.

ਸਿੱਖੀ ਸੰਭਾਲ ਸਿੰਘਾ! (ਕਿਸ਼ਤ ਸੈਂਤੀਵੀਂ)

ਸਿੱਖ ਧਰਮ

ਸਿਖ-ਧਰਮ ਵੀ ਹੈ ਅਤੇ ਲਹਿਰ ਵੀ

ਪ੍ਰਿੰਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ; ਫਾਊਂਡਰ ਸਿੱਖ ਮਿਸ਼ਨਰੀ ਲਹਿਰ 1956

(ਵਿਸ਼ੇ ਦਾ ਪੂਰਾ ਲਾਭ ਲੈਣ ਲਈ, ਪਹਿਲੀ ਕਿਸ਼ਤ ਤੋਂ ਪੜ੍ਹਣਾ ਅਰੰਭ ਕਰੋ ਜੀ)

“ਕਬੀਰ ਮਨੁ ਮੂੰਡਿਆ ਨਹੀ, ਕੇਸ ਮੁੰਡਾਏ ਕਾਂਇ”

ਤਾਂ ਤੇ ਗੁਰਬਾਣੀ ਆਧਾਰ `ਤੇ ‘ਸਿੱਖ ਧਰਮ’ ਦਾ ਮੂਲ ਸਰੂਪ ਕੀ ਹੈ?

ਚਲਦੇ ਪ੍ਰਕਰਣ ਦੀ ਲੋੜ ਅਨੁਸਾਰ ਇਸ ਵਿਸ਼ੇ `ਤੇ, ਬੇਸ਼ੱਕ ਅਤੀ ਸੰਖੇਪ, ਤਾਂ ਵੀ ਕੁੱਝ ਝਾਤ ਜ਼ਰੂਰੀ ਹੈ। ਸੰਪੂਰਣ ਗੁਰਬਾਣੀ `ਚ ਜਿੱਥੋਂ ਵੀ ਗਹਿਰਾਈ ਤੋਂ ਦਰਸ਼ਨ ਕਰੋ ‘ਸਿੱਖ ਧਰਮ’ ਅਥਵਾ ‘ਸਿੱਖ ਜੀਵਨ’ ਆਪਣੇ ਆਪ `ਚ (ੳ) ਇਹ ਕਿ ਇਹ ਧਰਮ ਕੇਵਲ ਕੁੱਝ ਲੋਕਾਂ ਦਾ ਹੀ ਨਹੀ ਬਲਕਿ ਮਾਨਵੀ ਕੱਦਰਾਂ ਕੀਮਤਾਂ ਨਾਲ ਭਰਪੂਰ ਸਮੂਚੀ ਮਾਨਵਤਾ ਦਾ ਧਰਮ ਹੈ। (ਅ) ਦੂਜਾ, ਇਹ ਧਰਮ, ਮਨੁੱਖਾ ਜੀਵਨ ਦੇ ਦੋ ਪੱਖਾਂ ਦੇ ਆਪਸੀ ਸੁਮੇਲ ਦਾ ਨਾਮ ਤੇ ਪ੍ਰਗਟਾਵਾ ਹੈ। ਇਸ ਤਰ੍ਹਾਂ ਮਨੁੱਖਾ ਜੀਵਨ ਦੇ ਇਹ ਦੋ ਪੱਖ ਹਨ:-

(੧) ਮਨੁੱਖਾ ਮਨ ਤੇ ਸਰੀਰ ਦੀ ਗੁਰਬਾਣੀ ਆਦੇਸ਼ਾਂ ਅਨੁਸਾਰ ਸਾਧਨਾ, ਕਮਾਈ ਤੇ ਪੱਕਿਆਈ।

(੨) ਗੁਰਬਾਣੀ ਆਧਾਰਿਤ ਕਰਤੇ ਦੇ ਰਜ਼ਾ ਵਾਲੇ ਨਿਯਮ `ਚ ਹੀ ਮਨੁੱਖ ਦੇ ਸੰਪੂਰਣ ਕੇਸਾਧਾਰੀ ਇਲਾਹੀ ਤੇ ਰੱਬੀ ਸਰੂਪ ਦੀ ਸੰਭਾਲ।

ਇਸ ਤਰ੍ਹਾਂ ਮਨੁੱਖਾ ਜੀਵਨ ਦੇ ਇਨ੍ਹਾਂ ਦੋਨਾਂ ਪੱਖਾਂ ਨਾਲ ਸੰਬੰਧਤ ਕੁੱਝ ਹੋਰ ਵੇਰਵਾ:-

(੧) ਮਨੁੱਖਾ ਮਨ ਦੀ ਗੁਰਬਾਣੀ ਆਦੇਸ਼ਾਂ ਅਨੁਸਾਰ ਬਿਨਾ ਕਿਉਂ ਕਿੰਤੂ ਸਾਧਨਾ ਤੇ ਕਮਾਈ। ਉਪ੍ਰੰਤ ਅਜਿਹੀ ਸਾਧਨਾ ਦੀ ਮਨੁੱਖਾ ਜੀਵਨ ਦੇ ਨਿਜੀ, ਪ੍ਰਵਾਰਕ, ਸਮਾਜਕ, ਰਾਜਨੈਤਿਕ ਭਾਵ ਜੀਵਨ ਦੇ ਹਰੇਕ ਖੇਤ੍ਰ `ਚ ਵਰਤੋਂ। ਇਹ ਵੀ ਕਿ ਇਸ ਸਚਾਈ ਦੀ ਪ੍ਰੌੜਤਾ ਲਈ ਗੁਰਬਣੀ `ਚ ਬਹੁਤੇਰੇ ਫ਼ੁਰਮਾਨ ਵੀ ਹਨ ਜਦਕਿ ਵਿਸ਼ੇ ਨੂੰ ਸਪਸ਼ਟ ਕਰਣ ਲਈ ਇਥੇ ਅਸੀਂ ਕੇਵਲ ਇੱਕ ਗੁਰਬਾਣੀ ਫ਼ੁਰਮਾਨ ਹੀ ਲੈਣਾ ਚਾਹਾਂਗੇ।

ਫ਼ੁਰਮਾਨ ਹੈ “ਦਰਸਨ ਪਰਸਨ ਸਰਸਨ ਹਰਸਨ ਰੰਗਿ ਰੰਗੀ ਕਰਤਾਰੀ ਰੇ” (ਪੰ: ੪੦੪) ਅਤੇ ਇਸਦੇ ਅਰਥ ਹਨ ਕਿ ਗੁਰਬਾਣੀ ਜੀਵਨ ਵਾਲੇ ਅਨੰਦ ਨੂੰ ਨੰਬਰਵਾਰ ਜੀਵਨ ਦੀਆਂ ਇਨ੍ਹਾਂ ਚਾਰ ਪਉੜੀਆਂ `ਤੇ ਚੜ੍ਹ ਕੇ ਹੀ ਮਾਣਿਆ ਜਾ ਸਕਦਾ ਹੈ, ਉਸ ਤੋਂ ਬਿਨਾ।

ਇਸ ਤਰ੍ਹਾਂ ਇਨ੍ਹਾਂ ਚਾਰ ਪਉੜੀਆਂ ਚੋਂ ਜੀਵਨ ਦੀ ਪਹਿਲੀ ਪਉੜੀ ਹੈ ਗੁਰਬਾਣੀ ਦੇ ਦਰਸ਼ਨ ਭਾਵ ‘ਗੁਰਬਾਣੀ ਦਾ ਅਭਿਆਸ’। ਗੁਰਬਾਣੀ ਜੀਵਨ ਦੀ ਪ੍ਰਾਪਤੀ ਲਈ ‘ਗੁਰਬਾਣੀ ਅਭਿਆਸ’ ਤੋਂ ਅਗਲੀ ਭਾਵ ਦੂਜੀ ਪਉੜੀ ਹੈ ਗੁਰਬਾਣੀ ਦਾ ‘ਪਰਸਨ’। ਇਸਦੇ ਅਰਥ ਹਨ ਗੁਰਬਾਣੀ ਦਾ ਮਨੁੱਖ ਦੇ ਮਨ ਤੇ ਜੀਵਨ ਨਾਲ ‘ਪਰਸਨ’ ਭਾਵ ਸਪ੍ਰਸ਼’ ਅਥਵਾ ‘ਗੁਰਬਾਣੀ ਦੀ ਵਿਚਾਰ, ਸੋਝੀ ਤੇ ਕਮਾਈ

