.

ਪੂਜਾ

ਸੂਝਵਾਨਾਂ ਦਾ ਕਥਨ ਹੈ ਕਿ ਜਿਸ ਕਰਮ ਵਿਚੋਂ ਅਸਲੀਅਤ ਜਾਂ ਸਚਾਈ ਨਿਕਲ ਜਾਵੇ ਤਾਂ ਉਹ ਇੱਕ ਕਰਮ ਕਾਂਡ ਹੀ ਬਣ ਜਾਂਦਾ ਹੈ ਤੇ ਅੱਜ ਦੀ ਅਖੌਤੀ ਪੂਜਾ ਵੀ ਇੱਕ ਐਸਾ ਹੀ ਫੋਕਾ ਕਰਮ ਕਾਂਡ ਹੈ ਜਿਸ ਵਿੱਚ ਕੋਈ ਸਚਾਈ ਨਹੀ ਪਰ ਸਦੀਆਂ ਤੋਂ ਮਨੁੱਖ ਅਗਿਆਨਤਾ ਵੱਸ ਹੋਇਆ ਅਨੇਕ ਤਰਾਂ ਨਾਲ ਪਰਮਾਤਮਾ ਦੀ ਅਖੌਤੀ ਪੂਜਾ ਕਰਦਾ ਆ ਰਿਹਾ ਹੈ। ਪਰਮਾਤਮਾ ਕਿਉਂਕਿ ਨਿਰਆਕਾਰ ਹੈ ਤੇ ਉਸ ਦੀ ਪੂਜਾ ਕਿਸੇ ਕਰਮ ਕਾਂਡ ਨਾਲ ਨਹੀ ਹੋ ਸਕਦੀ, ਇਸ ਲਈ ਮਨੁੱਖ ਨੇ ਆਪਣੇ ਮਨ ਦੀ ਤਸੱਲੀ ਲਈ ਮਨੋ ਕਲਪਨਿਕ ਅਨੇਕ ਦੇਵੀ ਦੇਵਤਿਆਂ ਤੇ ਅਵਤਾਰਾਂ ਦੀਆਂ ਤਸਵੀਰਾਂ ਤੇ ਪੱਥਰ ਮੂਰਤੀਆਂ ਘੜ ਲਈਆਂ ਤੇ ਉਹਨਾਂ ਨਾਲ ਅਨੇਕ ਮਨਘੜਤ ਕਹਾਣੀਆਂ ਜੋੜ ਕੇ ਉਹਨਾਂ ਦੀ ਪੂਜਾ ਦੇ ਕਰਮ ਕਾਂਡ ਸ਼ੁਰੂ ਕਰ ਦਿੱਤੇ। ਪੱਥਰ ਮੂਰਤੀਆਂ ਦੀ ਅਖੌਤੀ ਪੂਜਾ ਕਰਦਾ ਕਰਦਾ ਆਪ ਵੀ ਪੱਥਰ (ਕਠੋਰ) ਦਿਲ ਹੀ ਹੋ ਗਿਆ। ਆਪ ਬਣਾਈਆਂ ਮੂਰਤੀਆਂ ਤੇ ਤਸਵੀਰਾਂ ਨੂੰ ਰੱਬ ਜਾਣਕੇ ਪੂਜੀ ਜਾਂਦਾ ਹੈ। ਇਸ ਅਖੌਤੀ ਪੂਜਾ ਨੂੰ ਪ੍ਰਚਲਤ ਕਰਨ ਲਈ ਪਰਮਾਤਮਾ ਦੀ ਇਬਾਦਤ, ਬੰਦਗੀ ਜਾਂ ਭਗਤੀ ਦਾ ਨਾਮ ਦੇ ਦਿੱਤਾ। ਗਿਆਨ ਪ੍ਰਚਾਰ ਦੇ ਸਾਧਨਾਂ ਦੀ ਘਾਟ ਹੋਣ ਕਾਰਨ, ਸਮਾ ਪਾ ਕੇ ਇਹ ਅਖੌਤੀ ਪੂਜਾ ਦਾ ਅੰਧ ਵਿਸ਼ਵਾਸ ਮਨੁੱਖੀ ਮਨ ਵਿੱਚ ਇਤਨਾ ਡੂੰਗਾ ਬੈਠ ਗਿਆ ਕਿ ਅੱਜ ਗਿਆਨ ਦੇ ਜੁੱਗ ਵਿੱਚ ਵੀ ਇਸ ਨਿਰਰਥਕ ਕਰਮ ਨੂੰ ਕੋਈ ਛੱਡਣ ਲਈ ਤਿਆਰ ਨਹੀ। ਇਹ ਵੀ ਇੱਕ ਹਕੀਕਤ ਹੈ ਕਿ ਮਨ ਵਿੱਚ ਪ੍ਰਪੱਕ ਹੋ ਚੁੱਕੀਆਂ ਪੁਰਾਤਨ ਮਨੌਤਾਂ ਨੂੰ ਜਲਦੀ ਨਾਲ ਛੱਡਿਆ ਨਹੀ ਜਾ ਸਕਦਾ ਭਾਵੇਂ ਉਹ ਕਿਨੀਆਂ ਵੀ ਬਚਕਾਨਾ ਕਿਉਂ ਨਾ ਲਗਦੀਆਂ ਹੋਵਣ ਤੇ ਇਹੀ ਕਾਰਨ ਹੈ ਕਿ ਵਿਰਸੇ ਵਿੱਚ ਮਿਲੀਆਂ ਮਨੌਤਾਂ ਤੋਂ ਛੁਟਕਾਰਾ ਨਹੀ ਹੁੰਦਾ। ਬੜੀ ਹੈਰਾਨਗੀ ਹੁੰਦੀ ਹੈ ਜਦੋਂ ਪੜ੍ਹੇ ਲਿਖੇ ਵਿਅਕਤੀਆਂ ਨੂੰ ਵੀ ਫੋਕੀ ਪੂਜਾ ਵਿੱਚ ਉਲਝਿਆ ਵੇਖਿਆ ਜਾਂਦਾ ਹੈ।

