ ਕੁਰਾਹੇ ਪਿਆ ਰਹਿੰਦਾ ਹੈ। ਉਹੀ ਮਨੁੱਖ ਜੀਵਨ ਦਾ ਸਹੀ ਰਸਤਾ ਸਮਝਦਾ ਹੈ, ਜਿਸ ਨੂੰ ਅਕਾਲ ਪੁਰਖੁ ਆਪ ਸਮਝਾਂਦਾ ਹੈ। ਅਕਾਲ ਪੁਰਖੁ ਨੇ ਇਸ ਮਨੁੱਖਾ ਸਰੀਰ ਨੂੰ ਖ਼ੁਸ਼ੀ ਗ਼ਮੀ ਦਾ ਨਗਰ ਬਣਾ ਦਿੱਤਾ ਹੈ। ਉਹੀ ਮਨੁੱਖ ਇਨ੍ਹਾਂ ਦੇ ਪ੍ਰਭਾਵ ਤੋਂ ਬਚਦੇ ਹਨ, ਜਿਹੜੇ ਗੁਰੂ ਦੀ ਸਰਨ ਵਿੱਚ ਆ ਜਾਂਦੇ ਹਨ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਕੇ ਮਾਇਆ ਦੇ ਤਿੰਨ ਗੁਣਾਂ ਤੋਂ ਨਿਰਾਲਾ ਰਹਿੰਦਾ ਹੈ, ਉਹ ਲੋਕ ਪਰਲੋਕ ਵਿੱਚ ਸ਼ੋਭਾ ਖੱਟਦਾ ਹੈ।

ਲਖ ਚਉਰਾਸੀਹ ਜੋਨਿ ਸਬਾਈ॥ ਮਾਣਸ ਕਉ ਪ੍ਰਭਿ ਦੀਈ ਵਡਿਆਈ॥ ਇਸੁ ਪਉੜੀ ਤੇ ਜੋ ਨਰੁ ਚੂਕੈ ਸੋ ਆਇ ਜਾਇ ਦੁਖੁ ਪਾਇਦਾ॥ ੨॥ (੧੦੭੫)

ਆਮ ਲੋਕਾਂ ਦਾ ਸਾਇੰਸ ਬਾਰੇ ਗਿਆਨ ਵੀ ਅਖਬਾਰਾਂ ਵਿੱਚ ਦਿੱਤੀ ਗਈ ਜਾਣਕਾਰੀ ਤੱਕ ਹੀ ਸੀਮਤ ਹੈ। ਅਖਬਾਰ ਜਾਂ ਟੀ. ਵੀ ਵਾਲੇ ਅਕਸਰ ਆਪਣੀ ਮਸ਼ਹੂਰੀ ਲਈ ਖ਼ਬਰ ਨੂੰ ਵਧਾ ਚੜ੍ਹਾ ਕੇ ਦਿੰਦੇ ਹਨ। ਸਚਾਈ ਜਾਨਣ ਲਈ ਮੁਢਲੀ ਜਾਣਕਾਰੀ ਜਰੂਰੀ ਹੈ, ਸਾਇੰਸਦਾਨ ਦਾ ਆਪਣਾ ਲੇਖ ਜੋ ਕਿ ਜਰਨਲ ਵਿੱਚ ਛਪਿਆ ਹੈ, ਉਸ ਨੂੰ ਪੜ੍ਹਨਾਂ ਚਾਹੀਦਾ ਹੈ। ਜਰਨਲ ਵਿੱਚ ਛਪੇ ਲੇਖ ਵਿੱਚ ਅਕਸਰ ਗੁਣ ਤੇ ਖਾਮੀਆਂ ਦੋਵੇਂ ਸਾਂਝੀਆਂ ਕੀਤੀਆਂ ਜਾਂਦੀਆਂ ਹਨ, ਤਾਂ ਜੋ ਅਸਲੀਅਤ ਬਾਰੇ ਜਾਣਕਾਰੀ ਦਿਤੀ ਜਾ ਸਕੇ। ਅਖਬਾਰਾਂ ਲੱਖਾਂ ਦੀ ਗਿਣਤੀ ਵਿੱਚ ਛਪਦੀਆਂ ਹਨ, ਇਸ ਲਈ ਹਰੇਕ ਕੋਈ ਜਾਣ ਲੈਂਦਾ ਹੈ। ਪਰ ਜਰਨਲਾਂ ਦੀ ਗਿਣਤੀ ਤਾਂ ਕੁੱਝ ਸੈਂਕੜਿਆਂ ਵਿੱਚ ਹੁੰਦੀ ਹੈ, ਇਸ ਲਈ ਕੋਈ ਵਿਰਲਾ ਹੀ ਪੜ੍ਹਦਾ ਹੈ। ਜਿਸ ਕਰਕੇ ਲੋਕ ਸਚਾਈ ਤੋਂ ਦੂਰ ਹੀ ਰਹਿ ਜਾਂਦੇ ਹਨ। ਇਹੀ ਹਾਲ ਗੁਰਬਾਣੀ ਦਾ ਹੈ, ਕੋਈ ਵਿਰਲਾ ਹੀ ਗੁਰੂ ਗਰੰਥ ਸਾਹਿਬ ਨੂੰ ਪੜ੍ਹਦਾ ਤੇ ਫਿਰ ਖੋਜਦਾ ਹੈ। ਪਰ ਅੱਜਕਲ ਡੇਰੇ ਵਾਲੇ ਲੱਖਾਂ ਦੀ ਗਿਣਤੀ ਵਿੱਚ ਆਪਣੀਆਂ ਕਿਤਾਬਾਂ ਤੇ ਲਿਟਰੇਚਰ ਛਾਪ ਰਹੇ ਹਨ, ਪਰ ਕੋਈ ਵਿਰਲਾ ਹੀ ਕੋਈ ਛਪੀ ਹੋਈ ਵੀਚਾਰ ਨੂੰ ਗੁਰੂ ਗਰੰਥ ਸਾਹਿਬ ਦੀ ਕਸਵੱਟੀ ਤੇ ਪਰਖਦਾ ਹੈ। ਇਹੀ ਕਾਰਨ ਹੈ ਕਿ ਅੱਜਕਲ ਗੁਰਦੁਆਰਿਆਂ ਵਿੱਚ ਤੇ ਆਮ ਸਿੱਖਾਂ ਦੇ ਘਰਾਂ ਵਿੱਚ ਗੁਰਮਤਿ ਘੱਟ ਤੇ ਮਨਮਤਿ ਜਿਆਦਾ ਹੈ। ਜੇ ਕੋਈ ਵਿਰਲਾ ਸਚਾਈ ਦੱਸਣ ਦੀ ਕੋਸ਼ਿਸ਼ ਵੀ ਕਰਦਾ ਹੈ ਤਾਂ ਉਸ ਨੂੰ ਲੋਕਾਂ ਦੀਆਂ ਵੋਟਾਂ ਦੇ ਜੋਰ ਨਾਲ ਚੁੱਪ ਕਰਾ ਦਿੱਤਾ ਜਾਂਦਾ ਹੈ।

ਇਹ ਬੁਧੀ ਹੀ ਹੈ, ਜਿਸ ਨਾਲ ਮਨੁੱਖ ਠੀਕ ਅਤੇ ਗਲਤ ਵਿੱਚ ਅੰਤਰ ਪਤਾ ਕਰ ਸਕਦਾ ਹੈ। ਆਮ ਗਰੰਥੀਆਂ ਤੇ ਡੇਰੇ ਵਾਲਿਆਂ ਦਾ ਸਾਇੰਸ ਸਬੰਧੀ ਗਿਆਨ ਅਖਬਾਰਾਂ ਤਕ ਹੀ ਸੀਮਤ ਹੁੰਦਾ ਹੈ, ਅਸਲੀ ਸਾਇੰਸ ਤਕ ਨਹੀਂ। ਕਈ ਪਰਚਾਰਕ ਲੋਕਾਂ ਨੂੰ ਭਾਵਕ ਬਣਾ ਕੇ, ਕੁਦਰਤ ਦੀ ਅਸਲੀਅਤ ਦਾ ਵੀ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਹਨ। ਹੋਰਨਾਂ ਧਰਮਾਂ ਦੇ ਸਾਇੰਸ ਨਾਲ ਮਤਭੇਦ ਹੋ ਸਕਦੇ ਹਨ, ਪਰੰਤੂ ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਤਾਂ ਪੂਰਨ ਤੌਰ ਤੇ ਵਿਗਿਆਨਕ ਢੰਗ ਨਾਲ ਹੀ ਪੇਸ਼ ਕੀਤੀ ਹੈ।