ਇਸ ਤਰ੍ਹਾਂ ਮਨੁੱਖਾ ਮਨ ਨਾਲ ਗੁਰਬਾਣੀ ਦਾ ਸਪ੍ਰਸ਼ ਹੋ ਜਾਣ ਦੀ ਪਛਾਣ ਹੈ ਸਰਸਨ। ਸਰਸਨ ਦੇ ਅਰਥ ਹਨ ਗੁਰਬਾਣੀ `ਚੋਂ ਪ੍ਰਗਟ ਹੋ ਰਹੀ ਵਿਚਾਰ ਤੇ ਸੋਝੀ ਦਾ, ਮਨੁੱਖਾ ਸਰੀਰ ਦੀ ਰਗ ਰਗ `ਚ ਧੱਸਦੇ ਜਾਣਾ ਤੇ ਵੱਸ ਜਾਣਾ; ਮਨੁੱਖਾ ਜੀਵਨ ਦਾ ਗੁਰਬਾਣੀ ਦੀ ਆਗਿਆ ਤੇ ਆਦੇਸ਼ਾਂ ਅਨੁਸਾਰ ਘੜਿਆ ਜਾਣਾ।

ਉਪ੍ਰੰਤ ਗੁਰਬਾਣੀ ਸੋਝੀ ਨਾਲ ਭਰਪੂਰ, ਜੀਵਨ ਦੀ ਅਜਿਹੀ ਉੱਚਤੱਮ ਅਵਸਥਾ ਸਮੇਂ ਜੀਵਨ `ਚ ਹਰ ਪਾਸਿਓਂ ਨਿਖਾਰ ਅਥਵਾ ਖੇੜਾ ਆ ਜਾਂਦਾ ਹੈ। ਕਿਉਂਕਿ ਹਰਸਨ’ ਦੇ ਅਰਥ ਹੀ ਖੁਸ਼ੀ ਤੇ ਖੇੜਾ ਹਨ। ਜੀਵਨ ਦੀ ਅਜਿਹੀ ਚੌਥੀ ਅਵਸਥਾ `ਚ ਪੁਜਿਆ ਮਨੁੱਖ ਹਰ ਸਮੇਂ “ਰੰਗਿ ਰੰਗੀ ਕਰਤਾਰੀ ਰੇ” ਭਾਵ ਮਨੁੱਖ ਸੁਆਸ ਸੁਆਸ ਪ੍ਰਭੂ ਦੇ ਨਾਮ ਰੰਗ `ਚ ਰੰਗਿਆ ਰਹਿੰਦਾ ਹੈ। ਬਾਣੀ ਜਪੁ `ਚ ਮਨੁੱਖਾ ਜੀਵਨ ਦੀ ਅਜਿਹੀ ਅਵਸਥਾ ਲਈ ਹੀ “ਤਿਥੈ ਸੀਤੋ ਸੀਤਾ ਮਹਿਮਾ ਮਾਹਿ॥ ਤਾ ਕੇ ਰੂਪ ਨ ਕਥਨੇ ਜਾਹਿ. .” ਵਾਲੀ ਸ਼ਬਦਾਵਲੀ ਹੈ ਅਤੇ ਹੌਰ ਵੀ ਅਨੇਕਾਂ ਥਾਵੇਂ।

(੨) ਮਨੁੱਖਾ ਜੀਵਨ ਵਾਲੇ ਇਸੇ ਸੱਚ ਦਾ ਹੀ ਅਣਿਖੜਵਾਂ ਤੇ ਦੂਜਾ ਅੰਗ ਹੈ ਮਨੁੱਖ ਦਾ ਕੇਸਾਧਾਰੀ ਸਰੂਪ ਭਾਵ ਮਨੁੱਖ ਦਾ ਉਹ ਸਰੂਪ ਜਿਹੜਾ ਕਰਤੇ ਅਕਾਲਪੁਰਖ ਨੇ ਘੜਿਆ ਹੋਇਆ ਹੈ। ਇਸ ਤੋਂ ਬਾਅਦ, ਸਰੂਪ ਦੀ ਕੱਟ-ਵੱਢ ਜਿਹੜਾ ਕਿ ਅੱਜ ਸੰਸਾਰ ਤੱਲ `ਤੇ ਮਨੁੱਖ ਦਾ ਸੁਭਾਅ ਤੇ ਫ਼ੈਸ਼ਨ ਬਣ ਚੁੱਕਾ ਹੈ; ਕਿਸੇ ਤਰ੍ਹਾਂ ਵੀ ਸੱਚ ਅਥਵਾ ਰੱਬੀ ਤੇ ਇਲਾਹੀ ਧਰਮ ਦੀ ਕਸਵੱਟੀ `ਤੇ ਪੂਰਾ ਨਹੀਂ ਉਤਰਦਾ।

ਫ਼ਿਰ ਆਉਂਦੇ ਹਨ ਅਨੇਕਾਂ ਭੇਖ ਜਿਵੇਂ ਜੋਗੀ, ਜਤੀ, ਸੰਨਿਆਸੀ, ਬੈਰਾਗੀ, ਨਾਂਗੇ, ਬਿਭੂਤਧਾਰੀ, ਸਾਧੂ, ਸੰਤ, ਮਹਾਤਮਾ ਆਦਿ, ਜਿਹੜੇ ਦਿਖਾਵੇ ਕਰਕੇ ਤਾਂ ਕੁੱਝ ਹੋਰ ਪ੍ਰਭਾਵ ਦੇ ਰਹੇ ਹੁੰਦੇ ਹਨ ਪਰ ਉਨ੍ਹਾਂ ਦੇ ਜੀਵਨ ਅੱੰਦਰ ਉਸ ਤਰ੍ਹਾਂ ਦੀ ਅਸਲੀਅਤ ਘੱਟ ਹੀ ਹੁੰਦੀ ਹੈ। ਦਰਅਸਲ ਜਦੋਂ ਕਿਸੇ ਮਨੁੱਖ ਦਾ ਜੀਵਨ ਹੀ ਗੁਰਬਾਣੀ ਸੋਝੀ ਤੋਂ ਘੜਿਆ ਜਾਂਦਾ ਹੈ ਤਾਂ ਉਹ ਸੁਭਾਅ ਕਰਕੇ ਹੀ ਸਦਾਚਾਰੀ, ਉੱਚ ਆਚਰਣ ਵਾਲਾ ਅਤੇ ਸੱਚ ਧਰਮ ਦਾ ਰਾਹੀ ਬਣ ਜਾਂਦਾ ਹੈ। ਇਸ ਤਰ੍ਹਾਂ ਜਦੋਂ ਮਨੁੱਖ ਦਾ ਜੀਵਨ ਹੀ ਕਰਤੇ ਦੀ ਰਜ਼ਾ `ਚ ਤਿਆਰ ਹੋ ਜਾਂਦਾ ਹੈ ਤਾਂ ਉਹ ਸਰੂਪ ਦੀ ਕੱਟ ਵੱਢ ਅਤੇ ਹੋਰ ਹੋਰ ਭੇਖਾਂ ਵੱਲ ਵਧਦਾ ਹੀ ਨਹੀਂ। ਇਹ ਵੀ ਕਿ ਉਸ ਨੂੰ ਧਰਮੀ ਹੋਣ ਲਈ ਕਿਸੇ ਵਿਸ਼ੇਸ਼ ਦਿਖਾਵੇ ਜਾਂ ਭੇਸ ਦੀ ਲੋੜ ਹੀ ਨਹੀਂ ਰਹਿ ਜਾਂਦੀ।

ਬਲਕਿ ਗੁਰਬਾਣੀ `ਚ ਕਬੀਰ ਸਾਹਿਬ ਮਨੁੱਖਾ ਜੀਵਨ ਦੇ ਇਸੇ ਸੱਚ ਨੂੰ ਇਸ ਤਰ੍ਹਾਂ ਵੀ ਬਿਆਣ ਕਰਦੇ ਹਨ ਜਿਵੇਂ “ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ” (ਪੰ: ੧੩੬੯)। ਸਪਸ਼ਟ ਹੈ ਮਨੁੱਖਾ ਜੀਵਨ ਦੀ ਸਫ਼ਲਤਾ ਲਈ ਤਾਂ:-

“ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ” (ਪੰ: ੬੦੧) ਅਥਵਾ

“ਗੁਰ ਕੀ ਮਤਿ ਤੂੰ ਲੇਹਿ ਇਆਨੇ” ੇ (ਪੰ: ੨੮੮) ਜਾਂ

“ਮਨੁ ਬੇਚੈ ਸਤਿਗੁਰ ਕੈ ਪਾਸਿ॥ ਤਿਸੁ ਸੇਵਕ ਕੇ ਕਾਰਜ ਰਾਸਿ” (ਪੰ: ੨੮੬)

