.

ਜਸਬੀਰ ਸਿੰਘ ਵੈਨਕੂਵਰ

ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਸਮੇਂ ਨਾਲ ਸੰਬੰਧਤ ਕੁੱਝ ਮਨਘੜਤ ਸਾਖੀਆਂ

(ਕਿਸ਼ਤ ਦੂਜੀ)

ਸਿੱਖਾਂ ਵਲੋਂ ਇਹ ਪੁਛਣ `ਤੇ ਕਿ ਕੀ ਪਿਤਰਾਂ ਨਿਮਿੱਤ ਜੋ ਭੋਜਨ ਛਕਾਇਆ ਜਾਂਦਾ ਹੈ, ਉਹ ਪਿਤਰਾਂ ਨੂੰ ਪਹੁੰਚਦਾ ਹੈ ਕਿ ਨਹੀਂ, ਗੁਰੂ ਅਰਜਨ ਸਾਹਿਬ ਕਹਿੰਦੇ ਹਨ ਕਿ ਪਿਤਰਾਂ ਨੂੰ ਜੋ ਭੋਜਨ ਮਿਲਦਾ ਹੈ, ਉਸ ਬਾਰੇ ਗੁਰੂ ਨਾਨਕ ਸਾਹਿਬ ਦਾ ਫ਼ਰਮਾਨ ਹੈ ‘ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ’। ਭਾਈ ਸੰਤੋਖ ਸਿੰਘ ਜੀ ਇਸ ਮੁਖਵਾਕ ਦੇ ਭਾਵ ਤੋਂ ਬਿਲਕੁਲ ਉਲਟ, ਗੁਰੂ ਅਰਜਨ ਸਾਹਿਬ ਦੇ ਮੁੱਖੋਂ ਇਹ ਸ਼ਬਦ ਕਢਵਾ ਰਹੇ ਹਨ ਕਿ ਗੁਰਦੇਵ ਨੇ ਕਿਹਾ ਕਿ ਜਿਸ ਤਰ੍ਹਾਂ ਪਿਤਰ ਪੱਖ ਦੇ ਸਮੇਂ ਚੌਹਾਂ ਵਰਨਾਂ ਦੇ ਪਿਤਰ ਬ੍ਰਾਹਮਣਾਂ ਵਿੱਚ ਪ੍ਰਵੇਸ਼ ਕਰ ਜਾਂਦੇ ਹਨ ਅਤੇ ਇਸੇ ਤਰ੍ਹਾਂ ਸਿੱਖਾਂ ਦੇ ਪਿਤਰ ਸਿੱਖਾਂ ਦੇ ਸਰੀਰਾਂ ਵਿੱਚ ਪ੍ਰਵੇਸ਼ ਕਰ ਜਾਂਦੇ ਹਨ। ਜਿਸ ਤਰ੍ਹਾਂ ਬ੍ਰਾਹਮਣਾਂ ਨੂੰ ਛਕਾਇਆ ਭੋਜਨ ਪਿਤਰਾਂ ਨੂੰ ਪਹੁੰਚਦਾ ਹੈ, ਇਸੇ ਤਰ੍ਹਾਂ ਸਿੱਖਾਂ ਨੂੰ ਛਕਾਇਆ ਭੋਜਨ (ਸਿੱਖਾਂ ਦੇ) ਪਿਤਰਾਂ ਨੂੰ ਪਹੁੰਚਦਾ ਹੈ। ਭਾਈ ਸੰਤੋਖ ਸਿੰਘ ਇਸ ਕਥਨ ਦੀ ਪੁਸ਼ਟੀ ਲਈ ਗੁਰੂ ਅਰਜਨ ਸਾਹਿਬ ਦਾ ਨਾਮ ਵਰਤ ਕੇ, ਗੁਰਬਾਣੀ ਦੇ ਜਿਸ ਫ਼ਰਮਾਨ ਦਾ ਹਵਾਲਾ ਦਿੰਦੇ ਹਨ, ਉਹ ਫ਼ਰਮਾਨ ਇਸ ਧਾਰਨਾ ਦਾ ਖੰਡਨ ਕਰਦਾ ਹੈ ਕਿ ਪਿਤਰਾਂ ਨਿਮਿੱਤ ਖੁਆਇਆ ਹੋਇਆ ਭੋਜਨ ਜਾਂ ਕੋਈ ਹੋਰ ਪਦਾਰਥ ਉਹਨਾਂ ਤੀਕ ਪਹੁੰਚਾਇਆ ਜਾ ਸਕਦਾ ਹੈ। ਉਹ ਪੂਰਾ ਸਲੋਕ ਇਸ ਤਰ੍ਹਾਂ ਹੈ:-
ਜੇ ਮੋਹਾਕਾ ਘਰੁ ਮੁਹੈ ਘਰੁ ਮੁਹਿ ਪਿਤਰੀ ਦੇਇ॥ ਅਗੈ ਵਸਤੁ ਸਿਞਾਣੀਐ ਪਿਤਰੀ ਚੋਰ ਕਰੇਇ॥ ਵਢੀਅਹਿ ਹਥ ਦਲਾਲ ਕੇ ਮੁਸਫੀ ਏਹ ਕਰੇਇ॥ ਨਾਨਕ ਅਗੈ ਸੋ ਮਿਲੈ ਜਿ ਖਟੇ ਘਾਲੇ ਦੇਇ॥ (ਪੰਨਾ ੪੭੨) ਅਰਥ:- ਜੇ ਕੋਈ ਠੱਗ ਪਰਾਇਆ ਘਰ ਠੱਗੇ, ਪਰਾਏ ਘਰ ਨੂੰ ਠੱਗ ਕੇ (ਉਹ ਪਦਾਰਥ) ਆਪਣੇ ਪਿਤਰਾਂ ਦੇ ਨਮਿਤ ਦੇਵੇ, ਤਾਂ (ਜੇ ਸੱਚ-ਮੁੱਚ ਪਿਛਲਿਆਂ ਦਾ ਦਿੱਤਾ ਅੱਪੜਦਾ ਹੀ ਹੈ ਤਾਂ) ਪਰਲੋਕ ਵਿੱਚ ਉਹ ਪਦਾਰਥ ਸਿਞਾਣਿਆ ਜਾਂਦਾ ਹੈ। ਇਸ ਤਰ੍ਹਾਂ ਉਹ ਮਨੁੱਖ ਆਪਣੇ ਪਿਤਰਾਂ ਨੂੰ (ਭੀ) ਚੋਰ ਬਣਾਂਦਾ ਹੈ (ਕਿਉਂਕਿ ਉਹਨਾਂ ਪਾਸੋਂ ਚੋਰੀ ਦਾ ਮਾਲ ਨਿਕਲ ਆਉਂਦਾ ਹੈ)। (ਅਗੋਂ) ਪ੍ਰਭੂ ਇਹ ਨਿਆਂ ਕਰਦਾ ਹੈ ਕਿ (ਇਹ ਚੋਰੀ ਦਾ ਮਾਲ ਅਪੜਾਣ ਵਾਲੇ ਬ੍ਰਾਹਮਣ) ਦਲਾਲ ਦੇ ਹੱਥ ਵੱਢੇ ਜਾਂਦੇ ਹਨ। ਹੇ ਨਾਨਕ! (ਕਿਸੇ ਦਾ ਅਪੜਾਇਆ ਹੋਇਆ ਅੱਗੇ ਕੀਹ ਮਿਲਣਾ ਹੈ?) ਅਗਾਂਹ ਤਾਂ ਮਨੁੱਖ ਨੂੰ ਉਹੀ ਕੁੱਝ ਮਿਲਦਾ ਹੈ ਜੋ ਖੱਟਦਾ ਹੈ, ਕਮਾਂਦਾ ਹੈ ਤੇ (ਹੱਥੀਂ) ਦੇਂਦਾ ਹੈ।