ਗੁਰੂ ਸਾਹਿਬ ਮਨੁੱਖ ਨੂੰ ਸਮਝਾਂਉਂਦੇ ਹਨ, ਕਿ ਜਦੋਂ ਹਵਾ ਪਾਣੀ ਅੱਗ ਆਦਿਕ ਤੱਤਾਂ ਦਾ ਮਿਲਾਪ ਹੁੰਦਾ ਹੈ ਤਾਂ ਇਹ ਸਰੀਰ ਬਣਦਾ ਹੈ, ਤੇ ਇਸ ਵਿੱਚ ਚੰਚਲ ਤੇ ਇੱਕ ਥਾਂ ਨਾ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ ਸ਼ੁਰੂ ਹੋ ਜਾਂਦੀ ਹੈ। ਸਰੀਰ ਦੀਆਂ ਨੌ ਗੋਲਕਾਂ ਇਸ ਦੌੜ-ਭੱਜ ਵਿੱਚ ਸ਼ਾਮਿਲ ਰਹਿੰਦੀਆਂ ਹਨ, ਸਿਰਫ਼ ਦਿਮਾਗ਼ ਹੀ ਹੈ, ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ। ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ, ਉਸ ਨੂੰ ਇਹ ਸਮਝ ਆ ਜਾਂਦੀ ਹੈ, ਕਿ ਅਕਾਲ ਪੁਰਖੁ ਹਰੇਕ ਜੀਵ ਵਿੱਚ ਵਿਆਪਕ ਹੋ ਕੇ ਬੋਲਣ ਤੇ ਸੁਣਨ ਵਾਲਾ ਹੈ। ਜਦੋਂ ਮਨੁੱਖ ਨੂੰ ਗੁਰੂ ਮਿਲ ਜਾਂਦਾ ਹੈ, ਤਾਂ ਹੋਰ ਕੁੱਝ ਨਹੀਂ ਮਰਦਾ ਸਿਰਫ਼ ਮਨੁੱਖ ਦੇ ਅੰਦਰੋਂ ਹਉਮੈਂ ਦੀ ਮੌਤ ਹੁੰਦੀ ਹੈ, ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿੱਚ ਸੁਆਸ ਚਲਦਾ ਰਹਿੰਦਾ ਹੈ। ਗੁਰੂ ਨੂੰ ਮਿਲਣ ਨਾਲ ਮਨੁੱਖ ਦੇ ਅੰਦਰੋਂ ਮਾਇਆ ਦੀ ਖਿੱਚ ਖਤਮ ਹੋ ਜਾਂਦੀ ਹੈ, ਤੇ ਵਿਕਾਰ ਨਿਕਲ ਜਾਂਦੇ ਹਨ। ਪਰ ਉਹ ਆਤਮਾ ਨਹੀਂ ਮਰਦੀ ਜੋ ਸਭ ਦੀ ਸੰਭਾਲ ਕਰਨ ਵਾਲੇ ਅਕਾਲ ਪੁਰਖੁ ਦੀ ਅੰਸ਼ ਹੈ। ਕੀਮਤੀ ਨਾਮੁ ਰਤਨ ਮਨੁੱਖ ਦੇ ਹਿਰਦੇ ਵਿੱਚ ਹੀ ਵੱਸਦਾ ਹੈ, ਉਸ ਨੂੰ ਲੱਭਣ ਲਈ ਤੀਰਥਾਂ ਜਾਂ ਤਰ੍ਹਾਂ ਤਰ੍ਹਾਂ ਦੇ ਥਾਂਵਾਂ ਤੇ ਜਾ ਕੇ ਭਟਕਣ ਦੀ ਕੋਈ ਲੋੜ ਨਹੀਂ। ਜਿਸ ਮਨੁੱਖ ਨੂੰ ਗੁਰੂ ਨੇ ਅਕਾਲ ਪੁਰਖੁ ਦਾ ਦਰਸ਼ਨ ਕਰਾ ਦਿੱਤਾ, ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਸਭ ਜੀਵਾਂ ਵਿੱਚ ਵਿਆਪਕ ਅਕਾਲ ਪੁਰਖੁ ਕਦੀ ਮਰਦਾ ਨਹੀਂ, ਸਿਰਫ ਮਨੁੱਖ ਦੇ ਅੰਦਰੋਂ ਮਾਇਆ ਦੀ ਮਮਤਾ ਰੂਪੀ ਚੁੜੇਲ ਹੀ ਮਰਦੀ ਹੈ।

ਗਉੜੀ ਮਹਲਾ ੧॥ ਪਉਣੈ ਪਾਣੀ ਅਗਨੀ ਕਾ ਮੇਲੁ॥ ਚੰਚਲ ਚਪਲ ਬੁਧਿ ਕਾ ਖੇਲੁ॥ ਨਉ ਦਰਵਾਜੇ ਦਸਵਾ ਦੁਆਰੁ॥ ਬੁਝੁ ਰੇ ਗਿਆਨੀ ਏਹੁ ਬੀਚਾਰੁ॥ ੧॥ ਕਥਤਾ ਬਕਤਾ ਸੁਨਤਾ ਸੋਈ॥ ਆਪੁ ਬੀਚਾਰੇ ਸੁ ਗਿਆਨੀ ਹੋਈ॥ ੧॥ ਰਹਾਉ॥ (੧੫੨)

ਉਹ ਅਕਾਲ ਪੁਰਖੁ ਅਦ੍ਰਿੱਸ਼ ਹੈ, ਬੇਅੰਤ ਹੈ, ਅਪਹੁੰਚ ਹੈ, ਮਨੁੱਖ ਦੀਆਂ ਗਿਆਨ ਇੰਦ੍ਰੀਆਂ ਉਸ ਨੂੰ ਸਮਝ ਨਹੀਂ ਸਕਦੀਆਂ, ਮੌਤ ਉਸ ਨੂੰ ਪੋਹ ਨਹੀਂ ਸਕਦੀ, ਕਰਮਾਂ ਦਾ ਉਸ ਉਤੇ ਕੋਈ ਦਬਾਓ ਨਹੀਂ, ਆਮ ਜੀਵਾਂ ਦੀ ਤਰ੍ਹਾਂ ਉਹ ਕਰਮਾਂ ਦੇ ਅਧੀਨ ਨਹੀਂ। ਅਕਾਲ ਪੁਰਖੁ ਦੀ ਕੋਈ ਜਾਤ ਨਹੀਂ, ਉਹ ਜੂਨਾਂ ਵਿੱਚ ਨਹੀਂ ਪੈਂਦਾ, ਉਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੈ। ਨਾ ਉਸ ਨੂੰ ਕੋਈ ਮੋਹ ਹੈ, ਤੇ ਨਾ ਉਹ ਹੋਰ ਜੀਵਾਂ ਦੀ ਤਰ੍ਹਾਂ ਭਰਮਾਂ ਵਿੱਚ ਭਟਕਦਾ ਰਹਿੰਦਾ ਹੈ। ਉਹ ਅਕਾਲ ਪੁਰਖੁ ਸਦਾ ਕਾਇਮ ਰਹਿਣ ਵਾਲਾ ਹੈ ਤੇ ਸਚਾਈ ਦਾ ਸੋਮਾ ਹੈ। ਨਾ ਉਸ ਦਾ ਕੋਈ ਰੂਪ ਹੈ, ਨਾ ਰੰਗ ਹੈ ਤੇ ਨਾ ਕੋਈ ਚਿਹਨ ਚੱਕ੍ਰ ਹੈ। ਅਕਾਲ ਪੁਰਖੁ ਬਾਰੇ ਤੇ ਉਸ ਦੀ ਅਸਲੀਅਤ ਬਾਰੇ ਸੱਚੇ ਸ਼ਬਦ ਵਿੱਚ ਜੁੜਨ ਨਾਲ ਪਤਾ ਲੱਗਦਾ ਹੈ। ਉਸ ਅਕਾਲ ਪੁਰਖੁ ਦੀ ਨਾ ਕੋਈ ਮਾਂ ਹੈ, ਨਾ ਕੋਈ ਪਿਉ, ਨਾ ਕੋਈ ਉਸ ਦਾ ਪੁੱਤਰ ਹੈ, ਤੇ ਨਾ ਕੋਈ ਰਿਸ਼ਤੇਦਾਰ ਹੈ। ਨਾ ਉਸ ਨੂੰ ਕਾਮ ਦੀ ਵਾਸਨਾ ਹੈ ਤੇ ਨਾ ਹੀ ਉਸ ਦੀ ਕੋਈ ਵਹੁਟੀ ਹੈ। ਉਸ ਦੀ ਕੋਈ ਖ਼ਾਸ ਕੁਲ ਨਹੀਂ, ਉਹ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ, ਬੇਅੰਤ ਹੈ, ਪਰੇ ਤੋਂ ਪਰੇ ਹੈ। ਸਭ ਥਾਂ ਉਸ ਦੀ ਹੀ ਜੋਤਿ ਪ੍ਰਕਾਸ਼ ਕਰ ਰਹੀ ਹੈ, ਹਰੇਕ ਸਰੀਰ ਦੇ ਅੰਦਰ ਅਕਾਲ ਪੁਰਖੁ ਗੁਪਤ ਹੋ ਕੇ ਬੈਠਾ ਹੋਇਆ ਹੈ, ਹਰੇਕ ਘਟ ਵਿਚ, ਹਰ ਥਾਂ ਉਸੇ ਦੀ ਜੋਤਿ ਹੈ, ਪਰ ਮਾਇਆ ਦੇ ਮੋਹ ਦੇ ਕਰੜੇ ਕਵਾੜ ਲੱਗੇ ਹੋਣ ਕਰ ਕੇ ਜੀਵ ਨੂੰ ਇਹ ਸਮਝ ਨਹੀਂ ਆਉਂਦੀ। ਗੁਰੂ ਦੀ ਮਤਿ ਤੇ ਤੁਰ ਕੇ ਜਿਸ ਮਨੁੱਖ ਦੀ ਇਹ ਕੂੜ ਦੀ ਪਾਲ ਟੁਟ ਜਾਂਦੀ ਹੈ, ਉਸ ਨੂੰ ਇਹ ਸਮਝ ਆਉਂਦੀ ਹੈ, ਕਿ ਹਰੇਕ ਜੀਵ ਵਿੱਚ ਵਿਆਪਕ ਹੁੰਦਾ ਹੋਇਆ ਵੀ ਅਕਾਲ ਪੁਰਖੁ ਨਿਡਰ ਅਵਸਥਾ ਵਿੱਚ ਟਿਕਿਆ ਬੈਠਾ ਹੈ।