ਆਦਿ ਗੁਰ ਫ਼ੁਰਮਨਾਂ `ਤੇ ਅਮਲ ਦੀ ਲੋੜ ਹੁੰਦੀ ਹੈ। ਤਾ ਕਿ ਮਨ ਨੂੰ ਗੁਰੂ ਨਾਲ ਜੋੜ ਕੇ ਜੀਵਨ ਨੂੰ ਗੁਰਮੱਤੀਆ ਬਣਾਇਆ ਜਾ ਸਕੇ। ਇਸ ਦੇ ਉਲਟ ਮਨੁੱਖ ਆਪਣੇ ਸਰੂਪ ਦੀ ਕੱਟ ਵੱਢ, ਭੇਖਾਂ, ਕਰਮਕਾਂਡਾ ਤੇ ਸੰਸਾਰਕ ਰਸਾਂ ਕਸਾਂ `ਚ ਉਲਝ ਕੇ ਪ੍ਰਾਪਤ ਮਨੁੱਖਾ ਜਨਮ ਵੀ ਨੂੰ ਬਿਰਥਾ ਕਰ ਲੈਂਦਾ ਹੈ ਅਤੇ ਗੁਰਬਾਣੀ ਅਨੁਸਾਰ ਮੁੜ ਜਨਮ-ਮਰਨ ਤੇ ਜੂਨਾਂ-ਗਰਭਾਂ ਦੇ ਗੇੜ `ਚ ਹੀ ਪੈਂਦਾ ਹੈ।

“ਕਰ ਪਲਵ ਸਾਖਾ ਬੀਚਾਰੇ” -ਗੁਰਬਾਣੀ `ਚ ਭਗਤ ਬੇਣੀ ਜੀ ਵੀ ਸੱਚ ਧਰਮ ਅਥਵਾ ਸਮੂਹ ਮਨੁੱਖ ਮਾਤ੍ਰ ਦੇ ਇਕੋ ਇੱਕ ਮਾਨਵੀ ਧਰਮ ਦੀ ਵਿਆਖਿਆ ਇਸੇ ਤਰ੍ਹਾਂ ਹੀ ਕਰਦੇ ਹਨ। ਫ਼ੁਰਮਾਨ ਹੈ “ਕਰ ਪਲਵ ਸਾਖਾ ਬੀਚਾਰੇ॥ ਅਪਨਾ ਜਨਮੁ ਨ ਜੂਐ ਹਾਰੇ” (ਪੰ: ੪੬੬) ਜਿਸਦੇ ਅਰਥ ਹਨ:-

“ਐ ਮਨੁੱਖ! ਤੂੰ ਬਿਰਖ ਵੱਲ ਦੇਖ, ਇਸ ਦੀਆਂ ਟਾਹਣੀਆਂ ਨਾਲ (ਬੇਅੰਤ) ਪੱਤੇ ਲੱਗੇ ਹੋਏ ਹਨ। ਜ਼ਰਾ ਵਿਚਾਰ ਤਾਂ ਸਹੀ, ਆਖ਼ਿਰ ਇਸ ਬਿਰਖ ਦੇ ਅਜੋਕੇ ਵਿਸਤਾਰ ਤੇ ਇਨ੍ਹਾਂ ਬੇਅੰਤ ਪੱਤਿਆਂ ਦਾ ਮੂਲ ਕਿਥੇ ਹੈ? ਕਿਉਂਕਿ ਬਿਰਖ ਦਾ ਮੂਲ ਹੀ ਇਸ ਬਿਰਖ ਦੀ ਜੜ੍ਹ `ਚ ਹੈ। ਇਹੀ ਕਾਰਣ ਹੈ ਕਿ ਜਦੋਂ ਤੱਕ ਇਹ ਬਿਰਖ ਆਪਣੇ ਮੂਲ ਅਥਵਾ ਆਪਣੀ ਜੜ੍ਹ ਨਾਲ ਜੁੜਿਆ ਰਹਿੰਦਾ ਹੈ। ਇਸੇ ਤੋਂ ਇਸ ਨੂੰ ਹਰ ਸਮੇਂ ਆਪਣੇ ਉਸ ਮੂਲ, ਆਪਣੀ ਜੜ੍ਹ ਤੋਂ ਆਪਣੀਆਂ ਟਹਿਣੀਆਂ ਤੇ ਪੱਤਿਆਂ ਲਈ ਆਪਣੀ ਖ਼ੁਰਾਕ, ਮਿਲਦੀ ਰਹੰਦੀ ਹੈ। ਇਸੇ ਤੋਂ ਇਸਦੀ ਹੋਂਦ ਤੇ ਹਰਿਆਵਲ ਭਾਵ ਪੱਤੇ ਟਹਿਣੀਆਂ ਵੀ ਕਾਇਮ ਰਹਿੰਦਆਂ ਹਨ।

ਇਸੇ ਤਰ੍ਹਾਂ ਜਿਹੜੇ ਮਨੁੱਖ ਆਪਣੇ ਮੂਲ ਪ੍ਰਭੂ ਨਾਲ ਜੁੜੇ ਰਹਿ ਕੇ “ਅਗੈ ਕਰਣੀ ਕੀਰਤਿ ਵਾਚੀਐ (ਪੰ: ੪੬੪) ਅਤੇ “ਕਰਣੀ ਲਾਹਣਿ ਸਤੁ ਗੁੜੁ ਸਚੁ ਸਰਾ ਕਰਿ ਸਾਰੁ” (ਪੰ: ੫੫੩) ਅਥਵਾ ਕਰਿ ਕਰਣੀ ਕਸੁ ਪਾਈਐ” (ਪੰ: ੩੬੦) ਵਾਲੀਆਂ ਗੁਰਬਾਣੀ ਚੇਤਾਵਣੀਆਂ ਦੇ ਆਧਾਰ `ਤੇ ਆਪਣੇ ‘ਕਰ’ ਭਾਵ ਆਪਣੇ ਹੱਥਾਂ ਨੂੰ “ਕਰਿ ਕਰਣੀ” ਬਣਾ ਕੇ ਰਖਦੇ ਹਨ। ਅਜਿਹੇ ਗੁਰਮੁਖ “ਅਪਨਾ ਜਨਮੁ ਨ ਜੂਐ ਹਾਰੇ” ਅਨੁਸਾਰ ਆਪਣੇ ਪ੍ਰਾਪਤ ਮਨੁੱਖਾ ਜਨਮ ਦੀ ਬਾਜ਼ੀ ਨੂੰ ਹਾਰ ਕੇ ਨਹੀਂ, ਬਲਕਿ ਇਸ ਸੰਸਾਰ ਤੋਂ ਜਿੱਤ ਕੇ ਹੀ ਜਾਂਦੇ ਹਨ; ਜੀਵਨ ਨੂੰ ਸਫ਼ਲ ਕਰਕੇ ਜਾਂਦੇ ਹਨ। ਇਸ ਤਰ੍ਹਾਂ ਸਰੀਰਕ ਮੌਤ ਤੋਂ ਬਾਅਦ ਵੀ ਕਰਤੇ `ਚ ਹੀ ਸਮਾਅ ਜਾਂਦੇ ਹਨ ਤੇ ਮੁੜ ਜਨਮ-ਮਰਨ ਦੇ ਗੇੜ `ਚ ਨਹੀਂ ਆਉਂਦੇ।

ਇਸ ਤਰ੍ਹਾਂ ਸੰਬੰਧਤ ਸ਼ਬਦ `ਚ “ਕਰ ਪਲਵ ਸਾਖਾ ਬੀਚਾਰੇ॥ ਅਪਨਾ ਜਨਮੁ ਨ ਜੂਐ ਹਾਰੇ” ਵਾਲੀ ਪੰਕਤੀ ਵਿਚਲੇ ਵਿਸ਼ੇ ਦੀ ਸੀਮਾਂ ਕੇਵਲ ਉਥੋਂ ਤੱਕ ਹੀ ਨਹੀਂ, ਜਿਤਨੀ ਕਿ ਅਸਾਂ ਇਥੇ ਲਈ ਹੈ। ਬਲਕਿ ਇਹ ਸੀਮਾਂ ਤਾਂ “ਕਰ ਪਲਵ ਸਾਖਾ ਬੀਚਾਰੇ॥ ਅਪਨਾ ਜਨਮੁ ਨ ਜੂਐ ਹਾਰੇ॥ ਅਸੁਰ ਨਦੀ ਕਾ ਬੰਧੈ ਮੂਲੁ॥ ਪਛਿਮ ਫੇਰਿ ਚੜਾਵੈ ਸੂਰੁ॥ ਅਜਰੁ ਜਰੈ ਸੁ ਨਿਝਰੁ ਝਰੈ॥ ਜਗੰਨਾਥ ਸਿਉ ਗੋਸਟਿ ਕਰੈ…” ਅਤੇ ਇਸਤੋਂ ਵੀ ਅੱਗੇ ਚੱਲ ਰਹੀ ਹੈ ਜਦਕਿ ਸਾਰੇ ਸ਼ਬਦ `ਚ ਮੂਲ ਵਿਸ਼ਾ ਉਹੀ ਤੇ ਇਕੋ ਹੀ ਚੱਲ ਰਿਹਾ ਹੈ।