ਭਾਈ ਸੰਤੋਖ ਸਿੰਘ ਇੱਕ ਪਾਸੇ ਗੁਰੂ ਨਾਨਕ ਸਾਹਿਬ ਬਾਰੇ ਇਹ ਲਿਖਦੇ ਹਨ ਕਿ, “ਪ੍ਰਾਪਤਿ ਮੁਕਤਿ ਲੇਇ ਜਿਨ ਨਾਮੂ। ਤਾਂਹਿ ਸ਼੍ਰਾਧ ਕਯਾ ਕਰਿਬੇ ਕਾਮੂ।’ ਪਰ ਦੂਜੇ ਪਾਸੇ ਨਾਲ ਹੀ ਇਹ ਲਿਖ ਰਹੇ ਹਨ ਕਿ ‘ਤੱਦਯਪਿ ਨਰ ਮਿਰਯਾਦਾ ਪਾਰਨ। ਲੀਲਾ ਕਰਿਹੀਂ ਨਰਕ ਨਿਵਾਰਨ। ਹੁਤੀ ਸ਼੍ਰਾਧ ਕੀ ਬਿਧਿ ਜੋ ਸਾਰੀ। ਭਲੀ ਪ੍ਰਕਾਰ ਕੀਨਿ ਅਘਹਾਰੀ।’
ਭਾਈ ਸੰਤੋਖ ਸਿੰਘ ਆਪ ਹੀ ਆਪਣੀ ਲਿਖਤ ਨੂੰ ਸਵੈ-ਵਿਰੋਧੀ ਬਣਾ ਰਹੇ ਹਨ। ਪਾਠਕਾਂ ਦੀ ਜਾਣਕਾਰੀ ਲਈ ਅਸੀਂ ਸੂਰਜ ਪ੍ਰਕਾਸ਼ ਵਿੱਚੋਂ ਹੀ ਅਜਿਹੀਆਂ ਦੋ ਕੁ ਲਿਖਤਾਂ ਨੂੰ ਸਾਂਝਿਆਂ ਕਰ ਰਹੇ ਹਾਂ ਜਿਹਨਾਂ ਤੋਂ ਇਸ ਗੱਲ ਨੂੰ ਪ੍ਰਤੱਖ ਰੂਪ ਵਿੱਚ ਦੇਖਿਆ ਜਾ ਸਕਦਾ ਹੈ।
ਭਾਈ ਸੰਤੋਖ ਸਿੰਘ, ਗੁਰੂ ਗੋਬਿੰਦ ਸਿੰਘ ਜੀ ਦੇ ਮਾਲਵੇ ਦੀ ਧਰਤੀ ਵਿੱਚ ਵਿਚਰਨ ਸਮੇਂ ਦਾ ਵਰਨਣ ਕਰਦਿਆਂ ਲਿਖਦੇ ਹਨ ਕਿ ਜਦੋਂ ਕੌਲ ਜੀ (ਇਹ ਪ੍ਰਿਥੀਚੰਦ ਜੀ ਦੇ ਵੰਸ਼ ਵਿੱਚੋਂ ਸਨ) ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਆਪਣੇ ਪਿੰਡ (ਢਿਲਵੀਂ) ਆਉਣ ਦੀ ਖ਼ਬਰ ਮਿਲੀ ਤਾਂ ਆਪ ਉਸ ਸਮੇਂ ਆਪਣੇ ਵਡੇਰਿਆਂ ਦਾ ਸ਼੍ਰਾਧ ਕਰਵਾ ਰਹੇ ਸਨ। ਜਿਉਂ ਹੀ ਕੌਲ ਜੀ ਨੂੰ ਹਜ਼ੂਰ ਦੇ ਆਗਮਨ ਦਾ ਪਤਾ ਚਲਿਆ ਤਾਂ ਆਪ ਉਸੇ ਸਮੇਂ ਹੀ ਸਤਿਗੁਰੂ ਜੀ ਦੇ ਦਰਸ਼ਨ ਕਰਨ ਲਈ ਚਲ ਪਏ। ਭਾਈ ਸਾਹਿਬ ਲਿਖਦੇ ਹਨ, “ਸ਼੍ਰੀ ਗੁਬਿੰਦ ਸਿੰਘ ਕੋ ਆਗਵਨੂੰ। ਸ਼੍ਰਵਣ ਕਰਯੋ ਜਬਿ ਆਪਨੇ ਭਵਨੂ। ਸ਼੍ਰਾਧ ਕਰਾਵਤਿ ਤਤਛਿਨ ਛੋਰਾ। ਸ਼ੀਘ੍ਰ ਧਰਤਿ ਆਯਸਿ ਗੁਰ ਓਰਾ। ਹਰਖਤਿ ਨਿਕਟ ਪਹੂਚਯੋ ਜਬੈ। ਭਾਉ ਸਮੇਤ ਪਰਖਿ ਕਰਿ ਤਬੈ। ਸ਼੍ਰੀ ਗੁਰੂ ਗਰੇ ਲਾਇ ਕਰਿ ਮਿਲੇ। ਬੈਠੇ ਕੁਸ਼ਲ ਪ੍ਰਸ਼ਨ ਕਰਿ ਭਲੇ।
ਜਦ ਦਸਮੇਸ਼ ਪਾਤਸ਼ਾਹ ਜੀ ਨੇ ਭਾਈ ਕੌਲ ਜੀ ਕੋਲੋਂ ਇਹ ਪੁਛਿਆ ਕਿ, “ਬੁਝਯੋ ‘ਅੰਗੁਰੀ ਮਹਿਂ ਕਯਾ ਪਾਈ?’ ਤਾਂ ਕੌਲ ਜੀ ਨੇ ਉੱਤਰ ਵਿੱਚ ਕਿਹਾ, “ਨੰਮ੍ਰਿ ਹੋਇ ਕਰਿ ਕੌਲ ਕਹੰਤਾ। ‘ਬੈਠਯੋ ਮੈਂ ਅਬਿ ਸ਼੍ਰਾਧ ਕਰੰਤਾ। ਸੁਨਯੋ ਸ਼੍ਰਵਨ ਰਾਵਰਿ ਆਗਮਨੰ। ਉਠਯੋ ਭਵਨ ਸੰਭਾਰ ਨ ਕਵਨੂ। ਸ਼ੀਘ੍ਰ ਕਰਤਿ ਮਿਲਿਬੇ ਹਿਤ ਆਏ। ਕੁਸ਼ਾ ਪਵਿੱਤ੍ਰੇ ਅੰਗੁਰਨਿ ਪਾਏ। ਨਹੀਂ ਨਿਕਾਰੇ ਕਰ ਮਹਿਂ ਰਹੇ। ਤੂਰਨ ਹੀ ਦਰਸ਼ਨ ਮਨ ਚਹੇ’।
ਸਤਿਗੁਰੂ ਜੀ ਨੇ ਕੌਲ ਦਾ ਇਹ ਉੱਤਰ ਸੁਣ ਕੇ ਆਖਿਆ ਕਿ, “ਸੁਨਿ ਸ਼੍ਰੀ ਗੁਰ ਗੋਬਿੰਦ ਸਿੰਘ ਕਹਯੋ। ‘ਇਹ ਤੁਮ ਕਹਾਂ ਕਰਨ ਕੋ ਚਹਯੋ। ਸਤਿਗੁਰ ਰਾਮਦਾਸ ਜਿਸ ਬੰਸ। ਲੀਨਸਿ ਜਨਮ ਮਾਨਸਰ ਹੰਸ। ਸੰਕਯਾ ਪਿਤਰ ਛੁਧਿਤਿ ਹੀ ਰਹੇ। ਜਿਨਹੁ ਬਾਸ ਬੈਕੁੰਠਹ ਲਹੇ। ਐਸੇ ਤ੍ਰਿਪਤ ਭਏ ਇੱਕ ਵਾਰੀ। ਬਹੁਰ ਨ ਚਹੈਂ ਅੰਨ ਅਰੁ ਬਾਰੀ’।
