.

ਪੰਚ ਤਤੁ ਰਹਤ!

ਪੰਜਾਂ ਤੱਤਾਂ ਬਾਰੇ ਭਗਤ ਕਬੀਰ ਜੀ ਬਿਆਨ ਕਰਦੇ ਹਨ: ….”ਅਪੁ ਤੇਜੁ ਬਾਇ ਪ੍ਰਿਥਮੀ ਆਕਾਸਾ॥ ਐਸੀ ਰਹਤ ਰਹਉ ਹਰਿ ਪਾਸਾ॥ ਕਹੈ ਕਬੀਰ ਨਿਰੰਜਨ ਧਿਆਵਉ॥ ਤਿਤੁ ਘਰਿ ਜਾਉ ਜਿ ਬਹੁਰਿ ਨ ਆਵਉ॥ ੪॥ ੧੮॥” (ਰਾਗੁ ਗਉੜੀ ਭਗਤਾਂ ਕੀ ਬਾਣੀ, ਗੁਰੂ ਗਰੰਥ ਸਾਹਿਬ, ਪੰਨਾ ੩੨੭)

ਅਰਥ: ਭਗਤ ਕਬੀਰ ਜੀ ਬਿਆਨ ਕਰਦੇ ਹਨ ਕਿ ਮੇਰੀ ਐਸੀ ਰਹਤ ਬਣ ਗਈ ਹੈ, ਜਿਵੇਂ ਪਾਣੀ, ਅੱਗ, ਹਵਾ, ਧਰਤੀ ਅਤੇ ਆਕਾਸ਼ ਦੇ ਸਤੋ ਗੁਣ ਧਾਰਨ ਕਰ ਲਏ ਹੋਂਣ। ਭਾਵ, ਪਾਣੀ ਠੰਢ ਦਿੰਦਾ ਹੈ ਤੇ ਮੈਲ ਧੋ ਦਿੰਦਾ ਹੈ, ਅੱਗ ਵਿੱਚ ਜਿਹੜੀ ਚੀਜ਼ ਪਾਓ, ਉਸ ਦੀ ਖੋਟ ਸਾੜ ਦਿੰਦੀ ਹੈ, ਹਵਾ ਸੱਭ ਨੂੰ ਸਮਾਨ ਸਪਰਸ਼ ਕਰਦੀ ਅਤੇ ਜੀਵਨ ਦਿੰਦੀ ਹੈ, ਧਰਤੀ ਦਾ ਗੁਣ ਧੀਰਜ ਦੇਣਾ ਤੇ ਖਿਮਾ ਕਰ ਦੇਣਾ ਅਤੇ ਆਕਾਸ਼ ਸੱਭ ਤੋਂ ਅਸੰਗ ਰੱਖਣਾ। ਅਗੇ ਭਗਤ ਕਬੀਰ ਜੀ ਕਹਿੰਦੇ ਹਨ ਕਿ ਮੈਂ ਮਾਇਆ ਤੋਂ ਰਹਿਤ ਅਕਾਲ ਪੁਰਖ ਦਾ ਸਿਮਰਨ ਕਰਕੇ, ਉਸ ਦੀ ਸ਼ਰਨ ਗ੍ਰਹਿਣ ਕਰ ਲਈ ਹੈ ਅਤੇ ਮੈਂ ਹੁਣ ਅਕਾਲ ਪੁਰਖ ਨਾਲ ਹੀ ਸਦਾ ਜੁੜਿਆ ਰਹਾਂਗਾ। ਇਸ ਪ੍ਰਥਾਇ ਹੋਰ ਵੀ ਕਈ ਸ਼ਬਦ ਹਨ, ਜਿਨ੍ਹਾਂ ਦੇ ਅਧਿਐਨ ਕਰਨ ਨਾਲ ਸ਼ਬਦਾਵਲੀ “ਪੰਚ ਤਤੁ” ਦੀ ਸਮਝ ਹੋਰ ਵੀ ਆਸਾਨ ਹੋ ਸਕਦੀ ਹੈ।

ਗੁਰੂ ਗਰੰਥ ਸਾਹਿਬ ਦੇ ਪੰਨਾ ੩੩੩ ਵਿਖੇ ਵੀ ਭਗਤ ਕਬੀਰ ਜੀ ਫੁਰਮਾਉਂਦੇ ਹਨ:

ਕਾਮੁ ਕ੍ਰੋਧੁ ਦੋਇ ਭਏ ਜਗਾਤੀ ਮਨ ਤਰੰਗ ਬਟਵਾਰਾ॥ ਪੰਚ ਤਤੁ ਮਿਲਿ ਦਾਨੁ ਨਿਬੇਰਹਿ ਟਾਂਡਾ ਉਤਰਿਓ ਪਾਰਾ॥ ੨॥

ਅਰਥ: ਕਾਮ ਅਤੇ ਕ੍ਰੋਧ ਦੋਵੇਂ ਸਰਕਾਰੀ ਮਸੂਲੀਏ ਅਤੇ ਲੁਟੇਰੇ ਬਣੇ ਹੋਏ ਹਨ ਅਤੇ ਪ੍ਰਾਣੀ ਦੇ ਸੁਆਸਾਂ ਨੂੰ ਖ਼ੱਤਮ ਕਰੀ ਜਾ ਰਹੇ ਹਨ। ਇਵੇਂ ਹੀ, ਪੰਜਾਂ ਤੱਤਾਂ ਦਾ ਬਣਿਆ ਹੋਇਆ ਟਾਂਡਾ ਸਰੀਰ ਵਿਅਰਥ ਹੋ ਜਾਂਦਾ ਹੈ।

ਪੰਨਾ ੪੭੭: ਰਾਗੁ ਆਸਾ ਬਾਣੀ ਕਬੀਰ ਜੀਉ॥

ਖਿੰਥਾ ਗਿਆਨ ਧਿਆਨ ਕਰਿ ਸੂਈ ਸਬਦੁ ਤਾਗਾ ਮਥਿ ਘਾਲੈ॥ ਪੰਚ ਤਤੁ ਕੀ ਕਰਿ ਮਿਰਗਾਣੀ ਗੁਰ ਕੈ ਮਾਰਗਿ ਚਾਲੈ॥ ੨॥

ਪੰਨਾ ੮੭੦: ਰਾਗੁ ਗੋਂਡ ਬਾਣੀ ਕਬੀਰ ਜੀ॥ ਪੰਚ ਤਤੁ ਮਿਲਿ ਕਾਇਆ ਕੀਨੀ ਤਤੁ ਕਹਾ ਤੇ ਕੀਨੁ ਰੇ॥ ਕਰਮ ਬਧ ਤੁਮ ਜੀਉ ਕਹਤ ਹੌ ਕਰਮਹਿ ਕਿਨਿ ਜੀਉ ਦੀਨੁ ਰੇ॥ ੨॥

ਪੰਨਾ ੯੭੦: ਰਾਮਕਲੀ ਬਾਣੀ ਭਗਤਾ ਕੀ ਕਬੀਰ ਜੀਉ॥ ਪੰਚ ਤਤੁ ਲੈ ਹਿਰਦੈ ਰਾਖਹੁ ਰਹੈ ਨਿਰਾਲਮ ਤਾੜੀ॥ ਕਹਤੁ ਕਬੀਰੁ ਸੁਨਹੁ ਰੇ ਸੰਤਹੁ ਧਰਮੁ ਦਇਆ ਕਰਿ ਬਾੜੀ॥ ੩॥

ਪੰਨਾ ੯੦੭: ਰਾਮਕਲੀ ਮਹਲਾ ੧॥ ਪੰਚ ਤਤੁ ਮਿਲਿ ਅਹਿਨਿਸਿ ਦੀਪਕੁ ਨਿਰਮਲ ਜੋਤਿ ਅਪਾਰੀ॥ ੬॥

ਅਰਥ: ਗੁਰੂ ਨਾਨਕ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਤੈਨੂੰ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਅਕਾਲ ਪੁਰਖ ਨੇ ਪੰਜ ਤੱਤਾਂ ਦੇ ਸੁਮੇਲ ਨਾਲ ਇਹ ਸਰੀਰ ਬਖਸ਼ਿਆ, ਜਿਸ ਵਿੱਚ ਇਲਾਹੀ ਜੋਤਿ ਟਕਾਅ ਦਿੱਤੀ ਹੋਈ ਹੈ।

ਪੰਨਾ ੧੦੩੦: ਮਾਰੂ ਮਹਲਾ ੧॥ ਪੰਚ ਤਤੁ ਮਿਲਿ ਕਾਇਆ ਕੀਨੀ॥ ਤਿਸ ਮਹਿ ਰਾਮ ਰਤਨੁ ਲੈ ਚੀਨੀ॥ ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ॥ ੭॥

ਪੰਨਾ ੧੦੩੧: ਮਾਰੂ ਮਹਲਾ ੧॥ ਅਪੁ ਤੇਜੁ ਵਾਇ ਪ੍ਰਿਥਮੀ ਆਕਾਸਾ॥ ਤਿਨ ਮਹਿ ਪੰਚ ਤਤੁ ਘਰਿ ਵਾਸਾ॥ ਸਤਿਗੁਰ ਸਬਦਿ ਰਹਹਿ ਰੰਗ ਰਾਤਾ ਤਜਿ ਮਾਇਆ ਹਉਮੈ ਭ੍ਰਾਤਾ ਹੇ॥ ੬॥

ਪੰਨਾ ੧੦੩੮: ਮਾਰੂ ਮਹਲਾ ੧॥ ਪੰਚ ਤਤੁ ਸੁੰਨਹੁ ਪਰਗਾਸਾ॥ ਦੇਹ ਸੰਜੋਗੀ ਕਰਮ ਅਭਿਆਸਾ॥ ਬੁਰਾ ਭਲਾ ਦੁਇ ਮਸਤਕਿ ਲੀਖੇ ਪਾਪੁ ਪੁੰਨੁ ਬੀਜਾਇਦਾ॥ ੧੪॥

ਪੰਨਾ ੧੦੩੯: ਮਾਰੂ ਮਹਲਾ ੧॥ ਪੰਚ ਤਤੁ ਮਿਲਿ ਇਹੁ ਤਨੁ ਕੀਆ॥ ਆਤਮ ਰਾਮ ਪਾਏ ਸੁਖੁ ਥੀਆ॥ ਕਰਮ ਕਰਤੂਤਿ ਅੰਮ੍ਰਿਤ ਫਲੁ ਲਾਗਾ ਹਰਿ ਨਾਮ ਰਤਨੁ ਮਨਿ ਪਾਇਆ॥ ੭॥

ਪੰਨਾ ੧੧੨੮: ਰਾਗੁ ਭੈਰਉ ਮਹਲਾ ੩॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ॥ ਘਟਿ ਵਧਿ ਕੋ ਕਰੈ ਬੀਚਾਰਾ॥ ੪॥

ਅਰਥ: ਗੁਰੂ ਅਮਰਦਾਸ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਪੰਜ ਤਤੁ ਦੇ ਸੁਮੇਲ ਨਾਲ ਇਹ ਸਰੀਰ ਹੋਂਦ ਵਿੱਚ ਆਉਂਦਾ ਹੈ। ਪਰ, ਕੋਈ ਇਹ ਨਹੀਂ ਕਹਿ ਸਕਦਾ ਕਿ ਕਿਸੇ ਉੱਚੇ ਵਰਨ ਵਾਲੇ ਪ੍ਰਾਣੀ ਵਿੱਚ ਬਹੁਤੇ ਤੱਤ ਹਨ ਅਤੇ ਦੂਸਰੇ ਆਮ ਪ੍ਰਾਣੀ ਵਿੱਚ ਥੋੜ੍ਹੇ ਤੱਤ ਹਨ! ਅਕਾਲ ਪੁਰਖ ਕਿਸੇ ਵੀ ਪ੍ਰਾਣੀ ਨਾਲ ਕੋਈ ਵਿਤਕਰਾ ਨਹੀਂ ਕਰਦਾ। (੪)