ਉਪ੍ਰੰਤ ਇਸੇ ਸ਼ਬਦ `ਚ ਬੇਣੀ ਜੀ ਇੱਕ ਫੁਲ ਦੀ ਮਿਸਾਲ ਨੂੰ ਵਰਤ ਕੇ ਵੀ ਇਸ ਵਿਸ਼ੇ ਨੂੰ ਬਿਆਣਦੇ ਹਨ, ਫ਼ੁਰਮਾਨ ਹੈ “ਪਲੂ ਅਨਤ ਮੂਲੁ ਬਿਚਕਾਰਿ” (ਪੰ: ੯੭੪) ਅਰਥ ਹਨ ਜਿਵੇਂ ਇੱਕ ਫੁਲ ਦਾ ਮੁਕਰੰਦ (ਮੂਲ) ਤਾਂ ਉਸ ਫੁਲ ਦੇ ਵਿਚਕਾਰ ਹੁੰਦਾ ਹੈ ਜਦਕਿ ਫੁਲ ਦੀ ਸੁੰਦਰਤਾ ਤੇ ਖੁਸ਼ਬੂ ਉਸ ਦੀਆਂ ਸਮੂਹ ਪੱਤੀਆਂ `ਚੋਂ ਆ ਰਹੀ ਹੁੰਦੀ ਹੈ। ਇਸ ਤਰ੍ਹਾਂ ਮਨੁੱਖ ਵੀ ਜਦੋਂ ਆਪਣੇ ਮੂਲ, ਕਰਤੇ ਨਾਲ ਜੁੜ ਕੇ ਚਲਦਾ ਹੈ ਤਾਂ ਉਸ ਦੇ ਜੀਵਨ ਅੰਦਰੋਂ ਵੀ ਉੱਚ ਗੁਣਾਂ ਦੀ ਖ਼ੁਸ਼ਬੂ ਆਉਂਦੀ ਹੈ। ਚੇਤੇ ਰਹੇ! ਆਪਣੇ ਮੂਲ ਪ੍ਰਭੂ ਨਾਲ ਜੁੜੇ ਹੋਣ ਦਾ ਮਤਲਬ ਹੀ ਕਰਤੇ ਪ੍ਰਭੂ ਦੀ ਰਜ਼ਾ `ਚ ਚੱਲਦੇ ਹੋਏ ਸੁਭਾਅ ਤੇ ਸਰੂਪ ਦੋਨਾਂ ਦੀ ਸੰਭਾਲ ਕਰਣਾ ਹੈ

ਸਿਖੀ ਸਿਖਿਆ ਗੁਰ ਵੀਚਾਰਿ” - ਹੁਣ ਵਿਸ਼ੇ ਨੂੰ ਅਸੀਂ ਇੱਕ ਹੋਰ ਗੁਰ ਫ਼ੁਰਮਾਨ ਰਾਹੀਂ ਵੀ ਸਮਝਣ ਦਾ ਯਤਣ ਕਰਾਂਗੇ। ਬਾਣੀ ਆਸਾ ਕੀ ਵਾਰ `ਚ ਗੁਰਦੇਵ ਫ਼ੁਰਮਾਉਂਦੇ ਹਨ ਸਿਖੀ ਸਿਖਿਆ ਗੁਰ ਵੀਚਾਰਿ”॥ ਨਦਰੀ ਕਰਮਿ ਲਘਾਏ ਪਾਰਿ” (ਪੰ: ੪੬੫)। ਅਰਥ ਹਨ ਕਿ ਐ ਮਨੁੱਖ! ਤੂੰ ਤਾਂ ਹੀ ਗੁਰੂ ਕਾ ਸਿੱਖ ਹੈ ਜੇਕਰ ਤੂੰ ਆਪਣੇ ਜੀਵਨ ਨੂੰ ਗੁਰੂ ਦੀ ਸਿਖਿਆ ਦਾ ਅਨੁਸਾਰੀ ਹੋ ਕੇ ਤਿਆਰ ਕਰੇਂ। ਉਸੇ ਦਾ ਨਤੀਜਾ ਹੋਵੇਗਾ ਕਿ ਅਕਾਲਪੁਰਖ ਆਪ, ਆਪਣੀ ਬਖ਼ਸ਼ਿਸ਼ ਕਰਕੇ ਤੈਨੂੰ ਵਿਕਾਰਾਂ ਅਉਗੁਣਾ ਨਾਲ ਭਰੇ ਹੋਏ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਵੇਗਾ।

ਸੰਸਾਰ ਸਮੁੰਦਰ ਤੋਂ ਪਾਰ ਹੋਣ ਦਾ ਅਰਥ ਹੈ, ਕਿ ਤੂੰ ਜੀਉਂਦੇ ਜੀਅ ਵੀ ਵਿਕਾਰਾਂ, ਚਿੰਤਾਂਵਾਂ, ਭਟਕਣਾ ਆਦਿ ਤੋਂ ਰਹਿਤ ਅਤੇ ਇਲਾਹੀ ਗੁਣਾਂ ਨਾਲ ਭਰਪੂਰ ਸੰਤੋਖੀ ਤੇ ਮਾਨਸਿਕ ਟਿਕਾਅ ਵਾਲਾ ਜੀਵਨ ਬਤੀਤ ਕਰੇਂਗਾ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ ਤੈਨੂੰ ਮੁੜ ਜਨਮ-ਮਰਨ ਦੇ ਗੇੜ ਤੇ ਜੂਨਾਂ-ਗਰਭਾਂ ਦੇ ਗੇੜ `ਚ ਨਹੀ ਪੈਣਾ ਪਵੇਗਾ, ਇਸ ਤਰ੍ਹਾਂ ਤੂੰ ਆਪਣੇ ਅਸਲੇ, ਕਰਤੇ ਪ੍ਰਭੂ `ਚ ਹੀ ਅਭੇਦ ਹੋ ਜਾਵੇਂਗਾ।

ਇਸੇ ਤਰ੍ਹਾਂ ਇਸ ਸੰਬੰਧ `ਚ ਹੋਰ ਵੀ ਬੇਅੰਤ ਫ਼ੁਰਮਾਨ ਹਨ ਜਿਵੇਂ “ਸੋ ਸਿਖੁ ਸਦਾ ਬੰਧਪੁ ਹੈ ਭਾਈ ਜਿ ਗੁਰ ਕੇ ਭਾਣੇ ਵਿਚਿ ਆਵੈ॥ ਆਪਣੈ ਭਾਣੈ ਜੋ ਚਲੈ ਭਾਈ ਵਿਛੁੜਿ ਚੋਟਾ ਖਾਵੈ॥ ਬਿਨੁ ਸਤਿਗੁਰ ਸੁਖੁ ਕਦੇ ਨ ਪਾਵੈ ਭਾਈ ਫਿਰਿ ਫਿਰਿ ਪਛੋਤਾਵੈ (ਪੰ: ੬੦੧) ਬਲਕਿ ਇਸ ਗੁਰ ਫ਼ੁਰਮਾਨ ਰਾਹੀਂ ਤਾਂ ਗੁਰਦੇਵ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਹੜੇ ਮਨੁੱਖ ਗੁਰੂ ਦੇ ਅਨੁਸਾਰੀ ਹੋ ਕੇ ਨਹੀਂ ਚਲਦੇ, ਮਨਮੱਤੀਆ ਜੀਵਨ ਬਤੀਤ ਕਰਦੇ ਹਨ ਉਹ “ਫਿਰਿ ਫਿਰਿ “ਪਛੋਤਾਵੈ” ਇਸਦੇ ਗੁਰਬਾਣੀ ਅਨੁਸਾਰ ਅਰਥ ਹਨ ਕਿ ਅਜਿਹੇ ਮਨੁੱਖ, ਸਰੀਰਕ ਮੌਤ ਤੋਂ ਬਾਅਦ ਵੀ ਬਾਰ ਬਾਰ ਦੀਆਂ ਜੂਨਾਂ-ਗਰਭਾਂ ਦੇ ਗੇੜ `ਚ ਹੀ ਪੈਂਦੇ ਹਨ।