ਹਜ਼ੂਰ ਦੀ ਇਹ ਗੱਲ ਸੁਣ ਕੇ ਕੌਲ ਜੀ ਨੇ ਆਪਣੀ ਭੁਲ ਸਵੀਕਾਰ ਕਰਨ ਦੀ ਥਾਂ ਅੱਗੋਂ ਕਿਹਾ, “ਅਹੈ ਵਾਸਤਵ ਆਪ ਸੁਨਾਈ। ਤਊ ਸੁਨਹੁ ਜਿਮ ਹਮ ਲਖਿ ਪਾਈ। ਸ਼੍ਰੀ ਬਾਬਾ ਨਾਨਕ ਅਵਤਾਰਾ। ਨਰਨਿ ਉਧਾਰੇ ਜਿਨਹੁੰ ਨਾ ਪਾਰਾ। ਅੰਤ ਸਮੇਂ ਸਪਤਮਿ ਦਿਨ ਮਾਂਹੀ। ਚਹਯੋ ਗਮਨ ਪਰਲੋਕ ਤਹਾਂ ਹੀ। ਸਿਰੀ ਚੰਦ ਕੀ ਜਨਨੀ ਆਈ। ਨੰਮ੍ਰਿ ਬਿਨੈ ਜੁਤਿ ਗਿਰਾ ਅਲਾਈ। ਪ੍ਰਾਤ ਅਸ਼ਟਮੀ ਥਿਤ ਸੁਨਿਯੰਤ। ਤੁਮ ਪਿਤ ਕੋ ਸ਼ਰਾਧ ਕਰਿਯੰਤਿ। ਜੇ ਪਰਲੋਕ ਪਧਾਰਹੁ ਆਜ। ਤੌ ਨਾ ਹੋਇ ਹੈ ਸ਼੍ਰਾਧ ਸਮਾਜ। ਭਲੀ ਬਾਤ ਰਹਿਯਹਿ ਭੁਨਸਾਰਾ। ਪਿਤ ਕੋ ਸ਼੍ਰਾਧ ਕਰਹੇ ਸਭਿ ਕਾਰਾ। ਪੁਨ ਨੌਮੀ ਕੈ ਦਸਮੀ ਦਿਨ ਮਹਿਂ। ਕਰਹ ਆਪ ਜਿਮ ਬਾਂਛਹੁ ਮਨ ਮਹਿਂ। ਚੋਣੀ ਬਾਤ ਨੀਕੀ ਮਨ ਭਾਈ। ਸੌਜ ਸਮਾਵਨ ਕੀ ਉਠਿਵਾਈ. . ਜੋ ਬਾਬੇ ਨਾਨਕ ਕ੍ਰਿਤ ਕੀਨੀ। ਹਮ ਤੁਮ ਕੋ ਚਹਿਯਤਿ ਸੋ ਚੀਨੀ। ਤਿਮ ਹੀ ਕਰਿਬੋ ਬਨਹਿ ਬਿਚਾਰੋ। ਤਿਸ ਮਹਿਂ ਤਰਕ ਨ ਤਨਕ ਉਚਾਰੋ’। ਗੁਰੂ ਗੋਬਿੰਦ ਸਿੰਘ ਜੀ ਕੌਲ ਜੀ ਦੀ ਇਹ ਗੱਲ ਸੁਣ ਕੇ ਕਹਿਣ ਲੱਗੇ ਕਿ, “ਸੁਨਿ ਸ਼੍ਰੀ ਗੋਬਿੰਦ ਸਿੰਘ ਪ੍ਰਮਾਨਾ। ਮਾਨ ਲੀਨ ਮਨ ਪੁਨਹਿਂ ਬਖਾਨਾ। ‘ਗੁਰ ਕੋ ਬੰਸ ਬਡੋ ਜਗ ਮਾਂਹੀ। ਚਹੀਅਹਿ ਰਖਨ ਮ੍ਰਿਜਾਦਾ ਤਾਂਹੀ। ਤੁਮ ਕੋ ਹੇਰਿ ਅਪਰ ਨਰ ਕਰੈਂ। ਯਾਂ ਤੇ ਬਡੇ ਮ੍ਰਿਜਾਦਾ ਧਰੈਂ’।” (ਸ਼੍ਰੀ ਗੁਰ ਪ੍ਰਤਾਪ ਸੂਰਜ, ਐਨ ੧। ਅੰਸੂ ੫)
ਭਾਈ ਸਾਹਿਬ ਦੀ ਇਸ ਲਿਖਤ ਨੂੰ ਪੜ੍ਹ ਕੇ ਹਰੇਕ ਪਾਠਕ ਦੇ ਮਨ ਵਿੱਚ ਇਹ ਸਵਾਲ ਉਠਣਾ ਸੁਭਾਵਿਕ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਵਡਿਆਂ ਦੀ ਮਰਯਾਦਾ ਨੂੰ ਬਰਕਰਾਰ ਰਖਣਾ ਸਿਆਣੇ ਮਨੁੱਖਾਂ ਦਾ ਫ਼ਰਜ਼ ਹੈ? ਇਸ ਦੇ ਨਾਲ ਹੀ ਇਹ ਸਵਾਲ ਉਠਣਾ ਵੀ ਸੁਭਾਵਿਕ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਘਟਨਾ ਪਿੱਛੋਂ ਆਪਣੇ ਵਡੇਰਿਆਂ ਦਾ ਸ਼੍ਰਾਧ ਕਰਨਾ ਸ਼ੁਰੂ ਕਰ ਦਿੱਤਾ ਸੀ? ਨਹੀਂ, ਹਰਗ਼ਿਜ਼ ਨਹੀਂ। ਭਾਈ ਸੰਤੋਖ ਸਿੰਘ ਜੀ ਨੇ ਖ਼ੁਦ ਵੀ ਕਿਧਰੇ ਨਹੀਂ ਲਿਖਿਆ ਕਿ ਇਸ ਘਟਨਾ ਪਿੱਛੋਂ ਗੁਰੂ ਗੋਬਿੰਦ ਸਿੰਘ ਜੀ ਨੇ ਸ਼੍ਰਾਧ ਕੀਤਾ ਹੋਵੇ ਜਾਂ ਸਿੱਖਾਂ ਨੂੰ ਇਸ ਤਰ੍ਹਾਂ ਦਾ ਕੋਈ ਆਦੇਸ਼ ਦਿੱਤਾ ਹੋਵੇ।
ਗੁਰੂ ਨਾਨਕ ਸਾਹਿਬ ਵਲੋਂ ਕਈ ਪਰਵਾਰਕ ਪ੍ਰਪੰਰਾਵਾਂ ਨੂੰ ਤੋੜਨ ਦਾ ਵਰਨਣ ਭਾਈ ਸੰਤੋਖ ਸਿੰਘ ਨੇ ‘ਸ਼੍ਰੀ ਗੁਰ ਨਾਨਕ ਪ੍ਰਕਾਸ਼’ ਵਿੱਚ ਕੀਤਾ ਹੈ। ਉਦਾਹਰਣ ਵਜੋਂ ਗੁਰੂ ਨਾਨਕ ਸਾਹਿਬ ਦਾ ਜੰਝੂ ਪਾਉਣ ਤੋਂ ਇਨਕਾਰ ਕਰਨਾ। ਭਾਈ ਸੰਤੋਖ ਸਿੰਘ ਨੇ ਗੁਰੂ ਸਾਹਿਬ ਵਲੋਂ ਹੀ ਇਸ ਤਰ੍ਹਾਂ ਪ੍ਰਪੰਰਾਵਾਂ ਤੋੜਨ ਦਾ ਜ਼ਿਕਰ ਹੀ ਨਹੀਂ ਕੀਤਾ ਹੈ ਬਲਕਿ ਗੁਰਸਿੱਖਾਂ ਵਲੋਂ ਵੀ ਇਹੋ-ਜਿਹੀਆਂ ਕਈ ਪ੍ਰਪੰਰਾਵਾਂ ਨੂੰ ਤੋੜਨ ਦਾ ਵਰਨਣ ਕੀਤਾ ਹੈ। ਜਿਵੇਂ ਭਾਈ ਸੰਤੋਖ ਸਿੰਘ ਸੂਰਜ ਪ੍ਰਕਾਸ਼ ਵਿੱਚ ਲਿਖਦੇ ਹਨ ਕਿ ਭਾਈ ਢੇਸੀ ਅਤੇ ਭਾਈ ਜੋਧ (ਇਹਨਾਂ ਦੋਹਾਂ ਨੇ ਬ੍ਰਾਹਮਣਪੁਣਾ ਤਿਆਗ ਕੇ ਗੁਰਸਿੱਖੀ ਧਾਰਨ ਕਰ ਲਈ ਸੀ) ਨੇ ਗੁਰੂ ਅਰਜਨ ਸਾਹਿਬ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਜੀ ਸਾਨੂੰ ਬ੍ਰਾਹਮਣ ਕਹਿੰਦੇ ਹਨ ਕਿ, “ਜਗਤ ਗੁਰੂ ਤੁਮ ਦਿਜ ਤਨ ਪਾਯੋ। ਖੱਤ੍ਰੀ ਕੇ ਸਿਖ ਹੋਏ ਜਾਇ। ਗੰਗਾ ਅਪਰ ਜਿ ਕਾਂਸ਼ੀ ਥਾਇਂ। ਬਿਸ਼ਨੁ ਸੁ ਮਹਾਂਦੇਵ ਪੁਰਿ ਇਹੀ। ਸੋ ਤਯਾਗੇ ਤੁਮ ਸੇਵਹੁ ਨਹੀਂ। ਤੀਰਥ ਕ੍ਰਿੱਤਮ ਅੰਮ੍ਰਿਤਸਰ ਹੈ। ਸੇਵਹੁ ਤਾਂਹਿ ਲਖਯੋ ਬਹੁ ਬਰ ਹੈ। ਬੇਦਨਿ ਬ੍ਰਹਮ ਬਾਣੀ ਕੋ ਤਯਾਗੇ। ਗੁਰਬਾਣੀ ਭਾਖਾ ਸੰਗ ਲਾਗੇ। ਜਨਮ ਅਸ਼ਟਮੀ ਅਰੁ ਸ਼ਿਵਰਾਤਿ। ਬ੍ਰਤ ਇਕਾਦਸੀ ਤਜਿ ਤੁਮ ਖਾਤਿ। ਗਾਇਤ੍ਰੀ, ਤ੍ਰੈ ਸੰਧਯਾ, ਤਰਪਨ। ਪਿੰਡ ਪਤਲ ਕਿਰਿਆ ਕਰਿ ਬਰਜਨ। ਮਿਰਤਕ ਪਾਛੇ ਕਰਿ ਅਰਦਾਸ। ਕਰਹੁ ਕਰਾਹੁ ਲੇਹੁ ਮੁਖ ਗ੍ਰਾਸ। ਯਾਂਤੇ ਤੁਮ ਭ੍ਰਿਸ਼ਟਿ ਅਬਿ ਹੋਏ। ਪੰਗਤਿ ਉਚਤ ਨਹੀਂ ਕਿਮ ਜੋਏ। ਸ੍ਰੀ ਗੁਰ! ਤੁਮ ਸ਼ਰਨੀ ਹਮ ਪਰੇ। ਜਗਤ ਗੁਰਤ ਤੇ ਕਾਢਨਿ ਕਰੇ। ਜਾਤਿ ਮਾਨ ਸ਼੍ਰਿੰਖਲ ਤੇ ਨਿਕਸੇ। ਸੀਤ ਪ੍ਰਸਾਦਿ ਖਾਇ ਮਨ ਬਿਗਸੇ। ਪ੍ਰਾਪਤਿ ਭਯੋ ਹਮਹਿ ਸਤਿਨਾਮੂ। ਜਮ ਸੋਂ ਰਹਯੋ ਨ ਕੈਸੇ ਕਾਮੂ। ਤਊ ਜਿ ਪੰਡਿਤ ਕਰਿ ਅਪਮਾਨੇ। ਕਿਮ ਹਮ ਤਿਨ ਕੇ ਸੰਗਿ ਬਖਾਨੇ?” ਗੁਰੂ ਅਰਜਨ ਸਾਹਿਬ ਇਹਨਾਂ ਦੇ ਇਸ ਪ੍ਰਸ਼ਨ ਦੇ ਉੱਤਰ ਵਿੱਚ ਜਿੱਥੇ ਹੋਰ ਗੱਲਾਂ ਦਾ ਉੱਤਰ ਦਿੰਦੇ ਹਨ, ਉੱਥੇ ਪਿਤਰਾਂ ਨਮਿੱਤ ਤਰਪਨ, ਪਿੰਡ ਆਦਿ ਬਾਰੇ ਇਉਂ ਕਹਿੰਦੇ ਹਨ, “ਤਰਪਨ ਪਿੰਡ ਪੱਤਲ ਗਾਇੱਤ੍ਰੀ। ਪਿਤਰ ਲੋਕ ਪ੍ਰਾਪਤਿ ਪਾਵਿੱਤ੍ਰੀ। ਤੁਮ ਸਤਿਨਾਮ ਜਪਹੁ ਸੁਖ ਰਾਸ। ਪਹੁੰਚਹੁ ਵਾਹਿਗੁਰੂ ਪਗ ਪਾਸ। ਪਿਤਰਲੋਕ ਸਿਖ ਬਾਂਛਤਿ ਨਾਂਹੀ। ਅਬਿਨਾਸ਼ੀ ਨਿਜ ਰੂਪ ਸਮਾਹੀ। ਜਿਮ ਸਭਿ ਛਿਤ ਕੋ ਨ੍ਰਿਪਤਿ ਪ੍ਰਪੰਨਾ। ਏਕ ਗ੍ਰਾਮ ਤੇ ਹੁਐ ਨਾ ਪ੍ਰਸੰਨਾ। ਜੇ ਗਰੀਬ ਲੇ ਬਹੁ ਹਰਖਾਵੈ। ਤਿਮ ਨਰਕੀ ਪਿਤਰਨ ਪੁਰਿ ਪਾਵੈ। ਗੁਰ ਕੇ ਸਿੱਖ ਸੁਰਗ ਨਹਿਂ ਬਾਂਛੈ। ਬ੍ਰਹਮ ਰੂਪ ਪ੍ਰਾਪਤਿ ਜੇ ਆਛੈ।” (ਰਾਸਿ ੩, ਅੰਸੂ ੬੦) ਇਸ ਪ੍ਰਸੰਗ ਵਿੱਚ ਭਾਈ ਸੰਤੋਖ ਸਿੰਘ ਸਪਸ਼ਟ ਸ਼ਬਦਾਂ ਵਿੱਚ ਗੁਰਸਿੱਖਾਂ ਵਲੋਂ ਮਿਰਤਕ ਦੇ ਪਿੱਛੋਂ ਪਿੰਡ ਪੱਤਲ, ਕਿਰਿਆ ਆਦਿ ਦੇ ਤਿਆਗ ਦਾ ਵਰਨਣ ਕਰ ਰਹੇ ਹਨ।