ਇਕ ਛੋਟੀ ਜਿਹੀ ਬੱਚੀ ਪਲਾਸਟਿਕ ਦੀ ਗੁੱਡੀ (ਖਡੌਣੇ) ਨਾਲ ਖੇਡ ਰਹੀ ਸੀ ਤਾਂ ਉਸ ਦੀ ਖੇਡ ਵਿੱਚ ਸ਼ਾਮਿਲ ਹੋਣ ਲਈ (ਬੋਲ ਚਾਲ ਲਈ) ਇੱਕ ਛੋਟੇ ਜਿਹੇ ਪਲਾਸਟਿਕ ਦੇ ਚਮਚੇ ਵਿੱਚ ਪਾਣੀ ਪਾ ਕੇ ਉਸ ਪਲਾਸਟਿਕ ਦੀ ਗੁੱਡੀ ਦੇ ਮੂੰਹ ਨੂੰ ਲਾਉਣਾ ਚਾਹਿਆ ਤਾਂ ਉਸ ਬੱਚੀ ਨੇ ਝੱਟ ਕਹਿ ਦਿੱਤਾ ਕਿ ਇਹ ਅਸਲੀ ਗੁੱਡੀ ਨਹੀ (ਭਾਵ ਕੇ ਇਹ ਜ਼ਿੰਦਾ ਨਹੀ), ਪਾਣੀ ਕਿਵੇਂ ਪੀ ਸਕਦੀ ਹੈ? ਕੀ ਇਹ ਹੈਰਾਨਗੀ ਦੀ ਗੱਲ ਨਹੀ ਕਿ ਜੋ ਸਮਝ ਇਸ ਛੋਟੀ ਜਿਹੀ ਨਾਦਾਨ ਬੱਚੀ ਨੂੰ ਹੈ ਉਹ ਕਈ ਸਾਲਾਂ ਤੋਂ ਗੁਰੂ ਗ੍ਰੰਥ ਨੂੰ ਭੋਜ ਪਦਾਰਥਾਂ ਦੇ ਭੋਗ ਲਵਾ ਰਹੇ ਧਰਮੀ ਕਹਿਲਾਉਂਦੇ ਗ੍ਰੰਥੀ, ਸਾਧ, ਸੰਤ ਜਾਂ ਬਾਬੇ ਬਜ਼ੁਰਗ ਨੂੰ ਵੀ ਨਹੀ? ਭੋਜਨ ਜ਼ਿੰਦਾ ਸਰੀਰ ਦੀ ਖੁਰਾਕ ਹੈ ਪਰ ਮਨੁੱਖ ਦਾ, ਨਿਰਆਕਾਰ ਗੁਰੂ (ਗਿਆਨ) ਨੂੰ ਭੋਗ ਲੁਆਵਣ ਦਾ ਕਰਮ ਕਾਂਡ ਕੀ ਪ੍ਰਤੱਖ ਅਗਿਆਨਤਾ ਦਾ ਸਬੂਤ ਨਹੀ? ਇਹ ਗਿਆਨ ਤਾਂ ਖਡੌਣਿਆਂ ਨਾਲ ਖੇਡ ਰਹੀ ਛੋਟੀ ਜਿਹੀ ਬੱਚੀ ਨੂੰ ਵੀ ਹੈ। ਗੁਰਦੁਆਰਿਆਂ, ਠਾਠਾਂ, ਟਕਸਾਲਾਂ ਤੇ ਡੇਰਿਆਂ ਵਿੱਚ ਨਿੱਤ ਅਗਿਆਨਤਾ ਦੇ ਇਹ ਬਚਕਾਨਾ ਕਰਮ ਕਾਂਡ ਹੁੰਦੇ ਹਨ ਜਿਨ੍ਹਾਂ ਨੂੰ ਇੱਕ ਨਾਦਾਨ ਬੱਚਾ ਵੀ ਨਹੀ ਕਬੂਲਦਾ। ਕੋਸ਼ ਅਨੁਸਾਰ ਪੂਜਾ ਦੇ ਅਰਥ ਮਾਣਤਾ, ਆਦਰ ਜਾਂ ਸਤਿਕਾਰ ਕੀਤੇ ਗਏ ਹਨ ਜੋ ਕਿਸੇ ਵਿਅਕਤੀ ਦਾ ਤਾਂ ਹੋ ਸਕਦਾ ਹੈ ਪਰ ਨਿਰੰਕਾਰ, ਜੋ ਸਰੀਰਕ ਅੱਖਾਂ ਨਾਲ ਵੇਖਣ ਦਾ ਵਿਸ਼ਾ ਹੀ ਨਹੀ, ਦਾ ਸਤਿਕਾਰ (ਪੂਜਾ) ਕਿਵੇਂ ਹੋ ਸਕਦਾ ਹੈ? ਕੀ ਤੀਰਥਾਂ ਦੇ ਦਰਸ਼ਨ ਇਸ਼ਨਾਨ, ਬਿਨਾ ਸਮਝੇ ਗੁਰਬਾਣੀ ਦੇ ਅਨੇਕ ਤਰਾਂ ਨਾਲ ਕੀਤੇ ਗਿਣਤੀ ਮਿਣਤੀ ਦੇ ਪਾਠ, ਮਾਲਾ ਦੀ ਘੁੰਮਣ ਘੇਰੀ, ਅਖੌਤੀ ਅਨੋਖੇ ਜਾਪ, ਤੱਪ, ਆਰਤੀਆਂ, ਨਗਰ ਕੀਰਤਨ, ਤਸਵੀਰਾਂ ਤੇ ਮੂਰਤੀਆਂ ਨੂੰ ਮੱਥੇ ਟੇਕਣੇ, ਜੋਤਾਂ ਜਗਾਉਣੀਆਂ, ਅਗਰ ਬੱਤੀਆਂ ਬਾਲਣੀਆਂ, ਪਾਲਕੀ ਦੇ ਪਾਵਿਆਂ ਦੀ ਮੁੱਠੀ ਚਾਪੀ ਤੇ ਪ੍ਰਕਰਣਾ …. . ਆਦਿਕ ਕਰਮ ਕਾਂਡਾਂ ਨੂੰ ਪਰਮਾਤਮਾ (ਜਾਂ ਗੁਰੂ) ਦੇ ਆਦਰ, ਸਤਿਕਾਰ ਦੀ ਵਿਧੀ ਕਿਹਾ ਜਾ ਸਕਦਾ ਹੈ? ਬਚਪਨ ਤੋਂ ਹੀ ਸੁਣਿਆ ਸੀ ਕਿ ਵਡ੍ਹਿਆਂ ਦਾ ਆਦਰ ਸਤਿਕਾਰ ਤਾਂ ਉਹਨਾਂ ਦੇ ਬਚਨਾਂ ਨੂੰ ਮੰਨਣਾ ਹੈ ਪਰ ਜਦੋਂ ਗੁਰੂ ਦੇ ਸਤਿਕਾਰ ਦੀ ਗਲ ਆਉਂਦੀ ਹੈ ਤਾਂ ਉਹਦੇ ਬਚਨਾਂ ਨੂੰ ਮੰਨਣਾਂ ਤਾਂ ਕੀ, ਧਿਆਨ ਨਾਲ ਸੁਣਿਆ ਵੀ ਨਹੀ ਜਾਂਦਾ ਕਿਉਂਕਿ ਗੁਰੂ ਦੇ ਸੱਚੇ ਬਚਨਾਂ ਨਾਲੋਂ ਅਖੌਤੀ ਪੂਜਾ ਦੇ ਕਰਮ ਕਾਂਡ ਚੰਗੇ ਲਗਦੇ ਹਨ। ਪਰ ਇਹ ਅਖੌਤੀ ਪੂਜਾ ਕਰਦਿਆਂ ਮਨੁੱਖ ਭੁੱਲ ਗਿਆ ਕਿ ਜਿਸ ਡ੍ਹਾਲੀ ਤੇ ਬੈਠਾ ਹੈ ਓਸੇ ਨੂੰ ਹੀ ਵੱਢੀ ਜਾ ਰਿਹਾ ਹੈ। ਕਾਟੈ ਪੇਡੁ ਡਾਲ ਪਰਿ ਠਾਢੌ ਖਾਇ ਖਾਇ ਮੁਸਕਾਰੈ ॥ ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥ (1205)। ਗੁਰਬਾਣੀ ਦਾ ਆਤਮਿਕ ਗਿਆਨ ਸਿੱਖੀ ਦੀ ਜੜ੍ਹ ਹੈ, ਆਤਮਕ ਜੀਵਨ ਹੈ ਤੇ ਇਸ ਤੋਂ ਅਲੱਗ ਹੋਣਾ ਜੜ੍ਹ ਤੋਂ ਅਲੱਗ ਹੋਣਾ ਹੈ, ਆਤਮਕ ਮੌਤ ਹੈ। ਗੁਰਬਾਣੀ ਦੇ, ਬਿਨਾ ਸਮਝੇ, ਪਾਠ ਕਰਨੇ ਅਖੌਤੀ ਪੂਜਾ (ਨਿਰਾ ਕਰਮ ਕਾਂਡ) ਹੈ ਤੇ ਓਸੇ ਡ੍ਹਾਲੀ ਨੂੰ ਵੱਢਣਾ ਹੈ ਜਿਸ ਉਪਰ ਖੜਾ ਹੈ। ਅਖੌਤੀ ਪੂਜਾ ਹੀ ਧਰਮ ਦੀਆਂ ਜੜ੍ਹਾਂ ਨੂੰ ਤੇਲ ਦੇਣਾ ਹੈ, ਸੁਖੀ, ਸਹਿਜ ਤੇ ਅਨੰਦਿਤ ਜੀਵਨ ਤੋਂ ਮੁੱਖ ਫੇਰਨਾ ਹੈ, ਆਪਣੇ ਪੈਰੀਂ ਆਪ ਹੀ ਕੁਹਾੜਾ ਮਾਰਨਾ ਹੈ। ਜਦੋਂ ਵੀ ਕਿਸੇ ਨੇ ਪ੍ਰਚਲਤ ਅਖੌਤੀ ਪੂਜਾ ਦਾ ਵਿਰੋਧ ਕੀਤਾ, ਸੱਚ ਨੂੰ ਉਭਾਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਆਵਾਜ਼ ਨੂੰ ਪੁਜਾਰੀ ਸਦਾ ਮਿਟਾਉਂਦੇ ਰਹੇ ਹਨ। ਅੱਜ ਸਿੱਖ ਧਰਮ ਦੇ ਪੁਜਾਰੀ, ਸਾਧ, ਸੰਤ ਤੇ ਬਾਬੇ ਵੀ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੁਆਰਾ ਇਸ (ਧਰਮ ਦੀਆਂ ਜੜ੍ਹਾਂ ਨੂੰ ਵੱਢਣ ਦਾ) ਅਖੌਤੀ ਪੂਜਾ ਦਾ ਪ੍ਰਚਾਰ ਬੜੀ ਬਾਖੂਬੀ ਨਾਲ ਨਿਭਾ ਰਹੇ ਹਨ ਜਿਸ ਦਾ ਨਤੀਜਾ (ਖੇਰੂੰ ਖੇਰੂੰ ਹਈ ਸਿੱਖੀ) ਕਿਸੇ ਤੋਂ ਛੁਪਿਆ ਹੋਇਆ ਨਹੀ ਗਿਰਿਓ ਜਾਇ ਰਸਾਤਲਿ ਪਰਿਓ ਛਿਟੀ ਛਿਟੀ ਸਿਰ ਭਾਰੈ ॥ ਗੁਰਮਤ ਨੂੰ ਵਿਸਾਰ ਕੇ ਅਗਿਆਨਤਾ ਦੇ ਡੂੰਗੇ ਟੋਏ ਵਿੱਚ ਡਿੱਗ ਕੇ ਭਰਮ ਭੁਲੇਖਿਆਂ ਵਿੱਚ ਪਿਆ ਮਨੁੱਖ ਦੁਖੀ ਹੋ ਰਿਹਾ ਹੈ ਤੇ ਇਸ ਦਾ ਸਿਹਰਾ ਪੂਜਾ ਦੇ ਹੀ ਸਿਰ ਜਾਂਦਾ ਹੈ।

ਮਨੁੱਖੀ ਧਰਮ ਤਾਂ ਅਸਲ ਵਿੱਚ ਇਕੋ ਹੀ ਹੈ ਪਰ ਅੱਜ ਅਨੇਕਾਂ ਧਰਮਾਂ ਦੀ ਪੈਦਾਇਸ਼ ਦਾ ਕਾਰਨ ਪੂਜਾ ਹੀ ਹੈ ਕਿਉਂਕਿ ਅਖੌਤੀ ਪੂਜਾ ਸਦਾ ਅਗਿਆਨਤਾ ਤੇ ਅੰਧ ਵਿਸ਼ਵਾਸ ਤੇ ਹੀ ਪਲਦੀ ਹੈ। ਅਖੌਤੀ ਪੂਜਾ ਹੀ ਆਤਮਕ ਗਿਆਨ ਦੀ ਵੈਰਨ ਹੈ। ਜਿਸ ਬਾਬੇ ਨਾਨਕ ਦੇ ਆਤਮਕ ਗਿਆਨ ਨੇ ਅਗਿਆਨਤਾ ਦੀ ਧੁੰਧ ਨੂੰ ਮਿਟਾ ਕੇ ਜਗਤ ਵਿੱਚ ਗਿਆਨ ਦਾ ਚਾਨਣ ਕੀਤਾ ਸੀ, ਧਨ, ਸੱਤਾ ਅਤੇ ਪ੍ਰਤਿਸ਼ਠਾ ਦੇ ਲੋਭ ਵੱਸ ਹੋਏ, ਪੁਜਾਰੀਆਂ ਨੇ ਓਸੇ ਗਿਆਨ ਦੀ ਅਖੌਤੀ ਪੂਜਾ ਸ਼ੁਰੂ ਕਰਵਾ ਕੇ ਧਰਮ (ਜੋ ਗਿਆਨ ਰੂਪ ਹੈ) ਨੂੰ ਇੱਕ ਵਾਪਾਰ ਹੀ ਬਣਾ ਦਿੱਤਾ। ਗੁਰਦੁਆਰਿਆਂ ਵਿੱਚ ਅਖੌਤੀ ਪੂਜਾ ਦਾ ਹਰ ਕਰਮ ਧਨ ਤੇ ਹੀ ਨਿਰਭਰ ਹੈ। ਅਸਲੀ ਪੂਜਾ ਨੂੰ ਵਿਸਾਰ ਕੇ ਮਨੁੱਖ ਅਖੌਤੀ ਪੂਜਾ ਦੇ ਕਰਮ ਕਾਂਡਾਂ ਨੂੰ ਹੀ ਢੋਈ ਜਾਂਦਾ ਹੈ। ਗੁਰੂ ਤਾਂ ਬਾਰ ਬਾਰ ਸਮਝਾਉਂਦਾ ਹੈ ਕਿ: ਪੂਜਾ ਕਰਹਿ ਪਰੁ ਬਿਧਿ ਨਹੀ ਜਾਣਹਿ ਦੂਜੈ ਭਾਇ ਮਲੁ ਲਾਈ ॥ (910)। ਲੋਕ ਪੂਜਾ ਤਾਂ ਬੜੀ ਕਰਦੇ ਹਨ ਪਰ ਪੂਜਾ ਦੀ ਵਿਧੀ ਨਹੀ ਜਾਣਦੇ ਇਸ ਲਈ ਅਖੌਤੀ ਪੂਜਾ ਦਾ ਫਲ ਤਾਂ ਕੀ ਮਿਲਨਾ ਸੀ, ਮਨ ਨੂੰ ਮੋਹ ਮਾਇਆ ਦੇ ਚਿੱਕੜ ਨਾਲ ਮੈਲਾ ਕਰ ਲੈਂਦੇ ਹਨ। ਕਾਸ਼! ਕਦੇ ਗੁਰੂ ਦੇ ਅਨਮੋਲ ਬਚਨ ਹੀ ਸੁਣੇ ਹੁੰਦੇ : ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥ {ਪੰਨਾ 1372}। ਆਤਮਕ ਗਿਆਨ ਤੋਂ ਬਿਨਾ ਧਰਮੀ ਨਹੀ ਹੋਇਆ ਜਾ ਸਕਦਾ ਇਸ ਲਈ ਜੇ ਗੁਰਦੁਅਰਿਆਂ ਵਿੱਚ ਆਤਮਕ ਗਿਆਨ ਹੀ ਨਹੀ ਤਾਂ ਧਰਮ ਕਿਵੇਂ ਪ੍ਰਫੁਲਤ ਹੋ ਸਕਦਾ ਹੈ? ਇਹ ਦੋਵੇਂ ਤਾਂ ਆਪਾ ਵਿਰੋਧੀ ਹਨ। ਇਹ ਬੜੀ ਬਦਕਿਸਮਤੀ ਹੈ, ਕਿ ਗੁਰਦੁਆਰੇ ਜੋ ਗਿਆਨ ਦੇ ਕੇਂਦਰ ਬਣ ਸਕਦੇ ਸਨ ਅੱਜ ਅਖੌਤੀ ਪੁਜਾ ਦੇ ਅਸਥਾਨ ਹੀ ਰਹਿ ਗਏ ਹਨ। ਗੁਰਮਤਿ ਵੀਚਾਰ ਨੂੰ ਗੁਰਦੁਅਰਿਆਂ ਵਿਚੋਂ ਪੂਰਨ ਤੌਰ ਤੇ ਨਿਕਾਲਾ ਦਿੱਤਾ ਗਿਆ ਹੈ। ਗੁਰਬਾਣੀ ਦੀ ਹਿਦਾਇਤ ਹੈ ਕਿ: ਸੁਣਿ ਮੁੰਧੇ ਹਰਣਾਖੀਏ ਗੂੜਾ ਵੈਣੁ ਅਪਾਰੁ ॥ ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ (1410) ਵਸਤ ਖਰੀਦਣ ਤੋਂ ਪਹਿਲਾਂ ਉਸ ਦੀ ਪਰਖ ਕਰ ਲੈਣੀ ਲਾਹੇਵੰਦ ਹੈ, ਪੂਜਾ ਕਰਨ ਤੋਂ ਪਹਿਲਾਂ ਉਸ ਦੀ ਵਿਧੀ ਤੇ ਸਿੱਟੇ ਬਾਰੇ ਜਾਣ ਲੈਣਾ ਜ਼ਰੂਰੀ ਹੈ। ਗੁਰੂ ਸੂਚਤ ਕਰਦਾ ਹੈ ਕਿ: ਸਤਿਗੁਰੁ ਹੈ ਗਿਆਨੁ ਸਤਿਗੁਰੁ ਹੈ ਪੂਜਾ ॥ ਸਤਿਗੁਰੁ ਸੇਵੀ ਅਵਰੁ ਨ ਦੂਜਾ ॥ (1069)। ਸਤਿਗੁਰੂ ਹੀ ਆਤਮਿਕ ਗਿਆਨ ਹੈ ਤੇ ਇਸ ਅਨੁਸਾਰ ਜੀਵਨ ਜਿਉਣਾ ਉਸ ਦੀ ਪੂਜਾ ਹੈ। ਇਸ ਲਈ ਹੋਰ ਸੱਭ ਨੂੰ ਛੱਡ ਕੇ ਗੁਰੂ ਦੀ ਸਿਖਿਆ ਤੇ ਚੱਲਣਾ ਹੀ ਅਸਲ ਤੇ ਸਫਲ ਪੂਜਾ ਹੈ। ਸੱਚੀ ਸਿਖਿਆ ਹੀ ਆਤਮਕ ਗਿਆਨ ਹੈ ਤੇ ਕੇਵਲ ਇਸ ਦੀ ਹੀ ਸੇਵਾ (ਇਸ ਨੂੰ ਧਾਰਨ ਕਰਨਾ) ਅਸਲ ਪੂਜਾ ਹੈ। ਗੁਰੂ ਇਕੋ ਹੀ ਸ਼ਬਦ ਵਿੱਚ ਅਸਲੀ ਤੇ ਅਖੌਤੀ ਪੂਜਾ ਦੀ ਸੂਝ ਬਖਸ਼ਿਸ਼ ਕਰਦਾ ਹੈ: ਹਰਿ ਕੀ ਪੂਜਾ ਦੁਲੰਭ ਹੈ ਸੰਤਹੁ ਕਹਣਾ ਕਛੂ ਨ ਜਾਈ ॥੧॥ ਸੰਤਹੁ ਗੁਰਮੁਖਿ ਪੂਰਾ ਪਾਈ ॥ ਨਾਮੋ ਪੂਜ ਕਰਾਈ ॥੧॥ ਰਹਾਉ ॥ (910)। ਹਰੀ ਦੀ (ਅਸਲੀ) ਪੁਜਾ ਕਿਤਨੀ ਮੁਸ਼ਕਿਲ ਹੈ ਇਸ ਬਾਰੇ ਕਿਹਾ ਨਹੀ ਜਾ ਸਕਦਾ ਪਰ ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਹੈ (ਗੁਰੂ ਦੀ ਸਿਖਿਆ ਤੇ ਚਲਦਾ “ਗੁਰਮੁਖ” ਹੈ) ਉਹ ਗੁਣੀ ਨਿਧਾਨ ਪ੍ਰਭੂ ਨੂੰ ਲੱਭ ਲੈਂਦਾ ਹੈ। ਪ੍ਰਭੂ ਦੇ ਨਾਮ (ਹੁਕਮ ਰਜਾਈਂ ਚੱਲਣ) ਦੀ ਪੂਜਾ ਹੀ ਗੁਰੂ ਸਿਖਾਂਦਾ ਹੈ। ਨਾਮ “ਹੁਕਮ” ਹੈ (ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥ 71) ਤੇ ਹੁਕਮ ਰਜਾਈਂ ਚੱਲਣ (ਨਾਮ ਜਪਣ) ਦੀ ਪੂਜਾ (ਸਤਿਕਾਰ) ਹੀ ਗੁਰੂ ਦ੍ਰਿੜ ਕਰਾਉਂਦਾ ਹੈ।

ਹਰਿ ਬਿਨੁ ਸਭੁ ਕਿਛੁ ਮੈਲਾ ਸੰਤਹੁ ਕਿਆ ਹਉ ਪੂਜ ਚੜਾਈ ॥੨॥ ਪ੍ਰਚਲਤ ਅਖੌਤੀ ਪੂਜਾ ਵਿੱਚ ਲੋਕ ਦੁਨਿਆਵੀ ਪਦਾਰਥਾਂ ਦੀ ਭੇਟਾ ਨਾਲ ਆਪੂ ਬਣਾਈਆਂ ਤਸਵੀਰਾਂ ਤੇ ਮੂਰਤੀਆਂ ਦੀ ਪੂਜਾ ਕਰਦੇ ਹਨ ਪਰ ਪਰਮਾਤਮਾ ਤੋਂ ਬਿਨਾ ਤਾਂ ਹੋਰ ਸੱਭ ਕਿਛ ਮੈਲਾ (ਜੂਠਾ) ਹੀ ਹੈ ਫਿਰ ਕਿਹੜੀ ਭੇਟਾ ਉਸ ਨੂੰ ਕਬੂਲ ਹੋ ਸਕਦੀ ਹੈ? ਆਪਾ ਸਮਰਪਣ ਕਰ ਦੇਣਾ, ਹੁਕਮ ਰਜਾਈਂ ਚੱਲਣਾ, ਗੁਰਮਤ ਅਨੁਸਾਰ ਜੀਵਨ ਜਿਉਣਾ ਹੀ ਅਸਲ ਭੇਟਾ ਹੈ। ਹਰਿ ਸਾਚੇ ਭਾਵੈ ਸਾ ਪੂਜਾ ਹੋਵੈ ਭਾਣਾ ਮਨਿ ਵਸਾਈ ॥੩॥ ਪਰਮਾਤਮਾ ਦੀ ਰਜ਼ਾ ਮਨ ਵਿੱਚ ਵਸ ਜਾਵੇ ਤੇ ਚੰਗੀ ਲੱਗਣ ਲੱਗ ਪਵੇ, (ਤੇਰਾ ਕੀਆ ਮੀਠਾ ਲਾਗੈ) ਇਹੀ ਉਸ ਦੀ ਪੂਜਾ ਹੈ। (ਇਹੀ “ਹੁਕਮ ਰਜਾਈਂ ਚੱਲਣਾ” ਤੇ ਨਾਮ ਦਾ ਅੰਦਰ ਵਸ ਜਾਣਾ ਹੈ ਜੋ ਕੋਈ ਕਰਮ ਕਾਂਡ ਨਹੀ। ਪੂਜਾ ਕਰੈ ਸਭੁ ਲੋਕੁ ਸੰਤਹੁ ਮਨਮੁਖਿ ਥਾਇ ਨ ਪਾਈ ॥੪॥ (ਆਪਣੇ ਵਲੋਂ) ਸਾਰਾ ਜਗਤ (ਅਨੇਕ ਤਰਾਂ ਨਾਲ) ਉਸ ਦੀ ਪੂਜਾ ਕਰਦਾ ਹੈ, ਪਰ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੀ ਕੋਈ ਵੀ ਕੀਤੀ ਪੂਜਾ ਕਬੂਲ ਨਹੀ ਹੁੰਦੀ। (ਇਹੀ ਕਾਰਨ ਹੈ ਕਿ ਅਸਲ ਪੂਜਾ ਦੀ ਵਿਧੀ ਕੇਵਲ ਗੁਰਮੁਖ ਨੂੰ ਹੀ ਪ੍ਰਾਪਤ ਹੁੰਦੀ ਹੈ, ਬਾਕੀ ਸੱਭ ਅਖੌਤੀ ਪੂਜਾ ਹੀ ਹੈ ( ਗੁਰਮੁਖਿ ਹੋਵੈ ਸੁ ਪੂਜਾ ਜਾਣੈ ਭਾਣਾ ਮਨਿ ਵਸਾਈ ॥)।