ਇਹ ਵੀ ਧਿਆਨ ਰਹੇ, ਕਿ ਉਨ੍ਹਾਂ ਅਨੰਤ ਜੂਨਾਂ `ਚ ਵਿਚਰਦੇ ਸਮੇਂ ਵੀ “ਪਛੋਤਾਵੈ” ਦੀ ਗੱਲ਼ ਹੋ ਰਹੀ ਹੈ ਕਿਉਂਕਿ ਗੁਰਬਾਣੀ ਅਨੁਸਾਰ, ਮੌਤ ਤੋਂ ਬਾਅਦ “ਪਛੋਤਾਵੈ” ਦਾ ਅਰਥ ਹੀ ਇਹ ਹੈ ਹੈ ਕਿ ਉਸ ਸਮੇਂ ਜੀਵ ਨੂੰ ਇਹ ਸੋਝੀ ਹੁੰਦੀ ਹੈ ਕਿ ਮਨੁੱਖਾ ਜਨਮ ਸਮੇਂ ਕੀਤੇ ਕਿਹੜੇ ਕਰਮਾਂ ਦੀ ਸਜ਼ਾ ਕਾਰਣ, ਉਸ ਨੂੰ ਅਮੁੱਕੀ ਜੂਨ (ਕੋਠੜੀ, Cell ਅਥਵਾ Package) ਭੋਗਣੀ ਪੈ ਰਹੀ ਹੈ। ਜਦਕਿ ਉਦੋਂ ਉਸਦਾ ਕੁੱਝ ਵੀ ਵੱਸ ਨਹੀਂ ਚਲਦਾ ਤੇ ਉਸਨੂੰ ਉਸੇ ਤਰ੍ਹਾਂ ਉਹ ਜੂਨ ਭੋਗਣੀ ਹੀ ਪੈਂਦੀ ਹੈ। ਬਲਕਿ ਉਦੋਂ ਤਾਂ ਉਸਨੂੰ ਜ਼ਬਾਨ ਵੀ ਗੁੰਗੀ ਮਿਲਦੀ ਹੈ ਜਿਸ ਕਾਰਣ ਜੀਵ ਕਿਸੇ ਦੀ ਹਮਦਰਦੀ ਤੇ ਮਦਦ ਲੈਣ ਦੇ ਯੋਗ ਵੀ ਨਹੀਂ ਹੁੰਦਾ।

ਕੇਸ, ਮਨੁੱਖ ਅਤੇ ਗੁਰਬਾਣੀ-ਚਲਦੇ ਪ੍ਰਕਰਣ `ਚ ‘ਕੇਸਾਂ’ ਸੰਬੰਧੀ ਕੁੱਝ ਗੱਲ ਕਰਣੀ ਵੀ ਅਯੋਗ ਨਹੀਂ ਹੋਵੇਗੀ। ੲਸ ਦੀ ਲੋੜ ਇਸ ਲਈ ਪਈ ਕਿਉਂਕਿ ਗੁਰਮੱਤ ਪੱਖੋਂ ਵਿਗੜੇ ਹੋਏ ਪੰਥਕ ਹਾਲਾਤ ਅਤੇ ਗੁਰਬਾਣੀ ਤੇ ਗੁਰਮੱਤ ਦੇ ਪ੍ਰਚਾਰ ਦਾ ਬਹੁਤੇ ਅਯੋਗ ਹੱਥਾਂ `ਚ ਹੋਣ ਦਾ ਨਤੀਜਾ, ਖ਼ੁਦ ਸਿੱਖਾਂ `ਚੋਂ ਹੀ ਅਜਿਹੇ ਸੱਜਨ ਉਭਰ ਰਹੇ ਹਨ ਜਿਨ੍ਹਾਂ ਦਾ ਸੁਆਲ ਹੁੰਦਾ ਹੈ ਕਿ ਗੁਰਬਾਣੀ `ਚ ਕਿੱਥੇ ਲਿਖਿਆ ਹੈ ਕਿ ਸਿੱਖ ਦਾ ਕੇਸਾਧਾਰੀ ਸਰੂਪ `ਚ ਹੋਣਾ ਜ਼ਰੂਰੀ ਹੈ?

ਇਸ ਦੇ ਉੱਤਰ `ਚ ਜੇਕਰ ਅਸੀਂ ਗ੍ਰੁਰੂ ਤੇ ਅਕਾਲਪੁਰਖ `ਚ ਵਿਸ਼ਵਾਸ ਰਖਦੇ ਹਾਂ ਤਾਂ ਸਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ:- “ਭੁਲਣ ਅੰਦਰਿ ਸਭੁ ਕੋ, ਅਭੁਲੁ ਗੁਰੂ ਕਰਤਾਰੁ” (ਪੰ: ੬੧) ਅਤੇ “ਭੁਲਣ ਵਿਚਿ ਕੀਆ ਸਭੁ ਕੋਈ, ਕਰਤਾ ਆਪਿ ਨ ਭੁਲੈ” (ਪੰ: ੧੩੪੪) ਸਪਸ਼ਟ ਹੈ ਕਿ ਜਿਸ ਅਕਾਲਪੁਰਖ ਨੇ ਸਾਨੂੰ ਜੀਵਨ ਦਿੱਤਾ ਤੇ ਸਾਡਾ ਸਰੀਰ ਘੜਿਆ ਹੋਇਆ ਹੈ, ਮਨੁੱਖ ਲਈ ਕੇਸਾਂ ਵਾਲਾ ਸਰੂਪ ਵੀ ਉਸੇ ਦੀ ਘਾੜਤ ਤੇ ਦੇਣ ਹੈ, ਇਹ ਸਰੂਪ ਅਸਾਂ ਨਹੀਂ ਘੜਿਆ। ਦਰਅਸਲ ਕਰਤੇ ਦੀ ਰਚਨਾਂ `ਚ ਹੋਰ ਅਨੰਤ ਜੂਨਾਂ ਦੇ ਭਿੰਨ ਭਿੰਨ ਸਰੂਪਾ ਤੇ ਸ਼ਕਲਾਂ ਵਾਂਙ ਮਨੁੱਖ ਦਾ ਮੇਲ-ਫ਼ੀਮੇਲ, ਨਰ ਤੇ ਮਾਦਾ ਦੇ ਫ਼ਰਕ ਨਾਲ ਇਹ ਸਰੂਪਾਂ ਵਾਲਾ ਸਿਲਸਿਲਾ ਵੀ ਉਸੇ ਅਭੁੱਲ਼ ਅਕਾਲਪੁਰਖ ਨੇ ਹੀ ਘੜਿਆ ਹੋਇਆ ਹੈ, ਕਿਸੇ ਮਨੁੱਖ ਨੇ ਨਹੀਂ।

ਦੂਜਾ-ਕੇਸਾਂ ਵਾਲੇ ਮਨੁੱਖੀ ਸਰੂਪ ਸੰਬੰਧੀ ਗੁਰਬਾਣੀ ਖਜ਼ਾਨੇ `ਚੋਂ ਕਬੀਰ ਸਾਹਿਬ ਦਾ ਫ਼ੁਰਮਾਨ “ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ” (ਪੰ: ੧੩੬੯) ਤਾਂ ਅਸੀਂ ਲੈ ਹੀ ਆਏ ਹਾਂ ਅਤੇ ਇਸ ਸੰਬੰਧੀ ਕੁੱਝ ਵੇਰਵਾ ਵੀ ਦੇ ਚੁੱਕੇ ਹਾਂ।

ਇਸ ਦੇ ਨਾਲ ਗੁਰਬਾਣੀ ਪ੍ਰਮਾਣਾਂ ਦੀ ਰੋਸ਼ਨੀ `ਚ ਇਹ ਵੀ ਦੇਖ ਆਏ ਹਾਂ ਕਿ ਸਿੱਖ ਧਰਮ ਅਥਵਾ ਜੀਵਨ ਜਾਚ ਹੀ ਸਮੂਚੇ ਮਨੁੱਖ ਮਾਤ੍ਰ ਲਈ ਰੱਬੀ, ਸੱਚ ਤੇ ਇਲਾਹੀ ਧਰਮ ਹੈ। ਇਹ ਵੀ ਕਿ ਸਿੱਖ ਧਰਮ, ਗੁਰਬਾਣੀ ਤੋਂ ਪ੍ਰਗਟ ਜੀਵਨ ਜਾਚ ਅਤੇ ਸਰੂਪ ਦੇ ਸੁਮੇਲ ਦਾ ਹੀ ਨਾਮ ਹੈ। ਕਿਉਕਿ ਜਦੋਂ ਮਨੁੱਖ ਦਾ ਸੁਭਾਅ ਹੀ ਗੁਰਬਾਣੀ ਆਦੇਸ਼ਾਂ ਅਨੁਸਾਰ ਤਿਆਰ ਹੋਵੇਗਾ ਤਾਂ ਉਸ ਦਾ ਸਰਬਉੱਤਮ ਪੱਖ ਹੀ “ਹੁਕਮਿ ਰਜਾਈ ਚਲਣਾ” (ਬਾਣੀ ਜਪੁ) ਹੋਵੇਗਾ।