ਘਟ ਘਟ ਅੰਤਰਿ ਬ੍ਰਹਮੁ ਲੁਕਾਇਆ ਘਟਿ ਘਟਿ ਜੋਤਿ ਸਬਾਈ॥ ਬਜਰ ਕਪਾਟ ਮੁਕਤੇ ਗੁਰਮਤੀ ਨਿਰਭੈ ਤਾੜੀ ਲਾਈ॥ ੩॥ (੫੯੭)

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਦੋਂ ਇਹ ਸਰੀਰ ਨਹੀਂ ਸੀ ਤਾਂ ਇਹ ਮਨ ਕਿਥੇ ਰਹਿੰਦਾਂ ਸੀ। ਗੁਰੂ ਸਾਹਿਬ ਜੋਗੀਆਂ ਨੂੰ ਸਮਝਾਂਉਂਦੇ ਹਨ ਕਿ ਜਦੋਂ ਨਾ ਹਿਰਦਾ ਸੀ, ਨਾ ਸਰੀਰ ਸੀ, ਤਦੋਂ ਵੈਰਾਗੀ ਮਨ ਨਿਰਗੁਣ ਅਕਾਲ ਪੁਰਖੁ ਵਿੱਚ ਟਿਕਿਆ ਹੋਇਆ ਸੀ। ਜਦੋਂ ਨਾਭੀ ਚੱਕਰ ਰੂਪ ਥੰਮੀ ਨਹੀਂ ਸੀ, ਤਦੋਂ ਪ੍ਰਾਣ ਅਕਾਲ ਪੁਰਖੁ ਦਾ ਪ੍ਰੇਮੀ ਹੋ ਕੇ ਆਪਣੇ ਅਸਲ ਘਰ ਅਕਾਲ ਪੁਰਖੁ ਵਿੱਚ ਵੱਸਦਾ ਸੀ। ਜਦੋਂ ਜਗਤ ਦਾ ਕੋਈ ਰੂਪ ਰੇਖ ਨਹੀਂ ਸੀ, ਤਦੋਂ ਉਹ ਸ੍ਰੇਸ਼ਟ ਸ਼ਬਦ ਜੋ ਦੁਤਰ ਸਾਗਰ ਤੋਂ ਤਾਰਦਾ ਹੈ, ਕੁਲ ਰਹਿਤ ਅਕਾਲ ਪੁਰਖੁ ਵਿੱਚ ਰਹਿੰਦਾ ਸੀ। ਜਦੋਂ ਜਗਤ ਦੀ ਹਸਤੀ ਨਹੀਂ ਸੀ, ਅਕਾਸ਼ ਨਹੀਂ ਸੀ, ਤਦੋਂ ਆਕਾਰ ਰਹਿਤ ਤ੍ਰਿਭਵਣੀ ਜੋਤਿ ਭਾਵ, ਤ੍ਰਿਲੋਕੀ ਵਿੱਚ ਵਿਆਪਕ ਹੋਣ ਵਾਲੀ ਜੋਤਿ, ਅਕਾਲ ਪੁਰਖੁ ਆਪ ਹੀ ਆਪ ਸੀ। ਇਕੋ ਅਸਚਰਜ ਸ਼ਬਦ-ਰੂਪ ਅਕਾਲ ਪੁਰਖੁ ਆਪ ਹੀ ਸੀ, ਉਹੀ ਜਗਤ ਦਾ ਰੰਗ ਭੇਖ ਤੇ ਰੂਪ ਸੀ। ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਨੂੰ ਮਿਲਣ ਤੋਂ ਬਿਨਾ ਕੋਈ ਮਨੁੱਖ ਸੁੱਚਾ ਨਹੀਂ ਹੈ ਤੇ ਉਸ ਅਕਾਲ ਪੁਰਖੁ ਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਹੈ।

ਹਿਰਦਾ ਦੇਹ ਨ ਹੋਤੀ ਅਉਧੂ ਤਉ ਮਨੁ ਸੁੰਨਿ ਰਹੈ ਬੈਰਾਗੀ॥ ਨਾਭਿ ਕਮਲੁ ਅਸਥੰਭੁ ਨ ਹੋਤੋ ਤਾ ਨਿਜ ਘਰਿ ਬਸਤਉ ਪਵਨੁ ਅਨਰਾਗੀ॥ ਰੂਪੁ ਨ ਰੇਖਿਆ ਜਾਤਿ ਨ ਹੋਤੀ ਤਉ ਅਕੁਲੀਣਿ ਰਹਤਉ ਸਬਦੁ ਸੁ ਸਾਰੁ॥ ਗਉਨੁ ਗਗਨੁ ਜਬ ਤਬਹਿ ਨ ਹੋਤਉ ਤ੍ਰਿਭਵਣ ਜੋਤਿ ਆਪੇ ਨਿਰੰਕਾਰੁ॥ ਵਰਨੁ ਭੇਖੁ ਅਸਰੂਪੁ ਸੁ ਏਕੋ ਏਕੋ ਸਬਦੁ ਵਿਡਾਣੀ॥ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਅਕਥ ਕਹਾਣੀ॥ ੬੭॥ (੯੪੫, ੯੪੬)