ਅਕਬਰ ਬਾਦਸ਼ਾਹ ਪਾਸ ਗੁਰੂ ਅਮਰਦਾਸ ਜੀ ਦੇ ਵਿਰੁੱਧ ਸ਼ਿਕਾਇਤ ਕਰਨ ਵਾਲਿਆਂ ਨੂੰ ਗੁਰੂ ਸਾਹਿਬ ਦੇ ਵਿਰੁੱਧ ਜੋ ਸ਼ਿਕਾਇਤ ਸੀ, ਹੋਰ ਗੱਲਾਂ ਤੋਂ ਇਲਾਵਾ ਇੱਕ ਇਹ ਸੀ ਕਿ ਆਪ ਨੇ ਪਿਤਰਾਂ ਦੀ ਪੂਜਾ ਦਾ ਤਿਆਗ ਕਰ ਦਿੱਤਾ ਹੈ। ਭਾਈ ਸੰਤੋਖ ਸਿੰਘ ਜੀ ਦੇ ਸ਼ਬਦਾਂ ਵਿੱਚ: ‘ਦੇਵ ਪਿਤਰ ਕੀ ਮਨਤਾ ਛੋਰੀ। ਸਭਿ ਮਿਰਯਾਦ ਜਗਤ ਕੀ ਤੋਰੀ।’ (ਸ਼੍ਰੀ ਗੁਰ ਪ੍ਰਤਾਪ ਸੂਰਜ, ਰਾਸਿ ੧; ਅੰਸੂ ੪੩)
ਇਤਨਾ ਹੀ ਨਹੀਂ ਭਾਈ ਸੰਤੋਖ ਸਿੰਘ ਜੀ ‘ਸ਼੍ਰੀ ਗੁਰ ਨਾਨਕ ਪ੍ਰਕਾਸ਼ ਉੱਤਰਾਰਧ ਦੇ ਅਧਿਆਏ ੬’ ਵਿੱਚ ਲਿਖਦੇ ਹਨ ਕਿ ਸ਼੍ਰਾਧਾਂ ਦੇ ਦਿਨਾਂ ਵਿੱਚ ਕਾਲੂ ਜੀ ਨੇ ਆਪਣੇ ਪਿਤਰਾਂ ਨਿਮਿੱਤ ਸ਼੍ਰਾਧ ਕਰਨ ਲਈ ਬ੍ਰਾਹਮਣਾਂ ਨੂੰ ਬੁਲਾਇਆ। ਗੁਰੂ ਨਾਨਕ ਸਾਹਿਬ ਨੇ ਪਿਤਾ ਜੀ ਨੂੰ ਕਿਹਾ ਕਿ ਉਹਨਾਂ ਨੂੰ ਆਪਣੇ ਪਿਤਰਾਂ ਦੇ ਨਿਮਿੱਤ ਇਹੋ-ਜਿਹਾ ਕਰਮ ਕਰਨ ਦੀ ਲੋੜ ਨਹੀਂ ਹੈ। ਭਾਈ ਸੰਤੋਖ ਸਿੰਘ ਜੀ ਦੇ ਆਪਣੇ ਸ਼ਬਦਾਂ ਵਿੱਚ:-
“…ਸਮਾ ਸ਼ਰਾਧ ਕਰਨ ਕੌ ਆਵਾ। ਸਰਬ ਸੌਜ ਕਾਲੂ ਅਨਵਾਈ। ਰੀਤਿ ਸ਼੍ਰਾਧ ਕਰਬੇ ਬਨਵਾਈ। ਭੋਜਨ ਕਰਯੋ ਦਿਜਨ ਕੇ ਹੇਤਾ। ਭੀਰ ਭੁਰ ਰਹੀ ਨਿਕੇਤਾ। ਪੰਡਿਤ ਇੱਕ ਬੁਲਾਇ ਤਿਹ ਕਾਲਾ। ਬੈਠਯੋ ਕਰਨ ਸ਼ਰਾਧ ਵਿਸਾਲਾ। ਤਬ ਚਲ ਸਹਿਜ ਸੁਭਾਵਿਕ ਆਏ। ਜੇ ਵੇਦੀ ਕੁਲ ਭਾਨੁ ਸੁਹਾਏ। ਪਿਤ ਕੇ ਨਿਕਟ ਬੈਠਿ ਸੁਖਧਾਮਾ। ਬਚਨ ਭਨੇ ਤਿਹ ਛਿਨ ਅਭਿਰਾਮਾ। ਪਰਚੇ ਕੌਨ ਕਾਜ ਮਹਿ ਤਾਤਾ? ਭੀਰ ਅਜਰ ਕਹੀਏ ਬਿਰਤਾਂਤਾ। ਸੁਨਿ ਕਰਿ ਕਾਲੂ ਬੈਨ ਉਚਾਰੇ। ਪਿਤਰਨ ਕੇਰ ਸ਼ਰਾਧ ਹਮਾਰੇ। ਦਿਵਸ ਆਜ ਕੇ ਕਰਹਿਂ ਸਦਾਈ। ਇਹ ਸ਼ੁਭ ਰੀਤਿ ਸ਼ਰੁਤੀ ਨੈ ਗਾਈ।” ਪਿਤਾ ਜੀ ਦੇ ਮੁਹੋਂ ਇਹ ਸੁਣ ਕੇ ਹਜ਼ੂਰ ਨੇ ਕਿਹਾ, “ਹੇ ਪਿਤ! ਸਤਯ ਬਚਨ ਤੁਮ ਮਾਨਹੁ। ਪੁੰਨਵਾਨ ਅਤਿਸ਼ੈ ਨਿਜ ਜਾਨਹੁ। ਪਿਤਰ ਗਏ ਤੁਮਰੇ ਅਸ ਠੌਰੀ। ਭੂਖ ਰੁ ਪਯਾਸ ਜਹਾਂ ਨਹਿਂ ਥੋਰੀ। ਨਾਂਹਿ ਸ਼੍ਰਾਧ ਕੀ ਕਰਤਿ ਉਡੀਕਾ। ਰਹਤਿ ਸਦੀਵ ਤਹਾਂ ਸੁਖ ਨੀਕਾ. . ਜਿਨ ਕੇ ਮਨ ਅਭਿਲਾਖਾ ਨਾਹੀਂ। ਕਰੈ ਸ਼੍ਰਾਧ ਸੰਤਤਿ ਕਿਉਂ ਤਾਹੀਂ? ਅਬ ਸਭਿ ਦਿਜ ਕੋ ਦੇਹੁ ਅਹਾਰਾ। ਕਰਨੋ ਸ਼੍ਰਾਧ ਤਜਹੁ ਬਿਉਹਾਰਾ” (ਸ਼੍ਰੀ ਗੁਰ ਨਾਨਕ ਪ੍ਰਕਾਸ਼)
ਇਹ ਪ੍ਰਸੰਗ ਵੀ ‘ਸ਼੍ਰੀ ਗੁਰ ਨਾਨਕ ਪ੍ਰਕਾਸ਼’ ਵਿੱਚ ਹੀ ਆਉਂਦਾ ਹੈ। ਜਿਹੜੇ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਜੀ ਨੂੰ ਇਹ ਆਖ ਰਹੇ ਹਨ ਕਿ “ਕਰਨੋ ਸ਼੍ਰਾਧ ਤਜਹੁ ਬਿਉਹਾਰਾ” ਉਹਨਾਂ ਨੂੰ ਹੀ ਆਪਣੇ ਪਿਤਾ ਜੀ ਦਾ ਸ਼੍ਰਾਧ ਕਰਨ ਲਈ ਜੋਤੀ ਜੋਤ ਸਮਾਉਣ ਦਾ ਪ੍ਰੋਗ੍ਰਾਮ ਮੁਲਤਵੀ ਕਰਦੇ ਹੋਏ ਇਸੇ ਗ੍ਰੰਥ ਵਿੱਚ ਦਿਖਾਇਆ ਗਿਆ ਹੈ।