ਇਸ `ਤੇ ਵੀ ਗੁਰਬਾਣੀ ਦਾ ਇਹ ਫ਼ੈਸਲਾ ਵੀ ਹੈ ਕਿ “ਜਹ ਕਰਣੀ ਤਹ ਪੂਰੀ ਮਤਿ॥ ਕਰਣੀ ਬਾਝਹੁ ਘਟੇ ਘਟਿ” (ਪੰ: ੨੫) ਅਥਵਾ “ਸਲਾਮੁ ਜਬਾਬੁ ਦੋਵੈ ਕਰੇ ਮੁੰਢਹੁ ਘੁਥਾ ਜਾਇ॥ ਨਾਨਕ ਦੋਵੈ ਕੂੜੀਆ ਥਾਇ ਨ ਕਾਈ ਪਾਇ” (ਪੰ: ੪੭੪) ਭਾਵ ਸਿੱਖ ਨੇ ਬਿਨਾ ਕਿਸੇ ਕਿਉ ਕਿੰਤੂ ਦੇ “ਜੋ ਗੁਰੁ ਦਸੈ ਵਾਟ ਮੁਰੀਦਾ ਜੋਲੀਐ” (ਪੰ: ੪੮੮) ਅਨੁਸਾਰ ਹੀ ਆਪਣੇ ਜੀਵਨ ਨੂੰ ਤਿਆਰ ਕਰਣਾ ਹੈ।

ਇਸ ਲਈ ਇਹ ਕਹਿਣਾ ਕਿ ਅਸੀ ਗੁਰਬਾਣੀ ਦੇ ਸਿੱਖ ਵੀ ਹੋਵੀਏ ਤੇ ਸਿੱਖੀ ਸਰੂਪ ਦੀ ਵੀ ਸਾਨੂੰ ਲੋੜ ਨਹੀ, ਦਰਅਸਲ ਅਜਿਹੀ ਸੋਚ ਹੀ ਗੁਰਬਾਣੀ ਆਦੇਸ਼ਾਂ ਅਨੁਸਾਰ ਨਹੀਂ ਬਲਕਿ ਗੁਰਬਾਣੀ ਵੱਲ ਪਿਠ ਕਰਣ ਤੁਲ ਹੈ। ਕਿਉਂਕਿ ਗੁਰਬਾਣੀ ਅਨੁਸਾਰ ਸਫ਼ਲ ਮਨੁੱਖਾ ਜੀਵਨ ਲਈ, ਗੁਰਬਾਣੀ ਤੋਂ ਪ੍ਰਗਟ ਹੋਇਆ ਸੁਭਾਅ (ਜੀਵਨ ਜਾਚ) ਅਤੇ ਮਨੁੱਖ ਦਾ ਸੰਪੂਰਣ ਕੇਸਾਧਾਰੀ ਸਰੂਪ, ਦੋਵੇਂ ਵਿਸ਼ੇ ਜੁੜਵੇਂ ਹਨ, ਵੱਖ ਵੱਖ ਨਹੀਂ। ਇਹ ਦੋਵੇਂ ਪੱਖ “ਹੁਕਮਿ ਰਜਾਈ ਚਲਣਾ” ਕਰਤੇ ਦੀ ਰਜ਼ਾ `ਚ ਚਲਣ ਦਾ ਹੀ ਪ੍ਰਗਟਾਵਾ ਹਨ।

ਇਹ ਵੱਖਰੀ ਗੱਲ ਹੈ ਕਿ ਕਿਸੇ ਦੇ ਜੀਵਨ `ਚੋਂ ਜੀਵਨ ਜਾਚ ਵਾਲਾ ਪੱਖ ਪਹਿਲਾਂ ਪ੍ਰਗਟ ਹੋ ਜਾਵੇ ਤੇ ਸਰੂਪ ਵਾਲਾ ਬਾਅਦ `ਚ। ਇਸੇ ਤਰ੍ਹਾਂ ਇਸ ਦੇ ਉਲਟ, ਕਿਸੇ ਕੋਲ ਪਿਤਾ ਪੂਰਖੀ ਸਰੂਪ ਤਾਂ ਉਸ ਦੇ ਜਨਮ ਤੋਂ ਹੋਵੇ ਪਰ ਉਸ ਅੰਦਰ ਗੁਰਬਾਣੀ ਜੀਵਨ ਵਾਲਾ ਸੱਚ ਬਾਅਦ `ਚ ਤਿਆਰ ਹੋਵੇ।

ਤੀਜਾ- ਗੁਰਬਾਣੀ `ਚ ਕੇਸਾਂ ਵਾਲੇ ਸਰੂਪ ਦੀ ਪ੍ਰੌੜਤਾ `ਚ ਕੇਵਲ ਉਪਰ ਵਰਤਿਆ ਜਾ ਚੁੱਕਾ ਕਬੀਰ ਸਾਹਿਬ ਵਾਲਾ ਇਕੱਲਾ ਪ੍ਰਮਾਣ “ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਂਇ॥ ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਂਇ” (ਪੰ: ੧੩੬੯) ਹੀ ਨਹੀਂ ਬਲਕਿ ਹੋਰ ਵੀ ਬਹੁਤੇਰੇ ਫ਼ੁਰਮਾਨ ਹਨ ਜਿਨ੍ਹਾਂ `ਚੋ ਕੁਝ:-

(ੳ) ਕੇਸ ਸੰਗਿ ਦਾਸ ਪਗ ਝਾਰਉ ਇਹੈ ਮਨੋਰਥ ਮੋਰ” (ਪੰ: ੫੦੦)

(ਅ) “ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ” (ਰਵਦਿਾਸ ਪੰ: ੬੮੦)

(ੲ) ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ॥ ਮਸਤਕੁ ਅਪਨਾ ਭੇਟ ਦੇਉ ਗੁਨ ਸੁਨਉ ਰਸਾਲ” (ਪੰ: ੮੧੦)

(ਸ) ਸਤਿਗੁਰੁ ਅਪਨਾ ਸਦ ਸਦਾ ਸਮਾੑਰੇ॥ ਗੁਰ ਕੇ ਚਰਨ ਕੇਸ ਸੰਗਿ ਝਾਰੇ” (ਪੰ: ੩੮੭)

(ਹ) “ਕੇਸਾ ਕਾ ਕਰਿ ਬੀਜਨਾ ਸੰਤ ਚਉਰੁ ਢੁਲਾਵਉ” (ਪੰ: ੭੪੫)

(ਕ) ਕੇਸਾਂ ਕਾ ਕਰਿ ਚਵਰੁ ਢੁਲਾਵਾ ਚਰਣ ਧੂੜਿ ਮੁਖਿ ਲਾਈ” (ਪੰ: ੭੪੯)

(ਖ) ਸੇ ਦਾੜੀਆਂ ਸਚੀਆ ਜਿ ਗੁਰ ਚਰਨੀ ਲਗੰਨਿ” (ਪੰ: ੧੪੧੯)

(ਗ) ਮੁਖ ਸਚੇ ਸਚੁ ਦਾੜੀਆ ਸਚੁ ਬੋਲਹਿ ਸਚੁ ਕਮਾਹਿ (ਪੰ: ੧੪੧੯)

(ਘ) “ਖੂਬੁ ਤੇਰੀ ਪਗਰੀ ਮੀਠੇ ਤੇਰੇ ਬੋਲ॥ ਦ੍ਵਾਰਿਕਾ ਨਗਰੀ ਕਾਹੇ ਕੇ ਮਗੋਲ” (ਨਾਮਦੇਵ ਪੰ: ੭੨੭)

(ਙ) “ਕੇਸ ਜਲੇ ਜੈਸੇ ਘਾਸ ਕਾ ਪੂਲਾ” (ਕਬੀਰ ਪੰ: ੰ੮੭੦)

(ਚ) “ਬੰਕੇ ਬਾਲ ਪਾਗ ਸਿਰਿ ਡੇਰੀ॥ ਇਹੁ ਤਨੁ ਹੋਇਗੋ ਭਸਮ ਕੀ ਢੇਰੀ” (ਰਵੀਦਾਸ ਪੰ: ੬੫੯)

ਅਤੇ ਇਸੇ ਤਰ੍ਹਾਂ ਹੋਰ ਵੀ ਬਹੁਤੇਰੇ ਗੁਰ ਫ਼ੁਰਮਾਨ। ਵਿਚਾਰਣ ਦਾ ਵਿਸ਼ਾ ਹੈ ਕਿ ਗੁਰਬਾਣੀ `ਚ ਅਜਿਹੀ ਸ਼ਬਦਾਵਲੀ ਤੇ ਮਿਸਾਲਾਂ ਕੇਵਲ ਉਹੀ ਵਰਤੇਗਾ ਜੋ ਆਪ ਕੇਸਾਧਾਰੀ ਹੋਵੇ। ਬਲਕਿ ਇਨ੍ਹਾਂ ਗੁਰਪ੍ਰਮਾਣਾਂ ਤੋਂ ਤਾਂ ਇਹ ਵੀ ਸਪਸ਼ਟ ਹੈ ਕਿ ਗੁਰਬਾਣੀ ਵਿਚਲੇ ਪੰਦਰਾਂ ਦੇ ਪੰਦਰਾਂ ਭਗਤ ਵੀ ਸੰਪੂਰਣ ਕੇਸਾਧਾਰੀ ਸਨ। ਫ਼ਿਰ ਇਹ ਕਿਵੇਂ ਸੰਭਵ ਹੈ ਕਿ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਸਿੱਖ ਵੀ ਪਹਿਲੇ ਜਾਮੇ ਤੋਂ ਹੀ ਸੰਪੂਰਣ ਕੇਸਾਧਾਰੀ ਨਾ ਹੋਣ।