ਗੁਰੂ ਸਾਹਿਬ ਨੂੰ ਜੋਗੀਆਂ ਨੇ ਸਵਾਲ ਕੀਤਾ ਸੀ ਕਿ ਜਗਤ ਕਿਸ ਕਿਸ ਵਿਧੀ ਨਾਲ ਉਪਜਦਾ ਹੈ, ਕਿਸ ਤਰ੍ਹਾਂ ਦੁੱਖ ਵਿੱਚ ਪੈਂਦਾ ਹੈ ਤੇ ਕਿਵੇਂ ਨਾਸ ਹੋ ਜਾਂਦਾ ਹੈ? ਗੁਰੂ ਸਾਹਿਬ ਜੋਗੀਆਂ ਨੂੰ ਉੱਤਰ ਦੇ ਕੇ ਸਮਝਾਂਉਂਦੇ ਹਨ ਕਿ ਜਗਤ ਹਉਮੈ ਵਿੱਚ ਪੈਦਾ ਹੁੰਦਾ ਹੈ, ਜੇ ਇਸ ਨੂੰ ਅਕਾਲ ਪੁਰਖੁ ਦਾ ਨਾਮੁ ਵਿੱਸਰ ਜਾਏ ਤਾਂ ਦੁੱਖ ਪਾਂਦਾ ਹੈ। ਜੋ ਮਨੁੱਖ ਗੁਰੂ ਦੇ ਹੁਕਮੁ ਵਿੱਚ ਤੁਰਦਾ ਹੈ, ਉਹ ਤੱਤ-ਗਿਆਨ ਨੂੰ ਵਿਚਾਰਦਾ ਹੈ ਤੇ ਆਪਣੀ ਹਉਮੈ ਗੁਰੂ ਦੇ ਸ਼ਬਦ ਦੀ ਰਾਹੀਂ ਸਾੜਦਾ ਹੈ। ਇਥੇ ਸਾੜਨ ਦਾ ਭਾਵ ਅੱਗ ਨਾਲ ਸਾੜਨ ਦਾ ਨਹੀਂ ਹੈ, ਇਸ ਦਾ ਭਾਵ ਇਹ ਹੈ ਕਿ ਜਦੋਂ ਗੁਰਬਾਣੀ ਦੁਆਰਾ ਗਿਆਨ ਪ੍ਰਾਪਤ ਕਰਕੇ ਮਨੁੱਖ ਨੂੰ ਸੋਝੀ ਆਉਂਦੀ ਹੈ, ਤਾਂ ਉਸ ਦਾ ਹੰਕਾਰ ਘਟਨਾ ਸ਼ੁਰੂ ਹੋ ਜਾਂਦਾ ਹੈ ਤੇ ਉਸ ਮਨੁੱਖ ਨੂੰ ਹੰਕਾਰ ਤੇ ਹੋਰ ਵਿਕਾਰਾਂ ਤੇ ਕਾਬੂ ਪਾਉਂਣ ਦੀ ਜਾਚ ਆ ਜਾਂਦੀ ਹੈ। ਉਸ ਦਾ ਤਨ, ਮਨ ਤੇ ਬਾਣੀ ਪਵਿਤ੍ਰ ਹੋ ਜਾਂਦੇ ਹਨ, ਉਹ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਵਿੱਚ ਟਿਕਿਆ ਰਹਿੰਦਾ ਹੈ। ਉਹ ਮਨੁੱਖ ਅਕਾਲ ਪੁਰਖੁ ਦੇ ਚਰਨਾਂ ਦਾ ਮਤਵਾਲਾ ਹੋ ਕੇ ਨਿਰੋਲ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜਿਆ ਰਹਿੰਦਾ ਹੈ, ਸਦਾ ਅਕਾਲ ਪੁਰਖੁ ਨੂੰ ਆਪਣੇ ਹਿਰਦੇ ਵਿੱਚ ਟਿਕਾਈ ਰੱਖਦਾ ਹੈ। ਜੇ ਕਰ ਗੁਰਬਾਣੀ ਦੁਆਰਾ ਪ੍ਰਾਪਤ ਕੀਤੇ ਗਏ ਗਿਆਨ ਦੁਆਰਾ ਆਪਣੇ ਹਿਰਦੇ ਵਿੱਚ ਵਿਚਾਰ ਕੇ ਵੇਖਾਂਗੇ ਤਾਂ ਸਮਝ ਆ ਜਾਵੇਗੀ ਕਿ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ, ਉਸ ਨਾਲ ਮਿਲਾਪ ਕਦੇ ਨਹੀਂ ਹੋ ਸਕਦਾ। ਜੇ ਕਰ ਅਸੀਂ ਚਾਹੀਏ ਤਾਂ ਗੁਰਬਾਣੀ ਦੁਆਰਾ ਦਿਤੀ ਗਈ ਸਿਖਿਆ ਅਨੁਸਾਰ ਚਲ ਕੇ ਆਪਣੇ ਜੀਵਨ ਵਿੱਚ ਇਸ ਸਚਾਈ ਨੂੰ ਵੇਖ ਸਕਦੇ ਹਾਂ ਤੇ ਖ਼ੁਦ ਆਪ ਤਜਰਬਾ ਹਾਸਲ ਕਰ ਸਕਦੇ ਹਾਂ। ਜੇ ਕਰ ਅਸੀਂ ਆਪਣੇ ਜੀਵਨ ਵਿੱਚ ਗੁਰਬਾਣੀ ਦੁਆਰਾ ਸਮਝਾਏ ਗਏ ਨਾਮੁ ਤੇ ਜੀਵਨ ਵਿੱਚ ਵਿਚਰਨ ਦੇ ਸਹੀ ਰਸਤੇ ਨੂੰ ਅਪਨਾ ਲਈਏ ਤਾਂ ਅਸੀਂ ਆਪਣੇ ਆਪ ਸਿੱਖੀ ਦੇ ਪ੍ਰਚਾਰਕ ਤੇ ਗਵਾਹ ਬਣ ਸਕਦੇ ਹਾਂ ਤੇ ਮਨੁੱਖਤਾ ਦਾ ਭਲਾ ਕਰ ਸਕਦੇ ਹਾਂ।

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ॥ ਗੁਰਮੁਖਿ ਹੋਵੈ ਸੁ ਗਿਆਨੁ ਤਤੁ ਬੀਚਾਰੈ ਹਉਮੈ ਸਬਦਿ ਜਲਾਏ॥ ਤਨੁ ਮਨੁ ਨਿਰਮਲੁ ਨਿਰਮਲ ਬਾਣੀ ਸਾਚੈ ਰਹੈ ਸਮਾਏ॥ ਨਾਮੇ ਨਾਮਿ ਰਹੈ ਬੈਰਾਗੀ ਸਾਚੁ ਰਖਿਆ ਉਰਿ ਧਾਰੇ॥ ਨਾਨਕ ਬਿਨੁ ਨਾਵੈ ਜੋਗੁ ਕਦੇ ਨ ਹੋਵੈ ਦੇਖਹੁ ਰਿਦੈ ਬੀਚਾਰੇ॥ ੬੮॥ (੯੪੬)

ਸਦੀਆਂ ਤੋਂ ਪੱਛੀ ਆਪਣੇ ਆਲ੍ਹਣੇ ਉਸੇ ਤਰ੍ਹਾਂ ਬਣਾਈ ਜਾ ਰਹੇ ਹਨ, ਉਨ੍ਹਾਂ ਨੇ ਕੋਈ ਨਵੀਂ ਈਜਾਦ ਨਹੀਂ ਕੀਤੀ, ਕੋਈ ਨਵਾਂ ਤਰੀਕਾ ਨਹੀਂ ਅਪਨਾਇਆ ਹੈ। ਜਾਨਵਰਾਂ ਤੇ ਪੰਛੀਆਂ ਦੀ ਦੁਨੀਆਂ ਵਿੱਚ ਸਭ ਕੁੱਝ ਉਸੇ ਤਰ੍ਹਾਂ ਹੀ ਚਲ ਰਿਹਾ ਹੈ। ਇਸੇ ਦੇ ਉਲਟ, ਮਨੁੱਖ ਪਹਿਲਾਂ ਜੰਗਲਾਂ ਵਿੱਚ ਰਹਿੰਦਾ ਸੀ, ਫਿਰ ਗੁਫਾਵਾਂ ਵਿਚ, ਤੇ ਹੁਣ ਵੱਡੀਆਂ ਵੱਡੀਆਂ ਬਿਲਡਿੰਗਾਂ ਵਿੱਚ ਰਹਿ ਰਿਹਾ ਹੈ। ਪਹਿਲਾਂ ਲਕੜੀ ਦੇ ਹਥਿਆਰ ਵਰਤਦਾ ਸੀ, ਤੇ ਹੁਣ ਕਈ ਗੁਣਾਂ ਤਰੱਕੀ ਕਰ ਲਈ ਹੈ, ਤੇ ਉਹ ਚੀਜ਼ਾ ਈਜ਼ਾਦ ਕੀਤੀਆਂ ਹਨ, ਜਿਨ੍ਹਾਂ ਦੇ ਉਹ ਪਹਿਲਾ ਸਿਰਫ ਸੁਪਨੇ ਲੈਂਦਾ ਸੀ। ਕੰਮਪਿਊਟਰ, ਕਾਰਾਂ, ਗੱਡੀਆਂ, ਹਵਾਈ ਜਹਾਜ਼, ਰਾਕਟ, ਆਦਿ ਕਈ ਤਰ੍ਹਾਂ ਦੀਆਂ ਨਵੀਆਂ ਕਾਢਾਂ ਕਢੀਆਂ ਹਨ, ਤੇ ਹੋਰ ਤਰੱਕੀ ਕਰੀ ਜਾ ਰਿਹਾ ਹੈ। ਮਨੁੱਖ ਦੇ ਅੰਦਰ ਬੁਧੀ ਹੈ, ਉਹ ਕੁਦਰਤ ਵਿੱਚ ਹੋ ਰਹੀਆਂ ਕਿਰਿਆਵਾਂ ਨੂੰ ਵੇਖਦਾ ਹੈ, ਉਸ ਦੇ ਕਾਰਨ ਬਾਰੇ ਸੋਚਦਾ ਹੈ, ਵਿਚਾਰਦਾ ਹੈ, ਤੇ ਕੁੱਝ ਨਵਾਂ ਲੱਭਣ ਦੀ ਤਰਕੀਬ ਸੋਚਦਾ ਹੈ। ਇਹ ਬੁਧੀ ਹੀ ਹੈ ਜਿਸ ਕਰਕੇ ਮਨੁੱਖ ਇਹ ਸੱਭ ਕੁੱਝ ਕਰ ਸਕਦਾ ਹੈ, ਜੋ ਕਿ ਦੂਸਰੇ ਜਾਨਵਰਾਂ ਕੋਲ ਨਹੀਂ ਹੈ।