ਪੰਨਾ ੭੩੬: ਸੂਹੀ ਮਹਲਾ ੪॥ ਪੰਚ ਤਤੁ ਕਰਿ ਤੁਧੁ ਸ੍ਰਿਸਟਿ ਸਭ ਸਾਜੀ ਕੋਈ ਛੇਵਾ ਕਰਿਉ ਜੇ ਕਿਛੁ ਕੀਤਾ ਹੋਵੈ॥ ਇਕਨਾ ਸਤਿਗੁਰੁ ਮੇਲਿ ਤੂੰ ਬੁਝਾਵਹਿ ਇਕਿ ਮਨਮੁਖਿ ਕਰਹਿ ਸਿ ਰੋਵੈ॥ ੩॥

ਅਰਥ: ਗੁਰੂ ਰਾਮ ਦਾਸ ਸਾਹਿਬ ਬਿਆਨ ਕਰਦੇ ਹਨ ਕਿ ਅਕਾਲ ਪੁਰਖ ਨੇ ਪੰਜਾਂ ਤੱਤਾਂ ਦੁਆਰਾ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ, ਪਰ ਹੋਰ ਕੋਈ ਸ਼ਕਤੀ ਛੇਵਾਂ ਤੱਤ ਬਣਾਉਣ ਦੀ ਸਮਰੱਥਾ ਨਹੀਂ ਰੱਖਦਾ! ਸਾਰੀ ਸ੍ਰਿਸ਼ਟੀ ਅਕਾਲ ਪੁਖ ਦੇ ਹੁਕਮ ਅਨੁਸਾਰ ਹੀ ਵਿਚਰ ਰਹੀ ਹੈ, ਜਿਵੇਂ ਕਈ ਜੀਵ ਅਕਾਲ ਪੁਰਖ ਦੀ ਮਿਹਰ ਦੇ ਪਾਤਰ ਬਣ ਜਾਂਦੇ ਹਨ ਅਤੇ ਕਈ ਮਨਮੁੱਖ ਆਪਣੇ ਮਨ ਦੇ ਪਿੱਛੇ ਲੱਗ ਕੇ ਦੁੱਖੀ ਹੁੰਦੇ ਹਨ। (੩)

ਪੰਨਾ ੮੮੪: ਰਾਮਕਲੀ ਮਹਲਾ ੫॥ ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ॥ ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ॥ ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ॥ ੨॥

ਅਰਥ: ਗੁਰੂ ਅਰਜਨ ਸਾਹਿਬ ਬਿਆਨ ਕਰਦੇ ਹਨ ਕਿ ਐ ਪ੍ਰਾਣੀ, ਸੱਭ ਜੀਆਂ ਦੇ ਰਹਿਣ ਲਈ ਅਕਾਲ ਪੁਰਖ ਨੇ ਧਰਤੀ ਕਾਇਮ ਕੀਤੀ ਹੋਈ ਹੈ ਅਤੇ ਉਸ ਦੇ ਉੱਪਰ ਆਕਾਸ਼ ਦੇ ਰੂਪ ਵਿੱਚ ਚੰਦੋਆ ਤਣਿਆ ਹੋਇਆ ਹੈ। ਇਵੇਂ ਹੀ ਸਰੀਰਕ ਲੋੜ ਅਨੁਸਾਰ ਪਾਣੀ ਅਤੇ ਹਵਾ ਦਾ ਇੰਤਜ਼ਾਮ ਕੀਤਾ ਹੋਇਆ ਹੈ। ਇੰਜ, ਪੰਜ ਤੱਤਾਂ ਦੇ ਸੁਮੇਲ ਨਾਲ ਅਕਾਲ ਪੁਰਖ ਨੇ ਸੱਭ ਦੇ ਸਰੀਰ ਪੈਦਾ ਕੀਤੇ ਹੋਏ ਹਨ। (੨)

ਪੰਨਾ ੯੯੯: ਮਾਰੂ ਮਹਲਾ ੫॥ ਸਹਨ ਸੀਲ ਪਵਨ ਅਰੁ ਪਾਣੀ ਬਸੁਧਾ ਖਿਮਾ ਨਿਭਰਾਤੇ॥ ਪੰਚ ਤਤੁ ਮਿਲਿ ਭਇਓ ਸੰਜੋਗਾ ਇਨ ਮਹਿ ਕਵਨ ਦੁਰਾਤੇ॥ ੨॥