ਚੌਥਾ- ਮਨੁੱਖਾ ਦਿਮਾਗ਼ ਅਤੇ ਕੇਸ-ਕੋਈ ਵੀ ਮਸ਼ੀਨ 24 ਘੰਟੇ ਨਹੀਂ ਚੱਲ ਸਕਦੀ। , ਇਥੋਂ ਤੱਕ ਕਿ ਸਾਡਾ ਸਰੀਰ ਵੀ ਆਪਣੇ ਸਮੇਂ ਨਾਲ ਆਰਾਮ ਮੰਗਦਾ ਹੈ। ਜਦਕਿ ਸਾਡਾ ਦਿਮਾਗ ਤਾਂ ਸੁੱਤੇ ਵੀ ਚਲਦਾ ਰਹਿੰਦਾ ਹੈ ਤੇ ਸੁਪਨੇ ਉਸੇ ਦਾ ਨਤੀਜਾ ਹੁੰਦੇ ਹਨ। ਸਿਰ `ਤੇ ਭਾਰੀ ਵਾਲ, ਦਿਮਾਗ ਨੂੰ ਠੰਢਾ ਰੱਖਣ ਤੇ ਚੋਟ ਤੋਂ ਬਚਾਉਣ `ਚ ਵੀ ਮਦਦ ਕਰਦੇ ਹਨ। ਇਥੋਂ ਤੱਕ ਕਿ ਸਨ-ਸਟ੍ਰੋਕ, ਕੇਸਾਧਾਰੀ ਨੂੰ ਕਦੇ ਨਹੀਂ ਹੁੰਦਾ, ਕੇਸ ਹੀਣਾਂ ਨੂੰ ਹੀ ਹੁੰਦਾ ਹੈ।

ਲੋਹਟੋਪਾਂ (Helmets) ਤੇ ਗਿੱਲੇ ਤੌਲੀਏ ਆਦਿ ਦੀ ਲੋੜ, ਕੇਵਲ ਕੇਸਹੀਣਾ ਨੂੰ ਹੁੰਦੀ ਹੈ, ਕੇਸਾਧਾਰੀਆਂ-ਦਸਤਾਰ ਧਾਰੀਆਂ ਨੂੰ ਨਹੀਂ। ਸਰੀਰ `ਤੇ ਬੇਅੰਤ ਰੋਮ, ਪਸੀਨੇ ਆਦਿ ਰਾਹੀਂ ਸਾਡੀ ਅੰਦਰ ਦੀ ਗੰਦਗੀ ਬਾਹਰ ਕੱਢਦੇ ਤੇ ਸਾਨੂੰ ਅਨੇਕਾਂ ਰੋਗਾਂ ਤੋਂ ਬਚਾਉਂਦੇ ਹਨ।

ਪੰਜਵਾਂ- ਕੇਸਾਂ ਦਾ ਵਿਗਿਆਨਕ ਪੱਖ-ਸਰੀਰ ਦੇ ਜਿਸ ਅੰਗ `ਤੇ ਜਿਸ ਸਮੇਂ ਜਿੰਨੇਂ ਤੇ ਜਿਸ ਨਾਪ ਦੇ ਕੇਸਾਂ ਦੀ ਲੋੜ ਹੁੰਦੀ ਹੈ, ਇਸਤ੍ਰੀ-ਪੁਰਖ ਦੇ ਫ਼ਰਕ ਨਾਲ ਉਤਨੇ ਹੀ ਅਤੇ ਉਦੋਂ ਹੀ ਉੱਗਦੇ ਹਨ, ਉਸ ਤੋਂ ਪਹਿਲਾਂ ਅਤੇ ਵਧ ਘਟ ਵੀ ਨਹੀਂ। ਜਿਨੇ ਲੰਮੇਂ ਕੇਸ ਸਿਰ `ਤੇ ਹੁੰਦੇ ਹਨ, ਉਤਨੇ ਲੰਮੇਂ ਮਨੁੱਖਾ ਸਰੀਰ ਦੇ ਕਿਸੇ ਹੋਰ ਅੰਗ `ਤੇ ਅਤੇ ਆਪਣੀ ਮਰਜ਼ੀ ਨਾਲ ਨਹੀਂ ਉਗਾਏ ਜਾ ਸਕਦੇ। ਇਹੀ ਨਹੀਂ, ਸਰੀਰ ਦੇ ਜਿਨ੍ਹਾਂ ਅੰਗਾਂ `ਤੇ ਕੇਸਾਂ ਦੀ ਲੋੜ ਨਹੀਂ ਹੁੰਦੀ ਉਥੇ ਕੇਸ ਨਾ ਉੱਗਦੇ ਹਨ ਤੇ ਨਾ ਕੋਈ ਉਗਾਅ ਸਕਦਾ ਹੈ। ਕੇਵਲ ਮਨੁੱਖ ਹੀ ਨਹੀਂ, ਸਾਰੀ ਜੀਵ ਸ਼੍ਰੇਣੀ ਅਤੇ ਫੁੱਲ ਬਨਸਪਤੀ `ਚ ਵੀ ਕੇਸਾਂ-ਰੋਮਾਂ ਵਾਲੇ ਇਸ ਰੱਬੀ ਨਿਯਮ ਨੂੰ ਦੇਖਿਆ ਜਾ ਸਕਦਾ ਹੈ। ਸ਼ੇਰ-ਸ਼ੇਰਨੀ, ਚਿੜਾ-ਚਿੜੀ, ਕਵਾ-ਕਵੀ, ਤੋਤਾ-ਤੋਤੀ, ਗੋਭੀ-ਗੁਲਾਬ, ਸ਼ਹਿਤੂਤ-ਸ਼ਹਿਤੂਤੀ ਭਾਵ ਕੇਸਾਂ ਵਾਲੀ ਕਰਤੇ ਦੀ ਲੀਲਾ, ਨਰ-ਮਾਦਾ ਦੇ ਫਰਕ ਨਾਲ, ਹਰੇਕ ਜੂਨ `ਚ ਪ੍ਰਭੂ ਦੀ ਵਡਮੁੱਲੀ ਦਾਤ ਨੂੰ ਕੇਵਲ ਪਛਾਣਨ ਤੇ ਸਮਝਣ ਦੀ ਹੀ ਲੋੜ ਹੈ।

ਪ੍ਰਭੂ ਦੀਆਂ ਅਨੇਕਾਂ ਬਖਸ਼ਿਸ਼ਾਂ `ਚੋਂ ਕੇਸ ਅਜਿਹੀ ਵਿਗਿਆਨਕ ਦੇਣ ਹਨ, ਜਿਸ ਦਾ ਅੰਦਾਜ਼ਾ ਲਾਉਣਾ ਵੀ ਸੌਖਾ ਨਹੀਂ। ਕਰਤੇ ਦੀ ਬੇਅੰਤ ਰਚਨਾ ਤੇ ਅਨੰਤ ਜੂਨਾਂ ਹਨ। ਇਸ ਤਰ੍ਹਾਂ ਇਨ੍ਹਾਂ ਅਨੰਤ ਜੂਨਾਂ `ਚ ਕੇਵਲ ਮਨੁੱਖ ਹੀ ਨਹੀਂ ਜਿਵੇਂ ਕਿ ਸਪਸ਼ਟ ਕਰ ਚੁੱਕੇ ਹਾਂ, ਫ਼ਿਰ ਬੇਸ਼ੱਕ ਪਸ਼ੂ-ਪੰਛੀ, ਕੀੜੇ-ਮਕੌੜੇ, ਜਾਂ ਫਲ-ਫੁਲ ਸਬਜ਼ੀਆਂ, ਬਨਸਪਤੀ ਸਾਰਿਆਂ `ਚ ਕੇਸਾਂ-ਰੋਮਾਂ ਵਾਲਾ ਇਹ ਵਿਗਿਆਣਕ ਤੇ ਅਤੀ ਸ਼ੂਕਸ਼ਮ ਸਿਧਾਂਤ, ਭਿੰਨ ਭਿਂਨ ਸਰੀਰਾਂ ਦੀ ਕੁਦਰਤੀ ਲੋੜ ਅਨੁਸਾਰ, ਇਕੋ ਜਿਹਾ ਚੱਲ ਰਿਹਾ ਹੈ। ਤਾਂ ਵੀ ਇਥੇ ਬਹੁਤਾ ਕਰਕੇ ਅਸੀਂ ਵਿਸ਼ਾ ਲੈ ਰਹੇ ਹਾਂ ਤਾਂ ਕੇਵਲ ਮਨੁੱਖਾ ਸਰੀਰ ਦਾ ਹੀ।