ਪੰਛੀਆਂ ਤੇ ਜਾਨਵਰਾਂ ਨੂੰ ਤਾਂ ਅਕਾਲ ਪੁਰਖੁ ਤੇ ਭਰੋਸਾ ਹੈ, ਕਿ ਰਿਜਕ ਮਿਲ ਜਾਵੇਗਾ, ਪਰੰਤੂ ਮਨੁੱਖ ਨੂੰ ਨਹੀਂ। ਇਸੇ ਲਈ ਜਿਆਦਾ ਤਰ ਲੋਕ ਧਨ ਇਕੱਠਾ ਕਰਨ ਵਿੱਚ ਆਪਣਾ ਸਾਰਾ ਜੀਵਨ ਵਿਅਰਥ ਗਵਾ ਦਿੰਦੇ ਹਨ। ਬਾਕੀ ਜਾਨਵਰ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਦੇ ਹਨ, ਪਰ ਮਨੁੱਖ ਅਕਸਰ ਆਪਣੀ ਮਤ ਅਨੁਸਾਰ ਚਲਣ ਦੀ ਕੋਸ਼ਿਸ਼ ਕਰਦਾ ਹੈ। ਇਹੀ ਕਾਰਨ ਹੈ ਕਿ ਬਾਕੀ ਜਾਨਵਰ ਤਾਂ ਬਹੁਤ ਘੱਟ ਦੁਖੀ ਦਿਖਾਈ ਦਿੰਦੇ ਹਨ, ਪਰੰਤੂ ਮਨੁੱਖਾ ਵਿਚੋਂ ਕੋਈ ਵਿਰਲਾ ਹੀ ਹੋਵੇਗਾ, ਜਿਹੜਾ ਸੁਖੀ ਦਿਖਾਈ ਦਿੰਦਾ ਹੈ। ਉਸ ਦਾ ਕਾਰਨ ਇਹ ਹੈ ਕਿ ਬੁਧੀ ਦੇ ਨਾਲ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਵੀ ਨਾਲ ਮਿਲੇ ਹਨ, ਜਿਹੜੇ ਮਨੁੱਖ ਦੇ ਵਿਕਾਰਾਂ ਤੇ ਦੁਖਾਂ ਦਾ ਕਾਰਨ ਬਣਦੇ ਹਨ। ਇਸ ਲਈ ਬਿਬੇਕ ਬੁਧੀ ਦੀ ਲੋੜ ਹੈ, ਜਿਸ ਨਾਲ ਮਨੁੱਖ ਇਨ੍ਹਾਂ ਪੰਜ ਵਿਕਾਰਾਂ ਦਾ ਗੁਲਾਮ ਬਣਨ ਦੀ ਬਜਾਏ, ਇਨ੍ਹਾਂ ਨੂੰ ਆਪਣੇ ਆਤਮਿਕ ਤੇ ਮਾਨਸਿਕ ਵਿਕਾਸ ਲਈ ਵਰਤੇ। ਇਹ ਸੱਭ ਕੁੱਝ ਉਸ ਅਕਾਲ ਪੁਰਖੁ ਨੂੰ ਹਿਰਦੇ ਵਿੱਚ ਵਸਾਉਂਣ ਨਾਲ ਤੇ ਉਸ ਵਰਗੇ ਗੁਣ ਆਪਣੇ ਅੰਦਰ ਪੈਦਾ ਕਰਨ ਨਾਲ ਹੀ ਹੋ ਸਕਦੇ ਹਨ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮੂਰਖ ਕਹੇ ਜਾਂਦੇ ਹਨ, ਤੇ ਉਹ ਆਤਮਕ ਜੀਵਨ ਵਲੋਂ ਬੇ-ਸਮਝ ਰਹਿ ਜਾਂਦੇ ਹਨ। ਫਿਰ ਸਮਝ ਲਵੋ ਕਿ ਅਜੇਹੇ ਮਨੁੱਖਾਂ ਦੇ ਮੱਥੇ ਉਤੇ ਮੰਦੀ ਕਿਸਮਤ ਲਿਖੀ ਹੋਈ ਹੈ। ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰੋਂ ਚੰਗਾ ਭਾਗ ਲਿਖਿਆ ਹੋਇਆ ਹੈ, ਉਹ ਗੁਰੂ ਪਾਸੋਂ ਅਕਾਲ ਪੁਰਖੁ ਦਾ ਨਾਮੁ ਪ੍ਰਾਪਤ ਕਰਕੇ, ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰਦੇ ਹਨ, ਤੇ ਅਕਾਲ ਪੁਰਖੁ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰਦੇ ਹਨ। ਹੁਣ ਇਹ ਸਾਡੇ ਤੇ ਨਿਰਭਰ ਕਰਦਾ ਹੈ ਕਿ ਅਸੀ ਗੁਰਬਾਣੀ ਦਾ ਗਿਆਨ ਹਾਸਲ ਕਰਕੇ ਬਿਬੇਕ ਬੁਧੀ ਪ੍ਰਾਪਤ ਕਰਨੀ ਹੈ ਕਿ ਨਹੀਂ।

ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ॥ ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ॥ ੪॥ ੧॥ (੭੧੧)

ਗੁਰੂ ਦੀ ਸਰਨ ਵਿੱਚ ਆਏ ਮਨੁੱਖ ਅਕਾਲ ਪੁਰਖੁ ਦੇ ਚਰਨਾਂ ਵਿੱਚ ਟਿਕਾਣਾ ਪ੍ਰਾਪਤ ਕਰ ਲੈਂਦੇ ਹਨ। ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰ ਸਕਣ ਵਾਲੀ ਅਕਲ ਪ੍ਰਾਪਤ ਕਰ ਕੇ ਆਪਣੀ ਜੀਵਨ ਦੀ ਰਾਤ ਆਨੰਦ ਵਿੱਚ ਬਤੀਤ ਕਰਦੇ ਹਨ। ਗੁਰੂ ਦੀ ਮਤਿ ਸਦਕਾ ਅਕਾਲ ਪੁਰਖੁ ਦੇ ਨਾਮੁ ਦੁਆਰਾ ਉਨ੍ਹਾਂ ਦੇ ਅੰਦਰ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ। ਜਿਹੜੇ ਮਨੁੱਖ ਗੁਰੂ ਦੀ ਸਰਨ ਵਿੱਚ ਰਹਿੰਦੇ ਹਨ, ਉਨ੍ਹਾਂ ਨੂੰ ਅਕਾਲ ਪੁਰਖੁ ਦਾ ਨਾਮੁ ਪਿਆਰਾ ਲੱਗਣ ਲੱਗ ਪੈਂਦਾ ਹੈ, ਦਿਨ ਰਾਤ ਉਨ੍ਹਾਂ ਦੇ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਰਹਿੰਦੇ ਹਨ।

ਬਿਬੇਕ ਬੁਧੀ ਸੁਖਿ ਰੈਣਿ ਵਿਹਾਣੀ ਗੁਰਮਤਿ ਨਾਮਿ ਪ੍ਰਗਾਸਾ॥ (੭੭੨)