ਸਬਦਿ ਮਰੈ ਮਨੁ ਨਿਰਮਲੁ ਸੰਤਹੁ ਏਹ ਪੂਜਾ ਥਾਇ ਪਾਈ ॥੫॥ ਜਿਹੜਾ ਮਨੁੱਖ ਗੁਰੂ ਦੀ ਸਿਖਿਆ ਦੁਆਰਾ (ਆਪਣੀ ਮਤ ਤਿਆਗ ਕੇ ਗੁਰੂ ਦੀ ਮਤ ਤੇ) ਚਲਦਾ ਹੈ ਉਸ ਦਾ ਮਨ ਪਵਿੱਤ੍ਰ ਹੋ ਜਾਂਦਾ ਹੈ ਤੇ ਉਸ (ਗੁਰਮੁਖ) ਦੀ ਪੂਜਾ ਕਬੂਲ ਹੋ ਜਾਂਦੀ ਹੈ। (ਮੋਹ ਮਾਇਆ ਦੇ ਚਿੱਕੜ ਵਿੱਚ ਗ੍ਰਸੇ ਪੁਜਾਰੀ ਅਸਲ ਪੂਜਾ ਦਾ ਇਹ ਨੁਕਤਾ ਵੇਖਣਾ ਹੀ ਨਹੀ ਚਹੁੰਦੇ ਕਿਉਂਕਿ ਇਸ ਸੌਦੇ ਵਿੱਚ ਉਹਨਾਂ ਨੂੰ ਕੋਈ ਮੁਨਾਫਾ ਨਹੀ)।

ਪਵਿਤ ਪਾਵਨ ਸੇ ਜਨ ਸਾਚੇ ਏਕ ਸਬਦਿ ਲਿਵ ਲਾਈ ॥੬॥ ਗੁਰੂ ਦੀ ਸਿਖਿਆ ਤੇ ਚੱਲਣ ਵਾਲੇ ਬੰਦੇ ਪਵਿੱਤ੍ਰ ਜੀਵਨ ਵਾਲੇ ਹੋ ਜਾਂਦੇ ਹਨ ਤੇ ਪਰਮਾਤਮਾ ਦਾ ਮਿਲਾਪ ਹਾਸਲ ਕਰ ਲੈਂਦੇ ਹਨ। (ਇਹੀ ਅਸਲ ਵਿੱਚ ਪਰਮਾਤਮਾ ਦੀ ਪੂਜਾ ਹੈ, ਜੋ ਬਿਨਾ ਕਿਸੇ ਧਨ ਤੇ ਕਰਮ ਕਾਂਡ ਦੇ ਹੋ ਸਕਦੀ ਹੈ ਪਰ ਇਸ ਨੂੰ ਅੱਜ ਵਿਗਾੜ ਕੇ ਇੱਕ ਵਾਪਾਰ ਹੀ ਬਣਾ ਦਿੱਤਾ ਗਿਆ ਹੈ)।

ਬਿਨੁ ਨਾਵੈ ਹੋਰ ਪੂਜ ਨ ਹੋਵੀ ਭਰਮਿ ਭੁਲੀ ਲੋਕਾਈ ॥੭॥ ਨਾਮ ਜਪਣ (ਹੁਕਮ ਰਜਾਈਂ ਚੱਲਣ) ਬਿਨਾ ਪਰਮਾਤਮਾ ਦੀ ਹੋਰ ਕਿਸੇ ਤਰਾਂ ਪੂਜਾ ਨਹੀ ਹੋ ਸਕਦੀ (ਤੇ ਇਹ ਜਾਣੇ ਬਿਨਾ) ਦੁਨੀਆਂ ਭੁਲੇਖੇ ਵਿੱਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ।

ਮਨੁੱਖ ਨੂੰ ਨਿੱਤ ਨਵੇਂ ਤੋਂ ਨਵੇਂ ਪੂਜਾ ਦੇ ਕਰਮ ਕਾਂਡ ਤੇ ਉਹਨਾਂ ਦੀਆਂ ਨਵੀਆਂ ਵਿਧੀਆਂ ਪ੍ਰਭਾਵਤ ਕਰਦੀਆਂ ਹਨ ਜਿਨ੍ਹਾਂ ਨੂੰ ਕਰਨ ਵਿੱਚ ਉਹ ਬੜਾ ਮਾਣ ਮਹਿਸੂਸ ਕਰਦਾ ਹੈ। ਕਈ ਤਰਾਂ ਦੇ ਅਖੌਤੀ ਪਾਠਾਂ ਦੀਆਂ ਨਵੀਆਂ ਵਿਧੀਆਂ, ਮਾਲਾ ਫੇਰਨ ਦੀਆਂ ਨਵੀਆਂ ਜੁਗਤੀਆਂ, ਅਨੇਕ ਮੰਤ੍ਰਾਂ ਦੇ ਨਵੇਂ ਤੇ ਅਨੋਖੇ ਜਾਪ, ਆਰਤੀ ਦੇ ਕਈ ਪ੍ਰਕਾਰ ਦੇ ਨਵੇਂ ਤੇ ਅਨੋਖੇ ਢੰਗ, ਅਨਕ ਭਾਂਤ ਦੀਆਂ ਨਵੀਆਂ ਸੇਵਾਵਾਂ ਤੇ ਉਹਨਾਂ ਦੀਆਂ ਵਿਧੀਆਂ ਤੇ ਹੋਰ ਕਈ ਨਵੇਂ ਨਵੇਂ ਕਰਮ ਕਾਂਡ ਪ੍ਰਚਲਤ ਹੋ ਰਹੇ ਹਨ ਜਿਨ੍ਹਾ ਨੂੰ ਕਰਨ ਵਿੱਚ ਸ਼ਾਇਦ ਅੱਜ ਤਾਂ ਮਨੁੱਖ ਆਪਣੀ ਵਡਿਆਈ ਸਮਝਦਾ ਹੈ ਪਰ ਭਵਿੱਖ ਵਿੱਚ ਇਹ ਇੱਕ ਐਸਾ ਬੋਝ ਬਣ ਜਾਵੇਗਾ ਜਿਸ ਤੋਂ ਫਿਰ ਪਿੱਛਾ ਛੁੱਟਣਾ ਅਸੰਭਵ ਨਹੀ ਤਾਂ ਕਠਨ ਜ਼ਰੂਰ ਹੋਵੇਗਾ। ਕਿਉਂ ਨਾ ਗੁਰੂ ਦੇ ਅਟੱਲ ਬਚਨਾਂ ਨੂੰ ਅੱਜ ਹੀ ਮੰਨ ਕੇ ਇਹਨਾਂ ਕਰਮ ਕਾਂਡਾਂ ਦੇ ਬੋਝ ਤੋਂ ਮੁਕਤ ਹੋਇਆ ਜਾਏ। ਆਉ ਗੁਰੂ ਕੋਲੋਂ ਪੁਛੀਏ: ਕਵਨ ਰੂਪੁ ਤੇਰਾ ਆਰਾਧਉ ॥ ਕਵਨ ਜੋਗ ਕਾਇਆ ਲੇ ਸਾਧਉ ॥੧॥ ਕਵਨ ਗੁਨੁ ਜੋ ਤੁਝੁ ਲੈ ਗਾਵਉ ॥ ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥ ਕਵਨ ਸੁ ਪੂਜਾ ਤੇਰੀ ਕਰਉ ॥ ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥ ਕਵਨ ਤਪੁ ਜਿਤੁ ਤਪੀਆ ਹੋਇ ॥ ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥ (187) ਇਹਨਾਂ ਸਾਰੇ ਅਹਿਮ ਸਵਾਲਾਂ ਦਾ ਜਵਾਬ ਬੜਾ ਦਿਲਚਸਪ ਹੈ ਜੋ ਪੂਜਾ ਦੇ ਨਾਲ ਕਈ ਹੋਰ ਮਸਲੇ ਵੀ ਹੱਲ ਕਰਦਾ ਹੈ : ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥ ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥ ਧਿਆਨ ਨਾਲ ਗਿਆਨ ਦੁਆਰਾ ਧਾਰਨ ਕੀਤੇ ਗੁਣਾਂ ਦੀ ਸਾਰੀ ਮਿਹਨਤ ਓਸੇ ਦੀ ਸਫਲ ਹੁੰਦੀ ਹੈ ਜਿਸ ਨੂੰ ਕਿਰਪਾ ਦੁਆਰਾ ਦਇਆਲੂ ਗੁਰੂ (ਆਤਮਿਕ ਗਿਆਨ) ਮਿਲਦਾ ਹੈ। ਹਉਮੈ ਰਹਿਤ ਹੋ ਕੇ ਗੁਰੂ ਦੀ ਸਿਖਿਆ ਤੇ ਚੱਲਣ ਦਾ ਉਦਮ ਹੀ ਗੁਰੂ ਦੀ ਕਿਰਪਾ, ਦਇਆਲਤਾ ਤੇ ਸਫਲ ਪੂਜਾ ਹੈ। ਗੁਰੂ ਦੀ ਸਿਖਿਆ ਨੂੰ ਨਜ਼ਰ ਅੰਦਾਜ਼ ਕਰਕੇ ਧਰਮ ਦੇ ਨਾਂ ਤੇ ਕਰਮ ਕਾਂਡਾਂ ਦੁਆਰਾ ਕੀਤੀ ਅਖੌਤੀ ਪੂਜਾ ਨਿਸਫਲ ਤੇ ਨਿਰਰਥਕ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ




.