ਇਹ ਗੱਲ ਵੀ ਧਿਆਨ ਯੋਗ ਹੈ ਕਿ ਇਹ ਸ਼੍ਰਾਧ ਵਾਲਾ ਪ੍ਰਸੰਗ ‘ਮਿਹਰਬਾਨ ਰਚਿਤ ਜਨਮ ਸਾਖੀ, ਭਾਈ ਬਾਲੇ ਵਾਲੀ ਜਨਮ ਸਾਖੀ ਅਤੇ ‘ਗੁਰ ਨਾਨਕ ਪ੍ਰਕਾਸ਼’ ਵਿੱਚ ਹੀ ਦਰਜ ਹੈ। ਕਿਸੇ ਹੋਰ ਪੁਰਾਤਨ ਪੁਸਤਕ, ਭਾਵ ਨਾ ਤਾਂ ਇਹ ਪ੍ਰਸੰਗ ਪੁਰਾਤਨ ਜਨਮ ਸਾਖੀ ਵਿੱਚ ਹੈ, ਨਾ ਹੀ ਮਹਿਮਾ ਪ੍ਰਕਾਸ਼ ਵਿੱਚ ਹੈ ਅਤੇ ਨਾ ਹੀ ਭਾਈ ਮਨੀ ਸਿੰਘ ਜੀ ਦੀ ਸਾਖੀ ਵਿੱਚ। ਇਹਨਾਂ ਪੁਸਤਕਾਂ ਵਿੱਚ ਗੁਰੂ ਨਾਨਕ ਸਾਹਿਬ ਵਲੋਂ ਜੋਤੀ ਜੋਤ ਸਮਾਉਣ ਦੀ ਤਾਰੀਕ ਬਦਲਣ ਦਾ ਵੀ ਕੋਈ ਜ਼ਿਕਰ ਨਹੀਂ ਹੈ।
ਪਰ ਇਹਨਾਂ ਪ੍ਰਸੰਗਾਂ ਨਾਲੋਂ ਵੀ ਵੱਡੀ ਗਵਾਹੀ ਗੁਰਬਾਣੀ ਦੀ ਹੈ। ਗੁਰਬਾਣੀ ਦੇ ਨਿਮਨ ਲਿਖਤ ਫ਼ਰਮਾਨ ਕਿਸੇ ਤਰ੍ਹਾਂ ਦਾ ਕੋਈ ਭਰਮ-ਭੁਲੇਖਾ ਨਹੀਂ ਰਹਿਣ ਦਿੰਦੇ ਹਨ:-
(ੳ) ਆਇਆ ਗਇਆ ਮੁਇਆ ਨਾਉ॥ ਪਿਛੈ ਪਤਲਿ ਸਦਿਹੁ ਕਾਵ॥ ਨਾਨਕ ਮਨਮੁਖਿ ਅੰਧੁ ਪਿਆਰੁ॥ ਬਾਝੁ ਗੁਰੂ ਡੁਬਾ ਸੰਸਾਰੁ॥ (ਪੰਨਾ ੧੩੭) ਅਰਥ:- ਜੀਵ ਜਗਤ ਵਿੱਚ ਆਇਆ ਤੇ ਤੁਰ ਗਿਆ, (ਜਗਤ ਵਿੱਚ ਉਸ ਦਾ) ਨਾਮ ਭੀ ਭੁੱਲ ਗਿਆ, (ਉਸ ਦੇ ਮਰਨ) ਪਿਛੋਂ ਪੱਤਰਾਂ ਉਤੇ (ਪਿੰਡ ਭਰਾ ਕੇ) ਕਾਂਵਾਂ ਨੂੰ ਹੀ ਸੱਦੀਦਾ ਹੈ (ਉਸ ਜੀਵ ਨੂੰ ਕੁੱਝ ਨਹੀਂ ਅੱਪੜਦਾ)। ਹੇ ਨਾਨਕ! ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦਾ (ਜਗਤ ਨਾਲ) ਪਿਆਰ ਅੰਨ੍ਹਿਆਂ ਵਾਲਾ ਪਿਆਰ ਹੈ, ਗੁਰੂ (ਦੀ ਸਰਣ ਆਉਣ) ਤੋਂ ਬਿਨਾ ਜਗਤ (ਇਸ ‘ਅੰਧ ਪਿਆਰ’ ਵਿਚ) ਡੁੱਬ ਰਿਹਾ ਹੈ।
(ਅ) ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ॥ ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ॥ ੧॥ ਲੋਕਾ ਮਤ ਕੋ ਫਕੜਿ ਪਾਇ॥ ਲਖ ਮੜਿਆ ਕਰਿ ਏਕਠੇ ਏਕ ਰਤੀ ਲੇ ਭਾਹਿ॥ ੧॥ ਰਹਾਉ॥ ਪਿੰਡੁ ਪਤਲਿ ਮੇਰੀ ਕੇਸਉ ਕਿਰਿਆ ਸਚੁ ਨਾਮੁ ਕਰਤਾਰੁ॥ ਐਥੈ ਓਥੈ ਆਗੈ ਪਾਛੈ ਏਹੁ ਮੇਰਾ ਆਧਾਰੁ॥ ੨॥ ਗੰਗ ਬਨਾਰਸਿ ਸਿਫਤਿ ਤੁਮਾਰੀ ਨਾਵੈ ਆਤਮ ਰਾਉ॥ ਸਚਾ ਨਾਵਣੁ ਤਾਂ ਥੀਐ ਜਾਂ ਅਹਿਨਿਸਿ ਲਾਗੈ ਭਾਉ॥ ੩॥ ਇੱਕ ਲੋਕੀ ਹੋਰੁ ਛਮਿਛਰੀ ਬ੍ਰਾਹਮਣੁ ਵਟਿ ਪਿੰਡੁ ਖਾਇ॥ ਨਾਨਕ ਪਿੰਡੁ ਬਖਸੀਸ ਕਾ ਕਬਹੂੰ ਨਿਖੂਟਸਿ ਨਾਹਿ॥ ੪॥ (ਪੰਨਾ ੩੫੮) ਅਰਥ:- ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿੱਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿੱਚ ਮੈਂ (ਦੁਨੀਆ ਵਿੱਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ। ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ। ੧।
ਹੇ ਲੋਕੋ! ਮੇਰੀ ਗੱਲ ਉਤੇ ਮਖ਼ੌਲ ਨ ਉਡਾਓ। ਲੱਖਾਂ ਮਣਾਂ ਲੱਕੜ ਦੇ ਢੇਰ ਇਕੱਠੇ ਕਰ ਕੇ (ਜੇ) ਇੱਕ ਰਤੀ ਜਿਤਨੀ ਅੱਗ ਲਾ ਦੇਖੀਏ (ਤਾਂ ਉਹ ਸਾਰੇ ਢੇਰ ਸੁਆਹ ਹੋ ਜਾਂਦੇ ਹਨ। ਤਿਵੇਂ ਜਨਮਾਂ ਜਨਮਾਂਤਰਾਂ ਦੇ ਪਾਪਾਂ ਨੂੰ ਇੱਕ ਨਾਮ ਮੁਕਾ ਦੇਂਦਾ ਹੈ)। ੧। ਰਹਾਉ।
ਪੱਤਲਾਂ ਉਤੇ ਪਿੰਡ ਭਰਾਣੇ (ਮਣਸਾਣੇ) ਮੇਰੇ ਵਾਸਤੇ ਪਰਮਾਤਮਾ (ਦਾ ਨਾਮ) ਹੀ ਹੈ, ਮੇਰੇ ਵਾਸਤੇ ਕਿਰਿਆ ਭੀ ਕਰਤਾਰ (ਦਾ) ਸੱਚਾ ਨਾਮ ਹੀ ਹੈ। ਇਹ ਨਾਮ ਇਸ ਲੋਕ ਵਿੱਚ ਪਰਲੋਕ ਵਿੱਚ ਹਰ ਥਾਂ ਮੇਰੀ ਜ਼ਿੰਦਗੀ ਦਾ ਆਸਰਾ ਹੈ। ੨।
(ਹੇ ਪ੍ਰਭੂ!) ਤੇਰੀ ਸਿਫ਼ਤਿ-ਸਾਲਾਹ ਹੀ ਮੇਰੇ ਵਾਸਤੇ ਗੰਗਾ ਤੇ ਕਾਂਸ਼ੀ (ਆਦਿਕ ਤੀਰਥਾਂ ਦਾ ਇਸ਼ਨਾਨ ਹੈ, ਤੇਰੀ ਸਿਫ਼ਤਿ-ਸਾਲਾਹ ਵਿੱਚ ਹੀ ਮੇਰਾ ਆਤਮਾ ਇਸ਼ਨਾਨ ਕਰਦਾ ਹੈ। ਸੱਚਾ ਇਸ਼ਨਾਨ ਹੈ ਹੀ ਤਦੋਂ, ਜਦੋਂ ਦਿਨ ਰਾਤ ਪ੍ਰਭੂ-ਚਰਨਾਂ ਵਿੱਚ ਪ੍ਰੇਮ ਬਣਿਆ ਰਹੇ। ੩।
ਬ੍ਰਾਹਮਣ (ਜਵਾਂ ਜਾਂ ਚੌਲਾਂ ਦੇ ਆਟੇ ਦਾ) ਪਿੰਨ ਵੱਟ ਕੇ ਇੱਕ ਪਿੰਨ ਦੇਵਤਿਆਂ ਨੂੰ ਭੇਟਾ ਕਰਦਾ ਹੈ ਤੇ ਦੂਜਾ ਪਿੰਨ ਪਿਤਰਾਂ ਨੂੰ, (ਪਿੰਨ ਵੱਟਣ ਤੋਂ ਪਿਛੋਂ) ਉਹ ਆਪ (ਖੀਰ-ਪੂਰੀ ਆਦਿਕ ਜਜਮਾਨਾਂ ਦੇ ਘਰੋਂ) ਖਾਂਦਾ ਹੈ। (ਪਰ) ਹੇ ਨਾਨਕ! (ਬ੍ਰਾਹਮਣ ਦੀ ਰਾਹੀਂ ਦਿੱਤਾ ਹੋਇਆ ਇਹ ਪਿੰਨ ਕਦ ਤਕ ਟਿਕਿਆ ਰਹਿ ਸਕਦਾ ਹੈ? ਹਾਂ) ਪਰਮਾਤਮਾ ਦੀ ਮੇਹਰ ਦਾ ਪਿੰਨ ਕਦੇ ਮੁੱਕਦਾ ਹੀ ਨਹੀਂ। ੪।
ਗੁਰਬਾਣੀ ਦੀ ਜੀਵਨ-ਜੁਗਤ ਦੇ ਇਸ ਪੱਖ ਨੂੰ ਵੀ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਇਸ ਵਿੱਚ ਨਾ ਤਾਂ ਪਿਤਰ ਲੋਕ ਅਤੇ ਨਾ ਹੀ ਨਰਕ ਜਾਂ ਸੁਰਗ ਲੋਕ ਦੀ ਹੋਂਦ ਨੂੰ ਮੰਨਿਆ ਗਿਆ ਹੈ। ਸਾਡੇ ਪਿਤਰਾਂ ਵਲੋਂ ਦਿੱਤੇ ਵਰ ਜਾਂ ਸਰਾਪ ਨਾਲ ਸਾਡਾ ਜੀਵਨ ਪ੍ਰਭਾਵਤ ਨਹੀਂ ਹੁੰਦਾ ਹੈ ਅਰਥਾਤ ਪਿਤਰ ਸਾਨੂੰ ਵਰ ਜਾਂ ਸਰਾਪ ਦੇਣ ਦੀ ਹਾਲਤ ਵਿੱਚ ਨਹੀਂ ਹਨ। ਗੁਰੂ ਗ੍ਰੰਥ ਸਾਹਿਬ ਦੇ ਹੇਠ ਲਿਖੇ ਫ਼ਰਮਾਨ ਵਿੱਚ ਇਸ ਧਾਰਨਾ ਦਾ ਹੀ ਖੰਡਨ ਕੀਤਾ ਹੋਇਆ ਹੈ:-
ਮੋ ਕਉ ਕੁਸਲੁ ਬਤਾਵਹੁ ਕੋਈ॥ ਕੁਸਲੁ ਕੁਸਲੁ ਕਰਤੇ ਜਗੁ ਬਿਨਸੈ ਕੁਸਲੁ ਭੀ ਕੈਸੇ ਹੋਈ॥ ੧॥ ਰਹਾਉ॥ ਅਰਥ:-ਮੈਨੂੰ ਕੋਈ ਧਿਰ ਦੱਸੋ ਕਿ (ਪਿਤਰਾਂ ਦੇ ਨਮਿਤ ਸਰਾਧ ਖੁਆਉਣ ਨਾਲ ਪਿਛੇ ਘਰ ਵਿਚ) ਸੁਖ-ਆਨੰਦ ਕਿਵੇਂ ਹੋ ਜਾਂਦਾ ਹੈ। ਸਾਰਾ ਸੰਸਾਰ (ਇਸੇ ਭਰਮ-ਵਹਿਮ ਵਿਚ) ਖਪ ਰਿਹਾ ਹੈ ਕਿ (ਪਿਤਰਾਂ ਨਿਮਿਤ ਸਰਾਧ ਕੀਤਿਆਂ ਘਰ ਵਿਚ) ਸੁਖ-ਆਨੰਦ ਬਣਿਆ ਰਹਿੰਦਾ ਹੈ। ੧। ਰਹਾਉ।
ਇਸ ਲਈ ਗੁਰਮਤ ਵਿੱਚ ਪਿਤਰਾਂ ਨਿਮਿੱਤ ਇਹੋ-ਜਿਹੇ ਕਰਮ ਕਰਨ ਦੀ ਥਾਂ ਜਿਊਂਦੇ ਮਾਪਿਆਂ ਦੀ ਸੇਵਾ ਸੰਭਾਲ ਦੀ ਤਾਕੀਦ ਕੀਤੀ ਹੋਈ ਹੈ:-
ਜੀਵਤ ਪਿਤਰ ਨ ਮਾਨੈ ਕੋਊ ਮੂਏਂ ਸਿਰਾਧ ਕਰਾਹੀ॥ ਪਿਤਰ ਭੀ ਬਪੁਰੇ ਕਹੁ ਕਿਉ ਪਾਵਹਿ ਕਊਆ ਕੂਕਰ ਖਾਹੀ॥ ੧॥ (ਪੰਨਾ ੩੩੨) ਅਰਥ:-ਲੋਕ ਜੀਊਂਦੇ ਮਾਪਿਆਂ ਦਾ ਤਾਂ ਆਦਰ ਮਾਣ ਨਹੀਂ ਕਰਦੇ, ਪਰ ਮਰ ਗਏ ਪਿਤਰਾਂ ਨਿਮਿਤ ਭੋਜਨ ਖੁਆਉਂਦੇ ਹਨ। ਵਿਚਾਰੇ ਪਿਤਰ ਭਲਾ ਉਹ ਸਰਾਧਾਂ ਦਾ ਭੋਜਨ ਕਿਵੇਂ ਹਾਸਲ ਕਰਨ? ਉਸ ਨੂੰ ਤਾਂ ਕਾਂ-ਕੁੱਤੇ ਖਾ ਜਾਂਦੇ ਹਨ। ੧।