ਗੁਰੁ ਸਾਹਿਬ ਸਮਝਾਂਉਂਦੇ ਹਨ ਕਿ ਸਰਬ ਵਿਆਪਕ ਅਦ੍ਰਿਸ਼ਟ ਅਭੇਵ ਤੇ ਅਪਹੁੰਚ ਅਕਾਲ ਪੁਰਖੁ, ਸਤਿਗੁਰੂ ਦੇ ਬਚਨਾ ਨੂੰ ਵਿਚਾਰਨ ਤੇ ਜੀਵਨ ਵਿੱਚ ਅਪਨਾਉਂਣ ਨਾਲ ਲੱਭ ਪੈਂਦਾ ਹੈ। ਉਹ ਪੂਰਨ ਪੁਰਖ ਭਾਗਾਂ ਵਾਲੇ ਹਨ, ਕਿਸਮਤ ਵਾਲੇ ਹਨ, ਜਿਨ੍ਹਾਂ ਨੇ ਗੁਰੂ-ਸੰਤ ਦੀ ਸੰਗਤਿ ਵਿੱਚ ਮਿਲ ਬੈਠ ਕੇ ਅਕਾਲ ਪੁਰਖੁ ਦੇ ਗੁਣ ਵਿਚਾਰੇ ਤੇ ਯਾਦ ਕੀਤੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਹਾਸਲ ਕਰ ਲੈਂਦੇ ਹਨ, ਅਕਾਲ ਪੁਰਖੁ ਦੇ ਗੁਣਾਂ ਨੂੰ ਆਪਣੇ ਮਨ ਵਿੱਚ ਵਸਾ ਲੈਂਦੇ ਹਨ, ਤੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਅਕਾਲ ਪੁਰਖੁ ਦੇ ਗੁਣਾਂ ਨੂੰ ਸਦਾ ਹਰ ਸਮੇਂ ਯਾਦ ਕਰਦੇ ਰਹਿੰਦੇ ਹਨ। ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਉਠਦੇ, ਬੈਠਦੇ ਹਮੇਸ਼ਾਂ ਅਕਾਲ ਪੁਰਖੁ ਦਾ ਨਾਮੁ ਆਪਣੇ ਚਿਤ ਵਿੱਚ ਰੱਖਦੇ ਹਨ।

ਬਿਬੇਕ ਬੁਧਿ ਬੀਚਾਰਿ ਗੁਰਮੁਖਿ ਗੁਰ ਸਬਦਿ ਖਿਨੁ ਖਿਨੁ ਹਰਿ ਨਿਤ ਚਵੇ॥ (੧੧੧੪)

ਗੁਰੁ ਸਾਹਿਬ ਸਮਝਾਂਉਂਦੇ ਹਨ ਕਿ ਜੇ ਕੋਈ ਮੇਰੇ ਹਿਰਦੇ ਵਿੱਚ ਗੁਰਮਤਿ ਦੁਆਰਾ ਅਕਾਲ ਪੁਰਖੁ ਦੇ ਨਾਮੁ ਦਾ ਆਨੰਦ ਤੇ ਆਤਮਕ ਜੀਵਨ ਦੀ ਸੂਝ ਪੱਕੀ ਕਰ ਦੇਵੇ ਤਾਂ ਮੈਂ ਆਪਣਾ ਮਨ ਤੇ ਤਨ, ਸਭ ਕੁੱਝ ਉਸ ਦੇ ਅੱਗੇ ਭੇਟਾ ਕਰ ਦਿਆਂ। ਅਕਾਲ ਪੁਰਖੁ ਹੀ ਪੂਜਣ-ਯੋਗ ਦੇਵਤਾ ਹੈ, ਅਕਾਲ ਪੁਰਖੁ ਦੇ ਨਾਮੁ ਰਸ ਵਿੱਚ ਲੀਨ ਹੋ ਕੇ ਸਦਾ ਸਰਬ-ਵਿਆਪਕ ਅਕਾਲ ਪੁਰਖੁ ਦੀ ਭਗਤੀ ਕਰਨੀ ਚਾਹੀਦੀ ਹੈ। ਅਕਾਲ ਪੁਰਖੁ ਦਾ ਨਾਮੁ, ਅਕਾਲ ਪੁਰਖੁ ਦੇ ਗੁਣ ਹੀ ਰੁੱਖਾਂ ਦੀਆਂ ਸ਼ਾਖ਼ਾਂ ਹਨ, ਜਿਨ੍ਹਾਂ ਨਾਲੋਂ ਨਾਮੁ ਤੇ ਸਿਫ਼ਤਿ-ਸਾਲਾਹ ਦੇ ਫੁੱਲ ਚੁਣ ਚੁਣ ਕੇ ਅਕਾਲ ਪੁਰਖੁ ਦੀ ਪੂਜਾ ਕਰਨੀ ਚਾਹੀਦੀ ਹੈ। ਹੋਰ ਸਭ ਚਤੁਰਾਈਆਂ ਨਾਲੋਂ ਜਗਤ ਵਿੱਚ ਚੰਗੇ ਮੰਦੇ ਕਰਮ ਦੀ ਪਰਖ ਕਰ ਸਕਣ ਵਾਲੀ ਅਕਲ ਹੀ ਸਭ ਤੋਂ ਪਵਿੱਤਰ ਹੈ। ਇਸ ਦੀ ਸਹਾਇਤਾ ਨਾਲ ਅਕਾਲ ਪੁਰਖੁ ਦੇ ਗੁਣ ਮਨ ਵਿੱਚ ਵਸਾ ਕੇ ਆਤਮਕ ਜੀਵਨ ਦੇਣ ਵਾਲਾ ਨਾਮੁ ਰਸ ਪੀਣਾ ਚਾਹੀਦਾ ਹੈ। ਇਹ ਨਾਮੁ ਰਸ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ, ਇਸ ਲਈ ਆਪਣਾ ਮਨ ਗੁਰੂ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ। ਅਕਾਲ ਪੁਰਖੁ ਦਾ ਨਾਮੁ ਰੂਪੀ ਹੀਰਾ ਬਹੁਤ ਹੀ ਕੀਮਤੀ ਤੇ ਸੋਹਣਾ ਹੈ, ਇਸ ਲਈ ਨਾਮੁ ਰੂਪੀ ਹੀਰੇ ਨਾਲ ਆਪਣੇ ਮਨ ਨੂੰ ਸਦਾ ਪਰੋ ਕੇ ਰੱਖਣਾ ਚਾਹੀਦਾ ਹੈ। ਗੁਰੂ ਦੇ ਸ਼ਬਦ ਦੁਆਰਾ ਇਹ ਮਨ ਸ੍ਰੇਸ਼ਟ ਮੋਤੀ ਬਣ ਸਕਦਾ ਹੈ, ਕਿਉਂਕਿ ਸ਼ਬਦ ਦੀ ਬਰਕਤ ਨਾਲ ਨਾਮੁ ਹੀਰੇ ਦੀ ਕਦਰ ਤੇ ਕੀਮਤ ਦੀ ਸਮਝ ਪੈ ਜਾਂਦੀ ਹੈ। ਗੁਰੂ ਦੀ ਸੰਗਤਿ ਵਿੱਚ ਰਹਿ ਕੇ ਗੁਰਬਾਣੀ ਦੇ ਚਰਨੀਂ ਲੱਗ ਕੇ ਉੱਚੇ ਜੀਵਨ ਵਾਲੇ ਬਣ ਸਕਦੇ ਹਾਂ। ਜਿਵੇਂ ਪਿੱਪਲ ਛਿਛਰਿਆਂ ਨੂੰ ਆਪਣੇ ਵਿੱਚ ਲੀਨ ਕਰ ਕੇ ਆਪਣੇ ਵਰਗਾ ਹੀ ਬਣਾ ਲੈਂਦਾ ਹੈ। ਇਸੇ ਤਰ੍ਹਾਂ ਜਿਸ ਮਨੁੱਖ ਵਿੱਚ ਅਕਾਲ ਪੁਰਖੁ ਦੇ ਨਾਮੁ ਦੀ ਸੁਗੰਧੀ ਵੱਸ ਜਾਂਦੀ ਹੈ, ਉਸ ਮਨੁੱਖ ਅੰਦਰ ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ ਤੇ ਉਹ ਸਭ ਪ੍ਰਾਣੀਆਂ ਵਿਚੋਂ ਉੱਚੇ ਜੀਵਨ ਵਾਲਾ ਬਣ ਜਾਂਦਾ ਹੈ।

ਬਿਬੇਕ ਬੁਧਿ ਸਭ ਜਗ ਮਹਿ ਨਿਰਮਲ ਬਿਚਰਿ ਬਿਚਰਿ ਰਸੁ ਪੀਜੈ॥ ਗੁਰ ਪਰਸਾਦਿ ਪਦਾਰਥੁ ਪਾਇਆ ਸਤਿਗੁਰ ਕਉ ਇਹੁ ਮਨੁ ਦੀਜੈ॥ ੨॥ (੧੩੨੫)