ਪੰਨਾ ੧੦੭੨-੧੦੭੩: ਮਾਰੂ ਸੋਲਹੇ ਮਹਲਾ ੫॥ ਧਨ ਅੰਧੀ ਪਿਰੁ ਚਪਲੁ ਸਿਆਨਾ॥ ਪੰਚ ਤਤੁ ਕਾ ਰਚਨੁ ਰਚਾਨਾ॥ ਜਿਸੁ ਵਖਰ ਕਉ ਤੁਮ ਆਏ ਹਹੁ ਸੋ ਪਾਇਓ ਸਤਿਗੁਰ ਪਾਸਾ ਹੇ॥ ੬॥

ਪੰਨਾ ੧੩੩੭: ਪ੍ਰਭਾਤੀ ਮਹਲਾ ੫ ਬਿਭਾਸ॥ ਮਨੁ ਹਰਿ ਕੀਆ ਤਨੁ ਸਭੁ ਸਾਜਿਆ॥ ਪੰਚ ਤਤ ਰਚਿ ਜੋਤਿ ਨਿਵਾਜਿਆ॥ ਸਿਹਜਾ ਧਰਤਿ ਬਰਤਨ ਕਉ ਪਾਨੀ॥ ਨਿਮਖ ਨ ਵਿਸਾਰਹੁ ਸੇਵਹੁ ਸਾਰਿਗਪਾਨੀ॥ ੧॥

ਪਂਨਾ ੧੪੨੬: ਸਲੋਕ ਮਹਲਾ ੯॥ ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥ ੧੧॥

ਅਰਥ: ਗੁਰੂ ਤੇਗ ਬਹਾਦਰ ਸਾਹਿਬ ਬਿਆਨ ਕਰਦੇ ਹਨ ਕਿ ਐ ਸਿਆਣੇ ਪ੍ਰਾਣੀ ਤੂੰ ਇਹ ਸਮਝਣ ਦਾ ਯੱਤਨ ਕਰ ਕਿ ਅਕਾਲ ਪੁਰਖ ਨੇ ਤੇਰਾ ਇਹ ਸਰੀਰ ਪੰਜ ਤੱਤਾਂ ਦੇ ਸੁਮੇਲ ਨਾਲ ਬਣਾਇਆ ਹੋਇਆ ਹੈ। ਇਵੇਂ ਹੀ ਇਹ ਸਰੀਰ ਅੰਤ ਵਿੱਚ ਇਨ੍ਹਾਂ ਤੱਤਾਂ ਵਿੱਚ ਹੀ ਮਿਲ ਜਾਇਗਾ। ਇਸ ਲਈ, ਇਸ ਦੇਹੀ ਦਾ ਮਾਣ ਨਾ ਕਰ। (੧੧)

ਕਿੰਨਾ ਚੰਗੇ ਹੋਵੇ ਜੇ ਅਸੀਂ ਸਮੁਚੇ ਸ਼ਬਦਾਂ ਦਾ ਸੋਚ-ਵਿਚਾਰ ਕਰਕੇ ਅਧਿਐਨ ਕਰੀਏ ਤਾਂ ਜੋ ਅਸੀਂ ਅਕਾਲ ਪੁਰਖ ਦੇ ਇਲਾਹੀ ਹੁਕਮ ਅਨੁਸਾਰ ਗੁਰਬਾਣੀ ਆਪਣੇ ਹਿਰਦੇ ਵਿੱਚ ਗ੍ਰਹਿਣ ਕਰਕੇ ਜੀਵਨ ਸਫਲਾ ਕਰ ਸਕੀਏ।

ਧੰਨਵਾਦ ਸਹਿਤ,

ਖਿਮਾ ਦਾ ਜਾਚਕ,

ਗੁਰਮੀਤ ਸਿੰਘ (ਸਿੱਡਨੀ, ਅਸਟ੍ਰੇਲੀਆ) ੨੦ ਅਕਤੂਬਰ ੨੦੧੩
.