ਕੇਸਾਂ ਸੰਬੰਧੀ ਇੱਕ ਹੋਰ ਸਚਾਈ, ਅਸੀਂ ਆਪਣੀਆਂ ਗਡੀਆਂ `ਚ ਪੁਰੋਲੇਟਰ ਲਗਾਂਦੇ ਹਾਂ ਕਿਉਂਕਿ ਜੇਕਰ ਹਵਾ ਵਿਚਲੀ ਗੰਦਗੀ ਸਾਡੀਆਂ ਗੱਡੀਆਂ `ਚ ਚਲੀ ਗਈ ਤਾਂ ਸਾਡੀ ਗੱਡੀ ਦਾ ਇੰਜਣ ਹੀ ਬੈਠ ਜਾਵੇਗਾ। ਇਸੇ ਤਰ੍ਹਾਂ ਪ੍ਰਭੂ ਨੇ ਸਾਡੇ ਨੱਕ ਤੇ ਕੰਨਾਂ `ਚ ਛੋਟੇ ਛੋਟੇ ਕੇਸ ਦਿੱਤੇ ਹੁੰਦੇ ਹਨ। ਪੁਰੋਲੇਟਰ ਦੀ ਨਿਆਈ, ਸਾਡੇ ਕੰਨਾਂ ਤੇ ਨੱਕ `ਚ ਜਿਹੜੀ ਹਵਾ ਜਾਂਦੀ ਹੈ, ਇਨ੍ਹਾਂ ਕੇਸਾਂ ਰਾਹੀਂ ਉਹ ਪੁਣ-ਛਾਣ ਕੇ ਜਾਂਦੀ ਹੈ ਜਿਸ ਤੋਂ ਸਾਡੀ ਸੁਨਣ, ਸੁੰਘਣ ਤੇ ਸੁਆਸ ਕਿਰਿਆ ਆਦਿ ਨਿਯਮਿਤ ਢੰਗ ਨਾਲ ਚਲਦੀਆਂ ਹਨ। ਅੱਖਾਂ ਦੇ ਭਰਵੱਟੇ ਕਟਵਾ ਕੇ ਬੀਬੀਆਂ ਅੱਖਾਂ ਅਤੇ ਸਰੀਰ ਦੀਆਂ ਕਿਨੀਆਂ ਬੀਮਾਰੀਆਂ ਨੂੰ ਸੱਦਾ ਦਿੰਦੀਆਂ ਹਨ, ਅੱਖਾਂ ਦੇ ਹਸਪਤਾਲਾਂ `ਚੋਂ ਪਤਾ ਕੀਤਾ ਜਾ ਸਕਦਾ ਹੈ। ਕਿਉਂਕਿ ਅੱਖਾਂ ਦੇ ਭਰਵੱਟੇ ਵੀ ਮਨੁੱਖ ਨੂੰ ਅੱਖਾਂ ਦੀਆਂ ਕਈ ਬਿਮਾਰੀਆਂ ਤੋਂ ਬਚਾਦੇ ਤੇ ਸਭ ਨੂੰ ਪਤਾ ਹੈ ਕਿ ਅੱਖਾਂ ਦਾ ਕਈ ਪੱਖਾਂ ਤੋਂ ਸਿਧਾ ਬਚਾਅ ਵੀ ਕਰਦੇ ਹਨ।

ਵਿਸ਼ਾ ਤਿੰਨ ਸੌ ਸਾਲਾਂ ਵਿਚਲੇ ਵਿਗਾੜ ਦਾ- ਇਸ ਸਾਰੇ ਤੋਂ ਬਾਅਦ ਇਹ ਵੀ ਭਲੀ ਪ੍ਰਕਾਰ ਦੇਖਦੇ ਆ ਰਹੇ ਹਾਂ ਕਿ ਅੱਜ ਜੋ ਕੌਮੀ ਪੱਧਰ `ਤੇ ਸਿੱਖ ਧਰਮ `ਚ ਅਸੀਮਿਤ ਤੇ ਬੇ-ਅੰਦਾਜ਼ ਵਿਗਾੜ ਤੇ ਨਿਘਾਰ ਆਇਆ ਹੋਇਆ ਤੇ ਨਿੱਤ ਆ ਵੀ ਰਿਹਾ ਹੈ, ਇਹ ਪੰਥਕ ਵਿਗਾੜ ਰਾਤੋ ਰਾਤ ਨਹੀਂ ਆਇਆ। ਬਲਕਿ ਸੰਨ ੧੭੧੬ ਤੋਂ ਅਰੰਭ ਹੋ ਕੇ ਸਿੱਖ ਵਿਚਾਰਧਾਰਾ ਅਤੇ ਸਿੱਖ ਰਹਿਣੀ `ਤੇ ਤਾਬੜ ਤੋੜ ਚੌਤਰਫ਼ਾ ਹੋ ਰਹੇ ਹਮਲਿਆਂ ਕਾਰਣ ਅਤੇ ਉਨ੍ਹਾਂ ਦਾ ਹੀ ਨਤੀਜਾ ਹੈ। ਉਹ ਹਮਲੇ ਜਿਹੜੇ ਅੱਜ ਦੀ ਆਖਰੀ ਘੜੀ ਤੇ ਪਲ ਤੱਕ ਵੀ ਬੇਰੋਕ ਚਾਲੂ ਹਨ। ਇਸ ਲਈ ਅੱਜ ਵੀ ਸਿੱਖਾਂ ਦੀ ਆਬਾਦੀ ਕੇਵਲ ਦੋ ਕਰੋੜ ਹੀ ਨਹੀਂ ਬਲਕਿ ਵੀਹ ਕਰੋੜ ਹੈ। ਅਜੋਕਾ ਮਸਲਾ ਤਾਂ ਇਹ ਹੈ ਕਿ ਉਪਰ ਦਿੱਤੇ ਸਪਸ਼ਟ ਵੇਰਵੇ ਤੋਂ ਭਾਅਦ ਵੀ ਸਿੱਖਾਂ ਦੀ ਉਸ ਅਸਲ ਵੀਹ ਕਰੋੜ ਤੋਂ ਵਧ ਵਾਲੀ ਆਬਾਦੀ ਨੂੰ ਸੰਸਾਰ `ਚ ਪ੍ਰਗਟ ਕਿਵੇਂ ਕਰਣਾ ਹੈ ਅਤੇ ਕਿਵੇਂ ਉਸ ਸਾਰੀ ਆਬਾਦੀ ਨੂੰ ਆਪਣੀ ਗਲਵੱਕੜੀ `ਚ ਵੀ ਲੈਣਾ ਹੈ। ਫ਼ਿਰ ਨਾਲੋ ਨਾਲ ਉਨ੍ਹਾਂ ਦੀ ਪੰਥਕ ਰਹਿਣੀ `ਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਉਨ੍ਹਾਂ ਨੂੰ ਕਿਵੇਂ ਸੁਚੇਤ ਕਰਣਾ ਤੇ ਬਚਾਉਣਾ ਵੀ ਹੈ। ਇਹ ਸਾਰੇ ਪ੍ਰਤੀ ਪੰਥਕ ਤਲ `ਤੇ ਅਸਾਂ ਦੀਰਘ ਵਿਚਾਰਾਂ ਨਾਲ ਇਨ੍ਹਾਂ ਦਾ ਹੱਲ ਢੂੰਡਣਾ ਹੈ, ਤਾ ਕਿ ਘਟੋ ਘਟ ਕੌਮ ਦੇ ਭਵਿਖ ਨੂੰ ਤਾਂ ਸੰਭਾਲਿਆ ਹੀ ਜਾ ਸਕੇ। #37SDSLs01.013# (ਚਲਦਾ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲ਼ਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਹਮੇਸ਼ਾਂ ਚਾਲੂ ਰਖ ਕੇ ਆਪਣੇ ਪ੍ਰਵਾਰਿਕ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾ ਸਕੇ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

EXCLUDING THIS BOOK “Sikh, Dharm Vi Hai Ate Lehar Vi.01.13 BEING LOADED IN ISTTS. Otherwise about All the Self Learning Gurmat Lessons already loaded on www.sikhmarg.com it is to clarify that:-

---------------------------------------------

For all the Gurmat Lessons written upon Self Learning based by ‘Principal Giani Surjit Singh’ Sikh Missionary, Delhi, all the rights are reserved with the writer, but easily available for Distribution within ‘Guru Ki Sangat’ with an intention of Gurmat Parsar, at quite a nominal printing cost i.e. mostly Rs 300/- to 400/- (in rare cases these are 500/-) per hundred copies for further Free distribution or otherwise. (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24 Ph 91-11-26236119, 46548789& ® J-IV/46 Old D/S Lajpat Nagar-4 New Delhi-110024 Ph. 91-11-26487315 Cell 9811292808

web site- www.gurbaniguru.org
.