ਗੁਰੁ ਸਾਹਿਬ ਆਪਣੇ ਸਰੀਰ ਨੂੰ ਸਮਝਾਂਉਂਦੇ ਹਨ ਕਿ ਹੇ ਮੇਰੇ ਸਰੀਰ! ਤੂੰ ਦੁਨੀਆ ਦੇ ਪਦਾਰਥਾਂ ਵਿਚੋਂ ਅਨੰਦ ਢੂੰਢਦਾ ਹੈਂ, ਪਰ ਆਨੰਦ ਦਾ ਸੋਮਾ ਤਾਂ ਅਕਾਲ ਪੁਰਖੁ ਆਪ ਹੈ, ਜੋ ਤੇਰੇ ਅੰਦਰ ਵੱਸਦਾ ਹੈ। ਜਦੋਂ ਅਕਾਲ ਪੁਰਖੁ ਨੇ ਆਪਣੀ ਜੋਤਿ ਤੇਰੇ ਅੰਦਰ ਰੱਖੀ, ਤਾਂ ਤੂੰ ਇਸ ਜਗਤ ਵਿੱਚ ਆਇਆ ਸੀ। ਗੁਰੁ ਸਾਹਿਬ ਦੁਬਾਰਾ ਪੱਕਾ ਕਰਨ ਲਈ ਇਹ ਸਮਝਾਂਉਂਦੇ ਹਨ, ਕਿ ਯਕੀਨ ਜਾਣ ਕਿ ਜਦੋਂ ਅਕਾਲ ਪੁਰਖੁ ਨੇ ਤੇਰੇ ਅੰਦਰ ਆਪਣੀ ਜੋਤਿ ਰੱਖੀ, ਤਾਂ ਹੀ ਤੂੰ ਜਗਤ ਵਿੱਚ ਜੰਮਿਆ। ਜਿਹੜਾ ਅਕਾਲ ਪੁਰਖੁ ਜੀਵ ਨੂੰ ਪੈਦਾ ਕਰਕੇ ਇਸ ਜਗਤ ਵਿੱਚ ਭੇਜਦਾ ਹੈ, ਉਹ ਆਪ ਹੀ ਉਸ ਦੀ ਮਾਂ ਹੈ ਤੇ ਆਪ ਹੀ ਉਸ ਦਾ ਪਿਤਾ ਹੈ। ਅਕਾਲ ਪੁਰਖੁ ਆਪ ਹੀ ਮਾਪਿਆਂ ਵਾਂਗ ਜੀਵ ਨੂੰ ਹਰ ਤਰ੍ਹਾਂ ਦੇ ਸੁਖ ਦਿੰਦਾ ਹੈ, ਕਿਉਂਕਿ ਅਕਾਲ ਪੁਰਖੁ ਆਪ ਹੀ ਸੁਖ ਤੇ ਆਨੰਦ ਦਾ ਦਾਤਾ ਹੈ। ਪਰੰਤੂ ਜੀਵ ਜਗਤ ਦੇ ਮਾਇਕ ਪਦਾਰਥਾਂ ਵਿਚੋਂ ਆਨੰਦ ਭਾਲਦਾ ਹੈ। ਜਦੋਂ ਗੁਰੂ ਦੀ ਮਿਹਰ ਨਾਲ ਜੀਵ ਨੂੰ ਗਿਆਨ ਹੁੰਦਾ ਹੈ ਤਾਂ ਇਸ ਨੂੰ ਸਮਝ ਆਉਂਦੀ ਹੈ ਕਿ ਇਹ ਜਗਤ ਤਾਂ ਇੱਕ ਖੇਡ ਹੈ, ਫਿਰ ਜੀਵ ਨੂੰ ਇਹ ਜਗਤ ਮਦਾਰੀ ਦਾ ਇੱਕ ਤਮਾਸ਼ਾ ਦਿੱਸਦਾ ਹੈ, ਤੇ ਪਤਾ ਲਗ ਜਾਂਦਾ ਹੈ ਕਿ ਸਦਾ-ਥਿਰ ਰਹਿਣ ਵਾਲਾ ਆਤਮਕ ਆਨੰਦ ਇਸ ਜਗਤ ਦੀ ਮਾਇਆ ਵਿੱਚ ਨਹੀਂ ਹੋ ਸਕਦਾ।

ਏ ਸਰੀਰਾ ਮੇਰਿਆ ਹਰਿ ਤੁਮ ਮਹਿ ਜੋਤਿ ਰਖੀ ਤਾ ਤੂ ਜਗ ਮਹਿ ਆਇਆ॥ ਹਰਿ ਜੋਤਿ ਰਖੀ ਤੁਧੁ ਵਿਚਿ ਤਾ ਤੂ ਜਗ ਮਹਿ ਆਇਆ॥ ਹਰਿ ਆਪੇ ਮਾਤਾ ਆਪੇ ਪਿਤਾ ਜਿਨਿ ਜੀਉ ਉਪਾਇ ਜਗਤੁ ਦਿਖਾਇਆ॥ ਗੁਰ ਪਰਸਾਦੀ ਬੁਝਿਆ ਤਾ ਚਲਤੁ ਹੋਆ ਚਲਤੁ ਨਦਰੀ ਆਇਆ॥ ਕਹੈ ਨਾਨਕੁ ਸ੍ਰਿਸਟਿ ਕਾ ਮੂਲੁ ਰਚਿਆ ਜੋਤਿ ਰਾਖੀ ਤਾ ਤੂ ਜਗ ਮਹਿ ਆਇਆ॥ ੩੩॥ (੯੨੧)

ਜਦੋਂ ਅਕਾਲ ਪੁਰਖੁ ਨੇ ਜਗਤ ਦੀ ਰਚਨਾ ਦਾ ਮੁੱਢ ਬੱਧਾ, ਜੀਵ ਦੇ ਸਰੀਰ ਅੰਦਰ ਆਪਣੀ ਜੋਤਿ ਪਾਈ, ਤਾਂ ਉਸ ਨੇ ਜਗਤ ਵਿੱਚ ਜਨਮ ਲਿਆ। ਜੇ ਕਰ ਅਕਾਲ ਪੁਰਖੁ ਨੇ ਇਹ ਸਰੀਰ ਦਿਤਾ ਹੈ, ਉਸ ਦੇ ਅੰਦਰ ਆਪਣੀ ਜੋਤਿ ਟਿਕਾਈ ਹੈ, ਇਹ ਬੁਧੀ ਵੀ ਸਮਝਣ ਤੇ ਵਿਚਾਰਨ ਲਈ ਦਿਤੀ ਹੈ, ਫਿਰ ਅਸੀਂ ਕਿਉਂ ਨਹੀਂ ਗੁਰੂ ਦੀ ਮਤ ਦੁਆਰਾ ਇਸ ਨੂੰ ਬਿਬੇਕ ਬੁਧੀ ਵਿੱਚ ਤਪਦੀਲ ਕਰਕੇ ਜੀਵਨ ਵਿੱਚ ਆਨੰਦ ਦੀ ਅਵਸਥਾ ਪ੍ਰਾਪਤ ਕਰਨ ਦਾ ਯਤਨ ਕਰਦੇ ਤਾਂ ਜੋ ਸਾਡਾ ਇਹ ਮਨੁੱਖਾ ਜਨਮ ਸਫਲ ਹੋ ਸਕੇ।

ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਨਿਸਚੇ ਨਾਲ ਸਮਝ ਸਕਦੇ ਹਾਂ, ਕਿ ਅਕਾਲ ਪੁਰਖੁ ਨੇ ਮਨੁੱਖ ਨੂੰ ਇਹ ਬੁਧੀ ਮਨੁੱਖਾ ਜਨਮ ਸਫਲ ਕਰਨ ਲਈ ਦਿਤੀ ਹੈ।

ਮਨੁੱਖ ਕੋਲ ਬੁਧੀ ਹੈ ਜੋ ਕਿ ਹੋਰ ਜੀਵਾਂ ਕੋਲ ਨਹੀਂ ਹੈ। ਮਨੁੱਖ ਸੋਚ ਸਕਦਾ ਹੈ, ਗਿਆਨ ਹਾਸਲ ਕਰ ਸਕਦਾ ਹੈ, ਨਵੀਆਂ ਕਾਢਾਂ ਕੱਢ ਸਕਦਾ ਹੈ, ਦੂਸਰਿਆਂ ਜੀਵਾਂ ਨੂੰ ਆਪਣੇ ਕਾਬੂ ਵਿੱਚ ਰੱਖ ਸਕਦਾ ਹੈ ਤੇ ਆਪਣੇ ਮਤਲਬ ਲਈ ਵਰਤ ਸਕਦਾ ਹੈ।