ਗੁਰਬਾਣੀ ਦੇ ਪਾਵਨ ਫ਼ਰਮਾਨਾਂ ਦੀ ਰੋਸ਼ਨੀ ਵਿੱਚ ਕਿਸੇ ਤਰ੍ਹਾਂ ਕੋਈ ਭੁਲੇਖਾ ਨਹੀਂ ਰਹਿੰਦਾ ਕਿ ਗੁਰਬਾਣੀ ਦੀ ਜੀਵਨ-ਜੁਗਤ ਵਿੱਚ ਸ਼੍ਰਾਧਾਂ ਸੰਬੰਧੀ ਪ੍ਰਚਲਤ ਧਾਰਨਾ ਨੂੰ ਕਿਸੇ ਵੀ ਰੂਪ ਵਿੱਚ ਸਵੀਕਾਰ ਨਹੀਂ ਕੀਤਾ ਗਿਆ ਹੈ। ਪਰੰਤੂ ਇਸ ਸਾਖੀ ਰਾਹੀਂ, ਗੁਰਬਾਣੀ ਦੀ ਜੀਵਨ-ਜੁਗਤ ਦੇ ਧਾਰਨੀਆਂ ਨੂੰ ਸ਼੍ਰਾਧਾਂ ਦੀ ਮਹਤੱਤਾ ਦ੍ਰਿੜ ਕਰਾਉਣ ਦੀ ਚੇਸ਼ਟਾ ਕੀਤੀ ਗਈ ਹੈ। ਇਸ ਲਈ, ਇਸ ਸਾਖੀ ਵਿੱਚ ਰੰਚ-ਮਾਤਰ ਵੀ ਸਚਾਈ ਨਹੀਂ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਪਿਤਾ ਜੀ ਦਾ ਸ਼੍ਰਾਧ ਕਰਨ ਲਈ ਜੋਤੀ ਜੋਤ ਸਮਾਉਣ ਦਾ ਪ੍ਰੋਗ੍ਰਾਮ ਮੁਲਤਵੀ ਕਰ ਲਿਆ। ਅਸੀਂ ਗੁਰਬਾਣੀ ਦੀ ਜੀਵਨ-ਜੁਗਤ ਦੀ ਸੇਧ ਕੇਵਲ ਗੁਰਬਾਣੀ ਵਿੱਚੋਂ ਹੀ ਲੈਣੀ ਹੈ; ਗੁਰਬਾਣੀ ਹੀ ਇਸ ਜੀਵਨ-ਜੁਗਤ ਦਾ ਸੋਮਾ ਹੈ। ਕਥਨੀ ਅਤੇ ਕਰਣੀ ਦੇ ਸੂਰਮਿਆਂ (ਗੁਰੂ ਸਾਹਿਬਾਨ) ਦੀਆਂ ਸ਼ਖ਼ਸੀਅਤਾਂ ਦੇ ਅਸਲ ਦੀਦਾਰ ਗੁਰਬਾਣੀ ਵਿੱਚੋਂ ਹੀ ਸੰਭਵ ਹਨ। ਇਸ ਲਈ ਗੁਰੂ ਸਾਹਿਬਾਨ ਦੇ ਦਰਸ਼ਨ ਸਾਨੂੰ ਇਤਿਹਾਸ ਵਿੱਚੋਂ ਨਹੀਂ ਬਲਕਿ ਗੁਰਬਾਣੀ ਵਿੱਚੋਂ ਕਰਨ ਦੀ ਲੋੜ ਹੈ।
ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਅਤੇ ਸ਼੍ਰਾਧਾਂ ਵਾਲੀ ਇਸ ਸਾਖੀ ਦੇ ਸੰਬੰਧ ਵਿੱਚ ਭਾਈ ਕਾਨ੍ਹ ਸਿੰਘ ਨਾਭਾ ਜੀ ਦੀ ਇਹ ਲਿਖਤ ਵੀ ਧਿਆਨ ਯੋਗ ਹੈ:-
“ਗੁਰੂ ਨਾਨਕ ਦੇਵ ਅਸੂ ਸੁਦੀ ੧੦ ਨੂੰ ਜੋਤੀ ਜੋਤਿ ਸਮਾਏ ਹਨ, ਜੇਹਾ ਕਿ ਮਹਿਮਾ ਪ੍ਰਕਾਸ਼ ਆਦਿ ਪ੍ਰਾਚੀਨ ਸਾਖੀਆਂ ਵਿੱਚ ਲਿਖਿਆ ਹੈ, ਔਰ ਭਾਈ ਮਨੀ ਸਿੰਘ ਜੀ ਭੀ ਗਯਾਨ ਰਤਨਾਵਲੀ ਵਿੱਚ ਅਸੂ ਸੁਦੀ ਨੂੰ ਲਿਖਦੇ ਹਨ। ਸ਼੍ਰਾਧ ਮਹਾਤਮ ਪ੍ਰਗਟ ਕਰਨ ਵਾਲੇ ਪ੍ਰਪੰਚੀਆਂ ਨੇ ਕਈ ਸਾਖੀਆਂ ਵਿੱਚ ਸ੍ਰਾਧਾਂ ਦੀ ਦਸਮੀ ਲਿਖ ਦਿਤੀ ਹੈ। ਆਪ ਇਤਨਾ ਹੀ ਵਿਚਾਰੋ ਕਿ ਜੋ ਗੁਰੂ ਨਾਨਕ ਦੇਵ ਆਪਣੇ ਪਵਿਤ੍ਰ ਸ਼ਬਦਾਂ ਵਿੱਚ ਸ਼੍ਰਾਧ ਆਦਿਕ ਕਰਮਾਂ ਦਾ ਖੰਡਨ ਕਰਦੇ ਰਹੇ ਹਨ ਅਤੇ ਗਯਾ ਪੁਰ ਪਿੰਡ ਦਾਨ ਆਦਿਕ ਦੇਣ ਤੋਂ ਇਨਕਾਰੀ ਹਨ, ਕੀ ਉਹ ਕਦੇ ਸ਼੍ਰਾਧ ਕਰ ਸਕਦੇ ਸਨ?”
ਭਾਈ ਸਾਹਿਬ ਫਿਰ ਲਿਖਦੇ ਹਨ ਕਿ, “ਸ਼ੋਕ ਦੀ ਗੱਲ ਹੈ ਕਿ ਗੁਰੁਬਾਣੀ ਅਤੇ ਸਿਖ ਇਤਿਹਾਸ ਪੜ੍ਹਕੇ ਭੀ ਕਈ ਸਿੱਖ ਭਾਈ ਸ਼੍ਰਾਧ ਕਰਦੇ ਵੇਖੀਦੇ ਹਨ, ਇਤਨਾ ਹੀ ਨਹੀਂ ਕਿ ਉਹ ਆਪਣੇ ਪਿਤਰਾਂ ਦੇ ਸ਼੍ਰਾਧ ਕਰਦੇ ਹਨ, ਬਲਕਿ ਸਤਿਗੁਰਾਂ ਦੀ ਸ਼੍ਰਾਧ ਕਰਾਉਣ ਵਿੱਚ ਭੀ ਫ਼ਖ਼ਰ ਸਮਝਦੇ ਹਨ।” (ਗੁਰੁਮਤ ਮਾਰਤੰਡ) (ਚੱਲਦਾ)




.