ਅਕਾਲ ਪੁਰਖੁ ਨੇ ਮਨੁੱਖ ਨੂੰ ਸੁੰਦਰ ਰੂਪ, ਸਿਆਣਪ, ਚਤੁਰਾਈ, ਸੋਚ, ਭੋਜਨ, ਕੱਪੜੇ, ਸੁਗੰਧੀਆਂ, ਸੋਨਾ, ਚਾਂਦੀ ਤੇ ਅਨੇਕਾਂ ਧਨ ਪਦਾਰਥ ਦਿਤੇ ਹਨ। ਪਰ ਕਾਮ, ਕ੍ਰੋਧ, ਲੋਭ ਮੋਹ ਤੇ ਹੰਕਾਰ ਵਿੱਚ ਫਸੇ ਹੋਣ ਕਰਕੇ ਸੰਸਾਰ ਵਿੱਚ ਅਸ਼ਾਂਤੀ ਤੇ ਬਰਬਾਦੀ ਫੈਲਾ ਰੱਖੀ ਹੈ।

ਗੁਰੁ ਸਾਹਿਬ ਸਮਝਾਂਉਂਦੇ ਹਨ ਕਿ ਜਿਸ ਅਕਾਲ ਪੁਰਖੁ ਨੇ ਤੈਨੂੰ ਇਤਨਾਂ ਕੁੱਝ ਦਿਤਾ ਹੈ, ਉਸ ਮਾਲਕ ਨੂੰ ਸਦਾ ਆਪਣੇ ਚਿੱਤ ਵਿੱਚ ਟਿਕਾਈ ਰੱਖ ਤੇ ਆਪਣੇ ਅੰਦਰ ਅਕਾਲ ਪੁਰਖੁ ਵਰਗੇ ਗੁਣ ਪੈਦਾ ਕਰ।

ਜਿਹੜਾ ਮਨੁੱਖ ਇਸ ਮਨੁੱਖਾ ਜਨਮ ਦਾ ਮੰਤਵ ਤੇ ਫਰਜ਼ ਨਹੀਂ ਸਮਝਦਾ, ਉਹ ਆਪਣਾ ਜੀਵਨ ਵਿਅਰਥ ਗਵਾ ਲੈਂਦਾ ਹੈ ਤੇ ਦੁੱਖ ਭੋਗਦਾ ਹੈ।

ਕੋਈ ਵਿਰਲਾ ਹੀ ਗੁਰੂ ਗਰੰਥ ਸਾਹਿਬ ਨੂੰ ਪੜ੍ਹਦਾ ਤੇ ਫਿਰ ਖੋਜਦਾ ਹੈ ਤਾਂ ਜੋ ਠੀਕ ਅਤੇ ਗਲਤ ਵਿੱਚ ਅੰਤਰ ਸਮਝ ਸਕੇ ਤੇ ਜੀਵਨ ਦੀ ਅਸਲੀਅਤ ਬਾਰੇ ਜਾਣਕਾਰੀ ਹਾਸਲ ਕਰ ਸਕੇ।

ਹੋਰਨਾਂ ਧਰਮਾਂ ਦੇ ਸਾਇੰਸ ਨਾਲ ਮਤਭੇਦ ਹੋ ਸਕਦੇ ਹਨ, ਪਰੰਤੂ ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਤਾਂ ਪੂਰਨ ਤੌਰ ਤੇ ਵਿਗਿਆਨਕ ਢੰਗ ਨਾਲ ਹੀ ਪੇਸ਼ ਕੀਤੀ ਹੈ।

ਮਨੁੱਖ ਨੂੰ ਗੁਰੂ ਦੁਆਰਾ ਇਹ ਸਮਝ ਆ ਜਾਂਦੀ ਹੈ, ਕਿ ਸਭ ਜੀਵਾਂ ਵਿੱਚ ਵਿਆਪਕ ਅਕਾਲ ਪੁਰਖੁ ਕਦੀ ਮਰਦਾ ਨਹੀਂ, ਸਿਰਫ ਮਨੁੱਖ ਦੇ ਅੰਦਰੋਂ ਮਾਇਆ ਦੀ ਮਮਤਾ ਰੂਪੀ ਚੁੜੇਲ ਮਰਦੀ ਹੈ।

ਗੁਰੂ ਸਾਹਿਬ ਸਮਝਾਂਉਂਦੇ ਹਨ ਕਿ ਜਦੋਂ ਨਾ ਹਿਰਦਾ ਸੀ, ਨਾ ਸਰੀਰ ਸੀ, ਨਾ ਜਗਤ ਸੀ, ਨਾ ਅਕਾਸ਼ ਸੀ, ਤਦੋਂ ਅਕਾਲ ਪੁਰਖੁ ਸਿਰਫ ਆਪ ਹੀ ਆਪ ਸੀ, ਤੇ ਉਸ ਅਕਾਲ ਪੁਰਖੁ ਦਾ ਕੋਈ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ ਹੈ।

ਪੰਛੀਆਂ ਤੇ ਜਾਨਵਰਾਂ ਨੂੰ ਤਾਂ ਅਕਾਲ ਪੁਰਖੁ ਤੇ ਭਰੋਸਾ ਹੈ ਕਿ ਰਿਜਕ ਮਿਲ ਜਾਵੇਗਾ, ਪਰੰਤੂ ਮਨੁੱਖ ਨੂੰ ਨਹੀਂ। ਇਸੇ ਲਈ ਜਿਆਦਾ ਤਰ ਲੋਕ ਧਨ ਇਕੱਠਾ ਕਰਨ ਵਿੱਚ ਆਪਣਾ ਸਾਰਾ ਜੀਵਨ ਵਿਅਰਥ ਗਵਾ ਦਿੰਦੇ ਹਨ।

ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਮਨੁੱਖ ਦੇ ਦੁਖਾਂ ਦਾ ਕਾਰਨ ਬਣਦੇ ਹਨ। ਇਸ ਲਈ ਬਿਬੇਕ ਬੁਧੀ ਦੀ ਲੋੜ ਹੈ, ਜਿਸ ਨਾਲ ਮਨੁੱਖ ਇਨ੍ਹਾਂ ਪੰਜ ਵਿਕਾਰਾਂ ਦਾ ਗੁਲਾਮ ਬਣਨ ਦੀ ਬਜਾਏ, ਇਨ੍ਹਾਂ ਨੂੰ ਆਪਣੇ ਆਤਮਿਕ ਤੇ ਮਾਨਸਿਕ ਵਿਕਾਸ ਲਈ ਵਰਤੇ।

ਜਿਹੜੇ ਮਨੁੱਖ ਗੁਰੂ ਦੀ ਸਰਨ ਵਿੱਚ ਰਹਿੰਦੇ ਹਨ, ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਰਹਿੰਦੇ ਹਨ ਤੇ ਉਨ੍ਹਾਂ ਅੰਦਰ ਆਤਮਕ ਆਨੰਦ ਬਣਿਆ ਰਹਿੰਦਾ ਹੈ।

ਗੁਰੂ ਦੇ ਸ਼ਬਦ ਦੁਆਰਾ ਇਹ ਮਨ ਸ੍ਰੇਸ਼ਟ ਮੋਤੀ ਬਣ ਸਕਦਾ ਹੈ, ਕਿਉਂਕਿ ਸ਼ਬਦ ਦੀ ਬਰਕਤ ਨਾਲ ਨਾਮੁ ਹੀਰੇ ਦੀ ਕਦਰ ਤੇ ਕੀਮਤ ਦੀ ਸਮਝ ਪੈ ਜਾਂਦੀ ਹੈ।

ਅਕਾਲ ਪੁਰਖੁ ਨੇ ਸਾਨੂੰ ਇਹ ਸਰੀਰ, ਜੋਤਿ ਤੇ ਬੁਧੀ ਦਿਤੀ ਹੈ। ਇਸ ਲਈ ਆਓ ਅਸੀਂ ਗੁਰੂ ਦੀ ਮਤ ਦੁਆਰਾ ਇਸ ਨੂੰ ਬਿਬੇਕ ਬੁਧੀ ਵਿੱਚ ਤਪਦੀਲ ਕਰਕੇ ਆਪਣਾ ਮਨੁੱਖਾ ਜਨਮ ਸਫਲ ਕਰਈਏ। 

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ”

(ਡਾ: ਸਰਬਜੀਤ ਸਿੰਘ) (Dr. Sarbjit Singh)

ਆਰ ਐਚ ੧/ਈ - ੮, ਸੈਕਟਰ - ੮, RH1 / E-8, Sector-8,

ਵਾਸ਼ੀ, ਨਵੀਂ ਮੁੰਬਈ - ੪੦੦੭੦੩.

Vashi, Navi Mumbai - 400703.

Email = sarbjitsingh@yahoo.com

http://www.sikhmarg.com/article-dr-sarbjit.html
.